Wednesday, December 8, 2010

ਆਸ ਦੇ ਸੋਮੇਂ -ਐਜਾਜ਼ ਅਹਿਮਦ


ਜਦੋਂ ਅਸੀਂ ਵੀਹਵੀਂ ਸਦੀ ਵਿਚ ਹੋਏ ਇਨਕਲਾਬਾਂ ਅਤੇ ਲੋਕ-ਉਭਾਰਾਂ ਦੇ ਇਤਿਹਾਸ ਵਲ ਉਡਦੀ-ਉਡਦੀ ਨਜ਼ਰ ਮਾਰਦੇ ਹਾਂ ਤਾਂ ਬਾਰ-ਬਾਰ ਚਾਰ ਪੈਟਰਨ ਉਭਰ ਕੇ ਸਾਡੇ ਸਾਹਮਣੇ ਆਉਂਦੇ ਹਨ। ਇਉਂ ਲੱਗਦਾ ਹੈ ਜਿਵੇਂ ਸ਼ਾਂਤੀ ਤੇ ਤੂਫ਼ਾਨ ਦੇ ਆਉਣ ਜਾਣ ਦਾ, ਜਾਂ ਸਹੀ ਢੰਗ ਨਾਲ ਕਹੀਏ ਤਾਂ ਐਂਟੈਨੀਉ ਗ੍ਰਾਮਸ਼ੀ ਦੇ ਸ਼ਬਦਾਂ ਵਿਚ 'ਦਾ ਰੈਵੋਲੂਸ਼ਨ/ਰੈਸਟਰੋਰੇਸ਼ਨ ਡਾਇਆਨੈਮਿਕ (ਇਨਕਲਾਬ ਤੇ ਵਾਪਸੀ ਦੀ ਗਤੀਆਤਮਕਤਾ) ਦਾ ਇਕ ਚੱਕਰ ਜਿਹਾ ਚੱਲਦਾ ਰਹਿੰਦਾ ਹੈ। ਇਉਂ ਵੇਖੀਏ ਤਾਂ ਉਨੀ ਸੌ ਸਤਾਰਾਂ ਦੇ ਬਾਲਸ਼ਵਿਕ ਇਨਕਲਾਬ ਤੋਂ ਬਾਦ ਯੂਰਪ ਦੀ ਇਨਕਲਾਬੀ ਲਹਿਰ ਦੀ ਹਾਰ ਹੋਈ। ਜਿਸਨੇ ਦੋ ਦਹਾਕਿਆਂ ਤਕ ਚੱਲਣ ਵਾਲੇ ਫ਼ਾਸੀਵਾਦ ਦਾ ਰਾਹ ਪੱਧਰਾ ਕੀਤਾ। ਜਦੋਂ ਕਿ ਸੋਵੀਅਤ ਸੰਘ ਦੁਸ਼ਮਣਾਂ ਨਾਲ ਘਿਰਿਆ ਹੋਇਆ ਤੇ ਅਲਗ ਥਲਗ ਪਿਆ ਰਿਹਾ। ਇਹ ਸਥਿਤੀ ਦੂਸਰੀ ਸੰਸਾਰ ਜੰਗ ਤੋਂ ਬਾਦ ਬਦਲੀ। ਇਸ ਯੁੱਧ ਵਿਚ ਸੋਵੀਅਤ ਸੰਘ ਦੇ ਇਕ ਕਰੋੜ ਲੋਕ ਮਾਰੇ ਗਏ। ਫਿਰ ਉਨੀ ਸੌ ਉਣੀਜਾ ਦੇ ਚੀਨੀ ਇਨਕਲਾਬ ਤੋਂ ਬਾਦ ਵੀ ਸੰਸਾਰ ਪੱਧਰ ਤੇ ਉਲਟ-ਇਨਕਲਾਬੀ ਯੁੱਧ ਦਾ ਦੌਰ ਆਇਆ ਜੋ ਇੰਡੋਨੇਸ਼ੀਆ ਤੋਂ ਲੈ ਕੇ ਚਿਲੀ ਤਕ ਚੱਲਦਾ ਰਿਹਾ। ਉØੱਤਰੀ ਕੋਰੀਆ ਅਤੇ ਕਿਊਬਾ ਵਰਗੇ ਛੋਟੇ-ਛੋਟੇ ਕੋਣੇ ਇਸ ਤੋਂ ਬਚੇ ਰਹੇ। ਪਰੰਤੂ ਇਸ ਤੋਂ ਬਾਦ ਫਿਰ ਲੋਕ-ਉਭਾਰਾਂ ਵਿਚ ਤੇਜ਼ੀ ਆਈ ਜਿਸਦੇ ਨਤੀਜੇ ਵਜੋਂ ਹਿੰਦਚੀਨ ਤੇ ਪੁਰਤਗਾਲ ਮੁਕਤ ਹੋਏ।
ਦੂਸਰਾ : ਇਕ ਇਨਕਲਾਬ ਦੇ ਹੋ ਜਾਣ ਤੇ ਦੂਸੇ ਦੀ ਸ਼ੁਰੂਆਤ ਦੇ ਵਿਚਕਾਰਲੇ ਸਮੇਂ ਨੂੰ ਦੂਸਰੇ ਸ਼ਬਦਾਂ ਵਿਚ 'ਵਾਪਸੀ' ਦੇ ਸਮੇਂ ਨੂੰ ਉਲਟ-ਇਨਕਲਾਬ ਇਸ ਤਰ੍ਹਾਂ ਦੀ ਹਵਾ ਬੰਨ੍ਹਣ ਲਈ ਪ੍ਰਯੋਗ ਕਰਦਾ ਹੈ ਕਿ ਜਿਵੇਂ ਸਰਮਾਏਦਾਰੀ ਨਿਸ਼ਚਿਤ ਰੂਪ ਵਿਚ ਸਦਾ ਲਈ ਵਾਪਿਸ ਆ ਗਈ ਹੋਵੇ। ਬਾਲਸ਼ਵਿਕਾਂ ਦੀ ਜਿੱਤ ਤੋਂ ਬਾਦ ਯੂਰਪ ਵਿਚ ਜਿਹੜੇ ਇਨਕਲਾਬ ਆਏ-ਖਾਸ ਤੌਰ ਤੇ ਇਟਲੀ, ਜਰਮਨੀ ਅਤੇ ਹੰਗਰੀ ਵਿਚ-ਉਹੀ ਇਨੀ ਬੁਰੀ ਤਰ੍ਹਾਂ ਨਾਕਾਮਯਾਬ ਹੋਏ ਤੇ ਸੋਵੀਅਤ ਸੰਘ ਆਪ ਇਨੀ ਬੁਰੀ ਤਰ੍ਹਾਂ ਜ਼ਖਮੀ ਹੋਇਆ ਕਿ ਨਾਜ਼ੀਆਂ ਦੀ ਖੁਸ਼ੀ ਦੀ ਕੋਈ ਸੀਮਾ ਨਾ ਰਹੀ। ਤੀਸਰੇ ਰਾਈਕ ਦੀ ਸਥਾਪਨਾ ਨੂੰ ਇਤਿਹਾਸ ਦਾ ਅੰਤ ਐਲਾਨਿਆਂ ਗਿਆ। ਹੁਣੇ ਕੁਝ ਸਮਾਂ ਪਹਿਲਾਂ ਇਕ ਪਾਸੇ ਇਤਿਹਾਸ ਦੇ ਅੰਤ ਦਾ ਐਲਾਨ ਹੋਇਆ ਹੈ ਜਦੋਂ ਸੋਵੀਅਤ ਸੰਗ ਦੇ ਟੁੱਟਣ ਤੇ ਅਮਰੀਕਾ ਨੇ ਜਿੱਤ ਦਾ ਜਸ਼ਨ ਮਨਾਇਆ। ਇਥੋਂ ਕਿ ਚੀਨੀ ਇਨਕਲਾਬ ਦੇ ਤੁਰੰਤ ਇਕ ਦਮ ਬਾਦ ਉਨੀ ਸੌ ਪੰਜਾਹ ਵਾਲੇ ਦਹਾਕੇ ਵਿਚ ਅਲਜੀਰੀਆ ਅਤੇ ਹਿੰਦਚੀਨੀ ਵਰਗੀਆਂ ਥਾਵਾਂ ਤੇ ਇਨਕਲਾਬੀ ਯੁੱਧ ਭੜਕ ਰਹੇ ਸਨ ਤਾਂ ਉਦੋਂ ਵੀ ਉਲਟ ਇਨਕਲਾਬੀਆਂ ਦੀ ਤਾਕਤ ਅਮਰੀਕਾ ਦੇ ਰੂਪ ਇਨੀ ਅਜਿੱਤ ਵਿਖਾਈ ਦਿੰਦੀ ਸੀ ਕਿ ਅਮਰੀਕੀ ਅਰਥਸ਼ਾਸਤਰੀ 'ਸਰਮਾਏ ਦੇ ਸੁਨਹਿਰੀ ਕਾਲ' ਦੇ ਐਲਾਨ ਕਰਨ ਲੱਗੇ ਅਤੇ ਮੋਹੀ ਅਮਰੀਕੀ ਅਰਥਸ਼ਾਸਤਰੀਆਂ ਨੇ 'ਵਿਚਾਰਧਾਰਾ ਦੇ ਅੰਤ' ਦਾ ਸਿਧਾਂਤ ਘਰ ਮਾਰਿਆ ਜਿਸ ਦਾ ਅਰਥ ਸੀ ਕਿ ਸਰਮਾਏ ਦੀ ਤਾਕਤ ਅੱਗੇ ਪਰਿਵਰਤਨ ਦੀਆਂ ਸਾਰੀਆਂ ਵਿਚਾਰਧਾਰਾਵਾਂ ਨੇ ਦਮ ਤੋੜ ਦਿੱਤਾ ਹੈ। ਫਿਰ ਇਸੇ ਥੀਮ ਨੂੰ ਲਿਉਤਾਰ ਵਰਗੇ ਉਤਰ ਆਧੁਨਿਕਤਾਵਾਦੀਆਂ ਨੇ ਵੀ ਉਠਾਇਆ ਜੋ ਲਗਭਗ ਦੋ ਦਹਾਕਿਆਂ ਤੋਂ ਇਹ ਐਲਾਨ ਕਰਦੇ ਆ ਰਹੇ ਹਨ ਕਿ ਸਾਰੇ ਦੇ ਸਾਰੇ 'ਮੁਕਤੀ ਦੇ ਮਹਾਂ ਬਿਰਤਾਂਤਾਂ' ਦਾ ਅੰਤ ਹੋ ਗਿਆ ਹੈ।
ਤੀਜਾ : 'ਵਾਪਸੀ' ਦਾ ਇਹ ਸਮਾਂ ਵਿਰੋਧੀ ਸ਼ਕਤੀਆਂ ਲਈ ਆਮ ਤੌਰ ਤੇ ਹਾਰ ਜਾਣ ਸੁੰਗੜ ਜਾਣ ਦਾ ਹੀ ਸਮਾਂ ਹੀ ਨਹੀਂ ਹੁੰਦਾ ਸਗੋਂ ਸ਼ੱਕ, ਬਚਾਅ, ਬਿਖਰਾਅ, ਤਜਰਬੇ ਤੇ ਜੇ ਗਰਾਮਸ਼ੀ ਦੇ ਸ਼ਬਦਾਂ ਵਿਚ ਕਹੀਏ ਤਾਂ 'ਐਟਮ ਵਰਗੀ ਗਤੀ ਵਾਲੇ ਅੰਦੋਲਨਾਂ ਦਾ ਸਮਾਂ ਹੁੰਦਾ ਹੈ। ਜਿਵੇਂ ਇਹ ਸਤਾਹ ਤੋਂ ਹੇਠਾਂ ਛੋਟੇ-ਛੋਟੇ, ਗੋਲ-ਗੋਲ ਘੁੰਮਦੇ ਕਦਮਾਂ ਦੇ ਰੂਪ ਵਿਚ ਚਲ ਰਿਹਾ ਹੋਵੇ। ਅਜਿਹਿਆਂ ਸਮਿਆਂ ਵਿਚ ਵਿਰੋਧ ਬਿਖਰੇ ਤੇ ਸਥਾਨਕ ਰੂਪ ਵਿਚ ਜਾਰੀ ਰਹਿੰਦਾ ਹੈ। ਪਰ ਸੰਗਠਿਤ ਰੂਪ ਵਿਚ ਕਿਤੇ ਵੀ ਨਹੀਂ ਹੁੰਦਾ। ਇਸ ਦੌਰਾਨ ਹਾਰ ਤੋਂ ਵਿਚਾਰਧਾਰਾ ਅਤੇ ਕਾਰਜ ਦੇ ਪਹਿਲੇ ਰੂਪਾਂ ਦੇ ਵਿਸ਼ਿਆਂ ਸੰਬੰਧੀ ਸਵਾਲ ਉਠਦੇ ਹਨ। ਅਜਿਹੇ ਸਮਿਆਂ ਵਿਚ ਵੀ ਵਿਰੋਧ ਅਨੇਕਾਂ ਬਾਰ ਸਫ਼ਲ ਹੁੰਦਾ ਹੈ, ਪਰ ਉਸਦੀ ਜਿੱਤ ਨੂੰ ਜਲਦੀ ਹੀ ਭੁਲਾ ਦਿੱਤਾ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਉਨੀ ਸੌ ਨੱਬੇ ਦੇ ਦਹਾਕੇ ਨੂੰ ਅੱਜ ਸੋਵੀਅਤ ਸੰਘ ਦੇ ਟੁੱਟਣ ਲਈ ਤਾਂ ਯਾਦ ਕੀਤਾ ਜਾਂਦਾ ਹੈ ਪਰੰਤੂ  ਦੱਖਣੀ ਅਫਰੀਕਾ ਵਿਚ ਰੰਗ ਭੇਦ ਦੀ ਨੀਤੀ ਦੇ ਅੰਤਮ ਰੂਪ ਵਿਚ ਖ਼ਤਮ ਹੋ ਜਾਣ ਦੇ ਰੂਪ ਵਿਚ ਯਾਦ ਨਹੀਂ ਕੀਤਾ ਜਾਂਦਾ। ਇਥੋਂ ਤਕ ਕਿ ਸਫ਼ਲ ਇਨਕਲਾਬਾਂ ਨੂੰ ਵੀ ਉਨ੍ਹਾਂ ਦੀਆਂ ਅਸਫ਼ਲਤਾਵਾਂ ਕਾਰਣ ਸਭ ਤੋਂ ਜ਼ਿਆਦਾ ਯਾਦ ਕੀਤਾ ਜਾਂਦਾ ਹੈ। ਸਿਰਫ਼ ਇਸ ਲਈ ਨਹੀਂ ਕਿ ਕਾਬਜ਼ ਵਿਚਾਰਧਾਰਕ ਤੰਤਰ ਉਸਨੂੰ ਖੁੱਲ੍ਹੇ ਜ਼ਖਮ ਵਾਂਗ ਜ਼ਿੰਦਾ ਰੱਖਣ ਵਿਚ ਹਮੇਸ਼ਾ ਲੱਗਾ ਰਹਿੰਦਾ ਹੈ ਬਲਕਿ ਇਸ ਲਈ ਵੀ ਕਿ ਅਸੀਂ ਆਪਣੀਆਂ ਜਿੱਤਾਂ ਤੋਂ ਓਨਾ ਨਹੀਂ ਸਿੱਖਦੇ ਜਿਨਾਂ ਕਿ ਆਪਣੀਆਂ ਹਾਰਾਂ ਤੋਂ ਸਿੱਖਦੇ ਹਾਂ। ਚੀਨੀ ਇਨਕਲਾਬ ਨੇ ਬਾਲਸ਼ਵਿਕ ਇਨਕਲਾਬ ਦੇ ਰੂਪ ਨੂੰ ਦੁਹਰਾਉਣਾ ਚਾਹਿਆ ਤਾਂ ਉਹ ਅਸਫਲ ਹੋਇਆ। ਸਫਲ ਇਹ ਇਨਕਲਾਬ ਉਦੋਂ ਹੋਇਆ ਜਦੋਂ ਉਸਨੇ ਆਪਣਾ ਮੌਲਿਕ ਰੂਪ ਲੱਭ ਲਿਆ। ਨਾ ਤਾਂ ਕਿਊਬਾ ਦੇ ਇਨਕਲਾਬ ਨੇ ਚੀਨੀ ਇਨਕਲਾਬ ਨੂੰ ਦੁਹਰਾਇਆ ਅਤੇ ਨਾ ਹੀ ਲਾਤੀਨੀ ਅਮਰੀਕਾ ਵਿਚ ਕਿਤੇ ਕਿਊਬਾ ਦੇ ਇਨਕਲਾਬ  ਨੂੰ ਲੱਖਾਂ ਯਤਨਾਂ ਦੇ ਬਾਵਜੂਦ ਦੁਹਰਾਇਆ ਜਾ ਸਕਿਆ। ਸਫ਼ਲ ਇਨਕਲਾਬਾਂ ਨਾਲ ਦਿੱਕਤ ਇਹ ਹੁੰਦੀ ਹੈ ਕਿ ਉਨ੍ਹਾਂ ਨੂੰ ਦੁਹਰਾਇਆ ਨਹੀਂ ਜਾ ਸਕਦਾ। ਪਰ 'ਵਾਪਸੀ' ਦੇ ਸਮੇਂ ਵਿਚ ਵਿਰੋਧ ਗਾਇਬ ਨਹੀਂ ਹੋ ਜਾਂਦਾ ਬਲਕਿ ਅਜਿਹਾ ਬਿਖਰ ਜਾਂਦਾ ਹੈ ਕਿ ਲਗਭਗ ਗਾਇਬ ਹੋ ਗਿਆ ਲੱਗਦਾ ਹੈ ਜਿਵੇਂ ਕਿ ਉਹ ਪਰਦੇ ਪਿੱਛੇ ਚੱਲਣ ਵਾਲੀਆਂ ਅਨੰਤ ਰਿਹਰਸਲਾਂ ਵਿਚ ਹੀ ਫਸ ਗਿਆ ਹੋਵੇ।
ਚਾਰ : 'ਵਾਪਸੀ' ਦੇ ਸਮੇਂ ਜਦੋਂ ਤਕ ਸੰਕਟ ਦੇ ਸਮਿਆਂ ਵਿਚ ਪ੍ਰਵੇਸ਼ ਨਹੀਂ ਕਰਦੇ ਉਦੋਂ ਤਕ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਇਹ ਕਦੇ ਬੀਤਣਗੇ ਹੀ ਨਹੀਂ। ਇਸ ਤੋਂ ਉਲਟ ਇਨਕਲਾਬ-ਚਾਹੇ ਉਹ ਖੱਬੇ ਹੋਣ ਜਾਂ ਸੱਜੇ-ਆਮ ਤੌਰ ਤੇ ਹੈਰਾਨ ਕਰ ਦੇਣ ਵਾਲੀ ਅਚਾਨਕਤਾ ਨਾਲ ਭੜਕਦੇ ਹਨ। ਲੇਨਿਨ ਤੋਂ ਬਗ਼ੈਰ ਕਿਸੇ ਦੀ ਇਹ ਹਿੰਮਤ ਨਹੀਂ ਹੋਈ ਕਿ ਉਨੀ ਸੌ ਸਤਾਰਾਂ ਦੇ ਇਨਕਲਾਬ ਸੰਬੰਧੀ ਉਸੇ ਸਾਲ ਦੇ ਅਪ੍ਰੈਲ ਵਿਚ ਭਵਿੱਖਵਾਣੀ ਕਰ ਸਕੇ। ਕਾਸਟ੍ਰੋ ਦੇ ਗੁਰੀਲਾ ਇਨਕਲਾਬੀ ਤਾਂ ਕਿਊਬਾ ਦੇ ਸਮੁੰਦਰੀ ਕੰਢੇ ਇਵੇਂ ਅਚਾਨਕ ਪ੍ਰਗਟ ਹੋਏ ਅਤੇ ਹਵਾਨਾ ਵਲ ਅਜਿਹੀ ਤੂਫਾਨੀ ਤੇਜ਼ੀ ਨਾਲ ਵਧੇ ਕਿ ਜਦੋਂ ਉਹ ਹਵਾਨਾ ਪਹੁੰਚੇ ਤਾਂ ਅਜਿਹਾ ਲੱਗਾ ਕਿ ਪਤਾ ਨਹੀਂ ਉਹ ਕਿੱਥੋਂ ਆ ਪ੍ਰਗਟ ਹੋਏ। ਦਹਾਕਿਆਂ ਤਕ ਚਲੇ ਚੀਨ ਤੇ ਵੀਅਤਨਾਮ ਦੇ ਇਨਕਲਾਬਾਂ ਦੇ ਸੰਬੰਧ ਵਿਚ ਵੀ ਇਹੀ ਨਿਯਮ ਲਾਗੂ ਹੁੰਦਾ ਹੈ: ਇਕ ਲੰਬੇ ਗਰਭ-ਸਮੇਂ ਤੋਂ ਬਾਦ ਅਚਾਨਕ ਅਜਿਹਾ ਬਿੰਦੂ ਆਉਂਦਾ ਹੈ ਕਿ ਮਾਤਰਾ ਗੁਣ ਵਿਚ ਬਦਲ ਜਾਂਦੀ ਹੈ ਅਤੇ ਸੱਤਾ  ਦੇ  ਕਿਲੇ  ਹੈਰਾਨੀਜਨਕ ਤੇਜ਼ੀ ਨਾਲ ਢਹਿ ਢੇਰੀ ਹੋ ਜਾਂਦੇ ਹਨ। ਇਨਕਲਾਬਾਂ ਵਿਚ ਹੀ ਨਹੀਂ ਸਗੋਂ ਲੋਕ-ਵਿਰੋਧਾਂ ਦੇ ਕੁਝ ਰੂਪਾਂ ਵਿਚ ਵੀ ਅਜਿਹੀ ਅਚਾਨਕਤਾ ਹੁੰਦੀ ਹੈ। ਉਹ ਕਦੋਂ ਫੁੱਟ ਪੈਣਗੇ ਉਸ ਬਾਰੇ ਕੁਝ ਵੀ ਨਹੀਂ ਕਿਹਾ ਜਾ ਸਕਦਾ। ਉਨੀ ਸੌ ਪੰਜਾਹ ਦੇ ਦਹਾਕੇ ਦੇ ਅੰਤ ਤੇ 'ਵਿਚਾਰਧਾਰਾ ਦਾ ਅੰਤ' ਦਾ ਐਲਾਨ ਕਰਨ ਵਾਲੇ ਮੁਹਰਲੀ ਕਤਾਰ ਦੇ ਬੁੱਧੀਜੀਵੀ ਵੀ ਇਹ ਅਨੁਮਾਨ ਨਾ ਲਾ ਸਕੇ ਕਿ ਇਕ ਦਹਾਕਾ ਬੀਤਣ ਤੋਂ ਪਹਿਲਾਂ ਹੀ ਉਨ੍ਹਾਂ ਦਾ ਦੇਸ਼ ਸਭ ਤੋਂ ਵੱਡੇ ਸਾਮਰਾਜ ਵਿਰੋਧੀ ਅੰਦੋਲਨ ਦੀਆਂ ਲਪਟਾਂ ਵਿਚ ਘਿਰ ਜਾਵੇਗਾ ਅਤੇ ਇਹ ਅੰਦੋਲਨ ਅਜਿਹਾ ਹੋਵੇਗਾ ਜਿਹੋ ਜਿਹਾ ਹੁਣ ਤਕ ਕਿਸੇ ਸਾਮਰਾਜਵਾਦੀ ਦੇਸ਼ ਨੇ ਦੇਖਿਆ ਨਹੀਂ ਹੋਵੇਗਾ।
ਅੱਜਕਲ੍ਹ ਦੁਨੀਆਂ ਸਪੱਸ਼ਟ ਰੂਪ ਵਿਚ ਉਸੇ ਦੌਰ ਵਿਚ ਗੁਜ਼ਰ ਰਹੀ ਹੈ ਜਿਸਨੂੰ ਮੈਂ ਗਰਾਮਸ਼ੀ ਦੀ ਸ਼ਬਦਾਬਲੀ ਵਿਚ 'ਵਾਪਸੀ' ਦਾ ਦੋਰ ਕਿਹਾ ਹੈ। ਅੱਜ ਦੁਨੀਆਂ ਦੇ ਕੋਣੇ-ਕੋਣੇ ਤੇ ਸਰਮਾਏ ਦੀ ਤਾਕਤ ਅਜਿਹੀ ਛਾਈ ਹੋਈ ਹੈ ਜਿਵੇਂ ਅੱਜ ਤੋਂ ਪਹਿਲਾਂ ਕਦੇ ਵੀ ਨਹੀਂ ਸੀ। ਘੱਟੋ ਘੱਟ ਪਿਛਲੇ ਸੌ ਸਾਲਾਂ ਵਿਚ ਅਜਿਹਾ ਹੋ ਰਿਹਾ ਹੈ ਕਿ ਦੁਨੀਆਂ ਵਿਚ ਕੋਈ ਵੀ ਅਜਿਹਾ ਅੰਦੋਲਨ ਨਹੀਂ ਹੈ ਜੋ ਸਰਮਾਏ ਦੇ ਰਾਜ ਦਾ ਤਖਤਾ ਕਿਸੇ ਇਕ ਦੇਸ਼ ਵਿਚ ਵੀ ਪਲਟਣ ਦੇ ਸਮਰੱਥ ਹੋਵੇ। ਰਾਸ਼ਟਰੀ ਬੁਰਜੂਆ ਵਰਗ ਦੇ ਰਾਸ਼ਟਰਵਾਦ ਦਾ ਤਾਂ ਲੱਗਦਾ ਹੈ ਜਿਵੇਂ ਜਨਾਜ਼ਾ ਹੀ ਨਿਕਲ ਗਿਆ ਹੋਵੇ। ਭਾਰਤ ਅਤੇ ਮਿਸਰ ਵਰਗੇ ਅਨੇਕਾਂ ਦੇਸ਼ਾਂ ਵਿਚ ਵੀ ਜਿੱਥੇ ਬੁਰਜੂਆ ਬਸਤੀਵਾਦ ਵਿਰੋਧ ਦੀਆਂ ਬੜੀਆਂ ਜ਼ਬਰਦਸਤ ਪਰੰਪਰਾਵਾਂ ਰਹੀਆਂ ਹਨ, ਅੱਜ ਬੁਰਜੂਆ ਵਰਗ ਦਾ ਕੋਈ ਛੋਟਾ ਜਿਹਾ ਹਿੱਸਾ ਵੀ ਅਜਿਹਾ ਨਹੀਂ ਜੋ ਤਥਾਕਥਿਤ 'ਵਿਸ਼ਵੀਕਰਣ' ਦੇ ਰਾਹੀਂ ਥੋਪੇ ਜਾ ਰਹੇ ਸਾਮਰਾਜਵਾਦ ਦੇ ਨਵੇਂ ਰੂਪਾਂ ਦਾ ਦ੍ਰਿੜ ਵਿਰੋਧੀ ਹੋਵੇ। ਹੋ ਸਕਦਾ ਹੈ 'ਵਾਪਸੀ' ਦਾ ਇਹ ਮੌਜੂਦਾ ਦੌਰ ਓਨਾ ਹੀ ਲੰਬਾ ਚਲੇ ਜਿੰਨਾਂ ਪੈਰਿਸ ਕਮਿਊਨ (1871) ਅਤੇ ਬਾਲਸ਼ਵਿਕ ਇਨਕਲਾਬ (1917) ਦੇ ਵਿਚਕਾਰਲਾ ਦੌਰ ਰਿਹਾ ਹੈ। ਭਾਵ ਇਹ ਦੌਰ ਲਗਭਗ ਅੱਧੀ ਸਦੀ ਜਿੰਨੇ ਲੰਮੇ ਸਮੇਂ ਤਕ ਜਾਰੀ ਰਹਿ ਸਕਦਾ ਹੈ ਅਜਿਹਾ ਲੱਗਦਾ ਹੈ ਕਿ ਦੁਨੀਆਂ ਭਰ ਦੇ ਕਮਿਊਨਿਸਟਾਂ ਅਤੇ ਇਸ ਦੀਆਂ ਵਿਰੋਧੀ ਸ਼ਕਤੀਆਂ ਨੇ ਘੱਟੋ-ਘੱਟ ਮੌਜੂਦਾ ਇਤਿਹਾਸਕ ਦੌਰ ਵਿਚ ਫੈਸਲਾ ਕਰ ਲਿਆ ਹੈ ਕਿ ਸਰਮਾਏਦਾਰੀ ਵਿਵਸਥਾ ਦੇ ਅੰਤਰਗਤ ਹੋ ਸਕਣ ਵਾਲੇ ਪਰਿਵਰਤਨਾਂ ਲਈ ਹੀ ਕੰਮ ਕਰਨਗੀਆਂ। ਗ੍ਰਾਮਸ਼ੀ ਨੇ ਇਨ੍ਹਾਂ ਸਮਿਆਂ ਲਈ ਹੀ 'ਇੱਛਾ ਸ਼ਕਤੀ ਦੇ ਆਸ਼ਾਵਾਦ' ਅਤੇ 'ਬੁੱਧੀ ਦੇ ਨਿਰਾਸ਼ਾਵਾਦ' ਦੀ ਗੱਲ ਕਹੀ ਸੀ। ਪਰੰਤੂ ਅਜਿਹੇ ਸਮਿਆਂ ਵਿਚ ਸਮਝਦਾਰੀ ਦੀ ਗੱਲ ਇਹੋ ਹੈ ਕਿ ਇਕ ਖਾਸ ਤਰ੍ਹਾਂ ਦੇ 'ਬੌਧਿਕ ਨਿਰਾਸ਼ਾਵਾਦ' ਨੂੰ ਹਰ ਤਰਾਂ੍ਹ ਦੇ 'ਇੱਛਾ ਸ਼ਕਤੀ ਦੇ ਆਸ਼ਾਵਾਦ' ਨਾਲ ਸੰਤੁਲਿਤ ਕੀਤਾ ਜਾਵੇ।
ਤਾਂ ਫਿਰ ਆਸ ਦੇ ਸੋਮੇ ਕਿੱਥੇ ਹਨ? ਹਿਲਾਂ ਤਾਂ ਉਹ ਸਾਡੀ ਯਾਦ ਸ਼ਕਤੀ (ਅਵਚੇਤਨ) ਵਿਚ ਹਨ। ਵੀਹਵੀਂ ਸਦੀ ਇਨਕਲਾਬਾਂ ਦੀ ਸਦੀ ਰਹੀ ਹੈ, ਤੇ ਨਾਲ ਹੀ ਇਹ ਲੋਕਤੰਤਰ ਦੀ ਮੰਗ ਦੀ ਸਦੀ ਵੀ ਰਹੀ ਹੈ। ਇਸ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਜੇ ਵਿਚਾਰ ਕੀਤਾ ਜਾਵੇ ਤਾਂ ਦੋ ਗੱਲਾਂ ਸਪੱਸ਼ਟ ਹੁੰਦੀਆਂ ਹਨ। ਇਕ ਤਾਂ ਇਹ ਕਿ ਮੌਜੂਦਾ ਦੌਰ ਇਕ ਮਹਿਜ਼ ਦੌਰ ਹੈ ਉਨ੍ਹਾਂ ਦੌਰਾਂ ਵਾਂਗ ਜੋ ਪਹਿਲਾਂ ਆਉਂਦੇ ਜਾਂਦੇ ਰਹੇ ਹਨ। (ਉਦਾਹਰਣ ਲਈ 1871-1917 ਤਕ ਦਾ ਦੌਰ ਜਿਸਦਾ ਜ਼ਿਕਰ ਮੈਂ ਉਪਰ ਕੀਤਾ ਹੈ) ਅਜਿਹੇ ਦੌਰ ਆਪਣੇ ਸਮੇਂ ਵਿਚ ਅਜਿਹੇ ਲੱਗਦੇ ਹਨ ਕਿ ਉਹ ਕਦੀ ਵੀ ਖ਼ਤਮ ਨਹੀਂ ਹੋਣਗੇ। ਪਰੰਤੂ ਅਜਿਹੇ ਦੌਰਾਂ ਵਿਚ ਵਿਰੋਧੀ ਸ਼ਕਤੀਆਂ ਆਪਣੇ ਅਤੀਤ ਉਪਰ ਵਿਚਾਰ ਕਰਦੀਆਂ ਹਨ। ਨਵੇਂ ਰੂਪਾਂ ਨਾਲ ਪ੍ਰਯੋਗ ਕਰਦੀਆਂ ਹਨ। ਉਹ ਅਨੁਭਵ ਇਕੱਤਰ ਕਰਦੀਆਂ ਹਨ ਅਤੇ ਨਵੀਂ ਜ਼ਮੀਨ ਤੋੜਨ ਲਈ ਵਿਰੋਧ ਦੇ ਇਤਿਹਾਸਕ ਰੂਪਾਂ ਤੋਂ ਨਵੇਂ ਰੂਪਾਂ ਦੀ ਤਲਾਸ਼ ਕਰਦੀਆਂ ਹਨ।
ਦੂਸਰੀ ਗੱਲ ਇਹ ਹੈ ਕਿ ਜੇ ਅਸੀਂ ਇਸ ਸਮੁੱਚੀ ਸਦੀ ਉਪਰ ਠੰਡੇ ਦਿਮਾਗ ਨਾਲ ਵਿਚਾਰ ਕਰੀਏ ਤਾਂ ਸਾਨੂੰ ਕੁਝ ਪ੍ਰਾਪਤੀਆਂ ਯਾਦ ਆਉਣਗੀਆਂ। ਸਦੀ ਦੇ ਸ਼ੁਰੂ ਵਿਚ ਆਮ ਤੌਰ ਤੇ ਏਸ਼ੀਆ ਤੇ ਅਫਰੀਕਾ ਸਮੁੱਚੇ ਤੌਰ ਤੇ ਬਸਤੀਵਾਦ ਜਾਂ ਅਰਧ-ਬਸਤੀਵਾਦ ਸੱਤਾ ਦੇ ਅਧੀਨ ਸਨ। ਅੱਜ ਕਿਸੇ ਵੀ ਮਜ਼ਬੂਤ ਬਸਤੀਵਾਦ ਦੀਆਂ ਫਲਸਤੀਨ/ਇਜ਼ਰਾਈਲ ਵਰਗੀਆਂ ਕੁਝ ਚੌਕੀਆਂ ਹੀ ਬਾਕੀ ਰਹਿ ਗਈਆਂ ਹਨ। ਜਦੋਂ ਵੀਹਵੀਂ ਸਦੀ ਸ਼ੁਰੂ ਹੋਈ ਸਮਾਜਵਾਦ ਯੂਰਪ ਦੇ ਇਕ ਛੋਟੇ ਜਿਹੇ ਕੋਣੇ ਦੀ ਇਕ ਸਥਾਨਕ ਪ੍ਰਵਿਰਤੀ ਦੇ ਰੂਪ ਵਿਚ ਹੀ ਮੌਜੂਦ ਸੀ ਅਤੇ ਉਹ ਇਨੇ ਛੋਟੇ ਜਿਹੇ ਸਰਵਹਾਰਾ ਵਰਗ ਉਪਰ ਆਧਾਰਿਤ ਸੀ ਜੋ ਅੱਜ ਦੇ ਹਿੰਦੁਸਤਾਨ ਦੇ ਸਰਵਹਾਰਾ ਵਰਗ ਨਾਲੋਂ ਵੀ ਛੋਟਾ ਸੀ। ਪਰ ਇਸ ਸਦੀ ਦੌਰਾਨ ਦੁਨੀਆਂ ਦੀ ਇਕ ਤਿਹਾਈ ਲੋਕਾਈ ਸਮਾਜਵਾਦੀ ਸਮਾਜਾਂ ਦੇ ਨਿਰਮਾਣ ਦੇ ਬਹੁਤ ਸਾਰੇ ਤਜ਼ਰਬਿਆਂ ਵਿਚੋਂ ਗੁਜ਼ਰੀ ਹੈ ਤੇ ਦੁਨੀਆਂ ਦਾ ਕੋਈ ਵੀ ਅਜਿਹਾ ਕੋਣਾ ਨਹੀਂ ਜੋ ਇਸਦੇ ਪ੍ਰਭਾਵ ਤੋਂ ਬੇਲਾਗ ਰਹਿ ਗਿਆ ਹੋਵੇ। ਇਸ ਸਦੀ ਦੇ ਸ਼ੁਰੂ ਵਿਚ ਸਾਡੇ ਇਨ੍ਹਾਂ ਦੋ ਮਹਾਂਦੀਪਾਂ ਉØੱਤੇ ਵੀ ਬਸਤੀਵਾਦੀ ਰਾਜ ਸੀ ਤੇ ਇਸ ਨੂੰ ਸਦੀਵੀ ਸਮਝਿਆ ਜਾਂਦਾ ਸੀ। ਅੱਜ ਸਮੁੱਚੀ ਦੁਨੀਆਂ ਤੇ ਲੋਕਤੰਤਰ ਦੀ ਮੰਗ ਦਾ ਤੂਫਾਨ ਉØੱਠਿਆ ਹੋਇਆ ਹੈ। ਪਰ ਸਾਡੀ ਲੋਕਤੰਤਰ ਦੀ ਸਮਝ ਵਧੇਰੇ ਗੁੰਝਲਦਾਰ ਅਤੇ ਹਮੇਸ਼ਾਂ ਤੋਂ ਵਧੇਰੇ ਵਿਆਪਕ ਵੀ ਹੋਈ ਹੈ। ਸਾਡੀ ਇਹ ਸਮਝ ਹੁਣ ਸੰਸਦੀ ਰਾਜ ਦੇ ਮੁੱਦੇ ਤੋਂ ਬਹੁਤ ਅਗਾਂਹ ਨਿਕਲ ਚੁੱਕੀ ਹੈ।
ਇਨ੍ਹਾਂ ਇਨਕਲਾਬੀ ਸੰਘਰਸ਼ਾਂ ਦੀ ਬਦੌਲਤ ਅੱਜ ਦੁਨੀਆਂ ਭਰ ਵਿਚ ਕਿਸਾਨਾਂ ਦਾ ਪਹਿਲਾਂ ਤੋਂ ਵੱਧ ਜ਼ਮੀਨਾਂ ਉਪਰ ਅਧਿਕਾਰ ਹੈ। ਔਰਤਾਂ ਨੂੰ ਇਨੇ ਵਧੇਰੇ ਸਮਾਜਿਕ ਤੇ ਰਾਜਨੀਤਕ ਅਧਿਕਾਰ ਪ੍ਰਾਪਤ ਹਨ ਕਿ ਸਦੀ ਦੇ ਸ਼ੁਰੂ ਵਿਚ ਉਨ੍ਹਾਂ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਮਜ਼ਦੂਰਾਂ ਦੇ ਵਿਭਿੰਨ ਤਰ੍ਹਾਂ ਦੇ ਅਤੇ ਪਹਿਲਾਂ ਤੋਂ ਕਿਤੇ ਵਧੇਰੇ ਤਬਕੇ ਅੱਜ ਬਿਹਤਰ ਰੂਪ ਵਿਚ ਸੰਗਠਿਤ ਹਨ। ਉਹ ਬਿਹਤਰ ਢੰਗ ਦਾ ਖਾ ਪੀ ਰਹੇ ਹਨ ਅਤੇ ਬਿਹਤਰ ਤਰ੍ਹਾਂ ਦੀ ਸਿਖਿਆ ਲੈ ਰਹੇ ਹਨ। ਦੂਜੇ ਸ਼ਬਦਾਂ ਵਿਚ ਕਹੀਏ ਤਾਂ ਸਮਾਜਵਾਦੀ ਰਾਜ ਅਤੇ ਅੰਦੋਲਨ ਭਾਵੇਂ ਹਾਰ ਗਏ ਹੋਣ ਜਾਂ ਉਨ੍ਹਾਂ ਦਾ ਸਫ਼ਾਇਆ ਹੋ ਗਿਆ ਹੋਵੇ ਪਰ ਉਨ੍ਹਾਂ ਨੇ ਜੋ ਲਾਭ ਇਨ੍ਹਾਂ ਤਮਾਮ ਲੋਕਾਂ ਨੂੰ ਦੁਆਏ ਹਨ ਉਨ੍ਹਾਂ ਵਿਚੋਂ ਬਹੁਤ ਸਾਰੇ ਲਾਭ ਇਨ੍ਹਾਂ ਲੋਕਾਂ ਨੂੰ ਹੁਣ ਵੀ ਮਿਲ ਰਹੇ ਹਨ। ਕੋਈ ਅਸਫ਼ਲਤਾ ਪੂਰੀ ਤਰ੍ਹਾਂ ਦੀ ਅਸਫ਼ਲਤਾ ਨਹੀਂ ਹੁੰਦੀ। ਖੱਬੀ ਧਿਰ ਅਸਫ਼ਲ ਹੋ ਗਈ ਲੱਗਦੀ ਹੈ ਤੇ ਅਸਲ ਵਿਚ ਇਹ ਕਾਫ਼ੀ ਹੱਦ ਤਕ ਅਸਫ਼ਲ ਹੋਈ ਵੀ ਹੈ ਕਿਉਂਕਿ ਉਸਨੇ ਜਿਨਾਂ ਕੁਝ ਪਾਉਣਾ ਚਾਹਿਆ ਸੀ ਤੇ ਉਨ੍ਹਾਂ ਸਮਿਆਂ ਵਿਚ ਇਨਾਂ ਕੁਝ ਪਾਉਣਾ ਸੰਭਵ ਵੀ ਲੱਗਾ ਸੀ ਪਰ ਜੋ ਪੂਰੇ ਦਾ ਪੂਰਾ ਪਾਇਆ ਨਹੀਂ ਜਾ ਸਕਿਆ। ਪਰੰਤੂ ਜੋ ਕੁਝ ਪਾਇਆ ਜਾ ਸਕਿਆ ਉਹ * ਉਸ ਪ੍ਰਾਪਤੀ ਨੂੰ ਸਾਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ।
ਇਸ ਤਰ੍ਹਾਂ ਆਸ ਦਾ ਪਹਿਲਾ ਸੋਮਾਂ ਤਾਂ ਆਪਣੀ ਯਾਦਾਸ਼ਤ ਹੀ ਹੈ। ਦੂਸਰਾ ਸੋਮਾਂ ਹੈ ਵਿਸ਼ਵ ਵਰਗੀ ਸੰਰਚਨਾ ਵਿਚ ਸਰਵਹਾਰਾ ਵਰਗ ਦਾ ਭਾਰੀ ਵਾਧਾ। ਵਿਸ਼ਵ ਬੈਂਕ ਨੇ 1995 ਵਿਚ ਅਜਿਹੇ ਲੋਕਾਂ ਦੀ ਸੰਖਿਆ-ਜਿਨ੍ਹਾਂ ਨੂੰ ਖ਼ੁਦ ਨੂੰ ਜ਼ਿੰਦਾ ਰੱਖਣ ਲਈ ਪ੍ਰਤੱਖ ਜਾਂ ਅਪ੍ਰਤੱਖ ਰੂਪ ਵਿਚ ਆਪਣੀ ਕਿਰਤ-ਸ਼ਕਤੀ ਵੇਚਣੀ ਪੈਂਦੀ ਹੈ-2.5 ਬਿਲੀਅਨ ਦੱਸੀ ਸੀ। ਦੁਨੀਆਂ ਦੀ ਜਨਸੰਖਿਆ ਵਿਚ ਸਰਵਹਾਰਾ ਦੇ ਅਨੁਪਾਤ ਦਾ ਇਹ ਵਿਸਤਾਰ ਏਨਾ ਵੱਡਾ ਹੈ ਕਿ 1975 ਦੇ ਮੁਕਾਬਲੇ-ਯਾਨੀ ਇਕ ਚੌਥਾਈ ਸਦੀ ਵਿਚ ਇਹ ਵਿਸਤਾਰ ਦੁੱਗਣਾ ਹੋ ਗਿਆ ਹੈ। ਤੀਸਰੀ ਦੁਨੀਆਂ ਵਿਚ ਖੇਤੀ ਦਾ ਜਿਸ ਤੇਜ਼ੀ ਨਾਲ ਅਤੇ ਜਿਸ ਤਰ੍ਹਾਂ ਦਾ ਰੁਪਾਂਤ੍ਰਣ ਹੋ ਰਿਹਾ ਹੈ ਆਉਣ ਵਾਲੇ ਭਵਿੱਖ ਵਿਚ ਇਹ ਰੁਪਾਂਤ੍ਰਣ ਦੇ ਹੋਰ ਤੇਜ਼ ਹੋਣ ਦੀ ਸੰਭਾਵਨਾ ਹੈ। ਇਸ ਚੀਜ਼ ਦਾ ਪ੍ਰਗਟਾਵਾ ਦੁਨੀਆਂ ਦੇ ਆਮਦਨ ਸੰਬੰਧੀ ਆਂਕੜਿਆਂ ਵਿਚ ਵੀ ਹੁੰਦਾ ਨਜ਼ਰ ਆਉਂਦਾ ਹੈ। 1990 'ਚ ਦੁਨੀਆਂ ਵਿਚ 60 ਪ੍ਰਤੀਸ਼ਤ ਲੋਕਾਂ ਨੂੰ ਆਮਦਨ ਦਾ ਸਿਰਫ਼ 5.3 ਪ੍ਰਤਿਸ਼ਤ ਹਿੱਸਾ ਹੀ ਮਿਲਿਆ। ਜਦ ਕਿ ਉਪਰਲੇ 20 ਪ੍ਰਤਿਸ਼ਤ ਲੋਕਾਂ ਨੂੰ ਇਹ ਹਿੱਸਾ 83.4 ਪ੍ਰਤਿਸ਼ਤ ਮਿਲਿਆ। ਇਸ ਤਰ੍ਹਾਂ ਇਹ ਕਹਿਣਾ ਜਿਸ ਤਰ੍ਹਾਂ ਕਿ ਬਹੁਤ ਸਾਰੇ ਸਿਰਕੱਢ ਸਮਾਜ ਸ਼ਾਸਤਰੀ 1950 ਦੇ ਦਹਾਕੇ ਤੋਂ ਹੀ ਕਹਿੰਦੇ ਆ ਰਹੇ ਹਨ ਸਰਾ ਸਰ ਬਕਵਾਸ ਹੈ ਕਿ ਦੁਨੀਆਂ ਦੀ ਜਨਸੰਖਿਆ ਵਿਚ ਸਰਵਹਾਰਾ ਦਾ ਅਨੁਪਾਤ ਜਿੰਨਾ ਵੱਧ ਸਕਦਾ ਸੀ ਉਹ ਵੱਧ ਚੁੱਕਾ ਹੈ ਤੇ ਜੋ ਵਿਸਤਾਰ ਹੁਣ ਹੋ ਰਿਹਾ ਹੈ ਉਹ ਸਰਵਹਾਰਾ ਦਾ ਨਹੀਂ ਸਗੋਂ ਮੱਧ ਵਰਗ ਦਾ ਹੋ ਰਿਹਾ ਹੈ। ਮੁੱਖ ਅੰਤਰ-ਵਿਰੋਧ ਅੱਜ ਵੀ ਉਹੋ ਹੈ ਜੋ ਮਾਰਕਸ ਦੇ ਸਮੇਂ ਸੀ। ਯਾਨੀ ਮਿਹਨਤ ਤੇ ਸਰਮਾਏ ਵਿਚਲਾ ਅੰਤਰ ਵਿਰੋਧ। ਫ਼ਰਕ ਹੈ ਤਾਂ ਸਿਰਫ਼ ਇਹ ਕਿ ਇਹ ਚੀਜ਼ ਹੁਣ ਯੂਰਪ ਅਮਰੀਕਾ ਤਕ ਹੀ ਸੀਮਤ ਨਹੀਂ ਰਹੀ ਸਗੋਂ ਵਿਸ਼ਵ ਵਿਆਪੀ ਘਟਨਾ ਬਣ ਚੁੱਕੀ ਹੈ।
ਵਿਡੰਬਨਾ ਇਹ ਹੈ ਕਿ ਗਿਣਤੀ ਵਿਚ ਹੋਏ ਇਸ ਅਸੀਮ ਵਾਧੇ ਨੇ ਸਰਵਹਾਰਾ ਦੀ
ਏਕਤਾ ਅਤੇ ਉਸ ਦੇ ਸੰਗਠਨ ਦੇ ਕੰਮ ਨੂੰ ਪਹਿਲਾਂ ਨਾਲੋਂ ਇਨਾਂ ਮੁਸ਼ਕਲ ਬਣਾ ਦਿੱਤਾ ਹੈ ਜਿਸ ਦਾ ੋਕੋਈ ਹਿਸਾਬ ਹੀ ਨਹੀਂ। ਮਾਰਕਸ ਦੇ ਵੇਲੇ ਸਰਵਹਾਰਾ ਗਿਣਤੀ ਵਿਚ ਘੱਟ ਸੀ। ਇਹ ਸੀ ਵੀ ਥੋੜ੍ਹੇ ਜਿਹੇ ਦੇਸ਼ਾਂ ਵਿਚ। ਇਨ੍ਹਾਂ ਦੇਸ਼ਾਂ ਦੇ ਵੀ ਕੁਝ ਭਾਗਾਂ ਵਿਚ ਹੀ ਕੇਂਦ੍ਰਿਤ ਸੀ। ਇਸ ਲਈ ਉਹ ਮੋਟੇ ਤੌਰ ਤੇ ਇਕੋ ਜਿਹਾ ਹੀ ਸੀ। ਸਰਵਹਾਰਾ ਦੇ ਇਹ ਲੋਕ ਜ਼ਿਆਦਾਤਰ ਇਕੋ ਜਿਹਾ ਹੀ ਕੰਮ ਕਰਦੇ ਸਨ ਤੇ ਆਮ ਤੌਰ ਤੇ ਇਕੋ ਜਿਹੀਆਂ ਪ੍ਰਸਥਿਤੀਆਂ ਵਿਚ ਰਹਿੰਦੇ ਸਨ। ਅੱਜ ਦਾ ਵਿਸ਼ਵ-ਵਿਆਪੀ ਸਰਵਹਾਰਾ ਭੂਗੋਲਿਕ ਰੂਪ ਵਿਚ ਵੱਖ-ਵੱਖ ਦੇਸ਼ਾਂ ਵਿਚ ਫੈਲਿਆ ਹੋਇਆ ਹੈ। ਇਸ ਵਿਚ ਸਭਿਆਚਾਰਕ ਭਿੰਨਤਾਵਾਂ ਹਨ, ਜਾਤੀ (ਐਥਨਿਕ) ਤੇ ਧਰਮ ਦੀ ਅਸਮਾਨਤਾ ਹੈ। ਭਾਸ਼ਾਵਾਂ ਵੱਖੋ ਵੱਖ ਹਨ ਅਤੇ ਜਾਤੀ ਨਸਲ ਦੇ ਆਧਾਰ ਤੇ ਇਸ ਦੇ ਕਈ ਪੱਧਰ ਹਨ, ਕਈ ਭੇਦ ਹਨ। ਇਹ ਸਰਵਹਾਰਾ ਪਹਿਲਾਂ ਤੋਂ ਕਿਤੇ ਵੱਧ ਕੰਮ-ਵੰਡ ਦੇ ਅੰਤਰਗਤ ਵੱਖ-ਵੱਖ ਤਰ੍ਹਾਂ ਦੇ ਕੰਮ ਕਰਦਾ ਹੈ ਤੇ ਇਨ੍ਹਾਂ ਵਿਚ ਔਰਤ ਮਜ਼ਦੂਰਾਂ ਦੀ ਗਿਣਤੀ ਕਿਤੇ ਵਧੇਰੇ ਹੈ।
ਇਸ ਵਿਸ਼ਵ-ਮਜ਼ਦੂਰ ਵਰਗ ਦੇ ਅੰਦਰ ਤੇ ਬਾਹਰ ਦੇ ਭੇਦ-ਜਿਵੇਂ ਮਜ਼ਦੂਰੀ ਵਿਚ ਭੇਦ ਸਾਰਵਜਨਿਕ ਚੀਜ਼ਾਂ ਦੀ ਪ੍ਰਾਪਤੀ ਵਿਚ ਭੇਦ ਅਤੇ ਤਰ੍ਹਾਂ ਤਰ੍ਹਾਂ ਦੀਆਂ ਸਮਾਜਿਕ ਪੂਰਵ-ਧਾਰਣਾਵਾਂ ਦੇ ਮਕੜੀ ਜਾਲ ਤੋਂ ਪੈਦਾ ਹੋਣ ਵਾਲੇ ਭੇਦ-ਅੰਤਹੀਣ ਹੋ ਗਏ ਹਨ। ਲੇਨਿਨ ਨੇ ਇਕ ਬਾਰ ਇਸ ਗੱਲ ਉਪਰ ਜ਼ੋਰ ਦਿੱਤਾ ਸੀ ਕਿ ਪੂੰਜੀਵਾਦੀ ਲੁੱਟ ਅਤੇ ਟ੍ਰੇਡ ਯੂਨੀਅਨ ਸੰਗਠਨ ਦਾ ਸਵੈ ਸਿੱਧ ਤਰਕ ਸਰਵਹਾਰਾ ਨੂੰ ਇਨਕਲਾਬ ਵਲ ਨਹੀਂ ਲੈ ਕੇ ਜਾਂਦਾ ਸਗੋਂ ਸੁਧਾਰ ਵਲ ਲੈ ਕੇ ਜਾਂਦਾ ਹੈ। ਇਸੇ ਤਰ੍ਹਾਂ ਇਹ ਕਿਹਾ ਜਾ ਸਕਦਾ ਹੈ ਕਿ ਸਰਵਹਾਰਾ ਦੇ ਇਸ ਬੇਹੱਦ ਵਿਸਤਾਰ ਤੇ ਇਸ ਦੀ ਅੰਦਰੂਨੀ ਅਨੇਕਤਾ ਵਿਚ ਸਵੈ ਸਿੱਧ ਤਰਕ ਇਹ ਹੈ  ਕਿ ਇਹ ਆਪਣੇ ਆਪ ਨੂੰ ਏਕਤਾ ਵਲ ਨਹੀਂ ਸਗੋਂ ਬਿਖਰਾਅ ਵਲ ਲੈ ਕੇ ਜਾ ਰਿਹਾ ਹੈ।
ਫਿਰ ਇਸ ਦੇ ਨਾਲ ਇਕ ਹੋਰ ਚੀਜ਼ ਵੀ ਜੁੜੀ ਹੋਈ ਹੈ ਜੋ ਇਕ ਪਾਸੇ ਤਾਂ ਆਸ ਦਾ ਬਹੁਤ ਵੱਡਾ ਸੋਮਾ ਹੈ ਪਰ ਦੂਜੇ ਪਾਸੇ ਇਕ ਦਮ ਵਰਤਮਾਨ ਵਿਚ ਔਕੜਾਂ ਦਾ ਕਾਰਣ ਵੀ ਹੈ। 1950 ਤੋਂ ਲਗਾਤਾਰ ਤਰ੍ਹਾਂ ਤਰ੍ਹਾਂ ਨਾਲ (ਫੇਅਰਵੈਲ ਟੂ ਦਾ ਵਰਕਿੰਗ ਕਲਾਸ ਆਦਿ ਵਿਚ) ਇਹ ਗੱਲ ਕਹੀ ਜਾ ਰਹੀ ਹੈ ਕਿ ਹੁਣ ਕੋਈ ਵੀ ਇਨਕਲਾਬੀ ਸ਼ਕਤੀ ਨਹੀਂ ਬਚੀ। ਪਿਛਲੇ ਦਸ ਪੰਦਰਾਂ ਸਾਲਾਂ ਵਿਚ ਤਾਂ ਇਹ ਐਲਾਨ ਬਹੁਤ ਹੀ ਜ਼ੋਰ ਸ਼ੋਰ ਨਾਲ ਗਲਾ ਫਾੜ ਫਾੜ ਕੇ ਕੀਤਾ ਜਾ ਰਿਹਾ ਹੈ। ਪਰੰਤੂ ਇਸ ਵਿਚਾਰਧਾਰਕ ਚੀਕ ਪੁਕਾਰ ਦੇ ਉਲਟ ਜੋ ਅਸੀਂ ਵੇਖਿਆ ਹੈ ਉਹ ਇਹ ਹੈ ਕਿ ਇਸ ਸਮੇਂ ਦੌਰਾਨ ਇਨਕਲਾਬੀ ਸ਼ਕਤੀਆਂ ਦਾ ਪ੍ਰਭਾਵ ਕਾਫ਼ੀ ਵਧਿਆ ਹੈ। ਮਜ਼ਦੂਰ ਜਮਾਤ ਦੀਆਂ ਹੜਤਾਲਾਂ ਅਤੇ ਕੰਮ ਕਾਜ ਨਾਲ ਸੰਬੰਧਿਤ ਤਰ੍ਹਾਂ ਤਰ੍ਹਾਂ ਦੀਆਂ ਸਰਗਰਮੀਆਂ ਸਾਰੀ ਦੁਨੀਆਂ ਵਿਚ ਲਗਾਤਾਰ ਹੋ ਰਹੀਆਂ ਹਨ। ਹਾਲਾਂਕਿ ਸੱਤਾਧਾਰੀ ਮੀਡੀਆ ਇਨ੍ਹਾਂ ਸਭ ਨੂੰ ਅੱਖੋਂ ਉਹਲੇ ਕਰਨ ਦਾ ਯਤਨ ਕਰਦਾ ਆ ਰਿਹਾ ਹੈ। ਪਰ ਜੇ ਸਿਰਫ਼ ਚੀਨ ਤੋਂ ਆਉਣ ਵਾਲੀਆਂ ਰਿਪੋਰਟਾਂ ਨੂੰ ਹੀ ਵੇਖੀਏ ਤਾਂ ਪਤਾ ਲਗੇਗਾ ਕਿ ਬੜੀ ਸੰਗਦਿਲੀ ਨਾਲ ਕੀਤੇ ਜਾ ਰਹੇ ਬਾਜ਼ਾਰੀ ਸੁਧਾਰਾਂ ਵਿਰੁੱਧ ਪਿਛਲੇ ਕੁਝ ਸਾਲਾਂ ਵਿਚ ਹੀ ਹਜ਼ਾਰਾਂ ਕਿਸਾਨ ਵਿਦਰੋਹ ਅਤੇ ਕੰਮਕਾਰ ਨਾਲ ਸੰਬੰਧਿਤ ਲੱਖਾਂ ਕਾਰਵਾਈਆਂ ਹੋਈਆਂ ਹਨ। ਪਿਛਲੇ ਸਾਲਾਂ ਵਿਚ ਦੱਖਣੀ ਕੋਰੀਆਂ ਦੇ ਮਜ਼ਦੂਰਾਂ ਤੋਂ ਲੈ ਕੇ ਦੱਖਣੀ ਬ੍ਰਾਜ਼ੀਲ ਦੇ ਬੇਜ਼ਮੀਨੇ ਲੋਕਾਂ ਤਕ ਨੇ ਦੁਨੀਆਂ ਭਰ ਵਿਚ ਜ਼ੋਰਦਾਰ ਲੜਾਈਆਂ ਲੜੀਆਂ  ਹਨ।  ਵਿਕਸਿਤ  ਪੂੰਜੀਵਾਦੀ
ਦੇਸ਼ਾਂ ਦੇ ਕੁਝ ਹਿੱਸਿਆਂ ਵਿਚ ਵੀ-ਮਸਲਨ ਜਰਮਨੀ ਵਿਚ-ਕੁਝ ਟ੍ਰੇਡ ਯੂਨੀਅਨਾਂ ਅੰਦਰ ਅਜਿਹੀਆਂ ਲਹਿਰਾਂ ਚੱਲ ਰਹੀਆਂ ਹਨ ਜੋ ਨਾ ਸਿਰਫ਼ ਰੋਜ਼ਗਾਰ ਦੀ ਸੁਰਖਿਆ ਅਤੇ ਮਜ਼ਦੂਰੀ ਵਧਾਉਣ ਦੀ ਮੰਗ ਹੀ ਕਰਦੀਆਂ ਹਨ ਸਗੋਂ ਪ੍ਰਬੰਧ ਵਿਚ ਹਿੱਸੇਦਾਰੀ ਅਤੇ ਉਦਯੋਗਿਕ ਇਕਵੀਟੀ ਵਿਚ ਆਪਣਾ ਹਿੱਸਾ ਵੀ ਮੰਗਦੀਆਂ ਹਨ। ਇਸੇ ਦੌਰਾਨ ਸਰਵਹਾਰਾ ਅਤੇ ਕਿਸਾਨ ਔਰਤਾਂ ਵਿਚ ਇਹ ਚੇਤਨਾ ਪਹਿਲਾਂ ਤੋਂ ਕਿਤੇ ਵਧੇਰੇ ਵਧੀ ਹੈ ਕਿ ਉਸਦਾ ਮਜ਼ਦੂਰ ਦੇ ਤੌਰ ਤੇ ਹੀ ਨਹੀਂ ਸਗੋਂ ਇਕ ਔਰਤ ਦੇ ਨਾਤੇ ਵੀ ਮਹਾਂ ਸ਼ੋਸ਼ਣ ਹੁੰਦਾ ਹੈ।
ਭਾਰਤ ਆਪ ਦਲਿਤ-ਪੀੜ੍ਹਤ ਜਾਤੀਆਂ ਦੇ ਇਕ ਵਾਸਤਵਿਕ ਇਨਕਲਾਬ ਦੀ ਗ੍ਰਿਫ਼ਤ ਵਿਚ ਹੈ ਜਿਸਨੂੰ ਉØੱਚੀਆਂ ਤੇ ਵਿਚਕਾਰਲੀਆਂ ਜਾਤੀਆਂ ਰੋਕਣ ਦੀ ਕੋਸ਼ਿਸ਼ ਕਰ ਰਹੀਆਂ ਹਨ। ਕਿਸੇ ਵੀ ਇਨਕਲਾਬ ਵਾਂਗ ਇਹ ਨਾ ਤਾਂ ਕੋਈ ਸੁਹਜਮਈ ਦ੍ਰਿਸ਼ ਹੈ ਤੇ ਨਾ ਹੀ ਕੋਈ 'ਚਾਹ ਪਾਰਟੀ' ਜਿਸਨੇ ਛੇਤੀ ਖਤਮ ਹੋ ਜਾਣਾ ਹੋਵੇ। ਲਾਤੀਨੀ ਅਮਰੀਕਾ ਦੇ ਕਰੋੜਾਂ ਲੋਕਾਂ ਨੇ ਪਹਿਲੀ ਬਾਰ ਇਹ ਖੋਜ ਕੱਢ ਮਾਰੀ ਹੈ ਕਿ ਉਹ ਪੁਰਤਗਾਲ ਜਾਂ ਹਿਸਮਾਨੀ ਮੂਲ ਦੇ ਲੋਕ ਨਹੀਂ ਹਨ ਸਗੋਂ ਉਹ ਉਥੋਂ ਦੇ ਨਿਵਾਸੀ ਹੀ ਹਨ। ਤੇ ਇਹ ਵੀ ਕਿ ਉਨ੍ਹਾਂ ਦੀ ਆਰਥਿਕ ਤੇ ਸਮਾਜਿਕ ਅਧੀਨਤਾ ਦਾ ਸੰਬੰਧ ਬਸਤੀਵਾਦ ਤੇ ਪੂੰਜੀਵਾਦ ਨਾਲ ਹੈ। ਭਾਵੇਂ ਵਿਸ਼ਵੀਕਰਣ ਦੇ ਅਧੀਨ ਪੂੰਜੀ ਜਿੰਨੀ ਤੇਜ਼ੀ ਨਾਲ ਤੇ ਜਿੰਨੀ ਮਾਤਰਾ ਵਿਚ ਇਕ ਦੇਸ਼ ਤੋਂ ਦੂਜੇ ਦੇਸ਼ ਦਾ ਸਫ਼ਰ ਕਰਦੀ ਹੈ ਓਨੀ ਤੇਜ਼ੀ ਤੇ ਮਾਤਰਾ ਵਿਚ ਮਿਹਨਤ ਸਫਰ ਨਹੀਂ ਕਰਦੀ ਫਿਰ ਵੀ ਪਿਛਲੀ ਅੱਧੀ ਸਦੀ ਵਿਚ ਮਿਹਨਤ ਦੀ ਚਲਾਇਮਾਨਤਾ ਵੱਧੀ ਹੈ ਤੇ ਕਰੋੜਾਂ ਮਜ਼ਦੂਰ ਅਤੇ ਮੱਧਵਰਗੀ ਲੋਕ ਤੀਸਰੀ ਦੁਨੀਆਂ ਦੇ ਦੇਸ਼ਾਂ ਵਿਚੋਂ ਨਿਕਲ ਕੇ ਪੱਛਮੀ ਯੂਰਪ ਅਤੇ ਉØੱਤਰੀ ਅਮਰੀਕਾ ਵਿਚ ਜਾ ਵਸੇ ਹਨ। ਉਨ੍ਹਾਂ ਨੂੰ ਉਥੇ ਕਈ ਤਰ੍ਹਾਂ ਦੇ ਸੰਘਰਸ਼ ਕਰਨੇ ਪੈ ਰਹੇ ਹਨ। ਉਨ੍ਹਾਂ ਦੇ ਸੰਘਰਸ਼ਾਂ ਉਪਰ ਉਨ੍ਹਾਂ ਦੇ ਐਥਨਿਕ ਨਿਕਾਸ ਅਤੇ ਉਨ੍ਹਾਂ ਸੰਬੰਧਿਤ ਨਸਲ ਸੰਬੰਧੀ ਬਣੀਆਂ ਪੂਰਵ-ਧਾਰਣਾਵਾਂ ਦੀ ਵੱਡੀ ਛਾਪ ਹੁੰਦੀ ਹੈ ਜਿਨ੍ਹਾਂ ਦਾ ਸਾਹਮਣਾ ਉਨ੍ਹਾਂ ਨੂੰ ਆਪਣੇ ਕੰਮ ਕਰਨ ਦੀਆਂ ਥਾਵਾਂ ਉਪਰ ਅਤੇ ਵਿਆਪਕ ਸਮਾਜ ਵਿਚ ਕਰਨਾ ਪੈਂਦਾ ਹੈ। ਸਮੁੱਚੀ ਦੁਨੀਆਂ ਵਿਚ ਸੱਤਾ ਦੇ ਵਿਕੇਂਦ੍ਰੀਕਰਣ ਦੀ ਮੰਗ ਵਧ ਰਹੀ ਹੈ ਜੋ ਖੇਤਰੀ ਜਾਂ ਸਥਾਨਕ ਪੱਧਰ ਤਕ ਹੀ ਨਹੀਂ ਸਗੋਂ ਜਾਤੀ ਤੇ ਲਿੰਗ ਉਪਰ ਆਧਾਰਿਤ ਸਮੂਹਾਂ ਦੇ ਪੱਧਰ ਤਕ ਵੀ ਸੱਤਾ ਸੌਂਪੇ ਜਾਣ ਦੇ ਰੂਪ ਵਿਚ ਨਜ਼ਰ ਆ ਰਹੀ ਹੈ।
ਇਹ ਚੇਤਨਾ ਵੀ ਵੱਧ ਰਹੀ ਹੈ ਕਿ ਮੁਨਾਫ਼ੇ ਲਈ ਕੀਤੇ ਜਾਣ ਵਾਲੇ ਉਤਪਾਦਨ ਦਾ ਮਾਨਵੀ ਜੀਵਨ ਲਈ ਅਤੇ ਕੁਦਰਤੀ ਵਾਤਾਵਰਣ ਨਾਲ ਕੋਈ ਮੇਲ ਨਹੀਂ ਹੋ ਸਕਦਾ। ਇਹ
ਚੇਤਨਾ ਅਸਾਵੇਂ ਰੂਪ ਵਿਚ ਪਰ ਜ਼ਰੂਰੀ ਤੌਰ ਤੇ ਵੱਧ ਰਹੀ ਹੈ ਅਤੇ ਆਪਣੀ ਤਰ੍ਹਾਂ ਦੇ ਸਥਾਨਕ ਤੇ ਅੰਤਰਰਾਸ਼ਟਰੀ ਵਿਰੋਧਾਂ ਵਲ ਲੈ ਕੇ ਜਾ ਰਹੀ ਹੈ। ਇਸ ਚੇਤਨਾ ਕਾਰਣ ਲੋਕਾਂ ਦੀ ਸਮਝ ਵਿਚ ਇਹ ਗੱਲ ਆ ਰਹੀ ਹੈ ਕਿ ਸੋਵੀਅਤ ਸੰਘ ਵਿਚ ਜੋ ਪਰਿਆਵਰਣ ਦਾ ਵਿਨਾਸ਼ ਕੀਤਾ  ਗਿਆ  ਉਸਨੂੰ
ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਉਥੇ ਸਮਾਜਵਾਦ ਨਹੀਂ ਸੀ ਬਲਕਿ ਪੂੰਜੀਪਤੀਆਂ ਤੋਂ ਬਿਨ੍ਹਾਂ ਪੂੰਜੀਵਾਦ ਸੀ। ਲੋਕਾਂ ਦੀ ਸਮਝ ਵਿਚ ਇਹ ਗੱਲ ਵੀ ਆ ਰਹੀ ਹੈ ਕਿ ਜੇਕਰ ਇਸੇ ਤਰ੍ਹਾਂ ਪਰਿਆਵਰਣ ਦੀ ਤਬਾਹੀ ਹੁੰਦੀ ਰਹੀ ਤਾਂ ਧਰਤੀ ਵੀ ਨਹੀਂ ਬਚੇਗੀ।
ਇਸੇ ਦੇ ਸਮਾਨੰਤਰ ਵਿਸ਼ਵੀਕਰਣ ਦਾ ਵੀ ਵਿਰੋਧ ਹੋ ਰਿਹਾ ਹੈ ਤੇ ਇਹ ਵਿਰੋਧ ਹੁਣ ਤੀਜੀ ਦੁਨੀਆਂ ਦੇ ਪ੍ਰਗਤੀਸ਼ੀਲਾਂ ਦੀ ਵਿਸ਼ੇਸ਼ਤਾ ਹੀ ਨਹੀਂ ਰਹਿ ਗਈ ਸਗੋਂ ਵਿਕਸਿਤ ਪੂੰਜੀਵਾਦੀ ਦੇਸ਼ਾਂ ਅੰਦਰ ਵੀ ਇਕ ਨਵੇਂ ਢੰਗ ਦੇ ਸਰਗਰਮ ਲੋਕ ਸੰਗਠਿਤ ਹੋ ਰਹੇ ਹਨ ਜੋ ਇਸ ਵਾਸਤਵਿਕਤਾ ਨੂੰ ਪਹਿਚਾਣ ਰਹੇ ਹਨ ਕਿ ਵਿਸ਼ਵੀਕਰਣ ਅਤੇ ਕਾਰਪੋਰੇਟ ਕੁਲੀਨਾਂ ਤੋਂ ਇਲਾਵਾ ਇਹ ਹਰ ਹਿੱਸੇ ਲਈ ਭੈੜਾ ਹੈ। ਇਸ ਲਈ ਸੀਏਟਲ, ਵਾਸ਼ਿੰਗਟਨ, ਡਾਬੋਸ ਪਰਾਗ, ਪੋਰਟੋ ਅਤੇ ਐਲਗਰੋ ਵਿਚ ਲੋਕਾਂ ਦੇ ਅਚਾਨਕ ਅਤੇ ਹੈਰਾਨੀ ਪੈਦਾ ਕਰਨ ਵਾਲੇ ਸੰਮੇਲਨ ਹੋਣ ਲੱਗੇ ਹਨ। ਇਨ੍ਹਾਂ ਵਿਚ ਪਾਰ-ਰਾਸ਼ਟਰੀ ਇਜੁੱਟਤਾ ਦੀ ਇਕ ਇਤਿਹਾਸਕ ਲਹਿਰ ਦੇ ਦਰਸ਼ਨ ਹੁੰਦੇ ਹਨ। ਪੂੰਜੀਵਾਦੀ ਤਬਾਹੀ ਅਤੇ ਕਾਰਪੋਰੇਟ ਕੁਲੀਨਾਂ ਵਿਰੁੱਧ ਹੋਣ ਵਾਲੇ ਬਚਾਉ ਦੇ ਵਿਰੋਧਾਂ ਵਾਂਗ ਹੀ ਦੁਨੀਆਂ ਵਿਚ ਕੁਝ ਹੋਰ ਸੰਘਰਸ਼ ਵੀ ਚਲ ਰਹੇ ਹਨ ਜੋ ਮਿਹਨਤਕਸ਼ ਜਨਤਾ ਦੀਆਂ ਸਮਰੱਥਾਵਾਂ ਅਤੇ ਉਨ੍ਹਾਂ ਦੀ ਸਭਿਆਚਾਰਕ ਦੌਲਤ ਵਧਾਉਣ ਲਈ ਚਲਾਏ ਜਾ ਰਹੇ ਹਨ। ਇਹ ਸੰਘਰਸ਼ ਰਾਜ ਦੇ ਸਹਿਯੋਗ ਜਾਂ ਇਸ ਸਹਿਯੋਗ ਤੋਂ ਬਗੈਰ ਵੀ ਚਲਾਏ ਜਾ ਰਹੇ ਹਨ। ਇਨ੍ਹਾਂ ਦਾ ਉਦੇਸ਼ ਮਿਹਨਤਕਸ਼ ਜਨਤਾ ਨੂੰ ਸਿੱਖਿਆ ਦੇ ਸਾਧਨ, ਕੰਮ ਕਾਜ ਸੰਬੰਧੀ ਸਿੱਖਿਆ, ਸਵਾਸਥ ਅਤੇ ਸਫ਼ਾਈ, ਸਥਾਨਕ ਲੋੜਾਂ ਲਈ ਆਸਾਨ ਸਾਇੰਸ ਦਾ ਪ੍ਰਯੋਗ, ਤਕਨੀਕ ਦੀ ਸਿੱਖਿਆ ਮੁਹੱਈਆ ਕਰਵਾਉਣ, ਸਥਾਨਕ ਸੰਸਥਾਵਾਂ ਨੂੰ ਨਵੇਂ ਸਿਰਿਉਂ ਖੋਜ ਕੇ ਸਥਾਪਿ ਕਰਨ ਅਤੇ ਬਦਲਵਾਂ ਇਤਿਹਾਸ ਰਚਣਾ ਹੈ।
ਅਜਿਹੇ ਕੰਮਾਂ ਵਿਚ 'ਰਾਜਨੀਤਕ ਖੱਬੀ ਧਿਰ॥ ਦੀਆਂ ਪੁਰਾਣੀਆਂ ਤੇ ਜਾਣੀਆਂ ਪਹਿਚਾਣੀਆਂ ਸੰਸਥਾਵਾਂ ਜਿਵੇਂ ਟ੍ਰੇਡ ਯੂਨੀਅਨਾਂ, ਕਿਸਾਨ ਸਭਾਵਾਂ, ਅਤੇ ਰਾਜਨੀਤਕ ਪਾਰਟੀਆਂ ਤਾਂ ਜੁਟਦੀਆਂ ਹੀ ਹੋਈਆਂ ਹਨ; ਇਕ ਅਨੋਖੀ ਚੀਜ਼ ਦਾ ਨਿਰਮਾਣ ਵੀ ਹੁੰਦਾ ਹੈ ਜਿਸਨੂੰ 'ਸਮਾਜਿਕ ਖੱਬੀ ਧਿਰ॥ ਕਿਹਾ ਜਾ ਸਕਦਾ ਹੈ। ਉਦਾਹਰਣ ਲਈ ਪਾਕਿਸਤਾਨ ਵਿਚ ਜਿੱਥੇ ਰਾਜਨੀਤਕ ਖੱਬੀ ਧਿਰ ਦੀ ਕੋਈ ਹੋਂਦ ਹੀ ਨਹੀਂ ਉਥੇ ਬਹੁਤ ਸਾਰੀ ੰਕਤੀ ਤੇ ਨਵੀਨਤਾ ਸਮਾਜਿਕ ਖੱਬੀ ਧਿਰ ਤੋਂ ਹੀ ਆਉਂਦੀ ਹੈ। ਹੋਰ ਥਾਵਾਂ ਤੇ ਰਾਜਨੀਤਕ ਖੱਬੀ ਧਿਰ ਤੇ ਸਮਾਜਿਕ ਖੱਬੀ ਧਿਰ ਕਦੇ ਆਪਸ ਵਿਚ ਟਕਰਾਉਂਦੀਆਂ ਹਨ ਤੇ ਕਦੇ ਆਪਸ ਵਿਚ ਸਹਿਯੋਗ ਕਰਦੀਆਂ ਹਨ ਅਤੇ ਵਿਭਿੰਨ ਸੰਭਵ ਸੰਬੰਧਾਂ ਬਾਰੇ ਪ੍ਰਯੋਗ ਕਰਦੀਆਂ ਹਨ। ਸਵਾਲ ਪੈਦਾ ਹੁੰਦਾ ਹੈ ਕਿ ਇਸ ਸਮੁੱਚੇ ਗੁੰਝਲਦਾਰ ਅੰਦੋਲਨ ਨੂੰ ਕਿਵੇਂ ਪਰਿਭਾੰਿਤ ਕੀਤਾ ਜਾਵੇ। ਇਥੇ ਕੁਝ ਗੱਲਾਂ ਜ਼ੋਰ ਦੇ ਕੇ ਕਹਿਣ ਦੀ ਜ਼ਰੂਰਤ ਹੈ। ਪਹਿਲੀ ਤਾਂ ਇਹ ਹੈ ਕਿ 'ਵਾਪਸੀ॥ ਦੇ ਇਸ ਦੌਰ ਵਿਚ ਵਿਰੋਧ ਹਰ ਥਾਂ ਤੇ ਲਗਾਤਾਰ ਹੋ ਰਹੇ ਹਨ। ਇਨ੍ਹਾਂ ਅੰਦੋਲਨਾਂ ਵਿਚ ਦੁਨੀਆਂ ਦੇ ਇਨੇ ਲੋਕ ਸ਼ਾਮਿਲ ਹੋ ਰਹੇ ਹਨ ਜਿਨੇ ਇਸ ਤੋਂ ਪਹਿਲਾਂ ਕਦੇ ਵੀ ਸ਼ਾਮਿਲ ਨਹੀਂ ਰਹੇ। ਦੂਜੀ ਗੱਲ ਜੋ ਇਸ ਦੇ ਨਾਲ ਹੀ ਜੋੜੀ ਜਾਣੀ ਚਾਹੀਦੀ ਹੈ ਉਹ ਇਹ ਕਿ ਠੀਕ ਉਸ ਸਮੇਂ ਜਦੋਂ ਕਿ ਪੂੰਜੀ ਨੇ ਵਿਸ਼ਵ ਪੱਧਰ ਤੇ ਕਮਾਲ ਦੀ ਏਕਤਾ ਕਾਇਮ ਕਰ ਲਈ ਹੈ ਉਥੇ ਦੂਜੇ ਪਾਸੇ ਵਿਰੋਧ ਦੀ ਪ੍ਰਵਿਰਤੀ ਸਥਾਨਕ ਤੇ ਕੁਝ ਮੁੱਦਿਆਂ ਤੇ ਹੀ ਕੇਂਦ੍ਰਿਤ ਰਹੀ ਹੈ। ਇਨ੍ਹਾਂ ਵਿਰੋਧਾਂ ਕਾਰਣ ਵਿਸ਼ਵ ਪੱਧਰ ਤੇ ਇਕ ਸਾਂਝਾ ਦ੍ਰਿਸ਼ਟੀ-ਬਿੰਦੂ (ਜਾਂ ਕਮਿਊਨਿਸਟ ਪਾਰਟੀ) ਨਹੀਂ ਬਣ ਸਕੀ। ਦੂਸਰੇ ਸ਼ਬਦਾਂ ਵਿਚ ਇਕ ਤਰ੍ਹਾਂ ਦੀ ਵੰਡ ਜਿਹੀ ਹੋ ਗਈ ਹੈ। ਵਿਸਤ੍ਰਿਤ ਪੱਧਰ ਤੇ ਪੂੰਜੀ ਦੀ ਵਿਸ਼ਵ-ਜਿੱਤ ਅਤੇ ਛੋਟੀ ਪੱਧਰ ਤੇ ਅਨੇਕਾਂ ਮੱਤ-ਭੇਦਾਂ ਵਾਲੇ ਵਿਰੋਧਾਂ ਦਾ ਉਭਾਰ ਪੈਦਾ ਹੋਇਆ ਹੈ। ਤੀਸਰੀ ਗੱਲ ਇਹ ਹੈ ਕਿ ਤਮਾਮ ਤਰ੍ਹਾਂ ਦੇ ਵਿਰੋਧ ਅਸਲ ਵਿਚ ਪੂੰਜੀ ਨੂੰ ਸੁਧਾਰਨ ਲਈ ਹੁੰਦੇ ਹਨ, ਉਸਨੂੰ ਤਬਾਹ ਕਰਨ ਲਈ ਨਹੀਂ। ਜਿਸ ਸਮੇਂ ਸਮਾਜਵਾਦ ਲਈ ਸੰਘਰਸ਼ ਦਾ ਇਕ ਸਾਂਝਾ ਤੇ ਇਕਜੁੱਟ ਦ੍ਰਿਸ਼ਟੀ-ਬਿੰਦੂ ਬਣਿਆ ਹੋਇਆ ਸੀ ਤਾਂ ਵਿਰੋਧਾਂ ਪਿੱਛੇ ਦੋ ਮੂਲ ਵਿਵਸਥਾਵਾਂ ਦੀ ਮੁੱਠਬੇੜ ਵਿਚ ਇਕ ਸਾਰ ਗਤੀ ਹੋਇਆ ਕਰਦੀ ਸੀ। ਪਰ ਅੱਜ ਦੇ ਵਿਰੋਧਾਂ ਵਿਚ ਇਹ ਗੱਲ ਵਿਖਾਈ ਨਹੀਂ ਦਿੰਦੀ। ਚੌਥੀ ਗੱਲ ਇਹ ਕਿ ਅਜਿਹਾ ਹੋਣ ਤੇ ਵੀ ਅਸੀਂ ਇਹ ਦੇਖ ਰਹੇ ਹਾਂ ਕਿ ਸੁਧਾਰਾਂ ਦੀ ਸਮੁੱਚੀ ਗਤੀ ਵਿਚ ਵੀ ਦੋ ਵਿਭਿੰਨ ਪਰ ਸਮਾਨੰਤਰ ਗਤੀਆਂ ਹਨ। ਇਕ ਪਾਸੇ ਤਾਂ ਉਹ ਲੋਕ ਹਨ ਜੋ ਪੂੰਜੀਵਾਦੀ ਵਿਵਸਥਾ ਨੂੰ ਮਜ਼ਬੂਤ ਬਣਾਉਣ ਵਾਲੇ ਵਧੇਰੇ ਪਰੰਪਰਾਵਾਦੀ ਸੁਧਾਰ ਚਾਹੁੰਦੇ ਹਨ। ਅਤੇ ਦੂਜੇ ਪਾਸੇ ਉਹ ਲੋਕ ਹਨ ਜੋ ਆਰਦੇ ਗੋਰਜ ਦੇ ਸ਼ਬਦਾਂ ਵਿਚ ਇਸ ਵਿਵਸਥਾ ਦੀਆਂ ਜੜ੍ਹਾਂ ਪੁੱਟਣ ਵਾਲੇ ਗੈਰ ਸੁਧਾਰਵਾਦੀ ਸੁਧਾਰ ਚਾਹੁੰਦੇ ਹਨ। ਇਨ੍ਹਾਂ 'ਗੈਰ ਸੁਧਾਰਵਾਦੀ ਸੁਧਾਰਾਂ' ਦੀ ਉਦਾਹਰਣ ਕੇਰਲ ਵਿਚ 'ਪੀਪਲਜ਼ ਪਲਾਨਿੰਗ' ਦੇ ਰੂਪ ਵਿਚ ਜਾਂ ਬ੍ਰਾਜ਼ੀਲ ਦੀ ਵਰਕਰਜ਼ ਪਾਰਟੀ ਦੇ ਵਧੇਰੇ ਮਾਰਕਸਵਾਦੀ ਪੱਖ ਰਾਹੀਂ; ਪੋਰਟੋ ਅਲੈਗਰੋ ਜਾਂ ਪਿਛਲੀਂ ਦਿਨੀਂ 'ਰੀਓ ਗ੍ਰਾਂਡੇ ਡੋ ਸੁਲ' ਨਾਮੀ ਸਮੁੱਚੇ ਰਾਜ ਵਿਚ ਚਲਾਈ ਜਾ ਰਹੀ ਵਿਲੱਖਣ ਰੂਪ ਨਾਲ ਲਗਾਤਾਰ ਪ੍ਰਕ੍ਰਿਆਵਾਂ ਵਿਚ ਦੇਖ ਸਕਦੇ ਹਾਂ। ਇਹ ਰਾਜ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੇ ਅੰਦੋਲਨ ਦਾ ਕੇਂਦਰ ਵੀ ਹੈ ਜੋ ਅੱਜ ਦੁਨੀਆਂ ਵਿਚ ਕਿਤੇ ਦੇ ਵੀ ਬੇਜ਼ਮੀਨੇ ਲੋਕਾਂ ਦੇ ਸੰਘਰਸ਼ਾਂ ਵਿਚੋਂ ਸਭ ਤੋਂ ਜ਼ਿਆਦਾ ਅਨੂਠਾ ਪਰਿਵਰਤਨਕਾਰੀ ਅੰਦੋਲਨ ਹੈ।
ਇਹ ਦੋ ਉਦਾਹਰਣਾਂ ਅੱਜ ਦੀ ਦੁਨੀਆਂ ਦੇ ਇਸ ਸਮੁੱਚੇ ਢਾਂਚੇ ਵਿਚ ਮਾਰਕਸਵਾਦ ਅਤੇ ਮਜ਼ਦੂਰਾਂ ਪਾਰਟੀਆਂ ਦੇ ਸਵਾਲ ਨੂੰ ਸਾਹਮਣੇ ਲਿਆਉਂਦੇ ਹਨ। ਮਾਰਕਸਵਾਦ ਅਤੇ ਮਜ਼ਦੂਰ ਪਾਰਟੀਆਂ ਦੀ ਕਿੰਨੀ ਵੱਡੀ ਹਾਰ ਹੋਈ ਹੈ ਤੇ ਉਨ੍ਹਾਂ ਨੂੰ ਕਿਨਾਂ ਪਿੱਛੇ ਹੱਟਣਾ ਪਿਆ ਹੈ, ਇਸ ਉਪਰ ਟਿੱਪਣੀ ਕਰਨਾ ਬੇਕਾਰ ਹੈ। ਫਿਰ ਵੀ ਇਹ ਕਹਿਣਾ ਪਵੇਗਾ ਕਿ ਭਾਰਤ, ਦੱਖਣੀ ਅਫ਼ਰੀਕਾ ਅਤੇ ਬ੍ਰਾਜ਼ੀਲ ਵਿਚ-ਜਿਹੜੇ ਮਹਾਂਦੀਪਾਂ ਦੇ ਸਭ ਤੋਂ ਵੱਡ ਦੇਸ਼ ਹਨ (ਚੀਨ ਨੂੰ ਛੱਡ ਕੇ ਜਿੱਥੇ ਅਜੇ ਵੀ ਕਮਿਊਨਿਸਟ ਪਾਰਟੀ ਦਾ ਰਾਜ ਹੈ) ਇੱਥੇ ਸੰਗਠਿਤ ਖੱਬੀ ਧਿਰ ਕਾਫ਼ੀ ਵੱਡੇ ਰੂਪ ਵਿਚ ਮੌਜੂਦ ਹੈ। ਇਨ੍ਹਾਂ ਤਿੰਨਾਂ ਦੇਸ਼ਾਂ ਵਿਚ ਖੱਬੀ ਧਿਰ ਦਾ ਪ੍ਰਭਾਵ ਅਤੇ ਅਧਿਕਾਰ ਉਸਦੀ ਗਿਣਾਤਮਕ ਸ਼ਕਤੀ ਤੋਂ ਕਿਤੇ ਵਧੇਰੇ ਹੈ। ਦੱਖਣੀ ਅਫਰੀਕਾ ਦੀ ਕਮਿਊਨਿਸਟ ਪਾਰਟੀ ਨਾ ਹੁੰਦੀ ਤਾਂ ਰੰਗ ਭੇਦ ਦੇ ਖਾਤਮੇ ਬਾਰੇ ਸੋਚਿਆ ਵੀ ਨਹੀਂ ਸੀ ਜਾ ਸਕਦਾ। 'ਗੈਰ ਸੁਧਾਰਵਾਦੀ ਸੁਧਾਰਾਂ' ਦੀਆਂ ਜੋ ਉਦਾਹਰਣਾਂ ਉਪਰ ਦਿੱਤੀਆਂ ਗਈਆਂ ਹਨ ਉਹ ਵੀ ਕਮਿਊਨਿਸਟ ਪਾਰਟੀਆਂ ਦਾ ਹੀ ਕੰਮ ਹੈ। ਦੁਨੀਆਂ ਦੇ  ਕਈ ਦੇਸ਼ਾਂ ਦੀਆਂ ਕਮਿਊਨਿਸਟ ਪਾਰਟੀਆਂ ਨੇ ਆਪਣੇ ਅੰਦਰ ਸੁਧਾਰ ਕੀਤੇ ਹਨ ਤੇ ਵਿਭਿੰਨ ਨਾਵਾਂ ਵਾਲੀਆਂ 'ਸੁਧਰੀਆਂ ਹੋਈਆਂ' ਕਮਿਊਨਿਸਟ ਪਾਰਟੀਆਂ ਦੀ ਪੂਰਬੀ ਯੂਰਪ, ਜਰਮਨੀ, ਇਟਲੀ ਅਤੇ ਪੁਰਤਗਾਲ ਵਿਚ ਗੌਲਣਯੋਗ ਹੋਂਦ ਹੈ। ਤਮਾਮ ਦਬਾਵਾਂ ਤੇ ਉਨ੍ਹਾਂ ਕਾਰਣ ਪੈਦਾ ਹੋਈਆਂ ਖਰਾਬੀਆਂ ਦੇ ਬਾਵਜੂਦ ਕਿਊਬਾ ਤੇ ਵਿਅਤਨਾਮ ਉਵੇਂ ਹੀ ਜ਼ਿੰਦਾ ਹਨ ਜਿਵੇਂ ਚੀਨ ਜਿੱਥੇ ਬਾਜ਼ਾਰਵਾਦ ਵੱਧ-ਫੁੱਲ ਰਿਹਾ ਹੈ ਪਰੰਤੂ ਅਜੇ ਉਸਦੀ ਜਿੱਤ ਬਹੁਤ ਦੂਰ ਹੈ।
ਜੇ ਜ਼ਿਆਦਾ ਨਹੀਂ ਤਾਂ ਏਨੀ ਹੀ ਮਹੱਤਵਪੂਰਣ ਗੱਲ ਇਹ ਵੀ ਹੈ ਕਿ ਮਾਰਕਸਵਾਦ ਵਲੋਂ ਦਿੱਤੀ ਗਈ ਦ੍ਰਿਸ਼ਟੀ ਨਹੀਂ ਰਹਿ ਗਈ ਹੈ ਅਤੇ ਨਾ ਹੀ ਉਹ ਵਿਸ਼ੇ ਹੀ ਉਸਦੇ ਵਿਸ਼ੇ ਰਹਿ ਗਏ ਹਨ ਜਿਹੜੇ ਇਸਦੀ ਵਿਰੋਧ ਦੀ ਰਾਜਨੀਤੀ ਵਿਚੋਂ ਪੈਦਾ ਹੋਏ ਸਨ। ਉਹ ਵਿਸ਼ੇ ਹੁਣ ਸਰਵਵਿਆਪੀ ਭਾਸ਼ਾ ਦੇ ਅੰਗ ਬਣ ਗਏ ਹਨ। ਵੀਹਵੀਂ ਸਦੀ ਦੇ ਸ਼ੁਰੂ ਤੋਂ ਸਮਾਜਵਾਦੀ ਲੋਕ, ਪੈਦਾਵਾਰ ਦੀ ਪ੍ਰਕ੍ਰਿਆ ਵਿਚ ਹੋਣ ਵਾਲੇ ਸ਼ੋਸ਼ਣ ਦੀ ਗੱਲ ਇਉਂ ਕਰਦੇ ਹਨ ਜਿਵੇਂ 'ਉਤਪੀੜਨ' ਤੋਂ ਵੱਖ ਹੋਣ। ਅੱਜ ਹਰ ਤਰ੍ਹਾਂ ਦੇ ਕ੍ਰਿਆਸ਼ੀਲ ਲੋਕ-ਚਾਹੇ ਉਹ ਇਸਤ੍ਰੀਵਾਦ ਅੰਦੋਲਨ ਦੇ ਲੋਕ ਹੋਣ, ਨਸਲਵਾਦ ਵਿਰੋਧੀ ਸੰਘਰਸ਼ਾਂ ਵਿਚ ਪਏ ਲੋਕ ਹੋਣ, 'ਦੇਸੀ ਲੋਕ ਹੋਣ,' ਵਿਸ਼ਵੀਕਰਣ ਦੇ ਵਿਰੋਧੀ ਲੋਕ ਹੋਣ ਜਾਂ ਫਿਰ 'ਉਦਾਰ ਧਰਮ-ਸ਼ਾਸਤਰ' ਵਾਲੇ ਲੋਕ ਹੋਣ-ਸਾਰੇ ਮਜ਼ਦੂਰੀ ਦੇ ਫ਼ਰਕ ਦੀ, ਘਰਾਂ ਵਿਚ ਬਿਨਾਂ ਉਜਰਤ ਕਰਵਾਏ ਜਾਣ ਵਾਲੀ ਮਜ਼ਦੂਰੀ ਦੀ, ਮਜ਼ਦੂਰ ਵਰਗ ਦੇ ਅੰਦਰ ਲਿੰਗ, ਨਸਲ ਜਾਂ ਜਾਤੀਅਤਾ ਦੇ ਆਧਾਰ ਤੇ ਬਣੇ ਭੇਦਾਂ ਦੀ ਅਤੇ ਪਹਿਲੀ ਦੁਨੀਆਂ ਵਲੋਂ ਤੀਸਰੀ ਦੁਨੀਆਂ ਦੇ ਸਾਧਨਾਂ ਅਤੇ ਮੁੱਲਾਂ ਆਦਿ ਦੇ ਤਬਾਦਲੇ ਦੀਆਂ ਗੱਲਾਂ ਕਰਦੇ ਹਨ। ਹਰੇਕ ਅੰਧਲੋਕਵਾਦੀ, ਹਰੇਕ ਸਮਾਜਿਕ ਜਨਵਾਦੀ ਅਤੇ ਹਰੇਕ ਪਰਿਆਵਰਣਵਾਦੀ ਮਾਰਕਸਵਾਦ ਦੀ ਭਾਸ਼ਾ ਬੋਲਦਾ ਹੈ ਕਿਉਂਕਿ ਇਹ ਭਾਸ਼ਾ ਲੋਕਾਂ ਦੇ ਦਿਲਾਂ ਤੇ ਛਾ ਗਈ ਹੈ ਅਤੇ ਜ਼ੁਬਾਨ ਤੇ ਵੀ ਚੜ੍ਹ ਗਈ ਹੈ। ਇਹ  ਗੱਲ  ਦਲਿਤ
ਲੇਖਕਾਂ ਉਤੇ ਵੀ ਲਾਗੂ ਹੁੰਦੀ ਹੈ ਜੋ ਆਮ ਤੌਰ ਤੇ ਸੰਗਠਿਤ ਖੱਬੀ ਧਿਰ ਦੇ ਘੋਰ ਵਿਰੋਧੀ ਹਨ।
ਫਿਰ ਪੱਛਮੀ ਮਾਨਵ ਵਿਗਿਆਨਾਂ ਦੀਆਂ ਸਥਾਪਿਤ ਗਿਆਨ ਪ੍ਰਣਾਲੀਆਂ ਨੂੰ ਵੀ ਦੇਖੀਏ। ਸਭਿਆਚਾਰਕ ਸਿਧਾਂਤ ਅੱਜ ਵੀ ਸਭ ਤੋਂ ਵਧੇਰੇ ਪ੍ਰਭਾਵਸ਼ਾਲੀ ਗਿਆਨ ਦੀ ਸ਼ਾਖਾ ਹੈ। ਪਰੰਤੂ ਇਸ ਗਿਆਨ ਦੀ ਸ਼ਾਖਾ ਦੇ ਜਿਨ੍ਹਾਂ ਅਧਿਕਾਰੀ ਵਿਦਵਾਨਾਂ ਦੇ ਨਾਂ ਲਏ ਜਾਂਦੇ ਹਨ ਉਹ ਸਾਰੇ ਦੇ ਸਾਰੇ ਜਾਂ ਤਾਂ ਮਾਰਕਸਵਾਦੀ ਸਨ ਜਾਂ ਮਾਰਕਸਵਾਦ ਨਾਲ ਡੂੰਘੀ ਤਰ੍ਹਾਂ ਜੁੜੇ ਹੋਏ ਸਨ, ਜਿਵੇਂ ਲੂਕਾਚ, ਗ੍ਰਾਮਸ਼ੀ, ਵੋਲੋਸ਼ੀਨੋਵ, ਬੈਂਜਾਮਿਨ, ਗੋਲਡਮਾਨ, ਅਲਥਿਊਜ਼ਰ, ਰੇਮੰਡ, ਵਿਲੀਅਮਜ਼, ਈ.ਪੀ. ਥਾਮਸਨ, ਸਟੂਅਰਟ ਹਾਰਟ ਤੇ ਹੋਰ ਬਹੁਤ ਸਾਰੇ। ਉੱਤਰ-ਸੰਰਚਨਾਵਾਦ ਉਪਰ-ਜੋ ਸਭਿਆਚਾਰਕ ਸਿਧਾਂਤ ਦਾ ਦੂਸਰਾ ਧੁਰਾ ਹੈ- ਦਾਰੀਦਾ ਦਾ ਕਬਜ਼ਾ ਹੈ। ਦਾਰੀਦਾ ਅਲਥਿਊਜ਼ਰ ਦਾ ਸ਼ਿਸ਼ ਹੈ ਅਤੇ ਮਾਰਕਸਵਾਦ ਨਾਲ ਉਸ ਦਾ ਆਪੇ-ਐਲਾਨਿਆ ਸੰਬੰਧ ਜਗ ਜਾਹਿਰ ਹੈ। ਦਾਰੀਦਾ ਦਾ ਕਹਿਣਾ ਹੈ ਕਿ ਉਸਦਾ ਵਿਖੰਡਨਵਾਦ (ਡੀਕੰਸਟਰਕਸ਼ਨ) ਹੋਰ ਕੁਝ ਨਹੀਂ ਸਗੋਂ ਮਾਰਕਸਵਾਦ ਦੀ ਹੀ ਰੈਡੀਕਲਾਈਜ਼ੇਸ਼ਨ ਹੈ। ਫੂਕੋ ਵੀ ਅਲਥਿਊਜ਼ਰ ਦਾ ਸ਼ਿਸ਼ ਹੈ। ਮਾਰਕਸਵਾਦ ਨਾਲ ਉਸਦਾ ਸੰਬੰਧ ਕਿਤੇ ਜ਼ਿਆਦਾ ਦੁਬਿਧਾ ਵਾਲਾ ਹੈ। ਆਪਣੀ ਇਕ ਪ੍ਰਕਾਸ਼ਿਤ ਇੰਟਰਵਿਊ ਵਿਚ ਉਸਨੇ ਕਿਹਾ ਹੈ ਕਿ ਉਸਦੀ ਲਿਖਤ ਵਿਚ ਇਕ ਪੂਰਾ ਹਿੱਸਾ ਮਾਰਕਸਵਾਦ ਤੋਂ ਚੁੱਕਿਆ ਹੋਇਆ ਹੈ ਪਰ ਉਸਦੇ ਪਾਠਕ ਉਸਨੂੰ ਪਹਿਚਾਣ ਨਹੀਂ ਪਾਉਂਦੇ ਕਿਉਂਕਿ ਉਸਨੇ ਉਸਨੂੰ ਦੋਹਰੇ ਕਾਮਿਆਂ ਵਿਚ ਨਹੀਂ ਰੱਖਿਆ। ਪੱਛਮੀ ਮਾਨਵ ਵਿਗਿਆਨਾਂ ਦੇ ਉਪਰਲੇ ਹਲਕਿਆਂ ਵਿਚ ਮਾਰਕਸਵਾਦ ਵਧੇਰੇ ਜਟਿਲ ਤੇ ਸ਼ਕਤੀਸ਼ਾਲੀ ਰੂਪ ਵਿਚ ਮੌਜੂਦ ਹੈ। ਇਹੀ ਕਾਰਣ ਹੈ ਕਿ ਅਮਰੀਕੀ ਬੁੱਧੀਜੀਵੀ ਵਰਗ ਦੇ ਪ੍ਰਸਿੱਧ ਰਸਾਲੇ 'ਦਾ ਨਿਊਯਾਰਕਰ' ਨੂੰ 1999 ਵਿਚ ਮਾਰਕਸ ਨੂੰ ਇਸ ਰੂਪ ਵਿਚ ਪ੍ਰਵਾਨਗੀ ਦੇਣੀ ਪਈ ਕਿ ਉਸਦੇ ਹੀ "21ਵੀਂ ਸਦੀ ਦੇ ਦਾਰਸ਼ਨਿਕ" ਹੋਣ ਦੀਆਂ ਸੰਭਾਵਨਾਵਾਂ ਹਨ। ਜੇ ਅਸੀਂ ਭਾਰਤ ਵਲ ਨਜ਼ਰ ਮਾਰੀਏ ਤਾਂ ਸਬਾਲਟਰਨ ਵਾਲੇ ਇਤਿਹਾਸਕਾਰ, ਸੰਗਠਿਤ ਖੱਬੀ ਧਿਰ ਅਤੇ ਮਾਰਕਸਵਾਦੀ ਇਤਿਹਾਸਕਾਰਾਂ ਦੀ ਵੱਧ-ਚੜ੍ਹ ਕੇ ਨਿੰਦਾ ਕਰਦੇ ਹਨ ਪਰੰਤੂ ਇਹ ਨਿੰਦਾ ਵੀ ਉਸੇ ਭਾਸ਼ਾ ਵਿਚ ਕੀਤੀ ਜਾਂਦੀ ਹੈ ਜੋ ਮਾਰਕਸਵਾਦੀ ਤੋਂ ਉਧਾਰ ਲਈ ਗਈ ਹੈ।
ਬੇਸ਼ਕ ਇਸ ਸਭ ਵਿਚੋਂ ਮਾਰਕਸਵਾਦ ਨੂੰ ਆਪਣੇ ਪੱਖ ਵਿਚ ਵਰਤਣ ਤੇ ਉਸ ਨੂੰ ਵਿਗਾੜਨ ਦੇ ਤੱਤ ਵੀ ਲੁਕੇ ਹੋਏ ਹੁੰਦੇ ਹਨ। ਇਸ ਵਿਚ ਅਕਸਰ ਜੋ ਚੀਜ਼ ਉਭਰ ਕੇ ਸਾਹਮਣੇ ਆਉਂਦੀ ਹੈ ਉਹ, ਉਹੀ ਹੈ ਜਿਸਨੂੰ ਲੇਨਿਨ ਨੇ ਇਕ ਬਾਰ 'ਆਫੀਸ਼ੀਅਲ ਮਾਰਕਸਵਾਦ' ਦਾ ਨਾਂ ਦਿੱਤਾ ਸੀ। ਇਹ ਮਾਰਕਸਵਾਦ ਦਾ ਉਹ 'ਸੁਧਰਿਆ' ਤੇ ਬੌਧਿਕ ਰੂਪ ਹੁੰਦਾ ਹੈ ਜਿਸ ਵਿਚ ਇਨਕਲਾਬ ਨੂੰ ਹੀ ਨਹੀਂ ਸਗੋਂ ਸਮਾਜਵਾਦ ਦੇ ਵਿਚਾਰ ਨੂੰ ਵੀ ਬਾਹਰ ਕੱਢ ਦਿੱਤਾ ਜਾਂਦਾ ਹੈ। ਪਰੰਤੂ ਬੜੀ ਸ਼ਾਤਰਤਾ ਨਾਲ ਮਾਰਕਸਵਾਦ ਨੂੰ 'ਆਫੀਸ਼ੀਅਲ ਮਾਰਕਸਵਾਦ' ਬਣਾਉਣ ਦਾ ਇਹ ਯਤਨ ਖ਼ੁਦ ਹੀ 'ਗ਼ੈਰ-ਆਫੀਸ਼ੀਅਲ ਮਾਰਕਸਵਾਦ' ਦੀ ਸ਼ਕਤੀ ਦੀ ਗਵਾਹੀ ਭਰਦਾ ਹੈ। ਮਾਰਕਸ ਇਕ ਭੂਤ ਵਾਂਗ ਸਮੁੱਚੇ ਬੁਰਜੂਆ ਜਗਤ ਉØੱਤੇ-ਇਸ ਜਗਤ ਦੇ ਪੂੰਜੀਪਤੀਆਂ ਤੋਂ ਲੈ ਕੇ ਬੁੱਧੀਜੀਵੀਆਂ ਤਕ ਉਪਰ-ਵੀ ਮੰਡਰਾਉਂਦਾ ਰਹਿੰਦਾ ਹੈ। ਇਸ ਲਈ ਲਗਾਤਾਰ ਉਸਦਾ ਨਾਮ ਜਪਣ ਦੀ ਧਾਰਮਿਕ ਰਸਮ ਕਰਕੇ ਇਸ ਪ੍ਰੇਤ ਨੂੰ ਦੂਰ ਰੱਖਣ ਦਾ ਯਤਨ ਜ਼ਰੂਰੀ ਹੋ ਜਾਂਦਾ ਹੈ। ਪਰੰਤੂ ਇਹ ਪੂਰੀ ਪ੍ਰਕ੍ਰਿਆ ਸਿਰਫ਼ ਇਸ ਲਈ ਨਹੀਂ ਚਲਾਈ ਜਾਂਦੀ ਕਿ ਮਾਰਕਸਵਾਦ ਨੂੰ ਆਪਣੇ ਪੱਖ ਵਿਚ ਇਸਤੇਮਾਲ ਕਰ ਲਿਆ ਜਾਵੇ ਜਾਂ ਉਸ ਵਿਚ ਵਿਗਾੜ ਪੈਦਾ ਕੀਤਾ ਜਾਵੇ। ਅਕਾਦਮਿਕ ਜੀਵਨ ਵਿਚ ਹੀ ਦੇਖੀਏ: ਮਾਰਕਸਵਾਦ ਅੱਜ ਵੀ ਇਸ ਜੀਵਨ ਵਿਚ ਇੰਨੀ ਵੱਡੀ ਤਾਕਤ ਕਿਉਂ ਬਣਿਆ ਹੋਇਆ ਹੈ ? ਇਸ ਲਈ ਕਿ ਇਸ ਦੀ ਤਾਕਤ ਜ਼ਿਆਦਾਤਰ ਇਸ ਗੱਲ ਵਿਚ ਹੈ ਕਿ ਜੀਵਨ ਤੇ ਜਗਤ ਦੀ ਵਿਆਖਿਆ ਕਰਨ ਵਿਚ ਇਸ ਦਾ ਕੋਈ ਹੋਰ ਸ਼ਾਨੀ ਨਹੀਂ ਹੈ। ਇਥੋਂ ਤਕ ਕਿ ਸੋਵੀਅਤ ਸੰਘ ਦੇ ਢਹਿ ਜਾਣ ਦੀਆਂ ਹੁਣ ਤੱਕ ਦੀਆਂ ਜਿਹੜੀਆਂ ਵਿਆਖਿਆਵਾਂ ਕੀਤੀਆਂ ਗਈਆਂ ਹਨ ਉਨ੍ਹਾਂ ਵਿਚੋਂ ਕੁਝ ਮਾਰਕਸਵਾਦੀ ਵਿਆਖਿਆਵਾਂ ਤੋਂ ਚੰਗੀਆਂ ਤੇ ਹੋਰ ਭਰੋਸੇਯੋਗ ਵਿਆਖਿਆਵਾਂ ਨਹੀਂ ਹੋ ਸਕਦੀਆਂ। ਵੀਹਵੀਂ ਸਦੀ ਦੀ ਬੌਧਿਕ ਜ਼ਿੰਦਗੀ ਨੂੰ-ਜਿਸ ਵਿਚ ਬੁਰਜੂਆ ਬੌਧਿਕ ਜੀਵਨ ਵੀ ਸ਼ਾਮਿਲ-ਹੈ ਮਾਰਕਸਵਾਦ ਇਕ ਖਾਸ ਤਰ੍ਹਾਂ ਸੰਮੋਹਿਤ ਕਰਦਾ ਰਿਹਾ ਹੈ ਕਿਉਂਕਿ ਇਸ ਦੀ ਵਿਆਖਿਆਕਾਰੀ ਸ਼ਕਤੀ ਉਨ੍ਹਾਂ ਲੋਕਾਂ ਨੂੰ ਵੀ ਆਕਰਸ਼ਿਤ ਕਰਦੀ ਰਹੀ ਹੈ ਜਿਹੜੇ ਇਨ੍ਹਾਂ ਵਿਆਖਿਆਵਾਂ ਤੋਂ ਨਿਕਲਣ ਵਾਲੀ ਰਾਜਨੀਤੀ ਤੋਂ ਲਗਾਤਰ ਖ਼ੌਫ਼ ਖਾਂਦੇ ਰਹੇ ਹਨ।
ਇਹ ਹਨ ਆਸ ਦੇ ਸੋਮੇ। ਸਭ ਤੋਂ ਜ਼ਿਆਦਾ ਧਿਆਨ ਖਿੱਚਣ ਵਾਲਾ ਤੱਥ ਇਹ ਹੈ ਕਿ ਸਮੁੱਚੀ ਵੀਹਵੀਂ ਸਦੀ ਵਿਚ ਖੱਬੀ ਧਿਰ ਨੂੰ ਜਿਸ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਉਸ ਸਮੇਂ ਵਿਚ ਵੀ ਸਾਰੀ ਦੁਨੀਆਂ ਵਿਚ ਵਿਰੋਧ ਸਿਰ ਚੁੱਕ ਰਹੇ ਹਨ ਅਤੇ ਮਾਰਕਸਵਾਦ ਨੇ ਸਿਰਫ਼ ਵਰਗ ਆਧਾਰਿਤ ਰਾਜਨੀਤੀ ਲਈ ਜਿਨ੍ਹਾਂ ਵਿਸ਼ਿਆਂ ਦੀ ਚਰਚਾ ਸ਼ੁਰੂ ਕੀਤੀ ਸੀ ਉਹ ਵਿਸ਼ੇ ਰਿਸਦੇ ਰਿਸਦੇਹਰ ਤਰ੍ਹਾਂ ਦੇ ਉਨ੍ਹਾਂ ਸਾਰੇ ਸੰਘਰਸ਼ਾਂ ਤਕ ਜਾ ਪਹੁੰਚੇ ਹਨ ਜੋ ਵਿਸ਼ੇ ਪੱਖੋਂ ਇਨਕਲਾਬੀ ਹਨ। ਇਨ੍ਹਾਂ ਸੰਘਰਸ਼ਾਂ ਦੇ ਕੁੱਝ ਹੋਰ ਰੂਪ ਆਪਣੇ ਅਨੁਭਵਾਂ ਤੋਂ ਸਿਖਣਗੇ। ਪਰ ਵਿਆਖਿਆ ਦੇ ਅੰਦਰ ਹੀ ਕੁਝ ਪਾਉਣ ਦੀਆਂ ਸਿਖਰੀ ਸੰਭਾਵਨਾਵਾਂ ਵੀ ਹੁੰਦੀਆਂ ਹਨ। ਇਨ੍ਹਾਂ ਸੰਭਾਵਨਾਵਾਂ ਤੋਂ ਅਗਾਂਹ ਸੰਘਰਸ਼ ਕਰਨ ਦੇ ਬਾਵਜੂਦ ਕੁਝ ਪਾਉਣਾ ਸੰਭਵ ਨਹੀਂ ਹੁੰਦਾ। ਜਦੋਂ ਤਕ ਮੁਨਾਫ਼ੇ ਦੇ ਉਦੇਸ਼ ਨੂੰ ਹੀ ਸਮਾਪਤ ਨਾ ਕਰ ਦਿੱਤਾ ਜਾਵੇ ਉਦੋਂ ਤਕ ਮੁਨਾਫ਼ੇ ਤੇ ਆਧਾਰਿਤ ਉਤਪਾਦਨ ਤੋਂ ਪੈਦਾ ਹੋਣ ਵਾਲੇ ਪਰਿਆਵਰਣ ਦੇ ਵਿਨਾਸ਼ ਨੂੰ ਨਾ ਤਾਂ ਰੋਕਿਆ ਜਾ ਸਕਦਾ ਹੈ ਤੇ ਨਾ ਹੀ ਉਸਦੀ ਪ੍ਰਕ੍ਰਿਆ ਨੂੰ ਹੀ ਠੱਲ ਪਾਈ ਜਾ ਸਕਦੀ ਹੈ। ਇਸ ਦੇ ਲਈ ਤਾਂ ਮੁਨਾਫ਼ੇ ਦੇ ਉਦੇਸ਼ ਨੂੰ ਹੀ ਖ਼ਤਮ ਕਰਨਾ ਪਵੇਗਾ ਅਤੇ ਉਸਦੀ ਥਾਂ ਸਾਮੂਹਿਕ ਰੂਪ ਵਿਚ ਕੀਤੀ ਜਾਣ ਵਾਲੀ ਵਿਵੇਕਪੂਰਣ ਯੋਜਨਾਬੰਦੀ ਨੂੰ ਲਿਆਉਣਾ
ਪਵੇਗਾ। ਸੱਚੇ ਪਰਿਆਵਰਣਵਾਦੀਆਂ ਨੂੰ ਸਮਾਜਵਾਦੀ ਤੇ ਅੰਤਰਰਾਸ਼ਟਰਵਾਦੀ ਹੋਣਾ ਪਵੇਗਾ। ਇਸਦੇ ਨਾਲ ਨਾਲ ਖੱਬੇ ਪੱਖੀਆਂ ਨੂੰ ਵੀ 'ਲਾਲ' ਦੇ ਨਾਲ ਨਾਲ ਕੁਝ 'ਹਰਾ' ਹੋਣਾ ਪਵੇਗਾ। (ਭਾਵ ਇਕ ਤਰ੍ਹਾਂ ਦਾ ਪਰਿਆਵਰਣਵਾਦੀ ਵੀ ਹੋਣਾ ਪਵੇਗਾ) ਜੋ ਹੁਣ ਤਕ ਉਹ ਕਦੇ ਨਹੀਂ ਰਹੇ। ਇਸੇ ਤਰ੍ਹਾਂ ਔਰਤਾਂ ਦੀ ਗ਼ੁਲਾਮੀ ਦੇ ਹੋਰ ਕਈ ਰੂਪ ਵੀ ਹਨ ਜੋ ਮਾਰਕਸਵਾਦੀ ਅਰਥ ਵਿਚ 'ਸ਼ੋਸ਼ਣ' ਤੋਂ ਵੱਖ ਹਨ। ਪਰੰਤੂ ਸਾਡੇ ਸਮਿਆਂ ਵਿਚ ਪੂੰਜੀਵਾਦ ਅਤੇ ਪਿਤਾ-ਪ੍ਰਧਾਨਤਾ ਇਸ ਤਰ੍ਹਾਂ ਇਕ ਦੂਜੇ ਵਿਚ ਰਲਗੱਡ ਹੋਏ ਹਨ ਕਿ ਇਕ ਨੂੰ ਸਮਾਪਤ ਕੀਤੇ ਬਿਨਾਂ ਦੂਸਰੇ ਨੂੰ ਸਮਾਪਤ ਨਹੀਂ ਕੀਤਾ ਜਾ ਸਕਦਾ। ਘੱਟੋ ਘੱਟ ਇਹ ਗੱਲ ਖ਼ੁਦ ਮਾਰਕਸਵਾਦ ਨੂੰ ਵੀ ਸਮਾਜਵਾਦੀ ਇਸਤ੍ਰੀਵਾਦ ਤੋਂ ਸਿੱਖਣੀ ਪਵੇਗੀ।
ਇਸਦੇ ਨਾਲ ਹੀ ਖੱਬੀ ਧਿਰ ਨੂੰ ਰਾਜਨੀਤੀ ਦੇ ਅਜਿਹੇ ਨਵੇਂ ਰੂਪ ਤਲਾਸ਼ਣੇ ਪੈਣਗੇ ਜੋ ਅਜੋਕਿਆਂ ਸਰਵਹਾਰਾ ਦੀਆਂ ਗਤੀ ਵਿਧੀਆਂ ਨਾਲ ਮੇਲ ਖਾਂਦੇ ਹੋਣ। ਕਿਉਂਕਿ ਅੱਜ ਦਾ ਸਰਵਹਾਰਾ ਗਿਣਤੀ ਦੀ ਦ੍ਰਿਸ਼ਟੀ ਤੋਂ ਪਹਿਲਾਂ ਨਾਲੋਂ ਕਿਤੇ ਵਡੇਰੇ ਹੈ। ਪਰੰਤੂ ਅੰਦਰੂਨੀ ਤੌਰ ਤੇ ਸਮਾਜਿਕ ਰੂਪ ਵਿਚ ਕਿਤੇ ਵਧੇਰੇ ਵੰਡਿਆ ਹੋਇਆ ਹੈ। ਜਾਤੀ, ਧਰਮ, ਜਾਤੀਅਤਾ ਤੇ ਰਾਸ਼ਟਰੀਅਤਾ ਆਦਿ
ਕੇਵਲ ਉਪ-ਤੱਤ ਨਹੀਂ ਹਨ ਬਲਕਿ ਵਿਹਾਰਕ ਚੇਤਨਾ ਦੀਆਂ ਉਨ੍ਹਾਂ ਸੰਰਚਨਾਵਾਂ ਨੂੰ ਨਿਰਧਾਰਿਤ ਕਰਨ ਵਾਲੇ ਤੱਤ ਹਨ ਜਿਨ੍ਹਾਂ ਰਾਹੀਂ ਕੋਈ ਕਾਮਾ ਭੌਤਿਕ ਜਗਤ ਵਿਚ ਆਪਣੀ ਸਥਿਤੀ ਨੂੰ ਸਮਝਦਾ ਹੈ। ਇਸ ਤਰ੍ਹਾਂ ਦੀਆਂ ਸਮੱਸਿਆਵਾਂ ਉਪਰ ਧਿਆਨ ਦੇਣ ਅਤੇ ਵਿਹਾਰ ਵਿਚ ਉਨ੍ਹਾਂ ਦਾ ਸਮਾਧਾਨ ਕਰਨ ਦੇ ਰਾਹੀਂ ਹੀ ਨਵੇਂ ਇਨਕਲਾਬੀ ਰੂਪ ਉਭਰ ਕੇ ਸਾਹਮਣੇ ਆਉਣਗੇ। ਇਹ ਨਵੇਂ ਰੂਪ ਨਿਸੰਦੇਹ ਵੀਹਵੀਂ ਸਦੀ ਦੀਆਂ ਪ੍ਰਾਪਤੀਆਂ ਦੇ ਆਧਾਰ ਉਪਰ ਹੀ ਵਿਕਸਿਤ ਹੋਣਗੇ ਤੇ ਪਹਿਲਾਂ ਦੇ ਰੂਪਾਂ ਤੋਂ ਸਾਰ ਰੂਪ ਵਿਚ ਵੱਖ ਵੀ ਹੋਣਗੇ। ਇਤਿਹਾਸ ਦਾ ਇਹ ਨਿਯਮ ਹੈ ਕਿ ਹਰੇਕ ਇਨਕਲਾਬ ਨੂੰ ਆਪਣੀ ਕਵਿਤਾ ਆਪਣੇ ਵਰਤਮਾਨ ਵਿਚੋਂ ਹੀ ਖੋਜਣੀ ਪੈਂਦੀ ਹੈ।


ਸ੍ਰੋਤ :-ਲੋਕਧਾਰਾ ਪੰਜਾਬੀ

Tuesday, December 7, 2010

ਪੰਜਾਬ ਵਿੱਚ ਕਮਿਉਨਿਸਟ ਲਹਿਰ (ਰੂਸੀ ਇਨਕਲਾਬ ਦਾ ਪਰਭਾਵ)- ਭਗਵਾਨ ਸਿੰਘ ਜੋਸ਼

ਰੂਸੀ ਇਨਕਲਾਬ ਨੇ ਪੂਰਬ ਦੇ ਲੋਕਾਂ ਨੂੰ ਕੇਵਲ ਕੌਮੀ ਆਜ਼ਾਦੀ ਲਈ ਹੀ ਸਾਮਰਾਜ ਦੇ ਵਿਰੁਧ ਝੂਣ ਕੇ ਨਹੀਂ ਜਗਾਇਆ, ਸਗੋਂ ਇਸ ਤੋਂ ਇਲਾਵਾ ਉਹਨਾਂ ਦੀ ਸਮੁੱਚੀ ਸੋਚਣੀ ਉਤੇ ਵੀ ਬਹੁ-ਮੁਖੀ ਪਰਭਾਵ ਪਾਇਆ। ਪਹਿਲੀ ਵੇਰ ਇਕ ਨਵਾਂ ਦ੍ਰਿਸ਼ਟੀਕੋਣ-ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਾਮਰਾਜੀ ਲੁੱਟ ਦੇ ਖ਼ਿਲਾਫ਼ ਜਥੇਬੰਦ ਕਰਨ ਦਾ ਦ੍ਰਿਸ਼ਟੀਕੋਣ-ਵੀ ਉਹਨਾਂ ਸਾਹਮਣੇ ਲਿਆ ਰੱਖਿਆ। ਗ਼ਦਰ ਪਾਰਟੀ ਦੇ ਦੂਸਰੇ ਦੌਰ ਵਿਚ ਆ ਕੇ ਕਿਰਤੀ ਅਖ਼ਬਾਰ ਦੀ ਨੀਂਹ ਰਖਣ ਵਾਲੇ ਲੀਡਰ, ਰੂਸੀ ਇਨਕਲਾਬ ਦੀਆ ਪਰਾਪਤੀਆਂ ਨੂੰ ਅੱਖੀਂ ਵੇਖ ਕੇ ਬਹੁਤ ਪਰਭਾਵਿਤ ਹੋਏ। ਭਾਈ ਸੰਤੋਖ ਸਿੰਘ ਤੇ ਰਤਨ ਸਿੰਘ ਦੀ 1922-23 ਦੀ ਰੂਸ ਫੇਰੀ ਦੌਰਾਨ ਓਥੇ ਹੋ ਰਹੀ ਸਮਾਜੀ ਤਬਦੀਲੀ ਨੇ ਉਹਨਾਂ ਦੀ ਮਾਨਸਿਕਤਾ ਉਤੇ ਡੂੰਘੀ ਛਾਪ ਲਾਈ।
ਪਰ ਪੰਜਾਬ ਵਿੱਚ ਰੂਸੀ ਇਨਕਲਾਬ ਦੇ ਵਿਚਾਰ ਕਿਵੇਂ ਆਏ? ਕਿੰਨਾਂ ਨੇ ਲਿਆਂਦੇ ਤੇ ਕਿਸ ਰੂਪ ਵਿੱਚ ਲਿਆਂਦੇ? ਰੂਸੀ ਇਨਕਲਾਬ ਦੇ ਵਿਚਾਰਾਂ ਤੇ ਉਸ ਦੀਆਂ ਪਰਾਪਤੀਆਂ ਨੂੰ ਪੰਜਾਬ ਵਿੱਚ ਕਿਵੇਂ ਸਮਝਿਆ ਗਿਆ? ਇਹ ਮਸਲਾ ਡੂੰਘੀ ਵਿਚਾਰ-ਚਰਚਾ ਦੀ ਮੰਗ ਕਰਦਾ ਹੈ। ਜਿਵੇਂ ਅਸੀਂ ਉਪਰ ਜ਼ਿਕਰ ਕੀਤਾ ਸੀ ਰੂਸੀ ਇਨਕਲਾਬ ਆਪਣੇ ਮੂਲ ਵਿੱਚ ਸੰਸਾਰ ਇਨਕਲਾਬ ਲਈ ਹੰਭਲਾ ਸੀ (ਇਕੱਲੇ ਦੇਸ ਵਿਚ ਸਮਾਜਵਾਦ ਸਥਾਪਤ ਕੀਤਾ ਜਾ ਸਕਣ ਦਾ ਸਿਧਾਂਤ ਲੈਨਿਨ ਦੀ ਮੌਤ ਪਿੱਛੋਂ ਬੁਖ਼ਾਰਿਨ ਤੇ ਸਟਾਲਿਨ ਵਲੋਂ 1924 ਵਿਚ ਪੇਸ਼ ਕੀਤਾ ਗਿਆ ਸੀ, ਜਿਸ ਦੇ ਹੱਕ ਵਿਚ ਉਹਨਾਂ ਨੇ ਵਖਰੇ ਪਰਸੰਗ ਵਿਚ ਕਹੀਆਂ, ਇਸ ਸੰਬੰਧੀ ਲੈਨਿਨ ਦੀਆਂ ਦੋ ਟੂਕਾਂ ਲੱਭ ਲਈਆਂ ਸਨ) ਉਸ ਵੇਲੇ ਲੈਨਿਨ ਤੇ ਤੀਜੀ ਇਟਰਨੈਸ਼ਨਲ ਸੰਸਾਰ ਸਾਮਰਾਜੀ ਤਾਕਤਾਂ ਦੇ ਖਿਲਾਫ ਹਰ ਸਾਮਰਾਜ-ਵਿਰੋਧੀ ਤਾਕਤ ਦੀ ਤੰਦ ਨੂੰ ਸੰਸਾਰ ਇਨਕਲਾਬ ਲਈ ਵੱਧ ਰਹੀਆਂ ਤਾਕਤਾਂ ਦੀ ਸ਼ਕਤੀ ਨੂੰ ਵਧਾਉਣ ਲਈ ਜੋੜ ਰਹੇ ਸਨ।   ਜੇ ਕੌਮੀ ਲਹਿਰਾਂ ਦਾ ਉਦੇਸ਼ ਸਾਮਰਾਜ ਤੋਂ ਮੁਕਤੀ


[caption id="attachment_618" align="alignright" width="104" caption="ਭਗਵਾਨ ਜੋਸ਼ "]
[/caption]

ਪਰਾਪਤ ਕਰਨ ਲਈ ਉਸ ਨੂੰ ਕਮਜ਼ੋਰ ਕਰਨਾ ਸੀ, ਤਾਂ ਮਜ਼ਦੂਰ ਜਮਾਤ ਦਾ ਉਦੇਸ਼ ਸਾਮਰਾਜ ਦੇ ਆਧਾਰ ਸਰਮਾਏਦਾਰੀ ਨੂੰ ਬਿਲਕੁਲ ਹੀ ਤਬਾਹ ਕਰਨਾ ਸੀ। ਇਸ ਪਰਸੰਗ ਵਿਚ ਚੌਥੀ ਕੌਮਿਨਟਰਨ ਕਾਂਗਰਸ (ਨਵੰਬਰ 1922) ਦੇ ਪੂਰਬ ਦੇ ਸਵਾਲ ਨਾਲ਼ ਸੰਬੰਧੀ ਥੀਸਿਸਾਂ' ਵਿਚ ਪੰਜਾਬ ਵਿਚ ਉਭਰ ਰਹੀ ਅਕਾਲੀ ਲਹਿਰ ਦਾ ਜ਼ਿਕਰ ਵੀ ਲਿਆਂਦਾ ਗਿਆ, ਪਰ ਇਸ ਨੂੰ ਸਾਮਰਾਜ-ਵਿਰੋਧੀ, ਸੁਧਾਰਵਾਦੀ ਪਰੋਗਰਾਮ ਵਾਲੀ ਲਹਿਰ ਸਮਝਣ ਦੀ ਬਜਾਏ, ਫ਼ਿਊਡਲ ਜ਼ਮੀਨ-ਮਾਲਕਾਂ ਵਿਰੁਧ ਲਹਿਰ ਦੇ ਤੌਰ ਉਤੇ ਵੇਖਿਆ ਗਿਆ, ਜੋ ਕਿ ਲਹਿਰ ਦੀ ਸਮਰਥਾ ਨੂੰ ਵਧਾ ਕੇ ਵੇਖਣਾ ਸੀ। ਐਮ.ਐਨ. ਰਾਏ ਤੇ ਉਹਨਾਂ ਦੀ ਪਤਨੀ ਐਵਲਿਨ ਰਾਏ ਵਲੋਂ ਅਕਾਲੀ ਲਹਿਰ ਦੀ ਇਸ ਫ਼ਿਊਡਲ-ਵਿਰੋਧੀ ਤੱਤ ਉਪਰ ਇੰਟਰਨੈਸ਼ਨਲ ਦੇ ਪਰਚੇ 'ਇੰਟਰਨੈਸ਼ਨਲ ਪਰੈੱਸ ਕਾਰਸਪਾਂਡੈਂਸ' ਵਿਚ ਛਪਣ ਵਾਲੀਆਂ ਆਪਣੀਆਂ ਲਿਖਤਾਂ ਵਿਚ ਉਦੋਂ ਤਕ ਖ਼ਾਸ ਜ਼ੋਰ ਦਿਤਾ ਜਾਂਦਾ ਰਿਹਾ, ਜਦੋਂ ਤੱਕ ਇਸ ਲਹਿਰ ਦੇ ਸਮਝੌਤਾਵਾਦੀ ਆਗੂਆਂ ਨੇ ਸਰਕਾਰ ਨਾਲ਼ ਗੱਲਬਾਤ ਕਰਕੇ ਲਹਿਰ ਨੂੰ ਠੱਪ ਨਹੀਂ ਦਿਤਾ।
ਪੰਜਾਬ ਵਿਚ ਖੱਬੇ-ਪੱਖੀ ਲਹਿਰ ਦਾ 1928 ਵਿਚ ਹੀ ਕੁਝ ਕੁ ਮੂੰਹ-ਮੱਥਾ ਬਣਿਆ ਤੇ ਇਸ ਜਤਨ ਵਿਚ ਪਹਿਲਾਂ ਵੱਖ ਵੱਖ ਧਾਰਾਵਾਂ ਨਾਲ਼ ਜੁੜੇ ਲੋਕਾਂ ਵਲੋਂ ਹਿੱਸਾ ਪਾਇਆ ਗਿਆ। ਸਾਮਰਾਜ-ਵਿਰੋਧੀ ਲਹਿਰ ਵਿਚ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਭਾਗ ਲੈਣ ਵਾਲੇ ਲੋਕਾਂ ਵਿਚੋਂ ਹੀ ਅਗੇ ਵਧੇਰੇ ਮਿਲੀਟੈਂਟ ਤੇ ਸੂਝਵਾਨ ਕਾਡਰ ਦੇ ਕੁਝ ਕੁ ਭਾਗ ਨੇ ਹੀ ਸਮਾਜਵਾਦੀ ਵਿਚਾਰਾਂ ਵੱਲ ਵਧਣ ਦਾ ਹੰਭਲਾ ਮਾਰਿਆ। ਇਥੇ ਨੁਕਤਾ ਸਪੱਸ਼ਟ ਕਰਨ ਦੀ ਲੋੜ ਹੈ ਕਿ ਸਮਾਜਵਾਦੀ ਵਿਚਾਰਾਂ ਵੱਲ ਵਧਣ ਵਾਲੇ ਲੋਕ ਇਸ ਸਾਮਰਾਜ-ਵਿਰੋਧੀ ਲਹਿਰ ਵਿਚ ਭਾਗ ਲੈਣ ਵਾਲੇ ਲੋਕਾਂ ਵਿਚੋਂ ਹੀ ਨਿਕਲੇ। ਸੋ ਇਹੋ ਜਿਹੇ ਲੋਕ ਤੇ ਕਿੰਨੇ ਕੁ ਲੋਕ ਸਮਾਜਵਾਦੀ ਵਿਚਾਰਾਂ ਵੱਲ ਵਧਣੇ ਸਨ, ਇਸ ਗੱਲ ਉਪਰ ਕਾਫ਼ੀ ਹੱਦ ਤੱਕ ਨਿਰਭਰ ਕਰਦਾ ਸੀ ਕਿ ਕਿਸੇ ਜਗ੍ਹਾ ਕੌਮੀ ਲਹਿਰ ਦਾ ਉਭਾਰ ਕਿੰਨਾ ਕੁ ਡੂੰਘਾ ਤੇ ਮਿਲੀਟੈਂਟ ਹੈ ਤੇ ਇਹ ਉਭਾਰ ਕਿਹੜੇ ਸਮਾਜੀ ਗਰੁੱਪਾਂ ਵਿਚ ਫੈਲਿਆ ਹੋਇਆ ਹੈ। ਸੋ ਪੰਜਾਬ ਵਿਚ ਸਮਾਜਵਾਦੀ ਵਿਚਾਰਾਂ ਦੀ ਸੀਮਤ ਦਾਇਰੇ ਦੀ ਲਹਿਰ ਅਟੁੱਟ ਤੌਰ ਉਤੇ ਇਥੋਂ ਦੇ ਸਾਮਰਾਜ-ਵਿਰੋਧੀ ਕੌਮੀ ਉਭਾਰ ਦੀ ਲਹਿਰ ਦੇ ਸੀਮਤ ਦਾਇਰੇ ਨਾਲ਼ ਜੁੜੀ ਹੋਈ ਸੀ। ਇਸ ਤੱਥ ਉਪਰ ਜ਼ਰਾ ਵਧੇਰੇ ਜ਼ੋਰ ਦੇਣ ਦੀ ਲੋੜ ਹੈ ਕਿ ਸਮਾਜਵਾਦੀ ਝੁਕਾਅ ਵੱਲ ਵਧਣ ਵਾਲੇ ਲੋਕ ਪਹਿਲਾਂ ਵਧੇਰੇ ਕਰਕੇ ਕੌਮੀ ਆਜ਼ਾਦੀ ਦੇ ਝੁਕਾਅ ਵਾਲੀ ਲਹਿਰ ਵਿਚੋਂ ਦੀ ਗੁਜ਼ਰ ਕੇ ਹੀ ਲੰਘ ਸਕਦੇ ਸਨ। ਇੰਜ ਬਸਤੀਵਾਦੀ ਹਾਲਤਾਂ ਹੇਠ ਕੌਮਵਾਦੀ ਵਿਚਾਰਧਾਰਾਂ ਤੇ ਸਮਾਜਵਾਦੀ ਵਿਚਾਰਧਾਰਾ ਵਿਚ ਕੋਈ ਆਪਾ-ਵਿਰੋਧ ਨਹੀਂ ਸੀ, ਸਗੋਂ ਪਛੜੀ ਚੇਤਨਤਾ ਵਾਲੇ ਸਮਾਜੀ ਗਰੁੱਪਾਂ ਲਈ ਸਮਾਜਵਾਦੀ ਚੇਤਨਤਾ ਵੱਲ ਵਧਣ ਦੇ ਰਾਹ ਵਿਚ ਕੌਮਵਾਦੀ ਵਿਚਾਰਧਾਰਾ ਇਕ ਕਿਸਮ ਦਾ ਅੰਤਰਕਾਲੀ ਸਿਧਾਂਤ ਸੀ, ਜਿਸ ਵਿਚ ਖਿੱਚੇ ਜਾਣ ਤੋਂ ਬਾਅਦ ਹੀ ਉਹਨਾਂ ਨੂੰ ਇਸ ਦੀਆਂ ਸੀਮਾਵਾਂ ਤੇ ਇਸ ਦੇ ਅੰਦਰ ਰਹਿਣ ਕਾਰਨ ਬੁਰਜੁਆਜ਼ੀ ਵਲੋਂ ਆਪਣੇ ਤੰਗ ਹਿੱਤਾਂ ਲਈ ਇਸ ਦੇ ਵਰਤੇ ਜਾਣ ਦਾ ਅਹਿਸਾਸ ਹੁੰਦਾ ਸੀ, ਤੇ ਇੰਜ ਉਹਨਾਂ ਨੂੰ ਵਿਚਾਰਧਾਰਕ ਤੌਰ ਉਤੇ ਸਮਾਜਵਾਦੀ ਖ਼ਿਆਲਾਂ ਵੱਲ ਪੁਲਾਂਘ ਪੁਟਣ ਵਿਚ ਮਦਦ ਕਰਦਾ ਸੀ। 1928 ਤੋਂ 1934 ਤਕ ਭਾਰਤੀ ਕਮਿਊਨਿਸਟ ਪਾਰਟੀ (ਜੋ ਕੁਝ ਕੁਝ ਗਰੁੱਪਾਂ ਦੇ ਰੂਪ ਵਿਚ ਸੀ) ਨੇ ਸਟਾਲਿਨ ਦੇ ਪਰਭਾਵ ਹੇਠ ਤੀਜੀ ਇੰਟਰਨੈਸ਼ਨਲ ਦੇ ਇਸ ਸਿਧਾਂਤ ਨੂੰ ਆਪਣੀਆਂ ਪਾਲਸੀਆਂ ਦਾ ਆਧਾਰ ਬਣਾਇਆ ਕਿ ਕੌਮਵਾਦ ਤੇ ਸਮਾਜਵਾਦ ਇਕ ਦੂਸਰੇ ਦੀਆਂ ਵਿਰੋਧੀ ਵਿਚਾਰਧਾਰਾਵਾਂ ਹਨ। ਕੌਮਵਾਦ ਬੁਰਜੁਆਜ਼ੀ ਦੀ ਵਿਚਾਰਧਾਰਾ ਹੈ ਤੇ ਮਜ਼ਦੂਰਾਂ ਦੀ ਪਾਰਟੀ ਦੀ ਵਿਚਾਰਧਾਰਾ ਤਾਂ ਇਸ ਪੈਟੀ ਬੁਰਜੁਆ ਵਿਚਾਰਧਾਰਾ (ਕੌਮਵਾਦ) ਦੇ ਖਿਲਾਫ਼ ਲਗਾਤਾਰ ਜਦੋ-ਜਹਿਦ ਕਰਕੇ ਹੀ ਨਿਖਰਦੀ ਹੈ। ਪਰ ਕਿਨ੍ਹਾਂ ਹਾਲਤਾਂ ਹੇਠ? ਇਸ ਪਰਸੰਗ ਨੂੰ ਮੂਲੋਂ ਹੌ ਅੱਖੋਂ ਪਰੋਖੇ ਕਰ ਦਿੱਤਾ ਗਿਆ।
1927 ਵਿਚ ਟ੍ਰਾਟਸਕੀ ਨੂੰ ਰੂਸ 'ਚੋਂ ਬਾਹਰ ਕੱਢਣ ਤੋਂ ਪਿੱਛੋਂ ਹੁਣ ਤੀਜੀ ਇੰਟਰ-ਨੈਸ਼ਨਲ ਅੱਤ-ਖੱਬੇ ਝੁਕਾਅ ਵੱਲ ਮੋੜ ਕੱਟ ਰਹੀ ਸੀ ਤੇ ਇਸ ਦਾ ਪਰਭਾਵ ਲਾਜ਼ਮੀ ਹੀ ਉਸ ਪਿਛੇ ਲਗਣ ਵਾਲੀਆਂ ਕਮਿਊਨਿਸਟ ਪਾਰਟੀਆਂ ਉਪਰ ਪਿਆ। ਇਸ ਸਿਧਾਂਤ ਦਾ ਆਧਾਰ ਇਹ ਫਾਰਮੂਲੇਸਨ ਹੈ: ਕੌਮਵਾਦ ਕੇਵਲ ਬੁਰਜੁਆਜ਼ੀ ਦੀ ਵਿਚਾਰਧਾਰਾ ਹੈ। ਮਜ਼ਦੂਰ ਜਮਾਤ ਲਈ ਇਹ ਇਕ ਕਿਸਮ ਦੀ 'ਬੀਮਾਰੀ' ਹੈ, ਜੋ ਮਜ਼ਦੂਰ ਜਮਾਤ ਨੂੰ ਬਾਹਰੋਂ ਲਗਦੀ ਹੈ ਤੇ ਇੰਜ ਇਸ 'ਬੀਮਾਰੀ' ਦਾ ਸ਼ਿਕਾਰ ਹੋ-ਜਾਣ ਤੋਂ ਬਾਅਦ ਕੁਦਰਤੀ ਹੀ ਮਜ਼ਦੂਰ ਜਮਾਤ ਬੁਰਜੁਆਜ਼ੀ ਦੀ ਜਕੜ ਵਿਚ ਫਸ ਜਾਂਦੀ ਹੈ। ਇਸ ਨਵੇਂ ਮੋੜ (1928-34) ਉਤੇ ਇਸ ਗੱਲ ਉਪਰ ਜ਼ੋਰ ਦਿਤਾ ਗਿਆ ਕਿ ਜੇ ਮਜ਼ਦੂਰ ਜਮਾਤ ਨੇ ਆਪਣੇ ਆਪ ਨੂੰ ਇਕ ਆਜ਼ਾਦ ਜਥੇਬੰਦ ਜਮਾਤ ਦੇ ਤੌਰ ਉਤੇ ਖੜ੍ਹਾ ਕਰਨਾ ਹੈ ਤਾਂ ਪਾਰਟੀ ਨੂੰ ਜ਼ਰੂਰ ਹੀ ਪਹਿਲਾਂ ਇਸ ਦੀ ਵਿਚਾਰਧਾਰਕ ਸਫ਼ਾਈ ਲਈ ਕੌਮਵਾਦ ਦੇ ਵਿਰੁਧ ਲੜਨਾ ਹੋਵੇਗਾ। {ਇਥੇ ਅਸੀਂ ਇਸ ਗੱਲ ਵੱਲ ਵੀ ਇਸ਼ਾਰਾ ਕਰ ਦੇਣਾ ਚਾਹੁੰਦੇ ਹਾਂ ਕਿ ਮਾਰਕਸਵਾਦੀਆਂ  ਪਾਸ ਕੌਮਵਾਦ ਨਾਲ਼ ਸੰਬੰਧਿਤ ਅਜੇ ਕੋਈ ਠੋਸ ਸਿਧਾਂਤ ਨਹੀਂ ਹੈ। ਇਸ ਸੰਬੰਧ ਵਿਚ ਉਹ ਇਸ ਸਵਾਲ ਵੱਲ ਵੀ ਰੁਚਿਤ ਰਹੇ ਹਨ ਕਿ ਕੌਮਵਾਦ ਵੱਲ ਕਿਹੜਾ ਰੁਖ ਅਖ਼ਤਿਆਰ ਕੀਤਾ ਜਾਵੇ ਤੇ ਕਿਉਂ ਕੀਤਾ ਜਾਵੇ। ਪਰ ਕੌਮਵਾਦ ਆਪਣੇ ਆਪ ਵਿਚ ਹੈ ਕੀ? ਇਸ ਸਵਾਲ ਦਾ ਉਹਨਾਂ ਪਾਸ ਇਸ ਮੋਟੀ ਧਾਰਨਾ ਕਿ 'ਕੌਮਵਾਦ ਬੁਰਜੁਆ ਵਿਚਾਰਧਾਰਾ ਹੈ' ਦੇ ਸਿਵਾ ਹੋਰ ਕੋਈ ਉੱਤਰ ਨਹੀਂ। ਇਸ ਮੋਟੀ ਫ਼ਾਰਮੂਲੇਸ਼ਨ ਨੂੰ ਵੱਖ ਵੱਖ ਇਤਿਹਾਸਕ ਪਰਸੰਗਾਂ ਵਿਚ ਕਿਵੇਂ ਸਮਝਿਆ ਜਾਵੇ? ਅਸੀਂ ਉਪਰ ਭਾਰਤੀ ਕਮਿਊਨਸਿਟਾਂ ਵਲੋਂ ਕੋਮਿਨਟਰਨ ਪਿਛੇ ਲਗ ਕੇ ਇਸ ਦੀ ਇਕ ਪਰਕਾਰ ਦੀ ਸਮਝ ਅਪਣਾ ਲੈਣ ਦਾ ਜ਼ਿਕਰ ਕੀਤਾ ਹੈ। ਪਰ ਇਸ ਲਈ ਉਹਨਾਂ ਨੂੰ ਕੌਮੀ ਲਹਿਰ ਤੋਂ ਨਿਖੜ ਬਹਿਣ ਦਾ ਸਿੱਟਾ (1928-34) ਭੁਗਤਣਾ ਪਿਆ। ਇਸ ਧਾਰਨਾ ਦੀ ਇਕ ਵਖਰੀ ਸਮਝ ਮਾਓ ਵਲੋਂ ਚੀਨੀ ਹਾਲਤਾਂ ਵਿਚ ਲਾਗੂ ਕੀਤੀ ਗਈ। ਇਸ ਦੌਰਾਨ ਇਸ ਗੱਲਤ ਸਮਝ ਹੇਠ ਕੋਮਿਨਟਰਨ ਵਲੋਂ ਆਮ ਕਰਕੇ ਅਤੇ ਭਾਰਤੀ ਕਮਿਊਨਿਸਟਾਂ ਵਲੋਂ ਖ਼ਾਸ ਕਰਕੇ ਜੋ ਜ਼ਹਿਰ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਖਿਲਾਫ਼ ਉਗਲਿਆ ਗਿਆ, ਉਸ ਦਾ ਵੇਰਵਾ ਦੇਣ ਦੀ ਸਾਡੇ ਪਾਸ ਇਥੇ ਥਾਂ ਨਹੀਂ। ਉਹਨਾਂ ਪਾਠਕਾਂ ਨੂੰ ਵੀ ਅਸੀਂ ਇਹੀ ਕਹਾਂਗੇ ਜਿਹੜੇ ਇਥੇ ਇਹ ਸਵਾਲ ਉਠਾਉਣਾ ਚਾਹੁਣਗੇ: ਜੇ ਕਮਿਊਨਿਸਟਾਂ ਦਾ 1934-35 ਵਿਚ ਕਾਂਗਰਸ ਸੋਸ਼ਲਿਸਟ ਪਾਰਟੀ ਵੱਲ ਇਹੀ ਰਵੱਈਆ ਸੀ ਤਾਂ 1936 ਵਿਚ ਉਹ ਸਿਧਾਤਕ ਕਾਂਟਾ ਬਦਲ ਕੇ ਇਸ ਪਾਰਟੀ ਵਿਚ ਕਿਵੇਂ ਦਾਖਲ ਹੋਏ? ਦੂਸਰਾ ਸਵਾਲ: ਜੇਕਰ ਕਾਂਗਰਸ ਸੋਸ਼ਲਿਸਟ ਪਾਰਟੀ ਦਾ ਬਣਨਾ ਭਾਰਤੀ ਬੁਰਜੁਆਜ਼ੀ ਦੀ 'ਆਖ਼ਰੀ ਚਾਲ' ਸੀ ਤਾਂ ਕੇਰਲਾ ਦੀ ਸਾਰੀ ਦੀ ਸਾਰੀ ਕਾਂਗਰਸ ਸੋਸ਼ਲਿਸਟ ਪਾਰਟੀ ਜੋ ਕਿ ਪਹਿਲਾ ਮਿਲੀਟੈਂਟ ਨੈਸ਼ਨਲਿਸਟ ਪਾਰਟੀ ਸੀ ਕਿਵੇ 1939 ਵਿਚ ਕਮਿਊਨਿਸਟ ਪਾਰਟੀ ਵਿੱਚ ਵੱਟ ਗਈ-ਹੋਰ ਵੇਰਵਾ ਲਈ ਵੇਖੋ; ਕੇ ਦਾਮਮੋਦਰਨ: ਇਕ ਭਾਰਤੀ ਕਮਿਊਨਿਸਟ ਦੀਆਂ ਯਾਦਾਂ। }
ਮੇਰਠ ਸਾਜਿਸ਼ (1932) ਕੇਸ ਵੇਲੇ ਪੰਜਾਬ ਵਿਚ ਖੱਬੇ-ਪੱਖੀ ਝੁਕਾਅ ਦੇ ਲੋਕ ਇਨ੍ਹਾਂ ਚਾਰ ਮੁਖ ਝੁਕਾਵਾਂ ਵਿਚੋਂ ਨਿਖਰ ਕੇ ਸਾਹਮਣੇ ਆਏ: ਮਹਾਜੀਰ, ਕੌਮਵਾਦੀ ਨੌਜਵਾਨ, ਮਿਲੀਟੈਂਟ ਅਕਾਲੀ, ਗ਼ਦਰ ਪਾਰਟੀ ਦੇ ਮੈਂਬਰ ਤੇ ਹਮਦਰਦ। ਇਸ ਸਮੇਂ (1926-28) ਇਹਨਾਂ ਕਾਰਕੁਨਾਂ ਦੀ ਗਿਣਤੀ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ, ਪਰ ਤਾਂ ਵੀ ਇਹਨਾਂ ਵਿਚ ਵਧੇਰੇ ਸਰਗਰਮ ਕਾਰਕੁਨ 15-20 ਤੋਂ ਵੱਧ ਨਹੀਂ ਸਨ। 1922 ਵਿਚ ਐਮ. ਐਨ. ਰਾਏ ਦੇ ਪਰਭਾਵ ਹੇਠ ਲਾਹੌਰ ਵਿਚ ਇਨਕਲਾਬ ਅਖ਼ਬਾਰ ਦੇ ਦੁਆਲੇ ਇਕ ਗਰੁਪ ਪੈਦਾ ਹੋਣਾ ਸ਼ੁਰੂ ਹੋਇਆ। ਇਸ ਗਰੁੱਪ ਦੇ ਮਹੱਤਵਪੂਰਨ ਆਗੂ-ਗ਼ੁਲਾਮ ਹੁਸੈਨ ਤੇ ਟਰੇਡ ਯੂਨੀਅਨ ਲਹਿਰ ਵਿਚ ਸਰਗਰਮ ਆਗੂ ਐਮ. ਏ. ਖਾਨ ਅਤੇ ਐਸ਼ ਡੀ. ਹਸਨ। ਇਸ ਗਰੁੱਪ ਨੇ ਐਮ. ਐਨ. ਰਾਏ ਦੀਆਂ ਕੁਝ ਕੁ ਲਿਖਤਾਂ ਨੂੰ ਉਰਦੂ ਵਿਚ ਅਨੁਵਾਦ ਕਰਕੇ ਇਨਕਲਾਬ ਵਿਚ ਛਾਪਿਆ। ਪਰ ਕਾਨਪੁਰ ਸਾਜ਼ਿਸ਼ ਕੇਸ ਵਿਚ ਇਸ ਦੇ ਸੰਪਾਦਕ ਨੂੰ ਧਰ ਲੈਣ ਮਗਰੋਂ, ਇਹ ਗਰੁਪ ਕੋਈ ਖ਼ਾਸ ਪਰਭਾਵ ਪਾਉਣ ਤੋਂ ਪਹਿਲਾਂ ਹੀ ਖਿੰਡ ਗਿਆ।
ਫ਼ਰਵਰੀ 1915 ਵਿਚ ਮੌਲਵੀ ਅਬੀਬਉੱਲਾ ਸਿੰਧੀ ਦੇ ਪਰਭਾਵ ਹੇਠ ਮੈਡੀਕਲ ਕਾਲਜ ਲਾਹੌਰ ਦੇ ਪੰਦਰਾਂ ਮੁਸਲਮਾਨ ਵਿਦਿਆਰਥੀਆਂ ਦਾ ਇਕ ਗਰੁਪ ਕਾਬਲ ਗਿਆ, ਜਿਥੋਂ ਉਹ ਅੰਗਰੇਜ਼ਾਂ ਤੋਂ ਮੁਕਤੀ ਪਰਾਪਤ ਕਰਨ ਲਈ ਜਹਾਦ ਛੇੜਨਾ ਚਾਹੁੰਦੇ ਸਨ। ਇਹਨਾਂ ਕੁਝ ਕੁ ਮੁਹਾਜੀਰਾਂ ਦੀ ਮਦਦ ਨਾਲ਼ ਹੀ ਰਾਜਾ ਮਹਿੰਦਰ ਪ੍ਰਤਾਪ ਨੇ 1915 ਵਿਚ ਕਾਬਲ ਵਿਚ 'ਭਾਰਤ ਦੀ ਆਰਜ਼ੀ ਸਰਕਾਰ' ਕਾਇਮ ਕੀਤੀ। 1921 ਵਿਚ ਰੂਸ ਜਾਣ ਤੋਂ ਪਹਿਲਾਂ ਮੁਹੰਮਦ ਅਲੀ ਉਰਫ਼ ਸਪਾਸੀ ਤੇ ਰਹਿਮਤ ਅਲੀ ਜ਼ਕਾਰੀਆ ਇਸ 'ਆਰਜ਼ੀ ਸਰਕਾਰ' ਨਾਲ਼ ਸੰਬੰਧਿਤ ਸਨ। ਪਿਛੋਂ ਕਾਬਲ ਵਿਚ ਐਮ. ਐਨ. ਰਾਏ ਦੇ ਸਥਾਪਤ ਕੀਤੇ ਵਿਚਾਰਧਾਰਕ ਕੇਂਦਰ ਦਾ ਮੁੱਖ ਕਰਤਾ-ਧਰਤਾ ਵੀ ਸਪਾਸੀ ਸੀ। ਇਸ ਕੇਂਦਰ ਦਾ ਸਬੰਧ ਅਕਾਲੀ ਤੇ ਗ਼ਦਰ ਲਹਿਰ ਨਾਲ਼ ਵੀ ਸੀ। ਇਸ ਕੇਂਦਰ ਦੇ ਪਰਭਾਵ ਹੇਠ ਹੀ ਮਾਸਟਰ ਮੋਤਾ ਸਿੰਘ ਨੇ ਅਕਾਲੀ ਲਹਿਰ ਅੰਦਰ ਖੱਬਾ ਝੁਕਾਅ ਕਾਇਮ ਕੀਤਾ। ਮੁਹਾਜੀਰਾਂ ਦੇ ਇਕ ਗਰੁਪ ਵਿਚ, ਜੋ ਨਵੰਬਰ 1920 ਵਿਚ ਰੂਸ ਪੁੱਜਾ, ਸ਼ੌਕਤ ਉਸਮਾਨੀ, ਰਫ਼ੀਕ ਅਹਿਮਦ, ਅਬਦੁਲ ਮਜੀਦ, ਫ਼ਜ਼ਲ ਇਲਾਹੀ ਕੁਰਬਾਨ ਤੇ ਫ਼ੀਰੋਜ਼ਦੀਨ ਮਨਸੂਰ ਸ਼ਾਮਿਲ ਸਨ। ਇਹਨਾਂ ਵਿਚੋਂ ਮੁਜੀਦ, ਮਨਸੂਰ ਤੇ ਕੁਰਬਾਨ ਨੇ ਪਿਛੋਂ ਸੋਹਨ ਸਿੰਘ ਜੋਸ਼ ਨਾਲ਼ ਮਿਲ ਕੇ ਪੰਜਾਬ ਕਮਿਊਨਿਸਟ ਪਾਰਟੀ ਦਾ ਯੂਨਿਟ ਕਾਇਮ ਕੀਤਾ। ਕਈ ਵਾਰ ਇਸ ਨੂੰ 'ਜੋਸ਼ ਗਰੁਪ' ਵੀ ਕਿਹਾ ਜਾਂਦਾ ਰਿਹਾ। ਮੇਰਠ ਸਾਜ਼ਿਸ਼ ਕੇਸ ਵਿਚ ਪੰਜਾਬ ਵਿਚੋਂ ਸੋਹਨ ਸਿੰਘ ਜੋਸ਼, ਅਬਦੁਲ ਮਜੀਦ ਅਤੇ ਕੇਦਾਰ ਨਾਥ ਸਹਿਗਲ ਉਤੇ ਮੁਕਦਮਾ ਚਲਾਇਆ ਗਿਆ ਸੀ। ਜੱਜ ਅਗੇ ਦਿਤੇ ਹੌਸਲੇ ਤੇ ਦ੍ਰਿੜ੍ਹਤਾ ਵਾਲੇ ਬਿਆਨਾਂ ਨੇ ਸੋਹਨ ਸਿੰਘ ਜੋਸ਼ ਨੂੰ ਪੰਜਾਬ ਦੇ ਕਮਿਊਨਿਸਟਾਂ ਵਿਚੋਂ ਸਿਰਕੱਢ ਕਮਿਊਨਿਸਟ ਦੇ ਤੌਰ ਉਤੇ ਉਭਾਰਿਆ।
ਤੀਜੀ ਇੰਨਟਰਨੈਸ਼ਨਲ ਤੇ ਕਿਰਤੀ ਗਰੁਪ: ਇਥੇ ਅਸੀਂ ਗ਼ਦਰ ਲਹਿਰ ਦੇ ਪਹਿਲੇ ਦੌਰ ਬਾਰੇ ਕੁਝ ਨਹੀਂ ਕਹਾਂਗੇ ਤੇ ਇਸ ਬਾਰੇ ਪਾਠਕਾਂ ਨੂੰ ਸੋਹਨ ਸਿੰਘ ਜੋਸ਼ ਦੀ ਪੁਸਤਕ 'ਹਿੰਦੁਸਤਾਨ ਗ਼ਦਰ ਪਾਰਟੀ: ਸੰਖੇਪ ਇਤਿਹਾਸ' ਪੜ੍ਹਨ ਦੀ ਸਿਫ਼ਾਰਸ਼ ਕਰਾਂਗੇ। ਤੀਜੀ ਇੰਟਰਨੈਸ਼ਨਲ ਦੇ ਸੁਝਾਅ ਉਪਰ ਯੂਰਪ ਵਿਚਲੇ ਭਾਰਤੀ ਇਨਕਲਾਬੀਆਂ ਨੇ ਮਈ 1921 ਵਿਚ ਭਾਰਤ ਦੀ ਆਜ਼ਾਦੀ ਲਈ ਬਦੇਸ਼ਾਂ ਵਿਚ ਜੂਝ ਰਹੀਆਂ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਮੀਟਿਗ ਸੱਦਣ ਦੀ ਤਜਵੀਜ਼ ਬਣਾਈ ਜਿਸ ਵਿਚ ਗ਼ਦਰ ਪਾਰਟੀ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿਤਾ ਗਿਆ। ਗ਼ਦਰ ਪਾਰਟੀ ਕਾਰਕੁਨ ਇਸ ਵੇਲੇ ਅਮਰੀਕਾ ਵਿਚ ਬਣੀ ਮਿਲੀਟੈਂਟ ਮਜ਼ਦੂਰ ਜਥੇਬੰਦੀ ਦੇ ਪਰਭਾਵ ਹੇਠ ਆ ਰਹੇ ਸਨ। ਗ਼ਦਰ ਲਹਿਰ ਫੇਲ੍ਹ ਹੋਣ ਪਿਛੋਂ, ਸਾਨਫ਼ਰਾਂਸਿਸਕੋ ਕੇਸ ਵਿਚ ਭਾਈ ਸੰਤੋਖ ਸਿੰਘ ਨੂੰ 21 ਮਹੀਨਿਆਂ ਦੀ ਸਜ਼ਾ ਹੋਈ। ਇਸ ਵੇਲੇ ਜੇਲ ਵਿਚ ਉਹ ਮਾਰਕਸਵਾਦੀ ਵਿਚਾਰਾਂ ਦੇ ਪਰਭਾਵ ਹੇਠ ਆਏ ਤੇ ਉਹਨਾਂ ਰੂਸੀ ਇਨਕਲਾਬ ਬਾਰੇ ਜਾਣਕਾਰੀ ਪਰਾਪਤ ਕੀਤੀ। ਕਿਰਤੀ ਦੇ ਜੂਨ 1927 ਦੇ ਪਰਚੇ ਵਿਚ ਕਿਹਾ ਗਿਆ ਹੈ ਕਿ ਜੇਲ ਵਿਚ ਭਾਈ ਸੰਤੋਖ ਸਿੰਘ ਨੇ ਮਜ਼ਦੂਰ ਜਮਾਤ ਦੀ ਲਹਿਰ ਨਾਲ਼ ਸੰਬੰਧਿਤ ਪੁਸਤਕਾਂ ਪੜ੍ਹੀਆਂ। ਇੱਕ ਹਮਕੈਦੀ ਅਮਰੀਕੀ ਕਮਿਊਨਿਸਟ ਦੀ ਮੱਦਦ ਨਾਲ਼ ਉਸ ਨੇ ਮਾਰਕਸ ਦੀ ਪੁਸਤਕ ਕੈਪੀਟਲ ਵੀ ਪੜ੍ਹੀ। (ਭਾਈ ਸਾਹਿਬ ਬਾਰੇ ਹੋਰ ਵਿਸਤਾਰ ਲਈ ਵੇਖੋ: ਸੋਹਨ ਸਿੰਘ ਜੋਸ਼ ਦਾ ਲਿਖਿਆ ਪੈਂਫਲਟ: ਭਾਈ ਸੰਤੋਖ ਸਿੰਘ-ਜੀਵਨ ਤੇ ਕੰਮ) 1922 ਦੇ ਅੰਤ ਵਿਚ ਜਾਂ 1923 ਦੇ ਸ਼ੁਰੂ ਵਿਚ ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਰੂਸ ਪਹੁੰਚੇ ਹੋਏ ਸਨ। ਰੂਸ ਵਿਚ ਉਹ ਤੀਜੀ ਇੰਟਰਨੈਸ਼ਨਲ ਦੀ ਚੌਥੀ ਕਾਂਗਰਸ ਵਿਚ ਸ਼ਾਮਲ ਹੋਏ। ਉਹਨਾਂ ਨੇ ਤੀਜੀ ਇੰਟਰਨੈਸ਼ਨਲ ਦੇ ਪਰਧਾਨ ਜ਼ੀਨੋਵੀਵ ਨਾਲ਼ ਮੁਲਾਕਾਤ ਕੀਤੀ। ਜਦ ਭਾਈ ਸੰਤੋਖ ਸਿੰਘ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋ ਰਹੇ ਸਨ, ਤਾਂ ਸਤੰਬਰ 1923 ਵਿਚ ਉਹਨਾਂ ਨੂੰ ਗਿਰਫਤਾਰ ਕਰ ਲਿਆ ਗਿਆ। ਉਹਨਾਂ ਨੇ ਭਾਗ ਸਿੰਘ ਕੈਨੇਡੀਅਨ ਤੇ ਕਰਮ ਸਿੰਘ ਚੀਮਾ ਦੀ ਮਦਦ ਨਾਲ਼ 1926 ਵਿਚ ਕਿਰਤੀ ਰਸਾਲੇ ਦੀ ਨੀਂਹ ਰਖੀ। ਕਿਰਤੀ ਦਾ ਪਹਿਲਾ ਅੰਕ, ਫ਼ਰਵਰੀ 1926 ਵਿਚ ਨਿਕਲਿਆ। ਕਿਰਤੀ ਦੇ ਪਹਿਲੇ ਅੰਕ ਦੇ ਸਟਾਇਲ ਉਪਰ ਇਹ ਲਿਖਿਆ ਹੋਇਆ ਸੀ:
ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ
ਰਾਗ ਵਡਹੰਸ ਮਹਲਾ 5ਘਰ4
ਗੁਰ ਮਿਲ ਲਾਧਾ ਜੀ ਰਾਮੁ ਪਿਆਰ-ਮੇਰੇ ਲਾਥੇ ਸਗਲ ਵਸੂਰੇ।
ਕਿਰਤੀ ਨੇ ਇਸ ਮਹਾਨ ਵਾਕ ਦੀ ਆਗਿਆ ਅਨੁਸਾਰ ਸੇਵਾ ਅਰੰਭ ਕੀਤੀ ਹੈ।
ਮਾਰਚ ਦੇ ਪਰਚੇ ਤੋਂ ਲੈ ਕੇ ਸਤੰਬਰ ਦੇ ਪਰਚੇ ਤਕ ਭਾਈ ਸੰਤੋਖ ਸਿੰਘ ਨੇ ਇਹ ਦਿਲਚਦਪ ਲੇਖ ਕਿਰਤੀ ਵਿਚ ਲਿਖਿਆ: ਸਾਡਾ ਵੱਡਾ ਕਾਮਾ। ਇਸ ਲੇਖ ਵਿਚ ਉਹਨਾਂ ਸਵਾਲ ਉਠਾਇਆ ਕਿ ਗ਼ਰੀਬ ਕਿਸਾਨਾਂ ਦੇ ਦੁੱਖਾਂ ਦਾ ਅੰਤ ਕਿਵੇਂ ਹੋ ਸਕਦਾ ਹੈ? ਇਸ ਵਿਚ ਉਹਨਾਂ ਨੇ ਸੰਸਾਰ ਵਿਚ ਪ੍ਰਚੱਲਤ ਵੱਖ ਵੱਖ ਦੇਸਾਂ ਦੇ ਜ਼ਮੀਨੀ ਬੰਦੋਬਸਤਾਂ ਦੀ ਚਰਚਾ ਕੀਤੀ। ਆਖ਼ਰ ਉਹ ਇਸ ਨਤੀਜੇ ਉਪਰ ਪੁਜਦੇ ਹਨ ਕਿ ਜਦ ਤਕ ਕਿਸਾਨ ਆਪਣੇ ਆਪਣੇ ਛੋਟੇ ਖੇਤਾਂ ਵਿਚ ਅੱਡਰੀ ਵਾਹੀ ਕਰਦੇ ਰਹਿਣਗੇ, ਉਹ ਦੁਖਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ। ਉਹਨਾਂ ਲਿਖਿਆਂ: "ਵਰਤਮਾਨ ਸਮੇਂ ਵਿਚ ਇਕੱਠੇ ਆਦਮੀ ਦੀ ਤਾਕਤ ਨਾਲ਼ ਵਿਹਾਰ ਚਲਾਉਣ ਦੇ ਵਤੀਰੇ ਉਪਰ ਜ਼ੋਰ ਦੇਣਾ, ਅਰਥਾਤ ਇਸ ਗੱਲ ਉਪਰ ਜ਼ੋਰ ਦੇਣਾ ਕਿ ਵਿਹਾਰ ਦਾ ਉਪਰਾਲਾ ਦੂਰ ਦੂਰ, ਅਲਗ ਅਲਗ ਰਹਿ ਕੇ ਕੀਤਾ ਜਾਵੇ, ਕਿਸਾਨਾਂ ਦੇ ਕਾਜ਼ ਨਾਲ਼ ਪਾਪ ਕਮਾਉਣ ਵਾਲੀ ਗੱਲ ਹੈ। ਹੋਰ ਮਿਹਨਤਕਾਰੀਆਂ ਨੂੰ ਚਲਾਉਣ ਵਾਲੀਆਂ ਵੱਡੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਹਨ। ਖੇਤੀ ਦੀ ਮਿਹਨਤਕਾਰੀ ਵਿਚ ਵਤੀਰਾ ਇਹ ਚਲਿਆ ਹੋਇਆ ਹੈ ਕਿ ਹਰ ਕਿਸਾਨ ਆਪਣੀ 'ਢਾਈ ਪਾਅ ਖਿਚੜੀ' ਅਲਗ ਪਕਾਉਂਦਾ ਹੈ। ਇਸ ਕਰਕੇ ਖੇਤੀ ਦੀ ਸਮੁੱਚੀ ਮਿਹਨਤਕਾਰੀ ਬਾਕੀ ਮਿਹਨਤਕਾਰੀਆਂ ਦੇ ਮੁਕਾਬਲੇ ਵਿਚ ਘਾਟਾ ਉਠਾ ਰਹੀ ਹੈ। ਕਿਰਸਾਨ ਇਸ ਘਾਟੇ ਤੋਂ ਤਾਂ ਹੀ ਬਚ ਸਕਦੇ ਹਨ ਜੇਕਰ ਇਹ ਵੀ ਵਡੀਆਂ ਕੰਪਨੀਆਂ ਵਿਚ ਜਥੇਬੰਦ ਹੋ ਕੇ ਸਾਂਝੀ ਵਡੀ ਤਾਕਤ ਨਾਲ਼ ਜ਼ਮੀਨ ਨੂੰ ਵਰਤਨ। ਵਡੇ ਪੈਮਾਨੇ ਉਤੇ ਜੋ ਵਿਹਾਰ ਚਲਾਇਆ ਜਾਵੇ ਉਹ ਜ਼ਰੂਰ ਹੀ ਛੋਟੇ ਪੈਮਾਨੇ ਉਤੇ ਚਲ ਰਹੇ ਵਿਹਾਰ ਨਾਲ਼ੋਂ ਜਿੱਤ ਜਾਂਦਾ ਹੈ। ਇਸ ਗੱਲ ਬਾਬਤ ਲੰਮੀ ਉਗਾਹੀ ਦੀ ਲੋੜ ਨਹੀਂ।" ਜੇ ਅਸੀਂ ਮਈ 1926 ਤੋਂ ਅਗਸਤ 1926 ਤੱਕ ਕਿਰਤੀ ਵਿਚਲੀ ਸਾਮੱਗਰੀ ਉਤੇ ਝਾਤ ਮਾਰੀਏ, ਤਾਂ ਪਤਾ ਚਲੇਗਾ ਕਿ ਕਿਰਤੀ ਦਾ ਧਿਆਨ ਵਧੇਰੇ ਕਰਕੇ, ਦੇਸ ਅਤੇ ਬਦੇਸ ਵਿਚ ਚਲ ਰਹੀਆਂ ਮਜ਼ਦੂਰ ਲਹਿਰਾਂ ਬਾਰੇ ਪੰਜਾਬੀਆਂ ਨੂੰ ਗਿਆਨ ਕਰਾਉਣ ਵਲ ਸੀ। ਭਾਈ ਸਾਹਿਬ ਅਨੁਸਾਰ ਇਹ ਮਜ਼ਦੂਰ ਜਮਾਤ ਦੀ ਅਣਹੋਂਦ ਕਾਰਨ ਵਲ ਸੀ ਕਿ ਪੰਜਾਬੀ ਬੁੱਧੀਜੀਵੀ ਕਿਸਾਨ-ਮੁਖੀ ਸਨ। ਸੰਤੋਖ ਸਿੰਘ ਦੇ ਸਾਰੇ ਵਿਚਾਰਾਂ ਨੂੰ ਪੜ੍ਹਨ ਉਪਰੰਤ ਪਤਾ ਲਗਦਾ ਹੈ ਕਿ ਉਹ ਮਜ਼ਦੂਰ ਜਮਾਤ ਦੀ ਲਹਿਰ ਨਾਲ਼ ਸੰਬੰਧਿਤ ਆਰਥਕ ਪੱਖਾਂ ਨੂੰ ਤਾਂ ਸਮਝ ਸਕੇ ਤੇ ਇਸ ਨਤੀਜੇ ਉਤੇ ਪਹੁੰਚੇ ਕਿ ਉਸ ਲਹਿਰ ਦੇ ਆਪਣੇ ਅਸਲੀ ਨੇਤਾ ਹੀ ਉਸ ਦੀ ਅਗਵਾਈ ਕਰ ਸਕਦੇ ਹਨ। ਕਿਸੇ ਦੇਸ ਵਿਚ ਇਨਕਲਾਬੀ ਤਾਕਤਾਂ ਅਗੇ ਇਨਕਲਾਬ ਸੋਚੇ-ਸਮਝੇ ਵਿਗਿਆਨਕ ਪਰੋਗਰਾਮ ਦੇ ਤੌਰ ਉਤੇ ਰੱਖੇ ਜਾਣ ਸਬੰਧੀ ਅੁਹਨਾਂ ਦੀ ਸੋਚ ਅਧੂਰੀ ਸੀ। ਮਜ਼ਦੂਰ ਜਮਾਤ ਦੀ ਕਿਹੋ ਜਿਹੀ ਜਥੇਬੰਦੀ ਹੋਵੇ? ਉਹਦੀ ਕਿਹੋ ਜਿਹੀ ਯੁਧ-ਨੀਤੀ ਤੇ ਦਾਅਪੇਚ ਹੋਣ? ਇਹਨਾਂ ਸਵਾਲਾਂ ਨੂੰ ਅਜੇ ਉਹਨਾਂ ਉਠਾਉਣਾ ਸੀ ਕਿ ਮਈ 1927 ਵਿਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਬਾਅਦ ਕਿਰਤੀ ਦੁਆਲੇ ਜੁੜੇ ਲੋਕਾਂ ਵਿਚੋਂ ਕੋਈ ਵੀ ਹਸਤੀ ਐਸੀ ਨਹੀਂ ਸੀ ਜੋ ਮਜ਼ਦੂਰ ਲਹਿਰ ਅਤੇ ਮਾਰਕਸਵਾਦ ਬਾਰੇ ਉਹਨਾਂ ਜਿੰਨੀ ਵੀ ਸਮਝ ਰੱਖਣ ਵਾਲੀ ਹੁੰਦੀ। ਕਾ: ਸੋਹਨ ਸਿੰਘ ਜੋਸ਼ ਦੇ ਮੋਢਿਆਂ ਉਪਰ ਕਿਰਤੀ ਦਾ ਐਡੀਟਰ ਬਣਨ ਦੀ ਇਹ ਭਾਰੀ ਜ਼ਿੰਮੇਵਾਰੀ ਉਸ ਵੇਲੇ ਆ ਪਈ ਜਦੋਂ ਮਾਰਕਸਵਾਦ ਬਾਰੇ ਉਹਨਾਂ ਦਾ ਗਿਆਨ ਸਿਰਫ਼ ਐਨਾ ਹੀ ਸੀ: 'ਮਾਰਕਸ ਕਹਿੰਦਾ ਹੈ ਕਿ ਹਰ ਸਵਾਲ ਵਿਚ ਰੋਟੀ ਦਾ ਸਵਾਲ ਹੁੰਦਾ ਹੈ' । ਇਸ ਸਮੇਂ ਸੋਹਨ ਸਿੰਘ ਜੋਸ਼ ਗ਼ਦਰ ਲਹਿਰ ਤੇ ਅਕਾਲੀ ਲਹਿਰ ਦੀ ਮਿਲੀਟੈਂਸੀ ਦੀ ਪਾਣ ਵਾਲੇ ਵਿਚਾਰਾਂ ਤੋਂ ਅਗੇ ਲੰਘ ਕੇ ਸਪਸ਼ਟ ਤੌਰ ਉਤੇ ਇਨਕਲਾਬੀ ਡੈਮੋਕਰੈਟਿਕ ਵਿਚਾਰਾਂ ਨੂੰ ਅਪਣਾਉਣ ਲਈ ਜਤਨਸ਼ੀਲ ਸਨ। ਸਮਾਜਵਾਦੀ ਵਿਚਾਰਧਾਰਾ ਵਲ ਉਹਨਾਂ ਦਾ ਬੌਧਿਕ ਵਿਕਾਸ ਦੇਸ਼ ਦੇ ਬਾਕੀ ਭਾਗਾਂ ਵਿਚ ਕੰਮ ਕਰ ਰਹੇ ਕਮਿਊਨਿਸਟਾਂ ਨਾਲ਼ ਮਿਲਣ ਤੇ ਵਿਚਾਰ-ਵਟਾਂਦਰੇ ਨਾਲ਼ ਹੀ ਸ਼ੁਰੂ ਹੁੰਦਾ ਹੈ।
ਇਕ ਪਾਸੇ ਕਿਰਤੀ ਅਖ਼ਬਾਰ ਦਾ ਨਿਕਲਣਾ ਤੇ ਦੂਸਰੇ ਪਾਸੇ ਗ਼ਦਰ ਪਾਰਟੀ ਦੇ ਪਹਿਲੇ ਜੱਥੇ ਦਾ ਮਾਸਕੋ ਵਲ ਪੜ੍ਹਾਈ ਲਈ ਰਵਾਨਾ ਹੋਣਾ, ਅੰਗਰੇਜ਼ ਪੁਲਸ ਲਈ ਬਹੁਤ ਰੜਕਣ ਵਾਲੀ ਗੱਲ ਸੀ। ਪੁਲਸ ਵਲੋਂ ਕਿਰਤੀ ਨੂੰ ਦਬਾਉਣ ਦੇ ਜਤਨ ਕੀਤੇ ਗਏ, ਪਰ ਪਰਬੰਧਕਾਂ ਦੇ ਹੌਸਲੇ ਕਾਰਨ ਇਹ ਜਤਨ ਨਾਕਾਮ ਰਹੇ।
ਕਿਰਤੀ ਪੂਰਨ ਆਜ਼ਾਦੀ ਤੇ ਸਮਾਜਵਾਦੀ ਵਿਚਾਰਾਂ ਦਾ ਪਰਚਾਰ ਕਰਨ ਵਾਲਾ ਪੰਜਾਬੀ ਦਾ ਪਹਿਲਾ ਪਰਚਾ ਸੀ। ਇਸ ਵਿਚਾਰਧਾਰਕ ਕੇਂਦਰ ਨੂੰ ਖੜ੍ਹਾ ਕਰਨ ਲਈ ਪੰਜਾਬ ਦੇ ਇਨਕਲਾਬੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੀਜੀ ਇੰਟਰਨੈਸ਼ਨਲ ਦੀ ਇਕ ਦਸਤਾਵੇਜ਼ ਵਿਚ ਕਿਰਤੀ ਵਲੋਂ ਕੀਤੇ ਜਾਣ ਵਾਲੇ ਕੰਮ ਦੀ ਸਲਾਘਾ ਕੀਤੀ ਸੀ। ਇਸ ਵਿਚ ਲਿਖਿਆ ਸੀ: "ਖ਼ਾਸ ਤੌਰ ਉਤੇ ਪੰਜਾਬ ਦੇ ਕਿਸਾਨਾਂ ਵਿਚ, ਜਿਨ੍ਹਾਂ ਨੇ 1919-22 ਦੀ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਸਿਆਸੀ ਚੇਤਨਤਾ ਕਾਫ਼ੀ ਅੱਗੇ ਵਧ ਚੁਕੀ ਹੈ। ਪੰਜਾਬ ਕਿਸਾਨਾਂ ਦੀ ਸਿਆਸੀ ਪਾਰਟੀ, ਜਿਸ ਦਾ ਨਾਂ ਗ਼ਦਰ ਪਾਰਟੀ ਹੈ, ਨੇ ਆਪਣਾ ਪਰਭਾਵ ਵਧਾ ਲਿਆ ਹੈ ਤੇ ਵਿਚਾਰਧਾਰਕ ਤੌਰ ਉਤੇ ਇਸ ਨੇ ਮਿਹਨਤਕਸ਼ ਅਵਾਮ ਦੀ ਪਾਰਟੀ ਬਣਨ ਵੱਲ ਵਿਕਾਸ ਕਰਨਾ ਸ਼ੁਰੂ ਕਰ ਦਿਤਾ ਹੈ। ਪੰਜਾਬ ਕਿਸਾਨ ਲਹਿਰ ਦੇ ਰਸਾਲੇ ਵਿਚ ਜਿਹੜਾ ਕੇ ਭਾਰਤ ਵਿਚ ਆਪਣੀ ਹੀ ਪਰਕਾਰ ਦਾ ਰਸਾਲਾ ਹੈ, ਸਾਨੂੰ ਮਜ਼ਦੂਰ ਜਮਾਤ ਦੇ ਅੰਤਰ-ਰਾਸ਼ਟਰਵਾਦ ਵੱਲ ਵਧਣ ਦਾ ਚੇਤੰਨ ਜਤਨ ਵੇਖਣ ਵਿਚ ਮਿਲੇਗਾ। "ਜਿਵੇਂ ਕਿ ਅਸੀਂ ਪਿਛੇ ਦੱਸ ਆਏ ਹਾਂ 1919-22 ਦੀਆਂ ਘਟਨਾਵਾਂ ਵਿਚ ਪੰਜਾਬ ਦੀ ਕਿਸਾਨੀ ਨੇ ਕੋਈ ਖ਼ਾਸ ਦਿਲਚਸਪੀ ਨਹੀਂ ਸੀ ਦਿਖਾਈ; ਗ਼ਦਰ ਪਾਰਟੀ ਉਸ ਵੇਲੇ ਪੰਜਾਬ ਦੇ ਕਿਸਾਨਾਂ ਦੀ ਪਾਰਟੀ ਨਹੀਂ ਸੀ; ਗ਼ਦਰ ਪਾਰਟੀ ਅਮਰੀਕਾ ਵਿਚ ਪੰਜਾਬ ਦੇ ਕਿਸਾਨਾਂ ਦੀ ਪਾਰਟੀ ਹੀ ਸੀ ਤੇ ਪੰਜਾਬ ਵਿਚ ਇਸ ਦਾ ਪਰਭਾਵ ਉਸ ਵੇਲੇ ਮਾਮੂਲੀ ਹੀ ਸੀ। ਤੀਜੀ ਇੰਟਰਨੈਸ਼ਨਲ ਦੇ ਇਸ ਖੱਬੇ ਦੌਰ (1928-34) ਸਮੇਂ ਅਸਲੀਅਤ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ। ਇਹ ਉਪਰਲੀ ਟੂਕ ਤੋਂ ਵੀ ਸਪੱਸ਼ਟ ਹੈ ਅਤੇ ਤੀਜੀ ਇੰਟਰਨੈਸ਼ਨਲ ਦੀਆਂ ਭਾਰਤ ਸੰਬੰਧੀ ਉਸ ਸਮੇਂ ਦੀਆਂ ਸਾਰੀਆਂ ਦਸਾਤਵੇਜ਼ਾਂ ਵਿਚ ਦੇਖਣ ਨੂੰ ਮਿਲਦਾ ਹੈ। )
ਪਰ ਅਸਲ ਵਿਚ ਵੇਖਿਆ ਜਾਵੇ ਤਾਂ ਇਸ ਵੇਲੇ (1926-28) ਕਿਰਤੀ ਦੇ ਆਲੇ-ਦੁਆਲੇ ਜੁੜੇ ਲੋਕਾਂ ਦੇ ਵਿਚਾਰ ਮਿਲੀਟੈਂਟ ਅਕਾਲੀ ਵਿਚਾਰਧਾਰਾ, ਗ਼ਦਰ ਵਿਚਾਰਧਾਰਾ, ਤੇ ਸਮਾਜਵਾਦ ਦੇ ਮੋਟੇ ਮੋਟੇ ਵਿਚਾਰਾਂ ਦਾ ਮਿਲਭੋਗਾ ਹੀ ਸਨ। ਉਹਨਾਂ ਦੀ ਮਾਨਸਿਕ ਬਣਤਰ ਧਾਰਮਕਤਾ ਅਨੁਸਾਰ ਢਲੀ ਹੋਈ ਸੀ। ਭਾਈ ਸੰਤੋਖ ਸਿੰਘ ਜੇ ਇਕ ਪਾਸੇ ਕੈਪੀਟਲ ਪੜ੍ਹਦੇ ਸਨ, ਤਾਂ ਦੂਸਰੇ ਪਾਸੇ ਗੁਰਬਾਣੀ ਦਾ ਪਾਠ ਵੀ ਕਰਦੇ ਸਨ। ਪਰ ਤਾਂ ਵੀ ਰੂਸੀ ਇਨਕਲਾਬ ਦਾ ਸਮੁੱਚਾ ਪਰਭਾਵ ਬਹੁਤ ਮਹੱਤਵਪੂਰਨ ਸੀ। ਇਸ ਨੇ ਨਵੀਂ ਪਰਕਾਰ ਦੀ ਦੁਨੀਆ ਦਾ ਸੁਪਨਾ ਪੰਜਾਬੀ ਲੋਕਾਂ ਅੱਗੇ ਆਮ ਕਰਕੇ ਤੇ ਨੌਜਵਾਨਾਂ ਅੱਗੇ ਖ਼ਾਸ ਕਰਕੇ ਰਖਿਆ, ਜਿਸ ਨੂੰ ਜਦੋ-ਜਹਿਦ ਰਾਹੀਂ ਸਾਕਾਰ ਕੀਤਾ ਜਾ ਸਕਦਾ ਸੀ। ਇਸ ਪਰਭਾਵ ਦਾ ਸਾਧਾਰਨੀਕਰਨ ਅਸੀਂ ਇੰਜ ਵੀ ਕਰ ਸਕਦੇ ਹਾਂ, ਕਿ ਉਹ ਲੋਕ ਜੋ ਪੰਜਾਬ ਵਿਚ ਕਮਿਊਨਿਸਟ ਲਹਿਰ ਦੇ ਮੋਢੀ ਬਣੇ, ਮਾਰਕਸਵਾਦ ਦੇ ਸਿਧਾਂਤਾਂ ਤੋਂ ਨਹੀਂ, ਰੂਸੀ ਇਨਕਲਾਬ ਦੀਆਂ ਠੋਸ ਪਰਾਪਤੀਆਂ ਤੋਂ ਪ੍ਰਭਾਵਤ ਹੋਏ ਸਨ।
ਮਾਰਕਸਵਾਦੀ ਸਿਧਾਂਤ ਤੋਂ ਪ੍ਰਭਾਵਤ ਹੋਣ ਅਤੇ ਕਿਸੇ ਦੇਸ ਵਿਚ ਉਸੇ ਸਿਧਾਂਤ ਦੀ ਸਮਝ ਨਾਲ਼ ਕੀਤੇ ਇਨਕਲਾਬ ਦੀਆਂ ਠੋਸ ਪਰਾਪਤੀਆਂ ਤੋਂ ਪ੍ਰਭਾਵਤ ਹੋਣ ਵਿਚ ਅੰਤਰ ਹੈ। ਇਕ ਦਾ ਝੁਕਾਅ ਮਾਰਕਸਵਾਦ ਨੂੰ ਵਿਗਿਆਨਕ ਢੰਗ ਵਜੋਂ ਸਮਝਣ ਤੇ ਅਪਣਾਉਣ ਵੱਲ ਹੁੰਦਾ ਹੈ ਤੇ ਇਸ ਨੂੰ ਅਪਣਾ ਕੇ ਯਥਾਰਥਥ ਦਾ ਵਿਸ਼ਲੇਸ਼ਣ ਕਰਕੇ ਉਸ ਨੂੰ ਬਦਲਣ ਵੱਲ ਹੁੰਦਾ ਹੈ; ਜਦੋਂ ਕਿ ਦੂਸਰੇ ਦਾ ਝੁਕਾਅ ਉਸ ਦੇਸ ਦੀਆਂ ਪਰਾਪਤੀਆਂ ਨੂੰ ਮਾਡਲ ਵਜੋਂ ਆਪਣਾ ਉਦੇਸ਼ ਸਮਝਣ ਵੱਲ ਹੁੰਦਾ ਹੈ ਜਿਸ ਵਿਚ ਉਸ ਦੇਸ ਦੀਆਂ ਠੋਸ ਹਾਲਤਾਂ ਵਿਚ ਵਿਕਸਤ ਕੀਤੀਆਂ ਫ਼ਾਰਮੂਲੇਸ਼ਨਾਂ ਤੇ ਜਥੇਬੰਦਕ ਰੂਪਾਂ ਨੂੰ ਇਨ-ਬਿਨ ਕਾਪੀ ਕਰਨ ਦਾ ਅਚੇਤ ਜਾਂ ਸੁਚੇਤ ਜਤਨ ਵੀ ਛੁਪਿਆ ਹੁੰਦਾ ਹੈ। ਭਗਤ ਸਿੰਘ ਤੇ ਸੋਹਨ ਸਿੰਘ ਜੋਸ਼ ਦੋਵੇਂ ਸਮਕਾਲੀ ਸਨ ਤੇ ਉਨ੍ਹਾਂ ਨੇ ਕੁਝ ਦੇਰ ਲਈ ਨੌਜਵਾਨ ਭਾਰਤ ਸਭਾ ਵਿਚ ਇਕੱਠਿਆਂ ਕੰਮ ਵੀ ਕੀਤਾ। ਪਰ ਭਗਤ ਸਿੰਘ ਭਿੰਨ ਹੈ ਤੇ ਉਸ ਦਾ ਬੋਧਿਕ ਵਿਕਾਸ ਵੀ ਹੋਰ ਤਰ੍ਹਾਂ ਹੋਇਆ।

Sunday, December 5, 2010

ਰਾਡੀਆ ਟੇਪਾਂ ਦੇ ਇੰਕਸ਼ਾਫ਼-ਪ੍ਰਫੁੱਲ ਬਿਦਵਈ


ਬੁਰੀ ਤਰ੍ਹਾਂ ਗਲ-ਸੜ ਚੁੱਕਾ ਹੈ ਰਾਜਨੀਤਕ ਪ੍ਰਬੰਧ

2-ਜੀ ਸਪੈਕਟਰਮ ਘੁਟਾਲੇ ਦੇ ਪੈ ਰਹੇ ਰੌਲੇ-ਰੱਪੇ ਵਿਚ ਇਕ ਹੋਰ ਸਕੈਂਡਲ ਦਾ ਸਦਮੇ ਭਰਪੂਰ ਖੁਲਾਸਾ ਹੋਇਆ ਹੈ ਜੋ ਕਿ ਪਹਿਲੇ ਘੁਟਾਲੇ ਨਾਲ ਹੀ ਜੁੜਿਆ ਹੈ। ਇਹ ਮਹੱਤਵਪੂਰਨ ਨੀਤੀਗਤ ਫ਼ੈਸਲਿਆਂ ਅਤੇ ਮੰਤਰੀ ਪੱਧਰ ਦੀਆਂ ਨਿਯੁਕਤੀਆਂ ਨੂੰ ਪ੍ਰਭਾਵਿਤ ਕਰਨ ਲਈ ਵੱਡੇ ਕਾਰਪੋਰੇਟ ਘਰਾਣਿਆਂ, ਰਾਜਸੀ ਪਾਰਟੀਆਂ ਤੇ ਮੀਡੀਆ ਦੇ ਗਠਜੋੜ ਨਾਲ ਸੰਬੰਧਿਤ ਹੈ। 'ਆਉਟਲੁਕ' ਅਤੇ 'ਓਪਨ' ਮੈਗਜ਼ੀਨਾਂ ਨੇ ਟਾਟਾ ਤੇ ਮੁਕੇਸ਼ ਅੰਬਾਨੀ ਗਰੁੱਪ ਲਈ ਜੋੜ-ਤੋੜ ਕਰਨ ਵਾਲੀ ਨੀਰਾ ਰਾਡੀਆ ਅਤੇ ਅਨੇਕਾਂ ਪੱਤਰਕਾਰਾਂ, ਸਨਅਤਕਾਰਾਂ ਅਤੇ ਸਿਆਸਤਦਾਨਾਂ ਵਿਚਕਾਰ ਫੋਨ 'ਤੇ ਸਮੇਂ-ਸਮੇਂ ਹੋਈ ਗੱਲਬਾਤ ਦੇ ਕੁਝ ਹਿੱਸਿਆਂ ਨੂੰ ਲਿਖਤੀ ਰੂਪ 'ਚ ਪ੍ਰਕਾਸ਼ਿਤ ਕੀਤਾ ਹੈ। ਇਹ ਗੱਲਬਾਤ ਦਰਸਾਉਂਦੀ ਹੈ ਕਿ ਕਿਵੇਂ ਪੱਤਰਕਾਰ ਆਪਣੇ ਪੇਸ਼ੇ ਦੀਆਂ ਨੈਤਿਕ ਹੱਦਾਂ ਲੰਘ ਕੇ ਸਿਆਸੀ ਭੂਮਿਕਾ ਅਦਾ ਕਰਦੇ ਹਨ। ਇਹ ਗੱਲਬਾਤ ਰਾਡੀਆ ਦੀ ਪ੍ਰਭਾਵਸ਼ਾਲੀ ਤਾਣੇ-ਬਾਣੇ ਨੂੰ ਸਿਰਜਣ ਦੀ ਨਿਪੁੰਨਤਾ ਅਤੇ ਪ੍ਰਭਾਵ ਨੂੰ ਦਰਸਾਉਂਦੀ ਹੈ ਜਿਸ ਦੇ ਜ਼ਰੀਏ ਹੋਰਾਂ ਵਾਂਗ 'ਹਿੰਦੁਸਤਾਨ ਟਾਈਮਜ਼' ਦੇ ਵੀਰ ਸੰਘਵੀ ਅਤੇ ਐਨ. ਡੀ. ਟੀ. ਵੀ. ਦੀ ਬਰਖਾ ਦੱਤ ਨੂੰ ਇਕ ਅਜਿਹੇ ਵਿਚੋਲਿਆਂ ਵਜੋਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜੋ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਵਿਚ ਅਹਿਮ ਮੰਤਰਾਲਿਆਂ ਦੀ ਵੰਡ ਨੂੰ ਪ੍ਰਭਾਵਿਤ ਕਰਨ। ਇਸ ਯਤਨ ਦਾ ਮੁੱਖ ਉਦੇਸ਼ ਏ. ਰਾਜਾ ਨੂੰ ਦੂਰਸੰਚਾਰ ਮਹਿਕਮਾ ਦਿਵਾਉਣਾ ਸੀ।
ਦੂਜੇ ਮਾਮਲੇ ਦਾ ਸਬੰਧ, ਮੁਕੇਸ਼ ਤੇ ਅਨਿਲ ਅੰਬਾਨੀ ਵਿਚਕਾਰ ਚਲਦੇ ਝਗੜੇ 'ਤੇ ਜੂਨ 2009 ਵਿਚ ਬੰਬਈ ਹਾਈ ਕੋਰਟ ਦੇ ਆਏ ਫ਼ੈਸਲੇ ਨਾਲ ਸੀ। ਇਹ ਝਗੜਾ ਕ੍ਰਿਸ਼ਨਾ-ਗੋਦਾਵਰੀ ਨਦੀ ਖੇਤਰ ਵਿਚੋਂ ਨਿਕਲਦੀ ਕੁਦਰਤੀ ਗੈਸ ਦੀ ਵੰਡ ਤੇ ਮੁੱਲ-ਨਿਰਧਾਰਨ ਨੂੰ ਲੈ ਕੇ ਸੀ। ਇਥੇ ਵੀ ਰਾਡੀਆ ਨੇ ਮੁਕੇਸ਼ ਅੰਬਾਨੀ ਦੇ ਪੱਖ ਦਾ ਸਮਰਥਨ ਕਰਨ ਲਈ ਪੱਤਰਕਾਰਾਂ ਨੂੰ ਪ੍ਰੇਰਿਤ ਕੀਤਾ ਤੇ ਹਲਕੇ ਢੰਗ ਨਾਲ ਧਮਕਾਇਆ ਵੀ। ਹਿੰਦੁਸਤਾਨ ਟਾਈਮਜ਼ ਦੇ ਵੀਰ ਸੰਘਵੀ ਨੇ ਰਾਡੀਆ ਦੇ ਕਹੇ ਅਨੁਸਾਰ ਕਾਲਮ ਵੀ ਲਿਖਿਆ।
ਰਾਡੀਆ ਟੇਪਾਂ
2-ਜੀ ਸਪੈਕਟਰਮ ਅਤੇ ਰਾਡੀਆ ਟੇਪ ਸਕੈਂਡਲਾਂ ਤੋਂ ਇਹ ਪਤਾ ਲਗਦਾ ਹੈ ਕਿ ਦੇਸ਼ ਦੀ ਕੌਮੀ ਜਾਇਦਾਦ ਬੇਸ਼ਕੀਮਤੀ ਜਨਤਕ ਸੋਮੇ ਅਕਸਰ ਪੱਤਰਕਾਰਾਂ ਦੀ ਮਦਦ ਨਾਲ ਲਾਲਚੀ ਕਾਰੋਬਾਰੀ ਲੋਕਾਂ ਤੇ ਭ੍ਰਿਸ਼ਟ ਸਿਆਸਤਦਾਨਾਂ ਦੁਆਰਾ ਕਿਸ ਤਰ੍ਹਾਂ ਵੇਚੇ ਤੇ ਲੁੱਟੇ ਜਾ ਰਹੇ ਹਨ। ਦੋਵੇਂ ਘੁਟਾਲੇ ਪਹਿਲਾਂ ਲੋਕਾਂ ਦੀ ਚਰਚਾ ਦਾ ਵਿਸ਼ਾ ਨਹੀਂ ਬਣੇ ਕਿਉਂਕਿ ਬਹੁਗਿਣਤੀ ਮੀਡੀਆ ਅਦਾਰਿਆਂ ਨੇ ਇਸ ਜਾਣਕਾਰੀ ਨੂੰ ਦਬਾਈ ਰੱਖਿਆ, ਭਾਵੇਂ ਉਹ ਇਹ ਦਾਅਵਾ ਕਰਦੇ ਹਨ ਕਿ ਜਮਹੂਰੀਅਤ ਦਾ ਚੌਥਾ ਥੰਮ੍ਹ ਮੀਡੀਆ ਸੱਚ ਦਾ ਰਖਵਾਲਾ ਹੈ ਅਤੇ ਜਮਹੂਰੀਅਤ ਦਾ ਪਹਿਰੇਦਾਰ ਹੈ। ਇਹ ਘਪਲੇ ਪ੍ਰਸ਼ਾਸਨ ਪ੍ਰਣਾਲੀ ਵਿਚਲੀ ਕਾਨੂੰਨ ਨਾਂਅ ਦੀ ਚੀਜ਼ ਨੂੰ ਖਾਈ ਜਾ ਰਹੇ ਹਨ।
ਦੂਰਸੰਚਾਰ ਘੁਟਾਲੇ ਦੀ ਜੜ੍ਹ ਸਿਰਫ਼ ਭ੍ਰਿਸ਼ਟਾਚਾਰ, ਦੂਰਸੰਚਾਰ ਮਹਿਕਮੇ ਦੀਆਂ ਲਾਇਸੰਸ ਦੇਣ ਦੀਆਂ ਸ਼ਰਤਾਂ ਦੀ ਉਲੰਘਣਾ ਅਤੇ ਨਿਯਮਾਂ ਦੀ ਪਾਲਣਾ ਕਰਵਾਉਣ 'ਚ ਮਿਲੀਆਂ ਅਸਫਲਤਾਵਾਂ ਹੀ ਨਹੀਂ ਹਨ, ਸਗੋਂ ਇਨ੍ਹਾਂ ਦਾ ਮੁੱਖ ਕਾਰਨ 1999 ਵਿਚ ਬਣਾਈ ਗਈ ਬੇਹੱਦ ਗ਼ਲਤ ਦੂਰਸੰਚਾਰ ਨੀਤੀ ਹੈ, ਜੋ ਕਿ ਅਜੇ ਤੱਕ ਵੀ ਜਾਰੀ ਹੈ। ਇਹ ਨੀਤੀ ਸ਼ਰੇਆਮ ਪੱਖਪਾਤੀ ਫ਼ੈਸਲਿਆਂ ਨੂੰ ਹਰੀ ਝੰਡੀ ਦਿੰਦੀ ਹੈ ਜਿਸ ਵਿਚ 2-ਜੀ ਸਪੈਕਟਰਮ ਸੇਵਾ ਦੇ ਲਾਇਸੰਸ ਦੇਣ ਦੇ ਮਾਮਲੇ 'ਚ 'ਪਹਿਲਾਂ ਆਓ ਪਹਿਲਾਂ ਪਾਓ' ਦਾ ਅਪਣਾਇਆ ਫ਼ੈਸਲਾ ਵੀ ਸ਼ਾਮਿਲ ਹੈ। ਇਲੈਕਟ੍ਰੋਮੈਗਨੇਟਿਕ ਸਪੈਕਟਰਮ ਜਿਹੇ ਬੇਸ਼ਕੀਮਤੀ ਅਤੇ ਦੁਰਲੱਭ ਸਾਧਨਾਂ ਦੇ ਮਾਮਲੇ 'ਚ ਇਹ ਸਮਝਦਾਰੀ ਦੀ ਨੀਤੀ ਨਹੀਂ ਹੈ ਜਿਸ ਦੀ ਅਸਲੀ ਮਾਲੀ ਕੀਮਤ ਦੇ ਬਾਰੇ ਕੁਝ ਪਤਾ ਨਹੀਂ ਹੈ। 2001 ਵਿਚ ਇਸ ਦੀ ਕੀਮਤ ਆਪਹੁਦਰੇ ਢੰਗ ਨਾਲ ਤੈਅ ਕਰ ਦਿੱਤੀ ਗਈ ਸੀ।
ਜੇਕਰ 2-ਜੀ ਸਪੈਕਟਰਮ ਦੀ ਨਿਲਾਮੀ ਨੂੰ ਵਿਆਪਕ ਸਮਾਜਿਕ ਉਦੇਸ਼ਾਂ ਨਾਲ ਜੋੜਿਆ ਜਾਂਦਾ ਜਿਸ ਵਿਚ ਇਸ ਸੇਵਾ ਦੀ ਪੇਂਡੂ ਤੇ ਗਰੀਬ ਆਬਾਦੀ ਤੱਕ ਪਹੁੰਚ, ਜਾਇਜ਼ ਸੇਵਾਵਾਂ, ਸਿਹਤਮੰਦ ਮੁਕਾਬਲਾ ਅਤੇ ਜੁੱਟਬੰਦੀ 'ਤੇ ਰੋਕ ਆਦਿ ਪਹਿਲੂ ਸ਼ਾਮਿਲ ਹੁੰਦੇ, ਤਾਂ ਇਹ ਨਿਲਾਮੀ ਕਿਤੇ ਬਿਹਤਰ ਕਹੀ ਜਾਂਦੀ। ਪਰ ਇਸ ਦੂਰਸੰਚਾਰ ਨੀਤੀ ਨੇ ਖਪਤਕਾਰਾਂ ਦੇ ਹਿਤਾਂ ਅਤੇ ਸੰਤੁਲਿਤ ਦੂਰਸੰਚਾਰ ਵਿਕਾਸ ਦੇ ਵਿਰੋਧ ਵਿਚ ਜੁਟਬੰਦੀ ਨੂੰ ਉਤਸ਼ਾਹਿਤ ਕੀਤਾ।
ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਦੂਰਸੰਚਾਰ ਨੀਤੀ ਦੀ ਵੀ ਨਾਲ ਹੀ ਜਾਂਚ ਹੋਵੇ। ਇਹ ਜ਼ਰੂਰੀ ਹੈ ਜੇਕਰ ਪਿਛਲੇ ਘਪਲਿਆਂ ਦੀ ਜਾਂਚ ਵੀ ਕੀਤੀ ਜਾਣੀ ਹੈ ਜਿਸ ਵਿਚ ਕੌਮੀ ਲੋਕਤੰਤਰਿਕ ਗਠਜੋੜ ਦੀ ਸਰਕਾਰ ਵੇਲੇ ਰਿਲਾਇੰਸ ਨੂੰ ਵਾਇਰਲੈਸ-ਇਨ-ਲੋਕਲ-ਲੂਪ ਲਾਇਸੰਸ ਨੂੰ ਮੋਬਾਈਲ ਟੈਲੀਫੋਨ ਵਿਚ ਤਬਦੀਲ ਕਰਨ ਦੀ ਦਿੱਤੀ ਗਈ ਇਜਾਜ਼ਤ ਅਤੇ ਟਾਟਾ ਤੇ ਰਿਲਾਇੰਸ ਨੂੰ ਸੀ. ਡੀ. ਐਮ. ਏ. ਤੋਂ ਜੀ. ਐਸ. ਐਮ. ਦੇ ਵਿਸਥਾਰ ਦੀ ਇਜਾਜ਼ਤ ਦੇਣਾ ਆਦਿ ਵੀ ਸ਼ਾਮਿਲ ਹਨ। ਸੰਸਦੀ ਕਮੇਟੀਆਂ ਨੂੰ ਨੀਤੀਗਤ ਮਸਲਿਆਂ 'ਤੇ ਵੀ ਗ਼ੌਰ ਕਰਨਾ ਚਾਹੀਦਾ ਹੈ ਜੇਕਰ ਉਹ ਸਰਕਾਰ 'ਤੇ ਕੰਟਰੋਲ ਰੱਖਣਾ ਚਾਹੁੰਦੀਆਂ ਹਨ। ਪਰ ਰਾਡੀਆ ਦੀਆਂ ਟੇਪਾਂ ਨਾਲ ਸਾਹਮਣੇ ਆਈ ਮੀਡੀਆ ਦੀ ਭੂਮਿਕਾ ਬਾਰੇ ਕੀ ਕਿਹਾ ਜਾਵੇ ਜੋ ਇਸ ਨੇ 2-ਜੀ ਸਪੈਕਟਰਮ ਮਾਮਲੇ ਅਤੇ ਕੁਦਰਤੀ ਗੈਸ ਘੁਟਾਲੇ ਦੇ ਮਾਮਲੇ ਵਿਚ ਨਿਭਾਈ ਹੈ? ਇਥੇ ਪੱਤਰਕਾਰਾਂ ਅਤੇ ਉਨ੍ਹਾਂ ਦੇ ਸੂਤਰਾਂ ਵਿਚਕਾਰ ਉਚਿਤ ਸਬੰਧਾਂ ਦੀਆਂ ਸੀਮਾਵਾਂ ਸਹਿਤ ਅਨੇਕਾਂ ਮੁੱਦੇ ਉੱਠਦੇ ਹਨ। ਪਹਿਲਾ ਮੁੱਦਾ ਇਹ ਹੈ ਕਿ ਸਨਅਤਕਾਰਾਂ ਦੇ ਹਿਤਾਂ ਲਈ ਲਾਬਿੰਗ (ਜੋੜ-ਤੋੜ ਕਰਨ ਵਾਲੇ) ਆਪਣੇ ਦਖ਼ਲ ਨਾਲ ਵੱਡੇ-ਵੱਡੇ ਸਨਅਤਕਾਰਾਂ ਅਤੇ ਵਪਾਰੀਆਂ ਦੇ ਫਾਇਦੇ ਲਈ ਰਾਹ ਖੋਲ੍ਹਦੇ ਜਾਂ ਬੰਦ ਕਰਦੇ ਹਨ। ਦੂਜਾ, ਕੁਝ ਸਿਖਰਲੇ ਟੀ. ਵੀ. ਐਂਕਰ ਅਤੇ ਅਖ਼ਬਾਰੀ ਪੱਤਰਕਾਰ ਸਿਆਸੀ ਦਲਾਲ ਬਣ ਗਏ ਹਨ।
ਪੱਤਰਕਾਰਾਂ ਦਾ ਰੋਲ
ਰਾਡੀਆ ਦੀਆਂ ਟੇਪਾਂ ਤੋਂ ਇਹ ਸਾਫ਼ ਹੋ ਗਿਆ ਹੈ ਕਿ ਸੰਘਵੀ ਅਤੇ ਬਰਖਾ ਦੱਤ ਨੇ ਇਕ ਸੀਨੀਅਰ ਕਾਂਗਰਸੀ ਨੇਤਾ ਤੱਕ ਪਹੁੰਚ ਰਾਡੀਆ ਦੇ ਹੁਕਮ ਨਾਲ ਕੀਤੀ ਤਾਂ ਕਿ ਡੀ. ਐਮ. ਕੇ. ਦਾ ਦਯਾਨਿਧੀ ਮਾਰਨ ਦੂਰਸੰਚਾਰ ਮਹਿਕਮੇ ਦੇ ਮੰਤਰੀ ਦੀ ਚੋਣ ਨੂੰ ਪ੍ਰਭਾਵਿਤ ਨਾ ਕਰ ਸਕੇ ਅਤੇ ਰਾਜਾ ਕਨੀਮੋਝੀ ਗਰੁੱਪ ਹਾਵੀ ਹੋ ਜਾਵੇ। ਇੰਡੀਆ ਟੁਡੇ ਗਰੁੱਪ ਦਾ ਪ੍ਰਭੂ ਚਾਵਲਾ ਥੋੜ੍ਹਾ ਜਿਹਾ ਘੱਟ ਸ਼ਾਮਿਲ ਸੀ ਜਿਸ ਨੇ ਇਹ ਸਲਾਹ ਦੇਣ ਦੀ ਪੇਸ਼ਕਸ਼ ਕੀਤੀ ਕਿ ਸੁਪਰੀਮ ਕੋਰਟ ਵਿਚ ਗੈਸ ਮੁਕੱਦਮੇ ਨਾਲ ਕਿਵੇਂ ਨਿਪਟਿਆ ਜਾਣਾ ਚਾਹੀਦਾ ਹੈ। ਪਰ ਜੋ ਸਹੀ ਨਹੀਂ ਹੈ ਅਤੇ ਜੋ ਨਿਸ਼ਚਿਤ ਰੂਪ ਨਾਲ ਪੱਤਰਕਾਰੀ ਦੀ ਨੈਤਿਕਤਾ ਦੇ ਵਿਰੁੱਧ ਜਾਂਦਾ ਹੈ, ਉਹ ਲੋਕਾਂ ਨੂੰ ਮੰਤਰੀ ਬਣਾਉਣ ਅਤੇ ਹੋਰ ਅਹੁਦੇ ਦਿਵਾਉਣ ਲਈ ਸੱਤਾ ਵਿਚ ਬੈਠੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੈ ਅਤੇ ਉਹ ਵੀ ਉਨ੍ਹਾਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਜੋ ਪੇਸ਼ਕਸ਼ ਲਿਆਉਣ ਵਾਲਿਆਂ ਨੂੰ ਨਿਯੁਕਤ ਕਰਦੀਆਂ ਹਨ।
ਪੇਸ਼ਾਵਰ ਤੌਰ 'ਤੇ ਢੁਕਵੀਂ ਜਾਣਕਾਰੀ ਹਾਸਲ ਕਰਨ ਲਈ ਸਰੋਤਾਂ ਨੂੰ ਬਹਿਲਾਉਣਾ ਅਤੇ ਫੁਸਲਾਉਣਾ ਇਕ ਚੀਜ਼ ਹੈ। ਪਰ ਪੇਸ਼ਾਵਰ ਪੇਸ਼ਕਸ਼ ਅਤੇ ਉਸ ਦੀ ਕੰਪਨੀ ਲਈ ਇਹ ਸਾਰਾ ਕੁਝ ਕਰਨਾ ਬਿਲਕੁਲ ਦੂਸਰੀ ਚੀਜ਼ ਹੈ, ਜਿਸ ਵਿਚ ਸੂਚਨਾ, ਵਿਸ਼ਲੇਸ਼ਣ ਅਤੇ ਸਪੱਸ਼ਟੀਕਰਨ ਦਾ ਵਿਸ਼ਾ ਨਹੀਂ ਹੈ ਬਲਕਿ ਬੇਢੰਗੇ ਰਾਜਨੀਤਕ ਪ੍ਰਭਾਵ ਦਾ ਵਿਸ਼ਾ ਹੈ। ਪੱਤਰਕਾਰਾਂ ਵੱਲੋਂ ਸੱਤਾ ਵਿਚ ਬੈਠੇ ਲੋਕਾਂ ਤੱਕ ਆਪਣੀ ਪਹੁੰਚ ਦਾ ਇਸ ਤਰ੍ਹਾਂ ਨਾਲ ਇਸਤੇਮਾਲ ਕਰਨਾ ਅਤੇ ਉਨ੍ਹਾਂ ਲਈ ਲੇਖ ਲਿਖਣ ਲਈ ਰਾਜ਼ੀ ਹੋਣਾ ਉਚਿਤ ਨਹੀਂ ਹੈ। ਕਦੇ-ਕਦੇ ਪੱਤਰਕਾਰ ਕਿਸੇ ਸਰੋਤ ਤੋਂ ਪ੍ਰਾਪਤ ਸੂਚਨਾ ਦਾ ਇਸਤੇਮਾਲ ਵਿਰੋਧੀ ਤੋਂ ਜ਼ਿਆਦਾ ਗੱਲਾਂ ਕਢਵਾਉਣ ਅਤੇ ਉਸ ਦਾ ਵਿਸ਼ਲੇਸ਼ਣ ਕਰਨ ਲਈ ਦੂਸਰੇ ਸਰੋਤ ਤੋਂ ਮਦਦ ਲੈਣ ਦੇ ਉਦੇਸ਼ ਨਾਲ ਕਰਦੇ ਹਨ। ਪਰ ਅਜਿਹੇ ਮਾਮਲਿਆਂ 'ਚ ਇਕ ਰੇਖਾ ਖਿੱਚੀ ਜਾਣੀ ਚਾਹੀਦੀ ਹੈ।
ਸੰਘਵੀ ਅਤੇ ਬਰਖਾ ਦੱਤ ਦੁਆਰਾ ਦਿੱਤੀ ਗਈ ਸਵੈ-ਪ੍ਰਮਾਣਿਕਤਾ ਵਿਸ਼ਵਾਸਯੋਗ ਨਹੀਂ ਹੈ। ਇਹ ਦਾਅਵਾ ਕਿ ਐਨ. ਡੀ. ਟੀ. ਵੀ. ਰਾਜਾ ਵਿਰੋਧੀ ਖ਼ਬਰਾਂ ਦਿੰਦਾ ਰਿਹਾ ਹੈ, ਬਰਖਾ ਦੱਤ ਦੀ ਇਸ ਪੇਸ਼ਕਸ਼ ਨੂੰ ਠੀਕ ਨਹੀਂ ਠਹਿਰਉਂਦਾ ਕਿ ਉਹ ਰਾਡੀਆ ਵੱਲੋਂ ਕਾਂਗਰਸੀ ਨੇਤਾਵਾਂ ਲਈ ਕੰਮ ਕਰਨ ਲਈ ਤਿਆਰ ਹੋ ਗਈ ਸੀ। ਸੰਘਵੀ ਦਾ ਇਹ ਬਹਾਨਾ ਵੀ ਕੰਮ ਨਹੀਂ ਕਰੇਗਾ ਕਿ ਉਹ ਰਾਡੀਆ ਨੂੰ ਕੇਵਲ ਉਕਸਾ ਰਹੇ ਸਨ।
ਮੀਡੀਆ ਦੀ ਭਰੋਸੇਯੋਗਤਾ ਲਈ ਇਨ੍ਹਾਂ ਰੇਖਾਵਾਂ ਨੂੰ ਲੰਘਣਾ ਖ਼ਤਰਨਾਕ ਹੈ ਜੋ ਇਸ ਦੀ ਸਭ ਤੋਂ ਵੱਡੀ ਪੂੰਜੀ ਹਨ। ਬਹੁਤ ਸਾਰੇ ਪੱਤਰਕਾਰ ਇਸ ਪੇਸ਼ੇ ਦੀਆਂ ਉਚਿਤ ਸੀਮਾਵਾਂ ਨੂੰ ਲੰਘ ਚੁੱਕੇ ਹਨ। ਕੁਝ ਪੱਤਰਕਾਰ ਕਾਰਪੋਰੇਸ਼ਨਾਂ ਦੇ ਸਲਾਹਕਾਰ, ਪ੍ਰਚਾਰਕ ਅਤੇ ਮਾਹਿਰ ਬਣ ਚੁੱਕੇ ਹਨ। ਕੁਝ ਪੰਜ ਸਿਤਾਰਾ ਹੋਟਲਾਂ ਵਿਚ 'ਭੋਜਨ ਸਲਾਹਕਾਰ' ਦੇ ਤੌਰ 'ਤੇ ਕੰਮ ਕਰਦੇ ਹਨ। ਬਹੁਤ ਸਾਰੇ ਹੋਟਲਾਂ, ਏਅਰਲਾਈਨਜ਼ ਅਤੇ ਹੋਰ ਅਦਾਰਿਆਂ ਤੋਂ ਮਿਲਣ ਵਾਲੀਆਂ ਮੁਫ਼ਤ ਸੇਵਾਵਾਂ ਦਾ ਮਜ਼ਾ ਉਠਾਉਂਦੇ ਹਨ।
ਇਹ ਹਾਲਾਤ ਬਹੁਤ ਬੁਰੇ ਅਤੇ ਨੈਤਿਕ ਤੌਰ 'ਤੇ ਹੋਰ ਵੀ ਬੁਰੇ ਹੋ ਜਾਣਗੇ, ਜੇਕਰ ਪੱਤਰਕਾਰ ਰਾਜਨੀਤਕ ਦਲਾਲ ਬਣ ਗਏ ਅਤੇ ਕਾਰਪੋਰੇਟ ਤੋਂ ਨਿਰਦੇਸ਼ ਲੈਣ ਲੱਗ ਪਏ। ਰਾਡੀਆ ਟੇਪਾਂ ਉਸ ਸਭ ਕੁਝ ਵੱਲ ਸੰਕੇਤ ਕਰ ਰਹੀਆਂ ਹਨ ਜੋ ਕਿ ਅਸਲ ਵਿਚ ਵਾਪਰ ਰਿਹਾ ਹੈ। ਪੱਤਰਕਾਰੀ ਭਾਰਤ 'ਚ ਇਕ ਨਵੀਂ ਨੈਤਿਕ ਤੇ ਪੇਸ਼ਾਵਰ ਤੌਰ 'ਤੇ ਹੋਰ ਵੀ ਨੀਵੇਂ ਨਿਘਾਰ ਤੱਕ ਪਹੁੰਚ ਚੁੱਕੀ ਹੈ। ਇਹ ਲੋਕਤੰਤਰ ਲਈ ਬਹੁਤ ਬੁਰੀ ਗੱਲ ਹੈ।


ਸ੍ਰੋਤ -ਅਜੀਤ ਜਲੰਧਰ

Saturday, December 4, 2010

ਹਰ ਕਿਸਮ ਦਾ ਪ੍ਰੇਮ ਆਪਣੇ ਢੰਗ ਨਾਲ ਸੱਚਾ ਅਤੇ ਸੁੰਦਰ ਹੁੰਦਾ ਹੈ -ਬੇਲਿੰਸਕੀ


ਵਿਸਿਆਰਿਅਨ ਗਰਿਗੋਰੀਏਵਿਚ ਬੇਲਿੰਸਕੀ  ( 1811 - 1848 )


ਪ੍ਰੇਮ ਨੂੰ ਆਮ ਤੌਰ ਉੱਤੇ ਅਨੇਕ ਕੋਟੀਆਂ ਅਤੇ ਖਾਨਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ ,  ਲੇਕਿਨ ਇਹ ਵਿਭਾਜਨ ਬਹੁਤੀ ਵਾਰ ਬੇਹੂਦਾ ਹੁੰਦੇ ਹਨ .  ਕਾਰਨ ਕਿ ਇਹ ਸਭ ਕੋਟੀਆਂ ਅਤੇ ਖਾਨੇ   ਉਨ੍ਹਾਂ ਲੋਕਾਂ  ਦੇ ਬਣਾਏ ਹੋਏ ਹਨ ਜੋ ਪ੍ਰੇਮ  ਦੇ ਸੁਪਨੇ ਦੇਖਣ ਜਾਂ ਪ੍ਰੇਮ  ਦੇ ਬਾਰੇ ਵਿੱਚ ਗੱਲਾਂ ਬਘਾਰਨ ਵਿੱਚ ਜਿੰਨੇ ਕੁਸ਼ਲ ਹੁੰਦੇ ਹਨ ,  ਓਨੇ ਪ੍ਰੇਮ ਕਰਨ ਵਿੱਚ ਨਹੀਂ .


ਸਰਵਪ੍ਰਥਮ ਉਹ ਪ੍ਰੇਮ ਨੂੰ ਦੁਨਿਆਵੀ ਅਤੇ ਆਤਮਕ ਵਿੱਚ ਵੰਡਿਆ ਕਰਦੇ ਹਨ  .  ਇਹਨਾਂ ਵਿੱਚੋਂ ਪਹਿਲੇ   - ਦੁਨਿਆਵੀ  ਨੂੰ  ਉਹ ਨਫ਼ਰਤ ਕਰਦੇ ਹਨ ਅਤੇ ਦੂਜੇ  - ਆਤਮਕ ਨੂੰ  ਪ੍ਰੇਮ ਕਰਦੇ ਹਨ ।  ਬਿਲਾ ਸ਼ੱਕ ,  ਅਜਿਹੇ ਜੰਗਲੀ ਲੋਕ ਵੀ ਹਨ ਜੋ ਪ੍ਰੇਮ  ਦੇ ਕੇਵਲ ਪਾਸ਼ਵਿਕ ਆਨੰਦ  ਉੱਤੇ ਮਰਦੇ ਹਨ ।  ਨਾ ਉਨ੍ਹਾਂ ਨੂੰ ਸੌਂਦਰਿਆ ਦੀ ਚਿੰਤਾ ਹੁੰਦੀ ਹੈ ,  ਨਾ ਜਵਾਨੀ ਦੀ ।  ਲੇਕਿਨ ਪ੍ਰੇਮ ਦਾ ਇਹ ਰੂਪ - ਆਪਣੇ ਪਾਸ਼ਵਿਕ ਰੂਪ  ਦੇ ਬਾਵਜੂਦ - ਆਤਮਕ ਪ੍ਰੇਮ ਤੋਂ ਫਿਰ ਵੀ ਅੱਛਾ ਹੈ ।  ਘੱਟ  ਤੋਂ ਘੱਟ ਇਹ ਕੁਦਰਤੀ ਤਾਂ ਹੈ ।


ਆਤਮਕ ਪ੍ਰੇਮ ਤਾਂ ਕੇਵਲ ਪੂਰਬ ਦੇ ਹਰਮਾਂ ਦੇ ਗਾਰਡਾਂ ਲਈ ਹੀ ਮੌਜੂੰ ਹੋ ਸਕਦਾ ਹੈ ।  .  .  .  .  .  ਮਨੁੱਖ ਨਾ ਤਾਂ ਵਹਿਸ਼ੀ ਹੈ ਅਤੇ ਨਾ ਹੀ ਦੇਵਤਾ ।  ਉਸਨੂੰ ਨਾ ਤਾਂ ਪਸ਼ੂਵਤ ਪ੍ਰੇਮ ਕਰਨਾ ਚਾਹੀਦਾ ਹੈ , ਨਾ ਹੀ  ਆਤਮਕ ।  ਉਸਨੂੰ ਪ੍ਰੇਮ ਕਰਨਾ ਚਾਹੀਦਾ ਹੈ ਮਨੁੱਖ ਦੀ ਤਰ੍ਹਾਂ ।  ਪ੍ਰੇਮ ਦਾ ਚਾਹੇ ਤੁਸੀ ਕਿੰਨਾ ਹੀ ਦੈਵੀਕਰਣ ਕਰੋ ,  ਮਗਰ ਸਾਫ਼ ਹੈ ਕਿ ਕੁਦਰਤ ਨੇ ਮਨੁੱਖ ਨੂੰ ਇਸ ਅਨੋਖੀ ਭਾਵਨਾ  ਵਿੱਚ ਜਿੰਨਾ ਜਿਆਦਾ ਉਸਦੇ ਆਨੰਦ  ਲਈ ਮੁਆਫਕ ਕੀਤਾ ਹੈ ,  ਓਨਾ ਹੀ ਜਿਆਦਾ ਪ੍ਰਜਨਨ ਅਤੇ ਮਨੁੱਖ ਜਾਤੀ ਨੂੰ ਕਾਇਮ ਰੱਖਣ ਲਈ ਵੀ ।  ਅਤੇ ਪ੍ਰੇਮ ਦੀਆਂ ਕਿਸਮਾਂ -  ਉਨ੍ਹਾਂ ਦੀ ਗਿਣਤੀ ਓਨੀ ਹੀ ਹੈ ਜਿੰਨੇ ਕਿ ਇਸ ਦੁਨੀਆ ਵਿੱਚ ਆਦਮੀ ਹਨ ।  ਹਰ ਆਦਮੀ ਆਪਣੇ ਅਲਹਿਦਾ ਢੰਗ ਨਾਲ -  ਆਪਣੇ ਸੁਭਾਅ ,  ਚਰਿੱਤਰ ਅਤੇ ਕਲਪਨਾ ਆਦਿ  ਦੇ ਹਿਸਾਬ ਨਾਲ -  ਪ੍ਰੇਮ ਕਰਦਾ ਹੈ ।  ਹਰ ਕਿਸਮ ਦਾ ਪ੍ਰੇਮ ,  ਆਪਣੇ ਢੰਗ ਨਾਲ ਸੱਚਾ ਅਤੇ ਸੁੰਦਰ ਹੁੰਦਾ ਹੈ ।


ਲੇਕਿਨ ਰੋਮਾਂਟਿਸਟ -  ਸਾਡੇ ਪੁਰਾਣੇ ਪ੍ਰੇਮੀ - ਦਿਮਾਗ ਤੋਂ ਪ੍ਰੇਮ ਕਰਣਾ ਜ਼ਿਆਦਾ ਪਸੰਦ ਕਰਦੇ ਹਨ ।  ਪਹਿਲਾਂ ਉਹ ਆਪਣੇ ਪ੍ਰੇਮ ਦਾ ਨਕਸ਼ਾ ਬਣਾਉਂਦੇ ਹਨ ,  ਫਿਰ ਉਸ ਇਸਤਰੀ ਦੀ ਖੋਜ ਵਿੱਚ ਨਿਕਲਦੇ ਹਨ ਜੋ ਉਸ ਨਕਸ਼ੇ ਵਿੱਚ ਫਿਟ ਬੈਠ ਸਕੇ ।  ਜਦੋਂ ਉਹ ਨਹੀਂ ਮਿਲਦੀ ਤਾਂ ਸ਼ਾਰਟਕਟ ਅਪਣਾਉਂਦੇ ਹੋਏ ਕਿਤੇ ਅਸਥਾਈ ਜੁਗਾੜ ਲਗਾਉਂਦੇ ਹਨ ।  ਇਸ ਤਰ੍ਹਾਂ ਕੁੱਝ ਲੱਗਦਾ ਵੀ ਨਹੀਂ ,  ਕੋਈ ਮੁਸ਼ਕਿਲ ਵੀ ਨਹੀਂ ਹੁੰਦੀ ,  ਕਿਉਂਕਿ ਉਨ੍ਹਾਂ ਦਾ ਮਸਤਸ਼ਕ ਹੀ ਸਭ ਕਰਦਾ ਹੈ ,  ਹਿਰਦਾ ਨਹੀਂ ।


ਉਹ ਪ੍ਰੇਮ ਦੀ ਖੋਜ ਕਰਦੇ ਹਨ ,  ਖੁਸ਼ਹਾਲੀ ਯਾ ਆਨੰਦ  ਲਈ ਨਹੀਂ ,  ਸਗੋਂ ਪ੍ਰੇਮ ਸਬੰਧੀ ਆਪਣੀ ਸੁੰਦਰ ਧਾਰਨਾ ਨੂੰ ਅਮਲ ਵਿੱਚ ਪੁਸ਼ਟ ਕਰਨ  ਦੇ ਲਈ ।  ਅਜਿਹੇ ਲੋਕ ਕਿਤਾਬੀ ਪ੍ਰੇਮ ਕਰਦੇ ਹੈ , ਆਪਣੇ ਪ੍ਰੋਗਰਾਮ ਤੋਂ ਜੌਂ ਭਰ ਵੀ ਏਧਰ - ਉੱਧਰ ਨਹੀਂ ਹੁੰਦੇ ।  ਉਨ੍ਹਾਂ ਨੂੰ ਇੱਕ ਹੀ ਚਿੰਤਾ ਹੁੰਦੀ ਹੈ ਕਿ ਪ੍ਰੇਮ ਵਿੱਚ ਮਹਾਨ ਵਿਖਾਈ ਦੇਣ ,  ਕੋਈ ਵੀ ਚੀਜ ਉਨ੍ਹਾਂ ਵਿੱਚ ਅਜਿਹੀ ਨਾ ਹੋਵੇ ,  ਜਿਸਦੇ ਨਾਲ ਸਧਾਰਣ ਲੋਕਾਂ ਵਿੱਚ ਉਨ੍ਹਾਂ ਦਾ ਸ਼ੁਮਾਰ ਕੀਤਾ ਜਾ ਸਕੇ ।

Friday, December 3, 2010

My Daghestan -RASUL GAMZATOV

TRANSLATOR'S FOREWORD


This book is the first piece of prose-writing by the well-known Soviet poet Rasul Gamzatov, who writes in Avar (a language spoken by 170,000 people) but has nevertheless won a nation-wide reputation. Indeed, he is a Lenin Prize winner and has been awarded the title of People's Poet of Daghestan. His verses have been translated into many languages and have found their way to the hearts of thousands of readers. He was born in 1923 in the tiny mountain village (aul) of Tsada in Daghestan. Daghestan, which means "land of mountains", is an autonomous republic (formed in 1920) situated largely on the N.E. slopes of the Main Caucasian Range, adjacent to the Caspian Sea. Its area is 14,700 sq miles and the population about 1,000,000, mostly Avars, Darghins, Lezghins and Kumyks, besides some smaller nationalities, all speaking their own languages. The capital is Makhach-Kala, on the shores of the Caspian. Rasul's father, Gamzat Tsadasa, was a well-known Avar poet. With this kind of background, it was, perhaps, natural for the son to follow in the father's footsteps. He has, in fact, extended the boundaries of his father's reputation. The longest journey Gamzat Tsadasa ever made was to Moscow; Rasul Gamzatov's travels have taken him to practically all parts of the world. Trained as a school-teacher, he worked for some time in the theatre and then on a local newspaper. He brought out his first volume of verse in 1937. His enrolment at the Moscow Institute of Literature was the turning point of his career. There he studied under the country's leading poets, and his poems were translated for the first time into Russian, their quality making them part of present-day Russian poetry. About forty collections of poems by Rasul Gamzatov have been published in Makhach-Kala and Moscow. I have already said that this book is his first essay into prose-writing. Its genre is unusual and somehow defies pigeonholing. The author himself calls it an introduction to a future book, but that is merely in a manner of speaking: it is, in fact, a complete book about himself, the poet's craft, love of country, and many other things the reader is sure to find of interest. It is a kind of autobiography and, in some measure, a confession. It is rich in Avar proverbs, sayings and folk wisdom, anecdotes both merry and sad, and thoughts about the meaning of life. Besides, it is, to use a well-worn phrase, full of the milk of human kindness. An excellent Russian translation by the writer and poet Vladimir Soloukhin came out in Moscow in 1967. I hope the reader will enjoy the reading as much as I have the translating. Julius Katzer


Wayfarer, if you dare walk past,


Be smote by hail and by thunder's blast!


Wayfarer, if you dislike my fare,


Thunder and hail smite me then and there!


(Inscription on a door)


If you fire at the past from a pistol, the future will shoot back from a cannon. Said by Abutalib


read more

मेरा दागिस्तान

ਪੰਜਾਬ ਦੀ ਕਮਿਉਨਿਸਟ ਲਹਿਰ ਦਾ ਇਤਿਹਾਸ(ਖੱਬੇ-ਪੱਖ ਵਿੱਚ ਫੁੱਟ)- ਭਗਵਾਨ ਸਿੰਘ ਜੋਸ਼


ਸੰਸਾਰ ਸਰਮਾਏਦਾਰੀ ਦੇ ਸੰਕਟ ਕਾਰਨ 1928-29 ਵਿਚ ਆਏ ਮੰਦਵਾੜੇ ਕਰਕੇ ਮੰਡੀਆਂ ਵਿਚ ਕਿਸਾਨੀ ਉਪਜਾਂ ਦੇ ਭਾਅ ਇਕਦਮ ਡਿੱਗ ਪਏ। ਛੋਟੇ ਕਿਸਾਨਾਂ ਤੇ ਮੁਜ਼ਾਰਿਆਂ ਉਪਰ ਤਾਂ ਤਕਲੀਫ਼ਾਂ ਦੇ ਪਹਾੜ ਹੀ ਟੁੱਟ ਪਏ। ਕਪਾਹ ਦਾ ਔਸਤਨ ਭਾਅ ਇਹਨਾਂ ਤਿੰਨਾਂ ਸਾਲਾਂ (1926-28) ਵਿਚ 10 ਰੁਪਏ 5ਆਨੇ 4 ਪਾਈ ਸੀ। ਜਦੋਂ ਕਿ 1928 ਤੋੰ ਲੈ ਕੇ 1936 ਤੱਕ ਦੇ 8 ਸਾਲਾਂ ਵਿਚ ਕਪਾਹ ਦਾ ਔਸਤਨ ਭਾਅ 4 ਰੁਪਏ 8 ਆਨੇ ਅਤੇ 2 ਪਾਈ ਹੋ ਗਿਆ। ਇਹਨਾਂ ਸਾਲਾਂ ਵਿਚ ਕਣਕ ਦਾ ਔਸਤਨ ਭਾਅ ਕਰਮਵਾਰ 4 ਰੁਪਏ 3ਆਨੇ ਅਤੇ 2 ਰੁਪਏ 2 ਆਨੇ 12 ਪਾਈ ਰਹੇ। ਮੰਦਵਾੜੇ ਤੋਂ ਪਹਿਲਾਂ ਦੇ ਤਿੰਨਾਂ ਸਾਲਾਂ ਲਈ ਮੰਦਵਾੜੇ ਦੇ ਮੁਕਾਬਲੇ ਕਪਾਹ ਦਾ ਭਾਅ 89. 2 ਫ਼ੀ ਸਦੀ ਅਤੇ ਕਣਕ ਦਾ ਭਾਅ 86. 6 ਫ਼ੀ ਸਦੀ ਵਧੇਰੇ ਸੀ। ਜੇਕਰ 1928-29 ਦੇ ਭਾਆਂ ਨੂੰ 100 ਮੰਨ ਲਿਆ ਜਾਵੇ ਤਾਂ 1930-31 ਵਿਚ ਆਏ ਘਾਟੇ ਦੀ ਫ਼ੀ ਸਦੀ ਗਿਰਾਵਟ ਇਸ ਪਰਕਾਰ ਹੋਵੇਗੀ।


1930-31 ਦੀਆਂ ਕੀਮਤਾਂ ਵਿਚ ਗਰਾਵਟ
1928-29=100
ਜਿਣਸ
ਫ਼ੀ ਸਦੀ ਗਿਰਾਵਟ
ਕਣਕ  64
ਛੋਲੇ  61
ਤਾਰਾਮੀਰਾ  46
ਗੁੜ  33
ਕਪਾਹ(ਅਮਰੀਕੀ)  58
ਕਪਾਹ(ਦੇਸੀ)  56
ਇਹਨਾਂ ਭਾਆਂ ਕਾਰਨ ਭਾਵੇਂ ਕਿਸਾਨ ਕੰਗਾਲ ਹੋ ਰਹੇ ਸਨ, ਪਰ ਮਾਮਲਾ ਅਤੇ ਆਬੀਆਨਾ ਸਰਕਾਰ ਵਲੋਂ ਅਜੇ ਵੀ ਪਹਿਲੇ ਭਾਆਂ ਦੇ ਅਨੁਸਾਰ ਹੀ ਲਿਆ ਜਾ ਰਿਹਾ ਸੀ। ਸਪੱਸ਼ਟ ਸੀ ਇੰਜ ਸਾਰੀ ਦੀ ਸਾਰੀ ਫ਼ਸਲ ਵੇਚ ਕੇ ਵੀ ਚੰਗੇ ਖਾਂਦੇ ਪੀਂਦੇ ਕਿਸਾਨ ਵੀ ਮਾਲੀਏ ਤੇ ਆਬੀਆਨੇ ਦਾ ਖ਼ਰਚ ਭਰਨ ਤੋਂ ਅਸਮਰੱਥ ਰਹੇ ਤੇ ਉਹਨਾਂ ਦੀਆਂ ਕੁਰਕੀਆਂ ਹੋਣ ਲੱਗੀਆਂ। ਸ਼ਾਹੂਕਾਰ ਵੀ ਕਰਜ਼ਦਾਰ ਕਿਸਾਨਾਂ ਕੋਲੋਂ ਉਸ ਵੇਲੇ ਕਰਜ਼ਾ ਉਗਰਾਹੁਣ ਲਗੇ ਜਦੋਂ ਕਿ ਉਹ ਮਾਮਲਾਂ ਤਾਰਨ ਲਈ ਹੋਰ ਕਰਜ਼ੇ ਦੀ ਮੰਗ ਕਰ ਰਹੇ ਸਨ। ਹੁਣ ਤਾਂ ਛੋਟੇ ਕਿਸਾਨਾਂ ਦਾ ਕੁਝ ਨਾ ਕੁਝ ਜ਼ਮੀਨ ਦੇ ਕੇ ਹੀ ਖਹਿੜਾ ਛੁਟਣਾ ਸੀ। ਜ਼ਿਲ੍ਹਾਂ ਲਾਇਲਪੁਰ ਦੀ ਜ਼ਿਮੀਦਾਰਾ ਲੀਗ ਵਲੋਂ ਸਥਾਪਤ ਕੀਤੀ ਗਈ ਇਕ ਕਮੇਟੀ (ਇਸ ਵਿਚ ਇਕ ਅੰਗਰੇਜ਼ ਕਰਮਚਾਰੀ ਵੀ ਸਟਕਾਰ ਵਲੋਂ ਮੈਂਂਬਰ ਸੀ) ਦੀ ਰਿਪੋਰਟ ਅਨੁਸਾਰ ਇਹਨਾਂ ਭਾਆਂ ਕਾਰਨ ਇਕ ਮੁਰੱਬੇ (25 ਏਕੜ) ਉਪਰ ਵਾਹੀ ਕਰ ਰਹੇ ਕਿਸਾਨ ਦਾ ਵਾਹੀ ਦਾ ਖ਼ਰਚਾ ਹੀ ਪੂਰਾ ਨਹੀਂ ਸੀ ਹੁੰਦਾ। ਉਹ ਮਾਮਲਾਂ ਅਤੇ ਆਬੀਆਨਾ ਕਿਥੋਂ ਦੇਵੇ? ਪੰਜਾਬ ਵਿਚ ਉਸ ਵੇਲੇ ਅਜਿਹੇ ਕਿਸਾਨਾਂ ਦੀ ਗਿਣਤੀ ਜਿਨ੍ਹਾਂ ਪਾਸ ਪੰਜ ਏਕੜ ਤੋਂ ਘੱਟ ਵਾਹੀਜੋਗ ਜ਼ਮੀਨ ਸੀ 58 ਫ਼ੀ ਸਦੀ ਸੀ। ਹੇਠਲੀ ਮਿਸਾਲ ਤੋਂ ਉਹਨਾਂ ਦੀ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪੰਜਾਬ ਕੁਆਪ੍ਰੇਟਿਵ ਸੁਸਾਇਟੀਆਂ ਦੀ ਇੱਕ ਸਟੱਡੀ (1931-38) ਅਨੁਸਾਰ (ਇਸ ਦਾ ਚੇਅਰਮੈਨ ਐਮ. ਐਲ਼ ਡਾਰਲਿੰਗ ਸੀ) ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 1932 ਵਿਚ 670 ਮਣ 29 ਸੇਰ ਅਤੇ 1933 ਵਿਚ 715 ਮਣ 36 ਸੇਰ ਸੋਨਾ ਬਾਹਰ ਭੇਜਿਆ ਗਿਆ। ਇਹ ਸੋਨਾ ਵਧੇਰੇ ਕਰਕੇ ਪੰਜਾਬ ਦੇ ਛੋਟੇ ਕਿਸਾਨਾਂ ਦੇ ਘਰਾਂ ਤੋਂ ਆਇਆ ਜਿਨ੍ਹਾਂ ਨੇ ਪਹਿਲੇ ਸਾਲਾਂ ਵਿਚ ਮੁਕਾਬਲਤਨ ਚੰਗੇ ਭਾਆਂ ਕਾਰਨ ਕੁਝ ਕੁ ਗਹਿਣਿਆਂ ਦੇ ਰੂਪ ਵਿਚ ਬਚਾਇਆ ਹੋਇਆ ਸੀ। ਇਸ ਸਟੱਡੀ ਅਨੁਸਾਰ ਉਹਨਾਂ ਦੇ ਇਹਨਾਂ ਗਹਿਣਿਆਂ ਨੂੰ ਵੇਚਣ ਦਾ ਕਾਰਨ ਮਾਲੀਏ ਅਤੇ ਆਬੀਆਨੇ ਦੀ ਰਕਮ ਸੀ ਜਿਸ ਦੇ ਨਾ ਦੇਣ ਕਾਰਨ ਸਰਕਾਰ ਉਹਨਾਂ ਦੀਆਂ ਕੁਰਕੀਆਂ ਕਰ ਰਹੀ ਸੀ। ਪੰਜਾਬ ਦੀ ਕਿਸਾਨੀ ਦੇ ਇਸ ਸੰਕਟ ਦਾ ਜਾਇਜ਼ਾ ਲੈਣ ਲਈ ਜੁਲਾਈ 1933 ਵਿਚ ਇਕ ਆਬੀਆਨਾ ਕਮੇਟੀ ਬਣਾਈ ਗਈ ਜਿਸ ਨੇ ਪਾਣੀ ਦੇ ਰੇਟਾਂ ਵਿਚ 80 ਲੱਖ ਰੁਪਏ ਦੀ ਕਮੀ ਕਰਨ ਦੀ ਮੰਗ ਕੀਤੀ, ਪਰ ਸਰਕਾਰ ਕੇਵਲ 35 ਲੱਖ ਘਟਾਉਣਾ ਹੀ ਮੰਨੀ।
ਛੋਟੀ ਕਿਸਾਨੀ ਦਾ ਨਿਜੱਤਵ ਮਸ਼ਹੂਰ ਹੈ ਤੇ ਹੇਠਲਾ ਅਖਾਣ ਉਸ ਦੀ ਉਸ ਮਾਨਸਿਕਤਾ ਵਲ ਇਸ਼ਾਰਾ ਕਰਦਾ ਹੈ ਜਿਸ ਕਾਰਨ ਉਹ ਆਪਣੀ ਹੀ ਧੁਨ ਵਿਚ ਮਸਤ ਆਪਣੇ ਦੁਆਲੇ ਦੇ ਸਰਕਾਰੀ ਪਰਬੰਧ ਨਾਲ ਬਿਨਾਂ ਟਕਰਾਏ ਦਿਨ ਰਾਤ ਕਮਾਈ ਕਰਨ ਵਿਚ ਰੁਝੀ ਹੋਈ ਸੀ: ਵ੍ਹੀੜੀ-ਸ੍ਹੀੜੀ, ਸੀਰ-ਸਿਆਪਾ, ਥੋੜ੍ਹੀ ਖਾ ਲੈ ਰਹਿ (ਇ) ਕਲਾਪਾ। ਪਰ ਆਖ਼ਰ ਥੋੜ੍ਹੀ ਵੀ ਕਿੰਨੀ ਕੁ ਖਾਧੀ ਜਾਣੀ ਸੀ? ਆਰਥਕ ਸੰਕਟ ਨੇ ਤਾਂ ਹੁਣ ਥੋੜ੍ਹੀ ਖਾਣ ਜੋਗਾ ਵੀ ਨਹੀਂ ਸੀ ਛੱਡਿਆ।
ਹੁਣ ਅਚਾਨਕ ਕਿਧਰੇ ਪੰਜਾਬੀ ਕਿਸਾਨ ਦੇ ਮਨ ਵਿਚ ਇਹ ਵਿਚਾਰ ਫੁਰਨ ਲਗਿਆ: ਆਦਮੀ ਕਿੰਨੀ ਕੁ ਦੇਰ ਤੱਕ ਇਕੱਲਾ ਰਹਿ ਕੇ ਇਸ ਤਰ੍ਹਾ ਘੁੱਲ ਘੁੱਲ ਮਰ ਸਕਦਾ ਹੈ। ਪੇਂਡੂ ਜਨਤਾ ਨੇ ਆਪਣੇ ਕੰਨ ਉਹਨਾਂ ਲੋਕਾਂ ਵਲ ਕਰਨੇ ਸ਼ੁਰੂ ਕਰ ਦਿਤੇ ਜੋ ਉਹਨਾਂ ਦੀ ਗ਼ਰੀਬੀ ਦਾ ਕਾਰਨ ਸਮਝਾਉਣਾ ਚਾਹੁੰਦੇ ਸਨ ਤੇ ਦੱਸਣਾ ਚਾਹੁੰਦੇ ਸਨ ਕਿਵੇਂ ਸਮੁੱਚੀ ਬਸਤੀਵਾਦੀ ਆਰਥਕਤਾ ਤੇ ਸਾਮਰਾਜੀ ਪਰਬੰਧ ਉਹਨਾਂ ਦੀ ਕੰਗਾਲੀ ਦਾ ਕਾਰਨ ਹੈ। ਇੰਜ 1928-29 ਦਾ ਆਰਥਕ ਮੰਦਵਾੜਾ ਪੰਜਾਬ ਵਿਚ ਕਿਸਾਨੀ ਲਹਿਰਾਂ ਦੇ ਫੁੱਟਣ ਦਾ ਫ਼ੌਰੀ ਕਾਰਨ ਬਣਿਆ। ਪੰਜਾਬ ਵਿਚ ਬਹੁਤ ਸਾਰੀਆਂ ਥਾਵਾਂ ਉਪਰ ਵੱਖ ਵੱਖ ਸਿਆਸੀ ਤੇ ਗ਼ੈਰ-ਸਿਆਸੀ ਪਰਭਾਵਾਂ ਵਾਲੀਆਂ ਸਥਾਨਕ ਕਿਸਾਨੀ ਜਥੇਬੰਦੀਆਂ ਉਭਰਨੀਆਂ ਸ਼ੁਰੂ ਹੋ ਗਈਆਂ। ਲਾਇਲਪੁਰ ਦਾ ਜ਼ਿਲ੍ਹਾ ਬਾਕੀਆਂ ਦੇ ਮੁਕਾਬਲੇ ਵਧੇਰੇ ਉਪਜ ਕਰਨ ਵਾਲਾ ਤੇ ਧਨੀ ਜ਼ਿਲ੍ਹਾ ਸੀ। ਭਾਆਂ ਵਿਚ ਘਾਟੇ ਕਾਰਨ ਇਥੋਂ ਧਨੀ ਕਿਸਾਨ ਵੀ ਹਾਹਾਕਾਰ ਮਚਾ ਰਿਹਾ ਸੀ। 1931 ਵਿਚ ਲਾਇਲਪੁਰ ਦੇ ਕਿਸਾਨਾਂ ਦੀ 'ਆਲ ਬਾਰ ਲਾਇਲਪੁਰ ਕਾਨਫ਼ਰੰਸ' ਵਿਚ ਇਸ ਦੇ ਪ੍ਰਧਾਨ ਮੰਗਲ ਸਿੰਘ ਨੇ ਸਰਕਾਰ ਅਗੇ ਹੇਠ ਲਿਖੀਆਂ ਮੰਗਾ ਰਖੀਆਂ: (1) ਮਾਲੀਏ ਅਤੇ ਆਬੀਆਨੇ ਵਿਚ 50 ਫ਼ੀ ਸਦੀ ਦੀ ਕਮੀ, (2) ਸਰਕਾਰ ਕਾਟਨ ਕਾਰਪੋਰੇਸ਼ਨ ਕਾਇਮ ਕਰੇ ਤੇ ਨਿਸ਼ਚਿਤ ਭਾਅ ਉਤੇ ਕਪਾਹ ਖ਼ਰੀਦੇ। ਕਿਸਾਨਾਂ ਨੂੰ ਸ਼ਾਹੂਕਾਰ ਵਪਾਰੀਆਂ ਦੇ ਰਹਿਮ ਉਤੇ ਨਾ ਛੱਡੇ। ਇਹ ਮੰਗ ਅੱਜ ਤੱਕ ਪੰਜਾਬ ਦੇ ਕਿਸਾਨਾਂ ਦੀ ਮੰਗ ਚਲੀ ਆ ਰਹੀ ਹੈ। (3) ਮਾਲੀਆ ਆਮਦਨ ਦੇ ਹਿਸਾਬ ਨਾਲ ਨਾਲ ਲਿਆ ਜਾਵੇ। (4) ਚਾਹੀ ਰੇਟ ਖ਼ਤਮ ਕੀਤਾ ਜਾਵੇ। (5) ਪੰਜਾਬ ਦੇ 58 ਫ਼ੀ ਸਦੀ ਕਿਸਾਨਾਂ ਕੋਲ 5 ਏਕੜ ਤੋਂ ਘੱਟ ਵਾਹੀ ਹੇਠ ਜ਼ਮੀਨ ਹੈ, ਉਹਨਾਂ ਉਪਰ ਕੋਈ ਟੈਕਸ ਨਾ ਲਾਇਆ ਜਾਵੇ। ਇਹਨਾਂ ਮੰਗਾਂ ਨੂੰ ਸਾਰੇ ਸਿਆਸੀ ਗਰੁੱਪਾਂ (ਜ਼ਿਮੀਦਾਰਾਂ ਲੀਗ, ਕਾਂਗਰਸ, ਅਕਾਲੀ ਅਤੇ ਕਿਰਤੀ) ਨੇ ਪਰਚਾਰਿਆ, ਪਰ ਇਹਨਾਂ ਵਿਚੋਂ ਇਹਨਾਂ ਮੰਗਾਂ ਉਪਰ ਸਰਕਾਰ ਦੇ ਵਿਰੁਧ ਖਾੜਕੂ ਜਦੋਂ-ਜਹਿਦਾਂ ਸ਼ੁਰੂ ਕਰਨ ਦੇ ਹੱਕ ਵਿਚ ਕੇਵਲ ਮਿਲੀਟੈਂਟ ਅਕਾਲੀ ਕਿਰਤੀ-ਕਿਸਾਨ ਪਾਰਟੀ ਦੇ ਆਗੂ ਹੀ ਸਨ। ਬਾਵਜੂਦ ਕਈ ਘਾਟਾਂ ਦੇ ਜਲੰਧਰ, ਅੰਮ੍ਰਿਤਸਰ ਅਤੇ ਦੁਆਬੇ ਦੇ ਇਲਾਕੇ ਵਿਚ ਕਿਰਤੀ-ਕਿਸਾਨ ਪਾਰਟੀ ਦੀਆਂ ਸਰਗਰਮੀਆਂ ਮੁਕਾਬਲਤਨ ਤੇਜ਼ ਹੋ ਗਈਆਂ। ਜਿਵੇਂ ਜਿਵੇਂ ਫੁੱਟ ਰਹੀਆਂ ਕਿਸਾਨੀ ਲਹਿਰਾਂ ਨੂੰ ਲੋਕਲ ਮਾਡਰੇਟ ਆਗੂਆਂ ਤੋਂ ਨਿਰਾਸ਼ਤਾ ਹੋ ਰਹੀ ਸੀ (ਕਿਉਂਕਿ ਉਹ ਸਰਕਾਰ ਪਾਸੋਂ ਕੋਈ ਰਿਆਇਤ ਲੈ ਕੇ ਦੇਣ ਤੋਂ ਅਸਮਰਥ ਸਨ) ਉਵੇਂ ਉਵੇਂ ਇਹ ਕਿਸਾਨੀ ਕਿਰਤੀ-ਕਿਸਾਨ ਪਾਰਟੀ (ਜੋ ਕਿ ਸਰਕਾਰ ਵਿਰੁਧ ਮਿਲੀਟੈਂਟ ਜਦੋ-ਜਹਿਦ ਦਾ ਨਾਹਰਾ ਦਿੰਦੀ ਸੀ) ਵੱਲ ਮੁੜਨ ਲਗੇ। ਪਿੰਡ ਪਿੰਡ ਤੋਂ ਉਹਨਾਂ ਨੂੰ ਪਾਰਟੀ ਦੇ ਜਲਸੇ ਕਰਨ ਦੇ ਸੱਦੇ ਆਉਣ ਲਗੇ।
ਅਸੀਂ ਸ਼ੁਰੂ ਵਿਚ ਸਪਸ਼ਟ ਕੀਤਾ ਸੀ ਕਿ ਬਸਤੀਵਾਦੀ ਸਟੇਟ ਦਾ ਫ਼ੌਜੀ ਭਰਤੀ ਦਾ ਆਧਾਰ ਵੀ ਪੰਜਾਬ ਦੀ ਛੋਟੀ ਕਿਸਾਨੀ ਹੀ ਸੀ ਤੇ ਇੰਜ ਅਜਿਹੇ ਖੇਤਰ ਵਿਚ ਕਿਰਤੀ-ਕਿਸਾਨ ਪਾਰਟੀ ਦਾ ਪਰਭਾਵ ਫ਼ੈਲਣ ਨਾਲੋਂ ਸਰਕਾਰ ਵਾਸਤੇ ਵਧੇਰੇ ਖ਼ਤਰਨਾਕ ਗੱਲ ਹੋਰ ਕੀ ਹੋ ਸਕਦੀ ਸੀ। ਸਰਕਾਰ ਨੇ ਪਾਰਟੀ ਦੇ ਵਧੇਰੇ ਸਰਗਰਮ ਕਾਰਕੁਨਾਂ ਨੂੰ ਫੜ ਕੇ ਜੇਲਾਂ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਪਾਰਟੀ ਦੇ ਕੰਮਾਂ ਉਪਰ ਵਧੇਰੇ ਤਿੱਖੀ ਨਿਗਾਹ ਰਖੀ ਜਾਣ ਲਗੀ। ਇੰਜ ਪਾਰਟੀ ਦੇ ਉੱਘੇ ਵਰਕਰ ਅਰਜਨ ਸਿੰਘ ਗੜਗੱਜ, ਗੁਰਦਿੱਤ ਸਿੰਘ, ਦਸੌਂਧਾ ਸਿੰਘ ਅਮਰੀਕਨ, ਸੰਤਾ ਸਿੰਘ ਗੰਡੀਵਿੰਡ, ਕਰਮ ਸਿੰਘ ਚੀਮਾ, ਸੋਹਣ ਸਿੰਘ ਭਕਨਾ, ਫ਼ਜ਼ਲ ਇਲਾਹੀ ਕੁਰਬਾਨ, ਅਬਦੁਲ ਵਾਰਸ, ਹਰਜਾਪ ਸਿੰਘ, ਕਰਮ ਸਿੰਘ ਧੂਤ ਤੇ ਤੇਜਾ ਸਿੰਘ ਉਰਫ਼ ਈਸ਼ਰ ਸਿੰਘ ਨੂੰ ਜੇਲ੍ਹਾਂ ਵਿਚ ਡੱਕ ਦਿਤਾ ਗਿਆ। ਰਾਮਕਿਸ਼ਨ ਬੀ. ਏ. ਤੇ ਵਾਸਦੇਵ ਸਿੰਘ ਨੂੰ ਸ਼ਾਹੀ ਕੈਦੀ ਬਣਾ ਕੇ ਲਾਹੌਰ ਕਿਲ੍ਹੇ ਵਿਚ ਤਸੀਹੇ ਦਿਤੇ ਗਏ। ਇਸ ਸਮੇਂ ਦੇ ਦੌਰਾਨ ਸਰਕਾਰ ਬਾਹਰੋਂ ਆਉਣ ਵਾਲੇ ਗ਼ਦਰ ਪਾਰਟੀ ਦੇ ਮਾਸਕੋ ਤੋਂ ਟਰਂੇਡ ਮੈਂਬਰਾ ਦੀ ਬੜੀ ਸਾਵਧਾਨੀ ਮਾਲ ਸੂਹ ਰੱਖਣ ਲਗੀ। ਇਸ ਸਬੰਧੀ ਸਰਕਾਰ ਦੀ ਇਹ ਪਾਲਿਸੀ ਸੀ:
"ਸਾਡੀ ਇਹ ਪਰਵਾਨਿਤ ਨੀਤੀ ਹੈ ਕਿ ਕਮਿਊਨਿਸਟ ਕੌਮਾਤਰੀ ਦੀਆਂ ਸਰਗਰਮੀਆਂ ਦਾ ਟਾਕਰਾ ਕਰਨ ਲੜੀ ਲੋੜੀਂਦਾ ਸਭ ਕੁਝ ਕੀਤਾ ਜਾਵੇ ਅਤੇ ਅਸੀਂ ਇਸ ਗੱਲ ਨੂੰ ਬੜੀ ਅਹਿਮ ਸਮਝਦੇ ਹਾਂ ਕਿ ਜਦੋਂ ਮਾਸਕੋ ਦੇ ਸਿਖੇ ਹੋਏ ਭਾਰਤੀ ਪਛਾਣ ਲਏ ਜਾਣ ਅਤੇ ਉਸ ਕੰਮ ਵਿਚ ਸਰਗਰਮੀ ਨਾਲ ਜੁਟੇ ਹੋਏ ਲੱਭ ਪੈਣ ਜੀਹਦੇ ਲਈ ਉਹਨਾਂ ਨੂੰ ਕਮਿਊਨਿਸਟ ਕੌਮਾਂਤਰੀ ਨੇ ਬੜੇ ਗਹੁ ਨਾਲ ਸਿਖਾਇਆ ਹੋਇਆ ਹੈ। ਉਹਨਾਂ ਵਿਰੁੱਧ ਬੜੀ ਹੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"
1933-35 ਦੇ ਤਿੰਨ ਸਾਲਾਂ ਦੇ ਦੌਰਾਨ ਮਾਸਕੋ ਤੋਂ ਆਏ ਗ਼ਦਰ ਪਾਰਟੀ ਦੇ ਅੱਠ ਮੈਂਬਰਾਂ ਨੂੰ ਤਸੀਹੇ ਦੇ ਦੇ ਕੇ ਇੰਟੈਰੋਗੇਟ ਕੀਤਾ ਗਿਆ। 1935 ਵਿਚ ਭਾਰਤ ਵਿਚ ਗ਼ਦਰ ਪਾਰਟੀ ਦੇ ਮਾਸਕੋ ਤੋਂ ਮੁੜੇ 15-20 ਵਰਕਰਾਂ ਦੀ ਸੂਹ ਸਰਕਾਰ ਕੱਢ ਚੁਕੀ ਸੀ। ਇਹਨਾਂ ਵਿਚ ਤੇਜਾ ਸਿੰਘ ਸੁਤੰਤਰ, ਗੁਰਮੁਖ ਸਿੰਘ, ਪ੍ਰਿਥਵੀ ਸਿੰਘ ਆਜ਼ਾਦ (16 ਸਾਲ ਦੀ ਅੰਡਰਗਰਾਊਂਡ ਜ਼ਿੰਦਗੀ ਪਿਛੋਂ ਉਸ ਨੇ ਆਪਣੇ ਆਪ ਨੂੰ ਮਹਾਤਮਾ ਗਾਂਧੀ ਦੇ ਸਮਰਪਨ ਕਰ ਦਿੱਤਾ ਸੀ ਤੇ ਪੱਕਾ ਅਹਿੰਸਾਵਾਦੀ ਬਣ ਗਿਆ ਸੀ), ਇਕਬਾਲ ਸਿੰਘ ਹੁੰਦਲ, ਹਰਬੰਸ ਸਿੰਘ ਬਾਗ਼ੀ, ਚੰਨਣ ਸਿੰਘ ਤੇ ਭਗਤ ਸਿੰਘ ਬਿਲਗਾ ਸ਼ਾਮਲ ਸਨ। ਕਿਰਤੀ-ਕਿਸਾਨ ਪਾਰਟੀ ਦੇ ਦਫ਼ਤਰ ਉਤੇ ਛਾਪੇ ਮਾਰੇ ਗਏ, ਕਿਰਤੀ ਨੂੰ ਬੰਦ ਕਰਵਾਉਣ ਦੇ ਯਤਨ ਹੋਏ। 1914-15 ਦੇ ਦੇਸਭਗਤਾਂ ਨੂੰ ਛੁਡਵਾਉਣ ਲਈ 10 ਫ਼ਰਵਰੀ 1933 ਨੂੰ 'ਰਾਜਸੀ ਕੈਦੀ ਛਡਾਊ ਕਮੇਟੀ' ਬਣਾਈ ਗਈ। ਮੇਰਠ ਮੁਕੱਦਮੇਂ ਦੇ ਕੈਦੀਆਂ-ਜੋਸ਼, ਮੁਜੀਦ ਅਤੇ ਕਿਦਾਰ ਨਾਥ ਦੇ ਆਉਣ ਨਾਲ ਵੀ ਪਾਰਟੀ ਕਾਰਕੁਨਾਂ ਨੂੰ ਕਾਫ਼ੀ ਹੌਸਲਾ ਮਿਲਿਆ। ਪਰ ਸਰਕਾਰ ਨੇ ਦੂਹਰੀ ਚਾਲ ਚਲੀ। ਇਕ ਪਾਸੇ ਤਾਂ ਉਸ ਨੇ ਕਿਸਾਨੀ ਲਹਿਰਾਂ ਨੂੰ ਠੰਡਾ ਕਰਨ ਲਈ ਰਿਆਇਤਾਂ ਦਾ ਐਲਾਨ ਕਰ ਦਿੱਤਾ ਤੇ ਨਾਲ ਹੀ ਪਾਰਟੀ ਉਪਰ ਤਸ਼ੱਦਦ ਤੇਜ਼ ਕਰ ਦਿੱਤਾ ਤਾਕਿ ਪਾਰਟੀ ਦੇ ਪਰਭਾਵ ਦਾ ਦਾਇਰਾ ਸੀਮਤ ਰਹੇ। ਡੀ. ਆਈ. ਬੀ. ਦੇ ਡਾਇਰੈਕਟਰ ਵਿਲੀਅਮਸਨ ਦੇ ਸ਼ਬਦ ਵਿਚ:
"ਭਾਵੇਂ ਕਿਰਤੀ-ਕਿਸਾਨ ਪਾਰਟੀ ਨੇ ਰਿਆਇਤਾ ਲਈ ਸਿਹਰਾ ਆਪਣੇ ਸਿਰ ਬੰਨ੍ਹਣ ਵਾਸਤੇ ਵੀ ਅਤੇ ਉਹਨਾਂ ਨੂੰ ਤੁੱਛ ਕਹਿ ਕੇ ਨਿੰਦਣ ਵਾਸਤੇ ਵੀ ਜ਼ੋਰਦਾਰ ਯਤਨ ਕੀਤੇ, ਤਾਂ ਵੀ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਦੇ ਕਦਮ ਨੇ ਪਾਰਟੀ ਦਾ ਜ਼ੋਰ ਕਾਫ਼ੀ ਘਟਾ ਦਿਤਾ। ਨਿਤਾਣੀ ਹੋਣ ਦਾ ਇਉ ਸ਼ੁਰੂ ਹੋਇਆ ਅਮਲ ਅਦਾਲਤੀ ਗਰਿਫ਼ਤਾਰੀਆਂ ਤੇ ਸਜ਼ਾਵਾਂ ਦੀ ਇਕ ਲੜੀ ਨਾਲ ਅਤੇ ਕਾਨੂੰਨ ਦੀਆਂ ਰੋਕੂ ਧਾਰਾਵਾਂ ਦੀ ਵਰਤੋਂਨਾਲ ਜਾਰੀ ਰਖਿਆ ਗਿਆ। ਸਾਲ (1931) ਦੇ ਅੰਤ ਤੱਕ ਉਹ ਲਹਿਰ ਜੀਹਨੇ ਪਹਿਲਾਂ-ਪਹਿਲ ਇਕ ਅਤਿਅੰਤ ਖ਼ਤਰਨਾਕ ਲਹਿਰ ਬਨਣ ਦੀ ਆਸ ਬੰਨ੍ਹਾਈ ਸੀ, ਇਕ ਜ਼ਾਂ ਦੂਜੀ ਕਿਸਮ ਦੇ ਸਰਕਾਰੀ ਦਬਾਅ ਕਾਰਨ ਏਨੀਂ ਕਮਜ਼ੋਰ ਹੋ ਗਈ ਸੀ ਕਿ ਇਹਦੇ ਮੰਤਵਾਂ ਦੇ ਇਕ ਹਿੱਸੇ ਦੀ ਪਰਾਪਤੀ ਵੀ ਅਮਲੀ ਰਾਜਨੀਤੀ ਦੀਆਂ ਹੱਦਾਂ ਤੋਂ ਬਾਹਰ ਦੀ ਗੱਲ ਬਣ ਚੁਕੀ ਸੀ।
ਇਹਨਾਂ ਸਾਲਾਂ ਦੇ ਦੌਰਾਨ ਜਿਸ ਗੱਲ ਦੀ ਸਭ ਤੋਂ ਵੱਧ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਉਹ ਸੀ ਪੰਜਾਬ ਦੇ ਕਿਸਾਨਾਂ ਦੀ ਕੇਂਦਰੀ ਜਥੇਬੰਦੀ। ਸਾਰੇ ਸਿਆਸੀ ਗਰੁੱਪਾਂ ਦਾ ਕਿਸਾਨੀ ਲਈ ਪਰੋਗਰਾਮ ਇਕ ਹੀ ਸੀ। ਫ਼ਰਕ ਸੀ ਤਾਂ ਕੇਵਲ ਮਿਲੀਟੈਂਸੀ ਵਿਚ। ਜਥੇਬੰਦੀ ਦੀ ਲੋੜ ਬਾਰੇ 20 ਮਈ 1935 ਦੇ ਕਿਰਤੀ ਵਿਚ ਇੰਜ ਲਿਖਿਆ ਗਿਆ: "ਅੱਜ ਸਾਡੇ ਸਾਹਮਣੇ ਸਭ ਤੋਂ ਜ਼ਰੂਰੀ ਤੇ ਵਡਾ ਮਸਲਾ ਹੈ ਕਿ ਜਿਸ ਵਲ ਧਿਆਨ ਦੇਣ ਲਈ ਹੋਰ ਬਾਕੀ ਦੇ ਸਾਰੇ ਕੰਮ ਪਿਛੇ ਪਾਏ ਜਾ ਸਕਦੇ ਹਨ। ਕਿਉਂਕਿ ਬਿਨਾਂ ਜਥੇਬੰਦੀਆਂ ਕਾਇਮ ਕੀਤਿਆਂ ਇਹ ਬਿਲਕੁਲ ਅਸੰਭਵ ਹੈ ਕਿ ਅਸੀਂ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਸਕੀਏ। ਪਰ ਇਹ ਬਾਤ ਸਾਨੂੰ ਬੜੇ ਅਫਸੋਸ ਨਾਲ ਲਿਖਣੀ ਪੈਂਦੀ ਹੈ ਕਿ ਕਿਰਤੀ ਕਿਸਾਨ ਕਾਰਕੁਨਾਂ ਵਲੋਂ ਇਸ ਕੰਮ ਵਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ।" ਪਰ ਇਹ ਜਥੇਬੰਦੀ ਨੂੰ ਨਾ ਖੜ੍ਹਾ ਕਰ ਸਕਣ ਦਾ ਕਾਰਨ ਕੇਵਲ ਸਰਕਾਰੀ ਤਸ਼ੱਦਦ ਦੇ ਸਿਰ ਹੀ ਨਹੀਂ ਸੀ ਮੜ੍ਹਿਆ ਜਾ ਸਕਦਾ। ਇਹ ਨਾਕਾਮਯਾਬੀ ਵਿਚ ਉਸ ਵੇਲੇ ਕਮਿਊਨਿਸਟਾਂ ਵਲੋਂ ਲਾਗੂ ਕੀਤੀ ਜਾਣ ਵਾਲੀ ਸਿਆਸੀ ਲਾਈਨ ਦਾ ਵੀ ਬਰਾਬਰ ਦਾ ਹੱਥ ਹੈ ਤੇ ਹੁਣ ਅਸੀਂ ਇਸ ਦੀ ਵਿਸਥਾਰ-ਸਹਿਤ ਵਿਆਖਿਆ ਵੱਲ ਮੁੜਾਂਗੇ।
ਜਿਵੇਂ ਕਿ ਅਸੀਂ ਪਿਛੇ ਜ਼ਿਕਰ ਕੀਤਾ ਸੀ (ਪਿਛਲਾ ਕਾਂਡ), 1930 ਤੱਕ ਕਮਿਊਨਿਸਟਾਂ ਨੇ ਆਪਣੀ ਨਵੀਂ ਲਾਈਨ ਅਖ਼ਤਿਆਰ ਕਰ ਲਈ ਸੀ, ਜਿਸ ਅਨੁਸਾਰ ਹੁਣ ਕਾਂਗਰਸ ਤੇ ਸਾਮਰਾਜ ਵਿਚ ਕੋਈ ਅੰਤਰ ਨਹੀਂ ਸੀ ਰਿਹਾ, ਉਹ ਦੋਵੇਂ ਹੀ ਇਕੋਂ ਕੈਂਪ ਵਿਚ ਸਨ ਤੇ ਕਮਿਊਨਿਸਟਾਂ ਅਗੇ ਫ਼ੌਰੀ ਕਾਰਜ ਉਹਨਾਂ ਦੋਹਾਂ ਦੇ ਖ਼ਿਲਾਫ਼ ਲੜਨਾ ਸੀ। "ਹੁਣ ਭਾਰਤ ਵਿਚ ਦੋ ਹੀ ਤਾਕਤਾਂ ਰਹਿ ਗਈਆਂ ਹਨ। ਇਕ ਪਾਸੇ ਤਾਂ ਅੰਗਰੇਜ਼ੀ ਤੇ ਭਾਰਤੀ ਸਰਮਾਏਦਾਰ ਤੇ ਦੂਜੇ ਪਾਸੇ ਗਰੀਬ ਕਿਰਤੀ ਕਿਸਾਨ। ਅੱਜ ਤੋਂ ਪਹਿਲਾਂ ਚੂੰਕਿ ਕਾਂਗਰਸ ਕੁਝ-ਜਹਿਦ ਕਰ ਰਹੀ ਸੀ ਤੇ ਉਸ ਦੇ ਅਗੇ ਘਟੋ ਘੱਟ ਸੁਧਾਰਕ ਪਰੋਗਰਾਮ ਸੀ। ਏਸ ਕਰਕੇ ਉਹ ਵੇਲੇ ਵੇਲੇ ਆਪਣੀਆਂ ਮੰਗਾਂ ਨੂੰ ਐਸੀ ਸ਼ਕਲ ਵਿਚ ਪੇਸ਼ ਕਰਦੀ ਰਹੀ ਜਿਸ ਤੋਂ ਇਹ ਜਾਪਦਾ ਸੀ ਕਿ ਉਹ ਆਮ ਸ਼ਕਲ ਵਿਚ ਪੇਸ਼ ਕਰਦੀ ਰਹੀ ਜਿਸ ਤੋਂ ਇਹ ਜਾਪਦਾ ਸੀ ਕਿ ਉਹ ਆਮ ਲੋਕਾਂ ਦੀਆਂ ਮੰਗਾ ਹਨ। ਪਰ ਹੁਣ ਉਹ ਸਮਾਂ ਨਹੀਂ। ਕਾਂਗਰਸ ਅਥਵਾ ਸਰਮਾਏਦਾਰਾਂ ਦੀ ਸਾਰੀ ਜਦੋ-ਜਹਿਦ ਖ਼ਤਮ ਹੋ ਗਈ ਹੈ। ਹੁਣ ਕਾਂਗਰਸ ਹੋਰ ਪਾਸੇ ਵੱਲ ਹੋ ਗਈ ਹੈ" (ਮਜ਼ਦੂਰ ਕਿਸਾਨ, 1ਮਈ, 1931)। ਪਰ ਕਾਂਗਰਸ ਦਾ ਤਾਂ ਲੋਕਾਂ ਦੇ ਮਨਾਂ ਉਪਰ ਡੂੰਘਾ ਪਰਭਾਵ ਸੀ ਜਿਸ ਕਾਰਨ ਕਮਿਊਨਿਸਟਾਂ ਨੂੰ ਕਾਂਗਰਸ, ਸਾਮਰਾਜ ਨਾਲੋਂ ਵੀ ਖਤਰਨਾਕ ਲਗਦੀ ਸੀ ਕਿਉਂਕਿ ਲੋਕਾਂ ਨੂੰ ਅੰਗਰੇਜ਼ ਸਾਮਰਾਜੀ ਤਾਂ ਸਾਫ਼ ਨਜ਼ਰ-ਆਉਂਦੇ ਸਨ, ਪਰ ਕਾਂਗਰਸ ਨੂੰ ਉਹ ਅਜੇ ਵੀ ਆਜ਼ਾਦੀ ਦੀ ਮੁਖ ਪਾਰਟੀ ਸਮਝਦੇ ਸਨ। ਸੋ ਇੰਜ ਕਮਿਊਨਿਸਟਾਂ ਦਾ ਫ਼ੌਰੀ ਕੰਮ ਲੋਕਾਂ ਨੂੰ ਇਹਨਾਂ 'ਪਾਖੰਡੀ' ਕਾਂਗਰਸੀ ਆਗੂਆਂ (ਖ਼ਾਸ ਤੌਰ ਉਤੇ ਗਾਂਧੀ ਜਿਸ ਨੂੰ ਉਹ 'ਲੰਗੋਟਬੰਦ ਮਹਾਰਾਜ' ਕਹਿੰਦੇ ਸਨ) ਦੇ ਅਸਰ ਹੇਠੋਂ ਕਢਣਾ ਤੇ ਕਾਂਗਰਸ ਨੂੰ ਲੋਕਾਂ (ਕਿਹੜੇ? ) ਦੇ ਸਾਹਮਣੇ, ਸਮੁੱਚੇ ਲੋਕਾਂ ਦੀ ਆਜ਼ਾਦੀ ਦੀ ਲੜਾਈ ਨਾ ਲੜਨ ਵਾਲੀ ਸਗੋਂ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੀ ਜਮਾਤ ਦੇ ਤੌਰ ਉਤੇ 'ਨੰਗਾ' ਕਰਨਾ ਸੀ। 'ਮਹਾਤਮਾ ਗਾਂਧੀ ਜੀ ਗ਼ਰੀਬ ਕਿਰਤੀ ਕਿਸਾਨਾਂ ਦੇ ਹਮਦਰਦ ਨਹੀਂ, ਸਰਮਾਏਦਾਰਾਂ, ਜਾਗੀਰਦਾਰਾਂ ਅਤੇ ਕਾਰਖਾਨੇਦਾਰਾਂ ਦੇ ਏਜੰਟ ਹਨ।' ਸਪੱਸ਼ਟ ਸੀ ਜਿੰਨੀ ਦੇਰ ਤੱਕ ਇਹ ਫ਼ੌਰੀ ਕਾਰਜ ਨਹੀਂ ਸੀ ਨੇਪਰੇ ਚਾੜ੍ਹਿਆ ਜਾਦਾ, ਲੋਕ ਕਾਂਗਰਸ ਨੂੰ ਛੱਡ ਕੇ ਕਮਿਊਨਿਸਟਾਂ ਮਗਰ ਨਹੀਂ ਸਨ ਲਗਣੇ। ਕਾਂਗਰਸ ਦਾ ਖੱਬਾ ਧੜਾ ਤਾਂ ਹੋਰ ਵੀ ਵਧੇਰੇ ਖ਼ਤਰਨਾਕ ਸਮਝਿਆ ਜਾਣ ਲੱਗ ਪਿਆ। "ਵਰਤਮਾਨ ਸਮੇਂ ਵਿਚ ਆਮ ਲੋਕਾਂ ਲਈ ਗਰਮ-ਖ਼ਿਆਲੀ ਬੜੇ ਹੀ ਖ਼ਤਰਨਾਕ ਹਨ, ਕਿਉਂਕਿ ਉਹਨਾਂ ਦਾ ਕੰਮ 'ਕੌਮੀ ਕਾਂਗਰਸ' ਦੇ ਮੂੰਹ ਉਤੇ ਪਰਦਾ ਪਾ ਕੇ ਆਮ ਜਨਤਾ ਨੂੰ ਝੂਠੇ ਨਾਅਰਿਆਂ ਅਤੇ ਝੂਠੇ ਮਤਿਆਂ ਨਾਲ ਬੇਵਕੂਫ਼ ਬਣਾਨਾ ਹੈ। ਜੁਗਗਰਦੀ ਦੇ ਰਾਹ ਵਿਚ ਗਰਮ-ਖ਼ਿਆਲੀ ਕਾਂਗਰਸੀ ਇਸ ਵੇਲੇ ਬੜੀ ਭਾਰੀ ਰੁਕਾਵਟ ਹਨ। ਇਹਨਾਂ ਵਿਰੁਧ ਜੰਗ ਕਰਨ ਤੋਂ ਬਿਨਾਂ ਕਾਂਗਰਸ ਨੂੰ ਬੇਪੜਦ ਨਹੀਂ ਕੀਤਾ ਜਾ ਸਕਦਾ।" (ਮਜ਼ਦੂਰ ਕਿਸਾਨ, 30 ਅਗਸਤ, 1931)। ਕਮਿਊਨਿਸਟਾਂ ਦਾ ਉਦੇਸ਼ ਹੁਣ ਭਾਰਤ ਵਿਚ ਕੌਮੀ ਡੈਮੋਕਰੈਕਿਟ ਸਟੇਟ ਕਾਇਮ ਕਰਨਾ ਨਹੀਂ ਸੀ ਸਗੋਂ ਕਾਮਿਆਂ ਅਤੇ ਕਿਸਾਨਾਂ ਦੀ ਡੈਮੋਕਰੈਕਿਟ ਡਿਕਟੇਟਰਸ਼ਿਪ ਕਾਇਮ ਕਰਨਾ ਸੀ।
ਪਰ ਹਰ ਗ਼ਲਤ ਸਿਆਸੀ ਲਾਈਨ ਪਿਛੇ ਗ਼ਲਤ ਸਿਧਾਂਤ ਛੁਪਿਆ ਹੁੰਦਾ ਹੈ, ਜੋ ਸਾਰੀਆਂ ਮੁਖ ਗ਼ਲਤੀਆਂ ਦੀ ਜੜ੍ਹ ਹੁੰਦਾ ਹੈ। ਇਸ ਸਾਰੀ ਗ਼ਲਤ ਸਮਝ ਪਿਛੇ ਛੁਪਿਆ ਗ਼ਲਤ ਸਿਧਾਂਤ ਇਹ ਸੀ:
"ਕਾਂਗਰਸ ਨੈਸ਼ਨਲਿਜ਼ਮ ਯਾਨੀ ਕੌਮਪ੍ਰਸਤੀ ਦੀ ਹਾਮੀ ਹੈ ਔਰ ਨੌਜਵਾਨ ਭਾਰਤ ਸਭਾ ਸੋਸ਼ਲਿਜ਼ਮ ਦੀ। ਸੋਸ਼ਲਿਜ਼ਮ ਅਤੇ ਨੈਸ਼ਨਲਿਜ਼ਮ ਇਕ ਹੀ ਵਕਤ ਵਿਚ ਇਕ ਮੁਕਾਮ ਪੁਰ ਇਕੱਠੇ ਨਹੀਂ ਚਲ ਸਕਦੇ। ਇਹਨਾਂ ਦੇ ਕੰਮ ਦਾ ਢੰਗ ਹੀ ਮੁਖ਼ਤਲਿਫ਼ ਨਹੀਂ ਹੈ, ਬਲਕਿ ਆਦਰਸ਼ ਵੀ। ਕਾਂਗਰਸ ਦਾ ਆਖ਼ਰੀ ਹਥਿਆਰ ਅਦਮ ਅਦਾਇਗੀ ਟੈਕਸ ਅਤੇ ਮਾਲੀਆ ਹੈ, ਜਦ ਕਿ ਨੌਜਵਾਨ ਸਭਾ ਦਾ ਇਹ ਪਹਿਲਾ ਕਦਮ ਹੈ, ਅਰਥਾਤ, ਕਾਂਗਰਸ ਦਾ ਕਦਮ ਇਥੇ ਖ਼ਤਮ ਹੁੰਦਾ ਹੈ" (ਕਿਰਤੀ, 25 ਫ਼ਰਵਰੀ, 1934-ਸ਼ਬਦਾਂ ਉਪਰ ਜ਼ੋਰ ਮੌਲਿਕ ਲਿਖਤ ਵਿਚ ਹੈ। ) ਬਸਤੀਵਾਦ ਦੇਸਾਂ ਵਿਚ ਕਮਿਊਨਿਸਟਾਂ ਅਗੇ ਸਮੱਸਿਆ ਤਾਂ ਇਹ ਸੀ ਕਿ ਇਹਨਾਂ ਦੇਸਾਂ ਵਿਚ ਨੈਸ਼ਨਲਿਜ਼ਮ ਅਤੇ ਸੋਸਲਿਜ਼ਮ ਲਈ ਇਕੋ ਵੇਲੇ ਲੜਨ ਲਈ ਕਿਵੇਂ ਠੋਸ ਅਧਿਅਨ ਬਾਅਦ ਦਾਅ-ਪੇਚ ਅਤੇ ਯੁਧ-ਨੀਤੀ ਅਪਣਾਈ ਜਾਵੇ ਭਾਵ ਨੈਸ਼ਨਲਿਜ਼ਮ ਲਈ ਘੋਲ ਅਜਿਹਾ, ਹੁੰਦਾ ਕਿ ਉਹ ਹੌਲੀ ਹੌਲੀ ਸਮਾਜਵਾਦੀ ਵਿਚਾਰਧਾਰਾ ਗ੍ਰਹਿਣ ਕਰਨ ਵੱਲ ਵਧਦਾ, ਨਾ ਕਿ ਸਮਾਜਵਾਦੀ ਵਿਚਾਰਾਂ ਦਾ ਵਿਰੋਧ ਕਰਨ ਵੱਲ। ਇਸ ਲਈ ਬਸਤੀਵਾਦੀ ਦੇਸਾਂ ਦੇ ਸੰਬੰਧ ਵਿਚ ਲੈਨਿਨ ਇਹ ਵਿਚਾਰ ਬਾਰ ਬਾਰ ਦੁਹਰਾਉਂਦਾ ਹੈ: ਇਹਨਾਂ ਦੇਸਾਂ ਵਿਚ ਕਮਿਊਨਿਸਟਾਂ ਨੂੰ ਆਪਣੇ ਆਪ ਨੂੰ ਨੈਸ਼ਨਲਿਜ਼ਮ ਉਤੇ ਅਧਾਰਤ ਕਰਕੇ ਹੀ ਅਗੇ ਵਧਣਾ ਪਵੇਗਾ। ਮਾਓ ਨੇ ਇਸੇ ਸਮੱਸਿਆ ਦੇ ਹੱਲ ਦਾ 'ਨਵੀਂ ਜਮਹੂਰੀਅਤ' ਵਿਚ ਸਿਧਾਂਤੀਕਰਨ ਪੇਸ਼ ਕੀਤਾ। ਪਰ ਉਪਰਲੇ ਸਿਧਾਂਤ ਵਿਚ ਤਾਂ ਸਮੱਸਿਆ ਉਤੇ ਹੀ ਮਾਂਜਾ ਫੋਰ ਦਿਤਾ ਗਿਆ ਸੀ। ਤੇ ਫੇਰ ਉਸ ਸਮੱਸਿਆਂ ਨੂੰ ਠੋਸ ਪੱਧਰ ਉਤੇ ਹੱਲ ਕਰਨ ਲਈ ਦਾਅ -ਪੇਚ ਘੜਨ ਦਾ ਸਵਾਲ ਤਾਂ ਕਿਧਰੇ ਨਹੀਂ!
ਗਾਂਧੀ-ਇਰਵਨ ਸਮਝੌਤੇ ਵਿਚ ਭਗਤ ਸਿੰਘ ਦੀ ਫਾਂਸੀ ਤੁੜਵਾਉਣ ਦੀ ਸ਼ਰਤ ਨਾ ਹੋਣ ਕਾਰਨ ਪੰਜਾਬ ਦੇ ਖੱਬੇ-ਪੱਖੀ ਵਿਚਾਰਾਂ ਦੇ ਨੌਜਵਾਨਾ ਦਾ ਮਨ ਗਾਂਧੀ ਵਿਰੁਧ ਗ਼ੁੱਸੇ ਤੇ ਰੋਹ ਨਾਲ ਭਰ ਗਿਆ ਸੀ। ਇੰਜ ਉਹਨਾਂ ਨੂੰ ਭਗਤ ਸਿੰਘ ਦਾ ਕਾਤਲ ਅੰਗਰੇਜ਼ ਘੱਟ ਤੇ ਗਾਂਧੀ ਵਧੇਰੇ ਜਾਪਣ ਲਗਾ। ਇਸ ਹਾਲਤ ਵਿਚ ਉਪਰਲਾ ਸਿਧਾਂਤ ਉਹਨਾਂ ਨੂੰ ਬਿਲਕੁਲ ਸਹੀ ਜਾਪਿਆ। ਸਰਬ-ਹਿੰਦ ਕਿਰਤੀ-ਕਿਸਾਨ ਪਾਰਟੀ ਦੀ ਤੀਜੀ ਕਾਨਫ਼ਰੰਸ (ਜੋ ਕਾਂਗਰਸ ਸਮਾਗਮ ਦੇ ਨਾਲ ਹੀ ਕਰਾਚੀ ਵਿਖੇ ਹੋਈ) ਵਿਚ ਦਸੌਂਧਾ ਸਿੰਘ ਅਮਰੀਕਨ ਨੇ ਆਪਣੇ ਪਰਧਾਨਗੀ ਭਾਸ਼ਨ ਵਿਚ ਕਾਂਗਰਸ ਬਾਰੇ ਇਹ ਨਵੀਂ ਸੋਚਣੀ ਲੋਕਾਂ ਅਗੇ ਰਖੀ। ਕਰਾਚੀ ਸਮਾਗਮ ਬਾਰੇ ਇਕ ਐਡੀਟੋਰੀਅਲ ਨੋਟ ਵਿਚ ( ਮਜ਼ਦੂਰ ਕਿਸਾਨ, 1ਮਈ, 1931, ਉਸ ਵੇਲੇ ਕਿਰਤੀ ਕਮਿਊਨਿਸਟਾਂ ਦੇ ਹਫ਼ਤੇ-ਵਾਰ ਅਖ਼ਬਾਰ ਦਾ ਇਹ ਨਾਂ ਸੀ) ਉਹ ਲਿਖਦਾ: "ਸਰਮਾਏਦਾਰਾਂ ਨੇ ਮਹਾਤਮਾ ਗਾਂਧੀ ਨੂੰ "ਮਹਾਤਮਾਪਨ" ਦਾ ਬੁਰਕਾ ਪਵਾ ਕੇ ਹਿੰਦੁਸਤਾਨ ਦੇ ਜਾਹਲ ਲੋਕਾਂ ਵਿਚ ਉਹਨਾਂ ਦਾ ਦਰਜਾ ਐਨਾ ਉਚਾ ਕਰ ਦਿਤਾ ਹੈ ਕਿ ਜਦ ਮਹਾਤਮਾ ਜੀ ਕਿਧਰੇ ਭਜ ਜਾਣ ਦੀ ਧਮਕੀ ਵੀ ਦਿੰਦੇ ਹਨ ਤਾਂ ਵਹਿਮੀ ਲੋਕ ਇਸ ਗੁਰੂਡ੍ਹਮ ਦੇ ਜਾਲ ਵਿਚ ਫਸ ਕੇ ਇਹ ਗੱਲ ਨਹੀਂ ਸਹਾਰ ਸਕਦੇ। ਇਸ ਕਰਕੇ ਉਹਨਾਂ ਨੂੰ ਮਹਾਤਮਾ ਗਾਂਧੀ ਜੀ ਦੀ ਜ਼ਰੂਰ ਹਿਮਾਇਤ ਕਰਨੀ ਪੈਂਦੀ ਹੈ।
ਉਪਰਲੀ ਟੂਕ ਨੂੰ ਧਿਆਨ ਨਾਲ ਪੜ੍ਹਿਆਂ ਪਤਾ ਚਲੇਗਾ ਕਿ ਐਡੀਟੋਰੀਅਲ ਅਨੁਸਾਰ ਲੋਕਾਂ ਦੇ ਮਨਾਂ ਉਪਰ ਗਾਂਧੀ ਦਾ ਗ਼ਲਬਾ ਹੈ ਕਿਉਂਕਿ ਉਹ 'ਜਾਹਲ' ਤੇ 'ਵਹਿਮੀ' ਹਨ; ਦੂਸਰੇ ਸ਼ਬਦਾਂ ਵਿਚ ਉਹਨਾਂ ਦੀ ਚੇਤਨਤਾ ਦਾ ਪੱਧਰ ਐਨਾ ਪਛੜਿਆ ਹੋਇਆ ਹੈ ਕਿ ਉਹ ਕਾਂਗਰਸ ਜਾਂ ਗਾਂਧੀ ਦਾ ਅਸਲ ਚਿਹਰਾ ਨਹੀਂ ਦੇਖ ਸਕਦੇ। ਪਰ ਨਾਲ ਹੀ ਲਿਖਦੇ ਹਨ ਕਿ 'ਕਾਂਗਰਸ ਲੋਕਾਂ ਨੂੰ ਹੁਣ ਹੋਰ ਬੁਧੂ ਨਹੀਂ ਬਣਾ ਸਕਦੀ ਤੇ ਜਲਦੀ ਹੀ 'ਨੰਗੀ' ਹੋ ਜਾਵੇਗੀ।" ਇਥੇ ਨੰਗਾ ਕਰਨ ਦੇ ਸੰਕਲਪ ਦੇ ਮਤਲਬ ਬਹੁਤ ਸੌੜੇ ਕਢੇ ਗਏ ਸਨ। ਇਹ ਵਿਧੀ ਪਹਿਲਾਂ ਲੋਕਾਂ ਦੀ ਚੇਤੰਨਤਾ ਦਾ ਪੱਧਰ ਉੱਚਾ ਕਰਨ ਤਾਕਿ ਉਹ ਇੰਜ ਨਵੀਂ ਚੇਤੰਨਤਾ ਰਾਹੀਂ ਕਾਂਗਰਸ ਤੇ ਗਾਂਧੀ ਨੂੰ ਵੇਖ ਸਕਣ, ਦੇ ਤੌਰ ਉਤੇ ਸਮਝੇ ਜਾਣ ਦੀ ਬਜਾਏ, ਗਾਂਧੀ ਨੂੰ ਨਿਜੀ ਤੌਰ ਉਤੇ ਏਜੰਟ ਕਹਿ ਕੇ ਭੰਡਣ ਦੇ ਤੌਰ ਉਤੇ ਸਮਝੀ ਗਈ। ਜੇਕਰ ਲੋਕ ਕਮਿਊਨਿਸਟਾਂ ਦੀਆਂ ਇਸ ਪੱਧਰ ਉਤੇ ਗੱਲਾਂ ਸਮਝ ਕੇ ਗਾਂਧੀ ਨੂੰ 'ਵੇਖ' ਸਕਦੇ ਤਾਂ ਉਹ 'ਜਾਹਲ' ਤੇ 'ਵਹਿਮੀ' ਕਾਹਦੇ ਹੋਏ ਸਗੋਂ ਸਿਆਣੇ ਹੋਏ ਜੋ ਸਮਝਾਏ ਤੇ ਦਸੇ ਤੋਂ ਛੇਤੀ ਹੀ ਸਮਝ ਗਏ। ਇੰਜ ਸਮਾਜੀ ਸਮੱਸਿਆਂ ਨੂੰ (ਲੋਕਾਂ ਦੀ ਚੇਤੰਨਤਾ ਦੇ ਪਛੜੇ ਹੋਏ ਪੱਧਰ ਨੂੰ ਉਚਾ ਚੁਕਣ ਦੀ ਬਜਾਏ) ਨਿੱਜੀ ਆਦਮੀ ਦੀ ਸਮੱਸਿਆ ਸਮਝਿਆ ਗਿਆ ਜੋ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਉਹਨਾਂ ਨੂੰ ਬੁਧੂ ਬਣਾ ਕੇ ਉਹਨਾਂ ਦਾ ਲੀਡਰ ਬਣਿਆ ਫਿਰਦਾ ਸੀ। ਸੋ ਨੰਗਾ ਕਰਨ ਦੀਆਂ ਦੋ ਵਿਧੀਆਂ ਸਨ। ਇਕ ਤਾਂ ਉਹਨਾਂ ਲੋਕਾਂ ਦੀ ਚੇਤੰਨਤਾ ਦਾ ਪੱਧਰ ਉਪਰ ਚੁਕਣ ਵਿਚ ਮਦਦ ਕਰਨਾ, ਸਾਮਰਾਜ-ਵਿਰੋਧੀ ਲੋਕ-ਲਹਿਰਾਂ ਛੇੜ ਕੇ। ਹਰ ਪੱਧਰ ਉਤੇ Aੇਹਨਾਂ ਨਾਲ ਰਹਿ ਕੇ ਉਹਨਾਂ ਨੂੰ ਕੇਵਲ ਉੱਨਾ ਹੀ ਅਗਲਾ ਕਦਮ ਚੁਕਣ ਲਈ ਕਹਿਣਾ ਜਿੰਨੀ ਯੋਗਤਾ ਉਹਨਾਂ ਦੀ ਚੇਤੰਨਤਾ ਨੇ ਪਹਿਲਾਂ ਅਖ਼ਤਿਆਰ ਕਰ ਲਈ ਹੋਵੇ; ਦੂਸਰੀ ਵਿਧੀ ਉਹਨਾਂ ਨਾਲ ਲਗ ਕੇ ਇਸ ਲੰਮੀ ਪ੍ਰਕਿਰਿਆਂ ਵਿਚੋਂ ਲੰਘ ਕੇ ਉਹਨਾਂ ਦੇ ਆਪਣੇ ਆਪ ਸੱਚ ਦੇਖ ਸਕਣ ਦੀ ਬਜਾਏ, ਉਹਨਾਂ ਨੂੰ ਕਹਿਣਾ ਕਿ ਸੁਣੋ ਜਿਸ ਆਦਮੀ ਪਿਛੇ ਤੁਸੀਂ ਤੁਰੇ ਹੋ, ਇਹ ਤਾਂ ਤੁਹਾਨੂੰ ਧੋਖਾ ਦੇਵੇਗਾ ਕਿਉਂਕਿ ਇਹ ਸਰਮਾਏਦਾਰਾਂ ਦਾ ਏਜੰਟ ਹੈ। 'ਜਾਹਲ' ਤੇ 'ਵਹਿਮੀ' ਲੋਕ ਅਜਿਹੀ ਗੱਲ ਨੂੰ ਕਦੋਂ ਸਮਝਣਗੇ? ਉਹਨਾਂ ਨੂੰ ਕੀ ਪਤਾ ਇਹ ਕਹਿਣ ਵਾਲੇ ਸੱਚੇ ਮਾਰਕਸਵਾਦੀ ਹਨ ਤੇ ਸੱਚੇ ਸਮਾਜਵਾਦ ਵਿਚ ਯਕੀਨ ਰਖਦੇ ਹਨ। ਜੇਕਰ ਲੋਕ ਇੰਜ ਸਮਝਣ ਵਾਲੇ ਹੁੰਦੇ ਤਾਂ ਇਨਕਲਾਬ ਦਾ ਮਸਲਾ ਕਿੰਨਾ ਅਸਾਨ ਹੋ ਜਾਣਾ ਸੀ!
ਅਸਲ ਵਿਚ ਕਮਿਊਨਿਸਟ ਪਾਰਟੀ ਦੀ ਸਾਰੀ ਨੀਤੀ ਸਰਮਾਏਦਾਰੀ ਤੇ ਉਸ ਦੇ ਖ਼ਿਲਾਫ਼ ਜਦੋਜਿਹਦ ਦੇ ਅਮੂਰਤ ਸੰਕਲਪ ਉਪਰ ਅਧਾਰਤ ਸੀ। ਇਸ ਠੋਸ ਤੱਥ ਦੀ ਬਜਾਏ ਕਿ ਉਹਨਾਂ ਨੂੰ ਕਿਸੇ ਦੇਸ ਦੇ ਸੰਸਾਰ ਸਿਸਟਮ ਵਿਚ ਉਸ ਦੀ ਥਾਂ ਤੋਂ ਚਲਣਾ ਚਾਹੀਦਾ ਹੈ, ਭਾਵ ਬਸਤੀਵਾਦੀ ਦੇਸਾਂ ਦੇ ਸੰਬੰਧ ਵਿਚ ਦਬਾਊ ਕੌਮ ਤੇ ਦਬੀ ਕੌਮ ਦੀ ਧਾਰਨਾ ਤੋਂ ਚਲਣਾ ਚਾਹੀਦਾ ਹੈ, ਉਹ ਚਲਦੇ ਹੀ ਇਥੋਂ ਸਨ ਕਿ ਜਦੋਜਹਿਦ ਸਰਮਾਏਦਾਰੀ ਪਰਬੰਧ ਦੇ ਹੀ ਖ਼ਿਲਾਫ਼ ਹੈ। ਪਰ ਕਿਥੇ ਕਿਥੇ ਤੇ ਉਹਨਾਂ ਦੇ ਆਪਣੇ ਦੇਸ ਵਿਚ ਕਿਸ ਰੂਪ ਵਿਚ-ਇਸ ਸਵਾਲ ਦਾ ਉੱਤਰ ਉਹਨਾਂ ਦੇਣ ਦਾ ਜਤਨ ਕੀ ਕਰਨਾ ਸੀ। ਇਹ ਤਾਂ ਉਹਨਾਂ ਸਾਹਮਣੇ ਸਵਾਲ ਹੀ ਨਹੀਂ ਸੀ। ਮਿਸਾਲ ਲਈ ਵੇਖੋ: "ਸਰਮਾਏਦਾਰੀ ਅਤੇ ਕਿਰਤੀ ਆਦਰਸ਼ ਦਾ ਸਮਝੋਤਾ ਨਾਮੁਮਕਿਨ ਹੈ। ਸਰਮਾਏਦਾਰੀ ਆਪਣੀ ਪੂਰੀ ਉਮਰ ਭੋਗ ਚੁੱਕੀ ਹੈ। ਕੁਲ ਸੰਸਾਰ ਵਿਚ ਕਿਰਤੀ ਜੁਗ ਕਾਇਮ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਇਕ ਐਸੇ ਮੌਕੇ ਉਤੇ ਜਦ ਕਿ ਕਿਰਤੀ ਆਦਰਸ਼ ਦੀ ਕਾਮਯਾਬੀ ਨਜ਼ਰ ਆ ਰਹੀ ਹੋਵੇ, ਸਰਮਾਏਦਾਰੀ ਦੇ ਪੁਜਾਰੀਆਂ ਦੇ ਟੇਟੇ ਵਿਚ ਫਸ ਕੇ ਆਪਣੇ ਕੰਮ ਨੂੰ ਲੰਮਾ ਕਰ ਲੈਣਾ ਸਰਾਸਰ ਹਿਮਾਕਤ ਹੋਵੇਗੀ। ਡੁਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਹੈ। ਕਾਂਗਰਸ ਮੁਰਦਾ ਹੋ ਚੁੱਕੀ ਹੈ। ਉਹ ਕਿਰਤੀ ਕਿਸਾਨਾਂ ਨੂੰ ਆਪਣੇ ਜਾਲ ਵਿਚ ਫ਼ਸਾ ਕੇ ਕੁਝ ਦੇਰ ਹੋਰ ਜ਼ਿੰਦਾ ਰਹਿਣਾ ਚਾਹੁੰਦੀ ਹੈ" (ਕਿਰਤੀ, 18 ਫ਼ਰਵਰੀ, 1934)।
ਲੈਨਿਨ ਅਨੁਸਾਰ ਬਸਤੀਵਾਦੀ ਦੇਸਾਂ ਵਿਚ ਘੋਲ ਦੇ ਪਹਿਲੇ ਪੜਾਅ ਵਿਚ ਜਦੋ-ਜਹਿਦ ਸਰਮਾਏਦਾਰੀ ਦੇ ਖ਼ਿਲਾਫ਼ ਨਹੀਂ, ਸਗੋਂ ਜਾਗੀਰਦਾਰੀ ਅਤੇ ਸਾਮਰਾਜ-ਸ਼ਾਹੀ ਦੇ ਖ਼ਿਲਾਫ਼ ਹੋਣੀ ਚਾਹੀਦੀ ਹੈ। ਮਾਉ ਦੀਆਂ ਲਿਖਤਾਂ ਵਿਚ ਇਹ ਸਿਧਾਂਤਕ ਨੁਕਤਾ ਬਿੱਲਕੁਲ ਸਪਸ਼ਟ ਹੈ।
ਲੈਨਿਨ ਨੇ ਸਮਾਰਾਜੀ ਦੇਸ ਦੀ ਅਤੇ ਬਸਤੀਵਾਦੀ ਦੇਸ ਦੀ ਬੁਰਜੁਆਜ਼ੀ ਵਿਚ ਨਿਖੇੜਾ ਕੀਤਾ ਤੇ ਕਿਹਾ ਕਿ ਪਿਛਲੀ ਦਾ ਸੁਭਾਅ ਸਾਮਰਾਜ ਦੇ ਖ਼ਿਲਾਫ਼ ਘੋਲ ਵਿਚ ਦੂਹਰੇ ਸੁਭਾਅ ਵਾਲਾ ਹੁੰਦਾ ਹੈ। ਉਹ ਸਾਮਰਾਜ ਉਤੇ ਦਬਾਅ ਪਾ ਕੇ ਰਿਆਇਤਾਂ ਲੈਣਾ ਚਾਹੁੰਦੀ ਹੈ ਤੇ ਦੂਸਰੇ ਪਾਸੇ ਲੋਕ ਲਹਿਰਾਂ ਦੇ ਚੜ੍ਹਾਅ ਤੋਂ ਡਰਦੀ ਵੀ ਹੈ। ਇਕ ਪਾਸੇ ਇਹ ਲੋਕ-ਲਹਿਰ ਚਾਹੁੰਦੀ ਹੈ, ਪਰ ਆਪਣੇ ਕੰਟਰੋਲ ਹੇਠ ਕਿਉਂਕਿ ਇਸ ਲੋਕ ਲਹਿਰ ਦੀ ਅਣਹੋਂਦ ਕਾਰਨ ਸਾਮਰਾਜ ਕੋਈ ਰਿਆਇਤਾਂ ਨਹੀਂ ਦੇਵੇਗਾ। ਲਹਿਰ ਦੇ ਸ਼ੁਰੂ ਹੋਣ ਤੋਂ ਬਾਅਦ ਹੀ ਲਹਿਰ ਦੇ ਅਗੇ ਵਧ ਜਾਣ ਦਾ ਡਰਾਵਾ ਦੇ ਕੇ ਸਾਮਰਾਜ ਵੱਲ ਸਮਝੋਤੇ ਦਾ ਹੱਥ ਵਧਾਇਆ ਜਾਂਦਾ ਹੈ ਤੇ ਇੰਜ ਹਰ ਲੋਕ-ਉਭਾਰ ਦੇ ਅੰਤ ਉਪਰ (ਜੇਕਰ ਕਮਿਊਨਿਸਟ ਇਸ ਲੋਕ-ਲਹਿਰ ਤੋਂ ਪਰ੍ਹਾਂ ਰਹਿਣਾ ਤਾਂ ਹੋਰ ਉਸ ਦੀ ਕੀ ਖ਼ੁਸ਼ਕਿਸਮਤੀ ਹੋ ਸਕਦੀ ਹੈ? ) ਬੁਰਜਆਜ਼ੀ ਹੋਰ ਮਜ਼ਬੂਤ ਹੋ ਕੇ ਨਿਕਲਦੀ ਹੈ ਤੇ ਦੁਬਾਰਾ ਫਿਰ ਲਹਿਰ ਨੂੰ ਕੰਟਰੋਲ ਰੂਪ ਵਿਚ ਸ਼ੁਰੂ ਕਰਨ ਤੇ ਰੱਖਣ ਵਿਚ ਆਪਣਾ ਹੱਥ ਕਸ ਕੇ ਪਾਉਂਦੀ ਹੈ। ਇਥੇ ਜਿਸ ਦਵੰਦਵਾਦੀ ਵਿਧੀ ਨੂੰ ਸਮਝਣ ਦੀ ਲੋੜ ਹੈ ਉਹ ਇਹ ਹੈ: ਕੌਮੀ ਬੁਰਜੁਆਜ਼ੀ ਦਾ ਜਿਥੇ ਇਕ ਪਾਸੇ ਲੋਕ-ਲਹਿਰ ਬਿਨਾਂ ਨਹੀਂ ਸਰਦਾ ਉਥੇ ਨਾਲ ਹੀ ਉਹ ਲੋਕ-ਲਹਿਰ ਤੋਂ ਡਰਦੀ ਵੀ ਹੈ ਕਿ ਕਿਤੇ ਇਹ ਸਮਝੋਤੇ ਦਾ ਆਧਾਰ ਬਣਨ ਦੀ ਬਜਾਏ ਸਮਝੌਤੇ ਦੀ ਨੀਤੀ ਦੀ ਨੀਂਹ ਹੇਠੋਂ ਹੀ ਇਕ ਇੱਟ ਨਾ ਖਿਸਕਾ ਦੇਵੇ। ਜਦ ਇਹ ਦਵੰਦਵਾਦ ਸਮਝ ਆ ਜਾਵੇ ਤਾਂ ਕਮਿਊਨਿਸਟਾਂ ਦਾ ਉਸ ਵਿਚ ਜੋ ਰੋਲ ਬਣਦਾ ਹੈ, ਉਹ ਸਪੱਸ਼ਟ ਹੋ ਜਾਂਦਾ ਹੈ। ਬੁਰਜੁਆਜ਼ੀ ਦੀ ਲੋਕ-ਲਹਿਰ ਲਈ ਪਰੇਰਨਾ ਤੇ ਜਦ ਲਹਿਰ ਸ਼ੁਰੂ ਹੋ ਜਾਵੇ ਤਾਂ ਉਸ ਨੂੰ ਵੱਧ ਤੋਂ ਵੱਧ ਲੋਕਾਂ (ਖ਼ਾਸ ਕਰ ਕਿਸਾਨਾਂ, ਮਜ਼ਦੂਰਾਂ ਤੱਕ) ਤਕ ਫ਼ਲਾਉਣਾ ਤਾਕਿ ਉਸ ਦਾ ਚੜ੍ਹਾਅ ਤੇ ਵੇਗ ਉਹ ਵਲਗਣਾਂ ਤੋੜ ਕੇ ਅਗੇ ਲੰਘ ਜਾਵੇ ਜਿਸ ਦੇ ਅੰਦਰ ਰਹਿਣ ਨਾਲ, ਲੋਕ-ਲਹਿਰ ਨੂੰ ਬੁਰਜੁਆਜ਼ੀ ਸਮਝੋਤੇ ਲਈ ਵਰਤ ਲਵੇਗੀ ਤੇ ਲੋਕਾਂ ਅਗੇ ਆਪਣਾ ਅਸਲੀ ਚਿਹਰਾ ਵੀ ਨੰਗਾ ਨਹੀਂ ਹੋਣ ਦੇਵੇਗੀ। ਪਰ ਜੇਕਰ ਲੋਕ-ਲਹਿਰ ਦਾ ਵਹਾਅ ਐਨਾ ਤੇਜ਼, ਡੂੰਘਾ ਤੇ ਫ਼ੈਲਿਆ ਹੋਇਆ ਹੋਵੇ ਕਿ ਉਹ ਸੀਮਤ ਹੱਦਾਂ ਤੋਂ ਕਿਤੇ ਅਗੇ ਲੰਘ ਜਾਣ ਵਾਲਾ ਹੋਵੇ ਤਾਂ ਉਸ ਹਾਲਤ ਵਿਚ ਵੀ ਡਾਵਾਂਡੋਲ ਬੁਰਜੁਆਜ਼ੀ ਸਾਮਰਾਜ ਵੱਲ ਸਮਝੌਤੇ ਦਾ ਹੱਥ ਵਧਾਏਗੀ। ਪਰ ਇਸ ਹਾਲਤ ਵਿਚ ਉਹ ਲਹਿਰ ਦੇ ਅਗਾਂਹਵਧੂ ਨਾ-ਸਮਝੌਤੇਵਾਦੀ ਦਸਤਿਆਂ ਅਗੇ ਆਪਣਾ ਅਸਲੀ ਚਿਹਰਾ ਸਾਫ਼ ਦਿਖਾ ਦੇਵੇਗੀ। ਜਦੋਂ ਅਜਿਹੇ ਦਸਤੇ ਇਕ ਪਾਸੇ ਤਾਂ ਅਡੋਲਤਾ ਨਾਲ ਲੜ ਰਹੀ ਖੱਬੇ ਵਿੰਗ ਦੀ ਲੀਡਰਸ਼ਿਪ ਨੂੰ ਵੇਖਣਗੇ ਤੇ ਦੂਸਰੇ ਪਾਸੇ ਸਮਝੌਤੇਵਾਦੀ ਦੀ ਸੱਜੇ ਵਿੰਗ ਨੂੰ ਤਾਂ ਇੰਜ ਹਰ ਵਾਰ ਉਠੀ ਲੋਕ-ਲਹਿਰ ਹੀ ਕਾਂਗ ਵਿਚ ਚੇਤਨਤਾ ਦੀ ਉਚੇਰੀ ਪੱਧਰ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾਵੇਗਾ ਤੇ ਇੰਜ ਸੱਜੇ ਵਿੰਗ ਪਿਛੇ ਖੜ੍ਹੀ ਦਬਾਅ ਪਾ ਸਕਣ ਵਾਲੀ ਘੱਟ-ਚੇਤਨਤਾ ਵਾਲੀ ਲਹਿਰ ਖੱਬੇ-ਰੁਖਾ ਖਿਸਕਣ ਲਗੇਗੀ। ਇੰਜ ਸਮਝੌਤੇ ਵਾਦੀ ਵਿੰਗ ਕਮਜ਼ੋਰ ਹੋਵੇਗਾ ਅਤੇ ਖੱਬਾ-ਵਿੰਗ ਮਜ਼ਬੂਤ ਹੋਵੇਗਾ।
ਅਜਿਹੀ ਪ੍ਰਕਿਟਿਆ ਰਾਹੀਂ ਹੀ, ਇਕ ਲੰਮੇ ਸੰਘਰਸ਼ ਵਿਚੋਂ ਲੰਘ ਕੇ ਹੀ, ਲੋਕਾਂ ਦੀ ਚੇਤਨਤਾ ਦਾ ਪੱਧਰ, ਉਹਨਾਂ ਨੂੰ ਲੋਕ-ਲਹਿਰਾਂ ਦੇ ਤਜਰਬੇ ਵਿਚੋਂ ਲੰਘਾਦਿਆਂ ਹੋਇਆਂ, ਉੱਚਾ ਕਰਕੇ ਹੀ ਸੱਜੇ ਵਿੰਗ ਦੀ ਸਮਝੋਤੇਵਾਦੀ ਰੁਚੀ ਤੋਂ ਜਾਣੂ ਕਰਵਾਇਆ ਜਾ ਸਕਦਾ ਸੀ। ਪਰ ਜੇਕਰ ਲੋਕ-ਲਹਿਰ ਦੀ ਚੜ੍ਹਾਈ ਭਾਵ ਲੋਕਾਂ ਦੀ ਸ਼ਮੂਲੀਅਤ ਹੀ ਐਨੀ ਹੋਵੇ ਕਿ ਉਹਦਾ ਦਬਾਅ ਕੌਮੀ ਬੁਰਜੁਆਜ਼ੀ ਦੁਆਰਾ ਚਾਹੀਆਂ ਜਾਣ ਵਾਲੀਆਂ ਹੱਦਾਂ ਦੇ ਅੰਦਰ ਹੀ ਰਹੇ ਤਾਂ ਬੁਰਜੁਆਜ਼ੀ ਜ਼ਰੂਰ ਸਮਝੌਤਾ ਕਰ ਕੇ ਉਸ ਨੂੰ ਆਪਣੇ ਹਿੱਤਾਂ ਲਈ ਵਰਤੇਗੀ। ਉਸ ਹਾਲਤ ਵਿਚ ਕਮਿਊਨਿਸਟਾਂ ਕੋਲ ਇਕੋ ਹੀ ਰਾਹ ਰਹਿੰਦਾ ਹੈ ਕਿ ਆਉਣ ਵਾਲੀ ਕਾਂਗ ਵਿਚ ਉਸ ਦਬਾਅ ਵਿਚ ਵਾਧਾ ਕਰਨ ਭਾਵ ਵੱਧ ਤੋਂ ਵੱਧ ਕਿਸਾਨਾਂ, ਮਜ਼ਦੂਰਾਂ ਨੂੰ ਆਜ਼ਾਦੀ ਦੀ ਲਹਿਰ ਵਿਚ ਸ਼ਾਮਲ ਕਰਕੇ ਲਹਿਰ ਨੂੰ ਮਿਲੀਟੈਂਟ ਰੂਪ ਦੇਣ। ਪਰ ਜੇਕਰ ਕਮਿਊਨਿਸਟ ਲੋਕ-ਲਹਿਰ ਨੂੰ ਸਬਰ ਨਾਲ ਡੂੰਘਾ ਕਰਨ ਦੀ ਬਜਾਏ, ਬੁਰਜੁਆ ਲੀਡਰਜ਼ਿਪ ਨੂੰ ਭੰਡਣ ਲਗ ਪੈਣ ਤੇ ਲੋਕ -ਲਹਿਰ ਤੋਂ ਪਰ੍ਹਾਂ ਹੱਟ ਜਾਣ ਤਾਂ ਇਸ ਤਰ੍ਹਾਂ ਬੁਰਜੁਆਜ਼ੀ ਲਈ ਲੋਕ-ਲਹਿਰ ਉਤੇ ਪਰਭਾਵ ਪਾ ਕੇ ਸਮਝੌਤੇ ਦਾ ਰਾਹ ਸਦਾ ਲਈ ਖੁਲ੍ਹ ਜਾਵੇਗਾ। ਇੰਜ ਆਜ਼ਾਦੀ ਦੀ ਸਮੁੱਚੀ ਲਹਿਰ 'ਸਮਝੌਤਾ-ਦਬਾਅ-ਸਮਝੌਤਾ-ਦਬਾਅ..... ' ਦੀ ਲੰਮੀ ਪ੍ਰੁਕਰਿਆ ਹੋ ਨਿਬੜੇਗੀ। ਇਹੀ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਇਤਿਹਾਸ ਹੈ।
ਮਿਸਾਲ ਲਈ ਅਸੀਂ ਵੇਖਿਆ ਹੈ ਕਿ ਭਾਰਤ ਦੇ ਕਮਿਊਨਿਸਟ ਪਹਿਲਾਂ ਤਾਂ ਇਹੀ ਕਹਿੰਦੇ ਰਹੇ ਕਿ ਬੁਰਜੁਆਜ਼ੀ ਲੋਕ-ਲਹਿਰ ਸ਼ੁਰੂ ਹੀ ਨਹੀਂ ਕਰੇਗੀ, ਪਰ ਜਦ ਉਸ ਦੇ ਕੰਟਰੋਲ ਰੂਪ ਵਿਚ 1930-31 ਵਿਚ ਸ਼ੁਰੂ ਕੀਤੀ ਤਾਂ ਉਹਨਾਂ ਨੇ ਇਸ ਵਿਚ ਭਾਗ ਹੀ ਨਹੀਂ ਲਿਆ। ਇੰਜ ਲਹਿਰ ਦੇ ਅੰਤ ਵਿੱਚ ਬੁਰਜੁਆਜ਼ੀ ਨੇ ਬਿਨਾਂ ਕਿਸੇ ਡਰ ਅਤੇ ਝਿਜਕ ਦੇ ਲਹਿਰ ਨੂੰ ਸਮਝੌਤੇ ਲਈ ਵਰਤ ਲਿਆ। ਜੇਕਰ ਕਮਿਊਨਿਸਟਾਂ ਨੇ ਇਸ ਵਿਚ ਅਗੇ ਵੱਧ ਕੇ ਭਾਗ ਲਿਆ ਹੁੰਦਾ ਤਾਂ ਲਹਿਰ ਦੇ ਅੰਤ ਵਿਚ ਉਨ੍ਹਾਂ ਕਾਫ਼ੀ ਤਾਕਤਵਾਰ ਹੋਣਾ ਸੀ। ਸਮਝੌਤਾ ਉਸ ਵੇਲੇ ਵੀ ਹੁੰਦਾ, ਪਰ ਉਸ ਵੇਲੇ ਉਹ ਗਾਂਧੀ ਉਪਰ ਇਹ ਦਬਾਅ ਪਾ ਸਕਦੇ ਸਨ ਕਿ ਸਮਝੌਤੇ ਵਿਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਰਿਹਾਈ ਦੀ ਸ਼ਰਤ ਜ਼ਰੂਰ ਹੋਵੇ। ਉਸ ਹਾਲਤ ਵਿਚ ਸੱਜੇ ਵਿੰਗ ਲਈ ਸਮਝੋਤਾ ਉਹਨਾਂ ਮੱਦਾਂ ਉਪਰ ਕਰਨਾ ਆਸਾਨ ਨਾ ਹੁੰਦਾ ਜਿੰਨਾ ਉਪਰ ਉਹ ਹੋਇਆ। ਇੰਜ ਸਮਝੌਤਾ ਸਿਆਸਤ ਵਿਚ ਹਥਿਆਰ ਵਜੋਂ ਵਰਤਿਆ ਗਿਆ ਹੁੰਦਾ।
ਕੇਵਲ ਲੈਨਿਨ ਦੀ Aੁਪਰ ਦਸੀ ਗਈ ਠੋਸ ਧਾਰਨਾ ਦੇ ਆਧਾਰ ਉਤੇ ਹੀ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸਾਮਰਾਜ ਦੇ ਵਿਰੁਧ ਸੰਘਰਸ਼ ਵਿਚੋਂ ਉਪਜੀ ਕੌਮੀ ਚੇਤਨਤਾ ਦੀ ਪਰਾਪਤੀ ਤੋਂ ਬਾਅਦ ਹੀ ਲੋਕੀਂ ਸਮਾਜਵਾਦ ਦੇ ਸੰਕਲਪ ਤੇ ਸਰਮਾਏਦਾਰੀ ਦੀ ਲੁੱਟ ਨੂੰ ਭਾਵ ਸਮਾਜਵਾਦੀ ਚੇਤਨਤਾ ਨੂੰ ਗ੍ਰਹਿਣ ਕਰਨ ਵੱਲ ਵਧਣੇ ਸਨ। ਇੰਜ ਸਮਾਜਵਾਦ ਵੱਲ ਕਿੰਨੀ ਕੁ ਲਹਿਰ ਦਾ ਰੁਖ ਸੀ, ਇਹਨਾਂ ਗੱਲਾਂ ਉਤੇ ਨਿਰਭਰ ਕਰਦਾ ਸੀ: (1) ਕਿੰਨੀ ਕੁ ਵਿਸ਼ਾਲ ਜਨਤਾ ਨੇ ਸਾਮਰਾਜ-ਵਿਰੋਧੀ ਲਹਿਰ (ਭਾਵ ਕੌਮੀ ਚੇਤਨਤਾ ਗ੍ਰਹਿਣ ਕਰਨ ਦੀ ਪ੍ਰਕਿਰਿਆ) ਵਿੱਚ ਹਿੱਸਾ ਪਾਇਆ ਹੈ (2) ਇਸ ਵਿਸ਼ਾਲਤਾ ਦੀ ਡੂੰਘਾਈ ਕਿੰਨੀ ਕੁ ਹੈ ਭਾਵ ਕਿਹੜੇ ਤਬਕੇ (ਕਿਸਾਨ, ਮਜ਼ਦੂਰ, ਮੱਧ-ਸ਼੍ਰੇਣੀ) ਦਾ ਰੋਲ ਵਧੇਰੇ ਪਰਭਾਵਸ਼ਾਲੀ ਤੇ ਮਿਲੀਟੈਂਟ ਹੈ। ਸੋ ਬਸਤੀਵਾਦੀ ਦੇਸਾਂ ਵਿਚ ਸਮਾਜਵਾਦੀ ਚੇਤਨਤਾ ਵੱਲ ਰਾਹ ਕੌਮੀ ਚੇਤਨਤਾ ਦੀ ਪਰਾਪਤੀ ਵਿਚੋਂ ਹੀ ਲੰਘਦਾ ਸੀ। ਨਾ ਕਿ ਕੌਮੀ ਚੇਤਨਤਾ ਦਾ ਸਮਾਜਵਾਦੀ ਚੇਤਨਤਾ ਨਾਲ ਵਿਰੋਧ ਸੀ ਜਿਵੇਂ ਕਿ ਕਮਿਊਨਿਸਟ ਸਮਝਦੇ ਸਨ। ਉਸ ਵੇਲੇ ਪੰਜਾਬ ਦੇ ਪਿੰਡਾਂ ਵਿਚ ਚੇਤਨਤਾ ਦਾ ਪੱਧਰ ਐਨਾ ਪਛੜਿਆ ਹੋਇਆ ਸੀ ਕਿ ਜੋ ਲੋਕ ਕੱਟੜ-ਪੰਥੀ ਨਹੀਂ ਹਨ, ਉਹਨਾਂ ਨੂੰ ਇਹ ਸਪੱਸ਼ਟ ਨਜ਼ਰ ਆਉਂਦਾ ਸੀ। ਉਹ ਵੇਖ ਰਹੇ ਸਨ ਕਿ ਕਿਰਤੀ ਪਾਰਟੀ ਦੇ ਸਰਮਾਏਦਾਰੀ ਦੇ ਖ਼ਿਲਾਫ਼ ਅਮੂਰਤ ਪਰਾਪੇਗੰਡੇ (ਤੇ ਇੰਜ ਕਾਂਗਰਸ ਦੇ ਖ਼ਿਲਾਫ਼ ਪਰਾਪੇਗੰਡੇ ਕਿਉਂਕਿ ਉਹ ਉਸ ਨੂੰ ਸਰਮਾਏਦਾਰਾਂ ਦੀ ਪਾਰਟੀ ਸਮਝਦੇ ਸਨ। ) ਦਾ ਲੋਕਾਂ ਦੇ ਕੱਖ ਪਿੜ ਪੱਲੇ ਨਹੀਂ ਸੀ ਪੈ ਰਿਹਾ। ਪ੍ਰਸਿੱਧ ਦੇਸਭਗਤ ਹਰਨਾਮ ਸਿੰਘ ਟੁੰਡੀਲਾਟ ਅਜਿਹੇ ਲੋਕਾਂ ਵਿਚੋਂ ਇਕ ਸਨ। ਕਿਰਤੀ ਵਿਚ ਆਪਣੇ ਇਕ ਲੇਖ (2 ਅਪਰੈਲ, 1934) ਵਿਚ ਉਹ ਲਿਖਦੇ ਹਨ:
"ਏਸ ਵਕਤ ਕਿਸਾਨਾਂ ਉਪਰ ਮਜ਼ਹਬੀ ਧੜੇ ਦੇ ਗੰਦੇ ਪਰਚਾਰ ਦਾ ਇਤਨਾ ਬਹੁਤਾ ਅਸਰ ਹੈ ਕਿ ਕਿਰਤੀ ਆਗੂਆਂ ਦੇ ਪਰਚਾਰ ਨੂੰ ਉਹ ਸਮਝ ਹੀ ਨਹੀਂ ਸਕਦੇ। ਐਸੀ ਹਾਲਤ ਵਿਚ ਮਜ਼ਹਬੀ ਧੜੇ ਦੀ ਹਸਤੀ ਨੂੰ ਅਲਗ ਹਸਤੀ ਮੰਨਣ ਤੋਂ ਇਨਕਾਰ ਕਰਨਾ ਕਿਰਤੀ ਲਹਿਰ ਦੀ ਕਾਮਯਾਬੀ ਦੇ ਸਮੇਂ ਨੂੰ ਲੰਮਾ ਕਰਨਾ ਹੋਵੇਗਾ। ਸਾਥੀ ਗੜਗਜ ਜੀ ਅਤੇ ਕਿਰਤੀ ਆਗੂਆਂ ਨੂੰ ਏਹ ਬਾਤ ਮਾਲੂਮ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਅੱਠ ਦਸ ਵਰ੍ਹੇ ਦੇ-ਪਰਚਾਰ ਨਾਲ ਅਜੇ ਤਕ ਪਿੰਡਾਂ ਦੇ ਕਿਸਾਨਾਂ ਨੂੰ ਤੇ ਪੰਜਾਬੀ ਸ਼ਹਿਰਾਂ ਦੇ ਕਿਰਤੀਆਂ ਨੂੰ ਸੌ ਵਿਚੋਂ ਇਕ ਨੂੰ ਵੀ ਸਰਮਾਏਦਾਰੀ ਪਰਬੰਧ ਦੀ ਵਾਕਫ਼ੀਅਤ ਨਹੀਂ ਹੋਈ ਤੇ ਮਜ਼ਹਬੀ ਪਰਚਾਰ ਦਾ ਅਸਰ ਉਹਨਾਂ ਦੇ ਦਿਮਾਗ਼ ਉਪਰ ਪੂਰੀ ਤਰ੍ਹਾਂ ਆਪਣਾ ਅਸਰ ਜਮਾਈ ਬੈਠਾ ਹੈ। ਕਿਰਤੀ ਕਿਸਾਨਾਂ ਨੂੰ ਸਰਮਾਏਦਾਰੀ ਪਰਬੰਧ ਦੀ ਅਸਲੀਅਤ ਸਮਝਾਉਣ ਵਾਸਤੇ, ਮਜ਼ਹਬੀ ਪਰਚਾਰ ਦੇ ਅਸਰ ਨੂੰ ਉਹਨਾਂ ਦੇ ਦਿਮਾਗ਼ ਵਿਚੋਂ ਬਾਹਰ ਕੱਢਣ ਜਾਂ ਪਤਲਾ ਕਰਨ ਦੀ ਲੋੜ ਹੈ। ਪਿੰਡਾਂ ਤੇ ਸ਼ਹਿਰਾਂ ਦੇ ਆਮ ਕਿਰਤੀ ਸਰਮਾਏਦਾਰੀ ਦੇ ਵਿਰੁੱਧ ਪਰਚਾਰ ਨੂੰ ਨਾ ਚੰਗੀ ਤਰ੍ਹਾਂ ਸੁਣਦੇ ਹਨ ਤੇ ਨਾ ਹੀ ਚੰਗੀ ਤਰ੍ਹਾਂ ਸਮਝਦੇ ਹਨ। ਮਸਲਨ, ਜੇਕਰ ਕਿਸੇ ਕਿਰਤੀ ਕਿਸਾਨ ਨੂੰ ਇਹ ਆਖਿਆ ਜਾਵੇ, ਭਰਾਵਾ ਤੇਰੀ ਕਮਾਈ ਨੂੰ ਸਰਮਾਏਦਾਰ ਜਾਂ ਹੋਰ ਕਈ ਪਰਕਾਰ ਦੇ ਵੇਹਲੜ ਲੋਕ ਖਾਈ ਜਾਂਦੇ ਹਨ, ਏਸ ਕਰਕੇ ਤੂੰ ਗ਼ਰੀਬ ਹੋ ਗਿਆ ਏਂ ਜਾਂ ਤੇਰੀ ਹਾਲਤ ਮੰਦੀ ਹੋ ਗਈ ਹੈ, ਤਦ ਉਹ ਭਲਾ ਲੋਕ ਅਗੋਂ ਇਹ ਉਤਰ ਦੇਵੇਗਾ ਕਿ ਨਹੀਂ, ਮੇਰੀ ਕਿਸਮਤ ਮੇਰੇ ਨਾਲ ਹੈ, ਮੈਂ ਆਪਣੇ ਕਰਮਾਂ ਨਾਲ ਜਾਂ ਪਿਛਲੇ ਜਨਮ ਦੇ ਕਰਮਾਂ ਨਾਲ ਗ਼ਰੀਬ ਹੋਇਆ ਹਾਂ ਤੇ ਅਮੀਰ ਆਦਮੀ ਪਿਛਲੇ ਜਨਮ ਦੇ ਕਰਮਾਂ ਨਾਲ ਅਮੀਰ ਬਣਿਆ ਹੋਇਆ ਹੈ। ਇਸ ਤਰ੍ਹਾਂ ਦੀ ਜ਼ਹਿਨੀਅਤ ਰਖਦਾ ਹੋਇਆ ਉਹ ਕਦੀ ਵੀ ਨਹੀਂ ਮੰਨ ਸਕਦਾ ਕਿ ਉਹਦੀ ਗ਼ਰੀਬੀ ਦਾ ਕਾਰਨ ਸਰਮਾਏਦਾਰੀ ਪਰਬੰਧ ਹੈ। ਇਹ ਇਕ ਬਿਲਕੁਲ ਨਿੱਕੀ ਜਿਹੀ ਮਿਸਾਲ ਬੋਹਲ ਵਿਚੋਂ ਇਕ ਦਾਣੇ ਦੇ ਸਮਾਨ ਦਿਤੀ ਗਈ ਹੈ। ਅਖ਼ੀਰ ਵਿਚ ਮੈਂ ਕਿਰਤੀ ਲਹਿਰ ਦੇ ਆਗੂਆਂ ਨੂੰ ਇਹ ਦਸਣਾ ਚਾਹੁੰਦਾ ਹਾਂ ਕਿ ਜਦ ਤਕ ਫ਼ਿਰਕੇਦਾਰੀ ਕਾਇਮ ਹੈ, ਤਦ ਤਕ ਕਿਰਤੀ-ਕਿਸਾਨ ਜਥੇਬੰਦੀ ਕਦੀ ਵੀ ਕਾਮਯਾਬ ਨਹੀਂ ਹੋ ਸਕੇਗੀ ਕਿਉਂਕਿ ਹਰ ਇਕ ਸਿੱਖ ਕਿਰਤੀ ਕਿਸਾਨ, ਹਿੰਦੂ ਕਿਰਤੀ ਕਿਸਾਨ ਤੇ ਮੁਸਲਮਾਨ ਕਿਰਤੀ ਕਿਸਾਨ ਨੂੰ ਉਹਨਾਂ ਦਾ ਆਪਣਾ ਮਜ਼ਹਬ ਇਕ ਜਗ੍ਹਾ ਇਕੱਤਰ ਹੋਣ ਤੋਂ ਰੋਕਦਾ ਹੈ। ਐਸੀ ਹਾਲਤ ਵਿਚ ਸਾਥੀ ਗੜਗਜ ਜੀ ਕਿਸ ਦੀ ਜਥੇਬੰਦੀ ਕਰਨਗੇ ਤੇ ਕਿਰਤੀ ਆਗੂ ਕਿਸ ਦੀ ਅਗਵਾਈ ਕਰਨਗੇ? ," ਸੋ ਲੋੜ ਪਹਿਲਾਂ ਫਿਰਕਾਪਰਸਤ ਤੇ ਇਲਾਕਾਈ ਚੇਤਨਤਾ ਤੋਂ ਉਪਰ ਉਠ ਕੇ ਕੌਮੀ ਚੇਤਨਤਾ ਗ੍ਰਹਿਣ ਕਰਨ ਦੀ ਸੀ। ਕੇਵਲ ਅਜਿਹੀ ਚੇਤਨਤਾ ਨਾਲ ਹੀ ਅਗੇ ਸਮਾਜਵਾਦੀ ਚੇਤਨਤਾ *ਵੱਲ ਵਧਿਆ ਜਾ ਸਕਦਾ ਸੀ।
ਕਿਉਂਕਿ ਪੰਜਾਬ ਵਿਚ 1930 ਤਕ ਵਧੇਰੇ ਕਰਕੇ ਮੱਧ-ਸ਼੍ਰੇਣੀ ਨੇ ਹੀ ਸਾਮਰਾਜ-ਵਿਰੋਧੀ ਲਹਿਰ ਵਿਚ ਭਾਗ ਲਿਆ ਸੀ (ਇਸ ਸੀਮਤ ਡੈਮੋਕਰੈਟਿਕ ਲਹਿਰ ਵਿਚੋਂ ਹੀ ਅਗੇ ਵਧ ਕੇ ਥੋੜੇ ਜਿਹੇ ਲੋਕ ਨੇ ਸਮਾਜਵਾਦੀ ਚੇਤਨਤਾ ਗ੍ਰਹਿਣ ਕੀਤੀ ਸੀ) ਇੰਜ ਡੈਮੋਕਰੈਕਿਟ ਲਹਿਰ ਦਾ ਘੇਰਾ ਸੀਮਤ ਹੋਣ ਕਾਰਨ ਇਥੇ ਖੱਬੇ-ਪੱਖੀ ਗਰੁਪ ਪਹਿਲਾਂ ਹੀ ਆਪਣੇ ਆਪ ਵਿਚ ਛੋਟਾ ਸੀ, ਪਰ ਅਗੇ ਫੇਰ ਇਹ 'ਨਿਰੋਲ-ਸਮਾਜਵਾਦੀ' ਤੇ 'ਨਿਰੋਲ-ਕੌਮਵਾਦੀ' ਵਿਚਾਰਾਂ ਵਿਚ ਆਪਾ-ਵਿਰੋਧ ਦੀ ਗਲਤ ਨੀਤੀ ਅਪਣਾਉਣ ਕਾਰਨ ਵੰਡਿਆ ਗਿਆ ਸੀ। 1934 ਦੇ ਸ਼ੁਰੂ ਵਿਚ ਜਦ ਕਮਿਊਨਿਸਟ ਪਾਰਟੀ ਉਤੇ ਪਾਬੰਦੀ ਲਗੀ ਤਾਂ ਪੰਜਾਬ ਦੇ 10 ਕਮਿਊਨਿਸਟਾਂ ਨੇ' 17 ਘੰਟਿਆਂ ਦੀ ਗਰਮਾ-ਗਰਮ ਬਹਿਸ ਤੋਂ ਬਾਅਦ' 'ਸ਼ਹਿਨਸ਼ਾਹੀਅਤ ਦੇ ਵਿਰੁੱਧ ਲੀਗ' ਬਣਾਈ ਤਾਂ ਰਾਮ ਕਿਸ਼ਨ ਬੀ. ਏ. ਨੇ ਇਸ ਜਥੇਬੰਦੀ ਦਾ ਇਹ ਕਹਿਕੇ ਵਿਰੋਧ ਕੀਤਾ ਕਿ ਇਹ 'ਕੇਵਲ ਚੋਟੀ ਦੀ ਜਥੇਬੰਦੀ ਹੈ, ਜਿਸ ਦੀਆਂ ਜੜਾਂ ਆਮ ਲੋਕਾਂ ਵਿਚ ਫੈਲੀਆਂ ਹੋਈਆਂ ਨਹੀਂ ਸਨ' । ਰਾਮ ਕਿਸ਼ਨ ਦੇ ਇਸ ਇਤਰਾਜ ਦਾ ਫੀਰੋਜ਼ਉਦੀਨ ਮਨਸੂਰ ਨੇ ਇਹ ਉੱਤਰ ਦਿਤਾ: "ਪਰ ਸਾਥੀ ਰਾਮ ਕਿਸ਼ਨ ਹੀ ਜ਼ਰਾ ਇਹ ਤੇ ਦੱਸਣ, ਕਿ ਜੇ ਸ਼ਹਿਨਸ਼ਾਹੀਅਤ ਵਿਰੁਧ ਲੀਗ' ਆਪੇ ਬਣੀ ਤੇ ਕੇਵਲ ਇਕ ਚੋਟੀ ਦੀ ਜਥੇਬੰਦੀ ਹੈ ਤਾਂ ਕਿਰਤੀ ਕਿਸਾਨ ਪਾਰਟੀ ਤੇ ਨੌਜਵਾਨ ਭਾਰਤ ਸਭਾ ਕੀ ਅਜਿਹੀਆਂ ਨਹੀਂ ਹਨ? ਹਕੀਕਤ ਤੋਂ ਰੰਗੀਨ ਤੇ ਖ਼ੁਸ਼ਨੁਮਾ ਪਰਦਾ ਲਾਂਭੇ ਕਰਕੇ ਜ਼ਰਾ ਸੋਚੋ ਤੇ ਸਹੀ ਕਿ ਕਿਰਤੀ ਕਿਸਾਨ ਪਾਰਟੀ ਤੇ ਨੌਜਵਾਨ ਭਾਰਤ ਸਭਾ ਆਮ ਲੋਕਾਂ ਤੋਂ ਕੋਹਾਂ ਹੀ ਦੂਰ ਤੇ ਅਲਗ ਕੁਝ ਇਕ ਬੰਦਿਆਂ ਉਤੇ ਨਿਰਭਰ ਨਹੀਂ ਹਨ?" (ਕਿਰਤੀ, 2 ਅਪਰੈਲ, 1934)।
ਇੰਜ ਰਾਮ ਕਿਸ਼ਨ ਤੇ ਫੀਰੋਜ਼Aੁਦੀਨ ਮਨਸੂਰ ਨੇ ਮਿਲ ਕੇ ਪੂਰਾ ਸੱਚ ਸਾਡੇ ਸਾਹਮਣੇ ਪੇਸ਼ ਕਰ ਦਿਤਾ। ਖੱਬਾ-ਵਿੰਗ ਛੋਟੇ ਛੋਟੇ ਗਰੁਪਾਂ ਵਿਚ ਵੰਡਿਆ, ਲੋਕਾਂ ਤੋਂ ਦੂਰ ਸੀ ਜੋ ਇਕ ਦੂਸਰੇ ਨੂੰ ਆਪਣੇ ਨਾਲੋਂ 'ਨਿਰੋਲ-ਸਮਾਜਵਾਦੀ ਹੋਣ ਦੇ ਆਧਾਰ' ਤੇ ਨਿਖੇੜਦੇ ਸਨ ਤੇ 'ਅਸਲੀ ਸਮਾਜਵਾਦੀ' ਹੋਣ ਦੇ ਅਭਿਮਾਨ ਨਾਲ ਫੁੱਲੇ ਨਹੀਂ ਸਨ ਸਮਾਂਉਂਦੇ।
ਖੱਬੇ ਵਿੰਗ ਵਿਚ 'ਨਿਰੋਲ-ਸਮਾਜਵਾਦੀ ਵਿਚਾਰਾਂ' ਵਾਲੇ ਭਾਵ ਕਮਿਊਨਿਸਟਾਂ ਤੋਂ ਬਿਨਾਂ ਇਕ ਹੋਰ ਰੁਝਾਨ ਵੀ ਸੀ। ਇਸ ਵਿਚ ਡਾ. ਸਤਿਆਪਾਲ, ਮਾਸਟਰ ਮੋਤਾ ਸਿੰਘ, ਬਾਬਾ ਗੁਰਦਿਤ ਸਿੰਘ ਕਾਮਾਗਾਟਾ ਮਾਰੂ ੁਤੇ ਨੌਜਵਾਨ ਭਾਰਤ ਸਭਾ ਦੇ ਕੁਝ ਲੋਕ ਸ਼ਾਮਿਲ ਸਨ। ਉਹ ਅਜੇ ਵੀ ਕਾਂਗਰਸ ਦਾ ਖੱਬਾ ਵਿੰਗ ਰਹਿ ਕੇ ਕੰਮ ਕਰਨ ਉਪਰ ਜ਼ੋਰ ਦੇ ਰਹੇ ਸਨ ਤੇ ਕਮਿਊਨਿਸਟਾਂ ਨਾਲ ਸਹਿਮਤ ਹੋ ਕੇ ਕਾਂਗਰਸ ਨਾਲ ਮੁਕੰਮਲ ਵਿਛੋੜਾ ਪਾਉਣ ਲਈ ਤਿਆਰ ਨਹੀਂ ਸਨ। ਕਮਿਊਨਿਸਟਾਂ ਦੀ ਇਸ ਨਵੀਂ ਲਾਈਨ ਦਾ ਸਿੱਟਾ ਇਹ ਨਿਕਲਿਆ: (1) ਸਾਮਰਾਜ-ਵਿਰੋਧੀ ਡੈਮੋਕਰੈਟਿਕ ਲਹਿਰ ਕਮਜ਼ੋਰ ਹੋ ਗਈ ਕਿਉਂਕਿ ਜਿਨਾਂ ਲੋਕਾਂ ਨੇ ਕਾਂਗਰਸ ਦੇ ਖੱਬੇ ਵਿੰਗ ਵਜੋਂ 1928-29 ਦੇ ਘੋਲ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ, ਉਹ ਕਾਂਗਰਸ ਦੇ ਵਿਰੋਧ ਵਿਚ ਖੜੇ ਸਨ। (2) ਖੱਬੇ ਪੱਖੀ ਲਹਿਰ ਛੋਟੀ ਤਾਂ ਪਹਿਲਾਂ ਹੀ ਸੀ, ਪਰ ਹੁਣ ਅਗੇ ਹੋਰ ਛੋਟੇ ਛੋਟੇ ਟੁਕੜਿਆਂ ਵਿਚ ਵੰਡੀ ਗਈ। * (3) ਇੰਜ ਲੋੜ ਮਹਿਸੂਸ ਕੀਤੇ ਹੋਣ ਦੇ ਬਾਵਜੂਦ ਵੀ ਫੁੱਟ ਕਾਰਨ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਕੇਂਦਰੀ ਜਥੇਬੰਦੀ ਖੜੀ ਕਰਨ ਵਿਚ ਕਾਮਯਾਬੀ ਹਾਸਿਲ ਨਾ ਹੋ ਸਕੀ। ਅਸੀਂ ਅਗੇ ਵੇਖਾਂਗੇ ਕਿ ਅਜਿਹਾਂ ਸੰਗਠਨ ਉਸ ਵੇਲੇ ਹੀ ਸੰਭਵ ਹੋ ਸਕਿਆ ਜਦ 1936 ਵਿਚ ਕਮਿਊਨਿਸਟਾਂ ਦੇ ਮੁੜ ਲਾਈਨ ਬਦਲ ਲੈਣ ਕਾਰਨ ਤੇ 1929 ਤੋਂ ਪਹਿਲਾਂ ਵਾਂਗ ਕਾਂਗਰਸ ਵਿਚ ਮੁੜ ਸ਼ਾਮਿਲ ਹੋਣ ਕਾਰਨ ਖੱਬੇ-ਪੱਖੀ ਲਹਿਰ ਵਿਚ ਏਕਤਾ ਕਾਇਮ ਹੋਈ। ਦੇਸ ਦੇ ਬਾਕੀ ਹਿੱਸਿਆਂ ਵਿ ਵੀ ਕਮਿਊਨਿਸਟਾਂ ਦਾ ਅਜਿਹਾ ਹੀ ਹਾਲ ਸੀ।


ਸੰਘ ਪਰਿਵਾਰ ਦੀ ਫਿਰਕਾਪ੍ਰਸਤੀ ਦੇ ਖਿਲਾਫ਼ ਮੁਜਾਹਰਾ

ਨਾਭਾ, 2 ਦਸੰਬਰ 2010 -ਇੰਟਰਨੈਸ਼ਨਲਿਸਟ ਡੈਮੋਕ੍ਰੇਟਿਕ ਪਾਰਟੀ,ਯੂਨਾਈਟਿਡ ਕਮਿਉਨਿਸਟ ਪਾਰਟੀ ਤੇ ਹੋਰ ਸੰਗਠਨਾਂ ਦੇ ਆਗੂਆਂ ਵੱਲੋਂ ਸਾਂਝੇ ਤੌਰ 'ਤੇ 25 ਨਵੰਬਰ ਨੂੰ ਚੰਡੀਗੜ• ਵਿਖੇ ਜੰਮੂ ਕਸ਼ਮੀਰ ਦੀ ਸਮੱਸਿਆ ਵਿਸ਼ੇ 'ਤੇ ਕਰਵਾਏ ਸੈਮੀਨਾਰ ਵਿਚ ਪਹੁੰਚੇ ਹੁਰੀਅਤ ਦੇ ਚੇਅਰਮੈਨ ਮੀਰਵਾਈਜ ਉਮਰ ਫਾਰੂਕ ਤੇ, ਭਾਜਪਾ ਆਰ.ਐਸ.ਐਸ. ਅਤੇ ਵੀ.ਐਚ.ਪੀ. ਦੇ ਕਾਰਕੁੰਨਾਂ ਵੱਲੋਂ ਕੀਤੇ ਗਏ ਕਾਤਲਾਨਾ ਹਮਲੇ ਦੇ ਵਿਰੋਧ ਵਿਚ ਅੱਜ ਰੋਸ ਮੁਜ਼ਾਹਰਾ ਕੀਤਾ ਗਿਆ, ਜੋ ਬੌੜਾਂ ਗੇਟ ਤੋਂ ਸ਼ੁਰੂ ਹੋ ਕੇ ਐਸ.ਡੀ.ਐਮ. ਨਾਭਾ ਦੇ ਦਫ਼ਤਰ ਵਿਖੇ ਸਮਾਪਤ ਹੋਇਆ। ਇਸ ਮੌਕੇ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਧਨੇਠਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਅਨੁਸਾਰ ਹਰੇਕ ਵਿਅਕਤੀ ਨੂੰ ਆਪਣੇ ਰਾਏ ਰੱਖਣ ਦਾ ਪੂਰਾ ਅਧਿਕਾਰ ਹੈ ਪ੍ਰੰਤੂ ਚੰਡੀਗੜ• ਵਿਖੇ ਹੋਏ ਸੈਮੀਨਾਰ ਵਿਚ ਭਾਜਪਾ ਤੇ ਉਸ ਦੀਆਂ ਸਹਿਯੋਗੀ ਪਾਰਟੀ ਦੇ ਕਾਰਕੁੰਨਾਂ ਵੱਲੋਂ ਹੁਰੀਅਤ ਦੇ ਚੇਅਰਮੈਨ ਤੇ ਕੀਤਾ ਗਿਆ ਕਾਤਲਾਨਾ ਹਮਲਾ ਲੋਕਤੰਤਰ ਦਾ ਘਾਣ ਹੈ। ਉਨ੍ਹਾਂ  ਕਿਹਾ ਕਿ ਹਰੇਕ ਵਿਅਕਤੀ ਨੂੰ ਆਪਣੀ ਗੱਲ ਕਹਿਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਅਤੇ ਸਰਕਾਰ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਸ ਦੀ ਸੁਰੱਖਿਆ ਯਕੀਨੀ ਬਣਾਏ। ਸੂਬਾ ਜਨਰਲ ਸਕੱਤਰ ਕਰਨੈਲ ਸਿੰਘ ਜਖੇਪਲ ਨੇ ਭਾਜਪਾ ਤੇ ਉਸ ਦੀ ਭਾਈਵਾਲਾ ਪਾਰਟੀਆਂ ਵੱਲੋਂ ਕੀਤੀ ਕਾਰਵਾਈ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਸਮਾਜ ਵਿਚ ਫਿਰਕਪ੍ਰਸਤੀ ਤਾਕਤਾਂ ਸ਼ਾਂਤੀ ਨਾਲ ਗੱਲਬਾਤ ਰਾਹੀਂ ਮਸਲੇ ਦਾ ਹੱਲ ਕੱਢਣ ਵਾਲੀਆਂ ਜਥੇਬੰਦੀਆਂ/ਪਾਰਟੀਆਂ ਨੂੰ ਬਰਦਾਸ਼ਤ ਨਹੀਂ ਕਰ ਰਹੀਆਂ ਸਗੋਂ ਉਹਨਾਂ 'ਤੇ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ। ਯੂ.ਸੀ.ਪੀ.ਆਈ. ਦੇ ਆਗੂ ਚਰਨ ਗਿੱਲ ਨੇ ਕਿਹਾ ਸੰਘ ਪਰਿਵਾਰ ਦੇਸ਼ ਦੀ ਏਕਤਾ ਲਈ ਸਭ ਤੋਂ ਵੱਡਾ ਖਤਰਾ ਹੈ ਕਿਉਂਕਿ ਇਹ ਜਿਹੜੀਆਂ ਹਿੰਦ ਦੀ ਪਛਾਣ ਇਹਦੀ ਵੰਨ ਸੁਵੰਨਤਾ ਨੂੰ ਖਤਮ ਕਰ ਕੇ ਹਿੰਦੂ ਰਾਸ਼ਟਰ ਬਣਾਉਣ ਲਈ ਨੀਮ ਫੌਜੀ ਸੰਗਠਨਾਂ ਦੇ ਵਰਤੋਂ ਰਾਹੀਂ ਹਿੰਸਕ ਰੂਪ ਧਾਰਨ ਕਰਕੇ ਦਹਿਸਤ ਦਾ ਮਾਹੌਲ ਤਿਆਰ ਕਰਨ ਵਿੱਚ ਲੱਗੇ ਹਨ।ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਖਤਰੇ ਦਾ ਟਕਰਾ ਕਰਨ ਲਈ ਸਿਆਸੀ ਤੇ ਸਮਾਜੀ ਤਾਕਤਾਂ ਦੀ ਵਿਸ਼ਾਲ ਲਾਮਬੰਦੀ ਲੋੜੀਂਦੀ ਹੈ ।


ਇਸ ਮੌਕੇ ਏ.ਆਈ.ਵਾਈ.ਐਫ. ਦੇ ਆਗੂ ਕਸ਼ਮੀਰ ਗਦਾਈਆ, ਪੀ.ਐਸ.ਯੂ. ਦੇ ਜ਼ਿਲਾ ਪ੍ਰਧਾਨ ਬੇਅੰਤ ਸਿੰਘ,  ਆਰ.ਵਾਈ.ਐਫ. ਦੇ ਨਿਰਮਲ ਸਿੰਘ ਨਿੰਮਾ, ਰਣਜੀਤ ਨੋਨਾ ,ਇਕਬਾਲ ਸਿੰਘ ਅਮਰਗੜ੍ਹ ਅਤੇ  ਪੈਪਸੀਕੋ ਵਰਕਰ ਯੂਨੀਅਨ ਦੇ ਕ੍ਰਿਸ਼ਨ ਭੜੋ ਨੇ ਸੰਬੋਧਨ ਕਰਦਿਆਂ ਮੰਗ ਕੀਤੀ ਕਿ ਲੋਕਤੰਤਰ ਤਰੀਕੇ ਨਾਲ ਆਪਣੇ ਰਾਏ ਰੱਖਣ ਵਾਲੀਆਂ ਧਿਰਾਂ/ਪਾਰਟੀਆਂ/ਜਥੇਬੰਦੀਆਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਸ ਮੌਕੇ ਆਈ.ਡੀ.ਪੀ. ਦੇ ਸੂਬਾ ਮੀਤ ਪ੍ਰਧਾਨ ਗੁਰਦਸ਼ਸਨ ਸਿੰਘ ਖੱਟੜਾ, ਕੇਵਲ ਸਿੰਘ ਕੋਟ ਕਲਾਂ, ਜ਼ਿਲਾ  ਮੀਤ ਪ੍ਰਧਾਨ ਗੁਰਮੀਤ ਸਿੰਘ ਥੂਹੀ, ਕ੍ਰਿਸਨ ਸਿੰਘ ਲੁਬਾਣਾ, ਮੇਜਰ ਸਿੰਘ ਥੂਹੀ, ਈਸ਼ਵਰ ਸਿੰਘ ਅਗੇਤੀ, ਅਵਤਾਰ ਸਿੰਘ ਅਤੇ ਹੋਰ ਕਾਰਕੁਨ ਸ਼ਾਮਲ ਸਨ।