ਪਾਣੀ ਦਾ ਮਸਲਾ
ਪਾਣੀ ਸਾਡੇ ਲਈ ਬਹੁਤ ਅਹਿਮ ਮਸਲਾ ਬਣ ਚੁੱਕਾ ਹੈ . ਮਸਲਾ ਦਿਨ ਬਦਿਨ ਹੋਰ ਗੰਭੀਰ ਬਣਦਾ ਜਾ ਰਿਹਾ ਹੈ .ਜੇ ਪ੍ਰਚਲਿਤ ਦਸਤੂਰ ਕਾਇਮ ਰਿਹਾ ਤਾਂ ਇਸ ਧਰਤੀ ਉੱਤੇ ਜੀਵਨ ਦਾ ਕੀ ਬਣੇਗਾ ? ਇਹ ਸਵਾਲ ਅੱਜ ਦੇ ਸਮੇਂ ਦਾ ਵਿਰਾਟ ਸਵਾਲ ਬਣ ਕੇ ਸਾਹਮਣੇ ਆ ਗਿਆ ਹੈ.
ਜਦੋਂ ਮੈਂ ਛੋਟਾ ਸੀ ਤਾਂ ਪੰਜਾਬ ਦੀ ਤਾਂ ਗੱਲ ਛੱਡੋ ਦਿੱਲੀ ਵਿੱਚ ਵੀ ਇੱਕ ਜਾਂ ਦੋ ਵਾਰ ਪੰਪ ਦੀ ਹੱਥੀ ਗੇੜਨ ਨਾਲ ਪਾਣੀ ਨਿਕਲ ਆਉਂਦਾ ਸੀ , ਪੰਜ ਦਸ ਫ਼ੁਟ ਤੇ ਹੀ ਪਾਣੀ ਹੁੰਦਾ ਸੀ . ਹੁਣ ਬਹੁਤ ਥਾਈ 600 ਫੁੱਟ ਤੇ ਵੀ ਪਾਣੀ ਨਹੀਂ ਮਿਲਦਾ .
ਪਹਿਲਾਂ ਤੇਲ ਲਈ ਲੜਾਈਆਂ ਹੁੰਦੀਆਂ ਸਨ ਹੁਣ ਇੱਕੀਵੀਂ ਸਦੀ ਵਿੱਚ ਪਾਣੀ ਲਈ ਲੜਾਈਆਂ ਹੋਣਗੀਆਂ . ਦਰਅਸਲ ਇਹ ਲੜਾਈਂਆਂ ਤਾਂ ਸ਼ੁਰੂ ਹੋ ਚੁੱਕੀਆਂ ਹਨ .
ਦੱਖਣ ਭਾਰਤ ਵਿੱਚ ਤਾਂ ਕਈ ਜਗ੍ਹਾ ਪਾਣੀ ਨੂੰ ਲੈ ਕੇ ਦੰਗੇ ਫਸਾਦ ਹੋ ਚੁੱਕੇ ਹਨ .
ਭਾਰਤ ਅਤੇ ਪਾਕਿਸਤਾਨ ਦੇ ਵਿੱਚ ਪਾਣੀਆਂ ਦਾ ਸਵਾਲ ਬਾਕੀ ਸਵਾਲਾਂ ਨਾਲੋਂ ਅੱਗੇ ਆਉਂਦਾ ਨਜ਼ਰ ਆ ਰਿਹਾ ਹੈ . ਗੋਲਨ ਹਾਇਟਸ ਦੀ ਲੜਾਈ ਵੀ ਵਾਟਰ ਵਾਰ ਹੀ ਸੀ . ਅੱਜ ਦੇ ਸੰਸਾਰ ਦੇ ਅਰਥਚਾਰੇ ਤੇ ਨਿਗਾਹ ਮਾਰੀਏ ਤਾਂ ਕੋਈ ਵੀ ਆਸਾਨੀ ਨਾਲ ਵੇਖ ਸਕਦਾ ਹੈ ਕਿ ਇੱਕ ਵਪਾਰਕ ਵਸਤੂ ਵਜੋਂ ਪਾਣੀ ਤੇਲ ਵਰਗੀਆਂ ਕੁਝ ਕੁ ਪ੍ਰਮੁਖ ਜਿਨਸਾਂ ਵਿੱਚ ਕਦੋਂ ਦਾ ਸ਼ਾਮਲ ਹੋ ਚੁੱਕਾ ਹੈ.
ਅਸਲ ਮੁੱਦਾ ਪਾਣੀ ਦੀ ਕਮੀ ਨਹੀਂ ਸਗੋਂ ਇਹਦੀ ਸਾਂਭ ਸੰਭਾਲ ਅਤੇ ਪ੍ਰਬੰਧ ਦਾ ਹੈ.ਸਵਾਲ ਇਹ ਹੈ ਕਿ ਅਸੀ ਤੁਸੀ ਕੀ ਕਰ ਸਕਦੇ ਹਾਂ . ਸਾਰੇ ਮੰਨਦੇ ਹਨ ਕਿ ਵਕ਼ੂਫ਼ੀ (ਅਹਿਸਾਸ ਦਾ ਹੋ ਜਾਣਾ )ਬਹੁਤ ਵੱਡੀ ਚੀਜ ਹੁੰਦੀ ਹੈ . ਇੱਕ ਜ਼ਮਾਨਾ ਸੀ ਜਦੋਂ ਅਸੀ ਪਾਣੀ ਦੀ ਪੂਜਾ ਕਰਦੇ ਹੁੰਦੇ ਸੀ . ਗੁਰਬਾਣੀ ਨੇ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਹੈ. ਉਦੋਂ ਆਮ ਆਦਮੀ ਨੂੰ ਇਸ ਦੀ ਕਦਰ ਦਾ ਅਹਿਸਾਸ ਸੀ. ਜੇ ਕੋਈ ਬੱਚਾ ਸਾਫ਼ ਵਗਦੇ ਪਾਣੀ ਵਿੱਚ ਮੂਤ ਕਰਨ ਦਾ ਤਮਾਸ਼ਾ ਵੇਖਣ ਦਾ ਲਾਲਚ ਕਰ ਬੈਠਦਾ ਸੀ ਤਾਂ ਵੱਡੇ ਉਸ ਨੂੰ ਤੁਰਤ ਘੂਰ ਦਿੰਦੇ ਸਨ ਕਿ ਐਸਾ ਕਰਨਾ ਚੰਗਾ ਨਹੀਂ ਹੁੰਦਾ.
ਉਦੋਂ ਪਾਣੀ ਸਮੁਦਾਇਕ ਇਸਤੇਮਾਲ ਦੀ ਚੀਜ ਹੁੰਦੀ ਸੀ . ਲੋਕ ਪਾਣੀ ਦੇ ਸਰੋਤ ਦੇ ਕੋਲ ਜਾਕੇ ਪਾਣੀ ਭਰਦੇ ਸਨ ਲੇਕਿਨ ਹੁਣ ਪਾਣੀ ਲੋਕਾਂ ਕੋਲ ਆ ਜਾਂਦਾ ਹੈ . ਹੁਣ ਤਾਂ ਸਾਡੇ ਬਾਥਰੂਮ ਵਿੱਚ ਵੀ ਪਾਣੀ ਹੁੰਦਾ ਹੈ .ਪਰ ਅਸੀਂ ਇਸ ਦੀ ਕਦਰ ਨਹੀਂ ਜਾਣਦੇ ? ਪੰਪ ਗੇੜ ਕੇ ਪਾਣੀ ਕੱਢਣ ਨਾਲ ਪਾਣੀ ਨਾਲ ਜੋ ਰਿਸ਼ਤਾ ਬੰਨਦਾ ਸੀ ਉਹ ਹੁਣ ਨਹੀਂ ਰਿਹਾ.ਆਪਣੇ ਆਪ ਨੂੰ ਜਿਆਦਾ ਸਿਆਣੇ ਸਮਝਣ ਵਾਲੇ ਸੂਟਿਡ ਬੂਟਿਡ ਸ਼ਹਿਰੀ ਲੋਕ ਨਹਾਉਣ ਲੱਗਿਆਂ ਮਣਾਂ ਮੂੰਹੀ ਪਾਣੀ ਅਜਾਈਂ ਰੋੜ੍ਹ ਦਿੰਦੇ ਹਨ .
ਦਰਅਸਲ ਭਾਰਤ ਵਿੱਚ ਪਾਣੀ ਦੇ ਪਰਬੰਧ ਬਾਰੇ ਅਣਗਹਿਲੀ ਹੈਰਾਨਕੁਨ ਹੈ . ਮੀਂਹ ਦੇ ਪਾਣੀ ਦੀ ਹਾਰਵੇਸਟਿੰਗ ਕਿਤੇ - ਕਿਤੇ ਹੋ ਰਹੀ ਹੈ ਜੋ ਚੰਗੀ ਗੱਲ ਹੈ . ਇਸੇ ਤਰ੍ਹਾਂ ਕਿਤੇ ਕਿਤੇ ਕਨੂੰਨ ਹੈ ਕਿ ਮੀਂਹ ਦੇ ਪਾਣੀ ਦੀ ਹਾਰਵੇਸਟਿੰਗ ਦੇ ਪ੍ਰਬੰਧ ਦੇ ਬਿਨਾਂ ਮਕਾਨ ਨਹੀਂ ਬਣੇਗਾ . ਅਜਿਹੇ ਕਾਨੂੰਨਾਂ ਦੀ ਸਾਨੂੰ ਜ਼ਰੂਰਤ ਹੈ . ਅਸੀਂ ਸਥਿਤੀ ਦੀ ਨਜਾਕਤ ਉੱਕਾ ਬੇਖ਼ਬਰ ਜ਼ਮੀਨ ਹੇਠਲੇ ਪਾਣੀ ਦੇ ਮਗਰ ਪਏ ਹੋਏ ਹਾਂ .
No comments:
Post a Comment