ਸ਼ੇ ਗਵੇਰਾ ਦੀ ਤਲਾਸ਼ ਵਿਚ- ਖਾਲਿਦ ਸੁਹੇਲ
ਕੁੱਝ ਸਾਲ ਪਹਿਲਾਂ ਜਦੋਂ ਮੈਂ ਆਪਣੀ ਕਿਤਾਬ "ਹਿੰਸਾ ਤੇ ਅਮਨ ਦੇ ਪੈਗੰਬਰ" ਲਈ ਵੀਹਵੀਂ ਸਦੀ ਦੇ '12 ਸਿਆਸੀ ਰਹਿਨੁਮਾਵਾਂ ਦੀ ਜੀਵਨੀਆਂ ਦਾ ਅਧਿਐਨ ਕਰ ਰਿਹਾ ਸਾਂ, ਜਿਹਨਾਂ ਵਿਚ ਗਾਂਧੀ, ਨੈਲਸਨ ਮੰਡੇਲਾ ਵੀ ਸ਼ਾਮਲ ਸਨ ਤੇ ਮਾਰਟਨ ਲੂਥਰ ਕਿੰਗ ਤੇ ਹੋ ਚੀ ਮਿੰਨ੍ਹ, ਤਾਂ ਇਹਨਾਂ 12 ਆਗੂਆਂ ਵਿਚੋਂ ਸ਼ੇ ਗਵੇਰਾ ਦੀ ਸਖਸ਼ੀਅਤ ਨੇ ਮੈਨੂੰ ਸਭ ਤੋਂ ਵੱਧ ਪ੍ਰਭਾਵਤ ਕੀਤਾ ਸੀ। ਉਹਨਾਂ ਬਾਰੇ ਪੜ੍ਹਕੇ ਮੈਨੂੰ ਅੰਦਾਜ਼ਾ ਹੋਇਆ ਕਿ ਜਿੰਨੀ ਤੀਬਰਤਾ ਨਾਲ ਉਹ ਮੁਹੱਬਤ ਕਰਨ ਦੇ ਕਾਬਲ ਸੀ ਓਨੀ ਹੀ ਸ਼ਿੱਦਤ ਨਾਲ ਉਹ ਨਫ਼ਰਤ ਵੀ ਕਰ ਸਕਦਾ ਸੀ। ਜਿੰਨੀ ਬੇਦਰੇਗੀ ਨਾਲ ਉਹ ਲੜਦਾ ਸੀ, ਉਨੇ ਹੀ ਖਾਲੂਸ ਨਾਲ ਉਹ ਜ਼ਿੰਦਗੀ ਨੂੰ ਵੀ ਇਸ਼ਕ ਕਰਦਾ ਸੀ। ਉਹ ਇੱਕੋ ਵੇਲੇ ਯੋਧਾ ਵੀ ਸੀ ਤੇ ਮਸੀਹਾ ਵੀ।
ਇਹਨਾਂ 12 ਸਿਆਸੀ ਆਗੂਆਂ ਤੇ ਇਨਕਲਾਬੀਆਂ ਵਿਚੋਂ ਸ਼ੇ ਗਵੇਰਾ ਇੱਕੋ ਇਕ ਵਿਅਕਤੀ ਸੀ ਜਿਹੜਾ ਆਪਣੇ ਮੁੱਢਲੇ ਦੇਸ਼ ਤੋਂ ਇਲਾਵਾ ਕਿਸੇ ਹੋਰ ਦੇਸ ਦੀ ਸਿਆਸੀ ਜਦੋਜਹਿਦ ਵਿਚ ਵੀ ਸ਼ਰੀਕ ਹੋਇਆ। ਸ਼ੇ ਗਵੇਰਾ ਅਰਜਨਟਾਈਨਾ ਦਾ ਜੰਮਪਲ ਸੀ ਪਰ ਉਹ ਕਿਊਬਾ ਦੀ ਆਜ਼ਾਦੀ ਦੀ ਲੜਾਈ ਵਿਚ ਸ਼ਾਮਲ ਹੋਇਆ ਸੀ। ਇਸਦਾ ਕਾਰਨ ਇਹ ਸੀ ਕਿਉਂਕਿ ਨਾ ਸਿਰਫ਼ ਅਰਜਨਟਾਈਨਾ ਤੇ ਕਿਊਬਾ ਨੂੰ ਸਗੋਂ ਸਮੁੱਚੇ ਲਾਤੀਨੀ ਅਮਰੀਕਾ ਨੂੰ ਗ਼ੁਲਾਮੀ ਦੀਆਂ ਜ਼ੰਜੀਰਾਂ ਤੋਂ ਮੁਕਤ ਕਰਾਉਣਾ ਤੇ ਖੁਦਮੁਖਤਿਆਰੀ ਦੇ ਰਾਹ ਤੋਰਨਾ ਚਾਹੁੰਦਾ ਸੀ। ਸ਼ੇ ਗਵੇਰਾ ਸੋਸ਼ਲਿਸਟ ਇਨਕਲਾਬ ਨਾਲ ਸ਼ਿੱਦਤ ਨਾਲ ਮੁਹੱਬਤ ਕਰਦਾ ਸੀ ਤੇ ਸਰਮਾਏਦਾਨਾ ਲੁੱਟ ਦੇ ਨਿਜ਼ਾਮ ਨਾਲ ਸ਼ਿੱਦਤ ਨਾਲ ਘਿਰਣਾ ਕਰਦਾ ਸੀ।
ਜਦੋਂ ਮੈਕਸੀਕੋ ਵਿਚ ਪਹਿਲੀ ਵਾਰ ਸ਼ੇ ਗਵੇਰਾ ਦੀ ਮੁਲਾਕਾਤ ਫੀਡਲ ਕਾਸਟਰੋ ਨਾਲ ਹੋਈ ਸੀ ਤਾਂ ਕਾਸਟਰੋ ਨੇ ਉਹਨਾਂ ਨੂੰ ਡਾਕਟਰ ਵਜੋਂ ਆਪਣੀ ਗੁਰੀਲਾ ਸੈਨਾ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਇਹ ਸੱਦਾ ਉਸਨੇ ਕਬੂਲ ਕਰ ਲਿਆ। ਹੌਲੀ ਹੌਲੀ ਉਹ ਡਾਕਟਰ ਇਕ ਗੁਰੀਲਾ ਸੈਨਿਕ ਤੇ ਕਾਸਟਰੋ ਦੀ ਸੱਜੀ ਬਾਂਹ ਬਣ ਗਿਆ। ਕਿਊਬਾ ਦੇ ਇਨਕਲਾਬ ਦੀ ਸਫ਼ਲਤਾ ਵਿਚ ਸ਼ੇ ਗਵੇਰਾ ਦੀ ਦੇਣ ਬਹੁਤ ਵੱਡੀ ਸੀ।
ਸ਼ੇ ਗਵੇਰਾ ਦੀ ਜੀਵਨੀ ਪੜ੍ਹਕੇ ਮੇਰੇ ਦਿਲ ਵਿਚ ਇਹ ਖਾਹਿਸ਼ ਪੈਦਾ ਹੋਈ ਮੈਂ ਉਸ ਥਾਂ ਦੀ ਯਾਤਰਾ ਕਰਾਂ ਜਿਥੇ 20ਵੀਂ ਸਦੀ ਦਾ ਇਹ ਇਨਕਲਾਬੀ ਹੁਣ ਦਫਨ ਹੈ। ਸਫ਼ਲਤਾ ਹਾਸਲ ਕਰਨ ਪਿਛੋਂ ਜਦੋਂ ਕਾਸਟਰੋ ਨੇ ਕਿਊਬਾ ਦੀ ਅਗਵਾਈ ਸੰਭਾਲੀ ਤਾਂ ਉਸਨੇ ਸ਼ੇ ਗਵੇਰਾ ਨੂੰ ਆਪਣੇ ਮੰਤਰੀ ਚੁਣਿਆ। ਸ਼ੇ ਗਵੇਰਾ ਨੇ ਕੁਝ ਸਾਲਾਂ ਤੱਕ ਆਪਣੀ ਜ਼ਿੰਮੇਵਾਰੀ ਨਿਭਾਈ। ਜਦੋਂ ਉਸਨੇ ਦੇਖਿਆ ਕਿ ਇਨਕਲਾਬ ਆਪਣੇ ਪੈਰਾਂ ਉੱਤੇ ਖੜ੍ਹਾ ਹੋ ਗਿਆ ਹੈ ਤਾਂ ਉਸਨੇ ਮੰਤਰੀ ਵਜੋਂ ਅਸਤੀਫ਼ਾ ਦੇ ਦਿੱਤਾ। ਉਹ ਕਿਊਬਾ ਵਾਂਗ ਹੋਰ ਲਾਤੀਨੀ ਦੇਸ਼ਾਂ ਵਿਚ ਵੀ ਇਨਕਲਾਬ ਲਿਆਉਣਾ ਚਾਹੁੰਦਾ ਸੀ। ਜਿਵੇਂ ਹੀ ਸ਼ੇ ਗਵੇਰਾ ਕਿਊਬਾ ਤੋਂ ਰੂਪੋਸ਼ ਹੋਇਆ, ਅਮਰੀਕਾ ਦੀ ਖੁਫ਼ੀਆ ਏਜੰਸੀ ਸੀ।ਆਈ।ਏ। ਨੇ ਉਸਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਉਸ ਵੇਲੇ ਤੱਕ ਕਾਸਟਰੋ ਤੇ ਸ਼ੇ ਗਵੇਰਾ ਅਮਰੀਕਾ ਦੇ ਦੋ ਵੱਡੇ ਦੁਸ਼ਮਣ ਬਣ ਚੁੱਕੇ ਸਨ। ਕੁਝ ਸਾਲਾਂ ਦੀ ਜਾਸੂਸੀ ਪਿਛੋਂ ਅਮਰੀਕਾ ਦੇ ਖੁਫ਼ੀਆ ਏਜੰਟਾਂ ਨੇ 8 ਅਕਤੂਬਰ 1967 ਨੂੰ ਸ਼ੇ ਗਵੇਰਾ ਤੇ ਉਸਦੇ ਇਨਕਲਾਬੀ ਸਾਥੀਆਂ ਨੂੰ ਫੜ ਲਿਆ ਤੇ ਅਗਲੇ ਦਿਨ ਉਹਨਾਂ ਸਾਰਿਆਂ ਨੂੰ ਕਤਲ ਕਰ ਦਿੱਤਾ। ਅਮਰੀਕਾ ਸਰਕਾਰ ਸ਼ੇ ਗਵੇਰਾ ਦੀ ਹਰਮਨ ਪਿਆਰਤਾ ਤੋਂ ਐਨੀ ਡਰੀ ਹੋਈ ਸੀ ਕਿ ਉਸਨੇ ਕੇਵਲ ਉਸਦੇ ਦੋ ਹੱਥ ਹੀ ਦੁਨੀਆ ਨੂੰ ਦਿਖਏ ਪਰ ਉਸਦੀ ਲਾਸ਼ ਨੂੰ ਉਸਦੇ ਸਾਥੀਆਂ ਦੀਆਂ ਲਾਸ਼ਾਂ ਨਾਲ ਪੁਰਅਸਰਾਰ ਢੰਗ ਨਾਲ ਦਫ਼ਨਾ ਦਿੱਤਾ। ਸ਼ੇ ਗਵੇਰਾ ਦੇ ਪਰਸੰਸਕਾਂ ਨੂੰ ਲੰਮੇਂ ਸਮੇਂ ਤੱਕ ਇਹ ਖ਼ਬਰ ਨਾ ਹੋਈ ਕਿ ਉਹ ਕਿਥੇ ਦਫਨ ਹੈ।
ਸ਼ੇ ਗਵੇਰਾ ਦੇ ਕਤਲ ਦੇ ਤੀਹ ਸਾਲਾਂ ਪਿਛੋਂ 1997 ਵਿਚ ਇਕ ਪੱਤਰਕਾਰ ਨੇ ਬੁਲੀਵੀਆ ਦੇ ਇਕ ਜਰਨੈਲ ਨਾਲ ਸ਼ਰਾਬ ਪੀਂਦਿਆਂ ਪੁੱਛਿਆ ਕੀ ਉਸਨੂੰ ਪਤਾ ਹੈ ਕਿ ਸ਼ੇ ਗਵੇਰਾ ਨੂੰ ਕਿਥੇ ਦਫਨਾਇਆ ਗਿਆ। ਜਰਨੈਲ ਨੇ ਕਿਹਾ ਕਿ ਕਿਉਂ ਨਹੀਂ! ਉਸਨੂੰ ਸ਼ੇ ਗਵੇਰਾ ਦੀ ਕਬਰ ਦਾ ਪੂਰਾ ਇਲਮ ਹੈ। ਪੱਤਰਕਾਰ ਨੇ ਅਗਲੇ ਦਿਨ ਇਹ ਭੇਦ ਅਖ਼ਬਾਰਾਂ ਵਿਚ ਛਪਵਾ ਦਿੱਤਾ। ਖ਼ਬਰ ਛਪਣ ਪਿਛੋਂ ਉਸ ਜਰਨੈਲ ਨੂੰ ਸਰਕਾਰੀ ਭੇਦ ਜ਼ਾਹਰ ਕਰਨ ਦੀ ਸਜ਼ਾ ਵੀ ਮਿਲੀ। ਪਰ ਸ਼ੇ ਗਵੇਰਾ ਦੀ ਕਬਰ ਦੀ ਨਿਸ਼ਾਨਦੇਹੀ ਹੋ ਗਈ ਤੇ ਇਹ ਸੰਭਵ ਹੋ ਸਕਿਆ ਕਿ ਉਸਦੀ ਲਾਸ਼ ਨੂੰ ਬੁਲਿਵੀਆ ਤੋਂ ਕਿਊਬਾ ਲਿਆ ਕੇ ਪੂਰੇ ਮਾਣ ਸਨਮਾਣ ਨਾਲ ਦਫਨਾਇਆ ਜਾਏ।
ਸ਼ੇ ਗਵੇਰਾ ਦੀ ਜੀਵਨੀ ਪੜ੍ਹਕੇ ਮੇਰੇ ਦਿਲ ਵਿਚ ਇਹ ਖਾਹਸ਼ ਜਾਗੀ ਕਿ ਮੈਂ ਉਸ ਥਾਂ ਦੀ ਯਾਤਰਾ ਕਰਾਂ ਜਿਥੇ 20ਵੀਂ ਸਦੀ ਦਾ ਇਹ ਮਹਾਨ ਇਨਕਲਾਬੀ ਹੁਣ ਦਫਨ ਹੈ। ਇਹੀ ਖਾਹਿਸ਼ ਪੂਰੀ ਕਰਨ ਲਈ ਮੈਂ ਟਿਕਟ ਖਰੀਦੀ ਤੇ ਕਿਊਬਾ ਪਹੁੰਚ ਗਿਆ। ਪੁੱਛਗਿਛ ਕਰਨ ਤੇ ਪਤਾ ਲੱਗਾ ਕਿ ਸ਼ੇ ਗਵੇਰਾ ਸਾਂਟਾ ਕਲਾਰਾ ਸ਼ਹਿਰ ਵਿਚ ਦਫਨ ਹੈ ਜਿਹੜਾ ਮੇਰੇ ਹੋਟਲ ਤੋਂ ਸੌ ਮੀਲ ਦੂਰ ਸੀ। ਦੁੱਖ ਦੀ ਗੱਲ ਇਹ ਸੀ ਮੇਰੇ ਹੋਟਲ ਤੋਂ ਕੋਈ ਬੱਸ ਉਥੇ ਨਹੀਂ ਸੀ ਜਾਂਦੀ। ਪਰ ਮੈਂ ਇਕ ਟੈਕਸੀ ਡਰਾਈਵਰ ਨਾਲ ਗੱਲ ਕੀਤੀ ਜਿਹੜਾ 300 ਡਾਲਰ ਲੈ ਕੇ ਮੈਨੂੰ ਸਾਂਟਾ ਕਲਾਰਾ ਲੈ ਜਾਣ ਲਈ ਰਾਜ਼ੀ ਹੋ ਗਿਆ। ਜਿਸ ਦਿਨ ਅਸਾਂ ਸਾਂਟਾ ਕਲਾਰਾ ਜਾਣਾ ਸੀ, ਉਸੇ ਦਿਨ ਕਿਊਬਾ ਵਿਚ ਹਰੀਕੇਨ (ਸਮੁੰਦਰੀ ਤੂਫ਼ਾਨ) ਚਾਰਲੀ ਝੁੱਲ ਪਿਆ। ਇਸ ਹਰੀਕੇਨ ਨੇ ਸ਼ੇ ਗਵੇਰਾ ਦੀ ਤੂਫ਼ਾਨੀ ਸਖਸ਼ੀਅਤ ਦੀ ਯਾਦ ਤਾਜ਼ਾ ਕਰ ਦਿੱਤਾ।
ਅਗਲੇ ਦਿਨ ਮੈਂ ਸ਼ੇ ਗਵੇਰਾ ਦੀ ਕਬਰ ਉੱਤੇ ਹਾਜ਼ਰੀ ਦਿੱਤੀ। ਮੈਨੂੰ ਇਹ ਦੇਖਕੇ ਖੁਸ਼ੀ ਹੋਈ ਕਿ ਉਥੇ ਕਾਸਟਰੋ ਦੀ ਅਗਵਾਈ ਹੇਠਲੀ ਕਿਊਬਾ ਸਰਕਾਰ ਨੇ ਸ਼ੇ ਗਵੇਰਾ ਦਾ 20 ਫ਼ੁੱਟ ਉੱਚਾ ਬੁੱਤ ਸਥਾਪਤ ਕੀਤਾ ਹੋਇਆ ਹੈ। ਸ਼ੇ ਗਵੇਰਾ ਇਕ ਬੰਦੂਕ ਲਈ ਖੜ੍ਹਾ ਹੈ। ਇਸ ਗੁਰੀਲਾ ਸੈਨਿਕ ਦੀ ਮੂਰਤੀ ਵਿਚ ਸਟੈਚੂ ਆਫ ਲਿਬਰਟੀ ਜਿਹਾ ਹੁਸਨ ਤੇ ਵਕਾਰ ਹੈ। ਇਸ ਮੂਰਤੀ ਦੇ ਨਾਲ ਇਕ ਪੱਥਰ ਦੀ ਸਿਲ ਵੀ ਲੱਗੀ ਹੋਈ ਹੈ ਜਿਸ ਉਤੇ ਸਪੇਨੀ ਬੋਲੀ ਵਿਚ ਉਹ ਖ਼ਤ ਉੱਕਰਿਆ ਹੋਇਆ ਹੈ ਜਿਹੜਾ ਸ਼ੇ ਗਵੇਰਾ ਨੇ ਕਿਊਬਾ ਤੋਂ ਜਾਣ ਤੋਂ ਪਹਿਲਾਂ ਕਾਸਟਰੋ ਨੂੰ ਲਿਖਿਆ ਸੀ।
ਜਿਥੇ ਸ਼ੇ ਗਵੇਰਾ ਤੇ ਉਸਦੇ ਸਾਥੀਆਂ ਦੀਆਂ ਦੇਹਾਂ ਦਫਨ ਹਨ ਉਥੇ ਇਕ ਜਿਓਤੀ ਜਗ ਰਹੀ ਹੈ। ਇਹ ਜਿਓਤੀ ਉਹਨਾਂ ਕੁਰਬਾਨੀਆਂ ਦੀ ਯਾਦ ਦੁਆਉਂਦੀ ਹੈ ਜਿਹੜੀਆਂ ਇਹਨਾਂ ਮੁਜਾਹਦਾਂ ਨੇ ਆਜ਼ਾਦੀ ਦੀ ਲੜਾਈ ਵਿਚ ਅਰਪਿਤ ਕੀਤੀਆਂ ਸਨ।
ਇਸ ਮੂਰਤੀ ਤੋਂ ਕੁਝ ਮੀਲ ਦੂਰ ਸ਼ੇ ਗਵੇਰਾ ਦਾ ਅਜਾਇਬ ਘਰ ਵੀ ਹੈ ਜਿਹੜਾ ਰੇਲ ਗੱਡੀ ਦੇ ਡੱਬਿਆਂ ਵਿਚ ਬਣਾਇਆ ਗਿਆ ਹੈ। ਇਹ ਉਸ ਗੱਡੀ ਦੇ ਡੱਬੇ ਹਨ ਜਿਹਨਾਂ ਵਿਚ ਬੈਠਕੇ ਸ਼ੇ ਗਵੇਰਾ ਨੇ ਇਨਕਲਾਬ ਦੇ ਆਖਰੀ ਦਿਨ ਧਾਵਾ ਬੋਲਿਆ ਸੀ ਤੇ ਬਤਿਸਤਾ ਦੀ ਫੌਜ ਨੂੰ ਲੱਕਤੋੜ ਹਾਰ ਦਿੱਤੀ ਸੀ। ਇਸ ਹਮਲੇ ਪਿਛੋਂ ਬਤਿਸਤਾ ਤੇ ਅਮਰੀਕਾ ਦਾ ਜ਼ੋਰ ਟੁੱਟ ਗਿਆ ਸੀ ਤੇ ਅਗਲੇ ਦਿਨ ਸ਼ੇ ਗਵੇਰਾ ਤੇ ਕਾਸਟਰੋ ਨੇ ਕਿਊਬਾ ਵਿਚ ਇਨਕਲਾਬੀ ਹਕੂਮਤ ਕਾਇਮ ਕਰਨ ਦਾ ਐਲਾਨ ਕੀਤਾ ਸੀ। ਸ਼ੇ ਗਵੇਰਾ ਦੇ ਅਖੀਰੀ ਹੱਲੇ ਦੀ ਯਾਦ ਵਿਚ ਗੱਡੀ ਦੇ ਉਹ ਡੱਬੇ ਸੁਰੱਖਿਅਤ ਕਰ ਲਏ ਗਏ ਹਨ ਤੇ ਇਨਾਂ ਵਿਚ ਸ਼ੇ ਗਵੇਰਾ ਦਾ ਬਿਸਤਰ, ਉਸਦੇ ਕੱਪੜੇ, ਉਸਦੀਆਂ ਬੰਦੂਕਾਂ, ਉਸਦੇ ਬਜ਼ੂਕੇ ਤੇ ਹੈਮਕ ਨਿਸ਼ਾਨੀ ਦੇ ਤੌਰ 'ਤੇ ਰੱਖੇ ਹੋਏ ਹਨ ਤਾਂ ਜੋ ਉਸਨੇ ਪਰਸੰਸਕਾਂ ਨੂੰ ਇਕ ਗੁਰੀਲਾ ਸੰਰਗਾਮੀਏ ਦੀ ਜ਼ਿੰਦਗੀ ਦਾ ਅੰਦਾਜ਼ਾ ਹੋ ਸਕੇ।
ਜਦੋਂ ਮੈਂ ਸ਼ੇ ਗਵੇਰਾ ਦੇ ਮੁਜੱਸਮੇ ਤੇ ਅਜਾਇਬ ਘਰ ਨੂੰ ਵੇਖ ਕੇ ਵਾਪਸ ਪਰਤ ਰਿਹਾ ਸੀ ਤਾਂ ਮੈਨੂੰ ਉਹ ਤਕਰੀਰ ਯਾਦ ਆ ਰਹੀ ਸੀ ਜਿਹੜੀ ਉਸਨੇ 1965 ਵਿਚ ਤ੍ਰੈ-ਮਹਾਦੀਪੀ ਕਾਨਫਰੰਸ ਨੂੰ ਰੂ-ਪੋਸ਼ੀ ਦੀ ਹਾਲਤ ਵਿਚ ਭੇਜੀ ਸੀ। ਇਸ ਤਕਰੀਰ ਵਿਚ ਉਸਨੇ ਏਸ਼ੀਆ, ਅਫਰੀਕਾ ਤੇ ਲਾਤੀਨੀ ਅਮਰੀਕਾ ਦੇ ਲੋਕਾਂ ਨੂੰ ਸੱਦਾ ਦਿੱਤਾ ਸੀ ਕਿ ਉਹ ਜਮਹੂਰੀਅਤ ਤੇ ਸੋਸ਼ਲਿਜ਼ਮ ਲਈ ਜੀਅ ਜਾਨ ਨਾਲ ਲੜਨ ਤੇ ਸਾਮਰਾਜਸ਼ਾਹੀ ਵਿਰੁੱਧ ਓਨੀ ਹੀ ਘਿਰਣਾ ਨਾਲ ਜੱਦੋਜਹਿਦ ਕਰਨ ਤੇ ਇਸ ਤਰ੍ਹਾਂ ਆਪੋ ਆਪਣੇ ਦੇਸਾਂ ਵਿਚ ਇਨਕਲਾਬ ਲਿਆਕੇ ਆਪਣੇ ਸਮਾਜੀ, ਸਿਆਸੀ ਤੇ ਆਰਥਕ ਮਸਲਿਆਂ ਦੇ ਹੱਲ ਲਈ ਜੂਝਣ।
ਜਿਥੇ ਸ਼ੇ ਗਵੇਰਾ ਦੇ ਦਿਲ ਵਿਚ ਸਰਮਾਏਦਾਰੀ ਨਿਜ਼ਾਮ ਲਈ ਜਬਰਦਸਤ ਘਿਰਣਾ ਸੀ ਉਥੇ ਉਸਦੇ ਦਿਲ ਵਿਚ ਆਪਣੇ ਦੋਸਤਾਂ, ਬੱਚਿਆਂ ਤੇ ਇਨਕਲਾਬੀ ਸਾਥੀਆਂ ਲਈ ਬੇਪਨਾਹ ਪਿਆਰ ਸੀ ਤੇ ਇਸ ਪਿਆਰ ਦਾ ਪ੍ਰਗਟਾਵਾ ਉਸਦੇ ਉਹਨਾਂ ਦੋ ਖ਼ਤਾਂ ਤੋਂ ਹੁੰਦਾ ਹੈ ਜਿਹੜਾ ਉਸਨੇ ਕਿਊਬਾ ਨੂੰ ਖੈਰਬਾਦ ਕਹਿਣ ਤੋਂ ਪਹਿਲਾਂ ਆਪਣੇ ਕਾਮਰੇਡ ਕਾਸਟਰੋ ਤੇ ਆਪਣੇ ਬੱਚਿਆਂ ਨੂੰ ਲਿਖੇ ਸਨ।
ਸ਼ੇ ਗਵੇਰਾ ਦਾ ਕਾਸਟਰੋ ਦੇ ਨਾਂਅ ਆਖਰੀ ਖ਼ਤ
"ਅਲਵਿਦਾ ਫੀਡਲ, ਅਲਵਿਦਾ ਫੀਡਲ!
"ਇਸ ਵੇਲੇ ਮੈਨੂੰ ਤੇਰੇ ਨਾਲ ਆਪਣੀ ਦੋਸਤੀ ਦੀਆਂ ਬਹੁਤ ਸਾਰੀਆਂ ਗੱਲਾਂ ਯਾਦ ਆ ਰਹੀਆਂ ਹਨ। ਮੈਨੂੰ ਉਹ ਦਿਨ ਯਾਦ ਆ ਰਿਹਾ ਹੈ ਜਦੋਂ ਮਾਰੀਆ ਐਨਟੋਨੀਆ ਦੇ ਘਰ ਵਿਚ ਸਾਡੀ ਪਹਿਲੀ ਮੁਲਕਾਤ ਹੋਈ ਸੀ । ਉਦੋਂ ਤੁਸਾਂ ਮੈਨੂੰ ਇਨਕਲਾਬ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ਤੇ ਇਕਨਕਲਾਬ ਦੀ ਤਿਆਰੀ ਵਿਚ ਸਾਨੂੰ ਜਿਨ੍ਹਾਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ, ਉਹ ਵੀ ਮੈਨੂੰ ਪੂਰੀ ਤਰ੍ਹਾਂ ਯਾਦ ਹਨ।
"ਇਕ ਦੌਰ ਉਹ ਸੀ ਜਦੋਂ ਇਹ ਸਵਾਲ ਪੁੱਛਿਆ ਜਾਂਦਾ ਸੀ ਕਿ ਮੌਤ ਹੋ ਜਾਣ ਦੀ ਹਾਲਤ ਵਿਚ ਕਿਸਨੂੰ ਸੂਚਿਤ ਕੀਤਾ ਜਾਏ, ਕਿਉਂਕਿ ਉਹਨੀਂ ਦਿਨੀਂ ਇਨਕਲਾਬ ਦੇ ਰਾਹ ਵਿਚ ਮੌਤ ਦਾ ਖ਼ਤਰਾ ਸਾਨੂੰ ਸਾਰਿਆਂ ਨੂੰ ਸੀ। ਬਾਅਦ ਵਿਚ ਸਾਨੂੰ ਅਹਿਸਾਸ ਹੋਇਆ ਕਿ ਇਨਕਲਾਬ ਲਈ ਲੜਨ ਵਾਲੇ ਜਾਂ ਤਾਂ ਜਿੱਤ ਤੇ ਕਾਮਰਾਨੀ ਜਾ ਛੋਂਹਦੇ ਹਨ ਜਾਂ ਮੌਤ ਨੂੰ ਜਾ ਪਰਣਾਉਂਦੇ ਹਨ।
"ਹੁਣ ਅਸੀਂ ਪਰਪੱਕਤਾ ਦੇ ਕਈ ਪੜਾਅ ਲੰਘ ਚੁੱਕੇ ਹਾਂ ਅਤੇ ਹਾਲਾਤ ਵੀ ਐਨੇ ਨਾਟਕੀ ਨਹੀਂ ਰਹੇ। ਪਰ ਇਸ ਗੱਲ ਦਾ ਮੈਨੂੰ ਡੂੰਘਾ ਸੰਤੋਸ਼ ਹੈ ਕਿ ਮੈਂ ਉਹ ਸਾਰੇ ਫਰਜ਼ ਜਿਥੋਂ ਤੱਕ ਹੋ ਸਕਿਆ ਪੂਰੀ ਖੁਸਅਸੂਲਬੀ ਜਾਂ ਸੁਚੱਜਤਾ ਨਾਲ ਨਿਭਾਏ ਹਨ ਜਿਹੜੇ ਕਿਊਬਾ ਦੇ ਇਨਕਲਾਬ ਨੇ ਮੇਰੇ ਜ਼ੁੰਮੇ ਲਾਏ ਸਨ। ਹੁਣ ਮੈਂ ਤੁਹਾਨੂੰ, ਆਪਣੇ ਸਾਥੀਆਂ ਨੂੰ ਤੇ ਕਿਊਬਾ ਦੇ ਲੋਕਾਂ ਨੂੰ ਅਲਵਿਦਾ ਆਖ ਰਿਹਾ ਹਾਂ। ਮੈਂ ਜਾਣਦਾ ਹਾਂ ਕਿ ਕਿਊਬਾ ਦੇ ਲੋਕ ਤੇ ਮੈਂ ਇਨਕਲਾਬ ਦੇ ਰਾਹ ਵਿਚ ਹਮਸਫ਼ਰ ਰਹੇ ਹਾਂ।
"ਅੱਜ ਮੈਂ ਪਾਰਟੀ ਦੀ ਅਗਵਾਈ, ਵਜ਼ਾਰਤ ਦੇ ਅਹੁਦੇ, ਫੌਜ ਵਿਚ ਮੇਜਰ ਦੇ ਰੁਤਬੇ ਤੇ ਕਿਊਬਾ ਦੀ ਨਾਗਰਿਕਤਾ ਤੋਂ ਅਸਤੀਫ਼ਾ ਦੇ ਰਿਹਾ ਹਾਂ। ਹੁਣ ਕਾਨੂੰਨੀ ਤੌਰ 'ਤੇ ਕਿਉਬਾ ਨਾਲ ਮੇਰਾ ਕੋਈ ਬੰਧਨ ਨਹੀਂ ਰਿਹਾ। ਹੁਣ ਸਿਰਫ ਉਹੀ ਬੰਧਨ ਰਹਿਣਗੇ ਜਿਹੜੇ ਕੁਝ ਵਖਰੇ ਢੰਗ ਦੇ ਹਨ ਤੇ ਅਟੁੱਟ ਹਨ।
"ਜਦੋਂ ਮੈਂ ਬੀਤੇ ਵੱਲ ਝਾਤ ਮਾਰਦਾ ਹਾਂ ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਇਨਕਲਾਬ ਦੀ ਜਿੱਤ ਤੇ ਕਾਮਰਾਨੀ ਲਈ ਬੜੀ ਮਿਹਨਤ ਤੇ ਜੀਅ-ਜਾਨ ਨਾਲ ਕੰਮ ਕੀਤਾ। ਮੇਰੀ ਸਿਰਫ ਇਹ ਗ਼ਲਤੀ ਸੀ ਕਿ ਮੈਂ ਸ਼ੁਰੂ ਤੁਹਾਡੇ ਉੱਤੇ ਪੂਰਾ ਭਰੋਸਾ ਨਾ ਪ੍ਰਗਟਾਇਆ। ਮੈਨੂੰ ਤੁਹਾਡੇ ਇਨਕਲਾਬੀ ਤੇ ਸੈਨਿਕ ਅਗਵਾਈ ਦੇ ਗੁਣਾਂ ਨੂੰ ਸਮਝਣ ਵਿਚ ਕੁਝ ਦੇਰ ਲੱਗੀ ਤਾਂ ਵੀ ਮੈਂ ਤੁਹਾਡੇ ਤੇ ਕਿਊਬਾ ਦੇ ਲੋਕਾਂ ਨਾਲ ਕੁਝ ਯਾਦਗਾਰੀ ਦਿਨ ਗੁਜ਼ਾਰੇ ਹਨ। ਮੈਨੂੰ ਇਨਕਲਾਬ ਦੇ ਸੰਘਰਸ਼ ਵਿਚ ਸ਼ਾਮਲ ਹੋਣ ਉੱਤੇ ਫਖ਼ਰ ਹੈ। ਇਹ ਅੱਡਰੀ ਗੱਲ ਹੈ ਕਿ ਕਰਿਬੀਅਨ ਸੰਕਟ ਦੇ ਦਿਨੀਂ ਸਾਨੂੰ ਕੁਝ ਸੋਗਵਾਰ ਦਿਨ ਵੀ ਦੇਖਣੇ ਪਏ। ਪਰ ਇਹਨਾਂ ਮੁਸ਼ਕਲ ਹਾਲਤਾਂ ਵਿਚ ਤੁਸਾਂ ਬੜੀ ਖੁਸ਼ਅਸੂਲਬੀ ਨਾਲ ਆਪਣੇ ਲੋਕਾਂ ਦੀ ਅਗਵਾਈ ਕੀਤੀ ਅਤੇ ਮੈਂ ਬੜੀ ਸੁਹਦਿਤਾ ਨਾਲ ਤੁਹਾਡੀ ਅਗਵਾਈ ਤੇ ਤੁਹਾਡੇ ਸਨੇਹੇ ਤੇ ਤੁਹਾਡੇ ਅਸੂਲਾਂ ਨੂੰ ਦਿਲ ਨਾਲ ਲਾਇਆ।
"ਹੁਣ ਮੈਂ ਸਮਝਦਾ ਹਾਂ ਕਿ ਦੁਨੀਆ ਦੇ ਹੋਰ ਦੇਸ਼ਾਂ ਨੂੰ ਮੇਰੀਆਂ ਸੇਵਾਵਾਂ ਦੀ ਲੋੜ ਹੈ। ਤੁਹਾਡੇ ਲਈ ਇਸ ਸਫ਼ਰ ਵਿਚ ਮੇਰਾ ਸਾਥ ਦੇਣਾ ਸੰਭਵ ਨਹੀਂ ਕਿਉਂ ਤੁਹਾਡੇ ਮੋਢਿਆਂ ਉੱਤੇ ਤੁਹਾਡੀ ਕੌਮ ਦੇ ਭਵਿੱਖ ਦਾ ਬੋਝ ਹੈ। ਮੈਂ ਇਹਨਾਂ ਜ਼ਿੰਮੇਵਾਰੀਆਂ ਤੋਂ ਮੁਕਤ ਹਾਂ ਤੇ ਅਲਵਿਦਾ ਆਖ ਸਕਦਾ ਹਾਂ।
"ਮੈਂ ਇਸ ਹਕੀਕਤ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੈਂ ਇਹ ਕਦਮ ਰਲੇ-ਮਿਲੇ ਜਜ਼ਬਾਤ ਨਾਲ ਚੁੱਕ ਰਿਹਾ ਹਾਂ। ਮੇਰੇ ਦਿਲ ਵਿਚ ਖੁਸ਼ ਦੇ ਜਜ਼ਬੇ ਵੀ ਹਨ ਤੇ ਦੁੱਖ ਦੇ ਵੀ। ਮੈਂ ਆਪਣੇ ਪਿੱਛੇ ਆਪਣੇ ਸੁਪਨੇ, ਆਪਣੇ ਆਦਰਸ਼ ਤੇ ਆਪਣੇ ਬਾਲ ਬੱਚੇ ਛੱਡ ਕੇ ਜਾ ਰਿਹਾ ਹਾਂ। ਮੈਂ ਉਸ ਧਰਤੀ ਦੇ ਲੋਕਾਂ ਤੋਂ ਅੱਡ ਹੋ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਆਪਣਾ ਬੇਟਾ ਬਣਾਇਆ। ਮੈਨੂੰ ਇਸਦਾ ਬਹੁਤ ਦੁੱਖ ਹੈ। ਤੁਸਾਂ ਜਿਸ ਜੰਗ ਦੇ ਗੁਰ ਮੈਨੂੰ ਸਿਖਾਏ, ਉਹ ਜੰਗ ਮੈਂ ਹੁਣ ਨਵੇਂ ਮੁਹਾਜ਼ਾਂ ਉੱਤੇ ਲੈ ਕੇ ਜਾ ਰਿਹਾ ਹਾਂ। ਮੈਂ ਉਹੀ ਇਨਕਲਾਬੀ ਰੂਹ ਹੋਰਨਾਂ ਕੌਮਾਂ ਦੇ ਲੋਕਾਂ ਵਿਚ ਟੁੰਬਣਾ ਚਾਹੁੰਦਾ ਹਾਂ। ਮੈਂ ਬਸਤੀਵਾਦੀ ਦੇ ਖਿਲਾਫ਼ ਸੰਘਰਸ਼ ਨੂੰ ਆਪਣਾ ਸਭ ਤੋਂ ਪਵਿਤਰ ਫਰਜ਼ ਸਮਝਦਾ ਹਾਂ। ਜਦੋਂ ਮੈਂ ਇਸ ਸੰਘਰਸ਼ ਵਿਚ ਸ਼ਾਮਲ ਹੁੰਦਾ ਹਾਂ ਤਾਂ ਮੇਰੇ ਜ਼ਖ਼ਮਾਂ ਉੱਤੇ ਮਰਹਮ ਲੱਗ ਜਾਂਦੀ ਹੈ, ਮੈਂ ਆਪਣੇ ਇਸ ਨਿਰਣੇ ਨੂੰ ਮੁੜ ਦੁਹਰਾਉਣਾ ਚਾਹੁੰਦਾ ਹਾਂ ਕਿ ਕਿਊਬਾ ਮੇਰੇ ਅਮਲਾਂ ਦਾ ਜ਼ੁੰਮੇਵਾਰ ਨਹੀਂ। ਜੇ ਇਸ ਦੁਨੀਆ ਤੋਂ ਤੁਰਨ ਸਮੇਂ ਮੈਂ ਕਿਸੇ ਹੋਰ ਆਕਾਸ਼ ਹੇਠ ਹੋਇਆ ਤਾਂ ਮੇਰੇ ਦਿਲ ਵਿਚ ਕਿਊਬਾ ਦੀ ਧਰਤੀ ਤੇ ਇਸਦੇ ਲੋਕਾਂ ਲਈ ਉਨਸ ਤੇ ਪਿਆਰ ਦੇ ਜਜ਼ਬੇ ਜਿਉਂ ਦੇ ਤਿਉਂ ਕਾਇਮ ਹੋਣਗੇ।
"ਮੈਂ ਤੁਹਾਡਾ ਰਿਣੀ ਹਾਂ ਕਿਉਂਕਿ ਮੈਂ ਤੁਹਾਥੋਂ ਬਹੁਤ ਕੁਝ ਸਿੱਖਿਆ। ਮੈਂ ਆਖਰੀ ਸਵਾਸ ਤੱਕ ਤੁਹਾਡਾ ਵਫ਼ਾਦਾਰ ਰਹਾਂਗਾ। ਮੈਂ ਕਿਊਬਾ ਦੀ ਬਦੇਸ਼ੀ ਨੀਤੀ ਨਾਲ ਹਮੇਸ਼ਾ ਸਹਿਮਤ ਰਿਹਾ ਹਾਂ। ਮੈਂ ਜਿਥੇ ਵੀ ਜਾਵਾਂਗਾ, ਆਪਣੇ ਆਪ ਨੂੰ ਹਮੇਸ਼ਾ ਕਿਊਬਾ ਦਾ ਇਨਕਲਾਬੀ ਸਮਝਦਾ ਰਹਾਂਗਾ, ਮੈਨੂੰ ਇਸ ਗੱਲ ਦਾ ਅਫਸੋਸ ਨਹੀਂ ਕਿ ਮੈਂ ਆਪਣੀ ਪਤਨੀ ਤੇ ਬੱਚਿਆਂ ਲਈ ਕੋਈ ਸੰਪਤੀ ਜਾਂ ਰਕਮ ਛੱਡਕੇ ਨਹੀਂ ਜਾ ਰਿਹਾ। ਮੈਂ ਏਸੇ ਹਾਲ ਵਿਚ ਖੁਸ਼ ਹਾਂ ਉਹਨਾਂ ਲਈ ਮੈਂ ਤੁਹਾਥੋਂ ਵੀ ਕੁਝ ਨਹੀਂ ਮੰਗਦਾ। ਮੈਨੂੰ ਪੂਰੀ ਆਸ ਹੈ ਕਿ ਕਿਊਬਾ ਦੀ ਸਰਕਾਰ ਉਹਨਾਂ ਦਾ ਖਿਆਲ ਰੱਖੇਗੀ ਤੇ ਉਹਨਾਂ ਦੇ ਖਾਣ ਪੀਣ ਤੇ ਪੜ੍ਹਾਈ ਲਿਖਾਈ ਦਾ ਇੰਤਜ਼ਾਮ ਕਰੇਗੀ। "ਮੈਂ ਤੁਹਾਨੂੰ ਤੇ ਕਿਊਬਾ ਦੇ ਲੋਕਾਂ ਨੂੰ ਬਹੁਤ ਕੁਝ ਕਹਿਣਾ ਚਾਹੁੰਦਾ ਹਾਂ। ਪਰ ਉਹ ਸਾਰਾ ਕੁਝ ਕਹਿਣਾ ਐਨਾ ਜ਼ਰੂਰੀ ਵੀ ਨਹੀਂ ਮੇਰੇ ਸ਼ਬਦ ਮੇਰੇ ਜਜ਼ਬਿਆਂ ਦੀ ਪੂਰੀ ਤਰਜ਼ਮਾਨੀ ਨਹੀਂ ਕਰ ਸਕਦੇ। ਮੈਂ ਸ਼ਬਦਾਂ ਦੀ ਬਾਜ਼ੀਗਰੀ ਦੇ ਹੱਕ ਵਿਚ ਵੀ ਨਹੀਂ ਹਾਂ।
"ਅਸੀਂ ਸਦਾ ਇਨਕਲਾਬ ਵੱਲ ਕਦਮ ਵਧਾਉਂਦੇ ਰਹਾਂਗੇ। ਮੈਂ ਆਪਣੇ ਪੂਰੇ ਇਨਕਲਾਬੀ ਜੋਸ਼ ਦੇ ਵਲਵਲੇ ਨਾਲ ਤੁਹਾਨੂੰ ਆਪਣੇ ਗਲ਼ ਲਾਉਂਦਾ ਹਾਂ।"
"ਸ਼ੇ"
ਸ਼ੇ ਨੇ ਆਪਣੇ ਬੱਚਿਆਂ ਦੇ ਨਾਂਅ ਜਿਹੜਾ ਖ਼ਤ ਲਿਖਿਆ ਸੀ ਉਹਨਾਂ ਵਿਚ ਵੀ ਕੁਝ ਅਜਿਹੇ ਖਿਆਲਾਂ ਦਾ ਪ੍ਰਗਟਾਵਾ ਕੀਤਾ ਸੀ। ਖ਼ਤ ਸੀ:
"ਮੇਰੇ ਪਿਆਰੇ ਬੱਚਿਓ"
"ਤੁਹਾਡਾ ਪਿਤਾ ਸਾਰੀ ਉਮਰ ਆਪਣੇ ਸੁਪਨਿਆਂ ਦੇ ਆਦਰਸ਼ਾਂ ਦਾ ਵਫ਼ਾਦਾਰ ਰਿਹਾ ਹੈ ਮੇਰੀ ਕਾਮਨਾ ਹੈ ਕਿ ਤੁਸੀਂ ਵੀ ਇਨਕਲਾਬੀ ਬਨਣਾ। ਦੁਨੀਆ ਵਿਚ ਜਿਥੇ ਵੀ ਅਨਿਆਂ ਨਜ਼ਰ ਆਏ। ਉਸ ਦੇ ਖਿਲਾਫ਼ ਰੋਸ ਪਰਗਟ ਕਰਨਾ। ਜ਼ੁਲਮ ਵਿਰੁੱਧ ਰੋਸ ਪਰਗਟ ਕਰਨਾ ਹੀ ਇਕ ਇਨਕਲਾਬੀ ਦਾ ਵਧੀਆ ਗਣ ਹੈ।"
ਸ਼ੇ ਗਵੇਰਾ ਦੀ ਜੀਵਨੀ ਦਾ ਅਧਿਐਨ ਕਰਨਾ ਤੇ ਕਿਊਬਾ ਜਾ ਕੇ ਉਸਦੀ ਮੂਰਤੀ ਨੂੰ ਦੇਖਣਾ ਮੇਰੀ ਜ਼ਿੰਦਗੀ ਦਾ ਇਕ ਯਾਦਗਾਰੀ ਵਾਕਿਆ ਹੈ ਜਿਸਨੂੰ ਮੈਂ ਸਾਰੀ ਉਮਰ ਭੁੱਲ ਨਹੀਂ ਸਕਾਂਗਾ। ਸ਼ੇ ਗਵੇਰਾ ਨੇ ਨਿਆਂ, ਆਜ਼ਾਦੀ ਤੇ ਇਨਕਲਾਬ ਦਾ ਜਿਹੜਾ ਸੁਪਨਾ ਦੇਖਿਆ ਸੀ ਉਸਨੂੰ ਹੁਣ ਲਾਤੀਨੀ ਅਮਰੀਕਾ ਦੇ ਆਗੂ ਸਾਕਾਰ ਕਰਨ ਦੀ ਕੋਸ਼ਸ਼ ਕਰ ਰਹੇ ਹਨ ਕਿਉਂਕਿ ਉਹਨਾਂ ਨੂੰ ਅਮਰੀਕਾ ਦੇ ਉਹਨਾਂ ਗੁਪਤ ਬਸਤੀਵਾਦੀ ਇਰਾਦਿਆਂ ਦਾ ਗਿਆਨ ਹੋ ਰਿਹਾ ਹੈ, ਜਿਨ੍ਹਾਂ ਦੀ ਨਿਸ਼ਾਨਦੇਹੀ ਸੇ ਗਵੇਰਾ ਨੇ ਸਾਲ ਪਹਿਲਾਂ ਕੀਤੀ ਸੀ। ਅਮਰੀਕੀ ਹਕੂਮਤ ਨੇ ਗਵੇਰਾ ਨੂੰ ਪੁਰਅਸਰਾਰ ਢੰਗ ਨਾਲ ਦਫਨਾਉਣ ਦੀ ਕੋਸ਼ਸ਼ ਕੀਤੀ ਪਰ ਉਹ ਉਸਦੀ ਯਾਦ ਨੂੰ ਮਿਟਾਉਣ ਵਿਚ ਸਫ਼ਲ ਨਾ ਹੋ ਸਕੇ। ਸ਼ੇ ਦੀ ਯਾਦ ਨੂੰ ਮਿਟਾਉਣ ਵਿਚ ਸਫ਼ਲ ਨਾ ਹੋ ਸਕੇ। ਸ਼ੇ ਦੀ ਯਾਦ ਸਾਰੀ ਦੁਨੀਆ ਦੇ ਇਨਕਲਾਬੀਆਂ ਦੇ ਦਿਲ ਵਿਚ ਜਿਉਂਦੀ ਹੈ। ਸ਼ੇ ਗਵੇਰਾ ਤੇ ਹੋ ਚੀ ਮਿੰਨ੍ਹ ਵੀਹਵੀਂ ਸਦੀ ਦੇ ਉਹਨਾਂ ਰਹਿਨੁਮਾਵਾਂ ਵਿਚੋਂ ਹਨ ਜਿਹਨਾਂ ਨੇ ਜ਼ੁਲਮ ਦੇ ਖਿਲਾਫ਼ ਜੰਗ ਲੜਦਿਆਂ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ। ਉਹਨਾਂ ਦੇ ਜੀਵਨ ਅੱਜ ਵੀ ਇਨਕਲਾਬੀਆਂ ਲਈ ਰਾਹ ਰੁਸ਼ਨਾ ਰਹੇ ਹਨ। ਉਹ ਲੋਕ ਇਨਕਲਾਬ ਤੇ ਇਸ਼ਕ ਦੀਆਂ ਉਹਨਾਂ ਰੀਤਾਂ ਤੋਂ ਵਾਕਫ਼ ਸੀ ਜਿਨਾਂ ਬਾਰੇ ਫੈਜ਼ ਲਿਖਦੇ ਹਨ;
ਹਾਰ ਬਾਜ਼ੀ ਇਸ਼ਕ ਕੀ ਬਾਜ਼ੀ ਹੈ
ਜੋ ਚਾਹੋ ਲਗਾਦੋ ਦੋ ਡਰ ਕੈਸਾ
ਗਰਜੀਤ ਗਏ ਤੋ ਕਿਆ ਕਹਿਨਾਂ
ਹਾਰੇ ਤੋਂ ਬਾਜੀ ਮਾਤ ਨਹੀਂ
No comments:
Post a Comment