Tuesday, March 1, 2011

ਸੌੜੀਆਂ ਰੀਤਾਂ ਤੋੜਾਂਗੀ: ਅਰੁੰਧਤੀ ਰਾਏ

ਕੌਮਾਂਤਰੀ ਪਿੜ 'ਚ ਸਰਮਾਏਦਾਰੀ ਅਤੇ ਸਿਆਸਤਦਾਨਾਂ ਦੀ ਅਜਾਰੇਦਾਰੀ ਵੱਲੋਂ ਜਿਹੜੀ ਨੌਸਰਬਾਜ਼ੀ ਕੀਤੀ ਜਾ ਰਹੀ ਹੈ, ਉਸ ਦੇ ਖਿਲਾਫ਼ ਬੁਲੰਦ ਹੁੰਦੀਆਂ ਆਵਾਜ਼ਾ 'ਚੋਂ ਇੱਕ ਆਵਾਜ਼ ਹੈ, "ਅਰੁੰਧਤੀ ਰਾਇ" । ਇਹ ਆਵਾਜ਼ ਕਦੇ ਭਾਰਤ 'ਚ ਦੱਬੇ-ਕੁੱਚਲੇ ਲੋਕਾਂ ਦੀ 'ਹਾਅ' ਬਣਦੀ ਹੈ ਤੇ ਕਦੀ ਸਰਮਾਏਦਾਰੀ ਦੇ ਵਿਹੜੇ ਜਾ ਕੇ ਉਸ ਲਈ ਲਲਕਾਰ ਬਣਦੀ ਹੈ। ਉਹ ਕਹਿੰਦੀ ਹੈ ਕਿ ਭਾਰਤ ਦਾ ਉੱਪਰਲਾ ਤਬਕਾ ਬਹੁ-ਕੌਮੀ ਕੰਪਨੀਆਂ ਦਾ ਬਗਲਗੀਰ ਬਣ ਕੇ ਭਾਰਤ ਨੂੰ ਇੱਕ ਵੱਡਾ ਪਟੇਦਾਰ ਦੇਸ਼ ਬਣਾਉਣ 'ਤੇ ਤੁਲਿਆ ਹੋਇਆ ਹੈ। ਉਹ ਕਹਿੰਦੀ ਹੈ ਕਿ ਜਿਸ ਵਿਸ਼ਵੀਕਰਨ ਨੂੰ ਕੌਮਾਤਰੀ ਗ਼ਰੀਬੀ ਦਾ ਇਲਾਜ ਦੱਸਿਆ ਜਾ ਰਿਹਾ ਹੈ ਅਸਲ 'ਚ ਇਹ ਨਵੇਂ ਬਸਤੀਵਾਦ ਦਾ ਹੀ ਇੱਕ ਨਮੂਨਾ ਹੈ। ਅੱਜ ਸਰਮਾਏਦਾਰ ਆਪਣੀਆਂ ਨਵੀਆਂ ਬਸਤੀਆਂ ਨੂੰ ਆਪਣੀ ਅਧੁਨਿਕ ਤਕਨਾਲੋਜੀ ਦੇ ਸਹਾਰੇ ਘਰ ਬੈਠਾ ਹੀ ਚਲਾ ਰਿਹਾ ਹੈ।
ਬੁੱਕਰ ਪ੍ਰਾਈਜ਼ ਦੀ ਵਿਜੇਤਾ, 'ਗਾੱਡ ਆਫ਼ ਸਮਾਲ ਥਿੰਗਜ਼' ਦੀ ਰਚੇਤਾ, ਬਤਾਲੀ ਸਾਲਾ ਅਰੁੰਧਤੀ ਦੱਖਨੀ ਕੇਰਲਾ ਦੇ ਇੱਕ ਛੋਟੇ ਜਿਹੇ ਪਿੰਡ 'ਚ ਪ੍ਰਵਾਨ ਚੜ੍ਹੀ। ਅਰੁੰਧਤੀ ਦਾ ਉਪਰੋਕਤ ਨਾਵਲ ਦਰਅਸਲ 'ਚ ਇਸ ਪਿੰਡ 'ਚ ਬਿਤਾਏ ਬਚਪਨ ਦੇ ਆਸ-ਪਾਸ ਘੁੰਮਦੀ ਜੀਵਨ ਗਾਥਾ ਜਿਹਾ ਹੀ ਹੈ। ਆਪਣੇ ਬਾਰੇ ਗੱਲ ਕਰਦੀ ਉਹ ਅਕਸਰ ਹੱਸ ਕੇ ਆਖਦੀ ਹੈ ਕਿ ਉਹ ਕੇਰਲਾ ਦੇ ਈਸਾਈ ਸ਼ਰੀਅਤ ਭਾਈਚਾਰੇ 'ਚ ਪਲੀ ਹੈ ਪਰ ਉਂਝ ਕੇਰਲਾ ਚਾਰ ਧਰਮਾਂ- ਹਿੰਦੂ, ਇਸਲਾਮ, ਈਸਾਈ ਤੇ ਮਾਰਕਸਵਾਦ ਦਾ ਘਰ ਹੈ। ਕੇਰਲਾ 'ਚ ਪਿਛਲੇ ਕਈ ਸਾਲਾਂ ਤੋਂ ਮਾਰਕਸਵਾਦੀਆਂ ਦੀ ਅਗਵਾਈ 'ਚ ਸਰਕਾਰ ਬਣਦੀ ਹੈ। ਮਾਰਕਸੀਆਂ ਦੇ ਨੇਤਾ ਵੀ ਬ੍ਰਾਹਮਣ ਹਨ, ਇਨ੍ਹਾਂ ਦੀ ਰਾਜਨੀਤੀ 'ਚ ਜਾਤਵਾਦ ਦਾ ਕਾਫ਼ੀ ਰੋਲ ਹੈ।
ਉਸ ਦੀ ਕਿਤਾਬ "ਗਾੱਡ ਆਫ਼ ਸਮਾਲ ਥਿੰਗਜ਼" ਉੱਤੇ ਹਾਲੀਵੁੱਡ ਦੇ ਕਈ ਨਿਰਮਾਤਾਵਾਂ ਨੇ ਜਦੋਂ ਫ਼ਿਲਮ ਬਣਾਉਣ ਬਾਰੇ ਆਖਿਆ ਤਾਂ ਉਸ ਨੇ ਕਿਹਾ ਕਿ ਕਿਤਾਬ ਉਸ ਨੇ ਆਪਣੀਆਂ ਅਤੇ ਆਪਣੇ ਲੋਕਾਂ ਦੀਆਂ ਜੜ੍ਹਾਂ ਨਾਲ ਜੁੜ ਕੇ ਲਿਖੀ ਹੈ। ਇਸ ਨੂੰ ਫ਼ਿਲਮਾਇਆ ਨਹੀਂ ਜਾ ਸਕਦਾ। ਇਹ ਸਟੂਡੀਓ ਨਾਵਲ ਨਹੀਂ, ਸਟੂਡੀਓ ਨਾਵਲ ਹੋਰ ਹੁੰਦੇ ਹਨ। ਉਸ ਨੇ ਨਿਰਮਾਤਾਵਾਂ ਦੇ ਏਜੰਟਾਂ ਨੂੰ ਕਿਹਾ ਸੀ ਕਿ ਵਪਾਰੀ ਕਿਸਮ ਦੇ ਨਿਰਮਾਤਾਵਾਂ ਤੇ ਨਿਰਦੇਸ਼ਕਾਂ ਨੂੰ ਨਹੀਂ ਪਤਾ ਕਿ, ਮੇਰੇ ਲੋਕਾਂ ਅਤੇ ਮੇਰੇ ਨਾਵਲਾਂ ਨਾਲ ਕਿਸ ਸਲੀਕੇ ਵਰਤਣਾ ਹੈ। ਇਹ ਲੋਕ ਮੈਨੂੰ ਆਪਣੇ ਵਿੱਚ ਜ਼ਜ਼ਬ ਕਰ ਲੈਣਾ ਚਾਹੁੰਦੇ ਹਨ। ਇਹ ਦੱਸਣਾ ਚਾਹੁੰਦੇ ਹਨ ਕਿ ਮੈਂ ਉਨ੍ਹਾਂ ਦੀ ਹੀ ਕੁੜੀ ਹਾਂ। ਪਰ ਮੈਂ ਉਨ੍ਹਾਂ ਜਾਤਾਂ ਵਾਲਿਆਂ ਦੀ, ਉਨ੍ਹਾਂ ਬੱਚਿਆਂ ਦੀ ਹਾਂ ਜਿਨ੍ਹਾਂ ਬਾਰੇ ਇਹ ਕਿਤਾਬ ਹੈ। ਉਹ ਆਪਣੀ ਫ਼ਿਲਮ 'ਚ ਇਨ੍ਹਾਂ ਲੋਕਾਂ ਨੂੰ ਮੁਖ਼ਾਤਿਬ ਨਹੀਂ ਹੋਣਗੇ। ਇਸ 'ਤੇ ਫ਼ਿਲਮ ਬਣ ਹੀ ਨਹੀਂ ਸਕਦੀ। ਅਰੁੰਧਤੀ ਨੇ ਦਿੱਲੀ 'ਚ ਰਹਿ ਕੇ ਇਮਾਰਤਸਾਜ਼ੀ ਦੀ ਪੜ੍ਹਾਈ ਕੀਤੀ ਹੈ ਪਰ ਉਸ ਨੇ ਇਹ ਕੰਮ ਨਹੀਂ ਕੀਤਾ। ਹੁਣ ਉਹ ਇੱਕ ਲੇਖਕਾ ਹੈ। ਇਸ ਤੋਂ ਬਿਨਾਂ ਉਸ ਨੇ ਆਪਣੇ ਆਪ ਨੂੰ ਇੱਕ ਰਾਜਸੀ ਵਰਕਰ ਵਜੋਂ ਵੀ ਸਥਾਪਤ ਕਰ ਲਿਆ ਹੈ। ਉਹ ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਗੁਜਰਾਤ ਦੇ ਆਦਿਵਾਸੀਆਂ ਨਾਲ ਜੁੜੀ ਹੋਈ ਹੈ। ਉਹ ਉਨ੍ਹਾਂ ਲੋਕਾਂ ਨਾਲ ਕੰਮ ਕਰਦੀ ਹੈ ਜਿਨ੍ਹਾਂ ਲਈ ਭਾਰਤ ਦੇ ਨਵ-ਨਿਰਮਾਣ ਬਣ ਰਹੇ ਡੈਮ ਰੋਟੀ ਰੋਜ਼ੀ ਅਤੇ ਘਰ ਬਾਰ ਲਈ ਬਰਬਾਦੀ ਦਾ ਖ਼ਤਰਾਂ ਬਣ ਰਹੇ ਹਨ। ਉਸ ਦੇ ਬੁੱਕਰ ਪ੍ਰਾਈਜ਼ ਤੋਂ ਮਿਲੀ ਤੀਹ ਹਜ਼ਾਰ ਡਾਲਰ ਦੀ ਰਾਸ਼ੀ ਵੀ ਨਰਮਦਾ ਬਚਾਉ ਅੰਦੋਲਨਕਾਰੀਆਂ ਦੀ ਝੋਲੀ ਪਾ ਦਿੱਤੀ ਸੀ। ਉਹ ਕਿਸੇ ਵੀ ਕਿਸਮ ਦੀ ਫਿਰਕਾਪ੍ਰਸਤੀ ਦੇ ਖਿਲਾਫ਼ ਬੋਲਦੀ ਹੈ। ਫ਼ਿਰਕੂ ਭਾਜਪਾ ਦੀਆਂ ਅੱਖਾਂ 'ਚ ਉਹ ਇਸੇ ਲਈ ਰੜਕਦੀ ਹੈ। ਜਦ ਭਾਰਤ ਨੇ ਪਰਮਾਣੂ ਧਮਾਕਾਂ ਕੀਤਾ ਤਾਂ ਭਾਰਤ ਦੇ ਬਹੁਤ ਸਾਰੇ ਬੁੱਧੀਜੀਵੀ ਇਸ ਦੇ ਹੱਕ 'ਚ ਬੋਲ ਕੇ ਰਾਸ਼ਟਰੀਵਾਦੀ ਹੋਣ ਦਾ ਭਰਮ ਪਾਲ ਰਹੇ ਸਨ ਤਾਂ ਉਸ ਨੇ 'ਦੀ ਕਾੱਸਟ ਆਫ਼ ਲਿਵਿੰਗ' ਦਾ ਲੇਖ ਲਿਖ ਕੇ ਲੋਕ ਹਿੱਤਾਂ ਦੀ ਗੱਲ ਕੀਤੀ। ਪਰ ਬਹੁਤ ਸਾਰੇ ਅਖੌਤੀ ਰਾਸ਼ਟਰਵਾਦੀਆਂ ਨੇ ਇਸ ਦਾ ਵਿਰੋਧ ਕੀਤਾ। ਆਪਣੇ ਵਿਰੋਧ ਬਾਰੇ ਉਹ ਇਹੋ ਕਹਿੰਦੀ ਹੈ ਕਿ ਜਿਸ ਪਾਸੇ ਮੈ ਤੁਰ ਰਹੀ ਹਾਂ ਹਰ ਅਗਲਾ ਕਦਮ ਇੱਕ ਤੇਜ਼ ਤਰਾਰ ਖੰਜਰ 'ਤੇ ਰੱਖਣਾ ਹੈ ਪਰ ਇਹ ਚੰਗੀ ਗੱਲ ਹੈ, ਮੈਂ ਵੀ ਤੇਜ਼-ਤਰਾਰ ਰਹਿੰਦੀ ਹਾਂ।
ਉਹ ਦੁਨੀਆਂ ਭਰ 'ਚ ਲੈਕਚਰ ਦੇਣ ਜਾਂਦੀ ਹੈ ਤੇ ਇਨ੍ਹਾਂ ਲੈਕਚਰਾਂ ਤੋਂ ਮਿਲਦੀ ਫ਼ੀਸ ਉਹ ਧਰਤੀ ਨਾਲ ਜੁੜੇ ਲੋਕਾਂ ਦੇ ਕਾਂਜ਼ ਲਈ ਤਾਰ ਦਿੰਦੀ ਹੈ। ਪਿਛਲੇ ਦਿਨੀਂ 2005 ਦੇ ਸ਼ੁਰੂ ਵਿੱਚ ਉਹ ਅਜਿਹੀ ਲੈਕਚਰ ਲੜੀ ਲਈ ਅਮਰੀਕਾ ਆਈ ਹੋਈ ਸੀ। ਭਾਰਤ ਦੀ ਕੌਮਾਤਰੀ ਦੌੜਾਕ ਸ਼ਾਇਨੀ ਇਬ੍ਰਾਹਿਮ ਜਿਹੜੀ ਖੇਡਾਂ ਦੇ ਦਿਨਾਂ ਤੋਂ ਮੇਰੀ ਜਾਣੂੰ ਹੈ, ਦੀ ਬਦੌਲਤ ਉਸ ਨਾਲ ਗੱਲਬਾਤ ਕਰਨ ਦਾ ਸਬੱਬ ਬਣਿਆ। ਸ਼ਾਇਨੀ ਵਾਂਗ ਉਹ ਤੇ ਮੈਂ ਵੀ ਪੰਜਾਬੀ, ਹਿੰਦੀ ਤੇ ਅੰਗਰੇਜ਼ੀ ਦੀ ਮਿਲ-ਗੋਭਾ ਜਿਹੀ ਭਾਸ਼ਾ 'ਚ ਗੱਲ ਕਰਦੇ ਗਏ।
ਜਦੋਂ ਮੈਂ ਉਸ ਨੂੰ ਆਖਿਆ ਕਿ ਤੁਸੀਂ ਕੇਰਲਾ ਤੋਂ ਹੋ? ਮੈਨੂੰ ਲੱਗਦਾ ਹੈ ਕਿ ਕੇਰਲਾ 'ਚ ਬਾਕੀ ਭਾਰਤ ਦੇ ਮੁਕਾਬਲੇ ਔਰਤਾਂ ਦੀ ਹਾਲਤ ਬੇਹਤਰ ਹੈ, ਤਾਂ ਉਸ ਨੇ ਗੰਭੀਰ ਹੋ ਕੇ ਆਖਿਆ ਕੇਰਲਾ ਦੀਆਂ ਔਰਤਾਂ ਭਾਰਤ ਦੇ ਬਾਕੀ ਹਿੱਸਿਆ ਸਮੇਤ ਪੂਰੀ ਦੁਨੀਆ 'ਚ ਕੰਮ ਕਰਦੀਆਂ ਹਨ ਅਤੇ ਪੈਸੇ ਪਿੱਛੇ ਆਪਣੇ ਘਰਾਂ ਨੂੰ ਭੇਜਦੀਆਂ ਹਨ। ਵਿਆਹ ਕਰਵਾਉਣ ਲਈ ਦਾਜ ਦੀ ਮੋਟੀ ਰਕਮ ਤਾਰਨੀ ਪੈਂਦੀ ਹੈ। ਬਾਅਦ 'ਚ ਭਾਰਤ ਬਹੁਤ ਸਾਰੀਆਂ ਨੂੰ ਘਰ ਦੀ ਅਰਧ ਨੌਕਰਾਣੀ ਬਣ ਕੇ ਪਤੀਆਂ ਦੇ ਭੈੜੇ ਵਤੀਰੇ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਸ ਛੋਟੇ ਜਿਹੇ ਪਿੰਡ 'ਚ ਮੈਂ ਰਹੀ ਹਾਂ ਉਹ ਇੱਕ ਡਰਾਉਣਾ ਸੁਪਨਾ ਸੀ, ਮੁਟਿਆਰਾਂ ਲਈ। "ਕੋਈ ਵੀ ਉੱਥੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ," ਹੱਸ ਕੇ ਕਹਿੰਦੀ ਹੈ, "ਪਰ ਉਹ ਮੇਰੇ ਵਾਂਗ ਨਹੀਂ ਕਰਨਗੀਆਂ।" ਉਹ ਹੱਸਦਿਆ ਹੱਸਦਿਆਂ ਕਹਿੰਦੀ ਕਿ ਪਤਲਾ ਸਰੀਰ, ਸਾਂਵਲਾ ਰੰਗ ਤੇ ਸਿਆਣਪ ਸਾਡੀਆ ਕੁੜੀਆਂ ਲਈ ਵਰਦਾਨ ਨਹੀਂ, ਸਰਾਪ ਹੈ। ਸ਼ਾਇਨੀ ਨੇ ਗੱਲ ਕੱਟਦਿਆ ਆਖਿਆ ਕਿ ਇਸ ਦੀ ਮਾਂ ਵੀ ਸਮਝੌਤਾਵਾਦੀ ਨਹੀਂ, ਉਹ ਬੜੀ ਦਲੇਰ ਤੇ ਦਲੀਲਬਾਜ਼ ਔਰਤ ਹੈ। ਅਰੁੰਧਤੀ ਨੇ ਮਾਂ ਦੀ ਗੱਲ ਸੁਣਦਿਆਂ ਆਪਣੀ ਮਾ ਦੀ ਕਹਾਣੀ ਸ਼ੁਰੂ ਕਰ ਦਿੱਤੀ ਕਿ ਉਸ ਨੇ ਇੱਕ ਬੰਗਾਲੀ ਹਿੰਦੂ ਨਾਲ ਵਿਆਹ ਕਰਵਾਇਆ ਸੀ। ਪਰ ਨਾ ਨਿਭੀ ਤੇ ਤਲਾਕ ਦੇ ਦਿੱਤਾ। ਜਦ ਉਸ ਨੇ ਤਲਾਕ ਲਿਆ ਸੀ ਤਾਂ ਤਲਾਕ ਲੈਣਾ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ ਸੀ। ਕੇਰਲਾ 'ਚ ਤਾਂ ਅਜਿਹੀ ਔਰਤ ਨੂੰ ਅੱਜ ਵੀ ਅਵਾਰਾ ਸਮਝਿਆ ਜਾਂਦਾ ਹੈ। ਜੇ ਤੁਹਾਡਾ ਪਿਉ ਜਾਂ ਪਤੀ ਨਹੀਂ ਤਾਂ ਤੁਹਾਡੀ ਕੋਈ ਇੱਜ਼ਤ ਨਹੀਂ ਤੁਹਾਡਾ ਕੋਈ ਖ਼ਾਨਦਾਨ ਨਹੀਂ ਤੇ ਤੁਹਾਡਾ ਕੋਈ ਥਾਂ ਟਿਕਾਣਾ ਨਹੀਨ ਸਮਝਿਆ ਜਾਂਦਾ। ਜਿਸ ਪਿੰਡ 'ਚ ਮੈਂ ਪਲੀ, ਜਿਸ ਪਿੰਡ ਦਾ ਜ਼ਿਕਰ ਗਾੱਡ ਆਫ਼ ਸਮਾਲ ਥਿੰਗਜ਼ 'ਚ ਹੈ, ਇਨ੍ਹਾਂ ਗੱਲਾਂ ਤੋਂ ਹੁਣ ਦੂਰ ਹੈ। ਪਰ ਸਾਨੂੰ ਇਹ ਸਭ ਕੁਝ ਦੇਖਣਾ ਪਿਆ। ਹੁਣ ਮੈਂ ਇਹ ਸਹਿਜੇ ਹੀ ਕਹਿ ਸਕਦੀ ਹਾਂ, ਧੰਨਵਾਦ ਪ੍ਰਮਾਤਮਾ ਦਾ ਕਿ ਮੇਰੇ 'ਤੇ ਕੋਈ ਅਜਿਹੀ ਬੰਦਿਸ਼ ਨਹੀਂ ਜਿਹੜੀ ਸਧਾਰਣ ਮੱਧ ਭਾਰਤੀ ਵਰਗੀ ਕੁੜੀ ਉੱਤੇ ਹੁੰਦੀ ਹੈ। ਮੇਰੇ ਕੋਲ ਪਿਉ ਨਹੀਂ, ਮੇਰੇ ਸਾਹਮਣੇ ਅਜਿਹਾ ਮਰਦ ਨਹੀਂ ਜਿਹੜਾ ਆਪਣੀ ਟਹਿਲ ਸੇਵਾ ਦੇ ਬਦਲੇ ਸਾਨੂੰ ਕਦੇ ਕਦਾਈਂ ਕੁੱਟ-ਕੁਟਾਪਾ ਦੇਂਦਾ। ਮੇਰੀ ਕੋਈ ਜ਼ਾਤ ਨਹੀਂ, ਮੇਰੀ ਕੋਈ ਜਮਾਤ ਨਹੀਂ, ਮੇਰਾ ਕੋਈ ਧਰਮ ਨਹੀਂ, ਕੋਈ ਵਿਰਾਸਤ ਜਾਂ ਰਵਾਇਤਾਂ ਨਹੀਂ ਜਿਹੜੀਆਂ ਛੱਡਣ ਲਈ ਸਾਨੂੰ ਬਹੁਤ ਤੰਗ ਹੋਣਾ ਪੈਂਦਾ ਹੈ। ਕਦੇ ਤਾਂ ਮੈਂ ਸੋਚਦੀ ਹਾਂ ਕਿ ਮੈਂ ਸ਼ਾਇਦ ਅਜਿਹੀ ਇਕੱਲੀ ਭਾਰਤੀ ਕੁੜੀ ਹੋਵਾਂਗੀ, ਜਿਸ ਦੀ ਮਾਂ ਕਹਿੰਦੀ ਹੋਵੇਗੀ, ਹਰ ਜੋ ਮਰਜ਼ੀ ਕਰੀਂ ਪਰ ਸ਼ਾਦੀ ਨਾ ਕਰੀਂ। ਹੱਸਦੀ ਹੋਈ ਫਿਰ ਕਹਿੰਦੀ ਹੈ ਕਿ ਜਦੋਂ ਮੈਂ ਦੁੱਲਹਨ ਦੀ ਭਾਰੀ ਤੇ ਚਮਕ-ਦਮਕ ਵਾਲੀ ਪੁਸ਼ਾਕ ਦੇਖਦੀ ਹਾਂ ਤਾਂ ਮੇਰੇ ਆਪਣੇ ਖ਼ੁਰਕ ਹੋਣ ਲੱਗਦੀ ਹੈ। ਮੈਨੂੰ ਇਹ ਬਹੁਤ ਡਰਾਉਣੀ ਲੱਗਦੀ ਹੈ। ਇੰਜ ਲੱਗਦਾ ਹੈ ਜਿਵੇਂ ਕਿਸੇ ਧੁਖਦੀ ਲੱਕੜ ਨੂੰ ਸ਼ੋਅ ਪੀਸ ਬਣਾਇਆ ਹੋਵੇ। ਗਾੱਡ ਆਫ਼ ਸਮਾਲ ਥਿੰਗਜ਼ 'ਚ ਮੈਂ ਇਸ ਨੂੰ "ਪਾਲਿਸ਼ ਕੀਤਾ ਬਾਲਣ" ਕਿਹਾ ਸੀ। ਇਹ ਕਹਿੰਦਿਆਂ ਉਹ ਖ਼ਾਮੋਸ਼ ਹੋ ਗਈ। ਮੈਂ ਉਸ ਨੂੰ ਉਸ ਦੀ ਮਾਂ ਬਾਰੇ ਕੁਝ ਹੋਰ ਦੱਸਣ ਲਈ ਕਿਹਾ ਤਾਂ ਉਹ ਉਦਾਸੀ ਜਿਹੀ, ਚ ਬੋਲੀ, "ਉਹ ਕੋਈ ਪੁਨਮਈ ਫ਼ਿਲਮ ਦੇਖਦਿਆਂ ਅੱਕ ਤੇ ਥੱਕ ਚੁੱਕੇ ਮਨੁੱਖ ਵਰਗੀ ਹੈ। ਪਰ ਉਸ 'ਚ ਹੌਸਲਾ ਤੇ ਦਲੇਰੀ ਲੋਹੜੇ ਦੀ ਹੈ।" ਔਰਤ, ਜਿਸ ਨੇ ਕਦੀ ਮਰਦ ਦਾ ਸਹਾਰਾ ਨਾ ਭਾਲਿਆ ਹੋਵੇ। ਇਹ ਬੜੀ ਵਿਲੱਖਣ ਗੱਲ ਹੈ। ਉਹ ਸਫ਼ਲਤਾ ਨਾਲ ਸਕੂਲ ਚਲਾਉਂਦੀ ਹੈ, ਜਿਹੜਾ ਬਹੁਤ ਹੀ ਸਫ਼ਲ ਸਕੂਲ ਮੰਨਿਆ ਜਾਂਦਾ ਹੈ। ਲੋਕ ਆਪਣੇ ਬੱਚਿਆਂ ਲਈ ਉਨ੍ਹਾਂ ਦੇ ਜੰਮਣ ਤੋਂ ਵੀ ਪਹਿਲਾਂ ਦਾਖ਼ਲਾ ਰਾਖ਼ਵਾਂ ਕਰ ਲੈਂਦੇ ਹਨ। ਪਰ ਉਹ ਸਾਡੇ ਮਾਂ-ਧੀ ਨਾਲ ਇਸ ਤਰ੍ਹਾਂ ਨਹੀਂ ਮਿਲਦੇ ਵਰਤਦੇ ਜਿਵੇਂ ਚਾਹੀਦਾ ਹੈ, ਕਿਉਂਕਿ ਉਨ੍ਹਾਂ ਦੀ ਭਾਸ਼ਾ 'ਚ ਅਸੀਂ ਰਵਾਇਤੀ ਔਰਤਾਂ ਨਹੀਂ ਹਾਂ। ਪਰ ਅਸੀਂ ਅਜਿਹਾ ਕੁਝ ਨਹੀਂ ਕੀਤਾ ਜੋ ਲੋਕਾਂ ਦੀਆਂ ਖੁਸ਼ੀਆਂ ਖੋਂਹਦਾ ਹੋਵੇ। ਪਰ ਪਤਾ ਨਹੀਂ ਫਿਰ ਵੀ ਲੋਕਾਂ ਨੂੰ ਸਾਡਾ ਜੀਵਨ ਕਿਉਂ ਪ੍ਰੇਸ਼ਾਨ ਕਰਦਾ ਹੈ। ਫੇਰ ਵੀ ਮੇਰੀ ਮਾਂ ਕੇਰਲਾ 'ਚ ਬਹੁਤ ਜਾਣੀ ਪਛਾਣੀ ਹੈ। 1986 'ਚ ਉਸ ਨੇ ਲੋਕ ਹਿੱਤ 'ਚ ਇੱਕ ਕਾਨੂੰਨੀ ਕੇਸ ਜਿੱਤਿਆ ਸੀ। ਉਨ੍ਹਾਂ ਦੇ ਭਾਈਚਾਰੇ (ਸੇਰੀਅਨ ਈਸਾਈ) ਨੇ ਇੱਕ ਕਾਨੂੰਨ ਬਣਾ ਰੱਖਿਆ ਹੈ ਕਿ ਔਰਤਾਂ ਆਪਣੇ ਪਿਉਂ ਦੀ ਜਾਇਦਾਦ ਦਾ ਕੇਵਲ ਇੱਕ ਚੌਥਾਈ ਹਿੱਸਾ ਜਾਂ ਪੰਜ ਹਜ਼ਾਰ ਰੁਪਏ ਹੀ ਲੈ ਸਕਦੀਆਂ ਹਨ। ਪਰ 1956 ਦੇ ਕਾਨੂੰਨ ਮੁਤਾਬਕ ਪਿਉ ਦੀ ਜਾਇਦਾਦ 'ਚ ਔਰਤਾਂ ਵੀ ਬਰਾਬਰ ਦੀਆਂ ਹੱਕਦਾਰ ਹਨ। ਪਰ ਬਹੁਤ ਘੱਟ ਕੁੜੀਆਂ ਹਨ ਜੋ ਆਪਣੇ ਪਿਉ ਤੋਂ ਬਰਾਬਰ ਹੱਕ ਮੰਗਦੀਆਂ ਹਨ। ਪਰ ਉੱਥੇ ਕਈ ਪਾਦਰੀ ਲੋਕਾਂ ਨੂੰ ਵਸੀਅਤਾਂ ਲਿਖਣ ਦੀ ਨਸੀਹਤ ਕਰ ਰਹੇ ਹਨ ਕੁੜੀਆਂ ਨੂੰ ਸੀ ਕਿ ਨਹਿਰੂ ਨੇ ਕਿਹਾ "ਡੈਮ ਨਵੀਨ ਭਾਰਤ ਦੇ ਮੰਦਰ ਹਨ" । ਦੇਖੋ ਇਹ ਕਿੰਨੀ ਉਲਾਰੂ ਗੱਲ ਹੈ। ਇਹ ਇੱਕ ਤਰ੍ਹਾਂ ਕੌਮੀ ਝੰਡੇ ਦੀ ਭਾਵਨਾ ਨਾਲ ਖਿਲਵਾੜ ਹੈ। ਨਰਮਦਾ ਅੰਦੋਲਨ ਦੀ ਗੱਲ ਛੱਡੋ। ਕੀ ਡੈਮ ਤੁਹਾਨੂੰ ਬੈੱਡ 'ਤੇ ਨਾਸ਼ਤਾ ਦੇ ਸਕਦੇ ਹਨ? ਤੁਹਾਡੀਆਂ ਮੁਟਿਆਰ ਧੀਆਂ ਵਿਆਹ ਸਕਦੇ ਹਨ? ਤੁਹਾਨੂੰ ਬਿਮਾਰੀਆਂ ਤੋਂ ਨਿਜਾਤ ਦੁਆ ਸਕਦੇ ਹਨ? ਹੁਣ ਲੋਕ ਇਹਨਾਂ ਸੁਆਲਾਂ ਦੇ ਜੁਆਬ ਜਾਣਦੇ ਹਨ। ਉਹ ਸਮਝਣ ਲੱਗ ਪਏ ਹਨ ਕਿ ਇਹ ਇੱਕ ਰਾਜਸੀ ਭ੍ਰਿਸ਼ਟਾਚਾਰ ਹੈ ਜਿਸ ਨੂੰ ਗੈਰ ਲੋਕਰਾਜੀ ਰਾਜਸੀ ਜਥੇਬੰਦੀਆਂ ਚਲਾ ਰਹੀਆਂ ਹਨ। ਇਹ ਲੋਕ ਵਿਰੋਧੀ ਤਾਕਤਾਂ ਕੁਦਰਤੀ ਸੋਮਿਆਂ ਨੂੰ ਲੋਕਾਂ ਤੋਂ ਖੋਹ ਕੇ ਆਪਣੇ ਕਬਜ਼ੇ 'ਚ ਕਰ ਲੈਂਦੀਆਂ ਹਨ ਤੇ ਫਿਰ ਇਹ ਸੋਮੇ ਆਪਣੀ ਮਰਜ਼ੀ ਦੇ ਪ੍ਰਿਤਪਾਲਕਾਂ ਨੂੰ ਦਿੱਤੇ ਜਾਂਦੇ ਹਨ।"
"ਨਰਮਦਾ ਉੱਤੇ ਪਹਿਲਾ ਬਾਰਗੀ ਡੈਮ 1990 'ਚ ਮੁਕੰਮਲ ਕੀਤਾ ਗਿਆ ਸੀ। ਇਸ ਬਾਰੇ ਸਰਕਾਰ ਨੇ ਕਿਹਾ ਸੀ ਕਿ ਇਸ ਨਾਲ ਇੱਕੋਤਰ ਸੌ ਪਿੰਡਾਂ ਦੇ ਸੱਤਰ ਹਜ਼ਾਰ ਲੋਕਾਂ ਨੂੰ ਮੁੜ ਵਸੇਬਾ ਕਰਨਾ ਪਵੇਗਾ। ਪਰ ਸਰਕਾਰ ਨੇ ਬਿਨਾਂ ਕਿਸੇ ਅਗਾਊਂ ਚੇਤਾਵਨੀ ਦੇ ਡੈਮ ਪਿੱਛੇ ਬਣੀ ਪਾਣੀ ਰਖ (ਰੈਜ਼ਰਵੁਆਰ ਨੂੰ ਪਾਣੀ ਨਾਲ ਭਾਰ ਦਿੱਤਾ। ਜਿਸ ਨਾਲ ਇੱਕ ਸੌ ਬਾਹਠ ਪਿੰਡਾਂ ਦੇ ਇੱਕ ਲੱਖ ਚੌਦਾਂ ਹਜ਼ਾਰ ਲੋਕਾਂ ਦਾ ਉਜਾੜਾ ਹੋ ਗਿਆ। ਜਦ ਅਚਾਨਕ ਪਿੰਡਾਂ 'ਚ ਪਾਣੀ ਵੜਨਾ ਸ਼ੁਰੂ ਹੋਇਆ ਤਾਂ ਲੋਕ ਆਪਣਾ ਡੰਗਰ ਵੱਛਾ, ਬੁੱਢਾ ਠੇਰਾ ਤੇ ਨਿਆਣਾ ਨਿੱਕਾ ਲੈ ਕੇ ਘਰਾਂ 'ਚੋਂ ਦੌੜ ਪਹਾੜਾਂ 'ਤੇ ਜਾ ਚੜ੍ਹੇ। ਦਸ ਸਾਲ ਬਾਅਦ ਡੈਮ ਨੇ ਕੇਵਲ ਉਸ ਦੀ ਪੰਜ ਫ਼ੀਸਦੀ ਜ਼ਮੀਨ ਸਿੰਜਣੀ ਸ਼ੁਰੂ ਕੀਤੀ ਜਿੰਨੀ ਪਹਿਲਾਂ ਸਰਕਾਰ ਕਹਿੰਦੀ ਸੀ। ਇਹ ਜ਼ਮੀਨ ਉਸ ਨਾਲੋਂ ਕਿਤੇ ਥੋੜ੍ਹੀ ਹੈ ਜਿੰਨੀ ਡੈਮ ਬਣਾਉਣ ਲਈ ਬਣੀ ਝੀਲ ਦੇ ਪਾਣੀ ਹੇਠ ਆ ਗਈ, ਉਨ੍ਹਾਂ ਨਹਿਰਾਂ ਨਹੀਂ ਬਣਾਈਆਂ। ਕਿਉਂਕਿ ਠੇਕੇਦਾਰ ਅਤੇ ਰਾਜਸੀ ਲੋਕ ਕੇਵਲ ਡੈਮ ਹੀ ਬਣਾਉਣਾ ਚਾਹੁੰਦੇ ਸਨ। ਕਿਉਂਕਿ ਨਹਿਰਾਂ ਦੇ ਮੁਕਾਬਲੇ ਡੈਮ 'ਚੋਂ ਜ਼ਿਆਦਾ ਪੈਸਾ ਬਣਦਾ ਹੈ।" ਮੈਂ ਉਸ ਨੂੰ ਅਗਲਾ ਸੁਆਲ ਕੀਤਾ ਕਿ ਉਨ੍ਹਾਂ ਲੋਕਾਂ ਦਾ ਕੀ ਬਣਿਆ ਜਿਨ੍ਹਾਂ ਦਾ ਡੈਮ ਕਾਰਨ ਉਜਾੜਾ ਹੋਇਆ ਸੀ। ਉਸ ਸਹਿਜ ਗੰਭੀਰਤਾ ਨਾਲ ਆਖਿਆ, "ਕੋਈ ਨਹੀਂ ਜਾਣਦਾ? ਪਰ ਜਦ ਮੈਂ ਇਹਨਾਂ ਬਾਰੇ 'ਦੀ ਗ੍ਰੇਟਰ ਕਾੱਮਨ ਗੁੱਡ' ਦਾ ਲੇਖ ਲਿਖਿਆ ਤਾਂ ਮੈਂ ਇਨ੍ਹਾਂ ਉਜੜੇ ਲੋਕਾਂ ਦੇ ਅੰਕੜੇ ਦੇਖ ਕੇ ਹੈਰਾਨ-ਪ੍ਰੇਸ਼ਾਨ ਹੋ ਗਈ। ਭਾਰਤ ਸਰਕਾਰ ਕੋਲ ਇਨ੍ਹਾਂ ਬਾਰੇ ਕੋਈ ਅੰਕੜਾਂ ਨਹੀਂ ਸੀ ਕਿ ਇਸ ਵੱਡੇ ਡੈਮ ਨੇ ਕਿੰਨੇ ਲੋਕ ਘਰੋਂ-ਬੇਘਰ ਕੀਤੇ ਹਨ। ਮੈਂ ਸਮਝਦੀ ਹਾਂ ਕਿ ਇਹ ਕੇਵਲ ਸਟੇਟ ਦਾ ਦਿਵਾਲੀਆਪਣ ਨਹੀਂ ਸਗੋਂ ਭਾਰਤ ਦੇ ਬੁੱਧੀਜੀਵੀ ਵਰਗ ਦਾ ਵੀ ਦਿਵਾਲੀਆਪਣ ਹੈ। ਇਨ੍ਹਾਂ ਬਾਰੇ ਜਾਣਕਾਰੀ ਤਾਂ ਹੀ ਹਾਸਲ ਨਹੀਂ ਕੀਤੀ ਗਈ ਕਿਉਂਕਿ ਇਨ੍ਹਾਂ ਨੂੰ ਇਨਸਾਨ ਹੀ ਨਹੀਂ ਸਮਝਿਆ ਜਾਂਦਾ। ਇਹ ਦਲਿਤ ਅਤੇ ਆਦਿਵਾਸੀ ਹਨ। ਮੈਂ ਇਨ੍ਹਾਂ ਬਾਰੇ ਲਿਖਣ ਤੋਂ ਪਹਿਲਾਂ ਇੰਡੀਅਨ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟੇਸ਼ਨ ਦੀ ਸਟੱਡੀ ਰਿਪੋਰਟ ਦੇਖੀ ਸੀ। ਇਸ ਰਿਪੋਰਟ 'ਚ ਚਰੰਜਾ ਡੈਮਾਂ ਦਾ ਜ਼ਿਕਰ ਹੈ ਤੇ ਇਨ੍ਹਾਂ ਤੋਂ ਇਹੋ ਸਿੱਟਾ ਕੱਢਿਆ ਗਿਆ ਹੈ ਕਿ ਔਸਤ ਇੱਕ ਡੈਮ ਬਣਨ ਨਾਲ ਚੁਤਾਲੀ ਹਜ਼ਾਰ ਲੋਕਾਂ ਦਾ ਉਜਾੜਾ ਹੁੰਦਾ ਹੈ। ਇਹ ਸਭ ਵੱਡੇ ਡੈਮ ਹਨ। ਜੇਕਰ ਉਜੜੇ ਲੋਕਾਂ ਦੀ ਗਿਣਤੀ ਇਸ ਤੋਂ ਚੌਥਾਈ ਹੋਵੇ ਤਾਂ ਸੋਚੋ ਕਿੰਨੇ ਲੋਕ ਹੋ ਜਾਂਦੇ ਹਨ। ਭਾਰਤ ਨੇ ਪਿਛਲੇ ਪੰਜਾਹ ਸਾਲਾਂ 'ਚ ਛੱਤੀ ਸੌ ਡੈਮ ਬਣਾਏ ਹਨ। ਸੋ ਇਸ ਦਾ ਮਤਲਬ ਤੇਤੀ ਮਿਲੀਅਨ ਲੋਕਾਂ ਦਾ ਉਜਾੜਾ ਸਿਰਫ਼ ਡੈਮ ਬਣਨ ਕਰਕੇ ਹੋਇਆ। ਇਨ੍ਹਾਂ ਦੀ ਕਿਸੇ ਨੇ ਸਾਰ ਲਈ? ਇਨ੍ਹਾਂ 'ਚੋਂ ਜ਼ਿਆਦਾ ਵੱਡੇ ਸ਼ਹਿਰਾਂ 'ਚ ਹਿਜਰਤ ਕਰ ਗਏ ਹਨ। ਉੱਥੇ ਜਾ ਕੇ ਵੀ ਇਹ ਲੋਕ ਨਾਗਰਿਕ ਨਹੀਂ ਬਣੇ, ਝੁੱਗੀਆਂ ਝੌਪੜੀਆਂ 'ਚ ਰਹਿੰਦੇ ਹਨ। ਇਥੋਂ ਇਨ੍ਹਾਂ ਨੂੰ ਮੁੜ ਖਦੇੜਨ ਦੇ ਉਪਰਾਲੇ ਹੋ ਰਹੇ ਹਨ। ਨਵੀਂ ਦਿੱਲੀ ਦੀਆਂ ਮੱਧ ਵਰਗੀ ਸੁਆਣੀਆਂ ਜਥੇਬੰਦ ਹੋ ਰਹੀਆਂ ਹਨ ਕਿ ਝੌਂਪਣ ਪੱਟੀ 'ਚ ਰਹਿੰਦੇ ਲੋਕ ਖ਼ਤਰਨਾਕ ਹਨ ਇਨ੍ਹਾਂ ਨੂੰ ਇਥੋਂ ਭਜਾਇਆ ਜਾਵੇ। ਸ਼ਾਇਨੀ ਨੇ ਵਿਚਾਲੇ ਬੋਲਦਿਆਂ ਆਖਿਆ, "ਝੁੱਗੀ ਝੌਂਪੜ ਤਾ ਕੋਹੜ ਹੈ ਭਾਰਤ ਸਿਰ।" ਉਸ ਨੇ ਸਿਰ ਹਿਲਾਉਂਦਿਆ ਆਖਿਆ, "ਹਾਂ ਸੱਚ ਹੈ। ਪਰ ਭਾਰਤ ਸਰਕਾਰ ਇਨ੍ਹਾਂ ਦੇ ਸਿਰ ਅਹਿੰਸਾ ਅਤੇ ਸਹਿਣਸ਼ੀਲਤਾ ਦਾ ਥੋਥਾਂ ਵਿਚਾਰ ਹੀ ਭਾਰੂ ਰੱਖਣਾ ਚਾਹੁੰਦੀ ਹੈ। ਸਰਕਾਰ ਬੜੀ ਬੇਸ਼ਰਮੀ ਨਾਲ ਕਹਿੰਦੀ ਹੈ ਕਿ ਅਸੀਂ ਚੀਨ ਜਾਂ ਤੁਰਕੀ ਵਾਂਗ ਨਹੀਂ ਆਪਣੇ ਲੋਕਾਂ ਨਾਲ ਵਿਵਹਾਰ ਕਰਦੇ। ਅਸੀਂ ਆਪਣੇ ਲੋਕਾਂ ਨੂੰ ਉਨ੍ਹਾਂ ਵਾਂਗ ਐਵੇਂ ਨਹੀਂ ਮਾਰ ਮੁਕਾਉਂਦੇ। ਪਰ ਸੱਚਾਈ ਹੈ ਕਿ ਇਹ ਉਨ੍ਹਾਂ ਵੱਲ ਤਵੱਜੋ ਹੀ ਨਹੀਂ ਦਿੰਦੇ ਇਹ ਲੋਕ ਖੁਦ ਹੀ ਮਰਦੇ ਖੱਪਦੇ ਰਹਿੰਦੇ ਹਨ। ਸਾਡੇ ਵਿਚ ਜਾਤ-ਪਾਤ ਵਰਗਾ ਘਿਨੌਣਾ ਵਰਤਾਰਾ ਹੈ। ਸਾਡੇ ਸਮਾਜ ਵਿੱਚ ਜਿਹੜੇ ਲੋਕ ਨੀਤੀਆਂ ਦੇ ਫ਼ੈਸਲੇ ਕਰਦੇ ਹਨ ਉਨ੍ਹਾਂ ਦਾ, ਉਨ੍ਹਾਂ ਫੈਸਲਿਆਂ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਨਾਲ ਕੋਈ ਸਮਾਜਿਕ ਸੰਬੰਧ ਹੀ ਨਹੀਂ ਹੁੰਦਾ। ਫ਼ੈਸਲੇ ਕਰਨ ਵਾਲੇ ਲੋਕ ਤਾਂ ਅਜਿਹੀਆਂ ਨੀਤੀਆਂ ਘੜਨ ਦੇ ਹੀ ਫ਼ੈਸਲੇ ਕਰਦੇ ਹਨ ਜਿਨ੍ਹਾਂ ਦਾ ਉਨ੍ਹਾਂ ਨੂੰ ਖ਼ੁਦ ਫਾਇਦਾ ਹੁੰਦਾ ਹੋਵੇ। ਜਿਨ੍ਹਾਂ ਲੋਕਾ ਨੇ ਨੀਤੀਆਂ ਦੇ ਫ਼ੈਸਲਿਆਂ ਤੋਂ ਪ੍ਰਭਾਵਿਤ ਹੋਣਾ ਹੁੰਦਾ ਹੈ ਉਨ੍ਹਾਂ ਨੂੰ ਤਾਂ ਉਨ੍ਹਾਂ ਦੀ ਕਿਸਮਤ ਅਤੇ ਕਰਮਾਂ ਦੇ ਫ਼ਲ ਦਾ ਪਾਠ ਹੀ ਪੜ੍ਹਾਇਆ ਜਾ ਰਿਹਾ ਹੈ। ਜਦ ਕਿ ਇਨ੍ਹਾਂ ਦਾ ਜਨਜੀਵਨ ਸੁਧਾਰਨ ਲਈ ਬਹੁਤ ਥੋੜ੍ਹੇ ਧਿਆਨ ਦੀ ਲੋੜ ਹੈ। ਭਾਰਤ ਦੀ ਕੌਮਾਂਤਰੀ ਪੱਧਰ ਉੱਤੇ ਲੋਕਰਾਜ ਕਰਕੇ ਚੰਗੀ ਭੱਲ ਬਣੀ ਹੋਈ ਹੈ। ਸਰਕਾਰਾਂ ਨੂੰ ਇਹ ਭੱਲ ਬਣਾਈ ਰੱਖਣ ਲਈ ਇਸ ਪਾਸੇ ਵੱਲ ਧਿਆਨ ਦੇਣ ਦੀ ਲੋੜ ਹੈ। ਜੇਕਰ ਇਨ੍ਹਾਂ ਅਣਗੌਲੇ ਲੋਕਾਂ ਦੀਆਂ ਮੁਸ਼ਕਲਾਂ ਵੱਲ ਧਿਆਨ ਨਾ ਦਿੱਤਾ ਤਾਂ ਇਹ ਭੱਲ ਖੁਦ ਹੀ ਸਮੁੰਦਰ ਦੀ ਝੱਗ ਵਾਂਗ ਖ਼ਤਮ ਹੋ ਜਾਵੇਗੀ। ਮੈਂ ਅਗਲਾ ਸੁਆਲ ਕਰਦਿਆਂ ਉਸ ਨੂੰ ਪੁੱਛਿਆ, "ਤੁਸੀਂ ਕਹਿੰਦੇ ਹੋ ਕਿ ਮੇਰੀ ਆਪਣੀ ਰਾਜਸੀ ਸੋਚ ਹੈ, ਤੁਸੀਂ ਕਹਿੰਦੇ ਹੋ ਕਿ ਤੁਸੀਂ ਵਿਕਾਸ ਦੇ ਵਿਰੁੱਧ ਨਹੀਂ ਪਰ ਵਿਕਾਸ ਲੋਕਾਂ ਦੀਆਂ ਲੋੜਾਂ ਤੇ ਨਰੋਈਆਂ ਕਦਰਾਂ-ਕੀਮਤਾਂ ਦੇ ਆਧਾਰ 'ਤੇ ਹੋਵੇ। ਤੁਸੀਂ ਖ਼ੁਦ ਇਸ ਬਾਰੇ ਕੀ ਕਰ ਰਹੇ ਹੋ?" ਉਸ ਨੇ ਤੁਰੰਤ ਜੁਆਬ ਦਿੱਤਾ, "ਇੱਕ ਪਿੰਡ 'ਚ ਜੰਮੀ ਸਾਧਾਰਣ ਭਾਰਤੀ ਕੁੜੀ ਇਸ ਬਾਰੇ ਕੀ ਕਰ ਸਕਦੀ ਹੈ। ਮੈਂ ਆਪਣੀ ਪੂਰੀ ਜ਼ਿੰਦਗੀ ਸੌੜੀਆਂ ਰਵਾਇਤਾਂ ਨੂੰ ਤੋੜਣ ਉੱਤੇ ਲਾ ਦਿਆਂਗੀ। ਮੈਂ ਕਦੇ ਵੀ ਅਖੌਤੀ ਰਵਾਇਤੀ ਭਾਰਤੀ ਪਤਨੀ ਬਣ ਕੇ ਨਹੀਂ ਰਹਾਂਗੀ। ਮੈਂ ਵਿਕਾਸ ਦਾ ਵਿਰੋਧ ਨਹੀਂ ਕਰਦੀ ਹਾਂ ਜਿਹੜਾ ਨੀਤੀਆਂ ਬਣਾਉਣ ਵਾਲਿਆਂ ਲਈ ਇੱਕ ਕੇਂਦਰੀ ਤੇ ਗ਼ੈਰ ਲੋਕ ਰਾਜੀ ਪ੍ਰਬੰਧ ਮੁਹੱਈਆਂ ਕਰਵਾ ਰਿਹਾ ਹੈ। ਤੁਸੀਂ ਮੌਜੂਦਾ ਪ੍ਰਬੰਧ 'ਚ ਕਿਵੇਂ ਸੋਚ ਸਕਦੇ ਹੋ ਕਿ ਸੱਤਾ ਦਾ ਵਿਕੇਂਦਰੀਕਰਨ ਹੋਵੇ ਤੇ ਸਥਾਨਕ ਲੋਕਾਂ ਦਾ ਉਨ੍ਹਾਂ ਦੇ ਕੁਦਰਤੀ ਸਾਧਨਾਂ ਦਾ ਕੰਟਰੋਲ ਹੋਵੇ। ਅੱਜ ਭਾਰਤੀ ਸਰਕਾਰ ਸਭ ਕੁਝ ਨਿੱਜੀ ਖੇਤਰ ਨੂੰ ਦੇਣ ਲਈ ਤੱਤਪਰ ਹੈ ਅਤੇ ਇਸ ਨੂੰ ਸਰਕਾਰੀ ਕੰਟਰੋਲ ਤੇ ਪਬਲਿਕ ਇੰਟਰਪ੍ਰਾਈਜ਼ ਦਾ ਬਦਲ ਦੱਸਿਆ ਜਾ ਰਿਹਾ ਹੈ। ਜਦ ਕਿ ਇਹ ਨੀਤੀ ਘਾੜਿਆ ਨੂੰ ਹੋਰ ਤਾਕਤ ਦੇਣਾ ਅਤੇ ਸੱਤਾ ਦਾ ਹੋਰ ਕੇਂਦਰੀਕਰਨ ਹੈ। ਜਿਵੇਂ ਮਹਾਰਾਸ਼ਟਰ ਦਾ ਬਿਜਲੀ ਬੋਰਡ ਤੋੜ ਕੇ ਪੂਰੇ ਸੂਬੇ ਦੀ ਬਿਜਲੀ ਦਾ ਪ੍ਰਬੰਧ ਅਮਰੀਕਨ ਕੰਪਨੀ ਐਨਰਾਨ ਨੂੰ ਦੇ ਦਿੱਤਾ ਗਿਆ ਸੀ।"
ਗੱਲ ਨੂੰ ਅੱਗੇ ਤੋਰਦਿਆਂ ਕਿਹਾ ਕਿ ਇਸ 'ਚ ਭਾਰਤੀ ਦੁਰਪ੍ਰਬੰਧ ਦਾ ਕਸੂਰ ਹੈ ਤੁਸੀਂ ਗਲੋਬਲਾਈਜੇਸ਼ਨ ਦੇ ਖਿਲਾਫ਼ ਕਿਉਂ ਹੋ। ਉਸ ਨੇ ਪਾਣੀ ਦਾ ਘੁੱਟ ਭਰਨ ਤੋਂ ਬਾਅਦ ਕਹਿਣਾ ਸ਼ੁਰੂ ਕੀਤਾ, ਉਹ ਇਸ ਦੇ ਖਿਲਾਫ਼ ਨਹੀਂ। ਗਲੋਬਲਾਈਜ਼ੇਸ਼ਨ ਵਧੀਆ ਗੱਲ ਹੈ। ਪਰ ਸੁਆਲ ਹੈ ਕਿ ਇਹ ਸਧਾਰਨ ਲੋਕਾਂ ਪ੍ਰਤੀ ਕਿੰਨੀ ਦਿਆਨਤਦਾਰ ਹੈ। ਮੈਂ ਜਦੋਂ ਸ਼ਹਿਰ ਤੋਂ ਬਾਹਰ ਜਾਂਦੀ ਹਾਂ ਤਾਂ ਮੈਂ ਬਹੁਤ ਆਸ਼ਾਵਾਦੀ ਹੁੰਦੀ ਹੈ। ਮੈਂ ਦੇਖਦੀ ਹਾਂ ਕਿ ਭਾਰਤ ਕਿੰਨਾ ਸੋਹਣਾ ਅਤੇ ਮਹਾਨ ਹੈ। ਇਹ ਦੇਖ ਕੇ ਮੈਨੂੰ ਡਰ ਲੱਗਦਾ ਕਿ ਬਹੁ-ਕੌਮੀ ਕੰਪਨੀਆਂ ਇਹ ਸਭ ਕੁਝ ਬਰਾਬਰ ਕਰ ਦੇਣਗੀਆਂ। ਮੈਨੂੰ ਨਹੀਂ ਲੱਗਦਾ ਕਿ ਸਾੜ੍ਹੀ ਨਾਲੋਂ ਹੋਰ ਕੀ ਸੁੰਦਰ ਹੋ ਸਕਦਾ। ਇਸ ਨੂੰ ਕਿਵੇਂ ਮਰਨ ਦੇਵਾਂਗੇ। ਸਾੜ੍ਹੀ ਨੂੰ ਕਿਵੇਂ ਕਾਰਪੋਰੇਟ ਕੀਤਾ ਜਾ ਸਕਦਾ ਹੈ। ਭਾਰਤੀ ਚੌਧਰੀਆਂ ਨੇ ਕੌਮਾਤਰੀ ਕੰਪਨੀਆਂ ਨੂੰ ਭਾਰਤ ਦੀ ਬਾਸਪਤੀ ਨੂੰ ਪੇਟੈਂਟ ਕਿਉਂ ਕਰਨ ਦਿੱਤਾ। ਭਾਰਤੀ ਲੋਕ ਮੈਕਡਨਲਡ ਦੇ ਹੈਮਬਰਗਰ ਖਾਣ ਨਾਲੋਂ ਰੋਟੀ, ਇੱਡਲੀ ਤੇ ਡੋਸਾ ਖਾਣ ਨੂੰ ਤਰਜੀਹ ਦਿੰਦੇ ਹਨ। ਅਮਰੀਕਾ ਆਉਣ ਤੋਂ ਪਹਿਲਾਂ ਮੈਂ ਦਿੱਲੀ ਦੀ ਇੱਕ ਮਾਰਕੀਟ 'ਚ ਗਈ ਉੱਥੇ ਵੱਖੋ-ਵੱਖਰੀ ਦਾਲ ਦੀ ਪਲੇਟ ਜਿਸ 'ਚੋਂ ਭਾਰਤੀ ਮਸਾਲਿਆਂ ਦੀ ਮਹਿਕ ਆਉਂਦੀ ਹੈ ਬੜੀ ਸਸਤੀ ਮਿਲ ਜਾਂਦੀ ਹੈ। ਉੱਥੇ ਖਾਣਾ ਖਾਂਦਿਆਂ ਮੇਰੀਆਂ ਅੱਖਾਂ 'ਚ ਅੱਥਰੂ ਆ ਗਏ ਕਿ ਬਹੁ-ਕੌਮੀ ਕੰਪਨੀਆਂ ਇਹ ਮਹਿਕ ਸਾਡੇ ਤੋਂ ਖੋਹਣਾ ਚਾਹੁੰਦੀਆਂ ਹਨ।"
ਮੈਂ ਫਿਰ ਗੱਲ ਦਾ ਰੁੱਖ ਮੋੜਦਿਆਂ ਆਖਿਆ ਕਿ 'ਦੀ ਐਂਡ ਆਫ਼ ਇਮੈਜ਼ੀਨੇਸ਼ਨ' 'ਚ ਤੁਸੀਂ ਪ੍ਰਮਾਣੂ ਹੱਥਿਆਰਾਂ ਦਾ ਵਿਰੋਧ ਕੀਤਾ ਸੀ। ਪਰ ਉਸ ਵਕਤ ਲੱਗਦਾ ਸੀ ਕਿ ਪੂਰਾ ਭਾਰਤ ਤਾਂ ਪ੍ਰਮਾਣੂ ਧਮਾਕੇ ਦੇ ਹੱਕ 'ਚ ਸੀ।
ਉਸ ਨੇ ਜੁਆਬ 'ਚ ਆਖਣਾ ਸ਼ੁਰੂ ਕੀਤਾ, "ਹਾਂ, ਹੁਣ ਸਮਾਂ ਕੁਝ ਬਦਲਿਆਂ ਹੋਇਆ ਹੈ ਪਰ ਉਸ ਵਕਤ ਸਭ ਉਲਾਰੂ ਜਿਹੇ ਹੋ ਗਏ ਸਨ। ਸਭ ਦੇ ਸਿਰਾਂ ਨੂੰ ਰਾਸ਼ਟਰਵਾਦ ਚੜ੍ਹਿਆ ਹੋਇਆ ਸੀ।"
ਪਰ ਮੈਨੂੰ ਇਸ ਤੋਂ ਬਹੁਤ ਘਬਰਾਹਟ ਹੋ ਰਹੀ ਸੀ ਕਿ ਸਪੱਸ਼ਟ ਹੈ ਕਿ ਭਾਰਤ, ਪਾਕਿਸਤਾਨ, ਅਮਰੀਕਾ ਜਾਂ ਕੋਈ ਵੀ ਦੇਸ਼ ਹਥਿਆਰ ਬਣਾਉਂਦਾ ਹੈ ਜਾਂ ਵਰਤਦਾ ਹੈ ਉਹ ਆਪਣੇ ਲੋਕਾਂ ਨੂੰ ਵੀ ਇੱਕ ਵਿਨਾਸ਼ਕਾਰੀ ਸੰਸਾਰ 'ਚ ਧੱਕਦਾ ਹੈ। ਪ੍ਰਮਾਣੂ ਹੱਥਿਆਰਾਂ ਦਾ ਦਿਖਾਵਾ ਆਪਣੀ ਹੈਂਕੜ ਨੂੰ ਪੱਠੇ ਪਾਉਣ ਤੋਂ ਵੱਧ ਕੁਝ ਨਹੀਂ। ਭਾਰਤੀ ਲੋਕ ਅਜੇ ਤੱਕ ਸ਼ਰਮਿੰਦਗੀ ਵਾਲੇ ਸੱਭਿਆਚਾਰ ਤੋਂ ਪਿੱਛਾ ਨਹੀਂ ਛੁਡਾ ਸਕੇ। ਉਹ ਸਮਝਦੇ ਹਨ ਕਿ ਜੇਕਰ ਉਨ੍ਹਾਂ ਅਜਿਹਾ ਕੁਝ ਨਾ ਕੀਤਾ ਤਾਂ ਉਨ੍ਹਾਂ ਦੀ ਪਛਾਣ ਖ਼ਤਮ ਹੋ ਜਾਵੇਗੀ। ਪ੍ਰਮਾਣੂ ਹੱਥਿਆਰਾਂ ਦੀ ਵਕਾਲਤ ਕਰਨਾ ਇਸ ਵਿੱਚੋਂ ਨਿਕਲਿਆ ਸੀ।
ਮੈਂ ਮੁੜ ਆਖਿਆ, ਤੁਸੀਂ ਕਿਹਾ ਕਿ ਗਭਰੋਟ ਹਿੰਦੂ ਧਮਾਕੇ ਦੀਆਂ ਖੁਸ਼ੀਆਂ ਮਨਾ ਰਹੇ ਹਨ, ਇਹੋਂ ਉਹੋ ਲੋਕ ਸਨ ਜਿਨ੍ਹਾਂ ਨੇ ਮਸਜਿਦ ਢਾਹੀ ਸੀ। ਉਸ ਨੇ ਆਪਣੀ ਗੱਲ ਜਾਰੀ ਰੱਖਦਿਆਂ ਆਖਿਆ ਕਿ ਭਾਰਤ ਦੇ ਬੁੱਧੀਜੀਵੀ ਹੁਣ ਧਾਰਮਿਕ ਕੱਟੜਪੁਣੇ ਦੇ ਖਿਲਾਫ਼ ਬੋਲਦੇ ਹਨ। ਪਰ ਬਹੁਤ ਘੱਟ ਲੋਕ ਹਨ ਜਿਹੜੇ ਧਾਰਮਿਕ ਕੱਟੜਪੁਣੇ ਨੂੰ, ਨਿੱਜੀਕਰਨ ਅਤੇ ਸੰਸਾਰੀਕਰਨ ਨਾਲ ਜੋੜਕੇ ਦੇਖਦੇ ਹਨ। ਪਰ ਇਹ ਤਿੰਨੇ ਇੱਕ ਦੂਜੇ ਦੇ ਪੂਰਕ ਹਨ। ਧਾਰਮਿਕ ਜਨੂਨੀਆਂ ਅਤੇ ਸੰਸਾਰੀਕਰਨ ਦੇ ਹਮਾਇਤੀਆਂ ਵਿੱਚ ਵੀ ਜਮਾਤੀ ਜੰਗ ਹੈ। ਜਦੋਂ ਕੁਝ ਲੋਕ ਕੁਝ ਫ਼ਿਲਮਾਂ ਨੂੰ ਬੰਦ ਕਰਦੇ ਹਨ, ਕੁਝ ਪੁਸਤਕਾਂ ਨੂੰ ਸਾੜਦੇ ਹਨ ਤਾਂ ਉਨ੍ਹਾਂ ਦੇ ਮਨਾਂ 'ਚ ਸਿਰਫ਼ ਇਹੋ ਨਹੀਂ ਹੁੰਦਾ ਕਿ ਫ਼ਿਲਮਾਂ ਬਣਾਉਣ ਵਾਲੇ ਭਾਰਤੀ ਸੱਭਿਆਚਾਰ ਨੂੰ ਤਬਾਹ ਕਰ ਰਹੇ ਹਨ। ਸਗੋਂ ਉਨ੍ਹਾਂ ਦੇ ਮਨਾਂ 'ਚ ਗੁੱਸਾ ਹੁੰਦਾ ਹੈ ਕਿ ਅੰਗਰੇਜ਼ੀ ਬੋਲਣ ਵਾਲੇ ਲੋਕ, ਜੋ ਆਪਣੇ ਆਪ ਨੂੰ ਪੱਛਮੀ ਸਮਝਦੇ ਹਨ ਉਨ੍ਹਾਂ ਨਾਲੋਂ ਚੰਗਾ ਟਾਇਮ ਪਾਸ ਕਰਦੇ ਹਨ। ਇਹ ਵੀ ਇੱਕ ਅਜੀਬ ਜਿਹਾ ਵਰਤਾਰਾ ਹੈ ਭਾਰਤੀ ਸਮਾਜ ਵਿੱਚ। ਪਰ ਗੰਭੀਰਤਾ ਨਾਲ ਦੇਖੋ, ਧਾਰਮਿਕ ਸੱਜੇ ਪੱਖੀਆਂ ਦਾ ਸਿੱਧਾ ਸੰਬੰਧ ਨਿੱਜੀਕਰਨ ਤੇ ਸੰਸਾਰੀਕਰਨ ਨਾਲ ਹੈ। ਜਦੋਂ ਦੇਸ਼ ਦੇ ਸਮੁੱਚੇ ਵਸੀਲੇ ਵਿਦੇਸ਼ੀ ਕੰਪਨੀਆਂ ਨੂੰ ਦੇਣ ਦੀ ਗੱਲ ਦਾ ਵਜ਼ਨ ਵਧ ਜਾਂਦਾ ਹੈ ਤਾਂ ਭਾਰਤੀ ਸਿਆਸਤ 'ਚ ਗਰਮੀ ਆ ਜਾਂਦੀ ਹੈ। ਸਿਆਸੀ ਹਾਲਾਤ ਅਸੁਖਾਵੇਂ ਹੋ ਜਾਂਦੇ ਹਨ। ਅਜਿਹੇ ਮੌਕੇ ਹਿੰਦੂ ਸੱਜੇ ਪੱਖੀ ਧਰਮ ਦੇ ਜਾਨੂੰਨੀ ਨਾਹਰੇ ਲਾਉਣ ਲੱਗ ਪੈਂਦੇ ਹਨ। ਇਹ ਇੱਕ ਭੱਦੀ ਖੇਡ ਹੈ, ਇਹ ਤਿੰਨੇ ਇੱਕੋ ਪਾਸੇਂ ਜਾ ਰਹੇ ਹਨ। ਬਾਬਰੀ ਮਸਜਿਦ ਢਹਿਣਾ, ਮੰਦਰ ਦੇ ਬਣਨ ਜਾਂ ਨਾਂ ਬਣਨ ਵਰਗੇ ਸਾਰੇ ਮੁੱਦੇ ਸਰਮਾਏਦਾਰੀ ਦੀ ਕੋਝੀ ਖੇਡ ਦੇ ਹੀ ਹਿੱਸੇ ਸਨ। ਸਾਨੂੰ ਇਹ ਸਭ ਕੁਝ ਸਮਝਣਾ ਚਾਹੀਦਾ ਹੈ ਕਿ ਇੱਕ ਪਾਸੇ ਤਾਂ ਅਸੀਂ ਸੰਸਾਰੀਕਰਨ ਜਾਂ ਦੁਨੀਆਂ ਨੂੰ ਇਕ ਪਿੰਡ ਬਣਾਉਣ ਦੇ ਨਾਂਅ ਉੱਤੇ ਦੇਸ਼ ਨੂੰ ਪੱਛਮ ਦੀਆਂ ਬਹੁ-ਕੌਮੀ ਕੰਪਨੀਆਂ ਨੂੰ ਵੇਚਣ ਉੱਤੇ ਤੁਲੇ ਹੋਏ ਹਾਂ। ਦੂਜੇ ਪਾਸੇ ਅਸੀਂ ਸਰਹੱਦਾਂ ਦੀ ਰਾਖੀ ਲਈ ਮਾਰੂ ਹੱਥਿਆਰ ਬਣਾ ਰਹੇ ਹਾਂ। ਜਦ ਸੰਸਾਰ ਨੇ ਪਿੰਡ ਬਣਨਾ ਹੈ ਤਾਂ ਇਹ ਲੜਾਈਆਂ ਕਿਉਂ? ਹੱਥਿਆਰਾਂ ਦੀ ਤਾਂ ਲੋੜ ਹੀ ਨਹੀਂ। ਕਿਉਂ ਕਰੋੜਾਂ ਰੁਪਏ ਬਰਬਾਦ ਕਰ ਰਹੇ ਹਾਂ।
ਮੈਂ ਉਸ ਦਾ, ਉਸ ਦੇ ਪਿਛਲੇ ਲੈਕਚਰ ਵੱਲ ਧਿਆਨ ਦਿਵਾਉਂਦਿਆਂ ਆਖਿਆ। ਤੁਸੀਂ ਭਾਰਤੀ ਤਰੱਕੀ ਉਨ੍ਹਾਂ ਦੋ ਟਰੱਕਾਂ ਨਾਲ ਕਰਦੇ ਹੋ ਜਿਨ੍ਹਾਂ 'ਚੋਂ ਇੱਕ ਬਹੁਤ ਛੋਟਾ ਹਨੇਰੇ 'ਚੋਂ ਰੌਸ਼ਨੀ 'ਚਂ ਜਾ ਰਿਹਾ ਹੈ, ਤੁਸੀਂ ਇਸ ਗੱਲ 'ਚ ਕੀ ਕਹਿਣਾ ਚਾਹੁੰਦੇ ਸੀ।
ਉਸ ਨੇ ਲੰਮਾ ਸਾਹ ਲੈਂਦਿਆ ਤੇ ਹਲਕਾ ਜਿਹਾ ਖੰਘੂਰਾ ਮਾਰਦਿਆਂ ਆਖਿਆ, "ਭਾਰਤ ਇੱਕੋ ਸਮੇਂ ਕਈ ਸਦੀਆਂ 'ਚੋਂ ਗੁਜ਼ਰ ਰਿਹਾ ਹੈ। ਮੈਂ ਕਈ ਰਾਤਾਂ ਤੋਂ ਆਪਣੇ ਘਰ ਦੇ ਬਾਹਰ ਦੇਖਦੀ ਸਾਂ ਕਿ ਕੁਝ ਮਜ਼ਦੂਰ ਫਾਇਬਰ ਅਪਟੀਕਲ ਦੀ ਕੇਬਲ (ਅਤੀ-ਆਧੁਨਿਕ ਬਿਜਲਈ ਤਾਰ) ਵਿਛਾਉਣ ਲਈ ਖੱਡੇ ਪੁੱਟ ਰਹੇ ਸਨ। ਪਰ ਇਹ ਕੰਮ ਉਹ ਦੇਸੀ ਮੋਮਬੱਤੀਆਂ, ਦੀਵਿਆਂ ਤੇ ਲਾਲਟੈਣਾਂ ਦੀ ਲੋਅ 'ਚ ਕਰ ਰਹੇ ਸਨ। ਇਹ ਕੁੱਝ ਹੋ ਰਿਹਾ ਹੈ। ਅੱਜ ਭਾਰਤ ਵਿੱਚ। ਜਿਹੜੀਆਂ ਰੌਸ਼ਨੀਆਂ ਹਨੇਰੇ 'ਚ ਪਿਘਲ ਰਹੀਆਂ ਹਨ ਉਨ੍ਹਾਂ ਦੀ ਕੋਓੀ ਸਾਰ ਨਹੀਂ ਲੈ ਰਿਹਾ। ਕੋਈ ਉਨ੍ਹਾਂ ਦੀ ਆਵਾਜ਼ ਨਹੀਂ ਸੁਣ ਰਿਹਾ। ਉਨ੍ਹਾਂ ਲਈ ਟੈਲੀਵੀਜ਼ਨ ਦੇ ਪਰਦੇ ਉੱਤੇ ਜਾਂ ਅਖ਼ਬਾਰਾਂ ਦੇ ਸਫ਼ਿਆਂ ਉੱਤੇ ਕੋਈ ਥਾਂ ਨਹੀਂ। ਕੀ ਉਨਾਂ ਦਾ ਇਸ ਸਭ ਕਾਸੇ 'ਚ ਹਿੱਸਾ ਨਹੀਂ। ਜਿਹੜੇ ਕੁਝ ਲੋਕਾਂ ਕੋਲ ਰੋਸ਼ਨੀ ਹੈ ਅਤੇ ਉੱਚੇ ਥਾਂ ਉੱਤੇ ਖੜੇ ਹਨ ਉਨਾਂ ਦੀ ਨਿਗਾਹ ਥੱਲੇ ਹਨੇਰੇ 'ਚ ਪਏ ਸ਼ੁਮਾਰ ਲੋਕਾਂ ਨੂੰ ਦੇਖਣ ਤੋਂ ਅਸਮੱਰਥ ਹੋ ਗਈ ਹੈ। ਦਿੱਲੀ 'ਚ ਸੋਹਣੀਆਂ ਤੇ ਵੱਡੀਆਂ ਕਾਰਾਂ ਦੇ ਕਾਫ਼ਲੇ ਵਧ ਰਹੇ ਹਨ। ਹੋਟਲਾਂ ਦੇ ਦਰਵਾਜੇ ਹੋਰ ਖੂਬਸੂਰਤ ਤੇ ਮੋਕਲੇ ਹੋ ਰਹੇ ਹਨ। ਪਰ ਉਥੋਂ ਬੁੱਢੇ ਚੌਂਕੀਦਾਰ ਅਲੋਪ ਹੋ ਰਹੇ ਹਨ ਉਨ੍ਹਾਂ ਦੀ ਥਾਂ ਰਾਈਫਲਾਂ ਵਾਲੇ ਪਹਿਰੇਦਾਰ ਲੈ ਰਹੇ ਹਨ। ਇਨ੍ਹਾਂ ਸ਼ਹਿਰਾਂ 'ਚ ਗ਼ਰੀਬ ਨੂੰ ਸਿਰ ਦੀ ਜੂੰਅ ਬਣਾਇਆ ਜਾ ਰਿਹਾ ਹੈ। ਜਿਹੜੇ ਕਿਸੇ ਨੂੰ ਦਿਖਾਈ ਹੀ ਨਹੀਂ ਦੇ ਰਹੇ। ਅੱਜ ਭਾਰਤ 'ਚ ਜੋ ਚਮਕ ਰਿਹਾ ਹੈਉਸ ਦੇ ਆਸ-ਪਾਸ ਘੁੱਪ ਹਨੇਰਾ ਹੈ। ਪਰ ਕੋਈ ਜਾਣਨਾ ਹੀ ਨਹੀਂ ਚਾਹੁੰਦੇ ਕੀ ਹਨੇਰੇ 'ਚ ਕੀ ਹੋ ਰਿਹਾ ਹੈ। ਜਿਹੜੇ ਲੋਕ ਅਮੀਰ ਉਹ ਇਹ ਕਲਪਨਾ ਵੀ ਨਹੀਂ ਕਰਦੇ ਕਿ ਸੰਸਾਰ ਕਿੰਨਾ ਸੋਹਣਾ ਹੈ ਤੇ ਲੋਕ ਕਿੰਨੇ ਦੁਖੀ ਹਨ। ਉਸ ਦੀ ਭਾਵੁਕਤਾ ਨੂੰ ਭਾਂਪਦਿਆਂ ਮੈਂ ਉਸ ਨੂੰ ਸੁਆਲ ਕੀਤਾ ਕਿ ਕੀ ਤੁਸੀਂ ਲੋਕ ਮੁਕਤੀ ਦਾ ਕੋਈ ਵੱਡਾ ਕਾਰਵਾਂ ਬਣਾਉਗੇ ਜਾਂ ਕਿਸੇ ਵੱਡੇ ਕਾਰਵਾਂ 'ਚ ਸ਼ਾਮਲ ਹੋਵੋਗੇ।
ਮੇਰਾ ਸੁਆਲ ਸੁਣਦਿਆਂ ਹੀ ਉਹ ਕੁਝ ਅਸਹਿਜ ਹੋ ਗਈ ਤੇ ਉਸ ਨੇ ਜੁਆਬ ਨਾਂਹ 'ਚ ਦਿੱਤਾ। ਉਸ ਆਖਿਆ ਕਿ ਕਿਸੇ ਵੱਡੇ ਕਾਰਵਾਂ 'ਚ ਤੁਸੀਂ ਖੁਦ ਕੋਈ ਫ਼ੈਸਲਾ ਨਹੀਂ ਲੈ ਸਕਦੇ। ਉਹ ਕਹਿੰਦੀ ਉਹ ਪੜ੍ਹੀ ਲਿਖੀ ਹੈ, ਕਿਸੇ ਵੱਡੇ ਕਾਰਵਾਂ ਦੀ ਲੋੜ ਹੀ ਨਹੀਂ। ਮੈਂ ਨਹੀਂ ਚਾਹੁੰਦੀ ਕਿ ਮੈਂ ਕਿਸੇ ਵੱਡੇ ਕਾਰਵਾਂ ਦਾ ਹੱਥਠੋਕਾ ਬਣਾਂ ਜਾਂ ਉਸ ਤੋਂ ਪੀੜਤ ਹੋਵਾਂ। ਮੈਂ ਨਹੀਂ ਚਾਹੁੰਦੀ ਕਿ ਮੈਂ ਕਿਸੇ ਵੱਡੇ ਕਾਰਵਾਂ 'ਚ ਜਾ ਕੇ ਮੁੜ ਕਿਸੇ ਹਨੇਰੇ 'ਚ ਗੁਆਚ ਜਾਵਾਂ। ਮੈਂ ਇੱਕ ਲੇਖਕ ਹਾਂ। ਇੱਕ ਕਲਾਕਾਰ ਹਾਂ। ਮੈਂ ਹਮੇਸ਼ਾਂ ਸੋਚਦੀ ਹਾਂ। ਪੂਰੀ ਤਸਵੀਰ ਨੂੰ ਦੇਖਦੀ ਹਾਂ ਕਿ ਮੇਰੀ ਕਿੱਥੇ ਲੋੜ ਹੈ ਅਤੇ ਕਿੱਥੇ ਮੈਂ ਫਿੱਟ ਹੁੰਦੀ ਹਾਂ। ਸੋਲਾਂ ਸਾਲਾਂ ਦੀ ਸਾਂ ਜਦੋਂ ਮੈਂ ਘਰ ਛਡਿਆ, ਕੁਰਾਹੇ ਵੀ ਪੈ ਸਕਦੀ ਸੀ, ਪਰ ਮੈਂ ਕਦੇ ਵੀ ਸੋਚ ਤੇ ਸਮਝ ਦਾ ਪੱਲਾ ਨਹੀਂ ਛੱਡਿਆ। ਪਰ ਪਤਾ ਨਹੀਂ ਸ਼ਾਇਦ ਕਦੇ ਮੈਂ ਕਿਸੇ ਵੱਡੇ ਕਾਰਵਾਂ 'ਚ ਚਲੀ ਜਾਵਾਂ ਕਿਉਂਕਿ ਮੈਂ ਇਕੱਲੀ ਔਰਤ ਹਾਂ ਤੇ ਭਾਰਤ ਵਿੱਚ ਇਹ ਕੋਈ ਸੌਖੀ ਗੱਲ ਨਹੀਂ। ਮੈਂ ਸੋਚਦੀ ਹਾਂ ਕਈ ਵਾਰ ਕਿ ਸ਼ਾਇਦ ਮੇਰਾ ਅੰਤ ਬਹੁਤ ਦਰਦਨਾਕ ਹੋਵੇਗਾ। ਕਿਉਂਕਿ ਮੈਂ ਇਕੱਲੀ ਹਾਂ। ਜਦ ਅਜਿਹਾ ਨਹੀਂ ਹੁੰਦਾ ਤਾਂ ਮੈਂ ਖ਼ੁਸ਼ਕਿਸਮਤ ਹੋਵਾਂਗੀ। ਮੈਨੂੰ ਲੱਗਦਾ ਹੈ ਕਿ ਮੇਰੀਆਂ ਅੱਖਾਂ ਹੁਣ ਏਨੀਆਂ ਖੁੱਲ੍ਹ ਚੁੱਕੀਆਂ ਹਨ ਕਿ ਹੁਣ ਇਹ ਬੰਦ ਹੋਣੀਆਂ ਮੁਸ਼ਕਲ ਹਨ। ਕਦੇ-ਕੁਦਾਈਂ ਸੋਚਦੀ ਹਾਂ ਕਿ ਅੱਖਾਂ ਬੰਦ ਕਰ ਲਵਾਂ ਜਾਂ ਕਿਸੇ ਹੋਰ ਪਾਸੇ ਦੇਖਣ ਲੱਗ ਜਾਵਾਂ। ਸਦਾ ਇਹੋ ਕੰਮ ਹੀ ਨਾ ਕਰੀਂ ਜਾਵਾਂ ਸਦਾ ਸੌੜੀ ਸੋਚ ਵਾਲੇ ਲੋਕਾਂ ਦਾ ਨਿਸ਼ਾਨਾ ਹੀ ਨਾ ਬਣੀ ਰਹਾਂ। ਪਰ ਜਿੱਥੇ ਮੈਂ ਅੱਜ ਖੜੀ ਹਾਂ ਭਾਰਤ ਵਿੱਚ ਮੈਂ ਅੱਜ ਜਿੱਥੇ ਹਾਂ। ਹਮੇਸ਼ਾ ਲੋਕ ਕਾਜ਼ ਨਾਲ ਜੁੜੀ ਰਹਿਣਾ ਚਾਹੁੰਦੀ ਹਾਂ, ਪਰ ਮੈਂ ਇਹ ਵੀ ਸਮਝਦੀ ਹਾਂ ਕਿ ਮੈਂ ਇਕੱæਲੀ ਸਭ ਕੁਝ ਨਹੀਂ ਕਰ ਸਕਦੀ ਤੇ ਨਾ ਹੀ ਮੈਂ ਇਕੱਲੀ ਲੋਕ ਹਿੱਤਾਂ ਨਾਲ ਜੁੜਨ ਵਾਲੀ ਹਾਂ। ਹੋਰ ਬਹੁਤ ਸਾਰੇ ਲੋਕ ਆਪਣੇ ਆਪ ਨੂੰ ਇਸ ਕਾਜ਼ ਲਈ ਸਮਰਪਿਤ ਕਰ ਚੁੱਕੇ ਹਨ। ਪਰ ਮੈਂ ਆਪਣੇ ਆਲੇ-ਦੁਆਲੇ ਅਜਿਹਾ ਤਾਣਾ ਬਾਣਾ ਨਹੀਂ ਬੁਣਨਾ ਚਾਹੁੰਦੀ ਜਿੱਥੇ ਫਸ ਕੇ ਮੇਰੀ ਸਮਝ ਤੇ ਸੋਚ ਦਮ ਤੋੜ ਜਾਵੇ। ਇੱਕ ਸਮੇਂ ਤੁਸੀਂ ਸਭ ਕੁਝ ਨਹੀਂ ਦੇਖ ਸਕਦੇ, ਕੁਝ ਚੀਜ਼ਾਂ ਹੀ ਦੇਖ ਸਕਦੇ ਹੋ, ਪਰ ਜੋ ਕੁਝ ਤੁਸੀਂ ਦੇਖ ਰਹੇ ਹੋ ਉਸ ਨੂੰ ਰਾਜਸੀ ਅੱਖ ਨਾਲ ਨਾ ਦੇਖੋ ਉਸ ਨੂੰ ਉਸੇ ਰੂਪ ਵਿੱਚ ਦੇਖੋ ਜਿਸ ਰੂਪ ਵਿੱਚ ਉਹ ਹੈ।
ਉਸ ਦੀ ਗੱਲ ਹੁੰਦੀ ਦੇਖ ਮੈਂ ਮੁੜ ਸਾਹਿਤ ਵੱਲ ਮੁੜਦਾ ਹੋਇਆ ਉਸ ਨੂੰ ਸਵਾਲ ਕਰਦਾ ਹਾਂ ਕਿ ਤੁਸੀਂ ਹੋਰ ਨਾਵਲ ਨਹੀਂ ਲਿਖ ਰਹੇ। ਉਸ ਨੇ ਇੱਕ ਤੋੜਂ ਜੁਆਬ ਦਿੱਤਾ ਮੇਰੇ ਲਈ ਨਾਵਲ ਓਨਾ ਹੀ ਜ਼ਰੂਰੀ ਹੈ ਜਿੰਨਾ ਸਿਹਤ ਲਈ ਖਾਣਾ ਤੇ ਕਸਰਤ ਜ਼ਰੂਰੀ ਹੈ। ਪਰ ਅਜੇ ਇਹ ਮੁਸ਼ਕਲ ਹੈ। ਮੈਨੂੰ ਤਾਂ ਖੁਦ ਹੀ ਸਮਝ ਨਹੀਂ, ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਸੋਚ ਰਹੀ ਹਾਂ। ਪਤਾ ਨਹੀਂ ਮੈਂ ਕਦੋਂ ਇਹ ਆਖਣ ਜੋਗੀ ਹੋਵਾਂ ਕਿ ਮੈਂ ਨਵਾਂ ਨਾਵਲ ਲਿਖ ਰਹੀ ਹਾਂ। ਅਜੇ ਤਾਂ ਕੁਝ ਵੀ ਲਿਖਣ ਜੋਗੀ ਨਹੀਂ ਪਰ ਮੈਂ ਲਿਖਾਂਗੀ ਜਰੂਰ।
ਉਸ ਦੇ ਚਿਹਰੇ ਉੱਤੇ ਅਜੀਬ ਜਿਹੇ ਪ੍ਰਭਾਵ ਦੇਖਦਿਆਂ ਤੇ ਉਸ ਦੀ ਗੱਲ ਟੁੱਟਦਿਆਂ ਦੇਖ ਮੈਂ ਆਖਿਆ ਕਿ ਜਿਨ੍ਹਾਂ ਲੋਕਾਂ ਦੀ ਅਵਾਜ਼ ਨਹੀਂ ਤੁਸੀਂ ਉਨ੍ਹਾਂ ਨੂੰ ਆਵਾਜ਼ ਦੇਣਾ ਆਪਣੀ ਜ਼ਿੰਮੇਵਾਰੀ ਸਮਝਦੇ ਹੋ।
ਉਸ ਆਖਿਆ ਨਹੀਂ ਜ਼ਿੰਮੇਵਾਰੀ ਸ਼ਬਦ ਮੇਰੇ ਲਈ ਬਹੁਤ ਨੀਰਸ ਅਤੇ ਬੋਗਸ ਹੈ। ਮੈਂ ਆਖਿਆ ਕਿ ਤੁਸੀਂ ਜੋ ਕੁਝ ਕੀਤਾ ਹੈ ਉਸ ਦੀ ਪੂਰੀ ਦੁਨੀਆ 'ਚ ਪ੍ਰਸਿੱਧੀ ਹੈ, ਤੁਹਾਡਾ ਬੜਾ ਉੱਚਾ ਮੁਕਾਮ ਹੈ। ਉਸ ਨੇ ਹਲੀਮੀ 'ਚ ਆਖਿਆ ਪਰ ਮੈਂ ਅਜਿਹਾ ਕੁਝ ਨਹੀਂ ਕੀਤਾ ਕਿ ਮੈਂ ਪ੍ਰਸਿੱਧ ਹਾਂ ਜਾਂ ਪ੍ਰਸਿੱਧ ਹੋਵਾਂ। ਮੈਂ ਉਹੀਂ ਕੁਝ ਕੀਤਾ ਜੋ ਇੱਕ ਚੰਗੇ ਇਨਸਾਨ ਨੂੰ ਕਰਨਾ ਚਾਹੀਦਾ ਹੈ। ਮੈਂ ਤਾਂ ਇਥੇ ਖੜ੍ਹੀ ਹਾਂ ਕਿ ਤੁਸੀਂ ਜੋ ਕੁਝ ਲਿਖਦੇ ਹੋ ਉਸ ਨੂੰ ਜੀਵਿਆ ਜਾਵੇ। ਮੈਂ ਤਾਂ ਆਪਣੀਆਂ ਲਿਖਤਾਂ ਪਿੱਛੇ ਹੀ ਤੁਰ ਰਹੀ ਹਾਂ। ਹਾਂ ਏਨਾਂ ਜ਼ਰੂਰ ਹੈ ਕਿ ਜਦੋਂ ਤੁਹਾਨੂੰ ਪ੍ਰਸਿੱਧੀ ਮਿਲ ਜਾਂਦੀ ਹੈ ਇਹ ਕੰਮ ਜ਼ਰਾ ਸੌਖਾ ਹੋ ਜਾਂਦਾ ਹੈ ਪਰ ਮੈਨੂੰ ਪ੍ਰਸਿੱਧੀ ਦੋਵਾਂ ਤਰ੍ਹਾਂ ਦੀ ਹੀ ਮਿਲੀ ਹੈ ਬਹੁਤ ਸਾਰੇ ਹੱਕ 'ਚ ਹਨ, ਬਹੁਤ ਸਾਰੇ ਮੇਰੇ ਵਿਰੋਧ 'ਚ ਵੀ ਹਨ। ਪਰ ਵੱਡੀ ਗੱਲ ਤਾਂ ਇਹੋ ਕਿ ਤੁਹਾਨੂੰ ਆਪਣੇ ਆਪ ਦਾ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕਿੱਥੇ ਖੜੇ ਹੋ। ਹਰ ਕੰਮ ਆਪਣੇ ਵਿੱਤ ਮੁਤਾਬਿਕ ਹੀ ਕਰਨਾ ਚਾਹੀਦਾ ਹੈ। ਤੁਹਾਨੂੰ ਆਪਣੀ ਸ਼ਕਤੀ ਤੇ ਸਮਰੱਥਾ ਦਾ ਪਤਾ ਹੋਣਾ ਚਾਹੀਦਾ ਹੈ। ਪਰ ਆਪਣੀ ਸ਼ਕਤੀ ਦੀ ਸੁਚੱਜੀ ਵਰਤੋਂ ਵੀ ਕਰਨੀ ਚਾਹੀਦੀ ਹੈ ਇਸ ਨਾਲ ਤੁਹਾਡਾ ਆਪਣਾ ਸੰਤੁਲਨ ਵੀ ਬਣਿਆ ਰਹਿੰਦਾ ਹੈ। ਨਹੀਂ ਤਾਂ ਦੂਜੇ ਲੋਕ ਹੀ ਤੁਹਾਡੀ ਸ਼ੋਹਰਤ ਤੇ ਸ਼ਕਤੀ ਦਾ ਦੁਰ-ਉਪਯੋਗ ਕਰਨ ਲੱਗ ਜਾਂਦੇ ਹਨ। ਸੋਂ ਮੈਂ ਨਾ ਘੜੇ ਦੀ ਮੱਛੀ ਬਣਨਾ ਚਾਹੁੰਦੀ ਹਾਂ ਤੇ ਨਾ ਹੀ ਅਵਾਜ਼ਹੀਣ ਲੋਕਾਂ ਦਾ ਧੂਤੜੂ ਬਣਨਾ ਚਾਹੁੰਦੀ ਹਾਂ। ਪਰ ਕੁਝ ਲੋਕ ਮੇਰੇ ਨਾਲ ਇਸੇ ਲਈ ਗੁੱਸੇ ਹਨ ਕਿ ਮੇਰੇ ਕੋਲ ਹੁਣ ਉਹ ਥਾਂ ਹੈ ਜਿਹੜੀ ਉਹ ਖੁਦ ਚਾਹੁੰਦੇ ਸਨ। ਪਰ ਮੇਰੇ ਵਾਂਗ ਸੋਚਦੇ ਨਹੀਂ ਸਨ। ਉਹ "ਦੀ ਗਾੱਡ ਆਫ਼ ਸਮਾਲ ਥਿੰਗਜ਼" ਦੇ ਲਿਖਣ ਨੂੰ ਗਲਤੀ ਦੱਸਦੇ ਹਨ। ਸ਼ਾਇਦ ਇਹ ਗਲਤੀ ਹੀ ਹੋਵੇ ਪਰ ਇਸ ਦੇ ਪੜ੍ਹਨ ਨਾਲ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਬਣੇ ਡੈਮ ਅਤੇ ਬੰਬ ਆਪਣੇ ਆਪ ਹੀ ਤਬਾਹ ਹੋ ਗਏ।


ਮੁਲਾਕਾਤ -ਹਰਜਿੰਦਰ ਦੋਸਾਂਝ

1 comment: