Friday, December 3, 2010

ਪੰਜਾਬ ਦੀ ਕਮਿਉਨਿਸਟ ਲਹਿਰ ਦਾ ਇਤਿਹਾਸ(ਖੱਬੇ-ਪੱਖ ਵਿੱਚ ਫੁੱਟ)- ਭਗਵਾਨ ਸਿੰਘ ਜੋਸ਼


ਸੰਸਾਰ ਸਰਮਾਏਦਾਰੀ ਦੇ ਸੰਕਟ ਕਾਰਨ 1928-29 ਵਿਚ ਆਏ ਮੰਦਵਾੜੇ ਕਰਕੇ ਮੰਡੀਆਂ ਵਿਚ ਕਿਸਾਨੀ ਉਪਜਾਂ ਦੇ ਭਾਅ ਇਕਦਮ ਡਿੱਗ ਪਏ। ਛੋਟੇ ਕਿਸਾਨਾਂ ਤੇ ਮੁਜ਼ਾਰਿਆਂ ਉਪਰ ਤਾਂ ਤਕਲੀਫ਼ਾਂ ਦੇ ਪਹਾੜ ਹੀ ਟੁੱਟ ਪਏ। ਕਪਾਹ ਦਾ ਔਸਤਨ ਭਾਅ ਇਹਨਾਂ ਤਿੰਨਾਂ ਸਾਲਾਂ (1926-28) ਵਿਚ 10 ਰੁਪਏ 5ਆਨੇ 4 ਪਾਈ ਸੀ। ਜਦੋਂ ਕਿ 1928 ਤੋੰ ਲੈ ਕੇ 1936 ਤੱਕ ਦੇ 8 ਸਾਲਾਂ ਵਿਚ ਕਪਾਹ ਦਾ ਔਸਤਨ ਭਾਅ 4 ਰੁਪਏ 8 ਆਨੇ ਅਤੇ 2 ਪਾਈ ਹੋ ਗਿਆ। ਇਹਨਾਂ ਸਾਲਾਂ ਵਿਚ ਕਣਕ ਦਾ ਔਸਤਨ ਭਾਅ ਕਰਮਵਾਰ 4 ਰੁਪਏ 3ਆਨੇ ਅਤੇ 2 ਰੁਪਏ 2 ਆਨੇ 12 ਪਾਈ ਰਹੇ। ਮੰਦਵਾੜੇ ਤੋਂ ਪਹਿਲਾਂ ਦੇ ਤਿੰਨਾਂ ਸਾਲਾਂ ਲਈ ਮੰਦਵਾੜੇ ਦੇ ਮੁਕਾਬਲੇ ਕਪਾਹ ਦਾ ਭਾਅ 89. 2 ਫ਼ੀ ਸਦੀ ਅਤੇ ਕਣਕ ਦਾ ਭਾਅ 86. 6 ਫ਼ੀ ਸਦੀ ਵਧੇਰੇ ਸੀ। ਜੇਕਰ 1928-29 ਦੇ ਭਾਆਂ ਨੂੰ 100 ਮੰਨ ਲਿਆ ਜਾਵੇ ਤਾਂ 1930-31 ਵਿਚ ਆਏ ਘਾਟੇ ਦੀ ਫ਼ੀ ਸਦੀ ਗਿਰਾਵਟ ਇਸ ਪਰਕਾਰ ਹੋਵੇਗੀ।


1930-31 ਦੀਆਂ ਕੀਮਤਾਂ ਵਿਚ ਗਰਾਵਟ
1928-29=100
ਜਿਣਸ
ਫ਼ੀ ਸਦੀ ਗਿਰਾਵਟ
ਕਣਕ  64
ਛੋਲੇ  61
ਤਾਰਾਮੀਰਾ  46
ਗੁੜ  33
ਕਪਾਹ(ਅਮਰੀਕੀ)  58
ਕਪਾਹ(ਦੇਸੀ)  56
ਇਹਨਾਂ ਭਾਆਂ ਕਾਰਨ ਭਾਵੇਂ ਕਿਸਾਨ ਕੰਗਾਲ ਹੋ ਰਹੇ ਸਨ, ਪਰ ਮਾਮਲਾ ਅਤੇ ਆਬੀਆਨਾ ਸਰਕਾਰ ਵਲੋਂ ਅਜੇ ਵੀ ਪਹਿਲੇ ਭਾਆਂ ਦੇ ਅਨੁਸਾਰ ਹੀ ਲਿਆ ਜਾ ਰਿਹਾ ਸੀ। ਸਪੱਸ਼ਟ ਸੀ ਇੰਜ ਸਾਰੀ ਦੀ ਸਾਰੀ ਫ਼ਸਲ ਵੇਚ ਕੇ ਵੀ ਚੰਗੇ ਖਾਂਦੇ ਪੀਂਦੇ ਕਿਸਾਨ ਵੀ ਮਾਲੀਏ ਤੇ ਆਬੀਆਨੇ ਦਾ ਖ਼ਰਚ ਭਰਨ ਤੋਂ ਅਸਮਰੱਥ ਰਹੇ ਤੇ ਉਹਨਾਂ ਦੀਆਂ ਕੁਰਕੀਆਂ ਹੋਣ ਲੱਗੀਆਂ। ਸ਼ਾਹੂਕਾਰ ਵੀ ਕਰਜ਼ਦਾਰ ਕਿਸਾਨਾਂ ਕੋਲੋਂ ਉਸ ਵੇਲੇ ਕਰਜ਼ਾ ਉਗਰਾਹੁਣ ਲਗੇ ਜਦੋਂ ਕਿ ਉਹ ਮਾਮਲਾਂ ਤਾਰਨ ਲਈ ਹੋਰ ਕਰਜ਼ੇ ਦੀ ਮੰਗ ਕਰ ਰਹੇ ਸਨ। ਹੁਣ ਤਾਂ ਛੋਟੇ ਕਿਸਾਨਾਂ ਦਾ ਕੁਝ ਨਾ ਕੁਝ ਜ਼ਮੀਨ ਦੇ ਕੇ ਹੀ ਖਹਿੜਾ ਛੁਟਣਾ ਸੀ। ਜ਼ਿਲ੍ਹਾਂ ਲਾਇਲਪੁਰ ਦੀ ਜ਼ਿਮੀਦਾਰਾ ਲੀਗ ਵਲੋਂ ਸਥਾਪਤ ਕੀਤੀ ਗਈ ਇਕ ਕਮੇਟੀ (ਇਸ ਵਿਚ ਇਕ ਅੰਗਰੇਜ਼ ਕਰਮਚਾਰੀ ਵੀ ਸਟਕਾਰ ਵਲੋਂ ਮੈਂਂਬਰ ਸੀ) ਦੀ ਰਿਪੋਰਟ ਅਨੁਸਾਰ ਇਹਨਾਂ ਭਾਆਂ ਕਾਰਨ ਇਕ ਮੁਰੱਬੇ (25 ਏਕੜ) ਉਪਰ ਵਾਹੀ ਕਰ ਰਹੇ ਕਿਸਾਨ ਦਾ ਵਾਹੀ ਦਾ ਖ਼ਰਚਾ ਹੀ ਪੂਰਾ ਨਹੀਂ ਸੀ ਹੁੰਦਾ। ਉਹ ਮਾਮਲਾਂ ਅਤੇ ਆਬੀਆਨਾ ਕਿਥੋਂ ਦੇਵੇ? ਪੰਜਾਬ ਵਿਚ ਉਸ ਵੇਲੇ ਅਜਿਹੇ ਕਿਸਾਨਾਂ ਦੀ ਗਿਣਤੀ ਜਿਨ੍ਹਾਂ ਪਾਸ ਪੰਜ ਏਕੜ ਤੋਂ ਘੱਟ ਵਾਹੀਜੋਗ ਜ਼ਮੀਨ ਸੀ 58 ਫ਼ੀ ਸਦੀ ਸੀ। ਹੇਠਲੀ ਮਿਸਾਲ ਤੋਂ ਉਹਨਾਂ ਦੀ ਹਾਲਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਪੰਜਾਬ ਕੁਆਪ੍ਰੇਟਿਵ ਸੁਸਾਇਟੀਆਂ ਦੀ ਇੱਕ ਸਟੱਡੀ (1931-38) ਅਨੁਸਾਰ (ਇਸ ਦਾ ਚੇਅਰਮੈਨ ਐਮ. ਐਲ਼ ਡਾਰਲਿੰਗ ਸੀ) ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ 1932 ਵਿਚ 670 ਮਣ 29 ਸੇਰ ਅਤੇ 1933 ਵਿਚ 715 ਮਣ 36 ਸੇਰ ਸੋਨਾ ਬਾਹਰ ਭੇਜਿਆ ਗਿਆ। ਇਹ ਸੋਨਾ ਵਧੇਰੇ ਕਰਕੇ ਪੰਜਾਬ ਦੇ ਛੋਟੇ ਕਿਸਾਨਾਂ ਦੇ ਘਰਾਂ ਤੋਂ ਆਇਆ ਜਿਨ੍ਹਾਂ ਨੇ ਪਹਿਲੇ ਸਾਲਾਂ ਵਿਚ ਮੁਕਾਬਲਤਨ ਚੰਗੇ ਭਾਆਂ ਕਾਰਨ ਕੁਝ ਕੁ ਗਹਿਣਿਆਂ ਦੇ ਰੂਪ ਵਿਚ ਬਚਾਇਆ ਹੋਇਆ ਸੀ। ਇਸ ਸਟੱਡੀ ਅਨੁਸਾਰ ਉਹਨਾਂ ਦੇ ਇਹਨਾਂ ਗਹਿਣਿਆਂ ਨੂੰ ਵੇਚਣ ਦਾ ਕਾਰਨ ਮਾਲੀਏ ਅਤੇ ਆਬੀਆਨੇ ਦੀ ਰਕਮ ਸੀ ਜਿਸ ਦੇ ਨਾ ਦੇਣ ਕਾਰਨ ਸਰਕਾਰ ਉਹਨਾਂ ਦੀਆਂ ਕੁਰਕੀਆਂ ਕਰ ਰਹੀ ਸੀ। ਪੰਜਾਬ ਦੀ ਕਿਸਾਨੀ ਦੇ ਇਸ ਸੰਕਟ ਦਾ ਜਾਇਜ਼ਾ ਲੈਣ ਲਈ ਜੁਲਾਈ 1933 ਵਿਚ ਇਕ ਆਬੀਆਨਾ ਕਮੇਟੀ ਬਣਾਈ ਗਈ ਜਿਸ ਨੇ ਪਾਣੀ ਦੇ ਰੇਟਾਂ ਵਿਚ 80 ਲੱਖ ਰੁਪਏ ਦੀ ਕਮੀ ਕਰਨ ਦੀ ਮੰਗ ਕੀਤੀ, ਪਰ ਸਰਕਾਰ ਕੇਵਲ 35 ਲੱਖ ਘਟਾਉਣਾ ਹੀ ਮੰਨੀ।
ਛੋਟੀ ਕਿਸਾਨੀ ਦਾ ਨਿਜੱਤਵ ਮਸ਼ਹੂਰ ਹੈ ਤੇ ਹੇਠਲਾ ਅਖਾਣ ਉਸ ਦੀ ਉਸ ਮਾਨਸਿਕਤਾ ਵਲ ਇਸ਼ਾਰਾ ਕਰਦਾ ਹੈ ਜਿਸ ਕਾਰਨ ਉਹ ਆਪਣੀ ਹੀ ਧੁਨ ਵਿਚ ਮਸਤ ਆਪਣੇ ਦੁਆਲੇ ਦੇ ਸਰਕਾਰੀ ਪਰਬੰਧ ਨਾਲ ਬਿਨਾਂ ਟਕਰਾਏ ਦਿਨ ਰਾਤ ਕਮਾਈ ਕਰਨ ਵਿਚ ਰੁਝੀ ਹੋਈ ਸੀ: ਵ੍ਹੀੜੀ-ਸ੍ਹੀੜੀ, ਸੀਰ-ਸਿਆਪਾ, ਥੋੜ੍ਹੀ ਖਾ ਲੈ ਰਹਿ (ਇ) ਕਲਾਪਾ। ਪਰ ਆਖ਼ਰ ਥੋੜ੍ਹੀ ਵੀ ਕਿੰਨੀ ਕੁ ਖਾਧੀ ਜਾਣੀ ਸੀ? ਆਰਥਕ ਸੰਕਟ ਨੇ ਤਾਂ ਹੁਣ ਥੋੜ੍ਹੀ ਖਾਣ ਜੋਗਾ ਵੀ ਨਹੀਂ ਸੀ ਛੱਡਿਆ।
ਹੁਣ ਅਚਾਨਕ ਕਿਧਰੇ ਪੰਜਾਬੀ ਕਿਸਾਨ ਦੇ ਮਨ ਵਿਚ ਇਹ ਵਿਚਾਰ ਫੁਰਨ ਲਗਿਆ: ਆਦਮੀ ਕਿੰਨੀ ਕੁ ਦੇਰ ਤੱਕ ਇਕੱਲਾ ਰਹਿ ਕੇ ਇਸ ਤਰ੍ਹਾ ਘੁੱਲ ਘੁੱਲ ਮਰ ਸਕਦਾ ਹੈ। ਪੇਂਡੂ ਜਨਤਾ ਨੇ ਆਪਣੇ ਕੰਨ ਉਹਨਾਂ ਲੋਕਾਂ ਵਲ ਕਰਨੇ ਸ਼ੁਰੂ ਕਰ ਦਿਤੇ ਜੋ ਉਹਨਾਂ ਦੀ ਗ਼ਰੀਬੀ ਦਾ ਕਾਰਨ ਸਮਝਾਉਣਾ ਚਾਹੁੰਦੇ ਸਨ ਤੇ ਦੱਸਣਾ ਚਾਹੁੰਦੇ ਸਨ ਕਿਵੇਂ ਸਮੁੱਚੀ ਬਸਤੀਵਾਦੀ ਆਰਥਕਤਾ ਤੇ ਸਾਮਰਾਜੀ ਪਰਬੰਧ ਉਹਨਾਂ ਦੀ ਕੰਗਾਲੀ ਦਾ ਕਾਰਨ ਹੈ। ਇੰਜ 1928-29 ਦਾ ਆਰਥਕ ਮੰਦਵਾੜਾ ਪੰਜਾਬ ਵਿਚ ਕਿਸਾਨੀ ਲਹਿਰਾਂ ਦੇ ਫੁੱਟਣ ਦਾ ਫ਼ੌਰੀ ਕਾਰਨ ਬਣਿਆ। ਪੰਜਾਬ ਵਿਚ ਬਹੁਤ ਸਾਰੀਆਂ ਥਾਵਾਂ ਉਪਰ ਵੱਖ ਵੱਖ ਸਿਆਸੀ ਤੇ ਗ਼ੈਰ-ਸਿਆਸੀ ਪਰਭਾਵਾਂ ਵਾਲੀਆਂ ਸਥਾਨਕ ਕਿਸਾਨੀ ਜਥੇਬੰਦੀਆਂ ਉਭਰਨੀਆਂ ਸ਼ੁਰੂ ਹੋ ਗਈਆਂ। ਲਾਇਲਪੁਰ ਦਾ ਜ਼ਿਲ੍ਹਾ ਬਾਕੀਆਂ ਦੇ ਮੁਕਾਬਲੇ ਵਧੇਰੇ ਉਪਜ ਕਰਨ ਵਾਲਾ ਤੇ ਧਨੀ ਜ਼ਿਲ੍ਹਾ ਸੀ। ਭਾਆਂ ਵਿਚ ਘਾਟੇ ਕਾਰਨ ਇਥੋਂ ਧਨੀ ਕਿਸਾਨ ਵੀ ਹਾਹਾਕਾਰ ਮਚਾ ਰਿਹਾ ਸੀ। 1931 ਵਿਚ ਲਾਇਲਪੁਰ ਦੇ ਕਿਸਾਨਾਂ ਦੀ 'ਆਲ ਬਾਰ ਲਾਇਲਪੁਰ ਕਾਨਫ਼ਰੰਸ' ਵਿਚ ਇਸ ਦੇ ਪ੍ਰਧਾਨ ਮੰਗਲ ਸਿੰਘ ਨੇ ਸਰਕਾਰ ਅਗੇ ਹੇਠ ਲਿਖੀਆਂ ਮੰਗਾ ਰਖੀਆਂ: (1) ਮਾਲੀਏ ਅਤੇ ਆਬੀਆਨੇ ਵਿਚ 50 ਫ਼ੀ ਸਦੀ ਦੀ ਕਮੀ, (2) ਸਰਕਾਰ ਕਾਟਨ ਕਾਰਪੋਰੇਸ਼ਨ ਕਾਇਮ ਕਰੇ ਤੇ ਨਿਸ਼ਚਿਤ ਭਾਅ ਉਤੇ ਕਪਾਹ ਖ਼ਰੀਦੇ। ਕਿਸਾਨਾਂ ਨੂੰ ਸ਼ਾਹੂਕਾਰ ਵਪਾਰੀਆਂ ਦੇ ਰਹਿਮ ਉਤੇ ਨਾ ਛੱਡੇ। ਇਹ ਮੰਗ ਅੱਜ ਤੱਕ ਪੰਜਾਬ ਦੇ ਕਿਸਾਨਾਂ ਦੀ ਮੰਗ ਚਲੀ ਆ ਰਹੀ ਹੈ। (3) ਮਾਲੀਆ ਆਮਦਨ ਦੇ ਹਿਸਾਬ ਨਾਲ ਨਾਲ ਲਿਆ ਜਾਵੇ। (4) ਚਾਹੀ ਰੇਟ ਖ਼ਤਮ ਕੀਤਾ ਜਾਵੇ। (5) ਪੰਜਾਬ ਦੇ 58 ਫ਼ੀ ਸਦੀ ਕਿਸਾਨਾਂ ਕੋਲ 5 ਏਕੜ ਤੋਂ ਘੱਟ ਵਾਹੀ ਹੇਠ ਜ਼ਮੀਨ ਹੈ, ਉਹਨਾਂ ਉਪਰ ਕੋਈ ਟੈਕਸ ਨਾ ਲਾਇਆ ਜਾਵੇ। ਇਹਨਾਂ ਮੰਗਾਂ ਨੂੰ ਸਾਰੇ ਸਿਆਸੀ ਗਰੁੱਪਾਂ (ਜ਼ਿਮੀਦਾਰਾਂ ਲੀਗ, ਕਾਂਗਰਸ, ਅਕਾਲੀ ਅਤੇ ਕਿਰਤੀ) ਨੇ ਪਰਚਾਰਿਆ, ਪਰ ਇਹਨਾਂ ਵਿਚੋਂ ਇਹਨਾਂ ਮੰਗਾਂ ਉਪਰ ਸਰਕਾਰ ਦੇ ਵਿਰੁਧ ਖਾੜਕੂ ਜਦੋਂ-ਜਹਿਦਾਂ ਸ਼ੁਰੂ ਕਰਨ ਦੇ ਹੱਕ ਵਿਚ ਕੇਵਲ ਮਿਲੀਟੈਂਟ ਅਕਾਲੀ ਕਿਰਤੀ-ਕਿਸਾਨ ਪਾਰਟੀ ਦੇ ਆਗੂ ਹੀ ਸਨ। ਬਾਵਜੂਦ ਕਈ ਘਾਟਾਂ ਦੇ ਜਲੰਧਰ, ਅੰਮ੍ਰਿਤਸਰ ਅਤੇ ਦੁਆਬੇ ਦੇ ਇਲਾਕੇ ਵਿਚ ਕਿਰਤੀ-ਕਿਸਾਨ ਪਾਰਟੀ ਦੀਆਂ ਸਰਗਰਮੀਆਂ ਮੁਕਾਬਲਤਨ ਤੇਜ਼ ਹੋ ਗਈਆਂ। ਜਿਵੇਂ ਜਿਵੇਂ ਫੁੱਟ ਰਹੀਆਂ ਕਿਸਾਨੀ ਲਹਿਰਾਂ ਨੂੰ ਲੋਕਲ ਮਾਡਰੇਟ ਆਗੂਆਂ ਤੋਂ ਨਿਰਾਸ਼ਤਾ ਹੋ ਰਹੀ ਸੀ (ਕਿਉਂਕਿ ਉਹ ਸਰਕਾਰ ਪਾਸੋਂ ਕੋਈ ਰਿਆਇਤ ਲੈ ਕੇ ਦੇਣ ਤੋਂ ਅਸਮਰਥ ਸਨ) ਉਵੇਂ ਉਵੇਂ ਇਹ ਕਿਸਾਨੀ ਕਿਰਤੀ-ਕਿਸਾਨ ਪਾਰਟੀ (ਜੋ ਕਿ ਸਰਕਾਰ ਵਿਰੁਧ ਮਿਲੀਟੈਂਟ ਜਦੋ-ਜਹਿਦ ਦਾ ਨਾਹਰਾ ਦਿੰਦੀ ਸੀ) ਵੱਲ ਮੁੜਨ ਲਗੇ। ਪਿੰਡ ਪਿੰਡ ਤੋਂ ਉਹਨਾਂ ਨੂੰ ਪਾਰਟੀ ਦੇ ਜਲਸੇ ਕਰਨ ਦੇ ਸੱਦੇ ਆਉਣ ਲਗੇ।
ਅਸੀਂ ਸ਼ੁਰੂ ਵਿਚ ਸਪਸ਼ਟ ਕੀਤਾ ਸੀ ਕਿ ਬਸਤੀਵਾਦੀ ਸਟੇਟ ਦਾ ਫ਼ੌਜੀ ਭਰਤੀ ਦਾ ਆਧਾਰ ਵੀ ਪੰਜਾਬ ਦੀ ਛੋਟੀ ਕਿਸਾਨੀ ਹੀ ਸੀ ਤੇ ਇੰਜ ਅਜਿਹੇ ਖੇਤਰ ਵਿਚ ਕਿਰਤੀ-ਕਿਸਾਨ ਪਾਰਟੀ ਦਾ ਪਰਭਾਵ ਫ਼ੈਲਣ ਨਾਲੋਂ ਸਰਕਾਰ ਵਾਸਤੇ ਵਧੇਰੇ ਖ਼ਤਰਨਾਕ ਗੱਲ ਹੋਰ ਕੀ ਹੋ ਸਕਦੀ ਸੀ। ਸਰਕਾਰ ਨੇ ਪਾਰਟੀ ਦੇ ਵਧੇਰੇ ਸਰਗਰਮ ਕਾਰਕੁਨਾਂ ਨੂੰ ਫੜ ਕੇ ਜੇਲਾਂ ਵਿਚ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਪਾਰਟੀ ਦੇ ਕੰਮਾਂ ਉਪਰ ਵਧੇਰੇ ਤਿੱਖੀ ਨਿਗਾਹ ਰਖੀ ਜਾਣ ਲਗੀ। ਇੰਜ ਪਾਰਟੀ ਦੇ ਉੱਘੇ ਵਰਕਰ ਅਰਜਨ ਸਿੰਘ ਗੜਗੱਜ, ਗੁਰਦਿੱਤ ਸਿੰਘ, ਦਸੌਂਧਾ ਸਿੰਘ ਅਮਰੀਕਨ, ਸੰਤਾ ਸਿੰਘ ਗੰਡੀਵਿੰਡ, ਕਰਮ ਸਿੰਘ ਚੀਮਾ, ਸੋਹਣ ਸਿੰਘ ਭਕਨਾ, ਫ਼ਜ਼ਲ ਇਲਾਹੀ ਕੁਰਬਾਨ, ਅਬਦੁਲ ਵਾਰਸ, ਹਰਜਾਪ ਸਿੰਘ, ਕਰਮ ਸਿੰਘ ਧੂਤ ਤੇ ਤੇਜਾ ਸਿੰਘ ਉਰਫ਼ ਈਸ਼ਰ ਸਿੰਘ ਨੂੰ ਜੇਲ੍ਹਾਂ ਵਿਚ ਡੱਕ ਦਿਤਾ ਗਿਆ। ਰਾਮਕਿਸ਼ਨ ਬੀ. ਏ. ਤੇ ਵਾਸਦੇਵ ਸਿੰਘ ਨੂੰ ਸ਼ਾਹੀ ਕੈਦੀ ਬਣਾ ਕੇ ਲਾਹੌਰ ਕਿਲ੍ਹੇ ਵਿਚ ਤਸੀਹੇ ਦਿਤੇ ਗਏ। ਇਸ ਸਮੇਂ ਦੇ ਦੌਰਾਨ ਸਰਕਾਰ ਬਾਹਰੋਂ ਆਉਣ ਵਾਲੇ ਗ਼ਦਰ ਪਾਰਟੀ ਦੇ ਮਾਸਕੋ ਤੋਂ ਟਰਂੇਡ ਮੈਂਬਰਾ ਦੀ ਬੜੀ ਸਾਵਧਾਨੀ ਮਾਲ ਸੂਹ ਰੱਖਣ ਲਗੀ। ਇਸ ਸਬੰਧੀ ਸਰਕਾਰ ਦੀ ਇਹ ਪਾਲਿਸੀ ਸੀ:
"ਸਾਡੀ ਇਹ ਪਰਵਾਨਿਤ ਨੀਤੀ ਹੈ ਕਿ ਕਮਿਊਨਿਸਟ ਕੌਮਾਤਰੀ ਦੀਆਂ ਸਰਗਰਮੀਆਂ ਦਾ ਟਾਕਰਾ ਕਰਨ ਲੜੀ ਲੋੜੀਂਦਾ ਸਭ ਕੁਝ ਕੀਤਾ ਜਾਵੇ ਅਤੇ ਅਸੀਂ ਇਸ ਗੱਲ ਨੂੰ ਬੜੀ ਅਹਿਮ ਸਮਝਦੇ ਹਾਂ ਕਿ ਜਦੋਂ ਮਾਸਕੋ ਦੇ ਸਿਖੇ ਹੋਏ ਭਾਰਤੀ ਪਛਾਣ ਲਏ ਜਾਣ ਅਤੇ ਉਸ ਕੰਮ ਵਿਚ ਸਰਗਰਮੀ ਨਾਲ ਜੁਟੇ ਹੋਏ ਲੱਭ ਪੈਣ ਜੀਹਦੇ ਲਈ ਉਹਨਾਂ ਨੂੰ ਕਮਿਊਨਿਸਟ ਕੌਮਾਂਤਰੀ ਨੇ ਬੜੇ ਗਹੁ ਨਾਲ ਸਿਖਾਇਆ ਹੋਇਆ ਹੈ। ਉਹਨਾਂ ਵਿਰੁੱਧ ਬੜੀ ਹੀ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।"
1933-35 ਦੇ ਤਿੰਨ ਸਾਲਾਂ ਦੇ ਦੌਰਾਨ ਮਾਸਕੋ ਤੋਂ ਆਏ ਗ਼ਦਰ ਪਾਰਟੀ ਦੇ ਅੱਠ ਮੈਂਬਰਾਂ ਨੂੰ ਤਸੀਹੇ ਦੇ ਦੇ ਕੇ ਇੰਟੈਰੋਗੇਟ ਕੀਤਾ ਗਿਆ। 1935 ਵਿਚ ਭਾਰਤ ਵਿਚ ਗ਼ਦਰ ਪਾਰਟੀ ਦੇ ਮਾਸਕੋ ਤੋਂ ਮੁੜੇ 15-20 ਵਰਕਰਾਂ ਦੀ ਸੂਹ ਸਰਕਾਰ ਕੱਢ ਚੁਕੀ ਸੀ। ਇਹਨਾਂ ਵਿਚ ਤੇਜਾ ਸਿੰਘ ਸੁਤੰਤਰ, ਗੁਰਮੁਖ ਸਿੰਘ, ਪ੍ਰਿਥਵੀ ਸਿੰਘ ਆਜ਼ਾਦ (16 ਸਾਲ ਦੀ ਅੰਡਰਗਰਾਊਂਡ ਜ਼ਿੰਦਗੀ ਪਿਛੋਂ ਉਸ ਨੇ ਆਪਣੇ ਆਪ ਨੂੰ ਮਹਾਤਮਾ ਗਾਂਧੀ ਦੇ ਸਮਰਪਨ ਕਰ ਦਿੱਤਾ ਸੀ ਤੇ ਪੱਕਾ ਅਹਿੰਸਾਵਾਦੀ ਬਣ ਗਿਆ ਸੀ), ਇਕਬਾਲ ਸਿੰਘ ਹੁੰਦਲ, ਹਰਬੰਸ ਸਿੰਘ ਬਾਗ਼ੀ, ਚੰਨਣ ਸਿੰਘ ਤੇ ਭਗਤ ਸਿੰਘ ਬਿਲਗਾ ਸ਼ਾਮਲ ਸਨ। ਕਿਰਤੀ-ਕਿਸਾਨ ਪਾਰਟੀ ਦੇ ਦਫ਼ਤਰ ਉਤੇ ਛਾਪੇ ਮਾਰੇ ਗਏ, ਕਿਰਤੀ ਨੂੰ ਬੰਦ ਕਰਵਾਉਣ ਦੇ ਯਤਨ ਹੋਏ। 1914-15 ਦੇ ਦੇਸਭਗਤਾਂ ਨੂੰ ਛੁਡਵਾਉਣ ਲਈ 10 ਫ਼ਰਵਰੀ 1933 ਨੂੰ 'ਰਾਜਸੀ ਕੈਦੀ ਛਡਾਊ ਕਮੇਟੀ' ਬਣਾਈ ਗਈ। ਮੇਰਠ ਮੁਕੱਦਮੇਂ ਦੇ ਕੈਦੀਆਂ-ਜੋਸ਼, ਮੁਜੀਦ ਅਤੇ ਕਿਦਾਰ ਨਾਥ ਦੇ ਆਉਣ ਨਾਲ ਵੀ ਪਾਰਟੀ ਕਾਰਕੁਨਾਂ ਨੂੰ ਕਾਫ਼ੀ ਹੌਸਲਾ ਮਿਲਿਆ। ਪਰ ਸਰਕਾਰ ਨੇ ਦੂਹਰੀ ਚਾਲ ਚਲੀ। ਇਕ ਪਾਸੇ ਤਾਂ ਉਸ ਨੇ ਕਿਸਾਨੀ ਲਹਿਰਾਂ ਨੂੰ ਠੰਡਾ ਕਰਨ ਲਈ ਰਿਆਇਤਾਂ ਦਾ ਐਲਾਨ ਕਰ ਦਿੱਤਾ ਤੇ ਨਾਲ ਹੀ ਪਾਰਟੀ ਉਪਰ ਤਸ਼ੱਦਦ ਤੇਜ਼ ਕਰ ਦਿੱਤਾ ਤਾਕਿ ਪਾਰਟੀ ਦੇ ਪਰਭਾਵ ਦਾ ਦਾਇਰਾ ਸੀਮਤ ਰਹੇ। ਡੀ. ਆਈ. ਬੀ. ਦੇ ਡਾਇਰੈਕਟਰ ਵਿਲੀਅਮਸਨ ਦੇ ਸ਼ਬਦ ਵਿਚ:
"ਭਾਵੇਂ ਕਿਰਤੀ-ਕਿਸਾਨ ਪਾਰਟੀ ਨੇ ਰਿਆਇਤਾ ਲਈ ਸਿਹਰਾ ਆਪਣੇ ਸਿਰ ਬੰਨ੍ਹਣ ਵਾਸਤੇ ਵੀ ਅਤੇ ਉਹਨਾਂ ਨੂੰ ਤੁੱਛ ਕਹਿ ਕੇ ਨਿੰਦਣ ਵਾਸਤੇ ਵੀ ਜ਼ੋਰਦਾਰ ਯਤਨ ਕੀਤੇ, ਤਾਂ ਵੀ ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਦੇ ਕਦਮ ਨੇ ਪਾਰਟੀ ਦਾ ਜ਼ੋਰ ਕਾਫ਼ੀ ਘਟਾ ਦਿਤਾ। ਨਿਤਾਣੀ ਹੋਣ ਦਾ ਇਉ ਸ਼ੁਰੂ ਹੋਇਆ ਅਮਲ ਅਦਾਲਤੀ ਗਰਿਫ਼ਤਾਰੀਆਂ ਤੇ ਸਜ਼ਾਵਾਂ ਦੀ ਇਕ ਲੜੀ ਨਾਲ ਅਤੇ ਕਾਨੂੰਨ ਦੀਆਂ ਰੋਕੂ ਧਾਰਾਵਾਂ ਦੀ ਵਰਤੋਂਨਾਲ ਜਾਰੀ ਰਖਿਆ ਗਿਆ। ਸਾਲ (1931) ਦੇ ਅੰਤ ਤੱਕ ਉਹ ਲਹਿਰ ਜੀਹਨੇ ਪਹਿਲਾਂ-ਪਹਿਲ ਇਕ ਅਤਿਅੰਤ ਖ਼ਤਰਨਾਕ ਲਹਿਰ ਬਨਣ ਦੀ ਆਸ ਬੰਨ੍ਹਾਈ ਸੀ, ਇਕ ਜ਼ਾਂ ਦੂਜੀ ਕਿਸਮ ਦੇ ਸਰਕਾਰੀ ਦਬਾਅ ਕਾਰਨ ਏਨੀਂ ਕਮਜ਼ੋਰ ਹੋ ਗਈ ਸੀ ਕਿ ਇਹਦੇ ਮੰਤਵਾਂ ਦੇ ਇਕ ਹਿੱਸੇ ਦੀ ਪਰਾਪਤੀ ਵੀ ਅਮਲੀ ਰਾਜਨੀਤੀ ਦੀਆਂ ਹੱਦਾਂ ਤੋਂ ਬਾਹਰ ਦੀ ਗੱਲ ਬਣ ਚੁਕੀ ਸੀ।
ਇਹਨਾਂ ਸਾਲਾਂ ਦੇ ਦੌਰਾਨ ਜਿਸ ਗੱਲ ਦੀ ਸਭ ਤੋਂ ਵੱਧ ਲੋੜ ਮਹਿਸੂਸ ਕੀਤੀ ਜਾ ਰਹੀ ਸੀ ਉਹ ਸੀ ਪੰਜਾਬ ਦੇ ਕਿਸਾਨਾਂ ਦੀ ਕੇਂਦਰੀ ਜਥੇਬੰਦੀ। ਸਾਰੇ ਸਿਆਸੀ ਗਰੁੱਪਾਂ ਦਾ ਕਿਸਾਨੀ ਲਈ ਪਰੋਗਰਾਮ ਇਕ ਹੀ ਸੀ। ਫ਼ਰਕ ਸੀ ਤਾਂ ਕੇਵਲ ਮਿਲੀਟੈਂਸੀ ਵਿਚ। ਜਥੇਬੰਦੀ ਦੀ ਲੋੜ ਬਾਰੇ 20 ਮਈ 1935 ਦੇ ਕਿਰਤੀ ਵਿਚ ਇੰਜ ਲਿਖਿਆ ਗਿਆ: "ਅੱਜ ਸਾਡੇ ਸਾਹਮਣੇ ਸਭ ਤੋਂ ਜ਼ਰੂਰੀ ਤੇ ਵਡਾ ਮਸਲਾ ਹੈ ਕਿ ਜਿਸ ਵਲ ਧਿਆਨ ਦੇਣ ਲਈ ਹੋਰ ਬਾਕੀ ਦੇ ਸਾਰੇ ਕੰਮ ਪਿਛੇ ਪਾਏ ਜਾ ਸਕਦੇ ਹਨ। ਕਿਉਂਕਿ ਬਿਨਾਂ ਜਥੇਬੰਦੀਆਂ ਕਾਇਮ ਕੀਤਿਆਂ ਇਹ ਬਿਲਕੁਲ ਅਸੰਭਵ ਹੈ ਕਿ ਅਸੀਂ ਆਪਣੇ ਮਿਸ਼ਨ ਵਿਚ ਕਾਮਯਾਬ ਹੋ ਸਕੀਏ। ਪਰ ਇਹ ਬਾਤ ਸਾਨੂੰ ਬੜੇ ਅਫਸੋਸ ਨਾਲ ਲਿਖਣੀ ਪੈਂਦੀ ਹੈ ਕਿ ਕਿਰਤੀ ਕਿਸਾਨ ਕਾਰਕੁਨਾਂ ਵਲੋਂ ਇਸ ਕੰਮ ਵਲ ਕੋਈ ਧਿਆਨ ਨਹੀਂ ਦਿਤਾ ਜਾ ਰਿਹਾ।" ਪਰ ਇਹ ਜਥੇਬੰਦੀ ਨੂੰ ਨਾ ਖੜ੍ਹਾ ਕਰ ਸਕਣ ਦਾ ਕਾਰਨ ਕੇਵਲ ਸਰਕਾਰੀ ਤਸ਼ੱਦਦ ਦੇ ਸਿਰ ਹੀ ਨਹੀਂ ਸੀ ਮੜ੍ਹਿਆ ਜਾ ਸਕਦਾ। ਇਹ ਨਾਕਾਮਯਾਬੀ ਵਿਚ ਉਸ ਵੇਲੇ ਕਮਿਊਨਿਸਟਾਂ ਵਲੋਂ ਲਾਗੂ ਕੀਤੀ ਜਾਣ ਵਾਲੀ ਸਿਆਸੀ ਲਾਈਨ ਦਾ ਵੀ ਬਰਾਬਰ ਦਾ ਹੱਥ ਹੈ ਤੇ ਹੁਣ ਅਸੀਂ ਇਸ ਦੀ ਵਿਸਥਾਰ-ਸਹਿਤ ਵਿਆਖਿਆ ਵੱਲ ਮੁੜਾਂਗੇ।
ਜਿਵੇਂ ਕਿ ਅਸੀਂ ਪਿਛੇ ਜ਼ਿਕਰ ਕੀਤਾ ਸੀ (ਪਿਛਲਾ ਕਾਂਡ), 1930 ਤੱਕ ਕਮਿਊਨਿਸਟਾਂ ਨੇ ਆਪਣੀ ਨਵੀਂ ਲਾਈਨ ਅਖ਼ਤਿਆਰ ਕਰ ਲਈ ਸੀ, ਜਿਸ ਅਨੁਸਾਰ ਹੁਣ ਕਾਂਗਰਸ ਤੇ ਸਾਮਰਾਜ ਵਿਚ ਕੋਈ ਅੰਤਰ ਨਹੀਂ ਸੀ ਰਿਹਾ, ਉਹ ਦੋਵੇਂ ਹੀ ਇਕੋਂ ਕੈਂਪ ਵਿਚ ਸਨ ਤੇ ਕਮਿਊਨਿਸਟਾਂ ਅਗੇ ਫ਼ੌਰੀ ਕਾਰਜ ਉਹਨਾਂ ਦੋਹਾਂ ਦੇ ਖ਼ਿਲਾਫ਼ ਲੜਨਾ ਸੀ। "ਹੁਣ ਭਾਰਤ ਵਿਚ ਦੋ ਹੀ ਤਾਕਤਾਂ ਰਹਿ ਗਈਆਂ ਹਨ। ਇਕ ਪਾਸੇ ਤਾਂ ਅੰਗਰੇਜ਼ੀ ਤੇ ਭਾਰਤੀ ਸਰਮਾਏਦਾਰ ਤੇ ਦੂਜੇ ਪਾਸੇ ਗਰੀਬ ਕਿਰਤੀ ਕਿਸਾਨ। ਅੱਜ ਤੋਂ ਪਹਿਲਾਂ ਚੂੰਕਿ ਕਾਂਗਰਸ ਕੁਝ-ਜਹਿਦ ਕਰ ਰਹੀ ਸੀ ਤੇ ਉਸ ਦੇ ਅਗੇ ਘਟੋ ਘੱਟ ਸੁਧਾਰਕ ਪਰੋਗਰਾਮ ਸੀ। ਏਸ ਕਰਕੇ ਉਹ ਵੇਲੇ ਵੇਲੇ ਆਪਣੀਆਂ ਮੰਗਾਂ ਨੂੰ ਐਸੀ ਸ਼ਕਲ ਵਿਚ ਪੇਸ਼ ਕਰਦੀ ਰਹੀ ਜਿਸ ਤੋਂ ਇਹ ਜਾਪਦਾ ਸੀ ਕਿ ਉਹ ਆਮ ਸ਼ਕਲ ਵਿਚ ਪੇਸ਼ ਕਰਦੀ ਰਹੀ ਜਿਸ ਤੋਂ ਇਹ ਜਾਪਦਾ ਸੀ ਕਿ ਉਹ ਆਮ ਲੋਕਾਂ ਦੀਆਂ ਮੰਗਾ ਹਨ। ਪਰ ਹੁਣ ਉਹ ਸਮਾਂ ਨਹੀਂ। ਕਾਂਗਰਸ ਅਥਵਾ ਸਰਮਾਏਦਾਰਾਂ ਦੀ ਸਾਰੀ ਜਦੋ-ਜਹਿਦ ਖ਼ਤਮ ਹੋ ਗਈ ਹੈ। ਹੁਣ ਕਾਂਗਰਸ ਹੋਰ ਪਾਸੇ ਵੱਲ ਹੋ ਗਈ ਹੈ" (ਮਜ਼ਦੂਰ ਕਿਸਾਨ, 1ਮਈ, 1931)। ਪਰ ਕਾਂਗਰਸ ਦਾ ਤਾਂ ਲੋਕਾਂ ਦੇ ਮਨਾਂ ਉਪਰ ਡੂੰਘਾ ਪਰਭਾਵ ਸੀ ਜਿਸ ਕਾਰਨ ਕਮਿਊਨਿਸਟਾਂ ਨੂੰ ਕਾਂਗਰਸ, ਸਾਮਰਾਜ ਨਾਲੋਂ ਵੀ ਖਤਰਨਾਕ ਲਗਦੀ ਸੀ ਕਿਉਂਕਿ ਲੋਕਾਂ ਨੂੰ ਅੰਗਰੇਜ਼ ਸਾਮਰਾਜੀ ਤਾਂ ਸਾਫ਼ ਨਜ਼ਰ-ਆਉਂਦੇ ਸਨ, ਪਰ ਕਾਂਗਰਸ ਨੂੰ ਉਹ ਅਜੇ ਵੀ ਆਜ਼ਾਦੀ ਦੀ ਮੁਖ ਪਾਰਟੀ ਸਮਝਦੇ ਸਨ। ਸੋ ਇੰਜ ਕਮਿਊਨਿਸਟਾਂ ਦਾ ਫ਼ੌਰੀ ਕੰਮ ਲੋਕਾਂ ਨੂੰ ਇਹਨਾਂ 'ਪਾਖੰਡੀ' ਕਾਂਗਰਸੀ ਆਗੂਆਂ (ਖ਼ਾਸ ਤੌਰ ਉਤੇ ਗਾਂਧੀ ਜਿਸ ਨੂੰ ਉਹ 'ਲੰਗੋਟਬੰਦ ਮਹਾਰਾਜ' ਕਹਿੰਦੇ ਸਨ) ਦੇ ਅਸਰ ਹੇਠੋਂ ਕਢਣਾ ਤੇ ਕਾਂਗਰਸ ਨੂੰ ਲੋਕਾਂ (ਕਿਹੜੇ? ) ਦੇ ਸਾਹਮਣੇ, ਸਮੁੱਚੇ ਲੋਕਾਂ ਦੀ ਆਜ਼ਾਦੀ ਦੀ ਲੜਾਈ ਨਾ ਲੜਨ ਵਾਲੀ ਸਗੋਂ ਸਰਮਾਏਦਾਰਾਂ ਅਤੇ ਜਾਗੀਰਦਾਰਾਂ ਦੀ ਜਮਾਤ ਦੇ ਤੌਰ ਉਤੇ 'ਨੰਗਾ' ਕਰਨਾ ਸੀ। 'ਮਹਾਤਮਾ ਗਾਂਧੀ ਜੀ ਗ਼ਰੀਬ ਕਿਰਤੀ ਕਿਸਾਨਾਂ ਦੇ ਹਮਦਰਦ ਨਹੀਂ, ਸਰਮਾਏਦਾਰਾਂ, ਜਾਗੀਰਦਾਰਾਂ ਅਤੇ ਕਾਰਖਾਨੇਦਾਰਾਂ ਦੇ ਏਜੰਟ ਹਨ।' ਸਪੱਸ਼ਟ ਸੀ ਜਿੰਨੀ ਦੇਰ ਤੱਕ ਇਹ ਫ਼ੌਰੀ ਕਾਰਜ ਨਹੀਂ ਸੀ ਨੇਪਰੇ ਚਾੜ੍ਹਿਆ ਜਾਦਾ, ਲੋਕ ਕਾਂਗਰਸ ਨੂੰ ਛੱਡ ਕੇ ਕਮਿਊਨਿਸਟਾਂ ਮਗਰ ਨਹੀਂ ਸਨ ਲਗਣੇ। ਕਾਂਗਰਸ ਦਾ ਖੱਬਾ ਧੜਾ ਤਾਂ ਹੋਰ ਵੀ ਵਧੇਰੇ ਖ਼ਤਰਨਾਕ ਸਮਝਿਆ ਜਾਣ ਲੱਗ ਪਿਆ। "ਵਰਤਮਾਨ ਸਮੇਂ ਵਿਚ ਆਮ ਲੋਕਾਂ ਲਈ ਗਰਮ-ਖ਼ਿਆਲੀ ਬੜੇ ਹੀ ਖ਼ਤਰਨਾਕ ਹਨ, ਕਿਉਂਕਿ ਉਹਨਾਂ ਦਾ ਕੰਮ 'ਕੌਮੀ ਕਾਂਗਰਸ' ਦੇ ਮੂੰਹ ਉਤੇ ਪਰਦਾ ਪਾ ਕੇ ਆਮ ਜਨਤਾ ਨੂੰ ਝੂਠੇ ਨਾਅਰਿਆਂ ਅਤੇ ਝੂਠੇ ਮਤਿਆਂ ਨਾਲ ਬੇਵਕੂਫ਼ ਬਣਾਨਾ ਹੈ। ਜੁਗਗਰਦੀ ਦੇ ਰਾਹ ਵਿਚ ਗਰਮ-ਖ਼ਿਆਲੀ ਕਾਂਗਰਸੀ ਇਸ ਵੇਲੇ ਬੜੀ ਭਾਰੀ ਰੁਕਾਵਟ ਹਨ। ਇਹਨਾਂ ਵਿਰੁਧ ਜੰਗ ਕਰਨ ਤੋਂ ਬਿਨਾਂ ਕਾਂਗਰਸ ਨੂੰ ਬੇਪੜਦ ਨਹੀਂ ਕੀਤਾ ਜਾ ਸਕਦਾ।" (ਮਜ਼ਦੂਰ ਕਿਸਾਨ, 30 ਅਗਸਤ, 1931)। ਕਮਿਊਨਿਸਟਾਂ ਦਾ ਉਦੇਸ਼ ਹੁਣ ਭਾਰਤ ਵਿਚ ਕੌਮੀ ਡੈਮੋਕਰੈਕਿਟ ਸਟੇਟ ਕਾਇਮ ਕਰਨਾ ਨਹੀਂ ਸੀ ਸਗੋਂ ਕਾਮਿਆਂ ਅਤੇ ਕਿਸਾਨਾਂ ਦੀ ਡੈਮੋਕਰੈਕਿਟ ਡਿਕਟੇਟਰਸ਼ਿਪ ਕਾਇਮ ਕਰਨਾ ਸੀ।
ਪਰ ਹਰ ਗ਼ਲਤ ਸਿਆਸੀ ਲਾਈਨ ਪਿਛੇ ਗ਼ਲਤ ਸਿਧਾਂਤ ਛੁਪਿਆ ਹੁੰਦਾ ਹੈ, ਜੋ ਸਾਰੀਆਂ ਮੁਖ ਗ਼ਲਤੀਆਂ ਦੀ ਜੜ੍ਹ ਹੁੰਦਾ ਹੈ। ਇਸ ਸਾਰੀ ਗ਼ਲਤ ਸਮਝ ਪਿਛੇ ਛੁਪਿਆ ਗ਼ਲਤ ਸਿਧਾਂਤ ਇਹ ਸੀ:
"ਕਾਂਗਰਸ ਨੈਸ਼ਨਲਿਜ਼ਮ ਯਾਨੀ ਕੌਮਪ੍ਰਸਤੀ ਦੀ ਹਾਮੀ ਹੈ ਔਰ ਨੌਜਵਾਨ ਭਾਰਤ ਸਭਾ ਸੋਸ਼ਲਿਜ਼ਮ ਦੀ। ਸੋਸ਼ਲਿਜ਼ਮ ਅਤੇ ਨੈਸ਼ਨਲਿਜ਼ਮ ਇਕ ਹੀ ਵਕਤ ਵਿਚ ਇਕ ਮੁਕਾਮ ਪੁਰ ਇਕੱਠੇ ਨਹੀਂ ਚਲ ਸਕਦੇ। ਇਹਨਾਂ ਦੇ ਕੰਮ ਦਾ ਢੰਗ ਹੀ ਮੁਖ਼ਤਲਿਫ਼ ਨਹੀਂ ਹੈ, ਬਲਕਿ ਆਦਰਸ਼ ਵੀ। ਕਾਂਗਰਸ ਦਾ ਆਖ਼ਰੀ ਹਥਿਆਰ ਅਦਮ ਅਦਾਇਗੀ ਟੈਕਸ ਅਤੇ ਮਾਲੀਆ ਹੈ, ਜਦ ਕਿ ਨੌਜਵਾਨ ਸਭਾ ਦਾ ਇਹ ਪਹਿਲਾ ਕਦਮ ਹੈ, ਅਰਥਾਤ, ਕਾਂਗਰਸ ਦਾ ਕਦਮ ਇਥੇ ਖ਼ਤਮ ਹੁੰਦਾ ਹੈ" (ਕਿਰਤੀ, 25 ਫ਼ਰਵਰੀ, 1934-ਸ਼ਬਦਾਂ ਉਪਰ ਜ਼ੋਰ ਮੌਲਿਕ ਲਿਖਤ ਵਿਚ ਹੈ। ) ਬਸਤੀਵਾਦ ਦੇਸਾਂ ਵਿਚ ਕਮਿਊਨਿਸਟਾਂ ਅਗੇ ਸਮੱਸਿਆ ਤਾਂ ਇਹ ਸੀ ਕਿ ਇਹਨਾਂ ਦੇਸਾਂ ਵਿਚ ਨੈਸ਼ਨਲਿਜ਼ਮ ਅਤੇ ਸੋਸਲਿਜ਼ਮ ਲਈ ਇਕੋ ਵੇਲੇ ਲੜਨ ਲਈ ਕਿਵੇਂ ਠੋਸ ਅਧਿਅਨ ਬਾਅਦ ਦਾਅ-ਪੇਚ ਅਤੇ ਯੁਧ-ਨੀਤੀ ਅਪਣਾਈ ਜਾਵੇ ਭਾਵ ਨੈਸ਼ਨਲਿਜ਼ਮ ਲਈ ਘੋਲ ਅਜਿਹਾ, ਹੁੰਦਾ ਕਿ ਉਹ ਹੌਲੀ ਹੌਲੀ ਸਮਾਜਵਾਦੀ ਵਿਚਾਰਧਾਰਾ ਗ੍ਰਹਿਣ ਕਰਨ ਵੱਲ ਵਧਦਾ, ਨਾ ਕਿ ਸਮਾਜਵਾਦੀ ਵਿਚਾਰਾਂ ਦਾ ਵਿਰੋਧ ਕਰਨ ਵੱਲ। ਇਸ ਲਈ ਬਸਤੀਵਾਦੀ ਦੇਸਾਂ ਦੇ ਸੰਬੰਧ ਵਿਚ ਲੈਨਿਨ ਇਹ ਵਿਚਾਰ ਬਾਰ ਬਾਰ ਦੁਹਰਾਉਂਦਾ ਹੈ: ਇਹਨਾਂ ਦੇਸਾਂ ਵਿਚ ਕਮਿਊਨਿਸਟਾਂ ਨੂੰ ਆਪਣੇ ਆਪ ਨੂੰ ਨੈਸ਼ਨਲਿਜ਼ਮ ਉਤੇ ਅਧਾਰਤ ਕਰਕੇ ਹੀ ਅਗੇ ਵਧਣਾ ਪਵੇਗਾ। ਮਾਓ ਨੇ ਇਸੇ ਸਮੱਸਿਆ ਦੇ ਹੱਲ ਦਾ 'ਨਵੀਂ ਜਮਹੂਰੀਅਤ' ਵਿਚ ਸਿਧਾਂਤੀਕਰਨ ਪੇਸ਼ ਕੀਤਾ। ਪਰ ਉਪਰਲੇ ਸਿਧਾਂਤ ਵਿਚ ਤਾਂ ਸਮੱਸਿਆ ਉਤੇ ਹੀ ਮਾਂਜਾ ਫੋਰ ਦਿਤਾ ਗਿਆ ਸੀ। ਤੇ ਫੇਰ ਉਸ ਸਮੱਸਿਆਂ ਨੂੰ ਠੋਸ ਪੱਧਰ ਉਤੇ ਹੱਲ ਕਰਨ ਲਈ ਦਾਅ -ਪੇਚ ਘੜਨ ਦਾ ਸਵਾਲ ਤਾਂ ਕਿਧਰੇ ਨਹੀਂ!
ਗਾਂਧੀ-ਇਰਵਨ ਸਮਝੌਤੇ ਵਿਚ ਭਗਤ ਸਿੰਘ ਦੀ ਫਾਂਸੀ ਤੁੜਵਾਉਣ ਦੀ ਸ਼ਰਤ ਨਾ ਹੋਣ ਕਾਰਨ ਪੰਜਾਬ ਦੇ ਖੱਬੇ-ਪੱਖੀ ਵਿਚਾਰਾਂ ਦੇ ਨੌਜਵਾਨਾ ਦਾ ਮਨ ਗਾਂਧੀ ਵਿਰੁਧ ਗ਼ੁੱਸੇ ਤੇ ਰੋਹ ਨਾਲ ਭਰ ਗਿਆ ਸੀ। ਇੰਜ ਉਹਨਾਂ ਨੂੰ ਭਗਤ ਸਿੰਘ ਦਾ ਕਾਤਲ ਅੰਗਰੇਜ਼ ਘੱਟ ਤੇ ਗਾਂਧੀ ਵਧੇਰੇ ਜਾਪਣ ਲਗਾ। ਇਸ ਹਾਲਤ ਵਿਚ ਉਪਰਲਾ ਸਿਧਾਂਤ ਉਹਨਾਂ ਨੂੰ ਬਿਲਕੁਲ ਸਹੀ ਜਾਪਿਆ। ਸਰਬ-ਹਿੰਦ ਕਿਰਤੀ-ਕਿਸਾਨ ਪਾਰਟੀ ਦੀ ਤੀਜੀ ਕਾਨਫ਼ਰੰਸ (ਜੋ ਕਾਂਗਰਸ ਸਮਾਗਮ ਦੇ ਨਾਲ ਹੀ ਕਰਾਚੀ ਵਿਖੇ ਹੋਈ) ਵਿਚ ਦਸੌਂਧਾ ਸਿੰਘ ਅਮਰੀਕਨ ਨੇ ਆਪਣੇ ਪਰਧਾਨਗੀ ਭਾਸ਼ਨ ਵਿਚ ਕਾਂਗਰਸ ਬਾਰੇ ਇਹ ਨਵੀਂ ਸੋਚਣੀ ਲੋਕਾਂ ਅਗੇ ਰਖੀ। ਕਰਾਚੀ ਸਮਾਗਮ ਬਾਰੇ ਇਕ ਐਡੀਟੋਰੀਅਲ ਨੋਟ ਵਿਚ ( ਮਜ਼ਦੂਰ ਕਿਸਾਨ, 1ਮਈ, 1931, ਉਸ ਵੇਲੇ ਕਿਰਤੀ ਕਮਿਊਨਿਸਟਾਂ ਦੇ ਹਫ਼ਤੇ-ਵਾਰ ਅਖ਼ਬਾਰ ਦਾ ਇਹ ਨਾਂ ਸੀ) ਉਹ ਲਿਖਦਾ: "ਸਰਮਾਏਦਾਰਾਂ ਨੇ ਮਹਾਤਮਾ ਗਾਂਧੀ ਨੂੰ "ਮਹਾਤਮਾਪਨ" ਦਾ ਬੁਰਕਾ ਪਵਾ ਕੇ ਹਿੰਦੁਸਤਾਨ ਦੇ ਜਾਹਲ ਲੋਕਾਂ ਵਿਚ ਉਹਨਾਂ ਦਾ ਦਰਜਾ ਐਨਾ ਉਚਾ ਕਰ ਦਿਤਾ ਹੈ ਕਿ ਜਦ ਮਹਾਤਮਾ ਜੀ ਕਿਧਰੇ ਭਜ ਜਾਣ ਦੀ ਧਮਕੀ ਵੀ ਦਿੰਦੇ ਹਨ ਤਾਂ ਵਹਿਮੀ ਲੋਕ ਇਸ ਗੁਰੂਡ੍ਹਮ ਦੇ ਜਾਲ ਵਿਚ ਫਸ ਕੇ ਇਹ ਗੱਲ ਨਹੀਂ ਸਹਾਰ ਸਕਦੇ। ਇਸ ਕਰਕੇ ਉਹਨਾਂ ਨੂੰ ਮਹਾਤਮਾ ਗਾਂਧੀ ਜੀ ਦੀ ਜ਼ਰੂਰ ਹਿਮਾਇਤ ਕਰਨੀ ਪੈਂਦੀ ਹੈ।
ਉਪਰਲੀ ਟੂਕ ਨੂੰ ਧਿਆਨ ਨਾਲ ਪੜ੍ਹਿਆਂ ਪਤਾ ਚਲੇਗਾ ਕਿ ਐਡੀਟੋਰੀਅਲ ਅਨੁਸਾਰ ਲੋਕਾਂ ਦੇ ਮਨਾਂ ਉਪਰ ਗਾਂਧੀ ਦਾ ਗ਼ਲਬਾ ਹੈ ਕਿਉਂਕਿ ਉਹ 'ਜਾਹਲ' ਤੇ 'ਵਹਿਮੀ' ਹਨ; ਦੂਸਰੇ ਸ਼ਬਦਾਂ ਵਿਚ ਉਹਨਾਂ ਦੀ ਚੇਤਨਤਾ ਦਾ ਪੱਧਰ ਐਨਾ ਪਛੜਿਆ ਹੋਇਆ ਹੈ ਕਿ ਉਹ ਕਾਂਗਰਸ ਜਾਂ ਗਾਂਧੀ ਦਾ ਅਸਲ ਚਿਹਰਾ ਨਹੀਂ ਦੇਖ ਸਕਦੇ। ਪਰ ਨਾਲ ਹੀ ਲਿਖਦੇ ਹਨ ਕਿ 'ਕਾਂਗਰਸ ਲੋਕਾਂ ਨੂੰ ਹੁਣ ਹੋਰ ਬੁਧੂ ਨਹੀਂ ਬਣਾ ਸਕਦੀ ਤੇ ਜਲਦੀ ਹੀ 'ਨੰਗੀ' ਹੋ ਜਾਵੇਗੀ।" ਇਥੇ ਨੰਗਾ ਕਰਨ ਦੇ ਸੰਕਲਪ ਦੇ ਮਤਲਬ ਬਹੁਤ ਸੌੜੇ ਕਢੇ ਗਏ ਸਨ। ਇਹ ਵਿਧੀ ਪਹਿਲਾਂ ਲੋਕਾਂ ਦੀ ਚੇਤੰਨਤਾ ਦਾ ਪੱਧਰ ਉੱਚਾ ਕਰਨ ਤਾਕਿ ਉਹ ਇੰਜ ਨਵੀਂ ਚੇਤੰਨਤਾ ਰਾਹੀਂ ਕਾਂਗਰਸ ਤੇ ਗਾਂਧੀ ਨੂੰ ਵੇਖ ਸਕਣ, ਦੇ ਤੌਰ ਉਤੇ ਸਮਝੇ ਜਾਣ ਦੀ ਬਜਾਏ, ਗਾਂਧੀ ਨੂੰ ਨਿਜੀ ਤੌਰ ਉਤੇ ਏਜੰਟ ਕਹਿ ਕੇ ਭੰਡਣ ਦੇ ਤੌਰ ਉਤੇ ਸਮਝੀ ਗਈ। ਜੇਕਰ ਲੋਕ ਕਮਿਊਨਿਸਟਾਂ ਦੀਆਂ ਇਸ ਪੱਧਰ ਉਤੇ ਗੱਲਾਂ ਸਮਝ ਕੇ ਗਾਂਧੀ ਨੂੰ 'ਵੇਖ' ਸਕਦੇ ਤਾਂ ਉਹ 'ਜਾਹਲ' ਤੇ 'ਵਹਿਮੀ' ਕਾਹਦੇ ਹੋਏ ਸਗੋਂ ਸਿਆਣੇ ਹੋਏ ਜੋ ਸਮਝਾਏ ਤੇ ਦਸੇ ਤੋਂ ਛੇਤੀ ਹੀ ਸਮਝ ਗਏ। ਇੰਜ ਸਮਾਜੀ ਸਮੱਸਿਆਂ ਨੂੰ (ਲੋਕਾਂ ਦੀ ਚੇਤੰਨਤਾ ਦੇ ਪਛੜੇ ਹੋਏ ਪੱਧਰ ਨੂੰ ਉਚਾ ਚੁਕਣ ਦੀ ਬਜਾਏ) ਨਿੱਜੀ ਆਦਮੀ ਦੀ ਸਮੱਸਿਆ ਸਮਝਿਆ ਗਿਆ ਜੋ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਉਹਨਾਂ ਨੂੰ ਬੁਧੂ ਬਣਾ ਕੇ ਉਹਨਾਂ ਦਾ ਲੀਡਰ ਬਣਿਆ ਫਿਰਦਾ ਸੀ। ਸੋ ਨੰਗਾ ਕਰਨ ਦੀਆਂ ਦੋ ਵਿਧੀਆਂ ਸਨ। ਇਕ ਤਾਂ ਉਹਨਾਂ ਲੋਕਾਂ ਦੀ ਚੇਤੰਨਤਾ ਦਾ ਪੱਧਰ ਉਪਰ ਚੁਕਣ ਵਿਚ ਮਦਦ ਕਰਨਾ, ਸਾਮਰਾਜ-ਵਿਰੋਧੀ ਲੋਕ-ਲਹਿਰਾਂ ਛੇੜ ਕੇ। ਹਰ ਪੱਧਰ ਉਤੇ Aੇਹਨਾਂ ਨਾਲ ਰਹਿ ਕੇ ਉਹਨਾਂ ਨੂੰ ਕੇਵਲ ਉੱਨਾ ਹੀ ਅਗਲਾ ਕਦਮ ਚੁਕਣ ਲਈ ਕਹਿਣਾ ਜਿੰਨੀ ਯੋਗਤਾ ਉਹਨਾਂ ਦੀ ਚੇਤੰਨਤਾ ਨੇ ਪਹਿਲਾਂ ਅਖ਼ਤਿਆਰ ਕਰ ਲਈ ਹੋਵੇ; ਦੂਸਰੀ ਵਿਧੀ ਉਹਨਾਂ ਨਾਲ ਲਗ ਕੇ ਇਸ ਲੰਮੀ ਪ੍ਰਕਿਰਿਆਂ ਵਿਚੋਂ ਲੰਘ ਕੇ ਉਹਨਾਂ ਦੇ ਆਪਣੇ ਆਪ ਸੱਚ ਦੇਖ ਸਕਣ ਦੀ ਬਜਾਏ, ਉਹਨਾਂ ਨੂੰ ਕਹਿਣਾ ਕਿ ਸੁਣੋ ਜਿਸ ਆਦਮੀ ਪਿਛੇ ਤੁਸੀਂ ਤੁਰੇ ਹੋ, ਇਹ ਤਾਂ ਤੁਹਾਨੂੰ ਧੋਖਾ ਦੇਵੇਗਾ ਕਿਉਂਕਿ ਇਹ ਸਰਮਾਏਦਾਰਾਂ ਦਾ ਏਜੰਟ ਹੈ। 'ਜਾਹਲ' ਤੇ 'ਵਹਿਮੀ' ਲੋਕ ਅਜਿਹੀ ਗੱਲ ਨੂੰ ਕਦੋਂ ਸਮਝਣਗੇ? ਉਹਨਾਂ ਨੂੰ ਕੀ ਪਤਾ ਇਹ ਕਹਿਣ ਵਾਲੇ ਸੱਚੇ ਮਾਰਕਸਵਾਦੀ ਹਨ ਤੇ ਸੱਚੇ ਸਮਾਜਵਾਦ ਵਿਚ ਯਕੀਨ ਰਖਦੇ ਹਨ। ਜੇਕਰ ਲੋਕ ਇੰਜ ਸਮਝਣ ਵਾਲੇ ਹੁੰਦੇ ਤਾਂ ਇਨਕਲਾਬ ਦਾ ਮਸਲਾ ਕਿੰਨਾ ਅਸਾਨ ਹੋ ਜਾਣਾ ਸੀ!
ਅਸਲ ਵਿਚ ਕਮਿਊਨਿਸਟ ਪਾਰਟੀ ਦੀ ਸਾਰੀ ਨੀਤੀ ਸਰਮਾਏਦਾਰੀ ਤੇ ਉਸ ਦੇ ਖ਼ਿਲਾਫ਼ ਜਦੋਜਿਹਦ ਦੇ ਅਮੂਰਤ ਸੰਕਲਪ ਉਪਰ ਅਧਾਰਤ ਸੀ। ਇਸ ਠੋਸ ਤੱਥ ਦੀ ਬਜਾਏ ਕਿ ਉਹਨਾਂ ਨੂੰ ਕਿਸੇ ਦੇਸ ਦੇ ਸੰਸਾਰ ਸਿਸਟਮ ਵਿਚ ਉਸ ਦੀ ਥਾਂ ਤੋਂ ਚਲਣਾ ਚਾਹੀਦਾ ਹੈ, ਭਾਵ ਬਸਤੀਵਾਦੀ ਦੇਸਾਂ ਦੇ ਸੰਬੰਧ ਵਿਚ ਦਬਾਊ ਕੌਮ ਤੇ ਦਬੀ ਕੌਮ ਦੀ ਧਾਰਨਾ ਤੋਂ ਚਲਣਾ ਚਾਹੀਦਾ ਹੈ, ਉਹ ਚਲਦੇ ਹੀ ਇਥੋਂ ਸਨ ਕਿ ਜਦੋਜਹਿਦ ਸਰਮਾਏਦਾਰੀ ਪਰਬੰਧ ਦੇ ਹੀ ਖ਼ਿਲਾਫ਼ ਹੈ। ਪਰ ਕਿਥੇ ਕਿਥੇ ਤੇ ਉਹਨਾਂ ਦੇ ਆਪਣੇ ਦੇਸ ਵਿਚ ਕਿਸ ਰੂਪ ਵਿਚ-ਇਸ ਸਵਾਲ ਦਾ ਉੱਤਰ ਉਹਨਾਂ ਦੇਣ ਦਾ ਜਤਨ ਕੀ ਕਰਨਾ ਸੀ। ਇਹ ਤਾਂ ਉਹਨਾਂ ਸਾਹਮਣੇ ਸਵਾਲ ਹੀ ਨਹੀਂ ਸੀ। ਮਿਸਾਲ ਲਈ ਵੇਖੋ: "ਸਰਮਾਏਦਾਰੀ ਅਤੇ ਕਿਰਤੀ ਆਦਰਸ਼ ਦਾ ਸਮਝੋਤਾ ਨਾਮੁਮਕਿਨ ਹੈ। ਸਰਮਾਏਦਾਰੀ ਆਪਣੀ ਪੂਰੀ ਉਮਰ ਭੋਗ ਚੁੱਕੀ ਹੈ। ਕੁਲ ਸੰਸਾਰ ਵਿਚ ਕਿਰਤੀ ਜੁਗ ਕਾਇਮ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਇਕ ਐਸੇ ਮੌਕੇ ਉਤੇ ਜਦ ਕਿ ਕਿਰਤੀ ਆਦਰਸ਼ ਦੀ ਕਾਮਯਾਬੀ ਨਜ਼ਰ ਆ ਰਹੀ ਹੋਵੇ, ਸਰਮਾਏਦਾਰੀ ਦੇ ਪੁਜਾਰੀਆਂ ਦੇ ਟੇਟੇ ਵਿਚ ਫਸ ਕੇ ਆਪਣੇ ਕੰਮ ਨੂੰ ਲੰਮਾ ਕਰ ਲੈਣਾ ਸਰਾਸਰ ਹਿਮਾਕਤ ਹੋਵੇਗੀ। ਡੁਬਦੇ ਨੂੰ ਤਿਨਕੇ ਦਾ ਸਹਾਰਾ ਹੁੰਦਾ ਹੈ। ਕਾਂਗਰਸ ਮੁਰਦਾ ਹੋ ਚੁੱਕੀ ਹੈ। ਉਹ ਕਿਰਤੀ ਕਿਸਾਨਾਂ ਨੂੰ ਆਪਣੇ ਜਾਲ ਵਿਚ ਫ਼ਸਾ ਕੇ ਕੁਝ ਦੇਰ ਹੋਰ ਜ਼ਿੰਦਾ ਰਹਿਣਾ ਚਾਹੁੰਦੀ ਹੈ" (ਕਿਰਤੀ, 18 ਫ਼ਰਵਰੀ, 1934)।
ਲੈਨਿਨ ਅਨੁਸਾਰ ਬਸਤੀਵਾਦੀ ਦੇਸਾਂ ਵਿਚ ਘੋਲ ਦੇ ਪਹਿਲੇ ਪੜਾਅ ਵਿਚ ਜਦੋ-ਜਹਿਦ ਸਰਮਾਏਦਾਰੀ ਦੇ ਖ਼ਿਲਾਫ਼ ਨਹੀਂ, ਸਗੋਂ ਜਾਗੀਰਦਾਰੀ ਅਤੇ ਸਾਮਰਾਜ-ਸ਼ਾਹੀ ਦੇ ਖ਼ਿਲਾਫ਼ ਹੋਣੀ ਚਾਹੀਦੀ ਹੈ। ਮਾਉ ਦੀਆਂ ਲਿਖਤਾਂ ਵਿਚ ਇਹ ਸਿਧਾਂਤਕ ਨੁਕਤਾ ਬਿੱਲਕੁਲ ਸਪਸ਼ਟ ਹੈ।
ਲੈਨਿਨ ਨੇ ਸਮਾਰਾਜੀ ਦੇਸ ਦੀ ਅਤੇ ਬਸਤੀਵਾਦੀ ਦੇਸ ਦੀ ਬੁਰਜੁਆਜ਼ੀ ਵਿਚ ਨਿਖੇੜਾ ਕੀਤਾ ਤੇ ਕਿਹਾ ਕਿ ਪਿਛਲੀ ਦਾ ਸੁਭਾਅ ਸਾਮਰਾਜ ਦੇ ਖ਼ਿਲਾਫ਼ ਘੋਲ ਵਿਚ ਦੂਹਰੇ ਸੁਭਾਅ ਵਾਲਾ ਹੁੰਦਾ ਹੈ। ਉਹ ਸਾਮਰਾਜ ਉਤੇ ਦਬਾਅ ਪਾ ਕੇ ਰਿਆਇਤਾਂ ਲੈਣਾ ਚਾਹੁੰਦੀ ਹੈ ਤੇ ਦੂਸਰੇ ਪਾਸੇ ਲੋਕ ਲਹਿਰਾਂ ਦੇ ਚੜ੍ਹਾਅ ਤੋਂ ਡਰਦੀ ਵੀ ਹੈ। ਇਕ ਪਾਸੇ ਇਹ ਲੋਕ-ਲਹਿਰ ਚਾਹੁੰਦੀ ਹੈ, ਪਰ ਆਪਣੇ ਕੰਟਰੋਲ ਹੇਠ ਕਿਉਂਕਿ ਇਸ ਲੋਕ ਲਹਿਰ ਦੀ ਅਣਹੋਂਦ ਕਾਰਨ ਸਾਮਰਾਜ ਕੋਈ ਰਿਆਇਤਾਂ ਨਹੀਂ ਦੇਵੇਗਾ। ਲਹਿਰ ਦੇ ਸ਼ੁਰੂ ਹੋਣ ਤੋਂ ਬਾਅਦ ਹੀ ਲਹਿਰ ਦੇ ਅਗੇ ਵਧ ਜਾਣ ਦਾ ਡਰਾਵਾ ਦੇ ਕੇ ਸਾਮਰਾਜ ਵੱਲ ਸਮਝੋਤੇ ਦਾ ਹੱਥ ਵਧਾਇਆ ਜਾਂਦਾ ਹੈ ਤੇ ਇੰਜ ਹਰ ਲੋਕ-ਉਭਾਰ ਦੇ ਅੰਤ ਉਪਰ (ਜੇਕਰ ਕਮਿਊਨਿਸਟ ਇਸ ਲੋਕ-ਲਹਿਰ ਤੋਂ ਪਰ੍ਹਾਂ ਰਹਿਣਾ ਤਾਂ ਹੋਰ ਉਸ ਦੀ ਕੀ ਖ਼ੁਸ਼ਕਿਸਮਤੀ ਹੋ ਸਕਦੀ ਹੈ? ) ਬੁਰਜਆਜ਼ੀ ਹੋਰ ਮਜ਼ਬੂਤ ਹੋ ਕੇ ਨਿਕਲਦੀ ਹੈ ਤੇ ਦੁਬਾਰਾ ਫਿਰ ਲਹਿਰ ਨੂੰ ਕੰਟਰੋਲ ਰੂਪ ਵਿਚ ਸ਼ੁਰੂ ਕਰਨ ਤੇ ਰੱਖਣ ਵਿਚ ਆਪਣਾ ਹੱਥ ਕਸ ਕੇ ਪਾਉਂਦੀ ਹੈ। ਇਥੇ ਜਿਸ ਦਵੰਦਵਾਦੀ ਵਿਧੀ ਨੂੰ ਸਮਝਣ ਦੀ ਲੋੜ ਹੈ ਉਹ ਇਹ ਹੈ: ਕੌਮੀ ਬੁਰਜੁਆਜ਼ੀ ਦਾ ਜਿਥੇ ਇਕ ਪਾਸੇ ਲੋਕ-ਲਹਿਰ ਬਿਨਾਂ ਨਹੀਂ ਸਰਦਾ ਉਥੇ ਨਾਲ ਹੀ ਉਹ ਲੋਕ-ਲਹਿਰ ਤੋਂ ਡਰਦੀ ਵੀ ਹੈ ਕਿ ਕਿਤੇ ਇਹ ਸਮਝੋਤੇ ਦਾ ਆਧਾਰ ਬਣਨ ਦੀ ਬਜਾਏ ਸਮਝੌਤੇ ਦੀ ਨੀਤੀ ਦੀ ਨੀਂਹ ਹੇਠੋਂ ਹੀ ਇਕ ਇੱਟ ਨਾ ਖਿਸਕਾ ਦੇਵੇ। ਜਦ ਇਹ ਦਵੰਦਵਾਦ ਸਮਝ ਆ ਜਾਵੇ ਤਾਂ ਕਮਿਊਨਿਸਟਾਂ ਦਾ ਉਸ ਵਿਚ ਜੋ ਰੋਲ ਬਣਦਾ ਹੈ, ਉਹ ਸਪੱਸ਼ਟ ਹੋ ਜਾਂਦਾ ਹੈ। ਬੁਰਜੁਆਜ਼ੀ ਦੀ ਲੋਕ-ਲਹਿਰ ਲਈ ਪਰੇਰਨਾ ਤੇ ਜਦ ਲਹਿਰ ਸ਼ੁਰੂ ਹੋ ਜਾਵੇ ਤਾਂ ਉਸ ਨੂੰ ਵੱਧ ਤੋਂ ਵੱਧ ਲੋਕਾਂ (ਖ਼ਾਸ ਕਰ ਕਿਸਾਨਾਂ, ਮਜ਼ਦੂਰਾਂ ਤੱਕ) ਤਕ ਫ਼ਲਾਉਣਾ ਤਾਕਿ ਉਸ ਦਾ ਚੜ੍ਹਾਅ ਤੇ ਵੇਗ ਉਹ ਵਲਗਣਾਂ ਤੋੜ ਕੇ ਅਗੇ ਲੰਘ ਜਾਵੇ ਜਿਸ ਦੇ ਅੰਦਰ ਰਹਿਣ ਨਾਲ, ਲੋਕ-ਲਹਿਰ ਨੂੰ ਬੁਰਜੁਆਜ਼ੀ ਸਮਝੋਤੇ ਲਈ ਵਰਤ ਲਵੇਗੀ ਤੇ ਲੋਕਾਂ ਅਗੇ ਆਪਣਾ ਅਸਲੀ ਚਿਹਰਾ ਵੀ ਨੰਗਾ ਨਹੀਂ ਹੋਣ ਦੇਵੇਗੀ। ਪਰ ਜੇਕਰ ਲੋਕ-ਲਹਿਰ ਦਾ ਵਹਾਅ ਐਨਾ ਤੇਜ਼, ਡੂੰਘਾ ਤੇ ਫ਼ੈਲਿਆ ਹੋਇਆ ਹੋਵੇ ਕਿ ਉਹ ਸੀਮਤ ਹੱਦਾਂ ਤੋਂ ਕਿਤੇ ਅਗੇ ਲੰਘ ਜਾਣ ਵਾਲਾ ਹੋਵੇ ਤਾਂ ਉਸ ਹਾਲਤ ਵਿਚ ਵੀ ਡਾਵਾਂਡੋਲ ਬੁਰਜੁਆਜ਼ੀ ਸਾਮਰਾਜ ਵੱਲ ਸਮਝੌਤੇ ਦਾ ਹੱਥ ਵਧਾਏਗੀ। ਪਰ ਇਸ ਹਾਲਤ ਵਿਚ ਉਹ ਲਹਿਰ ਦੇ ਅਗਾਂਹਵਧੂ ਨਾ-ਸਮਝੌਤੇਵਾਦੀ ਦਸਤਿਆਂ ਅਗੇ ਆਪਣਾ ਅਸਲੀ ਚਿਹਰਾ ਸਾਫ਼ ਦਿਖਾ ਦੇਵੇਗੀ। ਜਦੋਂ ਅਜਿਹੇ ਦਸਤੇ ਇਕ ਪਾਸੇ ਤਾਂ ਅਡੋਲਤਾ ਨਾਲ ਲੜ ਰਹੀ ਖੱਬੇ ਵਿੰਗ ਦੀ ਲੀਡਰਸ਼ਿਪ ਨੂੰ ਵੇਖਣਗੇ ਤੇ ਦੂਸਰੇ ਪਾਸੇ ਸਮਝੌਤੇਵਾਦੀ ਦੀ ਸੱਜੇ ਵਿੰਗ ਨੂੰ ਤਾਂ ਇੰਜ ਹਰ ਵਾਰ ਉਠੀ ਲੋਕ-ਲਹਿਰ ਹੀ ਕਾਂਗ ਵਿਚ ਚੇਤਨਤਾ ਦੀ ਉਚੇਰੀ ਪੱਧਰ ਵਾਲੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾਵੇਗਾ ਤੇ ਇੰਜ ਸੱਜੇ ਵਿੰਗ ਪਿਛੇ ਖੜ੍ਹੀ ਦਬਾਅ ਪਾ ਸਕਣ ਵਾਲੀ ਘੱਟ-ਚੇਤਨਤਾ ਵਾਲੀ ਲਹਿਰ ਖੱਬੇ-ਰੁਖਾ ਖਿਸਕਣ ਲਗੇਗੀ। ਇੰਜ ਸਮਝੌਤੇ ਵਾਦੀ ਵਿੰਗ ਕਮਜ਼ੋਰ ਹੋਵੇਗਾ ਅਤੇ ਖੱਬਾ-ਵਿੰਗ ਮਜ਼ਬੂਤ ਹੋਵੇਗਾ।
ਅਜਿਹੀ ਪ੍ਰਕਿਟਿਆ ਰਾਹੀਂ ਹੀ, ਇਕ ਲੰਮੇ ਸੰਘਰਸ਼ ਵਿਚੋਂ ਲੰਘ ਕੇ ਹੀ, ਲੋਕਾਂ ਦੀ ਚੇਤਨਤਾ ਦਾ ਪੱਧਰ, ਉਹਨਾਂ ਨੂੰ ਲੋਕ-ਲਹਿਰਾਂ ਦੇ ਤਜਰਬੇ ਵਿਚੋਂ ਲੰਘਾਦਿਆਂ ਹੋਇਆਂ, ਉੱਚਾ ਕਰਕੇ ਹੀ ਸੱਜੇ ਵਿੰਗ ਦੀ ਸਮਝੋਤੇਵਾਦੀ ਰੁਚੀ ਤੋਂ ਜਾਣੂ ਕਰਵਾਇਆ ਜਾ ਸਕਦਾ ਸੀ। ਪਰ ਜੇਕਰ ਲੋਕ-ਲਹਿਰ ਦੀ ਚੜ੍ਹਾਈ ਭਾਵ ਲੋਕਾਂ ਦੀ ਸ਼ਮੂਲੀਅਤ ਹੀ ਐਨੀ ਹੋਵੇ ਕਿ ਉਹਦਾ ਦਬਾਅ ਕੌਮੀ ਬੁਰਜੁਆਜ਼ੀ ਦੁਆਰਾ ਚਾਹੀਆਂ ਜਾਣ ਵਾਲੀਆਂ ਹੱਦਾਂ ਦੇ ਅੰਦਰ ਹੀ ਰਹੇ ਤਾਂ ਬੁਰਜੁਆਜ਼ੀ ਜ਼ਰੂਰ ਸਮਝੌਤਾ ਕਰ ਕੇ ਉਸ ਨੂੰ ਆਪਣੇ ਹਿੱਤਾਂ ਲਈ ਵਰਤੇਗੀ। ਉਸ ਹਾਲਤ ਵਿਚ ਕਮਿਊਨਿਸਟਾਂ ਕੋਲ ਇਕੋ ਹੀ ਰਾਹ ਰਹਿੰਦਾ ਹੈ ਕਿ ਆਉਣ ਵਾਲੀ ਕਾਂਗ ਵਿਚ ਉਸ ਦਬਾਅ ਵਿਚ ਵਾਧਾ ਕਰਨ ਭਾਵ ਵੱਧ ਤੋਂ ਵੱਧ ਕਿਸਾਨਾਂ, ਮਜ਼ਦੂਰਾਂ ਨੂੰ ਆਜ਼ਾਦੀ ਦੀ ਲਹਿਰ ਵਿਚ ਸ਼ਾਮਲ ਕਰਕੇ ਲਹਿਰ ਨੂੰ ਮਿਲੀਟੈਂਟ ਰੂਪ ਦੇਣ। ਪਰ ਜੇਕਰ ਕਮਿਊਨਿਸਟ ਲੋਕ-ਲਹਿਰ ਨੂੰ ਸਬਰ ਨਾਲ ਡੂੰਘਾ ਕਰਨ ਦੀ ਬਜਾਏ, ਬੁਰਜੁਆ ਲੀਡਰਜ਼ਿਪ ਨੂੰ ਭੰਡਣ ਲਗ ਪੈਣ ਤੇ ਲੋਕ -ਲਹਿਰ ਤੋਂ ਪਰ੍ਹਾਂ ਹੱਟ ਜਾਣ ਤਾਂ ਇਸ ਤਰ੍ਹਾਂ ਬੁਰਜੁਆਜ਼ੀ ਲਈ ਲੋਕ-ਲਹਿਰ ਉਤੇ ਪਰਭਾਵ ਪਾ ਕੇ ਸਮਝੌਤੇ ਦਾ ਰਾਹ ਸਦਾ ਲਈ ਖੁਲ੍ਹ ਜਾਵੇਗਾ। ਇੰਜ ਆਜ਼ਾਦੀ ਦੀ ਸਮੁੱਚੀ ਲਹਿਰ 'ਸਮਝੌਤਾ-ਦਬਾਅ-ਸਮਝੌਤਾ-ਦਬਾਅ..... ' ਦੀ ਲੰਮੀ ਪ੍ਰੁਕਰਿਆ ਹੋ ਨਿਬੜੇਗੀ। ਇਹੀ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਇਤਿਹਾਸ ਹੈ।
ਮਿਸਾਲ ਲਈ ਅਸੀਂ ਵੇਖਿਆ ਹੈ ਕਿ ਭਾਰਤ ਦੇ ਕਮਿਊਨਿਸਟ ਪਹਿਲਾਂ ਤਾਂ ਇਹੀ ਕਹਿੰਦੇ ਰਹੇ ਕਿ ਬੁਰਜੁਆਜ਼ੀ ਲੋਕ-ਲਹਿਰ ਸ਼ੁਰੂ ਹੀ ਨਹੀਂ ਕਰੇਗੀ, ਪਰ ਜਦ ਉਸ ਦੇ ਕੰਟਰੋਲ ਰੂਪ ਵਿਚ 1930-31 ਵਿਚ ਸ਼ੁਰੂ ਕੀਤੀ ਤਾਂ ਉਹਨਾਂ ਨੇ ਇਸ ਵਿਚ ਭਾਗ ਹੀ ਨਹੀਂ ਲਿਆ। ਇੰਜ ਲਹਿਰ ਦੇ ਅੰਤ ਵਿੱਚ ਬੁਰਜੁਆਜ਼ੀ ਨੇ ਬਿਨਾਂ ਕਿਸੇ ਡਰ ਅਤੇ ਝਿਜਕ ਦੇ ਲਹਿਰ ਨੂੰ ਸਮਝੌਤੇ ਲਈ ਵਰਤ ਲਿਆ। ਜੇਕਰ ਕਮਿਊਨਿਸਟਾਂ ਨੇ ਇਸ ਵਿਚ ਅਗੇ ਵੱਧ ਕੇ ਭਾਗ ਲਿਆ ਹੁੰਦਾ ਤਾਂ ਲਹਿਰ ਦੇ ਅੰਤ ਵਿਚ ਉਨ੍ਹਾਂ ਕਾਫ਼ੀ ਤਾਕਤਵਾਰ ਹੋਣਾ ਸੀ। ਸਮਝੌਤਾ ਉਸ ਵੇਲੇ ਵੀ ਹੁੰਦਾ, ਪਰ ਉਸ ਵੇਲੇ ਉਹ ਗਾਂਧੀ ਉਪਰ ਇਹ ਦਬਾਅ ਪਾ ਸਕਦੇ ਸਨ ਕਿ ਸਮਝੌਤੇ ਵਿਚ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਰਿਹਾਈ ਦੀ ਸ਼ਰਤ ਜ਼ਰੂਰ ਹੋਵੇ। ਉਸ ਹਾਲਤ ਵਿਚ ਸੱਜੇ ਵਿੰਗ ਲਈ ਸਮਝੋਤਾ ਉਹਨਾਂ ਮੱਦਾਂ ਉਪਰ ਕਰਨਾ ਆਸਾਨ ਨਾ ਹੁੰਦਾ ਜਿੰਨਾ ਉਪਰ ਉਹ ਹੋਇਆ। ਇੰਜ ਸਮਝੌਤਾ ਸਿਆਸਤ ਵਿਚ ਹਥਿਆਰ ਵਜੋਂ ਵਰਤਿਆ ਗਿਆ ਹੁੰਦਾ।
ਕੇਵਲ ਲੈਨਿਨ ਦੀ Aੁਪਰ ਦਸੀ ਗਈ ਠੋਸ ਧਾਰਨਾ ਦੇ ਆਧਾਰ ਉਤੇ ਹੀ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਸਾਮਰਾਜ ਦੇ ਵਿਰੁਧ ਸੰਘਰਸ਼ ਵਿਚੋਂ ਉਪਜੀ ਕੌਮੀ ਚੇਤਨਤਾ ਦੀ ਪਰਾਪਤੀ ਤੋਂ ਬਾਅਦ ਹੀ ਲੋਕੀਂ ਸਮਾਜਵਾਦ ਦੇ ਸੰਕਲਪ ਤੇ ਸਰਮਾਏਦਾਰੀ ਦੀ ਲੁੱਟ ਨੂੰ ਭਾਵ ਸਮਾਜਵਾਦੀ ਚੇਤਨਤਾ ਨੂੰ ਗ੍ਰਹਿਣ ਕਰਨ ਵੱਲ ਵਧਣੇ ਸਨ। ਇੰਜ ਸਮਾਜਵਾਦ ਵੱਲ ਕਿੰਨੀ ਕੁ ਲਹਿਰ ਦਾ ਰੁਖ ਸੀ, ਇਹਨਾਂ ਗੱਲਾਂ ਉਤੇ ਨਿਰਭਰ ਕਰਦਾ ਸੀ: (1) ਕਿੰਨੀ ਕੁ ਵਿਸ਼ਾਲ ਜਨਤਾ ਨੇ ਸਾਮਰਾਜ-ਵਿਰੋਧੀ ਲਹਿਰ (ਭਾਵ ਕੌਮੀ ਚੇਤਨਤਾ ਗ੍ਰਹਿਣ ਕਰਨ ਦੀ ਪ੍ਰਕਿਰਿਆ) ਵਿੱਚ ਹਿੱਸਾ ਪਾਇਆ ਹੈ (2) ਇਸ ਵਿਸ਼ਾਲਤਾ ਦੀ ਡੂੰਘਾਈ ਕਿੰਨੀ ਕੁ ਹੈ ਭਾਵ ਕਿਹੜੇ ਤਬਕੇ (ਕਿਸਾਨ, ਮਜ਼ਦੂਰ, ਮੱਧ-ਸ਼੍ਰੇਣੀ) ਦਾ ਰੋਲ ਵਧੇਰੇ ਪਰਭਾਵਸ਼ਾਲੀ ਤੇ ਮਿਲੀਟੈਂਟ ਹੈ। ਸੋ ਬਸਤੀਵਾਦੀ ਦੇਸਾਂ ਵਿਚ ਸਮਾਜਵਾਦੀ ਚੇਤਨਤਾ ਵੱਲ ਰਾਹ ਕੌਮੀ ਚੇਤਨਤਾ ਦੀ ਪਰਾਪਤੀ ਵਿਚੋਂ ਹੀ ਲੰਘਦਾ ਸੀ। ਨਾ ਕਿ ਕੌਮੀ ਚੇਤਨਤਾ ਦਾ ਸਮਾਜਵਾਦੀ ਚੇਤਨਤਾ ਨਾਲ ਵਿਰੋਧ ਸੀ ਜਿਵੇਂ ਕਿ ਕਮਿਊਨਿਸਟ ਸਮਝਦੇ ਸਨ। ਉਸ ਵੇਲੇ ਪੰਜਾਬ ਦੇ ਪਿੰਡਾਂ ਵਿਚ ਚੇਤਨਤਾ ਦਾ ਪੱਧਰ ਐਨਾ ਪਛੜਿਆ ਹੋਇਆ ਸੀ ਕਿ ਜੋ ਲੋਕ ਕੱਟੜ-ਪੰਥੀ ਨਹੀਂ ਹਨ, ਉਹਨਾਂ ਨੂੰ ਇਹ ਸਪੱਸ਼ਟ ਨਜ਼ਰ ਆਉਂਦਾ ਸੀ। ਉਹ ਵੇਖ ਰਹੇ ਸਨ ਕਿ ਕਿਰਤੀ ਪਾਰਟੀ ਦੇ ਸਰਮਾਏਦਾਰੀ ਦੇ ਖ਼ਿਲਾਫ਼ ਅਮੂਰਤ ਪਰਾਪੇਗੰਡੇ (ਤੇ ਇੰਜ ਕਾਂਗਰਸ ਦੇ ਖ਼ਿਲਾਫ਼ ਪਰਾਪੇਗੰਡੇ ਕਿਉਂਕਿ ਉਹ ਉਸ ਨੂੰ ਸਰਮਾਏਦਾਰਾਂ ਦੀ ਪਾਰਟੀ ਸਮਝਦੇ ਸਨ। ) ਦਾ ਲੋਕਾਂ ਦੇ ਕੱਖ ਪਿੜ ਪੱਲੇ ਨਹੀਂ ਸੀ ਪੈ ਰਿਹਾ। ਪ੍ਰਸਿੱਧ ਦੇਸਭਗਤ ਹਰਨਾਮ ਸਿੰਘ ਟੁੰਡੀਲਾਟ ਅਜਿਹੇ ਲੋਕਾਂ ਵਿਚੋਂ ਇਕ ਸਨ। ਕਿਰਤੀ ਵਿਚ ਆਪਣੇ ਇਕ ਲੇਖ (2 ਅਪਰੈਲ, 1934) ਵਿਚ ਉਹ ਲਿਖਦੇ ਹਨ:
"ਏਸ ਵਕਤ ਕਿਸਾਨਾਂ ਉਪਰ ਮਜ਼ਹਬੀ ਧੜੇ ਦੇ ਗੰਦੇ ਪਰਚਾਰ ਦਾ ਇਤਨਾ ਬਹੁਤਾ ਅਸਰ ਹੈ ਕਿ ਕਿਰਤੀ ਆਗੂਆਂ ਦੇ ਪਰਚਾਰ ਨੂੰ ਉਹ ਸਮਝ ਹੀ ਨਹੀਂ ਸਕਦੇ। ਐਸੀ ਹਾਲਤ ਵਿਚ ਮਜ਼ਹਬੀ ਧੜੇ ਦੀ ਹਸਤੀ ਨੂੰ ਅਲਗ ਹਸਤੀ ਮੰਨਣ ਤੋਂ ਇਨਕਾਰ ਕਰਨਾ ਕਿਰਤੀ ਲਹਿਰ ਦੀ ਕਾਮਯਾਬੀ ਦੇ ਸਮੇਂ ਨੂੰ ਲੰਮਾ ਕਰਨਾ ਹੋਵੇਗਾ। ਸਾਥੀ ਗੜਗਜ ਜੀ ਅਤੇ ਕਿਰਤੀ ਆਗੂਆਂ ਨੂੰ ਏਹ ਬਾਤ ਮਾਲੂਮ ਹੋਣੀ ਚਾਹੀਦੀ ਹੈ ਕਿ ਇਹਨਾਂ ਦੇ ਅੱਠ ਦਸ ਵਰ੍ਹੇ ਦੇ-ਪਰਚਾਰ ਨਾਲ ਅਜੇ ਤਕ ਪਿੰਡਾਂ ਦੇ ਕਿਸਾਨਾਂ ਨੂੰ ਤੇ ਪੰਜਾਬੀ ਸ਼ਹਿਰਾਂ ਦੇ ਕਿਰਤੀਆਂ ਨੂੰ ਸੌ ਵਿਚੋਂ ਇਕ ਨੂੰ ਵੀ ਸਰਮਾਏਦਾਰੀ ਪਰਬੰਧ ਦੀ ਵਾਕਫ਼ੀਅਤ ਨਹੀਂ ਹੋਈ ਤੇ ਮਜ਼ਹਬੀ ਪਰਚਾਰ ਦਾ ਅਸਰ ਉਹਨਾਂ ਦੇ ਦਿਮਾਗ਼ ਉਪਰ ਪੂਰੀ ਤਰ੍ਹਾਂ ਆਪਣਾ ਅਸਰ ਜਮਾਈ ਬੈਠਾ ਹੈ। ਕਿਰਤੀ ਕਿਸਾਨਾਂ ਨੂੰ ਸਰਮਾਏਦਾਰੀ ਪਰਬੰਧ ਦੀ ਅਸਲੀਅਤ ਸਮਝਾਉਣ ਵਾਸਤੇ, ਮਜ਼ਹਬੀ ਪਰਚਾਰ ਦੇ ਅਸਰ ਨੂੰ ਉਹਨਾਂ ਦੇ ਦਿਮਾਗ਼ ਵਿਚੋਂ ਬਾਹਰ ਕੱਢਣ ਜਾਂ ਪਤਲਾ ਕਰਨ ਦੀ ਲੋੜ ਹੈ। ਪਿੰਡਾਂ ਤੇ ਸ਼ਹਿਰਾਂ ਦੇ ਆਮ ਕਿਰਤੀ ਸਰਮਾਏਦਾਰੀ ਦੇ ਵਿਰੁੱਧ ਪਰਚਾਰ ਨੂੰ ਨਾ ਚੰਗੀ ਤਰ੍ਹਾਂ ਸੁਣਦੇ ਹਨ ਤੇ ਨਾ ਹੀ ਚੰਗੀ ਤਰ੍ਹਾਂ ਸਮਝਦੇ ਹਨ। ਮਸਲਨ, ਜੇਕਰ ਕਿਸੇ ਕਿਰਤੀ ਕਿਸਾਨ ਨੂੰ ਇਹ ਆਖਿਆ ਜਾਵੇ, ਭਰਾਵਾ ਤੇਰੀ ਕਮਾਈ ਨੂੰ ਸਰਮਾਏਦਾਰ ਜਾਂ ਹੋਰ ਕਈ ਪਰਕਾਰ ਦੇ ਵੇਹਲੜ ਲੋਕ ਖਾਈ ਜਾਂਦੇ ਹਨ, ਏਸ ਕਰਕੇ ਤੂੰ ਗ਼ਰੀਬ ਹੋ ਗਿਆ ਏਂ ਜਾਂ ਤੇਰੀ ਹਾਲਤ ਮੰਦੀ ਹੋ ਗਈ ਹੈ, ਤਦ ਉਹ ਭਲਾ ਲੋਕ ਅਗੋਂ ਇਹ ਉਤਰ ਦੇਵੇਗਾ ਕਿ ਨਹੀਂ, ਮੇਰੀ ਕਿਸਮਤ ਮੇਰੇ ਨਾਲ ਹੈ, ਮੈਂ ਆਪਣੇ ਕਰਮਾਂ ਨਾਲ ਜਾਂ ਪਿਛਲੇ ਜਨਮ ਦੇ ਕਰਮਾਂ ਨਾਲ ਗ਼ਰੀਬ ਹੋਇਆ ਹਾਂ ਤੇ ਅਮੀਰ ਆਦਮੀ ਪਿਛਲੇ ਜਨਮ ਦੇ ਕਰਮਾਂ ਨਾਲ ਅਮੀਰ ਬਣਿਆ ਹੋਇਆ ਹੈ। ਇਸ ਤਰ੍ਹਾਂ ਦੀ ਜ਼ਹਿਨੀਅਤ ਰਖਦਾ ਹੋਇਆ ਉਹ ਕਦੀ ਵੀ ਨਹੀਂ ਮੰਨ ਸਕਦਾ ਕਿ ਉਹਦੀ ਗ਼ਰੀਬੀ ਦਾ ਕਾਰਨ ਸਰਮਾਏਦਾਰੀ ਪਰਬੰਧ ਹੈ। ਇਹ ਇਕ ਬਿਲਕੁਲ ਨਿੱਕੀ ਜਿਹੀ ਮਿਸਾਲ ਬੋਹਲ ਵਿਚੋਂ ਇਕ ਦਾਣੇ ਦੇ ਸਮਾਨ ਦਿਤੀ ਗਈ ਹੈ। ਅਖ਼ੀਰ ਵਿਚ ਮੈਂ ਕਿਰਤੀ ਲਹਿਰ ਦੇ ਆਗੂਆਂ ਨੂੰ ਇਹ ਦਸਣਾ ਚਾਹੁੰਦਾ ਹਾਂ ਕਿ ਜਦ ਤਕ ਫ਼ਿਰਕੇਦਾਰੀ ਕਾਇਮ ਹੈ, ਤਦ ਤਕ ਕਿਰਤੀ-ਕਿਸਾਨ ਜਥੇਬੰਦੀ ਕਦੀ ਵੀ ਕਾਮਯਾਬ ਨਹੀਂ ਹੋ ਸਕੇਗੀ ਕਿਉਂਕਿ ਹਰ ਇਕ ਸਿੱਖ ਕਿਰਤੀ ਕਿਸਾਨ, ਹਿੰਦੂ ਕਿਰਤੀ ਕਿਸਾਨ ਤੇ ਮੁਸਲਮਾਨ ਕਿਰਤੀ ਕਿਸਾਨ ਨੂੰ ਉਹਨਾਂ ਦਾ ਆਪਣਾ ਮਜ਼ਹਬ ਇਕ ਜਗ੍ਹਾ ਇਕੱਤਰ ਹੋਣ ਤੋਂ ਰੋਕਦਾ ਹੈ। ਐਸੀ ਹਾਲਤ ਵਿਚ ਸਾਥੀ ਗੜਗਜ ਜੀ ਕਿਸ ਦੀ ਜਥੇਬੰਦੀ ਕਰਨਗੇ ਤੇ ਕਿਰਤੀ ਆਗੂ ਕਿਸ ਦੀ ਅਗਵਾਈ ਕਰਨਗੇ? ," ਸੋ ਲੋੜ ਪਹਿਲਾਂ ਫਿਰਕਾਪਰਸਤ ਤੇ ਇਲਾਕਾਈ ਚੇਤਨਤਾ ਤੋਂ ਉਪਰ ਉਠ ਕੇ ਕੌਮੀ ਚੇਤਨਤਾ ਗ੍ਰਹਿਣ ਕਰਨ ਦੀ ਸੀ। ਕੇਵਲ ਅਜਿਹੀ ਚੇਤਨਤਾ ਨਾਲ ਹੀ ਅਗੇ ਸਮਾਜਵਾਦੀ ਚੇਤਨਤਾ *ਵੱਲ ਵਧਿਆ ਜਾ ਸਕਦਾ ਸੀ।
ਕਿਉਂਕਿ ਪੰਜਾਬ ਵਿਚ 1930 ਤਕ ਵਧੇਰੇ ਕਰਕੇ ਮੱਧ-ਸ਼੍ਰੇਣੀ ਨੇ ਹੀ ਸਾਮਰਾਜ-ਵਿਰੋਧੀ ਲਹਿਰ ਵਿਚ ਭਾਗ ਲਿਆ ਸੀ (ਇਸ ਸੀਮਤ ਡੈਮੋਕਰੈਟਿਕ ਲਹਿਰ ਵਿਚੋਂ ਹੀ ਅਗੇ ਵਧ ਕੇ ਥੋੜੇ ਜਿਹੇ ਲੋਕ ਨੇ ਸਮਾਜਵਾਦੀ ਚੇਤਨਤਾ ਗ੍ਰਹਿਣ ਕੀਤੀ ਸੀ) ਇੰਜ ਡੈਮੋਕਰੈਕਿਟ ਲਹਿਰ ਦਾ ਘੇਰਾ ਸੀਮਤ ਹੋਣ ਕਾਰਨ ਇਥੇ ਖੱਬੇ-ਪੱਖੀ ਗਰੁਪ ਪਹਿਲਾਂ ਹੀ ਆਪਣੇ ਆਪ ਵਿਚ ਛੋਟਾ ਸੀ, ਪਰ ਅਗੇ ਫੇਰ ਇਹ 'ਨਿਰੋਲ-ਸਮਾਜਵਾਦੀ' ਤੇ 'ਨਿਰੋਲ-ਕੌਮਵਾਦੀ' ਵਿਚਾਰਾਂ ਵਿਚ ਆਪਾ-ਵਿਰੋਧ ਦੀ ਗਲਤ ਨੀਤੀ ਅਪਣਾਉਣ ਕਾਰਨ ਵੰਡਿਆ ਗਿਆ ਸੀ। 1934 ਦੇ ਸ਼ੁਰੂ ਵਿਚ ਜਦ ਕਮਿਊਨਿਸਟ ਪਾਰਟੀ ਉਤੇ ਪਾਬੰਦੀ ਲਗੀ ਤਾਂ ਪੰਜਾਬ ਦੇ 10 ਕਮਿਊਨਿਸਟਾਂ ਨੇ' 17 ਘੰਟਿਆਂ ਦੀ ਗਰਮਾ-ਗਰਮ ਬਹਿਸ ਤੋਂ ਬਾਅਦ' 'ਸ਼ਹਿਨਸ਼ਾਹੀਅਤ ਦੇ ਵਿਰੁੱਧ ਲੀਗ' ਬਣਾਈ ਤਾਂ ਰਾਮ ਕਿਸ਼ਨ ਬੀ. ਏ. ਨੇ ਇਸ ਜਥੇਬੰਦੀ ਦਾ ਇਹ ਕਹਿਕੇ ਵਿਰੋਧ ਕੀਤਾ ਕਿ ਇਹ 'ਕੇਵਲ ਚੋਟੀ ਦੀ ਜਥੇਬੰਦੀ ਹੈ, ਜਿਸ ਦੀਆਂ ਜੜਾਂ ਆਮ ਲੋਕਾਂ ਵਿਚ ਫੈਲੀਆਂ ਹੋਈਆਂ ਨਹੀਂ ਸਨ' । ਰਾਮ ਕਿਸ਼ਨ ਦੇ ਇਸ ਇਤਰਾਜ ਦਾ ਫੀਰੋਜ਼ਉਦੀਨ ਮਨਸੂਰ ਨੇ ਇਹ ਉੱਤਰ ਦਿਤਾ: "ਪਰ ਸਾਥੀ ਰਾਮ ਕਿਸ਼ਨ ਹੀ ਜ਼ਰਾ ਇਹ ਤੇ ਦੱਸਣ, ਕਿ ਜੇ ਸ਼ਹਿਨਸ਼ਾਹੀਅਤ ਵਿਰੁਧ ਲੀਗ' ਆਪੇ ਬਣੀ ਤੇ ਕੇਵਲ ਇਕ ਚੋਟੀ ਦੀ ਜਥੇਬੰਦੀ ਹੈ ਤਾਂ ਕਿਰਤੀ ਕਿਸਾਨ ਪਾਰਟੀ ਤੇ ਨੌਜਵਾਨ ਭਾਰਤ ਸਭਾ ਕੀ ਅਜਿਹੀਆਂ ਨਹੀਂ ਹਨ? ਹਕੀਕਤ ਤੋਂ ਰੰਗੀਨ ਤੇ ਖ਼ੁਸ਼ਨੁਮਾ ਪਰਦਾ ਲਾਂਭੇ ਕਰਕੇ ਜ਼ਰਾ ਸੋਚੋ ਤੇ ਸਹੀ ਕਿ ਕਿਰਤੀ ਕਿਸਾਨ ਪਾਰਟੀ ਤੇ ਨੌਜਵਾਨ ਭਾਰਤ ਸਭਾ ਆਮ ਲੋਕਾਂ ਤੋਂ ਕੋਹਾਂ ਹੀ ਦੂਰ ਤੇ ਅਲਗ ਕੁਝ ਇਕ ਬੰਦਿਆਂ ਉਤੇ ਨਿਰਭਰ ਨਹੀਂ ਹਨ?" (ਕਿਰਤੀ, 2 ਅਪਰੈਲ, 1934)।
ਇੰਜ ਰਾਮ ਕਿਸ਼ਨ ਤੇ ਫੀਰੋਜ਼Aੁਦੀਨ ਮਨਸੂਰ ਨੇ ਮਿਲ ਕੇ ਪੂਰਾ ਸੱਚ ਸਾਡੇ ਸਾਹਮਣੇ ਪੇਸ਼ ਕਰ ਦਿਤਾ। ਖੱਬਾ-ਵਿੰਗ ਛੋਟੇ ਛੋਟੇ ਗਰੁਪਾਂ ਵਿਚ ਵੰਡਿਆ, ਲੋਕਾਂ ਤੋਂ ਦੂਰ ਸੀ ਜੋ ਇਕ ਦੂਸਰੇ ਨੂੰ ਆਪਣੇ ਨਾਲੋਂ 'ਨਿਰੋਲ-ਸਮਾਜਵਾਦੀ ਹੋਣ ਦੇ ਆਧਾਰ' ਤੇ ਨਿਖੇੜਦੇ ਸਨ ਤੇ 'ਅਸਲੀ ਸਮਾਜਵਾਦੀ' ਹੋਣ ਦੇ ਅਭਿਮਾਨ ਨਾਲ ਫੁੱਲੇ ਨਹੀਂ ਸਨ ਸਮਾਂਉਂਦੇ।
ਖੱਬੇ ਵਿੰਗ ਵਿਚ 'ਨਿਰੋਲ-ਸਮਾਜਵਾਦੀ ਵਿਚਾਰਾਂ' ਵਾਲੇ ਭਾਵ ਕਮਿਊਨਿਸਟਾਂ ਤੋਂ ਬਿਨਾਂ ਇਕ ਹੋਰ ਰੁਝਾਨ ਵੀ ਸੀ। ਇਸ ਵਿਚ ਡਾ. ਸਤਿਆਪਾਲ, ਮਾਸਟਰ ਮੋਤਾ ਸਿੰਘ, ਬਾਬਾ ਗੁਰਦਿਤ ਸਿੰਘ ਕਾਮਾਗਾਟਾ ਮਾਰੂ ੁਤੇ ਨੌਜਵਾਨ ਭਾਰਤ ਸਭਾ ਦੇ ਕੁਝ ਲੋਕ ਸ਼ਾਮਿਲ ਸਨ। ਉਹ ਅਜੇ ਵੀ ਕਾਂਗਰਸ ਦਾ ਖੱਬਾ ਵਿੰਗ ਰਹਿ ਕੇ ਕੰਮ ਕਰਨ ਉਪਰ ਜ਼ੋਰ ਦੇ ਰਹੇ ਸਨ ਤੇ ਕਮਿਊਨਿਸਟਾਂ ਨਾਲ ਸਹਿਮਤ ਹੋ ਕੇ ਕਾਂਗਰਸ ਨਾਲ ਮੁਕੰਮਲ ਵਿਛੋੜਾ ਪਾਉਣ ਲਈ ਤਿਆਰ ਨਹੀਂ ਸਨ। ਕਮਿਊਨਿਸਟਾਂ ਦੀ ਇਸ ਨਵੀਂ ਲਾਈਨ ਦਾ ਸਿੱਟਾ ਇਹ ਨਿਕਲਿਆ: (1) ਸਾਮਰਾਜ-ਵਿਰੋਧੀ ਡੈਮੋਕਰੈਟਿਕ ਲਹਿਰ ਕਮਜ਼ੋਰ ਹੋ ਗਈ ਕਿਉਂਕਿ ਜਿਨਾਂ ਲੋਕਾਂ ਨੇ ਕਾਂਗਰਸ ਦੇ ਖੱਬੇ ਵਿੰਗ ਵਜੋਂ 1928-29 ਦੇ ਘੋਲ ਵਿਚ ਵੱਧ ਚੜ੍ਹ ਕੇ ਹਿੱਸਾ ਲਿਆ ਸੀ, ਉਹ ਕਾਂਗਰਸ ਦੇ ਵਿਰੋਧ ਵਿਚ ਖੜੇ ਸਨ। (2) ਖੱਬੇ ਪੱਖੀ ਲਹਿਰ ਛੋਟੀ ਤਾਂ ਪਹਿਲਾਂ ਹੀ ਸੀ, ਪਰ ਹੁਣ ਅਗੇ ਹੋਰ ਛੋਟੇ ਛੋਟੇ ਟੁਕੜਿਆਂ ਵਿਚ ਵੰਡੀ ਗਈ। * (3) ਇੰਜ ਲੋੜ ਮਹਿਸੂਸ ਕੀਤੇ ਹੋਣ ਦੇ ਬਾਵਜੂਦ ਵੀ ਫੁੱਟ ਕਾਰਨ ਕਿਸਾਨਾਂ ਦੇ ਮਸਲਿਆਂ ਨੂੰ ਲੈ ਕੇ ਕੇਂਦਰੀ ਜਥੇਬੰਦੀ ਖੜੀ ਕਰਨ ਵਿਚ ਕਾਮਯਾਬੀ ਹਾਸਿਲ ਨਾ ਹੋ ਸਕੀ। ਅਸੀਂ ਅਗੇ ਵੇਖਾਂਗੇ ਕਿ ਅਜਿਹਾਂ ਸੰਗਠਨ ਉਸ ਵੇਲੇ ਹੀ ਸੰਭਵ ਹੋ ਸਕਿਆ ਜਦ 1936 ਵਿਚ ਕਮਿਊਨਿਸਟਾਂ ਦੇ ਮੁੜ ਲਾਈਨ ਬਦਲ ਲੈਣ ਕਾਰਨ ਤੇ 1929 ਤੋਂ ਪਹਿਲਾਂ ਵਾਂਗ ਕਾਂਗਰਸ ਵਿਚ ਮੁੜ ਸ਼ਾਮਿਲ ਹੋਣ ਕਾਰਨ ਖੱਬੇ-ਪੱਖੀ ਲਹਿਰ ਵਿਚ ਏਕਤਾ ਕਾਇਮ ਹੋਈ। ਦੇਸ ਦੇ ਬਾਕੀ ਹਿੱਸਿਆਂ ਵਿ ਵੀ ਕਮਿਊਨਿਸਟਾਂ ਦਾ ਅਜਿਹਾ ਹੀ ਹਾਲ ਸੀ।


No comments:

Post a Comment