Thursday, August 18, 2011

ਸ਼ਬਦਾਂ ਵਿੱਚੋਂ ਚੁੱਪ ਦਾ ਜਾਚਕ ( ਸੁਖਪਾਲ ਦੀ ਕਾਵਿ ਕਲਾ) -ਸੁਰਜਨ ਜ਼ੀਰਵੀ


ਸੁਖਪਾਲ ਦਾ ਕਾਵਿ ਸੰਗ੍ਰਹਿ "ਚੁੱਪ ਚੁਪੀਤੇ ਚੇਤਰ ਚੜ੍ਹਿਆ" ਸ਼ਬਦਾਂ ਦੀ ਮਹਿਮਾ ਨਾਲ ਸ਼ੁਰੂ ਹੁੰਦਾ ਹੈ।
ਉਸਦੀ ਪਹਿਲੀ ਕਵਿਤਾ "ਸ਼ਬਦੋ ਤੁਸੀਂ ਆਉਣਾ" ਨੂੰ ਸ਼ਬਦਾਂ ਦੇ ਦਵਾਰ ਉੱਤੇ ਆਰਾਧਨਾ ਕਿਹਾ ਜਾ ਸਕਦਾ ਹੈ। ਇਸ ਆਰਾਧਨਾ ਦੀਆਂ ਕੁੱਝ ਸਤਰਾਂ ਹਨ:

ਸ਼ਬਦੋ ਤੁਸੀਂ ਆਉਣਾ
ਚੁਪ ਚੁਪੀਤੇ, ਸਹਿਜ ਸਹਿਜ,
ਤੁਸੀਂ ਆਉਣਾ ਰੁਮਕਦੀ
ਹਵਾ ਵਾਂਗ,
ਜਿਸਦੇ ਆਉਣ ਨਾਲ ਫੁੱਲਾਂ ਦੀ
ਮਹਿਕ ਨੂੰ, ਮੇਰੇ ਅੰਦਰ
ਆਉਣ ਲਈ ਰਾਹ ਮਿਲੇ,
ਤੁਸੀਂ ਆਉਣਾ ਉਸ ਸਰੂਰ ਵਾਂਗ
ਜਿਸ ਪਿੱਛੋਂ ਜਿਉਣ ਦਾ ਡਰ ਨਹੀਂ ਰਹਿੰਦਾ,
ਤੁਸੀਂ ਇੰਝ ਆਉਣਾ
ਕਿ ਤੁਹਾਨੂੰ ਗਾਉਂਦਿਆਂ
ਮੈਂ ਆਪਣੇ ਆਪ ਤੀਕ
ਅੱਪੜ ਜਾਵਾਂ,

ਅਚੰਭਾ ਇਹ ਹੈ ਕਿ ਕਵੀ ਦੀ ਇਹ ਆਰਾਧਨਾ ਅਜਾਈਂ ਨਹੀਂ ਗਈ। ਸ਼ਬਦਾਂ ਨੂੰ ਉਸਦੀ ਸਿਦਕ ਦਿਲ ਭਾਵਨਾ ਦਾ ਆਦਰ ਕਰਨਾ ਹੀ ਪਿਆ ਹੈ। ਸ਼ਬਦ ਉਸਦੀ ਕਵਿਤਾ ਵਿਚ ਆਉਂਦੇ ਹਨ ਤਾਂ ਇਸ ਅੰਦਾਜ਼ ਨਾਲ ਆਉਂਦੇ ਹਨ ਜਿਵੇਂ ਉਹ ਤੁਰੇ ਹੀ ਕਿਸੇ ਗੀਤ ਦੀ ਪੰਗਤੀ ਬਨਣ ਲਈ ਹੋਣ। ਆਪਣੇ ਅਣਸਜੇ ਰੂਪ ਵਿਚ ਵੀ ਉਹ ਅਜਿਹੀ ਲੈਅ ਬਣਕੇ ਆਉਂਦੇ ਹਨ ਜਿਹੜੀ ਕਵੀ ਨੂੰ ਉਸਦੇ ਆਪੇ ਦਾ ਪਤਾ ਤਾਂ ਦਿੰਦੀ ਹੀ ਹੈ, ਉਹ ਆਪਣੇ ਪੜ੍ਹਨ ਸੁਨਣ ਵਾਲਿਆਂ ਨੂੰ ਵੀ ਉਹਨਾਂ ਦੇ ਮਾਨਵੀ ਸ਼ਊਰ ਦੀ ਦੱਸ ਪਾਉਂਦੀ ਹੈ।
ਅਸਲ ਵਿਚ ਸ਼ਬਦਾਂ ਨੂੰ "ਚੁੱਪ ਚਾਪ ਤੇ ਸਹਿਜ ਸਹਿਜ" ਆਉਣ ਲਈ ਮਨਾ ਲੈਣ ਦਾ ਇਹ ਕਮਾਲ ਹੀ ਸੁਖਪਾਲ ਦੇ ਨਿਵੇਕਲੇ ਹੋਣ ਦੀ ਪਛਾਣ ਹੈ। ਵੱਡੀ ਗੱਲ ਇਹ ਹੈ ਕਿ ਉਸਦੀ ਇੱਕ ਇੱਕ ਕਵਿਤਾ ਉਸਦੇ ਇਸ ਕਮਾਲ ਦੀ ਹਾਮੀ ਭਰਦੀ ਹੈ।
ਅਲੰਕਾਰ, ਬਿੰਬ, ਸੰਕੇਤ, ਤੁਲਨਾਵਾਂ, ਤੋਲ ਤੁਕਾਂਤ ਆਦਿ ਜਿਹੜੀਆਂ ਜੁਗਤਾਂ ਕਵਿਤਾ ਦਾ ਸ਼ਿੰਗਾਰ ਮੰਨੀਆਂ ਜਾਂਦੀਆਂ ਹਨ, ਉਹਨਾਂ ਤੋਂ ਸੁਖਪਾਲ ਘੱਟ ਹੀ ਕੰਮ ਲੈਂਦਾ ਹੈ। ਇਹ ਨਹੀਂ ਕਿ ਉਸਨੂੰ ਇਹਨਾਂ ਜੁਗਤਾਂ ਤੋਂ ਕੰਮ ਲੈਣ ਦੀ ਜਾਚ ਨਹੀਂ ਜਾਂ ਉਹ ਇਹਨਾਂ ਦੇ ਮੁੱਲ ਤੋਂ ਇਨਕਾਰੀ ਹੈ, ਪਰ ਜੋ ਕੁਝ ਸੁਖਪਾਲ ਨੇ ਆਪਣੀ ਕਵਿਤਾ ਵਿਚ ਆਖਣਾ ਚਾਹਿਆ ਹੈ ਉਸਦੇ ਲਈ ਕਿਸੇ ਸਜਾਵਟ, ਕਿਸੇ ਆਲੰਕਰਣ ਦੀ ਗੁੰਜਾਇਸ਼ ਹੈ ਹੀ ਨਹੀਂ। ਸੁਖਪਾਲ ਦਾ ਆਪਣਾ ਕਹਿਣਾ ਵੀ ਇਹੀ ਹੈ ਕਿ ਉਹ "ਲਗਾਂ ਮਾਤਰਾਂ ਦੀਆਂ ਤਣੀਆਂ ਵਿਚ ਬੱਝੇ" ਸ਼ਬਦਾਂ ਵਿਚ ਯਕੀਨ ਹੀ ਰੱਖਦਾ। ਉਸਦੀ ਕਾਵਿਕ ਸੈਂਸਿਬਿਲਿਟੀ ਨੂੰ ਇਹੀ ਲਹਿਜਾ ਰਾਸ ਆ ਸਕਦਾ ਸੀ ਜਿਹੜਾ ਉਸਨੇ ਅਪਣਾਇਆ।
* * *
ਅੱਜ ਦਾ ਦੌਰ ਵੇਲੇ ਦੀਆਂ ਹਕੀਕਤਾਂ ਨੂੰ ਤੇ ਇਸਦੇ ਨਾਲ ਨਾਲ ਪੁਰਾਣੇ ਵਿਸ਼ਵਾਸਾਂ, ਰੀਤਾਂ ਤੇ ਮਿਥਿਆਵਾਂ ਨੂੰ ਹੰਘਾਲਣ ਦੀ ਤੇ ਮੁੜ ਤੋਂ ਘੋਖਣ ਪਰਖਣ ਦੀ ਮੰਗ ਕਰਦਾ ਹੈ। ਬਹੁਤੀਆਂ ਹਾਲਤਾਂ ਵਿਚ ਅਜਿਹੀ ਘੋਖ ਪਰਖ ਅੰਤ ਨੂੰ ਸਿਨਿਸਿਜ਼ਮ ਅਤੇ ਆਇਰਨੀ ਜਾਂ ਵਿਡੰਬਣਾ ਉੱਤੇ ਹੀ ਮੁੱਕਦੀ ਹੈ। ਜਦੋਂ ਹਰ ਹਕੀਕਤ ਪਿੱਛੇ ਕਈ ਕਈ ਤਜ਼ਾਦ ਤੇ ਖੋਟ ਲੁਕੇ ਹੋਏ ਹੋਣ, ਹਰ ਸੱਚ ਸੱਚ ਦਾ ਮੁਲੰਮਾ ਸਾਬਤ ਹੋਵੇ, ਹਰ ਵਿਸ਼ਵਾਸ ਪਿੱਛੇ ਤੰਗਨਜ਼ਰੀ ਤੇ ਤੁਅੱਸਬ ਕੰਮ ਕਰ ਰਹੇ ਹੋਣ ਤੇ ਹਰ ਰਿਸ਼ਤਾ ਦਰਦਮੰਦੀ ਤੇ ਸਿਦਕ ਤੋਂ ਤਕਰੀਬਨ ਸੱਖਣਾ ਹੋਵੇ ਤਾਂ ਚੰਗਾ ਭਲਾ ਬੰਦਾ ਵੀ ਬਦੋਬਦੀ ਤਲਖ਼ ਮਾਯੂਸੀ ਦਾ ਸ਼ਿਕਾਰ ਹੋ ਹੀ ਜਾਂਦਾ ਹੈ। ਪਰ ਅਜਿਹੇ ਮੂੰਹਜ਼ੋਰ ਮੁਹਾਣ ਤੋਂ ਸੁਖਪਾਲ ਦਾ ਮੁਕਤ ਰਹਿ ਸਕਣਾ ਜਾਂ ਘੱਟੋ ਘਟ ਆਪਣੀ ਕਾਵਿਕ ਬਣਤ ਨੂੰ ਇਸ ਤੋਂ ਬਚਾਕੇ ਰੱਖ ਸਕਣਾ ਇੱਕ ਮਾਅਰਕਾ ਹੀ ਹੈ। ਇਹ ਨਹੀਂ ਕਿ ਵਿਸ਼ਵਾਸਾਂ, ਵਿਚਾਰਾਂ ਤੇ ਰਿਸ਼ਤਿਆਂ ਦੀ ਘੋਖ ਪਰਖ ਉਸਨੇ ਨਹੀਂ ਕੀਤੀ। ਪਰ ਅਜਿਹਾ ਕਰਦਿਆਂ ਉਸਨੇ ਸੋਚਵਾਨ ਕਵੀ ਵਜੋਂ ਆਪਣਾ ਸੰਤੁਲਨ ਤੇ ਸਹਿਜ ਨਹੀਂ ਗੁਆਇਆ।
ਜਿਹਨਾਂ ਹਾਲਤਾਂ ਦੇ ਸਾਹਮਣੇ ਉਹ ਘੋਰ ਨਿਰਾਸ਼ਾ ਦਾ ਸ਼ਿਕਾਰ ਹੋ ਸਕਦਾ ਸੀ, ਉਥੇ ਵੀ ਉਸਨੇ ਇੱਕ ਤਰ੍ਹਾਂ ਦਾ ਫਲਸਫਿਆਨਾ ਠਰ੍ਹੰਮਾ ਕਾਇਮ ਰੱਖਿਆ ਹੈ। ਆਪਣੀ ਨਜ਼ਮ "ਸਵਾਗਤ" ਵਿਚ ਉਹ ਲਿਖਦਾ ਹੈ:

ਜਦੋਂ ਤੱਕ ਹੱਲ ਨਹੀਂ ਲੱਭ ਜਾਂਦੇ
ਰਾਹ ਨਹੀਂ ਚੁਣੇ ਜਾਂਦੇ
ਨਜ਼ਰਾਂ ਦਾ ਦਿਸਹੱਦਾ ਸਪਸ਼ਟ ਨਹੀਂ ਹੋ ਜਾਂਦਾ
ਤਦ ਤੱਕ ਦੁਚਿੱਤੀਆਂ, ਉਲਝਣਾਂ ਤੇ ਉਦਾਸੀਆਂ ਦਾ ਸਵਾਗਤ ਹੈ
ਜਦ ਤੱਕ ਸੁੱਤੀਆਂ ਅੱਖਾਂ ਦਾ ਸੁਪਨਾ
ਮੇਰੀਆਂ ਜਾਗਦੀਆਂ ਅੱਖਾਂ ਵਿਚ
ਜਿਉਂ ਨਹੀਂ ਉੱਠਦਾ
ਉਹਨਾਂ ਦੀਆਂ ਰਾਤਾਂ ਦਾ ਸਵਾਗਤ ਹੈ।

ਜਿਹਨਾਂ ਉਲਝਣਾਂ ਦੇ ਸੁਲਝਣ ਤੇ ਸੁਪਨਿਆਂ ਦੇ ਸਾਕਾਰ ਹੋਣ ਲਈ ਉਮਰਾਂ ਦਰਕਾਰ ਹੋਣ ਉਹਨਾਂ ਦੀ ਉਡੀਕ ਵਿਚ ਉਦਾਸੀਆਂ ਤੇ ਉਨੀਂਦਰਿਆਂ ਨੂੰ ਜੀ ਆਇਆਂ ਆਖ ਸਕਣਾ ਕੋਈ ਸੌਖੀ ਗੱਲ ਨਹੀਂ। ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਤੁਹਾਡਾ ਮਨ ਆਸ਼ਵਾਦ ਦੀ ਕਿਸੇ ਪਾਏਦਾਰ ਕੌਸ ਉੱਤੇ ਟਿਕਿਆ ਹੋਇਆ ਹੋਵੇ। ਅਤੇ ਇਹ ਵੀ ਪੱਕੀ ਗੱਲ ਹੈ ਕਿ ਰੋਲ ਘਚੋਲੇ ਦੇ ਇਸ ਜ਼ਮਾਨੇ ਇਹ ਕੌਸ ਮਾਨਵਵਾਦ ਦੀ ਹੀ ਹੋ ਸਕਦੀ ਹੈ।
* * *
ਸੁਖਪਾਲ ਅਨੋਖੇ ਤੇ ਓਪਰੇ ਵਿਸ਼ੇ ਵੀ ਛੋਂਹਦਾ ਹੈ ਅਤੇ ਉਹਨਾਂ ਨੁਕਤਿਆਂ ਤੇ ਖਿਆਲਾਂ ਦੀ ਵੀ ਪੁਣ ਛਾਣ ਕਰਦਾ ਹੈ ਜਿਹੜੇ ਆਦਿ ਕਾਲ ਤੋਂ ਹੀ ਸਾਡੇ ਬੋਧ ਤੇ ਚਿੰਤਨ ਦਾ ਹਿੱਸਾ ਤੁਰੇ ਆ ਰਹੇ ਹਨ। ਉਸਨੇ ਅੱਜ ਦੇ ਰਿਸ਼ਤਿਆਂ ਤੇ ਕਾਰੋਬਾਰਾਂ ਦਾ ਜਾਇਜ਼ਾ ਲਿਆ ਹੈ ਤੇ ਸਾਡੀ ਸੁਰਤ ਵਿਚ ਰਚੀਆਂ ਹੋਈਆਂ ਪੁਰਾਤਨ ਕਥਾ ਕਹਾਣੀਆਂ ਉੱਤੇ ਵੀ ਝਾਤ ਮਾਰੀ ਹੈ। ਸੋਚਾਂ ਦੇ ਅਜਿਹੇ ਕਿਹੜੇ ਪੈਂਡੇ ਹਨ ਜਿਹੜੇ ਉਸਨੇ ਨਹੀਂ ਗਾਹੇ। ਬੇਹੁਰਮਤੀ ਦਾ ਸ਼ਿਕਾਰ ਇਸਤਰੀ ਤੋਂ ਲੈ ਕੇ ਸੀਤਾ ਤੱਕ, ਕਿਰਾਏ ਦੇ ਮਕਾਨ ਤੋਂ ਲੈ ਕੇ ਬ੍ਰਹਿਮੰਡ ਦੇ ਮਹਾ ਨਾਟ ਤੱਕ, ਚੀਕ ਤੋਂ ਲੈ ਕੇ ਚੁੱਪ ਤੱਕ, ਪਿਆਸ ਤੋਂ ਲੈ ਕੇ ਨੀਰ ਤੱਕ, ਬੂੰਦ ਤੋਂ ਲੈ ਕੇ ਸਾਗਰ ਤੱਕ, ਰੂੰ ਦੇ ਖਰਗੋਸ਼ ਤੋਂ ਲੈ ਕੇ ਰੱਬ ਤੱਕ, ਪਾਪ ਦੇ ਪੰਜ ਪੁਤਲਿਆਂ ਤੋਂ ਲੈ ਕੇ ਜੀਵਨ-ਸਿਰਜਿਕ ਪੰਜ ਤੱਤਾਂ ਤੱਕ, ਮਨ ਤੋਂ ਮੌਨ ਤੱਕ, ਵਿਹੜੇ ਤੋਂ ਪਰਬਤ ਤੱਕ ਉਹ ਧਿਆਨ ਦੇ ਕਈ ਅਣਪਛਾਤੇ ਰਾਹਾਂ ਤੋਂ ਲੰਘਿਆ ਹੈ ਅਤੇ ਅਜਿਹਾ ਕਰਦਿਆਂ ਉਸਨੇ ਹੋਸ਼ ਤੇ ਸੂਝ ਦੇ ਕੀ ਕੀ ਰੰਗ ਨਹੀਂ ਦਿਖਾਏ। ਇਹ ਵੀ ਹੈ ਕਿ ਜਦੋਂ ਉਹ ਪੈਂਡੇ ਮੁਕਾਉਂਦਾ ਹੈ ਤਾਂ ਮਲਕੜੇ ਪੈਰੀਂ, ਜਦੋਂ ਇਹਨਾਂ ਪੈਂਡਿਆਂ ਦਾ ਵੇਰਵਾ ਦੱਸਦਾ ਹੈ ਤਾਂ ਬੇਹੱਦ ਨਰਮ ਤੇ ਸੂਖ਼ਮ ਸੁਰ ਵਿਚ ਅਤੇ ਜਦੋਂ ਉਹ ਵਾਰਤਾ ਮੁਕਾਉਂਦਾ ਹੈ ਤੁਹਾਨੂੰ ਜਾਪਦਾ ਹੈ ਜਿਵੇਂ ਤੁਹਾਡੀ ਦ੍ਰਿਸ਼ਟੀ ਵਿਚ ਸੁਹਜ ਦੀ ਕੋਈ ਨਵੀਂ ਲੋਅ ਸ਼ਾਮਲ ਹੋ ਗਈ ਹੈ ਅਤੇ ਤੁਹਾਡੇ ਮਨ ਵਿਚ ਅਹਿਸਾਸ ਦਾ ਕੋਈ ਨਵਾਂ ਵਰਕਾ ਪਲ਼ਟਿਆ ਗਿਆ ਹੈ।
ਚੰਗੀ ਕਵਿਤਾ ਦਾ ਇਸ ਨਾਲੋਂ ਵਧੀਆ ਮੁਹਾਂਦਰਾ ਹੋਰ ਕੀ ਹੋ ਸਕਦਾ ਹੈ।
* * *
ਭਾਵੇਂ ਉਸਦੀ ਹਰ ਨਜ਼ਮ ਉਸਦੇ ਮਖ਼ਸੂਸ ਸ਼ਾਇਰਾਨਾ ਅਸਲੂਬ ਜਾਂ ਕਾਵਿ-ਸ਼ੈਲੀ ਦੀ ਸ਼ਾਹਦ ਹੈ ਪਰ ਉਸਦੀਆਂ ਕੁਝ ਰਚਨਾਵਾਂ ਦਾ ਹਵਾਲਾ ਤਾਂ ਇਸ ਸੰਦਰਭ ਵਿਚ ਖਾਸ ਤੌਰ 'ਤੇ ਦਿੱਤਾ ਜਾ ਸਕਦਾ ਹੈ।
"ਰੱਬ" ਉਸਦੀ ਅਜਿਹੀ ਹੀ ਨਜ਼ਮ ਹੈ।
ਧਰਮਾਂ ਵਿਚ ਬੱਝੇ ਹੋਏ, ਆਲੀਸ਼ਾਨ ਧਰਮ ਅਸਥਾਨਾਂ ਵਿਚ ਸਥਾਪਤ ਤੇ ਧਰਮਾਂ ਦੇ ਦਾਅਵੇਦਾਰਾਂ ਵਿਚਕਾਰ ਘਿਰੇ ਹੋਏ ਰੱਬ ਦੇ ਮਨੁੱਖ ਨਾਲੋਂ ਤੋੜ ਵਿਛੋੜੇ ਦਾ ਐਨਾ ਸੰਖੇਪ ਪਰ ਐਨਾ ਡੂੰਘਾ ਵਰਨਣ ਸਿਰਫ਼ ਸੁਖਪਾਲ ਹੀ ਕਰ ਸਕਦਾ ਸੀ। ਗ਼ਾਲਿਬ ਦੇ ਕਹਿਣ ਅਨੁਸਾਰ ਇਹ "ਕਤਰੇ ਵਿਚੋਂ ਦਜਲਾ" ਦਿਖਾਉਣ ਵਾਂਗ ਹੈ।
ਸੁਖਪਾਲ ਨੇ ਰੱਬ ਦਾ ਜ਼ਿਕਰ ਕਈ ਥਾਈਂ ਕੀਤਾ ਹੈ ਪਰ ਮਨੁੱਖ ਨਾਲੋਂ ਨਿਖੇੜ ਕੇ ਨਹੀਂ। ਰੂੰ ਦੇ ਖਰਗੋਸ਼ ਨਾਲ ਗੱਲਾਂ ਕਰਦਿਆਂ ਉਸ ਵਿਚ ਜਾਨ ਪਾ ਦੇਣ ਵਾਲੇ ਬਾਲ ਵਿਚੋਂ ਉਸਨੂੰ ਉਹੀ ਤਾਕਤ ਨਜ਼ਰ ਆਉਂਦੀ ਹੈ ਜਿਹੜੀ ਰੱਬ ਵਿਚ ਹੈ।
ਉਸਦੀ ਬਾਲ ਨਾਥ ਕਵਿਤਾ ਵਿਚ ਜਦੋਂ ਰਾਂਝਾ ਜੋਗੀ ਤੋਂ ਪੁੱਛਦਾ ਹੈ:


ਨਾਥ ਜੀਓ
ਮੈਂ ਪਿਆਰ ਕਰਾਂ ਕਿ ਰੱਬ ਨੂੰ ਲੱਭਾਂ,
ਨੇਤਰ ਖੋਲ੍ਹਕੇ ਬੋਲੇ ਨਾਥ
ਪਹਿਲਾਂ ਪ੍ਰੇਮ ਹੀ ਕਰੀਂ ਬਾਲਕੇ,
ਵਸਲ ਹੋਇਆ ਤਾਂ ਪਿਆਰ 'ਚੋਂ ਰੱਬ ਪਾਵੇਂਗਾ
ਵਿਛੜ ਗਿਆ ਤਾਂ ਪੀੜ ਦਾ ਕੁੱਠਾ
ਰੱਬ ਨੂੰ ਲੱਭਣ ਧਾਵੇਂਗਾ,
ਹਰ ਇਕ ਰਾਹੋਂ ਰੱਬ ਤੀਕਰ ਪੁੱਜ ਜਾਵੇਂਗਾ।
ਇਕ ਹੋਰ ਥਾਂ ਬਾਲ ਨਾਥ ਕਹਿੰਦਾ ਹੈ:
ਪਰਮੇਸ਼ਰ ਪਾਇਆ ਨਹੀਂ ਜਾਂਦਾ
ਪਰਮੇਸ਼ਰ ਹੋਇਆ ਜਾਂਦਾ ਹੈ,
ਜਿਸ ਥਾਂ ਨਦੀ ਮੁਕਦੀ ਹੈ
ਉਸੇ ਪਲ ਸਾਗਰ ਹੋ ਜਾਂਦੀ ਹੈ।

ਆਪਣੀ ਕਵਿਤਾ "ਵਿਸ਼ਵਾਸ਼" ਵਿਚ ਉਹ ਲਿਖਦਾ ਹੈ ਕਿ ਪਹਿਲਾ ਵਿਸ਼ਵਾਸ ਉਸਨੇ ਰੱਬ ਵਿਚ ਕੀਤਾ, ਦੂਜੀ ਵਾਰ ਆਪਣੇ ਆਪ ਉੱਤੇ ਤੇ ਤੀਜੀ ਵਾਰ ਜ਼ਿੰਦਗੀ ਉੱਤੇ -ਪਰ ਅੰਤ ਵਿਚ ਉਸਨੂੰ ਜਾਪਿਆ ਕਿ ਹਰ ਵਾਰ ਕੀਤਾ ਹੋਇਆ ਵਿਸ਼ਵਾਸ ਇੱਕੋ ਹੀ ਸੀ।
ਜੇ ਸੁਖਪਾਲ ਨੂੰ ਆਪਣਾ ਤਿੰਨ ਪੜਾਵੀ ਵਿਸ਼ਵਾਸ ਇੱਕੋ ਹੀ ਜਾਪਦਾ ਹੈ ਤਾਂ ਇਸ ਤੋਂ ਉਸਦੀ ਆਜ਼ਾਦ ਖ਼ਿਆਲੀ ਦਾ ਪ੍ਰਗਟਾਵਾ ਤਾਂ ਹੁੰਦਾ ਹੀ ਹੈ, ਪਰ ਇਸਤੋਂ ਉਸਦੇ ਰੱਬ ਦੀ ਉਦਾਰਤਾ ਦੀ ਵੀ ਕਨਸੋਅ ਮਿਲਦੀ ਹੈ। ਜਿਸਨੂੰ ਆਪਣੇ ਉੱਤੇ ਇਸ ਬਦਲਵੇਂ ਜਾਂ ਬੇਦਸਤੂਰੇ ਵਿਸ਼ਵਾਸ਼ ਦਾ ਕੋਈ ਹਿਰਖ ਨਹੀਂ। ਕਵੀ ਦੇ ਤਸੱਵਰ ਦੇ ਅਜਿਹੇ ਇਨਸਾਨ-ਦੋਸਤ ਰੱਬ ਉੱਤੇ ਤਾਂ ਮੇਰੇ ਵਰਗੇ ਨਾਸਤਿਕ ਨੂੰ ਵੀ ਈਮਾਨ ਲਿਆਉਣ ਵਿਚ ਸ਼ਾਇਦ ਕੋਈ ਉਜ਼ਰ ਨਾ ਹੋਵੇ।
ਸੁਖਪਾਲ ਦੀ ਕਵਿਤਾ ਵਿਚੋਂ ਜ਼ਿੰਦਗੀ ਬਾਰੇ ਉਸਦੇ ਫ਼ਲਸਫ਼ੇ ਦੀ ਇੱਕ ਨਿਸਚਿਤ ਰੂਪਰੇਖਾ ਉੱਭਰਦੀ ਹੈ। ਇਸ ਗਲ ਦੀ ਸਮਝ ਉਸਦੇ ਫ਼ਲਸਫ਼ੇ ਰਾਹੀਂ ਹੀ ਆ ਸਕਦੀ ਹੈ ਕਿ ਉਹ ਕਿਰਾਏ ਦੇ ਮਕਾਨ ਦੇ ਇਸ ਸਵਾਲ ਅੱਗੇ ਕਿਉਂ ਨਿਰਤੁਰ ਹੈ ਕਿ:


ਮੈਨੂੰ ਦੱਸ ਕੀ ਫ਼ਰਕ ਹੈ
ਮੇਰੇ ਵਿਚ ਤੇ ਭਵਿੱਖ ਦੇ ਉਸ ਘਰ ਵਿਚ
ਜਿਸਨੂੰ ਕਦੇ ਤੂੰ ਅਪਣਾ ਆਖੇਂਗਾ?

ਭਾਵੇਂ ਉਹ ਇਸ ਸਵਾਲ ਅੱਗੇ ਨਿਰੁਤਰ ਹੈ ਪਰ ਉਸਨੂੰ ਇਹ ਸਵਾਲ ਬੇਜਾ ਨਹੀਂ ਜਾਪਦਾ। ਇਸੇ ਲਈ ਉਸਦੀਆਂ ਅੱਖਾਂ ਵਿਚ ਪਾਣੀ ਸਿਮ ਆਉਂਦਾ ਹੈ ਤੇ ਉਹ ਮਕਾਨ ਦੇ ਵਿਹੜੇ ਵਿਚ ਫੁੱਲਾਂ ਦੀਆਂ ਜੜ੍ਹਾਂ ਬੀਜਦਾ ਹੈ ਤੇ ਕਹਿੰਦਾ ਹੈ:

ਜਦੋਂ ਮੈਂ ਚਲਾ ਜਾਵਾਂਗਾ
ਤਾਂ ਘਰ ਲਈ ਮੇਰਾ ਧੰਨਵਾਦ
ਏਥੇ ਖਿੜਿਆ ਰਹਿ ਜਾਏਗਾ।

ਇਸ ਸੱਭ ਕੁੱਝ ਦੇ ਬਾਵਜੂਦ ਕਿਰਾਏ ਦੇ ਘਰ ਪ੍ਰਤੀ ਕਵੀ ਦੇ ਹੇਰਵੇ ਬਾਰੇ "ਕਿਉਂ" ਬਣੀ ਰਹਿੰਦੀ ਹੈ ਜਿਸਨੂੰ ਬੁੱਝ ਕੇ ਹੀ ਅੱਗੇ ਤੁਰਿਆ ਜਾ ਸਕਦਾ ਹੈ।
ਜੇ ਦੁੱਖ ਦਰਵਾਜ਼ਾ ਖੜਕਾਉਂਦਾ ਹੈ ਤਾਂ ਕਵੀ ਉਸਨੂੰ ਵੀ ਕਿਉਂ ਇਹ ਆਖਦਾ ਹੈ?

ਇਹ ਵੀ ਜੀ ਸਦਕੇ ਲੰਘ ਆਏ
ਅਪਣਾ ਕਾਰਜ ਕਰੇ ਸੰਪੂਰਨ
ਸਹਿਜ ਸੁਭਾ ਵਿਦਾ ਹੋ ਜਾਏ

ਕਿਉਂ ਉਸਨੂੰ ਬੂਹੇ ਦੀ ਲੱਕੜ ਦਾ ਦਰਦ ਹੈ ਤੇ ਉਹ ਕਹਿੰਦਾ ਹੈ:

ਬੂਹਾ ਇੰਝ ਢੋਣਾ ਹੈ
ਜਿਵੇਂ ਇਸ ਅੰਦਰ ਰੁੱਖ ਹਾਲੇ ਵੀ
ਸਾਹ ਲੈ ਰਿਹਾ ਹੋਵੇ

ਕਿਉਂ ਉਹ ਸਾਨੂੰ ਇਹ ਯਾਦ ਦੁਆਉਣਾ ਨਹੀਂ ਭੁੱਲਦਾ?

ਕੋਮਲਤਾ ਕਰਮ ਨਹੀਂ
ਸੁਭਾਅ ਹੈ

ਇਸ ਕਿਉਂ ਦੇ ਥੋੜ੍ਹੇ ਥੋੜ੍ਹੇ ਉੱਤਰ ਤਾਂ ਉਸਦੀ ਹਰ ਕਵਿਤਾ ਵਿਚੋਂ ਲੱਭਦੇ ਹਨ ਪਰ ਇਸਦਾ ਕੁੱਝ ਵਧੇਰੇ ਵਿਸਤਰਤ ਉੱਤਰ ਉਸਦੀ ਕਵਿਤਾ "ਵਰਦਾਨ" ਵਿਚੋਂ ਮਿਲਦਾ ਹੈ ਜਿਸ ਵਿਚ ਉਹ ਕਹਿੰਦਾ ਹੈ:

ਮੈਂ ਰੁੱਖ ਦੀ ਹਰ ਫੁੱਲ-ਪੱਤੀ
ਜੜ੍ਹ ਦੀ ਹਰ ਗੰਢ, ਤਣੇ ਦੀ ਹਰ ਨਾੜ ਵਿਚ
ਘੁਲ਼ ਕੇ ਪਰਵਾਹ ਹੋ ਜਾਵਾਂ
ਮੈਂ ਰੁੱਖ ਨੂੰ, ਫੁੱਲ ਨੂੰ, ਬੀਜ ਨੂੰ
ਬਾਹਰੋਂ ਨਹੀਂ ਅੰਦਰੋਂ ਮਹਿਸੂਸ ਕਰਾਂ
ਮੈਂ ਕਵੀ ਨਹੀਂ, ਉਹ ਕਵਿਤਾ ਹੋਵਾਂ
ਜੋ ਲਿਖੀ ਨਹੀਂ ਜਾਂਦੀ
ਤਪੱਸਿਆ ਵਿਚ ਬੈਠ ਕੇ ਸੁਣੀ ਜਾਂਦੀ ਹੈ
ਹੇ ਜੀਵਨ ਵਰਦਾਨ ਦੇਹ
ਮੈਂ ਚੁੱਪ ਬਣਾਂ, ਖ਼ਿਲਾਅ ਬਣਾਂ
ਤੇਰੀ ਰਚਨਾ ਵਿਚ ਰਹਾਂ

* * *
ਜਦੋਂ ਸੁਖਪਾਲ ਜੀਵਨ ਤੋਂ ਕੁਦਰਤ ਤੇ ਕਾਇਨਾਤ ਨਾਲ ਇਕਸੁਰ ਹੋਣ ਦਾ ਵਰਦਾਨ ਮੰਗਦਾ ਹੈ ਤਾਂ ਉਹ ਇਸ ਗੱਲ ਤੋਂ ਬੇਖ਼ਬਰ ਨਹੀਂ ਹੋਵੇਗਾ ਕਿ ਇਹ ਵਰਦਾਨ ਪਾ ਲੈਣ ਦੇ ਕੁੱਝ ਤਕਾਜ਼ੇ ਵੀ ਹਨ। ਸੱਭ ਤੋਂ ਵੱਡਾ ਤਕਾਜ਼ਾ ਤਾਂ ਇਹ ਹੈ ਕਿ ਜੇ ਉਹ ਚੁੱਪ ਤੇ ਖ਼ਿਲਾਅ ਬਣਨਾ ਚਾਹੁੰਦਾ ਹੈ ਤਾਂ ਉਸਨੂੰ ਹੋਰਨਾਂ ਦੀ ਚੁੱਪ ਤੇ ਹੋਰਨਾਂ ਦੁਆਲ਼ੇ ਪਸਰੇ ਹੋਏ ਖ਼ਿਲਾਅ ਨੂੰ ਬੁੱਝਣ ਤੇ ਸਮਝਣ ਦੀ ਵੀ ਜਾਚ ਹੋਣੀ ਚਾਹੀਦੀ ਹੈ। ਇਹ ਜਾਚ ਹੀ ਉਸਦੇ ਫ਼ਲਸਫ਼ੇ ਦੀ ਮੁੱਢਲੀ ਰੂਪ ਰੇਖਾ ਹੈ। ਜੇ ਉਹ ਕਿਰਾਏ ਦੇ ਮਕਾਨ ਦੇ ਖਾਮੋਸ਼ ਨਿਹੋਰੇ ਨੂੰ ਬੁੱਝ ਸਕਿਆ ਹੈ ਤਾਂ ਲੱਗਦਾ ਹੈ ਉਸਨੂੰ ਮੰਗੇ ਵਰਦਾਨ ਦਾ ਤਕਾਜ਼ਾ ਪੂਰਾ ਕਰਨ ਦੀ ਜਾਚ ਆਉਣੀ ਸ਼ੁਰੂ ਹੋ ਗਈ ਹੈ। ਇਸ ਜਾਚ ਦਾ ਪਰਮਾਣ ਉਹ ਅਪਣੀ ਕਵਿਤਾ "ਰੁੱਖਾਂ ਦੀ ਫਰਿਆਦ" ਵਿਚ ਵੀ ਦਿੰਦਾ ਹੈ।
ਰੁੱਖਾ ਦਾ ਸ਼ਿਕਵਾ ਹੈ:

ਦਾਤਾ, ਤੇਰੇ ਇਨਸਾਨ
ਨਾ ਸਾਡਾ ਦੁੱਖ ਤਕਦੇ ਹਨ, ਨਾ ਸੁਹੱਪਣ
ਨਾ ਸਾਡੀ ਕੂਕ ਸੁਣਦੇ ਹਨ ਨਾ ਸਾਡੀ ਹੂਕ

ਰੁੱਖਾਂ ਦੀ ਇਸ ਦਲੀਲ ਤੋਂ ਇਨਕਾਰ ਨਹੀਂ ਹੋ ਸਕਦਾ ਕਿ ਉਹਨਾਂ ਦੀ ਹੋਂਦ ਦਾ ਤਰਕ ਇਸ ਗੱਲ ਵਿਚ ਹੈ ਕਿ ਉਹ ਜ਼ਿੰਦਗੀ ਨੂੰ ਪਾਲਣ ਤੇ ਸਵਾਰਨ ਸਜਾਉਣ ਦਾ ਸਾਧਨ ਬਨਣ ਅਤੇ ਜਦੋਂ ਉਹਨਾਂ ਨੂੰ ਇਸ ਮੰਤਵ ਲਈ ਵਰਤੋਂ ਵਿਚ ਲਿਆਂਦਾ ਜਾਂਦਾ ਹੈ ਤਾਂ ਊਹਨਾਂ ਨੂੰ ਖੁਸ਼ੀ ਹੁੰਦੀ ਹੈ। ਪਰ ਜਦੋਂ ਮਨੁੱਖ ਆਪਣੇ ਹਮਸਾਇਆਂ ਦੀਆਂ ਖੋਪੜੀਆਂ ਜਾਂ ਧੜ ਉਹਨਾਂ ਦੇ ਟਾਹਣਿਆਂ ਨਾਲ ਲਟਕਾ ਦਿੰਦੇ ਹਨ ਤਾਂ ਉਹ ਕੂਕ ਉਠਦੇ ਹਨ:

ਸਾਡੀਆਂ ਸੁੰਨ ਬਾਹਵਾਂ ਕੋਲੋਂ
ਮੋਇਆਂ ਦਾ ਭਾਰ ਨਹੀਂ ਚੁਕਿਆ ਜਾਂਦਾ।
ਅਤੇ
ਜਦੋਂ ਸਾਨੂੰ ਉਹ ਬੰਦੂਕ ਦੇ ਦਸਤਿਆਂ ਵਿਚ ਢਾਲਦਾ ਹੈ
ਤਾਂ ਅਸੀਂ ਆਪਣੇ ਆਪ ਨੂੰ ਚੁਪ ਗੁਨਾਹਗਾਰ ਸਮਝਦੇ ਹਾਂ।

ਰੁੱਖਾਂ ਨੂੰ ਅਪਣਾ ਇਹ ਅਪਮਾਨ ਮਨਜ਼ੂਰ ਨਹੀਂ, ਉਹ ਚਾਹੁੰਦੇ ਹਨ:

ਅਸੀਂ ਇਓਂ ਮਰੀਏ
ਕਿ ਸਾਡਾ ਮੁਕਣਾ ਵੀ ਸਫ਼ਲ ਹੋ ਜਾਏ,

ਰੁੱਖਾਂ ਨੂੰ ਇਹ ਵੀ ਸਮਝ ਨਹੀਂ ਆਉਂਦੀ ਕਿ:

ਕਿਸ ਕਸੂਰੋਂ
ਸਾਨੂੰ ਸ਼ਹਿਰਾਂ ਵਿਚੋਂ ਦੇਸ-ਨਿਕਾਲਾ ਦੇ ਛੱਡਿਆ ਏ।

ਰੁੱਖਾਂ ਦਾ ਸ਼ਿਕਵਾ ਸਾਨੂੰ ਕਦੇ ਨਾ ਟੁੰਬਦਾ ਜੇ ਸੁਖਪਾਲ ਨੇ ਆਪਣੇ ਵਰਦਾਨ ਵਿਚੋਂ ਪੈਦਾ ਹੋਣ ਵਾਲੇ ਕਰਤੱਵ ਵਲੋਂ ਬੇਧਿਆਨੀ ਦਿਖਾਈ ਹੁੰਦੀ। ਤਾਂ ਵੀ ਇਕ ਥਾਂ ਉਸਨੇ ਲਿਖਿਆ ਹੈ ਕਿ ਉਹ ਪਰਕਿਰਤੀ ਨੂੰ ਜਾਂ ਦੂਸਰੇ ਲਫ਼ਜ਼ਾਂ ਵਿਚ ਪੰਛੀਆਂ, ਰੁੱਖਾਂ, ਚੰਨ ਜਾਂ ਆਕਾਸ਼ ਨੂੰ ਆਪਣਾ ਬੁਲਾਰਾ ਜਾਂ ਹਮਨਵਾ ਬਨਾਉਣ ਦਾ ਹਾਮੀ ਨਹੀਂ। ਪਰ ਉਸਨੂੰ ਆਪਣੇ ਨੇਮ ਦੀ ਉਲੰਘਣਾ ਕਰਨੀ ਪਈ ਹੈ ਕਿਉਂਕਿ ਕਵਿਤਾ ਲਿਖਣ ਦੀ ਉਸਦੀ ਸਮਰੱਥਾ ਸੀਮਤ ਹੈ।
ਕਵੀ ਆਪਣੇ ਲਈ ਚੁਪ ਦਾ ਵਰਦਾਨ ਚਾਹੁੰਦਾ ਹੈ
ਇਸ ਲਈ ਕਿ:

ਜਦੋਂ ਚੁੱਪ ਬੋਲੇਗੀ
ਤਾਂ ਸ਼ਬਦ ਸੰਗੀਤ ਬਣਕੇ ਗੂੰਜਣਗੇ
ਤੇ ਕਵਿਤਾ ਬਣਕੇ ਉਤਰਨਗੇ

ਤਾਂ ਫਿਰ ਜਿਨ੍ਹਾਂ ਰੁੱਖਾਂ ਜਾਂ ਵਸਤਾਂ ਨੂੰ ਧਰੋਂ ਹੀ ਚੁੱਪ ਦਾ ਵਰਦਾਨ ਮਿਲਿਆ ਹੋਇਆ ਹੈ, ਉਹਨਾਂ ਦੀ ਚੁੱਪ ਵਿਚੋਂ ਸ਼ਬਦ ਸੰਗੀਤ ਬਣਕੇ ਕਿਉਂ ਨਹੀਂ ਗੂੰਜ ਸਕਦੇ? ਵਾਸਤਵ ਵਿਚ ਉਹਨਾਂ ਦੀ ਚੁੱਪ ਵਿਚੋਂ ਉਪਜੇ ਸ਼ਬਦਾਂ ਦੇ ਸੰਗੀਤ ਦੀ ਗੂੰਜ ਉਸਨੇ ਆਪਣੀਆਂ ਕਵਿਤਾਵਾਂ ਵਿਚ ਅੰਕਤ ਵੀ ਕੀਤੀ ਹੈ ਤੇ ਬੜੀ ਖ਼ੂਬੀ ਨਾਲ ਕੀਤੀ ਹੈ।
ਆਪਣੀ ਕਵਿਤਾ ਲਈ ਚੁੱਪ ਰਾਹੀਂ ਗੂੰਜਣ ਪਰ ਰੁੱਖਾਂ, ਸਿਤਾਰਿਆਂ ਤੇ ਚੰਦ ਦੀ ਚੁੱਪ ਨੂੰ ਆਪਣੀ ਕਵਿਤਾ ਦੀ ਗੂੰਜ ਤੋਂ ਬਾਹਰ ਰੱਖਣ ਦੀ ਉਸਦੀ ਜਕੋਤਕੀ ਨੂੰ ਸਿਵਾਏ ਇਸਦੇ ਹੋਰ ਕੀ ਕਿਹਾ ਜਾ ਸਕਦਾ ਹੈ "ਇਹ ਕਵੀ ਦੇ ਚੋਜ ਹਨ"
ਖੈਰ ਇਹ ਤਾਂ ਐਵੇਂ ਗੱਲਾਂ ਚੋਂ ਗੱਲ ਸੀ। ਅਸਲ ਸਵਾਲ ਤਾਂ ਕਵੀ ਦੇ ਜੀਵਨ ਫ਼ਲਸਫ਼ੇ ਦਾ ਹੈ ਜਿਸ ਵੱਲ ਪਰਤਣਾ ਇਸ ਲਈ ਜ਼ਰੂਰੀ ਹੈ, ਤਾਂ ਜੋ ਉਸਦੀ ਕਵਿਤਾ ਦੇ ਰਹਿੰਦੇ ਪੱਖ ਵੀ ਉਜਾਗਰ ਹੋ ਸਕਣ। ਮੇਰੀ ਜਾਚੇ ਉਹ ਸ੍ਰਿਸ਼ਟੀ ਦੀ ਰਚਨਾ ਵਿਚ ਇਸ ਲਈ ਰਚਣਾ ਚਾਹੁੰਦਾ ਹੈ ਤਾਂ ਜੋ ਉਸ ਸੂਖ਼ਮ ਤਰਤੀਬ ਤੇ ਤਵਾਜ਼ਨ ਨੂੰ ਆਪਣੀ ਜ਼ਾਤ ਦਾ ਹਿੱਸਾ ਬਣਾ ਸਕੇ ਜਿਹੜਾ ਕੁਦਰਤ ਦਾ ਅੰਤਰੀਵੀ ਨੇਮ ਹੈ। ਉਹ ਇਸ ਅਦਿਖ ਨੇਮ ਨੂੰ ਆਪਣੀ ਜਾਤ ਦਾ ਹੀ ਕਿਉਂ, ਜ਼ਿੰਦਗੀ ਦੇ ਹਰ ਵਰਤਾਰੇ ਦਾ ਹਿੱਸਾ ਦੇਖਣਾ ਚਾਹੁੰਦਾ ਹੈ, ਭਾਵੇਂ ਉਸ ਵਰਤਾਰੇ ਦਾ ਸੰਬੰਧ ਸਮਾਜੀ ਕਦਰਾਂ ਨਾਲ ਹੈ, ਮਨੁੱਖੀ ਰਿਸ਼ਤਿਆਂ ਨਾਲ ਜਾਂ ਸੱਚ, ਹੱਕ ਤੇ ਨਿਆਂ ਦੇ ਸੰਕਲਪਾਂ ਨਾਲ। ਉਸਦੇ ਨਜ਼ਦੀਕ ਕੋਈ ਵੀ ਵਧੀਕੀ ਜਾਂ ਜਬਰ ਕੁਦਰਤ ਦੀ ਸੂਖਮ ਤਰਤੀਬ ਤੇ ਤਵਾਜ਼ਨ ਦੀ ਉਲਘੰਣਾ ਹੈ। ਚੁੱਪ ਦਾ ਵਰਦਾਨ ਮੰਗਣ ਦੇ ਬਾਵਜੂਦ ਅਜਿਹੀਆਂ ਉਲੰਘਣਾਂ ਵਿਰੁੱਧ ਚੁੱਪ ਰਹਿਣਾ ਉਸਨੂੰ ਗਵਾਰਾ ਨਹੀਂ। ਇਕ ਕਵੀ ਵਜੋਂ ਉਸਨੂੰ ਬੇਹੁਰਮਤੀ ਦਾ ਸ਼ਿਕਾਰ ਔਰਤ ਦੀ ਇਸ ਪੁਕਾਰ ਦਾ ਹੁੰਗਾਰਾ ਭਰਨਾ ਹੀ ਪਿਆ ਹੈ:

ਮੇਰੀ ਪੀੜ ਨੂੰ ਸ਼ਬਦ ਨਹੀਂ ਸੰਘ ਚਾਹੀਦਾ ਹੈ
ਜਿਥੇ ਉਹ ਚੀਕ ਬਣਕੇ ਨਿਕਲ ਸਕੇ-ਕਵੀ!
ਕੀ ਤੂੰ ਉਹ ਚੀਕ ਬਣੇਗਾ
ਜੋ ਸੰਘ ਵਿਚ ਨੱਪੀ ਹੋਈ ਚੀਕ ਨੂੰ ਤੱਕ ਕੇ ਫੁਟਦੀ ਹੈ?

ਉਸ ਨੂੰ ਉਸ ਪੀੜ ਦਾ ਡਾਹਢਾ ਅਹਿਸਾਸ ਹੈ ਜਿਸ ਵਿਚੋਂ ਮਾਣ ਮਰਯਾਦਾ ਦੇ ਕਾਰਨ ਸੀਤਾ ਨੂੰ ਲੰਘਣਾ ਪਿਆ ਤੇ ਅਜੇ ਤੱਕ ਲੰਘ ਰਹੀ ਹੈ
ਉਸਦੀ ਕਵਿਤਾ "ਸੀਤਾ ਦੇ ਬੋਲ ਹਨ:

ਸੀਤਾ ਨੂੰ ਸਮਝ ਨਹੀਂ ਆਉਂਦੀ
ਭਾਵੇਂ ਇਹ ਜਨਕ ਦਾ ਵਚਨ ਹੋਵੇ
ਦਸਰਥ ਦਾ ਮਾਣ ਹੋਵੇ
ਲਛਮਣ ਦੀ ਰੇਖਾ ਹੋਵੇ
ਰਾਵਣ ਦਾ ਆਹੰਕਾਰ ਹੋਵੇ
ਜਾ ਧੋਬੀ ਦਾ ਸੰਸਾ ਹੋਵੇ
ਹਰ ਵਾਰੀ ਉਸੇ ਨੂੰ ਹੀ ਕਿਉਂ ਭਗਤਣਾ ਪੈਂਦਾ ਹੈ।

ਸੀਤਾ ਦਾ ਇਹ ਸਵਾਲ ਸਾਡੀ ਸਮਾਜੀ ਤੇ ਸਦਾਚਾਰਕ ਮਾਨਸਿਕਤਾ ਲਈ ਇਕ ਵੰਗਾਰ ਬਣਕੇ ਗੂੰਜ ਉੱਠਦਾ ਹੈ:

ਕਿਉਂ ਰਾਮ ਘੋੜੇ ਉੱਪਰ ਹੀ ਸਵਾਰ ਹੋਣਾ ਚਾਹੁੰਦੇ ਹਨ?
ਕਿਉਂ ਉਹਨਾਂ ਨੂੰ ਸਮਝ ਨਹੀਂ ਆਉਂਦਾ
ਕਿ ਮਰਯਾਦਾ ਦੇ ਘੋੜੇ ਉੱਪਰ
ਹੁਕਮ ਦਾ ਚਾਬਕ ਲੈ ਕੇ ਬੈਠਾ ਮਨੁੱਖ
ਤਾਕਤਵਰ ਤਾਂ ਹੋ ਸਕਦਾ ਹੈ, ਸੁਤੰਤਰ ਨਹੀਂ।  
ਅਜਿਹੇ ਵਿਪਰੀਤ ਵਰਤਾਰੇ ਸੁਖਪਾਲ ਨੂੰ ਦੁਖੀ ਤੇ ਬੇਚੈਨ ਕਰਦੇ ਹਨ।
ਉਸਦੇ ਕਹਿਣ ਅਨੁਸਾਰ, ਭਾਵੇਂ ਉਹ ਕਿਸੇ ਵਾਦ ਦੀ ਛੱਤ ਹੇਠ ਲੁਕਣ ਵਿਚ ਯਕੀਨ ਨਹੀਂ ਰੱਖਦਾ ਪਰ ਇਸਦਾ ਅਰਥ ਇਹ ਵੀ ਨਹੀਂ ਕਿ ਉਹ ਰਣ ਖੇਤਰ ਤੋਂ ਭੱਜਣਾ ਚਾਹੁੰਦਾ ਹੈ। ਉਹ ਲੜਨਾ ਚਾਹੁੰਦਾ ਹੈ ਪਰ ਆਪਣੀ ਸੂਰਮਗਤੀ ਦੀ ਧਾਕ ਬਿਠਾਉਣ ਲਈ ਨਹੀਂ ਸਗੋਂ ਉਹਨਾਂ ਮਜਬੂਰ ਤੇ ਨਿਹੱਥੇ ਲੋਕਾਂ ਦੇ ਸਾਥੀ ਵਜੋਂ ਜਿਹਨਾਂ ਦਾ ਨਿਹੱਥਾਪਣ ਉਭਰਿਆ ਹੈ "ਉਹਨਾਂ ਦੇ ਮੱਥੇ ਤੇ ਤਿਓੜੀ ਬਣਕੇ ਅਤੇ" ਜਿਨ੍ਹਾਂ ਦੇ ਹੱਥ ਖਾਲੀ ਹਨ ਪਰ ਇੰਝ ਮੀਟੇ ਹੋਏ ਹਨ, ਜਿਵੇਂ ਲੜਾਈ ਦੇ ਮੈਦਾਨ ਵਿਚ ਘਿਰੇ ਹੋਏ ਯੋਧੇ ਦੇ ਹੱਥ, ਜਿਨ੍ਹਾਂ ਘੁੱਟਿਆ ਹੁੰਦਾ ਹੈ ਕਿਰਪਾਨ ਨੂੰ"
ਉਹ ਅੱਗੋਂ ਲਿਖਦਾ ਹੈ:

ਮੈਂ ਲੜਾਂਗਾ ਉਹਨਾਂ ਲਈ
ਜੋ ਅਰਜਨ ਵਾਂਗ ਜੰਗ ਦੇ ਮੈਦਾਨ ਵਿਚ
ਦੋ ਚਿਤੇ ਹੋ ਗਏ ਨੇ,
ਸਾਰਥੀ ਕੋਲ ਸ਼ਸਤਰ ਨਹੀਂ ਨਜ਼ਰ ਹੁੰਦੀ
ਕਵੀ ਕੋਲ ਵੀ ਨਜ਼ਰ ਹੁੰਦੀ ਹੈ।

ਇਥੇ ਮੈਂ ਸੁਖਪਾਲ ਦੀ ਇਸ ਗੱਲ ਬਾਰੇ ਕੁੱਝ ਕਹਿਣ ਦਾ ਹੀਆ ਕਰਨਾ ਚਾਹਾਂਗਾ ਕਿ ਉਹ ਕਿਸੇ ਵਾਦ ਦੀ ਛੱਤ ਹੇਠ ਲੁਕਣ ਦਾ ਹਾਮੀ ਨਹੀਂ ਪਰ ਮੇਰੀ ਗੁਜ਼ਾਰਿਸ਼ ਇਹ ਹੈ ਕਿ ਸਾਰੇ ਵਾਦ ਲੁਕਣ ਵਾਲੀ ਛੱਤ ਨਹੀਂ ਹੁੰਦੇ। ਕੁੱਝ ਵਾਦ ਨੇਕ-ਇਰਾਦਾ ਲੋਕਾਂ ਨੂੰ ਕਿਸੇ ਉਚੇਰੀ ਖ਼ੂਬਸੂਰਤੀ ਵਾਸਤੇ, ਕਿਸੇ ਵਡੇਰੇ ਨਿਆਂ ਲਈ ਰੜੇ ਮੈਦਾਨ ਵਿਚ ਨਿਤਰਨ ਦਾ ਸੱਦਾ ਵੀ ਹੁੰਦੇ ਹਨ। ਅਜਿਹੇ ਵਾਦ ਅਕਸਰ ਉਸੇ ਨਜ਼ਰ ਦੀ ਉਪਜ ਹੁੰਦੇ ਹਨ ਜਿਸਨੂੰ ਸੁਖਪਾਲ ਨੇ "ਕਵੀ ਦੀ ਨਜ਼ਰ" ਆਖਿਆ ਹੈ। ਸੁਖਪਾਲ ਸ਼ਾਇਦ ਨਾ ਮੰਨੇ ਪਰ ਉਸਦੀ ਕਵਿਤਾ ਵਿਚੋਂ ਵੀ ਇਨਸਾਨੀ ਕਦਰਾਂ ਦੇ ਹੱਕ ਵਿਚ ਜ਼ਮੀਰ ਨੂੰ ਝੰਜੋੜਨ ਵਾਲੇ ਕਿਸੇ ਵਾਦ ਦੀ ਚਾਪ ਸੁਨਣ ਨੂੰ ਮਿਲਦੀ ਹੈ। ਕੀ ਇਹ ਚਾਪ ਸਿਰਫ਼ ਮੈਨੂੰ ਹੀ ਸੁਣੀਂਦੀ ਰਹੀ ਹੈ? ਸ਼ਾਇਦ ਇੰਝ ਹੀ ਹੋਵੇ।॥
ਭਾਵੇਂ ਮੈਦਾਨ ਵਿਚ ਨਿਤਰਨ ਦੇ ਫਰਜ਼ ਤੋਂ ਸੁਖਪਾਲ ਬੇਮੁੱਖ ਨਹੀਂ ਪਰ ਉਸਦਾ ਬੁਨਿਆਦੀ ਸਰੋਕਾਰ ਉਸ ਸਹਿਜ, ਸੰਤੁਲਨ ਤੇ ਤਰਨੁੰਮ ਨੂੰ ਮਨੁੱਖੀ ਸੁਭਾਅ ਤੇ ਵਿਹਾਰ ਦਾ ਹਿੱਸਾ ਬਨਾਉਣਾ ਹੈ, ਜਿਸਦਾ ਖ਼ਾਮੋਸ਼ ਸੁਮੇਲ ਉਹ ਕੁਦਰਤ ਵਿਚੋਂ ਦੇਖਦਾ ਹੈ। ਇਸਦੇ ਲਈ ਉਸ ਕੋਲ ਕੋਈ ਔਜ਼ਾਰ ਜਾਂ ਹਥਿਆਰ ਹੈ ਤਾਂ ਸ਼ਬਦ ਹੀ ਹਨ। ਪਰ ਬੁੱਧ, ਨਾਨਕ, ਈਸਾ ਤੇ ਰਵੀਦਾਸ ਦੇ ਹਵਾਲੇ ਨਾਲ ਉਹ ਜਾਣਦਾ ਹੈ ਕਿ ਸ਼ਬਦਾਂ ਵਿਚ ਕਿੰਨੀ ਅਥਾਹ ਸ਼ਕਤੀ ਹੁੰਦੀ ਹੈ। ਅੰਤ ਨੂੰ ਇਹਨਾਂ ਤੇਜੱਸਵੀ ਦਾਰਸ਼ਨਿਕਾਂ ਕੋਲ ਸ਼ਬਦ ਹੀ ਸਨ ਜਿਹਨਾਂ ਰਾਹੀਂ ਉਹਨਾਂ ਦਿਲਾਂ ਨੂੰ ਜਿੱਤਿਆ ਤੇ ਗਿਆਨ ਦਾ ਨੂਰ ਉਪਜਾਇਆ। ਜੇ ਸੁਖਪਾਲ ਨੇ ਇਹਨਾਂ ਦੇ ਦਵਾਰ ਉੱਤੇ ਅਲਖ ਜਗਾਈ ਹੈ ਤਾਂ ਇਸ ਲਈ ਕਿ ਸ਼ਬਦਾਂ ਨੂੰ ਸ਼ਕਤੀ ਦੇਣ ਦੇ ਕ੍ਰਿਸ਼ਮੇ ਦਾ ਜੇ ਕੋਈ ਕਿਣਕਾ ਕਿਤੋਂ ਲੱਭ ਸਕਦਾ ਹੈ ਤਾਂ ਇਹਨਾਂ ਦਵਾਰਿਆਂ ਤੋਂ ਹੀ ਲੱਭ ਸਕਦਾ ਹੈ।
ਹਰ ਦੌਰ ਤੇ ਹਰ ਰੰਗ ਦੇ ਚੰਗੇ ਕਵੀ ਵਾਂਗ ਉਸਦੀ ਵੀ ਕੋਸ਼ਿਸ਼ ਹੈ ਕਿ ਉਹ ਆਪਣੀ ਕਵਿਤਾ ਵਿਚ ਉਸ ਤੋਂ ਵੱਧ ਕੁੱਝ ਆਖ ਸਕੇ ਜੋ ਕੁੱਝ ਉਸਨੇ ਆਖਿਆ ਹੈ। ਅਜਿਹਾ ਤਾਂ ਹੀ ਹੋ ਸਕਦਾ ਹੈ ਜੇ ਉਹ ਸ਼ਬਦ-ਕੋਸ਼ ਵਿਚ ਦਿੱਤੇ ਸ਼ਬਦਾਂ ਦੇ ਅਰਥਾਂ ਨੂੰ ਕੋਈ ਅਜਿਹੀ ਨਿਵੇਕਲੀ ਆਭਾ, ਉਹਨਾਂ ਉਦਾਲੇ ਕੋਈ ਅਜਿਹਾ ਹਾਲਾ ਸਿਰਜ ਸਕੇ ਜਿਸਨੂੰ ਉਸਨੇ ਸਪੇਸ ਤੇ ਚੁੱਪ ਦਾ ਨਾਂਅ ਦਿੱਤਾ ਹੈ।
ਮੇਰੀ ਕਾਮਨਾ ਹੈ ਕਿ ਉਸਨੂੰ ਆਪਣੀ ਇਸ ਕਾਵਿਸ਼ ਵਿਚ ਨਵੀਆਂ ਪ੍ਰਾਪਤੀਆਂ ਦੀ ਤੌਫ਼ੀਕ ਮਿਲੇ। ਸ਼ਾਇਦ ਫੈਜ਼ ਦਾ ਇਹ ਸ਼ੇਅਰ ਮੇਰੀ ਇਸ ਕਾਮਨਾ ਦਾ ਇਜ਼ਹਾਰ ਵਧੇਰੇ ਖ਼ੂਬਸੂਰਤੀ ਨਾਲ ਕਰਦਾ ਹੈ।

ਇਕ ਸੁਖ਼ਨ ਔਰ ਕਿ ਫ਼ਿਰ ਤਰਜ਼ੇ ਤਕੱਲਮ ਤੇਰਾ
ਹਰਫ਼ੇ ਸਾਦਾ ਕੋ ਅਨਾਇਤ ਕਰੇ ਇਅਜਾਜ਼ ਕਾ ਰੰਗ

No comments:

Post a Comment