ਰਣਜੀਤ ਸਿੰਘ ਦਾ ਜਨਮ 1780 ਵਿਚ ਸ਼ੁੱਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਾਈ ਮਲਵੈਣ ਦੇ ਘਰ ਹੋਇਆ ਸੀ। ਭੰਗੀ ਤੇ ਘਨ੍ਹੱਈਆ ਮਿਸਲਾਂ ਦੇ ਕਈ ਇਲਾਕੇ ਹਥਿਆਉਣ ਤੋਂ ਬਾਅਦ
ਸ਼ੁਕਰਚੱਕੀਆ ਮਿਸਲ ਚਨਾਬ ਤੇ ਬਿਆਸਮ ਦਰਿਆਵਾਂ ਵਿਚਲੇ ਇਲਾਕੇ ਦੀ ਇਕ ਵੱਡੀ ਤਾਕਤ ਬਣ ਗਈ ਸੀ। 1792 ਵਿਚ ਜਦੋਂ ਮਹਾਂ ਸਿੰਘ ਦੀ ਅਠਾਈ ਸਾਲਾਂ ਦੀ ਉਮਰ ਵਿਚ ਹੀ ਮੌਤ ਹੋ ਗਈ ਤਾਂ ਉਦੋਂ ਰਣਜੀਤ ਸਿੰਘ ਸਿਰਫ ਬਾਰਾਂ ਸਾਲਾਂ ਦਾ ਸੀ। ਮਿਸਲ ਦਾ ਮੁਖੀ ਬਣਨ ਵਿਚ ਉਸ ਨੂੰ ਸਿਰਫ ਪੰਜ ਸਾਲ ਲੱਗੇ ਅਤੇ ਉਸ ਨੇ ਆਪਣੀ ਮਾਂ ਮਾਈ ਮਲਵੈਣ ਅਤੇ ਆਪਣੇ ਪਿਤਾ ਦੇ ਖਾਸਮ-ਖਾਸਮ ਲਖਪਤ ਰਾਏ ਤੋਂ ਰਿਆਸਤ ਦਾ ਕਾਰਜ ਭਾਰ ਆਪਣੇ ਹੱਥਾਂ ਵਿਚ ਲੈ ਲਿਆ। ਲਾਹੌਰ ਉਸ ਵੇਲੇ ਖਿੱਤੇ ਦੀ ਸੱਤਾ ਦਾ ਕੇਂਦਰ ਸੀ ਅਤੇ ਉਸ ਉਤੇ ਕਾਬਜ਼ ਹੋਣ ਦਾ ਰਣਜੀਤ ਸਿੰਘ ਦਾ ਸਭ ਤੋਂ ਵੱਡਾ ਸੁਪਨਾ ਸੀ। ਲਾਹੌਰ ਉਤੇ ਉਸ ਵੇਲੇ ਭੰਗੀ ਮਿਸਲ ਦੇ ਤਿੰਨ ਭਰਾਵਾਂ
ਲਹਿਣਾ ਸਿੰਘ, ਗੁੱਜਰ ਸਿੰਘ ਅਤੇ ਸ਼ੋਭਾ ਸਿੰਘ ਦਾ ਸ਼ਾਸਨ ਸੀ। ਉਨ੍ਹਾਂ ਦਾ ਸ਼ਾਸਨ ਅਤਿਆਚਾਰੀ ਸੀ ਅਤੇ ਰਣਜੀਤ ਸਿੰਘ ਦੇ ਪਿੱਠੂਆਂ ਵਲੋਂ ਸ਼ਹਿ ਦੇਣ 'ਤੇ ਲਾਹੌਰ ਦੇ ਸਰਦਾਰਾਂ ਨੇ ਰਣਜੀਤ ਸਿੰਘ ਨੂੰ ਗੁਪਤ ਸੱਦਾ ਭੇਜਿਆ। ਰਣਜੀਤ ਸਿੰਘ ਅਤੇ ਸਦਾ ਕੌਰ (ਰਣਜੀਤ ਸਿੰਘ ਦੀ ਇਕ ਪਤਨੀ ਮਹਿਤਾਬ ਕੌਰ ਦੀ ਮਾਂ) ਨੇ ਲਾਹੌਰ ਵਲ ਚਾਲੇ ਪਾ ਦਿੱਤੇ। ਉਸ ਵੇਲੇ ਲਾਹੌਰ ਦੇ ਬਾਜ਼ਾਰ ਵਿਚ ਅਫਵਾਹ ਫੈਲ ਗਈ ਕਿ ਉਹ ਅੰਮ੍ਰਿਤਸਰ ਮੱਥਾ ਟੇਕਣ ਜਾ ਰਹੇ ਹਨ। ਇਸ ਕਰਕੇ ਭੰਗੀ ਭਰਾ ਅਵੇਸਲੇ ਹੋ ਗਏ। ਰਣਜੀਤ ਸਿੰਘ ਅੰਮ੍ਰਿਤਸਰ ਪਹੁੰਚਿਆ ਪਰ ਰਾਤੋ ਰਾਤ 14 ਮੀਲ ਦਾ ਪੈਂਡਾ ਤੈਅ ਕਰਕੇ 5000 ਫੌਜ ਨਾਲ ਤੜਕਸਾਰ ਲਾਹੌਰ ਆ ਧਮਕਿਆ। ਜਦੋਂ ਇਕ ਚੌਂਕੀ 'ਤੇ ਉਸ ਦੀ ਆਮਦ ਦੀ ਖਬਰ ਮਿਲੀ ਤਾਂ ਭੰਗੀ ਭਰਾਵਾਂ ਨੇ 200 ਘੋੜ ਸਵਾਰਾਂ ਦਾ ਜਥਾ ਉਸ ਨੂੰ ਡੱਕਣ ਲਈ ਭੇਜਿਆ, ਜਿਸ ਨੂੰ ਰਣਜੀਤ ਸਿੰਘ ਨੇ ਜਲਦ ਹੀ ਪਛਾੜ ਦਿੱਤਾ। 6 ਜੁਲਾਈ, 1799 ਨੂੰ ਉਹ ਕਿਲ੍ਹੇ ਦੇ ਨਜ਼ਦੀਕ ਪੁੱਜ ਗਿਆ ਅਤੇ ਕਿਲ੍ਹੇ ਦੇ ਲਾਹੌਰੀ ਗੇਟ ਵਲ ਵਧਿਆ, ਜਿੱਥੇ ਲਹਿਣਾ ਸਿੰਘ ਦੇ ਪੁੱਤਰ ਚੇਤ ਸਿੰਘ ਦੀ ਅਗਵਾਈ
ਹੇਠ ਸਖਤ ਪਹਿਰਾ ਸੀ। ਇਸੇ ਦੌਰਾਨ ਚੇਤ ਸਿੰਘ ਦੇ ਕਮਾਂਡਰ ਮੋਹਕਮ-ਉਦੀਨ ਦੇ ਇਸ਼ਾਰੇ 'ਤੇ ਚੇਤ ਸਿੰਘ ਨੂੰ ਖਬਰ ਦਿੱਤੀ ਗਈ ਕਿ ਰਣਜੀਤ ਸਿੰਘ ਦਿੱਲੀ ਗੇਟ ਵਲ ਵਧ ਰਿਹਾ ਹੈ। ਦਰਅਸਲ, ਇਹ ਹਮਲਾ ਸਦਾ ਕੌਰ
ਦੀ ਅਗਵਾਈ ਹੇਠ ਹੋਇਆ ਸੀ। ਚੇਤ ਸਿੰਘ ਤੁਰੰਤ ਦਿੱਲੀ ਗੇਟ ਵਲ ਚਲ ਪਿਆ ਅਤੇ ਪਿੱਛੋਂ ਲਾਹੌਰੀ
ਗੇਟ ਖੋਲ੍ਹ ਦਿੱਤਾ ਗਿਆ। ਬਾਕੀ ਪਰਿਵਾਰ ਤਾਂ ਦੌੜ ਗਿਆ ਪਰ ਚੇਤ ਸਿੰਘ ਲੜਾਈ ਜਾਰੀ ਰੱਖਣ ਦੇ ਇਰਾਦੇ ਨਾਲ ਕਿਲੇ ਦੇ ਇਕ ਹਿੱਸੇ ਵਿਚ ਜਾ ਲੁਕਿਆ। ਪਰ ਅਗਲੀ ਹੀ ਸਵੇਰ ਜਦੋਂ ਉਸ ਨੂੰ ਸਾਰੀ ਚਾਲ ਸਮਝ ਆਈ ਤਾਂ ਉਸਨੇ ਸੋਚਿਆ ਕਿ ਹੁਣ ਕਿਲ੍ਹੇ ਵਿਚ ਦੜੇ ਰਹਿਣ ਦਾ ਕੋਈ ਫਾਇਦਾ ਨਹੀਂ ਅਤੇ ਉਸ ਨੇ ਹਥਿਆਰ ਸੁੱਟਣ ਵਿਚ ਹੀ ਭਲਾਈ ਸਮਝੀ। ਰਣਜੀਤ ਸਿੰਘ ਨੇ ਉਸ ਨਾਲ ਚੰਗਾ ਸਲੂਕ ਕੀਤਾ ਅਤੇ ਉਸ ਨੂੰ ਇਕ ਪਿੰਡ ਦੀ ਜਾਗੀਰ ਬਖਸ਼ ਦਿੱਤੀ। ਸਹਿਮਤੀ ਮੁਤਾਬਕ ਸ਼ਹਿਰ ਵਾਸੀਆਂ ਦਾ ਪੂਰਾ ਖਿਆਲ ਰੱਖਿਆ ਗਿਆ। ਆਖਰ ਰਣਜੀਤ ਸਿੰਘ ਦੀ ਮੁੱਠੀ ਵਿਚ ਲਾਹੌਰ ਆ ਹੀ ਗਿਆ ਅਤੇ ਉਸ ਦੀ ਇਕ ਸਭ ਤੋਂ ਵੱਡੀ ਖਾਹਿਸ਼ ਪੂਰੀ ਹੋ ਗਈ।
ਰਣਜੀਤ ਸਿੰਘ ਦੇ ਰਾਜ ਦਾ ਘੇਰਾ ਹੁਣ ਏਨਾ ਵਧ ਗਿਆ ਕਿ ਉਸ ਨੇ ਫੌਜ ਦਾ ਮੁੜ ਗਠਨ ਕਰਨ ਦਾ ਫੈਸਲਾ ਕੀਤਾ ਅਤੇ ਸਾਰੀਆਂ ਰਣਨੀਤਕ ਥਾਵਾਂ ਉਤੇ ਦਸਤੇ ਤਾਇਨਾਤ ਕੀਤੇ। ਇਹ ਇਸ ਤਰ੍ਹਾਂ ਦੀ ਪਹਿਲੀ ਪੇਸ਼ਕਦਮੀ ਸੀ। ਇਸ ਤੋਂ ਪਹਿਲਾਂ ਲਾਹੌਰ ਦੇ ਸ਼ਾਸਕ ਉਥੇ ਤਾਇਨਾਤ ਫੌਜ ਨਾਲ ਹੀ ਕਿਸੇ ਹਮਲਾਵਰ ਦਾ ਟਾਕਰਾ ਕਰਿਆ ਕਰਦੇ ਸਨ। 1799 ਵਿਚ 19 ਸਾਲਾਂ ਦੀ ਉਮਰ ਵਿਚ ਕੀਤੇ ਇਸ ਫੈਸਲੇ ਨਾਲ ਉਸ ਨੇ ਇਕ
ਮਜ਼ਬੂਤ ਫੌਜ ਦੀ ਨੀਂਹ ਰੱਖ ਦਿੱਤੀ ਸੀ, ਜੋ 1839 ਵਿਚ ਉਸ ਦੀ ਮੌਤ ਤੱਕ ਕਾਇਮ ਰਹੀ। ਇਸ ਤੋਂ ਇਕ ਸਾਲ ਬਾਅਦ ਸੰਨ 1800 ਵਿਚ ਰਣਜੀਤ ਸਿੰਘ ਦੀ ਚੜ੍ਹਤ ਤੋਂ ਤ੍ਰਭਕੇ ਅਤੇ ਅਗਲੀਆਂ-ਪਿਛਲੀਆਂ ਰੜਕਾਂ ਕੱਢਣ ਲਈ ਕਈ ਮਿਸਲਾਂ ਦੇ ਮੁਖੀ ਤੇ ਸਰਦਾਰ ਅਤੇ ਰਿਆਸਤਾਂ ਦੇ ਨਵਾਬ ਉਸ ਦੇ ਖਿਲਾਫ ਇਕਜੁੱਟ ਹੋ ਗਏ। ਇਨ੍ਹਾਂ ਵਿਚ ਅੰਮ੍ਰਿਤਸਰ ਤੋਂ ਜੱਸਾ ਸਿਘ ਰਾਮਗੜ੍ਹੀਆ ਤੇ ਗੁਲਾਬ ਸਿੰਘ ਭੰਗੀ, ਗੁਜਰਾਤ ਦਾ ਸਾਹਿਬ ਸਿੰਘ ਭੰਗੀ, ਵਜੀਰਾਬਾਦ ਦਾ ਜੋਧ ਸਿੰਘ ਅਤੇ ਕਸੂਰ ਦਾ ਨਵਾਬ ਨਿਜ਼ਾਮੂਦੀਨ ਸ਼ਾਮਲ ਸਨ। ਇਨ੍ਹਾਂ ਨੂੰ ਚਕਮਾ ਦੇਣ ਲਈ ਰਣਜੀਤ ਸਿੰਘ ਆਪਣੀ ਫੌਜ ਨਾਲ ਲਾਹੌਰ ਤੋਂ 40 ਕਿਲੋਮੀਟਰ ਦੂਰ ਪਿੰਡ ਮੌਜ਼ਾ ਭੱਟੀਆਂ (ਜੋ ਉਸ ਦੇ ਵਡੇਰੇ ਕਾਲੂ ਭੱਟੀ ਨੇ ਸੰਨ 1470 ਵਿਚ ਵਸਾਇਆ ਸੀ) ਆ ਗਿਆ ਤੇ ਉਥੇ ਡੇਰਾ ਲਾ ਲਿਆ। ਦੋ ਮਹੀਨੇ ਦੋਵੇਂ ਧਿਰਾਂ
ਆਹਮੋ-ਸਾਹਮਣੇ ਖੜ੍ਹੀਆਂ ਰਹੀਆਂ। ਆਖਰਕਾਰ ਵਿਰੋਧੀ ਫੌਜ ਨੇ ਹਮਲਾ ਸ਼ੁਰੂ ਕੀਤਾ ਪਰ ਸਫਲਤਾ ਨਾ ਮਿਲ ਸਕੀ। ਰਣਜੀਤ ਸਿੰਘ ਨੇ ਉਨ੍ਹਾਂ ਦਾ ਬਟਾਲੇ ਤੱਕ ਪਿੱਛਾ ਕੀਤਾ, ਜਿਥੇ ਸਦਾ ਕੌਰ ਦੀ ਫੌਜ ਉਸ ਨਾਲ ਆਣ ਜੁੜੀ ਅਤੇ ਇਥੇ ਜੱਸਾ ਸਿੰਘ ਰਾਮਗੜ੍ਹੀਆ ਦੇ ਪੁੱਤਰ ਜੋਧ ਸਿੰਘ ਨਾਲ ਲੜਾਈ ਹੋਈ। ਜੋਧ ਸਿੰਘ ਹਾਰ ਗਿਆ ਅਤੇ
ਰਣਜੀਤ ਸਿੰਘ ਜੇਤੂ ਹੋ ਕੇ ਲਾਹੌਰ ਪਰਤਿਆ। ਆਪਣੇ ਰਾਜ ਦੇ ਨਿਰਮਾਣ ਦੌਰਾਨ ਰਣਜੀਤ ਸਿੰਘ ਨੇ ਕਿਸੇ ਵੀ ਕਿਸਮ ਦੀ ਦਿਆਲਤਾ ਜਾਂ ਸਾਫਗੋਈ ਦੀ ਪ੍ਰਵਾਹ ਨਹੀਂ ਕੀਤੀ ਅਤੇ ਕੁਝ ਮਾਮਲਿਆਂ ਵਿਚ ਤਾਂ ਉਸ ਨੇ ਬੇਕਿਰਕ ਤੇ ਅਨੈਤਿਕ ਕਦਮ ਵੀ ਪੁੱਟੇ, ਪਰ ਗੜਬੜ ਦੇ ਉਨ੍ਹਾਂ ਸਾਲਾਂ ਵਿਚ ਉਸ ਨੂੰ ਮਿਲਣ ਵਾਲਿਆਂ ਦੀ ਉਸ ਦੀ ਕਾਬਲੀਅਤ ਬਾਰੇ ਰਾਏ ਲਗਪਗ ਸਾਂਝੀ ਸੀ। ਅਨਪੜ੍ਹ ਹੋਣ ਦੇ ਬਾਵਜੂਦ ਵੱਖ ਵੱਖ ਵਿਸ਼ਿਆਂ ਬਾਰੇ ਜਾਣਕਾਰੀ ਇਕੱਤਰ ਕਰਨ ਦੀ ਸ਼ਕਤੀ ਅਤੇ ਉਸ ਦੀ ਯਾਦ ਸ਼ਕਤੀ ਦਾ ਉਸ ਨਾਲ ਗੱਲਬਾਤ ਕਰਨ ਵਾਲੇ
ਸਾਰੇ ਵਿਅਕਤੀਆਂ ਨੇ ਪ੍ਰਭਾਵ ਕਬੂਲਿਆ। ਰਣਜੀਤ ਸਿੰਘ ਨੂੰ ਬਿਮਾਰੀ ਸਮੇਂ ਮਿਲਣ ਆਏ ਬਰਤਾਨਵੀ ਕਪਤਾਨ ਡਬਲਿਊ.ਜੀ.ਓਸਬੌਰਨ ਨੇ ਲਿਖਿਆ ਕਿ ਉਸ ਦੇ ਸੁਆਲਾਂ ਦਾ ਪ੍ਰਵਾਹ ਅਤੇ ਵਿਸ਼ਿਆਂ ਦੀ ਅਨੰਤਤਾ ਦੇਖ ਕੇ ਕੋਈ ਵਿਚਾਰ ਦੇਣਾ ਲਗਪਗ ਅਸੰਭਵ ਹੋ ਜਾਂਦਾ ਸੀ। ਜਿਉਂ-ਜਿਉਂ ਮੈਂ ਰਣਜੀਤ ਸਿੰਘ ਨੂੰ ਸਮਝਣ ਦੀ
ਕੋਸ਼ਿਸ਼ ਕਰਦਾ ਹਾਂ, ਉਹ ਮੈਨੂੰ ਇਕ ਅਸਾਧਾਰਨ ਸ਼ਖਸ ਜਾਪਦੇ ਹਨ। ਲਾਰਡ ਆਕਲੈਂਡ ਦੀ ਭੈਣ ਐਮਿਲੀ ਈਡਨ ਨੇ ਲਿਖਿਆ, "ਉਹ ਆਪਣੇ ਬਲਬੂਤੇ 'ਤੇ ਮਹਾਨ ਰਾਜਾ ਬਣਿਆ। ਉਸ ਨੇ ਵੱਡੇ ਵੱਡੇ ਵੈਰੀਆਂ 'ਤੇ ਜਿੱਤਾਂ ਦਰਜ ਕੀਤੀਆਂ। ਉਸ ਦੇ ਸ਼ਾਸਨ ਦੀ ਦਾਦ ਦੇਣੀ ਬਣਦੀ ਹੈ। ਉਸ ਕੋਲ ਇਕ ਵੱਡੀ ਅਨੁਸ਼ਾਸਤ ਫੌਜ ਹੈ। ਉਸ ਨੇ ਸ਼ਾਇਦ ਹੀ ਕਦੇ ਕਿਸੇ ਦੀ ਜਾਨ ਲਈ ਹੈ। ਉਹ ਇਕ ਬੇਮਿਸਾਲ ਤਾਨਾਸ਼ਾਹ ਹੈ ਅਤੇ ਆਪਣੇ ਲੋਕਾਂ
ਵਿਚ ਰੱਜ ਕੇ ਪਿਆਰਿਆ ਜਾਂਦਾ ਹੈ।"
ਰਣਜੀਤ ਸਿੰਘ ਦੀ ਨਜ਼ਰ ਹੁਣ ਅੰਮ੍ਰਿਤਸਰ 'ਤੇ ਸੀ, ਜਿਸ ਨੂੰ ਸ੍ਰੀ ਗੁਰੂ ਰਾਮ ਦਾਸ ਨੇ ਵਸਾਇਆ ਸੀ ਅਤੇ ਇਥੇ ਦਰਬਾਰ ਸਾਹਿਬ ਸਥਿਤ ਸੀ। ਅੰਮ੍ਰਿਤਸਰ 'ਤੇ ਉਸ ਵੇਲੇ ਭੰਗੀ ਮਿਸਲ ਦਾ ਕਬਜ਼ਾ ਸੀ ਅਤੇ ਸ਼ਾਸਨ ਦੀ ਵਾਗਡੋਰ ਰਾਣੀ ਸੁੱਖਾਂ ਦੇ ਹੱਥ ਵਿਚ ਸੀ। ਰਾਣੀ ਸੁੱਖਾਂ, ਗੁਲਾਬ ਸਿੰਘ ਭੰਗੀ ਦੀ ਵਿਧਵਾ ਸੀ। 1802 ਵਿਚ ਰਣਜੀਤ ਸਿੰਘ ਨੂੰ ਹਮਲੇ ਦਾ ਬਹਾਨਾ ਮਿਲ ਗਿਆ। ਉਹ ਜ਼ਮਜ਼ਮਾ ਤੋਪ ਹਾਸਲ ਕਰਨੀ ਚਾਹੁੰਦਾ ਸੀ ਜੋ ਉਦੋਂ ਰਾਣੀ ਸੁੱਖਾਂ ਦੇ ਕਬਜ਼ੇ ਵਿਚ ਸੀ। ਰਾਣੀ ਸੁੱਖਾਂ ਨੇ ਇਨਕਾਰ ਕਰ ਦਿੱਤਾ ਅਤੇ ਰਣਜੀਤ ਸਿੰਘ ਨੇ ਫਤਿਹ ਸਿੰਘ ਆਹਲੂਵਾਲੀਆ ਨੂੰ ਅੰਮ੍ਰਿਤਸਰ ਪੁੱਜਣ ਦਾ ਹੁਕਮ ਦਿੱਤਾ ਜਦਕਿ, ਉਸ ਨੇ ਅਤੇ ਸਦਾ ਕੌਰ ਨੇ ਸ਼ਹਿਰ ਨੂੰ ਘੇਰਾ ਪਾ ਲਿਆ। ਫਤਿਹ ਸਿੰਘ ਨੇ ਪੁਲ ਦਰਵਾਜ਼ੇ ਤੋਂ ਚੜ੍ਹਾਈ ਕੀਤੀ ਅਤੇ ਰਣਜੀਤ ਸਿੰਘ ਲੋਹਗੜ੍ਹ ਦਰਵਾਜ਼ੇ 'ਤੇ ਪੁੱਜ ਗਿਆ। ਉਹ ਸ਼ਹਿਰ ਵਿਚ ਦਾਖਲ ਹੋ ਗਏ ਅਤੇ ਰਾਣੀ ਸੁੱਖਾਂ, ਜੋਧ ਸਿੰਘ ਰਾਮਗੜ੍ਹੀਆ ਦੀ ਸ਼ਰਨ ਵਿਚ ਚਲੀ ਗਈ। ਜੋਧ ਸਿਘ ਨੇ ਰਣਜੀਤ ਸਿੰਘ ਨੂੰ ਸ਼ਹਿਰ ਦੇ ਬਦਲੇ ਰਾਣੀ ਅਤੇ ਉਸ ਦੇ ਪਰਿਵਾਰ ਦੇ ਗੁਜ਼ਾਰੇ ਦਾ ਪ੍ਰਬੰਧ ਕਰਨ ਲਈ ਰਾਜ਼ੀ ਕਰ ਲਿਆ। ਇਸ ਦੇ ਨਾਲ ਹੀ ਭੰਗੀ ਮਿਸਲ ਦਾ ਇਕ ਸ਼ਕਤੀ ਵਜੋਂ ਵਜੂਦ ਖਤਮ ਹੋ ਗਿਆ।
ਰਣਜੀਤ ਸਿੰਘ ਆਪਣੇ ਹੱਥੀਂ ਸਹੀਬੰਦ ਕੀਤੇ ਕਰਾਰਾਂ ਨੂੰ ਤੋੜਨ ਲਈ ਫੋਰਾ ਨਹੀਂ ਸੀ ਲਾਉਂਦਾ। ਵਿੱਤੀ ਲਾਭ
ਖਾਤਰ ਉਹ ਕੁਝ ਵੀ ਕਰਨ ਲਈ ਤਿਆਰ ਹੁੰਦਾ ਸੀ। ਇਕ ਵਾਰ ਜਦੋਂ ਉਸ ਨੇ ਸੁਣਿਆ ਕਿ ਉਸ ਦਾ ਮਾਮਾ ਅਤੇ ਉਸ ਦੇ ਪਿਓ ਦਾ ਸਾਥੀ ਦਲ ਸਿੰਘ, ਉਸ ਦੇ ਖਿਲਾਫ ਸਾਹਿਬ ਸਿੰਘ ਭੰਗੀ ਨਾਲ ਗੰਢਤੁਪ ਕਰ ਰਿਹਾ ਹੈ ਤਾਂ ਰਣਜੀਤ ਸਿੰਘ ਨੇ ਆਪਣੇ ਪਿਓ ਦਾ ਵਾਸਤਾ ਪਾ ਕੇ ਉਸ ਨੂੰ ਲਾਹੌਰ ਸੱਦ ਲਿਆ। ਪਹੁੰਚਣ 'ਤੇ ਦਲ ਸਿੰਘ ਦੀ ਖੂਬ ਆਓ-ਭਗਤ ਕੀਤੀ ਗਈ ਪਰ ਰਾਤ ਨੂੰ ਉਸ ਨੂੰ ਘਰ ਵਿਚ ਨਜ਼ਰਬੰਦ ਕਰ ਦਿੱਤਾ ਗਿਆ। ਦੋਵਾਂ ਨੂੰ ਵੱਖ ਕਰਨ ਮਗਰੋਂ ਰਣਜੀਤ ਸਿੰਘ ਨੇ ਗੁਜਰਾਤ ਤੋਂ ਦੋ ਮੀਲ ਉਰੇ ਲੜਾਈ ਵਿਚ ਸਾਹਿਬ ਸਿੰਘ ਭੰਗੀ ਨੂੰ ਹਰਾ ਦਿੱਤਾ। ਲੜਾਈ ਤੋਂ ਬਾਅਦ ਦਲ ਸਿੰਘ ਨੂੰ ਰਿਹਾਅ ਕਰ ਦਿੱਤਾ ਪਰ ਆਪਣੀ ਰਿਆਸਤ ਅਕਾਲਗੜ੍ਹ ਪੁੱਜਣ 'ਤੇ ਉਸ ਦੀ ਮੌਤ ਹੋ ਗਈ। ਆਪਣੀ ਮਾਮੀ ਨੂੰ ਧਰਵਾਸ ਦੇਣ ਲਈ ਅਕਾਲਗੜ੍ਹ ਪੁੱਜਿਆ ਪਰ ਉਥੇ ਉਸ ਨੇ ਦਲ ਸਿੰਘ ਦੀ ਵਿਧਵਾ ਨੂੰ ਗ੍ਰਿਫ਼ਤਾਰ ਕਰਵਾ ਕੇ ਉਸ ਦਾ ਸਾਰਾ ਮਾਲਮੱਤਾ ਤੇ ਫੌਜੀ ਸਾਜ਼ੋ-ਸਾਮਾਨ ਕਬਜ਼ੇ ਵਿਚ ਕਰ ਲਿਆ ਤੇ ਰਿਆਸਤ ਦਾ ਇਲਾਕਾ ਲਾਹੌਰ 'ਚ ਮਿਲਾ ਲਿਆ ਤੇ ਆਪਣੀ ਮਾਮੀ ਤੇ ਉਸ ਦੇ ਪਰਿਵਾਰ ਦੇ ਗੁਜ਼ਾਰੇ ਲਈ ਦੋ
ਪਿੰਡ ਛੱਡ ਦਿੱਤੇ। ਰਾਜ ਦੀਆਂ ਹੱਦਾਂ ਵਧਾਉਣ ਦੀ ਖਾਹਸ਼ ਲੈ ਕੇ ਰਣਜੀਤ ਸਿੰਘ ਇਕ ਵਾਰ ਫੇਰ (ਤੀਜੀ ਵਾਰ)
ਸਤਲੁਜ ਦਰਿਆ ਪਾਰ ਕਰਕੇ ਪਟਿਆਲਾ ਦੇ ਪੂਰਬ ਵਲ ਆਣ ਢੁੱਕਿਆ, ਜੋ ਜ਼ਾਹਰਾ ਤੌਰ 'ਤੇ ਰਾਜਾ ਸਾਹਿਬ ਸਿੰਘ ਤੇ ਉਸ ਦੀ ਪਤਨੀ ਦੇ ਝਗੜੇ ਵਿਚ ਦਖਲ ਦੇਣ ਆਇਆ ਸੀ। ਦਰਅਸਲ ਉਹ ਨਾਭਾ ਦੇ ਰਾਜਾ ਦੇ ਸੱਦੇ
'ਤੇ ਆਇਆ ਸੀ। ਨਾਭਾ ਰਿਆਸਤ ਦਾ ਪਟਿਆਲਾ ਰਿਆਸਤ ਨਾਲ ਇਲਾਕੇ ਸਬੰਧੀ ਝਗੜਾ ਚਲ ਰਿਹਾ ਸੀ ਅਤੇ ਇਸ ਨੂੰ ਲੈ ਕੇ ਹੋਈ ਲੜਾਈ ਵਿਚ ਨਾਭਾ ਦਾ ਰਾਜਾ ਹਾਰ ਖਾ ਚੁੱਕਿਆ ਸੀ। ਪਟਿਆਲਾ ਰਿਆਸਤ ਵਿਚ ਦਾਖਲ ਹੋ ਕੇ ਰਣਜੀਤ ਸਿੰਘ ਨੇ ਵਿਵਾਦ ਵਾਲੇ ਇਲਾਕੇ ਦੁਲੱਦੀ ਅਤੇ ਨਾਲ ਦੇ ਇਕ ਹੋਰ ਪਿੰਡ ਮਨਸੂਰਪੁਰ 'ਤੇ ਕਬਜ਼ਾ ਕਰ ਲਿਆ। ਫੇਰ ਉਸ ਨੇ ਪਟਿਆਲੇ ਵਲ ਰੁਖ ਕੀਤਾ। ਰਸਤੇ ਵਿਚ ਇਕ ਛੋਟੀ ਜਿਹੀ ਝੜਪ ਹੋਈ, ਜੋ ਦਿਨ ਭਰ ਚਲਦੀ ਰਹੀ। ਜਦੋਂ ਅੜਿੱਕਾ ਨਾ ਟੁੱਟਿਆ ਤਾਂ ਰਣਜੀਤ ਸਿੰਘ ਅਤੇ ਪਟਿਆਲਾ ਦੇ ਰਾਜਾ ਸਾਹਿਬ ਸਿੰਘ ਵਿਚਕਾਰ ਸਮਝੌਤਾ ਹੋ ਗਿਆ ਅਤੇ ਕਬਜ਼ੇ ਵਾਲੇ ਇਲਾਕੇ ਪਟਿਆਲਾ ਦੇ ਰਾਜੇ ਦੇ ਹਵਾਲੇ ਕਰਕੇ
ਰਣਜੀਤ ਸਿੰਘ ਲਾਹੌਰ ਪਰਤ ਗਿਆ। ਇਸ ਸਮੇਂ ਤੱਕ ਸਿਸ-ਸਤਲੁਜ (ਯਮੁਨਾ ਤੇ ਸਤਲੁਜ ਵਿਚਾਲੇ ਆਉਣ ਵਾਲੀਆਂ ਅੱਠ ਸਿੱਖ ਰਿਆਸਤਾਂ) ਦੀਆਂ ਰਿਆਸਤਾਂ ਪਟਿਆਲਾ, ਨਾਭਾ, ਜੀਂਦ ਤੇ ਫੂਲਕੀਆਂ ਸ਼ਾਸਕਾਂ ਅਤੇ ਖਿੱਤੇ ਦੇ ਹੋਰਨਾਂ ਸਰਦਾਰਾਂ ਨੂੰ ਇਹ ਗੱਲ ਜਚ ਗਈ ਸੀ ਕਿ ਫਰੀਦਕੋਟ 'ਤੇ ਕਬਜ਼ੇ ਅਤੇ ਮਲੇਰਕੋਟਲੇ ਦੇ
ਨਵਾਬ ਨੂੰ ਭਾਰੀ ਜੁਰਮਾਨਾ ਕਰਕੇ ਰਣਜੀਤ ਸਿੰਘ ਸਮਾਂ ਲੰਘਾ ਰਿਹਾ ਹੈ ਅਤੇ ਉਹ ਛੇਤੀ ਹੀ ਸਤਲੁਜ
ਪਾਰ ਕਰਕੇ ਉਨ੍ਹਾਂ ਸਾਰਿਆਂ 'ਤੇ ਕਾਬਜ਼ ਹੋ ਜਾਵੇਗਾ। ਸਿੱਟੇ ਵਜੋਂ 4 ਮਾਰਚ 1808 ਨੂੰ ਪਟਿਆਲਾ ਸ਼ਹਿਰ ਤੋਂ 14 ਮੀਲ ਪਰ੍ਹੇ ਸਮਾਣਾ ਵਿਖੇ ਇਕ ਮੀਟਿੰਗ ਹੋਈ ਜਿਸ ਵਿਚ ਸਿਸਸਤਲੁਜ ਖਿੱਤੇ ਦੀਆਂ ਚਾਰ ਵੱਡੀਆਂ ਰਿਆਸਤਾਂ
ਦੇ ਮੁਖੀ ਤੇ ਛੇ ਛੋਟੇ-ਵੱਡੇ ਸਰਦਾਰ ਸ਼ਾਮਲ ਹੋਏ। ਇਸ ਮੀਟਿੰਗ ਵਿਚ ਇਹ ਮਤਾ ਪਾਸ ਕੀਤਾ ਗਿਆ; "ਅਸੀਂ ਸੂਬਾ ਸਰਹਿੰਦ ਦੇ ਸ਼ਾਸਕ ਦੋ ਵੱਡੀਆਂ ਲਾਲਚੀ ਤਾਕਤਾਂ ਦੇ ਵਿਚਾਲੇ ਫਸੇ ਹੋਏ ਹਾਂ। ਅਸੀਂ ਆਪਣੀ ਆਜ਼ਾਦਾਨਾ ਹੈਸੀਅਤ ਲੰਮਾ ਸਮਾਂ ਕਾਇਮ ਨਹੀਂ ਰੱਖ ਸਕਦੇ। ਬਰਤਾਨਵੀਂ ਸਰਕਾਰ ਦਾ ਯਮੁਨਾ ਪਾਰ ਕਰਕੇ ਸਤੁਲਜ ਵਲ
ਵਧਣਾ ਤੈਅ ਹੈ। ਇਸ ਲਈ ਰਣਜੀਤ ਸਿੰਘ ਦੀਆਂ ਨਜ਼ਰਾਂ ਵੀ ਸਾਡੇ 'ਤੇ ਲੱਗੀਆਂ ਹਨ। ਉਹ ਯਕੀਨਨ ਸਤਲੁਜ ਲੰਘ ਆਵੇਗਾ। ਸਾਨੂੰ ਦੋ ਬੁਰਾਈਆਂ 'ਚੋਂ ਇਕ ਦੀ ਚੋਣ ਕਰਨੀ ਪਵੇਗੀ। ਬਰਤਾਨੀਆ ਦੀ ਅਧੀਨਗੀ ਤਪਦਿਕ ਦੀ ਤਰ੍ਹਾਂ ਹੈ, ਜੋ ਮਰੀਜ਼ ਦੀ ਹੌਲੀ-ਹੌਲੀ ਜਾਨ ਲੈਂਦੀ ਹੈ। ਰਣਜੀਤ ਸਿੰਘ ਨਾਲ ਗਠਜੋੜ ਸਰਸਾਮ ਦੀ ਤਰ੍ਹਾਂ ਘਾਤਕ ਹੋਵੇਗਾ, ਜੋ ਕੁਝ ਘੰਟਿਆਂ ਵਿਚ ਜਾਨ ਲੈ ਲੈਂਦਾ ਹੈ।"
ਰਣਜੀਤ ਦੀ ਨਿੱਜੀ ਜ਼ਿੰਦਗੀ ਉਸ ਦੇ ਵੇਲਿਆਂ ਨਾਲ ਮੇਲ ਖਾਂਦੀ ਸੀ। ਉਹ ਦਲੇ ਹੋਏ ਮੋਤੀਆਂ ਨਾਲ ਰਲਾ ਕੇ ਰੱਜ ਕੇ ਸ਼ਰਾਬ ਪੀਂਦਾ ਸੀ ਅਤੇ ਉਸ ਦੀ ਛੇਤੀ ਮੌਤ ਹੋਣ ਦਾ ਇਕ ਕਾਰਨ ਇਹ ਵੀ ਸੀ। ਐਮਿਲੀ ਈਡਨ ਨੇ
ਲਿਖਿਆ, "ਰਣਜੀਤ ਸਿੰਘ ਦੀ ਕੁਝ ਸ਼ਰਾਬ ਤਾਂ ਨਿਰੀ ਤਰਲ ਅਗਨੀ ਸੀ ਅਤੇ ਸਾਡੀ ਤਿੱਖੀ ਤੋਂ ਤਿੱਖੀ ਸ਼ਰਾਬ ਉਸ ਦੇ ਨੇੜੇ-ਤੇੜੇ ਵੀ ਨਹੀਂ ਸੀ ਤੇ ਆਮ ਤੌਰ 'ਤੇ ਯੂਰਪੀਅਨ ਤਾਂ ਇਸ ਦੇ ਇਕ ਤੁਪਕੇ ਤੋਂ ਵਧ ਨਹੀਂ ਪੀ ਸਕਦੇ।"
ਰਣਜੀਤ ਸਿੰਘ ਦੀਆਂ ਵੀਹ ਸ਼ਾਦੀਆਂ ਹੋਈਆਂ। ਇਨ੍ਹਾਂ ਵਿਚੋਂ ਪੰਜ ਸਿੱਖ, ਤਿੰਨ ਹਿੰਦੂ ਅਤੇ ਦੋ ਮੁਸਲਿਮ ਔਰਤਾਂ ਨਾਲ ਰਵਾਇਤੀ ਰੀਤੀਰਿਵਾਜਾਂ ਨਾਲ ਹੋਈਆਂ। ਇਨ੍ਹਾਂ ਤੋਂ ਇਲਾਵਾ ਦਸ ਹੋਰ ਵਿਆਹ ਚਾਦਰ ਚੜ੍ਹਾ ਕੇ ਕੀਤੇ ਗਏ ਸਨ, ਜਿਨ੍ਹਾਂ ਵਿਚੋਂ ਸੱਤ ਸਿੱਖ ਅਤੇ ਤਿੰਨ ਹਿੰਦੂ ਔਰਤਾਂ ਸਨ। ਮਹਾਰਾਣੀ ਜਿੰਦਾ ਇਨ੍ਹਾਂ 'ਚੋਂ ਇਕ ਸੀ। ਉਸ ਦੇ ਹਰਮ ਵਿਚ 23 ਹੋਰ ਔਰਤਾਂ ਸਨ ਅਤੇ ਕੁੱਲ ਮਿਲਾ ਕੇ ਇਨ੍ਹਾਂ ਦੀ ਗਿਣਤੀ 43 ਬਣਦੀ ਸੀ। ਮਹਿਤਾਬ ਕੌਰ ਘਨ੍ਹੱਈਆ ਅਤੇ ਰਾਜ ਕੌਰ ਉਸ ਦੀਆਂ ਮਹਾਰਾਣੀਆਂ ਸਨ। ਰਾਜ ਕੌਰ ਦੀ ਕੁੱਖੋਂ ਖੜਕ ਸਿੰਘ ਦਾ ਜਨਮ ਹੋਇਆ। ਕਾਂਗੜਾ 'ਤੇ ਗੋਰਖਿਆਂ ਦੇ ਹਮਲੇ ਸਮੇਂ ਰਣਜੀਤ ਸਿੰਘ ਨੇ ਕਿਸੇ ਵੇਲੇ ਦੇ ਆਪਣੇ ਦੁਸ਼ਮਣ ਰਾਜਾ ਸੰਸਾਰ
ਚੰਦ ਦੀ ਮਦਦ ਕੀਤੀ। ਲੜਾਈ 'ਚ ਗੋਰਖਿਆਂ ਨੂੰ ਹਰਾਉਣ ਤੋਂ ਬਾਅਦ ਰਣਜੀਤ ਸਿੰਘ ਨੇ ਸੰਸਾਰ ਚੰਦ ਦੀਆਂ ਦੋ ਧੀਆਂ ਮਹਿਤਾਬ ਦੇਵੀ, ਜੋ ਗੁੱਡਾਂ ਕਰ ਕੇ ਵੀ ਜਾਣੀ ਜਾਂਦੀ ਹੈ ਅਤੇ ਛੋਟੀ ਰਾਜ ਬੰਸੋ ਨਾਲ ਵਿਆਹ ਕਰਵਾਇਆ। ਰਣਜੀਤ ਸਿੰਘ ਨੇ ਜਿਨ੍ਹਾਂ ਦੋ ਮੁਸਲਮਾਨ ਔਰਤਾਂ ਨਾਲ ਵਿਆਹ ਕਰਵਾਇਆ ਉਨ੍ਹਾਂ 'ਚੋਂ ਇਕ ਮੋਰਾਂ ਸੀ। ਕੁਝ ਸਾਲਾਂ ਬਾਅਦ ਉਸ ਨੇ ਅੰਮ੍ਰਿਤਸਰ ਦੀ ਇਕ ਹੋਰ ਔਰਤ ਗੁਲ ਬਹਾਰ ਨਾਲ ਵਿਆਹ ਕਰਾਇਆ। ਮੋਰਾਂ ਨਾਲ ਰਣਜੀਤ ਸਿੰਘ ਨੂੰ ਸਭ ਤੋਂ ਵਧ ਮੋਹ ਸੀ ਜਿਸ ਦੇ ਨਾਂ 'ਤੇ ਇਕ ਸਿੱਕਾ ਜਾਰੀ ਕੀਤਾ
ਗਿਆ ਅਤੇ ਉਸ ਦੀ ਫਰਮਾਇਸ਼ 'ਤੇ ਮਸਜਿਦ ਵੀ ਬਣਵਾਈ ਗਈ, ਜੋ ਲਾਹੌਰ ਦੇ ਮਤੀਦਾਸ ਚੌਂਕ ਲਾਗੇ ਸਥਿਤ ਹੈ। ਮੋਰਾਂ ਲਾਹੌਰ ਦੇ ਸ਼ਹਿਰੀਆਂ ਵਿਚ 'ਮੋਰਾਂ ਸਰਕਾਰ' ਵਜੋਂ ਪ੍ਰਸਿਧ ਸੀ। ਰਣਜੀਤ ਸਿੰਘ ਨੂੰ ਨ੍ਰਿਤ ਅਤੇ ਸੰਗੀਤ ਦਾ ਬਹੁਤ ਸ਼ੌਕ ਸੀ ਅਤੇ ਉਸ ਦੇ ਦਰਬਾਰ 'ਚ 150 ਦੇ ਕਰੀਬ ਨ੍ਰਤਕੀਆਂ ਸਨ, ਜਿਨ੍ਹਾਂ 'ਚੋਂ ਜ਼ਿਆਦਾ ਕਸ਼ਮੀਰ ਅਤੇ ਪੰਜਾਬ ਦੇ ਪਹਾੜੀ ਖੇਤਰ ਤੋਂ ਸਨ। ਇਹ ਬਾਰਾਂ ਤੋਂ ਅਠਾਰਾਂ ਸਾਲ ਤੱਕ ਦੀਆਂ ਹੁੰਦੀਆਂ ਸਨ। ਅਠਾਰਾਂ ਸਾਲ ਦੀਆਂ ਹੋਣ 'ਤੇ ਉਨ੍ਹਾਂ ਨੂੰ ਜਾਗੀਰ ਦਿੱਤੀ ਜਾਂਦੀ ਸੀ। ਕੌਲਾਂ ਨੂੰ ਸੱਤ ਪਿੰਡਾਂ ਦੀ ਜਾਗੀਰਬਖਸ਼ੀ ਗਈ ਸੀ, ਪਰ ਇੰਨੀ ਸੰਪਤੀ ਮਿਲਣ ਦੇ ਬਾਵਜੂਦ ਕੌਲਾਂ ਸਣੇ ਕਈ ਲੜਕੀਆਂ ਰਣਜੀਤ ਸਿੰਘ ਦੀ ਚਿਖਾ 'ਤੇ ਸਤੀ ਹੋ ਗਈਆਂ ਸਨ। ਰਣਜੀਤ ਸਿੰਘ ਦੇ ਵਿਦੇਸ਼ੀ ਕਮਾਂਡਰ ਜਨਰਲ ਵੈਂਤੁਰਾ ਨੇ ਵੀ 50 ਨ੍ਰਤਕੀਆਂ ਰੱਖੀਆਂ ਹੋਈਆਂ ਸਨ। ਲਾਹੌਰ ਵਿਚ ਇਕ ਸ਼ਾਨਦਾਰ ਮਹਿਲ ਅਤੇ ਵਜ਼ੀਰਾਬਾਦ ਵਿਚ ਸੰਮਨ ਬੁਰਜ ਬਣਾਉਣ ਤੋਂ ਇਲਾਵਾ
ਰਣਜੀਤ ਸਿੰਘ ਨੂੰ ਆਪਣੇ ਰਾਜ ਦੇ ਸ਼ਹਿਰਾਂ ਵਿਚ ਸੁੰਦਰ ਬਾਗ ਬਣਾਉਣ ਦਾ ਬੜਾ ਚਾਅ ਸੀ ਅਤੇ ਉਸ ਨੇ ਆਪਣੇ ਸਾਰੇ ਦਰਬਾਰੀਆਂ ਅਤੇ ਸਰਦਾਰਾਂ ਨੂੰ ਬਾਗ ਬਣਾਉਣ ਲਈ ਉਤਸ਼ਾਹਿਤ ਕੀਤਾ। ਲਾਹੌਰ ਕਿਲ੍ਹੇ ਦੇ ਉਤਰ ਵਲ ਬਦਾਮੀ ਬਾਗ ਨੂੰ ਨਵੀਂ ਦਿੱਖ ਦਿੱਤੀ। ਸ਼ਾਲੀਮਾਰ ਮਾਰਗ 'ਤੇ ਮੋਰੇ ਸ਼ਾਹ ਦੀ ਮਜ਼ਾਰ ਲਾਗੇ ਦੀਵਾਨ ਦੀਨਾ ਨਾਥ ਬਾਗ, ਜੋ ਕਿਸੇ ਵੇਲੇ ਢਹਿੰਦੀ ਕਲਾ ਵਿਚ ਸੀ, ਨੂੰ ਚੌਖਾ ਪੈਸਾ ਖਰਚ ਕੇ ਨਿਖਾਰਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿਚ ਰਾਮ ਬਾਗ, ਲਾਹੌਰ ਦਾ ਹਜ਼ੂਰੀ ਬਾਗ, ਗੁੱਜਰਾਂਵਾਲਾ ਵਿਚ ਹਰੀ ਸਿੰਘ ਨਲੂਆ ਬਾਗ ਅਤੇ ਬਟਾਲਾ, ਦੀਨਾਨਗਰ, ਮੁਲਤਾਨ ਤੇ ਪਿੰਡ ਕੋਟ ਦੇ ਬਾਗ ਵੀ ਜ਼ਿਕਰਯੋਗ ਹਨ।
ਅਨੁਵਾਦ:ਬਿਕਰਮਜੀਤ ਸਿੰਘ
No comments:
Post a Comment