ਰੂਸੀ ਇਨਕਲਾਬ ਨੇ ਪੂਰਬ ਦੇ ਲੋਕਾਂ ਨੂੰ ਕੇਵਲ ਕੌਮੀ ਆਜ਼ਾਦੀ ਲਈ ਹੀ ਸਾਮਰਾਜ ਦੇ ਵਿਰੁਧ ਝੂਣ ਕੇ ਨਹੀਂ ਜਗਾਇਆ, ਸਗੋਂ ਇਸ ਤੋਂ ਇਲਾਵਾ ਉਹਨਾਂ ਦੀ ਸਮੁੱਚੀ ਸੋਚਣੀ ਉਤੇ ਵੀ ਬਹੁ-ਮੁਖੀ ਪਰਭਾਵ ਪਾਇਆ। ਪਹਿਲੀ ਵੇਰ ਇਕ ਨਵਾਂ ਦ੍ਰਿਸ਼ਟੀਕੋਣ-ਕਿਸਾਨਾਂ ਅਤੇ ਮਜ਼ਦੂਰਾਂ ਨੂੰ ਸਾਮਰਾਜੀ ਲੁੱਟ ਦੇ ਖ਼ਿਲਾਫ਼ ਜਥੇਬੰਦ ਕਰਨ ਦਾ ਦ੍ਰਿਸ਼ਟੀਕੋਣ-ਵੀ ਉਹਨਾਂ ਸਾਹਮਣੇ ਲਿਆ ਰੱਖਿਆ। ਗ਼ਦਰ ਪਾਰਟੀ ਦੇ ਦੂਸਰੇ ਦੌਰ ਵਿਚ ਆ ਕੇ ਕਿਰਤੀ ਅਖ਼ਬਾਰ ਦੀ ਨੀਂਹ ਰਖਣ ਵਾਲੇ ਲੀਡਰ, ਰੂਸੀ ਇਨਕਲਾਬ ਦੀਆ ਪਰਾਪਤੀਆਂ ਨੂੰ ਅੱਖੀਂ ਵੇਖ ਕੇ ਬਹੁਤ ਪਰਭਾਵਿਤ ਹੋਏ। ਭਾਈ ਸੰਤੋਖ ਸਿੰਘ ਤੇ ਰਤਨ ਸਿੰਘ ਦੀ 1922-23 ਦੀ ਰੂਸ ਫੇਰੀ ਦੌਰਾਨ ਓਥੇ ਹੋ ਰਹੀ ਸਮਾਜੀ ਤਬਦੀਲੀ ਨੇ ਉਹਨਾਂ ਦੀ ਮਾਨਸਿਕਤਾ ਉਤੇ ਡੂੰਘੀ ਛਾਪ ਲਾਈ।
ਪਰ ਪੰਜਾਬ ਵਿੱਚ ਰੂਸੀ ਇਨਕਲਾਬ ਦੇ ਵਿਚਾਰ ਕਿਵੇਂ ਆਏ? ਕਿੰਨਾਂ ਨੇ ਲਿਆਂਦੇ ਤੇ ਕਿਸ ਰੂਪ ਵਿੱਚ ਲਿਆਂਦੇ? ਰੂਸੀ ਇਨਕਲਾਬ ਦੇ ਵਿਚਾਰਾਂ ਤੇ ਉਸ ਦੀਆਂ ਪਰਾਪਤੀਆਂ ਨੂੰ ਪੰਜਾਬ ਵਿੱਚ ਕਿਵੇਂ ਸਮਝਿਆ ਗਿਆ? ਇਹ ਮਸਲਾ ਡੂੰਘੀ ਵਿਚਾਰ-ਚਰਚਾ ਦੀ ਮੰਗ ਕਰਦਾ ਹੈ। ਜਿਵੇਂ ਅਸੀਂ ਉਪਰ ਜ਼ਿਕਰ ਕੀਤਾ ਸੀ ਰੂਸੀ ਇਨਕਲਾਬ ਆਪਣੇ ਮੂਲ ਵਿੱਚ ਸੰਸਾਰ ਇਨਕਲਾਬ ਲਈ ਹੰਭਲਾ ਸੀ (ਇਕੱਲੇ ਦੇਸ ਵਿਚ ਸਮਾਜਵਾਦ ਸਥਾਪਤ ਕੀਤਾ ਜਾ ਸਕਣ ਦਾ ਸਿਧਾਂਤ ਲੈਨਿਨ ਦੀ ਮੌਤ ਪਿੱਛੋਂ ਬੁਖ਼ਾਰਿਨ ਤੇ ਸਟਾਲਿਨ ਵਲੋਂ 1924 ਵਿਚ ਪੇਸ਼ ਕੀਤਾ ਗਿਆ ਸੀ, ਜਿਸ ਦੇ ਹੱਕ ਵਿਚ ਉਹਨਾਂ ਨੇ ਵਖਰੇ ਪਰਸੰਗ ਵਿਚ ਕਹੀਆਂ, ਇਸ ਸੰਬੰਧੀ ਲੈਨਿਨ ਦੀਆਂ ਦੋ ਟੂਕਾਂ ਲੱਭ ਲਈਆਂ ਸਨ) ਉਸ ਵੇਲੇ ਲੈਨਿਨ ਤੇ ਤੀਜੀ ਇਟਰਨੈਸ਼ਨਲ ਸੰਸਾਰ ਸਾਮਰਾਜੀ ਤਾਕਤਾਂ ਦੇ ਖਿਲਾਫ ਹਰ ਸਾਮਰਾਜ-ਵਿਰੋਧੀ ਤਾਕਤ ਦੀ ਤੰਦ ਨੂੰ ਸੰਸਾਰ ਇਨਕਲਾਬ ਲਈ ਵੱਧ ਰਹੀਆਂ ਤਾਕਤਾਂ ਦੀ ਸ਼ਕਤੀ ਨੂੰ ਵਧਾਉਣ ਲਈ ਜੋੜ ਰਹੇ ਸਨ। ਜੇ ਕੌਮੀ ਲਹਿਰਾਂ ਦਾ ਉਦੇਸ਼ ਸਾਮਰਾਜ ਤੋਂ ਮੁਕਤੀ
[caption id="attachment_618" align="alignright" width="104" caption="ਭਗਵਾਨ ਜੋਸ਼ "]
[/caption]
ਪਰਾਪਤ ਕਰਨ ਲਈ ਉਸ ਨੂੰ ਕਮਜ਼ੋਰ ਕਰਨਾ ਸੀ, ਤਾਂ ਮਜ਼ਦੂਰ ਜਮਾਤ ਦਾ ਉਦੇਸ਼ ਸਾਮਰਾਜ ਦੇ ਆਧਾਰ ਸਰਮਾਏਦਾਰੀ ਨੂੰ ਬਿਲਕੁਲ ਹੀ ਤਬਾਹ ਕਰਨਾ ਸੀ। ਇਸ ਪਰਸੰਗ ਵਿਚ ਚੌਥੀ ਕੌਮਿਨਟਰਨ ਕਾਂਗਰਸ (ਨਵੰਬਰ 1922) ਦੇ ਪੂਰਬ ਦੇ ਸਵਾਲ ਨਾਲ਼ ਸੰਬੰਧੀ ਥੀਸਿਸਾਂ' ਵਿਚ ਪੰਜਾਬ ਵਿਚ ਉਭਰ ਰਹੀ ਅਕਾਲੀ ਲਹਿਰ ਦਾ ਜ਼ਿਕਰ ਵੀ ਲਿਆਂਦਾ ਗਿਆ, ਪਰ ਇਸ ਨੂੰ ਸਾਮਰਾਜ-ਵਿਰੋਧੀ, ਸੁਧਾਰਵਾਦੀ ਪਰੋਗਰਾਮ ਵਾਲੀ ਲਹਿਰ ਸਮਝਣ ਦੀ ਬਜਾਏ, ਫ਼ਿਊਡਲ ਜ਼ਮੀਨ-ਮਾਲਕਾਂ ਵਿਰੁਧ ਲਹਿਰ ਦੇ ਤੌਰ ਉਤੇ ਵੇਖਿਆ ਗਿਆ, ਜੋ ਕਿ ਲਹਿਰ ਦੀ ਸਮਰਥਾ ਨੂੰ ਵਧਾ ਕੇ ਵੇਖਣਾ ਸੀ। ਐਮ.ਐਨ. ਰਾਏ ਤੇ ਉਹਨਾਂ ਦੀ ਪਤਨੀ ਐਵਲਿਨ ਰਾਏ ਵਲੋਂ ਅਕਾਲੀ ਲਹਿਰ ਦੀ ਇਸ ਫ਼ਿਊਡਲ-ਵਿਰੋਧੀ ਤੱਤ ਉਪਰ ਇੰਟਰਨੈਸ਼ਨਲ ਦੇ ਪਰਚੇ 'ਇੰਟਰਨੈਸ਼ਨਲ ਪਰੈੱਸ ਕਾਰਸਪਾਂਡੈਂਸ' ਵਿਚ ਛਪਣ ਵਾਲੀਆਂ ਆਪਣੀਆਂ ਲਿਖਤਾਂ ਵਿਚ ਉਦੋਂ ਤਕ ਖ਼ਾਸ ਜ਼ੋਰ ਦਿਤਾ ਜਾਂਦਾ ਰਿਹਾ, ਜਦੋਂ ਤੱਕ ਇਸ ਲਹਿਰ ਦੇ ਸਮਝੌਤਾਵਾਦੀ ਆਗੂਆਂ ਨੇ ਸਰਕਾਰ ਨਾਲ਼ ਗੱਲਬਾਤ ਕਰਕੇ ਲਹਿਰ ਨੂੰ ਠੱਪ ਨਹੀਂ ਦਿਤਾ।
ਪੰਜਾਬ ਵਿਚ ਖੱਬੇ-ਪੱਖੀ ਲਹਿਰ ਦਾ 1928 ਵਿਚ ਹੀ ਕੁਝ ਕੁ ਮੂੰਹ-ਮੱਥਾ ਬਣਿਆ ਤੇ ਇਸ ਜਤਨ ਵਿਚ ਪਹਿਲਾਂ ਵੱਖ ਵੱਖ ਧਾਰਾਵਾਂ ਨਾਲ਼ ਜੁੜੇ ਲੋਕਾਂ ਵਲੋਂ ਹਿੱਸਾ ਪਾਇਆ ਗਿਆ। ਸਾਮਰਾਜ-ਵਿਰੋਧੀ ਲਹਿਰ ਵਿਚ ਵੱਖ ਵੱਖ ਦ੍ਰਿਸ਼ਟੀਕੋਣਾਂ ਤੋਂ ਭਾਗ ਲੈਣ ਵਾਲੇ ਲੋਕਾਂ ਵਿਚੋਂ ਹੀ ਅਗੇ ਵਧੇਰੇ ਮਿਲੀਟੈਂਟ ਤੇ ਸੂਝਵਾਨ ਕਾਡਰ ਦੇ ਕੁਝ ਕੁ ਭਾਗ ਨੇ ਹੀ ਸਮਾਜਵਾਦੀ ਵਿਚਾਰਾਂ ਵੱਲ ਵਧਣ ਦਾ ਹੰਭਲਾ ਮਾਰਿਆ। ਇਥੇ ਨੁਕਤਾ ਸਪੱਸ਼ਟ ਕਰਨ ਦੀ ਲੋੜ ਹੈ ਕਿ ਸਮਾਜਵਾਦੀ ਵਿਚਾਰਾਂ ਵੱਲ ਵਧਣ ਵਾਲੇ ਲੋਕ ਇਸ ਸਾਮਰਾਜ-ਵਿਰੋਧੀ ਲਹਿਰ ਵਿਚ ਭਾਗ ਲੈਣ ਵਾਲੇ ਲੋਕਾਂ ਵਿਚੋਂ ਹੀ ਨਿਕਲੇ। ਸੋ ਇਹੋ ਜਿਹੇ ਲੋਕ ਤੇ ਕਿੰਨੇ ਕੁ ਲੋਕ ਸਮਾਜਵਾਦੀ ਵਿਚਾਰਾਂ ਵੱਲ ਵਧਣੇ ਸਨ, ਇਸ ਗੱਲ ਉਪਰ ਕਾਫ਼ੀ ਹੱਦ ਤੱਕ ਨਿਰਭਰ ਕਰਦਾ ਸੀ ਕਿ ਕਿਸੇ ਜਗ੍ਹਾ ਕੌਮੀ ਲਹਿਰ ਦਾ ਉਭਾਰ ਕਿੰਨਾ ਕੁ ਡੂੰਘਾ ਤੇ ਮਿਲੀਟੈਂਟ ਹੈ ਤੇ ਇਹ ਉਭਾਰ ਕਿਹੜੇ ਸਮਾਜੀ ਗਰੁੱਪਾਂ ਵਿਚ ਫੈਲਿਆ ਹੋਇਆ ਹੈ। ਸੋ ਪੰਜਾਬ ਵਿਚ ਸਮਾਜਵਾਦੀ ਵਿਚਾਰਾਂ ਦੀ ਸੀਮਤ ਦਾਇਰੇ ਦੀ ਲਹਿਰ ਅਟੁੱਟ ਤੌਰ ਉਤੇ ਇਥੋਂ ਦੇ ਸਾਮਰਾਜ-ਵਿਰੋਧੀ ਕੌਮੀ ਉਭਾਰ ਦੀ ਲਹਿਰ ਦੇ ਸੀਮਤ ਦਾਇਰੇ ਨਾਲ਼ ਜੁੜੀ ਹੋਈ ਸੀ। ਇਸ ਤੱਥ ਉਪਰ ਜ਼ਰਾ ਵਧੇਰੇ ਜ਼ੋਰ ਦੇਣ ਦੀ ਲੋੜ ਹੈ ਕਿ ਸਮਾਜਵਾਦੀ ਝੁਕਾਅ ਵੱਲ ਵਧਣ ਵਾਲੇ ਲੋਕ ਪਹਿਲਾਂ ਵਧੇਰੇ ਕਰਕੇ ਕੌਮੀ ਆਜ਼ਾਦੀ ਦੇ ਝੁਕਾਅ ਵਾਲੀ ਲਹਿਰ ਵਿਚੋਂ ਦੀ ਗੁਜ਼ਰ ਕੇ ਹੀ ਲੰਘ ਸਕਦੇ ਸਨ। ਇੰਜ ਬਸਤੀਵਾਦੀ ਹਾਲਤਾਂ ਹੇਠ ਕੌਮਵਾਦੀ ਵਿਚਾਰਧਾਰਾਂ ਤੇ ਸਮਾਜਵਾਦੀ ਵਿਚਾਰਧਾਰਾ ਵਿਚ ਕੋਈ ਆਪਾ-ਵਿਰੋਧ ਨਹੀਂ ਸੀ, ਸਗੋਂ ਪਛੜੀ ਚੇਤਨਤਾ ਵਾਲੇ ਸਮਾਜੀ ਗਰੁੱਪਾਂ ਲਈ ਸਮਾਜਵਾਦੀ ਚੇਤਨਤਾ ਵੱਲ ਵਧਣ ਦੇ ਰਾਹ ਵਿਚ ਕੌਮਵਾਦੀ ਵਿਚਾਰਧਾਰਾ ਇਕ ਕਿਸਮ ਦਾ ਅੰਤਰਕਾਲੀ ਸਿਧਾਂਤ ਸੀ, ਜਿਸ ਵਿਚ ਖਿੱਚੇ ਜਾਣ ਤੋਂ ਬਾਅਦ ਹੀ ਉਹਨਾਂ ਨੂੰ ਇਸ ਦੀਆਂ ਸੀਮਾਵਾਂ ਤੇ ਇਸ ਦੇ ਅੰਦਰ ਰਹਿਣ ਕਾਰਨ ਬੁਰਜੁਆਜ਼ੀ ਵਲੋਂ ਆਪਣੇ ਤੰਗ ਹਿੱਤਾਂ ਲਈ ਇਸ ਦੇ ਵਰਤੇ ਜਾਣ ਦਾ ਅਹਿਸਾਸ ਹੁੰਦਾ ਸੀ, ਤੇ ਇੰਜ ਉਹਨਾਂ ਨੂੰ ਵਿਚਾਰਧਾਰਕ ਤੌਰ ਉਤੇ ਸਮਾਜਵਾਦੀ ਖ਼ਿਆਲਾਂ ਵੱਲ ਪੁਲਾਂਘ ਪੁਟਣ ਵਿਚ ਮਦਦ ਕਰਦਾ ਸੀ। 1928 ਤੋਂ 1934 ਤਕ ਭਾਰਤੀ ਕਮਿਊਨਿਸਟ ਪਾਰਟੀ (ਜੋ ਕੁਝ ਕੁਝ ਗਰੁੱਪਾਂ ਦੇ ਰੂਪ ਵਿਚ ਸੀ) ਨੇ ਸਟਾਲਿਨ ਦੇ ਪਰਭਾਵ ਹੇਠ ਤੀਜੀ ਇੰਟਰਨੈਸ਼ਨਲ ਦੇ ਇਸ ਸਿਧਾਂਤ ਨੂੰ ਆਪਣੀਆਂ ਪਾਲਸੀਆਂ ਦਾ ਆਧਾਰ ਬਣਾਇਆ ਕਿ ਕੌਮਵਾਦ ਤੇ ਸਮਾਜਵਾਦ ਇਕ ਦੂਸਰੇ ਦੀਆਂ ਵਿਰੋਧੀ ਵਿਚਾਰਧਾਰਾਵਾਂ ਹਨ। ਕੌਮਵਾਦ ਬੁਰਜੁਆਜ਼ੀ ਦੀ ਵਿਚਾਰਧਾਰਾ ਹੈ ਤੇ ਮਜ਼ਦੂਰਾਂ ਦੀ ਪਾਰਟੀ ਦੀ ਵਿਚਾਰਧਾਰਾ ਤਾਂ ਇਸ ਪੈਟੀ ਬੁਰਜੁਆ ਵਿਚਾਰਧਾਰਾ (ਕੌਮਵਾਦ) ਦੇ ਖਿਲਾਫ਼ ਲਗਾਤਾਰ ਜਦੋ-ਜਹਿਦ ਕਰਕੇ ਹੀ ਨਿਖਰਦੀ ਹੈ। ਪਰ ਕਿਨ੍ਹਾਂ ਹਾਲਤਾਂ ਹੇਠ? ਇਸ ਪਰਸੰਗ ਨੂੰ ਮੂਲੋਂ ਹੌ ਅੱਖੋਂ ਪਰੋਖੇ ਕਰ ਦਿੱਤਾ ਗਿਆ।
1927 ਵਿਚ ਟ੍ਰਾਟਸਕੀ ਨੂੰ ਰੂਸ 'ਚੋਂ ਬਾਹਰ ਕੱਢਣ ਤੋਂ ਪਿੱਛੋਂ ਹੁਣ ਤੀਜੀ ਇੰਟਰ-ਨੈਸ਼ਨਲ ਅੱਤ-ਖੱਬੇ ਝੁਕਾਅ ਵੱਲ ਮੋੜ ਕੱਟ ਰਹੀ ਸੀ ਤੇ ਇਸ ਦਾ ਪਰਭਾਵ ਲਾਜ਼ਮੀ ਹੀ ਉਸ ਪਿਛੇ ਲਗਣ ਵਾਲੀਆਂ ਕਮਿਊਨਿਸਟ ਪਾਰਟੀਆਂ ਉਪਰ ਪਿਆ। ਇਸ ਸਿਧਾਂਤ ਦਾ ਆਧਾਰ ਇਹ ਫਾਰਮੂਲੇਸਨ ਹੈ: ਕੌਮਵਾਦ ਕੇਵਲ ਬੁਰਜੁਆਜ਼ੀ ਦੀ ਵਿਚਾਰਧਾਰਾ ਹੈ। ਮਜ਼ਦੂਰ ਜਮਾਤ ਲਈ ਇਹ ਇਕ ਕਿਸਮ ਦੀ 'ਬੀਮਾਰੀ' ਹੈ, ਜੋ ਮਜ਼ਦੂਰ ਜਮਾਤ ਨੂੰ ਬਾਹਰੋਂ ਲਗਦੀ ਹੈ ਤੇ ਇੰਜ ਇਸ 'ਬੀਮਾਰੀ' ਦਾ ਸ਼ਿਕਾਰ ਹੋ-ਜਾਣ ਤੋਂ ਬਾਅਦ ਕੁਦਰਤੀ ਹੀ ਮਜ਼ਦੂਰ ਜਮਾਤ ਬੁਰਜੁਆਜ਼ੀ ਦੀ ਜਕੜ ਵਿਚ ਫਸ ਜਾਂਦੀ ਹੈ। ਇਸ ਨਵੇਂ ਮੋੜ (1928-34) ਉਤੇ ਇਸ ਗੱਲ ਉਪਰ ਜ਼ੋਰ ਦਿਤਾ ਗਿਆ ਕਿ ਜੇ ਮਜ਼ਦੂਰ ਜਮਾਤ ਨੇ ਆਪਣੇ ਆਪ ਨੂੰ ਇਕ ਆਜ਼ਾਦ ਜਥੇਬੰਦ ਜਮਾਤ ਦੇ ਤੌਰ ਉਤੇ ਖੜ੍ਹਾ ਕਰਨਾ ਹੈ ਤਾਂ ਪਾਰਟੀ ਨੂੰ ਜ਼ਰੂਰ ਹੀ ਪਹਿਲਾਂ ਇਸ ਦੀ ਵਿਚਾਰਧਾਰਕ ਸਫ਼ਾਈ ਲਈ ਕੌਮਵਾਦ ਦੇ ਵਿਰੁਧ ਲੜਨਾ ਹੋਵੇਗਾ। {ਇਥੇ ਅਸੀਂ ਇਸ ਗੱਲ ਵੱਲ ਵੀ ਇਸ਼ਾਰਾ ਕਰ ਦੇਣਾ ਚਾਹੁੰਦੇ ਹਾਂ ਕਿ ਮਾਰਕਸਵਾਦੀਆਂ ਪਾਸ ਕੌਮਵਾਦ ਨਾਲ਼ ਸੰਬੰਧਿਤ ਅਜੇ ਕੋਈ ਠੋਸ ਸਿਧਾਂਤ ਨਹੀਂ ਹੈ। ਇਸ ਸੰਬੰਧ ਵਿਚ ਉਹ ਇਸ ਸਵਾਲ ਵੱਲ ਵੀ ਰੁਚਿਤ ਰਹੇ ਹਨ ਕਿ ਕੌਮਵਾਦ ਵੱਲ ਕਿਹੜਾ ਰੁਖ ਅਖ਼ਤਿਆਰ ਕੀਤਾ ਜਾਵੇ ਤੇ ਕਿਉਂ ਕੀਤਾ ਜਾਵੇ। ਪਰ ਕੌਮਵਾਦ ਆਪਣੇ ਆਪ ਵਿਚ ਹੈ ਕੀ? ਇਸ ਸਵਾਲ ਦਾ ਉਹਨਾਂ ਪਾਸ ਇਸ ਮੋਟੀ ਧਾਰਨਾ ਕਿ 'ਕੌਮਵਾਦ ਬੁਰਜੁਆ ਵਿਚਾਰਧਾਰਾ ਹੈ' ਦੇ ਸਿਵਾ ਹੋਰ ਕੋਈ ਉੱਤਰ ਨਹੀਂ। ਇਸ ਮੋਟੀ ਫ਼ਾਰਮੂਲੇਸ਼ਨ ਨੂੰ ਵੱਖ ਵੱਖ ਇਤਿਹਾਸਕ ਪਰਸੰਗਾਂ ਵਿਚ ਕਿਵੇਂ ਸਮਝਿਆ ਜਾਵੇ? ਅਸੀਂ ਉਪਰ ਭਾਰਤੀ ਕਮਿਊਨਸਿਟਾਂ ਵਲੋਂ ਕੋਮਿਨਟਰਨ ਪਿਛੇ ਲਗ ਕੇ ਇਸ ਦੀ ਇਕ ਪਰਕਾਰ ਦੀ ਸਮਝ ਅਪਣਾ ਲੈਣ ਦਾ ਜ਼ਿਕਰ ਕੀਤਾ ਹੈ। ਪਰ ਇਸ ਲਈ ਉਹਨਾਂ ਨੂੰ ਕੌਮੀ ਲਹਿਰ ਤੋਂ ਨਿਖੜ ਬਹਿਣ ਦਾ ਸਿੱਟਾ (1928-34) ਭੁਗਤਣਾ ਪਿਆ। ਇਸ ਧਾਰਨਾ ਦੀ ਇਕ ਵਖਰੀ ਸਮਝ ਮਾਓ ਵਲੋਂ ਚੀਨੀ ਹਾਲਤਾਂ ਵਿਚ ਲਾਗੂ ਕੀਤੀ ਗਈ। ਇਸ ਦੌਰਾਨ ਇਸ ਗੱਲਤ ਸਮਝ ਹੇਠ ਕੋਮਿਨਟਰਨ ਵਲੋਂ ਆਮ ਕਰਕੇ ਅਤੇ ਭਾਰਤੀ ਕਮਿਊਨਿਸਟਾਂ ਵਲੋਂ ਖ਼ਾਸ ਕਰਕੇ ਜੋ ਜ਼ਹਿਰ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਖਿਲਾਫ਼ ਉਗਲਿਆ ਗਿਆ, ਉਸ ਦਾ ਵੇਰਵਾ ਦੇਣ ਦੀ ਸਾਡੇ ਪਾਸ ਇਥੇ ਥਾਂ ਨਹੀਂ। ਉਹਨਾਂ ਪਾਠਕਾਂ ਨੂੰ ਵੀ ਅਸੀਂ ਇਹੀ ਕਹਾਂਗੇ ਜਿਹੜੇ ਇਥੇ ਇਹ ਸਵਾਲ ਉਠਾਉਣਾ ਚਾਹੁਣਗੇ: ਜੇ ਕਮਿਊਨਿਸਟਾਂ ਦਾ 1934-35 ਵਿਚ ਕਾਂਗਰਸ ਸੋਸ਼ਲਿਸਟ ਪਾਰਟੀ ਵੱਲ ਇਹੀ ਰਵੱਈਆ ਸੀ ਤਾਂ 1936 ਵਿਚ ਉਹ ਸਿਧਾਤਕ ਕਾਂਟਾ ਬਦਲ ਕੇ ਇਸ ਪਾਰਟੀ ਵਿਚ ਕਿਵੇਂ ਦਾਖਲ ਹੋਏ? ਦੂਸਰਾ ਸਵਾਲ: ਜੇਕਰ ਕਾਂਗਰਸ ਸੋਸ਼ਲਿਸਟ ਪਾਰਟੀ ਦਾ ਬਣਨਾ ਭਾਰਤੀ ਬੁਰਜੁਆਜ਼ੀ ਦੀ 'ਆਖ਼ਰੀ ਚਾਲ' ਸੀ ਤਾਂ ਕੇਰਲਾ ਦੀ ਸਾਰੀ ਦੀ ਸਾਰੀ ਕਾਂਗਰਸ ਸੋਸ਼ਲਿਸਟ ਪਾਰਟੀ ਜੋ ਕਿ ਪਹਿਲਾ ਮਿਲੀਟੈਂਟ ਨੈਸ਼ਨਲਿਸਟ ਪਾਰਟੀ ਸੀ ਕਿਵੇ 1939 ਵਿਚ ਕਮਿਊਨਿਸਟ ਪਾਰਟੀ ਵਿੱਚ ਵੱਟ ਗਈ-ਹੋਰ ਵੇਰਵਾ ਲਈ ਵੇਖੋ; ਕੇ ਦਾਮਮੋਦਰਨ: ਇਕ ਭਾਰਤੀ ਕਮਿਊਨਿਸਟ ਦੀਆਂ ਯਾਦਾਂ। }
ਮੇਰਠ ਸਾਜਿਸ਼ (1932) ਕੇਸ ਵੇਲੇ ਪੰਜਾਬ ਵਿਚ ਖੱਬੇ-ਪੱਖੀ ਝੁਕਾਅ ਦੇ ਲੋਕ ਇਨ੍ਹਾਂ ਚਾਰ ਮੁਖ ਝੁਕਾਵਾਂ ਵਿਚੋਂ ਨਿਖਰ ਕੇ ਸਾਹਮਣੇ ਆਏ: ਮਹਾਜੀਰ, ਕੌਮਵਾਦੀ ਨੌਜਵਾਨ, ਮਿਲੀਟੈਂਟ ਅਕਾਲੀ, ਗ਼ਦਰ ਪਾਰਟੀ ਦੇ ਮੈਂਬਰ ਤੇ ਹਮਦਰਦ। ਇਸ ਸਮੇਂ (1926-28) ਇਹਨਾਂ ਕਾਰਕੁਨਾਂ ਦੀ ਗਿਣਤੀ ਦਾ ਅੰਦਾਜ਼ਾ ਲਾਉਣਾ ਮੁਸ਼ਕਲ ਹੈ, ਪਰ ਤਾਂ ਵੀ ਇਹਨਾਂ ਵਿਚ ਵਧੇਰੇ ਸਰਗਰਮ ਕਾਰਕੁਨ 15-20 ਤੋਂ ਵੱਧ ਨਹੀਂ ਸਨ। 1922 ਵਿਚ ਐਮ. ਐਨ. ਰਾਏ ਦੇ ਪਰਭਾਵ ਹੇਠ ਲਾਹੌਰ ਵਿਚ ਇਨਕਲਾਬ ਅਖ਼ਬਾਰ ਦੇ ਦੁਆਲੇ ਇਕ ਗਰੁਪ ਪੈਦਾ ਹੋਣਾ ਸ਼ੁਰੂ ਹੋਇਆ। ਇਸ ਗਰੁੱਪ ਦੇ ਮਹੱਤਵਪੂਰਨ ਆਗੂ-ਗ਼ੁਲਾਮ ਹੁਸੈਨ ਤੇ ਟਰੇਡ ਯੂਨੀਅਨ ਲਹਿਰ ਵਿਚ ਸਰਗਰਮ ਆਗੂ ਐਮ. ਏ. ਖਾਨ ਅਤੇ ਐਸ਼ ਡੀ. ਹਸਨ। ਇਸ ਗਰੁੱਪ ਨੇ ਐਮ. ਐਨ. ਰਾਏ ਦੀਆਂ ਕੁਝ ਕੁ ਲਿਖਤਾਂ ਨੂੰ ਉਰਦੂ ਵਿਚ ਅਨੁਵਾਦ ਕਰਕੇ ਇਨਕਲਾਬ ਵਿਚ ਛਾਪਿਆ। ਪਰ ਕਾਨਪੁਰ ਸਾਜ਼ਿਸ਼ ਕੇਸ ਵਿਚ ਇਸ ਦੇ ਸੰਪਾਦਕ ਨੂੰ ਧਰ ਲੈਣ ਮਗਰੋਂ, ਇਹ ਗਰੁਪ ਕੋਈ ਖ਼ਾਸ ਪਰਭਾਵ ਪਾਉਣ ਤੋਂ ਪਹਿਲਾਂ ਹੀ ਖਿੰਡ ਗਿਆ।
ਫ਼ਰਵਰੀ 1915 ਵਿਚ ਮੌਲਵੀ ਅਬੀਬਉੱਲਾ ਸਿੰਧੀ ਦੇ ਪਰਭਾਵ ਹੇਠ ਮੈਡੀਕਲ ਕਾਲਜ ਲਾਹੌਰ ਦੇ ਪੰਦਰਾਂ ਮੁਸਲਮਾਨ ਵਿਦਿਆਰਥੀਆਂ ਦਾ ਇਕ ਗਰੁਪ ਕਾਬਲ ਗਿਆ, ਜਿਥੋਂ ਉਹ ਅੰਗਰੇਜ਼ਾਂ ਤੋਂ ਮੁਕਤੀ ਪਰਾਪਤ ਕਰਨ ਲਈ ਜਹਾਦ ਛੇੜਨਾ ਚਾਹੁੰਦੇ ਸਨ। ਇਹਨਾਂ ਕੁਝ ਕੁ ਮੁਹਾਜੀਰਾਂ ਦੀ ਮਦਦ ਨਾਲ਼ ਹੀ ਰਾਜਾ ਮਹਿੰਦਰ ਪ੍ਰਤਾਪ ਨੇ 1915 ਵਿਚ ਕਾਬਲ ਵਿਚ 'ਭਾਰਤ ਦੀ ਆਰਜ਼ੀ ਸਰਕਾਰ' ਕਾਇਮ ਕੀਤੀ। 1921 ਵਿਚ ਰੂਸ ਜਾਣ ਤੋਂ ਪਹਿਲਾਂ ਮੁਹੰਮਦ ਅਲੀ ਉਰਫ਼ ਸਪਾਸੀ ਤੇ ਰਹਿਮਤ ਅਲੀ ਜ਼ਕਾਰੀਆ ਇਸ 'ਆਰਜ਼ੀ ਸਰਕਾਰ' ਨਾਲ਼ ਸੰਬੰਧਿਤ ਸਨ। ਪਿਛੋਂ ਕਾਬਲ ਵਿਚ ਐਮ. ਐਨ. ਰਾਏ ਦੇ ਸਥਾਪਤ ਕੀਤੇ ਵਿਚਾਰਧਾਰਕ ਕੇਂਦਰ ਦਾ ਮੁੱਖ ਕਰਤਾ-ਧਰਤਾ ਵੀ ਸਪਾਸੀ ਸੀ। ਇਸ ਕੇਂਦਰ ਦਾ ਸਬੰਧ ਅਕਾਲੀ ਤੇ ਗ਼ਦਰ ਲਹਿਰ ਨਾਲ਼ ਵੀ ਸੀ। ਇਸ ਕੇਂਦਰ ਦੇ ਪਰਭਾਵ ਹੇਠ ਹੀ ਮਾਸਟਰ ਮੋਤਾ ਸਿੰਘ ਨੇ ਅਕਾਲੀ ਲਹਿਰ ਅੰਦਰ ਖੱਬਾ ਝੁਕਾਅ ਕਾਇਮ ਕੀਤਾ। ਮੁਹਾਜੀਰਾਂ ਦੇ ਇਕ ਗਰੁਪ ਵਿਚ, ਜੋ ਨਵੰਬਰ 1920 ਵਿਚ ਰੂਸ ਪੁੱਜਾ, ਸ਼ੌਕਤ ਉਸਮਾਨੀ, ਰਫ਼ੀਕ ਅਹਿਮਦ, ਅਬਦੁਲ ਮਜੀਦ, ਫ਼ਜ਼ਲ ਇਲਾਹੀ ਕੁਰਬਾਨ ਤੇ ਫ਼ੀਰੋਜ਼ਦੀਨ ਮਨਸੂਰ ਸ਼ਾਮਿਲ ਸਨ। ਇਹਨਾਂ ਵਿਚੋਂ ਮੁਜੀਦ, ਮਨਸੂਰ ਤੇ ਕੁਰਬਾਨ ਨੇ ਪਿਛੋਂ ਸੋਹਨ ਸਿੰਘ ਜੋਸ਼ ਨਾਲ਼ ਮਿਲ ਕੇ ਪੰਜਾਬ ਕਮਿਊਨਿਸਟ ਪਾਰਟੀ ਦਾ ਯੂਨਿਟ ਕਾਇਮ ਕੀਤਾ। ਕਈ ਵਾਰ ਇਸ ਨੂੰ 'ਜੋਸ਼ ਗਰੁਪ' ਵੀ ਕਿਹਾ ਜਾਂਦਾ ਰਿਹਾ। ਮੇਰਠ ਸਾਜ਼ਿਸ਼ ਕੇਸ ਵਿਚ ਪੰਜਾਬ ਵਿਚੋਂ ਸੋਹਨ ਸਿੰਘ ਜੋਸ਼, ਅਬਦੁਲ ਮਜੀਦ ਅਤੇ ਕੇਦਾਰ ਨਾਥ ਸਹਿਗਲ ਉਤੇ ਮੁਕਦਮਾ ਚਲਾਇਆ ਗਿਆ ਸੀ। ਜੱਜ ਅਗੇ ਦਿਤੇ ਹੌਸਲੇ ਤੇ ਦ੍ਰਿੜ੍ਹਤਾ ਵਾਲੇ ਬਿਆਨਾਂ ਨੇ ਸੋਹਨ ਸਿੰਘ ਜੋਸ਼ ਨੂੰ ਪੰਜਾਬ ਦੇ ਕਮਿਊਨਿਸਟਾਂ ਵਿਚੋਂ ਸਿਰਕੱਢ ਕਮਿਊਨਿਸਟ ਦੇ ਤੌਰ ਉਤੇ ਉਭਾਰਿਆ।
ਤੀਜੀ ਇੰਨਟਰਨੈਸ਼ਨਲ ਤੇ ਕਿਰਤੀ ਗਰੁਪ: ਇਥੇ ਅਸੀਂ ਗ਼ਦਰ ਲਹਿਰ ਦੇ ਪਹਿਲੇ ਦੌਰ ਬਾਰੇ ਕੁਝ ਨਹੀਂ ਕਹਾਂਗੇ ਤੇ ਇਸ ਬਾਰੇ ਪਾਠਕਾਂ ਨੂੰ ਸੋਹਨ ਸਿੰਘ ਜੋਸ਼ ਦੀ ਪੁਸਤਕ 'ਹਿੰਦੁਸਤਾਨ ਗ਼ਦਰ ਪਾਰਟੀ: ਸੰਖੇਪ ਇਤਿਹਾਸ' ਪੜ੍ਹਨ ਦੀ ਸਿਫ਼ਾਰਸ਼ ਕਰਾਂਗੇ। ਤੀਜੀ ਇੰਟਰਨੈਸ਼ਨਲ ਦੇ ਸੁਝਾਅ ਉਪਰ ਯੂਰਪ ਵਿਚਲੇ ਭਾਰਤੀ ਇਨਕਲਾਬੀਆਂ ਨੇ ਮਈ 1921 ਵਿਚ ਭਾਰਤ ਦੀ ਆਜ਼ਾਦੀ ਲਈ ਬਦੇਸ਼ਾਂ ਵਿਚ ਜੂਝ ਰਹੀਆਂ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਮੀਟਿਗ ਸੱਦਣ ਦੀ ਤਜਵੀਜ਼ ਬਣਾਈ ਜਿਸ ਵਿਚ ਗ਼ਦਰ ਪਾਰਟੀ ਨੂੰ ਵੀ ਸ਼ਾਮਿਲ ਹੋਣ ਦਾ ਸੱਦਾ ਦਿਤਾ ਗਿਆ। ਗ਼ਦਰ ਪਾਰਟੀ ਕਾਰਕੁਨ ਇਸ ਵੇਲੇ ਅਮਰੀਕਾ ਵਿਚ ਬਣੀ ਮਿਲੀਟੈਂਟ ਮਜ਼ਦੂਰ ਜਥੇਬੰਦੀ ਦੇ ਪਰਭਾਵ ਹੇਠ ਆ ਰਹੇ ਸਨ। ਗ਼ਦਰ ਲਹਿਰ ਫੇਲ੍ਹ ਹੋਣ ਪਿਛੋਂ, ਸਾਨਫ਼ਰਾਂਸਿਸਕੋ ਕੇਸ ਵਿਚ ਭਾਈ ਸੰਤੋਖ ਸਿੰਘ ਨੂੰ 21 ਮਹੀਨਿਆਂ ਦੀ ਸਜ਼ਾ ਹੋਈ। ਇਸ ਵੇਲੇ ਜੇਲ ਵਿਚ ਉਹ ਮਾਰਕਸਵਾਦੀ ਵਿਚਾਰਾਂ ਦੇ ਪਰਭਾਵ ਹੇਠ ਆਏ ਤੇ ਉਹਨਾਂ ਰੂਸੀ ਇਨਕਲਾਬ ਬਾਰੇ ਜਾਣਕਾਰੀ ਪਰਾਪਤ ਕੀਤੀ। ਕਿਰਤੀ ਦੇ ਜੂਨ 1927 ਦੇ ਪਰਚੇ ਵਿਚ ਕਿਹਾ ਗਿਆ ਹੈ ਕਿ ਜੇਲ ਵਿਚ ਭਾਈ ਸੰਤੋਖ ਸਿੰਘ ਨੇ ਮਜ਼ਦੂਰ ਜਮਾਤ ਦੀ ਲਹਿਰ ਨਾਲ਼ ਸੰਬੰਧਿਤ ਪੁਸਤਕਾਂ ਪੜ੍ਹੀਆਂ। ਇੱਕ ਹਮਕੈਦੀ ਅਮਰੀਕੀ ਕਮਿਊਨਿਸਟ ਦੀ ਮੱਦਦ ਨਾਲ਼ ਉਸ ਨੇ ਮਾਰਕਸ ਦੀ ਪੁਸਤਕ ਕੈਪੀਟਲ ਵੀ ਪੜ੍ਹੀ। (ਭਾਈ ਸਾਹਿਬ ਬਾਰੇ ਹੋਰ ਵਿਸਤਾਰ ਲਈ ਵੇਖੋ: ਸੋਹਨ ਸਿੰਘ ਜੋਸ਼ ਦਾ ਲਿਖਿਆ ਪੈਂਫਲਟ: ਭਾਈ ਸੰਤੋਖ ਸਿੰਘ-ਜੀਵਨ ਤੇ ਕੰਮ) 1922 ਦੇ ਅੰਤ ਵਿਚ ਜਾਂ 1923 ਦੇ ਸ਼ੁਰੂ ਵਿਚ ਭਾਈ ਸੰਤੋਖ ਸਿੰਘ ਤੇ ਭਾਈ ਰਤਨ ਸਿੰਘ ਰੂਸ ਪਹੁੰਚੇ ਹੋਏ ਸਨ। ਰੂਸ ਵਿਚ ਉਹ ਤੀਜੀ ਇੰਟਰਨੈਸ਼ਨਲ ਦੀ ਚੌਥੀ ਕਾਂਗਰਸ ਵਿਚ ਸ਼ਾਮਲ ਹੋਏ। ਉਹਨਾਂ ਨੇ ਤੀਜੀ ਇੰਟਰਨੈਸ਼ਨਲ ਦੇ ਪਰਧਾਨ ਜ਼ੀਨੋਵੀਵ ਨਾਲ਼ ਮੁਲਾਕਾਤ ਕੀਤੀ। ਜਦ ਭਾਈ ਸੰਤੋਖ ਸਿੰਘ ਭਾਰਤ ਦੀ ਸਰਹੱਦ ਅੰਦਰ ਦਾਖ਼ਲ ਹੋ ਰਹੇ ਸਨ, ਤਾਂ ਸਤੰਬਰ 1923 ਵਿਚ ਉਹਨਾਂ ਨੂੰ ਗਿਰਫਤਾਰ ਕਰ ਲਿਆ ਗਿਆ। ਉਹਨਾਂ ਨੇ ਭਾਗ ਸਿੰਘ ਕੈਨੇਡੀਅਨ ਤੇ ਕਰਮ ਸਿੰਘ ਚੀਮਾ ਦੀ ਮਦਦ ਨਾਲ਼ 1926 ਵਿਚ ਕਿਰਤੀ ਰਸਾਲੇ ਦੀ ਨੀਂਹ ਰਖੀ। ਕਿਰਤੀ ਦਾ ਪਹਿਲਾ ਅੰਕ, ਫ਼ਰਵਰੀ 1926 ਵਿਚ ਨਿਕਲਿਆ। ਕਿਰਤੀ ਦੇ ਪਹਿਲੇ ਅੰਕ ਦੇ ਸਟਾਇਲ ਉਪਰ ਇਹ ਲਿਖਿਆ ਹੋਇਆ ਸੀ:
ਆਪਣੇ ਹੱਥੀਂ ਆਪਣਾ ਆਪੇ ਹੀ ਕਾਜ ਸਵਾਰੀਏ
ਰਾਗ ਵਡਹੰਸ ਮਹਲਾ 5ਘਰ4
ਗੁਰ ਮਿਲ ਲਾਧਾ ਜੀ ਰਾਮੁ ਪਿਆਰ-ਮੇਰੇ ਲਾਥੇ ਸਗਲ ਵਸੂਰੇ।
ਕਿਰਤੀ ਨੇ ਇਸ ਮਹਾਨ ਵਾਕ ਦੀ ਆਗਿਆ ਅਨੁਸਾਰ ਸੇਵਾ ਅਰੰਭ ਕੀਤੀ ਹੈ।
ਮਾਰਚ ਦੇ ਪਰਚੇ ਤੋਂ ਲੈ ਕੇ ਸਤੰਬਰ ਦੇ ਪਰਚੇ ਤਕ ਭਾਈ ਸੰਤੋਖ ਸਿੰਘ ਨੇ ਇਹ ਦਿਲਚਦਪ ਲੇਖ ਕਿਰਤੀ ਵਿਚ ਲਿਖਿਆ: ਸਾਡਾ ਵੱਡਾ ਕਾਮਾ। ਇਸ ਲੇਖ ਵਿਚ ਉਹਨਾਂ ਸਵਾਲ ਉਠਾਇਆ ਕਿ ਗ਼ਰੀਬ ਕਿਸਾਨਾਂ ਦੇ ਦੁੱਖਾਂ ਦਾ ਅੰਤ ਕਿਵੇਂ ਹੋ ਸਕਦਾ ਹੈ? ਇਸ ਵਿਚ ਉਹਨਾਂ ਨੇ ਸੰਸਾਰ ਵਿਚ ਪ੍ਰਚੱਲਤ ਵੱਖ ਵੱਖ ਦੇਸਾਂ ਦੇ ਜ਼ਮੀਨੀ ਬੰਦੋਬਸਤਾਂ ਦੀ ਚਰਚਾ ਕੀਤੀ। ਆਖ਼ਰ ਉਹ ਇਸ ਨਤੀਜੇ ਉਪਰ ਪੁਜਦੇ ਹਨ ਕਿ ਜਦ ਤਕ ਕਿਸਾਨ ਆਪਣੇ ਆਪਣੇ ਛੋਟੇ ਖੇਤਾਂ ਵਿਚ ਅੱਡਰੀ ਵਾਹੀ ਕਰਦੇ ਰਹਿਣਗੇ, ਉਹ ਦੁਖਾਂ ਤੋਂ ਛੁਟਕਾਰਾ ਨਹੀਂ ਪਾ ਸਕਦੇ। ਉਹਨਾਂ ਲਿਖਿਆਂ: "ਵਰਤਮਾਨ ਸਮੇਂ ਵਿਚ ਇਕੱਠੇ ਆਦਮੀ ਦੀ ਤਾਕਤ ਨਾਲ਼ ਵਿਹਾਰ ਚਲਾਉਣ ਦੇ ਵਤੀਰੇ ਉਪਰ ਜ਼ੋਰ ਦੇਣਾ, ਅਰਥਾਤ ਇਸ ਗੱਲ ਉਪਰ ਜ਼ੋਰ ਦੇਣਾ ਕਿ ਵਿਹਾਰ ਦਾ ਉਪਰਾਲਾ ਦੂਰ ਦੂਰ, ਅਲਗ ਅਲਗ ਰਹਿ ਕੇ ਕੀਤਾ ਜਾਵੇ, ਕਿਸਾਨਾਂ ਦੇ ਕਾਜ਼ ਨਾਲ਼ ਪਾਪ ਕਮਾਉਣ ਵਾਲੀ ਗੱਲ ਹੈ। ਹੋਰ ਮਿਹਨਤਕਾਰੀਆਂ ਨੂੰ ਚਲਾਉਣ ਵਾਲੀਆਂ ਵੱਡੀਆਂ ਵੱਡੀਆਂ ਕੰਪਨੀਆਂ ਹੁੰਦੀਆਂ ਹਨ। ਖੇਤੀ ਦੀ ਮਿਹਨਤਕਾਰੀ ਵਿਚ ਵਤੀਰਾ ਇਹ ਚਲਿਆ ਹੋਇਆ ਹੈ ਕਿ ਹਰ ਕਿਸਾਨ ਆਪਣੀ 'ਢਾਈ ਪਾਅ ਖਿਚੜੀ' ਅਲਗ ਪਕਾਉਂਦਾ ਹੈ। ਇਸ ਕਰਕੇ ਖੇਤੀ ਦੀ ਸਮੁੱਚੀ ਮਿਹਨਤਕਾਰੀ ਬਾਕੀ ਮਿਹਨਤਕਾਰੀਆਂ ਦੇ ਮੁਕਾਬਲੇ ਵਿਚ ਘਾਟਾ ਉਠਾ ਰਹੀ ਹੈ। ਕਿਰਸਾਨ ਇਸ ਘਾਟੇ ਤੋਂ ਤਾਂ ਹੀ ਬਚ ਸਕਦੇ ਹਨ ਜੇਕਰ ਇਹ ਵੀ ਵਡੀਆਂ ਕੰਪਨੀਆਂ ਵਿਚ ਜਥੇਬੰਦ ਹੋ ਕੇ ਸਾਂਝੀ ਵਡੀ ਤਾਕਤ ਨਾਲ਼ ਜ਼ਮੀਨ ਨੂੰ ਵਰਤਨ। ਵਡੇ ਪੈਮਾਨੇ ਉਤੇ ਜੋ ਵਿਹਾਰ ਚਲਾਇਆ ਜਾਵੇ ਉਹ ਜ਼ਰੂਰ ਹੀ ਛੋਟੇ ਪੈਮਾਨੇ ਉਤੇ ਚਲ ਰਹੇ ਵਿਹਾਰ ਨਾਲ਼ੋਂ ਜਿੱਤ ਜਾਂਦਾ ਹੈ। ਇਸ ਗੱਲ ਬਾਬਤ ਲੰਮੀ ਉਗਾਹੀ ਦੀ ਲੋੜ ਨਹੀਂ।" ਜੇ ਅਸੀਂ ਮਈ 1926 ਤੋਂ ਅਗਸਤ 1926 ਤੱਕ ਕਿਰਤੀ ਵਿਚਲੀ ਸਾਮੱਗਰੀ ਉਤੇ ਝਾਤ ਮਾਰੀਏ, ਤਾਂ ਪਤਾ ਚਲੇਗਾ ਕਿ ਕਿਰਤੀ ਦਾ ਧਿਆਨ ਵਧੇਰੇ ਕਰਕੇ, ਦੇਸ ਅਤੇ ਬਦੇਸ ਵਿਚ ਚਲ ਰਹੀਆਂ ਮਜ਼ਦੂਰ ਲਹਿਰਾਂ ਬਾਰੇ ਪੰਜਾਬੀਆਂ ਨੂੰ ਗਿਆਨ ਕਰਾਉਣ ਵਲ ਸੀ। ਭਾਈ ਸਾਹਿਬ ਅਨੁਸਾਰ ਇਹ ਮਜ਼ਦੂਰ ਜਮਾਤ ਦੀ ਅਣਹੋਂਦ ਕਾਰਨ ਵਲ ਸੀ ਕਿ ਪੰਜਾਬੀ ਬੁੱਧੀਜੀਵੀ ਕਿਸਾਨ-ਮੁਖੀ ਸਨ। ਸੰਤੋਖ ਸਿੰਘ ਦੇ ਸਾਰੇ ਵਿਚਾਰਾਂ ਨੂੰ ਪੜ੍ਹਨ ਉਪਰੰਤ ਪਤਾ ਲਗਦਾ ਹੈ ਕਿ ਉਹ ਮਜ਼ਦੂਰ ਜਮਾਤ ਦੀ ਲਹਿਰ ਨਾਲ਼ ਸੰਬੰਧਿਤ ਆਰਥਕ ਪੱਖਾਂ ਨੂੰ ਤਾਂ ਸਮਝ ਸਕੇ ਤੇ ਇਸ ਨਤੀਜੇ ਉਤੇ ਪਹੁੰਚੇ ਕਿ ਉਸ ਲਹਿਰ ਦੇ ਆਪਣੇ ਅਸਲੀ ਨੇਤਾ ਹੀ ਉਸ ਦੀ ਅਗਵਾਈ ਕਰ ਸਕਦੇ ਹਨ। ਕਿਸੇ ਦੇਸ ਵਿਚ ਇਨਕਲਾਬੀ ਤਾਕਤਾਂ ਅਗੇ ਇਨਕਲਾਬ ਸੋਚੇ-ਸਮਝੇ ਵਿਗਿਆਨਕ ਪਰੋਗਰਾਮ ਦੇ ਤੌਰ ਉਤੇ ਰੱਖੇ ਜਾਣ ਸਬੰਧੀ ਅੁਹਨਾਂ ਦੀ ਸੋਚ ਅਧੂਰੀ ਸੀ। ਮਜ਼ਦੂਰ ਜਮਾਤ ਦੀ ਕਿਹੋ ਜਿਹੀ ਜਥੇਬੰਦੀ ਹੋਵੇ? ਉਹਦੀ ਕਿਹੋ ਜਿਹੀ ਯੁਧ-ਨੀਤੀ ਤੇ ਦਾਅਪੇਚ ਹੋਣ? ਇਹਨਾਂ ਸਵਾਲਾਂ ਨੂੰ ਅਜੇ ਉਹਨਾਂ ਉਠਾਉਣਾ ਸੀ ਕਿ ਮਈ 1927 ਵਿਚ ਉਹਨਾਂ ਦੀ ਮੌਤ ਹੋ ਗਈ। ਉਹਨਾਂ ਦੀ ਮੌਤ ਬਾਅਦ ਕਿਰਤੀ ਦੁਆਲੇ ਜੁੜੇ ਲੋਕਾਂ ਵਿਚੋਂ ਕੋਈ ਵੀ ਹਸਤੀ ਐਸੀ ਨਹੀਂ ਸੀ ਜੋ ਮਜ਼ਦੂਰ ਲਹਿਰ ਅਤੇ ਮਾਰਕਸਵਾਦ ਬਾਰੇ ਉਹਨਾਂ ਜਿੰਨੀ ਵੀ ਸਮਝ ਰੱਖਣ ਵਾਲੀ ਹੁੰਦੀ। ਕਾ: ਸੋਹਨ ਸਿੰਘ ਜੋਸ਼ ਦੇ ਮੋਢਿਆਂ ਉਪਰ ਕਿਰਤੀ ਦਾ ਐਡੀਟਰ ਬਣਨ ਦੀ ਇਹ ਭਾਰੀ ਜ਼ਿੰਮੇਵਾਰੀ ਉਸ ਵੇਲੇ ਆ ਪਈ ਜਦੋਂ ਮਾਰਕਸਵਾਦ ਬਾਰੇ ਉਹਨਾਂ ਦਾ ਗਿਆਨ ਸਿਰਫ਼ ਐਨਾ ਹੀ ਸੀ: 'ਮਾਰਕਸ ਕਹਿੰਦਾ ਹੈ ਕਿ ਹਰ ਸਵਾਲ ਵਿਚ ਰੋਟੀ ਦਾ ਸਵਾਲ ਹੁੰਦਾ ਹੈ' । ਇਸ ਸਮੇਂ ਸੋਹਨ ਸਿੰਘ ਜੋਸ਼ ਗ਼ਦਰ ਲਹਿਰ ਤੇ ਅਕਾਲੀ ਲਹਿਰ ਦੀ ਮਿਲੀਟੈਂਸੀ ਦੀ ਪਾਣ ਵਾਲੇ ਵਿਚਾਰਾਂ ਤੋਂ ਅਗੇ ਲੰਘ ਕੇ ਸਪਸ਼ਟ ਤੌਰ ਉਤੇ ਇਨਕਲਾਬੀ ਡੈਮੋਕਰੈਟਿਕ ਵਿਚਾਰਾਂ ਨੂੰ ਅਪਣਾਉਣ ਲਈ ਜਤਨਸ਼ੀਲ ਸਨ। ਸਮਾਜਵਾਦੀ ਵਿਚਾਰਧਾਰਾ ਵਲ ਉਹਨਾਂ ਦਾ ਬੌਧਿਕ ਵਿਕਾਸ ਦੇਸ਼ ਦੇ ਬਾਕੀ ਭਾਗਾਂ ਵਿਚ ਕੰਮ ਕਰ ਰਹੇ ਕਮਿਊਨਿਸਟਾਂ ਨਾਲ਼ ਮਿਲਣ ਤੇ ਵਿਚਾਰ-ਵਟਾਂਦਰੇ ਨਾਲ਼ ਹੀ ਸ਼ੁਰੂ ਹੁੰਦਾ ਹੈ।
ਇਕ ਪਾਸੇ ਕਿਰਤੀ ਅਖ਼ਬਾਰ ਦਾ ਨਿਕਲਣਾ ਤੇ ਦੂਸਰੇ ਪਾਸੇ ਗ਼ਦਰ ਪਾਰਟੀ ਦੇ ਪਹਿਲੇ ਜੱਥੇ ਦਾ ਮਾਸਕੋ ਵਲ ਪੜ੍ਹਾਈ ਲਈ ਰਵਾਨਾ ਹੋਣਾ, ਅੰਗਰੇਜ਼ ਪੁਲਸ ਲਈ ਬਹੁਤ ਰੜਕਣ ਵਾਲੀ ਗੱਲ ਸੀ। ਪੁਲਸ ਵਲੋਂ ਕਿਰਤੀ ਨੂੰ ਦਬਾਉਣ ਦੇ ਜਤਨ ਕੀਤੇ ਗਏ, ਪਰ ਪਰਬੰਧਕਾਂ ਦੇ ਹੌਸਲੇ ਕਾਰਨ ਇਹ ਜਤਨ ਨਾਕਾਮ ਰਹੇ।
ਕਿਰਤੀ ਪੂਰਨ ਆਜ਼ਾਦੀ ਤੇ ਸਮਾਜਵਾਦੀ ਵਿਚਾਰਾਂ ਦਾ ਪਰਚਾਰ ਕਰਨ ਵਾਲਾ ਪੰਜਾਬੀ ਦਾ ਪਹਿਲਾ ਪਰਚਾ ਸੀ। ਇਸ ਵਿਚਾਰਧਾਰਕ ਕੇਂਦਰ ਨੂੰ ਖੜ੍ਹਾ ਕਰਨ ਲਈ ਪੰਜਾਬ ਦੇ ਇਨਕਲਾਬੀਆਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਤੀਜੀ ਇੰਟਰਨੈਸ਼ਨਲ ਦੀ ਇਕ ਦਸਤਾਵੇਜ਼ ਵਿਚ ਕਿਰਤੀ ਵਲੋਂ ਕੀਤੇ ਜਾਣ ਵਾਲੇ ਕੰਮ ਦੀ ਸਲਾਘਾ ਕੀਤੀ ਸੀ। ਇਸ ਵਿਚ ਲਿਖਿਆ ਸੀ: "ਖ਼ਾਸ ਤੌਰ ਉਤੇ ਪੰਜਾਬ ਦੇ ਕਿਸਾਨਾਂ ਵਿਚ, ਜਿਨ੍ਹਾਂ ਨੇ 1919-22 ਦੀ ਲਹਿਰ ਵਿਚ ਵਧ ਚੜ੍ਹ ਕੇ ਹਿੱਸਾ ਲਿਆ। ਸਿਆਸੀ ਚੇਤਨਤਾ ਕਾਫ਼ੀ ਅੱਗੇ ਵਧ ਚੁਕੀ ਹੈ। ਪੰਜਾਬ ਕਿਸਾਨਾਂ ਦੀ ਸਿਆਸੀ ਪਾਰਟੀ, ਜਿਸ ਦਾ ਨਾਂ ਗ਼ਦਰ ਪਾਰਟੀ ਹੈ, ਨੇ ਆਪਣਾ ਪਰਭਾਵ ਵਧਾ ਲਿਆ ਹੈ ਤੇ ਵਿਚਾਰਧਾਰਕ ਤੌਰ ਉਤੇ ਇਸ ਨੇ ਮਿਹਨਤਕਸ਼ ਅਵਾਮ ਦੀ ਪਾਰਟੀ ਬਣਨ ਵੱਲ ਵਿਕਾਸ ਕਰਨਾ ਸ਼ੁਰੂ ਕਰ ਦਿਤਾ ਹੈ। ਪੰਜਾਬ ਕਿਸਾਨ ਲਹਿਰ ਦੇ ਰਸਾਲੇ ਵਿਚ ਜਿਹੜਾ ਕੇ ਭਾਰਤ ਵਿਚ ਆਪਣੀ ਹੀ ਪਰਕਾਰ ਦਾ ਰਸਾਲਾ ਹੈ, ਸਾਨੂੰ ਮਜ਼ਦੂਰ ਜਮਾਤ ਦੇ ਅੰਤਰ-ਰਾਸ਼ਟਰਵਾਦ ਵੱਲ ਵਧਣ ਦਾ ਚੇਤੰਨ ਜਤਨ ਵੇਖਣ ਵਿਚ ਮਿਲੇਗਾ। "ਜਿਵੇਂ ਕਿ ਅਸੀਂ ਪਿਛੇ ਦੱਸ ਆਏ ਹਾਂ 1919-22 ਦੀਆਂ ਘਟਨਾਵਾਂ ਵਿਚ ਪੰਜਾਬ ਦੀ ਕਿਸਾਨੀ ਨੇ ਕੋਈ ਖ਼ਾਸ ਦਿਲਚਸਪੀ ਨਹੀਂ ਸੀ ਦਿਖਾਈ; ਗ਼ਦਰ ਪਾਰਟੀ ਉਸ ਵੇਲੇ ਪੰਜਾਬ ਦੇ ਕਿਸਾਨਾਂ ਦੀ ਪਾਰਟੀ ਨਹੀਂ ਸੀ; ਗ਼ਦਰ ਪਾਰਟੀ ਅਮਰੀਕਾ ਵਿਚ ਪੰਜਾਬ ਦੇ ਕਿਸਾਨਾਂ ਦੀ ਪਾਰਟੀ ਹੀ ਸੀ ਤੇ ਪੰਜਾਬ ਵਿਚ ਇਸ ਦਾ ਪਰਭਾਵ ਉਸ ਵੇਲੇ ਮਾਮੂਲੀ ਹੀ ਸੀ। ਤੀਜੀ ਇੰਟਰਨੈਸ਼ਨਲ ਦੇ ਇਸ ਖੱਬੇ ਦੌਰ (1928-34) ਸਮੇਂ ਅਸਲੀਅਤ ਨੂੰ ਬਹੁਤ ਵਧਾ ਚੜ੍ਹਾ ਕੇ ਪੇਸ਼ ਕੀਤਾ ਗਿਆ। ਇਹ ਉਪਰਲੀ ਟੂਕ ਤੋਂ ਵੀ ਸਪੱਸ਼ਟ ਹੈ ਅਤੇ ਤੀਜੀ ਇੰਟਰਨੈਸ਼ਨਲ ਦੀਆਂ ਭਾਰਤ ਸੰਬੰਧੀ ਉਸ ਸਮੇਂ ਦੀਆਂ ਸਾਰੀਆਂ ਦਸਾਤਵੇਜ਼ਾਂ ਵਿਚ ਦੇਖਣ ਨੂੰ ਮਿਲਦਾ ਹੈ। )
ਪਰ ਅਸਲ ਵਿਚ ਵੇਖਿਆ ਜਾਵੇ ਤਾਂ ਇਸ ਵੇਲੇ (1926-28) ਕਿਰਤੀ ਦੇ ਆਲੇ-ਦੁਆਲੇ ਜੁੜੇ ਲੋਕਾਂ ਦੇ ਵਿਚਾਰ ਮਿਲੀਟੈਂਟ ਅਕਾਲੀ ਵਿਚਾਰਧਾਰਾ, ਗ਼ਦਰ ਵਿਚਾਰਧਾਰਾ, ਤੇ ਸਮਾਜਵਾਦ ਦੇ ਮੋਟੇ ਮੋਟੇ ਵਿਚਾਰਾਂ ਦਾ ਮਿਲਭੋਗਾ ਹੀ ਸਨ। ਉਹਨਾਂ ਦੀ ਮਾਨਸਿਕ ਬਣਤਰ ਧਾਰਮਕਤਾ ਅਨੁਸਾਰ ਢਲੀ ਹੋਈ ਸੀ। ਭਾਈ ਸੰਤੋਖ ਸਿੰਘ ਜੇ ਇਕ ਪਾਸੇ ਕੈਪੀਟਲ ਪੜ੍ਹਦੇ ਸਨ, ਤਾਂ ਦੂਸਰੇ ਪਾਸੇ ਗੁਰਬਾਣੀ ਦਾ ਪਾਠ ਵੀ ਕਰਦੇ ਸਨ। ਪਰ ਤਾਂ ਵੀ ਰੂਸੀ ਇਨਕਲਾਬ ਦਾ ਸਮੁੱਚਾ ਪਰਭਾਵ ਬਹੁਤ ਮਹੱਤਵਪੂਰਨ ਸੀ। ਇਸ ਨੇ ਨਵੀਂ ਪਰਕਾਰ ਦੀ ਦੁਨੀਆ ਦਾ ਸੁਪਨਾ ਪੰਜਾਬੀ ਲੋਕਾਂ ਅੱਗੇ ਆਮ ਕਰਕੇ ਤੇ ਨੌਜਵਾਨਾਂ ਅੱਗੇ ਖ਼ਾਸ ਕਰਕੇ ਰਖਿਆ, ਜਿਸ ਨੂੰ ਜਦੋ-ਜਹਿਦ ਰਾਹੀਂ ਸਾਕਾਰ ਕੀਤਾ ਜਾ ਸਕਦਾ ਸੀ। ਇਸ ਪਰਭਾਵ ਦਾ ਸਾਧਾਰਨੀਕਰਨ ਅਸੀਂ ਇੰਜ ਵੀ ਕਰ ਸਕਦੇ ਹਾਂ, ਕਿ ਉਹ ਲੋਕ ਜੋ ਪੰਜਾਬ ਵਿਚ ਕਮਿਊਨਿਸਟ ਲਹਿਰ ਦੇ ਮੋਢੀ ਬਣੇ, ਮਾਰਕਸਵਾਦ ਦੇ ਸਿਧਾਂਤਾਂ ਤੋਂ ਨਹੀਂ, ਰੂਸੀ ਇਨਕਲਾਬ ਦੀਆਂ ਠੋਸ ਪਰਾਪਤੀਆਂ ਤੋਂ ਪ੍ਰਭਾਵਤ ਹੋਏ ਸਨ।
ਮਾਰਕਸਵਾਦੀ ਸਿਧਾਂਤ ਤੋਂ ਪ੍ਰਭਾਵਤ ਹੋਣ ਅਤੇ ਕਿਸੇ ਦੇਸ ਵਿਚ ਉਸੇ ਸਿਧਾਂਤ ਦੀ ਸਮਝ ਨਾਲ਼ ਕੀਤੇ ਇਨਕਲਾਬ ਦੀਆਂ ਠੋਸ ਪਰਾਪਤੀਆਂ ਤੋਂ ਪ੍ਰਭਾਵਤ ਹੋਣ ਵਿਚ ਅੰਤਰ ਹੈ। ਇਕ ਦਾ ਝੁਕਾਅ ਮਾਰਕਸਵਾਦ ਨੂੰ ਵਿਗਿਆਨਕ ਢੰਗ ਵਜੋਂ ਸਮਝਣ ਤੇ ਅਪਣਾਉਣ ਵੱਲ ਹੁੰਦਾ ਹੈ ਤੇ ਇਸ ਨੂੰ ਅਪਣਾ ਕੇ ਯਥਾਰਥਥ ਦਾ ਵਿਸ਼ਲੇਸ਼ਣ ਕਰਕੇ ਉਸ ਨੂੰ ਬਦਲਣ ਵੱਲ ਹੁੰਦਾ ਹੈ; ਜਦੋਂ ਕਿ ਦੂਸਰੇ ਦਾ ਝੁਕਾਅ ਉਸ ਦੇਸ ਦੀਆਂ ਪਰਾਪਤੀਆਂ ਨੂੰ ਮਾਡਲ ਵਜੋਂ ਆਪਣਾ ਉਦੇਸ਼ ਸਮਝਣ ਵੱਲ ਹੁੰਦਾ ਹੈ ਜਿਸ ਵਿਚ ਉਸ ਦੇਸ ਦੀਆਂ ਠੋਸ ਹਾਲਤਾਂ ਵਿਚ ਵਿਕਸਤ ਕੀਤੀਆਂ ਫ਼ਾਰਮੂਲੇਸ਼ਨਾਂ ਤੇ ਜਥੇਬੰਦਕ ਰੂਪਾਂ ਨੂੰ ਇਨ-ਬਿਨ ਕਾਪੀ ਕਰਨ ਦਾ ਅਚੇਤ ਜਾਂ ਸੁਚੇਤ ਜਤਨ ਵੀ ਛੁਪਿਆ ਹੁੰਦਾ ਹੈ। ਭਗਤ ਸਿੰਘ ਤੇ ਸੋਹਨ ਸਿੰਘ ਜੋਸ਼ ਦੋਵੇਂ ਸਮਕਾਲੀ ਸਨ ਤੇ ਉਨ੍ਹਾਂ ਨੇ ਕੁਝ ਦੇਰ ਲਈ ਨੌਜਵਾਨ ਭਾਰਤ ਸਭਾ ਵਿਚ ਇਕੱਠਿਆਂ ਕੰਮ ਵੀ ਕੀਤਾ। ਪਰ ਭਗਤ ਸਿੰਘ ਭਿੰਨ ਹੈ ਤੇ ਉਸ ਦਾ ਬੋਧਿਕ ਵਿਕਾਸ ਵੀ ਹੋਰ ਤਰ੍ਹਾਂ ਹੋਇਆ।
No comments:
Post a Comment