Saturday, January 16, 2010

ਦਲਿਤ:ਮਿੱਥ ਤੇ ਯਥਾਰਥ ਦਾ ਵਿਰੋਧ-ਵਿਕਾਸ - ਪੀ. ਐੱਨ. ਸਿੰਘ


ਦਲਿਤ ਵਰਤਾਰਾ ਅੱਜ ਦਾ ਸਭ ਤੋਂ ਵੱਧ ਸੰਵੇਦਨਸ਼ੀਲ ਵਿਸ਼ਾ ਹੈ। ਇਹਦੀ ਸਮਾਜਕ ਅਤੇ ਰਾਜਸੀ ਅਹਿਮੀਅਤ ਤੋਂ ਕੋਈ ਵੀ ਇਨਕਾਰੀ ਨਹੀਂ । ਰਾਜਨੀਤੀਵਾਨ, ਬੁਧੀਜੀਵੀ ਅਤੇ ਵਿਦਵਾਨ ਦਲਿਤ ਚੇਤਨਾ ਦੀ ਅਤੇ ਪਛਾਣ ਲਈ ਇਹਦੇ ਸੰਘਰਸ਼ ਦੀ ਪ੍ਰਕਿਰਤੀ ਨੂੰ ਸਮਝਣ ਲਈ ਜੂਝ ਰਹੇ ਹਨ। ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਭਾਰਤ ਦਾ ਦਲਿਤ ਸਮਾਜਕ ਤੌਰ ਤੇ ਬਹੁਤ ਪਰੇਸ਼ਾਨ ਹੈ ਅਤੇ ਰਾਜਨੀਤਕ ਤੌਰ ਤੇ ਜੋਰ ਨਾਲ ਆਪਣੀ ਅਵਾਜ਼ ਬੁਲੰਦ ਕਰ ਰਿਹਾ ਹੈ।
ਪਰ ਇਹ ਕੋਈ ਅਸਮਾਨੀ ਬਿੱਜ ਨਹੀਂ ਹੈ। ਦਰਅਸਲ ਇਹ ਬਹੁਤ ਸਾਰੇ ਕਾਰਕਾਂ ਦਾ ਸੰਚਿਤ ਨਤੀਜਾ ਹੈ ਜਿਹੜੇ ਸਾਡੇ ਆਜ਼ਾਦੀ ਸੰਘਰਸ਼ ਦੇ ਜ਼ਮਾਨੇ ਤੋਂ ਹੀ ਪ੍ਰਭਾਵਸ਼ਾਲੀ ਢੰਗ ਨਾਲ ਕਾਰਜਸ਼ੀਲ ਸਨ। ਸਾਡੇ ਆਜ਼ਾਦੀ ਸੰਘਰਸ਼ ਨੇ ਆਖਰ ਭਾਰਤੀ ਗਣਰਾਜ ਨੂੰ ਜਨਮ ਦਿੱਤਾ ਜਿਸ ਵਿਚ ਸਰਬਵਿਆਪੀ ਵੋਟ ਅਧਿਕਾਰ ਅਤੇ ਰਾਜਨੀਤਕ ਤੇ ਕਿੱਤਾਗਤ ਰਾਖਵੇਂਕਰਨ ਅਤੇ ਹੋਰ ਸਬੰਧਤ ਫਾਇਦਿਆਂ ਦੇ ਪੱਖ ਤੋਂ ਦਲਿਤਾਂ ਦੇ ਹੱਕ ਵਿਚ ਗਰੰਟੀਸ਼ੁਦਾ ਪੱਖਪਾਤ ਹੈ। ਲੋਕਤੰਤਰੀ ਸ਼ਮੂਲੀਅਤ ਅਤੇ ਲਾਮਬੰਦੀ ਦਾ ਵਿਆਪਕ ਅਤੇ ਡੂੰਘੇਰਾ ਹੋਣਾ, ਸਿੱਖਿਆ ਦਾ ਵਿਸਤਾਰ, ਆਰਥਕ ਗਤੀਸ਼ੀਲਤਾ ਅਤੇ ਪੇਸ਼ੇ ਸਬੰਧੀ ਵਭਿੰਨੀਕਰਨ ਅਤੇ ਖਾਸ ਕਰ ਡਾ. ਅੰਬੇਦਕਰ ਦੇ ਰੈਡੀਕਲ ਸਮਾਜੀ ਖਿਆਲਾਂ ਦਾ ਦਲਿਤ ਵਿਸ਼ਿਸ਼ਟ ਹਲਕਿਆਂ ਵਿਚ ਫੈਲ ਜਾਣਾ  ਹੋਰ ਕਾਰਕ ਹਨ ਜਿਹਨਾਂ ਨੇ ਯੋਗਦਾਨ ਪਾਇਆ । ਸਿੱਧੀ ਰਾਜਸੀ ਸਰਪ੍ਰਸਤੀ ਹੇਠ ਕਾਫੀ ਅਰਸੇ ਤੋ. ਕਲਰਕਾਂ, ਅਫਸਰਾਂ, ਪ੍ਰਸ਼ਾਸਕਾਂ, ਬਿਜਨੈਸ ਵਾਲਿਆਂ, ਰਾਜਨੀਤਕ, ਸਮਾਜਿਕ ਵਰਕਰਾਂ ਅਤੇ ਵਿਚਾਰਵਾਨਾਂ ਦਾ ਵਿਸ਼ਾਲ ਚਿੱਟਕਾਲਰੀ ਦਲਿਤ ਬੁਧੀਜੀਵੀ ਵਰਗ ਰੂਪਮਾਨ ਹੋ ਗਿਆ ਜਿਹਦੀ ਕੋਈ ਜੀਵੰਤ ਰਾਜਨੀਤਕ ਜਥੇਬੰਦੀ ਨਹੀਂ ਸੀ ਜਿਸ ਰਾਹੀਂ ਉਹ ਰਾਸ਼ਟਰੀ ਚਿਤਰਪੱਟ ਉਤੇ ਆਪਣੀ ਮੌਜੂਦਗੀ ਦਰਜ ਕਰਵਾ ਸਕਦਾ। ਮਹਾਰਾਸ਼ਟਰ ਦੀ ਦਲਿਤ ਲਹਿਰ ਪ੍ਰਦੇਸ਼ ਦੀਆਂ ਸਰਹੱਦਾਂ ਪਾਰ ਨਾ ਕਰ ਸਕੀ ਅਤੇ ਉਥੇ ਵੀ ਇਹ ਮਹਿਜ ਦਬਾਓ ਸਮੂਹ ਹੀ ਰਿਹਾ। ਪਰ ਕਾਂਸ਼ੀਰਾਮ ਆਪਣੀ ਉਜੱਡ ਰਾਜਸੀ ਸੋਚ ਦੇ ਬਾਵਜੂਦ ਉਤਰੀ ਭਾਰਤ ਖਾਸ ਕਰ ਯੂ.ਪੀ. ਵਿਚ ਦਲਿਤ ਵੋਟ ਬੈਂਕ ਦੀ ਸਿਰਜਣਾ ਕਰਨ ਤੇ ਉਹਨੂੰ ਸੁਦ੍ਰਿੜ ਬਣਾਉਣ ਵਿਚ ਕਾਮਯਾਬ ਹੋ ਗਿਆ ਹੈ ਤੇ ਉਸਨੇ ਦਲਿਤਾਂ ਨੂੰ ਸੱਤਾਧਾਰੀ ਬਣਾਉਣ ਨੂੰ ਇੱਕ ਗੰਭੀਰ ਰਾਸ਼ਟਰੀ ਏਜੰਡਾ ਬਣਾ ਦਿੱਤਾ ਹੈ। ਸਮਾਜਕ ਅਤੇ ਸਭਿਆਚਾਰਕ ਜਾਗਰਤੀ ਵੀ ਇਹਦੇ ਨਾਲ ਜੁੜੀ ਹੈ। ਬੀ.ਆਰ.ਅੰਬੇਦਕਰ ਦੇ ਸਮਾਜੀ-ਸਭਿਆਚਾਰਕ ਭਵਿੱਖ ਨਕਸ਼ਿਆਂ ਵਿਚ ਭਿਜਿਆ ਦਲਿਤ ਵਿਸਿਸ਼ਟ ਵਰਗ ਹਿੰਦੂ ਵਿਚਾਰਧਾਰਾ ਅਤੇ ਸਮਾਜਕ ਸੰਰਚਨਾ ਦੀ ਕੁੜਿਕੀ ਵਿਚੋਂ ਨਿਕਲਣ ਲਈ ਸੰਘਰਸ਼ ਕਰ ਰਿਹਾ ਹੈ।
ਦਲਿਤ ਇਕ ਸਮੁਦਾਇ ਦੇ ਤੌਰ ਤੇ
ਡਾ. ਅੰਬੇਦਕਰ ਦਲਿਤਾਂ ਨੂੰ ਇਕ ਸਮੁਦਾਇ ਦੇ ਤੌਰ ਤੇ ਸੰਗਠਿਤ ਕਰਨਾ ਚਾਹੁੰਦਾ ਸੀ। ਲਗਦਾ ਹੈ ਉਸਦਾ ਮਕਸਦ ਹਿੰਦੂ ਸਰਦਾਰੀ ਦਾ ਟਾਕਰਾ ਕਰਨਾ ਸੀ। ਸੁਭਾਵਕ ਤੌਰ ਤੇ ਉਹਨੇ ਸਾਲਾਂ ਬੱਧੀ ਸੋਚ ਵਿਚਾਰ ਕਰਨ ਤੋਂ ਬਾਅਦ ਆਪਣੀ ਜਿੰਦਗੀ ਦੇ ਅੰਤਲੇ ਪੜਾਅ ਵਿਚ ਬੁੱਧ ਧਰਮ ਅਪਣਾ ਲਿਆ ਅਤੇ ਭੁਦਦਹਅ ਅਨਦ ਹਸਿ ਧਹਅਮਮਅ ਪੁਸਤਕ ਲਿਖੀ ਅਤੇ ਖਾਸਕਰ ਦਲਿਤਾਂ ਨੂੰ ਸਮਾਜਕ ਤੇ ਸਭਿਆਚਾਰਕ ਸ਼ਕਤੀ ਵਾਸਤੇ ਬੁੱਧ ਧਰਮ ਅਪਨਾਉਣ ਲਈ ਪਰਚਾਰ ਕੀਤਾ। ਕੋਈ ਹੈਰਾਨੀ ਵਾਲੀ ਗੱਲ ਨਹੀਂ ਦਲਿਤ ਉਹਦੇ ਦੱਸੇ ਮਾਰਗ ਤੇ ਤੇਜੀ ਨਾਲ ਅੱਗੇ ਚਲ ਰਹੇ ਹਨ।
ਬੀ.ਆਰ. ਅੰਬੇਦਕਰ ਦੇ ਵਿਚਾਰਾਂ ਨੇ ਇਕ ਸ਼ਕਤੀਸ਼ਾਲੀ ਸਮਾਜਕ ਉੱਤਪ੍ਰੇਰਕ ਵਜੋਂ ਕੰਮ ਕੀਤਾ ਹੈ; ਇਥੋਂ ਤੱਕ ਕਿ ਪਰੰਪਰਾਪੂਜ ਹਿੰਦੂਆਂ ਨੂੰ ਵੀ ਕਟਹਿਰੇ ਵਿਚ ਖੜਾ ਕਰ ਦਿੱਤਾ ਹੈ। ਦਲਿਤ ਹੁਣ ਆਪਣੀ ਹੋਣੀ ਬਦਲਣ ਲਈ ਤੇਜੀ ਨਾਲ ਚੇਤਨ ਅਤੇਸੰਗਠਿਤ ਹੋ ਰਹੇ ਹਨ ਅਤੇ, ਜੋਰ ਨਾਲ ਆਪਣੀ ਗੱਲ ਕਹਿ ਰਹੇ ਹਨ। ਉਹ ਹਰੀਜਨ ਕਹਿਲਾਉਣਾ ਅਪਮਾਨਜਨਕ ਸਮਝਦੇ ਹਨ ਇਸ ਲਈ ਦਲਿਤ ਕਹਿਲਾਉਣ ਲਗ ਪਏ ਹਨ। ਗਾਂਧੀਵਾਦੀ ਹਰੀਜਨ ਨਿਤਾਣਾ, ਨਿਮਾਣਾ, ਆਗਿਆਕਾਰੀ, ਰਾਜਨੀਤਕ ਤੌਰ ਤੇ ਗੈਰਸਰਗਰਮ ਅਤੇ ਉਦਾਰ ਸੀ ਅਤੇ ਹਿੰਦੂ ਚੌਖਟੇ ਵਿਚ ਸਮੋਏ ਜਾਣ ਦਾ ਚਾਹਵਾਨ ਸੀ। ਪਰ ਅੰਬੇਦਕਾਰੀ ਦਲਿਤ ਰਾਜਨੀਤਕ ਤੌਰ ਤੇ ਅਭਿਲਾਖੀ, ਸਮਾਜਕ ਤੌਰ ਤੇ ਬੇਚੈਨ ਅਤੇ ਸਭਿਆਚਾਰਕ ਤੌਰ ਤੇ ਰਵਾਇਤੀ ਹਿੰਦੂ ਦਰਸ਼ਨ ਅਤੇ ਸਮਾਜਕ ਨਿਯਮਵਾਲੀ ਦਾ ਜੋਰਦਾਰ ਆਲੋਚਕ ਹੈ। ਦਲੀਲ ਦਿੱਤੀ ਜਾ ਸਕਦੀ ਹੈ ਕਿ ਹਿੰਦੁਸਤਾਨ ਵਿਚ ਅਛੂਤਾਂ ਦੀ ਯਾਤਰਾ ਸਾਊ ਅਤੇ ਗੈਰ ਅਭਿਲਾਖੀ ਹਰੀਜਨ ਤੋਂ ਬੇਚੈਨ, ਅਭਿਲਾਖੀ ਅਤੇ ਸਰਗਰਮ ਅਤੇ ਅੜੀਅਲ ਆਕੀ ਦਲਿਤ ਤੱਕ ਦੀ ਯਾਤਰਾ ਹੈ। ਪਹਿਲਿਆਂ ਨੇ ਗਾਂਧੀ ਨੂੰ ਆਗੂ ਧਾਰਿਆ ਸੀ ਤੇ ਮਗਰਲਿਆਂ ਨੇ ਅੰਬੇਦਕਰ ਨੂੰ।
1932 ਵਿਚ ਮਹਾਤਮਾ ਗਾਂਧੀ ਨੇ ਅਛੂਤਾਂ ਲਈ ਹਰੀਜਨ ਪਦ ਵਰਤਿਆ। ਪੁਨਰ ਨਾਮਕਰਨ ਲਈ ਉਹਦੇ ਇਰਾਦੇ ਅਤਿਅੰਤ ਨੇਕ ਸਨ ਅਤੇ ਉਸਨੇ ਆਪਣੀ ਪੂਰੀ ਸਿਆਣਪ ਵੀ ਜੁਟਾਈ। ਪਰ ਉਸੇ ਸਮੇਂ ਦੇ ਚੇਤੰਨ ਵਿਅਕਤੀਆਂ ਨੇ ਆਪਣੇ ਸ਼ੰਕੇ ਪ੍ਰਗਟ ਕੀਤੇ ਸਨ। ਡਾ. ਅੰਬੇਦਕਰ ਵੀ ਇਸ ਪਦ ਦੀ ਵਰਤੋਂ ਦੇ ਪੱਕੀ ਤਰ੍ਹਾਂ ਖਿਲਾਫ ਸੀ। ਅੱਜ ਦਲਿਤ ਇਲੀਟ ਇਹਨੂੰ ਇਕ ਤਰ੍ਹਾਂ ਦੀ ਸਮਾਜਕ ਗਾਲ, ਬੇਇਜਤੀ ਅਤੇ ਹੇਠੀ ਸਮਝਦਾ ਹੈ। ਹੇਠਾਂ ਵਾਲਾ ਟੋਟਾ ਮੈਂ ਜੋਗਿੰਦਰ ਕੁਮਾਰ ਦੇ ਨਾਂ ਦੇ ਇਕ ਦਲਿਤ ਬੁਧੀਜੀਵੀ ਦੇ ਇਕ ਹਿੰਦੀ ਲੇਖ ਤੋਂ ਅਨੁਵਾਦ ਕੀਤਾ ਹੈ ਜੋ ਹਰੀਜਨ ਪਦ ਪ੍ਰਤੀ ਅਤੇ ਗਾਂਧੀ ਪ੍ਰਤੀ ਦਲਿਤ ਬੁਧੀਜੀਵੀ ਵਰਗ ਦਾ ਪ੍ਰਤੀਕਰਮ ਹੈ।
"ਨਾਰਸੀ ਮਹਿਤਾ ਨੇ ਹਰੀਜਨ ਸ਼ਬਦ ਦੀ ਵਰਤੋਂ ਦੇਵਦਾਸੀਆਂ ਦੇ ਬੱਚਿਆਂ ਲਈ ਕੀਤੀ ਹੈ। ਮੋਹਨ ਦਾਸ ਕਰਮਚੰਦ ਗਾਂਧੀ ਨੂੰ ਕਿਸ ਮਨਸੂਬੇ ਨੇ ਇਹ ਅਪਮਾਨਜਨਕ ਪਦ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਲਈ ਵਰਤਣ ਵਾਸਤੇ ਉਕਸਾਇਆ। ਇਨ੍ਹਾਂ ਸ਼੍ਰੇਣੀਆਂ ਨੂੰ ਹਰੀਜਨ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਦੇਵਦਾਸੀਆਂ ਦੀ ਨਜਾਇਜ ਔਲਾਦ ਨਹੀਂ ਹਨ। ਇਹ ਸਭ ਕੁਝ ਧੋਖੇ ਅਤੇ ਨਫਰਤ ਯੋਗ ਨਾਜੀ ਆਰੀਆ ਅਰਥਾਤ ਸਵਰਨਾ ਦੀ ਦਲਿਤਾਂ ਦਾ ਅਪਮਾਨ ਕਰਨ ਦੀ ਅਤੇ ਉਨ੍ਹਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਵਿਚ ਨੂੜੀ ਰੱਖਣ ਦੀ ਅਤੇ ਉਨ੍ਹਾਂ ਨੂੰ ਸਵੈਮਾਣ ਅਤੇ ਮਨੁੱਖੀ ਅਧਿਕਾਰਾਂ ਤੋਂ ਵਾਂਝੇ ਰੱਖਣ ਦੀ-ਸਾਜਿਸ਼ ਹੈ।" (ਦਲਿਤਾਂ ਏਸ਼ੀਆ ਟੂਡੇ ਮਈ 1996 ਪੰਜਾਬ)
ਭਗਵਾਨ ਦਾਸ ਅਤੇ ਏ ਕੇ ਵਿਸਵਾਸ਼ ਵਰਗੇ ਸਥਾਪਿਤ ਦਲਿਤ ਬੁਧੀਜੀਵੀ ਵੀ ਇਸ ਸਮਝ ਨਾਲ ਸਹਿਮਤ ਹਨ ਅਤੇ ਇਸ ਸਮਝੀ ਗਈ ਸਾਜਿਸ਼ ਨੂੰ ਕਰੜੇ ਹੱਥੀਂ ਲੈਂਦੇ ਹਨ। ਇਹ ਬਾਬਾ ਸਾਹਿਬ ਦੀ ਪਰਤੱਖ ਬੌਧਿਕ ਵਿਰਾਸਤ ਹੈ। ਉਹ ਵੀ ਇਸ ਪਦ ਦੀ ਵਰਤੋਂ ਦੇ ਵਿਰੁੱਧ ਸੀ ਅਤੇ ਦਲਿਤ ਸ਼੍ਰੇਣੀਆਂ ਨੂੰ ਮਹਾਤਮਾ ਗਾਂਧੀ ਅਤੇ ਉਹਦੀ ਕਾਂਗਰਸ (ਜਿਸਨੂੰ ਉਹ ਹਿੰਦੂ ਸੰਗਠਨ ਸਮਝਦਾ ਸੀ) ਨਾਲ ਕਿਸੇ ਕਿਸਮ ਦੀ ਰਾਜਸੀ ਸਾਂਝ ਰੱਖਣ ਦੇ ਖਿਲਾਫ ਚੇਤਾਵਨੀਆਂ ਦਿੰਦਾ ਸੀ। ਪਰ ਜਿਹੜੇ ਕਾਰਨ ਉਹਨੇ ਦਿੱਤੇ ਸਨ ਉਹ ਅੱਜ ਵਾਲੇ ਨਵੇਂ ਦਲਿਤਾਂ ਦੇ ਘੁਲਾਟੀਆਂ ਵੱਲੋਂ ਦਿੱਤੇ ਜਾ ਰਹੇ ਕਾਰਨਾਂ ਨਾਲੋਂ ਇਤਹਾਸਕ ਤੌਰ ਤੇ ਵਧੇਰੇ ਦਰੁਸਤ ਸਨ। ਉਕਤ ਪਦ ਲਈ ਉਹਦੀ ਨਫਰਤ ਹੇਠ ਲਿਖੀਆਂ ਗੱਲਾਂ ਉੱਤੇ ਅਧਾਰਿਤ ਸੀ।
ਇਕ, ਇਹ ਸਿਰਫ ਨਾਂਅ ਦੀ ਤਬਦੀਲੀ ਸੀ ਬਿਨਾ ਸਮਾਜਕ ਰੁਤਬੇ ਵਿਚ ਕਿਸੇ ਤਬਦੀਲੀ ਦੇ ਜਾਂ ਬਿਨਾ ਛੂਆਛਾਤ ਦੀ ਜੁਗਾਂ ਪੁਰਾਣੀ ਲਾਅਨਤ ਤੋਂ ਮੁਕਤੀ ਦੇ।
ਦੂਜੇ, ਇਹ ਤਰਸ ਦੀ ਭਾਵਨਾ ਵਾਲਾ ਪਦ ਹੈ ਕਿਉਂ ਜੋ ਇਹਦੇ ਅਨੁਸਾਰ ਹਰੀਜਨ ਪ੍ਰਮਾਤਮਾ ਦੇ ਬੱਚੇ ਸਨ ਨਾ ਕਿ 'ਪਰਮਾਤਮਾ ਦੇ ਚਹੇਤੇ'।
ਅਤੇ ਤੀਜੀ ਗੱਲ, ਇਹ ਪਦ ਟਾਲਮਟੋਲ ਵਾਲਾ, ਰਹੱਸਮਈ ਲਿਬਾਸ ਪਹਿਨਾਉਣ ਵਾਲਾ ਪਦ ਹੈ ਕਿਉਂਕਿ ਇਹਨੇ ਦੱਬੀਆਂ ਕੁਚਲੀਆਂ ਸ਼੍ਰੇਣੀਆਂ ਦੀ ਤਲਖ ਸਮਾਜੀ ਹਕੀਕਤ ਉਤੇ ਪਰਦਾ ਪਾ ਦਿੱਤਾ ਅਤੇ "ਗਲਤ ਕਰਨ ਵਾਲਿਆਂ" ਨੂੰ ਗਲਤੀ ਦੂਰ ਕਰਨ ਦੀ ਸਮਾਜਕ ਜੁੰਮੇਵਾਰੀ ਜਵਾਬਦੇਹੀ ਤੋਂ ਵਿਵਹਾਰਕ ਤੌਰ ਤੇ ਮੁਕਤ ਕਰ ਦਿੱਤਾ।
ਡਾ. ਅੰਬੇਦਕਰ ਬੰਬਈ ਅਸੰਬਲੀ ਵਿਚ ਕਾਂਗਰਸ ਸਰਕਾਰ ਵੱਲੋਂ ਇਸ ਪਦ ਨੂੰ ਕਾਨੂੰਨੀ ਰੂਪ ਦੇਣ ਲਈ ਲਿਆਂਦੇ ਇਕ ਬਿਲ ਸਮੇ ਪਏ ਖੱਪਖਾਨੇ ਦਾ ਵੀ ਜਿਕਰ ਕਰਦਾ ਹੈ। ਇਸ ਤੋਂ ਅਗੇ ਉਹਨੂੰ ਅਫਸੋਸ ਹੈ ਕਿ ਇਹ ਦੇਰ ਤੱਕ ਚਲੇਗਾ ਜਦੋਂ ਤੱਕ ਗਾਂਧੀ ਦਾ ਪਤਨ ਨਹੀਂ ਹੋ ਜਾਂਦਾ ਤੇ ਕਾਂਗਰਸ ਦਾ ਤਖਤਾ ਨਹੀਂ ਪਲਟ ਜਾਂਦਾ।
ਬਹੁਤ ਹੀ ਪੈਬੰਗਰੀ ਕਥਨ ਸੀ ਇਹ ਪਰ ਵਰਤਮਾਨ ਪਰਸੰਗ ਵਿਚ ਮਹੱਤਵ ਵਾਲੀ ਗੱਲ ਇਹ ਹੈ ਕਿ ਡਾ. ਅੰਬੇਦਕਰ (ਜਿਹੜਾ ਖਰਵੀ ਹੱਦ ਤੱਕ ਨਿਝੱਕ ਸੀ) ਨੇ ਵੀ ਉਸ ਸਮੇਂ ਦੇਵਦਾਸੀ ਪ੍ਰਣਾਲੀ ਦਾ ਜਿਕਰ ਨਹੀਂ ਸੀ ਕੀਤਾ।
ਪਰ ਮਹਾਤਮਾ ਨੂੰ ਇਤਹਾਸ ਦਾ ਖਲਨਾਇਕ ਗਰਦਾਨ ਕੇ ਗੁੱਠੇ ਲਾ ਦੇਣ ਤੋਂ ਪਹਿਲਾਂ ਉਸਨੂੰ ਉਹਦੇ ਜਮਾਨੇ ਦੇ ਪਰਸੰਗ ਵਿਚ ਸਮਝਣਾ ਜਰੂਰੀ ਹੈ। ਜਦੋਂ ਉਹਨੇ ਹਰੀਜਨ ਪਦ ਪ੍ਰਚਲਿਤ ਕੀਤਾ ਤਾਂ ਇਤਰਾਜ ਹੋਏੇ ਸਨ ਅਤੇ ਜਸਟਿਸ ਦੇ ਸੰਪਾਦਕ ਟੀ.ਏ. ਨਾਥਨ ਨੂੰ ਗਾਂਧੀ ਨੇ ਜਵਾਬ ਵਿੱਚ ਦਸਿਆ ਸੀ ਕਿ ਉਸਨੂੰ ਇਸ ਪਦ ਦਾ ਸੁਝਾਅ ਇਕ ਅਛੂਤ ਦੋਸਤ ਨੇ ਦਿੱਤਾ ਸੀ ਤੇ ਉਸਨੂੰ ਨਿਜੀ ਤੌਰ ਤੇ ਇਹ ਬਹੁਤ ਢੁਕਵਾਂ ਲੱਗਿਆ ਸੀ ਕਿਉਂਕਿ ਸਭ ਤੋਂ ਤ੍ਰਿਸਕਾਰੇ ਹੋਏ ਲੋਕ ਪ੍ਰਮਾਤਮਾ ਨੂੰ ਸਭ ਤੋਂ ਪਿਆਰੇ ਹੁੰਦੇ ਹਨ। ਗਾਂਧੀ ਨੂੰ ਇਸ ਸਬੰਧੀ ਕੁਝ ਵੀ ਗੁਲਾਮਾਨਾ ਨਹੀਂ ਸੀ ਲਗਦਾ। ਉਹਨੂੰ ਉਮੀਦ ਸੀ ਕਿ ਛੂਆਛਾਤ ਇਕ ਦਿਨ ਦਫਨ ਕਰ ਦਿੱਤੀ ਜਾਵੇਗੀ ਅਤੇ ਅਸੀਂ ਸਾਰੇ ਹਰੀਜਨ, ਯਾਨੀ ਪ੍ਰਮਾਤਮਾ ਦੇ ਬੇਦਾਗ ਬੰਦੇ ਬਣਨ ਲਈ ਯਤਨ ਕਰਦੇ ਹਾਂ (ਜਿਲਦ 53 ਪੰਨੇ 8-9)।
ਗਾਂਧੀ ਦੀ ਵਿਆਖਿਆ ਅੰਬੇਦਕਰ ਦੇ ਇਤਰਾਜਾਂ ਦਾ ਜਵਾਬ ਦਿੰਦੀ ਹੈ ਸਿਵਾਏ ਇਸ ਗੱਲ ਦੇ ਕਿ ਤਬਦੀਲੀ ਸਿਰਫ ਪ੍ਰਤੀਕਾਤਮਕ ਸੀ। ਦਰਅਸਲ 16ਵੀਂ-17ਵੀਂ ਸਦੀ ਦੇ ਹਿੰਦੁਸਤਾਨ ਦੇ ਸੰਤ ਕਵੀਆਂ ਵਿੱਚ ਹਰੀਜਨ ਪਦ ਬਹੁਤ ਸਤਿਕਾਰਯੋਗ ਸਥਾਨ ਰੱਖਦਾ ਸੀ। ਕੁਦਰਤੀ ਤੌਰ ਤੇ ਨਾਰਸੀ ਮਹਿਤਾ ਦੀ ਤਰ੍ਹਾਂ ਹੀ ਗਾਂਧੀ ਲਈ ਵੀ ਇਹ ਪਦ ਸਮਾਜਕ ਤੌਰ ਤੇ ਅਤੇ ਰੂਹਾਨੀ ਤੌਰ ਤੇ ਉਚਿਆਉਣ ਵਾਲਾ ਸੀ। ਬਿਨਾਂ ਸ਼ੱਕ ਇਹ ਉਪਰਾਲਾ ਮਹਿਜ ਪ੍ਰਤੀਕਾਤਮਕ ਵੀ ਨਹੀਂ ਸੀ ਪਰ ਉਸ ਸਮੇਂ ਦੀਆਂ ਬਸਤੀਵਾਦੀ ਸਥਿਤੀਆਂ ਵਿਚ ਉਹ ਉਹੀ ਕੁਝ ਕਰ ਰਿਹਾ ਸੀ ਜੋ ਉਹ ਸਭ ਤੋਂ ਵਧੀਆ ਕਰ ਸਕਦਾ ਸੀ। ਇਸ ਪ੍ਰਤੀਕਾਤਮਕ ਸੰਕੇਤ ਨੂੰ ਵਾਸਤਵਿਕ ਸਮਾਜਕ ਵਿਵਹਾਰ ਅਤੇ ਹਾਲਤਾਂ ਅਨੁਸਾਰ ਸੰਭਵ ਰਾਜਨੀਤਕ ਹੁੰਗਾਰੇ ਨੇ ਵੀ ਸਹਿ ਦਿੱਤੀ। ਰਾਜਨੀਤਕ ਬੰਦਖਲਾਸੀ ਦੇ ਟੀਚੇ ਨੂੰ ਪ੍ਰਣਾਏ ਹੋਣ ਕਾਰਨ ਗਾਂਧੀ ਕੋਲ ਰੈਡੀਕਲ ਸਮਾਜਿਕ ਮੁਹਾਵਰੇ ਲਈ ਬਹੁਤੀ ਗੁੰਜਾਇਸ਼ ਨਹੀਂ ਸੀ।  ਇਤਹਾਸਕ ਸੰਦਰਭ ਮੰਗ ਕਰਦਾ ਹੈ ਕਿ ਦਲਿਤ ਇਲੀਟ ਮਹਾਤਮਾ ਦੇ ਰੋਲ ਬਾਰੇ ਗੰਭੀਰ ਪੁਨਰ ਵਿਚਾਰ ਕਰੇ। ਦਰਅਸਲ ਗਾਂਧੀ ਨਾਲ ਹੱਦੋਂ ਵੱਧ ਜਿਆਦਤੀ ਹੋਈ ਹੈ। ਇਤਹਾਸਕ ਸਮਝ ਤੋਂ ਰਹਿਤ ਆਲੋਚਨਾ ਮਿਥੇ ਲੋਕਾਂ ਨੂੰ ਜਾਗਰਿਤ ਨਹੀਂ ਕਰ ਸਕਦੀ ਸਗੋਂ ਭੜਕਾ ਹੀ ਸਕਦੀ ਹੈ। ਕੂਰਕਸ਼ੇਤਰ ਯੂਨੀਵਰਸਿਟੀ ਦੇ ਅੰਬੇਦਕਰ ਅਧਿਅਨ ਕੇਂਦਰ ਦੇ ਡਾਇਰੈਕਟਰ ਕੇ.ਸੀ.ਯਾਦਵ ਨੇ 6 ਸਤੰਬਰ 1954 ਨੂੰ ਗਾਂਧੀ ਬਾਰੇ ਸੰਸਦ ਵਿਚ ਕਹੇ ਅੰਬੇਦਕਰ ਦੇ ਕਥਨ ਦਾ ਹਵਾਲਾ ਦਿੱਤਾ ਹੈ। "ਮੈਂ ਉਸ ਦਾ ਸਤਿਕਾਰ ਕਰਦਾ ਹਾਂ। ਆਖਰ ਸਾਡੇ ਸਭਨਾਂ ਅਨੁਸਾਰ ਅਛੂਤ ਲੋਕ ਉਹਨੂੰ ਅਤਿ ਪਿਆਰੇ ਸਨ ਅਤੇ ਉਹਦੇ ਬਹੁਤ ਨਜਦੀਕ ਸਨ।" (ਟਾਈਮਜ ਆਫ ਇੰਡੀਆ 14 ਅਪ੍ਰੈਲ 1996)। ਏਨਾ ਹੀ ਨਹੀਂ 1932 ਵਿੱਚ ਗਾਂਧੀ ਨਾਲ ਆਪਣੀਆਂ ਅਖੀਰਲੀਆਂ ਵਾਰਤਾਵਾਂ ਦੌਰਾਨ ਡਾ. ਅੰਬੇਦਕਰ ਨੇ ਮਹਾਤਮਾ ਨੂੰ ਖੁਦ ਆਪਣੀਆਂ ਉਮੰਗਾਂ ਇਛਾਵਾਂ ਦੇ ਬਹੁਤ ਨੇੜੇ ਪਾਇਆ ਸੀ।
ਇਤਹਾਸ ਦਾ ਇਕ ਤੱਥ ਇਹ ਵੀ ਹੈ ਕਿ ਆਜਾਦੀ ਸੰਗਰਾਮ ਪ੍ਰਤੀ ਡਾ. ਅੰਬੇਦਕਰ ਦੀ ਦੋਚਿਤੀ ਅਤੇ ਡਾਵਾਂਡੋਲ ਪਹੁੰਚ ਦੇ ਬਾਵਜੂਦ ਗਾਂਧੀ ਨੇ ਉਸਨੂੰ ਨਹਿਰੂ ਦੀ ਕੈਬਨਿਟ ਵਿਚ ਰਖਾਇਆ ਹਾਲਾਂ ਕਿ ਕਾਂਗਰਸ ਲੀਡਰਸ਼ਿਪ ਇਸ ਦਾ ਜੋਰਦਾਰ ਵਿਰੋਧ ਕਰ ਰਹੀ ਸੀ ਤੇ ਇਸ ਤਰ੍ਹਾਂ ਅੱਜ ਦੇ ਭਾਰਤ ਦੇ ਸੰਵਿਧਾਨ ਦੇ ਨਿਰਮਾਣ ਵਿਚ ਉਹਨੂੰ ਆਪਣੀ ਗੱਲ ਕਹਿਣ ਦਾ ਮੌਕਾ ਪ੍ਰਦਾਨ ਕੀਤਾ। ਵਲਵਲਿਆਂ ਤੇ ਸਵਾਰ ਪ੍ਰਤਿਯੋਗੀ ਰਾਜਨੀਤੀ ਦੇ ਇਲਾਵਾ ਅਸੀਂ ਅਜੇ ਇਨ੍ਹਾਂ ਇਤਹਾਸਕ ਹਸਤੀਆਂ ਦੇ ਬਹੁਤ ਨੇੜੇ ਹਾਂ ਜਿਸ ਕਰਕੇ ਭਾਰਤੀ ਸਮਾਜ ਪ੍ਰਤੀ ਉਨ੍ਹਾਂ ਦੀ ਵਾਸਤਵਿਕ ਅਤੇ ਸੰਭਾਵੀ ਦੇਣ ਦਾ ਬਾਹਰਮੁਖੀ ਮੁਲੰਕਣ ਕਰਨਾ ਸਾਡੀ ਸਮਰੱਥਾ ਤੋਂ ਬਾਹਰ ਹੈ।
ਗਾਂਧੀ ਅਤੇ ਅੰਬੇਦਕਰ ਬਾਰੇ ਸਫਾਈਆਂ ਦੇਣ ਲਈ ਕੋਈ ਕਾਰਨ ਮੌਜੂਦ ਨਹੀਂ ਹੈ। ਦੋਹਾਂ ਦੀ ਆਪਣੀ ਆਪਣੀ ਮਹਾਨਤਾ ਅੰਤਰੀਵ ਅਤੇ ਬੁਨਿਆਦੀ ਹੈ। ਇਹ ਉਨ੍ਹਾਂ ਤੇ ਆਰੋਪਿਤ ਨਹੀਂ ਸੀ ਕੀਤੀ ਗਈ ਸਗੋਂ ਉਨ੍ਹਾਂ ਨੇ ਆਪ ਕਮਾਈ ਸੀ। ਦੋਵੇਂ ਬਹੁਤ ਸਮਰੱਥ ਵਿਅਕਤੀ ਸਨ - ਏਨੇ ਸਮਰੱਥ ਕਿ ਹੱਦਾਂ ਤੋਂ ਪਾਰ ਜਾ ਸਕਦੇ ਸਨ; ਸਾਰੇ ਪਾਸਾਰ ਨੂੰ ਆਪਣੇ ਕਲਾਵੇ ਵਿਚ ਲੈ ਸਕਦੇ ਸਨ। ਗਾਂਧੀ ਸੰਤ ਸੁਭਾਅ ਵਿੱਚ ਢਲਿਆ ਵਿਅਕਤੀ ਸੀ ਜੋ ਬਸਤੀਵਾਦੀ ਹਕੂਮਤ ਦੀਆਂ ਜਿਆਦਤੀਆਂ ਕਰਕੇ ਰਾਜਨੀਤੀ ਤੇ ਇਤਹਾਸ ਦੀ ਘੁੰਮਣਘੇਰੀ ਵਿਚ ਫਸ ਗਿਆ। ਅੰਬੇਦਕਰ ਇਕ ਅਕਾਦਮੀਸ਼ੀਅਨ ਸੀ ਜਿਸ ਨੂੰ ਹਿੰਦੂ ਸਮਾਜ ਦੀ ਖੱਲ ਵਿਚ ਮੜ੍ਹੀ ਹੋਈ ਜਮੀਰ ਨੇ ਰਾਜਨੀਤੀ ਵਿਚ ਧੱਕ ਦਿੱਤਾ ਪਰ ਉਹ ਹਮੇਸ਼ਾ ਰਾਜਨੀਤੀ ਤੋਂ ਪਾਰ ਧੱਮਾ ਦੇ ਖੇਤਰ ਵਿੱਚ ਤੱਕਦਾ ਰਿਹਾ ਸੀ। ਬਾਬਾ ਸਾਹਿਬ ਦੀ ਇਹ ਬੁਨਿਆਦੀ ਮਹਾਨਤਾ ਹੁਣ ਪਰੰਪਰਾਗਤ ਹਿੰਦੂ ਇਲੀਟ ਨੂੰ ਸਮਝ ਪੈ ਰਹੀ ਹੈ। ਨਵੇਂ ਦਲਿਤ ਆਗੂ ਵੀ ਉਨ੍ਹਾਂ ਦੇ ਕਾਜ ਨੂੰ ਲੋਕਾਂ ਤੱਕ ਪਹੁੰਚਾਉਣ ਅਤੇ ਰਾਸ਼ਟਰੀ ਅਕਾਰ ਦੇਣ ਵਿਚ ਮਹਾਤਮਾ ਗਾਂਧੀ ਦੀ ਭੂਮਿਕਾ ਨੂੰ ਦੇਰ ਸਵੇਰ ਸਮਝ ਲੈਣਗੇ।
ਮਹਾਤਮਾ ਗਾਂਧੀ ਨੇ ਰਾਸ਼ਟਰੀ ਮੁਕਤੀ ਨੂੰ ਦਲਿਤ ਮੁਕਤੀ ਨਾਲੋਂ ਪਹਿਲ ਦਿੱਤੀ। ਇਸ ਤੋਂ ਪਤਾ ਲਗਦਾ ਹੈ ਕਿ ਇਤਹਾਸ ਦੇ ਉਸ ਮੋੜ ਤੇ ਮਹਾਤਮਾ ਗਾਂਧੀ ਦੀ ਰਾਸ਼ਟਰੀ ਏਜੰਡੇ ਦੀ ਸਮਝ ਮੁਕਾਬਲਤਨ ਬਾਹਰਮੁਖੀ ਸੀ। ਇਸ ਤੱਥ ਦਾ ਜਿਕਰ ਕਰਨਾ ਅਰਥਹੀਣ ਨਹੀਂ। ਇਸ ਤੋਂ ਅਗਲੀ ਗੱਲ ਹਰੀਜਨ ਪਦ ਦੀ ਵਰਤੋਂ ਕਰਨ ਕਰਕੇ ਗਾਂਧੀ ਨੂੰ ਬਦਨਾਮ ਕਰਨ ਵਾਲੇ ਲੋਕ ਸਮੇਂ ਅਤੇ ਸਥਾਨ ਵਿਚ ਅੜਕ ਗਈ ਬੰਦ ਮਾਨਸਿਕਤਾ ਦੇ ਧਾਰਨੀ ਹਨ। ਇਤਿਹਾਸ ਦੇ ਕੂਚ ਤੋਂ ਬੇਖਬਰ ਇਹ ਲੋਕ ਅਖੀਰ ਹਾਨੀਕਾਰਕ ਸਾਬਤ ਹੋਣਗੇ।
ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅੱਜ ਦਲਿਤ ਸਿਆਸਤਦਾਨ ਆਪਣੇ ਆਪ ਨੂੰ ਬੰਦ ਗਲੀ ਵਿਚ ਘਿਰੇ ਪਾ ਰਹੇ ਹਨ। ਦਲਿਤ ਵਿਚਾਰ ਤੇਜੀ ਨਾਲ ਅਜਿਹੀ ਮਿਥ ਨਾਲ ਜੁੜਦਾ ਜਾ ਰਿਹਾ ਹੈ ਜਿਹੜੀ ਸਿਰਫ ਸਾਹਿਤਕ ਤੇ ਰਾਜਨੀਤਕ ਸੋਸ਼ਣ ਲਈ ਤਰਸਯੋਗ ਬਿੰਬਾਂ ਦੀ ਪਟਾਰੀ ਦੇ ਤੌਰ ਤੇ ਲਾਭਦਾਇਕ ਹੈ।
ਇਸ ਮੋੜ ਤੇ ਮਿਥ ਤੇ ਹਕੀਕਤ ਵਰਗੇ ਸੰਕਲਪਾਂ ਬਾਰੇ ਵਰਤਮਾਨ ਸੰਦਰਭ ਵਿਚ ਸੰਖੇਪ ਤੌਰ ਤੇ ਵਿਚਾਰ ਕਰਨਾ ਲੋੜੀਂਦਾ ਜਾਪਦਾ ਹੈ। ਐਚ.ਏ. ਅਬਰਾਹਮ ਨੇ ਮਿਥ ਦੀ ਵਿਆਖਿਆ ਇਵੇਂ ਕੀਤੀ ਹੈ: ਇਹ ਪਿਤਾ ਪੁਰਖੀ ਚਲੀਆਂ ਆਉਂਦੀਆਂ ਕਹਾਣੀਆਂ ਦੀ ਇਕ ਪ੍ਰਣਾਲੀ ਹੁੰਦੀ ਹੈ ਜਿਸ ਨੂੰ ਕੋਈ ਸਭਿਆਚਾਰਕ ਸਮੂਹ ਸੱਚ ਸਮਝਦਾ ਹੁੰਦਾ ਹੈ ਅਤੇ ਇਹ ਉਸ ਸਮੂਹ ਦੀ ਸਮਝ ਬਣਾਉਂਦੀ ਹੈ ਕਿ ਦੁਨੀਆਂ ਜਿਹੋ ਜਿਹੀ ਹੈ ਉਹ ਉਹੋ ਜਿਹੀ ਕਿਉਂ ਹੈ; ਕਿ ਚੀਜਾਂ ਜਿਵੇਂ ਵਾਪਰਦੀਆਂ ਹਨ ਉਵੇਂ ਕਿਉਂ ਵਾਪਰਦੀਆਂ ਹਨ ਅਤੇ ਇਸ ਰਾਹੀਂ ਮਨੁੱਖੀ ਜਿੰਦਗੀ ਦੇ ਵਿਵਹਾਰ ਦੇ ਨਿਯਮਾਂ ਦਾ ਰੇਸਨੇਲ ਸਥਾਪਤ ਕਰਨ ਦਾ ਯਤਨ ਕੀਤਾ ਜਾਂਦਾ ਹੈ। ਇਨ੍ਹਾਂ ਕਹਾਣੀਆਂ ਨੂੰ ਪਾਕ ਕਦਰਾਂ ਕੀਮਤਾਂ ਪ੍ਰਦਾਨ ਕਰਨ ਵਾਲੀਆਂ ਅਤੇ ਸਦੀਵੀ ਸਮਝਿਆ ਜਾਂਦਾ ਹੈ ਇਸ ਲਈ ਸਬੰਧਤ ਸਮੁਦਾਇ ਲਈ ਇਹ ਨਾਉਲੰਘਣਯੋਗ ਹੁੰਦੀਆਂ ਹਨ ਕਿਉਂਕਿ ਪਿਤਾਪੁਰਖੀ ਮਿਥਾਂ ਅਤੇ ਦੰਦ ਕਥਾਵਾਂ ਮਿਲ ਕੇ ਇਕ ਸਮੁਦਾਇ ਦੇ ਮਨੋਵਿਗਿਆਨਕ ਅਧਾਰ ਦਾ ਨਿਰਮਾਣ ਕਰਦੀਆਂ ਹਨ; ਉਹਦੇ ਸੰਸਾਰ ਦ੍ਰਿਸ਼ਟੀਕੋਣ, ਨੀਤੀ ਸਾਸ਼ਤਰ, ਆਦਰਸ਼ਾਂ ਅਤੇ ਮਿਆਰਾਂ ਦੀ ਉਹਦੀ ਸਮਝ ਨੂੰ ਨਿਰਧਾਰਤ ਕਰਦੀਆਂ ਹਨ। ਇਹਨਾਂ ਦਾ ਸਬੰਧ ਧੁਰ ਦੀ ਬਾਣੀ ਨਾਲ ਹੁੰਦਾ ਹੈ ਇਸ ਲਈ ਇਹ ਆਪਣੇ ਅੰਤਰਵਸਤੂ ਵਿਚਲੇ ਸੱਚ ਤੋਂ ਸੁਆਧੀਨ ਤੌਰ ਤੇ ਕਾਰਜਸ਼ੀਲ ਹੁੰਦੀਆਂ ਹਨ। ਔਸਤ ਆਦਮੀ ਅਤੇ ਔਰਤ ਦੀ ਵਿਸ਼ਵਾਸ ਕਰਨ ਦੀ ਯੋਗਤਾ ਅਤੇ ਸਮੁਦਾਇ ਦੇ ਸਿਧਾਂਤਕਾਰਾਂ ਦੀ ਸਿਰਜਾਣਤਮਕ ਵਿਆਖਿਆਤਮਕ ਸਮਰੱਥਾ ਇਨ੍ਹਾਂ ਕਹਾਣੀਆਂ ਨੂੰ ਅਸਲ ਵਿਚ ਕਾਇਮ ਰਖਦੀ ਹੈ।
ਕੁਦਰਤੀ ਤੌਰ ਤੇ ਹਰੇਕ ਸਮੁਦਾਇ ਦੀ ਤਕੜੀ ਰੂੜੀਵਾਦੀ ਖਿੱਚ ਹੁੰਦੀ ਹੈ ਅਤੇ ਇਹ ਇਹਦੀ ਸਥਾਪਤ ਆਮ ਸੂਝ ਸਮਝ ਉਤੇ ਕਿੰਤੂ ਕਰਨ ਵਾਲੇ ਕਿਸੇ ਵੀ ਤੱਥ ਅਤੇ ਨਜਰੀਏ ਨੂੰ ਤੁਰੰਤ ਰੱਦ ਕਰ ਦਿੰਦੀ ਹੈ। ਜਿੰਨੀ ਇਹ ਖਿੱਚ ਕਿਸੇ ਸਮੁਦਾਇ ਵਿਚ ਤਕੜੀ ਹੋਵੇਗੀ ਓਨੇ ਹੀ ਘੱਟ ਵਖਰਿਆਏ ਇਹਦੇ ਮੈ.ਂਬਰ ਹੋਣਗੇ ਤੇ ਇਸੇ ਲਈ ਕਿਸੇ ਵੀ ਅੰਦਰੂਨੀ ਜਾਂ ਬਹਿਰੂਨੀ ਅਸਲੀ ਜਾਂ ਸਮਝੇ ਜਾਂਦੇ ਖਤਰੇ ਪ੍ਰਤੀ ਇਹਦਾ ਸਮੂਹਿਕ ਹੁੰਗਾਰਾ ਜੋਰਦਾਰ ਹੁੰਦਾ ਹੈ। ਇਸ ਤੋਂ ਪਤਾ ਲਗਦਾ ਹੈ ਕਿ ਸਮੁਦਾਇਕ ਮਨ ਇਤਹਾਸਕ ਚੇਤਨਾ ਤੋਂ ਅਰਥਾਤ ਪਰਿਵਰਤਨ, ਅਪਣਾਉਣ ਅਤੇ ਢਲਣ ਦੀ ਚੇਤਨਾ ਤੋਂ ਊਣਾ ਹੁੰਦਾ ਹੈ। ਇਹ ਆਪਣੀ ਕਦਰਾਂ ਕੀਮਤਾਂ ਦੀ ਪ੍ਰਣਾਲੀ ਨੂੰ ਸਰਬਵਿਆਪੀ ਅਤੇ ਅੰਤਿਮ ਸਮਝਦਾ ਹੈ। ਇਹ ਦੂਜੇ ਸਮੁਦਾਇਆਂ ਨੂੰ ਸਮਝਣ ਦੀ ਬਜਾਏ ਉਨ੍ਹਾਂ ਦਾ ਮੁਲੰਕਣ ਕਰਦਾ ਹੈ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਸਦੀਆਂ ਤੋਂ ਆਂਢ ਗੁਆਂਢ ਰਹਿ ਰਹੇ ਸਮੁਦਾਇਆਂ ਵਿਚਕਾਰ ਵੀ ਅੰਤਰ ਕਿਰਿਆ ਮੁੱਖ ਤੌਰ ਤੇ ਪ੍ਰਯੋਗਮੂਲਕ ਅਤੇ ਰਸਮੀ ਹੁੰਦੀ ਹੈ ਸਾਰਮੂਲਕ ਅਤੇ ਸੰਜੀਵ ਨਹੀਂ। ਵੱਧ ਤੋਂ ਵੱਧ ਉਹ ਇਕ ਦੂਜੇ ਨੂੰ ਸਹਿਣ ਕਰ ਰਹੇ ਹੁੰਦੇ ਹਨ। ਸਮਕਾਲੀ ਸਮਾਜਕ ਉਪੱਦਰ ਅਤੇ ਮੂਲਵਾਦੀ ਪ੍ਰਵਿਰਤੀ ਦੇ ਕਾਰਨ, ਵੱਖ ਵੱਖ ਸਮੁਦਾਇਆਂ ਵਿਚਕਾਰ ਆਧੁਨਿਕਤਾਵਾਦ ਦੇ ਦਬਾਓ ਤਹਿਤ ਮਜਬੂਰਨ ਅੰਤਰ ਕਿਰਿਆ ਵਿਚ ਲੱਭੇ ਜਾ ਸਕਦੇ ਹਨ। ਉਹ ਅਜੇ ਏਨੇ ਅਨਾੜੀ ਅਤੇ ਬੌਧਿਕ ਤੌਰ ਤੇ ਲਾਚਾਰ ਹਨ ਕਿ ਅੰਤਰ ਸਮੁਦਾਇਕ ਮਤਭੇਦਾਂ ਤੇ ਵਿਰੋਧਤਾਈਆਂ ਦਾ ਪੁਰਅਮਨ ਨਿਬੇੜਾ ਨਹੀਂ ਕਰ ਸਕਦੇ। ਕੁਦਰਤੀ ਤੌਰ ਤੇ ਉਹ ਆਧੁਨਿਕੀਕਰਨ ਦੀ ਪ੍ਰਕਿਰਿਆ ਦੇ ਵਿਰੁੱਧ ਹਨ। ਧਰਮ ਤੇ ਕਵਿਤਾ ਰਾਹੀਂ ਚਿਰਾਂ ਤੋਂ ਮਿਥਾਂ ਤੇ ਦੰਦ ਕਥਾਵਾਂ ਤੇ ਪਲੀ ਕਿਸੇ ਸਮੁਦਾਇ ਲਈ ਆਧੁਨਿਕ ਨਜਰੀਆ ਅਪਣਾਉਣਾ ਅੱਜ ਵੀ ਬਹੁਤ ਕਠਿਨ ਹੈ। ਨਤੀਜੇ ਵਜੋਂ ਅੱਜ ਸਮੁਦਾਇਕ ਸੁਦ੍ਰਿੜੀਕਰਨ ਸਮਾਜਕ ਤੌਰ ਤੇ ਓਨਾ ਹੀ ਅਟੱਲ ਹੈ ਜਿਨਾ ਰਾਜਸੀ ਤੌਰ ਤੇ ਧਮਾਕਾ ਖੇਜ।
ਆਪਣੇ ਮੁਢਲੇ ਸਾਲਾਂ ਦੌਰਾਨ ਡਾ. ਅੰਬੇਦਕਰ ਨੇ ਆਪਣੇ ਆਪ ਨੂੰ ਅਤੇ ਆਪਣੇ ਲੋਕਾਂ ਨੂੰ ਪਰੰਪਰਾਗਤ ਹਿੰਦੂ ਸਮਾਜ ਦੁਆਰਾ ਘਿਰੇ ਹੋਏ, ਅਪਮਾਨਿਤ ਅਤੇ ਸੋਸਿਤ ਪਾਇਆ। ਉਹਨੂੰ ਅਹਿਸਾਸ ਹੋਇਆ ਕਿ ਮੌਜੂਦ ਅਮਾਨਵੀ ਸਥਿਤੀ ਅਟਲ ਨਹੀਂ ਸੀ ਸਗੋਂ ਸਮੁਦਾਇ ਦੇ ਸੰਗਠਨ ਅਤੇ ਮਨੋਵਿਗਿਆਨਕ ਬਣਤਰ ਦਾ ਨਤੀਜਾ ਸੀ। ਕੁਦਰਤੀ ਤੌਰ ਤੇ ਉਹਨੇ ਸਮੁਦਾਇਕ ਸਮੱਸਿਆ ਦੇ ਹੱਲ ਲਈ ਸਮੁਦਾਇਕ ਬਦਲ ਦੀ ਤਲਾਸ਼ ਕੀਤੀ। ਇਹ ਗੱਲ ਉਹਨੂੰ ਧੱਕ ਕੇ ਕਮਿਊਨਲ ਅਵਾਰਡ ਦੀ ਇਕ ਧਿਰ ਬਣਨ ਤੱਕ ਅਤੇ ਗਾਂਧੀ ਦੇ ਕੱਟੜ ਵਿਰੋਧ ਤੱਕ ਲੈ ਗਈ। ਦਲਿਤ ਸ਼੍ਰੇਣੀਆਂ ਨੂੰ ਬੁੱਧ ਧਰਮ ਅਪਨਾਉਣ ਲਈ ਉਹਦੀ ਸੋਚੀ ਵਿਚਾਰੀ ਸਮਝ, ਬੁੱਧ ਅਤੇ ਉਹਦੇ ਧੱਮਾ ਨੂੰ ਉਹਦੀ ਸਰਪ੍ਰਸਤੀ ਅਤੇ ਦਲਿਤ ਸ਼੍ਰੇਣੀਆਂ ਵਿਚ ਧਰਮ ਬਦਲੀ ਲਈ ਉਹਦੀ ਸਮਾਜਕ ਮੁਹਿੰਮ ਕੁਦਰਤੀ ਤੌਰ ਤੇ ਇਸੇ ਸਮਝ ਵਿਚੋਂ ਨਿਕਲਦੇ ਸਨ। ਉਹ ਉਹਨਾ  ਦੀ ਸਭਿਆਚਾਰਕ, ਸਮਾਜਕ ਅਤੇ ਰਾਜਨੀਤਕ ਬੰਦਖਲਾਸੀ ਲਈ ਧਰਮ ਬਦਲ ਕੇ ਬੁੱਧ ਧਰਮ ਗ੍ਰਹਿਣ ਕਰਨ ਨੂੰ ਪੂਰਵ ਸ਼ਰਤ ਸਮਝਦਾ ਸੀ। ਦਲਿਤ ਉਹਦੇ ਦੱਸੇ ਰਾਹ ਤੇ ਚਲ ਰਹੇ ਹਨ ਅਤੇ ਬੁੱਧ ਧਰਮ ਗ੍ਰਹਿਣ ਕਰ ਰਹੇ ਹਨ ਭਾਵੇਂ ਇਹ ਗੱਲ ਬਹੁਤੀ ਸਪਸ਼ਟ ਨਹੀਂ ਕਿ ਕੀ ਇਸ ਗੱਲ ਨੇ ਸੱਚਮੁੱਚ ਉਨ੍ਹਾਂ ਦੀ ਕੋਈ ਜਿਕਰਯੋਗ ਸਹਾਇਤਾ ਕੀਤੀ ਹੈ। ਆਰਥਕ ਸਵਾਲ ਨੂੰ ਸਮੁਦਾਇਕ ਤੇ ਜਾਤਪਾਤ ਦੇ ਸਵਾਲ ਦੇ ਅਧੀਨ ਰੱਖਣ ਦੀ ਉਹਦੀ ਪ੍ਰਵਿਰਤੀ ਹੁਣ ਰਾਜਨੀਤੀ ਅਤੇ ਸਮਾਜ ਦੋਹਾਂ ਵਿਚ ਹੀ ਆਪਣੀ ਕੀਮਤ ਮੰਗ ਰਹੀ ਹੈ। ਪਰ ਫਿਰ ਵੀ ਇਹ ਗੱਲ ਨਿਰਵਿਵਾਦ ਹੈ ਕਿ ਉਹਦੇ ਵਿਚਾਰਾਂ ਅਤੇ ਭਵਿੱਖਝਾਤੀਆਂ ਨੇ ਸ਼ਕਤੀਸ਼ਾਲੀ ਸਮਾਜਕ ਤੇ ਬੌਧਿਕ ਉਤਪ੍ਰੇਰਕ ਵਜੋਂ ਕੰਮ ਕੀਤਾ ਹੈ ਜਿਸਨੇ ਦਲਿਤਾਂ ਨੂੰ ਸਵੈਚੇਤਨ, ਸੰਗਠਿਤ, ਅਭਿਲਾਸ਼ੀ ਅਤੇ ਆਕੀ ਬਣਾਇਆ ਹੈ। ਪਰ ਦਲਿਤਾਂ ਦੇ ਤੌਰ ਤੇ ਉਨ੍ਹਾਂ ਦੇ ਸਮੁਦਾਇਕ ਧਰੁਵੀਕਰਨ ਨੇ ਜਵਾਬੀ ਧਰੁਵੀਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿਸ ਨੇ ਉਨ੍ਹਾਂ ਦੀ ਸਮਾਜਕ ਅਤੇ ਰਾਜਨੀਤਕ ਲੀਡਰਸ਼ਿਪ ਦੀ ਅਭਿਲਾਸ਼ਾ ਦੀ ਪੂਰਤੀ ਨੂੰ ਅਸੰਭਵ ਬਣਾ ਦਿੱਤਾ ਹੈ। ਅੱਜ ਦੀ ਸਥਿਤੀ ਤਾਂ ਇਹੋ ਹੈ।
ਜਿਸ ਹਕੀਕਤ ਨਾਲ ਸਾਡਾ ਇਥੇ ਤਾਅਲੁਕ ਹੈ ਉਹ ਆਤਮਾ ਜਾਂ ਪਦਾਰਥ ਵਾਂਗ ਹੋਂਦਮੂਲਕ ਨਹੀਂ ਸਗੋਂ ਸਮਾਜਿਕ ਹੈ। ਉੱਗ ਰਹੀ ਦਲਿਤ ਚੇਤਨਾ ਦੇ ਸੰਦਰਭ ਵਿਚ ਅਸੀਂ ਸਮਾਜਿਕ ਯਥਾਰਥ ਦੇ ਤਿੰਨ ਪਾਸਿਆਂ ਦੀ ਗੱਲ ਕਰ ਸਕਦੇ ਹਾਂ। ਇਹ ਹਨ : ਧਰਮਗ੍ਰੰਥ ਮੂਲਕ, ਇਤਹਾਸ ਮੂਲਕ ਅਤੇ ਜੀਵਨ ਮੂਲਕ। ਹੁਣ ਆਪਾਂ ਇਨ੍ਹਾਂ ਵਿਚੋਂ ਹਰੇਕ ਦੀ ਸੰਖੇਪ ਵਿਚ ਗੱਲ ਕਰਾਂਗੇ।
ਧਰਮ ਗ੍ਰੰਥਮੂਲਕ ਯਥਾਰਥ
ਦਰਅਸਲ ਇਹ ਵਰਣ ਵਿਵਸਥਾ ਹੈ ਜਿਸਦਾ ਵਰਨਣ ਹਿੰਦੂ ਮਹਾਂਕਾਵਿਕ ਗਰੰਥਾਂ, ਧਰਮ ਸਾਸਤਰਾਂ ਅਤੇ ਸਿਮਰਤੀਆਂ ਵਿਚ ਕੀਤਾ ਗਿਆ ਹੈ। ਵਰਣ ਵਿਵਸਥਾ ਹਿੰਦੂ ਸਮਾਜਕ ਸੰਰਚਨਾ ਅਤੇ ਇਹਦੇ ਨੀਤੀ ਸਾਸ਼ਤਰ ਦਾ ਕੇਂਦਰ ਹੈ। ਇਹਨੂੰ ਧਰਮ ਗ੍ਰੰਥਾਂ ਦੀ ਸਹਿਮਤੀ ਹੈ ਤੇ ਇਹਨੂੰ ਦੈਵੀ ਨਿਯਮ ਸਮਝਿਆ ਜਾਂਦਾ ਹੈ। ਇਹਦੀ ਉਲੰਘਣਾ ਕਰਨਾ ਨੂੰ ਬੇਹੁਰਮਤੀ ਤੇ ਸਜਾ ਦੀ ਭਾਗੀ ਸਮਝਿਆ ਜਾਂਦਾ ਹੈ। ਪਰ ਇਹਦੀ ਸੇਧ ਸਮੁੱਚੇ ਤੌਰ ਤੇ ਹੁਕਮਰਾਨ ਹਲਕਿਆਂ ਦੇ ਹਿਤ ਵਿਚ ਹੈ ਤੇ ਉਨ੍ਹਾਂ ਦਾ ਇਸ ਵਿਚ ਨਹਿਤ ਸੁਆਰਥ ਹੈ। ਇਸੇ ਲਈ   ਇਹਨੂੰ ਜਾਰੀ ਰੱਖਣ ਲਈ ਅਪਨਯਾਨ, ਕਰਮਵਾਦ, ਸਵਾਧਰਮ, ਅਵਤਾਰਵਾਦ ਆਦਿ ਵਰਗੇ ਵਿਚਾਰਧਾਰਕ ਉਪਕਰਣ ਉਲੀਕੇ ਗਏ ਹਨ। ਸੂਦਰਾਂ ਨੂੰ ਅਪਨਾਯਾਨ ਸੰਸਕਾਰ ਵਰਜਿਤ ਹੈ ਜਿਸ ਰਾਹੀਂ ਗਿਆਨ, ਸ਼ਕਤੀ ਅਤੇ ਦੌਲਤ ਤੱਕ ਉਨ੍ਹਾਂ ਦੀ ਪਹੁੰਚ ਵਰਜਿਤ ਹੈ ਜਿਸਦਾ ਨਤੀਜਾ ਉਨ੍ਹਾਂ ਦੀ ਮੁਕੰਮਲ ਸਮਾਜਕ ਬੇਕਦਰੀ ਅਤੇ ਗੁਲਾਮੀ ਵਿਚ ਨਿਕਲਦਾ ਹੈ। ਦਵਿਜਾ ਪਦ ਦਾ ਮੂਲ ਅਰਥ ਉਪਰਲੇ ਤਿੰਨਾਂ ਵਰਣਾਂ ਦਾ ਲਖਾਇਕ ਸੀ ਬਾਅਦ ਵਿਚ ਇਕੱਲੇ ਬ੍ਰਾਹਮਣ ਦਾ ਬਣ ਗਿਆ। ਬੌਧਿਕ ਤੇ ਰੂਹਾਨੀ ਸੱਤਾ ਦੇ ਪ੍ਰਤਿਨਿਧ ਬਣੇ ਬ੍ਰਾਹਮਣ ਅਤੇ ਸੈਕੂਲਰ ਸੱਤਾ ਦੇ ਕੱਸਤਰੀ ਤੇ ਇਹ ਦੋਵੇਂ ਬਾਕੀ ਸਮਾਜ  ਤੇ ਸਰਦਾਰੀ ਚਲਾਉਣ ਲਈ ਮਿਲ ਗe ੇ(ਜਿਸ ਵਿਚ ਸੂਦਰ ਸਭ ਤੋਂ ਬੁਰੀ ਤਰ੍ਹਾਂ ਸ਼ਿਕਾਰ ਬਣੇ)। ਸੂਦਰਾਂ ਦਾ ਇਕੋ ਇਕ ਅਧਿਕਾਰ ਆਪਣੇ ਤੋਂ ਉਪਰਲਿਆਂ ਦੀ ਦੱਬ ਕੇ ਸੇਵਾ ਕਰਨਾ ਸੀ।
ਕਰਮਵਾਦ ਅਤੇ ਸਵਧਰਮਾ ਦੇ ਵਿਚਾਰ ਗੁਲਾਮੀ ਨੂੰ ਰੱਬੀ ਰਜਾ ਸਮਝ ਲੈਣ ਵਿੱਚ ਉਨ੍ਹਾਂ ਦੀ ਸਹਾਇਤਾ ਕਰਨ ਲਈ ਲਿਆਂਦੇ ਗਏ। ਦਾਸ ਧਰਮ ਨੂੰ ਮੁਕਤੀ ਦੀ ਗਰੰਟੀ ਵਜੋਂ ਪੇਸ਼ ਕੀਤਾ ਗਿਆ। ਕਿਸੇ ਵੀ ਕਿਸਮ ਦੀ ਬਗਾਵਤ ਨੂੰ ਦਬਾਉਣ ਲਈ ਪੁਜਾਰੀ ਦਾ ਸਰਾਪ ਤੇ ਸ਼ਾਹੀ ਅਵਤਾਰਾਂ ਵਰਗੀਆਂ ਹੋਰ ਤਰਕੀਬਾਂ ਸਨ। ਬਗਾਵਤ ਦੀ ਕਿਸੇ ਵੀ ਕਾਰਵਾਈ ਨੂੰ ਜੰਮਦਿਆਂ ਹੀ ਠੱਪ ਕਰ ਦੇਣਾ ਧਾਰਮਿਕ ਕਰਤਵ ਸਮਝਿਆ ਜਾਂਦਾ ਸੀ। ਸੰਭੂਕ ਅਤੇ ਏਕਲਭਿਆ ਦੀਆਂ ਕਹਾਣੀਆਂ ਇਹਦੀ ਗਵਾਹੀ ਭਰਦੀਆਂ ਹਨ। ਮਹਾਂਕਾਵ, ਧਰਮਸ਼ਾਸਤਰ ਅਤੇ ਸਿਮਰਤੀਆਂ ਵਿਚ ਇਹਨਾ ਘਿਨਾਉਣੀਆਂ ਕਾਰਵਾਈਆਂ ਦੀ ਜੋਰਦਾਰ ਸਿਫਾਰਿਸ਼ ਮਿਲਦੀ ਹੈ। ਡਾ. ਅੰਬੇਦਕਰ ਨੇ ਠੀਕ ਹੀ ਕਿਹਾ ਸੀ ਕਿ ਭਾਰਤ ਦੇ ਸੂਦਰਾਂ ਦੀ ਸਥਿਤੀ ਏਥਨਜ ਦੇ ਗੁਲਾਮਾਂ ਨਾਲੋਂ ਵੀ ਬਦਤਰ ਹੈ। ਘੱਟੋ ਘੱਟ ਉਹ ਮਾਨਸਿਕ ਤੌਰ ਤੇ ਗੁਲਾਮ ਤਾਂ ਨਹੀਂ ਸੀ ,ਇਸ ਲਈ ਬਗਾਵਤ ਤਾਂ ਕਰ ਸਕਦੇ ਸੀ ਤੇ ਉਹਨਾਂ ਨੇ ਬਗਾਵਤ ਕੀਤੀ ਤੇ ਉਨ੍ਹਾਂ ਦੀ ਬਗਾਵਤ ਦੇ ਖਿਲਾਫ ਕੋਈ ਦੈਵੀ ਫਰਮਾਨ ਨਹੀਂ ਸੀ ਜਾਰੀ ਹੋਇਆ। ਇਸ ਲਈ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਹਿੰਦੁਸਤਾਨ ਵਿਚ ਹੇਠਾਂ ਤੋਂ ਦੱਬੇ ਕੁਚਲਿਆਂ ਦੀਆਂ ਬਗਾਵਤਾਂ ਦਾ ਕੋਈ ਇਤਹਾਸ ਨਹੀਂ ਸੀ। ਸੰਖੇਪ ਵਿਚ ਵਰਣ ਵਿਵਸਥਾ ਸਵਰਨ ਜਾਤੀਆਂ ਨੂੰ ਭਾਵੇਂ ਕਿੰਨੀ ਵੀ ਦੈਵੀ ਲੱਗੇ ਇਹਦੀ ਗ੍ਰੰਥਮੂਲਕ ਹਕੀਕਤ ਸੂਦਰਾਂ ਦੇ ਸੰਬੰਧ ਵਿਚ ਵਹਿਸ਼ੀ, ਅਮਾਨਵੀ, ਪਰਜੀਵੀ ਅਤੇ ਲੋਟੂ ਹੈ। ਅਸਾਨੀ ਨਾਲ ਗੱਲ ਸਮਝ ਪੈਂਦੀ ਹੈ ਕਿ ਦਲਿਤਾਂ ਨੂੰ ਵਰਣਵਿਵਸਥਾ ਨਾਲ ਅਤੇ ਇਹਦੇ ਸਿਧਾਂਤਕਾਰਾਂ (ਚਾਹੇ ਪਰਾਚੀਨ ਹੋਣ ਚਾਹੇ ਆਧੁਨਿਕ) ਨਾਲ ਅਲਰਜੀ ਕਿਉਂ ਹੈ।
ਇਤਹਾਸਕ ਯਥਾਰਥ
ਪਰ ਹਿੰਦੂ ਸਮਾਜ ਦਾ ਇਤਹਾਸਕ ਯਥਾਰਥ ਇਹਦੇ ਗ੍ਰੰਥਮੂਲਕ ਯਥਾਰਥ ਦਾ ਪੂਰਨਰੂਪੀ ਸਮਅਰਥੀ ਨਹੀਂ। ਵਾਸਤਵਿਕ ਸਮਾਜ ਇਹਦੇ ਗੰ੍ਰਥਾਂ ਦੀ ਸਰਬਕਾਲੀ ਨਕਲ ਨਹੀਂ ਹੁੰਦਾ। ਲਿਖਤ ਦਸਤਾਵੇਜਾਂ ਦੇ ਤੌਰ ਤੇ ਗ੍ਰੰਥ ਸਮੇ ਤੇ ਸਥਾਨ ਵਿਚ ਜੁੜੇ ਤੇ ਜੜੇ ਹੁੰਦੇ ਹਨ। ਵਾਸਤਵਿਕ ਸਮਾਜੀ ਜੀਵਨ ਪਰਿਵਰਤਨਸ਼ੀਲ ਹੁੰਦਾ ਹੈ ਅਤੇ ਆਪਣੀਆਂ ਕਲਾਸਕੀ ਧਾਰਨਾਵਾਂ ਨੂੰ ਤੋੜ ਕੇ ਵਿਕਸਤ ਹੁੰਦਾ ਰਹਿੰਦਾ ਹੈ। ਭਾਵੇਂ ਲੋਕ ਉਨ੍ਹਾਂ ਧਾਰਨਾਵਾਂ ਦੀ ਪੂਜਾ ਕਰਦੇ ਰਹਿੰਦੇ ਹਨ ਅਤੇ ਪਰੰਪਰਾਗਤ ਵਸਿਸ਼ਟ ਵਰਗ ਉਨ੍ਹਾਂ ਪ੍ਰਤੀ ਉਦਰੇਵੇਂ ਵਾਲਾ ਵਤੀਰਾ ਅਪਣਾਉਂਦਾ ਹੈ ਤੇ ਉਨ੍ਹਾਂ ਨੂੰ ਸਹੀ ਸਿੱਧ ਕਰਨ ਲਈ ਮਨਭਾਉਂਦੀ ਵਿਆਖਿਆ ਕਰਦਾ ਰਹਿੰਦਾ ਹੈ। ਪ੍ਰਾਚੀਨ ਭਾਰਤੀ ਸਮਾਜ ਵਿਚ ਵੀ ਬਾਗੀ ਵਿਦਰੋਹੀ ਹੋਏ ਹਨ। ਸ਼੍ਰਮਣ ਅਤੇ ਮੁਨੀ ਵਿਦਰੋਹੀ ਪਰੰਪਰਾਵਾਂ ਵੇਦਾਂ ਜਿੰਨੀਆਂ ਹੀ ਪੁਰਾਣੀਆਂ ਹਨ ਅਤੇ ਇਵੇਂ ਭਾਰਤੀ ਪਦਾਰਥਵਾਦੀ ਹਨ ਜਿਹਨਾਂ ਦਾ ਵੇਦਾਂ ਵਿਚਲਾ ਪ੍ਰਤਿਰੂਪ ਦੇਵਾਂ ਦਾ ਗੁਰੂ ਵ੍ਰਿਹਸਪਤੀ ਹੈ ਜਿਸਦਾ ਸਤਿਕਾਰ ਵੀ ਹੋਇਆ ਹੈ ਅਤੇ ਵਿਰੋਧ ਵੀ। ਕਪਿਲ, ਕੱਨੜ, ਮਹਾਂਵੀਰ ਅਤੇ ਬੁੱਧ ਪ੍ਰਸਿੱਧ ਅਤੇ ਸਤਿਕਾਰਤ ਵਿਦਰੋਹੀ ਹਨ। ਬੁੱਧ ਦੀਆਂ ਘੱਟੇ ਘੱਟ ਬਾਹਠ ਵਿਦਰੋਹੀਆਂ ਨਾਲ ਗੋਸ਼ਟੀਆਂ ਦਾ ਜਿਕਰ ਹੈ ਤੇ ਇਹ ਗੱਲ ਪ੍ਰਾਚੀਨ ਭਾਰਤ ਵਿਚ ਵਿਦਰੋਹੀ ਪ੍ਰਰੰਪਰਾ ਦੀ ਤਕੜੀ ਲਹਿਰ ਵੱਲ ਸੰਕੇਤ ਕਰਦੀ ਹੈ।
ਬੁੱਧ ਦੁਆਲੇ ਸੂਦਰਾਂ ਦਾ ਜੁੜਨਾ ਅਤੇ ਧੱਮਾ ਨੂੰ ਵਪਾਰੀਆਂ ਅਤੇ ਹਾਕਮ ਕਸੱਤਰੀਆਂ ਤੋਂ ਮਿਲੀ ਸਹਾਇਤਾ ਇਸ ਤੱਥ ਦੀ ਗਵਾਹੀ ਭਰਦੀ ਹੈ ਕਿ ਵਰਣ ਵਿਵਸਥਾ ਵਿਚ ਕੁਝ ਗੰਭੀਰ ਗੜਬੜੀਆਂ ਸਨ। ਅਨੁਲੋਮ, ਪ੍ਰਤਿਲੋਮ, ਗੰਧਰਵ ਆਦਿ ਵਿਆਹ ਪ੍ਰਣਾਲੀਆਂ ਨੂੰ ਅਤੇ ਔਲਾਦ ਲਈ ਨਿਯੋਗ ਨੂੰ ਸਮਾਜ ਅਤੇ ਗ੍ਰੰਥਾਂ ਦੀ ਪ੍ਰਵਾਨਗੀ ਨੇ, ਚਾਹੇ ਬਹੁਤ ਥੋੜਾ ਹੀ ਸਹੀ ਉਪਰ ਵੱਲ ਸਮਾਜਕ ਗਤੀਸ਼ੀਲਤਾ ਵਿਚ ਆਪਣਾ ਯੋਗਦਾਨ ਅਵੱਸ਼ ਪਾਇਆ। ਇਹ ਵੀ ਇਤਹਾਸਕ ਤੱਥ ਕਿ ਨੰਦ ਅਤੇ ਮੋਰੀਆ ਵੰਸ਼ ਗੈਰ-ਕਸੱਤਰੀ ਵੰਸ ਸਨ। ਦਰਅਸਲ ਇਹ ਵੀ ਕਿਹਾ ਜਾਂਦਾ ਹੈ ਕਿ ਨੰਦ ਵੰਸ਼ ਦਾ ਮੂਲ ਸੂਦਰ ਸੀ। ਦੱਖਣ ਦੇ ਅਲਵਾਰ ਸੰਤਾਂ ਦੀ ਅਤੇ 15ਵੀਂ - 17ਵੀਂ ਸਦੀ ਦੇ ਉੱਤਰ ਦੇ ਸੰਤ ਕਵੀਆਂ ਦੀ ਵੰਨ ਸਵੰਨੀ ਸਮਾਜਕ ਰਚਨਾ ਹਿੰਦੂ ਸਮਾਜ ਦੀ ਬਦਲ ਰਹੀ ਸਮਾਜਕ ਜਮੀਰ ਦੀ ਸੂਚਨਾ ਦਿੰਦੀ ਹੈ। ਤੁਲਸੀ ਦਾਸ ਦੀ ਵੀ ਉਸ ਸਮੇਂ ਦੇ ਦੁਵਿਜਾ ਕਟੜਪੰਥੀਆਂ ਨੇ ਵਿਦਰੋਹੀ ਕਹਿ ਕੇ ਨਿਖੇਧੀ ਕੀਤੀ ਸੀ (ਹਾਲਾਂ ਕਿ ਉਸ ਦੇ ਵਰਣ ਵਿਵਸਥਾ ਦਾ ਕੱਟੜ ਸਮਰਥਕ ਹੋਣ ਦਾ ਹਵਾਲਾ ਵਾਰ ਵਾਰ ਦਿੱਤਾ ਜਾਦਾ ਹੈ) ਕਿਉਂਕਿ ਉਸ ਨੇ ਆਪਣੇ ਮਹਾਂਕਾਵਿ ਲਈ ਅਣਗੌਲੀ ਵਰਨੈਕੂਲਰ ਭਾਸ਼ਾ ਅਵਧੀ ਦੀ ਵਰਤੋਂ ਕੀਤੀ ਅਤੇ ਸਮਾਜਕ ਤੌਰ ਤੇ ਏਨਾ ਸਿਆਣਾ ਸੀ ਕਿ ਉਹਨੇ ਆਪਣੀ ਮਹਾਂ ਰਚਨਾ ਰਾਮਚਰਿਤਮਾਨਸ ਵਿਚੋਂ ਸੂਦਰ ਮੁਨੀ ਸੰਭੂਕ ਦੇ ਕਤਲ ਅਤੇ ਗਰਭਵਤੀ ਸੀਤਾ ਨੂੰ ਬਣਵਾਸ ਦਿੱਤੇ ਜਾਣ ਦੀਆਂ ਕਹਾਣੀਆਂ ਗਾਥਾ ਵਿਚੋਂ ਬਾਹਰ ਕੱਢ ਦਿੱਤੀਆਂ ਸਨ। ਸਮੁੱਚੇ ਤੌਰ ਤੇ ਉਹਦੀ ਸਮਾਜਕ ਦ੍ਰਿਸ਼ਟੀ ਕਾਫੀ ਵਿਸ਼ਾਲ ਅਤੇ ਉਦਾਰ ਹੈ ਕਿ ਉਹਨੇ ਨਿਸ਼ਾਦਰਾਜ, ਅਹੱਲਿਆ, ਸ਼ਾਬਰੀ ਆਦਿ ਨੂੰ ਸਨਮਾਨਜਨਕ ਤੌਰ ਤੇ ਸਮਾਯੋਜਿਤ ਕਰ ਲਿਆ। ਰਾਏਦਾਸ ਅਤੇ ਰਹੀਮ ਉਹਦੇ ਨਜਦੀਕੀ ਦੋਸਤ ਸਨ। ਪ੍ਰਗਤੀਸ਼ੀਲ ਵਿਦਵਾਨਾਂ ਨੇ ਵੀ ਦਲੀਲ ਦਿੱਤੀ ਹੈ ਕਿ ਜੇ ਰਾਮਚਰਿਤਮਾਨਸ ਵਿਚੋਂ ਦਰਜਨ ਕੁ ਸਤਰਾਂ ਕੱਢ ਦਿੱਤੀਆਂ ਜਾਣ ਤਾਂ ਇਸ ਵਿਚ ਆਧੁਨਿਕ ਸਮਾਜਕ ਸੰਵੇਦਨਸ਼ੀਲਤਾ ਲਈ ਕੁਝ ਵੀ ਇਤਰਾਜਯੋਗ ਨਹੀਂ ਰਹਿਣਾ।
ਇਸਲਾਮ ਦੇ ਆਗਮਨ ਨੇ ਵੀ ਹਿੰਦੂ ਸਮਾਜ ਦੇ ਦੱਬੇ ਕੁਚਲੇ ਅਤੇ ਵੰਚਿਤ ਲੋਕਾਂ ਲਈ ਇਕ ਬਚਾਓ ਦਾ ਰਾਹ ਦੇ ਦਿੱਤਾ। ਬਰਤਾਨੀਆ ਦੀ ਆਮਦ ਨਾਲ ਪੱਛਮੀਕਰਨ ਅਤੇ ਆਧੁਨਕੀਕਰਨ ਦੇ ਰੁਝਾਨ ਵਿਗਸਣ ਲਗ ਪਏ ਜਿਸਦਾ ਨਤੀਜਾ 19ਵੀਂ ਸਦੀ ਦੀਆਂ ਸਮਾਜਕ ਸੁਧਾਰ ਲਹਿਰਾਂ ਅਤੇ ਸਮਾਜੀ ਲਹਿਰ ਦੀ ਮੁੱਖਧਾਰਾ ਰਾਜਨੀਤੀ ਦੀਆਂ ਉਦਾਰ ਸਮਾਜਕ ਪ੍ਰਵਿਰਤੀਆਂ ਵਿਚ ਨਿਕਲਿਆ। ਗਾਂਧੀ ਨੇ ਛੂਆਛਾਤ ਦੇ ਖਿਲਾਫ ਅਤੇ ਸਮਾਜਕ ਬਰਾਬਰੀ ਲਈ ਐਲਾਨੀਆ ਸਟੈਂਡ ਲਿਆ ਸੀ ਅਤੇ ਨਹਿਰੂ ਦੇ ਸਮਾਜਵਾਦੀ ਅਤੇ ਮਾਰਕਸਵਾਦੀ ਵਿਚਾਰ ਕਿਸੇ ਤੋਂ ਲੁਕੇ ਨਹੀਂ ਸਨ। ਇਸਦੇ ਬਾਵਜੂਦ ਦੋਹਾਂ ਦੀ ਵਿਆਪਕ ਤੌਰ ਤੇ ਜੋਸ਼ ਭਰੀ ਪ੍ਰਵਾਨਗੀ ਤੋਂ ਪਤਾ ਲਗਦਾ ਹੈ ਕਿ ਸ਼ਾਸਤਰਾਂ ਦੇ ਸਾਰੇ ਨੁਖਸਿਆਂ ਦੇ ਖਿਲਾਫ ਹਿੰਦੂ ਸਮਾਜ ਅਗੇ ਵੱਧ ਰਿਹਾ ਸੀ। ਐਮ.ਐਨ ਸ੍ਰੀ ਨਿਵਾਸ ਨੇ ਬਹੁਤ ਸਾਰੀਆਂ ਗ੍ਰੰਥਾਂ ਦੀਆ ਮਨਾਹੀਆਂ ਦੇ ਬਾਵਜੂਦ ਉਪਰ ਨੂੰ ਸਮਾਜਿਕ ਗਤੀਸ਼ੀਲਤਾ ਦੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ ਹੈ। ਰਫਤਾਰ ਧੀਮੀ ਹੋ ਸਕਦੀ ਹੈ ਪਰ ਸਮਾਜਕ ਪਰਿਵਰਤਨ ਦੀ ਹਕੀਕਤ ਤੋਂ ਮੁਕਰਿਆ ਨਹੀਂ ਜਾ ਸਕਦਾ ਅਤੇ ਪਰਿਵਰਤਨ ਦੀਆਂ ਸ਼ਕਤੀਆਂ ਅਤੇ ਔਜਾਰ ਜਿੰਨੇ ਅੰਦਰੂਨੀ ਹਨ ਉਨੇ ਹੀ ਬਾਹਰੀ ਵੀ।
ਸਜੀਵ ਯਥਾਰਥ
ਸਮਾਜਕ ਯਥਾਰਥ ਦਾ ਇਕ ਤੀਜਾ ਪਹਿਲੂ ਹੈ ਜਿਸਨੂੰ ਸਜੀਵ ਯਥਾਰਥ ਕਿਹਾ ਜਾ ਸਕਦਾ ਹੈ ਅਰਥਾਤ ਵਰਤਮਾਨ ਸਮੇਂ ਜੀਵਿਆ, ਅਨੁਭਵ ਕੀਤਾ, ਮਹਿਸੂਸ ਕੀਤਾ ਜਾ ਰਿਹਾ ਸਮਾਜਕ ਯਥਾਰਥ। ਹਿੰਦੂ ਸਮਾਜ ਦਾ ਵਰਤਮਾਨ ਪ੍ਰਸੰਗ ਪਰਿਵਰਤਨ, ਗ੍ਰਹਿਣਸ਼ੀਲਤਾ ਅਤੇ ਅਨੁਕੂਲਣ ਲਈ ਸਪਸ਼ਟਭਾਂਤ ਵੱਧ ਰਹੇ ਸਮਾਜਕ ਰੁਝਾਨ ਨੂੰ ਪ੍ਰਗਟ ਕਰਦਾ ਹੈ। ਇਥੋਂ ਤੱਕ ਕਿ ਸੱਜੇ ਪੱਖੀ ਹਿੰਦੂ ਇਲੀਟ ਵੀ ਪਰਿਵਰਤਨ ਤੋਂ ਨਹੀਂ ਮੁਕਰਦਾ ਅਤੇ ਸੰਵਿਧਾਨ ਨੂੰ ਮੰਨੂ ਸਿਮਰਤੀ ਨਾਲੋਂ ਪ੍ਰਾਥਮਿਕਤਾ ਦਿੰਦਾ ਹੈ ਅਤੇ ਇਸ ਪੱਖੋਂ ਮੁਸਲਿਮ ਸੱਜੇ ਪੱਖੀ ਇਲੀਟ ਨਾਲੋਂ ਵਧੇਰੇ ਪ੍ਰਗਤੀਸ਼ੀਲ ਜਾਪਦਾ ਹੈ। ਹਿੰਦੁਸਤਾਨ ਵਿਚ ਹਿੰਦੂਆਂ ਵਿਚ ਕੋਈ ਦਮਦਾਰ ਮੂਲਵਾਦੀ ਲਹਿਰ ਨਹੀਂ। ਆਧੁਨਿਕੀਕਰਨ ਦੀਆਂ ਸ਼ਕਤੀਆਂ-ਵਿਗਿਆਨ ਤੇ ਤਕਨਾਲੋਜੀ, ਉਦਯੋਗੀਕਰਨ ਅਤੇ ਚੋਣਾਂ ਦੀ ਰਾਜਨੀਤੀ, ਸੈਕੂਲਰ ਸੰਵਿਧਾਨ ਅਤੇ ਰਾਜਨੀਤਕ ਤੇ ਪ੍ਰਸ਼ਾਸਕੀ ਸੰਰਚਨਾ ਦੀ ਮਿਸਰਤ ਪ੍ਰਕਿਰਤੀ, ਦਲਿਤਾਂ ਅਤੇ ਹੋਰ ਪਛੜੀਆਂ ਸ਼੍ਰੇਣੀਆਂ ਦਾ ਗੰਭੀਰ ਸਮਾਜੀ ਰਾਜਨੀਤਕ ਕਾਰਕਾਂ ਦੇ ਤੌਰ ਤੇ ਉਭਾਰ ਆਦਿ-ਦੇ ਦਬਾਓ ਅਧੀਨ ਹਿੰਦੂ ਸਮਾਜ ਆਪਣੇ ਅਤੀਤ ਨਾਲੋਂ ਕਿਸੇ ਬੁਨਿਆਦੀ ਟੁੱਟ ਦੇ ਬਿਨਾਂ ਚਾਹੇ ਅਣਚਾਹੇ ਪਾਰ ਲੰਘ ਜਾਣ ਦੇ ਨੁਕਤੇ ਤੇ ਖੜਾ ਜਾਪਦਾ ਹੈ।
ਦੂਜੇ, ਦਲਿਤ ਵਰਗ ਵੀ ਗਤੀਮਾਨ ਹੈ। ਵੱਡੀ ਗਿਣਤੀ ਵਿਚ ਦਲਿਤ ਬੱਚੇ ਸਕੂਲ ਤੇ ਕਾਲਜ ਜਾ ਰਹੇ ਹਨ। ਦਲਿਤਾਂ ਵਿਚੋ. ਉਭਰੀ ਸਮਾਜਕ ਤੇ ਰਾਜਨੀਤਕ ਲੀਡਰਸ਼ਿਪ ਹੁਣ ਬਹੁਤ ਪ੍ਰਤੱਖ ਨਜਰ ਆਉਂਦੀ ਹੈ। ਇਹਦੇ ਅਫਸਰ ਚੰਗੀ ਤਰ੍ਹਾਂ ਸੰਗਠਿਤ ਹਨ ਬਾਕੀ ਸਾਰਿਆਂ ਨਾਲੋਂ ਕਿਤੇ ਵੱਧ ਗਿਣਤੀ ਵਿਚ ਹਨ ਅਤੇ ਅਜਿਹਾ ਸਭ ਤੋਂ ਸ਼ਕਤੀਸ਼ਾਲੀ ਧੜਾ ਬਣ ਗਏ ਹਨ ਜਿਸਨੂੰ ਕੋਈ ਵੀ ਸਰਕਾਰ ਨਜਰਅੰਦਾਜ ਨਹੀਂ ਕਰ ਸਕਦੀ। ਇਸ ਤੋਂ ਵੀ ਅੱਗੇ ਇਕ ਉਭਰ ਰਹੇ ਸਮੁਦਾਇ ਦੇ ਤੌਰ ਤੇ ਦਲਿਤ ਵਰਗ ਦਾ ਆਕਾਰ ਕਾਫੀ ਵੱਡਾ ਹੈ ਤੇ ਇਹ ਕਾਫੀ ਸਵੈਚੇਤਨ ਹੈ ਤੇ ਕੁਲ ਹਿੰਦ ਪੱਧਰ ਤੇ ਫੈਲਿਆ ਹੋਇਆ ਪ੍ਰਤਿਬੱਧ ਵੋਟ ਬੈਂਕ ਹੈ ਤੇ ਹੋਰ ਵੀ ਵੱਡੀ ਗੱਲ ਮੌਜੂਦ ਰਾਜਸੀ ਤੇ ਸਮਾਜਕ ਆਮਸਹਿਮਤੀ ਸਮੁੱਚੇ ਤੌਰ ਤੇ ਇਹਦੇ ਪੱਖ ਵਿਚ ਹੈ ਇਸ ਲਈ ਇਹਦੇ ਮੌਜੂਦਾ ਅਧਿਕਾਰਾਂ ਤੇ ਵਿਸ਼ੇਸ਼ ਅਧਿਕਾਰਾਂ ਨੂੰ ਕੋਈ ਫੌਰੀ ਖਤਰਾ ਨਹੀਂ। ਦੂਜੇ ਸ਼ਬਦਾਂ ਵਿਚ ਇਸ ਸਮੁਦਾਇ ਨੇ ਆਪਣੇ ਆਂਗਿਕ ਰਾਜਸੀ ਆਗੂ, ਸਮਾਜ ਸੁਧਾਰਕ ਜ਼ਹਾਦੀ, ਬਿਊਰੋਕਰੈਟ ਅਤੇ ਵਿਚਾਰਵਾਨ ਪਰੋਜੈਕਟ ਕਰਨੇ ਸ਼ੁਰੂ ਕਰ ਦਿੱਤੇ ਹਨ। ਇਥੋਂ ਤੱਕ ਕਿ ਇਹ ਇਕ ਉਭਰ ਰਿਹਾ (ਗਰੈਮਸਕੀ ਵਾਲੇ ਮੁਹਾਵਰੇ ਵਿਚ ਕਹੀਏ) ਰਾਸ਼ਟਰੀ ਇਤਹਾਸਕ ਧੜਾ ਜਾਪਣ ਲਗ ਪਿਆ ਹੈ ਤੇ ਇਹ ਬੀਤੇ ਦੇ ਸਵਰਨ ਧੜੇ ਵਾਂਗ ਹੀ ਅਸਾਧ ਤੇ ਅਲੰਘ ਬਣਨ ਦੀ ਪ੍ਰਕਿਰਿਆ ਵਿਚ ਹੈ। ਪਰੰਪਰਾਗਤ ਰਾਸ਼ਟਰੀ ਇਤਹਾਸਕ ਧੜਾ-ਜਿਸ ਵਿਚ ਸਵਰਨ ਜਾਤੀਆਂ ਸ਼ਾਮਲ ਸਨ-ਗਿਣਤੀ ਵਿਚ ਪਿਛੇ ਰਹਿ ਗਿਆ ਹੈ ਅਤੇ ਘੱਟ ਜਾਂ ਵੱਧ ਨਿਖੜ ਗਿਆ ਹੈ। ਇਸ ਦੇ ਕੰਟਰੋਲ ਨੁਕਤੇ-ਧਾਰਮਕ, ਵਿਦਿਅਕ ਅਤੇ ਰਾਜਨੀਤਕ ਲੀਡਰਸ਼ਿਪ, ਬਿਊਰੋਕਰੇਸੀ ਅਤੇ ਹੋਰ ਕੋਮਲ ਤੇ ਵਕਾਰੀ ਪੇਸੇ-ਹਮਲੇ ਦੀ ਮਾਰ ਥੱਲੇ ਹਨ ਅਤੇ ਨਾਪੂਰੇਜਾਣਯੋਗ ਵੱਡੇ ਖੱਪੇ ਪੈ ਚੁਕੇ ਹਨ। ਇਸਨੂੰ ਪਹਿਲਾਂ ਹੀ ਇਤਹਾਸ ਦਾ ਖਲਨਾਇਕ ਅਤੇ ਆਧੁਨਿਕ ਭਾਰਤੀ ਸਮਾਜ ਦਾ ਬੀਮਾਰ ਅੰਗ ਗਰਦਾਨ ਦਿੱਤਾ ਗਿਆ ਹੈ। ਇਹ ਸਜਾਮੁਖੀ ਅਤੇ ਇਲਾਜਮੁਖੀ ਦੋਹਾਂ ਤਰ੍ਹਾਂ ਦੀਆਂ ਚਾਰਾਜੋਈਆਂ ਦਾ ਤਲਬਗਾਰ ਹੈ। ਸਮੇਂ ਦੀ ਭਾਵਨਾ ਇਹਦੇ ਖਿਲਾਫ ਹੈ ਅਤੇ ਇਹ ਚੰਗੇ ਭਾਗੀਂ ਪ੍ਰਗਤੀਸ਼ੀਲ ਹਿੰਸਾ ਦਾ ਸ਼ਿਕਾਰ ਬਣਨ ਤੋਂ ਬਚ ਗਿਆ ਤੇ ਇਸ ਦਾ ਸਿਹਰਾ ਮੁੱਖ ਤੌਰ ਤੇ ਬਾਬਾ ਸਾਹਿਬ ਨੂੰ, ਜਿਸਨੇ ਸੋਸ਼ਲ ਡੈਮੋਕਰੇਸੀ ਦੇ ਰਾਹ ਦੀ ਚੋਣ ਕੀਤੀ ਅਤੇ ਅੰਸ਼ਕ ਤੌਰ ਤੇ ਮਹਾਤਮਾ ਗਾਂਧੀ ਤੇ ਨਹਿਰੂ ਨੂੰ, ਵੀ ਜਾਂਦਾ ਹੈ ਜਿਨ੍ਹਾਂ ਨੇ ਭਾਰਤੀ ਸਮਾਜ ਵਿਚ ਅੰਤਰ ਨਹਿਤ ਵਿਰੋਧਤਾਈਆਂ ਅਤੇ ਟਕਰਾਵਾਂ ਨੂੰ, ਪਰਿਵਰਤਨ ਅਤੇ ਸਥਿਰਤਾ ਦੇ ਸੱਚੇ ਲੋਕਰਾਜੀ ਸਿਧਾਂਤਾ ਨੂੰ ਅਪਣਾਉਣ ਰਾਹੀਂ, ਰਾਸ਼ਟਰੀ ਰਾਜਨੀਤੀ ਦੀ ਮੁੱਖ ਧਾਰਾ ਅੰਦਰ ਸਾਂਭ ਲਿਆ।
ਤੀਜੀ ਗੱਲ, ਹਾਲੀਆ ਘਟਨਾ ਵਿਕਾਸ ਦਰਸਾਉਂਦਾ ਹੈ ਕਿ ਦਲਿਤਾਂ ਦਾ ਵੀ ਸਮਾਜਕ ਆਰਥਕ ਵਖਰੀਣ ਹੋ ਰਿਹਾ ਹੈ। ਉਨ੍ਹਾਂ ਵਿਚ ਇਕ ਕਰੀਮੀ ਲੇਅਰ ਬਣ ਗਈ ਹੈ ਤੇ ਮੌਜੂਦ ਸੱਤਾ ਸੰਰਚਨਾ ਵਿਚ ਮਜਬੂਤੀ ਨਾਲ ਜਮੀ ਹੋਈ ਹੈ। ਇਹ ਯਥਾ ਸਥਿਤੀ ਬਣਾਈ ਰੱਖਣ ਲਈ ਬੁਲਵਰਕ ਦੇ ਤੌਰ ਤੇ ਦਲਿਤ ਮਿਥ ਫੈਲਾ ਰਹੀ ਹੈ ਅਤੇ ਵਰਤ ਰਹੀ ਹੈ। ਇਹਦੀ ਨਜਰ ਹਕੂਮਤੀ ਫਾਇਦਿਆਂ ਤੇ ਟਿਕੀ ਹੋਈ ਹੈ। ਇਸ ਲਈ ਇਹ ਵੱਡੀ ਸਮਾਜੀ ਰਾਜਸੀ ਉਥਲਥਲ ਕਦਾਚਿਤ ਨਹੀਂ ਚਾਹੁੰਦੀ। ਕੁਦਰਤੀ ਤੌਰ ਤੇ ਦਲਿਤ ਇਲੀਟ ਵਰਗ ਵੱਧ ਤੋਂ ਵੱਧ ਦਲਿਤ ਇਨਸਾਫ ਦੀ ਗੱਲ ਕਰਦਾ ਹੈ ਇੰਕਸਾਫ ਦੀ ਨਹੀਂ ਜਿਸ ਦੇ ਅਰਥ ਕਿਤੇ ਵਧੇਰੇ ਵਿਆਪਕ ਹਨ। ਇਸ ਲਈ ਇਹਦਾ ਦਲਿਤਵਾਦ ਵਿਚ ਗੰਭੀਰ ਹਿਤ ਬਣ ਗਿਆ ਹੈ ਕਿਉਂਜੋ ਇਹ ਇਹਦੀ ਸੱਤਾ ਤੇ ਖੁਸ਼ਹਾਲੀ ਲਈ   ਪੌੜੀ ਹੈ। ਇਹ ਵੀ ਦਲੀਲ ਦਿੱਤੀ ਜਾ ਸਕਦੀ ਹੈ ਕਿ ਇਹ ਦਲਿਤ ਇਲੀਟ ਵੱਧ ਤੋਂ ਵੱਧ ਰੈਡੀਕਲ ਬੁਰਜੂਆ ਹੋ ਸਕਦਾ ਹੈ ਸ਼ੋਸ਼ਲਿਸਟ ਕ੍ਰਾਂਤੀਕਾਰੀ ਨਹੀਂਂ। ਅਖੀਰ ਬਰਤਾਨਵੀ ਉਦਾਰਵਾਦ ਜਿੱਤ ਗਿਆ ਹੈ ਤੇ ਇਹ ਡਾ. ਅੰਬੇਦਕਰ ਦਾ ਵੀ ਇਕ ਵੱਡਾ ਸਰੋਕਾਰ ਸੀ।
ਚੌਥੇ, ਦਲਿਤਾਂ ਦੇ ਫਿਰਕੂ ਜਾਤੀ ਲੀਹਾਂ ਤੇ ਧਰੁਵੀਕਰਨ ਭਾਵੇਂ ਇਹਦੀ ਪਛਾਣ ਤੇ ਮੁਕਤੀ ਲਈ ਜਰੂਰੀ ਹੈ ਪਰ ਇਸ ਨੇ ਸਵਰਨ, ਪਛੜੀਆਂ ਜਾਤੀਆਂ ਅਤੇ ਮੁਸਲਿਮਾਨਾ ਦੀ ਜਵਾਬੀ ਧਰੁਵੀਕਰਨ ਨੂੰ ਜਨਮ ਦਿੱਤਾ ਹੈ ਤੇ ਇਨ੍ਹਾਂ ਵਿਚੋਂ ਹਰੇਕ ਆਪਣੀ ਪਛਾਣ ਤੇ ਹਿਤਾਂ ਲਈ ਬਰਾਬਰ ਸੁਚੇਤ ਹੈ। ਸਾਡੇ ਸਮਾਜ ਦਾ ਸਮਾਜਕ ਆਧਾਰ ਏਨਾ ਤਿੜਕਿਆ ਹੋਇਆ ਹੈ ਕਿ ਸਰਬੰਗੀ ਵਿਚਾਰਧਾਰਾ ਨੂੰ ਪ੍ਰਣਾਈ ਇਕਸੁਰ ਰਾਸ਼ਟਰੀ ਪਾਰਟੀ ਦਾ ਵਿਗਸਣਾ ਵਿਵਹਾਰਕ ਤੌਰ ਤੇ ਅਸੰਭਵ ਬਣ ਗਿਆ ਹੈ।
ਕੁਦਰਤੀ ਤੌਰ ਤੇ ਮੌਜੂਦ ਸਥਿਤੀਆਂ ਵਿਚ ਕਿਸੇ ਇਕ ਸਮੂਹ ਵਲੋਂ ਸਰਦਾਰੀ ਵਾਲੇ ਕੰਟਰੋਲ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ। ਪਰੰਪਰਾਵਾਦੀ ਇਲੀਟ ਦਾ ਸਭਿਆਚਾਰਕ ਰਾਸ਼ਟਰਵਾਦ ਬਹੁਤ ਖੋਖਲਾ ਅਤੇ ਪਿਛਾਖੜੀ ਹੈ ਜਦਕਿ ਦਲਿਤ ਕ੍ਰਾਂਤੀਵਾਦ ਦਾ ਤੰਗਨਜਰ। ਪਛੜੀਆਂ ਜਾਤੀਆਂ ਸੱਤਾ ਤੋਂ ਪਾਰ ਨਹੀਂ ਝਾਕਦੀਆਂ ਅਤੇ ਮੁਸਲਿਮ ਪਛਾਣ ਤੋਂ ਪਾਰ ਨਹੀਂ। ਇਸ ਲਈ ਜੋੜ ਤੋੜ ਦੀ ਰਾਜਨੀਤੀ ਅਤੇ ਟੁਕੜ-ਬੋਚਪੁਣਾ ਹਾਲੇ ਖਾਸਾ ਸਮਾਂ ਜਾਰੀ ਰਹੇਗਾ। ਕਹਿਣ ਦਾ ਭਾਵ ਇਹ ਕਿ ਦਲਿਤਾਂ ਦੀ "ਆਗੂ" ਭੂਮਿਕਾ ਨਿਭਾਉਣ ਦੀ ਨਹੀਂ ਸਗੋਂ ਸਮਾਜਕ ਉਤਪ੍ਰੇਰਕ ਦੀ ਭੂਮਿਕਾ ਨਾਲ ਹੀ ਸੰਤੁਸ਼ਟ ਬਣੇ ਰਹਿਣ ਦੀ ਸੰਭਾਵਨਾ ਹੈ। ਸਿੱਧੜ ਦਲਿਤ ਲੀਡਰਸ਼ਿਪ ਨੇ ਆਪਣਾ ਦਲਿਤ ਪੱਤਾ ਕੁਝ ਵਧੇਰੇ ਹੀ ਵਰਤ ਲਿਆ ਹੈ ਅਤੇ ਦਲਿਤ ਰਾਜਨੀਤੀ ਨੂੰ ਅੰਨੀ ਗਲੀ ਵਿਚ ਧੱਕ ਦਿੱਤਾ ਹੈ ਤੇ ਉਹ ਵੀ ਬੜੀ ਤੇਜੀ ਨਾਲ। ਦਲਿਤ ਵਿਚਾਰ ਜਜਬਾਤੀ ਸਾਹਿਤਕ ਸੋਸ਼ਣ ਲਈ ਅਤੇ ਸੀਮਤ ਤੇ ਜਨੂੰਨੀ ਰਾਜਸੀ ਲਾਮਬੰਦੀ ਲਈ ਮੁਆਫਕ ਮਿਥ ਬਣਨ ਦੀ ਪ੍ਰਕਿਰਿਆ ਵਿਚ ਹੈ। ਪਰ ਜਿੰਦਾ ਰਹਿਣ ਦੀ ਯੁੱਧਨੀਤੀ ਲੀਡਰਸ਼ਿਪ ਦੀ ਯੁੱਧਨੀਤੀ ਨਹੀਂ ਹੁੰਦੀ। ਨਵਾਂ ਦਲਿਤ ਆਗੂ ਖਤਰਨਾਕ ਦੁਬਿਧਾ ਵਿਚ ਫਸ ਗਿਆ ਜਾਪਦਾ ਹੈ। ਇਕ ਫਿਰਕੇ ਦੇ ਤੌਰ ਤੇ ਮਜਬੂਤ ਹੋਣ ਤੇ ਜਿੰਦੇ ਬਚੇ ਰਹਿਣ ਵਾਸਤੇ ਦਲਿਤ ਮਿਥ ਸਿਰਜੀ ਤੇ ਪਾਲੀ ਜਾਏ ਜਾਂ ਫਿਰ ਹਿੰਦੂਵਾਦ ਦੇ ਕੁੱਝ ਕੁੱਝ ਸੁਧਾਰੇ ਨਵੇਂ ਰੂਪ ਵਿਚ ਜਜਬ ਹੋਇਆ ਜਾਵੇ ਤੇ ਜਿਸ ਵਿਚ ਦਲਿਤ ਰਾਜਨੀਤਕ ਤੇ ਸਭਿਆਚਾਰਕ ਭਵਿਖ ਨਕਸ਼ੇ ਦਾ ਕੋਈ ਘੱਟ ਯੋਗਦਾਨ ਨਹੀਂ ਹੋਵੇਗਾ। ਇਸ ਮਗਰਲੀ ਗੱਲ ਦੀ ਮੌਜੂਦ ਉਦਾਰ ਜਮਹੂਰੀ ਚੌਖਟੇ (ਜਿਹੜਾ ਅੰਤਰਕਿਰਿਆ ਲਈ ਮਜਬੂਰ ਕਰਦਾ ਹੈ) ਅਤੇ ਹਿੰਦੂਵਾਦ ਦੀ ਉਭਰਨ ਦੀ ਸ਼ਕਤੀ (ਜਿਸਨੇ ਵਿਸਵਾਮਿਤਰ ਅਤੇ ਸ਼ੰਕਰ ਹੀ ਨਹੀਂ ਸਗੋਂ ਰਾਮਾਨੰਦ ਅਤੇ ਗਾਂਧੀ ਵੀ ਪੈਦਾ ਕੀਤੇ ਹਨ) ਸਦਕਾ ਵਧੇਰੇ ਸੰਭਾਵਨਾ ਹੈ।
ਇਸ ਲਈ ਦਲਿਤ ਇਲੀਟ ਸਾਹਮਣੇ ਇਹ ਗੰਭੀਰ ਵੰਗਾਰ ਹੈ। ਕਿਸੇ ਢੁਕਵੇਂ ਰਸਤੇ ਦੀ ਤਲਾਸ਼ ਲਈ ਜਰੂਰੀ ਹੈ ਕਿ ਅੰਬੇਦਕਰ ਤੇ ਗਾਂਧੀ ਨੂੰ ਇਕ ਦੂਜੇ ਦੇ ਵਿਰੁੱਧ ਪੇਸ਼ ਕਰਨਾ ਛੱਡਿਆ ਜਾਵੇ ਅਤੇ ਦੋਹਾਂ ਤੋਂ ਪਾਰ ਵੇਖਿਆ ਜਾਵੇ। ਦੋਨੋ ਹੀ ਬੁਨਿਆਦੀ ਤੌਰ ਤੇ ਸਮਾਜੀ ਸੰਘਰਸ਼ ਕਰਨ ਵਾਲੇ ਸਨ। ਦੋਵੇਂ ਸਾਂਝੇ ਸਭਿਆਚਾਰਕ ਪਿਛੋਕੜ ਵਿਚ ਵੱਖ ਵੱਖ ਲੀਹਾਂ ਤੇ ਚਲ ਰਹੇ ਸਨ। ਇਤਹਾਸ ਵਿਚ ਸ਼ਰਾਬ ਦੇ ਰੰਗ ਜਾਂ ਰਾਜਸੀ ਮੁਹਾਵਰੇ ਦੀ ਤਾਨ ਨਾਲ ਬਹੁਤਾ ਫਰਕ ਨਹੀਂ ਪੈਂਦਾ ਹੁੰਦਾ। ਅੰਬੇਦਕਰ ਜਾਂ ਗਾਂਧੀ ਨੂੰ ਖਾਸ ਕਰ ਉਨ੍ਹਾਂ ਦੀਆਂ ਬੁਨਿਆਦੀ ਗੱਲਾਂ ਲਾਂਭੇ ਰੱਖ ਉਨ੍ਹਾਂ ਦੇ ਬਾਹਰੀ ਪੱਖਾਂ ਨੂੰ - ਚਿੰਬੜੇ ਰਹਿਣਾ ਹੁਣ ਉਲਟ ਸਿੱਟੇ ਕੱਢੇਗਾ। ਗਾਂਧੀ ਅਜਿਹਾ ਵਿਚਾਰ ਜਾਪਦਾ ਹੈ ਜਿਹੜਾ ਕੁਝ ਕੁ ਗਿਣੇ ਮਿਥੇ ਪ੍ਰਤਿਬੱਧ ਜਣਿਆਂ ਦੇ ਜੀਵਨ ਵਿਚ ਹੀ ਸਾਕਾਰ ਹੋ ਸਕਦਾ ਹੋਵੇ ਅਤੇ ਅੰਬੇਦਕਰ ਨੂੰ ਉਸ ਹੱਦ ਤੱਕ ਇਕ ਵਹਿਸ਼ੀ ਤੱਥ ਵਜੋਂ ਪੇਸ਼ ਕੀਤਾ ਜਾ ਚੁਕਿਆ ਹੈ ਕਿ ਹੁਣ ਉਸ ਨੂੰ ਸਰਬ ਪ੍ਰਵਾਨਿਤ ਆਦਰਸ਼ ਬਣਾ ਕੇ ਪੇਸ਼ ਨਹੀਂ ਕੀਤਾ ਜਾ ਸਕਦਾ। ਫਿਰ ਵੀ ਦਲਿਤ ਮਿਥ ਕਾਇਮ ਰਹੇਗੀ ਜਿਸਦਾ ਪ੍ਰਭੂ ਬਾਬਾ ਸਾਹਿਬ ਹੋਵੇਗਾ ਤੇ ਇਹ ਦਲਿਤਾਂ ਦੀ ਸਮਾਜੀ ਹਕੀਕਤ ਮੂਲੋਂ ਬਦਲ ਚੁੱਕੀ ਹੋਣ ਦੇ ਬਾਵਜੂਦ ਵੀ ਸਾਹਿਤਕ ਸ਼ੋਸਣ ਅਤੇ ਰਾਜਨੀਤਕ ਲਾਮਬੰਦੀ ਦੋਹਾਂ ਮਕਸਦਾਂ ਲਈ ਤਿਆਰ ਰਹੇਗੀ। ਦੂਜੇ ਸ਼ਬਦਾਂ ਵਿਚ ਭਾਵੇਂ ਸਮਕਾਲੀ ਹਿੰਦੁਸਤਾਨ ਵਿਚ ਦਲਿਤਾਂ ਦਾ ਮਹੱਤਵਪੂਰਨ ਰੋਲ ਯਕੀਨੀ ਹੈ ਦਲਿਤ ਦੇ ਤੌਰ ਤੇ ਦਲਿਤ ਆਪਣੇ ਭਵਿੱਖ ਬਾਰੇ ਬਹੁਤ ਜਿਆਦਾ ਯਕੀਨੀ ਨਹੀਂ ਹੋ ਸਕਦਾ।

No comments:

Post a Comment