Thursday, December 17, 2009

ਸੱਚ ਦੀ ਸਿਆਸਤ--ਅਮਰਜੀਤ ਗਰੇਵਾਲ

(ਅਮਰਜੀਤ  ਗਰੇਵਾਲ ਦੀ ਨਵੀਂ ਕਿਤਾਬ 'ਸੱਚ ਦੀ ਸਿਆਸਤ'ਪੰਜਾਬੀ ਕੌਮੀਅਤ ਦੀ ਸਮਝ ਨਾਲ ਜੁੜੇ ਕੁਝ ਬੁਨਿਆਦੀ ਸੁਆਲਾਂ ਨੂੰ ਚਰਚਾ ਦਾ ਵਿਸ਼ਾ ਬਨਾਉਣ  ਵੱਲ ਇੱਕ ਸਾਰਥਿਕ ਯਤਨ ਹੈ.ਪੰਜਾਬੀ ਵਿਚ ਇਹ ਆਪਣੀ ਕਿਸਮ ਦੀ ਪਹਿਲੀ ਕਿਤਾਬ ਹੈ ਜਿਸ ਵਿੱਚ ਬੁਧੀਜੀਵੀਆਂ ਦੀ ਇੱਕ ਪੂਰੀ ਟੋਲੀ ਲੇਖਕ ਹੈ ਇਕੱਲਾ ਗਰੇਵਾਲ ਨਹੀਂ.ਇਹ ਵਿਧੀ ਇੱਕ ਤਾਂ ਸੰਵਾਦ ਦੇ ਮਕਸਦ ਲਈ ਬੜੀ ਉਪਯੋਗੀ ਹੈ ਦੂਜੇ ਇਹ ਓਹਲੇ ਦਾ ਕੰਮ ਵੀ ਬਖੂਬੀ ਕਰ ਜਾਂਦੀ ਹੈ.ਮਹਾਤਮਾ ਗਾਂਧੀ ਤੋਂ ਪਹਿਲਾਂ ਸਿੱਖ ਗੁਰੂਆਂ ਨੇ ਅਹਿੰਸਾ ਦੇ ਪ੍ਰਯੋਗ  ਵਿੱਚ ਕਿੰਨੇ ਲਚਕੀਲੇ ਅਤੇ  ਕਾਰਗਰ  ਢੰਗ  ਤਿਆਰ  ਕਰ  ਲਏ ਸਨ ਉਸ ਦੀ ਅੱਛੀ ਖਾਸੀ ਤਸਵੀਰ ਇਸ  ਗੈਰ ਪਰੰਪਰਕ ਪੜਤ ਵਿੱਚੋਂ ਉਭਰਦੀ ਹੈ.)


ਜਦੋਂ ਮਾਤਾ ਸੁੰਦਰੀ ਕਾਲਜ ਦਿੱਲੀ ਦੀ ਪ੍ਰਿੰਸੀਪਲ ਡਾ.ਸਤਨਾਮ ਕੌਰ ਨੇ ਮੈਨੂੰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਇਹ ਪਰਚਾ ਲਿਖਣ ਲਈ ਆਮੰਤ੍ਰਿਤ ਕੀਤਾ ਤਾਂ ਮੇਰਾਤੁਰੰਤ ਜੁਆਬ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਇਕ ਇਤਿਹਾਸਕ ਘਟਨਾ ਹੈ ਅਤੇ ਮੈਂ ਇਕ ਸਾਹਿਤਸਭਿਆਚਾਰ ਦਾ ਵਿਦਿਆਰਥੀ ਭਲਾ ਇਸ ਵਿਸ਼ੇ ਤੇ ਕੀ ਲਿਖਸਕਦਾ ਹਾਂ। ਇਸ ਕੰਮ ਲਈ ਤਾਂ ਕਿਸੇ ਇਤਿਹਾਸਕਾਰ ਦੀ ਚੋਣ ਕੀਤੀ ਜਾਣੀ ਚਾਹੀਦੀ ਸੀ। ਮੇਰੇ ਇਸ ਜੁਆਬ ਨੂੰ ਕੱਟਦੇਹੋਏ, ਡਾ. ਜਗਬੀਰ ਸਿੰਘ ਦੀ ਨੂੰਹ ਗੁਰਜੀਤ, ਜੋ ਇਸੇ ਕਾਲਜ
ਵਿਚ ਪੰਜਾਬੀ ਸਾਹਿਤ ਦੀ ਅਧਿਆਪਕ ਹੈ, ਇਕ ਦਮ ਬੋਲੀ,
" ਅੰਕਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕੇਵਲ ਘਟਨਾਨਹੀਂ, ਇਕ ਟੈਕਸਟ ਵੀ ਹੈ ਅਤੇ ਟੈਕਸਟ ਨੂੰ ਪੜ੍ਹਨ ਲਈਇਤਿਹਾਸਕਾਰੀ ਦੀ ਨਹੀਂ, ਡਿਸਕੋਰਸ ਅਨੈਲੇਸਿਜ਼ ਦੀ ਜ਼ਰੂਰਤਹੁੰਦੀ ਹੈ। ਇਸੇ ਲਈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀਟੈਕਸਟ ਨੂੰ ਪੜ੍ਹਨ ਲਈ ਅਸੀਂ ਤੁਹਾਨੂੰ ਆਖ ਰਹੇ ਹਾਂ।"
" ਪਰ ਬੇਟੇ, ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕੋਈਸਾਹਿਤਕ ਜਾਂ ਸਭਿਆਚਾਰਕ ਟੈਕਸਟ ਨਹੀਂ, ਰਾਜਨੀਤਕ ਟੈਕਸਟ ਹੈ। ਰਾਜਨੀਤਕ ਟੈਕਸਟ ਨੂੰ ਪੜ੍ਹਨ ਲਈ ਤੁਸੀਂ ਕਿਸੇ
ਪੁਲਿਟੀਕਲ ਸਾਇੰਸ ਦੇ ਬੰਦੇ ਨੂੰ ਲੱਭੋ।" ਮੈਂ ਡਾ. ਜਸਪਾਲ ਸਿੰਘ ਵੱਲ ਇਸ਼ਾਰਾ ਕਰਦੇ ਹੋਏ ਆਖਿਆ।" ਮੈਂ ਤਾਂ ਗੱਲ ਕਰਾਂਗਾ ਹੀ, ਪਰ ਤੁਸੀਂ ਵੀ ਭੱਜ ਨਹੀਂ ਸਕਦੇ।" ਡਾ. ਜਸਪਾਲਸਿੰਘ ਨੇ ਗੇਂਦ ਨੂੰ ਵਾਪਿਸ ਮੇਰੇ ਪਾੜੇ ਵਿਚ ਸੁਟਦੇ ਹੋਏਕਿਹਾ:


" ਨਿਰਸੰਦੇਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਇਕ ਪੁਲਿਟੀਕਲ ਟੈਕਸਟ ਵਜੋਂ ਹੀ ਪੜ੍ਹਿਆ ਜਾਣਾ ਚਾਹੀਦਾ ਹੈ। ਪਰ ਗੁਰੂ ਅਰਜਨ ਦੇਵ ਜੀ ਦੀ ਸਿਆਸਤ, ਸਿਆਸੀ ਸ਼ਕਤੀ ਲਈ ਸੰਘਰਸ਼ ਦੀ ਸਿਆਸਤ ਨਹੀਂ, ਸਮਾਜ ਸਭਿਆਚਾਰਕ ਕਰਾਂਤੀ ਲਈ ਸੰਘਰਸ਼ ਦੀ ਸਿਆਸਤ ਸੀ।"
"ਸਮਾਜ-ਸਭਿਆਚਾਰਕ ਕਰਾਂਤੀ ਦੀ ਸਿਆਸੀ ਟੈਕਸਟ", ਇਹ ਆਖ ਕੇ ਡਾ. ਸਤਨਾਮ ਕੌਰ ਜੀ ਨੇ ਮੈਨੂੰ
ਮੇਰੇ ਪਰਚੇ ਦਾ ਵਿਸ਼ਾ ਸੁਝਾ ਦਿੱਤਾ।


ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨੂੰ ਭਾਰਤੀ ਸਮਾਜ ਸਭਿਆਚਰਕ ਕਰਾਂਤੀ ਦੀ ਰਾਜਨੀਤਕ ਟੈਕਸਟ ਵਜੋਂ ਕਿਵੇਂ ਪੜ੍ਹਨਾ ਹੈ, ਇਹ ਤਾਂ ਬਾਅਦ ਦਾ ਮਸਲਾ ਹੈ, ਪਹਿਲੀ ਸਮੱਸਿਆ ਤਾਂ ਇਸ ਟੈਕਸਟ ਨੂੰ ਲੋਕੇਟ ਕਰਨ ਦੀ ਹੈ। ਸ਼ਾਇਦ ਇਸ ਟੈਕਸਟ ਨੂੰ ਲੋਕੇਟ ਕਰਨਾ ਹੀ ਇਸ ਨੂੰ ਪੜ੍ਹਨਾ ਹੈ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਟੈਕਸਟ ਕਿਥੇ ਪਈ ਹੈ? ਕੀ ਇਹ ਸਾਡੇ ਸਿਰਾਂ ਅੰਦਰ ਯਾਦ ਦੇ ਰੂਪ ਵਿਚ ਸਾਂਭੀ ਪਈ ਹੈ ਜਾਂ ਫੇਰ ਅਜਾਇਬ ਘਰਾਂ ਅਤੇ ਲਾਇਬਰੇਰੀਆਂ ਵਿਚ। ਇਸ ਟੈਕਸਟ ਨੂੰ ਲੋਕੇਟ ਕਰਨ ਜਾਂ ਪੜ੍ਹਨ ਤੋਂ ਪਹਿਲਾਂ ਇਹ ਵੀ ਸੋਚਣਾ ਪਵੇਗਾ ਕਿ ਇਸ ਟੈਕਸਟ ਨੂੰ ਕੌਣ ਲਿਖਦਾ ਹੈ ਅਤੇ ਕਿਉਂ ਲਿਖਦਾ ਹੈ? ਇਹ ਹੋਂਦ ਵਿਚ ਕਿਵੇਂ ਆਉਂਦੀ ਹੈ? ਇਸ ਨੂੰ ਅਸੀਂ ਕਾਹਦੇ ਲਈ ਲਿਖਦੇ ਪੜ੍ਹਦੇ ਹਾਂ?
ਇਹ ਗੱਲਬਾਤ ਦਿੱਲੀ ਵਿਖੇ ਡਾ. ਜਸਪਾਲ ਸਿੰਘ ਦੇ ਕਾਲਜ ਵਿਚ ਹੋਈ ਜਿਥੇ ਮੈਂ ਇਕ ਸੈਮੀਨਾਰ ਵਿਚ ਭਾਗ ਲੈਣ ਲਈ ਗਿਆ ਹੋਇਆ ਸੀ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਕੇਵਲ ਇਤਿਹਾਸਕ ਘਟਨਾ ਨਹੀਂ, ਸਮਾਜ-ਸਭਿਆਚਾਰਕ ਕਰਾਂਤੀ ਦੀ ਇਕ ਰਾਜਨੀਤਕ ਟੈਕਸਟ ਵੀ ਹੈ, ਜਿਸਦੀ ਸਥਾਪਨਾ, ਵਿਸਥਾਪਨਾ, ਪੁਨਰਸਥਾਪਨਾ, ਕਾਰਜ, ਉਦੇਸ਼, ਮਹੱਤਵ ਆਦਿ ਬਾਰੇ ਗੱਲਬਾਤ ਕਰਨ ਦਾ ਡਾ. ਸਤਨਾਮ ਕੌਰ ਜੀ ਨਾਲ ਵਾਅਦਾ ਕਰਕੇ ਮੈਂ ਡਾ. ਜਗਬੀਰ ਸਿੰਘ ਨਾਲ ਉਸਦੇ ਘਰ ਚਲਾ ਗਿਆ.


ਯਾਦ ਅਤੇ ਇਤਿਹਾਸ


ਉਸੇ ਸ਼ਾਮ ਡਾ. ਜਗਬੀਰ ਸਿੰਘ ਦੇ ਘਰ ਗੱਲਬਾਤ ਦੌਰਾਨ ਗੁਰਜੀਤ ਨੇ ਦੱਸਿਆ ਕਿ ਇਸ ਵਾਰ ਚਾਰ
ਸੌ ਸਾਲਾ ਹੋਣ ਕਰਕੇ ਭਾਵੇਂ ਵਿਸ਼ੇਸ਼ ਪ੍ਰੋਗਰਾਮ ਉਲੀਕੇ ਗਏ ਹਨ, ਪਰ ਮਾਤਾ ਸੁੰਦਰੀ ਕਾਲਜ ਵਿਚ ਤਾਂ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਹਰ ਸਾਲ ਹੀ ਮਨਾਇਆ ਜਾਂਦਾ ਹੈ। ਗੁਰਜੀਤ ਦੇ ਪਤੀ ਰਾਜੂ ਦਾ ਕਹਿਣਾ ਸੀ ਕਿ ਮਾਤਾ ਸੁੰਦਰੀ ਕਾਲਜ ਕੀ, ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਵਸ ਤਾਂ ਸਾਰਾ ਸਿੱਖ ਜਗਤ ਹੀ ਮਨਾਉਂਦਾ ਹੈ। ਥਾਂ ਥਾਂ ਤੇ ਠੰਡੇ ਪਾਣੀ ਦੀਆਂ ਛਬੀਲਾਂ ਲਗਦੀਆਂ ਹਨ। ਸੈਮੀਨਾਰ ਆਯੋਜਿਤ ਕੀਤੇ ਜਾਂਦੇ ਹਨ। ਕੀਰਤਨ ਦਰਬਾਰ ਹੁੰਦੇ ਹਨ। ਸਕੂਲਾਂ ਕਾਲਜਾਂ ਵਿਚ ਭਾਸ਼ਣ ਮੁਕਾਬਲੇ ਅਤੇ ਕਵੀ ਦਰਬਾਰ ਹੁੰਦੇ ਹਨ। ਹਰ ਸੰਸਥਾ ਕਿਸੇ ਨਾ ਕਿਸੇ ਰੂਪ ਵਿਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਯਾਦ ਕਰਦੀ ਹੈ।
" ਮੈਂ ਇਸੇ ਲਈ ਕਹਿੰਦਾ ਹਾਂ ਕਿ ਇਨ੍ਹਾਂ ਸੈਮੀਨਾਰਾਂ ਅਤੇ ਖੋਜ ਪੱਤਰਾਂ ਦਾ ਮਕਸਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸੱਚ ਨੂੰ ਜਾਨਣਾ ਨਹੀਂ, ਉਨ੍ਹਾਂ ਦੀ ਸ਼ਹੀਦੀ ਨੂੰ ਵਾਰ ਵਾਰ ਯਾਦ ਕਰਨਾ ਹੈ।" ਡਾ. ਮਨਮੋਹਨ ਬਹੁਤ ਸਪਸ਼ਟ ਸੀ।
" ਕੇਵਲ ਯਾਦ ਕਰਨਾ ਨਹੀਂ, ਅਜੋਕੇ ਸੰਦਰਭ ਵਿਚ  ਯਾਦ ਕਰਨਾ।" ਡਾ. ਨੂਰ ਨੇ ਕਿਸੇ ਵੀ ਇਤਿਹਾਸਕ ਘਟਨਾ ਨੁੰ ਅਜੋਕੇ ਰਾਜਨੀਤਕ ਪਰਿਪੇਖ ਵਿਚ ਰੱਖ ਕੇ ਪੜ੍ਹਨ ਦੀ ਲੋੜ ਅਤੇ ਮਜਬੂਰੀ ਨੂੰ ਦ੍ਰਿੜ ਕਰਵਾਇਆ।
" ਦੇਖੋ, ਡਾ. ਮਨਮੋਹਨ ਅਤੇ ਡਾ. ਨੂਰ ਦੋ ਵੱਖੋ ਵੱਖਰੀਆਂ ਗੱਲਾਂ ਵੱਲ ਇਸ਼ਾਰਾ ਕਰ ਰਹੇ ਹਨ। ਜਿਥੇ ਡਾ. ਮਨਮੋਹਨ ਉਸੇ ਇਤਿਹਾਸਕ ਘਟਨਾ (ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ)ਦੀ ਸਿੱਖ  ਯਾਦ ਨੂੰ ਪੜ੍ਹਨ ਦੀ ਗੱਲ ਕਰ ਰਹੇ ਹਨ, ਓਥੇ ਡਾ. ਨੂਰ ਉਸੇ  ਘਟਨਾ ਦੇ  ਇਤਿਹਾਸਕਾਰਾਂ ਵਲੋਂ ਤੱਥਾਂ/ਪ੍ਰਮਾਣਾਂ ਦੇ ਆਧਾਰ 'ਤੇ ਲਿਖੇ ਗਏ ਇਤਿਹਾਸ ਨੂੰ ਪੜ੍ਹਨ ਦੀ ਗੱਲ ਕਰ ਰਹੇ ਹਨ। ਸਾਨੂੰ ਸਾਂਝੀ ਸਮੂਹਿਕ ਯਾਦ ਅਤੇ ਅਕਾਦਮਿਕ ਇਤਿਹਾਸ ਵਿਚਲੇ ਅੰਤਰ ਨੂੰ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ। ਡਾ. ਰਵੇਲ ਸਿੰਘ ਨੇ ਸਾਂਝੀ ਯਾਦ ਅਤੇ ਇਤਿਹਾਸ ਵਿਚਲੇ ਮਹੱਤਵਪੂਰਨ ਨਿਖੇੜ ਵੱਲ ਧਿਆਨ ਦਵਾਇਆ।
"ਭਾਵੇਂ ਸਾਂਝੇ ਅਤੀਤ ਨੂੰ ਸਾਂਝੀ ਯਾਦ ਅਤੇ ਸਾਂਝੇ ਇਤਿਹਾਸ, ਦੋਨੋ ਰੂਪਾਂ ਵਿਚ ਪੜ੍ਹਿਆ ਜਾ ਸਕਦਾ ਹੈ। ਅਤੇ ਜਿਵੇਂ ਕਿ ਡਾ. ਰਵੇਲ ਸਿੰਘ ਨੇ ਕਿਹਾ ਹੈ, ਯਾਦ ਅਤੇ ਇਤਿਹਾਸ ਵਿਚਲੇ ਅੰਤਰ ਨੂੰ ਸਮਝਣਾ ਵੀ ਜ਼ਰੂਰੀ ਹੈ। ਪਰ ਦੋਨਾਂ ਵਿਚਲੇ ਰਿਸ਼ਤੇ ਤੋਂ ਵੀ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ।" ਡਾ.ਜਗਬੀਰ ਸਿੰਘ ਨੇ ਇਹ ਸਮਝਾਉਂਣ ਦੀ ਕੋਸ਼ਿਸ਼ ਕੀਤੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਇਤਿਹਾਸਕ ਖੋਜ ਨੇ
ਸਿੱਖ ਯਾਦ ਨੂੰ ਕਿਵੇਂ ਵਾਰ ਵਾਰ ਪ੍ਰਭਾਵਿਤ ਅਤੇ ਰੂਪਾਂਤ੍ਰਿਤ ਕੀਤਾ ਹੈ। ਇਤਿਹਾਸਕ ਖੋਜ ਰਾਹੀਂ ਪ੍ਰਾਪਤ ਹੋਣ ਵਾਲੇ ਨਵੇਂ ਤੱਥ ਕੇਵਲ ਇਤਿਹਾਸਕ ਬਿਰਤਾਂਤ ਨੂੰ ਹੀ ਨਹੀਂ ਬਦਲਦੇ,ਸਗੋਂ ਸਾਂਝੀ ਯਾਦ ਨੂੰ ਵੀ ਰੂਪਾਂਤ੍ਰਿਤ ਕਰਦੇ ਹਨ।" ਉਨ੍ਹਾਂ ਤੁਜਕੇ ਜਹਾਂਗੀਰੀ, ਮੁਜੱਦਦ ਦੇ ਖਤਾਂ ਅਤੇ ਫਾਦਰ ਜੈਰੋਮ ਜੇਵੀਅਰ  ਦੀ ਚਿਠੀ ਦੀ ਉਦਾਹਰਣ ਦਿਤੀ.


ਅਤੀਤ ਅਤੇ ਵਰਤਮਾਨ
" ਸਾਨੂੰ ਡਾ. ਨੂਰ ਦੀ ਕਹੀ ਹੋਈ ਗੱਲ ਵੀ ਯਾਦ ਰੱਖਣੀ ਚਾਹੀਦੀ ਹੈ।"  ਡਾ. ਮਨਮੋਹਨ ਨੇ ਕਿਹਾ ,"ਇਹ ਕੇਵਲ ਇਤਿਹਾਸਕ ਖੋਜ ਦੁਆਰਾ ਸਾਹਮਣੇ ਆਉਣ ਵਾਲੇ ਤੱਥ ਹੀ ਨਹੀਂ ਜੋ ਸਾਡੀ ਆਪਣੇ ਅਤੀਤ   ਪ੍ਰਤੀ ਸਮਝ ਨੂੰ ਬਦਲਦੇ ਹਨ। ਅਤੀਤ ਦੀ ਸਥਾਪਨਾ ਵਿਚੋਂ ਵਰਤਮਾਨ ਲੋੜਾਂ ਅਤੇ ਪ੍ਰਥਿਤੀਆਂਦੇ ਰੋਲ ਨੂੰ ਵੀ ਮਨਫੀ ਨਹੀਂ ਕੀਤਾ ਜਾ ਸਕਦਾ। ਕੋਈ ਵੀ ਭੁਲਿਆ ਨਹੀਂ ਹੋਇਆ ਕਿ ਵੱਖ ਵੱਖ ਸਮਿਆਂ 'ਤੇ, ਵੱਖੋ ਵੱਖਰੀਆਂ ਰਾਜਨੀਤਕ ਪ੍ਰਸਥਿਤੀਆਂ ਅਨੁਸਾਰ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਕਿਵੇਂ ਵੱਖੋ ਵੱਖਰੀ ਤਰ੍ਹਾਂ ਪੇਸ਼ ਕਰਦੇ  ਆ ਰਹੇ ਹਾਂ।"


ਕੇਵਲ ਵਰਤਮਾਨ ਹੀ ਅਤੀਤ ਨੂੰ ਪੁਨਰਸਥਾਪਿਤ ਨਹੀਂ ਕਰਦਾ, ਸਗੋਂ ਅਤੀਤ ਵੀ ਤਾਂ ਵਰਤਮਾਨ ਨੂੰ ਕੰਟਰੋਲ ਕਰਦਾ ਹੈ। ਵਰਤਮਾਨ ਅਤੇ ਅਤੀਤ ਦੋਨੋਂ ਇਕ ਦੂਜੇ ਨੂੰ ਪ੍ਰਭਾਵਤ ਕਰਦੇ ਹਨ ਅਤੇ ਇਹ ਸਿਲਸਲਾ ਨਿਰੰਤਰ ਚਲਦਾ ਰਹਿੰਦਾ ਹੈ। ਜਿਥੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ (ਅਤੀਤ) ਸਾਡੀ
ਅਜੋਕੀ ਸਿਖ ਪਹਿਚਾਣ (ਵਰਤਮਾਨ) ਦੀ ਸਥਾਪਨਾ ਵਿਚ ਅਹਿਮ ਰੋਲ ਅਦਾ ਕਰਦੀ ਹੈ, ਓਥੇ ਏਨਾ ਹੀ ਅਹਿਮ ਰੋਲ ਸਿੱਖ ਸਮਾਜ ਦੀਆਂ ਅਜੋਕੀਆਂ ਰਾਜਨੀਤਕ ਅਕਾਂਖਿਆਵਾਂ ਅਤੇ ਪ੍ਰਸਥਿਤੀਆਂ
(ਵਰਤਮਾਨ) ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਡਿਸਕੋਰਸ (ਅਤੀਤ) ਨੂੰ ਪੁਨਰਸਥਾਪਿਤ ਕਰਨ ਵਿਚ ਨਿਭਾਉਂਦੀਆਂ ਹਨ।


ਚੱਪੇ ਚੱਪੇ 'ਤੇ ਲੱਗਣ ਵਾਲੀਆਂ ਠੰਡੇ ਪਾਣੀ ਦੀਆਂ ਛਬੀਲਾਂ, ਅਖੰਡ ਪਾਠਾਂ, ਕੀਰਤਨ ਦਰਬਾਰਾਂ, ਕਵੀ ਦਰਬਾਰਾਂ, ਭਾਸ਼ਣ ਮੁਕਾਬਲਿਆਂ, ਨਾਟਕ ਪੇਸ਼ਕਾਰੀਆਂ, ਚਿਤਰਕਾਰੀ
ਪ੍ਰਦਰਸ਼ਨੀਆਂ ਆਦਿ ਦੇ ਆਯੋਜਨ ਅਤੇ ਪੁਸਤਕਾਂ, ਰਸਾਲਿਆਂ, ਟੈਲੀਵੀਜ਼ਨ ਪ੍ਰੋਗਰਾਮਾਂ, ਫਿਲਮਾਂ, ਅਖਬਾਰਾਂ ਦੇ ਸਪਲੀਮੈਂਟਾਂ,ਵੈਬ ਸਾਈਟਸ ਆਦਿ ਦੇ ਨਿਰਮਾਣ ਰਾਹੀਂ ਅਸੀਂ ਕੇਵਲ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸੱਚ ਅਤੇ ਮਹੱਤਵ ਨੂੰ ਸਮਝਣ ਅਤੇ ਸੰਚਾਰਨ ਦੀ ਕੋਸ਼ਿਸ਼ ਹੀ ਨਹੀ ਕਰ ਰਹੇ ਹੁੰਦੇ, ਸਗੋਂ
ਉਨ੍ਹਾਂ ਦੀ ਯਾਦ ਨੂੰ ਅਜੋਕੀਆਂ ਰਾਜਨੀਤਕ-ਸੰਸਕ੍ਰਿਤਕ ਪ੍ਰਸਥਿਤੀਆਂ ਮੁਤਾਬਕ ਪੁਨਰਸਥਾਪਿਤ ਵੀ ਕਰ ਰਹੇ ਹੁੰਦੇ ਹਾਂ, ਤਾਂ ਜੋ ਇਸ ਅਮਲ ਰਾਹੀਂ ਸਥਾਪਿਤ ਕੀਤੇ ਜਾ ਰਹੇ ਉਨ੍ਹਾਂ ਦੀ ਸ਼ਹੀਦੀ ਦੇ ਸਾਂਝੇ ਘਾਉ ਨੂੰ ਆਪਣੀਆਂ ਵਰਤਮਾਨ ਲੋੜਾਂ ਅਨੁਸਾਰ ਵਰਤ ਕੇ ਆਪਣੀਆਂ ਵਰਤਮਾਨ ਸੰਸਥਾਵਾਂ ਅਤੇ ਅਜੋਕੀ ਪਹਿਚਾਣ ਨੂੰ ਵੀ ਪੁਨਰਸਥਾਪਿਤ ਕੀਤਾ ਜਾ ਸਕੇ।


ਜਿਵੇਂ ਇਤਿਹਾਸਕ ਖੋਜ ਸਾਡੀ ਸਮੂਹਿਕ  ਯਾਦ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਇਹ ਸਮੂਹਿਕ ਯਾਦ ਸਾਡੇ ਵਰਤਮਾਨ ਸੁਪਨਿਆਂ, ਸੰਸਥਾਵਾਂ ਅਤੇ ਸਭਿਆਚਾਰਕ ਪਹਿਚਾਣ ਨੂੰ, ਬਿਲਕੁਲ ਇਸੇ ਤਰ੍ਹਾਂ ਸਾਡੇ ਇਹ ਵਰਤਮਾਨ ਸੁਪਨੇ, ਸੰਸਥਾਵਾਂ ਅਤੇ ਪਹਿਚਾਣ ਸਾਡੇ ਅਤੀਤ ਅਤੇ ਉਸਦੀ ਇਤਿਹਾਸਕ ਖੋਜ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਸ ਗੱਲ ਨਾਲ ਸਾਰੇ ਸਹਿਮਤ ਸਨ।


ਇਤਿਹਾਸਕ ਸਚਾਈ


ਜਸਵੰਤ ਜ਼ਫਰ, ਜੋ ਹੁਣ ਤੱਕ ਸਭ ਕੁਝ ਚੁਪ ਚਾਪ ਸੁਣ ਰਿਹਾ ਸੀ ਬੋਲਿਆ, " ਤੁਹਾਡੇ ਕਹਿਣ ਮੁਤਾਬਕ ਇਤਿਹਾਸਕ ਸੱਚਾਈ ਜਾਂ ਤਾਂ ਸਮੂਹਿਕ ਯਾਦ ਦਾ ਇਕ ਵਿਸ਼ੇਸ਼  ਰੂਪ ਹੀ ਹੈ ਤੇ ਜਾਂ ਫੇਰ ਜੇ ਇਸਦੀ ਕੋਈ ਹਸਤੀ ਹੈ ਵੀ ਤਾਂ ਉਹ ਕੇਵਲ ਸਮੂਹਿਕ ਯਾਦ ਨੂੰ ਨਵੀਆਂ ਪ੍ਰਸਥਿਤੀਆਂ/ਖੋਜਾਂ ਮੁਤਾਬਕ ਰੀਸ਼ੇਪ ਕਰਨ ਦੀ ਹੀ। ..ਇਕ ਤਰ੍ਹਾਂ ਨਾਲ ਇਤਿਹਾਸਕ ਸੱਚਾਈ ਨੂੰ ਤਾਂ ਤੁਸੀਂ ਰੱਦ ਹੀ ਕਰ ਦਿੱਤਾ ਹੈ। ਨਿਰੰਤਰ ਗਤੀਸ਼ੀਲ ਰਹਿਣ ਵਾਲੀ ਸਮੂਹਿਕ/ ਕੌਮੀ ਯਾਦ ਨੇ ਇਸਦੀ ਥਾਂ ਲੈ ਲਈ ਹੈ। ਇਸਨੂੰ ਰੀਪਲੇਸ ਕਰ ਦਿੱਤਾ ਹੈ। ..ਨਾਲੇ ਫੇਰ ਡਾ. ਨੂਰ ਦੀ ਇਸ ਧਾਰਨਾ ਕਿ ਇਤਿਹਾਸਕ ਸੱਚਾਈ ਵੀ ਕੋਈ ਸਥਿਰ, ਸਥਾਈ, ਸੁਨਿਸ਼ਚਿਤ ਅਤੇ ਅਪਰਿਵਰਤਨਸ਼ੀਲ ਘਟਨਾ ਨਹੀਂ, ਨਿਰੰਤਰ ਗਤੀਸ਼ੀਲ ਰਹਿਣ ਵਾਲੀ ਖੁੱਲ੍ਹੀ ਲਿਖਤ ਹੁੰਦੀ ਹੈ, ਬਾਅਦ ਸੱਚ ਦੀ ਹਸਤੀ ਹੀ ਕੀ ਰਹਿ ਗਈ। ..ਅਸਥਿਰ, ਅਸਥਾਈ, ਅਨਿਸ਼ਚਿਤ, ਪਰਿਵਰਤਨਸ਼ੀਲ ਸੱਚ ਤਾਂ ਫੇਰ ਆਪਣੀ ਨਿਰੰਤਰ ਗਤੀਸ਼ੀਲਤਾ ਕਾਰਨ, ਗਰੇਵਾਲ ਭਾਅ ਜੀ ਦੇ ਕਹਿਣ ਮੁਤਾਬਕ ਸਭਿਆਚਾਰਕ ਸਿਆਸਤ ਦਾ ਅਖਾੜਾ ਹੀ ਬਣ ਜਾਂਦਾ ਹੈ, ਜਿੱਥੇ ਵੱਖੋ ਵੱਖਰੀਆਂ ਧਿਰਾਂ, ਕਿਸੇ ਵੀ ਇਤਿਹਾਸਕ ਘਟਨਾ ਨੂੰ ਆਪਣੀਆਂ ਸਿਆਸੀ/ ਸਭਿਆਚਾਰਕ/ ਆਰਥਕ ਲੋੜਾਂ ਅਨੁਸਾਰ ਰੀਸ਼ੇਪ ਕਰਨ ਲਈ ਸੰਘਰਸ਼ ਕਰਦੀਆਂ ਹਨ। ..ਇਸ ਸੰਘਰਸ਼ ਵਿਚੋਂ ਉਤਪਨ ਹੋਣ ਵਾਲਾ ਸੱਚ ਫੇਰ ਕੋਈ ਨਿਰਪੱਖ/ਨਿਰਪੇਖ ਸੱਚ ਨਾ ਰਹਿ ਕੇ ਇਕ ਸ਼ਕਤੀ ਸੰਪੰਨ ਧਿਰ ਦੁਆਰਾ ਧੱਕੇ/ਪ੍ਰੇਰਨਾ ਨਾਲ ਮਨਵਾਇਆ ਇਕ ਪਾਸੜ ਸੱਚ ਹੀ ਹੁੰਦਾ ਹੈ। ਦੇਖਣ ਨੂੰ ਭਾਵੇਂ ਇਹ ਸਭ ਦਾ ਸਾਂਝਾ ਸੱਚ ਹੀ ਪ੍ਰਤੀਤ ਹੁੰਦਾ ਹੋਵੇ।"


" ਸੱਚ ਤੋਂ ਕੌਣ ਮੁਨਕਰ ਹੈ? ਸੱਚ ਨੂੰ ਤਾਂ ਕਿਸੇ ਨੇ ਵੀ ਰੱਦ ਨਹੀਂ ਕੀਤਾ। ਨਿਰਪੇਖ ਸੱਚ ਤੱਕ ਪਹੁੰਚਣ ਦੀ ਸਾਡੀ ਸਮਰੱਥਾ ਜ਼ਰੂਰ ਸ਼ੱਕ ਦੇ ਘੇਰੇ ਵਿਚ ਹੈ। ..ਹਰ ਕਿਸੇ ਦਾ ਆਪੋ ਆਪਣਾ ਸੱਚ ਹੈ, ਮੇਰਾ, ਤੁਹਾਡਾ, ਆਪਣਾ ਪੰਜਾਬੀਆਂ ਦਾ, ਭਾਰਤ ਦਾ, ਦੁਨੀਆਂ ਦਾ, ਮਨੁੱਖ ਜਾਤੀ ਦਾ। ਹਰ ਕੋਈ ਵਿਅਕਤੀ,ਭਾਈਚਾਰਾ, ਕੌਮ, ਯੁਗ, ਧਰਮ, ਵਿਗਿਆਨ ਆਪੋ ਆਪਣੇ ਸੱਚ ਘੜਦੇ ਹਨ। ਵਿਗਿਆਨ/ਗਣਿਤ ਦਾ ਸੱਚ ਵੀ ਕੋਈ ਅੰਤਮ ਸੱਚ ਨਹੀਂ ਹੁੰਦਾ। ..ਨਿਊਟਨ ਤੋਂ ਬਾਅਦ ਆਈਨਸਟਾਈਨ, ਆਈਨਸਟਾਈਨ ਤੋਂ ਬਾਅਦ ਬੋਹਰ ਅਤੇ ਬੋਹਰ ਤੋਂ ਬਾਅਦ ਆਈਜ਼ਨਬਰਗ, ਸਭ ਨੇ ਆਪੋ ਆਪਣਾ ਸੱਚ ਪੇਸ਼ ਕੀਤਾ।"ਹਰ ਕੋਈ ਆਪਣੇ ਆਪਣੇ ਸਚ ਵਿਚ ਜੀਂਦਾ ਹੈ.ਕੋਈ ਆਈਨਸਟਾਈਨ ਦੇ ਗਣਿਤ ਸ਼ਾਸਤਰੀ ਸਚ ਵਿੱਚ ਜੀਂਦਾ ਹੈ ਅਤੇ ਕੋਈ ਭੂਤ ਪ੍ਰੇਤਾਂ ਦੇ ਮਿਥਕ ਸੰਸਾਰ ਵਿੱਚ . ਡਾ. ਨੂਰ ਨੇ ਗੱਲਬਾਤ ਨੂੰ ਵਾਪਿਸ ਨੁਕਤੇ' ਤੇ ਲਿਆਉਂਦੇ ਹੋਏ ਕਿਹਾ, " ਅਸੀਂ ਇਤਿਹਾਸਕ ਘਟਨਾ ਦੀ ਹੋਂਦ ਤੋਂ ਮੁਨਕਰ ਨਹੀਂ ਹਾਂ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਡਾ ਸਭ ਦਾ ਸੱਚ ਹੈ। ਸਿੱਖ ਇਤਿਹਾਸ ਅਤੇ ਸਿੱਖ  ਯਾਦ ਇਸ ਸੱਚ ਨੂੰ ਕਿਵੇਂ ਪੜ੍ਹਦੇ ਹਨ, ਅਸੀਂ ਤਾਂ ਇਹ ਸਮਝਣ ਦੀ ਕੋਸ਼ਿਸ਼ ਵਿਚ ਹਾਂ।"


" ਮੀਆਂ ਮੀਰ ਦੀ ਉਦਾਹਰਣ ਲੈਕੇ ਇਹ ਗੱਲ ਸੌਖਿਆਂ ਹੀ ਸਮਝੀ ਜਾ ਸਕਦੀ ਹੈ।" ਡਾ. ਜਗਬੀਰ ਸਿੰਘ ਨੇ ਗੱਲ ਸ਼ੁਰੂ ਕੀਤੀ, " ਸਿੱਖ ਇਤਿਹਾਸਕਾਰ ਵਿਸਵਾਸ਼ ਕਰਦੇ ਹਨ ਕਿ ਦਰਬਾਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਨੇ ਰੱਖਿਆ ਸੀ। ਫੇਰ ਕਈ ਆਧੁਨਿਕ ਇਤਿਹਾਸਕਾਰਾਂ ਨੇ ਇਸ ਗੱਲ 'ਤੇ ਸ਼ੱਕ ਪ੍ਰਗਟ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦਾ ਕਹਿਣਾ ਸੀ ਕਿ ਮੀਆਂ ਮੀਰ ਦੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੀ ਗੱਲ ਦਾ ਕੋਈ ਇਤਿਹਾਸਕ ਪ੍ਰਮਾਣ ਨਹੀਂ ਮਿਲਦਾ।ਪਰ  ਅੱਜ ਕੱਲ੍ਹ  ਇਸ ਸਥਿਤੀ ਨੂੰ ਇਕ ਵੱਖਰੇ ਦ੍ਰਿਸ਼ਟੀਕੋਣ ਤੋਂ ਦੇਖਿਆ ਜਾ ਰਿਹਾ ਹੈ । ਕਿਹਾ ਜਾ ਰਿਹਾ  ਹੈ ਕਿ ਮੀਆਂ ਮੀਰ ਦੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੀ ਧਾਰਨਾ  ਸਿੱਖਾਂ ਦੀ ਕੌਮੀ ਯਾਦ ਦਾ ਅਨਿਖੜਵਾਂ ਅੰਗ ਹੈ। ਸਮੂਹਿਕ ਸਿੱਖ  ਯਾਦ ਨੂੰ ਕਿਸੇ ਸਬੂਤ ਦੀ ਲੋੜ ਨਹੀਂ । ਸਿੱਖ ਭਾਈਚਾਰੇ ਦੀਆਂ ਵਰਤਮਾਨ ਸੰਸਥਾਵਾਂ ਅਤੇ ਅਜੋਕੀ ਰਾਜਨੀਤਕ ਸੰਸਕ੍ਰਿਤਕ ਪਹਿਚਾਣ ਦੀ ਸਥਾਪਨਾ ਵਿਚ ਇਸ ਸਮੂਹਿਕ ਸਿੱਖ ਯਾਦ ਨੇ ਬਹੁਤ ਹੀ ਅਹਿਮ ਰੋਲ ਅਦਾ ਕੀਤਾ ਹੈ। "
" ਸਰ ਅੰਸ਼ ਇਹ ਹੈ ਕੀ ਕੋਈ ਵੀ ਭਾਈਚਾਰਾ  ਆਪਣੀਆਂ ਵਰਤਮਾਨ ਚਣੌਤੀਆਂ ਅਤੇ ਸੰਭਾਵਨਾਵਾਂ ਦੇ ਪ੍ਰਸੰਗ ਵਿਚ ਆਪਣੇ ਖੂਬਸੂਰਤ ਭਵਿਖ ਦੀ ਸਿਰਜਣਾ ਲਈ ਆਪਣੇ ਕੌਮੀ ਇਤਿਹਾਸ  ਦੀਪ੍ਰਾਸੰਗਿਕਤਾ ਨੂੰ ਪੁਨਰ ਸਥਾਪਿਤ ਕਰਕੇ ਹੀ  ਵਰਤਦਾ ਹੈ।" ਡਾ. ਨੂਰ ਨੇ ਸਾਰੀ ਵਿਚਾਰ ਚਰਚਾ ਨੂੰ ਇਨ੍ਹਾਂ ਸ਼ਬਦਾਂ ਨਾਲ ਸਮੇਟਣਾ ਚਾਹਿਆ।ਪਰ ਜ਼ਫਰ ਨੇ ਤਾਂ ਨਾਲ ਹੀ ਪੁਛ ਲਿਆ ਕਿ ਸਿੱਖ  ਇਤਿਹਾਸ/ ਯਾਦ ਵਿਚਲੀ ਇਹ ਤਬਦੀਲੀ ਕਿਹੜੀਆਂਸੰਸਕ੍ਰਿਤਕ-ਰਾਜਨੀਤਕ ਪ੍ਰਸਥਿਤੀਆਂ ਦੀ ਦੇਣ ਸੀ। "ਗਰੇਵਾਲ, ਇਸ ਗੱਲ ਦਾ ਜੁਆਬ ਹੁਣ ਤੂੰ ਦੇਹ। ਫੇਰ ਖਾਣਾਖਾਈਏ ਤੇ ਚੱਲੀਏ, ਲੇਟ ਹੋ ਰਹੇ ਹਾਂ, ਤੁਸੀਂ ਤਾਂ ਲੁਧਿਆਣੇ ਵੀ ਪਹੁੰਚਣਾ। " ਡਾ. ਨੂਰ ਨੇ ਇਹ ਫੁਰਮਾਨ ਜਾਰੀ ਕੀਤਾ।"


ਭਾਰਤ ਵਿਚ ਬਹੁਵਾਦੀ ਨੇਸ਼ਨ-ਸਟੇਟ ਫਾਰਮੇਸ਼ਨ ਦੇ ਆਪਣੇ ਪ੍ਰਾਜੈਕਟ ਨੂੰ ਅੱਗੇ ਤੋਰਨ ਲਈ ਮੂਲਵਾਦ, ਵੱਖਵਾਦ ਕੱਟੜਵਾਦ ਅਤੇ ਏਕਾਧਿਕਾਰਵਾਦ ਵਿਰੁਧ ਆਪਣਾ ਸਟੈਂਡ ਸਪਸ਼ਟ ਕਰਨ ਵਾਸਤੇ, ਇੱਕ ਮੁਸਲਮਾਨ ਫਕੀਰ ਕੋਲੋਂ ਨੀਂਹ ਪੱਥਰ ਰਖਵਾਉਣਾ, ਗੁਰੂ ਸਾਹਿਬ ਦੀ ਸੋਚ ਨਾਲ ਮੇਲ ਖਾਂਦੀ ਗੱਲ ਹੈ। ਸੱਚ ਪੁੱਛੋ ਤਾਂ ਮੀਆਂ ਮੀਰ ਤੋਂ ਨੀਂਹ ਪੱਥਰ ਰਖਵਾਉਣ ਵਾਲੀ ਘਟਨਾ ਵਿਚੋਂ ਗੁਰੂ ਸਾਹਿਬ ਜੀ ਦੀ ਫਿਲਾਸਫੀ ਦੇ ਦਰਸ਼ਨ ਹੁੰਦੇ ਹਨ। ਉਹਨਾਂ ਨੇ ਅਜੇਹਾ ਜ਼ਰੂਰ ਕੀਤਾ ਹੋਵੇਗਾ, ਜਾਂ ਕਰਨ ਬਾਰੇ ਸੋਚਿਆ ਹੋਵੇਗਾ, ਕਿਉਂਕਿ ਇਸ ਘਟਨਾ ਨੇ ਜੋ ਸੁਨੇਹਾ ਦੇਣਾ ਸੀ, ਉਹ ਹੀ ਤਾਂ ਗੁਰੂ ਸਾਹਿਬ ਦਾ ਮਿਸ਼ਨ ਸੀ। ਨਿਰਸੰਦੇਹ ਇਹ ਘਟਨਾ ਗੁਰੂ ਸਾਹਿਬ ਦੇ ਮਿਸ਼ਨ ਦੇ ਸਭ ਤੋਂ ਵੱਡੇ ਸੱਚ ਨੂੰ ਪੇਸ਼ ਕਰਦੀ ਹੈ। ਇਸ ਲਈ ਸੰਗਤ ਦਾ ਇਸ ਗੱਲ ਤੇ ਯਕੀਨ ਕਰ ਲੈਣਾ ਕਿ ਇਕ ਮੁਸਲਿਮ ਸੂਫੀ ਫਕੀਰ ਨੇ ਹੀ ਦਰਬਾਰ ਸਾਹਿਬ ਦੀ ਨੀਂਹ ਰੱਖੀ ਸੀ, ਬਹੁਤ ਸੁਭਾਵਕ ਹੈ।


ਬਰਤਾਨਵੀ ਸਾਮਰਾਜ ਦੌਰਾਨ ਸਿੰਘ ਸਭਾ ਲਹਿਰ ਦੇ ਸਮੇ ਵੱਖਰੀ ਸਿੱਖ ਪਹਿਚਾਣ ਦੀ ਸਥਾਪਨਾ ਦੇ ਪ੍ਰਾਜੈਕਟ ਦੌਰਾਨ ਇਸ ਗੱਲ ਤੇ ਸ਼ੱਕ ਕਰਨਾ ਜਾਂ ਇਸਨੂੰ ਨਿਰਉਤਸਾਹਿਤ ਕਰਨਾ ਕਿ ਮੁਸਲਮਾਨ ਧਰਮ ਨਾਲ ਸਬੰਧਤ ਕਿਸੇ ਵਿਅਕਤੀ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਹੋਵੇਗੀ, ਵੀ ਓਨਾ ਹੀ ਸੁਭਾਵਕ ਸੀ। ਅੱਜ ਜਦੋਂ ਕਿ ਸਿੱਖ ਭਾਈਚਾਰੇ ਸਮੇਤ ਸੱਭੇ ਕੌਮਾਂ ਆਪਣੇ ਆਪ ਨੂੰ ਬਹੁਵਾਦੀ ਉਦਾਰ ਜਮਹੂਰੀਅਤ ਅਤੇ ਸਮਾਜਕ ਨਿਆਂ ਵਰਗੀਆਂ ਕਦਰਾਂ ਕੀਮਤਾਂ ਨਾਲ ਜੋੜ ਕੇ ਦੇਖ ਰਹੀਆਂ ਹਨ, ਤਾਂ ਅਜੇਹੀ ਸਥਿਤੀ ਵਿਚ  ਮੀਆ ਮੀਰ ਦੀ ਦਰਬਾਰ ਸਾਹਿਬ ਦਾ ਨੀਂਹ ਪੱਥਰ ਰੱਖਣ ਵਾਲੀ ਘਟਨਾ ਇਕ ਵਾਰ ਫੇਰ ਮਹਤਵਪੂਰਨ ਐਪੀਸੋਡ ਬਣ ਗਈ ਹੈ. ਸਾਈਂ ਮੀਆਂ ਮੀਰ ਨੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਜਾਂ ਨਹੀਂ ਰੱਖੀ, ਇਹ ਗੱਲ ਓਨੀ ਮਹੱਤਵਪੂਰਨ ਨਹੀਂ, ਜਿੰਨਾ ਸਾਡਾ ਇਸ ਗੱਲ ਤੇ ਵਿਸ਼ਵਾਸ਼ ਕਰਨਾ.


"ਲੇਟ ਤਾਂ ਆਪਾਂ ਹੋ ਹੀ ਰਹੇ ਹਾਂ, ਪਰ ਖਾਣੇ ਤੋਂ ਪਹਿਲਾਂ ਇਹ ਗੱਲ ਜ਼ਰੂਰ ਸਪਸ਼ਟ ਕਰੋ ਕਿ ਇਹ ਸਮੂਹਿਕ ਯਾਦ ਦਾ ਟਿਕਾਣਾ ਕਿਥੇ ਹੈ? ਇਹ ਕਿੱਥੇ ਵਸਦੀ ਹੈ?" ਜ਼ਫਰ ਜ਼ਿਦ ਕਰ ਰਿਹਾ ਸੀ। "ਪਰ ਜੁਆਬ ਇੱਕੋ ਲਾਈਨ ਦਾ ਹੋਣਾ ਚਾਹੀਦੈ", ਨੂਰ ਨੇ ਇੱਕੋ ਲਾਈਨ ਵਿੱਚ ਜੁਆਬ ਦਿੱਤਾ :


"ਇਹ ਸਾਡੇ ਵਿਅਕਤੀਗਤ ਸਿਰਾਂ ਵਿਚ ਨਹੀਂ,ਸਗੋਂ ਆਪਣੇ ਸਾਂਝੇ ਅਤੀਤ ਦੀ ਕਲਪਨਾ ਕਰ ਰਹੇ ਲੋਕਾਂ ਦੇ ਆਪਸੀ ਸੰਵਾਦ ਵਿਚ ਵਸਦੀ ਅਤੇ ਵਿਗਸਦੀ ਹੈ।"


ਵਾਸਵਿਕਤਾ ਅਤੇ ਸਚਾਈ


ਅਜੀਤ ਕੌਰ/ ਅਰਪਨਾ ਦੀ ਆਰਟ ਗੈਲਰੀ ਵਿਚ ਸਵਰਨਜੀਤ ਸਵੀ ਦੀ ਡਿਜੀਟਲ ਫੋਟੋਗਰਾਫੀ ਦੀ ਪ੍ਰਦਰਸ਼ਨੀ ਦਾ ਅੱਜ ਆਖਰੀ ਦਿਨ ਸੀ ਆਪਣਾ ਕੰਮ ਨਿਪਟਾ ਕੇ ਉਹ ਜਿਉਂ ਹੀ ਡਾ. ਜਗਬੀਰ ਸਿੰਘ ਦੇ ਘਰ ਪਹੁੰਚਿਆ, ਅਸੀਂ ਬਿਨਾ ਖਾਣਾ ਖਾਧਿਆਂ ਲੁਧਿਆਣੇ ਲਈ ਚੱਲ ਪਏ। ਸਵੀ ਅਤੇ ਜ਼ਫਰ ਨੇ ਟੈਲੀਫੋਨ 'ਤੇ ਤਹਿ ਕਰ ਲਿਆ ਸੀ ਕਿ ਖਾਣਾ ਰਸਤੇ ਵਿਚ ਹੀ ਖਾਵਾਂਗੇ।


ਟੈਲੀਫੋਨ ਤੇ ਉਹਨਾਂ ਨੇ ਕੇਵਲ ਖਾਣੇ ਦਾ ਪ੍ਰੋਗਰਾਮ ਹੀ ਤਹਿ ਨਹੀਂ ਸੀ ਕੀਤਾ, ਇਹ ਵੀ ਤਹਿ ਕਰ ਲਿਆ ਸੀ ਕਿ ਡਾ. ਜਗਬੀਰ ਸਿੰਘ ਦੇ ਘਰ ਜੋ ਵਿਚਾਰ ਚਰਚਾ ਚੱਲ ਰਹੀ ਸੀ, ਉਸ ਨੂੰ ਅੱਗੇ ਤੋਰਦੇ ਹੋਏ ਮੈਨੂੰ ਕਿਵੇਂ ਘੇਰਨਾ ਹੈ। ਉਹ ਅਕਸਰ ਹੀ ਅਜੇਹੀ ਸਾਜਿਸ਼ ਰਚ ਲੈਂਦੇ ਹਨ। ਹਮੇਸ਼ਾ ਵਾਂਗ ਇਸ ਵਾਰ ਵੀ ਮੈਂ ਉਹਨਾ ਦੀ ਇਸ ਸਾਜਿਸ਼ ਤੇ ਬਹੁਤ ਖੁਸ਼ ਸੀ। ਦੇਖਿਆ ਜਾਵੇ ਤਾਂ ਬਿਨਾ ਕੁਝ ਕਹੇ ਸੁਣ ਮੈਂ ਵੀ ਉਹਨਾਂ ਦੀ ਇਸ ਸਾਜਿਸ਼ ਵਿਚ ਸ਼ਾਮਲ ਹੀ ਹੁੰਦਾ ਹਾਂ ਕਿਉਂਕਿ ਜਦੋਂ ਟੈਕਸਟ ਤੋਂ ਬਾਹਰ ਕੋਈ ਕੌਮੀ ਯਾਦ ਨਹੀਂ ਹੁੰਦੀ ਉਹ ਮੈਨੂੰ ਆਪਣੇ ਤਿੱਖੇ ਸੁਆਲਾਂ, ਨਵੇਂ ਗਿਆਨ ਸੋਮਿਆਂ ਅਤੇ ਪ੍ਰਾਸੰਗਿਕ ਮੁੱਦਿਆਂ ਨਾਲ ਘੇਰਦੇ ਹਨ ਤਾਂ ਮੈਂ ਉਹਨਾ ਦੇ ਇਸ ਘਿਰਾਓ 'ਚੋਂ ਬਾਹਰ ਨਿਕਲਣ ਲਈ ਜੋ ਹੱਥ ਪੈਰ ਮਾਰਦਾ ਹਾਂ, ਉਹ ਯਤਨ ਹੀ ਫੇਰ ਮੇਰੀਆਂ ਲਿਖਤਾਂ ਦੇ ਰੂਪ ਵਿਚ ਢਲਦੇ ਰਹਿੰਦੇ ਹਨ।


" ਭਾਅ ਜੀ, ਜ਼ਫਰ ਨੇ ਦੱਸਿਆ ਕਿ ਵਾਸਤਵਿਕਤਾ ਅਤੇ ਸਚਾਈ ਦੇ ਮੁੱਦੇ ਤੇ ਗੱਲਬਾਤ ਹੋ ਰਹੀ ਸੀ।" ਦਿੱਲੀ ਨਿਕਲਦਿਆਂ ਹੀ ਸਵੀ ਨੇ ਗੱਲ ਤੋਰੀ।" ਗੱਲ ਇਤਿਹਾਸ ਦੇ ਸੰਦਰਭ ਵਿਚ ਹੋ ਰਹੀ ਸੀ।" ਜ਼ਫਰ ਨੇ ਵਿਚਾਰ ਚਰਚਾ ਦੇ ਸੰਦਰਭ ਅਤੇ ਫੋਕਸ ਨੂੰ ਨਿਸ਼ਚਿਤ ਕਰਨ ਦੀ ਕੋਸ਼ਿਸ਼ ਕੀਤੀ।


" ਇਸਦਾ ਮਤਲਬ ਸਾਡੀ ਅੱਜ ਦੀ ਗੱਲਬਾਤ ਇਤਿਹਾਸਕ ਘਟਨਾ ਦੀ ਵਾਸਤਵਿਕਤਾ ਅਤੇ ਸਚਾਈ ਦੇ ਮੁੱਦੇ 'ਤੇ ਹੀ ਘੁੰਮੇਗੀ। ਪਰ ਭਾਅ ਜੀ", ਸਵੀ ਨੇ ਵਿਸ਼ਾ ਸਪਸ਼ਟ ਹੁੰਦਿਆਂ ਹੀ ਸਿੱਧਾ ਸੁਆਲ ਕੀਤਾ, "ਕੀ ਆਪਾਂ ਇਤਿਹਾਸਕ ਘਟਨਾ ਜਾਂ ਇਤਿਹਾਸਕ ਰੈਫਰੈਂਟ ਦੀ ਵਾਸਤਿਵਕਤਾ ਅਤੇ ਸਚਾਈ ਤੋਂ ਮੁਨਕਰ ਹੋ ਸਕਦੇ ਹਾਂ?"


"ਸਵੀ, ਸੁਆਲ ਤਾਂ ਏਨਾ ਹੀ ਸਿੱਧਾ, ਸਪਸ਼ਟ ਅਤੇ ਇੱਕ ਟੁਕ ਹੋ ਸਕਦਾ ਹੈ ਜਿੰਨਾ ਤੂੰ ਕਰ ਦਿੱਤਾ, ਪਰ ਇਸਦਾ ਹਾਂ ਜਾਂ ਨਾਂਹ ਵਿਚ ਇਕ ਟੁਕ ਜੁਆਬ ਮੁੱਦੇ ਨੂੰ ਸੁਲਝਾਉਣ ਦੀ ਥਾਂ ਉਲਝਾ ਦੇਵੇਗਾ। ..ਕਿਸੇ ਇੱਕ ਨਿਸ਼ਚਿਤ ਫੈਸਲੇ ਤੇ ਪਹੁੰਚਣ ਦੀ ਥਾਂ, ਇਤਿਹਾਸਕ ਘਟਨਾ ਦੀ ਹੋਂਦ ਦੇ ਇਸ ਮਸਲੇ ਨੂੰ ਸਮਝਣ ਦੀ ਲੋੜ ਹੈ।" ਮੈਂ ਗੱਲਬਾਤ ਨੂੰ ਰਹਾਉ ਦੇ ਮੋਡ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ। " ਸਾਡੀ ਦਿਲਚਸਪੀ ਵੀ ਫੈਸਲਾ ਸੁਣਨ ਵਿਚ ਨਹੀਂ, ਸਮੱਸਿਆ ਨੂੰ ਸਮਝਣ ਵਿਚ ਹੀ ਹੈ।" ਜ਼ਫਰ ਨੇ ਜੁਆਬ ਦਿੱਤਾ।" ਸੁਆਲ ਤਾਂ ਸਾਡੇ ਮਨ ਵਿਚ ਹੈ ਹੀ, ਪਰ ਤੁਸੀਂ ਸਾਡੇ ਇਸ ਸੁਆਲ ਦੇ ਸਮਾਧਾਨ ਲਈ, ਆਪਣੀ ਸਹੂਲਤ ਮੁਤਾਬਕ ਇਸ ਮਸਲੇ ਨੂੰ ਕਿਸੇ ਵੱਖਰੇ ਦ੍ਰਿਸ਼ਟੀਕੋਣ ਤੋਂ ਵੀ ਦੇਖ ਸਕਦੇ ਹੋ।" ਸਵੀ ਫੋਕਸ ਨੂੰ ਹਿੱਲਣ ਨਹੀਂ ਸੀ ਦੇਣਾ ਚਾਹੁੰਦਾ।


"  ਜਗਬੀਰ ਸਿੰਘ ਦੇ ਘਰ ਡਾ. ਨੂਰ ਨੇ ਜਿਹੜੀ ਗੱਲ ਕਹੀ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਸੱਚ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ, ਇਹ ਗੱਲ ਬਿਲਕੁਲ ਠੀਕ ਹੈ। ਗੱਲ ਬਾਤ ਸ਼ੁਰੂ ਵੀ ਏਥੋਂ ਹੀ ਹੋਣੀ ਚਾਹੀਦੀ ਹੈ। ਪਰ ਇਹ ਸਚਾਈ ਸਾਨੂੰ ਕਿੱਥੋਂ, ਕਿਵੇਂ, ਕਿਸ ਮਾਧਿਅਮ ਰਾਹੀਂ ਅਤੇ ਕਿਸ ਰੂਪ ਵਿਚ ਪ੍ਰਾਪਤ ਹੁੰਦੀ ਹੈ, ਇਹ ਸੋਚਣ ਵਾਲੀ ਗੱਲ ਹੈ। ਇਹ ਸੋਚੇ ਬਿਨਾ ਤੁਹਾਡੇ ਸੁਆਲ ਦਾ ਜੁਆਬ ਨਹੀਂ ਦਿੱਤਾ ਜਾ ਸਕਦਾ। ..ਹੋਰ ਵੀ ਬਹੁਤ ਕੁਝ ਵਾਪਰਿਆ, ਅਨੇਕਾਂ ਹੋਰ ਲੋਕ ਵੀ ਸ਼ਹੀਦ ਹੋਏ ਹੋਣਗੇ ਜਿਹਨਾਂ ਨੂੰ ਅਸੀਂ ਭੁੱਲ ਚੁੱਕੇ ਹਾਂ।ਸੁਆਲ ਹੈ ਕਿ ਜਿਹਨਾਂ ਨੂੰ ਅਸੀਂ ਭੁੱਲ ਗਏ, ਉਹ ਕਿਉਂ ਭੁੱਲ ਗਏ ਅਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਸਾਡੀ ਯਾਦ ਵਿਚ ਏਨੀ ਡੂੰਘੀ ਤਰ੍ਹਾਂ ਨਾਲ ਕਿਉਂ ਵਸੀ ਹੋਈ ਹੈ? ਇਸ ਸੁਆਲ ਦਾ ਜੁਆਬ ਢੂੰਡਣਾ ਹੀ ਪਵੇਗਾ ਕਿ ਸਾਡੀਆਂ ਉਹ ਕਿਹੜੀਆਂ ਨਿੱਜੀ ਜਾਂ ਕੌਮੀ ਲੋੜਾਂ ਹਨ ਜਿਹਨਾ ਦੀ ਪੂਰਤੀ ਲਈ ਅਸੀਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਏਨੀ ਸ਼ਿੱਦਤ ਨਾਲ ਯਾਦ ਰੱਖਿਆ ਹੋਇਆ ਹੈ? ਕੀ ਸਾਡੀਆਂ ਇਹ ਲੋੜਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਬੰਧਤ ਘਟਨਾਵਾਂ ਅਤੇ ਉਹਨਾ ਦੀ ਜਟਿਲਤਾ ਨੂੰ ਸੰਪਾਦਿਤ (ਐਡਿਟ) ਨਹੀਂ ਕਰਦੀਆਂ ਹੋਣਗੀਆਂ? "


ਸਵੀ ਨੇ ਮੇਰੀ ਇਸ ਧਾਰਨਾ ਨੂੰ ਹੋਰ ਵੀ ਵਧੀਆ ਢੰਗ ਨਾਲ ਪੇਸ਼ ਕੀਤਾ," ਜ਼ਾਹਿਰ ਹੈ ਕਿ ਅੱਜ ਤੋਂ ਚਾਰ ਸੌ ਸਾਲ ਪਹਿਲਾਂ ਹੋਈ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਘਟਨਾ ਅਸੀਂ ਤਾਂ ਆਪਣੀਆਂ ਅੱਖਾਂ ਨਾਲ ਦੇਖੀ ਨਹੀਂ। ਨਾ ਹੀ ਅਸੀਂ ਇਸ ਘਟਨਾ ਦੇ ਕਿਸੇ ਚਸ਼ਮਦੀਦ ਗਵਾਹ ਨੂੰ ਜਾਣਦੇ ਹਾਂ ਜਿਸਨੇ ਸਾਨੂੰ ਇਸਦਾ ਅੱਖੀਂ ਡਿੱਠਾ ਹਾਲ ਸੁਣਾਇਆ ਹੋਵੇ। ਇਸ ਲਈ ਇਹ ਗੱਲ ਬੜੇ ਆਰਾਮ ਨਾਲ ਕਹੀ ਜਾ ਸਕਦੀ ਹੈ ਕਿ ਅਸੀਂ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਘਟਨਾ ਨੂੰ ਨਾ ਦੇਖਿਆ ਹੈ ਨਾ ਸੁਣਿਆ ਹੈ। ..ਸਾਡੀ ਯਾਦ ਵਿਚ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੇ ਉਹ ਚਿਤਰ ਹੀ ਹਨ, ਜੋ ਅਸੀਂ ਬਚਪਨ ਤੋਂ ਦੇਖਦੇ ਆ ਰਹੇ ਹਾਂ। ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਬੰਧਤ ਇਕ ਚਿਤਰ ਤਾਂ ਮੈਂ ਵੀ ਬਣਾਇਆ ਸੀ। ..ਮੇਰੇ ਸਮੇਤ ਅਨੇਕਾਂ ਚਿਤਰਕਾਰਾਂ ਨੇ ਆਪਣੀ ਵਿਚਾਰਧਾਰਾ, ਸੋਚ ਅਤੇ ਕਲਪਨਾ ਅਧਾਰ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਘਟਨਾ ਨੂੰ ਵੱਖੋ ਵੱਖਰੇ ਰੂਪਾਂ ਵਿਚ ਪੇਸ਼ ਕੀਤਾ ਹੈ। ..ਇਸੇ ਤਰ੍ਹਾਂ ਗੁਰੂ ਜੀ ਦੀ ਸ਼ਹੀਦੀ ਨਾਲ ਸਬੰਧਤ ਵੱਖ ਵੱਖ ਕਥਾ, ਕਹਾਣੀਆਂ,ਸਾਖੀਆਂ, ਮਹਾਂ ਕਾਵਿ, ਨਾਵਲ, ਨਾਟਕ, ਇਤਿਹਾਸਕ ਦਸਤਾਵੇਜ਼, ਟਿੱਪਣੀਆਂ, ਆਦਿ ਜੋ ਵੀ ਸਾਡੇ ਤੱਕ ਪਹੁੰਚੀਆਂ ਹਨ, ਉਹ ਵੀ ਵੱਖੋ ਵੱਖਰੀਆਂ ਪ੍ਰਸਥਿਤੀਆਂ ਵਿਚ ਵੱਖੋ ਵੱਖਰੇ ਲੋਕਾਂ ਨੇ ਵੱਖੋ ਵੱਖਰੀਆਂ ਲੋੜਾਂ ਦੀ ਪੂਰਤੀ ਲਈ ਘੜੀਆਂ ਸਨ। ...ਸਾਡੇ ਕੋਲ ਤਾਂ ਕੇਵਲ ਰੰਗਾਂ ਦੇ ਬਣੇ ਹੋਏ ਚਿਤਰ ਅਤੇ ਸ਼ਬਦਾਂ ਦੀਆਂ ਬਣੀਆਂ ਹੋਈਆਂ ਕਥਾ ਕਹਾਣੀਆਂ ਹੀ ਪਹੁੰਚੀਆਂ ਹਨ। ..ਇਹ ਕਥਾ ਕਹਾਣੀਆਂ ਅਤੇ ਚਿਤਰ ਹੋਰ ਚੀਜ਼ ਹਨ ਅਤੇ ਸ਼ਹਾਦਤ ਹੋਰ ਚੀਜ਼। ਕਥਾ ਕਹਾਣੀਆਂ ਅਤੇ ਚਿਤਰ ਟੈਕਸਟ ਹਨ ਅਤੇ ਸ਼ਹਾਦਤ ਵਾਸਤਵਿਕਤਾ। ਇਸ ਲਈ ਦੋਨਾਂ ਦੀ ਹੋਂਦ ਅਤੇ ਸੱਚ ਵੀ ਅੱਡੋ ਅੱਡਰੇ ਹੀ ਹਨ।"


" ਇਸਦਾ ਮਤਲਬ ਦੋਨੋ ਹੀ ਆਪੋ ਆਪਣੀ ਥਾਂ ਤੇ ਆਪੋ ਆਪਣੀ ਕਿਸਮ ਦੇ ਦੋ ਵੱਖੋ ਵੱਖਰੇ ਸੱਚ ਹਨ। ਇਕ ਟੈਕਸਟ ਹੈ ਅਤੇ ਦੂਸਰੀ ਵਾਸਤਵਿਕਤਾ। ਕਿਉਂਕਿ ਟੈਕਸਟ ਤੋਂ ਬਿਨਾ ਵਾਸਤਵਿਕਤਾ ਤੱਕ ਪਹੁੰਚਣ ਦਾ ਸਾਡੇ ਕੋਲ ਕੋਈ ਹੋਰ ਜ਼ਰੀਆ ਹੀ ਨਹੀਂ ਹੈ, ਇਸ ਲਈ ਅਸੀਂ ਵਾਸਤਵਿਕਤਾ ਦੀ ਗੈਰਹਾਜ਼ਰੀ ਵਿਚ ਟੈਕਸਟ ਨੂੰ ਹੀ ਵਾਸਤਵਿਕਤਾ ਮੰਨ ਲਿਆ।" ਜ਼ਫਰ ਨੇ ਸਵੀ ਦੀ ਕਹੀ ਹੋਈ ਗੱਲਬਾਤ ਦਾ ਨਚੋੜ ਕੱਢਣ ਦੀ ਕੋਸ਼ਿਸ਼ ਕੀਤੀ।


" ਇਸ ਗੱਲ ਨੂੰ ਇਉਂ ਵੀ ਕਿਹਾ ਜਾ ਸਕਦਾ ਹੈ ਕਿ ਹੋਂਦ ਅਤੇ ਵਾਸਤਵਿਕਤਾ ਮਨੁੱਖ ਨੂੰ ਕੇਵਲ ਟੈਕਸਚੂਅਲ ਰੂਪ ਵਿਚ ਹੀ ਉਪਲਭਦ ਹਨ। ਚਿਹਨਕਤਾ ਅਤੇ ਪੇਸ਼ਕਾਰੀ ਦੇ ਬਾਹਰੋਂ ਦੀ ਤਾਂ ਵਾਸਤਵਿਕਤਾ ਅਤੇ ਸੱਚ ਤੱਕ ਪਹੁੰਚਣ ਦਾ ਕੋਈ ਰਸਤਾ ਹੀ ਨਹੀਂ ਹੈ।"


ਜ਼ਫਰ ਨੇ ਮੇਰੀ ਗੱਲ ਦਾ ਦੈਰਿਦਾ ਦੇ ਹਵਾਲੇ ਨਾਲ ਹੁੰਗਾਰਾ ਦਿੱਤਾ, " ਇਸਦਾ ਮਤਲਬ ਯਾ ਦੈਰਿਦਾ ਨੇ ਆਫ ਗਰੈਮੇਟਾਲੋਜੀ ਵਿਚ ਠੀਕ ਹੀ ਲਿਖਿਆ ਸੀ ਕਿ ਇਸ ਸੰਸਾਰ ਵਿਚ ਟੈਕਸਟ ਬਾਹਰਾ ਕੁਝ ਵੀ ਨਹੀਂ ਹੈ।"


" ਇਹ ਗੱਲ ਮੰਨਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦੀ ਘਟਨਾ ਦੀ ਵਾਸਤਵਿਕਤਾ ਤੱਕ ਸਾਡੀ ਕੋਈ ਪਹੁੰਚ ਨਹੀਂ ਹੈ।" ਇਹ ਆਖ ਕੇ ਸਵੀ ਨੇ ਆਪਣਾ ਨੁਕਤਾ ਪੇਸ਼ ਕੀਤਾ, " ਪਰ ਜੇ ਗੁਰੂ ਅਰਜਨ ਦੇਵ ਜੀ ਦੇ ਸਮੇਂ  ਫਿਲਮਕਾਰੀ ਦੀਆਂ ਅੱਜ ਵਾਲੀਆਂ ਸਾਰੀਆਂ ਸਹੂਲਤਾਂ ਉਪਲਭਦ ਹੁੰਦੀਆਂ ਅਤੇ ਕੋਈ ਫਿਲਮਸਾਜ਼ ਗੁਰੂ ਜੀ ਦੀ ਸ਼ਹੀਦੀ ਨਾਲ ਸਬੰਧਤ ਤਮਾਮ ਘਟਨਾਵਾਂ ਦੀ ਫਿਲਮ ਵੀ ਬਣਾ ਲੈਂਦਾ, ਤਾਂ ਕੀ ਅਜੇਹੀ ਸਥਿਤੀ ਵਿਚ ਅਸੀਂ ਗੁਰੂ ਸਾਹਿਬ ਦੀ ਸ਼ਹੀਦੀ ਦੇ ਵਾਸਤਵਿਕ ਸੱਚ ਤੱਕ ਪਹੁੰਚਣ ਦਾ ਦਾਅਵਾ ਕਰ ਸਕਦੇ ਸੀ?"


" ਦੋ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਸੁਆਲ ਦਾ ਜੁਆਬ ਵੀ ਆਪ ਹੀ ਦਿਓ।" ਮੈਂ ਕਿਹਾ, "ਪਹਿਲੀ ਗੱਲ ਤਾਂ ਇਹ ਕਿ ਕੀ ਫਿਲਮ ਮੇਕਿੰਗ ਵੀ ਕਥਾਕਾਰੀ ਅਤੇ ਚਿਤਰਕਾਰੀ ਵਾਂਗ ਡਿਸਕਰਸਿਵ/ ਟੈਕਸਚੂਅਲ ਪ੍ਰੈਕਟਿਸ ਜਾਂ ਕੰਸਟ੍ਰਕਸ਼ਨ ਨਹੀਂ ਹੈ? ਦੂਸਰੀ ਗੱਲ ਕਿ ਇਸ ਟੈਕਸਟ ਦਾ ਨਿਰਮਾਣ ਕਿਸ ਨੇ ਕੀਤਾ- ਸਟੇਟ ਨੇ, ਗੁਰੂ ਘਰ ਨੇ, ਜਾਂ ਫੇਰ ਕਿ ਕਿਸੇ ਤੀਸਰੀ ਧਿਰ ਨੇ?"


" ਭਾਅ ਜੀ ਦੀ ਗੱਲ ਠੀਕ ਆ।" ਜ਼ਫਰ ਨੇ ਸਵੀ ਨੂੰ ਸੰਬੋਧਿਤ ਹੁੰਦਿਆਂ ਕਿਹਾ, " ਅੱਜ ਸਾਡੇ ਕੋਲ ਇਹ ਸਾਰੀਆਂ ਸਹੂਲਤਾਂ ਉਪਲਭਦ ਹਨ। ਦਿੱਲੀ ਦੇ ਦੰਗਿਆਂ, ਗੁਜਰਾਤ ਦੇ ਦੰਗਿਆਂ ਅਤੇ ਅਮਰੀਕਾ ਦੇ ਟਰੇਡ ਸੈਂਟਰ ਉਪਰ ਹੋਏ ਹਮਲੇ ਦੀ ਬਹੁਤ ਸਾਰੇ ਲੋਕਾਂ ਨੇ ਰੀਕਾਰਡਿੰਗ ਵੀ ਕੀਤੀ ਅਨੇਕਾਂ ਚਸ਼ਮਦੀਦ ਗਵਾਹਾਂ ਨੇ ਅੱਖੀਂ ਦੇਖਿਆ ਹਾਲ ਬਿਆਨ ਕੀਤਾ। ਤਸਵੀਰਾਂ ਵੀ ਖਿੱਚੀਆਂ। ਪਰ ਕੀ ਇਹ ਦਾਅਵਾ ਕਰ ਸਕਦੇ ਹਾਂ
ਕਿ ਇਹਨਾ ਮੀਡੀਆ ਟੈਕਸਟਸ ਰਾਹੀਂ ਅਸੀਂ ਇਹਨਾਂ ਘਟਨਾਵਾਂ ਦੇ ਵਾਸਤਵਿਕ ਸੱਚ ਤੱਕ ਪਹੁੰਚ ਗਾਏ ਹਾਂ?"


ਯਾਦ ਦੀ ਸਿਆਸਤ


"ਸਾਨੂੰ ਇਹ ਮੰਨਣਾ ਹੀ ਪਵੇਗਾ ਕਿ ਗੁਰੂ ਸਾਹਿਬ ਦੀ ਸਹੀਦੀ ਅਤੇ ਦਿੱਲੀ/ ਗੁਜਰਾਤ ਦੇ ਦੰਗੇ ਉਹ ਡੂੰਘੇ ਘਾਉ ਹਨ ਜਿਹਨਾਂ ਤੇ ਅਸੀਂ ਆਪਣੀ ਕਥਾਕਾਰੀ, ਚਿਤਰਕਾਰੀ, ਫਿਲਮਕਾਰੀ ਆਦਿ ਰਾਹੀਂ ਸਿਆਸਤ ਕਰਦੇ ਹਾਂ।" ਸਵੀ ਦੀ ਇਸ ਗੱਲ ਵਿਚ ਆਏ ਸਿਆਸਤ ਸ਼ਬਦ ਤੇ ਜਦੋਂ ਜ਼ਫਰ ਨੇ ਕਿੰਤੂ ਕਰਨ
ਦੀ ਕੋਸ਼ਿਸ਼ ਕੀਤੀ ਤਾਂ ਸਵੀ ਝੱਟ ਬੋਲਿਆ, " ਸਿਆਸਤ ਸਬਦ ਨੂੰ ਕਿਸੇ ਮਾੜੀ ਭਾਵਨਾ ਨਾਲ ਦੇਖਣ ਦੀ ਲੋੜ ਨਹੀਂ। ..ਜਦੋਂ ਅਸੀਂ ਗੁਰੂ ਸਾਹਿਬ ਦੀ ਸ਼ਹੀਦੀ ਨੂੰ ਆਪਣੀਆਂ ਲਿਖਤਾਂ,ਚਿਤਰਾਂ, ਫਿਲਮਾਂ ਆਦਿ ਰਾਹੀਂ ਯਾਦ ਕਰਦੇ ਹਾਂ, ਤਾਂ ਅਜੇਹਾ ਕਰਦੇ ਸਮੇਂ ਸਿੱਖ ਕੌਮ ਇਸ ਸਾਂਝੇ ਕੌਮੀ ਘਾਉ ਦੇ ਐਕਸਪੀਰੀਐਂਸ ਰਾਹੀਂ ਆਪਣੀ ਕੌਮੀ ਪਹਿਚਾਣ ਸਥਾਪਤ ਕਰ ਰਹੇ ਹੁੰਦੇ ਹਨ।"


" ਸਵੀ ਨੇ ਦੋ ਬਹੁਤ ਹੀ ਮਹੱਤਵਪੂਰਨ ਗੱਲਾਂ ਕੀਤੀਆਂ ਹਨ।" ਮੈਂ ਗੱਲ ਨੂੰ ਅੱਗੇ ਤੋਰਨਾ ਚਾਹਿਆ, "ਗੁਰੂ ਸਾਹਿਬ ਦੀ ਸ਼ਹੀਦੀ ਨਾਲ ਸਬੰਧਤ ਤਮਾਮ ਕਥਾ ਕਹਾਣੀਆਂ,ਇਤਿਹਾਸਕ ਦਸਤਾਵੇਜ਼, ਖੋਜ ਪ੍ਰਾਜੈਕਟ, ਫਿਲਮਾਂ, ਟੈਲਵਿਜ਼ਨ ਪ੍ਰੋਗਰਾਮ, ਚਿਤਰਕਾਰੀ, ਛਬੀਲਾਂ, ਕਾਨਫਰੰਸਾਂ ਆਦਿ ਉਹ ਟੈਕਸਟਸ ਹਨ ਜਿਹਨਾਂ ਰਾਹੀਂ ਅਸੀਂ ਗੁਰੂ ਸਾਹਿਬ ਦੀ ਸ਼ਹੀਦੀ ਦੇ ਸੱਚ ਤੱਕ ਨਹੀਂ ਪਹੁੰਚਦੇ, ਉਹਨਾ ਦੀ ਸ਼ਹੀਦੀ ਨੂੰ ਯਾਦ
ਕਰਦੇ ਹਾਂ।...ਦੂਸਰੀ ਗੱਲ ਇਹ ਕਿ ਯਾਦ ਰੱਖਣ ਜਾਂ ਯਾਦ ਕਰਨ ਦੀ ਇਹ ਟੈਕਸਚੂਅਲ ਵਿਧਾ ਸਿਆਸੀ ਅਮਲ ਹੈ। ਦੋਨੋ ਰਲ ਕੇ ' ਪਾਲੇਟਿਕਸ ਆਫ਼ ਮੈਮਰੀ ' (ਯਾਦ ਦੀ ਸਿਆਸਤ) ਦੀ ਧਾਰਨਾ ਨੂੰ ਅਗਰਭੂਮੀ ਤੇ ਲੈ ਆਉਂਦੀਆਂ ਹਨ।"


" ਭਾਅ ਜੀ, ਆਪਾਂ ਕਰਨਾਲ ਪਹੁੰਚ ਗਏ ਆਂ। ਖਾਣਾ ਖਾ ਲਈਏ।" ਇਹ ਆਖ ਕੇ ਜ਼ਫਰ ਨੇ ਕਾਰ ਢਾਬੇ ਵਲ ਮੋੜ ਲਈ।


"  ਹੈਰਾਨੀ ਹੁੰਦੀ ਆ ਕਿ ਕਿਵੇਂ ਅਸੀਂ ਇਕ ਇਤਿਹਾਸਕ ਘਟਨਾ ਦੀ ਟੈਕਸਚੂਅਲ ਕੰਨਸਟਰ ਕਸ਼ਨ  ਨੂੰ ਹੀ ਵਾਸਤਵਿਕ ਸੱਚਾਈ ਮੰਨਦੇ ਰਹੇ ਹਾਂ । ਅਸੀਂ ਅਜੇਹਾ ਕਿਉਂ ਕਰਦੇ ਰਹੇ? ਕੋਈ ਕਥਾ ਕਹਾਣੀ ਲਿਖਕੇ ਜਾਂ ਚਿਤਰ ਬਣਾ ਕੇ ਅਸੀਂ ਵਾਸਤਵਿਕ ਸਚਾਈ ਪੇਸ਼ ਕਰਨ ਦਾ ਦਾਅਵਾ ਕਰਨ ਲੱਗ ਪੈਂਦੇ ਹਾਂ ਜਦੋਂ ਕਿ ਹਕੀਕਤ ਵਿਚ ਤਾਂ ਉਹ ਰਚਨਾ ਸ਼ਬਦਾਂ ਜਾਂ ਰੰਗਾਂ ਦੀ ਇਕ ਖੇਡ ਹੀ ਹੁੰਦੀ ਹੈ। ਸ਼ਬਦਾਂ ਜਾਂ ਰੰਗਾਂ ਦੀ ਇਕ ਅਜੇਹੀ ਕਹਾਣੀ ਜੋ ਵਾਸਤਵਿਕਤਾ, ਸਚਾਈ ਅਤੇ ਯਥਾਰਥ ਦਾ ਪ੍ਰਭਾਵ ਪੈਦਾ ਕਰਨ ਦੀ ਕੋਸ਼ਿਸ਼ ਕਰਦੀ ਹੈ। " ਖਾਣਾ ਖਾਣ ਉਪਰੰਤ ਕਾਰ ਵਿਚ ਵਾਪਿਸ ਬੈਠਦਿਆਂ ਹੀ ਸਵੀ ਨੇ ਯਥਾਰਥਵਾਦ ਦੀ ਧਾਰਨਾ ਤੇ  ਹਮਲਾ ਸ਼ੁਰੂ ਕੀਤਾ, ਜਿਸਨੂੰ ਜ਼ਫਰ ਯਥਾਰਥਵਾਦੀ ਸਾਹਿਤ/ ਕਲਾ ਅਤੇ ਬਾਹਰਮੁਖੀ ਇਤਿਹਾਸ ਤੋਂ ਵੀ ਪਾਰ ਪ੍ਰਤੱਖਵਾਦੀ ਵਿਗਿਆਨ ਤੱਕ ਲੈ ਗਿਆ।


ਚਲਦਾ







No comments:

Post a Comment