ਅਤਿਅੰਤ ਜ਼ਰੂਰੀ ਹੈ ਲਾਬੀ ਵਰਤਾਰੇ ਨੂੰ ਠੱਲ੍ਹ ਪਾਉਣੀ--ਪ੍ਰਫੁਲ ਬਿਦਵਈ
ਹਾਲ ਹੀ ਵਿਚ ਵਾਪਰੀਆਂ ਕੁਝ ਘਟਨਾਵਾਂ ਨੇ ਭਾਰਤੀ ਰਾਜ ਪ੍ਰਬੰਧ ਦੇ ਇਕ ਬਹੁਤ ਵੱਡੇ ਰੋਗ ਨੂੰ ਉਜਾਗਰ ਕੀਤਾ ਹੈ। ਇਹ ਘਟਨਾਵਾਂ ਹਨ¸ਕਾਰਪੋਰੇਟ ਲਾਬੀ ਪ੍ਰਚਾਰਕ ਨੀਰਾ ਰਾਡੀਆ ਅਤੇ ਡੀ. ਐਮ. ਕੇ. ਦੇ ਇਕ ਸੰਸਦ ਮੈਂਬਰ ਦੇ ਵਿਚਾਲੇ ਹੋਈ ਟੈਲੀਫੋਨ ਗੱਲਬਾਤ ਨੂੰ ਖੁਫ਼ੀਆ ਤੌਰ 'ਤੇ ਸੁਣਿਆ ਜਾਣਾ ਅਤੇ ਉਸ ਨੂੰ ਜਨਤਕ ਕਰਨਾ, ਦੂਰਸੰਚਾਰ ਘਪਲੇ ਨੂੰ ਲੈ ਕੇ ਸੰਸਦ ਵਿਚ ਹੰਗਾਮਾ ਹੋਣਾ ਅਤੇ ਲਾਬੀ ਪ੍ਰਚਾਰਕਾਂ, ਸਿਆਸਤਦਾਨਾਂ ਤੇ ਨੀਤੀ-ਘਾੜਿਆਂ ਦੇ ਆਪਸੀ ਗਠਜੋੜ ਦਾ ਮਜ਼ਬੂਤ ਹੋਣਾ। ਲਾਬੀ ਪ੍ਰਚਾਰਕਾਂ ਦੀ ਤਾਕਤ ਇਸ ਹੱਦ ਤੱਕ ਵਧ ਗਈ ਹੈ ਕਿ ਉਹ ਕੈਬਨਿਟ ਮੰਤਰੀਆਂ, ਸਿਖਰਲੇ ਅਫਸਰਸ਼ਾਹਾਂ ਦੀ ਨਿਯੁਕਤੀ ਅਤੇ ਆਰਥਿਕ ਤੇ ਸਨਅਤੀ ਨੀਤੀਆਂ ਦੇ ਨਿਰਮਾਣ ਕਾਰਜਾਂ ਤੱਕ ਨੂੰ ਪ੍ਰਭਾਵਿਤ ਕਰਨ ਲੱਗੇ ਹਨ। ਕਾਰਪੋਰੇਟ ਲਾਬੀ ਪ੍ਰਚਾਰ ਭਾਰਤ ਵਿਚ ਪੂੰਜੀਵਾਦ ਦਾ ਸਭ ਤੋਂ ਵਧੀਆ ਨਮੂਨਾ ਹੈ। ਇਹ ਇਕ ਖ਼ਤਰਨਾਕ ਧੰਦੇ ਦੇ ਰੂਪ 'ਚ ਵਿਕਸਿਤ ਹੋ ਚੁੱਕਾ ਹੈ। ਇਕੱਲੇ ਦਿੱਲੀ ਵਿਚ ਹੀ ਇਸ ਦੀਆਂ 30 ਵੱਡੀਆਂ ਫਰਮਾਂ ਹਨ। ਇਨ੍ਹਾਂ ਵਿਚੋਂ ਹਰੇਕ ਫਰਮ ਦਰਜਨਾਂ ਮੁਲਾਜ਼ਮ, ਲੇਖਾ ਪ੍ਰਸ਼ਾਸਕ, ਵਕੀਲ ਤੇ ਹੋਰ ਅਹੁਦੇਦਾਰ ਨਿਯੁਕਤ ਕਰਦੀ ਹੈ। ਇਹ ਸਾਰੇ ਕਾਰਿੰਦੇ ਫਿਰ ਇਨ੍ਹਾਂ ਫਰਮਾਂ ਦੇ ਗਾਹਕਾਂ ਲਈ ਲਾਇਸੰਸ ਮੁਹੱਈਆ ਕਰਾਉਣ ਅਤੇ ਉਨ੍ਹਾਂ ਨਾਲ ਹੁੰਦੀ ਸੌਦੇਬਾਜ਼ੀ ਨੂੰ ਯਕੀਨੀ ਬਣਾਉਣ ਦਾ ਕੰਮ ਕਰਦੇ ਹਨ।
ਲਾਬੀ ਫਰਮਾਂ
ਇਨ੍ਹਾਂ ਵਿਚੋਂ ਕੁਝ ਕੰਪਨੀਆਂ ਜਿਵੇਂ ਇੰਟੈਗਰਲ ਪੀ. ਆਰ., ਪਰਫੈਕਟ ਰਿਲੇਸ਼ਨਜ਼ ਅਤੇ ਜੈਨੇਸਿਸ ਪੀ. ਆਰ. ਦੀ ਸ਼ੁਰੂਆਤ ਬਾਕਾਇਦਾ ਜਨ ਸੰਪਰਕ ਕੰਪਨੀਆਂ ਦੇ ਰੂਪ 'ਚ ਹੋਈ ਸੀ ਪਰ ਉਨ੍ਹਾਂ ਨੇ ਆਪਣੇ ਕੰਮ ਨੂੰ ਫੈਲਾਅ ਲਿਆ ਅਤੇ ਬਾਅਦ 'ਚ ਇਹ ਕਾਰਪੋਰੇਟ ਜਗਤ ਦੀ ਵਕਾਲਤ ਅਤੇ ਲਾਬੀ ਪ੍ਰਚਾਰ ਕਰਨ ਲੱਗੀਆਂ। ਪਰ ਨੀਰਾ ਰਾਡੀਆ ਦੀ ਵੈਸ਼ਨਵੀ, ਨਿਊਕੋਨ ਐਂਡ ਨਾਇਸਿਸ, ਸੁਹੇਲ ਸੇਠ ਦੀ ਕਾਊਂਸਲੇਜ ਜਾਂ ਦੀਪਕ ਤਲਵਾਰ ਦੀ ਡੀ. ਟੀ. ਏ. ਐਸੋਸੀਏਟਸ ਆਦਿ ਕੰਪਨੀਆਂ ਦੀ ਸ਼ੁਰੂਆਤ ਕਾਰਪੋਰੇਟ ਲਾਬੀ ਪ੍ਰਚਾਰ ਦੇ ਉਦੇਸ਼ ਨੂੰ ਮੁੱਖ ਰੱਖ ਕੇ ਹੋਈ ਸੀ।
ਇਹ ਸਾਰੇ ਲਾਬੀ ਪ੍ਰਚਾਰਕ ਉਨ੍ਹਾਂ ਤੌਰ-ਤਰੀਕਿਆਂ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਜੋ ਅਨੈਤਿਕ ਲਾਬੀ ਪ੍ਰਚਾਰ ਨੂੰ ਅੰਜਾਮ ਦੇਣ ਲਈ ਜ਼ਰੂਰੀ ਹੁੰਦੇ ਹਨ। ਸਭ ਤੋਂ ਵੱਧ ਕੇ ਜੋ ਗੱਲ ਇਨ੍ਹਾਂ ਲਈ ਜ਼ਰੂਰੀ ਹੁੰਦੀ ਹੈ, ਉਹ ਹੈ ਸਮਾਜਿਕ ਸੰਪਰਕ ਬਣਾਉਣਾ, ਪਾਣੀ ਦੀ ਤਰ੍ਹਾਂ ਪੈਸਾ ਵਹਾਉਣਾ, ਚਕਾ-ਚੌਂਧ ਵਾਲੀਆਂ ਪਾਰਟੀਆਂ ਕਰਵਾਉਣੀਆਂ ਤੇ ਸਨਅਤਕਾਰਾਂ ਅਤੇ ਮਹੱਤਵਪੂਰਨ ਅਫਸਰਸ਼ਾਹਾਂ ਦੇ ਮਜ਼ਬੂਤ ਤੇ ਕਮਜ਼ੋਰ ਪੱਖਾਂ ਦੀ ਨਿਸ਼ਾਨਦੇਹੀ ਕਰਕੇ ਉਨ੍ਹਾਂ ਨੂੰ ਖੁਸ਼ ਕਰਨਾ ਅਤੇ ਫਿਰ ਉਨ੍ਹਾਂ ਨੂੰ ਬਲੈਕਮੇਲ ਕਰਨਾ ਤੇ ਬੇਸ਼ਰਮੀ ਨਾਲ ਉਨ੍ਹਾਂ ਨੂੰ ਵਰਤਣਾ। ਲਾਬੀ ਪ੍ਰਚਾਰਕ ਤੜਕ-ਭੜਕ ਵਾਲੇ ਲੋਕ ਹੁੰਦੇ ਹਨ ਜੋ ਆਪਣਾ ਅਕਸ ਉੱਚਾ ਬਣਾ ਕੇ ਰੱਖਦੇ ਹਨ ਤੇ ਰੱਜ ਕੇ ਦਿਖਾਵਾ ਕਰਦੇ ਹਨ। ਕੁਝ ਮਾਮਲਿਆਂ ਜਿਵੇਂ ਕਿ ਸ੍ਰੀ ਤਲਵਾਰ ਜਿਨ੍ਹਾਂ ਨੂੰ ਆਪਣੇ ਕੋਕਾ ਕੋਲਾ ਵਰਗੇ ਗਾਹਕਾਂ ਦੇ ਹੱਕ ਵਿਚ ਵੱਡਾ ਸੌਦਾ ਤੈਅ ਕਰਨ 'ਚ ਕਾਮਯਾਬੀ ਮਿਲੀ ਸੀ, ਦੇ ਮਾਮਲੇ ਨੂੰ ਦੇਖੀਏ ਤਾਂ ਪਤਾ ਲਗਦਾ ਹੈ ਕਿ ਲਾਬੀ ਪ੍ਰਚਾਰ ਨੂੰ ਨੇਪਰੇ ਚੜ੍ਹਾਉਣ ਲਈ ਉੱਚ-ਅਧਿਕਾਰੀਆਂ ਦੇ ਨੇੜੇ ਹੋਣਾ ਜ਼ਰੂਰੀ ਹੁੰਦਾ ਹੈ। 1990 ਦੇ ਦਹਾਕੇ ਵਿਚ ਸ੍ਰੀ ਤਲਵਾਰ ਪ੍ਰਧਾਨ ਮੰਤਰੀ ਦੇ ਸਾਬਕਾ ਮੁੱਖ ਸਕੱਤਰ ਦੇ ਕਾਫ਼ੀ ਕਰੀਬ ਸਨ। (ਹਾਲ ਹੀ ਵਿਚ ਸ੍ਰੀ ਤਲਵਾਰ ਨੇ ਸ਼ਹਿਰੀ ਹਵਾਬਾਜ਼ੀ ਮੰਤਰੀ ਪ੍ਰਫੁਲ ਪਟੇਲ ਨਾਲ ਆਪਣੀ ਨੇੜਤਾ ਵਧਾਈ ਹੈ, ਜਿਸ ਦਾ ਕਥਿਤ ਉਦੇਸ਼ ਹੈ ਹਵਾਈ ਅੱਡਿਆਂ 'ਤੇ ਕਰ-ਮੁਕਤ ਖਰੀਦਦਾਰੀ ਵਿਚ ਆਪਣੇ ਸੁਆਰਥੀ ਹਿਤਾਂ ਦੀ ਪੂਰਤੀ ਕਰਨਾ)।
ਵਿਸ਼ਾਲ ਘੇਰਾ
ਬਹੁਤ ਸਾਰੇ ਮਾਮਲਿਆਂ ਵਿਚ ਲਾਬੀ ਪ੍ਰਚਾਰਕਾਂ ਦੇ ਨਾਲ ਕੰਮ ਕਰ ਰਹੇ ਲੋਕਾਂ ਦੀ ਗਿਣਤੀ ਏਨੀ ਜ਼ਿਆਦਾ ਹੁੰਦੀ ਹੈ ਕਿ ਉਹ ਉਸ ਦੇ ਜ਼ੋਰ 'ਤੇ ਪਹੁੰਚ ਕੇ ਪ੍ਰਭਾਵ ਹਾਸਲ ਕਰ ਲੈਂਦੇ ਹਨ, ਜਿਸ ਦੀ ਵਰਤੋਂ ਉਹ ਵਕਤ ਆਉਣ 'ਤੇ ਕਰਦੇ ਹਨ। ਅਜਿਹੇ ਲੋਕਾਂ ਵਿਚ ਵਪਾਰ ਦੀ ਕਵਰੇਜ ਕਰਨ ਵਾਲੇ ਪੱਤਰਕਾਰਾਂ ਤੋਂ ਲੈ ਕੇ ਟੀ. ਵੀ. ਐਂਕਰਾਂ ਤੱਕ, ਨਿੱਜੀ ਸਹਾਇਕਾਂ ਤੋਂ ਲੈ ਕੇ ਮੱਧ ਦਰਜੇ ਦੇ ਨੌਕਰਸ਼ਾਹ ਤੇ ਉੱਚ ਮੰਤਰੀਆਂ ਤੱਕ ਅਤੇ ਕਾਨੂੰਨੀ ਫਰਮਾਂ (ਜੋ ਸੂਖਮ ਕਿਸਮ ਦੀਆਂ ਧਮਕੀਆਂ ਦੇ ਸਕਦੀਆਂ ਹਨ) ਤੋਂ ਲੈ ਕੇ ਆਮਦਨ ਕਰ ਮਹਿਕਮੇ ਦੇ ਮਹੱਤਵਪੂਰਨ ਅਧਿਕਾਰੀਆਂ ਤੱਕ ਸ਼ਾਮਿਲ ਹੁੰਦੇ ਹਨ, ਜਿਨ੍ਹਾਂ ਨੂੰ ਫ਼ੈਸਲਾ ਲੈਣ ਵਾਲਿਆਂ ਨੂੰ ਧਮਕਾਉਣ ਤੇ ਫੁਸਲਾਉਣ ਲਈ ਵਰਤਿਆ ਜਾ ਸਕਦਾ ਹੈ। ਸਾਂਝੇ ਪ੍ਰਗਤੀਸ਼ੀਲ ਗਠਜੋੜ ਦੇ ਕੁਝ ਸੰਸਦ ਮੈਂਬਰਾਂ ਨੂੰ ਉੱਚ ਅਹੁਦੇ ਦਿਵਾਉਣ ਲਈ ਹੋਏ ਲਾਬੀ ਪ੍ਰਚਾਰ ਵਿਚ ਕੁਝ ਟੀ. ਵੀ. ਐਂਕਰ ਵੀ ਸ਼ਾਮਿਲ ਸਨ। ਕਾਰਪੋਰੇਟ ਲਾਬੀ ਪ੍ਰਚਾਰਕ ਅਕਸਰ ਮੀਡੀਆ ਨਾਲ ਆਪਣੀ ਨੇੜਤਾ ਵਧਾਉਣ ਵਿਚ ਲੱਗੇ ਰਹਿੰਦੇ ਹਨ, ਜਿਸ ਕਾਰਨ ਮੀਡੀਆ ਉਨ੍ਹਾਂ ਦੇ ਹੱਕ 'ਚ ਭੁਗਤਦਾ ਹੈ।
ਲਾਬੀ ਪ੍ਰਚਾਰਕਾਂ ਦੀ ਪਹੁੰਚ, ਰਾਜਨੀਤਕ ਪ੍ਰਭਾਵ, ਵਿੱਤੀ ਤਾਕਤ ਤੇ ਸਰਗਰਮੀਆਂ ਨੇ ਪਿਛਲੇ ਲਗਭਗ ਇਕ ਦਹਾਕੇ ਵਿਚ ਬਿਲਕੁਲ ਨਵਾਂ ਤੇ ਖ਼ਤਰਨਾਕ ਰੂਪ ਧਾਰਨ ਕਰ ਲਿਆ ਹੈ। ਅਜਿਹਾ ਨਹੀਂ ਕਿ ਉਸ ਤੋਂ ਪਹਿਲਾਂ ਲਾਬੀ ਪ੍ਰਚਾਰਕ ਨਹੀਂ ਸਨ। 1960 ਅਤੇ 1970 ਦੇ ਦਹਾਕਿਆਂ ਵਿਚ ਵੀ ਐਸ. ਕੇ. ਪਾਟਿਲ ਤੇ ਰਜਨੀ ਪਟੇਲ ਵਰਗੇ ਪ੍ਰਭਾਵ ਪਾਉਣ ਦਾ ਧੰਦਾ ਕਰਨ ਵਾਲੇ ਵਿਅਕਤੀ ਮੌਜੂਦ ਸਨ। 1980 ਦੇ ਦਹਾਕੇ ਵਿਚ ਦਾਖ਼ਲ ਹੁੰਦਿਆਂ ਕੁਝ ਜਥੇਬੰਦ 'ਸੰਪਰਕ ਏਜੰਟ' ਸਰਗਰਮ ਹੋ ਗਏ ਜੋ ਉਦਯੋਗ ਭਵਨ ਅਤੇ ਰੱਖਿਆ ਭਵਨ (ਜੋ ਕਿ ਕ੍ਰਮਵਾਰ ਸਨਅਤ ਮੰਤਰੀ ਤੇ ਰੱਖਿਆ ਮੰਤਰੀਆਂ ਦੇ ਮੁੱਖ ਦਫ਼ਤਰ ਹਨ) ਦੇ ਚੱਕਰ ਲਾਉਂਦੇ ਰਹਿੰਦੇ ਸਨ। ਪਰ ਉਦੋਂ ਇਸ ਧੰਦੇ ਨੂੰ ਸੰਗਠਿਤ ਰੂਪ ਨਹੀਂ ਮਿਲਿਆ ਸੀ, ਨਾ ਹੀ ਇਸ ਵਿਚ ਏਨੀ ਕੁਸ਼ਲਤਾ ਆਈ ਸੀ। ਇਸ ਤੋਂ ਇਲਾਵਾ ਇਨ੍ਹਾਂ ਲਾਬੀ ਪ੍ਰਚਾਰਕਾਂ ਵਿਚ ਸੌਦੇ ਕਰਾਉਣ ਦੀ ਯੋਗਤਾ ਵੀ ਨਹੀਂ ਸੀ।
ਕਿਉਂਕਿ ਭਾਰਤ ਤੇਜ਼ੀ ਨਾਲ ਸੰਸਾਰੀਕਰਨ ਵੱਲ ਵੱਧ ਰਿਹਾ ਹੈ ਅਤੇ ਨਵ-ਉਦਾਰਵਾਦੀ ਨੀਤੀਆਂ ਨੂੰ ਜ਼ੋਰ-ਸ਼ੋਰ ਨਾਲ ਅਪਣਾਅ ਰਿਹਾ ਹੈ, ਇਸ ਲਈ ਲਾਬੀ ਪ੍ਰਚਾਰਕ ਰਾਜ ਮਾਰਗਾਂ, ਹਵਾਈ ਅੱਡਿਆਂ, ਫਲਾਈ ਓਵਰਾਂ ਤੇ ਵਿਸ਼ੇਸ਼ ਆਰਥਿਕ ਜੋਨਾਂ ਦੀ ਉਸਾਰੀ ਲਈ ਭਾਰੀ ਫ਼ਾਇਦਿਆਂ ਵਾਲੇ ਠੇਕੇ ਹਾਸਲ ਕਰਨ ਦੀ ਤਾਕ ਵਿਚ ਰਹਿੰਦੇ ਹਨ। ਇਸੇ ਲਈ ਇਸ ਵੱਡੇ ਕਾਰੋਬਾਰ ਵਿਚ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਪੈਸਾ ਖਰਚਿਆ ਜਾ ਰਿਹਾ ਹੈ। ਇਸੇ ਤਰ੍ਹਾਂ ਕੁਦਰਤੀ ਸੋਮਿਆਂ ਦਾ ਨਿੱਜੀਕਰਨ ਕਰਨ ਅਤੇ ਜ਼ਮੀਨ, ਜਲ, ਖਣਿਜਾਂ ਤੇ ਜੰਗਲਾਂ ਵਰਗੇ ਖਜ਼ਾਨੇ ਨੂੰ ਪਟੇ 'ਤੇ ਹਾਸਲ ਕਰਨ ਵਿਚ ਵੀ ਵੱਡੇ ਪੱਧਰ 'ਤੇ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਪਹਿਲਾਂ ਨਾਲੋਂ ਘਾਤਕ
ਨੀਤੀ ਨਿਰਮਾਣ ਦੇ ਪੂਰੇ ਤੰਤਰ ਨੂੰ ਸ਼ਰੇਆਮ ਜਿਸ ਹੱਦ ਤੱਕ ਚਲਾਕੀ ਨਾਲ ਵਰਤਿਆ ਜਾ ਰਿਹਾ ਹੈ, ਉਸ ਦੇ ਸਾਹਮਣੇ ਪੁਰਾਣੀ ਸ਼ੈਲੀ ਦਾ 'ਲਾਇਸੈਂਸ ਪਰਮਿਟ ਰਾਜ' ਜਿਸ ਦੇ ਅਰਥਚਾਰੇ 'ਤੇ ਕਥਿਤ ਘਾਤਕ ਪ੍ਰਭਾਵ ਨੂੰ ਵਧਾ-ਚੜ੍ਹਾ ਕੇ ਪੇਸ਼ ਕੀਤਾ ਜਾਂਦਾ ਹੈ ਅਤੇ ਜਿਸ ਨੂੰ ਹਮੇਸ਼ਾ ਤੋਂ ਕਾਰੋਬਾਰੀ ਸਮੂਹਾਂ ਦੁਆਰਾ ਨਿਪੁੰਨਤਾ ਨਾਲ ਆਪਣੇ ਫਾਇਦੇ ਲਈ ਵਰਤਿਆ ਜਾਂਦਾ ਰਿਹਾ ਹੈ, ਵੀ ਫਿੱਕਾ ਪੈ ਜਾਂਦਾ ਹੈ। ਉਦੋਂ ਅੰਸ਼ਕ ਰੂਪ ਵਿਚ ਬੰਦ ਪ੍ਰਣਾਲੀ ਨੂੰ ਖੋਲ੍ਹਣ ਲਈ ਅਫ਼ਸਰਾਂ 'ਤੇ ਪ੍ਰਭਾਵ ਪਾਇਆ ਜਾਂਦਾ ਸੀ ਅਤੇ ਉਸ ਨੂੰ ਫੁਸਲਾਇਆ ਜਾਂਦਾ ਸੀ। ਹੁਣ ਤਾਂ ਅਫ਼ਸਰਾਂ ਦੀ ਪਹਿਲਾਂ ਹੀ ਵੱਡੇ ਵਪਾਰੀਆਂ ਨਾਲ ਦੋਸਤੀ ਹੁੰਦੀ ਹੈ। ਹੁਣ ਮੁਕਾਬਲਾ ਇਸ ਗੱਲ ਦਾ ਹੁੰਦਾ ਹੈ ਕਿ ਆਪਣੇ ਵਿਰੋਧੀ ਨੂੰ ਬਾਹਰ ਰੱਖਣ ਲਈ ਕੌਣ ਪਹਿਲਾਂ ਬਾਜ਼ੀ ਮਾਰਦਾ ਹੈ। ਦੂਜਾ, ਲਾਬੀ ਪ੍ਰਚਾਰ ਦੇ ਲਈ ਜ਼ਿਆਦਾਤਰ ਸੇਵਾ ਮੁਕਤ ਸਿਖਰਲੇ ਅਹੁਦਿਆਂ 'ਤੇ ਰਹਿ ਚੁੱਕੇ ਲੋਕ-ਅਧਿਕਾਰੀਆਂ ਨੂੰ ਭਰਤੀ ਕੀਤਾ ਜਾਂਦਾ ਹੈ ਤਾਂ ਜੋ ਉਹ ਆਪਣੇ ਗਾਹਕਾਂ ਵੱਲੋਂ ਆਪਣੇ ਰਹਿ ਚੁੱਕੇ ਸਾਥੀ ਅਧਿਕਾਰੀਆਂ ਤੇ ਜੂਨੀਅਰ ਅਧਿਕਾਰੀਆਂ ਨੂੰ ਪ੍ਰਭਾਵਿਤ ਕਰ ਸਕਣ। ਇਸੇ ਕਰਕੇ ਨਿੱਜੀ ਤੇਲ, ਗੈਸ ਅਤੇ ਬਿਜਲੀ ਕੰਪਨੀਆਂ, ਸਟੀਲ ਉਤਪਾਦਕ ਕੰਪਨੀਆਂ, ਦੂਰਸੰਚਾਰ ਕਾਰਪੋਰੇਸ਼ਨਾਂ, ਅਤੇ ਜਹਾਜ਼ਰਾਨੀ ਕੰਪਨੀਆਂ ਵਿਚ ਸਾਰੇ ਸੇਵਾ ਮੁਕਤ ਨੌਕਰਸ਼ਾਹ ਤੇ ਨਿੱਜੀ ਖੇਤਰ ਦੇ ਪ੍ਰਸ਼ਾਸਨਿਕ ਅਧਿਕਾਰੀ ਭਰਤੀ ਕੀਤੇ ਗਏ ਹਨ। ਇਸ ਵਰਤਾਰੇ 'ਤੇ ਰੋਕ ਲਾਈ ਜਾਣੀ ਚਾਹੀਦੀ ਹੈ ਅਤੇ ਇਸ ਲਈ ਸਜ਼ਾ ਦੀ ਵਿਵਸਥਾ ਹੋਣੀ ਚਾਹੀਦੀ ਹੈ।
ਹੋਰ ਵਿਸ਼ੇਸ਼ਤਾ
ਨਵੀਂ ਪੀੜ੍ਹੀ ਦੇ ਕਾਰਪੋਰੇਟ ਲਾਬੀ ਪ੍ਰਚਾਰਕਾਂ ਦੀ ਇਕ ਹੋਰ ਵਿਸ਼ੇਸ਼ਤਾ ਹੈ। ਉਹ ਹੈ : ਉਨ੍ਹਾਂ ਦੇ ਕੌਮਾਂਤਰੀ ਪੱਧਰ 'ਤੇ ਸਬੰਧ ਹੋਣੇ। ਉਹ ਭਾਰਤ-ਅਮਰੀਕਾ ਵਪਾਰ ਪ੍ਰੀਸ਼ਦ ਜਿਹੇ ਸੰਗਠਨਾਂ ਅਤੇ ਪੇਟਨ ਬੋਗਸ ਅਤੇ ਬਰਸਨ ਮਰਸਟੇਲਰ ਵਰਗੀਆਂ ਪੱਛਮੀ ਲਾਬੀ ਪ੍ਰਚਾਰ ਫਰਮਾਂ, ਜਿਨ੍ਹਾਂ ਦਾ ਅਮਰੀਕਾ ਵਿਚ ਚੋਖਾ ਪ੍ਰਭਾਵ ਹੈ, ਨਾਲ ਸੰਪਰਕ ਬਣਾਈ ਰੱਖਦੇ ਹਨ। ਦੱਸਿਆ ਜਾਂਦਾ ਹੈ ਕਿ ਅਮਰੀਕਾ ਦੀ ਰਾਜਧਾਨੀ ਵਿਚ 17,000 ਰਜਿਸਟਰਡ ਲਾਬੀ ਪ੍ਰਚਾਰ ਫਰਮਾਂ ਸਰਗਰਮ ਹਨ। ਇਹ ਕਹਿਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਯੂ. ਐਸ. ਆਈ. ਬੀ. ਸੀ., ਪੈਟਨ ਬੋਗਸ ਅਤੇ ਅਮਰੀਕਨ-ਇਸਰਾਈਲੀ ਪੋਲੀਟੀਕਲ ਐਕਸ਼ਨ ਕੌਂਸਲ ਦੀਆਂ ਕੋਸ਼ਿਸ਼ਾਂ ਤੋਂ ਬਿਨਾਂ ਸ਼ਾਇਦ ਭਾਰਤ-ਅਮਰੀਕਾ ਪ੍ਰਮਾਣੂ ਸਮਝੌਤੇ ਨੂੰ ਅਮਰੀਕੀ ਸੰਸਦ (ਕਾਂਗਰਸ) ਦੀ ਮਨਜ਼ੂਰੀ ਨਾ ਮਿਲਦੀ।
ਕਾਰਪੋਰੇਟ ਲਾਬੀ ਪ੍ਰਚਾਰ ਦਾ ਕੰਮ ਸਿਆਸਤਦਾਨਾਂ ਤੇ ਮੁਜਰਮਾਂ ਦੇ ਆਪਣੇ ਸਬੰਧਾਂ ਨਾਲੋਂ ਕਿਤੇ ਜ਼ਿਆਦਾ ਧੋਖਾ ਭਰਿਆ ਅਤੇ ਵਪਾਰਕ ਤੌਰ 'ਤੇ ਮਿਲੀਭੁਗਤ ਵਾਲਾ ਹੁੰਦਾ ਹੈ। ਇਹ ਲਾਬੀ ਪ੍ਰਚਾਰਕ ਜਮਹੂਰੀ ਅਮਲ ਨੂੰ ਭ੍ਰਿਸ਼ਟ ਕਰ ਦਿੰਦੇ ਹਨ। ਫ਼ੈਸਲਾ ਲੈਣ ਦੇ ਅਮਲ ਵਿਚ ਉਹ ਅਨੁਚਿਤ ਅਤੇ ਬਾਹਰੀ ਤੱਤਾਂ ਦੀ ਦਖ਼ਲਅੰਦਾਜ਼ੀ ਵਧਾਉਂਦੇ ਹਨ ਅਤੇ ਲੋਕ ਹਿੱਤਾਂ ਨੂੰ ਖ਼ਤਰੇ 'ਚ ਪਾ ਦਿੰਦੇ ਹਨ। ਪੂਰੇ ਰਾਜ ਪ੍ਰਬੰਧ ਵਿਚ ਇਹ ਅਨੈਤਿਕਤਾ, ਨਿੱਜੀ ਸਵਾਰਥਾਂ ਅਤੇ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਉਤਸ਼ਾਹਿਤ ਕਰਦੀ ਹੈ। ਜੇਕਰ ਇਸ ਦੇ ਜ਼ਹਿਰੀਲੇ ਪ੍ਰਭਾਵ ਨੂੰ ਦੂਰ ਨਾ ਕੀਤਾ ਗਿਆ ਅਤੇ ਲਾਬੀ ਪ੍ਰਚਾਰ 'ਤੇ ਰੋਕ ਨਾ ਲਾਈ ਗਈ ਤਾਂ ਇਹ ਵਰਤਾਰਾ ਸਾਡੀ ਜਮਹੂਰੀਅਤ, ਜੋ ਕਿ ਸਾਡਾ ਕੀਮਤੀ ਖਜ਼ਾਨਾ ਹੈ, ਦੀਆਂ ਜੜ੍ਹਾਂ ਨੂੰ ਖੋਖਲਾ ਕਰ ਦੇਵੇਗਾ।(ਰੋਜਾਨਾ ਅਜੀਤ ਵਿੱਚੋਂ )
No comments:
Post a Comment