ਵੀ ਐੱਸ ਨਾਇਪਾਲ ਦੀ ਨਵੇਂ ਲੇਖਕਾਂ ਨੂੰ ਸਲਾਹ
1 . ਲੰਬੇ ਵਾਕ ਨਾ ਲਿਖੋ . ਇੱਕ ਵਾਕ ਦਸ ਜਾਂ ਬਾਰਾਂ ਸ਼ਬਦਾਂ ਤੋਂ ਜਿਆਦਾ ਨਹੀਂ ਹੋਣਾ ਚਾਹੀਦਾ .
2 . ਹਰ ਇੱਕ ਵਾਕ ਵਿੱਚ ਇੱਕ ਸਪੱਸ਼ਟ ਬਿਆਨ ਦੇਣਾ ਚਾਹੀਦਾ ਹੈ . ਇਹ ਬਿਆਨ ਪਹਿਲਾਂ ਵਾਲੇ ਬਿਆਨ ਨਾਲ ਜੋੜਨਾ ਚਾਹੀਦਾ ਹੈ . ਇੱਕ ਅੱਛਾ ਪੈਰਾ ਸਪੱਸ਼ਟ ਜੁੜੇ ਬਿਆਨਾਂ ਦੀ ਇੱਕ ਲੜੀ ਹੁੰਦਾ ਹੈ .
3 . ਵੱਡੇ ਸ਼ਬਦਾਂ ਦਾ ਪ੍ਰਯੋਗ ਨਾ ਕਰੋ . ਜੇਕਰ ਤੁਹਾਡਾ ਕੰਪਿਊਟਰ ਤੁਹਾਨੂੰ ਦੱਸਦਾ ਹੈ ਕਿ ਤੁਹਾਡੇ ਔਸਤ ਸ਼ਬਦ ਪੰਜ ਤੋਂ ਜਿਆਦਾ ਅੱਖਰਾਂ ਵਾਲੇ ਹਨ , ਤਾਂ ਸਮਝੋ ਕੁੱਝ ਗੜਬੜ ਹੈ . ਛੋਟੇ ਸ਼ਬਦਾਂ ਦਾ ਪ੍ਰਯੋਗ ਤੁਹਾਨੂੰ ਤੁਸੀਂ ਕੀ ਲਿਖ ਰਹੇ ਹੋ ਉਸ ਦੇ ਬਾਰੇ ਵਿੱਚ ਸੋਚਣ ਦੇ ਲਈ ਮਜਬੂਰ ਕਰਦਾ ਹੈ . ਮੁਸ਼ਕਲ ਵਿਚਾਰਾਂ ਨੂੰ ਵੀ ਛੋਟੇ ਸ਼ਬਦਾਂ ਵਿੱਚ ਸਮੋਇਆ ਜਾ ਸਕਦਾ ਹੈ .
4 . ਕਦੇ ਵੀ ਅਜਿਹੇ ਸ਼ਬਦਾਂ ਦੀ ਵਰਤੋਂ ਨਾ ਕਰੋ ਜਿਨ੍ਹਾਂ ਦੇ ਅਰਥਾਂ ਬਾਰੇ ਤੁਹਾਨੂੰ ਪੱਕਾ ਯਕੀਨ ਨਹੀਂ . ਜੇਕਰ ਤੁਸੀਂ ਇਸ ਨਿਯਮ ਨੂੰ ਤੋੜਦੇ ਤਾਂ ਤੁਹਾਨੂੰ ਕੋਈ ਹੋਰ ਕੰਮ ਲਭਣਾ ਚਾਹੀਦਾ ਹੈ .
5 . ਨਵੇਂ ਲੇਖਕ ਨੂੰ ਰੰਗ , ਆਕਾਰ ਅਤੇ ਗਿਣਤੀ ਦੇ ਵਿਸ਼ੇਸ਼ਣਾ ਨੂੰ ਛੱਡਕੇ , ਇਨ੍ਹਾਂ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ . ਕਿਰਿਆ ਵਿਸ਼ੇਸ਼ਣ ਘੱਟ ਤੋਂ ਘੱਟ ਪ੍ਰਯੋਗ ਕਰੋ .
6 . ਅਮੂਰਤ ਤੋਂ ਬਚੋ . ਹਮੇਸ਼ਾ ਸਮੂਰਤ ਨੂੰ ਪ੍ਰਮੁੱਖ ਰੱਖੋ .
7 . ਘੱਟ ਤੋਂ ਘੱਟ ਛੇ ਮਹੀਨੇ , ਹਰ ਰੋਜ ਇਸ ਤਰ੍ਹਾਂ ਲਿਖਣ ਦਾ ਅਭਿਆਸ ਕਰੋ . ਛੋਟੇ ਸ਼ਬਦ , ਸੰਖੇਪ , ਸਪੱਸ਼ਟ , ਠੋਸ ਵਾਕ . ਇਹ ਅਜੀਬ ਲੱਗ ਸਕਦਾ ਹੈ ਲੇਕਿਨ ਇਹ ਭਾਸ਼ਾ ਦੇ ਪ੍ਰਯੋਗ ਵਿੱਚ ਤੁਹਾਡਾ ਅਭਿਆਸ ਹੈ . ਇਸ ਨਾਲ ਤੁਹਾਨੂੰ ਯੂਨੀਵਰਸਿਟੀ ਵਿੱਚ ਸਿੱਖੀਆਂ ਭਾਸ਼ਾ ਦੀ ਵਰਤੋਂ ਦੀਆਂ ਬੁਰੀਆਂ ਆਦਤਾਂ ਤੋਂ ਛੁਟਕਾਰਾ ਵੀ ਮਿਲ ਸਕਦਾ ਹੈ . ਜਦੋਂ ਤੁਸੀਂ ਇਨ੍ਹਾਂ ਨਿਯਮਾਂ ਨੂੰ ਪੂਰੀ ਤਰ੍ਹਾਂ ਸਮਝ ਲਿਆ ਤੇ ਪ੍ਰਯੋਗ ਵਿੱਚ ਪ੍ਰਬੀਨ ਹੋ ਗਏ ਉਸ ਦੇ ਬਾਅਦ ਤੁਸੀਂ ਇਨ੍ਹਾਂ ਤੋਂ ਪਰੇ ਵੀ ਜਾ ਸਕਦੇ ਹੋ .
No comments:
Post a Comment