Wednesday, November 3, 2010

ਗ਼ਦਰ ਲਹਿਰ ਦੇ ਹੱਥਲੇ ਅਧਿਐਨ ਦਾ ਮੰਤਵ - ਹਰੀਸ਼ ਕੇ ਪੁਰੀ -

ਗ਼ਦਰ ਲਹਿਰ ਭਾਵੇਂ ਥੋੜ੍ਹਾ ਸਮਾਂ ਹੀ ਚੱਲੀ, ਪਰ ਇਸ ਨੇ ਭਾਰਤ ਦੀ ਆਜ਼ਾਦੀ ਲਈ ਘੋਲ ਵਿਚ ਉੱਘਾ ਰੋਲ ਅਦਾ ਕੀਤਾ। ਭਾਵੇਂ ਭਾਰਤੀ ਰਾਸ਼ਟਰਵਾਦ ਦੀ ਇਤਿਹਾਸਕਾਰੀ ਵਿਚ ਇਸ ਨੂੰ ਅਜੇ ਇਸ ਦਾ ਉਚਿਤ ਸਥਾਨ ਨਹੀਂ ਮਿਲਿਆ, ਤਾਂ ਵੀ ਇਹ ਨਹੀਂ ਕਿਹਾ ਜਾ ਸਕਦਾ ਕਿ ਇਹ ਇਸ ਘੋਲ ਦਾ ਇਕ ਅਣਲਿਖਿਆ ਕਾਂਡ ਹੀ ਬਣੀ ਰਹੀ ਹੈ। ਇਸ ਲਹਿਰ ਦੇ ਦਰਜਨ ਤੋਂ ਵੱਧ ਬਿਰਤਾਂਤ ਪ੍ਰਕਾਸ਼ਿਤ ਹੋਏ ਮਿਲਦੇ ਹਨ,1 ਕਈ ਜੀਵਨੀਆਂ ਅਤੇ ਸਵੈ-ਜੀਵਨੀਆਂ ਵਿਚ2 ਅਤੇ ਭਾਰਤ ਦੇ ਸੁਤੰਤਰਤਾ ਸੰਗਰਾਮ ਨਾਲ ਸੰਬੰਧਿਤ ਕਈ ਹੋਰ ਪੁਸਤਕਾਂ3 ਵਿਚ ਇਸ ਦੇ ਕੁਝ ਮੁਖ ਦੌਰਾਂ ਅਤੇ ਲੱਛਣਾਂ ਦਾ ਸੰਖੇਪ ਵਰਣਨ ਕੀਤਾ ਗਿਆ ਮਿਲਦਾ ਹੈ। ਤਾਂ ਫਿਰ ਇਸ ਲਹਿਰ ਬਾਰੇ ਇਕ ਹੋਰ ਕਿਤਾਬ ਕਿਉਂ, ਅਤੇ ਅੱਜ ਇਸ ਦੀ ਸਾਡੇ ਲਈ ਪ੍ਰਸੰਗਕਤਾ ਕੀ ਹੈ? ਇਸ ਗੱਲ ਦੀ ਵਿਆਖਿਆ ਜ਼ਰੂਰੀ ਹੋ ਸਕਦੀ ਹੈ। ਇਸ ਨਾਲ ਮੌਜੂਦਾ ਅਧਿਐਨ ਲਈ ਚੁਣੇ ਗਏ ਵਿਸ਼ਿਆਂ ਨੂੰ ਸਪਸ਼ਟ ਕਰਨ ਵਿਚ ਸਹਾਇਤਾ ਮਿਲ ਸਕਦੀ ਹੈ।
ਗ਼ਦਰ ਲਹਿਰ 1913 ਵਿਚ ਅਮਰੀਕਾ ਵਿਚ ਸ਼ੁਰੂ ਹੋਈ। ਆਪਣੇ ਨਿਸ਼ਾਨਿਆਂ ਅਤੇ ਵਿਚਾਰਾਂ ਦੇ ਚੌਖਟੇ ਵਿਚ ਇਹ ਉਸ ਪ੍ਰਧਾਨ ਵਿਚਾਰਧਾਰਕ ਚਿੰਤਨ ਤੋਂ (ਸਮੇਤ ਇਸ ਦੀਆਂ ਵਿਰੋਧਤਾਈਆਂ ਦੇ) ਪ੍ਰੇਰਨਾ ਲੈਂਦੀ ਸੀ, ਜਿਹੜਾ 1905-1920 ਦੇ ਸਮੇਂ ਦੌਰਾਨ ਭਾਰਤੀ ਇਨਕਲਾਬੀ ਰਾਸ਼ਟਰਵਾਦੀਆਂ ਵਿਚ ਮਿਲਦਾ ਸੀ। ਇਹਨਾਂ ਪੜ੍ਹੇ ਲਿਖੇ ਇਨਕਲਾਬੀਆਂ ਨੇ, ਜਿਹੜੇ ਗਿਣਤੀ ਵਿਚ ਥੋੜ੍ਹੇ ਜਿਹੇ ਹੀ ਸਨ, ਇਸ ਲਹਿਰ ਦੇ ਵਿਕਾਸ ਵਿਚ ਅਤੇ ਇਸ ਨੂੰ ਸੇਧ ਦੇਣ ਵਿਚ ਅਹਿਮ ਭੂਮਿਕਾ ਨਿਭਾਈ। ਇਹਨਾਂ ਵਿਚੋਂ ਸਭ ਤੋਂ ਉਘੜਵਾਂ ਨਾਂ ਲਾਲਾ ਹਰਦਿਆਲ ਦਾ ਸੀ ਜਿਸ ਨੇ ਆਕਸਫੋਰਡ ਜਾ ਕੇ ਪੜ੍ਹਾਈ ਕਰਨ ਲਈ ਮਿਲੇ ਗੌਰਵਸ਼ਾਲੀ ਵਜ਼ੀਫ਼ੇ ਨੂੰ ਠੁਕਰਾ ਦਿੱਤਾ ਸੀ ਤਾਂ ਕਿ ਉਹ ਆਪਣੇ ਆਪ ਨੂੰ ਪੂਰੀ ਤਰ੍ਹਾਂ ਕੌਮੀ ਉਦੇਸ਼ ਦੇ ਸਮਰਪਨ ਕਰ ਸਕੇ। ਭਾਰੀ ਗਿਣਤੀ ਵਿਚ ਲੋਕ ਇਸ ਲਹਿਰ ਵਿਚ ਸ਼ਾਮਲ ਹੋਏ, ਜਿਨ੍ਹਾਂ ਵਿਚੋਂ ਬਹੁਤੇ 95 ਫ਼ੀ ਸਦੀ ਤੋਂ ਵੱਧ, ਪੰਜਾਬੀ ਪਰਵਾਸੀ, ਵਧੇਰੇ ਕਰਕੇ ਸਿੱਖ ਸਨ, ਜਿਹੜੇ ਉੱਤਰੀ ਅਮਰੀਕਾ ਦੇ ਸ਼ਾਂਤ ਮਹਾਂਸਾਗਰੀ ਤੱਟ ਉਤੇ, ਅਣਸਿਖਿਅਤ ਕਾਮਿਆਂ, ਖੇਤ ਮਜ਼ਦੂਰਾਂ ਵਜੋਂ ਕੰਮ ਕਰਦੇ ਸਨ, ਖੇਤ-ਮਾਲਕ ਸਨ ਅਤੇ ਠੇਕੇਦਾਰ ਸਨ। ਉੱਤਰੀ ਅਮਰੀਕਾ ਵਿਚ ਉਹਨਾਂ ਦੇ ਨਿੱਜੀ ਤਜਰਬੇ ਅਤੇ ਸ਼ੁਰੂ ਸ਼ੁਰੂ ਦੀ ਸੰਗਠਿਤ ਭਾਈਚਾਰਕ ਸਰਗਰਮੀ ਕਾਰਨ ਇਹ ਸੰਭਵ ਹੋ ਸਕਿਆ ਕਿ ਉਹ ਰਾਸ਼ਟਰਵਾਦੀਆਂ ਵੱਲੋਂ ਕੀਤੇ ਜਾਂਦੇ ਇਨਕਲਾਬੀ ਪਰਚਾਰ ਨੂੰ ਇਹਨਾਂ ਲੋਕਾਂ ਉਪਰ ਉਸ ਵੇਲੇ ਹੋ ਰਹੇ ਜਬਰ ਨਾਲ ਅਤੇ ਆਪਣੇ ਦੇਸ਼ ਵਿਚ ਹੋ ਰਹੇ ਜਬਰ ਨਾਲ ਕਾਰਗਰ ਤਰੀਕੇ ਨਾਲ ਜੋੜ ਸਕਣ। ਇਸ ਨਾਲ ਇਹ ਤੱਥ ਉੱਭਰ ਕੇ ਸਾਹਮਣੇ ਆਉਂਦਾ ਸੀ ਕਿ ਭਾਰਤ ਦੇ ਹਿਤਾਂ ਅਤੇ ਬਰਤਾਨਵੀ ਸਾਮਰਾਜ ਦੇ ਹਿਤਾਂ ਵਿਚ ਕੋਈ ਸਾਂਝ ਨਹੀਂ ਹੋ ਸਕਦੀ। ਜਵਾਬ ਸਿਰਫ਼ ਇਕ ਸੀ: ਗ਼ਦਰ, ਭਾਵ, ਹਿੰਸਾ ਰਾਹੀਂ ਇਨਕਲਾਬੀ ਤਬਦੀਲੀ; ਇਸ ਤੋਂ ਘੱਟ ਜਾਂ ਵੱਧ ਕੁਝ ਨਹੀਂ।
ਪੰਜਾਬੀ ਪਰਵਾਸੀ ਹੀ ਸਨ ਜਿਹੜੇ ਵਧੇਰੇ ਕਰਕੇ ਅੱਗੇ ਆਏ ਅਤੇ ਉਹਨਾਂ ਨੇ ਫੰਡ ਵੀ ਦਿੱਤੇ। ਅਮਲੀ ਰੂਪ ਵਿਚ ਇਹ ਉਹਨਾਂ ਦੀ ਹੀ ਲਹਿਰ ਸੀ। ਉਹਨਾਂ ਤੋਂ ਬਿਨਾਂ ਗ਼ਦਰ ਲਹਿਰ ਹੋ ਹੀ ਨਹੀਂ ਸੀ ਸਕਦੀ। ਇਨਕਲਾਬੀ ਤਬਦੀਲੀ ਲਈ ਇਸ ਲਹਿਰ ਦੇ ਖਾਸੇ ਨੂੰ ਨਿਸਚਿਤ ਕਰਨ ਵਾਲੀ ਚੀਜ਼ ਉਹ ਗੂਹੜੇ ਸੰਬੰਧ ਸਨ, ਜਿਹੜੇ ਦੋ ਮੌਟੇ ਤੌਰ ਉਤੇ ਵੱਖਰੇ ਵਖਰੇ ਅਨਸਰਾਂ ਵਿਚਕਾਰ ਪਾਏ ਜਾਂਦੇ ਸਨ।
ਕਿਉਂਕਿ ਬੇਸਬਰੇ ਪੰਜਾਬੀਆਂ ਨੇ ਇਹ ਮੰਗ ਕਰਨੀ ਸ਼ੁਰੂ ਕਰ ਦਿੱਤੀ ਕਿ ਬਿਆਨਾਂ ਦੀ ਥਾਂ ਕਿਸੇ ਅਨਿਸਚਿਤ ਭਵਿੱਖ ਵਿਚ ਇਨਕਲਾਬ ਦੀ ਤਿਆਰੀ ਕਰਨੀ ਸ਼ੁਰੂ ਕੀਤੀ ਜਾਏ, ਅਤੇ ਕਿਉਂਕਿ ਇਸ ਦਾ ਮੁਖ ਆਗੂ ਹਰਦਿਆਲ, ਅਪ੍ਰੈਲ 1914 ਵਿਚ ਗ੍ਰਿਫਤਾਰੀ ਤੋਂ ਮਗਰੋਂ ਇਕ ਪਾਸੇ ਹੋ ਗਿਆ ਸੀ, ਇਸ ਲਈ ਪੰਜਾਬੀ ਆਗੂਆਂ ਨੇ ਲਹਿਰ ਦੀ ਕਮਾਂਡ ਸੰਭਾਲ ਲਈ। ਵਿਦਿਆਰਥੀ ਇਨਕਲਾਬੀ ਉਹਨਾਂ ਸਿੱਖਾਂ ਨੂੰ "ਅਣਪੜ੍ਹ" ਅਤੇ "ਮਨੋਵੇਗੀ" ਦੱਸਦੇ ਸਨ ਜਿਸ ਕਰਕੇ ਉਹਨਾਂ ਤੋਂ ਚੌਕਸ ਰਹਿੰਦੇ ਹੋਏ ਉਹ ਲਹਿਰ ਤੋਂ ਪਿੱਛੇ ਹਟ ਗਏ। ਜਦੋਂ ਪਹਿਲੀ ਸੰਸਾਰ ਜੰਗ ਸ਼ੁਰੂ ਹੋਈ ਤਾਂ ਦੋਹਾਂ ਨੇ ਵਖੋ ਵਖਰੇ ਰਾਹ ਫੜ ਲਏ। ਪੰਜਾਬੀ ਪਰਵਾਸੀਆਂ ਨੇ ਆਪਣੇ ਸੈਂਕੜੇ ਸਾਥੀ ਉਤਸ਼ਾਹੀਆਂ ਨੂੰ ਇਕੱਠਾ ਕੀਤਾ ਅਤੇ ਅਸੰਭਵ ਜਿਹਾ ਇਨਕਲਾਬ ਸ਼ੁਰੂ ਕਰਨ ਲਈ ਭਾਰਤ ਵਾਪਸ ਆ ਗਏ; ਉਹਨਾਂ ਨੇ ਦੰਤ-ਕਥਾ ਬਣ ਗਈ ਬਹਾਦਰੀ ਅਤੇ ਕੁਰਬਾਨੀ ਦੀਆਂ ਇਹੋ ਜਿਹੀਆਂ ਮਿਸਾਲਾਂ ਕਾਇਮ ਕੀਤੀਆਂ ਜਿਹੜੀਆਂ ਪੰਜਾਬ ਦੇ ਇਨਕਲਾਬੀ ਨੌਜਵਾਨਾਂ ਦੀਆਂ ਮਗਰੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਦਾ ਸਦੀਵੀ ਸੋਮਾ ਬਣ ਗਈਆਂ। ਇਨਕਲਾਬੀ ਵਿਦਿਆਰਥੀ ਬਰਲਿਨ ਇੰਡੀਆ  ਕਮੇਟੀ ਨਾਲ ਰਲ ਗਏ, ਜਿਸ ਨੂੰ ਜਰਮਨੀ ਵਲੋਂ ਧਨ ਅਤੇ ਅਗਵਾਈ ਦਿੱਤੀ ਜਾਂਦੀ ਸੀ; ਉਹਨਾਂ ਨੂੰ ਇਹ 'ਭਾਰਤ ਅਤੇ ਜਰਮਨੀ ਦਾ ਸਾਂਝਾ ਉਦੇਸ਼' ਲਗਦਾ ਸੀ। ਕੈਲਿਫੋਰਨੀਆ ਵਿਚਲੀ ਛੋਟੀ ਜਿਹੀ ਗ਼ਦਰੀ ਜਥੇਬੰਦੀ ਦੀ ਇਸ ਕਮੇਟੀ ਨਾਲ ਅਤੇ ਆਮ ਜਰਮਨ ਖੁਫ਼ੀਆ ਏਜੰਸੀ ਨਾਲ ਮਿਲਵਰਤਣ ਨੇ ਲਹਿਰ ਦੇ ਖਾਸੇ ਨੂੰ ਬਦਲ ਦਿੱਤਾ; ਅਸਿੱਧੇ ਤੌਰ ਉਤੇ ਇਸ ਨੇ ਅੰਦਰੂਨੀ ਫੁੱਟ ਵਿਚ ਵਾਧਾ ਕੀਤਾ ਅਤੇ ਆਖਰ ਸਾਜ਼ਸ਼ ਕੇਸ ਤੋਂ ਮਗਰੋਂ ਇਸ ਨੂੰ ਟੋਟੇ ਟੋਟੇ ਕਰ ਦਿਤਾ।
ਆਮ ਪੱਧਰ ਉਤੇ ਵੀ, ਅਤੇ ਅਕਾਦਮਿਕ ਪੱਧਰ ਉਤੇ ਵੀ, ਇਸ ਲਹਿਰ ਬਾਰੇ ਮਿਲਦੇ ਵਰਣਨਾਂ ਵਿਚ ਅਸੀਂ ਜੋ ਕੁਝ ਦੇਖਦੇ ਹਾਂ ਉਹ ਹੈ ਇਸ ਦੇ ਇਤਿਹਾਸ ਨੂੰ ਮੁੜ-ਉਸਾਰਣ ਵਿਚ ਤੱਥਾਂ ਦੀ ਅਜਿਹੀ ਉਘੜਵੇਂ ਤੌਰ ਉਤੇ ਗਿਣੀ-ਚੁਣੀ ਖੋਜ; ਜਿਸ ਨਾਲ ਇਹ ਇਤਿਹਾਸ ਲਗਪਗ ਸਪਸ਼ਟ ਤੌਰ ਉਤੇ ਦੋ ਵਰਗਾਂ ਵਿਚ ਵੰਡੇ ਜਾਂਦੇ ਹਨ। ਇਕ ਵਰਗ ਵਿਚ ਉਹ ਲਿਖਤਾਂ ਆਉਂਦੀਆਂ ਹਨ ਜਿਨ੍ਹਾਂ ਵਿਚ ਵਿਸ਼ਿਸ਼ਟਤਾ ਵਾਲੀ ਪਹੁੰਚ ਅਪਣਾਈ ਗਈ ਹੈ, ਉਹਨਾਂ ਵਿਚ ਮੁਖ ਤੌਰ ਉਤੇ ਬਦੇਸ਼ਾਂ ਵਿਚਲੇ ਭਾਰਤੀ ਇਨਕਲਾਬੀ ਬੁਧੀਜੀਵੀਆਂ ਉਤੇ ਧਿਆਨ ਕੇਂਦਰਿਤ ਕੀਤਾ ਗਿਆ ਹੈ; ਗ਼ਦਰ ਲਹਿਰ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਹੈ ਕਿ ਇਸ ਨੂੰ ਕਾਇਮ ਕਰਨ ਵਾਲੇ, ਕੰਟਰੋਲ ਕਰਨ ਵਾਲੇ ਅਤੇ ਸੇਧ ਦੇਣ ਵਾਲੇ "ਪਰੰਪਰਾਈ ਬੁਧੀਜੀਵੀ"   ਸਨ ਜਿਨ੍ਹਾਂ ਨੇ ਆਪਣੀਆਂ ਕਲਪਿਤ ਕੌਮਾਂਤਰੀ ਸਕੀਮਾਂ ਦੇ ਹਿੱਸੇ ਵਜੋਂ ਅਣਪੜ੍ਹ ਪੰਜਾਬੀ ਮਜ਼ਦੂਰਾਂ ਦੇ ਉਸ ਸਮੂਹ ਨੂੰ, ਜਿਹੜਾ ਇਕ ਅਦਭੁਤ ਮਨੁੱਖੀ ਮਸਾਲਾ ਸੀ, ਆਪਣੇ ਨਾਲ ਰਲਾ ਲਿਆ। 4 ਇਸ ਤਰ੍ਹਾਂ ਪੰਜਾਬੀ ਗ਼ਦਰੀਆਂ ਦੀ ਭਾਰੀ ਗਿਣਤੀ ਦੇ ਰੋਲ ਅਤੇ ਸਰਗਰਮੀਆਂ ਨੂੰ ਜਾਂ ਤਾਂ ਨਿਗੂਣਾ ਬਣਾ ਦਿੱਤਾ ਗਿਆ ਜਾਂ ਅਣਗੌਲਿਆਂ ਕਰ ਦਿੱਤਾ ਗਿਆ।
ਇਹ ਸਾਰੇ ਦੇ ਸਾਰੇ ਵਰਣਨ, ਜਿਹੜੇ ਇਹਨਾਂ ਵਿਦਿਆਰਥੀ ਇਨਕਲਾਬੀਆਂ ਦੀਆਂ ਪੈੜਾਂ ਉਤੇ ਚਲਦੇ ਸਨ, 'ਹਿੰਦੂ-ਜਰਮਨ ਸਾਜ਼ਸ਼' ਵਿਚ ਗ਼ਦਰੀਆਂ ਦੇ ਹਿੱਸੇ ਨੂੰ ਗ਼ਲਤ ਢੰਗ ਨਾਲ ਜ਼ਿਆਦਾ ਉਭਾਰ ਕੇ ਪੇਸ਼ ਕਰਦੇ ਹਨ। ਇਸ ਦੀ ਇਕ ਵਜ੍ਹਾ ਇਹ ਸੀ ਕਿ ਭਾਰਤ ਸਰਕਾਰ ਦੇ ਦਿਮਾਗ਼ ਉਤੇ ਗ਼ਦਰ ਦੇ ਜਰਮਨ ਸੰਬੰਧ ਵਾਲਾ ਪੱਖ ਛਾਇਆ ਹੋਇਆ ਸੀ ਅਤੇ ਉਸ ਦਾ ਰੁਝਾਨ ਬਦੇਸ਼ਾਂ ਵਿਚ ਭਾਰਤੀ ਇਨਕਲਾਬੀਆਂ ਦੀਆਂ ਹਰ ਤਰ੍ਹਾਂ ਦੀਆਂ ਸਰਗਰਮੀਆਂ ਨੂੰ ਗ਼ਦਰ ਪਾਰਟੀ ਦੇ ਖਾਨੇ ਵਿਚ ਰਖਣ ਦਾ ਸੀ। ਵਿਦਵਾਨਾਂ ਨੂੰ ਗ੍ਰਹਿ ਮੰਤਰਾਲੇ ਦੀ ਰਾਜਨੀਤਕ ਸ਼ਾਖ ਦੀਆਂ ਲਿਖੀਆਂ ਕਾਰਵਾਈਆਂ ਵਿਚ ਅਤੇ ਸਾਜ਼ਸ਼ ਕੇਸ ਦੇ ਰੀਕਾਰਡਾਂ ਵਿਚ ਇਸ ਸੰਬੰਧੀ ਕਾਫ਼ੀ ਮਸਾਲਾ ਮਿਲ ਗਿਆ। ਇਥੇ ਨਾਲ ਲਗਦੀ ਇਸ ਗੱਲ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਇਸ ਵਰਗ ਵਿਚ ਆਉਂਦੀਆਂ ਬਹੁਤੀਆਂ ਕਿਰਤਾਂ ਬੰਗਾਲੀ ਵਿਦਵਾਨਾਂ ਦੀਆਂ ਲਿਖੀਆਂ ਹੋਈਆਂ ਸਨ ਅਤੇ ਗ਼ਦਰ ਲਹਿਰ ਬਾਰੇ ਛਪੀ ਇਕ ਮਗਰਲੀ ਕਿਰਤ ਵਿਚ ਇਸ ਲਹਿਰ ਨੂੰ ਵਧੇਰੇ ਕਰਕੇ ਬੰਗਾਲੀ ਉੱਦਮ ਹੀ ਦੱਸਿਆ ਗਿਆ ਸੀ। 5
ਦੂਜੇ ਵਰਗ ਵਿਚ ਉਹ ਕਿਰਤਾਂ ਆਉਂਦੀਆਂ ਹਨ ਜਿਨ੍ਹਾਂ ਵਿਚ ਇਸ ਲਹਿਰ ਵਿਚਲੇ ਪੰਜਾਬੀਆਂ ਦੀ ਭਾਰੀ ਗਿਣਤੀ ਉਤੇ ਧਿਆਨ ਕੇਂਦਰਿਤ ਕੀਤਾ ਗਿਆ ਮਿਲਦਾ ਹੈ ਅਤੇ ਇਹਨਾਂ ਦੇ ਲੇਖਕ ਵੈਸੇ ਸਾਰੇ ਪੰਜਾਬੀ ਸਨ।6 ਖੁਸ਼ਵੰਤ ਸਿੰਘ ਨੇ ਇਸ ਲਹਿਰ ਨੂੰ ਵਧੇਰੇ ਉਘੜਵੇਂ ਤਰੀਕੇ ਨਾਲ ਸ਼ਾਂਤ ਮਹਾਂ ਸਾਗਰੀ ਤੱਟ ਉਤੇ ਰਹਿੰਦੇ ਸਿੱਖਾਂ ਦੀ ਲਹਿਰ ਵਜੋਂ ਪੇਸ਼ ਕੀਤਾ ਜਿਹੜੀ ਖਾਲਸਾ ਦੀਵਾਨ ਦੇ ਆਗੂਆਂ ਵਲੋਂ ਚਲਾਏ ਗਏ ਘੋਲਾਂ ਵਿਚੋਂ ਨਿਕਲੀ ਸੀ; ਉਹਨਾਂ ਦੀ ਰਾਜਸੀ ਸਰਗਰਮੀ ਦੇ ਤੂਫ਼ਾਨੀ ਕੇਂਦਰ ਗੁਰਦਵਾਰੇ ਹੁੰਦੇ ਸਨ ਅਤੇ ਇਸ ਨੇ ਉਦੋਂ ਰੂਪ ਧਾਰਿਆ ਜਦੋਂ ਉਹਨਾਂ ਨੂੰ ਹਰਦਿਆਲ ਦੇ ਰੈਡੀਕਲ ਮਸ਼ਵਰੇ ਵੱਲ ਧਿਆਨ ਦੇਣ ਲਈ ਮਨਾ ਲਿਆ ਗਿਆ। ਖੁਸ਼ਵੰਤ ਸਿੰਘ ਅਨੁਸਾਰ, ਕਿਉਂਕਿ ਪਰਵਾਸੀਆਂ ਨੂੰ ਵਕੀਲਾਂ ਅਤੇ ਸਰਕਾਰੀ ਮਹਿਕਮਿਆਂ ਨਾਲ ਨਜਿੱਠਣ ਦੀ ਲੋੜ ਹੁੰਦੀ ਸੀ, ਇਸ ਲਈ ਉਹਨਾਂ ਨੂੰ ਹਰਦਿਆਲ ਵਰਗੇ ਬੁਲਾਰਿਆਂ ਦੀ ਲੋੜ ਹੁੰਦੀ ਸੀ ਜਿਹੜੇ ਅੰਗਰੇਜ਼ੀ ਬੋਲ ਸਕਦੇ ਹੋਣ। ਇਸ ਨਾਲ 'ਦੂਹਰੀ ਲੀਡਰਸ਼ਿਪ' ਸਾਹਮਣੇ ਆਈ। ਉਸ ਮੁਤਾਬਕ, 'ਹਿੰਦੂ ਬੁਧੀਜੀਵੀਆਂ ਅਤੇ ਸਿੱਖ ਮਜ਼ਦੂਰਾਂ ਵਿਚਕਾਰ ਮਤਭੇਦ ਅਟੱਲ ਸਨ' , ਕਿਉਂਕਿ 'ਸਿੱਖ ਹਿੰਦੂਆਂ ਨੂੰ ਅੰਗਰੇਜ਼ੀ ਬੋਲਦੇ ਬਾਬੂ ਕਹਿ ਕੇ ਨਫ਼ਰਤ ਕਰਦੇ ਸਨ, ਜਿਨ੍ਹਾਂ ਵਿਚ ਆਪਣੇ ਵਿਸ਼ਵਾਸਾਂ ਉਤੇ ਟਿਕਣ ਦੀ ਦਲੇਰੀ ਨਹੀਂ ਸੀ ਹੁੰਦੀ। ਹਿੰਦੂ ਆਮ ਕਰਕੇ ਸਿੱਖਾਂ ਨਾਲ ਉਸੇ ਤਰ੍ਹਾਂ ਦੀ ਹਿਕਾਰਤ ਨਾਲ ਪੇਸ਼ ਆਉਂਦੇ ਸਨ ਜਿਸ ਤਰ੍ਹਾਂ ਦੀ ਹਿਕਾਰਤ ਵਕੀਲ ਆਮ ਕਰਕੇ ਆਪਣੀਆਂ ਪੇਂਡੂ ਸਾਮੀਆਂ ਲਈ ਦਿਖਾਉਂਦੇ ਸਨ' ਜਿਨ੍ਹਾਂ ਤੋਂ ਉਹਨਾਂ ਨੇ ਪੈਸੇ ਬਟੋਰਨੇ ਹੁੰਦੇ ਸਨ। 7 ਗ਼ਦਰ ਲਹਿਰ ਸਿੱਖ ਭਾਈਚਾਰੇ ਵਿਚਲੀਆਂ ਸਮਕਾਲੀ ਸਮਾਜੀ-ਰਾਜਨੀਤਕ ਲਹਿਰਾਂ ਦੇ ਆਦਿ-ਰੂਪ ਤੋਂ ਕਿਉਂ ਅਤੇ ਕਿਵੇਂ ਲਾਂਭੇ ਗਈ, ਉਸ ਦੀ ਵਿਆਖਿਆ ਲੱਭਣਾ ਤਾਂ ਇਕ ਪਾਸੇ ਰਹਿ ਗਿਆ, ਉਪਲੱਬਧ ਤੱਥਾਂ ਨੂੰ ਇਸ ਭਾਈਚਾਰੇ ਦੇ ਸਵੈ-ਬਿੰਬ ਦੇ ਸੌਖੇ ਜਿਹੇ ਆਮ ਸੋਚ ਵਿਚ ਪਾਏ ਜਾਂਦੇ ਢਾਂਚੇ ਵਿਚ ਫਿਟ ਕਰਨ ਦੀ ਬਿਰਤੀ ਕਾਰਨ ਕਈ ਤਰ੍ਹਾਂ ਦੇ ਸਵਾਲਾਂ ਨੂੰ ਉਠਾਉਣ ਦੀ ਸੰਭਾਵਨਾ ਬੰਦ ਹੋ ਗਈ। ਉਦਾਹਰਣ ਵਜੋਂ ਇਹ ਸਵਾਲ ਅਣ-ਪੁੱਛਿਆ ਹੀ ਰਹਿ ਗਿਆ ਕਿ ਕਿਹੜੀ ਗੱਲ ਸੀ ਜਿਸ ਕਰਕੇ ਗ਼ਦਰੀ ਲੋਕ ਪੰਜਾਬ ਵਿਚਲੇ ਪੰਜਾਬੀਆਂ ਤੋਂ ਉਘੜਵੀਂ ਤਰ੍ਹਾਂ ਵੱਖਰੇ ਸਨ ਅਤੇ ਜਿਸ ਨੇ ਸਿੱਖ ਭਾਈਚਾਰਕ ਜਥੇਬੰਦੀਆਂ ਨੂੰ ਉਕਸਾਇਆ ਕਿ ਉਹ ਇਹਨਾਂ ਨੂੰ ਖਤਰਨਾਕ ਹੱਦ ਤਕ ਸਿੱਖ-ਵਿਰੋਧੀ ਸਮਝਣ ਲਗ ਪੈਣ ਅਤੇ ਇਸ ਤਰ੍ਹਾਂ ਇਸ ਲਹਿਰ ਨੂੰ ਦਬਾਉਣ ਲਈ ਬਰਤਾਨਵੀ ਸਰਕਾਰ ਦੀ ਪੂਰੀ ਸਹਾਇਤਾ ਕਰਨ।
ਇਸ ਲਹਿਰ ਦੇ ਇਹਨਾਂ ਵਰਨਣਾਂ ਦਾ ਇਕ ਬਹੁਤ ਹੀ ਧਿਆਨ ਦੇਣ ਯੋਗ ਪੱਖ ਸੀ ਬਹਾਦਰੀ ਵਾਲੇ ਕਾਰਨਾਮਿਆਂ ਅਤੇ ਕੁਰਬਾਨੀਆਂ ਲਈ ਇਹਨਾਂ ਦਾ ਪ੍ਰਤੱਖ ਮੋਹ; ਇਸ ਤਰ੍ਹਾਂ ਇਹ ਲਹਿਰ ਨੂੰ 'ਪੰਜਾਬੀ ਜੁਝਾਰ ਪਰੰਪਰਾ' ਦੇ ਇਕ ਹੋਰ ਸਬੂਤ ਦੇ ਤੌਰ 'ਤੇ ਪੇਸ਼ ਕਰਦੇ ਸਨ। ਪੰਜਾਬ ਵੱਲੋਂ ਪਹਿਲੀ ਜੰਗ ਦੇ ਸਮੇਂ ਦੇ ਦੌਰਾਨ, ਸਾਮਰਾਜ ਦੀ "ਤਲਵਾਰ ਵਾਲੀ ਬਾਂਹ" , ਵਜੋਂ ਨਿਭਾਈ ਗਈ ਭੂਮਿਕਾ ਦਾ ਆਲੋਚਨਾਤਮਕ ਵਿਸ਼ਲੇਸ਼ਣ ਇਕ ਪਾਸੇ ਰਹਿ ਗਿਆ। ਬਲਕਿ ਇਸ ਪਹੁੰਚ ਨੇ, ਇਨਕਲਾਬ ਲਈ ਗ਼ਦਰ ਲਹਿਰ ਦੀ ਵਿਚਾਰਧਾਰਾ, ਜਥੇਬੰਦੀ ਅਤੇ ਰਣਨੀਤੀ ਦੇ ਵਿਸ਼ਲੇਸ਼ਣ ਨੂੰ ਅਣਛੁਹਿਆ ਰਹਿਣ ਦਿੱਤਾ ਹੈ ਜਿਸ ਨਾਲ, ਜਦੋਂ ਇਸ ਗੱਲ ਦੀ ਵਿਆਖਿਆ ਕਰਨ ਦਾ ਸਵਾਲ ਪੈਦਾ ਹੋਇਆ ਕਿ ਆਖਰ ਇਹ ਅਸਫਲ ਕਿਉਂ ਰਹੀ, ਤਾਂ ਇਹੋ ਜਿਹੇ ਸਾਰੇ ਵਰਣਨ ਰਵਾਇਤੀ ਜਵਾਬ ਦਾ ਆਸਰਾ ਲੈਂਦੇ ਸਨ: ਮੁਖਬਰ ਮਾਰ ਗਿਆ।
ਕਈ ਮਸਲੇ ਹਨ ਜਿਹੜੇ ਇਸ ਲਹਿਰ ਨੂੰ ਅਤੇ ਭਾਰਤੀ ਰਾਸ਼ਟਰਵਾਦ ਦੇ ਵਿਕਾਸ ਵਿਚ ਇਸ ਦੇ ਸਥਾਨ ਨੂੰ ਸਮਝਣ ਲਈ ਮਹੱਤਵਪੂਰਨ ਹਨ। ਇਹਨਾਂ ਦਾ ਸੰਬੰਧ ਇਸ ਲਹਿਰ ਦੇ ਨਿਸ਼ਾਨਿਆਂ ਨਾਲ ਹੈ, ਅਰਥਾਤ ਇਸ ਨਾਲ ਕਿ ਇੱਛਤ ਇਨਕਲਾਬੀ ਤਬਦੀਲੀ ਦੀ ਪ੍ਰਕਿਰਤੀ ਕੀ ਸੀ, ਰਾਜਨੀਤਕ ਹਿੰਸਾ ਵਿਚ ਧਰਮ ਦੀ ਕਿਥੋਂ ਤਕ ਪ੍ਰਸੰਗਕਤਾ ਜਾਂ ਅਪ੍ਰਸੰਗਕਤਾ ਸੀ, ਵਿਉਂਤੀ ਗਈ ਜਾਂ ਤੈਅ ਕੀਤੀ ਗਈ ਜਥੇਬੰਦੀ ਦੀ ਅਤੇ ਇਨਕਲਾਬ ਲਈ ਘੜੀ ਗਈ ਰਣਨੀਤੀ ਦੀ ਪ੍ਰਕਿਰਤੀ ਕੀ ਸੀ। ਜਦੋਂ ਇਹ ਲਹਿਰ ਸ਼ੁਰੂ ਕੀਤੀ ਗਈ ਅਤੇ ਜਦੋਂ ਇਸ ਨੇ ਜ਼ੋਰ ਫੜਿਆ, ਉਸ ਸਮੇਂ ਦੇ ਦੌਰਾਨ ਇਹ ਸਾਰੇ ਮਸਲੇ ਉਠਾਏ ਜਾਂਦੇ ਰਹੇ ਸਨ ਅਤੇ ਭਾਰਤੀ ਇਨਕਲਾਬੀ ਰਾਸ਼ਟਰਵਾਦੀਆਂ ਵਿਚਕਾਰ ਇਹਨਾਂ ਬਾਰੇ ਗੰਭੀਰ ਬਹਿਸ ਚਲਦੀ ਰਹੀ ਸੀ। ਬੰਗਾਲ ਵਿਚਲੀ ਸਵਦੇਸ਼ੀ ਲਹਿਰ (1903-1908) ਵਿਚਲੇ ਰੁਝਾਨਾਂ ਬਾਰੇ ਆਪਣੀ ਵਿਚਾਰ-ਚਰਚਾ ਵਿਚ, ਸੁਮੀਤ ਸਾਰਕਰ ਇਹਨਾਂ ਵਿਵਾਦਾਂ ਵੱਲ ਬੜੀ ਉਘੜਵੀਂ ਤਰ੍ਹਾਂ ਸੰਕੇਤ ਕਰਦਾ ਹੈ। ਪ੍ਰਥਾ-ਪੂਜ ਅਤੇ ਬੀਤੇ ਵਿਚ ਮੁੜ ਜਾਨ ਪਾਉਣ ਦਾ ਯਤਨ ਕਰ ਰਹੇ ਹਿੰਦੂ ਮੱਤ ਦੇ ਯੁਗ ਵਿਚ, ਜਦੋਂ ਬੰਗਾਲ ਵਿਚਲੇ ਇਨਕਲਾਬੀਆਂ ਉਤੇ ਧਰਮ ਅਤੇ ਅਧਿਆਤਮਕਤਾ ਦਾ ਪ੍ਰਭਾਵ ਅਰਬਿੰਦੋ ਘੋਸ਼ ਅਤੇ ਸਿਸਟਰ ਨਿਵੇਦਿਤਾ ਦੀ ਅਗਵਾਈ ਹੇਠ ਆਪਣੀ ਸਿਖਰ ਉਤੇ ਪੁੱਜ ਚੁਕਾ ਸੀ, ਤਾਂ ਹੇਮ ਚੰਦਰ ਕਾਨੂੰਨਗੋ ਦੀ ਅਗਵਾਈ ਹੇਠ ਇਸ ਨਾਲ ਮੱਤਭੇਦ ਰੱਖਣ ਵਾਲਾ, ਧਰਮ-ਨਿਰਪੇਖ, ਸਗੋਂ ਧਰਮ-ਵਿਰੋਧੀ ਰੁਝਾਣ ਵੀ ਦੇਖਣ ਵਿਚ ਆਉਂਦਾ ਹੈ ਅਤੇ ਇਨਕਲਾਬੀ ਹਲਕਿਆਂ ਦੇ ਅੰਦਰ ਧਰਮ ਦੀ ਭੂਮਿਕਾ ਬਾਰੇ ਬਹਿਸਾਂ ਚੱਲਦੀਆਂ ਹੁੰਦੀਆਂ ਸਨ। 8 ਬੰਗਾਲ ਦੀਆਂ ਖ਼ੁਫ਼ੀਆ ਜਥੇਬੰਦੀਆਂ ਵਿਚ ਇਕ ਹੋਰ ਮੁਖ ਬਹਿਸ ਆਜ਼ਾਦੀ ਪਰਾਪਤ ਕਰਨ ਦੇ ਢੰਗ-ਤਰੀਕਿਆਂ ਉਤੇ ਕੇਂਦਰਿਤ ਹੁੰਦੀ ਸੀ। ਬਦੇਸ਼ਾਂ ਵਿਚਲੇ ਭਾਰਤੀ ਇਨਕਲਾਬੀਆਂ ਨੇ ਭਾਰਤ ਦੇ ਵੱਡੇ ਧਾਰਮਿਕ ਫ਼ਿਰਕਿਆਂ ਵਿਚਕਾਰ ਏਕਤਾ ਦੇ ਮੰਤਵ ਲਈ ਧਰਮ-ਨਿਰਪੇਖ ਸਿਆਸਤ ਉਤੇ ਜ਼ੋਰ ਦੇਣਾ ਸ਼ੁਰੂ ਕਰ ਦਿੱਤਾ ਹੋਇਆ ਸੀ। ਉਹਨਾਂ ਸਾਹਮਣੇ ਇਤਾਲਵੀ ਰਿਸਾਰਜੀਮੈਂਟੋ   ਵਲੋਂ ਪੇਸ਼ ਕੀਤਾ ਗਿਆ ਆਦਰਸ਼ ਇਹ ਸੀ ਕਿ ਹਰ ਤਰ੍ਹਾਂ ਦੇ ਰਾਸ਼ਟਰਵਾਦੀਆਂ ਵਿਚਕਾਰ ਵੱਧ ਤੋਂ ਵੱਧ ਏਕਤਾ ਪੈਦਾ ਕੀਤੀ ਜਾਏ। ਦੂਜੇ ਪਾਸੇ, ਇਨਕਲਾਬੀ ਸਰਗਰਮੀ ਦੇ ਮੁਖ ਢੰਗ ਵਜੋਂ ਵਿਅਕਤੀਗਤ ਦਹਿਸ਼ਤਵਾਦ ਉਤੇ ਗੰਭੀਰ ਤੌਰ ਉਤੇ ਪ੍ਰਸ਼ਨ-ਚਿੰਨ੍ਹ ਲਾਇਆ ਜਾ ਰਿਹਾ ਸੀ ਅਤੇ ਜਥੇਬੰਦ ਲੋਕ-ਇਨਕਲਾਬ ਹੋਵੇ ਜਾਂ ਬਦੇਸ਼ੀ ਤਾਕਤਾਂ ਦੀ ਮਦਦ ਨਾਲ ਕੀਤਾ ਫੌਜੀ ਰਾਜ-ਪਲਟਾ ਵਰਗੇ ਬਦਲਵੇਂ ਰੂਪਾਂ ਉਤੇ ਵਿਚਾਰ ਕੀਤੀ ਜਾ ਰਹੀ ਸੀ। ਪਰ ਇਹ ਮਸਲੇ ਜਿਉਂ ਦੇ ਤਿਉਂ ਹੀ ਰਹੇ।
ਗ਼ਦਰੀ ਇਨਕਲਾਬੀਆਂ ਦੀ ਵਿਚਾਰਧਾਰਕ ਪੰਡ ਵਿਚ ਇਹ ਸਾਰੇ ਵੱਖ ਵੱਖ ਰੁਝਾਣ ਪਏ ਮਿਲਦੇ ਹਨ ਪਰ ਭਾਰਤ ਅਤੇ ਬਦੇਸ਼ਾਂ ਵਿਚਲੇ ਇਹਨਾਂ ਇਨਕਲਾਬੀ ਰਾਸ਼ਟਰਵਾਦੀਆਂ ਲਈ ਇਹੋ ਜਿਹੇ ਵਿਚਾਰ ਪ੍ਰਤਿਸ਼ਟ ਕਾਰਕੁਨਾਂ ਦੀ ਕਾਰਵਾਈ ਦੇ ਘੇਰੇ ਵਿਚ ਹੀ ਕੰਮ ਕਰਦੇ ਸਨ, ਜਦ ਕਿ ਗ਼ਦਰ ਲਹਿਰ ਕਾਫ਼ੀ ਹੱਦ ਤਕ ਇਕ ਜਨਤਕ ਲਹਿਰ ਬਣ ਗਈ ਸੀ ਜਿਸ ਵਿਚ ਪ੍ਰਤਿਸ਼ਟ ਤਬਕਾ ਪੈਟੀ ਬੂਰਜੂਆ ਇਨਕਲਾਬੀਆਂ ਅਤੇ ਕਿਸਾਨਾਂ ਵਿਚੋਂ ਆਏ ਲੋਕਾਂ ਵਿਚਲਾ ਪਾੜਾ ਕਿਸੇ ਹੱਦ ਤਕ ਹੀ ਪੂਰ ਸਕਿਆ। ਇਸ ਲਈ ਇਹ ਨਵੀਂ ਕਿਸਮ ਦੀ ਇਨਕਲਾਬੀ ਲਹਿਰ ਸੀ। ਇਹੋ ਜਿਹੀ ਲਹਿਰ ਇਨਕਲਾਬੀ ਰਾਸ਼ਟਰਵਾਦੀਆਂ ਦਾ ਸੁਫ਼ਨਾ ਸੀ, ਪਰ ਭਾਰਤ ਵਿਚ ਇਹ ਕਦੀ ਵੀ ਸੰਭਵ ਨਹੀਂ ਸੀ। ਇਸ ਲਈ ਇਸ ਲਹਿਰ ਦਾ ਡੂੰਘਾ ਅਧਿਐਨ ਮਹੱਤਵ ਧਾਰਨ ਕਰ ਜਾਂਦਾ ਹੈ, ਜਿਹੜਾ ਨਵੇਂ ਲੱਛਣਾਂ, ਨਵੀਆਂ ਸੰਭਾਵਨਾਵਾਂ ਅਤੇ ਅਜੇ ਤਕ ਨਜ਼ਰ ਵਿਚ ਨਾ ਆਏ ਮਸਲਿਆਂ ਨੂੰ ਸਾਹਮਣੇ ਲਿਆਏ।
ਰਾਜਨੀਤਕ ਹਿੰਸਾ ਅਤੇ ਇਨਕਲਾਬੀ ਤਬਦੀਲੀ ਦੀ ਉਦਾਹਰਣ ਵਜੋਂ ਇਸ ਦਾ ਅਧਿਐਨ ਇਹ ਸਮਝਣ ਲਈ ਵੀ ਪ੍ਰਸੰਗਕ ਹੈ ਕਿ ਕਿਹੜੀ ਗੱਲ ਹੈ ਜਿਹੜੀ ਕਿਸੇ ਇਨਕਲਾਬੀ ਲਹਿਰ ਨੂੰ ਕਾਫ਼ੀ ਜਾਂ ਨਾਕਾਫ਼ੀ ਬਣਾ ਦੇਂਦੀ ਹੈ। ਜਿਸ ਢੰਗ ਨਾਲ ਇਸ ਲਹਿਰ ਨੇ ਵਿਕਾਸ ਕੀਤਾ ਅਤੇ ਅਮਲ ਵਿਚ ਜਿਹੜਾ ਖਾਸਾ ਇਹ ਧਾਰਨ ਕਰ ਗਈ, ਉਸ ਤੋਂ ਵਿਚਾਰਧਾਰਾ ਅਤੇ ਜਥੇਬੰਦੀ, ਜੂਝਾਰੂਪਣ ਅਤੇ ਰਣਨੀਤੀ ਵਿਚਲੇ ਪ੍ਰਸਪਰ ਸੰਬੰਧਾਂ ਅਤੇ ਵਿਰੋਧਤਾਈਆਂ ਬਾਰੇ ਸਵਾਲ ਉੱਠ ਖੜੇ ਹੁੰਦੇ ਹਨ। ਇਹਨਾਂ ਸਵਾਲਾਂ ਦਾ ਅਧਿਐਨ ਵਿਸ਼ਾਲ ਇਨਕਲਾਬੀ ਲਹਿਰਾਂ ਨਾਲ ਅਨਿੱਖੜ ਤੌਰ ਉਤੇ ਜੁੜੀਆਂ ਹੋਈਆਂ ਸਮੱਸਿਆਵਾਂ ਨੂੰ ਸਮਝਣ ਵਿਚ ਅਤੇ ਇਹਨਾਂ ਬਾਰੇ ਗੰਭੀਰਤਾ ਨਾਲ ਵਿਚਾਰ ਕਰਨ ਵਿਚ ਵੀ ਸਹਾਈ ਹੋ ਸਕਦਾ ਹੈ। ਇਹੋ ਜਿਹਾ ਵਿਸ਼ਲੇਸ਼ਣ ਸਮਾਜ ਵਿਗਿਆਨ ਦੇ ਵਿਦਿਆਰਥੀਆਂ ਲਈ ਖਾਸ ਕਰਕੇ ਪ੍ਰਸੰਗਕ ਹੈ ਕਿਉਂਕਿ ਭਾਰਤ ਦੇ ਇਨਕਲਾਬੀ ਨੌਜਵਾਨ ਇਨਕਲਾਬੀ ਘੋਲ ਦੇ ਇਕ ਬੁਨਿਆਦੀ ਅੰਗ ਵਜੋਂ ਵਿਅਕਤੀਗਤ ਜੂਝਾਰੂਪੁਣੇ ਅਤੇ ਕੁਰਬਾਨੀ ਦੇ ਆਤਮਪਰਕ ਅੰਸ਼ ਲਈ ਆਪਣੇ ਮੋਹ ਨੂੰ ਅਜੇ ਵੀ ਜਾਰੀ ਰੱਖ ਰਹੇ ਹਨ।
ਇਸ ਲਈ ਮੈਂ ਗ਼ਦਰ ਲਹਿਰ ਦੀ ਵਿਚਾਰਧਾਰਾ, ਜਥੇਬੰਦੀ ਅਤੇ ਰਣਨੀਤੀ ਦਾ ਅਧਿਐਨ ਕਰਨਾ ਅਤੇ ਭਾਰਤੀ ਰਾਸ਼ਟਰਵਾਦ ਦੇ ਵਿਕਾਸ ਦੇ ਸੰਦਰਭ ਵਿਚ ਇਸ ਲਹਿਰ ਦੀ ਥਾਂ ਨਿਸਚਿਤ ਕਰਨਾ ਚੁਣਿਆ ਹੈ। ਵਿਚਾਰਧਾਰਾ ਨੂੰ ਇਥੇ 'ਚੇਤਨਾ ਦੇ ਚੌਖਟੇ' ਵਜੋਂ, ਅਰਥਾਤ, ਵਿਚਾਰਾਂ ਅਤੇ ਵਿਸ਼ਵਾਸਾਂ ਦੇ ਕਾਫ਼ੀ ਹੱਦ ਤਕ ਸੰਗਠਿਤ ਜੁੱਟ ਵਜੋਂ ਲਿਆ ਗਿਆ ਹੈ, ਜਿਹੜੇ ਆਗੂਆਂ ਅਤੇ ਉਹਨਾਂ ਦੇ ਪਿੱਛੇ ਚੱਲਣ ਵਾਲਿਆਂ ਨੂੰ ਉਹਨਾਂ ਦੇ ਮਸਲਿਆਂ ਦੀ ਵਿਆਖਿਆ ਪੇਸ਼ ਕਰਦਾ ਹੈ, ਇੱਛਤ ਸਮਾਜਕ ਅਤੇ ਰਾਜਨੀਤਕ ਨਿਜ਼ਾਮ ਦਾ ਸੰਕਲਪ ਅਤੇ ਇਸ ਤਬਦੀਲੀ ਨੂੰ ਲਿਆਉਣ ਲਈ ਲੁੜੀਂਦੀ ਕਾਰਵਾਈ ਦੀ ਕਿਸੇ ਹੱਦ ਤਕ ਵਿਸ਼ੇਸ਼ ਪ੍ਰਕਿਰਤੀ ਲਈ ਉਤੇਜਨਾ ਦੇਂਦਾ ਹੈ। ਇਹ ਜ਼ਰੂਰੀ ਨਹੀਂ ਕਿ ਵਿਚਾਰਾਂ ਦੀ ਭਿੰਨਤਾ ਇਸ ਵਿਚ ਨਾ ਆਉਂਦੀ ਹੋਵੇ। ਇਹ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਵਿਚਾਰਾਂ ਦੇ ਦੋ ਰੂਪਾਂ ਵਿਚਕਾਰ ਫ਼ਰਕ ਦੇਖਿਆ ਜਾਏ, ਜਿਵੇਂ ਕਿ ਉਹਨਾਂ ਨੂੰ ਇਤਾਲਵੀ ਮਾਰਕਸਵਾਦੀ ਸਿਧਾਂਤਕਾਰ ਅੰਤੋਨੀਅ ਗਰਾਮਸਕੀ ਦੀ ਸ਼ਬਦਾਵਲੀ ਵਿਚ ਪਰੰਪਰਾਈ ਬੁਧੀਜੀਵੀਆਂ  ਵਲੋਂ ਪ੍ਰਚਾਰਿਆ ਜਾਂਦਾ ਹੈ ਅਤੇ ਜਿਸ ਰੂਪ ਵਿਚ ਇਹ "ਆਰਗੈਨਿਕ ਇੰਟਲੈਕਚੂਅਲਸ" ਬੁਧੀਜੀਵੀਆਂ ਤਕ ਅਤੇ ਉਹਨਾਂ ਦੇ ਘੱਟ ਸੂਖਮ ਅਨੁਆਈਆਂ ਦੀ ਭਾਰੀ ਗਿਣਤੀ ਤਕ ਥੱਲੇ ਪੁੱਜਦੇ ਹਨ। 9
ਇਸ ਲਹਿਰ ਦੇ ਸੰਗਠਨ ਦੀ ਪ੍ਰਕਿਰਤੀ ਦੀ ਘੋਖ ਸਾਨੂੰ ਬਣਤਰੀ ਤਰਤੀਬਾਂ ਸੰਬੰਧੀ ਵੱਖ ਵੱਖ ਵਿਚਾਰਾਂ ਦੀਆਂ ਭੂਲ-ਭੁਲਈਆਂ ਵੱਲ, ਅਧਿਕਾਰਤਾ ਅਤੇ ਲੀਡਰਸ਼ਿਪ ਦੇ ਪੱਧਰਾਂ ਤਕ ਅਤੇ ਇਸ ਤੋਂ ਪੈਦਾ ਹੋ ਰਹੀ ਬਣਤਰ ਦੇ ਲੀਡਰਸ਼ਿਪ ਦੇ ਕਾਰਜਸ਼ੀਲ ਪੈਟਰਨਾਂ ਅਤੇ ਸੰਚਾਰ ਦੀਆਂ ਚੈਨਲਾਂ ਦੇ ਵਿਸ਼ਲੇਸ਼ਣ ਵੱਲ ਲੈ ਜਾਂਦੀ ਹੈ। ਇਨਕਲਾਬ ਦੀ ਰਣਨੀਤੀ ਦਾ ਅਧਿਐਨ ਸਾਨੂੰ ਕਈ ਤਰ੍ਹਾਂ ਦੇ ਟੀਚਿਆਂ ਤੋਂ ਅੱਗੇ ਉਹਨਾਂ ਢੰਗ ਤਰੀਕਿਆਂ ਵੱਲ ਲੈ ਜਾਂਦਾ ਹੈ ਜਿਹੜੇ ਗ਼ਦਰੀਆਂ ਨੇ ਅਮਲ ਵਿਚ ਲਿਆਂਦੇ ਜਦੋਂ ਉਹਨਾਂ ਨੇ ਬਰਤਾਨਵੀ ਫ਼ੌਜ ਦੇ ਬਾਗ਼ੀ ਸਿਪਾਹੀਆਂ ਦੀ ਹਿਮਾਇਤ ਨਾਲ ਰਾਜ-ਪਲਟਾ ਲਿਆਉਣ ਦੇ ਨਿਸ਼ਾਨੇ ਨਾਲ ਕਾਰਵਾਈਆਂ ਸ਼ੁਰੂ ਕੀਤੀਆਂ। ਇਹ ਵੀ ਕੋਸ਼ਿਸ਼ ਕੀਤੀ ਗਈ ਹੈ ਕਿ ਇਨਕਲਾਬੀਆਂ ਦੇ ਵਖੋ ਵਖਰੇ ਟੋਲਿਆਂ, ਖਾਸ ਕਰਕੇ ਬਰਲਿਨ ਦੀ ਭਾਰਤੀ ਸੁਤੰਤਰਤਾ ਕਮੇਟੀ  ਅਤੇ ਕੈਲਿਫੋਰਨੀਆ ਵਿਚਲੀ ਗ਼ਦਰ ਜਥੇਬੰਦੀ ਵਿਚਲੇ ਅੰਤਰ-ਸੰਬੰਧਾਂ ਦੀ ਪ੍ਰਕਿਰਤੀ ਨੂੰ ਇਸੇ ਸੰਦਰਭ ਵਿਚ ਰੱਖ ਕੇ ਦੇਖਿਆ ਜਾਏ।
ਪੁਸਤਕ ਦੇ ਇਸ ਭਾਗ ਵਿਚਲਾ ਅਧਿਐਨ 1913-1918 ਦੇ ਸਮੇਂ ਤਕ ਸੀਮਤ ਹੈ, ਭਾਵੇਂ ਕਿ ਹਿੰਦੁਸਤਾਨ ਗ਼ਦਰ ਪਾਰਟੀ ਨੇ 1947 ਤਕ ਇਸ ਨਾਮ ਹੇਠ ਘੋਲ ਕਰਨਾ ਜਾਰੀ ਰਖਿਆ। ਇਸ ਦੇ ਉਚਿਤ ਕਾਰਨ ਵੀ ਸਨ। ਉਹ ਨਿਵੇਕਲੀ ਲਹਿਰ ਜਿਹੜੀ ਮਈ 1913 ਵਿਚ ਸ਼ਾਂਤ ਮਹਾਂਸਾਗਰੀ ਤੱਟ ਦੀ ਹਿੰਦੀ ਸਭਾ ਦੇ ਕਾਇਮ ਕਰਨ ਨਾਲ ਸ਼ੁਰੂ ਕੀਤੀ ਗਈ, ਜਿਸ ਦਾ ਸਰੂਪ 1 ਨਵੰਬਰ 1913 ਤੋਂ ਇਸ ਦੇ ਮੁਖ ਅਖ਼ਬਾਰ ਗ਼ਦਰ ਨਾਲ ਰਚਿਆ ਗਿਆ ਸੀ, ਭਾਰਤ ਵਿਚ 1915 ਤੋਂ 1918 ਤਕ ਚਲੇ ਕਈ ਸਾਜ਼ਸ਼ ਕੇਸਾਂ ਅਤੇ ਅਮਰੀਕਾ ਵਿਚ ਚੱਲੇ 'ਹਿੰਦੂ ਜਰਮਨ ਸਾਜ਼ਸ਼ ਕੇਸ' ਤੋਂ ਮਗਰੋਂ ਦਮ ਤੋੜ ਗਈ। ਜੰਗ ਤੋਂ ਮਗਰੋਂ, ਅਮਰੀਕਾ ਵਿਚਲੇ ਭਾਰਤੀਆਂ ਲਈ ਸਮਾਜਕ ਅਤੇ ਰਾਜਨੀਤਕ ਸੰਦਰਭ ਜੰਗ ਵਿਚ ਅਮਰੀਕਾ ਦੇ ਸ਼ਾਮਲ ਹੋਣ ਤੋਂ ਪਹਿਲਾਂ ਅਤੇ 1917 ਵਿਚ ਸਾਨ ਫ਼ਰਾਂਸਿਸਕੋ ਵਿਚ ਸਾਜ਼ਸ਼ ਕੇਸ ਸ਼ੁਰੂ ਹੋਣ ਤੋਂ ਪਹਿਲਾਂ ਨਾਲੋਂ ਬਹੁਤ ਵੱਖਰਾ ਸੀ। ਇਸੇ ਤਰ੍ਹਾਂ ਉਹਨਾਂ ਥੋੜ੍ਹੇ ਜਿਹੇ ਭਾਰਤੀਆਂ ਦੇ ਹਿਤ ਅਤੇ ਫਿਕਰ ਵੀ ਵਖਰੇ ਸਨ, ਜਿਨ੍ਹਾਂ ਨੇ ਅਮਰੀਕਾ ਅਤੇ ਕੈਨੇਡਾ ਵਿਚ ਜਾ ਵੱਸਣਾ ਚੁਣਿਆ ਸੀ। ਕੌਮਾਂਤਰੀ ਰਾਜਨੀਤਕ ਸਥਿਤੀ ਬੁਨਿਆਦੀ ਤੌਰ ਉਤੇ ਬਦਲ ਗਈ ਸੀ। ਇਸ ਲਹਿਰ ਲਈ ਮੁਢਲੇ ਦੌਰ ਦੇ ਰੂਸੀ ਅਰਾਜਕਤਾਵਾਦੀ ਇਨਕਲਾਬੀਆਂ ਦੀ ਵਿਚਾਰਧਾਰਕ ਸੋਚ, 1912 ਦਾ ਚੀਨੀ ਇਨਕਲਾਬ, ਅਤੇ ਅਮਰੀਕਾ ਵਿਚ ਵਿਲਸਨ ਦੇ ਮੁਢਲੇ ਸਾਲਾਂ ਦੇ ਬਰਤਾਨੀਆ ਵਿਰੋਧੀ ਪਰਚਾਰ ਦੀ ਮੂੰਹ-ਜ਼ੋਰ ਆਜ਼ਾਦੀ ਇਸ ਲਈ ਪ੍ਰੇਰਨਾ ਬਣ ਗਏ ਸਨ। ਜੰਗ ਦੇ ਅਖੀਰ ਵਿਚ ਵਾਪਰੀਆਂ ਘਟਨਾਵਾਂ-ਅਮਰੀਕਾ ਦੀ ਨਿਰਪਖਤਾ ਖਤਮ ਹੋਣਾ ਅਤੇ ਬਰਤਾਨੀਆ ਨਾਲ ਇਸ ਦਾ ਸਰਗਰਮ ਗਠਜੋੜ, ਬਾਲਸ਼ਵਿਕ ਇਨਕਲਾਬ ਦੀ ਗਰਜ ਨਾਲ ਮਿਲਿਆ ਸੰਦੇਸ਼ ਅਤੇ ਭਾਰਤ ਵਿਚ ਪੰਜਾਬ ਵਿਚ ਅਕਾਲੀ ਲਹਿਰ ਸ਼ੁਰੂ ਹੋਣਾ ਅਤੇ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਦੇਸ਼-ਵਿਆਪੀ ਜਨਤਕ ਬਰਤਾਨੀਆ-ਵਿਰੋਧੀ ਰੋਸ ਲਹਿਰ ਦਾ ਉਠਣਾ--ਸ਼ਾਂਤ ਮਹਾਂਸਾਗਰੀ ਤੱਟ ਉਪਰਲੇ ਭਾਰਤੀਆਂ ਨੂੰ ਰਾਜਨੀਤਕ ਸਰਗਰਮੀ ਦੇ ਬਦਲਵੇਂ ਰਸਤੇ ਦਾ ਸੁਝਾਅ ਦੇਂਦੇ ਸਨ। ਜਦੋਂ 1919 ਵਿਚ ਗ਼ਦਰ ਪਾਰਟੀ ਮੁੜ ਸ਼ੁਰੂ ਕੀਤੀ ਗਈ, ਤਾਂ ਇਸ ਦਾ ਪ੍ਰੋਗਰਾਮ ਇਸ ਤਬਦੀਲੀ ਦੀ ਝਲਕ ਦੇਂਦਾ ਸੀ। ਜਿਨ੍ਹਾਂ ਗ਼ਦਰੀਆਂ ਨੇ ਕਮਿਊਨਿਜ਼ਮ ਦਾ ਰੁੱਖ ਕਰ ਲਿਆ ਸੀ, ਉਹਨਾਂ ਨੇ ਇਸ ਨੂੰ 'ਗ਼ਦਰ ਰਾਜਨੀਤੀ ਵਿਚ ਤਿੱਖਾ ਮੋੜ' ਦੱਸਿਆ। 10 ਇਸ ਤੋਂ ਮਗਰੋਂ ਭਾਰਤ ਦੀ ਸੁਤੰਤਰਤਾ ਲਈ ਅਤੇ ਅਮਰੀਕਾ ਵਿਚਲੇ ਭਾਰਤੀਆਂ ਦੀ ਆਜ਼ਾਦੀ ਲਈ ਇਸ ਨੇ ਜੋ ਸਰਗਰਮੀਆਂ ਕੀਤੀਆਂ ਉਹਨਾਂ ਤੋਂ ਉਹ ਸਿਲਸਿਲਾ ਹੋਂਦ ਵਿਚ ਆਇਆ ਜਿਸ ਨੇ 'ਗ਼ਦਰ' ਦੇ ਪਹਿਲੇ ਵਾਲੇ ਰਸਤੇ ਦੀ ਥਾਂ ਲੈ ਲਈ। ਇਸ ਲਈ ਹਿੰਦੁਸਤਾਨ ਗ਼ਦਰ ਪਾਰਟੀ 1919-1947 ਦਾ ਇਤਿਹਾਸ ਦੂਜੇ ਭਾਗ ਵਿਚ ਵਖਰੇ ਤੌਰ ਉਤੇ ਸੰਖੇਪ ਵਿਚ ਲਿਆ ਗਿਆ ਹੈ।
ਇਸ ਥੀਮ ਦੀ ਚੋਣ ਮੈਨੂੰ ਗ਼ਦਰ ਦੀਆਂ ਪ੍ਰਕਾਸ਼ਨਾਵਾਂ ਅਤੇ ਹਰਦਿਆਲ ਦੀਆਂ ਦੂਜੀਆਂ ਸਮਕਾਲੀ ਲਿਖਤਾਂ ਦਾ ਡੂੰਘਾ ਅਧਿਐਨ ਕਰਨ ਵੱਲ ਲੈ ਗਈ। ਇਹਨਾਂ ਵਿਚੋਂ ਕਾਫ਼ੀ ਸਾਰੀਆਂ ਦਾ ਉਘੜਵਾਂ ਲੱਛਣ ਵਾਦ-ਵਿਵਾਦ ਅਤੇ ਦੂਸ਼ਣਬਾਜ਼ੀ ਹੁੰਦਾ ਸੀ, ਪਰ ਇਹ ਉਹਨਾਂ ਬੇਮੇਲ ਅਤੇ ਵਿਰੋਧਾਭਾਸੀ ਵਿਚਾਰਾਂ ਬਾਰੇ ਅਨੀ ਹੀ ਸੂਝ ਦੇਂਦੀਆਂ ਸਨ, ਜਿੰਨੀ ਕਿ ਉਸ ਜੋਸ਼ ਬਾਰੇ ਦੱਸਦੀਆਂ ਸਨ ਜਿਸ ਨਾਲ ਇਹਨਾਂ ਦਾ ਪ੍ਰਚਾਰ ਕੀਤਾ ਜਾਂਦਾ ਸੀ। ਇਹਨਾਂ ਵਿਚੋਂ ਸਭ ਤੋਂ ਵੱਧ ਉਤੇਜਿਤ ਕਰਨ ਵਾਲੀਆਂ ਇਕ ਨਵੰਬਰ, 1913 ਤੋਂ ਲੈ ਕੇ ਸਤੰਬਰ 1917 ਦੇ ਅੰਤ ਤਕ ਦੀਆਂ ਉਰਦੂ ਅਤੇ ਗੁਰਮੁਖੀ ਦੋਹਾਂ ਵਿਚ ਹੀ ਮਿਲਦੀਆਂ ਗ਼ਦਰ ਅਖ਼ਬਾਰ ਦੀਆਂ ਫ਼ਾਈਲਾਂ ਸਨ ਅਤੇ ਉਹ ਕਿਤਾਬਚੇ ਸਨ ਜਿਨ੍ਹਾਂ ਵਿਚ ਗ਼ਦਰ ਦੀਆਂ ਕਵਿਤਾਵਾਂ ਛਪੀਆਂ ਹੁੰਦੀਆਂ ਸਨ। ਮੇਰੀ ਖੁਸ਼ਕਿਸਮਤੀ ਸੀ ਕਿ ਮੈਂ ਇਹ ਸਾਰਾ ਕੁਝ ਮੂਲ ਰੂਪ ਵਿਚ ਪੜ੍ਹ ਸਕਿਆ। ਗ਼ਦਰ ਦੀ ਉਰਦੂ ਐਡੀਸ਼ਨ ਤੋਂ ਗੁਰਮੁਖੀ ਐਡੀਸ਼ਨ ਵੱਲ ਜਾਂਦਿਆਂ, ਅਤੇ ਉਸ ਤੋਂ ਅੱਗੇ ਪੰਜਾਬੀ ਪਰਵਾਸੀਆਂ ਦੀ ਬੋਲੀ ਅਤੇ ਮੁਹਾਵਰੇ ਵਿਚ ਸਾਧਾਰਣ ਤੁਕਬੰਦੀ ਵੱਲ ਜਾਣਾ ਉਹ ਅਮਲ ਦੇਖਣ ਵਿਚ ਖਾਸ ਕਰਕੇ ਕੀਮਤੀ ਸੀ ਜਿਸ ਨੂੰ ਮਾਰਕਸ ਨੇ 'ਵਿਚਾਰਾਂ ਨੂੰ ਮਾਤਭਾਸ਼ਾ ਦਾ ਜਾਮਾ ਪੁਆਉਣਾ' ਕਿਹਾ ਸੀ, ਭਾਵ, ਪੈਟੀ ਬੂਰਜੂਆ ਬੁਧੀਜੀਵੀਆਂ ਦੀ ਅਤੇ ਆਮ ਮਜ਼ਦੂਰ ਕਿਸਾਨਾਂ ਦੀ ਰਾਜਨੀਤਕ ਸੋਚ ਵਿਚਲੇ ਪਾੜੇ ਨੂੰ ਮੇਲਣ ਦਾ ਯਤਨ ਦੱਸਿਆ ਸੀ।
ਸਰਕਾਰੀ ਰੀਕਾਰਡਾਂ ਵਿਚੋਂ ਸਭ ਤੋਂ ਵੱਧ ਕੀਮਤੀ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਦੀਆਂ, ਰਾਜਨੀਤਕ ਸ਼ਾਖਾ ਦੀਆਂ ਕਾਰਵਾਈਆਂ ਦੀਆਂ ਰੀਪੋਰਟਾਂ ਸਨ, ਜਿਨ੍ਹਾਂ ਦੇ ਨਾਲ ਖ਼ੁਫ਼ੀਆ ਏਜੰਟਾਂ ਦੀਆਂ ਪੰਦਰਵਾੜੀ ਰੀਪੋਰਟਾਂ ਅਤੇ ਵਿਸ਼ੇਸ਼ ਰੀਪੋਰਟਾਂ ਸ਼ਾਮਲ ਸਨ ਜਿਨ੍ਹਾਂ ਤੋਂ ਸੀ. ਆਈ. ਡੀ. ਨੂੰ ਉਹਨਾਂ ਵਿਅਕਤੀਆਂ ਬਾਰੇ ਭਾਰੀ ਫਾਈਲਾਂ ਤਿਆਰ ਕਰਨ ਵਿਚ ਸਹਾਇਤਾ ਮਿਲਦੀ ਸੀ ਜਿਨ੍ਹਾਂ ਨੂੰ ਵਧੇਰੇ ਖਤਰਨਾਕ ਸਮਝਿਆ ਜਾਂਦਾ ਸੀ। ਇਹਨਾਂ ਰੀਕਾਰਡਾਂ ਵਿਚ ਉਘੜਵੇਂ ਤੌਰ ਉਤੇ ਲਾਭਕਾਰੀ ਅਮਰੀਕਾ ਵਿਚਲੇ ਭਾਰਤੀ ਪਰਵਾਸੀਆਂ ਬਾਰੇ ਡੀ. ਐਸ਼ ਡੇਡੀ ਬੂਰਜੋਰ ਵਲੋਂ ਤਿਆਰ ਕੀਤੀ ਗਈ ਸ਼ਾਨਦਾਰ ਰੀਪੋਰਟ ਸੀ ਜਿਸ ਬਾਰੇ ਹੁਣ ਤਕ ਬਹੁਤੇ ਲੋਕ ਨਹੀਂ ਜਾਣਦੇ। ਪੰਜਾਬ ਪੁਲੀਸ ਦੇ ਅਫ਼ਸਰਾਂ ਐਫ਼. ਸੀ. ਆਈਸਮਾਂਗਰ ਅਤੇ ਜੇ. ਸਲੈਟਲਰੀ   ਵਲੋਂ ਤਿਆਰ ਕੀਤੀ ਗਈ ਰੀਪੋਰਟ ਇਸ ਲਹਿਰ ਦੇ ਇਤਿਹਾਸ ਦਾ ਸੰਖੇਪ ਸਰਕਾਰੀ ਰੂਪਾਂਤਰ ਹੈ। ਦੂਜੇ ਸਰਕਾਰੀ ਸੋਮਿਆਂ ਵਿਚ ਰਾਜਧ੍ਰੋਹ ਬਾਰੇ ਕਮੇਟੀ ਦੀ ਰੀਪੋਰਟ   (1918) ਅਤੇ 'ਗ਼ਦਰ ਡਾਇਰੈਕਟਰੀ' ਸ਼ਾਮਲ ਹਨ, ਜਿਹੜੀ ਭਾਰਤ ਸਰਕਾਰ ਦੀ ਸੀ. ਆਈ. ਡੀ. ਵਲੋਂ ਤਿਆਰ ਕੀਤੀ ਗਈ ਸੀ। ਲੰਡਨ ਵਿਚਲੇ ਬਸਤੀਆਂ ਬਾਰੇ ਵਿਭਾਗ ਦੇ ਦਫ਼ਤਰ ਦੇ ਰੀਕਾਰਡਾਂ ਵਿਚ ਭਾਰਤੀ ਪਰਵਾਸੀਆਂ ਬਾਰੇ ਬਹੁਤ ਸਾਰੀਆਂ ਵਿਸ਼ੇਸ਼ ਰੀਪੋਰਟਾਂ, ਭਾਰਤ ਅਤੇ ਕੈਨੇਡਾ ਦੀਆਂ ਸਰਕਾਰਾਂ ਦਾ ਬਸਤੀਆਂ ਲਈ ਰਾਜਕੀ ਸਕੱਤਰ ਨਾਲ ਲੰਮਾ ਚੌੜਾ ਚਿੱਠੀ-ਪੱਤਰ ਅਤੇ ਬਰਿਗੇਡੀਅਰ ਜਨਰਲ ਸਵੇਨ ਦਾ ਇਕ ਮਹੱਤਵਪੂਰਨ ਖੂਫ਼ੀਆ ਮੇਜਰਨਾਮਾ ਸ਼ਾਮਲ ਹੈ। ਇਹ ਅਤੇ ਭਾਰਤ ਦੇ ਵਪਾਰ ਅਤੇ ਸਨਅਤ ਬਾਰੇ ਵਿਭਾਗ ਦੇ ਰੀਕਾਰਡਾਂ ਵਿਚ ਪਰਵਾਸੀ ਸ਼ਾਖਾ ਦੀਆਂ ਫਾਈਲਾਂ ਖਾਸ ਕਰਕੇ ਕੀਮਤੀ ਸਿੱਧ ਹੋਈਆਂ, ਜਿਥੋਂ ਤਕ ਕੈਨੇਡਾ ਵੱਲ ਭਾਰਤੀਆਂ ਦੇ ਪਰਵਾਸ ਨੂੰ ਰੋਕਣ ਲਈ ਕਦਮਾਂ ਨੂੰ ਪਾਸ ਕਰਨ ਵਿਚ ਬਰਤਾਨੀਆ ਅਤੇ ਭਾਰਤ ਦੀਆਂ ਸਰਕਾਰਾਂ ਦੇ ਰਾਜਨੀਤਕ ਕਾਰਨਾਂ ਅਤੇ ਪ੍ਰਤੱਖ ਰੋਲ ਦੀ ਡੂੰਘੀ ਸੂਝ ਪ੍ਰਾਪਤ ਕਰਨ ਦਾ ਸਵਾਲ ਸੀ। ਅਮਰੀਕਾ ਦੇ ਸਟੇਟ ਡੀਪਾਰਟਮੈਂਟ ਦੇ ਰੀਕਾਰਡਾਂ ਦਾ 'ਹਿੰਦੂ ਜਰਮਨ ਸਾਜ਼ਸ਼' ਦੇ ਸੰਬੰਧ ਵਿਚ ਖਾਸ ਤੌਰ ਉਤੇ ਲਾਭ ਉਠਾਇਆ ਗਿਆ ਹੈ। ਇਹਨਾਂ ਰੀਕਾਰਡਾਂ ਵਿਚ ਕਈ ਗ਼ਦਰੀ ਕਾਰਕੁਨਾਂ ਦੇ ਬਿਆਨ ਵੀ ਸ਼ਾਮਲ ਹਨ ਜਿਨ੍ਹਾਂ ਤੋਂ ਬਰਲਿਨ ਵਿਚਲੀ ਭਾਰਤੀ ਸੁਤੰਤਰਤਾ ਕਮੇਟੀ, ਜਰਮਨ ਅਧਿਕਾਰੀਆਂ ਅਤੇ ਭਾਰਤ ਤੋਂ ਬਾਹਰ ਰਹਿ ਗਏ ਮੁੱਠੀ ਕੁ ਭਰ ਗ਼ਦਰੀ ਆਗੂਆਂ ਵਿਚਕਾਰ ਮਿਲਵਰਤਣ ਦੀ ਪ੍ਰਕਿਰਤੀ ਬਾਰੇ ਪਤਾ ਲਗਦਾ ਹੈ। ਇਹ ਗ਼ਦਰੀ ਆਗੂ ਜੰਗ ਦੇ ਦੌਰਾਨ ਭਾਰਤ ਤੋਂ ਬਾਹਰ ਰਹਿੰਦੇ ਰਹੇ ਸਨ।
ਇਸ ਸਮੇਂ ਵਿਚ ਕੈਨੇਡਾ ਦੇ ਵਿਕਟੋਰੀਆ ਅਤੇ ਵੈਨਕੂਵਰ ਤੋਂ, ਅਮਰੀਕਾ ਦੇ ਸਾਨ ਫ਼ਰਾਂਸਿਸਕੋ ਅਤੇ ਪੋਰਟਲੈਂਡ ਤੋਂ ਪ੍ਰਕਾਸ਼ਿਤ ਹੁੰਦੇ ਅਖ਼ਬਾਰ, ਅਤੇ ਪੰਜਾਬ ਵਿਚ ਅੰਗਰੇਜ਼ੀ ਅਤੇ ਦੇਸੀ ਭਾਸ਼ਾਵਾਂ ਵਿਚ ਛਪਦੇ ਅਖਬਾਰ ਉਸ ਸਮੇਂ ਦੇ ਆਮ ਲੋਕਾਂ ਦੇ ਫ਼ਿਕਰਾਂ, ਬਿੰਬਾਂ ਅਤੇ ਰੂੜੀਬੱਧ ਰੂਪਾਂ ਤਕ ਪੁੱਜਣ ਲਈ ਲਾਹੇਵੰਦ ਸਾਬਤ ਹੋਏ। ਇਕ ਹੋਰ ਸੋਮਾ ਗ਼ਦਰੀਆਂ ਦੇ ਦੋਹਾਂ ਵਰਗਾਂ ਦੇ ਉੱਘੇ ਆਗੂਆਂ ਅਤੇ ਕਾਰਕੁਨਾਂ ਦੀਆਂ ਕਈ ਨਿੱਜੀ ਸਿਮਰਤੀਆਂ ਅਤੇ ਉਹਨਾਂ ਦੀਆਂ ਪ੍ਰਕਾਸ਼ਿਤ ਅਤੇ ਅਣਪ੍ਰਕਾਸ਼ਿਤ ਯਾਦਾਂ ਦਾ ਸੀ; ਉਮਰ ਦੇ ਕਾਰਨ ਅਤੇ ਮਗਰੋਂ ਕੀਤੀਆਂ ਗਈਆਂ ਫ਼ਾਰਮੂਲੇਸ਼ਨਾਂ ਉਤੇ ਨਿਰਭਰ ਕਰਨ ਨਾਲ ਪਏ ਪ੍ਰਤੱਖ ਵਿਗਾੜਾਂ ਦੇ ਬਾਵਜੂਦ ਇਹ ਲਾਭਕਾਰੀ ਸਾਬਤ ਹੋਇਆ ਇਹਨਾਂ ਤੋਂ ਉਹਨਾਂ ਦੇ ਵਿਸ਼ਵਾਸਾਂ ਅਤੇ ਆਪਣੀਆਂ ਪ੍ਰਾਥਮਿਕਤਾਵਾਂ ਬਾਰੇ ਉਹਨਾਂ ਦੇ ਖਿਆਲਾਂ ਨੂੰ ਜਥੇਬੰਦੀ ਵਿਚਲੀ ਅਧਿਕਾਰਤਾ ਦੀ ਬਣਤਰ ਬਾਰੇ ਵਿਚਾਰਾਂ ਨੂੰ ਅਤੇ ਇਨਕਲਾਬੀ ਰਣਨੀਤੀ ਦੇ ਸੰਕਲਪਾਂ ਨੂੰ ਸਮਝਣ ਵਿਚ ਸਹਾਇਤਾ ਮਿਲੀ। ਪੜ੍ਹੇ-ਲਿਖੇ ਇਨਕਲਾਬੀ ਰਾਸ਼ਟਰਵਾਦੀਆਂ ਦੇ ਵਰਗ ਵਿਚਲੇ ਉਘੇ ਵਿਅਕਤੀਆਂ ਵਿਚ ਸ਼ਾਮਲ ਸਨ--ਗੋਬਿੰਦ ਬਿਹਾਰੀ ਲਾਲ, ਪਾਂਡੂਰੰਗ ਸਦਾਸ਼ਿਵ ਖਾਨਖੋਜੇ, ਭੂਪਿੰਦਰ ਨਾਥ ਦੱਤ, ਸਚਿੰਦਰ ਨਾਥ ਸਾਨਿਆਲ ਅਤੇ ਭਾਈ ਪਰਮਾਨੰਦ, ਹਰਦਿਆਲ ਦੀਆਂ ਚਿੱਠੀਆਂ ਅਤੇ ਕਰੇਸੀ ਚੈਨਚੀਆ ਦਾ ਲਿਖਿਆ ਹੋਇਆ ਇਕ ਸ਼ਾਨਦਾਰ ਸਰਬੰਗੀ ਅਣਪ੍ਰਕਾਸ਼ਿਤ ਇਤਿਹਾਸ। ਜਿਥੋਂ ਤਕ ਪੰਜਾਬੀ ਪਰਵਾਸੀਆਂ ਵਿਚਲੇ ਆਗੂਆਂ ਅਤੇ ਕਾਰਕੁਨਾਂ ਦੀਆਂ ਰੀਕਾਰਡ ਕੀਤੀਆਂ ਯਾਦਾਂ ਦਾ ਸਵਾਲ ਹੈ, ਸੋਹਣ ਸਿੰਘ ਭਕਣਾ, ਹਰਨਾਮ ਸਿੰਘ ਟੁੰਡੀਲਾਟ, ਜਵਾਲਾ ਸਿੰਘ ਅਤੇ ਪ੍ਰਿਥਵੀ ਸਿੰਘ ਆਜ਼ਾਦ ਵਲੋਂ ਦਿਤੇ ਗਏ ਵੇਰਵੇ ਗ਼ਦਰੀਆਂ ਵਿਚਕਾਰ ਬਹਿਸਾਂ ਅਤੇ ਵਿਵਾਦ ਦੇ ਮੁਖ ਮਸਲਿਆਂ ਬਾਰੇ ਵਿਚਾਰ ਕਰਨ ਲਈ ਕੀਮਤੀ ਸਨ। ਤੇਜਾ ਸਿੰਘ (ਜਿਹੜਾ ਮਗਰੋਂ ਜਾ ਕੇ ਸੰਤ ਤੇਜਾ ਸਿੰਘ ਮਸਤੂਆਣਾ ਵਜੋਂ ਜਾਣਿਆਂ ਜਾਣ ਲੱਗਾ), ਨਵਾਂ ਚੰਦ ਤੇ ਕਰਤਾਰ ਸਿੰਘ ਅਤੇ ਹਰੀ ਸਿੰਘ ਕੈਨੇਡੀਅਨ ਦੀਆਂ ਸਿਮਰਤੀਆਂ ਤੋਂ ਸਮਾਜ ਦੇ ਕੁਲੀਨ ਵਰਗ ਵਲੋਂ ਆਪਣੀ ਵੱਖਰੀ ਸ਼ਨਾਖਤ11 ਉਘਾੜਣ ਲਈ ਵੱਖਰੀ ਤਰ੍ਹਾਂ ਦੀ ਸਮਾਜਕ-ਰਾਜਨੀਤਕ ਸੇਧ ਨੂੰ ਸਮਝਣ ਵਿਚ ਸਹਾਇਤਾ ਮਿਲੀ। ਗੁਰਦਿੱਤ ਸਿੰਘ ਦੀ ਰਚਨਾ ਜ਼ੁਲਮੀ ਕਥਾ ਇਕ ਮਹੱਤਵਪੂਰਨ ਸੋਮਾ ਸੀ ਜਿਸ ਨੇ ਰੋਬੀ ਲ਼ ਰੀਡ ਦੀ ਪੁਸਤਕ 'ਕਾਮਾਗਾਟਾ ਮਾਰੂ ਦੀ ਅੰਦਰਲੀ ਕਹਾਣੀ' ਦੇ, ਅਤੇ 'ਗੜਬੜਾਂ ਦੀ ਤਫ਼ਤੀਸ਼ ਕਮੇਟੀ ਦੀ ਰੀਪੋਰਟ' ਦੇ ਪੂਰਕ ਦਾ ਕੰਮ ਕੀਤਾ, ਜਿਸ ਨਾਲ ਕਾਮਾਗਾਟਾ ਮਾਰੂ ਦੀ ਕਹਾਣੀ ਨੂੰ ਵਧੇਰੇ ਸੰਤੁਲਤ ਢੰਗ ਨਾਲ ਸਮਝਿਆ ਜਾ ਸਕਦਾ ਸੀ।
ਇਹਨਾਂ ਵਿਚੋਂ ਬਹੁਤ ਸਾਰਿਆਂ ਨਾਲ ਲੰਮੀਆਂ ਲੰਮੀਆਂ ਮੁਲਾਕਾਤਾਂ ਦੀ ਲੜੀ ਤੋਂ ਉਹਨਾਂ ਸਮਿਆਂ ਦੇ ਮਿਜ਼ਾਜ ਦਾ ਪਤਾ ਲੱਗਾ ਅਤੇ ਇਸ ਬਾਰੇ ਮੈਂ ਕੀਮਤੀ ਸੂਚਨਾ ਇਕੱਠੀ ਕੀਤੀ। 1968 ਵਿਚ ਸੋਹਣ ਸਿੰਘ ਭਕਣਾ ਨਾਲ ਕੀਤੀਆਂ ਮੁਲਾਕਾਤਾਂ ਨੇ, ਅਸਲ ਵਿਚ, ਇਸ ਲਹਿਰ ਵਿਚ ਮੇਰੀ ਮੁਢਲੀ ਦਿਲਚਸਪੀ ਪੈਦਾ ਕੀਤੀ। ਕਈ ਸਾਲਾਂ ਮਗਰੋਂ ਮੈਂ ਪ੍ਰਿਥਵੀ ਸਿੰਘ ਆਜ਼ਾਦ ਅਤੇ ਗੁੱਜਰ ਸਿੰਘ ਭਕਣਾ ਨਾਲ ਵਿਉਂਤਬੰਦ ਮੁਲਾਕਾਤਾਂ ਕਰ ਸਕਿਆ। ਹੋਰ ਜਿਨ੍ਹਾਂ ਨਾਲ ਮੁਲਾਕਾਤਾਂ ਕੀਤੀਆਂ ਉਹਨਾਂ ਵਿਚੋਂ ਉੱਘੇ ਸਨ ਹਰਦਿਆਲ ਦਾ ਪੁਰਾਣਾ ਮਿੱਤਰ ਅਤੇ ਸਾਥੀ ਹਨੂਵੰਤ ਸਹਾਇ; 26ਵੀਂ ਪੰਜਾਬੀ ਰਜਮੰਟ ਦਾ ਹਰਨਾਮ ਸਿੰਘ, (ਉਮੀਦ ਕੀਤੀ ਜਾਂਦੀ ਸੀ ਕਿ ਮਿਥੇ ਗਏ ਰਾਜ-ਪਲਟੇ ਦੀਆਂ ਗੋਲੀਆਂ ਇਸੇ ਰਜਮੰਟ ਵਲੋਂ ਦਾਗ਼ੀਆਂ ਜਾਣਗੀਆਂ); ਅਤੇ ਗੁਰਮੁਖ ਸਿੰਘ ਲਲਤੋਂ ਜਿਹੜਾ ਕਿ ਉਸ ਨਹਿਸ਼ ਜਹਾਜ਼ ਕਾਮਾਗਾਟਾ ਮਾਰੂ ਦਾ ਇਕ ਸਵਾਰ ਸੀ ਅਤੇ ਉਹਨਾਂ ਕੁਝ ਕਾਰਕੁਨਾਂ ਵਿਚੋਂ ਇਕ ਸੀ ਜਿਨ੍ਹਾਂ ਨੇ ਬਰਤਾਨਵੀ ਫ਼ੌਜ ਦੇ ਭਾਰਤੀ ਸਿਪਾਹੀਆਂ ਨੂੰ ਇਨਕਲਾਬ ਦੇ ਮੰਤਵ ਲਈ ਆਪਣੇ ਵੱਲ ਕਰਨ ਵਾਸਤੇ ਵੱਖੋ ਵਖਰੀਆਂ ਰਜਮੰਟਲ ਬੈਰਕਾਂ ਦੇ ਚੱਕਰ ਲਾਏ ਸਨ।
ਫੁੱਟ ਨੋਟ
1. ਰਣਧੀਰ ਸਿੰਘ ਦੀ ਪੁਸਤਕ ਗ਼ਦਰੀ ਯੋਧੇ: 1914-15 ਪੰਜਾਬ ਦੇ ਇਨਕਲਾਬੀਆਂ ਦੀ ਭੁੱਲੀ ਵਿੱਸਰੀ ਕਹਾਣੀ (ਬੰਬਈ: ਪੀਪਲਜ਼ ਪਬਲਿਸ਼ਿੰਗ ਹਾਊਸ, 1945), ਆਮ ਲੋਕਾਂ ਲਈ ਸ਼ਾਨਦਾਰ ਪੁਸਤਕ ਜਿਹੜੀ ਮੁਖ ਤੌਰ ਉਤੇ ਕੁਝ ਗ਼ਦਰੀ ਆਗੂਆਂ ਨਾਲ ਲੇਖਕ ਦੀਆਂ ਮੁਲਾਕਾਤਾਂ ਉਤੇ ਆਧਾਰਿਤ ਸੀ। ਇਸ ਵਿਸ਼ੇ ਵਿਚ ਗੰਭੀਰ ਖੋਜੀਆਂ ਦੀ ਦਿਲਚਸਪੀ ਇਸ ਪੁਸਤਕ ਦੇ ਛਪਣ ਤੋਂ ਦੋ ਦਹਾਕਿਆਂ ਤੋਂ ਜ਼ਿਆਦਾ ਮਗਰੋਂ ਸ਼ੁਰੂ ਹੋਈ; ਉਦੋਂ ਤਕ ਮਿਲਦੀ ਇਹ ਇਕੋ ਇਕ ਪੁਸਤਕ ਸੀ। ਇਸਦੇ ਦੌਰਾਨ ਦੋ ਅਧਿਐਨ ਪੰਜਾਬੀ ਵਿਚ ਪ੍ਰਕਾਸ਼ਤ ਹੋਏ, ਜਗਜੀਤ ਸਿੰਘ ਦੀ ਗ਼ਦਰ ਪਾਰਟੀ ਲਹਿਰ (ਤਰਨਤਾਰਨ 1955) ਅਤੇ ਗ਼ਦਰ ਪਾਰਟੀ ਦਾ ਇਤਿਹਾਸ (ਜਲੰਧਰ ਦੇਸ਼ ਭਗਤ ਯਾਦਗਾਰ ਕਮੇਟੀ, 1961) -ਲੇਖਕ ਗੁਰਚਰਨ ਸਿੰਘ ਸਹਿੰਸਰਾ ਅਤੇ ਹੋਰ। ਇਹ ਦੂਜੀ ਪੁਸਤਕ ਅਸਲ ਵਿਚ ਅਧਿਕਾਰਿਤ ਲਿਖਤ ਸੀ ਜਿਸ ਨੂੰ ਭੂਤਪੂਰਵ ਗ਼ਦਰੀਆਂ ਦੇ ਦੇਸ਼ ਭਗਤ ਗਰੁਪ ਵੱਲੋਂ ਲਿਖਵਾਇਆ ਗਿਆ ਅਤੇ ਪ੍ਰਕਾਸ਼ਿਤ ਕੀਤਾ ਗਿਆ ਸੀ। ਸੱਠਵਿਆਂ ਦੇ ਅੱਧ ਤੋਂ ਲੈ ਕੇ ਜਿਹੜੇ ਖੋਜ-ਆਧਾਰਿਤ ਅਧਿਐਨ ਪ੍ਰਕਾਸ਼ਿਤ ਹੋਏ ਹਨ ਉਹਨਾਂ ਵਿਚ ਸ਼ਾਮਲ ਹਨ: ਗ਼ਦਰ-1915, ਇੰਡੀਆਜ਼ ਫ਼ਸਟ ਆਰਮਡ ਰੈਵੋਲਿਊਸ਼ਨ, ਲੇਖਕ ਖੁਸ਼ਵੰਤ ਸਿੰਘ ਅਤੇ ਸਤਿੰਦਰ ਸਿੰਘ (ਨਵੀਂ ਦਿੱਲੀ: ਆਰ. ਐਂਡ ਕੇ. ਪਬਲਿਸ਼ਿੰਗ ਹਾਊਸ, 1966); ਦ ਰੋਲ ਆਫ਼ ਦ ਗ਼ਦਰ ਪਾਰਟੀ ਇਨ ਦ ਨੈਸ਼ਨਲ ਮੂਵਮੈਂਟ, ਗ਼ਦਰ ਪਾਰਟੀ, ਲੇਖਕ ਗੁਰਦੇਵ ਸਿੰਘ ਦਿਅਲ (ਦਿੱਲੀ: ਸਟਰਲਿੰਗ ਪਬਲਿਸ਼ਰਜ਼, 1969) ਇੰਡੀਅਨ ਫ਼ਰੀਡਮ ਮੂਵਮੈਂਟ: ਰੈਵੋਲਿਊਸ਼ਨਰੀਜ਼ ਇਨ ਅਮੈਰਿਕਾ, ਲੇਖਕ ਕਲਿਆਨ ਕੁਮਾਰ ਬੈਨਰਜੀ (ਕਲਕੱਤਾ ਜੀਜਾਨਸਾ, 1969); ਇੰਡੀਅਨ ਰੈਵੋਲਿਊਸ਼ਨਰੀ ਮੂਵਮੈਂਟ ਇਨ ਦੀ ਯੂਨਾਈਟਿਡ ਸਟੇਟਸ ਆਫ਼ ਅਮੈਰਿਕਾ, ਲੇਖਕ ਐਲ਼ ਪੀ. ਮਾਥੁਰ (ਦਿੱਲੀ: ਐਸ਼ ਚਾਂਦ ਐਂਡ ਕੰਪਨੀ, 1970); ਇੰਡੀਅਨ ਰੈਵੋਲਿਊਸ਼ਨਰੀਜ਼ ਐਬਰਾਡ 1905-1922, ਲੇਖਕ ਏ. ਸੀ. ਬੋਸ (ਪਟਨਾ: ਭਾਰਤੀ ਭਵਨ, 1971); ਸੋਹਨ ਸਿੰਘ ਜੋਸ਼, ਹਿੰਦੁਸਤਾਨ ਗ਼ਦਰ ਪਾਰਟੀ: ਏ ਸ਼ਾਰਟ ਹਿਸਟਰੀ (ਨਵੀਂ ਦਿੱਲੀ: ਪੀ. ਪੀ. ਐਚ. 1977); ਅਤੇ ਅਨਿਲ ਬਾਰਾਨ ਗਾਂਗੂਲੀ, ਗ਼ਦਰ ਰੈਵੋਲਿਊਸ਼ਨ ਇਨ ਅਮੈਰਿਕਾ (ਦਿੱਲੀ: ਮੈਟਰੋਪੋਲੀਟਨ ਬੁੱਕ ਕੰਪਨੀ, 1980)।
2. ਇਹਨਾਂ ਵਿਚੋਂ ਉੱਘੇ ਹਨ: ਭਾਈ ਪਰਮਾਨੰਦ, ਦੀ ਸਟੋਰੀ ਆਫ਼ ਮਾਈ ਲਾਈਫ਼, ਅਨੁ. ਨ. ਸੁੰਦਰ ਆਯਰ ਅਤੇ ਲਾਲ ਚੰਦ (ਲਾਹੌਰ: ਦੀ ਸੈਂਟਰਲ ਹਿੰਦੂ ਯੁਵਕ ਸਭਾ, 1934); ਸ਼ਚਿੰਦਰ ਨਾਥ ਸਾਨਯਾਲ, ਬੰਦੀ ਜੀਵਨ (ਹਿੰਦੀ) (ਦਿੱਲੀ: ਆਤਮਾ ਰਾਮ ਐਂਡ ਸਨਜ਼, 1963); ਸੋਹਣ ਸਿੰਘ ਭਕਣਾ, ਜੀਵਨ ਸੰਗਰਾਮ (ਪੰਜਾਬੀ) (ਜਲੰਧਰ: ਯੁਵਕ ਕੇਂਦਰ ਪ੍ਰਕਾਸ਼ਨ, 1967); ਧਰਮਵੀਰ, ਲਾਲਾ ਹਰਦਿਆਲ ਐਂਡ ਰੈਵੋਲਿਊਸ਼ਨਰੀ ਮੂਵਮੈਂਟ ਆਫ਼ ਹਿਜ਼ ਟਾਈਮਜ਼ (ਨਵੀਂ ਦਿੱਲੀ: ਇੰਡੀਅਨ ਬੁੱਕ ਕੰਪਨੀ, 1970); ਐਮਿਲੀ ਸੀ. ਬਰਾਊਨ, ਹਰਦਿਆਲ: ਹਿੰਦੂ ਰੈਵੋਲਿਊਸ਼ਨਰੀ ਐਂਡ ਰੈਸ਼ਨਲਿਸਟ (ਟਕਸਨ: ਦੀ ਯੂਨੀਵਰਸਿਟੀ ਆਫ਼ ਐਰੀਜ਼ੋਨਾ ਪਰੈਸ, 1975); ਪ੍ਰਿਥਵੀ ਸਿੰਘ, ਕ੍ਰਾਂਤੀ ਪੱਥ ਕਾ ਪਥਿਕ (ਹਿੰਦੀ) (ਚੰਡੀਗੜ੍ਹ: ਪਰਾਗ ਪ੍ਰਕਾਸ਼ਨ, 1964); ਸੋਹਣ ਸਿੰਘ ਜੋਸ਼, ਬਾਬਾ ਸੋਹਣ ਸਿੰਘ ਭਕਣਾ: ਗ਼ਦਰ ਪਾਰਟੀ ਦੇ ਬਾਨੀ ਦਾ ਜੀਵਨ (ਨਵੀਂ ਦਿੱਲੀ: ਪੀ. ਪੀ. ਐਚ. 1970); ਭਾਈ ਸਾਹਿਬ ਰਣਧੀਰ ਸਿੰਘ, ਆਤਮ ਕਥਾ, ਅਨੁਵਾਦ ਤਰਲੋਚਨ ਸਿੰਘ (ਲੁਧਿਆਣਾ: ਭਾਈ ਸਾਹਿਬ ਰਣਧੀਰ ਸਿੰਘ ਪਬਲਿਸ਼ਿੰਗ ਹਾਊਸ, 1971); ਜਸਵੰਤ ਸਿੰਘ ਜਸ, ਬਾਬਾ ਵਸਾਖਾ ਸਿੰਘ (ਪੰਜਾਬੀ) (ਜਲੰਧਰ: ਨਿਊ ਬੁੱਕ ਕੰਪਨੀ, 1979); ਵੀ. ਐਸ਼ ਸੂਰੀ, ਏ ਬਰੀਫ਼ ਬਾਇਅਗਰਾਫ਼ੀਕਲ ਸਕੈਚ ਆਫ਼ ਸੋਹਣ ਲਾਲ ਪਾਠਕ (ਪਟਿਆਲਾ: ਪੰਜਾਬੀ ਯੂਨੀਵਰਸਿਟੀ, 1968); ਭੂਪਿੰਦਰਨਾਥ ਦੱਤ, ਅਪ੍ਰਕਾਸ਼ਿਤ ਰਾਜਨੀਤਕ ਇਤਿਹਾਸ (ਬੰਗਾਲੀ) (ਕਲਕੱਤਾ; ਨਵਭਾਰਤ ਪਬਲਿਸ਼ਰਜ਼, 1953)।
3. ਉਦਾਹਰਣ ਵਜੋਂ, ਆਰ. ਸੀ. ਮਜੂਮਦਾਰ, ਹਿਸਟਰੀ ਆਫ਼ ਦੀ ਫ਼ਰੀਡਮ ਮੂਵਮੈਂਟ ਇਨ ਇੰਡੀਆ, ਸੈਂਚੀ ਦੂਜੀ (ਕਲਕੱਤਾ: ਕੇ. ਐਲ਼ ਮੁਖੋਪਾਧਿਆਇ, 1963); ਏ. ਸੀ. ਗੁਹਾ, ਫਸਟ ਸਪਾਰਕ ਆਫ਼ ਰੈਵੋਲਿਊਸ਼ਨ (ਨਿਊ ਦਿੱਲੀ: ਅਰੀਐਂਟ ਲਾਂਗਮੈਨ, 1971); ਬਾਲਸ਼ਾਸਤਰੀ ਹਰਦਾਸ, ਆਰਮਡ ਸਟਰੱਗਲ ਫਾਰ ਫਰੀਡਮ: ਨਾਈਨਟੀ ਯੀਅਰਜ਼ ਵਾਰ ਆਫ਼ ਇੰਡੀਪੈਂਡੈਂਸ, 1857 ਤੋਂ ਸੁਭਾਸ਼ ਤਕ, ਅਨੁ. ਐਸ਼ ਐਸ਼ ਆਪਟੇ (ਪੂਨਾ: ਕਾਲ ਪ੍ਰਕਾਸ਼ਨ, 1958); ਸੁਪ੍ਰਕਾਸ਼ ਰਾਇ, ਭਾਰਤੇਰ ਵੈਪਲਾਵਿਕ ਸੰਗਰਾਮੇਰ ਇਤਿਹਾਸ (ਬੰਗਾਲੀ) (ਕਲਕੱਤਾ: ਡੀ. ਐਨ. ਬੀ. ਏ. ਬਰੱਦਰਜ਼, 1970); ਸੱਤਿਆ ਮ. ਰਾਇ, ਪੰਜਾਬੀ ਹੀਰੋਇਕ ਟਰੈਡੀਸ਼ਨ 1900-1947 (ਪਟਿਆਲਾ: ਪੰਜਾਬੀ ਯੂਨੀਵਰਸਿਟੀ, 1978)।
4. ਉਦਾਹਰਣ ਵਜੋਂ, ਏ. ਸੀ. ਬੋਸ, ਕੇ. ਕੇ. ਬੈਨਰਜੀ, ਆਰ. ਸੀ. ਮਜੂਮਦਾਰ, ਭੂਪੇਂਦਰ ਨਾਥ ਦੱਤ, ਏ. ਬੀ. ਗੰਗੂਲੀ ਦੀਆਂ ਉਪਰ ਦੱਸੀਆਂ ਕਿਰਤਾਂ।
5. ਗੰਗੂਲੀ, ਉਸੇ ਥਾਂ ਤੋਂ।
6. ਇਹਨਾਂ ਵਿਚ ਸ਼ਾਮਲ ਹਨ, ਉਦਾਹਰਣ ਵਜੋਂ, ਖੁਸ਼ਵੰਤ ਸਿੰਘ ਅਤੇ ਸਤਿੰਦਰ ਸਿੰਘ, ਜਗਜੀਤ ਸਿੰਘ, ਸਹਿੰਸਰਾ, ਜੋਸ਼, ਸਤਿਆ ਮ. ਰਾਇ ਦੀਆਂ ਕਿਰਤਾਂ।
7. ਖੁਸ਼ਵੰਤ ਸਿੰਘ ਅਤੇ ਸਤਿੰਦਰ ਸਿੰਘ, ਉਸੇ ਪੁਸਤਕ ਵਿਚੋਂ ਸ਼ 17; ਨਾਲ ਹੀ ਦੇਖੋ ਖੁਸ਼ਵੰਤ ਸਿੰਘ, ਏ ਹਿਸਟਰੀ ਆਫ਼ ਦੀ ਸਿਖਜ਼, ਸੈਂਚੀ ਦੂਜੀ (ਦਿੱਲੀ: ਆਕਸਫੋਰਡ ਯੂਨੀਵਰਸਿਟੀ ਪਰੈਸ, 1977), ਸਫ਼ੇ 175-76.
8. ਸੁਮੀਤ ਸਰਕਾਰ, ਦ ਸਵਦੇਸ਼ੀ ਮੂਵਮੈਂਟ ਇਨ ਬੰਗਾਲ (1903-1908) ਨਵੀਂ ਦਿੱਲੀ, ਪੀ. ਪੀ. ਐਚ. 1973), ਸਫ਼ੇ 484-90.
9. ਕੁਇਨਟਿਨ ਹੋਆਰੇ ਅਤੇ ਜਿਅਫਰੀ ਨੋਵੇਲ ਸਮਿੱਥ, ਅੰਟੋਨੀਅ ਗਰਾਮਸਕੀ ਦੀਆਂ ਜੇਲ੍ਹ ਨੋਟ-ਬੁਕਸ ਵਿਚੋਂ ਚੋਣ (ਲੰਡਨ: ਲਾਰੰਸ ਐਂਡ ਵਿਸ਼ਰਟ, 1971), ਸ਼ 6.
10. ਭਗਤ ਸਿੰਘ ਬਿਲਗਾ, ਗ਼ਦਰ ਦੇ ਅਣਫੋਲੇ ਵਰਕੇ, ਪੰਜਾਬੀ, (ਜਲੰਧਰ, ਦੇਸ਼ ਭਗਤ ਯਾਦਗਾਰ, 1989), ਸਫ਼ੇ 121-125, ਨਾਲ ਹੀ ਦੇਖੋ ਸੋਹਣ ਸਿੰਘ ਜੋਸ਼, ਹਿੰਦੁਸਤਾਨ ਗ਼ਦਰ ਪਾਰਟੀ, ਸੈਂਚੀ ਦੂਜੀ ਸ਼ 216 ਅਤੇ ਹੈਰਲਡ ਜੈਕੋਬੀ, 'ਈਸਟ ਇੰਡੀਅਨਜ਼ ਇਨ ਯੂਨਾਇਟਿਡ ਸਟੇਟਸ: 'ਦ ਫਸਟ ਹਾਫ਼ ਸੈਂਚਰੀ' , ਅਣਪ੍ਰਕਾਸ਼ਿਤ ਖਰੜਾ, 1977, ਅਧਿਆਇ ਛੇਵਾਂ, ਸਫ਼ੇ 214-260.
11. ਤੇਜਾ ਸਿੰਘ, ਜੀਵਨ ਕਥਾ ਗੁਰਮੁਖ ਪਿਆਰੇ ਸੰਤ ਅਤਰ ਸਿੰਘ ਜੀ ਮਹਾਰਾਜ (ਪੰਜਾਬੀ) ਤੀਜੀ ਐਡੀਸ਼ਨ (ਪਟਿਆਲਾ: ਭਾਸ਼ਾ ਵਿਭਾਗ ਪੰਜਾਬ, 1970) ਸਫ਼ੇ 292-95; ਕਰਤਾਰ ਸਿੰਘ ਨਵਾਂ ਚੰਦ, ਹਰੀ ਸਿੰਘ ਕੈਨੇਡੀਅਨ ਅਤੇ ਮਿੱਤ ਸਿੰਘ ਪੰਡੋਰੀ ਦੇ ਲਿਖਤੀ ਬਿਆਨ, ਪੁਸਤਕ ਅਮਰੀਕਾ ਵਿਚ ਹਿੰਦੁਸਤਾਨੀ (ਪੰਜਾਬੀ) ਵਿਚ, ਸੰਪਾ. ਗੰਡਾ ਸਿੰਘ (ਵੈਨਕੂਵਰ, 1976), ਸਫ਼ੇ 58-83, 124-150.
.ਗ਼ਦਰ ਲਹਿਰ-ਵਿਚਾਰਧਾਰਾ ਜਥੇਬੰਦੀ ਰਾਜਨੀਤੀ, ਪੁਸਤਕ ਵਿੱਚੋਂ॥

1 comment:

  1. Hey very nice blog!! Man .. Beautiful .. Amazing .. I will bookmark your blog and take the feeds
    also...

    ReplyDelete