Saturday, March 19, 2011

ਪਾਸ਼ ਦੀ ਕਵਿਤਾ ਤੋਂ ਇਨਕਾਰ-ਇਰਫ਼ਾਨ ਮਲਿਕ

(ਇਨਕਾਰ : ਅਸੀਂ ਲੜਾਂਗੇ ਸਾਥੀ ਤੇ ਪਾਸ਼ ਦੀਆਂ ਹੋਰ ਕਿਤਾਬਾਂ ਵਿੱਚੋਂ ਚੋਣਵੀਆਂ ਨਜ਼ਮਾਂ ਦਾ ਸੰਗ੍ਰਹਿ ਹੈ ਜਿਸ ਨੂੰ ਵਾਸ਼ਿੰਗਟਨ ਡੀ.ਸੀ. ਅਪਨਾ - ਅਕਾਦਮੀ ਆੱਫ਼ ਪੰਜਾਬ ਨਾਰਥ ਅਮੈਰਿਕਾ ਨੇ 1996 ਵਿੱਚ ਪ੍ਰਕਾਸ਼ਿਤ ਕੀਤਾ ਸੀ .ਪ੍ਰੇਮ ਪ੍ਰਕਾਸ਼ ਨੇ ਅੰਗਰੇਜ਼ੀ ਤੋਂ ਪੰਜਾਬੀ ਵਿਚ ਉਲਥਾ ਕੇ  ਲਕੀਰ ਜੁਲਾਈ-ਸਤੰਬਰ 1998 ਅੰਕ ਵਿੱਚ ਪ੍ਰਕਾਸ਼ਿਤ ਕੀਤਾ. ਇਸ ਵਿੱਚ ਮੌਜੂਦ ਰੌਚਿਕ ਵਿਸ਼ਲੇਸ਼ਣੀ ਟਿੱਪਣੀਆਂ  ਕਾਰਨ  ਅਸੀਂ ਇਥੇ ਦੁਬਾਰਾ ਪੇਸ਼ ਕਰ ਰਹੇ ਹਾਂ.)



ਪੰਜਾਬੀ ਦੁਨੀਆਂ ਦੀਆਂ ਕੁਝ ਭਾਸ਼ਾਵਾਂ ਚੋਂ ਹੈ, ਜਿਹੜੀ ਦੋ ਲਿਪੀਆਂ ਵਿਚ ਲਿਖੀ ਜਾਂਦੀ ਹੈ।
ਇਹਦੇ ਕਾਰਨ ਧਾਰਮਿਕ, ਰਾਜਨੀਤਕ ਤੇ ਸਮਾਜਿਕ ਹਨ। ਦੇਸ਼ ਵੰਡ ਤੋਂ ਪਿੱਛੋਂ ਨਾ ਨਜ਼ਰ ਆਉਣ ਵਾਲ਼ੀ ਕੰਧ ਦੋਹਾਂ ਦੇਸ਼ਾਂ ਦੀ ਬੋਲੀ ਤੇ ਸਾਹਿਤ ਵਿਚ ਪੈ ਗਈ ਹੈ। ਦੋਹਾਂ ਪਾਸਿਆਂ 'ਚ ਲਿਖੇ ਜਾ ਰਹੇ ਸਾਹਿਤ ਦੀ ਪਹੁੰਚ ਦੂਜੇ ਪਾਸੇ ਲਈ ਵੱਡੀ ਰੁਕਾਵਟ ਬਣੀ ਹੋਈ ਹੈ।ਉਨ੍ਹਾਂ ਭਾਰਤੀ ਪੰਜਾਬੀ ਲੇਖਕਾਂ ਦੀਆਂ ਕਿਤਾਬਾਂ ਪਾਕਿਸਤਾਨ ਵਿਚ ਕਦੇ-ਕਦਾਈਂ ਛਪਦੀਆਂ ਸਨ, ਜਿਹੜੇ ਵੰਡ ਤੋਂ ਪਹਿਲਾਂ ਹੀ ਜਾਣੇ ਜਾਂਦੇ ਸਨ; ਜਿਵੇਂ ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਤੇ ਦਰਸ਼ਨ ਸਿੰਘ ਅਵਾਰਾ। ਪਾਕਿਸਤਾਨ ਵਿਚ ਮਾਂ ਬੋਲੀ ਪਰਚੇ ਵਾਲ਼ਿਆਂ ਨੇ ਪੂਰਬੀ ਪੰਜਾਬੀ ਸਾਹਿਤ ਨੂੰ ਛਾਪਣ ਦਾ ਚੰਗਾ ਕੰਮ ਕੀਤਾ। ਇਸ ਤੋਂ ਬਾਅਦ 'ਅਪਨਾ' ਵਾਲ਼ਿਆਂ ਗੁਰਮੁਖੀ ਤੋਂ ਸ਼ਾਹਮੁਖੀ ਵਿਚ ਲਿਪੀ-ਅੰਤਰ ਕਰਕੇ ਛਾਪਣ ਦਾ ਕੰਮ ਵਧਾਇਆ ਤੇ ਕਈ ਲੇਖਕਾਂ ਦੀਆਂ ਕਿਤਾਬਾਂ ਛਾਪੀਆਂ। ਪਾਸ਼ ਦੀਆਂ ਚੋਣਵੀਆਂ ਨਜ਼ਮਾਂ ਇਨਕਾਰ ਪੜ੍ਹਨ ਲਈ ਮੈਂ ਬੜਾ ਉਤਾਵਲਾ ਸੀ।
ਭਾਰਤੀ ਪੰਜਾਬੀ ਸਮਕਾਲੀ ਕਵਿਤਾ ਵਿਚ ਪਾਸ਼ ਦਾ ਨਾਂ ਸਿਰਕੱਢ ਕਵੀ ਵਜੋਂ ਪੇਸ਼ ਕੀਤਾ ਜਾਂਦਾ ਹੈ, ਪਰ ਪਾਕਿਸਤਾਨ ਵਿਚ ਉਹਦੀਆਂ ਕੁਝ ਕਵਿਤਾਵਾਂ ਹੀ ਮਾਂ ਬੋਲੀ ਵਿਚ ਛਪੀਆਂ ਸਨ। ਇਸ ਤੋਂ ਇਲਾਵਾ ਕਿਤਾਬ ਇਨਕਾਰ ਵਿਚ ਕਵਿਤਾਵਾਂ ਦੀ ਚੋਣ ਕਵੀ ਦੀ ਅਪਣੀ ਨਹੀਂ। ਪਾਕਿਸਤਾਨ ਵਿਚ ਅਜੋਕਾ ਪੰਜਾਬੀ ਸਾਹਿਤ ਅਜੇ ਵੀ ਪਹਿਲੀ ਵਰੇਸ ਵਿਚ ਹੈ। ਇਹ ਅਜੇ ਉਸ ਮੁਕਾਮ ਤੇ ਨਹੀਂ ਪੁੱਜਾ, ਜਿਥੇ ਕਹਾਣੀ ਸੰਗ੍ਰਹਿ, ਕਾਵਿ ਸੰਗ੍ਰਹਿ ਜਾਂ ਚੋਣਵੇਂ ਸੰਗ੍ਰਹਿ ਆਦਿ ਸੌਖਿਆਂ ਹੀ ਛਾਪੇ ਜਾ ਸਕਣ। ਮੇਰਾ ਖ਼ਿਆਲ ਹੈ ਕਿ ਪੱਛਮੀ ਪੰਜਾਬ ਵਿਚ ਮੁਨੀਰ ਨਿਆਜ਼ੀ ਦੀ ਛਪੀ ਕੁੱਲ ਕਲਾਮ ਕਿਤਾਬ ਹੀ ਇੱਕੋ ਵੰਨਗੀ ਏ। ਵਧੇਰੇ ਲਿਖਣ ਵਾਲੇ ਲੇਖਕ ਨਜਮ ਹੁਸੈਨ ਸਈਅਦ ਦੀ ਕਿਤਾਬ ਖੱਪੇ ਵਿਚ ਉਹਦੀਆਂ ਲਿਖੀਆਂ ਕਵਿਤਾਵਾਂ ਹੀ ਸ਼ਾਮਿਲ ਹਨ, ਪਰ ਉਹ ਇਹਨੂੰ ਅਪਣੀ ਪਹਿਲੀ ਚੋਣ ਨਹੀਂ ਮੰਨਦਾ। ਇਸ ਲਈ ਪਾਸ਼ ਦੀ ਇਨਕਾਰ ਪਹਿਲੀ ਕਿਤਾਬ ਹੈ, ਜਿਹੜੀ ਪੱਛਮੀ ਪੰਜਾਬ ਚ ਪਹਿਲੀ ਵਾਰੀ ਛਪੀ ਹੈ।
ਬੜੇ ਅਫ਼ਸੋਸ ਦੀ ਗੱਲ ਹੈ ਕਿ ਇਸ ਕਿਤਾਬ ਤੋਂ ਇਹ ਨਹੀਂ ਪਤਾ ਲਗਦਾ ਕਿ ਇਹ ਚੋਣ ਕਿਹਨੇ ਕੀਤੀ ਹੈ। ਚੋਣਵੇਂ ਸੰਗ੍ਰਹਿ ਵਧੇਰੇ ਦਿਲਚਸਪ ਹੋ ਸਕਦੇ ਨੇ, ਕਿਉਂਕਿ ਲੇਖਕ ਦਾ ਚੋਣ ਦੇ ਕੰਮ ਚ ਕੋਈ ਦਖ਼ਲ ਨਹੀਂ ਹੁੰਦਾ। ਅਕਸਰ ਇਹ ਤਜਰਬਾ ਨਵੇਂ ਪਹਿਲੂ ਉਜਾਗਰ ਕਰਨ ਵਿਚ ਮਦਦ ਕਰਦਾ ਹੈ। ਇਹ ਗੱਲ ਖ਼ਾਸ ਧਿਆਨ ਦੇਣ ਵਾਲ਼ੀ ਹੈ ਕਿ ਮੈਂ ਇਹ ਰੀਵਿਊ ਕੇਵਲ ਇਨਕਾਰ ਪੁਸਤਕ ਨੂੰ ਸਾਹਮਣੇ ਰੱਖ ਕੇ ਕਰ ਰਿਹਾ ਹਾਂ; ਪਾਸ਼ ਦੀਆਂ ਹੋਰ ਕਿਤਾਬਾਂ ਪੜ੍ਹ ਕੇ ਨਹੀਂ। ਕਿਤਾਬ ਦੀ ਪਹਿਲੀ ਕਵਿਤਾ ਇਨਕਾਰ ਹੈ, ਜਿਹੜੀ ਇੰਜ ਤੁਰਦੀ ਹੈ:

ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਗੱਲ ਕਰਾਂਗਾ
ਜਿਨ੍ਹਾਂ ਦੇ ਹੜ ਵਿਚ ਰੁੜ੍ਹ ਜਾਂਦੀ ਹੈ
ਸਾਡੇ ਬੱਚਿਆਂ ਦੀ ਤੋਤਲੀ ਕਵਿਤਾ

ਤੇ ਕਵਿਤਾ ਦਾ ਅੰਤ ਇੰਜ ਹੁੰਦਾ ਹੈ:

ਤੁਸਾਂ ਦੇ ਮੰਨਣ ਜਾਂ ਨਾਂ ਮੰਨਣ ਵਿਚ
ਸੱਚ ਨੂੰ ਕੋਈ ਫ਼ਰਕ ਨਹੀਂ ਪੈਂਦਾ।
ਪਾਸ਼ ਦੀ ਕਵਿਤਾ ਦੇ ਇਹ ਦੋ ਛੋਟੇ-ਛੋਟੇ ਨਮੂਨੇ ਉਹਦੀ ਕਵਿਤਾ ਦਾ ਨਿਚੋੜ ਨੇ। ਪਾਸ਼ ਨੂੰ ਇਹ ਅਪਣੀ ਸੱਚਾਈ ਲੱਭੀ ਹੈ। ਉਹਦੀ ਸੱਚਾਈ, ਉਹਦਾ ਸੱਚ ਤੇ ਉਹਦੀ ਦੁਨੀਆ ਬੜੀ ਸ਼ਿੱਦਤ ਨਾਲ਼ ਦੱਸੀ ਗਈ ਏ, ਪਰ ਉਹ ਇਕ-ਪਰਤੀ ਹੈ। ਉਹਦੇ ਅਪਣੇ ਸ਼ਬਦਾਂ ਵਿਚ ਸ਼ੈਆਂ ਤੇ ਦ੍ਰਿਸ਼ਟੀਕੋਣ ਪੂਰੇ ਸਪੱਸ਼ਟ ਨੇ। ਉਹ ਜਾਂ ਬਹੁਤ ਚੰਗੇ ਨੇ ਜਾਂ ਬਹੁਤ ਮਾੜੇ ਨੇ। ਅਸਲੀ ਜੀਵਨ ਦੇ ਉਲ਼ਟ ਇਹ ਲੱਭਣਾ ਬਹੁਤ ਔਖਾ ਹੈ ਕਿ ਉਹ ਗੱਲ ਜਿੰਨੀ ਸ਼ਿੱਦਤ ਨਾਲ਼ ਤੇ ਜ਼ੋਰ ਨਾਲ਼ ਕਰਦਾ ਹੈ ਉਹਦੇ ਵਿਚ ਪਕਿਆਈ ਲੱਭਣੀ ਔਖੀ ਹੈ।
ਉਹ ਮਨੁੱਖ ਦੀ ਮਨੁੱਖਤਾ ਨੂੰ ਸਮਝਣਾ ਲਈ ਦੋ ਇੰਤਹਾਵਾਂ ਤਕ ਪੁੱਜਾ ਹੈ। ਉਹਦਾ ਸੱਚ ਉਹਦੇ ਅੰਦਰ ਦੀ ਕਦਰ-ਕੀਮਤ ਹੈ, ਜਿਹਨੂੰ ਤੁਸੀਂ ਮੁਕੰਮਲ ਤੌਰ 'ਤੇ ਸਵੀਕਾਰ ਕਰੋ ਜਾਂ ਨਾ ਕਰੋ। ਜੇ ਇਹ ਤੁਹਾਡੇ ਕੋਲ਼ ਨਹੀਂ, ਤਾਂ ਇਹਨੂੰ ਹਾਸਿਲ ਕਰਨ ਦਾ ਇੱਕੋ ਤਰੀਕਾ ਹੈ - ਬੰਦੂਕ ਦੀ ਗੋਲ਼ੀ ਨਾਲ਼ ਸੰਘਰਸ਼ ਕਰੋ, ਸੰਘਰਸ਼ ਕਰੋ, ਸੰਘਰਸ਼ ਕਰੋ। ਅਤੇ ਇਹ ਕਿ ਇਸ ਦੁਨੀਆ ਵਿਚ ਪਿੰਡ ਸ਼ਹਿਰ ਨਾਲੋਂ ਚੰਗੇਰਾ ਹੈ। ਪੇਂਡੂ ਆਮ ਸ਼ਹਿਰੀ ਨਾਲੋਂ ਚੰਗਾ ਹੁੰਦਾ ਹੈ। ਇਸ ਜਗਤ ਦੇ ਰਹਿਣ ਵਾਲੇ ਮੱਕਾਰ, ਪੀੜਿਤ ਜਾਂ ਲੜਾਕੂ ਹਨ।
ਇਹ ਕਵੀ ਵਾਸਤੇ ਬਹੁਤ ਹੀ ਖ਼ਤਰਨਾਕ ਰਸਤਾ ਹੈ। ਇਥੇ ਕਵੀ ਤੇ ਸਿਰਜਕ ਦੋਵੇਂ ਕਵਿਤਾ ਦੇ ਨਾਲ਼ ਹਨ। ਉਹਦੀ ਸਿਰਜਣਾ ਜ਼ਿੰਦਗੀ ਦੀਆਂ ਪਰਤਾਂ ਨੂੰ ਖੋਲ੍ਹਦੀ ਨਹੀਂ; ਨਾ ਸੱਚ ਫਰੋਲ਼ਦੀ ਹੈ, ਬਲਕਿ ਅਪਣਾ ਲੱਭਿਆ ਸੱਚ ਉਹਦੇ ਉੱਤੇ ਲੱਦਿਆ ਜਾਂਦਾ ਹੈ। ਏਸ ਕਾਰਜ ਲਈ ਉਹ ਇੱਕੋ ਧਰਾਤਲ ਦੇ ਸ਼ਬਦਾਂ ਦੀ ਵਰਤੋਂ ਕਰੀ ਜਾਂਦਾ ਹੈ। ਪਾਸ਼ ਦਾ ਕਾਵਿਕ ਜਗਤ ਸੌੜਾ ਹੈ। ਉਹਦੇ 'ਚ ਪਾਠਕ ਲਈ ਕੋਈ ਥਾਂ ਨਹੀਂ ਕਿ ਉਹ ਇਹਦੇ ਵਿਚ ਅਪਣਾ ਸਿਰਜਕ ਜਗਤ ਰਚ ਸਕੇ। ਜਿਹੜਾ ਉਹਦੇ ਨਾਲ ਸੰਬੰਧਤ ਹੋਵੇ। ਜਦ ਉਹ ਚਾਹੇ, ਮੁੜ ਕੇ ਉਹਦੇ 'ਚ ਜਾ ਸਕੇ। ਪਾਸ਼ ਕੋਲ਼ ਬਹੁਤ ਘੱਟ ਸਵਾਲ ਨੇ, ਉਹ ਜਵਾਬਾਂ ਨਾਲ਼ ਭਰਿਆ ਪਿਆ ਹੈ। ਸਵਾਲ ਹਮੇਸ਼ਾ ਦੂਜੀਆਂ ਗੱਲਾਂ ਨਾਲ਼ ਸੰਬੰਧ ਜੋੜੀ ਰੱਖਦੇ ਹਨ। ਪਰ ਜਵਾਬ ਹਮੇਸ਼ਾ ਕਿਸੇ ਸਵਾਲ ਦੇ ਨਾਲ਼ ਹੀ ਸੰਬੰਧਤ ਹੁੰਦੇ ਹਨ। ਇਹਦੇ ਨਾਲ ਪਾਸ਼ ਦੀ ਕਵਿਤਾ ਦਾ ਕੈਨਵਸ ਖ਼ਤਰਨਾਕ ਤੌਰ 'ਤੇ ਸੌੜਾ ਹੀ ਜਾਂਦਾ ਹੈ, ਜਿਵੇਂ ਬੰਬਈਆਂ ਫ਼ਿਲਮਾਂ ਵਿਚ ਖਲਨਾਇਕ 'ਚ ਸਾਰੀਆਂ ਬੁਰਾਈਆਂ ਆ ਜੁੜਦੀਆਂ ਹਨ ਤੇ ਨਾਇਕ 'ਚ ਸਾਰੀਆਂ ਖ਼ੂਬੀਆਂ। ਏਸ ਲਈ ਜਦ ਅਸੀਂ ਪਾਸ਼ ਦੀ ਕਵਿਤਾ 'ਚ ਇਹ ਸਤਰਾਂ ਪੜ੍ਹਦੇ ਹਾਂ, ਤਾਂ ਸਾਨੂੰ ਹੈਰਾਨੀ ਨਹੀਂ ਹੁੰਦੀ -

ਮੈਂ ਕਾਤਲ ਹਾਂ ਉਹਨਾਂ ਦਾ ਜੋ ਮਨੁੱਖਤਾ ਨੂੰ ਕਤਲ ਕਰਦੇ ਨੇ
ਹਕ ਨੂੰ ਕਤਲ ਕਰਦੇ ਨੇ
ਸੱਚ ਨੂੰ ਕਤਲ ਕਰਦੇ ਨੇ।
ਪਾਸ਼ ਦੀ ਸ਼ੈਲੀ ਸੰਚਾਰਮੁਖੀ ਨਹੀਂ, ਬਲਕਿ ਚੁਣੌਤੀ ਦੇਣ ਵਾਲ਼ੀ ਹੈ ਤੇ ਸਭ ਤੋਂ ਵੱਧ ਇਹ ਬੇਬਾਕ ਹੈ; ਜਿਹਦੇ ਚ ਤਾਜ਼ਗੀ ਪੈਦਾ ਕਰਨ ਦਾ ਗੁਣ ਹੈ। ਜਦੋਂ ਉਹ ਇਸ ਸ਼ੈਲੀ ਨੂੰ ਚਾਲਾਕੀ ਨਾਲ਼ ਵਰਤਦਾ ਹੈ, ਤਾਂ ਪਾਠਕ ਨੂੰ ਅਪਣੇ ਨਾਲ਼ ਧਰੂਹ ਕੇ ਲੌਂਗ ਮਾਰਚ 'ਤੇ ਲੈ ਜਾਂਦਾ ਹੈ। ਉਹਦੀ ਹਰੇਕ ਕਵਿਤਾ ਚੁਣੌਤੀ ਹੈ। ਪਰ ਵਿਸ਼ੇ ਦਾ ਦੁਹਰਾਉ ਤੇ ਗੱਲ ਕਹਿਣ ਦਾ ਢੰਗ ਤਰੀਕਾ ਚੁਣੌਤੀ ਦੇ ਡੰਗ ਨੂੰ ਮਾਰ ਦੇਂਦਾ ਹੈ ਅਤੇ ਉਹਨੂੰ ਨਾਅਰੇ 'ਚ ਬਦਲ ਦੇਂਦਾ ਹੈ। ਫੇਰ ਬੱਝੀ ਸੋਚ ਟੁਰੀ ਜਾਂਦੀ ਹੈ। ਸ਼ਾਇਦ ਉਹਨੂੰ ਏਸ ਸਮੱਸਿਆ ਦਾ ਆਪ ਪਤਾ ਸੀ। ਏਸੇ ਲਈ ਚੌਂਕਾਉਣ ਵਾਲ਼ੇ ਬਿਆਨ ਦੇਂਦਾ ਹੋਇਆ ਇਹਨੂੰ ਭੰਨਣ ਦੇ ਯਤਨ ਕਰਦਾ ਹੈ।
ਮੇਰੀ ਪਿੱਠ ਤੇ ਲੱਦ ਦਿਓ ਵਾਜਪਾਈ ਦਾ ਬੋਝਲ ਪਿੰਡਾ
ਮੇਰੇ ਗਲ ਵਿਚ ਪਾ ਦਿਓ ਹੇਮੰਤ ਬਸੂ ਦੀ ਲਾਸ਼
ਮੇਰੇ ... ਵਿਚ ਦੇ ਦਿਓ ਲਾਲਾ ਜਗਤ ਨਾਰਾਇਣ ਦਾ ਸਿਰ
ਪਾਸ਼ ਅਪਣੀ ਕਵਿਤਾ ਦਾ ਨਾਇਕ ਆਪ ਹੈ। ਉਹ ਆਪਣੀਆਂ ਕਵਿਤਾਵਾਂ ਨੂੰ ਅਜਿਹੇ ਨਾਂ ਦੇਂਦਾ ਹੈ-'ਮੈਂ ਦੱਸਾਂ (ਤੁਹਾਨੂੰ), 'ਸਮਾਂ ਆ ਗਿਆ', 'ਖੁੱਲ੍ਹੀ ਚਿੱਠੀ', 'ਕਾਗ਼ਜ਼ੀ ਸ਼ੇਰਾਂ ਦੇ ਨਾਂ', 'ਅਸੀਂ ਲੜਾਂਗੇ ਸਾਥੀ', ਸਚ (ਦੁਵਾਰਾ) ਅਤੇ 'ਮੈਂ ਪੁੱਛਦਾ ਹਾਂ'। ਉਹਦੀਆਂ ਬਹੁਤੀਆਂ ਕਵਿਤਾਵਾਂ ਉੱਤਮ ਪੁਰਖ 'ਚ ਲਿਖੀਆਂ ਹੋਈਆਂ ਹਨ। ਇਨਾਂ 49 ਕਵਿਤਾਵਾਂ ਵਿਚੋਂ 35 ਉਹਦੀ "ਮੈਂ" ਦੇ ਦੁਆਲੇ ਘੁੰਮਦੀਆਂ ਹਨ। ਜਾਂ ਮੈਂ ਕਹਿੰਦਾ - ਸੱਚ ਤੇ ਸੰਘਰਸ਼ ਉਹਨੂੰ ਪ੍ਰਾਪਤ ਕਰਨ ਲਈ। ਬਹੁਤੀਆਂ ਕਵਿਤਾਵਾਂ 'ਮੈਂ', 'ਅਸੀਂ', 'ਤੂੰ', ਮੇਰਾ, ਤੇਰਾ ਦੇ ਪੜਨਾਵਾਂ ਨਾਲ ਸ਼ੁਰੂ ਹੁੰਦੀਆਂ ਹਨ। ਇਹਦੇ ਨਾਲ ਕਵੀ ਭਾਵੁਕ ਭਾਸ਼ਣ ਦੇਣ ਵਾਲ਼ਾ ਬਣ ਜਾਂਦਾ ਹੈ। ਕਵੀ ਆਪ ਆਦਰਸ਼ਵਾਦੀ ਬੰਦੇ ਵਾਂਗ ਪੈਦਾ ਹੁੰਦਾ ਹੈ। ਉਹਦੇ ਵਿਚੋਂ ਨਾਇਕ ਜਨਮ ਲੈਂਦਾ ਹੈ, ਜਿਹੜਾ ਇਮਾਮ ਮਹਿਦੀ ਜਾਂ ਵਿਸ਼ਨੂੰ  ਵਾਂਗੂੰ ਕਾਲਕੀ 'ਤੇ ਸਵਾਰ ਹੋ ਕੇ ਆਉਂਦਾ ਹੈ ਤੇ ਵਰਤਮਾਨ ਕਾਲ ਨੂੰ ਨਸ਼ਟ ਕਰਨ ਲਈ ਹਥਿਆਰ ਫੜ ਸੰਘਰਸ਼ ਸ਼ੁਰੂ ਕਰ ਦੇਂਦਾ ਹੈ, ਤਾਂ ਜੋ ਮਾਨਵਤਾ ਨੂੰ ਏਸ ਕਲਿਜੁਗ ਤੋਂ ਬਚਾਇਆ ਜਾਵੇ, ਜਿਹੜਾ ਸਰਿਸ਼ਟੀ 'ਤੇ ਘੋਰ ਪਾਪਾਂ ਕਰ ਕੇ ਸਭ ਤੋਂ ਵੱਧ ਅੰਨ੍ਹੇਰਾ ਹੋ ਚੁੱਕਿਆ ਹੈ।
ਮੇਰੇ ਕੋਲ਼ ਤੀਰ ਹਨ ਕਾਗ਼ਜ ਦੇ ਹਨ
ਜੋ ਪੰਜਾਂ ਸਾਲਾਂ ਵਿਚ ਇੱਕੋ ਵਾਰ ਚਲਦਾ ਹੈ
ਤੇ ਜਿਹਦੇ ਵੱਜਦਾ ਹੈ ਪਾਣੀ ਨਹੀਂ
ਮੇਰਾ ਲਹੂ ਮੰਗਦਾ ਹੈ

ਅਪਣੀ ਕਵਿਤਾ ਦੀ ਸ਼ਕਤੀ 'ਚ ਉਹਦਾ ਵਿਸ਼ਵਾਸ ਸਾਰੀ ਪੁਸਤਕ 'ਚੋਂ ਨਹੀਂ ਲੱਭਦਾ।

ਮੁਆਫ਼ ਕਰਨਾ ਮੇਰੇ ਪਿੰਡ ਦੇ ਯਾਰੋ
ਮੇਰੀ ਕਵਿਤਾ ਤੁਹਾਡੇ ਮਸਲਿਆਂ ਨੂੰ ਹੱਲ ਨਹੀਂ ਕਰ ਸਕਦੀ

ਮਸਲਿਆਂ ਦਾ ਮੱਥਾ ਕੁਝ ਏਸ ਤਰ੍ਹਾਂ ਦਾ ਹੁੰਦਾ ਕਿ ਕਵਿਤਾ ਉੱਕਾ ਹੀ ਨਾਕਾਫ਼ੀ ਹੁੰਦੀ ਹੈ

ਮੇਰੀ ਦੋਸਤ ਕਵਿਤਾ ਬਹੁਤ ਹੀ ਨਸੱਤੀ ਹੋ ਗਈ ਹੈ
ਜਦ ਕਿ ਹਥਿਆਰਾਂ ਦੇ ਨਹੁੰ ਭੈੜੀ ਤਰ੍ਹਾਂ ਵਧ ਆਏ ਹਨ
ਤੇ ਹੁਣ ਹਰ ਤਰ੍ਹਾਂ ਦੀ ਕਵਿਤਾ ਤੋਂ ਪਹਿਲਾਂ
ਹਥਿਆਰਾਂ ਨਾਲ ਯੁੱਧ ਕਰਨਾ ਜ਼ਰੂਰੀ ਹੋ ਗਿਆ ਹੈ
ਪਾਸ਼ ਦੀ ਕਵਿਤਾ 'ਚ ਪੰਜਾਬੀ ਪਿੰਡ ਦੀ ਚੇਤਨਾ ਤੇ ਸੰਵੇਦਨਸ਼ੀਲਤਾ ਬੜੀ ਵੱਖਰੀ ਕਿਸਮ ਦੀ ਹੈ- ਬਲ਼ਦਾਂ ਦੀਆਂ ਪਿੱਠਾਂ ਤੇ ਉਭਰਦੀਆਂ ਪ੍ਰੈਣੀਆਂ ਦੀਆਂ ਲਾਸਾਂ, ਧਨੀਏ ਦੀ ਖੁਸ਼ਬੋ, ਕਣਕ ਦੇ ਵੱਢ ਵਿਚ ਕਿਰੇ ਛੋਲੇ, ਗੰਡ ਵਿਚ ਜੰਮਦੇ ਤੱਤੇ ਗੁੜ ਦੀ ਮਹਿਕ ਅਤੇ ਜਗੀਰੀ ਦਰਜੀ, ਪਿਆਰਾ ਨਾਈ, ਮਾੜੋ ਦਾਈ ਤੇ ਦਰਸ਼ਨ ਦਿਹਾੜੀਆ-ਇਹ ਸਭ ਕੁਝ ਪਾਠਕ ਨੂੰ ਪਿੰਡ ਦੀਆਂ ਗਲ਼ੀਆਂ 'ਚ ਲਈ ਫਿਰਦਾ ਹੈ।
ਇਨਕਾਰ ਪੜ੍ਹਦਿਆਂ ਕੋਈ ਵੀ ਇਹ ਸਮਝਣੋਂ ਇਨਕਾਰ ਨਹੀਂ ਕਰ ਸਕਦਾ ਕਿ ਜਿਹੜਾ ਬੰਦਾ ਅਜਿਹੀਆਂ ਉਤੇਜਕ ਸਤਰਾਂ ਲਿਖ ਸਕਦਾ ਹੈ, ਉਹਦੇ ਵਿਚ ਵੱਡਾ ਕਵੀ ਲੁਕਿਆ ਹੋਇਆ ਹੈ।

ਟੈਗੋਰ ਜਾਂ ਗ਼ਾਲਿਬ ਦੀ ਦਾਹੜੀ ਵਿਚ
ਸ਼ਬਦ ਕਵਿਤਾ ਨਹੀਂ ਹੁੰਦੇ ਤੀਲੇ ਹੁੰਦੇ ਹਨ

ਤੇ ਕਵੀ ਇਹ ਵਿਚਾਰ ਵੀ ਪੇਸ਼ ਕਰਦਾ ਹੈ

ਅਸੀਂ ਬੇਅਣਖੀ ਦੀਆਂ ਤੰਦਾਂ ਵਿਚ ਅਮਨ ਵਰਗਾ ਕੁਝ ਉਣਦੇ ਰਹੇ
ਅਸੀਂ ਬਰਛੀ ਦੇ ਵਾਂਗ ਹੱਡਾਂ ਵਿਚ ਖੁੱਭਦੇ ਹੋਏ ਸਾਲਾਂ ਨੂੰ ਉਮਰ ਕਹਿੰਦੇ ਰਹੇ।

ਇਸ ਕਿਤਾਬ ਦੀਆਂ ਬਹੁਤੀਆਂ ਕਵਿਤਾਵਾਂ ਤੋਂ ਲਗਦਾ ਹੈ ਕਿ ਪਾਸ਼ ਨੇ 'ਉਸ ਕਵੀ' ਨੂੰ ਸਫਲਤਾ ਨਾਲ਼ ਅਪਣੇ ਵਿਚ ਸਾਹ ਘੁਟ ਕੇ ਰੱਖਿਆ ਹੋਇਆ ਹੈ, ਜਿਹੜਾ ਅਫ਼ਸੋਸਨਾਕ ਹੈ। ਭਾਸ਼ਾ ਬਾਰੇ ਉਹਦਾ ਗਿਆਨ ਹੰਡ ਹੰਢਾਉਣ ਵਰਗਾ ਹੈ। ਉਹ ਕਵਿਤਾ ਦੀਆਂ ਸਾਰੀਆਂ ਜੁਗਤਾਂ ਜਾਣਦਾ ਹੈ। ਜਦ ਕਦੇ ਪਾਸ਼ ਅਪਣੇ ਆਪ ਨੂੰ ਕ੍ਰਾਂਤੀਕਾਰੀ ਕਵੀ ਤੋਂ ਮੁਕਤ ਕਰਾ ਲੈਂਦਾ ਹੈ, ਤਾਂ ਉਹ ਸਾਨੂੰ 'ਵਫ਼ਾ', 'ਚੰਨੀ' ਤੇ 'ਅੱਜ ਦਾ ਦਿਨ' ਵਰਗੀਆਂ ਕਵਿਤਾਵਾਂ ਦੇਂਦਾ ਹੈ।

ਪਾਸ਼ ਆਪਣੀ ਕਵਿਤਾ 'ਮੈਂ ਹੁਣ ਵਿਦਾ ਹੁੰਦਾ ਹਾਂ' ਵਿਚ ਲਿਖਦਾ ਹੈ

ਮੈਂ ਇਕ ਕਵਿਤਾ ਲਿਖਣੀ ਚਾਹੀ ਸੀ
ਤੂੰ ਜਿਸ ਨੂੰ ਸਾਰੀ ਉਮਰ ਪੜ੍ਹਦੀ ਰਹਿ ਸਕੇਂ
ਉਸ ਕਵਿਤਾ ਵਿਚ
ਮਹਿਕਦੇ ਹੋਏ ਧਨੀਏ ਦਾ ਜ਼ਿਕਰ ਹੋਣਾ ਸੀ
ਕਮਾਦਾਂ ਦੀ ਸਰਸਰਾਹਟ ਦਾ ਜ਼ਿਕਰ ਹੋਣਾ ਸੀ
ਤੇ ਗੰਦਲਾਂ ਦੀ ਨਾਜ਼ਕ ਸ਼ੋਖੀ ਦਾ ਜ਼ਿਕਰ ਹੋਣਾ ਸੀ
ਉਸ ਵਿਚ ਰੁੱਖਾਂ ਤੋਂ ਚੋਂਦੀਆਂ ਧੁੰਦਾਂ
ਅਤੇ ਬਾਲ਼ਟੀ ਵਿਚ ਚੋਏ ਦੁੱਧ ਤੇ ਗਾਉਂਦੀਆਂ ਝੱਗਾਂ ਦਾ ਜ਼ਿਕਰ ਹੋਣਾ ਸੀ

ਕਾਸ਼ ਕਿ ਉਹ ਅਜਿਹੀ ਕਵਿਤਾ ਲਿਖ ਲੈਂਦਾ। ਇਨਕਾਰ ਪੜ੍ਹਦਿਆਂ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਪਾਸ਼ ਦੀ ਅਚਾਨਕ ਮੌਤ ਹੀ ਨਹੀਂ, ਬਲਕਿ ਉਹਦਾ ਇਹ ਕਵਿਤਾ ਨਾ ਲਿਖ ਸਕਣਾ ਵੀ ਸਮਕਾਲੀ ਪੰਜਾਬੀ ਕਵਿਤਾ ਲਈ ਵੱਡਾ ਦੁਖਾਂਤ ਹੈ?
ਇਰਫ਼ਾਨ ਮਲਿਕ

•  ਲਕੀਰ- ਚੋਂ ਧੰਨਵਾਦ ਸਹਿਤ

No comments:

Post a Comment