ਕੁਝ ਸਾਲ ਪਹਿਲਾਂ ਮੈਂ ਵਾਸ਼ਿੰਗਟਨ ਹਵਾਈ ਅੱਡੇ ਦੇ ਕੋਲ ਹਵਾਈ ਅਜਾਇਬ ਘਰ ਵੇਖਣ ਲਈ ਗਿਆ। ਇਥੇ ਇਕ ਅਮਰੀਕਨ-29 ਬੰਬਾਰ ਜਹਾਜ਼ ਰੱਖਿਆ ਹੈ ਜਿਸ ਦਾ ਨਾਂਅ ਹੈ 'ਇਨੋਲਾ ਗੇ'। ਇਹ ਨਾਂਅ ਉਸ ਪਾਇਲਟ ਦੀ ਮਾਂ ਦਾ ਹੈ ਜਿਸ ਨੇ ਅਮਰੀਕਨ ਪ੍ਰਧਾਨ ਟਰੂਮੈਨ ਦੇ ਹੁਕਮ ਥੱਲੇ 6 ਅਗਸਤ 1945 ਨੂੰ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਦੇ ਉੱਤੇ ਐਟਮ ਬੰਬ ਫਟਾਇਆ। ਇਕ ਪਾਦਰੀ, ਜੋ ਐਟਮ ਬੰਬ ਫਟਣ ਵਾਲੀ ਥਾਂ ਤੋਂ ਤਕਰੀਬਨ ਦੋ ਕਿਲੋਮੀਟਰ ਦੂਰ ਸੀ, ਉਸ ਦੇ ਜੇਬ ਵਿਚਲੀ ਘੜੀ ਨੇ ਬੰਬ ਫਟਦਿਆਂ ਹੀ ਬੰਦ ਹੋ ਕੇ ਹਮਲੇ ਦੇ ਵਕਤ ਦੀ ਹਮੇਸ਼ਾ ਲਈ ਪੁਸ਼ਟੀ ਕਰ ਦਿੱਤੀ।
ਹੀਰੋਸ਼ੀਮਾ ਕੋਈ ਫ਼ੌਜੀ ਸ਼ਹਿਰ ਨਹੀਂ ਸੀ। ਇਥੋਂ ਦੀ ਸ਼ਹਿਰੀ ਵਸੋਂ ਨੂੰ ਅੱਖ ਦੇ ਫੋਰ ਵਿਚ ਭਸਮ ਕਰਨ, ਇਸ ਸ਼ਹਿਰ ਨੂੰ ਮਲੀਆਮੇਟ ਕਰਨ ਅਤੇ ਦੁਨੀਆ ਭਰ ਵਿਚ ਦਹਿਸ਼ਤ ਫੈਲਾਉਣ ਦੀ ਇਹ ਇਕ ਘਿਣਾਉਣੀ ਯੋਜਨਾ ਸੀ। ਸ਼ਹਿਰੀ ਵੱਸੋਂ ਨੂੰ ਪੂਰਨ ਰੂਪ ਵਿਚ ਤਬਾਹ ਕਰਨਾ ਅਮਰੀਕਾ ਲਈ ਕੋਈ ਨਵੀਂ ਗੱਲ ਨਹੀਂ ਸੀ। 15 ਅਪ੍ਰੈਲ 1945 ਨੂੰ ਅਮਰੀਕਾ ਅਤੇ ਬ੍ਰਿਟੇਨ ਨੇ ਮਿਲ ਕੇ ਜਰਮਨੀ ਦੇ ਸ਼ਹਿਰ ਡ੍ਰੈਸਡਨ ਦੇ ਉਤੇ ਸਾਰੀ ਰਾਤ ਅਗਨੀ ਬੰਬ ਸੁੱਟ ਕੇ ਕੁੱਲ ਸ਼ਹਿਰ ਨੂੰ ਅੱਗ ਦੇ ਤੂਫ਼ਾਨ ਦੇ ਨਾਲ-ਨਾਲ ਪੰਜ ਲੱਖ ਤੋਂ ਵੱਧ ਸ਼ਹਿਰੀਆਂ ਅਤੇ ਰਿਫ਼ਿਊਜੀਆਂ ਨੂੰ ਜ਼ਿੰਦਾ ਸਾੜ ਦਿੱਤਾ ਸੀ।
ਪਰ ਹੀਰੋਸ਼ੀਮਾ ਦੀ ਗੱਲ ਹੋਰ ਹੈ। ਇਕ ਤੇਰਾਂ ਟਨ ਦੇ ਯੂਰੇਨੀਅਮ ਬੰਬ ਨੂੰ ਕਰੀਬ 200 ਮੀਟਰ ਜ਼ਮੀਨ ਤੋਂ ਉੱਪਰ ਇਕ ਪੈਰਾਸ਼ੂਟ ਦੇ ਨਾਲ ਫਟਾਇਆ ਗਿਆ। ਇਹ ਮਹਾਂ ਧਮਾਕਾ, ਇਕ ਭਿਅੰਕਰ ਅੱਗ ਗੋਲਾ ਅਤੇ ਅੰਤਾਂ ਦੇ ਸ਼ਾਕ ਧਮਾਕੇ ਦੇ ਨਾਲ-ਨਾਲ ਅਤਿਅੰਤ ਸ਼ਕਤੀਸ਼ਾਲੀ ਰੇਡੀਆਈ ਕਿਰਨਾਂ ਇਕੋ ਹੀ ਪਲ ਵਿਚ ਸ਼ਹਿਰ ਦੇ ਵਿਚੋਂ ਲੰਘ ਗਈਆਂ। ਉਸ ਦਿਨ ਹੀਰੋਸ਼ੀਮਾ ਦੇ ਅੰਦਰ ਕਰੀਬ ਢਾਈ ਲੱਖ ਲੋਕ ਸਨ।
ਹਰ ਪਾਸੇ ਇਕ ਮੀਲ ਦੇ ਚੱਕਰ ਤੱਕ ਸਭ ਕੁਝ ਭੁੰਨਿਆ ਗਿਆ। 90 ਫ਼ੀਸਦੀ ਇਮਾਰਤਾਂ ਜ਼ਮੀਨ ਦੇ ਉੱਤੇ ਪੱਧਰੀਆਂ ਹੋ ਗਈਆਂ। ਇਕ ਤਿਹਾਈ ਆਬਾਦੀ ਤਾਂ ਅੱਖ ਝਪਕਦਿਆਂ ਹੀ ਖ਼ਤਮ ਹੋ ਗਈ। ਅਨੇਕਾਂ ਦੀ ਕੁੱਲ ਚਮੜੀ ਉੱਧੜ ਗਈ ਅਤੇ ਅੰਦਰਲੇ ਅੰਗ ਬਾਹਰ ਆ ਗਏ। ਬਾਕੀ ਦੇ ਮਰੇ ਬਲਾਸਟ ਧੱਕੇ ਤੋਂ ਡਿਗਦੀਆਂ ਉਡਦੀਆਂ ਇਮਾਰਤਾਂ ਅਤੇ ਰੇਡੀਆਈ ਕਿਰਨਾਂ ਦੇ ਨਾਲ। ਜੋ ਬਚੇ ਰਹੇ, ਉਹ ਵੀ ਰੇਡੀਆਈ ਕਿਰਨਾਂ ਦੇ ਕਾਰਨ ਅਨੇਕਾਂ ਬਿਮਾਰੀਆਂ ਅਤੇ ਕੈਂਸਰ ਦੇ ਨਾਲ ਅਗਲੇ ਤਿੰਨ ਮਹੀਨਿਆਂ ਦੇ ਵਿਚ ਮਰ ਗਏ। ਜੋ ਫਿਰ ਵੀ ਬਚੇ ਰਹੇ, ਉਨ੍ਹਾਂ ਦੀ ਜ਼ਿੰਦਗੀ ਤਾਂ ਮਰਿਆਂ ਦੇ ਨਾਲੋਂ ਵੀ ਬਦਤਰ ਰਹੀ। 'ਈਨੋਲਾ ਗੇ' ਜਹਾਜ਼ ਦੇ ਪਾਇਲਟ 'ਟਾਮਸ ਫਿਰਬੀ' ਨੂੰ ਸਦਾ ਹੀ ਮਾਣ ਰਿਹਾ ਕਿ ਉਸ ਨੇ ਇਸ ਕੰਮ ਨੂੰ ਬਹੁਤ ਮੁਹਾਰਤ ਦੇ ਨਾਲ ਅੰਜਾਮ ਦਿੱਤਾ। ਉਸ ਦੀ ਕੁਦਰਤੀ ਮੌਤ 81 ਸਾਲ ਦੀ ਉਮਰ ਵਿਚ ਹੋਈ। ਇੰਜ ਲਗਦੈ ਜਿਵੇਂ ਰੱਬ ਨੂੰ ਵੀ ਉਹਦੇ ਕੰਮ ਉਤੇ ਬਹੁਤ ਮਾਣ ਹੋਵੇ।
ਅੱਜ ਸਾਡੇ ਦੇਸ਼ ਅਤੇ ਆਂਢ-ਗੁਆਂਢ ਵਿਚ ਵੀ ਪ੍ਰਮਾਣੂ ਹਥਿਆਰਾਂ ਨੂੰ ਬੜੇ ਰੋਮਾਂਟਿਕ ਢੰਗ ਨਾਲ ਪੇਸ਼ ਕੀਤਾ ਜਾ ਰਿਹੈ। ਢੇਰਾਂ ਦੇ ਢੇਰ ਪ੍ਰਮਾਣੂ ਬੰਬ ਬਣਾਏ ਜਾ ਰਹੇ ਹਨ। ਅੱਜ ਦੇ ਦਿਨ ਇਨ੍ਹਾਂ ਬੰਬਾਂ ਦੇ ਨਾਲ ਅਸੀਂ ਵਧੀਕ ਤਾਕਤਵਰ ਨਹੀਂ ਹੋ ਜਾਂਦੇ। ਐਟਮੀ ਜੰਗ ਦੇ ਵਿਚ ਕੇਵਲ ਬੇਹਥਿਆਰਾ ਹੀ ਨਿਹੱਕ ਮਾਰਿਆ ਜਾ ਸਕਦੈ। ਅੱਜ ਗ਼ੈਰ-ਪ੍ਰਣਾਣੂ ਸ਼ਕਤੀ ਈਰਾਨ ਦੇ ਆਲੇ-ਦੁਆਲੇ ਪ੍ਰਮਾਣੂ ਹਥਿਆਰਾਂ ਦੇ ਨਾਲ ਹਮਲੇ ਦੀ ਗੱਲ ਵਾਰ-ਵਾਰ ਦੁਹਰਾਈ ਜਾ ਰਹੀ ਹੈ। ਈਰਾਨ ਦੀ ਤਬਾਹੀ, ਸਾਨੂੰ ਵੀ ਨਾਲ ਹੀ ਲਪੇਟ ਲਵੇਗੀ ਕਿਉਂਕਿ ਉਥੋਂ ਉੱਡੀ ਹੋਈ ਰੇਡੀਓ ਐਕਟਿਵਿਟੀ ਭਰੀ ਮੁੜ ਦਿਨਾਂ ਦੇ ਅੰਦਰ ਹੀ ਉੱਤਰੀ ਭਾਰਤ ਦੇ ਅੰਦਰ ਪਹੁੰਚ ਕੇ ਆਪਣਾ ਮਾਰੂ ਅਸਰ ਵਿਖਾ ਸਕਦੀ ਹੈ।
ਮੈਨੂੰ ਇਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਸਾਡੀ ਜ਼ਬਾਨ ਨੂੰ ਤੰਦੂਆ ਕਿਉਂ ਲੱਗ ਗਿਆ ਹੈ?
ਜੇ ਐਟਮ ਬੰਬ ਡਿੱਗੇ ਤਾਂ?
ਐਟਮ ਬੰਬ ਸੁੱਟਣ ਲਈ ਕਿਸੇ 'ਇਨੋਲਾ ਗੇ' ਜਹਾਜ਼ ਦੀ ਲੋੜ ਨਹੀਂ ਪੈਣੀ। ਇਹ ਆਵੇਗਾ ਇਕ ਰਾਕਟ ਦੇ ਰਸਤੇ ਅਤੇ ਸੁੱਟਿਆ ਜਾਵੇਗਾ ਕਿਸੇ ਕੇਂਦਰੀ ਸ਼ਹਿਰ ਵਿਚ। ਹੀਰੋਸ਼ੀਮਾ ਵਾਲਾ ਬੰਬ ਤਾਂ ਇਕ ਬੱਚਾ ਬੰਬ ਸੀ। ਇਕ ਚਾਰ ਪੰਜ ਗੁਣਾ ਵੱਡੇ ਬੰਬ ਦੇ ਨਾਲ ਇਕ ਘੁੱਗ ਵਸਦੇ ਸ਼ਹਿਰ ਵਿਚ ਉਹੀ ਕੁਝ ਹੋਵੇਗਾ, ਜੋ ਹੀਰੋਸ਼ੀਮਾ ਵਿਚ ਹੋਇਆ ਸੀ। ਨਤੀਜਾ ਕਈ ਗੁਣਾ ਭਿਆਨਕ ਹੋਵੇਗਾ। ਅੱਠ-ਦਸ ਲੱਖ ਲੋਕ ਅੱਖ ਝਪਕਦਿਆਂ ਹੀ ਖ਼ਤਮ ਹੋ ਜਾਣਗੇ। ਉਹੀ ਅੱਗ ਦੇ ਗੋਲੇ ਦੀ ਭਿਆਨਕ ਅੱਗ ਅਤੇ ਅਤਿਅੰਤ ਜ਼ੋਰਦਾਰ ਹਨੇਰੀ। ਦਸ-ਦਸ ਮੀਲ ਤੱਕ ਹਰ ਸੜ ਸਕਣ ਵਾਲੀ ਚੀਜ਼ ਨੂੰ ਅੱਗ ਲੱਗ ਜਾਵੇਗੀ। ਸਭ ਮੋਟਰ ਕਾਰਾਂ, ਪੈਟਰੋਲ ਪੰਪ, ਫ਼ੌਜੀ ਸਾਜ਼ੋ-ਸਾਮਾਨ ਫਟ ਜਾਣਗੇ। ਬਿਜਲੀ ਬੰਦ ਹੋ ਜਾਵੇਗੀ। ਸ਼ਹਿਰ ਦਾ ਪਾਣੀ ਭਾਫ਼ ਬਣ ਕੇ ਉੱਡ ਜਾਵੇਗਾ। ਪੰਦਰਾਂ-ਵੀਹ ਲੱਖ ਲੋਕ ਮਾਮੂਲੀ ਤੋਂ ਭਿਆਨਕ ਢੰਗ ਨਾਲ ਜ਼ਖਮੀ ਹੋ ਜਾਣਗੇ। ਕੋਈ ਐਂਬੂਲੈਂਸ ਨਹੀਂ ਹੋਵੇਗੀ, ਕੋਈ ਹਸਪਤਾਲ ਨਹੀਂ ਖੁੱਲ੍ਹੇਗਾ। ਇਸ ਸ਼ਹਿਰ ਦੀ ਮਦਦ ਉਤੇ ਕੋਈ ਨਹੀਂ ਆਵੇਗਾ। ਸਭ ਵਿਅਕਤੀ ਹਰ ਸੰਭਵ ਢੰਗ ਨਾਲ ਸ਼ਹਿਰ ਤੋਂ ਦੂਰ ਭੱਜਣਗੇ। ਸਰਕਾਰ ਨਾਂਅ ਦੀ ਕੋਈ ਚੀਜ਼ ਨਹੀਂ ਰਹੇਗੀ। ਸਾਰੇ ਦੇਸ਼ ਵਿਚ ਆਵਾਜਾਈ, ਵਪਾਰ, ਕੰਮ-ਕਾਰ ਠੱਪ ਹੋ ਜਾਣਗੇ। ਹਰ ਕੋਈ ਸਾਹ ਰੋਕੀ ਆਪਣੇ ਘਰ ਵਿਚ ਰੁਕ ਜਾਵੇਗਾ। ਸ਼ਹਿਰਾਂ ਨੂੰ ਖੁਰਾਕ ਸਪਲਾਈ ਸੁਸਤ ਹੋ ਜਾਵੇਗੀ। ਖ਼ਬਰਾਂ-ਅਫਵਾਹਾਂ ਦਾ ਬਾਜ਼ਾਰ ਗਰਮ ਹੋ ਜਾਵੇਗਾ।
ਜੇ ਇਹੀ ਬੰਬ ਦਸ ਸ਼ਹਿਰਾਂ ਉਤੇ ਡਿਗ ਜਾਣ ਤਾਂ ਕੁੱਲ ਸਨਅਤਕਾਰੀ ਅਤੇ ਅਰਥਚਾਰਾ ਮੁੱਕ ਜਾਵੇਗਾ। ਫ਼ੌਜਾਂ ਨੂੰ ਹੁਕਮ ਦੇਣ ਵਾਲਾ ਕੋਈ ਨਹੀਂ ਰਹਿਣਾ। ਇਹ ਸਭ ਕੁਝ ਇਕ ਦੇਸ਼ ਨਹੀਂ, ਦੂਜੇ ਦੇਸ਼ ਵਿਚ ਵੀ ਅਜਿਹਾ ਹੀ ਹੋਵੇਗਾ। ਇੱਕੀਵੀਂ ਸਦੀ ਵਿਚੋਂ ਨਿਕਲ ਕੇ ਪੰਦਰਵੀਂ ਸਦੀ ਵਿਚ ਪਹੁੰਚ ਜਾਵਾਂਗੇ ਅਤੇ ਮਹਾਂਮਾਰੀਆਂ ਦੇ ਵਿਚੋਂ ਨਿਕਲਦਿਆਂ ਕਈ ਸਦੀਆਂ ਲੱਗ ਜਾਣਗੀਆਂ।
ਕੀ ਇਹ ਬਿਹਤਰ ਨਹੀਂ ਹੋਵੇਗਾ ਕਿ ਅਸੀਂ ਆਂਢੀ-ਗੁਆਂਢੀ ਦੇਸ਼, ਮਹਾਂਸ਼ਕਤੀਆਂ ਦੇ ਉਕਸਾਵੇ ਦੇ ਵਿਚ ਆ ਕੇ ਜੰਗੀ ਤਿਆਰੀਆਂ ਦੇ ਨਾਂਅ ਉਤੇ ਪ੍ਰਮਾਣੂ ਹਥਿਆਰਾਂ ਦੀ ਥਾਂ ਆਪਣੀ ਸਾਰੀ ਸ਼ਕਤੀ ਉਸ ਪਾਸੇ ਲਗਾਈਏ, ਜਿਸ ਦੇ ਨਾਲ ਇਸ ਖਿੱਤੇ ਵਿਚ ਅਮਨ, ਦੋਸਤੀ ਅਤੇ ਸਥਿਰਤਾ ਦੇ ਵਿਚ ਵਾਧਾ ਹੋਵੇ। ਕੀ ਤੁਸੀਂ ਪਸੰਦ ਕਰੋਗੇ ਕਿ ਕਿਸੇ ਸਨਮਾਣਯੋਗ ਜੰਗ ਦੇ ਵਿਚ ਤੁਹਾਡੇ ਆਪਣੇ ਸ਼ਹਿਰ ਦੇ ਉਤੇ ਇਕ ਹੀਰੋਸ਼ੀਮਾ ਦੀ ਵੰਨਗੀ ਵਾਲੇ ਛੋਟੇ ਜਿਹੇ ਬੰਬ ਦੇ ਨਾਲ 6 ਅਗਸਤ 1945 ਵਾਲਾ ਕਾਲਾ ਇਤਿਹਾਸ ਉਕਰਿਆ ਜਾਵੇ?
-57, ਜੋਸ਼ੀ ਕਾਲੋਨੀ, ਅੰਮ੍ਰਿਤਸਰ
ਮੋ: 09815000207
ਸਰੋਤ :- ਸੱਚਬਾਣੀ
No comments:
Post a Comment