Thursday, March 10, 2011

ਰੱਬ ਨੂੰ ਸਦਾ ਲਈ ਵਿਦਾਇਗੀ - ਖਾਲਿਦ ਸੁਹੇਲ

ਜਦੋਂ ਮੈਂ 20 ਸਾਲ ਦੀ ਉਮਰ ਵਿਚ ਆਪਣੇ ਸ਼ਾਇਰ ਚਾਚਾ ਅਬਦੁਲਮਤੀਨ ਆਰਫ਼ ਨੂੰ ਦੱਸਿਆ ਕਿ ਮੇਰਾ ਰੱਬ ਵਿਚ ਵਿਸ਼ਵਾਸ ਨਹੀਂ ਰਿਹਾ ਤਾਂ ਉਹਨਾਂ ਦੇ ਚਿਹਰੇ 'ਤੇ ਦਿਲਫਰੇਬ ਮੁਸਕਰਾਹਟ ਫੈਲ ਗਈ ਤੇ ਉਹ ਫਰਮਾਉਣ ਲੱਗੇ, "ਜਦੋਂ ਮੇਰੇ ਚਾਚਾ, ਤੁਹਾਡੇ ਦਾਦਾ ਜੀ, ਸੱਠ ਵਰ੍ਹਿਆਂ ਦੇ ਸਨ ਤਾਂ ਉਹ ਨਾਸਤਕ ਹੋ ਗਏ ਸਨ। ਮੈਂ ਰੱਬ ਦੇ ਵਜੂਦ ਤੋਂ ਇਨਕਾਰ ਚਾਲੀ ਸਾਲ ਦੀ ਉਮਰ ਵਿਚ ਕੀਤਾ ਸੀ। ਤੁਸੀਂ 20 ਵਰ੍ਹਿਆਂ ਦੀ ਉਮਰ ਵਿਚ ਹੀ ਨਾਸਤਕ ਹੋ ਗਏ ਹੈ। ਮੈਂ ਤੈਨੂੰ ਗੈਰਰਵਾਇਤੀ ਰਾਹ ਅਖਤਿਆਰ ਕਰਨ ਉਤੇ ਵਧਾਈ ਦਿੰਦਾ ਹਾਂ ਪਰ ਮੈਂ ਤੈਨੂੰ ਏਨੀ ਨਸੀਹਤ ਜ਼ਰੂਰ ਕਰਾਂਗਾ, ਇਸ ਸੱਚ ਦਾ ਜ਼ਿਕਰ ਆਪਣੇ ਰਵਾਇਤੀ ਮਾਪਿਆਂ ਤੇ ਰਿਸ਼ਤੇਦਾਰਾਂ ਕੋਲ ਨਾ ਕਰੀਂ। ਇਹ ਨਾ ਹੋਵੇ ਕਿ ਉਹ ਤੇਰੀ ਜਿੰਦਗੀ ਨੂੰ ਅਜ਼ਾਬ ਬਣਾ ਦੇਣ।"
ਮੇਰਾ ਖਿਆਲ ਹੈ ਕਿ ਸਾਡੀ ਜ਼ਿੰਦਗੀ ਵਿਚ ਅਜਿਹਾ ਪੜਾਅ ਵੀ ਆਉਂਦਾ ਹੈ ਜਦੋਂ ਅਸੀਂ ਆਪਣੇ ਸੱਚ ਨੂੰ ਨਾ ਕੇਵਲ ਆਪ ਪੂਰੀ ਤਰ੍ਹਾਂ ਕਬੂਲ ਕਰ ਲੈਂਦੇ ਹਾਂ ਸਗੋਂ ਇਸ ਵਿਚ ਹੋਰਨਾਂ ਨੂੰ ਵੀ ਸ਼ਰੀਕ ਕਰਨ ਲਈ ਤਿਆਰ ਹੋ ਜਾਂਦੇ ਹਾਂ। ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਪੂਰੀ ਸੁਹਿਰਦਤਾ ਨਾਲ ਆਪਣੇ ਸੱਚ ਦੀ ਤਲਾਸ਼ ਦੀ ਕਹਾਣੀ ਸੁਣਾਉਣ ਵਾਲਾ ਹਾਂ ਪਰ ਇਹ ਕਹਾਣੀ ਸੁਨਾਉਣ ਤੋਂ ਪਹਿਲਾਂ ਮੈਂ ਇਹ ਗੱਲ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਮੈਂ ਘਰੋਂ ਕੋਈ ਉਪਦੇਸ਼ਕ ਮਿਸ਼ਨ ਲੈ ਕੇ ਨਹੀਂ ਤੁਰਿਆ ਤੇ ਨਾ ਹੀ ਕਿਸੇ ਉਤੇ ਆਪਣਾ ਸੱਚ ਬਦੋ ਬਦੀ ਮੜ੍ਹਨ ਦਾ ਇਰਾਦਾ ਰੱਖਦਾ ਹਾਂ। ਮੇਰੀ ਐਨੀ ਇੱਛਾ ਜ਼ਰੂਰ ਹੈ ਕਿ ਸ਼ਾਇਦ ਮੇਰਾ ਰਿੰਦਾਨਾ ਹੀਆਂ ਤੁਹਾਨੂੰ ਐਨਾ ਹੌਸਲਾ ਬਖਸ਼ੇ ਕਿ ਤੁਸੀਂ ਵੀ ਕਿਸੇ ਦਿਨ ਆਪਣਾ ਸੱਚ ਤੇ ਆਪਣੇ ਦਿਲ ਦੀ ਵਾਰਦਾਤ ਪੂਰੇ ਮਨ ਤੇ ਰੂਹ ਨਾਲ ਬਿਆਨ ਕਰ ਸਕੋ। ਮੇਰਾ ਖਿਆਲ ਹੈ ਕਿ ਸਾਡੇ ਲਈ ਆਪੋ ਆਪਣੇ ਸੱਚ ਦੀ ਤਲਾਸ਼ ਦੀਆਂ ਕਹਾਣੀਆਂ ਸਨਾਉਣ ਦਾ ਸਮਾਂ ਆ ਗਿਆ ਹੈ। ਮੈਨੂੰ ਯਕੀਨ ਹੈ ਕਿ ਅਸੀਂ ਸਾਰੇ ਆਪਣੀਆਂ ਅਸਾਧਾਰਨ ਨਿੱਜੀ ਤੇ ਵਿਚਾਰਧਾਰਕ ਸਚਾਈਆਂ ਆਪਣੇ ਪੱਲੇ ਵਿਚ ਸਮੇਟੀ ਇੱਕ ਦੂਸਰੇ ਨਾਲ ਸਾਂਝੀਆਂ ਕਰਨ ਲਈ ਤਿਆਰ ਬੈਠੇ ਹਾਂ।
ਗੌਤਮ ਬੁੱਧ ਨੇ ਕਿੰਨੀ ਵਧੀਆ ਗੱਲ ਆਖੀ ਸੀ ਕਿ ਮਨੁੱਖ ਦਾ ਜਾਤੀ ਤਜਰਬਾ ਉਸਦਾ ਸਭ ਤੋਂ ਵਧੀਆ ਉਸਤਾਦ ਹੁੰਦਾ ਹੈ। ਮੈ ਸਮਝਦਾ ਹਾਂ ਕਿ ਜਿਸ ਤਰ੍ਹਾਂ ਹਰ ਵਿਅਕਤੀ ਆਪਣੀ ਜ਼ਾਤ ਵਿਚ ਇਕ ਨਿਵੇਕਲੀ ਇਕਾਈ ਹੈ, ਉਂਝ ਹੀ ਉਸਦੀ ਚੇਤੰਨ ਸੋਚ, ਬਾਲਗ ਦ੍ਰਿਸ਼ਟੀ ਤੇ ਰੌਸ਼ਨ ਖਿਆਲੀ ਵੀ ਨਿਵੇਕਲੀ ਥਾਂ ਰਖਦੀ ਹੈ। ਮੈਂ ਮਨੋਵਿਗਿਆਨਕ ਚਕਿਤਸਕ ਹੋਣ ਦੀ ਹੈਸੀਅਤ ਵਿਚ ਹਰ ਰੋਜ਼ ਹੋਰਨਾਂ ਲੋਕਾਂ ਦੀਆਂ ਬੌਧਕ ਤੇ ਮਾਨਸਕ ਯਾਤਰਾਵਾਂ ਦੇ ਵੇਰਵੇ ਸੁਣਦਾ ਰਹਿੰਦਾ ਹਾਂ, ਪਰ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਆਪਣਾ ਬਿਰਤਾਂਤ, ਰੱਬ ਨਾਲ ਆਪਣੇ ਰਿਸ਼ਤੇ, ਇਨਕਾਰ ਤੇ ਇਕਰਾਰ ਦੀ ਸੁਚੇਤ ਖਿਚੋਤਾਣ, ਧਾਰਮਕ ਤੇ ਜਿਨਸੀ ਟਕਰਾਅ, ਆਪਣੇ ਬੌਧਿਕ ਤੇ ਸਮਾਜੀ ਡਰ ਆਪਣੇ ਸੁਪਨਿਆਂ ਤੇ ਤਜਰਬਿਆਂ ਦੀ ਕਹਾਣੀ ਬਿਆਨ ਕਰਨਾ ਚਾਹੁੰਦਾ ਹਾਂ ਤਾਂ ਜੋ ਤੁਹਾਨੂੰ ਅੰਦਾਜ਼ਾ ਹੋ ਸਕੇ ਕਿ ਮੈਂ ਜੀਵਨ ਦੀ ਇਸ ਅਧੋਗਤੀ ਨਾਲ ਕਿੰਝ ਨਿਪਟਣ ਦੀ ਕੋਸ਼ਸ਼ ਕਰਦਾ ਰਿਹਾ ਹਾਂ ਹੁਣ ਜਦੋਂ ਮੈਂ ਪਿਛਾਂਹ ਵੱਲ ਨਜ਼ਰ ਮਾਰਦਾ ਹਾਂ ਤਾਂ ਆਪਣੀ ਮਾਨਸਿਕ, ਵਿਦਿਅਕ ਤੇ ਰਚਨਾਤਮਕ ਯਾਤਰਾ ਸਮੇਂ ਪੇਸ਼ ਆਉਣ ਵਾਲੇ ਪੜਾਵਾਂ ਨੂੰ ਸਹਿਜੇ ਹੀ ਦੇਖ ਸਕਦਾ ਹਾਂ। ਆਪਣੇ ਇਸ ਲੇਖ ਵਿਚ ਮੈਂ ਇਹਨਾਂ ਕੁਝ ਇੱਕ ਪੜਾਵਾਂ ਨੂੰ ਸੰਖੇਪ ਵਿਚ ਬਿਆਨ ਕਰਨ ਦੀ ਕੋਸ਼ਸ਼ ਕਰਾਂਗਾ।
ਸਾਹਿਤ ਦਾ ਵਿਦਿਆਰਥੀ ਹੋਣ ਦੇ ਨਾਤੇ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਕਿ ਜ਼ਿੰਦਗੀ ਦੀਆਂ ਹਕੀਕਤਾਂ ਦੀ ਜੁਸਤਜੂ ਤੇ ਤਲਾਸ਼ ਕਰਦਿਆਂ ਕਈ ਵਾਰ ਸ਼ਬਦ ਸਾਡਾ ਸਾਥ ਛੱਡ ਜਾਂਦੇ ਹਨ। ਅਤੇ ਇੰਝ ਵੀ ਹੁੰਦਾ ਹੈ ਕਿ ਸ਼ਬਦ ਕਈ ਵਾਰ ਉਸ ਤਸਵੀਰ ਨੂੰ ਲਕੋ ਦਿੰਦੇ ਹਨ ਜਿਹੜੀ ਅਸਲ ਵਿਚ ਉਜਾਗਰ ਹੋਣੀ ਚਾਹੀਦੀ ਹੈ। ਅੱਜ ਮੈਂ ਆਪਣੀ ਜ਼ਿੰਦਗੀ ਦੇ ਸੰਬੰਧ ਵਿਚ ਕੁਝ ਵਧੇਰੇ ਹੀ ਜ਼ਾਤੀ ਗੱਲਾਂ ਤੁਹਾਨੂੰ ਸੁਨਾਉਣਾ ਚਾਹੁੰਦਾ ਹਾਂ ਤੇ ਮੈਨੂੰ ਆਸ ਹੈ ਤੁਸੀਂ ਮੇਰੀਆਂ ਗੱਲਾਂ ਨੂੰ ਵਿਸ਼ਾਲਦਿਲੀ ਨਾਲ ਕਬੂਲ ਕਰੋਗੇ।
ਭਾਗ ਇਕ
ਇੱਕ ਰਵਾਇਤੀ ਘਰ ਤੇ ਧਾਰਮਕ ਮਾਹੌਲ ਵਿਚ ਪੈਦਾ ਹੋਣ ਕਰਕੇ ਰੱਬ ਤੇ ਧਰਮ ਵਿਚ ਵਿਸ਼ਵਾਸ਼ ਮੈਨੂੰ ਆਪਣੇ ਖਾਨਦਾਨ ਤੇ ਸਭਿਆਚਾਰਕ ਵਿਰਸੇ ਵਜੋਂ ਗੁੜ੍ਹਤੀ ਵਿਚ ਹੀ ਮਿਲਿਆ ਸੀ। ਮੇਰੀ ਤਰੱਬੀਅਤ ਇੱਕ ਮੁਸਲਮਾਨ ਮਰਦੇਮੋਮਨ ਦੇ ਪੂਰਨਿਆਂ ਉਤੇ ਕੀਤੀ ਗਈ। ਜਦੋਂ ਮੈਂ ਬੱਚਾ ਸਾਂ ਤਾਂ ਰੱਬ ਦੀ ਸ਼ਖਸੀ ਕਲਪਨਾ ਉਤੇ ਈਮਾਨ ਰੱਖਦਾ ਸਾਂ। ਇੱਕ ਜ਼ਮਾਨੇ ਵਿਚ ਆਪਣੇ ਪਿਤਾ ਨਾਲ ਪੰਜੇ ਨਮਾਜ਼ਾਂ ਪੜ੍ਹਦਾ ਸਾਂ ਅਤੇ ਆਪਣੀ ਮਾਤਾ ਨਾਲ ਬੜੀ ਉਤਸਕਤਾ ਤੇ ਸ਼ੌਕ ਨਾਲ ਰਮਜ਼ਾਨ ਦੇ ਰੋਜ਼ੇ ਰੱਖਦਾ ਸਾਂ। ਮੇਰੇ ਮਾਤਾ ਪਿਤਾ ਮੇਰੇ ਧਾਰਮਕ ਜਜ਼ਬੇ ਤੇ ਰੁਝਾਣ ਨੂੰ ਦੇਖਕੇ ਬੜੇ ਖੁਸ਼ ਹੁੰਦੇ ਸਨ। ਬਚਪਨ ਵਿਚ ਮੇਰੇ ਮਾਤਾ ਜੀ ਨੇ ਮੈਨੂੰ ਕੁਰਾਨ ਦੀ ਤਲਾਵਤ ਵੀ ਸਿਖਾਈ। ਬਦਕਿਸਮਤੀ ਨਾਲ ਮੈਂ ਉਦੋਂ ਕੁਰਾਨ ਦੇ ਸੁਨੇਹੇਂ ਨੂੰ ਪੂਰੀ ਤਰ੍ਹਾਂ ਸਮਝਦਾ ਨਹੀਂ ਸਾਂ। ਮੇਰੇ ਮਾਤਾ ਜੀ ਅਰੱਬੀ ਜ਼ੁਬਾਨ ਤੋਂ ਅਣਜਾਣ ਹੋਣ ਕਰਕੇ ਲੱਖਾਂ ਪਾਕਿਸਤਾਨੀ ਮਰਦ ਔਰਤਾਂ ਵਾਂਗ ਮੈਨੂੰ ਕੇਵਲ ਕੁਰਾਨ ਦਾ ਘੋਟਾ ਹੀ ਲੁਆ ਸਕਦੇ ਸਨ। ਮੇਰੀ ਪਹਿਲੀ ਬੌਧਿਕ ਤੇ ਵਿਦਿਅਕ ਦੁਬਿਧਾ ਦਾ ਆਰੰਭ ਸਕੂਲ ਵਿਚ ਸਾਇੰਸ ਦੀ ਪੜ੍ਹਾਈ ਨਾਲ ਸ਼ੁਰੂ ਹੋਇਆ। ਇਸ ਨਾਲ ਰੱਬ ਵਿਚ ਮੇਰਾ ਵਿਸ਼ਵਾਸ ਵੀ ਡਾਵਾਂਡੋਲ ਹੋਣ ਲਗਿਆ। ਸਾਇੰਸ ਦੀ ਪੜ੍ਹਾਈ ਨੇ ਨਾ ਕੇਵਲ ਮੈਨੂੰ ਸਵਾਲ ਪੁੱਛਣ ਦੀ ਜੁਅਰਤ ਦਿੱਤੀ ਸਗੋਂ ਜ਼ਿੰਦਗੀ ਪ੍ਰਤੀ ਇੱਕ ਵਿਸਲੇਸ਼ਨਾਤਮਕ ਰਵੱਈਆ ਅਖਤਿਆਰ ਕਰਨ ਦਾ ਰਾਹ ਵੀ ਦਿਖਾਇਆ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਇੱਕ ਵਾਰ ਹਜ਼ਾਰਾਂ ਲੋਕ ਪ੍ਰਰਥਨਾ ਨਮਾਜ਼ ਲਈ ਈਦਗਾਹ ਵਿਚ ਇਕੱਠੇ ਹੋਏ ਤਾਂ ਜੋ ਰੱਬ ਦੀ ਦਰਗਾਹ ਵਿਚ ਮੀਂਹ ਲਈ ਦੁਆ ਕਰ ਸਕਣ। ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਮੀਂਹ ਨਹੀਂ ਸੀ ਪਿਆ। ਉਸ ਦਿਨ ਮੈਂ ਕਾਫੀ ਸਮੇਂ ਤੱਕ ਨੀਲੇ ਅਸਮਾਨ ਨੂੰ ਤੱਕਦਾ ਰਿਹਾ ਤੇ ਸੋਚਦਾ ਰਿਹਾ ਕਿ ਕੀ ਰੱਬ ਸੱਚਮੁਚ ਸਾਡੀ ਪ੍ਰਾਰਥਨਾ ਨੂੰ ਸੁਣਕੇ ਆਕਾਸ਼ ਨੂੰ ਕਾਲੀਆਂ ਘਟਾਵਾਂ ਨਾਲ ਭਰ ਦੇਵੇਗਾ। ਉਸ ਦਿਨ ਮੇਰੇ ਦਿਲ ਵਿਚ ਬਹੁਤ ਸਾਰੇ ਸਵਾਲ ਉਠਦੇ ਰਹੇ।
ਜੇ ਰੱਬ ਮਮਤਾ ਭਰੀ ਮਾਂ ਵਾਂਗ ਬਿਨਾ ਮੰਗਿਆ ਦੇਣ ਵਾਲਾ ਦਾਤਾ ਹੈ ਤਾਂ ਕੀ ਕਾਰਨ ਹੈ ਕਿ ਉਹ ਆਪਣੇ ਬੱਚਿਆਂ ਦੀਆਂ ਦੁਆਵਾਂ ਨੂੰ ਪਰਵਾਨ ਕਰਨ ਦੀ ਮਿਹਰ ਨਹੀਂ ਕਰਦਾ।
ਜਦੋਂ ਲੋਕ ਰੱਬ ਕੋਲ ਪ੍ਰਾਰਥਨਾ ਕਰਦੇ ਹਨ ਤਾਂ ਕੀ ਉਹ ਆਪਣੇ ਉਲੀਕੇ ਪ੍ਰੋਗਰਾਮ ਵਿਚ ਅਦਲਾ ਬਦਲੀ ਕਰ ਲੈਂਦਾ ਹੈ? ਸਾਇੰਸ ਦਾ ਵਿਦਿਆਰਥੀ ਹੁੰਦਿਆਂ ਮੈਂ ਪੜ੍ਹ ਰਿਹਾ ਸਾਂ ਕਿ ਮੌਸਮਾਂ ਦੀ ਤਬਦੀਲੀ ਤੇ ਮੀਂਹ ਪ੍ਰਕਿਰਤੀ ਦੇ ਨੇਮਾਂ ਦੇ ਅਧੀਨ ਹਨ ਅਤੇ ਮਨੁੱਖੀ ਇਛਾਵਾਂ, ਪ੍ਰਾਥਨਾਵਾਂ ਤੇ ਸੁਹਾਣੇ ਸਮਿਆਂ ਬਾਰੇ ਸੁਪਨੇ ਇਹਨਾਂ ਨੇਮਾਂ ਵਿਚ ਕੋਈ ਤਬਦੀਲੀ ਨਹੀਂ ਕਰ ਸਕਦੇ।
ਜਦੋਂ ਹੋਰ ਕਈ ਹਫ਼ਤਿਆਂ ਤੱਕ ਮੀਂਹ ਨਾ ਪਿਆ ਤਾਂ ਮੈਂ ਬਹੁਤ ਸਾਰੇ ਲੋਕਾਂ ਨੂੰ ਪੁੱਛਿਆ ਕਿ ਸਾਡੀਆਂ ਅਰਦਾਸਾਂ ਦਾ ਕੋਈ ਅਸਰ ਕਿਉਂ ਨਹੀਂ ਹੋਇਆ। ਕੁਝ ਕਹਿਣ ਲੱਗੇ ਕਿ ਸ਼ਾਇਦ ਰੱਬ ਸਾਡਾ ਇਮਤਿਹਾਨ ਲੈ ਰਿਹਾ ਹੈ ਅਤੇ ਉਸਨੂੰ ਸਾਡੀਆਂ ਕੁਰਬਾਨੀਆਂ ਦੀ ਲੋੜ ਹੈ। ਕੁਝ ਹੋਰ ਕਹਿਣ ਲੱਗੇ ਕਿ ਰੱਬ ਸਾਨੂੰ ਸਾਡੇ ਪਾਪਾਂ ਦੀ ਸਜ਼ਾ ਦੇ ਰਿਹਾ ਹੈ। ਇਹਨਾਂ ਵਿਆਖਿਆਵਾਂ ਨੇ ਮੈਨੂੰ ਹੋਰ ਪਰੇਸ਼ਾਨ ਕਰ ਦਿੱਤਾ ਤੇ ਕਈ ਹੋਰ ਨਵੇਂ ਸਵਾਲ ਮੇਰੇ ਦਿਮਾਗ਼ ਵਿਚ ਉੱਠ ਖੜ੍ਹੇ ਹੋਏ।
ਕੀ ਰੱਬ ਮਨੁੱਖਾਂ ਨਾਲ ਨਾਰਾਜ਼ ਹੋ ਜਾਂਦਾ ਹੈ?
ਕੀ ਉਹ ਆਪਣੇ ਬੱਚਿਆਂ ਨੂੰ ਸਜ਼ਾ ਦਿੰਦਾ ਹੈ?
ਜਾਂ
ਕੀ ਰੱਬ ਨੂੰ ਕੁਰਬਾਨੀਆਂ ਦੀ ਵੱਢੀ ਦਿੱਤੀ ਜਾ ਸਕਦੀ ਹੈ?
ਮੈਨੂੰ ਇੰਝ ਲੱਗਾ ਜਿਵੇਂ ਮੇਰੇ ਆਲੇ ਦੁਆਲੇ ਦੇ ਲੋਕ ਰੱਬ ਨਾਲ ਪਿਆਰ ਤੇ ਨਫ਼ਰਤ ਦੀ ਮਿਲੀ ਜੁਲੀ ਭਾਵਨਾ ਰਖਦੇ ਹਨ।
ਮੈਨੂੰ ਬਚਪਨ ਦਾ ਉਹ ਵੇਲਾ ਯਾਦ ਹੈ ਜਦੋਂ ਮੈਂ ਬੀਮਾਰ ਹੋ ਜਾਂਦਾ ਜਾਂ ਇਮਤਿਹਾਨਾਂ ਸਮੇਂ ਪਰਚਾ ਹੱਲ ਕਰਨ ਵਿਚ ਮੈਨੂੰ ਖ਼ਾਸੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਸੀ। ਉਦੋਂ ਮੈਂ ਰੱਬ ਕੋਲ ਤਰਲੇ ਕਰਦਾ ਸਾਂ ਕਿ ਉਹ ਮੇਰੀ ਮਦਦ ਕਰੇ। ਮੈਂ ਇਹ ਵੀ ਸੋਚਦਾ ਹੁੰਦਾ ਸਾਂ ਕਿ ਕੀ ਰੱਬ ਨੇ ਮੇਰੀ ਪ੍ਰਾਰਥਨਾ ਕਦੇ ਸੁਣੀ ਵੀ ਹੈ? ਮੇਰੇ ਕੋਲ ਇਸਨੂੰ ਗ਼ਲਤ ਜਾਂ ਸਹੀ ਸਾਬਤ ਕਰਨ ਦਾ ਕੋਈ ਪੈਮਾਨਾ ਨਹੀਂ ਸੀ। ਅਤੇ ਇਥੋਂ ਹੀ ਮੇਰੇ ਮਨ ਵਿਚ ਗੈਬੀ ਗਿਆਨ ਤੇ ਧਰਮ ਵਿਚ ਅੰਨ੍ਹੇ ਵਿਸ਼ਵਾਸ ਲਈ, ਜੋ ਵੱਡ ਵਡੇਰਿਆਂ ਤੋਂ ਮੈਨੂੰ ਵਿਰਸੇ ਵਿਚ ਮਿਲੇ ਸਨ, ਕਈ ਤਰ੍ਹਾਂ ਦੇ ਸ਼ੱਕ ਸ਼ੁਭੇ ਉਠਣੇ ਸ਼ੁਰੂ ਹੋ ਗਏ।
ਜਦੋਂ ਮੈਂ ਇਸ ਦਿਮਾਗ਼ੀ ਖਿਚੋਤਾਣ ਵਿਚ ਫ਼ਸਿਆ ਹੋਇਆ ਸਾਂ ਤਾਂ ਮੈਨੂੰ ਇੱਕ ਭਾਵਾਤਮਕ ਖਿਚੋਤਾਣ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਸੀ। ਮੈਂ ਉਦੋਂ ਜਵਾਨੀ ਵਿਚ ਪੈਰ ਰੱਖ ਰਿਹਾ ਸਾਂ ਤਾਂ ਕਈ ਵਾਰ ਸੁਹਾਣੇ ਸੁਪਨੇ ਸੁਪਨਦੋਸ਼ ਉੱਤੇ ਜਾ ਕੇ ਮੁੱਕਦੇ ਸਨ ਜਿਹਨਾਂ ਤੋਂ ਮੈਂ ਅਪਣੇ ਆਪ ਵਿਚ ਝੇਂਪ ਕੇ ਰਹਿ ਜਾਂਦਾ ਸਾਂ। ਇੱਕ ਦਿਨ ਪਿਤਾ ਜੀ ਨੇ ਮੈਨੂੰ ਆਪਣੇ ਕਮਰੇ ਵਿਚ ਬੁਲਾਇਆ ਤੇ ਇੱਕ ਕਿਤਾਬ "ਸੁਰਗੀ ਗਹਿਣਾ" ਪੜ੍ਹਨ ਲਈ ਮੈਨੂੰ ਦਿੱਤੀ। ਇਹ ਬੜੀ ਅਜੀਬ ਕਿਸਮ ਦੀ ਪਰ ਰੌਚਿਕ ਕਿਤਾਬ ਸੀ। ਇਸ ਕਿਤਾਬ ਵਿਚ ਜੀਵਨ ਬਿਤਾਉਣ ਦੇ ਹਰ ਪੱਖ ਉੱਤੇ ਧਾਰਮਕ ਪੱਖ ਤੋਂ ਵਿਆਪਕ ਢੰਗ ਨਾਲ ਵਿਚਾਰ ਪੇਸ਼ ਕੀਤੇ ਗਏ ਸਨ। ਪੂਰੀ ਕਿਤਾਬ ਵਿਚ ਧਾਰਮਕ ਉਪਦੇਸ਼ ਤਾਂ ਬਹੁਤ ਸਨ ਪਰ ਮਾਨਸਿਕ ਪੱਖ ਤੋਂ ਕੋਈ ਗੱਲ ਨਹੀਂ ਸੀ ਕੀਤੀ ਗਈ। ਇਸ ਵਿਚ ਦੱਸਿਆ ਗਿਆ ਸੀ ਕਿ ਕੀ ਬੁਰਾ ਹੈ ਤੇ ਕੀ ਚੰਗਾ। ਇਸ ਵਿਚ ਇਸਤਰੀਆਂ ਦੀ ਮਹਾਵਾਰੀ ਤੇ ਮਰਦਾਂ ਦੇ ਇਹਤਲਾਮ ਜਾਂ ਸੁਪਨਦੋਸ਼ ਬਾਰੇ ਵੀ ਬੜੇ ਵਿਸਥਾਰ ਸ਼ਾਮਲ ਸਨ। ਇਸ ਵਿਚ ਦੱਸਿਆ ਗਿਆ ਸੀ ਕਿ ਵੀਰਜ ਬੜੀ ਨਾਪਾਕ ਚੀਜ਼ ਹੈ ਤੇ ਸੁਪਨਦੋਸ਼ ਦੀ ਹਾਲਤ ਵਿਚ ਨੌਜਵਾਨਾਂ ਲਈ ਜ਼ਰੂਰੀ ਹੈ ਕਿ ਉਹ ਸਵੇਰ ਦੀ ਨਮਾਜ਼ ਪੜ੍ਹਨ ਤੋਂ ਪਹਿਲਾਂ ਆਪਣੇ ਆਪ ਨੂੰ ਸ਼ੁਧ ਕਰਨ ਲਈ ਅਸ਼ਨਾਨ ਕਰ ਲੈਣ।
"ਸੁਰਗੀ ਗਹਿਣੇ" ਦੇ ਅਧਿਐਨ ਨੇ ਮੇਰੇ ਲਈ ਨਵੇਂ ਮਸਲੇ ਖੜ੍ਹੇ ਕਰ ਦਿੱਤੇ। ਮੈਂ ਦੂਜੇ ਤੀਜੇ ਦਿਨ ਸੁਪਨਦੋਸ਼ ਦਾ ਸ਼ਿਕਾਰ ਹੋ ਹੀ ਜਾਂਦਾ ਸਾਂ ਜਿਸ ਤੋਂ ਮੈਂ ਪਹਿਲਾਂ ਹੀ ਪਰੇਸ਼ਾਨ ਸਾਂ ਤੇ ਹੁਣ ਉੱਤੋਂ ਨਹਾਉਣ ਦੀ ਪਾਬੰਦੀ ਨੇ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ। ਤੜਕਸਾਰ ਨਹਾਉਣ ਦਾ ਅਰਥ ਇਸ ਗੱਲ ਦਾ ਬਕਾਇਦਾ ਐਲਾਨ ਸੀ ਕਿ ਮੈਂ ਸੁਪਨੇ ਵਿਚ ਗੁਨਾਹ ਕਰ ਬੈਠਾ ਹਾਂ। ਪਸ਼ੌਰ ਦੀ ਕੜਾਕੇ ਦੀ ਸਰਦੀ ਵਿਚ ਨਹਾਉਣ ਲਈ ਗਰਮ ਪਾਣੀ ਕਰਨ ਵਾਸਤੇ ਸਵੇਰੇ ਉੱਠਦਿਆਂ ਹੀ ਅੰਗੀਠੀ ਵਿਚ ਫੂਕਾਂ ਮਾਰਨੀਆਂ ਪੈਦੀਆਂ ਸਨ। ਕੁਝ ਮਹੀਨਿਆਂ ਤੱਕ ਤਾਂ ਮੈਂ ਪਿਤਾ ਜੀ ਦੇ ਮਸੀਤੇ ਪਹੁੰਚਣ ਤੋਂ ਪਹਿਲਾਂ ਲੁਕ ਛਿਪ ਕੇ ਮਸੀਤ ਵਿਚ ਹੀ ਪਿੰਡੇ ਤੇ ਛਿੱਟੇ ਮਾਰਦਾ ਰਿਹਾ। ਤੁਸੀਂ ਸਾਰੇ ਜਾਣਦੇ ਹੀ ਹੋ ਕਿ ਪਾਕਿਸਤਾਨ ਵਿਚ ਅੰਡਰਵੀਅਰ ਪਾਉਣ ਦਾ ਰਿਵਾਜ ਨਹੀਂ ਹੈ ਤੇ ਕੱਪੜਿਆਂ ਨੂੰ ਪਾਕ ਕਰਨ ਲਈ ਧੋਣਾ ਤੇ ਸੁਕਾਉਣਾ ਇੱਕ ਹੋਰ ਕਠਨ ਕਾਰਜ ਵੀ ਸਿਰੇ ਚੜ੍ਹਾਉਣਾ ਪੈਂਦਾ ਸੀ। ਇਸ ਸਾਰੇ ਅਭਿਆਸ ਨੇ ਮੈਨੂੰ ਐਨਾ ਪਰੇਸ਼ਾਨ ਕਰ ਦਿੱਤਾ ਕਿ ਮੈਂ ਇਹ ਨਤੀਜਾ ਕੱਢਣ ਉੱਤੇ ਮਜਬੂਰ ਹੋ ਗਿਆ ਕਿ "ਸੁਰਗੀ ਗਹਿਣੇ" ਵਿਚ ਜਿਹੜਾ ਨਿਤਨੇਮ ਸੁਝਾਇਆ ਗਿਆ ਹੈ ਉਹ ਨਾ ਕੇਵਲ ਅਮਲਯੋਗ ਨਹੀਂ ਹੈ ਸਗੋਂ ਇਸਦਾ ਹਕੀਕਤ ਨਾਲ ਵੀ ਕੋਈ ਸੰਬੰਧ ਨਹੀਂ ਹੈ।" ਮੈਂ ਆਪਣੇ ਆਪ ਨੂੰ ਸਵਾਲ ਕਰਦਾ ਸਾਂ ਕਿ ਰੱਬ ਨੂੰ ਕੀ ਪਈ ਹੈ ਕਿ ਮੈਂ ਨਹਾਉਂਦਾ ਹਾਂ ਜਾਂ ਨਹੀਂ। "ਸੁਰਗੀ ਗਹਿਣੇ" ਵਿਚ ਉਲੰਘਣਾ ਕਰਨ ਵਾਲੇ ਗੁਨਾਹਗਾਰਾਂ ਲਈ ਨਰਕ ਦੀ ਅੱਗ ਵਿਚ ਸੜਨ ਦਾ ਅਜਿਹਾ ਭਿਆਨਕ ਵਰਨਣ ਸੀ ਜਿਸਦੀ ਕਲਪਣਾ ਕਰਕੇ ਮੈਂ ਕੰਬ ਉੱਠਦਾ ਸਾਂ। ਨਰਕ ਦੀ ਅੱਗ ਵਿਚ ਸੜਨ ਦਾ ਤਸੀਹਾ, ਗੁਨਾਹ ਦਾ ਅਹਿਸਾਸ ਅਤੇ ਸਭ ਤੋਂ ਵੱਧ ਰੱਬ ਦਾ ਹਰ ਵੇਲੇ ਦਾ ਡਰ ਨਾ ਜਵਾਨੀ ਲਈ ਕੋਈ ਵਧੀਆ ਅਨੁਭਵ ਸੀ ਤੇ ਮਰਦ ਹੋਣ ਲਈ।
ਆਪਣੀ ਜ਼ਿੰਦਗੀ ਦਾ ਇਹ ਖ਼ੁਫੀਆ ਕਾਂਡ ਮੈਂ ਇਸ ਲਈ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹਾਂ ਕਿ ਇਹ ਅਜਿਹਾ ਆਰੰਭ ਸੀ ਜਿਹੜਾ ਮੈਨੂੰ ਰੱਬ ਤੇ ਧਰਮ ਤੋਂ ਦੂਰ ਲੈ ਗਿਆ। ਇਸ ਸਬੰਧੀ ਬੇਲੋੜਾ ਡਰ ਮੇਰੇ ਲਈ ਰਾਤਾਂ ਦੇ ਉਨੀਦਰਿਆਂ ਦਾ ਕਾਰਨ ਬਣਿਆ ਅਤੇ ਇਸ ਉਲਝਣ ਨੇ ਮੇਰੀ ਯੁਵਾ ਆਯੂ ਵਿਚ ਮੇਰੇ ਪਰਵੇਸ਼ ਨੂੰ ਖਾਸਾ ਤਕਲੀਫਦੇਹ ਬਣਾ ਦਿੱਤਾ। ਉਸ ਜ਼ਮਾਨੇ ਵਿਚ ਕੁਰਾਨ ਦੇ ਉਰਦੂ ਤਰਜਮੇਂ ਨੇ ਵੀ ਮੇਰੀ ਪਰੇਸ਼ਾਨੀ ਦਾ ਉਪਰਾਲਾ ਨਾ ਕੀਤਾ। ਕੁਰਾਨ ਵਿਚ ਨਰਕ ਦੇ ਵਿਸਥਾਰ ਵੀ ਰੱਬ ਦੇ ਦਿਆਲੂ, ਕਿਰਪਾਲੂ ਤੇ ਬਖਸ਼ਣਹਾਰ ਹੋਣ ਵੱਲ ਕੋਈ ਸਪੱਸ਼ਟ ਇਸ਼ਾਰਾ ਨਹੀਂ ਸਨ ਕਰਦੇ। ਕੁਝ ਸਮੇਂ ਲਈ ਤਾਂ ਅਪਣੇ ਆਪ ਨੂੰ ਗੁਨਾਹਗਾਰ ਸਮਝਦਾ ਰਿਹਾ ਕਿਉਂਕਿ ਸੁਪਨਦੋਸ਼ ਤੋਂ ਪਿਛੋਂ ਮੈਂ ਨਹਾਉਣ ਤੋਂ ਸੰਕੋਚ ਕੀਤਾ ਸੀ। ਇੰਝ ਕਹਿਣਾ ਵਧੇਰੇ ਦਰੁਸਤ ਹੋਵੇਗਾ ਕਿ ਦਰਅਸਲ ਸੁਪਨਦੋਸ਼ ਨੇ ਮੇਰੇ ਤੇ ਰੱਬ ਦੇ ਵਿਚਕਾਰ ਗੰਭੀਰ ਟਕਰਾਅ ਪੈਦਾ ਕਰ ਦਿੱਤਾ ਸੀ। ਮੈਂ ਨਹੀਂ ਜਾਣਦਾ ਕਿ ਬਾਕੀ ਮੁਸਲਮਾਨ ਕੌਮਾਂ ਵਿਚ ਜਵਾਨ ਮੁੰਡੇ ਕੁੜੀਆਂ ਇਹਤਲਾਮ ਜਾਂ ਹੈਜ਼ ਦੀ ਹਾਲਤ ਵਿਚ ਇਸ ਜਜ਼ਬਾਤੀ ਭੰਵਰ ਵਿਚੋਂ ਕਿਵੇਂ ਨਿਕਲਦੇ ਹਨ। ਪਰ ਮੇਰੇ ਲਈ ਇਹ ਤਜਰਬਾ ਖਾਸਾ ਭਿਆਨਕ ਤੇ ਤਕਲੀਫਦੇਹ ਸੀ। - ਇਹੀ ਕਾਰਨ ਸੀ ਕਿ ਜਦੋਂ ਮੇਰੇ ਭਾਣਜੇ ਜੀਸ਼ਾਨ ਨੇ ਜਵਾਨੀ ਵਿਚ ਪੈਰ ਰਖਣ ਉਤੇ ਮੈਥੋਂ ਮਸ਼ਵਰਾ ਮੰਗਿਆ ਤਾਂ ਮੈਂ ਉਸਨੂੰ "ਸੁਰਗੀ ਗਹਿਣਾ" ਤੁਹਫ਼ੇ ਵਿਚ ਭਿਜਵਾਉਣ ਦੀ ਥਾਂ ਆਪਣੀ ਪ੍ਰੇਮਿਕਾ ਬੈਟੀ ਡੈਵਿਸ ਦੀ ਮਿਲਵਰਤਨ ਨਾਲ਼ ਲਿਖੀ ਪੁਸਤਕ ਲਵ, ਸੈਕਸ, ਐਂਡ ਮੈਰਿਜ ਭਜਵਾਈ। ਇਹੀ ਕਿਤਾਬ ਲਿਖੀ ਹੀ ਇਸ ਲਈ ਗਈ ਕਿ ਆਉਣ ਵਾਲੀਆਂ ਨਸਲਾਂ ਲਿੰਗ ਦੇ ਵਿਸ਼ੇ ਤੇ ਸਾਰਥਕ ਤੇ ਸਿਹਤਮੰਦਾਨਾ ਰਵਈਆ ਅਖਤਿਆਰ ਕਰ ਸਕਣ ਤੇ ਲਿੰਗਕ ਰੁਚੀ ਦੇ ਕਾਰਨ ਪਾਪ ਦੀ ਭਾਵਨਾ ਤੇ ਨਰਕ ਦੇ ਰਹਿਮ ਦਾ ਸ਼ਿਕਾਰ ਹੋਣ ਦੀ ਥਾਂ ਇਸ ਨੂੰ ਦੋਸਤੀ, ਮਹੱਬਤ ਤੇ ਰੁਹਾਨੀਅਤ ਦਾ ਹਿੱਸਾ ਸਮਝਣ।
ਜਿਵੇਂ ਜਿਵੇਂ ਮੈਂ ਵੱਡਾ ਹੁੰਦਾ ਗਿਆ, ਮੈਨੂੰ ਇਹ ਅਨੁਭਵ ਹੋਣ ਲੱਗਿਆ ਕਿ ਰੱਬ ਨਾਲ਼ ਮੇਰਾ ਸਬੰਧ ਠੋਸ ਬੁਨਿਆਦਾਂ ਉਤੇ ਸਥਾਪਤ ਹੋਣ ਦੀ ਥਾਂ ਨਿਰੋਲ ਕਾਲਪਨਿਕ ਹੈ। ਮੈਂ ਰੱਬ ਨਾਲ਼ ਨਾ ਤਾਂ ਹਮਕਲਾਮ ਹੋ ਸਕਦਾ ਹਾਂ, ਨਾ ਉਸਨੂੰ ਦੇਖ ਸਕਦਾ ਹਾਂ ਤੇ ਨਾ ਹੀ ਉਸ ਨਾਲ਼ ਆਪਣੇ ਦਿਲ ਦੀ ਗੱਲ ਕਰ ਸਕਦਾ ਹਾਂ। ਉਸਨੇ ਤਾਂ ਕਦੇ ਮੇਰੇ ਪ੍ਰਸ਼ਨਾਂ ਪ੍ਰਾਰਥਨਾਵਾਂ ਦਾ ਵੀ ਉੱਤਰ ਨਹੀਂ ਦਿੱਤਾ। ਇਹ ਉਹ ਪਲ ਸੀ ਜਦੋਂ ਰੱਬ ਤੇ ਧਰਮ ਵਿਚ ਮੇਰਾ ਯਕੀਨ ਡਾਵਾਂਡੋਲ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਮੈਂ ਅੰਨ੍ਹੇ ਵਿਸ਼ਵਾਸ ਦੀ ਥਾਂ ਆਪਣੀ ਸੀਮਤ ਬੁੱਧੀ ਤੇ ਤਜਰਬੇ ਨੂੰ ਆਪਣੇ ਮਸਲਿਆਂ ਦੇ ਹੱਲ ਲਈ ਕਸਵੱਟੀ ਮੰਨ ਲਿਆ ਸੀ। ਮੈਂ ਸੋਚਦਾ ਰਿਹਾ ਕਿ ਮੈਂ ਕਿਸੇ ਅਜਿਹੀ ਹਸਤੀ ਵਿਚ ਵਿਸ਼ਵਾਸ ਕਿਵੇਂ ਕਰ ਸਕਦਾ ਹਾਂ ਜਿਸਨੂੰ ਨਾ ਮੈਂ ਦੇਖ ਸਕਦਾ ਹਾਂ, ਨਾ ਛੋਹ ਸਕਦਾ ਹਾਂ, ਮੈਨੂੰ ਅੰਦਾਜ਼ਾ ਹੋਇਆ ਕਿ ਮੈਂ ਕਿੰਨਾ ਭੋਲਾ ਸਾਂ ਕਿ ਮੌਲਵੀਆਂ ਦੇ ਸੱਚ ਨੂੰ ਆਪਣਾ ਸੱਚ ਮੰਨਦਾ ਰਿਹਾ। ਆਖਿਰ ਵਿਚ ਮੈਂ ਇਸੇ ਫ਼ੈਸਲੇ ਉਤੇ ਪਹੁੰਚਿਆ ਕਿ ਮੈਂ ਰੱਬ ਉਤੇ ਤਾਂ ਹੀ ਯਕੀਨ ਕਰਾਂਗਾ ਜੇ ਮੈਂ ਉਸਦੀ ਹਸਤੀ ਦਾ ਬੋਧ ਕਰ ਸਕਾਂਗਾ ਤੇ ਉਹ ਮੇਰੇ ਮੁਸ਼ਾਹਦੇ ਤੇ ਤਜਰਬੇ ਦਾ ਹਿੱਸਾ ਬਣੇਗਾ। ਮੈਨੂੰ ਜੁਮੇ ਦਾ ਉਹ ਦਿਨ ਵੀ ਯਾਦ ਹੋ ਜਦੋਂ ਇੱਕ ਮੌਲਵੀ ਸਾਹਿਬ ਗੁਨਾਹਗਾਰਾਂ ਨਾਲ਼ ਸਲੂਕ ਬਾਰੇ ਵਖਿਆਨ ਕਰ ਰਹੇ ਸਨ। ਉਹਨਾਂ ਕਿਹਾ ਕਿ ਗੁਨਾਹਗਾਰ ਕਬਰ ਦੇ ਤਸੀਹਿਆਂ ਦਾ ਸ਼ਿਕਾਰ ਹੋਣਗੇ ਅਤੇ ਸੱਪ ਤੇ ਬਿੱਛੂ ਉਹਨਾਂ ਦੇ ਮੁਰਦਾ ਸਰੀਰਾਂ ਨੂੰ ਡੰਗ ਮਾਰਨਗੇ। ਉਹਨਾਂ ਕਬਰ ਵਿਚ ਜਮਦੂਤਾਂ ਹੱਥੋਂ ਦੁਰਗਤ ਦੇ ਅਜਿਹੇ ਨਕਸ਼ੇ ਖਿੱਚੇ ਕਿ ਮੈਂ ਕੰਬ ਕੇ ਰਹਿ ਗਿਆ। ਉਤੋਂ ਵਾਧਾ ਇਹ ਮੌਲਵੀ ਸਾਹਿਬ ਨੇ ਗੁਨਾਹਗਾਰਾਂ ਨੂੰ ਨਰਕ ਦੇ ਭਾਖੜ ਵਿਚ ਜਿਉਂਦੇ ਸਾੜੇ ਜਾਣ ਦਾ ਵੀ ਜ਼ਿਕਰ ਕੀਤਾ ਤੇ ਕਿਹਾ ਕਿ ਇਹ ਅਜ਼ਾਬ ਆਰਜ਼ੀ ਨਹੀਂ ਸਗੋਂ ਸਥਾਈ ਹੋਣਗੇ। ਮੇਰੇ ਆਲੇ ਦੁਆਲੇ ਬੈਠੇ ਲੋਕ ਮੌਲਵੀ ਸਾਹਿਬ ਦੇ ਡਰਾਉਣੇ ਭਾਸ਼ਣ ਤੋਂ ਲੋੜੋਂ ਵੱਧ ਪ੍ਰਭਾਵਤ ਹੋ ਗਏ ਜਾਪਦੇ ਸਨ। ਸਾਫ਼ ਨਜ਼ਰ ਆਉਂਦਾ ਸੀ ਕਿ ਉਹਨਾਂ ਨੇ ਮੌਲਾਨਾ ਦੇ ਇੱਕ ਇੱਕ ਲਫ਼ਜ਼ ਨੂੰ ਸੱਚ ਮੰਨਿਆ ਹੋਇਆ ਸੀ। ਮੇਰਾ ਆਪਣਾ ਹਾਲ ਇਹ ਸੀ ਕਿ ਇਸ ਤਕਰੀਰ ਨੇ ਮੇਰੀ ਰਾਤਾਂ ਦੀ ਨੀਂਦ ਉਡਾ ਦਿੱਤੀ ਸੀ ਤੇ ਮੈਂ ਕਈ ਦਿਨਾਂ ਤੱਕ ਡਰਾਉਣੇ ਸੁਪਨੇ ਦੇਖਦਾ ਰਿਹਾ। ਮੇਰੀ ਹੀਜਾਨੀ ਦਾਸਤਾਨ ਇਥੇ ਹੀ ਨਹੀਂ ਮੁੱਕਦੀ। ਮੈਂ ਕਿਸੇ ਹੋਰ ਮਸੀਤ ਵਿਚ ਪਨਾਹ ਹਾਸਲ ਕਰਨੀ ਚਾਹੀ। ਪਰ ਮੇਰੇ ਮੰਦੇ ਭਾਗਾਂ ਨੂੰ ਉਸ ਮਸੀਤ ਵਿਚ ਵੀ ਮੌਲਾਨਾ ਮੁਸਤਜਨੀ ਉਤੇ ਤਕਰੀਰ ਕਰ ਰਹੇ ਸਨ। ਉਹਨਾਂ ਦਾ ਕਹਿਣਾ ਸੀ ਕਿ ਰੱਬ ਦੀ ਨਜ਼ਰ ਵਿਚ ਇਹ ਬਹੁਤ ਵੱਡਾ ਪਾਪ ਹੈ। ਉਹਨਾਂ ਫਰਮਾਇਆ ਕਿ ਅਜਿਹੇ ਲੋਕਾਂ ਨੂੰ ਨਾ ਕੇਵਲ ਨਰਕ ਵਿਚ ਸੜਨਾ ਪਏਗਾ ਸਗੋਂ ਇਸ ਜ਼ਿੰਦਗੀ ਵਿਚ ਵੀ ਕਈ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋਣਾ ਪਏਗਾ। ਜਿਵੇਂ ਪਾਗ਼ਲਪਨ, ਕੈਂਸਰ, ਅੰਨ੍ਹਾਪਨ ਆਦਿ। ਉਹਨਾਂ ਦਾ ਉਪਦੇਸ਼ ਸੁਨਣ ਤੋਂ ਪਿਛੋਂ ਤਾਂ ਕੁਝ ਵਧੇਰੇ ਹੀ ਡਰ ਗਿਆ। ਹੁਣ ਜਦੋਂ ਮੈਂ ਉਸ ਜ਼ਮਾਨੇ ਬਾਰੇ ਸੋਚਦਾ ਹਾਂ ਤਾਂ ਮੇਰਾ ਹਾਸਾ ਨਿਕਲ ਜਾਂਦਾ ਹੈ। ਪਰ ਜਵਾਨੀ ਦੇ ਉਹਨੀਂ ਦਿਨੀਂ ਆਪਣੇ ਭੋਲੇਪਨ ਕਾਰਨ ਅਜਿਹੇ ਉਪਦੇਸ਼ਾਂ ਨੂੰ ਸੁਣਕੇ ਮੈਨੂੰ ਸਖ਼ਤ ਮਾਨਸਕ ਸੰਕਟ ਵਿਚੋਂ ਲੰਘਣਾ ਪਿਆ।
ਚਕਿਤਸਾ ਤੇ ਮਨੋਵਿਗਿਆਨ ਦਾ ਵਿਦਿਆਰਥੀ ਹੋਣ ਕਾਰਨ ਹੁਣ ਮੈਂ ਆਖ ਸਕਦਾ ਹਾਂ ਕਿ ਉਹ ਮੌਲਾਨਾ ਗਿਆਨ ਤੋਂ ਉੱਕਾ ਹੀ ਸੱਖਣੇ ਸਨ। ਉਹਨਾਂ ਨੂੰ ਨਹੀਂ ਸੀ ਪਤਾ ਕਿ ਸਵੈ-ਸਵਾਦ ਇੱਕ ਸੁਭਾਵਕ ਅਮਲ ਹੈ। ਬਾਲਗ ਹੋਣ ਉਤੇ ਹੀ ਮੈਨੂੰ ਪਤਾ ਲੱਗਾ ਕਿ ਇਹਨਾਂ ਮੌਲਵੀਆਂ ਦਾ ਰੱਬ ਬਾਰੇ ਸੰਕਲਪ ਕਿਸੇ ਠੋਸ ਹਕੀਕਤ ਦੀ ਥਾਂ ਉਹਨਾਂ ਦੀ ਜਾਤੀ ਸੋਚ ਤੇ ਮਾਨਸਿਕ ਬਣਤਰ ਉਤੇ ਨਿਰਭਰ ਕਰਦਾ ਹੈ। ਮੈਨੂੰ ਇਹ ਸੋਚਕੇ ਹੈਰਾਨੀ ਹੁੰਦੀ ਹੈ ਕਿ ਇਹ ਮੌਲਾਣੇ ਲੇਖੇ ਦੀ ਘੜੀ ਤੇ ਨਰਕ ਬਾਰੇ ਨਕਸ਼ੇ ਐਨੇ ਵਿਸ਼ਵਾਸ ਨਾਲ਼, ਸਗੋਂ ਐਨੇ ਹੈਂਕੜ ਭਰੇ ਢੰਗ ਨਾਲ਼ ਕਿਵੇਂ ਖਿੱਚ ਲੈਂਦੇ ਹਨ ਜਦੋਂ ਉਹਨਾਂ ਨੂੰ ਅਜਿਹੀਆਂ ਥਾਵਾਂ ਦੇ ਕੋਲੋਂ ਦੀ ਵੀ ਲੰਘਣ ਦਾ ਮੌਕਾ ਨਹੀਂ ਮਿਲਿਆ ਹੁੰਦਾ।
ਤੁਹਾਡੇ ਵਿਚੋਂ ਕੁਝ ਦੋਸਤ ਯਕੀਕਨ ਇਹ ਸੋਚ ਰਹੇ ਹੋਣੇਗੇ ਕਿ ਰੱਬ ਤੇ ਧਰਮ ਨਾਲ਼ ਆਪਣੇ ਸੰਬੰਧਾਂ ਨੂੰ ਏਨਾ ਜ਼ਿਆਦਾ ਕਾਮੁਕ ਅੱਖ ਨਾਲ਼ ਦੇਖ ਰਿਹਾ ਹਾਂ ਜਦੋਂ ਉਂਝ ਵੀ ਸਾਡੀ ਰਵਾਇਤ ਧਰਮ ਤੇ ਸਭਿਆਚਾਰ ਵਿਚ ਇਹਨਾਂ ਵਿਸ਼ਿਆਂ ਨੂੰ ਵਿਚਾਰ ਅਧੀਨ ਲਿਆਉਣਾ ਵਰਜਤ ਗੱਲਾਂ ਵਿਚ ਸ਼ੁਮਾਰ ਹੁੰਦਾ ਹੈ। ਪਰ ਅੱਜ ਮੈਂ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀਆਂ ਦੁੱਖਦਾਈ ਹਕੀਕਤਾਂ ਨੂੰ ਬਿਆਨ ਕਰ ਰਿਹਾ ਹਾਂ। ਪਸ਼ੌਰ ਦੇ ਮੈਡੀਕਲ ਕਾਲਜ ਵਿਚ ਆਪਣੀ ਮਨੋਵਿਗਿਆਨਕ ਸਿਖਿਆ ਸਮੇਂ ਮੈਨੂੰ ਅਜਿਹੇ ਅਣਗਿਣਤ ਮਰਦਾਂ ਤੇ ਔਰਤਾਂ ਨੂੰ ਮਿਲਣ ਦਾ ਮੌਕਾ ਮਿਲਿਆ ਜਿਹੜੇ ਜਿਨਸੀ ਤੇ ਸੰਬੰਧਤ ਧਾਰਮਕ ਸਿਖਿਆਵਾਂ ਦੇ ਕਾਰਨ ਤਿੱਖੇ ਮਾਨਸਕ ਦਬਾਅ ਦਾ ਸ਼ਿਕਾਰ ਸਨ। ਬਹੁਤਿਆਂ ਦਾ ਮਾਨਸਕ ਸੰਕਟ ਐਨਾ ਗੰਭੀਰ ਸੀ ਕਿ ਉਹਨਾਂ ਨੂੰ ਪਾਗਲਖਾਨੇ ਵਿਚ ਦਾਖਲ ਹੋਣਾ ਪਿਆ। ਇਥੇ ਉਹਨਾਂ ਦੇ ਲਿੰਗਕ ਤੇ ਧਾਰਮਕ ਟਕਰਾਵਾਂ ਵਿਚ ਪੈਦਾ ਹੋਣ ਵਾਲੀਆਂ ਮਾਨਸਕ ਸਮੱਸਿਆਵਾਂ ਦਾ ਇਲਾਜ ਕਰਨਾ ਪੈਂਦਾ ਸੀ।
ਅੱਜ ਮੈਂ ਆਪਣੇ ਜਿਨਸੀ ਤਜਰਬੇ ਤਾਹਡੇ ਸਾਹਮਣੇ ਸਵਾਦ ਲੈਣ ਲਈ ਬਿਆਨ ਨਹੀਂ ਕਰ ਰਿਹਾ ਸੀ। ਇਸ ਵਾਰਤਾਲਾਪ ਦਾ ਮੰਤਵ ਉਸ ਪੀੜ ਤੇ ਦੁੱਖ ਦੀ ਭਾਵਨਾ ਨੂੰ ਉਜਾਗਰ ਕਰਨਾ ਹੈ ਜਿਹੜੇ ਜਵਾਨੀ ਦੇ ਮੁਢਲੇ ਦਿਨਾਂ ਵਿਚ ਰੱਬ ਨੂੰ ਮੰਨਣ ਵਾਲੇ ਤੇ ਧਾਰਮਕ ਮਾਹੌਲ ਵਿਚ ਪਲ਼ਣ ਵਾਲੇ ਹਰ ਨੌਜਵਾਨ ਮੁੰਡੇ ਜਾਂ ਕੁੜੀ ਨੂੰ ਭੁਗਤਣੇ ਪੈਂਦੇ ਹਨ।
ਪਹਿਲੇ ਭਵਸਾਗਰ ਨੂੰ ਪਾਰ ਕਰਨ ਪਿਛੋਂ ਮੈਨੂੰ ਦੂਜੀ ਅੜਚਣ ਉਦੋਂ ਆਈ ਜਦੋਂ ਮੈਂ ਮੈਡੀਕਲ ਕਾਲਜ ਵਿਚ ਅਨਾਟੋਮੀ, ਫਜਿਆਲੋਜੀ ਤੇ ਪੈਥਾਲੋਜੀ ਪੜ੍ਹ ਰਿਹਾ ਸਾਂ। ਮੇਰੇ ਧਾਰਮਕ ਵਿਸ਼ਵਾਸ ਨੂੰ ਸੱਭ ਤੋਂ ਵੱਧ ਧੱਕਾ ਉਦੋਂ ਲੱਗਾ ਜਦੋਂ ਮੈਂ ਐਂਬਰਿਆਲੋਜੀ ਪੜ੍ਹਨੀ ਸ਼ੁਰੂ ਕੀਤੀ। ਐਂਬਰਿਆਲੋਜੀ ਦੀ ਪੜ੍ਹਾਈ ਨੇ ਮੈਨੂੰ ਸਪਸ਼ਟ ਕੀਤਾ ਕਿ ਬੱਚੇ ਦੀ ਪੈਦਾਇਸ਼ ਲਈ ਇੱਕ ਮਾਦਾ ਅੰਡਕੋਸ਼ ਤੇ ਨਰ ਵੀਰਜ ਬਿੰਦੂ ਦੀ ਲੋੜ ਹੁੰਦੀ ਹੈ। ਮੇਰੇ ਮਨ ਵਿਚ ਸਵਾਲ ਉਠਿਆ ਕਿ:
ਪਵਿੱਤਰ ਮਰੀਅਮ ਦੀ ਕੁੱਖ ਤੋਂ ਹਜ਼ਰਤ ਈਸਾ ਦੀ ਪੈਦਾਇਸ਼ ਕਿਵੇਂ ਸੰਭਵ ਹੋਈ ਤੇ ਵੀਰਜ ਬਿੰਦੂ ਤੋਂ ਬਿਨਾ ਉਹਨਾਂ ਨੂੰ ਗਰਭ ਕਿਵੇਂ ਠਹਿਰ ਗਿਆ।
ਮੈਨੂੰ ਯਾਦ ਹੈ ਕਿ ਆਪਣੇ ਭੋਲਪਨ ਵਿਚ ਮੈਂ ਇਕ ਮੌਲਾਨਾ ਸਾਹਿਬ ਨੂੰ ਇਹ ਪੁੱਛ ਬੈਠਾ ਬੀਬੀ ਮਰੀਅਮ ਦੀ ਕੁੱਖੋਂ ਬਿਨਾ ਬਾਪ ਬੱਚਾ ਕਿਵੇਂ ਪੈਦਾ ਹੋ ਗਿਆ। ਉਹ ਕਹਿਣ ਲੱਗੇ ਕਿ ਇਹ ਚਮਤਕਾਰ ਹੈ ਅਤੇ ਅੱਲਾ ਪਾਕ ਇਹ ਕੁਦਰਤ ਰੱਖਦਾ ਹੈ ਕਿ ਉਹ ਅਜਿਹੇ ਚਮਤਕਾਰ ਕਰ ਸਕੇ।
"ਪਰ ਕੁਦਰਤ ਦੇ ਅਸੂਲ ਕਿਧਰ ਗਏ?" ਮੈਂ ਪੁਛਿਆ।
ਮੌਲਾਨਾ ਸਾਹਿਬ ਫਰਮਾਉਣ ਲੱਗੇ ਕੁਦਰਤ ਦੇ ਕਾਨੂੰਨ ਵੀ ਤਾਂ ਰੱਬ ਦੇ ਹੀ ਬਣਾਏ ਹੋਏ ਹਨ ਜਦੋਂ ਉਹ ਚਾਹੇ ਤਾਂ ਅਪਣੀ ਮਨਮਰਜ਼ੀ ਨਾਲ਼ ਇਹਨਾਂ ਵਿਚ ਤਬਦੀਲੀ ਲਿਆ ਸਕਦਾ ਹੈ।
ਪਰ ਮੈਨੂੰ ਉਹਨਾਂ ਦੇ ਉੱਤਰ ਤੋਂ ਤਸੱਲੀ ਨਹੀਂ ਹੋਈ ਮੈਂ ਸੋਚਣ ਲੱਗਾ ਕਿ ਜੇ ਸਥਿਤੀ ਸੱਚਮੁਚ ਉਂਝ ਹੀ ਹੋਵੇ, ਜਿਵੇਂ ਮੌਲਾਨਾ ਬਿਆਨ ਕਰ ਰਹੇ ਹਨ ਤਾਂ ਦੁਨੀਆ ਵਿਚ ਤਾਂ ਆਪਾਧਾਪੀ ਤੇ ਇੰਤਸ਼ਾਰ ਫੈਲ ਜਾਏਗਾ।
ਡਾਕਟਰੀ ਦਾ ਵਿਦਿਆਰਥੀ ਹੋਣ ਦੇ ਪੱਖੋਂ ਮੈਂ ਇਹ ਵੀ ਸੋਚਣ ਲੱਗਾ ਕਿ ਅਰਦਾਸਾਂ ਨਾਲ਼ ਬੀਮਾਰੀਆਂ ਦਾ ਇਲਾਜ ਸੰਭਵ ਹੋ ਸਕੇ ਤਾਂ ਫੇਰ ਮੈਨੂੰ ਚਕਿਤਸਾ ਤੇ ਸਾਇੰਸ ਪੜ੍ਹਨ ਲਈ ਐਨਾ ਤਰੱਦਦ ਕਰਨ ਦੀ ਕੀ ਲੋੜ ਹੈ। ਮੈਂ ਇਕ ਰੁਹਾਨੀ ਚਕਿਤਸਕ ਬਣ ਸਕਦਾ ਸੀ। ਰੱਬ ਕੋਲ ਪ੍ਰਾਰਥਨਾ ਰਾਹੀਂ ਲੋਕਾਂ ਦੇ ਰਸਾਇਣਿਕ ਮਸਲੇ ਚਮਤਕਾਰਾਂ ਰਾਹੀਂ ਹੱਲ ਕਰਵਾ ਸਕਦਾ ਹਾਂ। ਦੀਰਘ ਰੋਗਾਂ ਦਾ ਇਲਾਜ ਵੀ ਮੈਂ ਅਰਦਾਸਾਂ ਰਾਹੀਂ ਹੀ ਕਰ ਸਕਾਂਗਾ ਤੇ ਦਵਾਈਆਂ ਦੀ ਲੋੜ ਹੀ ਨਹੀਂ ਕਰ ਰਹੇਗੀ। ਇੰਝ ਹੀ ਜਿਨ੍ਹਾਂ ਲੋਕਾਂ ਦੀਆਂ ਹੱਡੀਆਂ ਟੁੱਟੀਆਂ ਹੋਣਗੀਆਂ, ਉਹਨਾਂ ਨੂੰ ਓਪਰੇਸ਼ਨ ਦੀ ਲੋੜ ਨਹੀਂ ਰਹੇਗੀ ਅਤੇ ਤੇ ਉਹ ਸ਼ੁਭ ਪ੍ਰਾਰਥਨਾ ਰਾਹੀਂ ਠੀਕ ਹੋ ਜਾਣਗੇ। ਉਹ ਮੇਰੀ ਜ਼ਿੰਦਗੀ ਦਾ ਬਹੁਤ ਪ੍ਰੇਸ਼ਾਨਕੁਨ ਦੌਰ ਸੀ। ਇੱਕ ਪਾਸੇ ਰੱਬ ਵਿਚ ਅਕੀਦਤ ਤੇ ਦੂਸਰੇ ਪਾਸੇ ਸਾਇੰਸ ਦੀ ਪੜ੍ਹਾਈ ਵਿਚ ਡੂੰਘੀ ਰੁਚੀ ਵਿਚਕਾਰ ਡੂੰਘੇ ਤਜ਼ਾਦ ਨੇ ਮੇਰੇ ਲਈ ਜਜ਼ਬਾਤੀ ਸੰਕਟ ਤੇ ਖਿੱਚੋਤਾਣ ਪੈਦਾ ਕਰ ਦਿਤੀ ਸੀ। ਜੇ ਮੈਂ ਡਾਕਟਰ ਬਨਣਾ ਚਾਹੁੰਦਾ ਸਾਂ ਤਾਂ ਮੇਰੇ ਲਈ ਜ਼ਰੂਰੀ ਸੀ ਕਿ ਮੈਂ ਰੋਗੀਆਂ ਦੇ ਰੋਗਾਂ ਦੀ ਘੋਖ ਵਿਗਿਆਨਕ ਆਧਾਰ ਉਤੇ ਕਰਾਂ ਅਤੇ ਫੇਰ ਇਕ ਜ਼ਿੰਮੇਵਾਰ ਚਕਿਤਸਕ ਵਜੋਂ ਇਹਨਾਂ ਰੋਗ ਦਾ ਇਲਾਜ ਵਿਗਿਆਨਕ ਆਧਾਰ ਉਤੇ ਹਮਦਰਦੀ ਭਰੇ ਢੰਗ ਨਾਲ਼ ਕਰਾਂ। ਮੈਨੂੰ ਯਕੀਨ ਸੀ ਕਿ ਰੂਹਾਨੀ 'ਸਿਆਣੇ' ਸਰੀਰਕ ਰੋਗਾਂ ਦਾ ਇਲਾਜ ਹਰਗਿਜ਼ ਨਹੀਂ ਕਰ ਸਕਦੇ।
ਜਦੋਂ ਮੈਂ ਮੈਡੀਕਲ ਕਾਲਜ ਤੋਂ ਵਿਹਲਾ ਹੋਇਆ ਤਾਂ ਮੈਂ ਜ਼ਿੰਦਗੀ ਦੇ ਸੰਬੰਧ ਵਿਚ ਵਿਗਿਆਨਕ ਬੁਨਿਆਦਾਂ ਉਤੇ ਆਧਾਰਤ ਇਕ ਤਰਕਸ਼ੀਲ ਤੇ ਵਿਸਲੇਸ਼ਨਾਤਮਕ ਦ੍ਰਿਸ਼ਟੀਕੋਨ ਆਪਣਾ ਚੁੱਕਾ ਸਾਂ। ਮੈਂ ਲੋਕਾਂ ਦੇ ਜਮਾਂਦਰੂ ਵਿਸ਼ਵਾਸ ਦਾ ਸਤਿਕਾਰ ਤਾਂ ਕਰਦਾ ਸਾਂ ਨਿਤਾਪ੍ਰਤੀ ਜ਼ਿੰਦਗੀ ਵਿਚ ਅੰਨ੍ਹੇ ਵਿਸ਼ਵਾਸ਼ ਦੀ ਥਾਂ ਦਲੀਲ ਤੇ ਤਰਕ ਨੂੰ ਮਹੱਤਤਾ ਦਿੰਦਾ ਸਾਂ।
ਮਾਨਸਕ ਪੱਖ ਤੋਂ ਮੇਰੇ ਲਈ ਸੱਭ ਤੋਂ ਵੱਡਾ ਮਸਲਾ ਰੱਬ ਦੇ ਹਰ ਥਾਂ ਮੌਜੂਦ ਹੋਣ ਦੇ ਸੰਕਲਪ ਕਾਰਨ ਪੈਦਾ ਹੋਇਆ। ਜਦੋਂ ਮੈਂ ਬੱਚਾ ਸਾਂ ਤਾਂ ਮੇਰਾ ਈਮਾਨ ਸੀ ਕਿ ਰੱਬ ਮੇਰੀ ਰਾਖੀ ਕਰਦਾ ਹੈ। ਪਰ ਬਾਲਗ ਹੋਣ ਤੇ ਮੇਰੀ ਇਹ ਭਾਵਨਾ ਡੂੰਘੀ ਹੁੰਦੀ ਗਈ ਕਿ ਰੱਬ ਮੇਰੀ ਇਕੱਲ ਦਾ ਸਤਿਕਾਰ ਨਹੀਂ ਕਰ ਰਿਹਾ। ਹਰ ਥਾਂ ਮੌਜੂਦ ਹੋਣ ਕਰਕੇ ਉਹ ਗੁਸਲਖਾਨੇ ਤੇ ਸੌਣ-ਕਮਰੇ ਵਿਚ ਵੀ ਮੇਰੇ ਨਾਲ਼ ਹੁੰਦਾ ਹੈ। ਇੰਝ ਲੱਗਦਾ ਸੀ ਜਿਵੇਂ ਰੱਬ ਕੋਈ ਖੁਫ਼ੀਆ ਕੈਮਰਾ ਹੋਵੇ ਜੋ ਹਰ ਵੇਲੇ ਮੇਰੀਆਂ ਹਰਕਤਾਂ ਤੇ ਕਾਰਜਾਂ ਦੀ ਤਸਵੀਰੀ ਫਿਲਮ ਬਣਾ ਰਿਹਾ ਹੋਵੇ। ਸੱਚ ਪੁਛੋਂ ਤਾਂ ਮੈਂ ਨਹੀਂ ਸੀ ਚਾਹੁੰਦਾ ਸੀ ਕਿ ਰੱਬ ਅਜਿਹਾ ਕਰੇ। ਕਿੰਨੀ ਅਜੀਬ ਗੱਲ ਹੈ ਕਿ ਜੰਗਲਪਾਣੀ ਸਮੇਂ ਜਾਂ ਆਪਣੀ ਮਹਿਲਾ ਨਾਲ਼ ਲੇਟਣ ਸਮੇਂ ਵੀ ਉਹ ਮੌਜੂਦ ਹੋਵੇ। ਹੋ ਸਕਦਾ ਹੈ ਕਿ ਰੱਬ ਵਿਚ ਯਕੀਨ ਰੱਖਣ ਵਾਲੇ ਹੋਰ ਲੋਕ ਅਜਿਹਾ ਨਾ ਸੋਚਦੇ ਹੋਣ। ਪਰ ਮੈਨੂੰ ਇਹ ਸੋਚ ਬਹੁਤ ਪਰੇਸ਼ਾਨ ਕਰਦੀ ਸੀ। ਹੌਲੀ ਹੌਲੀ ਮੇਰੇ ਲਈ ਰੱਬ ਦੀ ਜਾਤ ਇੱਕ ਅਜਿਹੇ ਬਜ਼ੁਰਗ ਪਿਤਾ ਦੀ ਸ਼ਕਲ ਅਖਤਿਆਰ ਗਈ ਜਿਹੜਾ ਮੇਰੀ ਜ਼ਿੰਦਗੀ ਵਿਚ ਹੱਦੋਂ ਵੱਧ ਦਖਲਅੰਦਾਜ਼ੀ ਕਰ ਰਿਹਾ ਹੈ, ਮੈਂ ਸੋਚਣ ਲੱਗਾ ਕਿ ਸਮਾਂ ਆ ਚੁੱਕਾ ਹੈ, ਜਦੋਂ ਰੱਬ ਨੂੰ ਮੇਰੀ ਜ਼ਿੰਦਗੀ ਵਿਚੋਂ ਨਿਕਲ ਜਾਣਾ ਚਾਹੀਦਾ ਹੈ। ਹੁਣ ਮੈਂ ਬੱਚਾ ਨਹੀਂ ਸਾਂ ਰਿਹਾ ਅਤੇ ਮੈਨੂੰ ਉਸਦੀ ਰਾਖੀ ਦੀ ਲੋੜ ਨਹੀਂ ਸੀ ਰਹੀ। ਹੁਣ ਮੈਂ ਆਪਣੀ ਦੇਖਭਾਲ ਆਪ ਕਰ ਸਕਦਾ ਸਾਂ। ਮੈਂ ਰੱਬ ਦੀਆਂ ਨਿਵਾਜ਼ਸ਼ਾਂ ਦਾ ਦਿਲੋਂ ਧੰਨਵਾਦ ਕੀਤਾ ਅਤੇ ਉਸਤੋਂ ਸਦਾ ਲਈ ਤੋੜਾ ਵਿਛੋੜੇ ਦੀ ਆਗਿਆ ਮੰਗੀ। ਮੈਂ ਉਸਨੂੰ ਦੱਸਿਆ ਕਿ ਹੁਣ ਮੈਂ ਆਪਣੀ ਜ਼ਿੰਦਗੀ ਆਪਣੇ ਰੱਬ ਨਾਲ਼ ਗੁਜ਼ਾਰਨੀ ਚਾਹੁੰਦਾ ਹਾਂ ਇਸ ਲਈ ਉਸਨੂੰ ਮੇਰੇ ਬਾਰੇ ਫਿਕਰਮੰਦ ਹੋਣ ਦੀ ਲੋੜ ਨਹੀਂ। ਹੁਣ ਜਦੋਂ ਮੈਂ ਆਪਣੇ ਬੀਤੇ ਦਾ ਹਿਸਾਬ ਕਿਤਾਬ ਕਰਦਾ ਹਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਰੱਬ ਨਾਲ਼ ਮੇਰਾ ਜ਼ਜਬਾਤੀ ਸਬੰਧ 20 ਸਾਲ ਤੱਕ ਰਿਹਾ।
ਜਦੋਂ ਮੈਂ ਧਾਰਮਕ ਤੇ ਸੂਫ਼ੀ ਸਾਹਿਤ ਦਾ ਅਧਿਐਨ ਕੀਤਾ ਤਾਂ ਇਹ ਹਕੀਕਤ ਖੁੱਲ੍ਹੀ ਕਿ ਰੱਬ ਇਕ ਨਹੀਂ ਦੋ ਹਨ। ਇਕ ਮੂਲਵਾਦੀ ਮੌਲਵੀਆਂ ਦਾ ਰੱਬ ਹੈ ਜਿਹੜਾ ਜਾਬਰ ਤੇ ਕਹਿਰਵਾਨ ਹੈ, ਦੂਸਰਾ ਸੂਫ਼ੀਆਂ, ਸਾਧੂਆਂ ਤੇ ਭਗਤਾਂ ਦਾ ਰੱਬ ਹੈ ਜਿਹੜਾ ਕਿਰਪਾਲੂ ਤੇ ਦਿਆਲੂ ਹੈ। ਪਰ ਮੈਂ ਜ਼ਿੰਦਗੀ ਦੇ ਅਜਿਹੇ ਪੜਆ ਉੱਤੇ ਪੁੱਜ ਚੁੱਕਾ ਸਾਂ ਜਿਥੇ ਨਾ ਤਾਂ ਮੈਨੂੰ ਜ਼ਾਲਮ ਤੇ ਜਾਬਰ ਰੱਬ ਦੀ ਲੋੜ ਸੀ ਤੇ ਨਾ ਹੀ ਮਿਹਰਬਾਨ ਤੇ ਕਿਰਪਾਲੂ ਰੱਬ ਦੀ। ਮੈਂ ਜਾਣ ਲਿਆ ਸੀ ਕਿ ਰੱਬ ਦੇ ਬਿਨਾ ਵੀ ਮੈਂ ਸੰਤੁਸ਼ਟ ਤੇ ਸੁਖੀ ਜ਼ਿੰਦਗੀ ਗੁਜ਼ਾਰ ਸਕਦਾ ਹਾਂ। ਹੁਣ ਮੈਂ ਰੱਬ ਨੂੰ ਖੁਸ਼ੀ ਖੁਸ਼ੀ ਰੱਬ-ਰਾਖਾ ਆਖ ਸਕਦਾ ਸਾਂ। ਰੱਬ ਚਾਹੇ ਜਾਬਰ ਹੋਵੇ ਜਾਂ ਮਿਹਰਬਾਨ, ਉਹ ਮੈਨੂੰ ਬੱਚਾ ਹੋਣ ਦਾ ਅਹਿਸਾਸ ਦੁਆਉਂਦਾ ਸੀ।
ਮੈਨੂੰ ਉਹ ਲੰਮੀ ਰਾਤ ਅੱਜ ਤੱਕ ਯਾਦ ਹੈ ਜਦੋਂ ਰੱਬ ਨਾਲ਼ ਮੇਰੀ ਵਿਸਥਾਰ ਭਰੀ ਗੱਲਬਾਤ ਹੋਈ ਸੀ ਭਾਵੇਂ ਇਹ ਗੱਲਬਾਤ ਇਕਤਰਫਾ ਸੀ ਸੀ। ਮੈਂ ਉਹ ਰਾਤ ਮਹਿਸੂਸ ਕੀਤਾ ਕਿ ਮੈਂ 20 ਸਾਲ ਤੱਕ ਰੱਬ ਨੂੰ ਆਪਣੇ ਦਿਲ ਦਾ ਹਾਲ ਸੁਣਾਉਂਦਾ ਰਿਹਾ ਪਰ ਉਸਨੇ ਮੇਰੀ ਵਰਤਾ ਨੂੰ ਕਦੇ ਨਾ ਗੌਲ਼ਿਆ। ਇਕ ਲੰਮੀ ਇਕਤਰਫਾ ਗੱਲਬਾਤ ਪਿਛੋਂ ਮੈਂ ਰੱਬ ਨੂੰ ਅਲਵਿਦਾ ਆਖ ਕੇ ਪੂਰਸਕੂਨਵਾਦੀਆਂ ਵਿਚ ਮਹਿਣ ਹੋ ਗਿਆ ਤੇ ਰੱਬ ਮੈਨੂੰ ਮੇਰੇ ਹਾਲ ਉਤੇ ਛੱਡ ਕੇ ਸਦਾ, ਸਦਾ ਲਈ ਰੁਖਸਤ ਹੋ ਗਿਆ। ਉਸ ਦਿਨ ਮੇਰੇ ਰੱਬ ਦਾ ਕਿਰਦਾਰ ਮਰਨ ਕੰਢੇ ਪੁਜੇ ਹੋਏ ਉਸ ਬਜ਼ੁਰਗ ਰੈੱਡ ਇੰਡੀਅਨ ਵਾਲਾ ਸੀ ਜਿਹੜਾ ਰਾਤ ਦੇ ਪਿਛਲੇ ਪਹਿਰ ਚੁੱਪ ਚੁਪੀਤਿਆਂ ਸਦਾ ਲਈ ਪਰਿਵਾਰ ਤੋਂ ਵਿਛੜ ਜਾਂਦਾ ਹੈ ਅਤੇ ਹਨੇਰੀ ਰਾਤ ਵਿਚ ਅਣਜਾਣੇ ਬਰਫ਼ੀਲੇ ਰਾਹਾਂ ਵਿਚ ਗੁਆਚ ਜਾਂਦਾ ਹੈ। ਉਸ ਰਾਤ ਪਿਛੋਂ ਮੈਂ ਰੱਬ ਨਾਲ਼ ਮੁੜ ਤੋਂ ਹਮਕਲਾਮ ਹੋਣ ਦੀ ਕੋਸ਼ਸ਼ ਨਹੀਂ ਕੀਤੀ ਅਤੇ ਸਨਮਾਨ ਅਤੇ ਵਕਾਰ ਭਰੇ ਢੰਗ ਨਾਲ਼ ਇਕ ਦੂਸਰੇ ਨਾਲ਼ੋਂ ਅੱਡ ਹੋ ਗਏ।
ਹੁਣ ਜਦੋਂ ਮੈਂ ਆਪਣੇ ਬੀਤੇ ਦੇ ਵਿਚਾਰਧਾਰਕ ਸਊਰ ਦੀ ਮਾਨਸਕ ਪੜਚੋਲ ਕਰਦਾ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਵੇਂ ਜਿਵੇਂ ਸਵੈਵਿਸ਼ਵਾਸ਼ ਦਾ ਸੂਰਜ ਮੇਰੇ ਦਿਲ ਵਿਚ ਆਪਣੀਆਂ ਕਿਰਨਾਂ ਨਾਲ਼ ਚਾਨਣ ਕਰਦਾ ਗਿਆ, ਤਿਵੇਂ ਤਿਵੇਂ ਰੱਬ ਉਤੇ ਅੰਨ੍ਹੇ ਵਿਸ਼ਵਾਸ਼ ਦਾ ਅਨ੍ਹੇਰਾ ਧੁੰਦ ਵਾਂਗ ਗਾਇਬ ਹੁੰਦਾ ਗਿਆ। ਉਸ ਰਾਤ ਪਿਛੋਂ ਮੈਂ ਜੋ ਕੁਝ ਵੀ ਦੇਖਦਾ ਹੈ ਉਸਨੂੰ ਚੇਤਨਾ ਦੀ ਕਸਵੱਟੀ ਉੱਤੇ ਪਰਖਦਾ ਹਾਂ, ਜੋ ਕੁਝ ਸੁਣਦਾ ਹਾਂ, ਉਸਨੂੰ ਦਿਲ ਦੀ ਤਕੜੀ ਉੱਤੇ ਤੋਲਦਾ ਹਾਂ, ਜੋ ਕੁਝ ਪੜ੍ਹਦਾ ਹਾਂ, ਉਸਨੂੰ ਖੁਲ੍ਹੇ ਦਿਮਾਗ਼ ਨਾਲ਼ ਸੋਚਦਾ ਹਾਂ, ਇੰਝ ਮੈਂ ਜ਼ਿੰਦਗੀ ਦੀ ਭੱਜਦੌੜ ਵਿਚ ਆਪਣੇ ਫ਼ੈਸਲੇ ਆਪ ਕਰਨ ਦਾ ਰਾਹ ਪੈਦਾ ਕੀਤਾ। ਇਹ ਤਜਰਬਾ ਮੇਰੇ ਲਈ ਇਕ ਦਿਲਚਸਪ ਖ਼ੂਬਸੂਰਤ ਤੇ ਅਰਥ ਭਰਪੂਰ ਤਜਰਬਾ ਸੀ।


ਸ੍ਰੋਤ-ਨਿਸੋਤ

1 comment: