ਸਭਿਆਚਾਰਕ ਵੰਨਸਵੰਨਤਾ ਤੇ ਸਮਾਜਿਕ ਤਬਦੀਲੀ ਦਾ ਸਿੱਖ ਪ੍ਰਸੰਗ-ਅਮਰਜੀਤ ਸਿੰਘ ਗਰੇਵਾਲ
ਮਨੁੱਖੀ ਸਭਿਆਚਾਰ ਦੇ ਵਿਕਾਸ ਲਈ ਸਭਿਆਚਾਰਕ ਵੰਨਸਵੰਨਤਾ ਦਾ ਪੈਦਾ ਹੋਣਾ ਵੀ ਅਤੀ ਜ਼ਰੂਰੀ ਹੈ। ਇਸ ਵੰਨਸਵੰਨਤਾ ਰਾਹੀਂ ਪੈਦਾ ਹੋਣ ਵਾਲੀਆਂ ਵਿਲੱਖਣ ਇਕਾਈਆਂ ਵਿਚਕਾਰ ਬਰਾਬਰੀ ਉੱਪਰ ਅਧਾਰਿਤ ਸੰਵਾਦ ਹੀ ਵਿਕਾਸ ਦੇ ਰਾਹ ਖੋਲ੍ਹਦਾ ਹੈ। ਨਿਰਾਲੀ ਪਛਾਣ ਰੱਖਣ ਵਾਲੀਆਂ ਵਿਲੱਖਣ ਕਿਸਮ ਦੀਆਂ ਸੰਪਰਦਾਇਕ
ਅਤੇ ਸੰਸਕ੍ਰਿਤਕ ਇਕਾਈਆਂ ਵਿਚ ਲਗਾਤਾਰ ਵਾਧੇ ਰਾਹੀਂ ਸੰਸਕ੍ਰਿਤਕ ਵੰਨਸਵੰਨਤਾ ਵਿਚ ਵਾਧਾ ਸੰਸਕ੍ਰਿਤਕ ਵਿਕਾਸ ਦੀ ਪਹਿਲੀ ਸ਼ਰਤ ਬਣ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਆਪਣੇ ਵੇਲੇ ਦੀਆਂ ਵਿਭਿੰਨ ਸੰਪਰਦਾਇਕ ਅਤੇ ਸੰਸਕ੍ਰਿਤਕ ਇਕਾਈਆਂ ਦੇ ਮਹੱਤਵ ਨੂੰ ਪਹਿਚਾਣਿਆ ਅਤੇ ਉਨ੍ਹਾਂ ਵਿਚਕਾਰ ਇਕ ਸੰਵਾਦ ਪੈਦਾ ਕੀਤਾ। ਗੁਰੂ ਸਾਹਿਬ ਦੀ ਵਿਚਾਰਧਾਰਾ ਸਾਥੋਂ ਮੰਗ ਕਰਦੀ ਹੈ ਕਿ ਅੱਜ ਵੀ ਅਸੀਂ ਆਪਣੇ ਸਮੇਂ ਦੀਆਂ ਵਿਭਿੰਨ ਸੰਸਕ੍ਰਿਤਕ ਅਤੇ ਵਿਚਾਰਧਾਰਕ ਇਕਾਈਆਂ ਨਾਲ ਇਕ ਸੰਵਾਦ ਰਚਾਈਏ। ਕੇਵਲ ਸੰਸਕ੍ਰਿਤਕ ਇਕਾਈਆਂ ਦੀ ਵੰਨਸਵੰਨਤਾ ਹੀ ਕਾਫੀ ਨਹੀਂ, ਸੰਸਕ੍ਰਿਤਕ ਇਕਾਈਆਂ ਦੇ ਅੰਦਰ ਵੀ ਵੰਨਸਵੰਨਤਾ ਵਧਣੀ
ਚਾਹੀਦੀ ਹੈ। ਆਮ ਤੌਰ ਤੇ ਕਿਸੇ ਵੀ ਸਭਿਆਚਾਰਕ ਇਕਾਈ ਜਾਂ ਸੰਗਠਨ ਵਿਚ ਵੰਨਸਵੰਨਤਾ ਨੂੰ ਇੱਕੋ ਜੇਹੇ ਗੁਣਾਂ ਵਾਲੇ ਸਮਗੁਣ ਰੂਪ ਵਿਅਕਤੀਆਂ ਦੇ ਸਮੂਹ ਅੰਦਰ ਮੌਜੂਦ ਬੇਕਾਇਦਗੀ ਹੀ ਸਮਝਿਆ ਜਾਂਦਾ ਰਿਹਾ ਹੈ। ਪਰ ਕਿਸੇ ਵੀ ਸੰਸਕ੍ਰਿਤਕ ਸਮੂਹ ਦਾ ਧਿਆਨ ਨਾਲ ਕੀਤਾ ਗਿਆ ਅਧਿਐਨ ਇਹ ਗੱਲ ਸਪੱਸ਼ਟ ਕਰ ਦਿੰਦਾ ਹੈ ਕਿ ਹਰ ਇਕ ਸੰਸਕ੍ਰਿਤਕ ਸਮੂਹ ਅੰਦਰ ਬਹੁਤ ਵੱਡੀ ਮਾਤਰਾ ਵਿਚ ਸੰਸਕ੍ਰਿਤਕ ਵਿਭਿੰਨਤਾ ਮੌਜੂਦ ਹੁੰਦੀ ਹੈ। ਇਹ ਵਿਭਿੰਨਤਾ ਜਾਂ ਵੰਨਸਵੰਨਤਾ ਹੀ ਉਸ ਸੰਸਕ੍ਰਿਤੀ ਦੀ ਅਮੀਰੀ ਦਾ ਸਬੂਤ ਹੁੰਦੀ ਹੈ। ਇਸ ਵੰਨਸਵੰਨਤਾ ਵਿਚ ਸੰਵਾਦ (ਜਾਂ ਕਰੌਸ ਬਰੀਡਿੰਗ) ਰਾਹੀਂ ਹੀ ਸੰਸਕ੍ਰਿਤਕ ਸੰਗਠਨ ਦਾ ਵਿਕਾਸ ਹੁੰਦਾ ਹੈ। ਇਸ ਵੰਨਸਵੰਨਤਾ ਉਪਰ ਹੀ ਉਸ ਸੰਗਠਨ ਦੇ ਵਿਅਕਤੀਆਂ ਦੀ ਸੰਸਕ੍ਰਿਤਕ ਸਿਰਜਣਾਤਮਕ ਸਮਰੱਥਾ ਨਿਰਭਰ ਕਰਦੀ ਹੈ। ਇਹ ਵਿਭਿੰਨਤਾ ਹੀ ਉਸ ਸੰਗਠਨ ਦੀ ਜੀਣ ਯੋਗਤਾ ਨੂੰ ਨਿਸ਼ਚਿਤ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਸੰਸਕ੍ਰਿਤਕ ਵੰਨਸਵੰਨਤਾ ਜੋ ਗੁਰੂ ਕਵੀਆਂ ਅਤੇ ਭਗਤ ਕਵੀਆਂ ਦੀ ਬਾਣੀ ਵਿਚੋਂ ਸਪੱਸ਼ਟ ਰੂਪ ਵਿਚ ਦੇਖੀ ਜਾ ਸਕਦੀ ਹੈ, ਸਾਥੋਂ ਇਹ ਮੰਗ ਕਰਦੀ ਹੈ ਕਿ ਅੱਜ ਵੀ ਇਸ ਸਭਿਆਚਾਰਕ ਵੰਨਸੁਵੰਨਤਾ ਤੇ ਸਮਾਜਿਕ ਤਬਦੀਲੀ ਦਾ ਸਿੱਖ ਪ੍ਰਸੰਗ ਵੰਨਸਵੰਨਤਾ ਨੂੰ ਘਟਾਉਣ ਦੀ ਥਾਂ ਵਧਾਉਣ ਲਈ ਹੀ ਯਤਨਸ਼ੀਲ ਰਹੀਏ। ਸਿੱਖ ਸਮਾਜ ਇੱਕੋ ਜੇਹੀ ਵਰਦੀ, ਟਾਈਮ ਟੇਬਲ, ਰੀਤੀ ਰਿਵਾਜ਼ਾਂ, ਮਰਿਆਦਾ, ਰਹਿਤ, ਮੁੱਲਾਂ, ਕਦਰਾਂ ਕੀਮਤਾਂ,
ਕੰਮਾਂ-ਕਾਰਾਂ ਅਤੇ ਨੈਤਿਕਤਾ ਵਾਲੇ ਸਮਗੁਣਰੂਪ ਵਿਅਕਤੀਆਂ ਦੀ ਫੌਜ ਨਹੀਂ। ਵੰਨਸਵੰਨਤਾ ਨਾਲ ਭਰਪੂਰ ਗਤੀਸ਼ੀਲ ਸੰਸਕ੍ਰਿਤੀ ਦਾ ਇਕ ਇਤਿਹਾਸਕ ਪ੍ਰਬੰਧ ਹੈ।
ਇਸ ਗੱਲ ਨੂੰ ਸਮਝਣ ਲਈ ਸੰਗੀਤ ਦੀ ਉਦਾਹਰਣ ਲਈ ਜਾ ਸਕਦੀ ਹੈ। ਗੁਰਮਤਿ ਸੰਗੀਤ ਦੇ ਵਿਕਾਸ ਲਈ ਜਿਥੇ ਇਸ ਵਾਸਤੇ ਬਾਹਰਲੀਆਂ ਸੰਗੀਤ ਪੱਧਤੀਆਂ ਨਾਲ ਇਕ ਸੰਵਾਦ ਜਾਰੀ ਰੱਖਣਾ ਆਵੱਸ਼ਕ ਹੈ, ਉੱਥੇ ਇਸ ਦੀ ਆਪਣੇ ਅੰਦਰੋਂ ਪੈਦਾ ਕੀਤੀ ਵੰਨਸਵੰਨਤਾ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ। ਜ਼ਰੂਰੀ ਨਹੀਂ ਕਿ
ਹਰ ਰਾਗ ਦਾ ਕੋਈ ਇਕ ਸਰੂਪ ਹੀ ਸਹੀ ਮੰਨਿਆ ਜਾਵੇ। ਸਭ ਸਰੂਪਾਂ ਨੂੰ ਸੰਭਾਲਣ ਦੀ ਲੋੜ ਹੈ। ਹਰ ਇਕ ਰਾਗ ਦਾ ਇਕ-ਇਕ ਸਰੂਪ ਨਿਰਧਾਰਿਤ ਕਰਕੇ ਬਾਕੀ ਰੂਪਾਂ ਨੂੰ ਰੱਦ ਕਰ ਦੇਣਾ ਇਕ ਬਹੁਤ ਵੱਡੀ ਭੁੱਲ ਹੋਵੇਗੀ। ਸਾਰੇ ਰੂਪ ਸੰਭਾਲਣ ਦੀ ਹੀ ਲੋੜ ਨਹੀਂ, ਉਨ੍ਹਾਂ ਵਿਚਕਾਰ ਸੰਵਾਦ ਵੀ ਚੱਲਣਾ ਚਾਹੀਦਾ ਹੈ। ਗੁਰਮਤਿ ਸੰਗੀਤ ਦੇ ਵਿਕਾਸ ਲਈ ਇਹੋ ਆਵੱਸ਼ਕ ਹੈ। ਇਹੋ ਗੱਲ ਸਿੱਖ ਸਮਾਜ ਵਿਚ ਪ੍ਰਚੱਲਤ ਵਿਭਿੰਨ ਸੰਪਰਦਾਵਾਂ, ਵਿਚਾਰਧਾਰਕ ਸੰਗਠਨਾਂ ਆਦਿ ਉੱਪਰ ਲਾਗੂ ਹੁੰਦੀ ਹੈ। ਇਨ੍ਹਾਂ ਵਿਚਕਾਰ ਬਰਾਬਰੀ ਉੱਪਰ ਆਧਾਰਿਤ ਸਹਿਯੋਗ/ ਪ੍ਰਤੀਯੋਗ ਅਤੇ ਸੰਵਾਦ ਚੱਲਣਾ ਚਾਹੀਦਾ ਹੈ। ਕੁਦਰਤ ਮਨੁੱਖੀ ਸਭਿਆਚਾਰ ਵਿਚ ਅਨੇਕਤਾ, ਬਹੁਰੂਪਤਾ, ਵਿਭਿੰਨਤਾ ਅਤੇ ਵੰਨਸਵੰਨਤਾ ਪੈਦਾ ਕਰਦੀ ਹੈ, ਪਰ ਮਨੁੱਖ ਆਪਣੀ ਹਉਮੈ ਕਾਰਨ ਉਸ ਦੀ ਇਸ ਖੂਬਸੂਰਤੀ ਨੂੰ ਮਿਆਰੀ ਰੂਪ ਦੇਣ ਦੀ ਕੋਸ਼ਿਸ਼ ਕਰਦਾ ਹੈ। ਇਹ ਗੱਲ ਕੁਦਰਤੀ ਵਿਕਾਸ ਪ੍ਰਕਿਰਿਆ ਵਿਚ
ਰੁਕਾਵਟ ਬਣਦੀ ਹੈ। ਸੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਚੱਲਣ ਵਾਲੇ ਸੰਸਕ੍ਰਿਤਕ ਸੰਗਠਨ ਨੂੰ ਗਰੰਥ ਸਾਹਿਬ ਦਾ ਇਹ ਸੁਨੇਹਾ ਜਾਣ ਲੈਣਾ ਚਾਹੀਦਾ ਹੈ ਕਿ ਇਹ ਕੋਈ ਸਦੀਵੀ, ਆਈਸੋਲੇਟਿਡ ਸਿਸਟਮ ਨਹੀਂ, ਸਗੋਂ ਮਨੁੱਖੀ ਭਾਈਚਾਰੇ ਦਾ ਇਕ ਅਨਿਖੜਵਾਂ ਅੰਗ ਹੈ ਜੋ ਆਪਣੇ ਅੰਦਰਲੀ ਅਤੇ
ਬਾਹਰਲੀ ਵੰਨਸਵੰਨਤਾ ਨਾਲ ਨਿਰੰਤਰ ਸੰਵਾਦ ਰਾਹੀਂ ਲਗਾਤਾਰ ਵਿਕਾਸ ਪ੍ਰਕਿਰਿਆ ਵਿਚ ਬੱਝਿਆ ਰਹਿੰਦਾ ਹੈ।
ਸਮਾਜਕ ਤਬਦੀਲੀ : ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਾਤ-ਪਾਤ ਨਾਲ ਜੁੜੀ ਊਚ ਨੀਚ, ਵੈਰ ਵਿਰੋਧ ਦੀ ਭਾਵਨਾ, ਅਤੇ ਸ਼ੋਸ਼ਣ ਨੂੰ ਰੱਦ ਕਰਕੇ ਮਨੁੱਖ ਦੀ ਸਮਰੱਥਾ ਨੂੰ ਜਾਤ-ਪਾਤ ਦੇ ਬੰਧਨਾਂ ਤੋਂ ਮੁਕਤ ਕਰਵਾ ਦਿੱਤਾ, ''ਜਾਤੀ ਦੈ ਕਿਆ ਹਥ ਸਚ ਪਰਖੀਐ॥'' ਪਰ ਕਿਰਤ ਦੀ ਵੰਡ ਨਾਲ ਜੁੜੇ ਜਾਤੀ ਦੇ ਮਹੱਤਵ ਨੂੰ ਖ਼ਤਮ ਨਹੀਂ ਕੀਤਾ ਗਿਆ; "ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ॥
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤ ਰਹੀ॥''
ਸ੍ਰੀ ਗੁਰੂ ਗ੍ਰੰਥ ਸਾਹਿਬ ਜਾਤੀ ਨਾਲ ਜੁੜੀ ਮਨੁੱਖ ਦੀ ਪਹਿਚਾਣ ਨੂੰ ਪੂਰੀ ਤਰ੍ਹਾਂ ਖਤਮ ਨਹੀਂ ਕਰਦੇ ਜਾਪਦੇ; ''ਰਾਮਦਾਸ ਸੋਢੀ ਤਿਲਕ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਓ।'' ਗੁਰੂ ਸਾਹਿਬ ਤਾਂ ਆਪਣੇ ਸਮੇਂ ਦੀਆਂ ਸੀਮਾਵਾਂ ਨੂੰ ਧਿਆਨ ਵਿਚ ਰੱਖਦੇ ਹੋਏ ਕਿਸੇ ਵੀ ਜਾਤ ਨਾਲ ਜੁੜੇ ਅਰਥਾਂ ਨੂੰ ਪੂਰੀ ਤਰ੍ਹਾਂ ਰੂਪਾਂਤ੍ਰਿਤ ਕਰਕੇ ਇਸ ਅੰਦਰ ਨਵਾਂ ਉਤਸ਼ਾਹ ਜਗਾਉਣ ਤੱਕ ਹੀ ਜਾਂਦੇ; "ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ। ਆਪਿ ਤਰੈ ਸਗਲੇ ਕੁਲ ਤਾਰੈ।'' ਜਾਂ "ਖਤ੍ਰੀ ਸੋ ਜੁ ਕਰਮਾ ਕਾ ਸੂਰੁ।'' ਆਦਿ। ਪਰ ਇਸ ਅੰਤਰ ਦ੍ਰਿਸ਼ਟੀ ਨੂੰ ਪ੍ਰਾਪਤ ਨਾ ਕਰ ਸਕਣ ਕਾਰਨ ਅੱਜ ਸਿੱਖ ਜਾਤ-ਪਾਤ ਨਾਲ ਜੁੜੀ ਊਚ-ਨੀਚ ਅਤੇ ਵੈਰ-ਵਿਰੋਧ ਦੀ ਭਾਵਨਾ ਤੋਂ ਮੁਕਤ ਨਹੀਂ ਹੋ ਸਕੇ। ਜਾਤੀ ਦੇ ਅੰਦਰ ਵਿਆਹ ਕਰਵਾਉਣ ਦੀ ਪ੍ਰਥਾ ਹਾਲੇ ਉਸੇ ਤਰ੍ਹਾਂ ਕਾਇਮ ਹੈ। ਰਾਮਗੜ੍ਹੀਆਂ ਦਾ ਗੁਰਦੁਆਰਾ, ਰਾਮਦਾਸੀਆਂ ਦਾ ਗੁਰਦੁਆਰਾ ਆਦਿ ਰਾਹੀਂ ਗੁਰਦੁਆਰਿਆਂ ਵਿਚ ਵੀ ਜਾਤ-ਪਾਤ ਦੇ ਆਧਾਰ ਉੱਤੇ ਵੰਡੀ ਪਾ
ਦਿੱਤੀ ਗਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵੇਲੇ ਦੀ ਸਾਮੰਤਵਾਦੀ ਵਿਵਸਥਾ ਦਾ ਪੂੰਜੀਵਾਦੀ ਸਮਾਜਿਕ ਆਰਥਿਕ- ਰਾਜਨੀਤਕ ਪ੍ਰਬੰਧ ਵਿਚ ਤਬਦੀਲੀ ਦਾ ਕੋਈ ਫਾਰਮੂਲਾ ਨਹੀਂ ਹੈ। ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਜਦੋਂ ਸਮਾਜ ਨੂੰ ਬ੍ਰਾਹਮਣੀ ਕਰਮਕਾਂਡ ਅਤੇ ਸਮਾਜਿਕ ਆਰਥਕ ਰਾਜਨੀਤਕ ਸਭਿਆਚਾਰਕ ਖੜੋਤ ਵਿਚੋਂ ਬਾਹਰ ਕੱਢ ਕੇ, ਕਿਰਤ, ਹੱਕ, ਸੱਚ, ਇਨਸਾਫ, ਬਰਾਬਰੀ, ਸੰਵਾਦ, ਤਰਕ, ਆਜ਼ਾਦੀ ਆਦਿ ਨਾਲ ਜੋੜ ਦਿੱਤਾ ਤਾਂ ਇਸ ਵਿਚੋਂ ਅਜਿਹੇ ਸਭਿਆਚਾਰ ਦਾ ਨਿਰਮਾਣ ਹੋਇਆ ਜਿਸ ਨੇ ਪੂੰਜੀਵਾਦੀ ਸਮਾਜ ਦੇ ਵਿਕਾਸ ਲਈ ਸਹਾਈ ਹੋਣ ਤੋਂ ਇਲਾਵਾ ਸਮਾਜ-ਸਭਿਆਚਾਰ ਦੇ ਨਿਰੰਤਰ ਵਿਕਾਸ ਦੀ ਦਿਸ਼ਾ ਨੂੰ ਨਿਰਧਾਰਿਤ ਕਰਨ ਵਾਲੀ ਅੰਤਰ-ਦ੍ਰਿਸ਼ਟੀ ਵੀ ਪੈਦਾ ਕਰ ਦਿੱਤੀ। ਪੰਜਾਬ ਦੀ ਖੇਤੀਬਾੜੀ ਵਿਚੋਂ ਸਾਮੰਤਵਾਦ ਦੇ ਖਾਤਮੇ ਅਤੇ ਰਾਜ ਵਿਚ ਸਨਅਤੀਕਰਨ/ ਮਸ਼ੀਨੀਕਰਨ/ਸੋਸ਼ਲ ਡੈਮੋਕਰੇਸੀ ਦੇ ਵਿਕਾਸ ਲਈ ਉਤਸ਼ਾਹ, ਫੈਡਰਲ ਢਾਂਚੇ ਦੀ ਮੰਗ, ਆਰਥਕ ਖੜੋਤ ਵਿਰੁਧ ਰੀਐਕਸ਼ਨ, ਨਵੀਂ ਦਿਸ਼ਾ ਦੀ ਖੋਜ ਆਦਿ ਸਭ ਇਸੇ ਸੋਚ ਦੀ ਪੈਦਾਵਾਰ ਹੈ। ਸ੍ਰੀ ਗੁਰੂ ਗਰੰਥ ਸਾਹਿਬ ਕਿਸੇ ਵੀ ਚਿਹਨ, ਪ੍ਰਥਾ, ਵਿਚਾਰਧਾਰਾ, ਸੰਕਲਪ, ਸਿਧਾਂਤ ਜਾਂ ਪ੍ਰਬੰਧ ਨੂੰ ਨਾਂ ਰੱਦ ਕਰਦੇ ਹਨ ਅਤੇ ਨਾ ਹੀ ਸਥਾਈ ਅਤੇ ਸਦੀਵੀ ਰੂਪ ਵਿਚ ਪਰਵਾਨ ਕਰਦੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਲਈ ਇਨ੍ਹਾਂ ਦਾ ਮਹੱਤਵ ਕੇਵਲ ਇਨ੍ਹਾਂ ਦੀ ਗਤੀਸ਼ੀਲਤਾ ਵਿਚ ਹੀ ਹੈ। ਇਨ੍ਹਾਂ ਦੀ ਨਿਰੰਤਰ ਵਿਕਾਸਮਈ ਪ੍ਰਕਿਰਿਆ ਅੰਦਰ। ਇਹ ਤਬਦੀਲੀ ਫੇਰ ਨਵੇਂ ਸੰਕਟਾਂ, ਚੁਣੌਤੀਆਂ ਅਤੇ ਸੰਕਲਪਾਂ ਨੂੰ ਜਨਮ ਦਿੰਦੀ ਹੈ ਜਿਨ੍ਹਾਂ ਦੇ ਸਮਾਧਾਨ ਲਈ ਸ਼ਬਦ ਦੀ ਸੱਭਿਆਚਾਰਕ ਪ੍ਰਕਿਰਿਆ ਅੰਦਰ ਤਬਦੀਲੀ ਅਤੇ ਵਿਕਾਸ ਦਾ ਸਿਲਸਿਲਾ ਨਿਰੰਤਰ ਚਲਦਾ ਰਹਿੰਦਾ ਹੈ। ਹਰ ਇਕ ਸਭਿਆਚਾਰ ਜਾਂ ਕੌਮੀਅਤ ਇਕ ਓਪਨ ਸਿਸਟਮ ਹੁੰਦਾ ਹੈ ਜੋ ਕਦੀ ਵੀ ਸੰਤੁਲਤ
ਅਵਸਥਾ ਵਿਚ ਨਹੀਂ ਪਹੁੰਚਦਾ। ਹਮੇਸ਼ਾਂ ਅਸੰਤੁਲਤ, ਗਤੀਸ਼ੀਲ ਅਤੇ ਵਿਕਾਸਮਈ ਹੀ ਰਹਿੰਦਾ ਹੈ। ਜਿਹੜੇ ਸਭਿਆਚਾਰਕ ਢਾਂਚੇ, ਰੂਪ ਜਾਂ ਕੌਮੀਅਤਾਂ ਦਿਖਾਈ ਦਿੰਦੀਆਂ ਹਨ, ਉਹ ਕਿਸੇ ਸੰਤੁਲਤ ਅਵਸਥਾ ਦੀ ਸਥਾਈ ਅਤੇ ਸਦੀਵੀ ਦੇਣ ਨਹੀਂ ਹੁੰਦੀਆਂ, ਸਗੋਂ ਮਨੁੱਖੀ ਸੱਭਿਆਚਾਰ ਦੇ ਗਤੀਸ਼ੀਲ ਵਹਾ ਵਿਚੋਂ ਪੈਦਾ ਹੋਈਆਂ ਆਰਜ਼ੀ
ਅਤੇ ਗੈਰ ਸੰਤੁਲਤ ਰਚਨਾਵਾਂ ਹੀ ਹੁੰਦੀਆਂ ਹਨ। ਸੰਤੁਲਤ ਅਵਸਥਾ ਵਿਚ ਤਾਂ ਕੇਵਲ ਉਹ ਆਈਸੋਲੇਟਿਡ ਸਿਸਟਮ ਜਾਂ ਸਮੁੱਚਤਾ ਹੀ ਪਹੁੰਚ ਸਕਦੀ ਹੈ, ਜਿਸਦਾ ਕੋਈ ਚੌਗਿਰਦਾ ਨਹੀਂ, ਸਭ ਕੁਝ ਜਿਸ ਦੇ ਅੰਦਰ ਹੀ ਮੌਜੂਦ ਹੈ। ਇਸ ਲਈ ਉਸ ਸੁੰਨ ਦੇ ਸਿਵਾ ਬਾਕੀ ਸਭ ਕੁਝ ਅਸਥਾਈ, ਅਸਦੀਵੀ, ਅਸੰਤੁਲਿਤ, ਪਰਿਵਰਤਨਸ਼ੀਲ, ਵਿਕਾਸਮਈ, ਆਰਜ਼ੀ ਅਤੇ ਬਿਨਸਣਹਾਰ ਹੀ ਹੈ। ਇਹ ਗੱਲ ਵੀ ਸਮਝਣ ਵਾਲੀ ਹੈ ਕਿ ਹਰ ਇਕ ਸਭਿਆਚਾਰਕ ਸੰਗਠਨ ਦਾ ਆਪਣਾ ਵਿਲੱਖਣ ਅਤੇ ਵਿਸ਼ਿਸ਼ਟ ਯੋਗਦਾਨ ਹੁੰਦਾ ਹੈ। ਇਸ ਲਈ ਵਿਭਿੰਨ ਸਭਿਆਚਾਰਕ ਇਕਾਈਆਂ ਕਿਸੇ ਸਾਂਝੇ ਜਾਂ ਇੱਕੋ ਸਭਿਆਚਾਰਕ ਇਤਿਹਾਸ ਨੂੰ ਨਹੀਂ ਦੁਹਰਾਉਂਦੀਆਂ। ਕੁਦਰਤ ਨੇ ਸਭਿਆਚਾਰਕ ਅਨੇਕਤਾ, ਬਹੁਰੂਪਤਾ ਅਤੇ ਵੰਨਸਵੰਨਤਾ ਪੈਦਾ ਹੀ ਇਸ ਲਈ ਕੀਤੀ ਹੈ ਤਾਂ ਜੋ ਇਹ ਵਿਭਿੰਨ ਇਕਾਈਆਂ ਆਪਣੇ ਵੱਖੋ-ਵੱਖਰੇ ਅਤੇ ਵਸ਼ਿਸ਼ਟ ਯੋਗਦਾਨਾਂ ਰਾਹੀਂ ਮਨੁੱਖੀ ਸਭਿਆਚਾਰ ਦੀ ਵਿਕਾਸ ਪ੍ਰਕਿਰਿਆ ਨੂੰ ਵਧੇਰੇ ਪ੍ਰਬੀਨ ਅਤੇ ਕੁਸ਼ਲ ਬਣਾ ਸਕਣ। ਇਸ ਲਈ ਵਿਭਿੰਨ ਸਭਿਆਚਾਰਕ ਇਕਾਈਆਂ ਦੇ ਇੱਕੋ ਜਿਹੇ ਇਤਿਹਾਸਕ ਪੜਾਵਾਂ ਵਿਚੋਂ ਦੀ ਲੰਘਕੇ ਵਿਸ਼ੇਸ਼ ਅੰਤਮ ਸਥਿਤੀਆਂ (ਸੰਤੁਲਤ ਅਵਸਥਾਵਾਂ) ਵਿਚ ਪਹੁੰਚਣ ਦੀ ਗੱਲ ਅੱਜ ਸੋਚੀ ਵੀ ਨਹੀਂ ਜਾ ਸਕਦੀ। ਇਸਦੇ ਉਲਟ ਤਮਾਮ ਸਭਿਆਚਾਰਕ ਇਕਾਈਆਂ ਨੇ ਆਪੋ-ਆਪਣੇ ਵਿਲੱਖਣ ਅਤੇ ਵਿਸ਼ਿਸ਼ਟ ਯੋਗਦਾਨ ਰਾਹੀਂ ਮਨੁੱਖ ਜਾਤੀ ਨੂੰ ਸਮੁੱਚੇ ਤੌਰ 'ਤੇ ਅਗਾਂਹ ਤੋਰਨਾ ਹੈ। ਕੋਈ ਵੀ ਸਭਿਆਚਾਰ ਆਈਸੋਲੇਟਿਡ ਨਹੀਂ ਹੁੰਦਾ, ਸਗੋਂ ਸਮੁੱਚੇ ਮਨੁੱਖੀ ਸਭਿਆਚਾਰ ਦਾ ਇਕ ਵਿਲੱਖਣ ਅੰਗ ਹੁੰਦਾ ਹੈ ਜੋ ਉਸਦੇ ਵਿਕਾਸ ਵਿਚ ਆਪਣਾ ਲੋੜੀਂਦਾ ਇਤਿਹਾਸਕ ਰੋਲ ਅਦਾ ਕਰਕੇ ਉਸੇ ਵਿਚ ਸਮਾ ਜਾਂਦਾ ਹੈ। ਇਸ ਲਈ ਉਸ ਇਕ (ਜੋ ਕੇਵਲ ਇੱਕੋ-ਇਕ ਸਤਿ ਹੈ) ਤੋਂ ਸਿਵਾ ਬਾਕੀ ਸਭ ਕੁਝ ਸਮੇਂ ਦੀ ਦਿਸ਼ਾ ਵਿਚ ਨਿਰੰਤਰ ਜਾਰੀ
ਰਹਿਣ ਵਾਲਾ ਇਕ ਗਤੀਸ਼ੀਲ ਵਹਾ ਹੈ। ਸਥਿਰ ਸੰਰਚਨਾਵਾਂ ਦੇ ਰੂਪ ਵਿਚ ਦਿਖਾਈ ਦੇਣ ਵਾਲੀਆਂ ਕਦਰਾਂ-ਕੀਮਤਾਂ, ਮੁੱਲ, ਧਰਮ, ਸਭਿਆਚਾਰ,ਕੌਮੀਅਤਾਂ, ਸੰਕਲਪ, ਸਿਧਾਂਤ, ਸਭ ਉਸ ਨਿਰੰਤਰ ਵਹਾ ਅੰਦਰ ਰੂਪਮਾਨ ਹੋਣ ਵਾਲੀਆਂ ਥੋੜ੍ਹ ਚਿਰੀਆਂ ਗ਼ੈਰ-ਸੰਤੁਲਤ ਰਚਨਾਵਾਂ ਹੀ ਹਨ। ਇਸ ਲਈ ਗੁਰਬਾਣੀ ਸਭ ਕਾਸੇ ਨੂੰ ਇਸ
ਗਤੀਸ਼ੀਲ ਰੂਪ ਵਿਚ ਦੇਖਣ ਦੀ ਆਵੱਸ਼ਕਤਾ ਉੱਪਰ ਹੀ ਜ਼ੋਰ ਦਿੰਦੀ ਹੈ।
ਸ੍ਰੋਤ: http://www.punjabtimesusa.com/print/CH-2010-32.pdf
No comments:
Post a Comment