ਕੁਲਵੰਤ ਸਿੰਘ ਵਿਰਕ ਨਾਲ ਇੱਕ ਮੁਲਕਾਤ-ਜੋਗਿੰਦਰ ਸਿੰਘ ਨਿਰਾਲਾ
(ਕਈ ਸਾਲ ਪਹਿਲਾਂ ਪ੍ਰਸਿੱਧ ਕਹਾਣੀਕਾਰਕੁਲਵੰਤ ਸਿੰਘ ਵਿਰਕ ਨਾਲ ਇੱਕ ਮੁਲਕਾਤ ਜੋਗਿੰਦਰ ਸਿੰਘ ਨਿਰਾਲਾ ਨੇ ਕੀਤੀ ਸੀ, ਜੋ ਕਿਸੇ ਕਾਰਨ ਵਿਰਕ ਸਾਹਿਬ ਦੇ ਜਿਊਂਦੇ ਜੀ ਛਪ ਨਾ ਸਕੀ। ਹੁਣ ਕਈ ਸਾਲ ਪਛੜ ਕੇ ਤ੍ਰੈ-ਮਾਸਿਕ 'ਮੁਹਾਂਦਰਾ' ਵਿੱਚ ਪ੍ਰਕਾਸ਼ਿਤ ਉਸ ਮੁਲਾਕਾਤ ਦੇ ਕੁੱਝ ਅੰਸ਼ ਪੰਜਾਬੀ ਕਹਾਣੀ ਦੇ ਪਾਠਕਾਂ ਲਈ ਧੰਨਵਾਦ ਸਹਿਤ ਵਾਇਆ 'ਸੀਰਤ' ਪ੍ਰਕਾਸ਼ਿਤ ਕੀਤੇ ਜਾ ਰਹੇ ਹਨ।)
ਮੇਰੀ ਪੀੜ੍ਹੀ ਦੇ ਸਾਰੇ ਲੋਕ, ਜੋ ਸਕੂਲਾਂ-ਕਾਲਜਾਂ ਵਿੱਚ ਪੜ੍ਹੇ, ਉਰਦੂ ਅਤੇ ਅੰਗਰੇਜ਼ੀ ਦੇ ਵਿਦਿਆਰਥੀ ਹੁੰਦੇ ਸਨ। ਇਮਤਿਹਾਨਾਂ (ਪ੍ਰੀਖਿਆ) ਵਿੱਚ ਫੇਲ੍ਹ ਹੋ ਜਾਣ ਦੇ ਡਰ ਤੋਂ ਜਾਂ ਬਹੁਤੇ ਨੰਬਰ ਲੈਣ ਦੇ ਲਾਲਚ ਤੋਂ ਮੈਂ ਪੰਜਾਬੀ ਵਿੱਚ ਕਦੀ ਕੁੱਝ ਨਹੀਂ ਪੜ੍ਹਿਆ ਸੀ ਭਾਵੇਂ ਮੈਨੂੰ ਪੰਜਾਬੀ ਪੜ੍ਹਨੀ ਅਤੇ ਲਿਖਣੀ ਆਉਂਦੀ ਸੀ। ਮੈਂ ਬਹੁਤਾ ਅੰਗਰੇਜ਼ੀ ਦਾ ਵਿਦਿਆਰਥੀ ਸਾਂ। ਲਾਹੌਰ ਵਿੱਚ ਅੰਗਰੇਜ਼ ਅਤੇ ਅਮਰੀਕਨ ਪ੍ਰੋਫੈਸਰਾਂ ਕੋਲ ਪੜ੍ਹਿਆ ਸਾਂ ਅਤੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਅੰਗਰੇਜ਼ੀ ਦੀ ਐਮæ ਏæ ਕੀਤੀ। ਅੰਗਰੇਜ਼ੀ ਦਾ ਸਾਡਾ ਕੋਰਸ 19ਵੀਂ ਸਦੀ ਦੇ ਅੰਤ ਤੀਕ ਦੇ ਅੰਗਰੇਜ਼ੀ ਸਾਹਿੱਤ ਉਤੇ ਮੁੱਕ ਜਾਂਦਾ। ਵੀਹਵੀਂ ਸਦੀ ਵਿੱਚ ਵੜਦਾ ਹੀ ਨਹੀਂ ਸੀ। ਕਹਾਣੀ ਨੂੰ ਨਗੂਨੀ ਚੀਜ਼ ਸਮਝ ਕੇ ਇਸ ਨੂੰ ਐਮæ ਏæ ਦੇ ਕੋਰਸ ਵਿੱਚ ਅਸਲੋਂ ਕੋਈ ਥਾਂ ਨਹੀਂ ਦਿੱਤੀ ਗਈ ਸੀ। ਮੇਰਾ ਧਿਆਨ ਹਰ ਵੇਲੇ ਕੋਰਸ ਵੱਲ ਰਹਿੰਦਾ। ਕਹਾਣੀਆਂ ਦੀਆਂ ਕਿਤਾਬਾਂ ਸ਼ਾਇਦ ਕਾਲਜ ਦੀ ਲਾਇਬ੍ਰੇਰੀ ਵਿੱਚ ਹੋਣ ਪਰ ਮੈਂ ਉਹ ਕਦੀ ਪੜ੍ਹੀਆਂ ਨਹੀਂ ਸਨ। ਜੇ ਸੋਚਿਆ ਜਾਵੇ ਤਾਂ 1938 ਤੋਂ ਪਹਿਲਾਂ ਕਹਾਣੀ ਨੂੰ ਪੰਜਾਬੀ ਸਾਹਿੱਤ ਵਿੱਚ ਕੋਈ ਸਥਾਨ ਪ੍ਰਾਪਤ ਨਹੀਂ ਸੀ। "ਪ੍ਰੀਤਮ", "ਰਣਜੀਤ ਨਗਾਰਾ" ਤੇ "ਫੁਲਵਾੜੀ" ਆਦਿ ਪੱਤਰ ਕਹਾਣੀਆਂ ਛਾਪਦੇ ਪਰ ਉਹ ਪਰਚੇ ਵੇਚਣ ਲਈ ਹੁੰਦੀਆਂ। ਪਰਚਾਪੁਰਾਣਾ ਹੋਣ ਨਾਲ ਉਹ ਪੁਰਾਣੀਆਂ ਹੋ ਜਾਂਦੀਆਂ ਤੇ ਫਿਰ ਆਪੇ ਨਾਸ ਹੋ ਜਾਂਦੀਆਂ। ਸਭ ਤੋਂ ਪਹਿਲੀ ਕਹਾਣੀ ਜੋ ਮੇਰੇ ਮਨ ਉਤੇ ਅਜੇ ਤੱਕ ਉਕਰੀ ਹੋਈ ਹੈ ਉਹ ਸੇਖੋਂ ਦੀ "ਭੱਤਾ" ਸੀ। ਮੈਂ ਹੈਰਾਨ ਰਹਿ ਗਿਆ ਕਿ ਪਿੰਡਾਂ ਦੇ ਜੀਵਨ ਬਾਰੇ ਤੇ ਹਲ ਵਾਹੁਣ ਬਾਰੇ ਵੀ ਕਹਾਣੀ ਲਿਖੀ ਜਾ ਸਕਦੀ ਹੈ। ਉਸੇ ਤਰ੍ਹਾਂ ਦੀ ਕਹਾਣੀ ਲਿਖਣ ਦੀ ਚਾਹ ਨਾਲ ਮੈਂ ਕੋਈ ਅੱਠ ਸਾਲ ਪਿਛੋਂ "ਛਾਹ ਵੇਲਾ" ਲਿਖੀ। "ਪ੍ਰੀਤ ਲੜੀ" ਦੀਆਂ ਕਹਾਣੀਆਂ ਦਾ ਮਿਆਰ ਇਨ੍ਹਾਂ ਤੋਂ ਉੰ" 1 ਸੀ ਤੇ ਪੰਜ ਦਰਿਆ ਦੀਆਂ ਜੋ ਪਿਛੋਂ ਛਪਣ ਲੱਗਾ ਇਸ ਤੋਂ ਵੀ ਉੰ" 19 ਅੰਮ੍ਰਿਤਾ ਪ੍ਰੀਤਮ ਦੀ ਇੱਕ ਕਹਾਣੀ "ਲੋਹੇ ਦਾ ਕਿੱਲ" ਮੈਂ ਉਰਦੂ ਪ੍ਰੀਤ ਲੜੀ ਵਿੱਚ ਪੜ੍ਹੀ ਜੋ ਮੈਨੂੰ ਬਹੁਤ ਚੰਗੀ ਲੱਗੀ। ਪੰਜ ਦਰਿਆ ਵਿੱਚ ਦੁੱਗਲ ਦੀਆਂ ਕਹਾਣੀਆਂ ਛਪਦੀਆਂ ਜਿਨ੍ਹਾਂ ਉਤੇ ਮੇਰਾ ਇੱਕ ਦੋਸਤ ਉਛਲ-ਉਛਲ ਪੈਂਦਾ। ਪਰ ਮੇਰੇ ਵਿੱਚ ਉਸ ਜਿੰਨੀ ਸਾਹਿੱਤਕ ਸੂਝ ਨਹੀਂ ਸੀ। ਵਿਦਿਆਰਥੀਆਂ ਵਿੱਚ ਓਦੋਂ ਪੱਤਰ ਖਰੀਦਣ ਦਾ ਰਿਵਾਜ ਨਹੀਂ ਸੀ। 'ਪੰਜ ਦਰਿਆ' ਓਦੋਂ ਅੱਠ ਆਨੇ ਦਾ ਆਉਂਦਾ ਸੀ, ਮਤਲਬ ਅੱਠ ਸੇਰ ਕਣਕ ਦੇ ਬਰਾਬਰ। ਅੱਜਕੱਲ੍ਹ ਦੇ ਭਾਵਾਂ ਦੇ ਹਿਸਾਬ ਇਹ 12 ਰੁਪੈ ਦਾ ਬਣਦਾ ਹੈ। ਐਮæ ਏæ ਕਰਨ ਪਿਛੋਂ ਜਦੋਂ ਮੈਂ ਫੌਜ ਵਿੱਚ ਭਰਤੀ ਹੋ ਗਿਆ ਤਾਂ ਉਥੇ "ਪੰਜ ਦਰਿਆ' ਮੰਗਵਾਇਆ ਕਰਦਾ ਸਾਂ। ਮੈਂ ਦਫ਼ਤਰ ਵਿੱਚ ਬੈਠ ਕੇ ਹੀ 'ਪੰਜ ਦਰਿਆ' ਪੜ੍ਹਨ ਲੱਗ ਜਾਂਦਾ। ਜੰਗ ਦੇ ਦਿਨ ਸਨ। ਦਫ਼ਤਰ ਹੁੰਦਾ ਹੀ ਘੰਟੇ ਦੋ ਦਾ ਸੀ। ਫੌਜ ਦਾ ਇੱਕ ਇਹ ਨਿਯਮ ਸੀ (ਸ਼ਾਇਦ ਹੁਣ ਵੀ ਹੋਵੇ) ਕਿ ਜੇ ਤੁਹਾਡਾ ਵੱਡਾ ਅਫ਼ਸਰ ਵੀ ਕਮਰੇ ਵਿੱਚ ਆਵੇ ਤਾਂ ਤੁਸੀਂ ਖੜ੍ਹੇ ਨਹੀਂ ਹੁੰਦੇ ਸੀ। ਉਹ ਤੁਹਾਨੂੰ ਸਲਾਮ ਕਰਦਾ ਸੀ ਜਿਵੇਂ ਤੁਸੀਂ ਉਸ ਦੇ ਅਫ਼ਸਰ ਹੋਵੋ। ਇੱਕ ਵਾਰ ਮੈਂ 'ਪੰਜ ਦਰਿਆ' ਪੜ੍ਹ ਰਿਹਾ ਸਾਂ। ਮੇਰਾ ਅਫ਼ਸਰ ਮੇਰੇ ਕਮਰੇ ਵਿੱਚ ਆਇਆ, ਮੈਨੂੰ ਸਲਾਮ ਕੀਤੀ ਤੇ ਫਿਰ ਚੋਰੀ ਅੱਖੀਂ ਦੇਖਿਆ ਕਿ ਮੈਂ ਕੀ ਪੜ੍ਹ ਰਿਹਾ ਸਾਂ। ਓਪਰੀ ਲਿਪੀ ਵੇਖ ਕੇ ਉਸ ਨੇ ਸਮਝ ਲਿਆ ਕਿ ਜੋ ਕੁੱਝ ਮੈਂ ਪੜ੍ਹ ਰਿਹਾ ਸਾਂ ਉਸ ਦਾ ਫੌਜ ਜਾਂ ਜੰਗ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ। ਪਰ ਉਸ ਕਿਹਾ ਕੁੱਝ ਨਾ। ਕੁੱਝ ਚਿਰ ਪਿਛੋਂ ਦੁੱਗਲ ਦੀ ਕਹਾਣੀ "ਡੰਗਰ" ਇਸ ਵਿੱਚ ਛਪੀ ਤਾਂ ਮੈਂ ਉਸ ਨੂੰ ਵਧਾਈ ਦੀ ਚਿੱਠੀ ਲਿਖੀ। ਉਹ ਮੈਨੂੰ ਜਾਣਦਾ ਨਹੀਂ ਸੀ। ਉਸ ਨੇ ਜਵਾਬ ਦਿੱਤਾ ਕਿ ਕਿਸੇ ਲੇਖਕ ਨੂੰ ਮੇਰੇ ਵਰਗੇ ਪਾਠਕ ਤੋਂ ਬਹੁਤ ਉਤਸ਼ਾਹ ਮਿਲ ਸਕਦਾ ਹੈ। ਪਰ ਮੈਂ ਆਪਣੀ ਪਹਿਲੀ ਕਹਾਣੀ "ਚਾਚਾ" ਅੰਗਰੇਜ਼ੀ ਦੇ ਇੱਕ ਮਾਸਕ ਪੱਤਰ ਵਿੱਚ ਛਪੀ ਕਹਾਣੀ ਦੀ ਨਕਲ ਕਰਕੇ ਲਿਖੀ। ਇਹੋ ਜਿਹੇ ਮਾਸਕ ਪੱਤਰ ਉਦੋਂ ਰੇਲਵੇ ਸਟੇਸ਼ਨਾਂ ਉਤੇ ਆਮ ਵਿਕਦੇ ਸਨ ਕਿਉਂਕਿ ਬੇਸ਼ੁਮਾਰ ਪੜ੍ਹੇ-ਲਿਖੇ ਅੰਗਰੇਜ਼ ਮੁੰਡੇ ਫੌਜੀ ਅਫ਼ਸਰ ਬਣ ਕੇ ਹਿੰਦੁਸਤਾਨ ਆਏ ਹੋਏ ਸਨ।
ਮੇਰੀ ਪਛਾਣ ਕੁੱਝ ਪੱਛੜ ਕੇ ਹੋਈ ਹੈ। ਉਸ ਵੇਲੇ ਦੇ ਰਾਜਸੀ ਪਰਭਾਵਾਂ ਹੇਠ ਲੋਕ ਮੇਰੀਆਂ ਕਹਾਣੀਆਂ ਨੂੰ ਠੀਕ ਨਹੀਂ ਸਮਝਦੇ ਸਨ। ਬਹੁਤੇ ਆਲੋਚਕ ਵੀ ਇਨ੍ਹਾਂ ਖ਼ਿਆਲਾਂ ਦੇ ਹੀ ਸਨ। ਇੱਕ ਨਿੱਕੀ ਜਿਹੀ ਗੱਲ ਤੋਂ ਇਹ ਤੱਥ ਛੇਤੀ ਸਮਝ ਆ ਜਾਵੇਗਾ। 1959 ਵਿੱਚ ਹੀਰਾ ਸਿੰਘ ਦਰਦ ਜੀ ਦੇ ਇੱਕ ਲੜਕੇ ਨੇ ਮੇਰੇ ਇੱਕ ਦੋਸਤ ਨੂੰ ਕਿਹਾ ਕਿ ਵਿਰਕ ਪੰਜਾਬੀ ਵਿੱਚ 31ਵੇਂ ਨੰਬਰ ਦਾ ਕਹਾਣੀਕਾਰ ਹੈ। ਉਸ 30 ਕਹਾਣੀ ਲੇਖਕਾਂ ਦੇ ਨਾਂ ਉਸ ਨੂੰ ਗਿਣ ਕੇ ਦੱਸੇ ਜਿਹੜੇ ਮੇਰੇ ਤੋਂ ਚੰਗੀਆਂ ਕਹਾਣੀਆਂ ਲਿਖਦੇ ਸਨ। ਉਹ ਲੜਕਾ ਗਿਆਨੀ ਜੀ ਦੇ 'ਫੁਲਵਾੜੀ ਕਾਲਜ' ਵਿੱਚ ਗਿਆਨੀ ਆਦਿ ਦੇ ਵਿਦਿਆਰਥੀਆਂ ਨੂੰ ਪੜ੍ਹਾਂਦਾ ਸੀ। ਮੈਂ ਸਮਝ ਗਿਆ ਕਿ ਇਹ ਰਾਏ ਗਿਆਨੀ ਜੀ ਦੀ ਹੀ ਹੈ। ਕਿਉਂਕਿ ਉਹ ਲੜਕਾ ਆਪਣੀ ਕੋਈ ਵੱਖਰੀ ਰਾਏ ਬਣਾ ਸਕਣ ਦੇ ਯੋਗ ਨਹੀਂ ਸੀ। ਗਿਆਨੀ ਜੀ ਦਾ ਦਿਮਾਗ ਬੜਾ ਤੇਜ਼ ਤੇ ਸੂਝ ਬਹੁਤ ਤਿੱਖੀ ਸੀ। ਉਹ ਉਸ ਤੋਂ ਪਹਿਲਾਂ ਕੋਈ 30 ਸਾਲ ਇੱਕ ਉੰਅ ਿਮਾਸਕ ਪੱਤਰ 'ਫੁਲਵਾੜੀ' ਦੇ ਸੰਪਾਦਕ ਰਹੇ ਸਨ, ਜਿਸ ਵਿੱਚ ਹੋਰ ਮਾਸਕ ਪੱਤਰਾਂ ਵਾਂਗ ਬਹੁਤ ਸਾਰੀਆਂ ਕਹਾਣੀਆਂ ਛਪਦੀਆਂ ਸਨ। ਉਸ ਵੇਲੇ ਤੱਕ ਮੈਂ ਆਪਣੀਆਂ ਬਹੁਤੀਆਂ ਕਹਾਣੀਆਂ ਲਿਖ ਬੈਠਾ ਸਾਂ ਤੇ ਜੋ ਸਥਾਨ ਮੇਰਾ ਬਣਨਾ ਸੀ, ਬਣ ਚੁਕਿਆ ਸੀ। ਗਿਆਨੀ ਦੇ ਅਤੇ ਯੂਨੀਵਰਸਿਟੀ ਦੇ ਹੋਰ ਕੋਰਸਾਂ ਵਿੱਚ ਮੇਰੀਆਂ ਕਹਾਣੀਆਂ ਲੱਗੀਆਂ ਹੋਈਆਂ ਜਾਂ ਲੱਗੀਆਂ ਰਹੀਆਂ ਸਨ। ਮੈਂ ਕੇਂਦਰੀ
ਲੇਖਕ ਸਭਾ ਦਾ ਜਨਰਲ ਸਕੱਤਰ ਸਾਂ ਤੇ ਹਰ ਦੂਜੇ-ਤੀਜੇ ਦਿਨ ਗਿਆਨੀ ਜੀ ਨਾਲ ਗੱਲਬਾਤ ਹੁੰਦੀ ਰਹਿੰਦੀ ਸੀ। ਇਸ ਸਭ ਕੁੱਝ ਦੇ ਪਿਛੋਂ ਉਨ੍ਹਾਂ ਦੀ ਮੇਰੀ ਸਾਹਿੱਤਕ ਕਿਰਤ ਬਾਰੇ ਇਹ ਰਾਏ ਸੀ। ਫਿਰ ਮੈਂ ਸੁਣਿਆ ਕਿ ਉਨ੍ਹਾਂ ਮੋਗੇ ਇੱਕ ਸਾਹਿੱਤਕ ਇਕੱਠ ਵਿੱਚ ਸੰਤ ਸਿੰਘ ਸੇਖੋਂ ਹੁਰਾਂ ਨੂੰ ਇਸ ਗੱਲ ਲਈ ਭੰਡਿਆ ਕਿ ਉਨ੍ਹਾਂ ਨੇ ਮੈਨੂੰ ਸੁਜਾਨ ਸਿੰਘ ਦੇ ਬਰਾਬਰ ਕਿਉਂ ਖੜ੍ਹਾ ਕੀਤਾ ਹੈ। (ਸੇਖੋਂ ਸਾਹਿਬ ਨੇ "ਦੁੱਧ ਦੇ ਛੱਪੜ" ਦੇ ਮੁਖ ਬੰਦ ਵਿੱਚ ਲਿਖਿਆ ਸੀ ਪੰਜਾਬੀ ਵਿੱਚ ਦੋ ਲੇਖਕਾਂ, ਸੁਜਾਨ ਸਿੰਘ ਅਤੇ ਵਿਰਕ, ਨੇ ਕੇਵਲ ਕਹਾਣੀਆਂ ਲਿਖ ਕੇ ਪ੍ਰਸਿੱਧੀ ਖੱਟੀ ਹੈ)। ਮੈਂ ਇਹ ਵੀ ਸੁਣਿਆ ਕਿ ਸੇਖੋਂ ਸਾਹਿਬ ਨੇ ਇਸ ਔਗੁਣ ਉਤੇ ਉਥੇ ਪਛਤਾਵਾ ਪ੍ਰਗਟ ਕੀਤਾ। ਜਦੋਂ ਕੇਂਦਰੀ ਲੇਖਕ ਸਭਾ ਵਲੋਂ ਸੱਦੀ ਇੱਕ ਮੀਟਿੰਗ ਵੇਲੇ ਮੈਂ ਪ੍ਰੋæ ਕਿਸ਼ਨ ਸਿੰਘ ਨੂੰ ਆਪਣਾ ਪਰੀਚੈ ਦੇਣ ਲਈ ਇਹ ਦੱਸਿਆ ਕਿ ਮੈਂ ਕੁਲਵੰਤ ਸਿੰਘ ਵਿਰਕ ਹਾਂ ਤਾਂ ਉਨ੍ਹਾਂ ਕਿਹਾ, "ਹਾਂ ਕੇਂਦਰੀ ਸਭਾ ਵਲੋਂ ਜੋ ਚਿੱਠੀਆਂ ਆਉਂਦੀਆਂ ਹਨ, ਉਨ੍ਹਾਂ ਉਤੇ ਤੁਹਾਡੇ ਦਸਤਖਤ ਹੁੰਦੇ ਹਨ।" ਉਨ੍ਹਾਂ ਨੂੰ ਇਹ ਚਿੱਤ ਚੇਤਾ ਵੀ ਨਹੀਂ ਸੀ ਕਿ ਮੈਂ ਚੰਗੀਆਂ ਮਾੜੀਆਂ ਕਹਾਣੀਆਂ ਵੀ ਲਿਖਦਾ ਹਾਂ। ਨਾ ਹੀ ਮੈਂ ਦੱਸਿਆ। ਇਹੋ ਜਿਹੀ ਸਥਿਤੀ ਵਿੱਚ ਮੇਰੇ ਬਾਰੇ ਕਿਸੇ ਨੂੰ ਕੁੱਝ ਲਿਖ ਕੇ ਬਦਨਾਮੀ ਹੀ ਖੱਟਣੀ ਸੀ। ਪਿਛੋਂ ਆ ਕੇ ਮੇਰੇ ਉਤੇ ਇੱਕ ਦੋ ਪੁਸਤਕਾਂ ਲਿਖੀਆਂ ਵੀ ਗਈਆਂ। ਸਭ ਤੋਂ ਚੰਗੀ ਪੁਸਤਕ ਵਰਿਆਮ ਸਿੰਘ ਸੰਧੂ ਨੇ ਲਿਖੀ। ਅੱਜਕਲ੍ਹ ਡਾ: ਰਣਧੀਰ ਸਿੰਘ ਚੰਦ ਕਹਿੰਦੇ ਹਨ ਕਿ ਉਹ ਇੱਕ ਪੁਸਤਕ ਮੇਰੇ ਬਾਰੇ ਲਿਖਣਗੇ। ਇੱਕ ਅਮਰੀਕਨ ਖੋਜੀ ਨੇ ਗੁਲਜ਼ਾਰ ਸਿੰਘ ਸੰਧੂ ਦੀਆਂ ਕਹਾਣੀਆਂ ਅੰਗਰੇਜ਼ੀ ਵਿੱਚ ਸੰਪਾਦਤ ਕਰਕੇ ਛਪਵਾਈਆਂ ਹਨ। ਉਸ ਨੇ ਕਈ ਪੰਜਾਬੀ ਲੇਖਕਾਂ ਨਾਲ ਆਪਣੀ ਗੱਲਬਾਤ ਪਿਛਲੇ ਸਿਆਲ ਟੇਪ ਕੀਤੀ। ਉਸ ਤੋਂ ਉਸ ਨੇ ਇੱਕ ਸਿੱਟਾ ਇਹ ਕੱਢਿਆ ਹੈ ਕਿ ਮੈਨੂੰ ਆਮ ਤੌਰ 'ਤੇ ਪੰਜਾਬੀ ਦਾ ਸਭ ਤੋਂ ਵਧੀਆ ਕਹਾਣੀ ਲੇਖਕ ਸਮਝਿਆ ਜਾਂਦਾ ਹੈ।
ਮੇਰੀਆਂ ਕਹਾਣੀਆਂ ਬਾਰੇ (ਜਿਸ ਨੂੰ ਤੁਸੀਂ ਕਹਾਣੀ ਕਲਾ ਕਹਿੰਦੇ ਹੋ) ਮੇਰੇ ਆਪਣੇ ਵਿਚਾਰ ਬਹੁਤੇ ਚੰਗੇ ਨਹੀਂ। ਮੈਨੂੰ ਆਪਣੀਆਂ ਕਹਾਣੀਆਂ ਬਹੁਤ ਭੈੜੀਆਂ ਲਗਦੀਆਂ ਹਨ। ਪਰ ਫਿਰ ਵੀ ਮੈਂ ਕਹਾਣੀ ਦੇ ਖੇਤਰ ਵਿੱਚ ਚੌਧਰ ਦੀ ਚਾਹ ਕਰਦਾ ਹਾਂ। (ਜੇ ਕਹਾਣੀਆਂ ਨਾ ਲਿਖਦਾ ਹੁੰਦਾ ਤਾਂ ਕਿਸੇ ਹੋਰ ਖੇਤਰ ਵਿੱਚ ਚੌਧਰ ਦੀ ਚਾਹ ਕਰਦਾ।) ਮੈਨੂੰ ਵਧੀਆ ਜਾਂ ਸਭ ਤੋਂ ਵਧੀਆ ਕਹਾਣੀਕਾਰ ਅਖਵਾ ਕੇ ਬਹੁਤ ਖ਼ੁਸ਼ੀ ਹੁੰਦੀ ਹੈ। ਪਰ ਇਸ ਨਾਲ ਮੈਨੂੰ ਆਪਣੀਆਂ ਕਹਾਣੀਆਂ ਨਾਲ ਪਿਆਰ ਨਹੀਂ ਜਾਗਦਾ। ਕੋਈ ਪੱਤਰ ਵੇਖਣ ਨੂੰ ਮਿਲੇ ਤਾਂ ਸਭ ਤੋਂ ਪਹਿਲਾਂ ਇਹ ਵੇਖਦਾ ਹਾਂ ਕਿ ਉਸ ਵਿੱਚ ਮੇਰਾ ਨਾਂ ਹੈ ਕਿ ਨਹੀਂ। ਇਹ ਭੁੱਖ ਕੁੱਝ ਇਸ ਕਰਕੇ ਵੀ ਤੇਜ਼ ਹੋਈ ਹੈ ਕਿ ਮੇਰਾ ਨਾਂ ਹੁਣ ਪਹਿਲਾਂ ਨਾਲੋਂ ਵੱਧ ਆਉਂਦਾ ਹੈ। ਮੇਰੀਆਂ ਕਹਾਣੀਆਂ ਨੂੰ ਪਸੰਦ ਕਰਨ ਵਾਲੇ ਲੋਕ ਵਧ ਗਏ ਹਨ। ਇਸ ਵਿੱਚ ਆਲੋਚਕਾਂ ਦਾ ਕੋਈ ਹਿੱਸਾ ਨਹੀਂ। ਆਲੋਚਕਾਂ ਦੀ ਰਾਏ ਨੂੰ ਪਾਠਕ ਬਹੁਤੀ ਮਹੱਤਤਾ ਨਹੀਂ ਦੇਂਦੇ।
ਮੇਰਾ ਨਾ ਉਧਰ (ਪਾਕਿਸਤਾਨ ਵਿਚ) ਕੁੱਝ ਰਹਿ ਗਿਆ ਹੈ, ਨਾ ਇਧਰ ਕੁੱਝ ਆਇਆ ਹੈ। ਡੁੱਬੀ ਬੇੜੀ ਨਾ ਪਿਛਲੇ ਪੱਤਨ ਦੀ ਹੁੰਦੀ ਹੈ ਨਾ ਅਗਲੇ ਦੀ। ਮੈਂ ਪਾਕਿਸਤਾਨ ਬਣਨ ਤੋਂ ਪਿਛੋਂ ਆਪਣੇ ਹੀ ਜ਼ਿਲ੍ਹੇ ਵਿੱਚ ਅਫ਼ਸਰ ਬਣ ਕੇ ਰਿਹਾ। ਸਾਡੀ ਜ਼ਮੀਨ ਇੱਕ ਸੜਕ ਦੇ ਨਾਲ ਨਾਲ ਚਲਦੀ ਸੀ। ਇੱਕ ਦਿਨ ਜਦੋਂ ਆਪਣੇ ਕੰਮ ਵਿੱਚ ਫਿਰਦਿਆਂ ਗੱਡੀ ਉਸ ਸੜਕ ਤੋਂ ਲੰਘ ਰਹੀ ਸੀ ਤੇ ਮੈਂ ਡਰਾਈਵਰ ਨੂੰ ਕਿਹਾ ਕਿ ਗੱਡੀ ਜ਼ਰਾ ਹੌਲੀ ਕਰ ਲੈ। ਮੈਂ ਚੰਗੀ ਤਰ੍ਹਾਂ ਵੇਖਣਾ ਚਾਹੁੰਦਾ ਹਾਂ। ਅਸਲ ਵਿੱਚ ਮੈਂ ਪੁਰਾਣੀਆਂ ਬੇਰੀਆਂ ਤੇ ਕੁੱਝ ਆਪਣੇ ਹੱਥਾਂ ਨਾਲ ਲਾਈਆਂ ਟਾਹਲੀਆਂ ਵੇਖਣਾ ਚਾਹੁੰਦਾ ਸਾਂ। ਹੋਰ ਲੋਕ ਉਥੇ ਫਿਰ ਰਹੇ ਸਨ। ਇੱਕ ਥਾਂ ਉਨ੍ਹਾਂ ਹੁੱਕੇ ਲਈ ਅੱਗ ਦੱਬੀ ਹੋਈ ਸੀ। ਮੈਂ ਪੁਰਾਣਾ ਭੂਤ ਬਣ ਕੇ ਉਨ੍ਹਾਂਦੇ ਸਾਹਮਣੇ ਨਹੀਂ ਹੋਣਾ ਚਾਹੁੰਦਾ ਸਾਂ। ਗੱਡੀ ਰੋਕੀ ਨਹੀਂ। ਪਿੰਡ ਵੱਲ ਵੀ ਨਹੀਂ ਮੋੜੀ ਜਿਹੜਾ ਉਸ ਦੇ ਨੇੜੇ ਹੋਰ ਸੜਕ ਉਤੇ ਸੀ। ਫਿਰ ਇੱਕ ਦਿਨ ਪਿੰਡ ਵਾਲੀ ਸੜਕ ਤੇ ਪਿਆ ਤਾਂ ਪਿੰਡ ਗੱਡੀ ਰੋਕ ਲਈ। ਪੁਰਾਣੇ ਮੁਸਲਮਾਨਾਂ ਨੇ ਜਿਹੜੇ ਪਿੰਡ ਦੇ ਕੰਮੀ ਸਨ, ਨੇ ਆਓ ਭਗਤ ਕੀਤੀ। ਨਵੇਂ ਆਏ ਮੁਸਲਮਾਨਾਂ ਮੈਨੂੰ ਕੋਈ ਵੱਡਾ ਅਫ਼ਸਰ ਸਮਝ ਕੇ ਆਪਣੇ ਦੁੱਖ ਦੱਸੇ। ਮੈਂ ਸੁਣ ਕੇ ਟੁਰ ਆਇਆ। ਆਪਣੇ ਘਰ ਨਹੀਂ ਗਿਆ। ਇਹੀ ਸੋਚਿਆ ਕਿ ਬੰਦੇ ਤੋਂ ਭੂਤ ਕਿਉਂ ਬਣਾਂ? ਇੱਕ ਵਾਰ ਆ ਕੇ ਫਿਰ ਮੈਂ ਪਾਕਿਸਤਾਨ ਕਦੀ ਨਹੀਂ ਗਿਆ। ਏਧਰ ਵੀ ਕੋਈ ਥਾਂ ਆਪਣਾ ਨਹੀਂ ਲਗਦਾ। ਕਿਧਰੇ ਰਹਿਣ ਨੂੰ, ਮਕਾਨ ਬਨਾਣ ਨੂੰ ਜੀਅ ਨਹੀਂ ਕਰਦਾ। ਵਾਹੀ ਕਰਨ ਦੀ ਹਿੰਮਤ ਨਹੀਂ ਹੈ। ਉਂਜ ਵੀ ਸ਼ਹਿਰ ਦੀ ਇਕੱਲ ਨਾਲ, ਸੁੰਦਰਤਾ ਨਾਲ, ਅਖਬਾਰਾਂ ਕਿਤਾਬਾਂ ਨਾਲ ਮੋਹ ਪੈ ਗਿਆ ਹੈ।
ਸਰਕਾਰਾਂ ਨਾ ਪੰਜਾਬੀ ਲੇਖਕਾਂ ਨੂੰ ਜਾਣਦੀਆਂ ਹਨ, ਨਾ ਹੀ ਉਨ੍ਹਾਂ ਦੀਆਂ ਲਿਖਤਾਂ ਬਾਰੇ ਕਦੀ ਚਿੰਤਾ ਕਰਦੀਆਂ ਹਨ। ਲੇਖਕ ਆਪੇ ਹੀ ਆਪਣੇ ਆਪ ਨੂੰ ਬਹੁਤ ਚੁਭਵਾਂ ਸਮਝ ਕੇ ਡਰਦੇ ਰਹਿੰਦੇ ਹਨ। ਮੇਰੀ ਬਹੁਤੀ ਨੌਕਰੀ ਭਾਰਤ ਸਰਕਾਰ ਦੀ ਸੀ ਜਿਥੇ ਰਚਨਾਤਮਕ ਕਿਰਤਾਂ ਦੀ ਖੁਲ੍ਹ ਹੈ। ਪੰਜਾਬ ਸਰਕਾਰ ਵਿੱਚ ਹਰ ਚੀਜ਼ ਸਰਕਾਰ ਨੂੰ ਵਿਖਾ ਕੇ ਹੀ ਛਪਵਾਈ ਜਾ ਸਕਦੀ ਹੈ। ਪਰ ਜਿੰਨਾ ਚਿਰ ਕੋਈ ਦੁਸ਼ਮਣ ਰਿਪੋਰਟ ਨਾ ਕਰੇ ਸਰਕਾਰ ਨੂੰ ਕੀ ਪਤਾ ਹੈ। ਅਸਲ ਵਿੱਚ ਸਰਕਾਰ ਇੱਕ ਫਾਈਲ ਹੀ ਹੁੰਦੀ ਹੈ ਜਿਹੜੀ ਸੀæ ਆਈæ ਡੀæ ਦੇ ਥਾਣੇਦਾਰ ਜਾਂ ਕਈ ਵਾਰ ਸਿਪਾਹੀ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਵਿਚਾਰਿਆਂ ਨੂੰ ਸਾਹਿੱਤ ਦਾ ਕੀ ਪਤਾ? ਦੁੱਗਲ ਪੰਦਰਾਂ ਸਾਲ ਇੱਕ ਫਾਈਲ ਦੇ ਪਰਛਾਵੇਂ ਹੇਠ ਰਿਹਾ। ਪਰ ਇਹ ਸਥਿਤੀ ਉਸ ਦੇ ਲਿਖਣ ਕਰਕੇ ਨਹੀਂ ਸੀ, ਹੋਰ ਕਾਰਨਾਂ ਕਰਕੇ ਸੀ। ਉਸਦੇ ਵਜ਼ੀਰ ਦੋਸਤ ਉਸਨੂੰ ਉਸ ਸਥਿਤੀ ਵਿਚੋਂ ਕੱਢ ਵੀ ਨਾ ਸਕੇ। ਕਿੱਡੀ ਹੈਰਾਨੀ ਅਤੇ ਦੁੱਖ ਦੀ ਗੱਲ ਹੈ ਕਿ ਉਸੇ ਲੇਖਕ ਦੀ ਫਾਈਲ ਬਣੀ ਜਿਹੜਾ ਸਰਕਾਰ ਦੇ ਸਭ ਤੋਂ ਨੇੜੇ ਸੀ। ਜਿਹੜੀਆਂ ਕਹਾਣੀਆਂ ਮੈਂ ਨੌਕਰੀ ਅਰੰਭ ਕਰਨ ਤੋਂ ਪਹਿਲਾਂ ਲਿਖੀਆਂ ਉਹ ਵੀ ਸਰਕਾਰ-ਵਿਰੋਧੀ ਨਹੀਂ ਸਨ। ਅਸਲ ਵਿੱਚ ਕਹਾਣੀਆਂ ਲਿਖਣ ਨਾਲੋਂ ਵੱਧ ਸਰਕਾਰ-ਵਿਰੋਧੀ ਕੰਮ ਉਸ ਵੇਲੇ ਕੇਂਦਰੀ ਲੇਖਕ ਸਭਾ ਦਾ ਜਨਰਲ ਸਕੱਤਰ ਹੋਣਾ ਸੀ। ਸਰਕਾਰੀ ਕਾਗ਼ਜ਼ਾਂ ਵਿੱਚ ਇਹ ਕਮਿਊਨਿਸਟ ਪਾਰਟੀ ਦੀ ਸੰਸਥਾ ਸੀ ਤੇ ਕਮਿਊਨਿਸਟ ਉਸ ਵੇਲੇ ਸਰਕਾਰ ਦੇ ਸਭ ਤੋਂ ਵੱਡੇ ਵਿਰੋਧੀ ਸਨ। ਨੌਕਰੀ ਨੇ ਕੇਵਲ ਮੇਰਾ ਸਮਾਂ ਖਾਧਾ ਹੈ। ਪਰ ਜੇ ਮੈਂ ਕੋਈ ਹੋਰ ਕੰਮ ਕਰਦਾ ਤਾਂ ਉਹ ਵੀ ਮੇਰਾ ਸਮਾਂ ਖਾਂਦਾ। ਨੌਕਰੀ ਵਿੱਚ ਲਿਖਣਾ ਸਭ ਤੋਂ ਸੌਖਾ ਹੈ, ਜੇ ਉਹ ਖਾਸ ਤਰ੍ਹਾਂ ਦੀ ਨੌਕਰੀ ਨਾ ਹੋਵੇ। ਕੰਮ ਦੇ ਵਕਤ ਮੁਕਰਰ ਹਨ, ਬਾਕੀ ਸਮਾਂ ਬੇਫਿਕਰੀ ਦਾ ਹੁੰਦਾ ਹੈ। ਪਰ ਕੋਈ ਡਿਪਟੀ ਕਮਿਸ਼ਨਰ ਜਾਂ ਥਾਣੇ ਦਾ ਇੰਚਾਰਜ ਜਾਂ ਵਾਈਸ ਚਾਂਸਲਰ ਲੇਖਕ ਨਹੀਂ ਹੋ ਸਕਦਾ ਕਿਉਂਕਿ ਇਹ ਦਿਨ-ਰਾਤ ਦੀਆਂ ਨੌਕਰੀਆਂ ਹਨ। ਇਸ ਤਰ੍ਹਾਂ ਕੋਈ ਵੱਡਾ ਵਪਾਰੀ ਜਾਂ ਕਾਰਖਾਨੇਦਾਰ; ਕਿਉਂਕਿ ਇਹ ਵੀ ਦਿਨ-ਰਾਤ ਦੇ ਕੰਮ ਹਨ। ਮੈਨੂੰ ਪੇਸ਼ਾਵਰ ਲੇਖਕ ਹੋਣਾ ਚੰਗਾ ਨਹੀਂ ਲਗਦਾ। ਇਹ ਕੰਮ ਲੁਕ ਕੇ ਆਪਣੀ ਮਰਜ਼ੀ ਅਨੁਸਾਰ ਕਰਨ ਵਾਲਾ ਹੈ। ਇਹ ਪੇਸ਼ਾ ਨਹੀਂ ਹੋ ਸਕਦਾ ਕਿਉਂਕਿ ਇਹ ਸਮਾਜਕ ਕੰਮ ਨਹੀਂ ਹੈ। ਇਸ ਵਿੱਚ ਕਿਸੇ ਸੰਪਾਦਕ, ਪ੍ਰਕਾਸ਼ਕ ਜਾਂ ਪਾਠਕ ਦਾ ਕੋਈ ਦਖ਼ਲ ਨਹੀਂ ਹੋਣਾ ਚਾਹੀਦਾ। ਤੁਸੀਂ ਆਪ ਲਿਖਣਾ ਹੈ, ਉਨ੍ਹਾਂ ਨੇ ਨਹੀਂ।
ਮੈਂ ਕਿਸੇ ਨੂੰ ਮੁਹੱਬਤ ਨਹੀਂ ਕਰਦਾ, ਨਾ ਕੋਈ ਮੈਨੂੰ ਕਰਦਾ ਹੈ। ਮੈਨੂੰ ਇਹ ਸੋਚ ਕੇ ਬਹੁਤ ਖ਼ੁਸ਼ੀ ਹੁੰਦੀ ਹੈ ਕਿ ਜੇ ਮੈਂ ਅੱਜ ਮਰ ਜਾਵਾਂ ਤਾਂ ਮੈਨੂੰ ਕੋਈ ਵੀ ਨਹੀਂ ਰੋਵੇਗਾ। ਕੱਲ੍ਹ ਦਾ ਕੀ ਪਤਾ? ਮੇਰੇ ਲਈ ਹਰ ਇਸਤਰੀ ਇੱਕ ਗੁਫ਼ਾ ਹੈ ਤੇ ਮੇਰੀ ਉਨ੍ਹਾਂ ਵਿੱਚ ਉਸੇ ਤਰ੍ਹਾਂ ਦੀ ਦਿਲਚਸਪੀ ਹੈ ਜਿਸ ਤਰ੍ਹਾਂ ਲੋਕਾਂ ਦੀ ਗੁਫ਼ਾਵਾਂ ਵਿੱਚ ਹੁੰਦੀ ਹੈ। ਕਈ ਥਾਈਂ ਤੁਸਾਂ ਸੁਣਿਆ ਹੋਵੇਗਾ ਕਿ ਇਥੋਂ ਇੱਕ ਗੁਫ਼ਾ ਐਨੇ ਮੀਲ ਦੂਰ ਫਲਾਣੇ ਥਾਂ ਉਤੇ ਜਾ ਕੇ ਨਿਕਲਦੀ ਹੈ। ਲੋਕੀਂ ਉਹਦੇ ਮੂੰਹ ਅੱਗੇ ਜਾ ਕੇ ਖੜ੍ਹੇ ਹੋ ਜਾਂਦੇ ਹਨ। ਨਾ ਕੋਈ ਕਦੀ ਅੰਦਰ ਗਿਆ ਹੈ, ਨਾ ਕਦੀ ਗੁਫ਼ਾ ਹੈ ਈ ਸੀ। ਹਰ ਇਨਸਾਨ ਗੁਫਾ ਦਾ ਆਸ਼ਕ ਹੈ। ਜੇ ਕਦੀ ਗੁਫ਼ਾ ਦੇ ਅੰਦਰ ਝਾਤੀ ਮਾਰਨ ਦਾ ਮੌਕਾ ਮਿਲ ਜਾਏ ਤਾਂ ਮੈਂ ਇੱਕ ਅੱਧੀ ਕਹਾਣੀ ਲਿਖ ਲੈਂਦਾ ਹਾਂ ਤੇ ਬੱਸ।
ਮੈਂ ਨਵੀਆਂ ਕਹਾਣੀਆਂ ਪੜ੍ਹਦਾ ਹਾਂ ਇਹ ਜਾਣਨ ਲਈ ਕਿ ਦੁਨੀਆਂ ਕਿਧਰ ਨੂੰ ਜਾ ਰਹੀ ਹੈ। ਮੈਨੂੰ ਉਨ੍ਹਾਂ ਦੇ ਨਵੇਂ-ਨਵੇਂ ਵਿਸ਼ੇ, ਪਾਤਰਾਂ ਵਿਚਲੀ ਲੰਮੀ ਗੱਲਬਾਤ, ਤੇ ਵਿਸਥਾਰ ਬਹੁਤ ਚੰਗੇ ਲਗਦੇ ਹਨ। ਮੈਨੂੰ ਇਕੋ ਹੀ ਘਾਟਾ ਲੱਭਦਾ ਹੈ, ਕਿ ਬਹੁਤ ਪੜ੍ਹੇ-ਲਿਖੇ ਲੋਕ ਕਿਉਂ ਪੰਜਾਬੀ ਵਿੱਚ ਕਹਾਣੀ ਨਹੀਂ ਲਿਖ ਰਹੇ? ਜਿਵੇਂ ਪਹਿਲੀ ਪੀਹੜੀ ਵਿੱਚ ਲਿਖਦੇ ਸਨ। ਮੈਨੂੰ ਅੰਗਰੇਜ਼ੀ ਪੜ੍ਹੇ ਹੋਏ ਲੋਕ ਚੰਗੇ ਲਗਦੇ ਹਨ। ਉਨ੍ਹਾਂ ਵਿੱਚ ਸਮੇਂ ਦੇ ਹਾਣੀ ਹੋਣ ਦੀਆਂ ਵੱਧ ਸੰਭਾਵਨਾਵਾਂ ਹੁੰਦੀਆਂ ਹਨ।
ਤਿੰਨ ਚਾਰ ਸਾਲ ਪਹਿਲਾਂ ਮੈਂ ਚੰਡੀਗੜ੍ਹ ਰਹਿੰਦਾ ਸੀ। ਕੁੱਝ ਟੈਲੀਫੋਨ ਆਉਂਦੇ, "ਅਸੀਂ ਤੁਹਾਡੇ ਬਾਰੇ ਐਮæ ਫਿਲ਼ ਦਾ ਥੀਸਜ਼ ਲਿਖਣਾ ਹੈ। ਮੁਲਾਕਾਤ ਲਈ ਵਕਤ ਦੱਸੋ ਜਾਂ ਇਨ੍ਹਾਂ ਸਵਾਲਾਂ ਦੇ ਜਵਾਬ ਲਿਖ ਕੇ ਭੇਜ ਦਿਓ।" ਉਨ੍ਹੀਂ ਦਿਨੀਂ "ਅਜੀਤ" ਵਿੱਚ ਨਵੇਂ ਕਹਾਣੀਕਾਰਾਂ ਨਾਲ ਮੁਲਾਕਾਤਾਂ ਰਾਹੀਂ ਪੁੱਛਾਂ ਛਪ ਰਹੀਆਂ ਸਨ। ਇੱਕ ਪੁੱਛ ਇਹ ਸੀ ਕਿ ਤੁਹਾਨੂੰ ਕਿਸ ਲੇਖਕ ਨੇ ਬਹੁਤਾ ਪ੍ਰਭਾਵਿਤ ਕੀਤਾ ਹੈ। ਮੈਨੂੰ ਕਿਸੇ ਨੇ ਦੱਸਿਆ ਕਿ ਬਹੁਤਿਆਂ ਨਵੇਂ ਕਹਾਣੀਕਾਰਾਂ ਨੇ ਮੇਰਾ ਹੀ ਨਾਂ ਲਿਆ ਸੀ। ਮੈਂ ਸਮਝ ਗਿਆ ਕਿ ਹੁਣ ਜੁਗ ਬਦਲ ਰਿਹਾ ਹੈ।
ਕਲਾ ਵਿੱਚ ਉਸਤਾਦੀ ਸ਼ਗਿਰਦੀ ਨਹੀਂ ਚਲਦੀ, ਨਾ ਚੱਲਣ ਦੇਣੀ ਚਾਹੀਦੀ ਹੈ। ਇਸ
ਲਈ ਮੈਂ ਕਦੀ ਕਿਸੇ ਨੂੰ ਕੋਈ ਸੁਝਾਅ ਨਹੀਂ ਦਿੱਤਾ। ਪਿਛੇ ਜਹੇ ਇੱਕ ਬਹੁਤ ਪੜ੍ਹੀ-ਲਿਖੀ ਬੀਬੀ ਮਿਲੀ। ਕਹਿਣ ਲੱਗੀ ਜੇ "ਪ੍ਰੀਤ ਲੜੀ" ਨਾ ਨਿਕਲਦੀ ਤਾਂ ਕਿੱਡਾ ਚੰਗਾ ਹੁੰਦਾ! ਜੇ ਇੱਕ ਵੱਡਮੁੱਲੀ ਉਮਰ ਸਿੱਖਿਆ ਤੇ ਸੁਝਾਅ ਦੇਣ ਵਿੱਚ ਬਿਤਾਣ ਦਾ ਵੀ ਇਹ ਸਿੱਟਾ ਨਿਕਲ ਸਕਦਾ ਹੈ ਤਾਂ ਫਿਰ ਸੁਝਾਅ ਦੇਣ ਦਾ ਕੀ ਫ਼ਾਇਦਾ? ਕੋਈ ਵੀ ਕਿਸੇ ਕੋਲੋਂ ਕੁੱਝ ਨਹੀਂ ਸਿੱਖ ਸਕਦਾ। ਇੱਕ ਤਰ੍ਹਾਂ ਦੇ ਲੇਖਕ ਆਪੇ ਹੀ ਇਕੱਠੇ ਹੋ ਕੇ ਇਕ-ਦੂਜੇ ਤੋਂ ਸਿੱਖ-ਸਿਖਾ ਲੈਂਦੇ ਹਨ। ਜਿੰਨ੍ਹਾਂ ਨੂੰ ਮਾੜੀ ਸੰਗਤ ਦੇ ਪ੍ਰਭਾਵ ਹੇਠ ਆਏ ਕਹੀਦਾ ਹੈ, ਅਸਲ ਵਿੱਚ ਉਨ੍ਹਾਂ ਨੂੰ ਕੋਈ ਹੋਰ ਸੰਗਤ ਚੰਗੀ ਹੀ ਨਹੀਂ ਲਗਦੀ।
No comments:
Post a Comment