Sunday, December 5, 2010

ਰਾਡੀਆ ਟੇਪਾਂ ਦੇ ਇੰਕਸ਼ਾਫ਼-ਪ੍ਰਫੁੱਲ ਬਿਦਵਈ


ਬੁਰੀ ਤਰ੍ਹਾਂ ਗਲ-ਸੜ ਚੁੱਕਾ ਹੈ ਰਾਜਨੀਤਕ ਪ੍ਰਬੰਧ

2-ਜੀ ਸਪੈਕਟਰਮ ਘੁਟਾਲੇ ਦੇ ਪੈ ਰਹੇ ਰੌਲੇ-ਰੱਪੇ ਵਿਚ ਇਕ ਹੋਰ ਸਕੈਂਡਲ ਦਾ ਸਦਮੇ ਭਰਪੂਰ ਖੁਲਾਸਾ ਹੋਇਆ ਹੈ ਜੋ ਕਿ ਪਹਿਲੇ ਘੁਟਾਲੇ ਨਾਲ ਹੀ ਜੁੜਿਆ ਹੈ। ਇਹ ਮਹੱਤਵਪੂਰਨ ਨੀਤੀਗਤ ਫ਼ੈਸਲਿਆਂ ਅਤੇ ਮੰਤਰੀ ਪੱਧਰ ਦੀਆਂ ਨਿਯੁਕਤੀਆਂ ਨੂੰ ਪ੍ਰਭਾਵਿਤ ਕਰਨ ਲਈ ਵੱਡੇ ਕਾਰਪੋਰੇਟ ਘਰਾਣਿਆਂ, ਰਾਜਸੀ ਪਾਰਟੀਆਂ ਤੇ ਮੀਡੀਆ ਦੇ ਗਠਜੋੜ ਨਾਲ ਸੰਬੰਧਿਤ ਹੈ। 'ਆਉਟਲੁਕ' ਅਤੇ 'ਓਪਨ' ਮੈਗਜ਼ੀਨਾਂ ਨੇ ਟਾਟਾ ਤੇ ਮੁਕੇਸ਼ ਅੰਬਾਨੀ ਗਰੁੱਪ ਲਈ ਜੋੜ-ਤੋੜ ਕਰਨ ਵਾਲੀ ਨੀਰਾ ਰਾਡੀਆ ਅਤੇ ਅਨੇਕਾਂ ਪੱਤਰਕਾਰਾਂ, ਸਨਅਤਕਾਰਾਂ ਅਤੇ ਸਿਆਸਤਦਾਨਾਂ ਵਿਚਕਾਰ ਫੋਨ 'ਤੇ ਸਮੇਂ-ਸਮੇਂ ਹੋਈ ਗੱਲਬਾਤ ਦੇ ਕੁਝ ਹਿੱਸਿਆਂ ਨੂੰ ਲਿਖਤੀ ਰੂਪ 'ਚ ਪ੍ਰਕਾਸ਼ਿਤ ਕੀਤਾ ਹੈ। ਇਹ ਗੱਲਬਾਤ ਦਰਸਾਉਂਦੀ ਹੈ ਕਿ ਕਿਵੇਂ ਪੱਤਰਕਾਰ ਆਪਣੇ ਪੇਸ਼ੇ ਦੀਆਂ ਨੈਤਿਕ ਹੱਦਾਂ ਲੰਘ ਕੇ ਸਿਆਸੀ ਭੂਮਿਕਾ ਅਦਾ ਕਰਦੇ ਹਨ। ਇਹ ਗੱਲਬਾਤ ਰਾਡੀਆ ਦੀ ਪ੍ਰਭਾਵਸ਼ਾਲੀ ਤਾਣੇ-ਬਾਣੇ ਨੂੰ ਸਿਰਜਣ ਦੀ ਨਿਪੁੰਨਤਾ ਅਤੇ ਪ੍ਰਭਾਵ ਨੂੰ ਦਰਸਾਉਂਦੀ ਹੈ ਜਿਸ ਦੇ ਜ਼ਰੀਏ ਹੋਰਾਂ ਵਾਂਗ 'ਹਿੰਦੁਸਤਾਨ ਟਾਈਮਜ਼' ਦੇ ਵੀਰ ਸੰਘਵੀ ਅਤੇ ਐਨ. ਡੀ. ਟੀ. ਵੀ. ਦੀ ਬਰਖਾ ਦੱਤ ਨੂੰ ਇਕ ਅਜਿਹੇ ਵਿਚੋਲਿਆਂ ਵਜੋਂ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਸੀ, ਜੋ ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਸਾਂਝਾ ਪ੍ਰਗਤੀਸ਼ੀਲ ਗਠਜੋੜ ਸਰਕਾਰ ਵਿਚ ਅਹਿਮ ਮੰਤਰਾਲਿਆਂ ਦੀ ਵੰਡ ਨੂੰ ਪ੍ਰਭਾਵਿਤ ਕਰਨ। ਇਸ ਯਤਨ ਦਾ ਮੁੱਖ ਉਦੇਸ਼ ਏ. ਰਾਜਾ ਨੂੰ ਦੂਰਸੰਚਾਰ ਮਹਿਕਮਾ ਦਿਵਾਉਣਾ ਸੀ।
ਦੂਜੇ ਮਾਮਲੇ ਦਾ ਸਬੰਧ, ਮੁਕੇਸ਼ ਤੇ ਅਨਿਲ ਅੰਬਾਨੀ ਵਿਚਕਾਰ ਚਲਦੇ ਝਗੜੇ 'ਤੇ ਜੂਨ 2009 ਵਿਚ ਬੰਬਈ ਹਾਈ ਕੋਰਟ ਦੇ ਆਏ ਫ਼ੈਸਲੇ ਨਾਲ ਸੀ। ਇਹ ਝਗੜਾ ਕ੍ਰਿਸ਼ਨਾ-ਗੋਦਾਵਰੀ ਨਦੀ ਖੇਤਰ ਵਿਚੋਂ ਨਿਕਲਦੀ ਕੁਦਰਤੀ ਗੈਸ ਦੀ ਵੰਡ ਤੇ ਮੁੱਲ-ਨਿਰਧਾਰਨ ਨੂੰ ਲੈ ਕੇ ਸੀ। ਇਥੇ ਵੀ ਰਾਡੀਆ ਨੇ ਮੁਕੇਸ਼ ਅੰਬਾਨੀ ਦੇ ਪੱਖ ਦਾ ਸਮਰਥਨ ਕਰਨ ਲਈ ਪੱਤਰਕਾਰਾਂ ਨੂੰ ਪ੍ਰੇਰਿਤ ਕੀਤਾ ਤੇ ਹਲਕੇ ਢੰਗ ਨਾਲ ਧਮਕਾਇਆ ਵੀ। ਹਿੰਦੁਸਤਾਨ ਟਾਈਮਜ਼ ਦੇ ਵੀਰ ਸੰਘਵੀ ਨੇ ਰਾਡੀਆ ਦੇ ਕਹੇ ਅਨੁਸਾਰ ਕਾਲਮ ਵੀ ਲਿਖਿਆ।
ਰਾਡੀਆ ਟੇਪਾਂ
2-ਜੀ ਸਪੈਕਟਰਮ ਅਤੇ ਰਾਡੀਆ ਟੇਪ ਸਕੈਂਡਲਾਂ ਤੋਂ ਇਹ ਪਤਾ ਲਗਦਾ ਹੈ ਕਿ ਦੇਸ਼ ਦੀ ਕੌਮੀ ਜਾਇਦਾਦ ਬੇਸ਼ਕੀਮਤੀ ਜਨਤਕ ਸੋਮੇ ਅਕਸਰ ਪੱਤਰਕਾਰਾਂ ਦੀ ਮਦਦ ਨਾਲ ਲਾਲਚੀ ਕਾਰੋਬਾਰੀ ਲੋਕਾਂ ਤੇ ਭ੍ਰਿਸ਼ਟ ਸਿਆਸਤਦਾਨਾਂ ਦੁਆਰਾ ਕਿਸ ਤਰ੍ਹਾਂ ਵੇਚੇ ਤੇ ਲੁੱਟੇ ਜਾ ਰਹੇ ਹਨ। ਦੋਵੇਂ ਘੁਟਾਲੇ ਪਹਿਲਾਂ ਲੋਕਾਂ ਦੀ ਚਰਚਾ ਦਾ ਵਿਸ਼ਾ ਨਹੀਂ ਬਣੇ ਕਿਉਂਕਿ ਬਹੁਗਿਣਤੀ ਮੀਡੀਆ ਅਦਾਰਿਆਂ ਨੇ ਇਸ ਜਾਣਕਾਰੀ ਨੂੰ ਦਬਾਈ ਰੱਖਿਆ, ਭਾਵੇਂ ਉਹ ਇਹ ਦਾਅਵਾ ਕਰਦੇ ਹਨ ਕਿ ਜਮਹੂਰੀਅਤ ਦਾ ਚੌਥਾ ਥੰਮ੍ਹ ਮੀਡੀਆ ਸੱਚ ਦਾ ਰਖਵਾਲਾ ਹੈ ਅਤੇ ਜਮਹੂਰੀਅਤ ਦਾ ਪਹਿਰੇਦਾਰ ਹੈ। ਇਹ ਘਪਲੇ ਪ੍ਰਸ਼ਾਸਨ ਪ੍ਰਣਾਲੀ ਵਿਚਲੀ ਕਾਨੂੰਨ ਨਾਂਅ ਦੀ ਚੀਜ਼ ਨੂੰ ਖਾਈ ਜਾ ਰਹੇ ਹਨ।
ਦੂਰਸੰਚਾਰ ਘੁਟਾਲੇ ਦੀ ਜੜ੍ਹ ਸਿਰਫ਼ ਭ੍ਰਿਸ਼ਟਾਚਾਰ, ਦੂਰਸੰਚਾਰ ਮਹਿਕਮੇ ਦੀਆਂ ਲਾਇਸੰਸ ਦੇਣ ਦੀਆਂ ਸ਼ਰਤਾਂ ਦੀ ਉਲੰਘਣਾ ਅਤੇ ਨਿਯਮਾਂ ਦੀ ਪਾਲਣਾ ਕਰਵਾਉਣ 'ਚ ਮਿਲੀਆਂ ਅਸਫਲਤਾਵਾਂ ਹੀ ਨਹੀਂ ਹਨ, ਸਗੋਂ ਇਨ੍ਹਾਂ ਦਾ ਮੁੱਖ ਕਾਰਨ 1999 ਵਿਚ ਬਣਾਈ ਗਈ ਬੇਹੱਦ ਗ਼ਲਤ ਦੂਰਸੰਚਾਰ ਨੀਤੀ ਹੈ, ਜੋ ਕਿ ਅਜੇ ਤੱਕ ਵੀ ਜਾਰੀ ਹੈ। ਇਹ ਨੀਤੀ ਸ਼ਰੇਆਮ ਪੱਖਪਾਤੀ ਫ਼ੈਸਲਿਆਂ ਨੂੰ ਹਰੀ ਝੰਡੀ ਦਿੰਦੀ ਹੈ ਜਿਸ ਵਿਚ 2-ਜੀ ਸਪੈਕਟਰਮ ਸੇਵਾ ਦੇ ਲਾਇਸੰਸ ਦੇਣ ਦੇ ਮਾਮਲੇ 'ਚ 'ਪਹਿਲਾਂ ਆਓ ਪਹਿਲਾਂ ਪਾਓ' ਦਾ ਅਪਣਾਇਆ ਫ਼ੈਸਲਾ ਵੀ ਸ਼ਾਮਿਲ ਹੈ। ਇਲੈਕਟ੍ਰੋਮੈਗਨੇਟਿਕ ਸਪੈਕਟਰਮ ਜਿਹੇ ਬੇਸ਼ਕੀਮਤੀ ਅਤੇ ਦੁਰਲੱਭ ਸਾਧਨਾਂ ਦੇ ਮਾਮਲੇ 'ਚ ਇਹ ਸਮਝਦਾਰੀ ਦੀ ਨੀਤੀ ਨਹੀਂ ਹੈ ਜਿਸ ਦੀ ਅਸਲੀ ਮਾਲੀ ਕੀਮਤ ਦੇ ਬਾਰੇ ਕੁਝ ਪਤਾ ਨਹੀਂ ਹੈ। 2001 ਵਿਚ ਇਸ ਦੀ ਕੀਮਤ ਆਪਹੁਦਰੇ ਢੰਗ ਨਾਲ ਤੈਅ ਕਰ ਦਿੱਤੀ ਗਈ ਸੀ।
ਜੇਕਰ 2-ਜੀ ਸਪੈਕਟਰਮ ਦੀ ਨਿਲਾਮੀ ਨੂੰ ਵਿਆਪਕ ਸਮਾਜਿਕ ਉਦੇਸ਼ਾਂ ਨਾਲ ਜੋੜਿਆ ਜਾਂਦਾ ਜਿਸ ਵਿਚ ਇਸ ਸੇਵਾ ਦੀ ਪੇਂਡੂ ਤੇ ਗਰੀਬ ਆਬਾਦੀ ਤੱਕ ਪਹੁੰਚ, ਜਾਇਜ਼ ਸੇਵਾਵਾਂ, ਸਿਹਤਮੰਦ ਮੁਕਾਬਲਾ ਅਤੇ ਜੁੱਟਬੰਦੀ 'ਤੇ ਰੋਕ ਆਦਿ ਪਹਿਲੂ ਸ਼ਾਮਿਲ ਹੁੰਦੇ, ਤਾਂ ਇਹ ਨਿਲਾਮੀ ਕਿਤੇ ਬਿਹਤਰ ਕਹੀ ਜਾਂਦੀ। ਪਰ ਇਸ ਦੂਰਸੰਚਾਰ ਨੀਤੀ ਨੇ ਖਪਤਕਾਰਾਂ ਦੇ ਹਿਤਾਂ ਅਤੇ ਸੰਤੁਲਿਤ ਦੂਰਸੰਚਾਰ ਵਿਕਾਸ ਦੇ ਵਿਰੋਧ ਵਿਚ ਜੁਟਬੰਦੀ ਨੂੰ ਉਤਸ਼ਾਹਿਤ ਕੀਤਾ।
ਇਸ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਦੂਰਸੰਚਾਰ ਨੀਤੀ ਦੀ ਵੀ ਨਾਲ ਹੀ ਜਾਂਚ ਹੋਵੇ। ਇਹ ਜ਼ਰੂਰੀ ਹੈ ਜੇਕਰ ਪਿਛਲੇ ਘਪਲਿਆਂ ਦੀ ਜਾਂਚ ਵੀ ਕੀਤੀ ਜਾਣੀ ਹੈ ਜਿਸ ਵਿਚ ਕੌਮੀ ਲੋਕਤੰਤਰਿਕ ਗਠਜੋੜ ਦੀ ਸਰਕਾਰ ਵੇਲੇ ਰਿਲਾਇੰਸ ਨੂੰ ਵਾਇਰਲੈਸ-ਇਨ-ਲੋਕਲ-ਲੂਪ ਲਾਇਸੰਸ ਨੂੰ ਮੋਬਾਈਲ ਟੈਲੀਫੋਨ ਵਿਚ ਤਬਦੀਲ ਕਰਨ ਦੀ ਦਿੱਤੀ ਗਈ ਇਜਾਜ਼ਤ ਅਤੇ ਟਾਟਾ ਤੇ ਰਿਲਾਇੰਸ ਨੂੰ ਸੀ. ਡੀ. ਐਮ. ਏ. ਤੋਂ ਜੀ. ਐਸ. ਐਮ. ਦੇ ਵਿਸਥਾਰ ਦੀ ਇਜਾਜ਼ਤ ਦੇਣਾ ਆਦਿ ਵੀ ਸ਼ਾਮਿਲ ਹਨ। ਸੰਸਦੀ ਕਮੇਟੀਆਂ ਨੂੰ ਨੀਤੀਗਤ ਮਸਲਿਆਂ 'ਤੇ ਵੀ ਗ਼ੌਰ ਕਰਨਾ ਚਾਹੀਦਾ ਹੈ ਜੇਕਰ ਉਹ ਸਰਕਾਰ 'ਤੇ ਕੰਟਰੋਲ ਰੱਖਣਾ ਚਾਹੁੰਦੀਆਂ ਹਨ। ਪਰ ਰਾਡੀਆ ਦੀਆਂ ਟੇਪਾਂ ਨਾਲ ਸਾਹਮਣੇ ਆਈ ਮੀਡੀਆ ਦੀ ਭੂਮਿਕਾ ਬਾਰੇ ਕੀ ਕਿਹਾ ਜਾਵੇ ਜੋ ਇਸ ਨੇ 2-ਜੀ ਸਪੈਕਟਰਮ ਮਾਮਲੇ ਅਤੇ ਕੁਦਰਤੀ ਗੈਸ ਘੁਟਾਲੇ ਦੇ ਮਾਮਲੇ ਵਿਚ ਨਿਭਾਈ ਹੈ? ਇਥੇ ਪੱਤਰਕਾਰਾਂ ਅਤੇ ਉਨ੍ਹਾਂ ਦੇ ਸੂਤਰਾਂ ਵਿਚਕਾਰ ਉਚਿਤ ਸਬੰਧਾਂ ਦੀਆਂ ਸੀਮਾਵਾਂ ਸਹਿਤ ਅਨੇਕਾਂ ਮੁੱਦੇ ਉੱਠਦੇ ਹਨ। ਪਹਿਲਾ ਮੁੱਦਾ ਇਹ ਹੈ ਕਿ ਸਨਅਤਕਾਰਾਂ ਦੇ ਹਿਤਾਂ ਲਈ ਲਾਬਿੰਗ (ਜੋੜ-ਤੋੜ ਕਰਨ ਵਾਲੇ) ਆਪਣੇ ਦਖ਼ਲ ਨਾਲ ਵੱਡੇ-ਵੱਡੇ ਸਨਅਤਕਾਰਾਂ ਅਤੇ ਵਪਾਰੀਆਂ ਦੇ ਫਾਇਦੇ ਲਈ ਰਾਹ ਖੋਲ੍ਹਦੇ ਜਾਂ ਬੰਦ ਕਰਦੇ ਹਨ। ਦੂਜਾ, ਕੁਝ ਸਿਖਰਲੇ ਟੀ. ਵੀ. ਐਂਕਰ ਅਤੇ ਅਖ਼ਬਾਰੀ ਪੱਤਰਕਾਰ ਸਿਆਸੀ ਦਲਾਲ ਬਣ ਗਏ ਹਨ।
ਪੱਤਰਕਾਰਾਂ ਦਾ ਰੋਲ
ਰਾਡੀਆ ਦੀਆਂ ਟੇਪਾਂ ਤੋਂ ਇਹ ਸਾਫ਼ ਹੋ ਗਿਆ ਹੈ ਕਿ ਸੰਘਵੀ ਅਤੇ ਬਰਖਾ ਦੱਤ ਨੇ ਇਕ ਸੀਨੀਅਰ ਕਾਂਗਰਸੀ ਨੇਤਾ ਤੱਕ ਪਹੁੰਚ ਰਾਡੀਆ ਦੇ ਹੁਕਮ ਨਾਲ ਕੀਤੀ ਤਾਂ ਕਿ ਡੀ. ਐਮ. ਕੇ. ਦਾ ਦਯਾਨਿਧੀ ਮਾਰਨ ਦੂਰਸੰਚਾਰ ਮਹਿਕਮੇ ਦੇ ਮੰਤਰੀ ਦੀ ਚੋਣ ਨੂੰ ਪ੍ਰਭਾਵਿਤ ਨਾ ਕਰ ਸਕੇ ਅਤੇ ਰਾਜਾ ਕਨੀਮੋਝੀ ਗਰੁੱਪ ਹਾਵੀ ਹੋ ਜਾਵੇ। ਇੰਡੀਆ ਟੁਡੇ ਗਰੁੱਪ ਦਾ ਪ੍ਰਭੂ ਚਾਵਲਾ ਥੋੜ੍ਹਾ ਜਿਹਾ ਘੱਟ ਸ਼ਾਮਿਲ ਸੀ ਜਿਸ ਨੇ ਇਹ ਸਲਾਹ ਦੇਣ ਦੀ ਪੇਸ਼ਕਸ਼ ਕੀਤੀ ਕਿ ਸੁਪਰੀਮ ਕੋਰਟ ਵਿਚ ਗੈਸ ਮੁਕੱਦਮੇ ਨਾਲ ਕਿਵੇਂ ਨਿਪਟਿਆ ਜਾਣਾ ਚਾਹੀਦਾ ਹੈ। ਪਰ ਜੋ ਸਹੀ ਨਹੀਂ ਹੈ ਅਤੇ ਜੋ ਨਿਸ਼ਚਿਤ ਰੂਪ ਨਾਲ ਪੱਤਰਕਾਰੀ ਦੀ ਨੈਤਿਕਤਾ ਦੇ ਵਿਰੁੱਧ ਜਾਂਦਾ ਹੈ, ਉਹ ਲੋਕਾਂ ਨੂੰ ਮੰਤਰੀ ਬਣਾਉਣ ਅਤੇ ਹੋਰ ਅਹੁਦੇ ਦਿਵਾਉਣ ਲਈ ਸੱਤਾ ਵਿਚ ਬੈਠੇ ਲੋਕਾਂ ਨੂੰ ਪ੍ਰਭਾਵਿਤ ਕਰਨਾ ਹੈ ਅਤੇ ਉਹ ਵੀ ਉਨ੍ਹਾਂ ਕੰਪਨੀਆਂ ਨੂੰ ਫਾਇਦਾ ਪਹੁੰਚਾਉਣ ਲਈ ਜੋ ਪੇਸ਼ਕਸ਼ ਲਿਆਉਣ ਵਾਲਿਆਂ ਨੂੰ ਨਿਯੁਕਤ ਕਰਦੀਆਂ ਹਨ।
ਪੇਸ਼ਾਵਰ ਤੌਰ 'ਤੇ ਢੁਕਵੀਂ ਜਾਣਕਾਰੀ ਹਾਸਲ ਕਰਨ ਲਈ ਸਰੋਤਾਂ ਨੂੰ ਬਹਿਲਾਉਣਾ ਅਤੇ ਫੁਸਲਾਉਣਾ ਇਕ ਚੀਜ਼ ਹੈ। ਪਰ ਪੇਸ਼ਾਵਰ ਪੇਸ਼ਕਸ਼ ਅਤੇ ਉਸ ਦੀ ਕੰਪਨੀ ਲਈ ਇਹ ਸਾਰਾ ਕੁਝ ਕਰਨਾ ਬਿਲਕੁਲ ਦੂਸਰੀ ਚੀਜ਼ ਹੈ, ਜਿਸ ਵਿਚ ਸੂਚਨਾ, ਵਿਸ਼ਲੇਸ਼ਣ ਅਤੇ ਸਪੱਸ਼ਟੀਕਰਨ ਦਾ ਵਿਸ਼ਾ ਨਹੀਂ ਹੈ ਬਲਕਿ ਬੇਢੰਗੇ ਰਾਜਨੀਤਕ ਪ੍ਰਭਾਵ ਦਾ ਵਿਸ਼ਾ ਹੈ। ਪੱਤਰਕਾਰਾਂ ਵੱਲੋਂ ਸੱਤਾ ਵਿਚ ਬੈਠੇ ਲੋਕਾਂ ਤੱਕ ਆਪਣੀ ਪਹੁੰਚ ਦਾ ਇਸ ਤਰ੍ਹਾਂ ਨਾਲ ਇਸਤੇਮਾਲ ਕਰਨਾ ਅਤੇ ਉਨ੍ਹਾਂ ਲਈ ਲੇਖ ਲਿਖਣ ਲਈ ਰਾਜ਼ੀ ਹੋਣਾ ਉਚਿਤ ਨਹੀਂ ਹੈ। ਕਦੇ-ਕਦੇ ਪੱਤਰਕਾਰ ਕਿਸੇ ਸਰੋਤ ਤੋਂ ਪ੍ਰਾਪਤ ਸੂਚਨਾ ਦਾ ਇਸਤੇਮਾਲ ਵਿਰੋਧੀ ਤੋਂ ਜ਼ਿਆਦਾ ਗੱਲਾਂ ਕਢਵਾਉਣ ਅਤੇ ਉਸ ਦਾ ਵਿਸ਼ਲੇਸ਼ਣ ਕਰਨ ਲਈ ਦੂਸਰੇ ਸਰੋਤ ਤੋਂ ਮਦਦ ਲੈਣ ਦੇ ਉਦੇਸ਼ ਨਾਲ ਕਰਦੇ ਹਨ। ਪਰ ਅਜਿਹੇ ਮਾਮਲਿਆਂ 'ਚ ਇਕ ਰੇਖਾ ਖਿੱਚੀ ਜਾਣੀ ਚਾਹੀਦੀ ਹੈ।
ਸੰਘਵੀ ਅਤੇ ਬਰਖਾ ਦੱਤ ਦੁਆਰਾ ਦਿੱਤੀ ਗਈ ਸਵੈ-ਪ੍ਰਮਾਣਿਕਤਾ ਵਿਸ਼ਵਾਸਯੋਗ ਨਹੀਂ ਹੈ। ਇਹ ਦਾਅਵਾ ਕਿ ਐਨ. ਡੀ. ਟੀ. ਵੀ. ਰਾਜਾ ਵਿਰੋਧੀ ਖ਼ਬਰਾਂ ਦਿੰਦਾ ਰਿਹਾ ਹੈ, ਬਰਖਾ ਦੱਤ ਦੀ ਇਸ ਪੇਸ਼ਕਸ਼ ਨੂੰ ਠੀਕ ਨਹੀਂ ਠਹਿਰਉਂਦਾ ਕਿ ਉਹ ਰਾਡੀਆ ਵੱਲੋਂ ਕਾਂਗਰਸੀ ਨੇਤਾਵਾਂ ਲਈ ਕੰਮ ਕਰਨ ਲਈ ਤਿਆਰ ਹੋ ਗਈ ਸੀ। ਸੰਘਵੀ ਦਾ ਇਹ ਬਹਾਨਾ ਵੀ ਕੰਮ ਨਹੀਂ ਕਰੇਗਾ ਕਿ ਉਹ ਰਾਡੀਆ ਨੂੰ ਕੇਵਲ ਉਕਸਾ ਰਹੇ ਸਨ।
ਮੀਡੀਆ ਦੀ ਭਰੋਸੇਯੋਗਤਾ ਲਈ ਇਨ੍ਹਾਂ ਰੇਖਾਵਾਂ ਨੂੰ ਲੰਘਣਾ ਖ਼ਤਰਨਾਕ ਹੈ ਜੋ ਇਸ ਦੀ ਸਭ ਤੋਂ ਵੱਡੀ ਪੂੰਜੀ ਹਨ। ਬਹੁਤ ਸਾਰੇ ਪੱਤਰਕਾਰ ਇਸ ਪੇਸ਼ੇ ਦੀਆਂ ਉਚਿਤ ਸੀਮਾਵਾਂ ਨੂੰ ਲੰਘ ਚੁੱਕੇ ਹਨ। ਕੁਝ ਪੱਤਰਕਾਰ ਕਾਰਪੋਰੇਸ਼ਨਾਂ ਦੇ ਸਲਾਹਕਾਰ, ਪ੍ਰਚਾਰਕ ਅਤੇ ਮਾਹਿਰ ਬਣ ਚੁੱਕੇ ਹਨ। ਕੁਝ ਪੰਜ ਸਿਤਾਰਾ ਹੋਟਲਾਂ ਵਿਚ 'ਭੋਜਨ ਸਲਾਹਕਾਰ' ਦੇ ਤੌਰ 'ਤੇ ਕੰਮ ਕਰਦੇ ਹਨ। ਬਹੁਤ ਸਾਰੇ ਹੋਟਲਾਂ, ਏਅਰਲਾਈਨਜ਼ ਅਤੇ ਹੋਰ ਅਦਾਰਿਆਂ ਤੋਂ ਮਿਲਣ ਵਾਲੀਆਂ ਮੁਫ਼ਤ ਸੇਵਾਵਾਂ ਦਾ ਮਜ਼ਾ ਉਠਾਉਂਦੇ ਹਨ।
ਇਹ ਹਾਲਾਤ ਬਹੁਤ ਬੁਰੇ ਅਤੇ ਨੈਤਿਕ ਤੌਰ 'ਤੇ ਹੋਰ ਵੀ ਬੁਰੇ ਹੋ ਜਾਣਗੇ, ਜੇਕਰ ਪੱਤਰਕਾਰ ਰਾਜਨੀਤਕ ਦਲਾਲ ਬਣ ਗਏ ਅਤੇ ਕਾਰਪੋਰੇਟ ਤੋਂ ਨਿਰਦੇਸ਼ ਲੈਣ ਲੱਗ ਪਏ। ਰਾਡੀਆ ਟੇਪਾਂ ਉਸ ਸਭ ਕੁਝ ਵੱਲ ਸੰਕੇਤ ਕਰ ਰਹੀਆਂ ਹਨ ਜੋ ਕਿ ਅਸਲ ਵਿਚ ਵਾਪਰ ਰਿਹਾ ਹੈ। ਪੱਤਰਕਾਰੀ ਭਾਰਤ 'ਚ ਇਕ ਨਵੀਂ ਨੈਤਿਕ ਤੇ ਪੇਸ਼ਾਵਰ ਤੌਰ 'ਤੇ ਹੋਰ ਵੀ ਨੀਵੇਂ ਨਿਘਾਰ ਤੱਕ ਪਹੁੰਚ ਚੁੱਕੀ ਹੈ। ਇਹ ਲੋਕਤੰਤਰ ਲਈ ਬਹੁਤ ਬੁਰੀ ਗੱਲ ਹੈ।


ਸ੍ਰੋਤ -ਅਜੀਤ ਜਲੰਧਰ

No comments:

Post a Comment