Monday, May 2, 2011

ਐਪੀਕਿਉਰਸ ਅਤੇ ਜੀਨੋ ਯੂਨਾਨੀ ਫਲਸਫੇ ਦੇ ਢਲਦੇ ਸੂਰਜ - ਪ੍ਰੇਮ ਪਾਲੀ

ਸਿਕੰਦਰ ਦੀ ਬੇਵਕਤ ਮੌਤ ਨੇ ਯੂਨਾਨੀ ਸੱਭਿਅਤਾ ਅਤੇ ਯੂਨਾਨੀ ਸਭਿਆਚਾਰ ਦਾ ਪਾਸਾ ਹੀ ਪਲਟ ਦਿੱਤਾ। ਉਸਨੇ ਹਾਲੇ ਆਪਣੀ ਵਿਸ਼ਾਲ ਸਲਤਨਤ ਨੂੰ ਸਾਂਭਣ ਲਈ ਆਪਣੇ ਪਿੱਛੇ ਵਾਰਸ ਤਿਆਰ ਕਰਨ ਬਾਰੇ ਸੋਚਣਾ ਵੀ ਸ਼ੁਰੂ ਨਹੀਂ ਸੀ ਕੀਤਾ ਕਿ ਤੇਤੀ ਸਾਲ ਦੀ ਛੋਟੀ ਉਮਰ ਵਿਚ ਹੀ ਉਸ ਦਾ ਦਿਹਾਂਤ ਹੋ ਗਿਆ। ਉਹ ਜੋ ਸੋਚਦਾ ਸੀ ਕਿ ਉਹ ਸ਼ਰਾਬ ਨੂੰ ਪੀਂਦਾ ਹੈ, ਸ਼ਰਾਬ ਉਸ ਨੂੰ ਪੀ ਗਈ। ਉਸ ਦੀ ਮੌਤ ਇਕ ਹਾਦਸਾ ਸੀ, ਜਾਂ ਸਾਜ਼ਿਸ਼? ਇਸ ਸਵਾਲ ਦਾ ਉਤਰ ਖੋਜਕਾਰਾਂ ਲਈ ਤਾਂ ਮਹੱਤਵ ਰੱਖ ਸਕਦਾ ਹੈ, ਪਰ ਯੂਨਾਨ ਲਈ ਸਿਕੰਦਰ ਦਾ ਨਾ ਹੋਣਾ ਹੀ ਸਭ ਤੋਂ ਵੱਡੇ ਦੁਰਭਾਗ ਦੀ ਗੱਲ ਸੀ। ਕਿਉਂਕਿ ਇਸ ਪਿਛੋਂ ਯੂਨਾਨੀ ਸਭਿਅਤਾ ਦਾ ਸੂਰਜ ਢਲਣ ਲੱਗਾ ਅਤੇ ਰੋਮਨ ਸਾਮਰਾਜ ਦਾ ਸਰਘੀ ਤਾਰਾ ਦਿਖਾਈ ਦੇਣ ਲੱਗਾ।
ਅਸਲ ਵਿਚ ਸਿਕੰਦਰ ਦੇ ਮਰਨ ਦੀ ਹੀ ਦੇਰ ਸੀ ਕਿ ਉਸ ਵਲੋਂ ਭੈਅ ਦੀਆਂ ਨੀਹਾਂ ਤੇ ਉਸਾਰਿਆ ਸੰਸਾਰ ਏਕਤਾ ਦਾ ਅਡੰਬਰ ਇਕ ਦਮ ਢਹਿ ਢੇਰੀ ਹੋ ਗਿਆ। ਕਿਸੇ ਨੂੰ ਬਗਾਵਤ ਕਰਨ ਦੀ ਵੀ ਲੋੜ ਨਹੀਂ ਪਈ। ਥਾਂ-ਥਾਂ ਸੁਬਾਈ ਰਿਆਸਤਾਂ ਸੁਤੰਤਰ ਰੂਪ ਵਿਚ ਕੰਮ ਕਰਨ ਲੱਗੀਆਂ। ਕਾਫੀ, ਉਥਲਪੁਥਲ ਤੋਂ ਬਾਅਦ ਉਸ ਦੀ ਸਮੁੱਚੀ ਸਲਤਨਤ ਨੂੰ ਉਸਦੇ ਹੀ ਤਿੰਨ ਵਿਸ਼ਵਾਸਪਾਤਰ ਦੋਸਤਾਂ ਨੇ ਤਿੰਨ ਹਿੱਸਿਆਂ ਵਿਚ ਵੰਡ ਲਿਆ। ਦਰਿਆ ਸਿੰਧ ਤੋਂ ਲੈ ਕੇ ਪਰਸ਼ੀਆ ਦੇ ਇਕ ਵੱਡੇ ਭਾਗ ਤੱਕ ਸਲਿਊਕਸ ਨਾਮੀ ਜਰਨੈਲ ਨੇ ਸਾਂਭ ਲਿਆ। ਮਕਦੂਨੀਆਂ ਉਪਰ ਐਨਟਿਗਨਸ ਨੇ ਕਬਜ਼ਾ ਕਰ ਲਿਆ ਅਤੇ ਪਟੋਲਮੀ ਨੇ ਮਿਸਰ 'ਤੇ ਕਬਜ਼ਾ ਕਰ ਕੇ ਸਿਕੰਦਰੀਆ ਨੂੰ ਆਪਣੀ ਰਾਜਧਾਨੀ ਬਣਾ ਲਿਆ।
ਫਿਰ 301 ਪੂਰਵ ਈਸਵੀ ਵਿਚ ਇਸਪਸ ਦੀ ਜੰਗ ਹੋਈ ਜਿਸ ਵਿਚ ਐਨਟਿਗਨਸ ਮਾਰਿਆ ਗਿਆ ਅਤੇ ਕਈ ਹੋਰ ਨਿੱਕੀਆਂ ਨਿੱਕੀਆਂ ਰਿਆਸਤਾਂ ਹੋਂਦ ਵਿਚ ਆ ਗਈਆਂ। 277 ਤੋਂ 241 ਤੱਕ ਗੋਲਾਂ ਦੇ ਹਮਲੇ ਹੁੰਦੇ ਰਹੇ ਜਿਨ੍ਹਾਂ ਨੇ ਸਲਤਨਤ ਨੂੰ ਲੁੱਟ ਲੁੱਟ ਕੇ ਨਕਾਰਾ ਕਰ ਦਿੱਤਾ। ਅੰਤ ਰੋਮਨਾਂ ਨੇ ਆਪਣਾ ਸਿੱਕਾ ਮੰਨਵਾਉਣ ਲਈ 264 ਈਸਵੀ ਪੂਰਵ ਵਿਚ ਜੰਗ ਦੇ ਝੰਡੇ ਗੱਡ ਦਿੱਤੇ ਅਤੇ ਕਾਰਥੇਗਨਾ ਨਾਲ ਲੰਮੀ ਜਦੋਜਹਿਦ ਤੋਂ ਬਾਅਦ 146 ਪੂਰਵ ਈਸਵੀ ਵਿਚ ਕਾਰਥੇਗ ਸਮੇਤ ਸਾਰੇ ਯੂਨਾਨ ਨੂੰ ਕਬਜ਼ੇ ਹੇਠ ਕਰ ਲਿਆ।
ਜਿਥੋਂ ਤੱਕ ਸਿਕੰਦਰ ਦੇ ਪਰਿਵਾਰ ਦਾ ਸੰਬੰਧ ਹੈ, ਕੁਝ ਹੀ ਸਾਲਾਂ ਵਿਚ ਇਸ ਪਰਿਵਾਰ ਦਾ ਨਾਮ ਨਿਸ਼ਾਨ ਹੀ ਖਤਮ ਕਰ ਦਿੱਤਾ ਗਿਆ। ਆਪਣੇ ਮਤਰੇਏ ਭਰਾ ਕਲਾਈਤੂ ਨੂੰ ਤਾਂ ਸਿਕੰਦਰ ਨੇ ਖੁਦ ਹੀ ਮਾਰ ਦਿੱਤਾ ਸੀ। ਸਿਕੰਦਰ ਦੀ ਮੌਤ ਤੋਂ ਕੁਝ ਸਮੇਂ ਬਾਅਦ ਹੀ ਉਸਦੀ ਪਤਨੀ ਰੈਕਸੋਨਾ ਨੇ ਪਰਸ਼ੀਆ ਦੇ ਰਾਜਾ ਡੇਰੀਅਸ ਦੀ ਲੜਕੀ, ਜਿਸ ਨਾਲ ਸਿਕੰਦਰ ਨੇ ਹੁਣੇ ਵਿਆਹ ਕਰਵਾਇਆ ਸੀ, ਨੂੰ ਕਤਲ ਕਰਵਾਉਣ ਦੀ ਫੁਰਤੀ ਕੀਤੀ। ਰੈਕਸੋਨਾ ਦੇ ਇਕ ਪੁੱਤਰ ਹੋਇਆ ਜਿਸ ਦਾ ਨਾਮ ਵੀ ਸਿਕੰਦਰ ਹੀ ਰੱਖਿਆ ਗਿਆ, ਪਰ ਕੁਝ ਹੀ ਸਾਲ ਪਿੱਛੋਂ 311 ਈਸਵੀ ਪੂਰਵ ਵਿਚ ਦੋਹਾਂ ਮਾਂ ਪੁੱਤਰਾਂ ਨੂੰ ਕਿਸੇ ਨੇ ਕਤਲ ਕਰ ਦਿੱਤਾ।
ਸਿਕੰਦਰ ਦਾ ਇਕ ਬੇਟਾ ਹੋਰ ਸੀ ਜਿਸ ਦਾ ਨਾਮ ਹਰਕੁਲੀਸ ਸੀ। ਉਸਨੂੰ ਵੀ ਕਿਸੇ ਨੇ ਮਾਰ ਦਿੱਤਾ। ਇਸੇ ਤਰ੍ਹਾਂ ਉਸਦੇ ਨੀਮ ਪਾਗਲ ਭਰਾ ਐਰੀਦਾਈਊ ਨੂੰ ਵੀ ਕਿਸੇ ਨੇ ਕਤਲ ਕਰ ਦਿੱਤਾ। ਪਲੂਟਾਰਕ ਅਨੁਸਾਰ, ਵਿਚੋਂ ਕੁਝ ਸਮੇਂ ਲਈ ਸਿਕੰਦਰ ਦੀ ਮਾਂ ਉਲਿੰਪੀਆ ਤਾਕਤ ਵਿਚ ਆਉਂਦੀ ਹੈ, ਜਿਹੜੀ ਆਪਣੇ ਮਹਾਨ ਪੁੱਤਰ ਨੂੰ ਜ਼ਹਿਰ ਦੇ ਕੇ ਮਾਰਨ ਦਾ ਦੋਸ਼ ਕਦੇ ਇਕ ਸਿਰ ਅਤੇ ਕਦੇ ਦੂਸਰੇ ਸਿਰ ਥੱਪਦੀ ਫਿਰਦੀ ਹੈ। ਪੁੱਤਰ ਦੇ ਵਿਜੋਗ ਵਿਚ ਉਹ ਨੀਮ ਪਾਗਲ ਹੋ ਚੁੱਕੀ ਹੈ ਅਤੇ ਇਸੇ ਪਾਗਲਪਣ ਦੇ ਦੌਰਿਆਂ ਵਿਚ ਉਹ ਕਈਆਂ ਨੂੰ ਮੌਤ ਦੇ ਘਾਟ ਉਤਾਰਦੀ ਹੈ। ਆਪਣੇ ਪੁੱਤਰ ਨੂੰ ਲੱਭਦੀ ਉਹ ਉਨ੍ਹਾਂ ਸਾਰੀਆਂ ਕਬਰਾਂ ਨੂੰ ਦੁਬਾਰਾ ਪੁਟਵਾ ਦਿੰਦੀ ਹੈ ਜਿਥੇ ਸਿਕੰਦਰ ਨੂੰ ਉਸਦੇ ਸਾਥੀਆਂ ਸਮੇਤ ਦਫਨਾਇਆ ਗਿਆ ਸੀ। ਪਰ ਇਸ ਨਾਲ ਵੀ ਉਸਦੇ ਪੱਲੇ ਕੁੱਝ ਨਹੀਂ ਪੈਂਦਾ। ਅੰਤ ਉਸ ਦੇ ਕਹਿਰ ਦਾ ਨਿਸ਼ਾਨਾ ਬਣੇ ਬੰਦਿਆਂ ਦਾ ਕੋਈ ਸਾਥੀ , ਉਲਿੰਪੀਆ ਨੂੰ ਵੀ ਕਤਲ ਕਰ ਦਿੰਦਾ ਹੈ ਅਤੇ ਇਸ ਨਾਲ ਸਿਕੰਦਰ ਦੇ ਸਮੁੱਚੇ ਪਰਿਵਾਰ ਦਾ ਸਫਾਇਆ ਹੋ ਜਾਂਦਾ ਹੈ।
ਬਹੁਤ ਥੋੜ੍ਹੇ ਲੋਕ ਸਨ ਜਿਹੜੇ ਉਸ ਸਮੇਂ ਵੀ ਸਿਕੰਦਰ ਦੀਆਂ ਨੀਤੀਆਂ ਨਾਲ ਸਹਿਮਤ ਸਨ। ਬਹੁਤੇ ਲੋਕ ਤਾਂ ਉਸ ਦੇ ਜ਼ਾਲਮਾਨਾ ਰਵਈਏ ਤੋਂ ਡਰਦੇ ਚੁੱਪ ਸਨ। ਉਸ ਦਾ ਸੁਭਾ ਸੀ ਵੀ ਬੜਾ ਬੇਤੁਕਾ ਅਤੇ ਅਨਿਸਚਿਤ ਕਿਸਮ ਦਾ। ਕੋਈ ਪਤਾ ਨਹੀਂ ਗੁੱਸੇ, ਦੁੱਖ ਜਾਂ ਮਨ ਦੀ ਕਿਸੇ ਹੋਰ ਮੌਜ ਵਿਚ ਉਸਨੇ ਕੀ ਕਰ ਬੈਠਣਾ ਹੈ। ਆਪਣੇ ਚਹੇਤੇ ਘੋੜੇ ਦੀ ਮੌਤ ਦਾ ਸੋਗ ਮਨਾਉਣ ਸਮੇਂ, ਉਸ ਨੇ ਜੋ ਕਮਲ ਕੁੱਟਿਆ, ਉਹ ਕਿਸੇ ਪਾਸੋਂ ਗੁੱਝਾ ਨਹੀਂ।
ਕਹਿੰਦੇ ਹਨ ਕਿ ਜਦੋਂ ਉਸਦਾ ਘੋੜਾ ਬਿਮਾਰ ਹੋ ਕੇ ਮਰਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਉਸ ਹਕੀਮ ਨੂੰ ਕਰਾਸ ਤੇ ਟੰਗ ਕੇ ਮਰਵਾ ਦਿੱਤਾ, ਜਿਹੜਾ ਉਸ ਦਾ ਇਲਾਜ ਕਰ ਰਿਹਾ ਸੀ। ਫਿਰ ਉਸਨੇ ਹੁਕਮ ਦਿੱਤਾ ਕਿ ਪਰਸ਼ੀਆ ਦੇ ਸਾਰੇ ਹੀ ਘੋੜਿਆਂ ਤੋਂ ਲੈ ਕੇ ਟੱਟੂਆਂ ਤੱਕ ਨੂੰ ਸੋਗ ਵਜੋਂ ਮੁੰਨ ਦਿੱਤਾ ਜਾਵੇ। ਕੁਸਾਈਆਂ ਦੇ ਕੁੱਝ ਤਾਜ਼ਾ ਜਿੱਤੇ ਹੋਏ ਪਿੰਡਾਂ ਵਿਚ ਉਸਨੇ ਆਪਣੇ ਘੋੜੇ ਦੀ 'ਆਤਮਿਕ ਸ਼ਾਂਤੀ' ਲਈ ਕੁਰਬਾਨੀ ਦੇ ਰੂਪ ਵਿਚ, ਸਾਰੇ ਬਾਲਗ ਵਿਅਕਤੀਆਂ ਦੇ ਕਤਲੇਆਮ ਦਾ ਹੁਕਮ ਦੇ ਦਿੱਤਾ। ਹੈ ਨਾ ਪਾਗਲਪਣ ਦੀ ਹੱਦ? ਇਹੋ ਨਹੀਂ, ਸਗੋਂ ਉਸ ਦੇ ਕੈਂਪ ਵਿਚ ਲੰਮੇ ਸਮੇਂ ਤੱਕ ਸੰਗੀਤ ਤੇ ਪਾਬੰਦੀ ਲੱਗੀ ਰਹੀ ਅਤੇ ਘੋੜੇ ਦੇ ਮਕਬਰੇ ਲਈ ਉਸ ਨੇ ਇਕ ਬੜੀ ਭਾਰੀ ਰਕਮ ਰਾਖਵੀਂ ਕਰ ਦਿੱਤੀ। ਉਸਦੇ ਅਜਿਹੇ ਮੂਰਖਤਾਪੂਰਣ ਵਰਤਾਓ ਨੇ ਹੀ ਸਾਰੇ ਸੰਸਾਰ ਨੂੰ ਭੈਭੀਤ ਅਤੇ ਬੇਬਾਕ ਕਰ ਰੱਖਿਆ ਸੀ।
ਸਿਕੰਦਰ ਨੇ ਆਪਣੇ ਮਾਰ-ਧਾੜ ਵਾਲੇ ਅਤੇ ਤੇਜ਼ ਰਫਤਾਰ ਜੀਵਨ ਦੇ ਕੁੱਝ ਹੀ ਸਾਲਾਂ ਵਿਚ ਜੇਕਰ ਕੋਈ ਚੰਗਾ ਕੰਮ ਕੀਤਾ ਤਾਂ ਉਹ ਇਹ ਕਿ ਉਸ ਨੇ ਆਪਣੇ ਨਾਂ 'ਤੇ 17 ਦੇ ਕਰੀਬ ਨਵੇਂ ਸ਼ਹਿਰ ਵਸਾਏ, ਜਿਹੜੇ ਸਿਕੰਦਰੀਆ, ਸਿਕੰਦਰਾਬਾਦ ਆਦਿ ਨਾਵਾਂ ਨਾਲ ਅੱਜ ਵੀ ਮਸ਼ਹੂਰ ਹਨ। ਕੰਧਾਰ ਸ਼ਹਿਰ ਵੀ ਅਜਿਹੇ ਹੀ ਕਿਸੇ ਸਿਕੰਦਰ ਨਾਮੀ ਸ਼ਹਿਰ ਦਾ ਵਿਗੜਿਆ ਰੂਪ ਹੈ। ਇਨ੍ਹਾਂ ਸ਼ਹਿਰਾਂ ਨੂੰ ਪੂਰੀ ਤਰ੍ਹਾਂ ਵਿਉਂਤਬਧ ਤਰੀਕੇ ਨਾਲ ਉਲੀਕਿਆ ਗਿਆ। ਸਿਕੰਦਰੀਆ ਜੋ ਮਿਸਰ ਦੀ ਰਾਜਧਾਨੀ ਸੀ ਅਤੇ ਜਿਥੇ ਸਿਕੰਦਰ ਦਾ ਦੋਸਤ ਪਟੋਲਮੀ ਰਾਜ ਕਰਦਾ ਸੀ, ਵਿਚ ਪਿੱਛੇ ਇਕ ਸਟੇਟ ਪੱਧਰ ਦਾ ਮਿਊਜ਼ੀਅਮ ਅਤੇ ਇਕ ਲਾਇਬਰੇਰੀ ਸਥਾਪਤ ਕੀਤੀ ਗਈ। ਅਜਿਹਾ ਹੀ ਇਕ ਮਿਊਜ਼ੀਅਮ ਅਤੇ ਇਕ ਲਾਇਬਰੇਰੀ ਪਰਗਾਮਮ ਸ਼ਹਿਰ ਵਿਚ ਆਟਾਲੂ ਨੇ ਸਥਾਪਤ ਕੀਤੇ। ਇਨ੍ਹਾਂ ਵਿਚ ਦੁਰਲੱਭ ਕਿਸਮ ਦਾ ਸਾਮਾਨ ਅਤੇ ਕਿਤਾਬਾਂ ਇਕੱਠੀਆਂ ਕੀਤੀਆਂ ਗਈਆਂ। ਇਥੇ ਕਿਤਾਬਾਂ ਦੀਆਂ ਹੋਰ ਕਾਪੀਆਂ ਤਿਆਰ ਕਰਨ ਦਾ ਕੰਮ ਵੀ ਹੁੰਦਾ ਸੀ ਅਤੇ ਦੂਰੋਂ ਨੇੜਿਓਂ ਫਿਲਾਸਫਰ ਭਾਸ਼ਣ ਦੇਣ ਵੀ ਆਇਆ ਕਰਦੇ ਸਨ। ਸਿਕੰਦਰੀਆ ਦੀ ਲਾਇਬ੍ਰੇਰੀ ਆਉਣ ਵਾਲੇ ਕਿੰਨੇ ਹੀ ਸਾਲ ਯੂਨਾਨੀ ਵਿਦਿਆ ਅਤੇ ਯੂਨਾਨੀ ਸਭਿਆਚਾਰ ਦੀ ਕੇਂਦਰ ਬਣੀ ਰਹੀ।
ਆਓ ਹੁਣ ਏਥਨ ਚਲੀਏ ਅਤੇ ਵੇਖੀਏ ਕਿ ਅਰਸਤੂ ਦੀ ਮੌਤ ਤੋਂ ਬਾਅਦ ਦੇ ਸਾਲਾਂ ਵਿਚ ਉਥੇ ਫਲਸਫੇ ਦੀ ਪੱਧਰ 'ਤੇ ਕੀ ਵਾਪਰਿਆ। ਅਸੀਂ ਇਹ ਵੀ ਜਾਣਨਾ ਚਾਹਾਂਗੇ ਕਿ ਅਰਸਤੂ ਦੀਆਂ ਲਿਖਤਾਂ ਦਾ ਕੀ ਬਣਿਆ ਅਤੇ ਕਿਹੜੇ ਕਿਹੜੇ ਹੋਰ ਮਹੱਤਵਪੂਰਨ ਫਿਲਾਸਫਰ ਹੋਏ। ਸਿਆਸੀ ਪੱਧਰ 'ਤੇ ਜਿਵੇਂ ਸਿਕੰਦਰ ਦੀ ਸਲਤਨਤ ਖੇਰੂੰ ਖੇਰੂੰ ਹੋ ਗਈ, ਉਵੇਂ ਫਲਸਫੇ ਦੀ ਪੱਧਰ 'ਤੇ ਅਰਸਤੂ ਵਲੋਂ ਉਸਾਰਿਆ ਫਲਸਫੇ ਦਾ ਮਹਿਲ ਵੀ ਢਹਿ-ਢੇਰੀ ਹੋ ਗਿਆ। ਫਿਲਾਸਫਰ ਹੋਏ, ਪਰ ਉਹ ਫਲਸਫੇ ਦੇ ਢਲਦੇ ਸੂਰਜ ਦੀ ਕਹਾਣੀ ਦੇ ਪਾਤਰ ਹਨ। ਪਲੈਟੋ ਅਤੇ ਅਰਸਤੂ ਨੇ
ਆਪਣੇ ਆਪਣੇ ਖੇਤਰਾਂ ਵਿਚ ਅਜਿਹਾ ਉਚ ਪਾਇ ਦਾ ਕੰਮ ਕੀਤਾ ਸੀ ਕਿ ਕੋਈ ਉਸ ਨੂੰ ਪਾਰ ਨਹੀਂ ਲੰਘ ਸਕਿਆ। ਕਿਤੇ ਕਿਤੇ ਕੋਈ ਝਲਕ ਰੋਸ਼ਨੀ ਦੀ ਜ਼ਰੂਰ ਪੈਂਦੀ ਹੈ ਪਰ ਇਹ ਰੋਸ਼ਨੀ ਸੁਨਹਿਰੀ ਨਹੀਂ। ਇਹ ਫਲਸਫੇ ਦਾ ਚਾਂਦੀ ਯੁੱਗ ਸੀ, ਸੋਨ ਯੁੱਗ ਖਤਮ ਹੋ ਚੁੱਕਾ ਸੀ। ਏਥਨ ਵਿਚ ਹਾਲੇ ਵੀ ਬਾਹਰਲੇ ਵਿਦਿਆਰਥੀਆਂ ਦੀ ਗਹਿਮਾ-ਗਹਿਮੀ ਸੀ। ਅਰਸਤੂ ਦੀ ਮੌਤ ਤੋਂ ਬਾਅਦ ਏਥਨ ਵਿਚ ਵੱਖੋ ਵੱਖਰੇ ਮੱਤ ਪ੍ਰਚਲਤ ਹੋ ਰਹੇ ਸਨ ਜਿਨ੍ਹਾਂ ਵਿਚੋਂ ਐਪੀਕਿਊਰਸ ਦਾ ਮੱਤ ਅਤੇ ਜੀਨੋ ਦਾ ਮੱਤ ਮਹੱਤਵਪੂਰਨ ਹਨ। ਵੱਖੋ ਵੱਖਰੇ ਸਕੂਲਾਂ ਨੂੰ ਕਾਇਮ ਰੱਖਣਾ ਅਤੇ ਫਿਲਾਸਫਰਾਂ ਨੂੰ ਸੋਚਣ ਅਤੇ ਲਿਖਣ ਦੀ ਆਜ਼ਾਦੀ ਦੇਣਾ ਏਥਨਵਾਸੀਆਂ ਦੀ ਮਜਬੂਰੀ ਬਣ ਚੁੱਕਿਆ ਸੀ। ਇਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀ ਅਮੀਰਜ਼ਾਦੇ ਜਾਂ ਉਨ੍ਹਾਂ ਦੇ ਬੱਚੇ ਸਨ, ਜਿਨ੍ਹਾਂ ਨੂੰ ਖੁੱਲ੍ਹਾ ਖਰਚਾ ਮਿਲਦਾ ਸੀ। ਉਹ ਕਿਸੇ ਕਿਸਮ ਦੀ ਰੋਕ-ਟੋਕ ਨਹੀਂ ਸਨ ਸਹਿ ਸਕਦੇ। ਏਥਨ ਹੀ ਇਕੋ ਇਕ ਅਜਿਹੀ ਸ਼ਹਿਰੀ ਰਿਆਸਤ ਸੀ ਜਿਥੇ ਫਿਲਾਸਫਰ ਸੰਪੂਰਣ ਆਜ਼ਾਦੀ ਨਾਲ ਘੁੰਮ ਫਿਰ ਸਕਦੇ ਸਨ ਅਤੇ ਆਪਣੇ ਆਪਣੇ ਮੱਤ ਦਾ ਪ੍ਰਚਾਰ ਕਰ ਸਕਦੇ ਸਨ। ਇਸੇ ਕਾਰਨ ਸ਼ੁਰੂ ਤੋਂ ਹੀ ਫਿਲਾਸਫਰਾਂ ਲਈ ਏਥਨ ਖਿੱਚ ਦਾ ਕਾਰਨ ਬਣਿਆ ਹੋਇਆ ਸੀ। ਫਿਲਾਸਫਰਾਂ ਲਈ ਜੀਵਨ ਵਿਚ ਇਕ ਵਾਰ ਏਥਨ ਆਉਣਾ ਅਤੇ ਜੇ ਹੋ ਸਕੇ ਤਾਂ ਉਥੇ ਹੀ ਵਸ ਜਾਣਾ ਜ਼ਰੂਰੀ ਸਮਝਿਆ ਜਾਂਦਾ ਸੀ। ਇਕ ਵਾਰ ਏਥਨ ਵਾਸੀਆਂ ਨੇ ਅਰਸਤੂ ਦੇ ਜਾਣ ਤੋਂ ਬਾਅਦ, ਇਨ੍ਹਾਂ ਸਕੂਲਾਂ ਨੂੰ ਬੰਦ ਕਰਨ ਬਾਰੇ ਵੀ ਸੋਚਿਆ। ਉਨ੍ਹਾਂ ਨੇ ਫੈਸਲਾ ਕੀਤਾ ਕਿ ਅਸੈਂਬਲੀ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਸਕੂਲ ਨਾ ਖੋਲ੍ਹਿਆ ਜਾਵੇ ਅਤੇ ਨਾ ਹੀ ਕਿਸੇ ਮੱਤ ਦਾ ਪ੍ਰਚਾਰ ਕੀਤਾ ਜਾਵੇ। ਨਤੀਜਾ ਇਹ ਹੋਇਆ ਕਿ ਏਥਨ ਵਿਚੋਂ ਬਾਹਰਲੇ ਵਿਦਿਆਰਥੀ ਹੌਲੀ ਹੌਲੀ ਆਪਣੀਆਂ ਆਪਣੀਆਂ ਰਿਆਸਤਾਂ ਨੂੰ ਪਰਤਣੇ ਸ਼ੁਰੂ ਹੋ ਗਏ। ਇਸ ਨਾਲ ਏਥਨ ਵਾਸੀਆਂ ਦਾ ਸਾਰਾ ਕਾਰੋਬਾਰ ਹੀ ਠੱਪ ਹੋ ਗਿਆ। ਬਾਹਰਲੇ ਵਿਦਿਆਰਥੀਆਂ ਤੋਂ ਹੋਣ ਵਾਲੀ ਆਮਦਨ ਬੰਦ ਹੋ ਗਈ। ਅੰਤ ਉਨ੍ਹਾਂ ਨੂੰ ਸਾਰੇ ਸਕੂਲਾਂ ਨੂੰ ਪਹਿਲਾਂ ਵਾਂਗ ਹੀ ਆਜ਼ਾਦੀ ਨਾਲ ਕੰਮ ਕਰਨ ਦੀ ਆਗਿਆ ਦੇਣੀ ਪਈ। ਇਸ ਪਿੱਛੋਂ ਘੱਟੋ ਘੱਟ ਏਥਨ ਵਾਸੀਆਂ ਨੇ ਇਨ੍ਹਾਂ ਸਕੂਲਾਂ ਵਿਚ ਕੋਈ ਵੀ ਦਖਲਅੰਦਾਜ਼ੀ ਕਰਨ ਦੀ ਕਦੇ ਜੁਅਰਤ ਨਹੀਂ ਕੀਤੀ।
ਜਿਥੋਂ ਤੀਕ ਪਲੈਟੋ ਦੀ ਅਕੈਡਮੀ ਦਾ ਸੰਬੰਧ ਹੈ, ਕਲਪਨਾਸ਼ੀਲ ਫਿਲਾਸਫਰਾਂ ਦੀ ਘਾਟ ਨੇ ਇਸ ਮਹਾਨ ਅਦਾਰੇ ਨੂੰ ਬੇਜਾਨ ਕਰਕੇ ਰੱਖ ਦਿੱਤਾ। ਸਸਿਊਸੀਪਲ, ਜੈਨੇਕਰੇਤੀਜ਼ ਕਰੇਤੀਜ਼ ਆਦਿ ਫਿਲਾਸਫਰਾਂ ਤੋਂ ਬਾਅਦ, ਅੰਤ ਆਰਕੇਸੀਲੋ ਜੋ 315 ਪੂਰਵ ਈਸਵੀ ਵਿਚ ਪੈਦਾ ਹੋਇਆ, ਅਕੈਡਮੀ ਦਾ ਨਿਰਦੇਸ਼ਕ ਬਣਿਆ। ਉਸ ਨਲ ਅਕੈਡਮੀ ਵਿਚ ਉਹ ਗੱਲਾਂ ਪੜ੍ਹਾਈਆਂ ਜਾਣ ਲੱਗੀਆਂ ਜਿਨ੍ਹਾਂ ਦੇ ਪਲੈਟੋ ਖੁਦ ਬੁਰੀ ਤਰ੍ਹਾਂ ਉਲਟ ਹੁੰਦਾ ਸੀ। ਉਹ ਸ਼ੰਕਾਵਾਦੀ ਮੱਤ ਦਾ ਪ੍ਰਚਾਰਕ ਸੀ। ਪਲੈਟੋ ਨੇ ਆਪਣੇ ਸਮੇਂ ਦੇ ਸ਼ੰਕਾਵਾਦੀ ਮੱਤ ਦੇ ਫਿਲਾਸਫਰ  ਗੋਰਗੀਆ ਦੇ ਵਿਚਾਰਾਂ ਦਾ ਜ਼ੋਰਦਾਰ ਖੰਡਨ ਕੀਤਾ ਸੀ। ਪਰ ਹੁਣ ਉਸ ਦੀ ਆਪਣੀ ਅਕੈਡਮੀ ਵਿਚ ਉਹੀ ਮੱਤ ਪ੍ਰਚਾਰਿਆਂ ਜਾ ਰਿਹਾ ਸੀ।
ਆਰਕੇਸੀਲੋ ਦੀ ਮੌਤ ਤੋਂ ਬਾਅਦ ਲਗਭਗ 75 ਸਾਲ ਤੱਕ ਅਕੈਡਮੀ ਨੇ ਕੋਈ ਗਿਣਨਯੋਗ ਫਿਲਾਸਫਰ ਪੈਦਾ ਨਹੀਂ ਕੀਤਾ। ਫਿਰ ਅਚਾਨਕ ਕਾਰਨੀਆਦੀਸ (213 ਤੋਂ 129 ਪੂਰਵ ਈਸਵੀ) ਦਾ ਨਾਮ ਸਾਹਮਣੇ ਆਉਂਦਾ ਹੈ ਪਰ ਉਸਦੇ ਵਿਚਾਰ ਪਲੈਟੋ ਤੋਂ ਐਨੇ ਪਾਸੇ ਚਲੇ ਗਏ ਕਿ ਉਸ ਨੂੰ ਅਕੈਡਮੀ ਦੇ ਨਿਰਦੇਸ਼ਕ ਦੀ ਥਾਂ ਨਵੀਂ ਅਕੈਡਮੀ ਦਾ ਮੋਢੀ ਕਿਹਾ ਜਾਣ ਲੱਗਾ। ਕਾਰਨੀਆਦੀਸ ਵੀ ਸ਼ੰਕਾਵਾਦੀ ਵਿਚਾਰਾਂ ਦਾ ਧਾਰਣੀ ਸੀ। ਉਸਨੇ ਆਪਣੀ ਸਾਰੀ ਉਮਰ ਆਪਣੇ ਸਮਕਾਲੀ ਫਿਲਾਸਫਰਾਂ ਦੇ ਵਿਚਾਰਾਂ ਦਾ ਖੰਡਨ ਕਰਨ ਵਿਚ ਲਾ ਦਿੱਤੀ। ਉਂਜ ਉਹ ਬੁਲਾਰਾ ਬਹੁਤ ਵਧੀਆ ਸੀ। ਅਰਸਤੂ ਦੇ ਲਾਈਕਿਉਮ ਵਿਚ ਹਾਲਾਤ ਵਖਰੇ ਨਹੀਂ ਸਨ। ਜਿਵੇਂ ਪਲੈਟੋ ਦੀ ਅਕੈਡਮੀ ਗ਼ਲਤ ਹੱਥਾਂ ਵਿਚ ਜਾ ਕੇ ਆਪਣਾ ਮਹੱਤਵ ਗੁਆ ਬੈਠੀ ਸੀ, ਉਵੇਂ ਅਰਸਤੂ ਦੇ ਲਾਈਕਿਊਮ ਦਾ ਪ੍ਰਬੰਧ ਵੀ ਪਹਿਲਾਂ ਥੀਓਫਰੇਤੁਸ ਦੇ ਹੱਥਾਂ ਵਿਚ ਗਿਆ। ਉਸਨੇ ਆਪਣੇ ਗੁਰੂ ਅਰਸਤੂ ਦੀਆਂ ਕਿਰਤਾਂ ਦੀ ਸੰਭਾਲ ਦੇ ਨਾਲ ਨਾਲ ਗੁਰੂ ਵਾਂਗ ਹਰ ਵਿਸ਼ੇ 'ਤੇ ਖੋਜ ਕੀਤੀ, ਪਰ ਕੁਝ ਨਵਾਂ ਨਹੀਂ ਸਿਰਜ ਸਕਿਆ। ਆਪਣੇ ਪਿੱਛੋਂ ਉਸ ਨੇ ਅਰਸਤੂ ਦੀਆਂ ਕਿਤਾਬਾਂ ਨੂੰ ਆਪਣੇ ਇਕ ਸ਼ਿਸ਼ ਨੀਲੀਅਸ ਨੂੰ ਸੌਂਪ ਦਿੱਤਾ। ਨੀਲੀਅਸ ਦੇ ਮਰਨ ਪਿੱਛੋਂ ਇਹ ਪਰਗਾਮਮ ਦੀ ਰਿਆਸਤ ਪੂਰੀ ਤਰ੍ਹਾਂ ਸਥਾਪਤ ਹੋ ਚੁੱਕੀ ਸੀ। ਨੀਲੀਅਸ ਦੇ ਵਾਰਸ ਡਰਦੇ ਸਨ ਕਿ ਪਰਗਾਮਮ ਦਾ ਰਾਜਾ ਆਪਣੀ ਸ਼ਾਹੀ ਲਾਇਬ੍ਰੇਰੀ ਲਈ ਅਰਸਤੂ ਦੀਆਂ ਪੁਸਤਕਾਂ ਨੂੰ ਕਿਤੇ ਖੋਹ ਨਾ ਲਵੇ। ਸੋ ਉਨ੍ਹਾਂ ਨੇ ਇਨ੍ਹਾਂ ਕਿਰਤਾਂ ਨੂੰ ਇਕ ਤਹਿਖਾਨੇ ਵਿਚ ਲੁਕੋ ਦਿੱਤਾ। ਡੇਢ ਸੌ ਸਾਲ ਇਹ ਕਿਰਤਾਂ ਉਥੇ ਹੀ ਪਈਆਂ ਰਹੀਆਂ। ਪਿੱਛੋਂ ਬੜੀ ਮੰਦੀ ਹਾਲਤ ਵਿਚ, ਉਨ੍ਹਾਂ ਦੇ ਪੁੱਤ-ਪੋਤਰਿਆਂ ਨੇ ਇਨ੍ਹਾਂ ਕਿਰਤਾਂ ਨੂੰ ਭਾਰੀ ਰਕਮਾਂ ਬਦਲੇ ਦੀਐਸ ਵਾਸੀ ਅਪੈਲੀਕੋਨ ਕੋਲ ਵੇਚ ਦਿੱਤਾ।
ਅਪੈਲੀਕੋਨ ਉਸ ਸਮੇਂ ਦਾ ਇਕ ਵਪਾਰੀ ਸੀ ਜਿਸ ਨੂੰ ਪੁਰਾਣੇ ਖਰੜੇ ਇਕੱਠੇ ਕਰਨ ਦਾ ਸ਼ੌਕ ਸੀ। ਫਿਰ ਜਦੋਂ 86 ਪੂਰਵ ਈਸਵੀ ਨੂੰ ਰੋਮਨਾਂ ਨੇ ਏਥਨ ਨੂੰ ਪੂਰੀ ਤਰ੍ਹਾਂ ਆਪਣੇ ਅਧੀਨ ਕਰ ਲਿਆ ਤਾਂ ਅਰਸਤੂ ਦੀਆਂ ਇਨ੍ਹਾਂ ਕਿਰਤਾਂ ਨੂੰ ਸੁੱਲਾ ਨੇ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਪਿੱਛੋਂ ਹੀ ਇਨ੍ਹਾਂ ਲਿਖਤਾਂ ਤੇ ਕੰਮ ਸ਼ੁਰੂ ਹੋਇਆ।
ਇਸ ਸਮੇਂ ਤੱਕ ਲਾਈਕਿਊਮ ਦੇ ਫਿਲਾਸਫਰਾਂ ਦਾ ਵਿਗਿਆਨ ਪ੍ਰਤੀ ਜੋਸ਼ ਬਿਲਕੁਲ ਖਤਮ ਹੋ ਚੁੱਕਾ ਸੀ, ਅਤੇ ਲਾਈਕਿਊਮ ਵਿਚ ਵੀ ਸਮਕਾਲੀ ਨੈਤਿਕਤਾ ਨੂੰ ਹੀ ਥਾਂ ਦਿੱਤੀ ਜਾਂਦੀ ਸੀ। ਥੀਓਫਰੇਤੁਸ ਤੋਂ ਬਾਅਦ ਲਾਈਕਿਊਮ ਦਾ ਮੁਖੀ ਸਤਰਾਤੋ ਬਣਿਆ ਜਿਸਨੇ ਉਸ ਵਾਂਗ ਹੀ ਵਿਗਿਆਨਕ ਖੋਜ ਜਾਰੀ ਰੱਖੀ ਪਰ ਉਸ ਤੋਂ ਬਾਅਦ ਚਹਿਲ ਕਦਮ ਫਿਲਾਸਫਰਾਂ ਦਾ ਵਿਗਿਆਨ ਪ੍ਰਤੀ ਜੋਸ਼ ਮੱਠਾ ਪੈਣ ਲੱਗਾ। ਉਂਜ ਵੀ ਜਿਨ੍ਹਾਂ ਫਿਲਾਸਫਰਾਂ ਨੇ ਅਰਸਤੂ ਦੇ ਖਰੜਿਆਂ ਨੂੰ ਹੀ ਢਾਈ-ਤਿੰਨ ਸੌ ਸਾਲ ਹਵਾ ਨਹੀਂ ਲੱਗਣ ਦਿੱਤੀ, ਉਨ੍ਹਾਂ ਪਾਸੋਂ ਹੋਰ ਆਸ ਵੀ ਕੀ ਰੱਖੀ ਜਾ ਸਕਦੀ ਸੀ।
ਅਰਸਤੂ ਤੋਂ ਬਾਅਦ ਜਿਹੜੇ ਹੋਰ ਮੱਤ ਏਥਨ ਵਿਚ ਪ੍ਰਚੱਲਤ ਹੋਏ ਉਨ੍ਹਾਂ ਵਿਚ ਸਭ ਤੋਂ ਪਹਿਲਾ ਅਤੇ ਮੱਹਤਵਪੂਰਨ ਮੱਤ ਐਪੀਕਿਊਰਸ ਦਾ ਸੀ। 323 ਪੂਰਵ ਈਸਵੀ ਵਿਚ ਜਦੋਂ ਅਰਸਤੂ ਦੀ ਮੌਤ ਹੋਈ ਤਾਂ ਉਸ ਸਮੇਂ ਐਪੀਕਿਊਰਸ ਵੀਹ ਸਾਲ ਦਾ ਸੀ। ਉਸਦਾ ਪਿਤਾ ਇਕ ਸਕੂਲ ਮਾਸਟਰ ਸੀ। ਰਹਿਣ ਵਾਲਾ ਭਾਵੇਂ ਉਹ ਏਥਨ ਦਾ ਹੀ ਸੀ ਪਰ ਉਹ ਸਮੋਸ ਦੇ ਜ਼ਜੀਰੇ 'ਤੇ ਜਾ ਵਸਿਆ ਸੀ।
ਐਪਕਿਉਰਸ ਦਾ ਜਨਮ ਵੀ ਉਥੇ ਹੀ 341 ਜਾਂ 342 ਪੂਰਵ ਈਸਵੀ ਨੂੰ ਹੋਇਆ। ਐਪੀਕਿਊਰਸ ਆਪਣੇ ਆਪ ਬਾਰੇ ਦੱਸਦਾ ਹੈ ਕਿ ਉਸਨੇ ਕਿਸੇ ਕੋਲੋਂ ਵਿਦਿਆ ਪ੍ਰਾਪਤ ਨਹੀਂ ਕੀਤੀ। ਉਹ ਜੋ ਕੁਝ ਵੀ ਸਿਖਿਆ, ਉਹ ਉਸਦੀ
ਆਪਣੀ ਮਿਹਨਤ ਦਾ ਫਲ ਹੈ। ਪਰ ਪਰੰਪਰਾ ਤੋਂ ਪਤਾ ਚਲਦਾ ਹੈ ਕਿ ਡੈਮੋਕਰਾਈਟਸ ਅਤੇ ਪਲੈਟੋ ਦੇ ਫਲਸਫਿਆਂ ਬਾਰੇ ਉਸਨੇ ਕਈ ਫਿਲਾਸਫਰਾਂ ਪਾਸੋਂ ਵਿਦਿਆ ਪ੍ਰਾਪਤ ਕੀਤੀ। ਕੁਝ ਸਮੇਂ ਲਈ ਉਹ ਜੈਨੋਕਰੇ ਤੀਜ਼ ਦਾ ਸ਼ਿਸ਼ ਬਣਕੇ ਅਕੈਡਮੀ ਵਿਚ ਵੀ ਰਿਹਾ। ਫਿਰ ਏਸ਼ੀਆ ਮਾਈਨਰ ਦੇ ਕਈ ਸਕੂਲਾਂ ਵਿਚ ਪੜ੍ਹਾਉਣ ਤੋਂ ਬਾਅਦ ਉਹ 306 ਪੂਰਵ ਈਸਵੀ ਨੂੰ ਏਥਨ ਆ ਗਿਆ। ਏਥਨ ਵਿਚ ਉਸਨੇ ਇਕ ਬਾਗ ਖਰੀਦਿਆ, ਜਿਸ ਵਿਚ ਉਸਨੇ ਅਕੈਡਮੀ ਅਤੇ ਲਾਈਕਿਊਮ ਦੇ ਮੁਕਾਬਲੇ ਤੇ ਆਪਣਾ ਵੱਖਰਾ ਸਕੂਲ ਖੋਲ੍ਹਿਆ। ਇਤਿਹਾਸ ਵਿਚ ਇਹੋ ਬਾਗ ''ਐਪੀਕਿਊਰਸ ਦਾ ਬਾਗ'' ਕਰਕੇ ਜਾਣਿਆ ਜਾਂਦਾ ਹੈ। ਏਥਨ ਵਿਚ ਸ਼ਿਸ਼ਾਂ ਦੀ ਘਾਟ ਨਹੀਂ ਸੀ, ਸੋ ਉਸ ਦੁਆਲੇ ਵੀ ਸ਼ਿਸ਼ਾਂ ਦੀ ਭੀੜ ਜਮ੍ਹਾਂ ਹੋ ਗਈ। ਕਹਿੰਦੇ ਹਨ ਕਿ ਬਾਗ ਦੁਆਲੇ ਉਸਨੇ ਇਕ ਉਚੀ ਕੰਧ ਉਸਾਰ ਲਈ ਅਤੇ ਸਦਾ ਉਸ ਚਾਰਦੀਵਾਰੀ ਦੇ ਅੰਦਰ ਹੀ ਰਿਹਾ। ਉੱਚੀ ਕੰਧ ਦੁਆਰਾ ਵਲ੍ਹਿਆ ਇਹ ਬਾਗ ਉਸ ਲਈ ਖੁਸ਼ੀ ਅਤੇ ਅਨੰਦ ਦਾ ਚਿੰਨ੍ਹ ਬਣ ਗਿਆ। ਉਸਦੇ ਫਲਸਫੇ ਦਾ ਮੁੱਖ ਉਦੇਸ਼ ਵੀ ਇਹੋ ਸੀ। ਮਨੁੱਖ ਨੂੰ ਆਪਣੇ ਹੀ ਮਨ ਦੇ ਸ਼ਾਂਤ ਅਤੇ ਸਕੂਨ ਭਰੇ ਬਾਗ ਅੰਦਰ ਰਹਿ ਕੇ ਖੁਸ਼ੀ ਦੀ ਤਲਾਸ਼ ਕਰਨੀ ਚਾਹੀਦੀ ਹੈ। ਮਰਨ ਤੱਕ ਉਸਨੇ ਆਪਣੇ ਸ਼ਿਸ਼ਾਂ ਨੂੰ ਇਹੋ ਸਿੱਖਿਆ ਦਿੱਤੀ। ਉਸ ਦੀ ਮੌਤ 270 ਪੂਰਵ ਈਸਵੀ ਨੂੰ ਇਕ ਲੰਮੀ ਅਤੇ ਦੁਖਦਾਈ ਬੀਮਾਰੀ ਕਾਰਨ ਹੋਈ। ਕਹਿੰਦੇ ਹਨ ਕਿ ਇਸ ਬੀਮਾਰੀ ਨੂੰ ਉਸ ਨੇ ਉਸੇ ਸ਼ਾਂਤ ਅਤੇ ਧੀਰਜ ਮਨ ਨਾਲ ਜਰਿਆ, ਜਿਸਦਾ ਉਹ ਪ੍ਰਚਾਰ ਕਰਿਆ ਕਰਦਾ ਸੀ। ਆਪਣੇ ਜੀਵਨ ਕਾਲ ਵਿਚ ਉਸਨੇ ਅਨੇਕਾਂ ਕਿਤਾਬਾਂ ਲਿਖੀਆਂ ਪਰ ਉਹ ਸਾਰੀਆਂ ਇਤਿਹਾਸ ਦੇ ਖਾਮੋਸ਼ ਹਨ੍ਹੇਰੇ ਦੀ ਭੇਂਟ ਚੜ੍ਹ ਗਈਆਂ। ਜੋ ਕੁੱਝ ਥੋੜ੍ਹਾ ਬਹੁਤ ਬਚਿਆ, ਉਹ ਮਹੱਤਵਪੂਰਨ  ਨਹੀਂ। ਏਥਨ ਵਿਚ ਉਸ ਦੇ ਅਣਗਿਣਤ ਸ਼ਿਸ਼ਾਂ ਨੇ ਉਸ ਦੇ ਮੱਤ ਨੂੰ ਜਿੰਦਾ ਰੱਖਿਆ। ਉਸਦੀ ਮੌਤ ਪਿੱਛੇ ਐਪੀਕਿਊਰਸ ਮੱਤ ਵਧੇਰੇ ਰੋਮ ਵਿਚ ਪ੍ਰਚੱਲਤ ਹੋਇਆ। ਰੋਮ ਵਿਚ ਉਸ ਦਾ ਸਭ ਤੋਂ ਮਹੱਤਵਪੂਰਨ ਸ਼ਿਸ਼ ਲੁਕਰੀਸ਼ੀਅਸ ਹੋਇਆ ਜਿਸ ਨੇ ਇਸ ਮੱਤ ਤੋਂ ਪ੍ਰਭਾਵਿਤ ਹੋ ਕੇ ਇਕ ਲੰਮੀ ਕਵਿਤਾ ਲਿਖੀ, ''ਵਸਤੂਆਂ ਦੇ ਖਾਸੇ ਬਾਰੇ।'' ਉਸ ਨੇ ਇਹ ਕਵਿਤਾ ਪਹਿਲੀ ਸਦੀ ਪੂਰਵ ਈਸਵੀ ਦੇ ਪਹਿਲੇ ਅੱਧ ਵਿਚ ਕਿਸੇ ਸਮੇਂ ਲਿਖੀ।
ਲੁਕਰੀਸ਼ੀਅਸ ਨੂੰ ਵੀ ਸਰੀਰਕ ਬੀਮਾਰੀਆਂ ਨੇ ਇੰਨਾ ਸਤਾ ਰੱਖਿਆ ਸੀ ਕਿ ਚਾਲੀ ਸਾਲ ਦੀ ਉਮਰ ਵਿਚ ਹੀ ਇਨ੍ਹਾਂ ਬੀਮਾਰੀਆਂ ਤੋਂ ਤੰਗ ਆ ਕੇ ਉਸਨੇ ਆਤਮ ਹੱਤਿਆ ਕਰ ਲਈ। ਉਸ ਦੀ ਇਹ ਕਵਿਤਾ ਐਪੀਕਿਊਰਸ ਮੱਤ ਦਾ ਇਕ ਕਲਾਸਕੀ ਦਸਤਾਵੇਜ਼ ਹੈ।
ਏਥਨ ਵਿਚ ਪ੍ਰਚੱਲਤ ਹੋਣ ਵਾਲਾ ਦੂਸਰਾ ਸਟੋਆ ਮੱਤ ਸੀ, ਜਿਸਦਾ ਬਾਨੀ ਫਿਲਾਸਫਰ ਸਾਈਪ੍ਰਸ (ਕਿਪਰੂ) ਵਾਸੀ ਜੀਨੋ ਸੀ। ਜੀਨੋ ਇਕ ਵਪਾਰੀ ਸੀ, ਜਿਹੜਾ ਘੁੰਮਦਾ ਘੁੰਮਦਾ 320 ਪੂਰਵ ਈਸਵੀ ਨੂੰ ਏਥਨ ਆਇਆ। ਆਉਂਦਿਆਂ ਹੀ ਉਹ ਜੈਨੋਕਰੇਤੀਜ ਦਾ ਸ਼ਿਸ਼ ਬਣ ਗਿਆ। ਕੁੱਝ ਦੇਰ ਉਹ ਸ਼ੰਕਾਵਾਦੀ ਮੱਤ ਦੇ ਪ੍ਰਭਾਵ ਅਧੀਨ ਵੀ ਰਿਹਾ। ਵੀਹ ਸਾਲ ਦੇ ਅਧਿਐਨ ਬਾਅਦ ਉਸ ਨੇ ਆਪਣਾ ਮੱਤ ਪ੍ਰਚਾਰਨ ਦੀ ਸੋਚੀ ਅਤੇ ਬੀਮਾ ਦੀ ਕਤਾਰ ਵਾਲੀ ਰੰਗਦਾਰ ਸਟੋਆ ਨਾਮੀ ਇਮਾਰਤ ਵਿਚ ਆਪਣੇ ਸ਼ਿਸ਼ਾਂ ਨੂੰ ਪ੍ਰਵਚਨ ਦੇਣ ਲੱਗਾ। ਇਸੇ ਇਮਾਰਤ ਦੇ ਨਾਮ ਤੇ ਉਸਦੇ ਫਲਸਫੇ ਨੂੰ ਸਟੋਆ ਮੱਤ ਕਰਕੇ ਜਾਣਿਆ ਜਾਣ ਲੱਗਾ। ਥੋੜ੍ਹੇ ਸਮੇਂ ਵਿਚ ਹੀ ਏਥਨ ਅਤੇ ਏਥਨ ਤੋਂ ਬਾਹਰ ਸਟੋਆ ਮੱਤ ਨੂੰ ਮੰਨਣ ਵਾਲਿਆਂ ਦੀ ਅੰਕ ਵਧਣ ਲੱਗੀ। ਜੀਨੋ ਦੇ ਪੈਰੋਕਾਰਾਂ ਨੇ ਉਸ ਵਲੋਂ ਸ਼ੁਰੂ ਕੀਤਾ ਸਕੂਲ ਹੀ ਕਾਇਮ ਨਹੀਂ ਰੱਖਿਆ, ਸਗੋਂ ਉਸ ਦੇ ਮੱਤ ਨੂੰ ਹੋਰ ਵਧੇਰੇ ਪ੍ਰਫੁੱਲਤ ਵੀ ਕੀਤਾ।
ਜ਼ੀਨੋ ਦੇ ਪ੍ਰਭਾਵਸ਼ਾਲੀ ਵਿਅਕਤੀਤਵ ਸਦਕਾ ਦੂਰ-ਦੂਰ ਤੱਕ ਲੋਕ ਉਸ ਦੀ ਇੱਜ਼ਤ ਕਰਦੇ ਸਨ। ਉਸ ਦੀ ਮੌਤ ਕਦੋਂ ਹੋਈ, ਇਸ ਬਾਰੇ ਕੁੱਝ ਪਤਾ ਨਹੀਂ, ਪਰ ਕਿਹਾ ਜਾਂਦਾ ਹੈ ਕਿ ਇਕ ਵਾਰੀ ਉਹ ਸਰੀਰਕ ਤੌਰ 'ਤੇ ਅਜਿਹਾ ਘਾਇਲ ਹੋਇਆ ਕਿ ਉਸਨੂੰ ਆਪਣਾ ਅੰਤ ਨੇੜੇ ਆ ਗਿਆ ਜਾਪਿਆ। ਉਹ ਆਪਣੇ ਅੰਤ ਨੂੰ ਲਮਕਾਉਣਾ ਨਹੀਂ ਸੀ ਚਾਹੁੰਦਾ, ਸੋ ਉਸਨੇ ਆਤਮ-ਹੱਤਿਆ ਕਰ ਲਈ।
ਬੁਨਿਆਦੀ ਤੌਰ ਤੇ ਜ਼ੀਨੋ ਦਾ ਫਲਸਫਾ ਵੀ ਖੁਸ਼ੀ ਨੂੰ ਹੀ ਜੀਵਨ ਦਾ ਉਦੇਸ਼ ਮੰਨਦਾ ਹੈ, ਪਰ ਖੁਸ਼ੀ ਕੀ ਹੈ? ਅਤੇ ਇਸ ਨੂੰ ਹਾਸਲ ਕਰਨ ਦਾ ਢੰਗ ਕਿਹੜਾ ਹੈ? ਇਨ੍ਹਾਂ ਪ੍ਰਸ਼ਨਾਂ ਦਾ ਉਤਰ ਉਸਨੂੰ ਐਪੀਕਿਊਰਸ ਦੇ ਫਲਸਫੇ ਤੋਂ ਵੱਖਰੇ ਰੂਪ ਵਿਚ ਸਥਾਪਤ ਕਰਦਾ ਹੈ। ਜ਼ੀਨੋ ਨਿਸ਼ਚਿਤਤਾਵਾਦ ਵਿਚ ਵਿਸ਼ਵਾਸ ਰੱਖਦਾ ਸੀ। ਜੋ ਕੁੱਝ ਹੋਣਾ ਹੈ, ਉਹ ਹੋ ਕੇ ਰਹਿਣਾ ਹੈ, ਉਸਨੂੰ ਕੋਈ ਨਹੀਂ ਟਾਲ ਸਕਦਾ। ਕਹਿੰਦੇ ਹਨ ਕਿ ਜੀਨੋ ਇਕ ਵਾਰ ਆਪਣੇ ਗੁਲਾਮ ਨੂੰ, ਉਸ ਦੀ ਕਿਸੇ ਗਲਤੀ ਬਦਲੇ, ਕੁਟਾਪਾ ਚਾੜ੍ਹ ਰਿਹਾ ਸੀ ਤਾਂ ਗੁਲਾਮ ਨੇ ਕਿਹਾ, ''ਮਾਲਕ, ਇਹ ਗਲਤੀ ਤਾਂ ਮੈਥੋਂ ਹੋਣੀ ਸੀ, ਕਿਉਂਕਿ ਤੁਹਾਡੇ ਫਲਸਫੇ ਅਨੁਸਾਰ ਜੋ ਹੋਣਾ ਹੈ ਉਹ ਹੋ ਕੇ ਰਹਿਣਾ ਹੈ, ਫਿਰ ਇਹ ਕੁਟਾਪਾ ਕਿਸ ਗੱਲੋਂ?'' ਤਾਂ ਜ਼ੀਨੋ ਨੇ ਆਪਣੇ ਸ਼ਾਂਤ ਸੁਭਾ ਸਹਿਜ ਨਾਲ ਉਤਰ ਦਿੱਤਾ, ''ਫਲਸਫੇ ਅਨੁਸਾਰ ਤੈਨੂੰ ਕੁਟਾਪਾ ਵੀ ਚੜ੍ਹਨਾ ਹੀ ਸੀ।''
ਅਰਸਤੂ ਤੋਂ ਬਾਅਦ ਦੇ ਦੌਰ ਵਿਚ ਯੂਨਾਨੀ ਫਲਸਫੇ ਅੰਦਰ ਭਾਰਤੀ ਫਲਸਫੇ ਦੇ ਅੰਸ਼ ਜ਼ਾਹਿਰਾ ਰੂਪ ਵਿਚ ਦਿਖਾਈ ਦੇਣ ਲੱਗੇ ਸਨ। ਸਿਕੰਦਰ ਭਾਰਤ ਨੂੰ ਜਿੱਤਣਾ ਚਾਹੁੰਦਾ ਸੀ। ਉਹ ਤਾਂ ਹੋ ਨਹੀਂ ਸਕਿਆ, ਪਰ ਭਾਰਤੀ ਫਲਸਫੇ ਨੇ ਯੂਨਾਨੀ ਫਲਸਫੇ ਨੂੰ ਜ਼ਰੂਰ ਜਿੱਤ ਲਿਆ ਲਗਦਾ ਸੀ। ਜ਼ੀਨੋ ਦੀ ਮੌਤ ਬਾਅਦ ਸਟੋਆ ਮੱਤ ਨੇ ਅਜਿਹਾ ਫੈਲਣਾ ਅਰੰਭਿਆ ਕਿ ਕੁਝ ਸਮੇਂ ਵਿਚ ਲਗਭਗ ਸਾਰੇ ਦੇ ਸਾਰੇ ਫਿਲਾਸਫਰ ਆਪਣੇ ਆਪ ਨੂੰ ਸਟੋਆ ਮੱਤ ਦੇ ਪੈਰੋਕਾਰ ਮੰਨਣ ਲੱਗ ਪਏ। ਦੂਸਰੀ ਸਦੀ ਪੂਰਵ ਈਸਵੀ ਤੱਕ ਇਹ ਮੱਤ ਸਾਰੇ ਯੂਨਾਨ ਵਿਚ ਹੀ ਨਹੀਂ ਸਗੋਂ ਯੂਨਾਨ ਤੋਂ ਲੈ ਕੇ ਬੋਬੀਲੋਨ ਤੱਕ ਫੈਲ ਗਿਆ। ਪਰਗਾਮਮ ਦੀ ਲਾਇਬ੍ਰੇਰੀ ਦੇ ਮੁਖੀ ਕਰੇਤੀਜ਼ ਨੇ ਜਦੋਂ 149 ਪੂਰਵ ਈਸਵੀ ਵਿਚ ਰੋਮ ਦਾ ਦੌਰਾ ਕੀਤਾ ਤਾਂ ਉਸਨੇ ਇਸ ਮੱਤ ਦੀ ਜਾਣ-ਪਛਾਣ ਰੋਮ ਦੇ ਬੁੱਧੀਜੀਵੀਆਂ ਨਾਲ ਵੀ ਕਰਵਾ ਦਿੱਤੀ।
ਇਥੇ ਇਕ ਹੋਰ ਘਟਨਾ ਦਾ ਜ਼ਿਕਰ ਬੇਲੋੜਾ ਨਹੀਂ ਹੋਵੇਗਾ। ਹੋਇਆ ਇਹ ਕਿ ਏਥਨ ਵਾਸੀਆਂ ਨੇ 155 ਪੂਰਵ ਈਸਵੀ ਵਿਚ ਸ਼ਹਿਰੀ ਰਿਆਸਤ ਐਰੋਪਸ 'ਤੇ ਹਮਲਾ ਕਰਕੇ ਉਸਨੂੰ ਜਿੱਤ ਲਿਆ ਅਤੇ ਖੂਬ ਲੁੱਟਮਾਰ ਕੀਤੀ। ਐਰੋਪਸ ਨੇ ਰੋਮਨ ਸੈਨੇਟ ਕੋਲ ਸ਼ਿਕਾਇਤ ਕੀਤੀ ਤਾਂ ਰੋਮਨ ਵਿਚੋਲਿਆਂ ਨੇ ਏਥਨ ਨੂੰ ਭਾਰੀ ਜੁਰਮਾਨਾ ਕਰ ਦਿੱਤਾ। ਇਸ ਜੁਰਮਾਨੇ ਨੂੰ ਮੁਆਫ ਕਰਵਾਉਣ ਲਈ ਏਥਨ ਵਾਸੀਆਂ ਨੇ ਲਾਈਕਿਊਮ ਦੇ ਉਸ ਸਮੇਂ ਦੇ ਮੁਖੀ ਕਰਾਈਤੋਲੋ, ਅਕੈਡਮੀ ਦੇ ਮੁਖੀ ਕਾਰਨੀਆਦੀਸ ਅਤੇ ਇਨ੍ਹਾਂ ਦੇ ਨਾਲ ਸਟੋਆ ਸਕੂਲ ਦੇ ਮੁਖੀ ਡਾਇਉਜਿਨੀਜ਼ ਨੂੰ ਸਫੀਰ ਬਣਾ ਕੇ ਰੋਮ ਭੇਜਿਆ। ਜ਼ਾਹਿਰ ਹੈ ਕਿ ਸਿਆਸੀ ਪੱਧਰ ਤੇ ਫਿਲਾਸਫਰਾਂ ਦੀ ਜ਼ਰੂਰ ਪੁੱਛ-ਪ੍ਰਤੀਤ ਸੀ। ਜਦੋਂ ਫੈਸਲਾ ਰੋਮਨ ਸੈਨੇਟ ਦੇ ਵਿਚਾਰ ਅਧੀਨ ਸੀ ਤਾਂ ਇਨ੍ਹਾਂ ਤਿੰਨਾਂ ਫਿਲਾਸਫਰਾਂ ਦੀ ਜ਼ਰੂਰ ਪੁੱਛ-ਪ੍ਰਤੀਤ ਸੀ। ਇਨ੍ਹਾਂ ਤਿੰਨਾਂ ਫਿਲਾਸਫਰਾਂ ਨੇ ਮੌਕੇ ਤੋਂ ਫਾਇਦਾ ਉਠਾਉਂਦਿਆਂ ਆਪਣੇ ਆਪਣੇ ਮੱਤ ਨੂੰ ਪ੍ਰਚਾਰਨ ਲਈ ਜਨਤਕ ਭਾਸ਼ਣ ਦੇਣੇ ਸ਼ੁਰੂ ਕਰ ਦਿੱਤੇ। ਡਾਇਓਜਿਨੀਜ਼ ਨੂੰ ਕੋਈ ਮੁਸ਼ਕਲ ਪੇਸ਼ ਨਹੀਂ ਆਈ, ਕਿਉਂਕਿ ਕਰੇਤੀਜ਼ ਪਹਿਲੋਂ ਹੀ ਸਟੋਆ ਮੱਤ ਨੂੰ ਰੋਮ ਵਿਚ ਮਾਨਤਾ ਦੁਆ ਚੁਕਿਆ ਸੀ। ਕਾਰਨੀਆਦੀਸ ਬੁਲਾਰਾ ਬੜਾ ਵਧੀਆ ਸੀ,
ਜਿਸ ਕਰਕੇ ਭਾਰੀ ਗਿਣਤੀ ਵਿਚ ਲੋਕ ਉਸ ਦੁਆਲੇ ਇਕੱਠੇ ਹੋ ਜਾਂਦੇ ਸਨ। ਇਨ੍ਹਾਂ ਦੀ ਵਧ ਰਹੀ ਪ੍ਰਸਿੱਧੀ ਨੂੰ ਵੇਖ ਕੇ ਰੋਮਨ ਜਰਨੈਲ ਅਤੇ ਉਚ ਸਰਕਾਰੀ ਅਹੁਦੇ 'ਤੇ ਸੈਂਸਰ ਵਜੋਂ ਤਾਇਨਾਤ ਕਾਤੋ ਨੇ ਖਤਰਾ ਭਾਂਪ ਲਿਆ। ਉਸਨੂੰ ਲੱਗਾ ਕਿ ਇਹ ਲੋਕ ਤਾਂ ਰੋਮਨ ਕਦਰਾਂ ਕੀਮਤਾਂ ਨੂੰ 'ਖੱਸੀ' ਕਰਨ 'ਤੇ ਤੁਲੇ ਹੋਏ ਹਨ ਅਤੇ ਨੌਜਵਾਨ ਨਸਲ ਨੂੰ ਗੁੰਮਰਾਹ ਕਰ ਰਹੇ ਹਨ। ਉਸ ਨੇ ਸੈਨੇਟ 'ਤੇ ਜ਼ੋਰ ਪਾ ਕੇ ਇਨ੍ਹਾਂ ਨੂੰ ਰੋਮ ਵਿਚੋਂ ਛੇਤੀ ਹੀ ਚਲਦਾ ਕਰਵਾ ਦਿੱਤਾ। ਪਰ ਫਿਲਾਸਫਰ ਆਪਣਾ ਕਮਾਲ ਵਿਖਾ ਆਏ ਸਨ।
146 ਪੂਰਵ ਈਸਵੀ ਵਿਚ ਰੋਮਨਾਂ ਨੇ ਤਿੰਨ ਲੰਮੀਆਂ ਜੰਗਾਂ ਤੋਂ ਬਾਅਦ ਕਾਰਥੇਗਾਂ ਨੂੰ ਹਰਾ ਦਿੱਤਾ। ਉਸ ਸਮੇਂ ਕਾਰਥੇਗਾਂ ਕੋਲ ਹੀ ਰੋਮਨਾਂ ਦੇ ਮੁਕਾਬਲੇ ਦੀ ਫੌਜ ਸੀ। ਇਨ੍ਹਾਂ ਜੰਗਾਂ ਨੂੰ ਇਤਿਹਾਸ ਵਿਚ ਪਿਉਨਿਕ ਜੰਗਾਂ ਕਿਹਾ ਜਾਂਦਾ ਹੈ। ਪਹਿਲੀ ਪਿਉਨਿਕ ਜੰਗ 264 ਪੂਰਵ ਈਸਵੀ ਨੂੰ ਸ਼ੁਰੂ ਹੋਈ ਸੀ। ਅਣਗਿਣਤ ਥਾਵਾਂ 'ਤੇ ਇਹ ਲੜਾਈਆਂ ਲੜੀਆਂ ਗਈਆਂ। ਬਹੁਤੀ ਵਾਰੀ ਰੋਮਨਾਂ ਨੂੰ ਮੈਦਾਨ ਛੱਡ ਕੇ ਭੱਜਣਾ ਪਿਆ। ਅੰਤ 146 ਪੂਰਵ ਈਸਵੀ ਵਿਚ ਉਨ੍ਹਾਂ ਨੇ ਕਾਰਥੇਗ ਸ਼ਹਿਰ 'ਤੇ ਕਬਜ਼ਾ ਕਰ ਲਿਆ। ਰੋਮਨਾਂ ਨੇ ਕਾਰਥੇਗ ਸ਼ਹਿਰ 'ਤੇ ਜੋ ਜ਼ੁਲਮ ਢਾਹਿਆ ਉਹ ਰਹਿੰਦੀ ਦੁਨੀਆਂ ਤੱਕ ਯਾਦ ਰਹੇਗਾ। ਪੰਜ ਲੱਖ ਦੀ ਆਬਾਦੀ ਵਾਲੇ ਕਾਰਥੇਗ ਸ਼ਹਿਰ ਦੀਆਂ ਗਲੀਆਂ ਵਿਚ ਲਗਾਤਾਰ ਛੇ ਦਿਨ ਲੁੱਟਮਾਰ ਅਤੇ ਵੱਢ-ਟੁੱਕ ਹੁੰਦੀ ਰਹੀ। ਸਤਵੇਂ ਦਿਨ ਪੰਜ ਲੱਖ ਵਿਚੋਂ ਕੇਵਲ ਪੰਜਾਹ ਹਜ਼ਾਰ ਬੰਦਾ ਬਚਿਆ ਸੀ, ਜਿਨ੍ਹਾਂ ਨੂੰ ਗੁਲਾਮ ਬਣਾ ਕੇ ਰੋਮ ਲਿਆਂਦਾ ਗਿਆ। ਗੁਲਾਮਾਂ ਨਾਲ ਰੋਮਨ ਕਿਹੋ ਜਿਹਾ ਸਲੂਕ ਕਰਦੇ ਸਨ ਇਹ ਵੀ ਕਿਸੇ ਪਾਸੋਂ ਛੁਪਿਆ ਹੋਇਆ ਨਹੀਂ। ਸੈਂਕੜਿਆਂ ਦੀ ਗਿਣਤੀ ਵਿਚ ਗੁਲਾਮਾਂ ਨੂੰ ਖੂਨੀ ਅਖਾੜਿਆਂ ਵਿਚ ਮੌਤ ਦੀ ਖੇਡ ਖੇਡਣ ਲਈ ਉਤਾਰ ਦਿੱਤਾ ਜਾਂਦਾ ਅਤੇ ਤਮਾਸ਼ਬੀਨਾਂ ਦੇ ਰੂਪ ਵਿਚ ਰੋਮਨ ਲੋਕ ਇਹ ਖੂਨੀ ਖੇਡਾਂ ਵੇਖਦੇ ਅਤੇ ਤਾੜੀਆਂ ਮਾਰ ਕੇ ਆਪਣੇ ਖੁਸ਼ੀ ਭਰੇ ਜੋਸ਼ ਦਾ ਇਜ਼ਹਾਰ ਕਰਦੇ। ਇਨ੍ਹਾਂ ਨੂੰ ਗਲੈਡੀਏਟਰਾਂ ਦਾ ਤਮਾਸ਼ਾ ਕਿਹਾ ਜਾਂਦਾ ਸੀ। ਸਤਵੇਂ ਦਿਨ ਸਮੁੱਚੇ ਕਾਰਥੇਗ ਸ਼ਹਿਰ ਨੂੰ ਅੱਗ ਲਾ ਕੇ ਫੂਕ ਦਿੱਤਾ ਗਿਆ। ਦੋ ਸਦੀਆਂ ਪਹਿਲਾਂ ਸਿਕੰਦਰ ਨੇ ਵੀ ਇਕ ਯੂਨਾਨੀ ਸ਼ਹਿਰ ਥੇਬੀਸ ਨਾਲ ਇਹੋ ਸਲੂਕ ਕੀਤਾ ਸੀ ਪਰ ਉਸਨੇ ਕਵੀ ਪਿੰਡਰ ਦਾ ਘਰ ਅਤੇ ਇਕ ਮੰਦਰ ਛੱਡ ਦਿੱਤੇ ਸਨ। ਰੋਮਨ ਤਾਂ ਕਾਰਥੇਗ ਸ਼ਹਿਰ ਦਾ ਨਾਮਨਿਸ਼ਾਨ ਮਿਟਾਉਣਾ ਚਾਹੁੰਦੇ ਸਨ। ਇਸ ਲਈ ਪਿੱਛੋਂ ਸ਼ਹਿਰ ਦੇ ਖੰਡਰਾਂ ਨੂੰ ਹਲ਼ਾਂ ਨਾਲ ਵਾਹ ਦਿੱਤਾ ਗਿਆ ਅਤੇ ਪੂਰੀਆਂ ਧਾਰਮਿਕ ਰਸਮਾਂ ਤੋਂ ਬਾਅਦ ਇਹ ਐਲਾਨ ਕਰਵਾ ਦਿੱਤਾ ਕਿ ਜਿਹੜਾ ਵੀ ਇਸ ਸ਼ਹਿਰ ਨੂੰ ਦੁਬਾਰਾ ਵਸਾਉਣ ਦੀ ਕੋਸ਼ਿਸ਼ ਕਰੇਗਾ ਉਸਨੂੰ ਰੱਬ ਦੀ ਮਾਰ ਪਵੇਗੀ।
ਇਸੇ ਸਾਲ ਏਥਨ ਦੇ ਨਾਲ ਲਗਦੇ ਸ਼ਹਿਰ ਕੋਰਿੰਥ ਨੂੰ ਰੋਮਨਾਂ ਦੇ ਅਜਿਹੇ ਹੀ ਜ਼ਾਲਮਾਨਾ ਝੱਲ ਦਾ ਸ਼ਿਕਾਰ ਹੋਣਾ ਪਿਆ। ਇਸ ਪਿੱਛੋਂ ਸਾਰੇ ਯੂਨਾਨੀਆਂ ਨੇ ਵੀ ਰੋਮਨਾਂ ਨੂੰ ਆਪਣਾ ਸਰਦਾਰ ਮੰਨ ਲਿਆ। ਮਕਦੂਨੀਆਂ ਨੂੰ ਤਾਂ ਸਿੱਧਾ ਹੀ ਰੋਮਨ ਸਾਮਰਾਜ ਦਾ ਇਕ ਸੂਬਾ ਬਣਾ ਲਿਆ ਗਿਆ। ਏਥਨ ਦੀ ਹੈਸੀਅਤ ਇਕ ਅਧੀਨ ਰਾਜ ਦੀ ਰਹਿ ਗਈ। ਏਥਨ ਦੀ ਸਿਆਸੀ ਆਜ਼ਾਦੀ ਅਤੇ ਫਲਸਫਾ ਦੋਵੇਂ ਖਤਮ ਹੋ ਗਏ। ਯੂਨਾਨੀ ਫਲਸਫੇ ਲਈ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਆਰਕਮਿਡੀਜ਼ ਦੀ ਮੌਤ ਸੀ, ਜੋ ਕਿਸੇ ਬੇਪਛਾਣ ਰੋਮਨ ਸਿਪਾਹੀ ਦੇ ਹੱਥੋਂ ਹੋਈ।
ਅਣਜਾਣੇ ਵਿਚ ਹੀ ਇਹ ਰੋਮਨ ਸਿਪਾਹੀ ਰੋਮਨਾਂ ਦੇ ਵਿਗਿਆਨ ਪ੍ਰਤੀ ਨਜ਼ਰੀਏ ਦਾ ਚਿੰਨ੍ਹ ਬਣ ਗਿਆ। ਰੋਮਨ ਤਿੰਨ ਚੀਜ਼ਾਂ ਨੂੰ ਹੀ ਤਾਂ ਨਫਰਤ ਕਰਦੇ ਸਨ-ਚੁੰਮਣਾਂ, ਔਰਤਾਂ ਦਾ ਗਹਿਣੇ ਪਹਿਨਣਾ ਅਤੇ ਯੂਨਾਨੀ ਫਲਸਫਾ। ਯੂਨਾਨੀ ਫਲਸਫੇ ਤੋਂ ਰੋਮਨਾ ਨੂੰ ਖਾਸ ਚਿੜ੍ਹ ਸੀ। ਆਰਕਮਿਡੀਜ਼ ਨੇ ਵਿਗਿਆਨ ਵਿਚ ਬੜਾ ਮਹੱਤਵਪੂਰਨ ਕੰਮ ਕੀਤਾ ਸੀ ਅਤੇ ਉਸੇ ਦੀਆਂ ਖੋਜਾਂ ਸਦਕਾ ਸਾਇਰਾਕਿਊਸ ਨੇ ਰੋਮਨਾਂ ਨੂੰ ਕਈ ਦਿਨ ਸਮੁੰਦਰ ਵਿਚ ਹੀ ਡੱਕੀ ਰੱਖਿਆ।


ਸ੍ਰੋਤ :-ਪੰਜਾਬ ਟਾਈਮਜ਼

No comments:

Post a Comment