ਮਾਤ ਲੋਕ-ਸ਼ਖਸੀਅਤ ਦਾ ਖਸਾਰਾ ਅਤੇ ਰੁੰਡ ਮਰੁੰਡ ਗਲਪੀ ਬਿੰਬ
ਸ਼ਾਇਦ ਡਾ. ਜਸਵਿੰਦਰ ਸਿੰਘ ਦਾ ਮਾਤ ਲੋਕ ਸਚਮੁੱਚ ਉਸ 'ਤਾਰੀਫ਼' ਦਾ ਸਚਮੁਚ ਅਧਿਕਾਰੀ ਹੈ ਜੋ ਅਮਰਜੀਤ ਗਰੇਵਾਲ ਨੇ ਨਾਵਲ ਦੇ ਮੁਖਬੰਦ ਵਿੱਚ ਕੀਤੀ ਹੈ , ਪਰ ਮੇਰੀਆਂ ਆਸਾਂ ਕੁਝ ਵਧੇਰੇ ਹੀ ਵੱਡੀਆਂ ਸਨ . ਇਹਦਾ ਕਾਰਨ ਸੀ ਸਾਡੀ ਦੋ ਕੁ ਦਹਾਕਿਆਂ(੧੯੭੫-੧੯੯੫) ਦੀ ਸਾਂਝ ਜਿਸ ਦੌਰਾਨ ਬਹੁਤ ਸਾਰੀਆਂ ਘਟਨਾਵਾਂ ਤੇ ਵਿਅਕਤੀ ਸਨ ਜਿਨ੍ਹਾਂ ਨਾਲ ਸਾਡਾ ਗੂੜਾ ਸੰਬੰਧ ਸੀ ਭਾਵੇਂ ਨੁਕਤਾਨਿਗਾਹ ਵੱਖ ਵੱਖ ਸੀ ਅਤੇ ਮੈਨੂੰ ਪੂਰੀ ਉਮੀਦ ਸੀ ਕਿ ਡਾ. ਜਸਵਿੰਦਰ ਉਸ ਸਮਗਰੀ ਨੂੰ ਆਪਣੀ ਗਲਪ ਰਚਨਾ ਦਾ ਵਿਸ਼ਾ ਬਣਾਏਗਾ. ਇਸ ਲਈ ਮੇਰੀ ਉਤਸੁਕਤਾ ਆਪਣੀ ਵਿਸ਼ੇਸ਼ਤਾ ਦੀ ਧਾਰਨੀ ਸੀ . ਵੈਸੇ ਪੰਜਾਬੀ ਗਲਪ ਰਚਨਾ ਵਿੱਚ ਆਮ ਪਾਠਕ ਦੀ ਆਮ ਉਤਸੁਕਤਾ ਨੂੰ ਟੁੰਬਣ ਵਾਲੀਆਂ ਗਲਪ ਰਚਨਾਵਾਂ ਦੀ ਖਾਸੀ ਘਾਟ ਹੈ. ਇਸ ਸੰਬੰਧ ਵਿੱਚ ਮੈਂ ਟਿੱਪਣੀ ਕਰਨੀ ਚਾਹਾਂਗਾ ਕਿ ਪੰਜਾਬੀ ਦੇ ਆਰੰਭਕ ਨਾਵਲਕਾਰਾਂ ਕੋਲ ਭਾਵੇਂ ਬਿਰਤਾਂਤਕਾਰੀ ਦਾ ਭਰਪੂਰ ਅਸਲਾਖਾਨਾ ਨਹੀਂ ਸੀ ਪਰ ਉਹ ਗੈਰ ਲਿਖਤੀ ਲੋਕਧਾਰਾਈ ਬਿਰਤਾਂਤਕਾਰੀ ਦੀ ਕੁਦਰਤੀ ਵਿਰਾਸਤ ਨੂੰ ਲਿਖਤੀ ਰੂਪਾਂ ਵਿੱਚ ਢਾਲ ਰਹੇ ਸਨ. ਯਾਨੀ ਭਾਰਤੀ ਕਥਾ ਪਰੰਪਰਾ ਨਾਲ ਉਨ੍ਹਾਂ ਦਾ ਸਜੀਵ ਰਿਸਤਾ ਸੀ . ਨਾਨਕ ਸਿੰਘ ਦਾ ਨਿੱਕਾ ਜਿਹਾ ਨਾਵਲ ‘ਮਿਠਾ ਮਹੁਰਾ ’ ਪੜ੍ਹਨ ਸਮੇਂ ਇਉਂ ਮਹਿਸੂਸ ਹੁੰਦਾ ਸੀ ਜਿਵੇਂ ਮੈਂ ਬਾਤਾਂ ਸੁਣਾਉਣ ਦੇ ਕਿਸੇ ਮਾਹਿਰ ਬਾਬੇ ਦੇ ਮੂੰਹੋਂ ਬਾਤ ਸੁਣ ਰਿਹਾ ਹੋਵਾਂ. ਰਚਨਾ ਦੇ ਪਾਠ ਨੂੰ ਮਾਣ ਲੈਣ ਦੇ ਬਾਅਦ ਜੀਅ ਕਰਦਾ ਹੁੰਦਾ ਸੀ ਇਹ ਕਥਾ ਕਹਾਣੀ ਆਪਣੇ ਸਭਨਾਂ ਮੇਲੀਆਂ ਗੇਲੀਆਂ ਨੂੰ ਪੜ੍ਹਾਈ ਸੁਣਾਈ ਜਾਵੇ . ਬਾਅਦ ਵਿੱਚ ਸਾਡੀਆਂ ਵਧੇਰੇ ਗਲਪ ਰਚਨਾਵਾਂ ਕਥਾ ਪਰੰਪਰਾ ਦੇ ਇਸ ਚਮਤਕਾਰੀ ਪੱਖ ਨੂੰ ਨਵੀਨ ਕਾਢਕਾਰੀ ਨਾਲ ਸੁਮੇਲ ਕੇ ਕੋਈ ਮਾਣਯੋਗ ਅਤੇ ਪ੍ਰਭਾਵਸ਼ਾਲੀ ਯੋਗਦਾਨ ਨਹੀਂ ਪਾ ਸਕੀਆਂ. ਇਸ ਲਈ ਪਾਠਕ ਵਰਗ ਦੇ ਫੈਲਾਉ ਦੀਆਂ ਜੋ ਵਿਸ਼ਾਲ ਸੰਭਾਵਨਾਵਾਂ ਸੰਚਾਰ ਇਨਕਲਾਬ ਨੇ ਪੈਦਾ ਕੀਤੀਆਂ ਹਨ ਉਨ੍ਹਾਂ ਨੂੰ ਸਾਕਾਰ ਕਰਨਾ ਤਾਂ ਦੂਰ ਦੀ ਗੱਲ ਸਗੋਂ ਉਹ ਸੁੰਗੜ ਗਈਆਂ ਨਜ਼ਰ ਆਉਂਦੀਆਂ ਹਨ .
ਡਾ. ਜਸਵਿੰਦਰ ਦੀਆਂ ਕਹਾਣੀਆਂ ਪੜ੍ਹਨਾ ਮੈਥੋਂ ਚੰਗੇ ਖਾਸੇ ਇਰਾਦੇ ਦੀ ਮੰਗ ਕਰਦਾ ਸੀ . ਇੱਕ ਕਹਾਣੀ ਪੜ੍ਹਨ ਤੋਂ ਬਾਅਦ ਦੂਜੀ ਪੜ੍ਹਨ ਦਾ ਸ਼ੌਕ ਪੈਦਾ ਕਰਨ ਦੀ ਜੋ ਸਮਰਥਾ ਪਹਿਲੀ ਪੀੜ੍ਹੀ ਦੇ ਗਲਪ ਲੇਖਕਾਂ ਵਿੱਚ ਸੀ ਉਹ ਹੁਣ ਮੈਨੂੰ ਗੁੰਮ ਗਈ ਪ੍ਰਤੀਤ ਹੁੰਦੀ ਹੈ . ਪਰ ਫਿਰ ਵੀ ਡਾ. ਜਸਵਿੰਦਰ ਦੇ ਮਾਤਲੋਕ ਤੋਂ ਮੈਨੂੰ ਉਮੀਦ ਸੀ ਕਿ ਹੋ ਸਕਦਾ ਹੈ ਕਿ ਉਹ ਵੀਹਵੀਂ ਸਦੀ ਦੀ ਆਖਰੀ ਚੌਥਾਈ ਵਿੱਚ ਵਿਆਪਤ ਪੰਜਾਬ ਦੇ ਅਲੋਕਾਰ ਸੰਤਾਪ ਨੂੰ ਇੱਕ ਅਹਿਮ ਤੇ ਪੜ੍ਹਨਯੋਗ ਸਭਿਆਚਾਰਕ ਸਿਰਜਨਾ ਵਿੱਚ ਉਲਥਾਉਣ ਕਾਮਯਾਬ ਹੋ ਗਿਆ ਹੋਵੇ ਜਿਵੇਂ ਉਸ ਤੋਂ ਪਹਿਲਾਂ ਅਜ਼ਾਦੀ ਤੋਂ ਬਾਅਦ ਪੰਜਾਬ ਦੇ ਪੇਂਡੂ ਮਾਹੌਲ ਵਿੱਚ ਪਸਰਦੀ ਜਾ ਰਹੀ ਘੋਰ ਨਿਰਾਸ਼ਾ ਨੂੰ ਉਲਥਾਉਣ ਵਿੱਚ ਗੁਰਦਿਆਲ ਸਿੰਘ ‘ਮੜ੍ਹੀ ਦਾ ਦੀਵਾ ’ ਵਿੱਚ ਹੋਇਆ ਸੀ . ਗੁਰਦਿਆਲ ਸਿੰਘ ਨੇ ਆਪਣੇ ਨਾਵਲਾਂ ਵਿੱਚ ਪੰਜਾਬੀ ਸਮਾਜ ਲਈ ਦਰਪੇਸ਼ ਪ੍ਰਮੁਖ ਸਰੋਕਾਰ ਪਾਠਕ ਦੀ ਭਰਪੂਰ ਜਜ਼ਬਾਤੀ ਮਸ਼ਕ ਰਾਹੀਂ ਉਸਦੇ ਮਾਨਸਿਕ ਅਨੁਭਵ ਦਾ ਅੰਗ ਬਣਾਉਣ ਦੀ ਸਮਰਥਾ ਹਾਸਲ ਕਰ ਲਈ ਸੀ. ਉਹ ਆਪਣੀ ਸਖਸ਼ੀਅਤ ਦੀਆਂ ਸੀਮਾਵਾਂ ਨੂੰ ਵੀ ਆਪਣੀਆਂ ਗਲਪੀ ਸਿਰਜਨਾਵਾਂ ਤੇ ਪ੍ਰਭਾਵੀ ਹੋਣ ਤੋਂ ਮੁਕਤ ਰੱਖਣ ਵਿੱਚ ਕਾਮਯਾਬ ਰਿਹਾ . ਇਹ ਸਭ ਤੋਂ ਵੱਡੀ ਸਮਸਿਆ ਹੁੰਦੀ ਹੈ ਜਿਸ ਤੇ ਜਿੱਤ ਪ੍ਰਾਪਤ ਕਰਨਾ ਲੇਖਕ ਲਈ ਪ੍ਰਮੁੱਖ ਵੰਗਾਰ ਹੁੰਦੀ ਹੈ.
ਜਸਵਿੰਦਰ ਆਪਣੇ ਨਾਵਲ ਵਿੱਚ ਹੋਰਨਾਂ ਅਨੇਕ ਜੁਗਤੀ ਪ੍ਰਾਪਤੀਆਂ ਦੇ ਸਫਲ ਪ੍ਰਯੋਗ ਦੇ ਬਾਵਜੂਦ ਇਸ ਵੰਗਾਰ ਨਾਲ ਨਜਿਠਣ ਵਿੱਚ ਨਾਕਾਮ ਰਿਹਾ ਹੈ . ਲੇਖਕ ਦੀ ਸ਼ਖਸੀਅਤ ਦੇ ਖਸਾਰੇ ਦਾ ਗ੍ਰਹਿਣ ਹਰ ਗਲਪੀ ਤੱਤ ਤੇ ਲੱਗਿਆ ਹੋਇਆ ਹੈ. ਹਰ ਪਸਾਰ ਰੁੰਡ ਮਰੁੰਡ ਹੋ ਕੇ ਰਹਿ ਗਿਆ ਹੈ. ਪਾਤਰ ਇੱਕ ਦੂਜੇ ਨਾਲ ਅਤੇ ਆਪਣੇ ਚੌਗਿਰਦੇ ਨਾਲ ਨਹੀਂ ਭਿੱਜਦੇ . ਪ੍ਰਤੀਬਿੰਬਤ ਪੰਜਾਬ ਆਪਣੀ ਇਤਿਹਾਸਕਤਾ ਤੋਂ ਮੁਕਤ ਹੋ ਗਿਆ ਹੈ . ਇਤਿਹਾਸਕ ਗਤੀ ਦੀ ਇੱਕ ਵੱਡੀ ਲੋੜੀਂਦੀ ਪੁਲਾਂਘ ,ਜੋ ਦਿਸ਼ਾਹੀਣਤਾ ਦਾ ਸ਼ਿਕਾਰ ਬਣ ਗਈ ਅਤੇ ਜਿਸਦੀ ਅਣਹੋਂਦ ਵਿੱਚ ਬੇਹੂਦਾ ਹਿੰਸਾ ਦਾ ਇੱਕ ਦੌਰ ਚਲਿਆ ਜਿਸ ਨੇ ਪੰਜਾਬ ਨੂੰ ਅੰਨ੍ਹੀ ਗਲੀ ਵਿੱਚ ਧੱਕ ਦਿੱਤਾ, ਉਸਦਾ ਵਿਸ਼ਲੇਸ਼ਣ ਬਿਰਤਾਂਤ ਦਾ ਹਿੱਸਾ ਨਹੀਂ ਬਣਿਆ.
ਅਵਾਰਡ ਤਾਂ ਮਿਲ ਈ ਗਿਆ ਫੇਰ ਵੀ।
ReplyDelete