Friday, November 19, 2010

ਬਰਜਿੰਦਰ ਹਮਦਰਦ ਦੀ ਬਾਦਲ ਲਈ ਹਮਦਰਦੀ ਦੇ ਬਾਵਜੂਦ

(੧੮ ਨਵੰਬਰ ਦੇ ਅਜੀਤ ਦੇ ਸੰਪਾਦਕੀ ਵਿੱਚ ਬਰਜਿੰਦਰ ਹਮਦਰਦ ਨੇ ਅਤਿ ਹਮਦਰਦਾਨਾ ਲਹਿਜੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੰਦੇਹਾਲ ਬਾਰੇ ਟਿੱਪਣੀਆਂ ਕੀਤੀਆਂ ਹਨ ਤੇ ਦੋਸੀਆਂ ਤੇ ਸਿਧੇ ਤੌਰ ਤੇ ਉਂਗਲ ਧਰਨ ਤੋਂ ਗੁਰੇਜ ਕੀਤਾ ਹੈ. ਪਰ ਫਿਰ ਵੀ ਇਹ ਸੰਪਾਦਕੀ ਬਹੁਤ ਹੱਦ ਤੱਕ ਸਾਫ਼ ਕਰ ਦਿੰਦਾ ਹੈ ਕਿ ਧਰਮ ਦੀ ਰਾਜਨੀਤੀ ਲਈ ਵਰਤੋਂ ਸੰਬੰਧਿਤ ਸਮਾਜ ਦਾ ਕਿੰਨਾ ਵੱਡਾ ਨੁਕਸਾਨ ਕਰ ਸਕਦੀ ਹੈ.)


ਧਾਰਮਿਕ ਪੁਨਰ-ਸੁਰਜੀਤੀ ਦੀ ਲੋੜ-ਬਰਜਿੰਦਰ ਹਮਦਰਦ
ਜਿਸ  ਤਰ੍ਹਾਂ ਕਿ ਉਮੀਦ ਹੀ ਕੀਤੀ ਜਾਂਦੀ ਸੀ ਜਥੇਦਾਰ ਅਵਤਾਰ ਸਿੰਘ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਇਜਲਾਸ ਵਿਚ ਮੁੜ ਪ੍ਰਧਾਨ ਚੁਣ ਲਿਆ ਗਿਆ। ਪਹਿਲਾਂ ਹੀ ਅਜਿਹਾ ਪ੍ਰਭਾਵ ਬਣ ਰਿਹਾ ਸੀ ਕਿਉਂਕਿ ਉਨ੍ਹਾਂ  ਦੇ ਮੁਕਾਬਲੇ 'ਤੇ ਕੋਈ ਹੋਰ ਉੱਚੇ ਕੱਦ ਵਾਲਾ ਉਮੀਦਵਾਰ ਸਾਹਮਣੇ ਨਹੀਂ ਸੀ ਆਇਆ। ਆਉਂਦੇ ਮਹੀਨਿਆਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਹੋ ਰਹੀਆਂ ਹਨ। ਇਸ ਲਈ ਸ਼੍ਰੋਮਣੀ ਅਕਾਲੀ ਦਲ (ਬ) ਵੱਲੋਂ ਵੀ ਇਸ ਸਮੇਂ ਕਮੇਟੀ ਦੇ ਪ੍ਰਬੰਧ ਨੂੰ ਛੇੜਨਾ ਠੀਕ ਨਹੀਂ ਸਮਝਿਆ ਗਿਆ।
ਪਿਛਲੇ ਪੰਜ ਸਾਲਾਂ ਵਿਚ ਜਥੇਦਾਰ ਅਵਤਾਰ ਸਿੰਘ ਨੇ ਸ਼੍ਰੋਮਣੀ ਕਮੇਟੀ ਦਾ ਪ੍ਰਭਾਵ ਵਧਾਉਣ ਅਤੇ ਇਸ ਦੇ ਕੰਮਕਾਜ ਨੂੰ ਬਿਹਤਰ ਕਰਨ ਲਈ ਵੱਡੇ ਯਤਨ ਜ਼ਰੂਰ ਕੀਤੇ ਹਨ ਪਰ ਇਸ ਦੇ ਬਾਵਜੂਦ ਅਜਿਹਾ ਪ੍ਰਭਾਵ ਨਹੀਂ ਮਿਲਦਾ ਕਿ ਅਜਿਹੇ ਯਤਨ ਉਦਾਹਰਨ ਦੇ ਰੂਪ ਵਿਚ ਪੇਸ਼ ਕੀਤੇ ਜਾ ਸਕਣ। ਇਸ ਦਾ ਕਾਰਨ ਸਿੱਖ ਸਮਾਜ ਵਿਚ ਕਿਸੇ ਨਵੀਂ ਲਹਿਰ ਦੀ ਅਣਹੋਂਦ ਹੈ। ਅਜਿਹੀ ਲਹਿਰ ਜਿਸ ਦੀ ਅੱਜ ਭਾਈਚਾਰੇ ਵੱਲੋਂ ਸਖ਼ਤ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸਮੁੱਚਾ ਸਮਾਜ ਨਿਘਾਰ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਲੋਕ-ਮਨਾਂ ਵਿਚੋਂ ਧਰਮ ਦੀਆਂ ਕਦਰਾਂ ਅਤੇ ਮਰਿਆਦਾਵਾਂ ਵੱਡੀ ਹੱਥ ਤੱਕ ਕਾਫੂਰ ਹੋ ਰਹੀਆਂ ਹਨ। ਧਾਰਮਿਕ ਖੇਤਰ ਵਿਚ ਸਾਰਥਿਕ ਸਰਗਰਮੀਆਂ ਦੀ ਥਾਂ 'ਤੇ ਬਹੁਤੀਆਂ ਥਾਵਾਂ 'ਤੇ ਮੌਕਾਪ੍ਰਸਤੀ ਦੀ ਖੇਡ ਖੇਡੀ ਜਾਂਦੀ ਨਜ਼ਰ ਆਉਂਦੀ ਹੈ। ਸਮੁੱਚੀਆਂ ਕਦਰਾਂ-ਕੀਮਤਾਂ ਡਿਗਦੀਆਂ ਜਾ ਰਹੀਆਂ ਹਨ। ਨੌਜਵਾਨੀ ਨੂੰ ਨਸ਼ੇ ਖੋਖਲਾ ਕਰ ਰਹੇ ਹਨ। ਪਿੰਡਾਂ-ਸ਼ਹਿਰਾਂ ਵਿਚ ਸੁਚੱਜੀ ਸੇਧ ਦੇਣ ਵਾਲੇ ਪ੍ਰਚਾਰ ਅਤੇ ਇਸ ਮਕਸਦ ਲਈ ਵੰਡੇ ਜਾਣ ਵਾਲੇ ਸਾਹਿਤ ਦੀ ਘਾਟ ਰੜਕਦੀ ਹੈ। ਲੰਮੇ ਸਮੇਂ ਤੋਂ ਕਮੇਟੀ 'ਤੇ ਸਿਆਸੀ ਸਾਏ ਪਏ ਦਿਖਾਈ ਦਿੰਦੇ ਹਨ, ਜਿਹਨਾਂ ਨੇ ਇਸ ਦੇ ਅਕਸ ਨੂੰ ਧੁੰਦਲਾ ਹੀ ਕੀਤਾ ਹੈ। ਪਿਛਲੇ ਸਾਰੇ ਸਮਿਆਂ ਵਿਚ ਜਥੇਦਾਰ ਅਵਤਾਰ ਸਿੰਘ ਆਪਣੀ ਇਕ ਆਜ਼ਾਦ ਸੋਚ ਅਤੇ ਪ੍ਰਭਾਵਸ਼ਾਲੀ ਸਟੈਂਡ ਅਖ਼ਤਿਆਰ ਕਰ ਸਕਣ ਤੋਂ ਅਸਮਰੱਥ ਰਹੇ ਹਨ। ਅਜਿਹੇ ਪ੍ਰਭਾਵ ਦਾ ਅਸਰ ਕਮੇਟੀ ਦੀ ਸਮੁੱਚੀ ਕਾਰਗੁਜ਼ਾਰੀ 'ਤੇ ਪੈਂਦਾ ਹੈ, ਜਿਸ ਨਾਲ ਇਹ ਆਪਣੇ ਮਿਥੇ ਨਿਸ਼ਾਨੇ ਪੂਰੇ ਕਰਨ ਤੋਂ ਅਸਮਰੱਥ ਦਿਖਾਈ ਦਿੰਦੀ ਹੈ। ਬਿਨਾਂ ਸ਼ੱਕ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਚ ਸਮੇਂ ਦੀ ਲੋੜ ਮੁਤਾਬਿਕ ਨਵਾਂ ਉਤਸ਼ਾਹ ਭਰਨ ਦੀ ਜ਼ਰੂਰਤ ਹੈ। ਬਿਨਾਂ ਸ਼ੱਕ ਇਸ ਦੀ ਦਿੱਖ ਅਤੇ ਪ੍ਰਭਾਵ ਵਿਚ ਵੀ ਵੱਡੀਆਂ ਤਬਦੀਲੀਆਂ ਦੀ ਲੋੜ ਭਾਸਦੀ ਹੈ। ਸ਼੍ਰੋਮਣੀ ਕਮੇਟੀ ਦੀਆਂ ਹੋਣ ਜਾ ਰਹੀਆਂ ਚੋਣਾਂ ਵਿਚ ਸਾਡੇ ਪ੍ਰਤੀਨਿਧਾਂ ਵੱਲੋਂ ਅਤੇ ਸੰਬੰਧਿਤ ਪਾਰਟੀਆਂ ਵੱਲੋਂ ਅਜਿਹੀ ਪ੍ਰਤਿਭਾ ਦਿਖਾਏ ਜਾਣ ਦੀ ਜ਼ਰੂਰਤ ਹੈ।
ਜੇਕਰ ਇਨ੍ਹਾਂ  ਧਾਰਮਿਕ ਚੋਣਾਂ ਵਿਚ ਵੀ ਨਿਘਾਰੂ ਰੁਚੀਆਂ ਉੱਭਰ ਕੇ ਸਾਹਮਣੇ ਆਈਆਂ ਤਾਂ ਨਤੀਜੇ ਕੁਝ ਵੀ ਹੋਣ, ਸ਼੍ਰੋਮਣੀ ਕਮੇਟੀ ਆਪਣੇ ਨਿਸ਼ਾਨਿਆਂ ਤੋਂ ਥਿੜਕ ਜਾਵੇਗੀ। ਅਜਿਹੇ ਰੁਝਾਨ ਨੂੰ ਰੋਕਣਾ ਤਦੇ ਹੀ ਸੰਭਵ ਹੋ ਸਕਦਾ ਹੈ ਜੇਕਰ ਆਉਂਦੀਆਂ ਚੋਣਾਂ ਵਿਚ ਚੰਗੇ ਕਿਰਦਾਰ ਅਤੇ ਮਾਨਤਾਵਾਂ ਵਾਲੇ ਪ੍ਰਤੀਬੱਧ ਵਿਅਕਤੀ ਹੀ ਅੱਗੇ ਲਿਆਂਦੇ ਜਾਣ। ਅੱਜ ਇਸ ਲਈ ਸਭ ਸੰਬੰਧਿਤ ਸੱਜਣਾਂ ਨੂੰ ਅਜਿਹਾ ਆਪਣਾ ਫਰਜ਼ ਸਮਝਣਾ ਚਾਹੀਦਾ ਹੈ। ਨੀਂਹ ਦੀ ਮਜ਼ਬੂਤੀ ਚੰਗੀ ਉਸਾਰੀ ਦੀ ਜ਼ਾਮਨ ਬਣ ਸਕਦੀ ਹੈ। ਆਉਂਦੇ ਸਮੇਂ ਵਿਚ ਜੇਕਰ ਸ਼੍ਰੋਮਣੀ ਕਮੇਟੀ ਸਭ ਪੱਖੋਂ ਨਿਘਾਰ ਵੱਲ ਜਾ ਰਹੇ ਸਮਾਜ ਵਿਚ ਪੁਨਰ-ਸੁਰਜੀਤੀ ਦੀ ਲਹਿਰ ਪੈਦਾ ਕਰਨ ਦੇ ਸਮਰੱਥ ਹੋ ਸਕੇਗੀ ਤਾਂ ਹੀ ਇਸ ਦੀ ਇਸ ਖੇਤਰ ਵਿਚ ਕੋਈ ਚੰਗੀ ਪ੍ਰਾਪਤੀ ਮੰਨੀ ਜਾਵੇਗੀ। ਕਿਉਂਕਿ ਧਾਰਮਿਕ ਭਾਵਨਾਵਾਂ ਨਾਲ ਜੁੜੇ ਅੱਜ ਹਰ ਸੁਹਿਰਦ ਵਿਅਕਤੀ ਦੀ ਅਜਿਹੀ ਹੀ ਇੱਛਾ ਹੈ। ਇਸ ਲਈ ਜਥੇਦਾਰ ਅਵਤਾਰ ਸਿੰਘ ਦੀਆਂ ਜ਼ਿੰਮੇਵਾਰੀਆਂ ਹੋਰ ਵੀ ਵਧ ਜਾਂਦੀਆਂ ਹਨ।

No comments:

Post a Comment