ਬੁਰਾ ਹਾਲ ਹੋਇਆ ਪੰਜਾਬ ਦਾ -ਡਾ. ਧਰਮਵੀਰ ਗਾਂਧੀ
ਅਜੋਕੇ ਪੰਜਾਬ ਦੀ ਆਰਥਿਕ ਸਿਹਤ ਬਾਰੇ ਸੰਖੇਪ ਚਰਚਾ ਕੀਤੇ ਬਗੈਰ ਪੰਜਾਬ ਦੇ ਸਿਹਤ ਦ੍ਰਿਸ਼ ਬਾਰੇ ਕੋਈ ਵੀ ਗੰਭੀਰ ਟਿੱਪਣੀ ਕਰਨੀ ਅਸੰਭਵ ਹੈ। ਕੋਈ ਸਮਾਂ ਸੀ ਕਿ ਪੰਜਾਬ ਆਰਥਿਕ ਤੇ ਜਿਸਮਾਨੀ ਸਿਹਤ ਪੱਖੋਂ ਦੇਸ਼ ਦਾ ਨੰਬਰ ਇਕ ਸੂਬਾ ਗਿਣਿਆ ਜਾਂਦਾ ਸੀ। ਪੰਜਾਬ ਦੀ ਖੁਸ਼ਹਾਲੀ ਤੇ ਪੰਜਾਬੀ ਲੋਕਾਂ ਦੀ ਜਿਸਮਾਨੀ ਸਿਹਤ ਦੀਆਂ ਮਿਸਾਲਾਂ ਦਿੱਤੀਆਂ ਜਾਂਦੀਆਂ ਸਨ, ਪਰ ਪਿਛਲੇ 35-40 ਸਾਲਾਂ ਦੌਰਾਨ ਸਮਾਜਕ ਵਿਕਾਸ ਤੇ ਇਨ੍ਹਾਂ ਦੇ ਮਹੱਤਵਪੂਰਨ ਮਾਪਦੰਡਾਂ ਦੇ ਮਾਮਲੇ ਵਿਚ ਪੰਜਾਬ ਤਸ਼ਵੀਸ਼ਨਾਕ ਹੱਦ ਤੱਕ ਪੱਛੜ ਚੁੱਕਿਆ ਹੈ। ਪੰਜਾਬ ਦੀ ਖੇਤੀ ਤੇ ਸਨਅਤ ਖੜ੍ਹੋਤ ਦਾ ਸ਼ਿਕਾਰ ਹਨ। ਵਿਕਾਸ ਕਾਰਜ ਲਗਪਗ ਠੱਪ ਹਨ। ਹੁਨਰਮੰਦ ਤੇ ਗੈਰ ਹੁਨਰਮੰਦ ਬੇਰੁਜ਼ਗਾਰਾਂ ਦੀਆਂ ਕਤਾਰਾਂ ਲੰਮੀਆਂ ਹੋਈਆਂ ਹਨ। ਵਿਦਿਅਕ ਪ੍ਰਬੰਧ ਗੰਭੀਰ ਵਿਗਾੜਾਂ ਤੋਂ ਨਿਘਾਰ ਦਾ ਸ਼ਿਕਾਰ ਹੈ ਅਤੇ ਪਹਿਲਾਂ ਹੀ ਨਿਗੂਣੀਆਂ ਸਿਹਤ ਸੇਵਾਵਾਂ ਬੰਦ ਹੋਣ ਕਿਨਾਰੇ ਹਨ। ਭੂਮੰਡਲੀਕਰਨ, ਢਾਂਚਾਗਤ ਸੁਧਾਰਾਂ ਅਤੇ ਨਿੱਜੀਕਰਨ ਦੀ ਅੰਨ੍ਹੀ ਧੁੱਸ ਹੇਠ, ਵਿਸ਼ਵ ਬੈਂਕ ਅਤੇ ਕੌਮਾਂਤਰੀ ਮਾਲੀ ਫੰਡ ਵਰਗੀਆਂ ਸੰਸਥਾਵਾਂ ਦੇ ਜ਼ਾਹਰਾ ਤੇ ਲੁਕਵੇਂ ਦਿਸ਼ਾ ਨਿਰਦੇਸ਼ਾਂ ਤਹਿਤ ਵਿਦਿਆ, ਸਿਹਤ ਤੇ ਦੂਜੀਆਂ ਸੇਵਾਵਾਂ ਦਾ ਤੇਜ਼ੀ ਨਾਲ ਕੀਤਾ ਜਾ ਰਿਹਾ ਵਪਾਰੀਕਰਨ ਹਾਲਤ ਨੂੰ ਬਦ ਤੋਂ ਬਦਤਰ ਬਣਾਈ ਜਾ ਰਿਹਾ ਹੈ। ਕਿਸਾਨੀ ਅਤੇ ਪੇਂਡੂ ਤੇ ਸ਼ਹਿਰੀ ਮਜ਼ਦੂਰਾਂ ਦਾ ਵੱਡਾ ਹਿੱਸਾ ਗੰਭੀਰ ਆਰਥਿਕ ਮੰਦਹਾਲੀ 'ਚੋਂ ਲੰਘ ਰਿਹਾ ਹੈ ਤੇ ਅਤੇ ਭਾਰੀ ਕਰਜ਼ਿਆਂ ਦਾ ਸ਼ਿਕਾਰ ਹੈ। ਮੁੱਠੀ ਭਰ ਪੇਂਡੂ ਤੇ ਸ਼ਹਿਰੀ ਧਨਾਢਾਂ, ਭ੍ਰਿਸ਼ਟ ਤੇ ਬੇਈਮਾਨ ਸਿਆਸਤਦਾਨਾਂ ਤੇ ਅਫਸਰਸ਼ਾਹਾਂ ਅਤੇ ਪ੍ਰਬੰਧ ਦਾ ਭੇਤ ਪਾ ਚੁੱਕੇ ਅਤੇ ਇਸ ਨੂੰ ਚੂੰਡਣ ਚੱਟਣ ਦਾ ਵੱਲ ਸਿੱਖ ਚੁੱਕੇ ਕੁਝ ਚੁਸਤ ਚਲਾਕ ਬੰਦਿਆਂ ਨੂੰ ਛੱਡ ਕੇ ਲੋਕਾਈ ਦਾ ਵੱਡਾ ਹਿੱਸਾ ਅਜੋਕੇ ਬਹੁਚਰਚਿਤ ਵਿਕਾਸ ਦੇ ਹਾਸ਼ੀਏ 'ਤੇ ਖੜ੍ਹਾ ਹੈ। 21ਵੀਂ ਸਦੀ ਦੇ ਹਾਣ ਦੀਆਂ ਸਹੂਲਤਾਂ ਤੋਂ ਸੱਖਣਾ ਇਹ ਪੰਜਾਬ ਗਰੀਬੀ, ਅਨਪੜ੍ਹਤਾ, ਬਿਮਾਰੀ, ਜ਼ਹਾਲਤ ਤੇ ਜਲਾਲਤ ਭਰੀ ਜ਼ਿੰਦਗੀ ਜਿਊਣ ਲਈ ਸਰਾਪਿਆ ਹੋਇਆ ਹੈ। ਪੰਜਾਬੀ ਲੋਕਾਂ ਦੀ ਸਿਹਤ ਤੇ ਪੰਜਾਬ ਅੰਦਰ ਬਦਲ ਰਹੇ ਸਿਹਤ ਦ੍ਰਿਸ਼ ਨੂੰ 2009 ਦੇ ਪੰਜਾਬ ਦੀ ਇਸ ਤਸਵੀਰ ਤੋਂ ਨਿਖੇੜ ਕੇ ਨਹੀਂ ਦੇਖਿਆ ਜਾ ਸਕਦਾ। ਇਨ੍ਹਾਂ ਜ਼ਮੀਨੀ ਹਕੀਕਤਾਂ ਦਾ ਘੇਰਾ ਏਨਾ ਵਸੀਹ ਹੈ ਕਿ ਇਕ ਇਕ ਵਿਸ਼ਾ ਵੱਖਰੇ ਲੇਖਾਂ ਦੀ ਮੰਗ ਕਰਦਾ ਹੈ। ਬਿਮਾਰੀਆਂ ਦੇ ਇਤਿਹਾਸ 'ਤੇ ਪੰਛੀ ਝਾਤ ਮਾਰਿਆਂ ਇਹ ਗੱਲ ਸਾਫ ਨਜ਼ਰ ਆਉਂਦੀ ਹੈ ਕਿ ਇਤਿਹਾਸ ਦੇ ਕਿਸੇ ਵੀ ਸਮਾਂ ਵਿਸ਼ੇਸ਼ ਤੇ ਦੁਨੀਆਂ ਦੇ ਕਿਸੇ ਵੀ ਖਿੱਤਾ ਵਿਸ਼ੇਸ਼ ਵਿਚ, ਬਿਮਾਰੀਆਂ
ਦਾ ਰੁਝਾਨ, ਉਸ ਸਮੇਂ ਦੀ ਪਦਾਰਥਕ ਜ਼ਿੰਦਗੀ, ਆਰਥਿਕ ਸਮਾਜਕ ਬਣਤਰ ਅਤੇ ਇਨ੍ਹਾਂ ਦੇ ਸਾਂਝਾਂ ਖਤਮ ਹੋਈਆਂ, ਰਿਸ਼ਤੇ ਤਾਰ ਤਾਰ ਅਨੁਸਾਰੀ ਜੀਵਨ ਪੱਧਰ ਅਤੇ ਜੀਵਨ ਸ਼ੈਲੀ ਰਾਹੀਂ ਤੈਅ ਤੇ ਪ੍ਰਭਾਵਤ ਹੁੰਦਾ ਆਇਆ ਹੈ। ਇਤਿਹਾਸ ਗਵਾਹ ਹੈ ਕਿ 18ਵੀਂ ਤੇ 19ਵੀਂ ਸਦੀ ਦਾ ਯੂਰਪ ਭੁੱਖਮਰੀਆਂ, ਅਕਾਲਾਂ, ਮਹਾਮਾਰੀਆਂ ਤੇ ਲਾਗ ਰੋਗਾਂ ਦਾ ਯੂਰਪ ਸੀ। ਸਨਅਤੀ ਇਨਕਲਾਬਾਂ ਤੋਂ ਬਾਅਦ ਦਾ ਯੂਰਪ ਇਨ੍ਹਾਂ ਅਲਾਮਤਾਂ ਤੋਂ ਲਗਪਗ ਮੁਕੰਮਲ ਨਿਜਾਤ ਪਾ ਚੁੱਕਿਆ ਹੈ। ਇਹ ਨਹੀਂ ਕਿ ਉਹ ਦੇਸ਼ ਹੁਣ ਰੋਗ
ਮੁਕਤ ਹੋ ਚੁੱਕੇ ਹਨ, ਪਰ ਉਥੇ ਹੁਣ ਭੁੱਖਮਰੀ, ਗੁਰਬਤ ਤੇ ਕੁਪੋਸ਼ਣ ਦੇ ਰੋਗਾਂ ਦੀ ਥਾਂ ਨਵੇਂ ਰੋਗਾਂ ਨੇ ਲੈ ਲਈ ਹੈ। ਇਨ੍ਹਾਂ ਮੁਲਕਾਂ ਅੰਦਰ ਥੋੜ੍ਹ ਚਿਰੇ ਇਕ ਸੰਗਰਾਦੀ ਦੌਰ ਵਿਚ, ਦੋਵੇਂ ਤਰ੍ਹਾਂ ਦੇ ਰੋਗ ਭਾਰੂ ਰਹੇ ਹਨ, ਪਰ ਪੁਰਾਣੇ ਰੋਗਾਂ ਦੇ ਸੰਤਾਪ ਤੇ ਤਬਾਹੀ ਤੋਂ ਛੁਟਕਾਰਾ ਪਾ ਲਿਆ ਗਿਆ ਹੈ। ਭਾਰਤ ਸਮੇਤ ਬਹੁਤੇ ਵਿਕਾਸਸ਼ੀਲ ਏਸ਼ਿਆਈ, ਅਫਰੀਕੀ ਤੇ ਲਾਤੀਨੀ ਅਮਰੀਕੀ ਮੁਲਕਾਂ ਅੰਦਰ ਅਜਿਹਾ ਨਹੀਂ ਹੋਇਆ। ਇਥੇ ਇਕ ਪਾਸੇ ਲੋਕਾਈ ਦਾ ਵੱਡਾ ਹਿੱਸਾ ਗੁਰਬਤ, ਕੁਪੋਸ਼ਣ, ਛੂਤ ਤੇ ਲਾਗ ਦੇ ਰੋਗਾਂ ਦਾ ਸ਼ਿਕਾਰ ਹੈ ਅਤੇ ਦੂਜੇ ਪਾਸੇ ਲੋਕਾਈ ਦਾ ਇੱਕ ਹਿੱਸਾ ਨਵੇਂ ਰੋਗਾਂ ਦੀ ਗ੍ਰਿਫਤ ਵਿਚ ਆ ਚੁੱਕਿਆ ਹੈ। ਮਿਸਾਲ ਦੇ ਤੌਰ 'ਤੇ ਭਾਰਤ ਅੰਦਰ ਸਰਕਾਰ ਦੇ ਆਪਣੇ ਅੰਕੜਿਆਂ ਮੁਤਾਬਕ ਦੇਸ਼ ਵਿਚ ਤਪਦਿਕ ਦੇ 2 ਕਰੋੜ ਮਰੀਜ਼ ਹਨ। ਦੂਜੇ ਪਾਸੇ ਸੰਸਾਰ ਸਿਹਤ
ਸੰਸਥਾ 2025 ਤੱਕ ਭਾਰਤ ਵਿਚ ਸ਼ੂਗਰ, ਬਲੱਡ ਪ੍ਰੈਸ਼ਰ ਤੇ ਹਾਰਟ ਅਟੈਕ ਵਰਗੇ ਰੋਗਾਂ ਦੇ ਮਾਮਲੇ ਵਿਚ ਮਹਾਮਾਰੀ ਵਰਗੀ ਹਾਲਤ ਪੈਦਾ ਹੋਣ ਦੀ ਚਿਤਾਵਨੀ ਦੇ ਰਹੀ ਹੈ। ਜ਼ਾਹਰ ਹੈ ਕਿ ਆਜ਼ਾਦੀ ਮਿਲਣ ਤੋਂ 60 ਸਾਲ ਬਾਅਦ ਵੀ ਅਚੰਭੇਜਨਕ
ਵਿਗਿਆਨਕ ਲੱਭਤਾਂ, ਲੋੜੀਂਦੇ ਸਾਧਨ ਸਰੋਤਾਂ ਤੇ ਤਕਨੀਕ ਅਤੇ ਯੋਗ ਮਨੁੱਖੀ ਸ਼ਕਤੀ ਹਾਸਲ ਹੋਣ ਦੇ ਬਾਵਜੂਦ ਕੁਪੋਸ਼ਣ, ਪ੍ਰਦੂਸ਼ਤ ਪਾਣੀ ਤੋਂ ਪੈਦਾ ਹੋਣ ਵਾਲੇ ਰੋਗਾਂ ਹੈਜ਼ਾ, ਦਸਤ ਕੈਆਂ, ਟਾਈਫਾਈਡ, ਪੀਲੀਆ, ਤਪਦਿਕ ਵਰਗੇ ਮੁਕੰਮਲ ਇਲਾਜ ਤੇ ਬਚਾਅਯੋਗ ਰੋਗਾਂ ਤੋਂ ਛੁਟਕਾਰਾ ਪਾਇਆ ਨਹੀਂ ਗਿਆ, ਉਲਟਾ ਨਵੇਂ ਰੋਗਾਂ ਨੇ ਆ ਪੈਰ ਧਰਿਆ ਹੈ। ਪੰਜਾਬ ਅੰਦਰ ਅਜੇ ਪਿਛਲੇ ਹਫਤੇ ਹੀ ਇਕ ਪਾਸੇ ਪਟਿਆਲਾ ਸਮੇਤ ਚਾਰ ਸ਼ਹਿਰਾਂ ਵਿਚ ਟਾਈਫਾਈਡ, ਪੀਲੀਏ ਅਤੇ ਹੈਜ਼ੇ ਕਾਰਨ ਹਜ਼ਾਰਾਂ ਲੋਕਾਂ ਦੇ ਬਿਮਾਰ ਹੋਣ ਅਤੇ ਕੁਝ ਇਕ ਦੇ ਮਰਨ ਦੀਆਂ ਖ਼ਬਰਾਂ ਛਪੀਆਂ ਹਨ ਤੇ ਦੂਜੇ ਪਾਸੇ ਲੁਧਿਆਣਾ ਵਿਚ ਸ਼ੇਰਪੁਰ ਬਾਈਪਾਸ ਤੇ ਪੰਜਾਬ ਵਿਚ ਦਿਲ ਦੇ ਰੋਗਾਂ ਦੇ 14ਵੇਂ ਹਸਪਤਾਲ ਖੁੱਲ੍ਹਣ ਦੇ ਇਸ਼ਤਿਹਾਰ ਵੀ ਅਖ਼ਬਾਰਾਂ ਵਿਚ ਛਪੇ ਹਨ। ਖੇਤੀ ਦੀ ਇਤਿਹਾਸਕ ਕਾਇਆਪਲਟੀ ਨੇ ਜਿੱਥੇ ਪੰਜਾਬ ਦੇ ਪਿੰਡਾਂ, ਮੰਡੀਆਂ, ਕਸਬਿਆਂ ਅਤੇ ਸ਼ਹਿਰਾਂ ਵਿਚ ਮੁਕਾਬਲਤਨ ਖੁਸ਼ਹਾਲੀ ਦਾ ਇਕ ਨਵਾਂ ਦੌਰ ਲੈ ਕੇ ਆਂਦਾ, ਉਥੇ ਬਾਅਦ ਵਿਚ ਥੋੜ੍ਹ ਚਿਰੇ ਸਾਬਤ ਹੋਏ ਇਸ ਦੌਰ ਨੇ ਪੰਜਾਬੀ ਲੋਕਾਂ ਦੇ ਰਹਿਣ-ਸਹਿਣ ਤੇ ਜੀਵਨ ਜਾਚ ਵਿਚ ਕਈ ਗੰਭੀਰ ਵਿਗਾੜ ਪੈਦਾ ਕੀਤੇ। ਵਿਆਪਕ ਮਸ਼ੀਨੀਕਰਨ ਨੇ ਜਿੱਥੇ ਵਿਹਲ ਪੈਦਾ ਕੀਤੀ ਉਥੇ ਪਰਵਾਸੀ ਮਜ਼ਦੂਰਾਂ ਦੀ ਆਮਦ ਨਾਲ ਪੇਂਡੂ ਮਜ਼ਦੂਰਾਂ ਤੇ ਗਰੀਬ ਕਿਸਾਨੀ ਨੂੰ ਛੱਡ ਕੇ ਕਿਸਾਨੀ ਦਾ ਵੱਡਾ ਹਿੱਸਾ ਸਰੀਰਕ ਕੰਮ ਨੂੰ ਮੁਕੰਮਲ
ਤਿਲਾਂਜਲੀ ਦੇਣ ਦੀ ਹੱਦ ਤੱਕ ਚਲਾ ਗਿਆ। ਖਾਣ ਪੀਣ ਤੇ ਨਸ਼ਿਆਂ, ਵਿਸ਼ੇਸ਼ ਕਰਕੇ ਸ਼ਰਾਬ ਦੇ ਮਾਮਲੇ ਵਿਚ ਰੱਜ ਕੇ ਬਦਤਮੀਜੀ ਕੀਤੀ ਗਈ। ਇਸ ਸਮੇਂ ਦੌਰਾਨ ਮੁਲਾਜ਼ਮਤ ਰਾਹੀਂ ਮੱਧ ਵਰਗ ਵਿਚ ਸ਼ਾਮਲ ਹੋਇਆ ਲੋਕਾਈ ਦਾ ਇਕ ਹੋਰ ਗਿਣਨਯੋਗ ਹਿੱਸਾ ਵੀ ਨਵੇਂ ਰੋਗਾਂ ਮੋਪਾਟੇ, ਬਲੱਡ ਪ੍ਰੈਸ਼ਰ, ਸ਼ੂਗਰ, ਹਾਰਟ ਅਟੈਕ ਆਦਿ ਦਾ ਸ਼ਿਕਾਰ ਹੋ ਚੁੱਕਿਆ ਹੈ। ਵਰਣਨਯੋਗ ਹੈ ਕਿ ਬਦਲੀ ਜ਼ਿੰਦਗੀ ਕਾਰਨ ਪੈਦਾ ਹੋਈਆਂ ਇਨ੍ਹਾਂ ਬਚਾਅਯੋਗ ਬਿਮਾਰੀਆਂ ਦੇ ਇਸ ਜਮ੍ਹਾਂ ਜੋੜ ਨੇ ਜਿੱਥੇ 50-60 ਸਾਲ ਪਹਿਲਾਂ ਸਮੁੱਚੇ ਯੂਰਪ, ਅਮਰੀਕਾ, ਜਪਾਨ ਤੇ ਹੋਰ ਵਿਕਸਿਤ ਮੁਲਕਾਂ ਨੂੰ ਆਪਣੀ ਗ੍ਰਿਫਤ 'ਚ ਲਿਆ ਸੀ, ਉਹ ਹੁਣ ਸਮੁੱਚੇ ਪੰਜਾਬ ਦੀ ਹਕੀਕਤ ਬਣ ਚੁੱਕਿਆ ਹੈ। ਇਥੇ ਇਹ ਜ਼ਿਕਰ ਕਰਨਾ ਵਾਜਬ ਹੋਵੇਗਾ ਕਿ ਵਿਕਸਿਤ ਮੁਲਕਾਂ ਅੰਦਰ ਸਰਕਾਰੀ ਦਖਲਅੰਦਾਜ਼ੀ, ਗੈਰ ਸਰਕਾਰੀ ਸੰਗਠਨਾਂ ਅਤੇ ਪ੍ਰਚਾਰ ਸਾਧਨਾਂ ਦੇ ਸਾਂਝੇ ਉੱਦਮਾਂ ਨਾਲ ਇਨ੍ਹਾਂ ਬਿਮਾਰੀਆਂ ਨੂੰ ਮੋੜਾ ਪੈ ਚੁੱਕਿਆ ਹੈ, ਪਰ ਪੰਜਾਬ ਵਿਚ ਅਜਿਹਾ ਕੋਈ ਉੱਦਮ, ਅਜਿਹੀ ਕੋਈ ਸੰਭਾਵਨਾ ਨਜ਼ਰ ਨਹੀਂ ਆਉਂਦੀ। ਉਪਰੋਕਤ ਬਿਆਨੇ ਤੱਥਾਂ ਤੋਂ
ਸਪਸ਼ਟ ਹੈ ਕਿ ਪੰਜਾਬ ਦੀ ਵਸੋਂ ਦਾ ਇਕ ਹਿੱਸਾ, ਜਿੱਥੇ ਘਾਟਾਂ, ਘੋਰ ਗੁਰਬਤ ਤੇ ਕੁਪੋਸ਼ਣ ਦੀਆਂ ਬਿਮਾਰੀਆਂ ਨਾਲ ਮਰ ਰਿਹਾ ਹੈ, ਉਥੇ ਇਕ ਹੋਰ ਹਿੱਸਾ ਬਹੁਲਤਾ, ਅਮੀਰੀ, ਬੇਢੰਗੇ ਖਾਣ ਤੇ ਕੁਢੱਬੇ ਜਿਉਣ ਢੰਗ ਦੀਆਂ ਬਿਮਾਰੀਆਂ ਨਾਲ ਮਰਨ ਲਈ ਸਰਾਪਿਆ ਜਾ ਰਿਹਾ ਹੈ। ਹਰੇ ਇਨਕਲਾਬ ਤੇ ਜ਼ਰਈ ਖੇਤਰ ਵਿਚ ਪੈਦਾਵਾਰੀ ਢੰਗ ਤੇ ਰਿਸ਼ਤਿਆਂ ਵਿਚ ਆਈ ਤਬਦੀਲੀ ਨੇ ਪੰਜਾਬੀ ਸਮਾਜ ਦੀ ਸਮਾਜਕ ਤੇ ਮਾਨਸਿਕ ਸਿਹਤ ਦਾ ਜੋ ਹਸ਼ਰ ਕੀਤਾ ਹੈ ਉਹ ਬਹੁਤ ਹੀ ਦਿਲ ਕੰਬਾਊ ਤੇ ਭਿਆਨਕ ਹੈ। ਮੰਡੀ ਆਰਥਿਕਤਾ ਤੇ ਖਪਤਕਾਰੀ ਸਭਿਆਚਾਰ ਨੇ ਜ਼ਿੰਦਗੀ ਦੀ ਸਹਿਜ ਤੋਰ, ਹਾਂਦਰੂ ਕਦਰਾਂ ਕੀਮਤਾਂ, ਪਰਿਵਾਰਕ ਤੇ ਭਾਈਚਾਰਕ ਤੰਦਾਂ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਗੈਰ ਸਿਹਤਮੰਦ ਮੁਕਾਬਲੇਬਾਜ਼ੀ ਇਕ ਦੂਜੇ ਦੀ ਲਾਸ਼ 'ਤੇ ਪੈਰ ਧਰ ਕੇ ਉਪਰ
ਚੜ੍ਹਨ ਦੇ ਸਿਰਵੱਢ ਸਰਮਾਏਦਾਰਾਨਾ ਸਭਿਆਚਾਰ ਨੇ ਪੰਜਾਬੀ ਸਮਾਜ ਨੂੰ ਕਰੂਪ ਕਰ ਛੱਡਿਆ ਹੈ। ਪੁਰਾਣੇ ਜ਼ਮੀਨੀ ਰਿਸ਼ਤੇ ਟੁੱਟਣ ਨਾਲ ਪਰਿਵਾਰ ਖਿੰਡ ਰਹੇ ਹਨ। ਸਾਂਝਾ-ਸੱਥਾਂ ਖਤਮ ਹੋ ਰਹੀਆਂ ਹਨ। ਰਿਸ਼ਤੇ ਸੁੰਗੜ ਰਹੇ ਹਨ। ਅਧਿਆਪਨ ਤੇ ਡਾਕਟਰੀ ਵਰਗੇ ਪਵਿੱਤਰ ਕਿੱਤਿਆਂ, ਯਾਰੀਆਂ ਦੋਸਤੀਆਂ, ਰਿਸ਼ਤੇਨਾਤੇਦਾਰੀਆਂ ਵਿਚ ਵਪਾਰਕ ਸਭਿਆਚਾਰ ਦੀ ਸੜ੍ਹਿਆਂਦ ਆਉਂਦੀ ਹੈ। ਪਿਛਲਾ ਸਾਰਾ ਕੁਝ ਸਮੇਤ ਚੰਗੇ ਮਾੜੇ ਦੇ ਤੇਜ਼ੀ ਨਾਲ ਟੁੱਟਿਆ ਹੈ, ਪਰ ਨਵੇਂ ਸਾਰਥਕ ਤੇ ਤੰਦਰੁਸਤ ਦੀ ਅਣਹੋਂਦ ਕਾਰਨ ਹਰ ਪਾਸੇ ਭੰਬਲਭੂਸਾ ਹੈ। ਬਜ਼ੁਰਗ ਬੇਬਸ ਤੇ ਉਦਾਸ ਹਨ, ਨੌਜਵਾਨ ਬੇਚੈਨ ਤੇ ਬੱਚੇ ਦਿਸ਼ਾਹੀਣ। ਹਰ ਪੱਧਰ 'ਤੇ ਰਿਸ਼ਤਿਆਂ ਵਿਚ ਤਣਾਅ ਹੈ ਅਤੇ ਮਾਨਸਿਕ ਰੋਗਾਂ ਵਿਚ ਅਥਾਹ ਵਾਧਾ ਹੋ ਰਿਹਾ ਹੈ। ਸਹਿਯੋਗ, ਸਹਿਣਸ਼ੀਲਤਾ,
ਸੰਵੇਦਨਸ਼ੀਲਤਾ, ਭਰਾਤਰੀਭਾਵ, ਮਿਲਵਰਤਨ ਅਤੇ ਸਾਂਝੇ ਸਮਾਜਕ ਉਦਮਾਂ ਵਰਗੇ ਸੁਨੱਖੇ ਸ਼ਬਦ ਲੋਕਾਂ ਦੇ ਸ਼ਬਦਕੋਸ਼ 'ਚੋਂ ਗਾਇਬ ਹੋ ਰਹੇ ਜਾਪਦੇ ਹਨ। ਇਉਂ ਲੱਗਦਾ ਹੈ ਕਿ ਪੰਜਾਬ ਸਰਮਾਏਦਾਰਾਂ ਸਭਿਆਚਾਰ ਦੀ ਪ੍ਰਯੋਗਸ਼ਾਲਾ ਅਤੇ ਇਸ ਦੀ ਇੱਕ
ਨੁਮਾਇੰਦਾ ਮਿਸਾਲ ਬਣਨ ਜਾ ਰਿਹਾ ਹੈ। ਇਸ ਸਭ ਕਾਸੇ ਦਾ ਹੀ ਇਕ ਤਾਰਕਿਕ ਸਿੱਟਾ ਹੈ ਕਿ ਆਰਥਿਕ ਤੰਗੀਆਂ-ਤਰੁਸ਼ੀਆਂ ਦੀ ਮਾਰ ਹੇਠ ਆਈ ਅਤੇ ਮਾੜੀ ਸਰੀਰਕ ਤੇ ਮਾਨਸਿਕ ਸਿਹਤ ਹੰਢਾਉਂਦੀ, ਪੰਜਾਬੀ ਕੌਮ ਦਾ ਤਿੰਨ ਚੌਥਾਈ ਦੇ ਕਰੀਬ ਹਿੱਸਾ ਅੱਜ ਸ਼ਰਾਬ, ਭੁੱਕੀ, ਅਫੀਮ, ਨਸ਼ੇ ਜਾਂ ਨੀਂਦ ਵਾਲੀਆਂ ਗੋਲੀਆਂ ਖਾ ਕੇ ਸੌਂਦਾ ਹੈ। ਜ਼ਾਹਰ ਹੈ ਕਿ ਨਿੱਜੀ ਜ਼ਿੰਦਗੀ, ਪਰਿਵਾਰ, ਸਰਕਾਰ ਤੇ ਸਮਾਜ ਵਲੋਂ ਉਹ ਅਸੰਤੁਸ਼ਟ ਹੈ। ਉਸ ਦੀ ਜੰਮਣ ਭੋਇੰ ਉਸਨੂੰ ਸੰਭਾਲ ਨਹੀਂ ਰਹੀ। ਇਹੋ ਕਾਰਨ ਹੈ ਕਿ ਉਹ
ਜੱਦੀ ਜ਼ਮੀਨ ਤੇ ਜਾਨ ਦੀ ਬਾਜ਼ੀ ਲਾ ਕੇ ਘਰੋਂ ਹਜ਼ਾਰਾਂ ਮੀਲ ਦੂਰ, ਯੱਖ ਠੰਢੇ ਸਮੁੰਦਰਾਂ 'ਚ ਡੁੱਬ ਕੇ ਵੀ ਵਿਦੇਸ਼ਾਂ ਦੀਆਂ ਹਰੀਆਂ ਚਰਾਗਾਹਾਂ 'ਚ ਜਾਣ ਲਈ ਕਾਹਲਾ ਹੈ। ਬੱਬਰ ਅਕਾਲੀਆਂ, ਕੂਕਿਆਂ, ਗ਼ਦਰੀ ਬਾਬਿਆਂ ਤੇ ਭਗਤ ਸਰਾਭਿਆਂ ਦਾ ਪੰਜਾਬ ਟਰੱਕਾਂ 'ਚ ਦੋਹਰੀਆਂ ਛੱਤਾਂ ਪਾ ਕੇ ਸਾਧਾਂ ਦੇ ਡੇਰਿਆਂ 'ਤੇ ਭੁੱਲਾਂ ਬਖਸ਼ਾਉਂਦਾ ਤੇ ਅਗਲਾ ਜਨਮ ਸੰਵਾਰਦਾ ਫਿਰਦਾ ਹੈ। ਪੰਜਾਬ ਦਾ ਇਹ ਹਸ਼ਰ ਆਰਥਿਕ ਅਤੇ ਸਮਾਜਕ ਰਿਸ਼ਤਿਆਂ ਦੀ ਇਕ ਇਤਿਹਾਸਕ ਕਾਇਆਪਲਟੀ ਕਾਰਨ ਹੋਇਆ ਹੈ ਅਤੇ ਇਸ ਦਾ ਹੱਲ ਵੀ ਇਕ ਹੋਰ ਇਤਿਹਾਸਕ ਕਾਇਆਪਲਟੀ ਰਾਹੀਂ ਹੀ ਸੰਭਵ ਹੋਣਾ ਹੈ।
No comments:
Post a Comment