Monday, July 26, 2010

ਆਮਿਰ ਰਿਆਜ਼ ਦੀਆਂ ਇਕ ਬੰਗਾਲੀ ਕਮਿਊਨਿਸਟ ਅਜੋਏ ਰਾਏ ਨਾਲ ਖੁਲੀਆਂ ਗੱਲਾਂ

ਅਜੋਏ ਰਾਏ ਨਾਲ ਢਾਕਾ ਕਲੱਬ ਦੇ ਨੇੜੇ ਟੈਨਿਸ ਕੋਰਟ ਦੀ ਸਾਹਮਣੀ ਇਮਾਰਤ ਵਿਚ ਮੁਲਾਕਾਤ ਹੋਈ। ਉਹ ਉਥੇ ਆਪਣੇ ''ਟੀਮ '' ਸੁਣੇ ਮੈਨੂੰ ਉਡੀਕ ਰਹੇ ਸਨ। ੬੪ ਵਰ੍ਹੇ ਕਮਿਊਨਿਸਟ ਪਾਰਟੀ ਨਾਲ ਜੁੜੇ ਰਹਿਣ ਮਗਰੋਂ ੧੯੯੨  ਨੂੰ ਅਜੋਏ ਰਾਏ ਨੇ ਪਾਰਟੀ ਨੂੰ ਰੱਬ ਰਾਖਾ ਕਹਿ ਦਿਤਾ ਮਗਰੋਂ ਅਜੋਏ ਰਾਏ ਨੇ ਕੁੱਝ ਸੰਗੀਆਂ ਨਾਲ ਰਲ ਕੇ ਸਮੀਲੀਤਾ ਸਮਾਜਕ ਅੰਦੋਲਨ ਨਾਂ ਦੀ ਸਮਾਜੀ ਸੰਸਥਾ  ਬਣਾਈ ਤੇ ਅਜੇ ਤਾਈਂ ਇਸ ਐਨ ਜੀ ਓ ਨੂੰ ਵੱਖਰੀ ਪੱਧਰ ਇੰਜ ਹਾਸਲ ਹੈ ਕਿ ਉਨ੍ਹਾਂ ਨੇ ਪਿਛਲੇ ੫੧ ਸਾਲਾਂ ਤੋਂ ਗ਼ੈਰ ਮੁਲਕੀ ਡੋਨਰਾਂ ਕੋਲੋਂ ਇਕ ਰੁਪਿਆ ਵੀ ਨਹੀਂ ਲਿਆ।ਉਹਨਾਂ ਇਸ ਗੱਲ ਤੇ ਮਾਣ ਵੀ ਹੈ ਕਿ ਉਹ ੧੯੯੨ ਬਾਦੋਂ ''ਨਿੱਕੇ ਨਿੱਕੇ '' ਕੰਮ ਕਰ ਰਹੇ ਨੇ ਤੇ ਇਨ੍ਹਾਂ ਕੰਮਾਂ ਵਿਚ ਉਨ੍ਹਾਂ ਨੂੰ ਬੰਗਲਾ ਦੇਸ਼ ਦੀ ਆਮ ਲੋਕਾਈ ਦਾ ਸੰਗ ਵੀ ਹਾਸਲ ਹੈ।ਅਜੋਏ ਰਾਏ ਸਮਝਦੇ ਹਨ ਕਿ ਅੱਜ ਤਰੱਕੀ ਪਸੰਦਾਂ ਨੂੰ ਭਾਰੇ ਭਾਰੇ ਕੰਮ ਕਰਨ ਦੀ ਥਾਂ ਅਜਿਹੇ ਕੰਮ ਕਰਨ ਦੀ ਜ਼ਰੂਰਤ ਹੈ ਜੋ ਸਿੱਧੇ ਲੋਕਾਈ ਨਾਲ ਜੁੜੇ ਹੋਣ ।

ਅਜੋਏ ਰਾਏ:: ਤੁਸੀਂ ਉਰਦੂ ਹਿੰਦੀ ਵਿਚ ਵੀ ਗੱਲ ਕਰ ਸਕਦੇ ਹੋ, ਮੈਂ ਕੁੱਝ ਕੁੱਝ ਸਮਝ ਲੈਂਦਾ ਹਾਂ।
ਇਕ ਬੇਲੀ:ਬਨਾਰਸੀ ਉਰਦੂ ਹਿੰਦੀ ਬੋਲਦੇ ਹਨ ਇਹ।
ਆਮਿਰ ਰਿਆਜ਼:ਫਿਰ ਤੇ ਚੰਗਾ ਰਵੇਗਾ। ਲਹੌਰੀ ਉਰਦੂ ਤੇ ਜਵਾਬ ਵਿੱਚ ਬਨਾਰਸੀ ਹਿੰਦੀ/ਉਰਦੂ, ਬੱਸ ਸ਼ੁੱਧ ਹਿੰਦੀ ਉਰਦੂ ਵਾਲੇ ਤੇ ਸਿਰ ਪਿੱਟ ਲੈਣਗੇ।(ਕਹਿਕਹੇ)
ਆਮਿਰ ਰਿਆਜ਼:ਚੰਗਾ ਇਹ ਦੱਸੋ ਤੁਸੀਂ ਕੱਦ ਵੀਂ ਜਨਮੇ?
ਅਜੋਏ:ਮੈਂ ੦੩ ਦਸੰਬਰ ੧੯੨੮ ਨੂੰ ਮੈਮਨ ਸੰਘ ਵਿਚ ਜੰਮਿਆਂ। ਇਹ ਇਕ ਸਰਹੱਦੀ ਇਲਾਕਾ ਹੈ।
ਆਮਿਰ ਰਿਆਜ਼:ਤੁਹਾਡੇ ਵਾਲਿਦ ਕੀ ਕਰਦੇ ਸਨ?
ਅਜੋਏ ਰਾਏ:ਮੈਂ ਇਕ ਕਮਿਊਨਿਸਟ ਹਾਂ ਜਦ ਕਿ ਮੇਰਾ ਪਿਓ ਇਕ ਫ਼ਾਸ਼ਿਸਟ ਸੀ। ਉਹ ਜਾਣੇ ਪਛਾਣੇ ਫ਼ਾਸ਼ਿਸਟ ਸਨ।ਵਾਕਈ! ਮੈਂ ਮਖ਼ੌਲ ਨਹੀਂ ਕਰ ਰਿਹਾ।
ਆਮਿਰ ਰਿਆਜ਼ : ਈਹਾ ਮਖ਼ੌਲ ਨਹੀਂ, ਫ਼ਾਸ਼ਿਸਟ ਦੇ ਘਰ ਕਮਿਊਨਿਸਟ ਈ ਜੰਮਦੇ ਨੇਂ।(ਕਹਿਕਹੇ) ਮੇਰਾ ਮਤਲਬ ਇਹ ਐ ਕਿ ਉਨ੍ਹਾਂ ਦਾ ਕਾਰੋਬਾਰ ਕੀ ਸੀ?
ਅਜੋਏ ਰਾਏ:ਉਹ ਇਕ ਉਸਤਾਦ ਸਨ। ਉਹ ਬਨਾਰਸ ਹਿੰਦੂ ਯੂਨੀਵਰਸਿਟੀ ਵਿਚ ਗੈਰ ਮੁਲਕੀ ਜ਼ਬਾਨਾਂ ਦੇ ਸ਼ੁਅਬੇ ਨਾਲ ਜੜਤ ਰੱਖਦੇ ਸਨ। ਉਨ੍ਹਾਂ ਨੇ ਰੋਮ ਤੋਂ ਡੀ ਲਿਟ ਕੀਤੀ ਸੀ। ੧੯੩੦ ਦੇ ਦਹਾਕੇ ਵਿਚ ਆਰਟ ਤੇ ਤਨਕੀਦ ਦੇ ਹਵਾਲੇ ਨਾਲ ਇਕ ਮਸ਼ਹੂਰ ਆਰਟਿਸਟ ਹੁੰਦਾ ਸੀ। ਉਹਦਾ ਨਾਂ ''ਟੋਚੀ'' ਸੀ। ਉਹ ਸਾਡੇ ਵੱਲ ਆਇਆ। ਤੁਹਾਨੂੰ ਪਤਾ ਹੋਵੇਗਾ ਕਿ ਮਸੋਲੀਨੀ ਫ਼ਾਸ਼ਿਜ਼ਮ ਦਾ ਇਕ ਵੱਡਾ ਨਜ਼ਰੀਆ ਦਾਨ ਸੀ। ਉਹ ਚਾਹੁੰਦਾ ਸੀ ਕਿ ਦੱਖਣੀ ਏਸ਼ੀਆ ਤੋਂ ਵੀ ਨੌਜਵਾਨਾਂ ਨੂੰ ਇਸ ਵਿਚਾਰਧਾਰਾ ਦਾ ਅਸਲ੍ਹਾ ਪਵਾਣ  ਲਈ ਭਰਤੀ ਕੀਤਾ ਜਾਵੇ। ''ਟੋਚੀ'' ਇਸੇ ਮਕਸਦ ਲਈ ਆਇਆ ਸੀ। ਜਦ ''ਟੋਚੀ'' ਆਇਆ ਤੇ ਮੇਰੇ ਵਾਲਿਦ ਉਸ ਸਮੇ (੧੯੨੮ ਵਿਚ) ਢਾਕਾ ਯੂਨੀਵਰਸਿਟੀ ਵਿਚ ਪੜ੍ਹਾ ਰਹੇ ਸਨ। ਉਹਨੇ ਮੇਰੇ ਪਿਓ ਨੂੰ ਸਕਾਲਰਸ਼ਿਪ ਦੀ ਆਫ਼ਰ ਕੀਤੀ। ਬੱਸ ਉਂਜ ਮੇਰੇ ਪਿਓ ਨੇ ਲਿਟਰੇਚਰ ਵਿਚ ਡਾਕਟਰੇਟ ਯਾਨੀ ਡੀ ਲਿਟ ਦੀ ਡਿਗਰੀ ਹਾਸਲ ਕੀਤੀ। ਇਥੇ ਉਨ੍ਹਾਂ ਨੂੰ ਬੋਲੀਆਂ ਸਿੱਖਣ ਦਾ ਬਹੁਤ ਮੌਕਾ ਮਿਲਿਆ ਤੇ ਉਹਨਾਂ ਨੇ ਜਰਮਨ, ਲਾਤੀਨੀ ਤੇ ਇਤਾਲਵੀ ਜ਼ਬਾਨਾਂ ਨੂੰ ਭਰਵਾਂ ਹਥ ਪਾਇਆ। ਇਥੇ ਈ ਉਨ੍ਹਾਂ ਨੇ ਫ਼ਾਸ਼ਿਜ਼ਮ ਨੂੰ ਬਤੌਰ ਵਿਚਾਰਧਾਰਾ ਅਪਣਾਇਆ। ਤੇ ਅਸੀਂ ਬਾਲ ਪੁਣੇ ਵਿਚ ਉਨ੍ਹਾਂ ਨੂੰ ਇੰਜ ਈ ਵੇਖਿਆ ।ਸਾਡੇ ਬਚਪਨ ਵਿੱਚ ਨਹਿਰੂ ਨੌਜਵਾਨਾਂ ਵਿੱਚ ਇੱਕ ਰੋਲ ਮਾਡਲ ਦੇ ਤੌਰ ਤੇ ਵੇਖਿਆ ਜਾਂਦਾ ਸੀ।

ਆਮਿਰ ਰਿਆਜ਼:ਜਵਾਹਰ ਲਾਲ ਨਹਿਰੂ ਯਾਂ ਮੋਤੀ ਲਾਲ?
ਅਜੋਏ ਰਾਏ:ਜਵਾਹਰ ਲਾਲ ਨਹਿਰੂ। ਜਵਾਹਰ ਲਾਲ ਸੋਸ਼ਲਿਜ਼ਮ ਦੀ ਗੱਲ ਕਰਦਾ ਸੀ। ਬਨਾਰਸ ਤੇ ਯੂਪੀ ਵਗ਼ੈਰਾ ਵਿਚ ਸੋਸ਼ਲਿਜ਼ਮ ਨੂੰ ਮੁਤਾਅਰਫ਼ ਕਰਵਾਉਣ ਵਿਚ ਉਹਦਾ ਵੱਡਾ ਹਥ ਹੈ । ਇਸੇ ਪਾਰੋਂ ਬਹੁਤ ਸਾਰੇ ਲੋਕ ਮਗਰੋਂ ਇਨ੍ਹਾਂ ਇਲਾਕਿਆਂ ਤੋਂ ਕਮਿਊਨਿਸਟ ਪਾਰਟੀ ਵਿੱਚ ਆਏ। ਬਨਾਰਸ ਤੇ ਯੂਪੀ ਵਿਚ ਦੋ ਤਰ੍ਹਾਂ ਦੇ ਲੋਕਾਂ ਨੇ ਕਮਿਊਨਿਸਟ ਪਾਰਟੀ ਵਿੱਚ ਰਲਤ ਕੀਤੀ।

ਇਨ੍ਹਾਂ ਚੋਂ ਇਕ ਤੇ ਮੁਸਲਿਮ ਸੂਝਵਾਨ ਜਿਵੇਂ ਜੋਸ਼ ਮਲੀਹ ਆਬਾਦੀ। ਜੋਸ਼ ਸਾਹਿਬ ਕਮਿਊਨਿਸਟ ਪਾਰਟੀ ਦੇ ਹਮਦਰਦਾਂ ’ਚੋਂ ਸਨ। ਯੂ ਪੀ ਵਿਚ ਕਮਿਊਨਿਸਟ ਪਾਰਟੀ ਦੇ ਸੈਕਟਰੀ ਜਨਰਲ ਹੁੰਦੇ ਸਨ ਨਵਾਬ ਜਾਫ਼ਰ। ਉਹ ਟਾਈਗਰ ਨਵਾਬ ਅਖਵਾਂਦੇ ਸਨ। ਮੈਨੂੰ ਹੁਣ ਉਨ੍ਹਾਂ ਦਾ ਪੂਰਾ ਨਾਂ ਚੇਤੇ ਨਹੀਂ ਪਰ ਉਹਨੂੰ ਟਾਈਗਰ ਪਟੌਦੀ ਨਾ ਸਮਝਿਆ ਜਾਵੇ।

ਉਹ ਯੂ ਪੀ ਦੇ ਸੈਕਟਰੀ ਵੀ ਸਨ ਤੇ ਬੰਗਾਲੀਆਂ ਦੇ ਵੀ। ਬਤੌਰ ਨੌਜਵਾਨ ਬੰਗਾਲੀ ਸਾਡਾ ਤਰੱਕੀ ਪਸੰਦ ਲਹਿਰ ਵਿਚ ਉਲਰਨਾ ਕੁਦਰਤੀ ਕੰਮ ਸੀ।੧੯੪੫ ਵਿਚ ਮੇਰੇ ਪਿਓ ਦਾ ਇੰਤਕਾਲ ਹੋ ਗਿਆ ਤਾਂ ਮੈਨੂੰ ਮੁੜ ਆਪਣੇ ਵਡਿਕਿਆਂ ਦੇ ਇਲਾਕੇ ਮੈਮਨ ਸਿੰਘ ਵਿਚ ਰਹਿਣਾ ਪੈ ਗਿਆ।

ਇਹ ਉਹ ਵੇਲਾ ਸੀ ਜਦੋਂ ਇੰਡੀਆ ਵਿਚ ਚੋਣਾਂ ਹੋਣ ਵਾਲੀਆਂ ਸਨ। ੧੯੪੬  ਦੀਆਂ ਚੋਣਾਂ ਬਹੁਤ ਅਹਿਮ ਸਨ। ਕਮਿਊਨਿਸਟ ਪਾਰਟੀ ਵੀ ਚੋਣਾਂ ਵਿੱਚ ਹਿੱਸਾ ਲੈ ਰਹੀ ਸੀ। ਸਾਡੇ ਇਲਾਕੇ ਤੋਂ ਪਾਰਟੀ ਵੱਲੋਂ ਕਾਮਰੇਡ ਮੁਨੀ ਸਿੰਘ ਇਲੈਕਸ਼ਨ ਲੜ ਰਹੇ ਸਨ।

ਆਮਿਰ ਰਿਆਜ਼:ਉਹ ਮੈਮਨ ਸਿੰਘ ਦੇ ਈ ਸਨ?
ਅਜੋਏ ਰਾਏ:ਪਰ ਉਹਨਾਂ ਦਾ ਇਲਾਕਾ ''ਗਰੇਟਰ ਮੈਮਨ ਸਿੰਘ'' ਵਿਚ ਜ਼ਰੂਰ ਆਉਂਦਾ ਸੀ। ਮੇਰੇ ਚੇਤੇ ਏ ੧੯੪੬ ਦੀਆਂ ਚੋਣਾਂ ਵਿੱਚ ਮਜ਼੍ਹਬੀ ਸੋਚ ਦਾ ਵਾਹਵਾ ਭਾਰ ਸੀ।ਹਿੰਦੂ, ਮਸਲਮਾਨ ਆਪਣੇ  ਆਪਣੇ ਉਮੀਦਵਾਰਾਂ ਦੁਆਲੇ ਇਕੱਠੇ ਹੋ ਰਹੇ ਸਨ। ਇੰਜ ਕਮਿਊਨਿਸਟ ਪਾਰਟੀ ਲਈ ਮਜ਼੍ਹਬੀ ਸੋਚ ਤੋਂ ਉਤਾਂਹ ਹੋਕੇ ਮੁਆਸ਼ੀ ਮਸਲਿਆਂ ਦੁਆਲੇ ਚੋਣਾਂ ਦੀ ਮਹਿੰਮ  ਤਰਤੀਬ ਦੇਣਾ ਚੋਖਾ ਔਖਾ ਸੀ। ਪਰ ਪਾਰਟੀ ਨੇ ਤਾਂ ਇਹੀ ਕਰਨਾ ਸੀ। ਮੈਂ ਮੁਨੀ ਸਿੰਘ ਦੀ ਚੋਣ ਮੁਹਿਮ ਵਿਚ ਵਧ ਚੜ੍ਹ ਕੇ ਹਿੱਸਾ ਲਿਆ ਤੇ ਇੰਜ ਮੈਂ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੇ ਬਹੁਤ ਨੇੜੇ ਹੁੰਦਾ ਚਲਾ ਗਿਆ।

ਆਮਿਰ ਰਿਆਜ਼:ਤੁਸੀਂ ਪਾਰਟੀ ਦੇ ਬਾਕਾਆਦਾ ਮੈਂਬਰ ਕਦੋਂ ਬਣੇ?
ਅਜੋਏ ਰਾਏ: ੧੯੪੬ ਵਿਚ
ਆਮਿਰ ਰਿਆਜ਼:ਕੀਹ ਤੁਸੀਂ ੧੯੪੬ ਵਿਚ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਦੂਜੀ ਕਾਂਗਰਸ ਵਿਖੇ ਕਲਕੱਤਾ ਵਿਚ ਮੌਜੂਦ ਸੋ?
ਅਜੋਏ ਰਾਏ:ਜ਼ਾਹਰਾ ਹੈ। ਉਹ ਕਾਨਫ਼ਰੰਸ ਮੁਹੰਮਦ ਅਲੀ ਪਾਰਕ ਵਿੱਚ ਹੋ ਰਹੀ ਸੀ। ਮੈਂ ਸੀ.ਪੀ. ਆਈ ਦਾ ਮੈਂਬਰ ਤੇ ਸੀ ਪਰ ਇਸ ਕਾਨਫ਼ਰੰਸ ਵਿੱਚ ਬਤੌਰ ਡੈਲੀਗੇਟ ਰਲਤ ਨਹੀਂ ਸੀ। ਪਰ ਮੈਂ ਉਥੇ ਮੌਜੂਦ ਰਿਹਾਂ। ਫਿਰ ਅਸਾਂ ਓਪਨ ਸੈਸ਼ਨ ਵਿਚ ਰਲਤ ਕੀਤੀ ਜਿਹਦੇ ਵਿੱਚ ਡਾਂਗੇ ਨੇ ਧਾਨਸੋ ਤਕਰੀਰ ਕੀਤੀ। ਹਰ ਕੋਈ ਤਲੰਗਾਨਾ ਦੀ ਗੱਲ ਕਰ ਰਿਹਾ ਸੀ। ਤੁਸੀਂ ਕਦੀ ਕਲਕੱਤੇ ਗਏ ਓ?

ਆਮਿਰ ਰਿਆਜ਼:ਨਾਂ ਜੀ, ਮੈਂ ਵਾਹਗੇ ਦੇ ਪਰਲੇ ਬੰਨੇ ਗਿਆ ਈ ਨ੍ਹੀਂ। ਪਰ ਹੁਣ ਪਹਿਲੀ ਵਾਰ ਬੰਗਲਾ ਦੇਸ਼ ਆਇਆ ਹਾਂ।
ਅਜੋਏ ਰਾਏ: ਉਥੇ ਅੰਗਰੇਜ਼ਾਂ ਸਮੇ ਵਿੱਚ ਇੱਕ ਬਸਤੀਵਾਦੀ ਸਟਰੱਕਚਰ ਹੁੰਦਾ ਸੀ ਜਿਹਨੂੰ ਹੁਣ ਸ਼ਹੀਦ ਮੀਨਾਰ ਕਹਿੰਦੇ ਨੇ। ਉਥੇ ਚੰਗਾ ਖੁੱਲਾ ਮੈਦਾਨ ਸੀ ਉਥੇ ਈ ਕਾਂਗਰਸ ਹੋਈ ਸੀ। ਡਾਂਗੇ ਦਾ ਸ਼ੁਮਾਰ ਅਜਿਹੇ ਮਕਰਰਾਂ ਵਿਚ ਹੁੰਦਾ ਸੀ ਜਿਹੜੇ ਰੌਲਾ ਪਾਏ ਬਗ਼ੈਰ ਸਾਰੇ ਇਕੱਠ ਨੂੰ ਆਪਣੇ ਨਾਲ ਲੈ ਕੇ ਚਲਦੇ ਹਨ। ਤੇ ਮੈਨੂੰ ਉਸ ਓਪਨ ਸੈਸ਼ਨ ਵਿਚ ਡਾਂਗੇ ਦੀ ਤਕਰੀਰ ਦਾ ਜਾਦੂ ਅੱਜ ਵੀ ਯਾਦ ਹੈ। ਉਨ੍ਹਾਂ ਦੀ ਤਕਰੀਰ ਦੇ ਅੱਖਰ ਤੇ ਚੇਤੇ ਨਹੀਂ ਪਰ ਇਸ ਤਕਰੀਰ ਤੋਂ ਪੈਦਾ ਹੋਣ ਵਾਲੇ ਜਜ਼ਬਿਆਂ ਨੂੰ ਅੱਜ ਵੀ ਮਹਿਸੂਸ ਕਰ ਸਕਦਾ ਹਾਂ। ਤਕਰੀਰ ਤੇ ਹਾਜ਼ਰੀਨ ਦੇ ਨਾਅਰਿਆਂ ਵਿਚ ਇਕ ਈ ਗੱਲ ਉਘੜਵੀਂ ਸੀ ਉਹ ਇਹ ''ਆਜ਼ਾਦੀ ਝੂਠੀ ਹੈ।''

ਇਕ ਬੇਲੀ:ਪੂਰਾ ਨਾਅਰਾ ਸੀ, ''ਇਹ ਆਜ਼ਾਦੀ ਝੂਠਾ ਹੈ, ਲਾਖੋਂ ਇਨਸਾਨ ਭੂਖਾ ਹੈ''।
ਅਜੋਏ ਰਾਏ:ਇਕ ਹੋਰ ਨਾਅਰਾ ਬਹੁਤ ਮਸ਼ਹੂਰ ਹੋਇਆ ਸੀ ਉਹਨੀਂ ਦਿਨੀਂ ''ਸੜੀ ਗਲੀ ਸਰਕਾਰ ਕੋ ਏਕ ਧੱਕਾ ਔਰ ਦੋ''।
ਆਮਿਰ ਰਿਆਜ਼:੧੯੭੦ ਦੀਆਂ ਚੋਣਾਂ ਵਿੱਚ ਪਾਕਿਸਤਾਨ ਵਿਚ ਵੀ ਇਸ ਨਾਲ ਰਲਾ ਖਾਂਦਾ ਨਾਅਰਾ ਲੱਗਿਆ ਸੀ ''ਗੀਰਤੀ ਹੋਈ ਦੀਵਾਰੋਂ ਕੋ ਏਕ ਧੱਕਾ ਔਰ ਦੋ''।

ਅਜੋਏ ਰਾਏ:ਬਹਿਰ ਹਾਲ, ਇਨ੍ਹਾਂ ਨਾਅਰਿਆਂ ਤੇ ੧੯੪੮ ਦੀ ਕਰਾਰ ਦਾਦਾਂ ਦੇ ਅਗਲੇ ਦਿਹਾੜੇ ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੂੰ ਬੈਨ ਕਰ ਦਿੱਤਾ ਗਿਆ। ਕਿਉਂਜੇ ਕਮਿਊਨਿਸਟਾਂ ਨੇ ਭਾਰਤ ਵਿਚ ਮੁਸੱਲ੍ਹਾ ਜੰਗ ਦਾ ਐਲਾਨ ਕਰ ਦਿੱਤਾ ਸੀ। ਬੰਗਾਲ ਦੇ ਚੀਫ਼ ਮਨਿਸਟਰ ਹੁੰਦੇ ਸਨ ਡਾਕਟਰ ਬਿਧਾਨ ਰਾਏ, ਤੇ ਉਹਨਾਂ ਨੇ ਇਹੋ ਹੁਕਮ ਜਾਰੀ ਕੀਤਾ। ਇਸ ਮੀਟਿੰਗ ਵਿਚ ਬਣੇ ਭਾਈ (ਸੱਜਾਦ ਜ਼ਹਿਰ) ਵੀ ਬਤੌਰ ਇਕ ਡੈਲੀਗੇਟ ਦੇ ਰਲਤ ਹੋਏ ਸਨ। ਮੈਨੂੰ ਆਦ ਏ ਕਿ ਲਹਿੰਦੇ ਪਾਕਿਸਤਾਨ ਦੇ ਕਾਮਰੇਡਾਂ ਨੇ ਉਥੇ
ਈ ਅਪਣਾ ਵਖਰਾ ਇਕਠ ਕੀਤਾ ਸੀ। ਯਾਨੀ ਉਨ੍ਹਾਂ ਨੇ ਉਹ ਸਭ ਕੁੱਝ ਮਨਜ਼ੂਰ ਕੀਤਾ ਸੀ ਜੋ ਸੀ ਪੀ ਆਈ ਮਨਜ਼ੂਰ ਕਰ ਚੁਕੀ ਸੀ ਪਰ ਉਨ੍ਹਾਂ ਦੀ ਬੈਠਕ ਵੱਖਰੀ ਹੋਈ ਸੀ। ਇਸ ਮੀਟਿੰਗ ਵਿਚ ਸਜਾਦ ਜ਼ਹੀਰ ਨੂੰ ਕਮਿਊਨਿਸਟ ਪਾਰਟੀ ਆਫ਼ ਲਹਿੰਦੇ ਪਾਕਿਸਤਾਨ ਦਾ ਸੈਕਟਰੀ ਜਨਰਲ ਬਣਾਇਆ ਗਿਆ ਸੀ ਤੇ ਇਕ ਸੈਟ੍ਰਲ ਕਮੇਟੀ ਵੀ ਬਣੀ ਸੀ।

ਆਮਿਰ ਰਿਆਜ਼:ਪਾਕਿਸਤਾਨ ਦੇ ਜੱਥੇ ਵਿਚ ਕੌਣ ਕੌਣ ਡੈਲੀਗੇਟ ਆਇਆ ਸੀ?
ਅਜੋਏ ਰਾਏ:ਮੈਨੂੰ ਨਾਂ ਤੇ ਚੇਤੇ ਨਹੀਂ, ਬੁਢਾ ਹੋ ਰਿਹਾ ਹਾਂ, ਖ਼ਉਰੇ ਮਿਰਜ਼ਾ ਇਬਰਾਹੀਮ ਆਏ ਸਨ। ਇਕ ਸਾਹਿਬ ਸੂਬਾ ਸਰਹੱਦ ਤੋਂ ਆਏ ਸਨ ।ਹੁਣ ਉਨ੍ਹਾਂ ਦਾ ਨਾਂ ਚੇਤੇ ਨਹੀਂ।
ਆਮਿਰ ਰਿਆਜ਼:ਅਤਾ?
ਅਜੋਏ ਰਾਏ:ਜੀ ਜੀ, ਮੁਹੰਮਦ ਅਤਾ। ਸਿੰਧ ਤੋਂ ਵੀ ਕੋਈ ਸੀ।
ਆਮਿਰ ਰਿਆਜ਼:ਸੋਭੋਤੇ ਨਹੀਂ ਹੋਣਗੇ?
ਅਜੋਏ ਰਾਏ: ਸੋਭੋ ਗਿਆਨ ਚੰਦਾਨੀ ਨਾਲ ਤੇ ਮੈਂ ੧੯੪੫ ਵਿਚ ਮਿਲਿਆ ਸੀ। ਕੋਈ ਹੋਰ ਸਨ ਮੈਨੂੰ ਨਾਂ ਯਾਦ ਨਹੀਂ।
ਆਮਿਰ ਰਿਆਜ਼:ਇਹ ਦੱਸੋ ਸੱਜਾਦ ਜ਼ਹਿਰ ਲਹਿੰਦੇ ਪਾਕਿਸਤਾਨ ਦੀ ਕਮਿਉਨਿਸਟ ਪਾਰਟੀ ਦੇ ਸਕਰੇਟਰੀ ਜਨਰਲ ਸਨ ਯਾਂ ਚੜ੍ਹਦੇ ਤੇ ਲਹਿੰਦੇ ਪਾਕਿਸਤਾਨ ਦੀ ਪੂਰੀ ਕਮਿਊਨਿਸਟ ਪਾਰਟੀ ਦੇ?

ਅਜੋਏ ਰਾਏ:ਵੇਖੋ ਪਹਿਲਾਂ ਤੇ ਇਹ ਪੁੱਛਿਆ ਗਿਆ ਸੀ ਕਿਹੜੇ ਕਿਹੜੇ ਪਾਕਿਸਤਾਨ ਰਹਿਣ ਜਾਵਣਗੇ।  ਮੈਨੂੰ ਜਾਪਦਾ ਸੀ ਕਿ ਤੁਸੀਂ ਜਾਣਦੇ ਈ ਓ ਸੱਜਾਦ ਜ਼ਹਿਰ ਦੇ ਖ਼ਾਨਦਾਨੀ ਪਛੋਕੜ ਨੂੰ ?
ਆਮਿਰ ਰਿਆਜ਼:ਜੀ ਹਾਂ
ਅਜੋਏ ਰਾਏ: ਸੱਜਾਦ ਜ਼ਹਿਰ ਦਾ ਪਿਛੋਕੜ ਯੂਪੀ ਦੀ ਅਸ਼ਰਾਫ਼ੀਆ ਫ਼ੈਮਲੀ ਤੋਂ ਸੀ ਉਹ ਸੀ ਪੀ ਆਈ ਦੀ ਸੈਂਟ੍ਰਲ ਕਮੇਟੀ ਦੇ ਮੈਂਬਰ ਸਨ। ਪੀ ਸੀ ਜੋਸ਼ੀ ਪਾਰਟੀ ਦੇ ਸੈਕਟਰੀ ਜਨਰਲ ਸਨ। ਕਲਕੱਤਾ ਕਾਂਗਰਸ ਤੋਂ ਪਹਿਲਾਂ ਜੋਸ਼ੀ ਨੂੰ ''ਔਖੇ ਹਾਲਾਤ'' ਦਾ ਸਾਹਮਣਾ ਕਰਨਾ ਪੈ ਗਿਆ ਤੇ ਬੀ ਟੀ ਰੰਧੀਵੇ ੧੯੪੮ ਵਿਚ ਉਨ੍ਹਾਂ ਦੀ ਥਾਂ ਜਨਰਲ ਸੈਕਟਰੀ ਬਣ ਗਏ ਸਨ।

ਮਗਰੋਂ ੧੯੪੭ ਵਿਚ ਸੈਂਟ੍ਰਲ ਕੀਮਟੀ ਵਿਚ ਪੀ ਸੀ ਜੋਸ਼ੀ ਨੇ ਬਹੁਤ ਜ਼ੋਰ ਲਾਇਆ ਸੀ ਕਿ ਸੱਜਾਦ ਜ਼ਹੀਰ ਨੂੰ ਪਾਕਿਸਤਾਨ ਜ਼ਰੂਰ ਜਾਣਾ ਚਾਹੀਦਾ ਏ। ਜੋਸ਼ੀ ਖ਼ਸੂਸੀ ਤੌਰ ਤੇ ਪਾਕਿਸਤਾਨ ਵਿੱਚ ਕਮਿਊਨਿਸਟ ਲਹਿਰ ਤੇ ਸੱਜਾਦ ਜ਼ਹੀਰ ਦੀ ਤਕਰਰੀ ਵਿਚ ਗ਼ੈਰਮਾਮੂਲੀ ਦਿਲਚਸਪੀ ਰੱਖਦੇ ਸਨ। ਬਸ ਫਿਰ ਇਹ ਹੋ ਗਿਆ।

ਆਮਿਰ ਰਿਆਜ਼:ਤੇ ਉਸ ਵੇਲ਼ੇ ਪੰਜਾਬ ਤੇ ਬੰਗਾਲ ਤੋਂ ਕਿਸੇ ਕਮਿਊਨਿਸਟ ਆਗੂ ਨੂੰ ਪਾਕਿਸਤਾਨ ਕਮਿਊਨਿਸਟ ਪਾਰਟੀ ਦਾ ਸੈਕਟਰੀ ਜਨਰਲ ਨਹੀਂ ਬਣਾਇਆ ਗਿਆ?

ਅਜੋਏ ਰਾਏ:ਪਈ ਅਸੀਂ ਤੇ ਸੋਚ ਰਹੇ ਸਾਂ ਕਿ ਇਹ ਵੰਡ ਤੇ ਦੋ ਚਾਰ ਦਿਨਾਂ ਮਗਰੋਂ ਮੁੱਕ ਜਾਵੇਗੀ।  ਯੇ ਆਜ਼ਾਦੀ ਝੂਠਾ ਹੈ। ਅਡਾ ਈਹਦੇ ਉਸ ਸਮੇ ਦੀ ਕੌਮਾਂਤਰੀ( ਬੈਨਉਲਾਕਵਾਮੀ)ਸੂਰਤੇਹਾਲ ਨੂੰ ਸਾਹਮਣੇ ਰੱਖਣਾ ਵੀ ਜ਼ਰੂਰੀ ਹੈ। ਉਸ ਵੇਲ਼ੇ ਬਰਮਾ ਵਿਚ ਕਮਿਊਨਿਸਟ ਆਗੂ ਹੁੰਦੇ ਸਨ ਵਾਟੰਗ ਵੰਟੋ। ਉਹ ਉਸ ਕਲਕੱਤਾ ਕਾਂਗਰਸ ਵਿਚ ਬਤੌਰ ਗ਼ੈਰ ਮੁਲਕੀ ਬਸਰ ਰਲਤ ਹੋਏ। ਖ਼ਉਰੇ ਤੁਹਾਨੂੰ ਪਤਾ ਹੋਵੇ ਪਈ ਬਰਮਾ ਵਿਚ ਕਮਿਊਨਿਸਟ ਲਹਿਰ ਦਾ ਮੁੱਢ ਉਨ੍ਹਾਂ ਬੰਗਾਲੀ ਕਾਮਰੇਡਾਂ ਨੇ ਰੱਖਿਆ ਸੀ ਜਿਹੜੇ ਦੇਸ ਨਿਕਾਲੇ ਵਿੱਚ ਬਰਮਾ ਰਹਿਣ ਤੇ ਮਜਬੂਰ ਸਨ।

ਇਕ ਬੰਗਾਲੀ ਇਨਕਲਾਬੀ ਹੁੰਦੇ ਸਨ ਮਿਸਟਰ ਘੋਸ਼ਾਲ, ਉਨ੍ਹਾਂ ਦਾ ਬਰਮੀ ਨਾਂ ਵੀ ਸੀ ਜਿਹੜਾ ਹੁਣ  ਮੈਨੂੰ ਭੁਲ ਗਿਆ ਹੈ। ਉਸ ਵਾਰੇ ਇੰਡੀਆ ਵਿਚ ਬਗ਼ਾਵਤ ਕਰਨ ਵਿਚ ਉਨ੍ਹਾਂ ਨੇ ਅਗਵਾਈ ਕਿਰਦਾਰ ਨਿਭਾਇਆ ਸੀ। ਵਾਕਨ ਡੰਕੋ ਉਸ ਵੇਲ਼ੇ ਰੈੱਡ ਫ਼ਲੈਗ ਮੂਮੈਂਟ ਦੇ ਆਗੂ ਸਨ।੧੯੪੮ ਦੀ ਕਾਂਗਰਸ ਵਿਚ ਘੋਸ਼ਾਲ ਵੀ ਗ਼ੈਰ ਮੁਲਕੀ ਮਬਸਰ ਦੀ ਹੈਸੀਅਤ ਨਾਲ ਰਲਤ ਹੋਏ ਸਨ। ਇਹ ਉਹ ਦੌਰ  ਸੀ ਜਦੋਂ ਕਮਿਊਨਿਸਟ ਲਹਿਰ ਵਿਚ ਇਹ ਸਮਝਿਆ ਜਾਂਦਾ ਸੀ ,ਪਈ ਜੇਕਰ ਤੁਸੀਂ ਸੋਸ਼ਲਿਜ਼ਮ ਦੇ ਹਮਾਇਤੀ ਨਹੀਂ ਹੋ ਤਾਂ ਫਿਰ ਤੁਸੀਂ ਆਪ ਲਾਜ਼ਮੀ ਸੋਸ਼ਲਿਜ਼ਮ ਦੇ ਮੁਖ਼ਾਲਿਫ਼ ਓ । ਗ਼ੈਰ ਜਾਨਿਬਦਾਰੀ ਦੀ ਕੋਈ ਥਾਂ ਨਹੀਂ ਹੁੰਦੀ ਸੀ।

ਆਮਿਰ ਰਿਆਜ਼:ਸਭ ਕੁੱਝ ਬਲੈਕ ਐਂਡ ਵਾਈਟ ਵਿਚ ਸੀ?
ਅਜੋਏ ਰਾਏ:ਜੀ ਬਿਲਕੁਲ
ਆਮਿਰ ਰਿਆਜ਼ :ਕੋਈ ਗਰੇ ਏਰੀਆ ਨਹੀਂ?
ਅਜੋਏ ਰਾਏ:ਜੀ ਹਾਂ। ਬੱਸ ਇੰਜ ਦੇ ਈ ਹਾਲਾਤ ਸਨ ਲਹਿਰ ਦੇ। ਹੁਣ ਅਸੀਂ ਤਾਂ ਸੋਸ਼ਲਿਸਟ ਇਨਕਲਾਬ ਦਾ ਨਾਅਰਾ ਲਾ ਦਿਤਾ। ਜਦ ਕਿ ਪੰਡਤ ਨਹਿਰੂ ਤੇ ਸੋਸ਼ਲਿਸਟ ਨਹੀਂ ਸਨ। ਉਹ ਤੇ ਬੱਸ ਸਟਾਈਲ ਵਗ਼ੈਰਾ ਲਈ ਈ ਸੋਸ਼ਲਿਜ਼ਮ ਦੀ ਗੱਲ ਕਰਦੇ ਸੀ। ਬਰਮਾ ਦੀ ਹਕੂਮਤ ਦਾ ਵੀ ਇਹੋ ਮਸਲਾ ਸੀ। ਆਨ ਸਾਨ , ਮੌਜੂਦਾ ਆਂਗ ਸਾਨ ਸੂਚੀ ਦਾ ਪਿਓ ਵੀ ਉਨ੍ਹਾਂ ਲੋਕਾਂ ਚੋਂ ਸੀ ਜਿਹੜੇ ਖੱਬੇ ਪੱਖੀਆਂ ਨਾਲ ਹਮਦਰਦੀ ਰੱਖਦੇ ਸਨ। ਉਹ ਲਾਲ ਨਹੀਂ ਸਨ। ਇਨ੍ਹਾਂ ਹਾਲਾਤ ਵਿਚ ਕਲਕੱਤਾ ਕਾਨਫ਼ਰੰਸ ਦੇ ਫ਼ੈਸਲਿਆਂ ਮੂਜਬ ਅਸੀਂ ਮੁਸੱਲ੍ਹਾ ਜਦੋਜਹਿਦ ਦਾ ਮੁੱਢ ਬੰਨਿਆ।ਸਾਡੇ ਬਹੁਤ ਸਾਰੇ ਸੰਗੀ ਦੱਖਣੀ ਚੜ੍ਹਦੇ ਏਸ਼ੀਆ ਦੀ ਕਮਿਊਨਿਸਟ ਲਹਿਰ ਬਾਰੇ ਬਹੁਤਾ ਨਹੀਂ ਜਾਣਦੇ। ਜਦ ਮਲੇਸ਼ੀਆ ਵਿਚ ਅੰਗਰੇਜ਼ਾਂ ਨੇ ਜਾਪਾਨੀਆਂ ਤੋਂ ਹਕੂਮਤ ਹਾਸਲ ਕੀਤੀ.........

ਆਮਿਰ ਰਿਆਜ਼:੧੯੪੨ ਦੇ ਬਾਅਦ?
ਅਜੋਏ ਰਾਏ:ਜੀ, ਉਸ ਦੌਰ ਵਿਚ ਉਨ੍ਹਾਂ ਨੇ ਗੁਰੀਲਾ ਕਾਰਰਵਾਈਆਂ ਕਰਨ ਵਾਲੇ ਆਗੂ ਨੂੰ ਵੀ ਗਰਿਫ਼ਤਾਰ ਕਰ ਲਿਆ। ਉਹ ਆਗੂ ਕਮਿਊਨਿਸਟ ਪਾਰਟੀ ਦਾ ਲੀਡਰ ਸੀ। ਉਹ ਕਮਿਊਨਿਸਟ ਲੀਡਰ ਮਲੇਸ਼ੀਆ ਵਿਚ ਰਹਿਣ ਵਾਲੀ ਚੀਨੀ ਨਸਲ ਨਾਲ ਸਾਨਗਾ ਰਖਦਾ ਸੀ। ਫ਼ਲਪਾਈਨ ਵਿਚ ਵੀ ਅਜਿਹਾ ਕੁਛ  ਸੀ। ਉਥੇ ਵੀ ਉਨ੍ਹਾਂ ਨੇ ਛੇਤੀ ਮੁਸੱਲ੍ਹਾ(ਹਥਿਆਰਬੰਦ) ਜਦੋਜਹਿਦ ਸ਼ੁਰੂ ਕਰ ਦਿਤੀ ਸੀ ਤੇ ਦੱਖਣੀ ਚੜ੍ਹਦੇ ਏਸ਼ੀਆ ਵਿਚ ਕਮਿਊਨਿਸਟਾਂ ਨੇ ਹਰ ਥਾਂ ਮੁਸੱਲ੍ਹਾ ਜਦੋਜਹਿਦ ਨੂੰ ਅਪਣਾਇਆ ਹੋਇਆ ਸੀ। ਅੱਜ ਇਹ ਪਰਖ ਕੀਤੀ ਜਾ ਸਕਦੀ ਹੈ ਕਿ ਉਨ੍ਹਾਂ ਮੁਸੱਲ੍ਹਾ ਕਾਰਰਵਾਈਆਂ ਪਾਰੋਂ ਕਮਿਊਨਿਸਟ ਲਹਿਰ ਨੂੰ ਬਹੁਤ ਭੈੜਾ ਨੁਕਸਾਨ ਹੋਇਆ।

ਆਮਿਰ ਰਿਆਜ਼:ਕਦੋਂ ਦੀ ਗੱਲ ਹੈ ਇਹ?
ਅਜੋਏ ਰਾਏ:੧੯੫੦ ਵਿਚ। ਸਟਾਲਿਨ ਆਪ ਵੀ ਇਸ ਬੈਠਕ ਵਿਚ ਬੈਠਿਆ  ਤੇ ਉਹਨੇ ਕਾਮਰੇਡਾਂ ਨੂੰ ਆਖਿਆ ਪਈ ਉਹ ਜਵਾਹਰ ਲਾਲ ਨਹਿਰੂ ਦੀ ਹਕੂਮਤ ਦੇ ਹਵਾਲੇ ਨਾਲ ਅਪਣੀ ਪੁਜ਼ੀਸ਼ਨ ਬਦਲ ਦੇਵਣ ਤੇ ਮੁਸੱਲ੍ਹਾ ਜਦੋਜਹਿਦ ਮੁਕਾ ਦੇਵਣ। ਤੇ ਇੰਜ ਦੱਖਣੀ ਏਸ਼ੀਆ ਵਿਚ ਸਟਾਲਿਨ ਜਿਹੇ ਕੱਟੜਵਾਦੀ ਆਗੂ ਨੇ ਕਮਿਊਨਿਸਟ ਲਹਿਰ ਨੂੰ ਬਚਾਅ ਲਿਆ। ਹੁਣ ਬਹੁਤ ਸਾਰੇ ਇੰਡੀਅਨ ਕਮਿਊਨਿਸਟ ਇਸ ਗੱਲ ਨੂੰ ਮੰਨਦੇ ਨੇ। ਸਟਾਲਿਨ ਨੂੰ ਬੈਨੁਲਾਕਵਾਮੀ ਸਿਆਸਤ ਵਿਚ ਭਾਰਤ ਦੀ ਅਹਿਮੀਅਤ ਦਾ ਚੋਖਾ ਅੰਦਾਜ਼ਾ ਸੀ।

ਆਮਿਰ ਰਿਆਜ਼:ਤੇ ਤੁਸੀਂ ਇਹ ਆਖ ਰਹੇ ਓ ਕਿ ਦੱਖਣੀ ਏਸ਼ੀਆ ਦੇ ਕਾਮਰੇਡਾਂ ਦੀ ਜਦੋਜਹਿਦ ਦੇ ਮੁਕਾਬਲੇ ਵਿਚ ਸੋਵੀਅਤ ਯੂਨੀਅਨ ਦੀ ਖ਼ਾਰਜਾ ਪਾਲਿਸੀ ਬਹੁਤੀ ਅਹਿਮ ਗਿਣੀ ਗਈ?

ਅਜੋਏ ਰਾਏ:ਉਹ ਕੋਈ ਫ਼ੈਸਲਾਕੁਨ ਜਦੋਜਹਿਦ ਨਹੀਂ।It was not a proper struggle. । ਉਹ ਬਗ਼ੈਰ ਤਿਆਰੀ ਦੇ ਕਾਹਲੀ ਵਿਚ ਸ਼ੁਰੂ ਕੀਤੀ ਗਈ ਜਦੋਜਹਿਦ ਸੀ। ਅੱਜ ਜਦੋਂ ਮੈਂ ਪਿੱਛੇ ਮੁੜ ਕੇ ਵੇਖਣਾ ਹਾਂ ਤੇ ਮੈਂ ਇਹ ਜ਼ਰੂਰ ਆਖਣਾ ਹਾਂ ਕਿ ਪਾਕਿਸਤਾਨ ਤੇ ਭਾਰਤ ਦੇ ਬਣਨ ਮਗਰੋਂ ਜਿਹੜੀ ਆਜ਼ਾਦੀ ਸਾਨੂੰ ਲੱਭੀ ਸੀ
ਉਹਨੂੰ ਝੂਠਾ ਆਖਣਾ ਯਾਂ ਫਿਰ ਸੜੀ ਗਲੀ ਸਰਕਾਰ ਨੂੰ ਧੱਕਾ ਦੇਣ ਵਾਲੀ ਗੱਲ ਕਰਨਾ ਇਕ ਗ਼ਲਤ ਹਿਕਮਤ ਅਮਲੀ ਸੀ ਜਿਸ ਤੋਂ ਮੁਸੱਲ੍ਹਾ ਜਦੋਜਹਿਦ ਨਿਕਲ ਕੇ ਆਈ। ਵੇਖੋ, ਕਮਿਊਨਿਸਟ ਪਾਰਟੀ ਆਫ਼ ਇੰਡੀਆ ਨੇ ਲਹੌਰ ਮਤਾ ੧੯੪੦ ਈ. ਨੂੰ ਕਦੀ ਨਹੀਂ ਮੰਨਿਆ ਸੀ।

ਆਮਿਰ ਰਿਆਜ਼:ਫਿਰ ਕਮਿਊਨਿਸਟ ਮੁਸਲਿਮ ਲੀਗ ਵਿਚ ਕਿਉਂ ਗਏ ਸਨ?
ਅਜੋਏ ਰਾਏ:ਮੁਸਲਿਮ ਲੀਗ ਵਿੱਚ ਕੁੱਝ ਕਮਿਊਨਿਸਟ ਜ਼ਰੂਰ ਗਏ ਸਨ ਪਰ ਕਮਿਊਨਿਸਟ ਪਾਰਟੀ ਆਫ਼ ਇੰਡੀਆ ਵੰਡ ਦੀ ਮੁਖ਼ਾਲਿਫ਼ ਸੀ।
ਆਮਿਰ ਰਿਆਜ਼:ਸੱਜਾਦ ਜ਼ਹਿਰ ਦੀਆਂ ਤੇ ਪਾਕਿਸਤਾਨ ਦੇ ਹੱਕ ਵਿਚ ੧੯੪੪ ਦੀਆਂ ਲਿਖਤਾਂ ਮੌਜੂਦ ਹਨ?
ਅਜੋਏ ਰਾਏ:ਮੈਂ ਇਕ ਕਿਤਾਬ ਪੜ੍ਹੀ ਏ ਜਿਸ ਦੇ ਐਡੀਟਰ ਕਾਮਰੇਡ ਅਧਿਕਾਰੀ ਸਨ ਤੇ ਉਹਨੂੰ ਸੀ ਪੀ ਆਈ ਨੇ ਛਪਵਾਇਆ ਏ। ਇਹ ਚਾਰ ਜਿਲਦਾਂ ਦੀ ਹੈ। ਇਸ ਵਿੱਚ ਸਾਰੀਆਂ ਦਸਤਾਵੇਜ਼ਾਂ ਮੌਜੂਦ ਨੇ।

ਆਮਿਰ ਰਿਆਜ਼:ਕਮਿਊਨਿਸਟਾਂ ਨੇ ਸਟਾਲਿਨ ਦੇ ਕੌਮਾਂ ਵਾਲੇ ਥੀਸਸ ਦੇ ਹੇਠਾਂ ਪਾਕਿਸਤਾਨ ਦੀ ਲਹਿਰ ਦੀ ਹਮਾਇਤ ਕੀਤੀ ਤੇ ਸਜਾਦ ਜ਼ਹੀਰ ਨੇ ਪੈਂਫ਼ਲਟ ਲਿਖੇ ਜਦ ਕਿ ਕਮਿਊਨਿਸਟ ਮੁਸਲਿਮ ਲੀਗ ਵਿਚ ਵੀ ਰਹੇ , ਇਸ ਤੋਂ ਤੁਸੀਂ ਇਨਕਾਰ ਨਹੀਂ ਕਰ ਸਕਦੇ?

ਅਜੋਏ ਰਾਏ: ਤੁਹਾਡੀ ਗੱਲ ਠੀਕ ਐ। ਫਿਰ ੧੯੪੬ ਵਿਚ ਰਜਨੀ ਪਾਮ ਦੱਤ(RPD) ਭਾਰਤ ਆਏ। ਉਹ ਬਰਤਾਨੀਆ ਦੀ ਕਮਿਊਨਿਸਟ ਪਾਰਟੀ ਦੇ ਆਗੂ ਸਨ ਤੇ ਬਤੌਰ ਬੈਨੁਲਾਕਵਾਮੀ ਕਮਿਊਨਿਸਟ ਉਨ੍ਹਾਂ ਦੀ ਬਹੁਤ ਮਸ਼ਹੂਰੀ ਸੀ ਉਸ ਦੌਰ ਵਿੱਚ। ਉਹ ਭਾਰਤ ਆਏ ਤੇ ਉਨ੍ਹਾਂ ਨੇ ਕਮਿਊਨਿਸਟ ਪਾਰਟੀ ਆਫ਼ ਇੰਡੀਆ ਦੀ ਲੀਡਰਸ਼ਿਪ ਨਾਲ ਮੁਜ਼ਾਕਰਾਤ ਕੀਤੇ। ਉਨ੍ਹਾਂ ਨੇ ਕਿਹਾ ਕਿ ਲਹੌਰ ਮਤਾ ਦੇ ਹਵਾਲੇ ਨਾਲ ਕਮਿਊਨਿਸਟਾਂ ਨੇ ਇਹ ਜਿਹੜੀ ਪਾਲਿਸੀ ਬਣਾਈ ਹੈ ਉਹ ਬਿਲਕੁਲ ਗ਼ਲਤ ਹੈ। ਇੰਜ ੧੯੪੬ ਵਿਚ ਸੀ ਪੀ ਆਈ ਨੇ ਅਪਣਾ ਮੋਕਫ਼ ਬਦਲ ਲਿਆ ਸੀ।

ਆਮਿਰ ਰਿਆਜ਼:ਬਿਲਕੁਲ ਸੀ ਪੀ ਆਈ ਨਾ ਸਿਰਫ਼ ਉਸ ਮੋਕਫ਼ ਤੋਂ ਪਿਛਾਂ ਹੱਟੀ ਸਗੋਂ ਨਮੋਸ਼ੀ ਮਿਟਾਵਨ ਲਈ ਜਹਾਜ਼ੀਆਂ ਦੀ ਲਹਿਰ ਸ਼ੁਰੂ ਕਰ ਦਿਤੀ, ਉਸ ਵੇਲ਼ੇ ਮਸਲਾ ਤੇ ਪਾਕਿਸਤਾਨ ਲਹਿਰ, ਹਿੰਦ ਵੰਡ ਤੇ ਸੂਬਾਈ ਖੁਦਮਖ਼ਤਾਰੀ ਦਾ ਸੀ, ਅੰਗਰੇਜ਼ਾਂ ਦੇ ਜਾਵਣ ਮਗਰੋਂ ਬਣਨ ਵਾਲੀ ਸਰਕਾਰ ਵਿਚ ਕਰਦਾਰ ਅਦਾ  ਕਰਨ ਦਾ ਸੀ। ਪਰ ਸੀ ਪੀ ਆਈ ਨੇ ਇਸ ਮਸਲੇ ਨੂੰ ਹੱਲ ਕਰਨ ਦੀ ਥਾਂ ਨਵਾਂ ਮਸਲਾ ਖੜਾ ਕਰਨ ਦੀ ਕੋਸ਼ਿਸ਼ ਕੀਤੀ?

ਅਜੋਏ ਰਾਏ:ਤੁਸੀਂ ਕ੍ਰਿਸ਼ਨ ਚੰਦਰ ਦੀ ਕਹਾਣੀ ਤਿਨ ਗੁੰਡੇ ਜ਼ਰੂਰ ਪੜ੍ਹੋ। ਪਟੇਲ ਨੇ ਕਲਕੱਤਾ ਫ਼ਸਾਦਾਤ ਵਿਚ ''ਤਿਨ ਗੁੰਡੇ'' ਦਾ ਨਾਅਰਾ ਲਾ ਕੇ ਕੁੱਝ ਲੋਕਾਂ ਨੂੰ ਨਿਸ਼ਾਨਾ ਬਣਾਇਆ ਸੀ। ਕ੍ਰਿਸ਼ਨ ਚੰਦਰ ਨੇ ਉਹਨੂੰ ਮੋਜ਼ੂਅ ਬਣਾਇਆ। ਜਹਾਜ਼ੀਆਂ ਦੀ ਬਗ਼ਾਵਤ ਵਿਚ ਬਾਗ਼ੀਆਂ ਨੇ ਬਹਿਰੀ ਜਹਾਜ਼ਾਂ ਤੋਂ ਯੂਨੀਅਨ ਜੈਕ ਲੁਹਾ ਕੇ ਕਾਂਗਰਸ, ਮੁਸਲਿਮ ਲੀਗ ਤੇ ਕਮਿਊਨਿਸਟ ਪਾਰਟੀ ਦੇ ਝੰਡੇ ਲਹਿਰਾਏ  ਸਨ। ਫਿਰ ਅਗਸਤ ੧੯੪੭  ਦੇ ਬਾਅਦ ਮੈਨੂੰ ਚੰਗੀ ਤਰ੍ਹਾਂ ਚੇਤੇ ਏ ਕਿ ਅਸੀਂ ਪਾਕਿਸਤਾਨ ਦੇ ਪਹਿਲੇ ਦਿਹਾੜਿਆਂ ਵਿਚ ਢਾਕਾ ਦੇ ਬਾਜ਼ਾਰਾਂ ਵਿਚ ਪਮਫ਼ਲਟ ਵੰਡਦੇ ਸਾਂ ਕਿ ਅਸੀਂ ਇਕ ਖ਼ੁਸ਼ਹਾਲ ਪਾਕਿਸਤਾਨ ਚਾਹੁੰਦੇ ਹਾਂ। ਪਰ ਜਦ ਮੁਸੱਲ੍ਹਾ ਜਦੋਜਹਿਦ ਦੀ ਲਾਈਨ ਆਈ ਤਾਂ ਹਾਲਾਤ ਇਕਦਮ ਸਾਡੇ ਖ਼ਿਲਾਫ਼ ਹੋ ਗਏ।

ਆਮਿਰ ਰਿਆਜ਼:ਤੁਸੀਂ ਪਾਕਿਸਤਾਨ ਵਿੱਚ ਮੁਸੱਲ੍ਹਾ ਜਦੋਜਹਿਦ ਸ਼ੁਰੂ ਕਰ ਦਿਤੀ ਸੀ?
ਅਜੋਏ ਰਾਏ:ਜੀ ਬਿਲਕੁਲ। ਅਸੀਂ ਆਪਣੀਆਂ ਬਾਂਹਵਾਂ ਤੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਸਨ।
ਆਮਿਰ ਰਿਆਜ਼:ਉਸ ਵੇਲ਼ੇ ੧੯੪੮ ਵਿਚ ਪਾਕਿਸਤਾਨ ਕਮਿਊਨਿਸਟ ਪਾਰਟੀ ਬਾਲੜੀ ਸੀ। ਤੁਸੀਂ ਮਜ਼ਬੂਤ ਪਾਰਟੀ ਦੀ ਥਾਂ ਮੁਸੱਲ੍ਹਾ ਜਦੋਜਹਿਦ ਵਿਚ ਰੁੱਝ ਗਏ?
ਅਜੋਏ ਰਾਏ:ਲਹਿੰਦੇ ਦੇ ਮੁਕਾਬਲੇ ਵਿਚ ਚੜ੍ਹਦੇ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਵਾਹਵਾ ਮਨਜ਼ਮ ਸੀ ੧੯੪੭ ਵਿਚ।
ਆਮਿਰ ਰਿਆਜ਼: ਪਾਰਟੀ ਦਾ ਗੜ੍ਹ ਪਾਕਿਸਤਾਨ ਵਿੱਚ ਸੀ ਯਾਂ ਕਲਕੱਤੇ?
ਅਜੋਏ ਰਾਏ:ਸਾਡੀ ਅਪਣੀ ਮਰਕਜ਼ੀ ਕਮੇਟੀ ਸੀ ਪਰ ਉਹਦਾ ਮਰਕਜ਼ ਕਲਕੱਤਾ ਵਿਚ ਸੀ। ਪਰ ਉਹਨੂੰ ਚਲਾਂਦੇ ਅਸੀਂ ਸੈਂ ਨਾ ਕਿ  ਸੀ ਪੀ ਆਈ ਵਾਲੇ।ਇਹ ਹਕੀਕਤ  ਹੈ ਕਿ ਚੜ੍ਹਦੇ ਬੰਗਾਲ ਦੇ ਕਾਮਰੇਡਾਂ ਨੇ ਕਮਿਊਨਿਸਟ ਪਾਰਟੀ ਆਫ਼ ਇੰਡੀਆ ਨਾਲੋਂ  ਮੁਕੰਮਲ ਵਖਰੇਵਾਂ ੧੯੫੦ ਵਿਚ ਕਰ ਲਿਆ ਸੀ ਫਿਰ ਜਾਕੇ ਵੱਖਰੀ ਕਮਿਊਨਿਸਟ ਪਾਰਟੀ ਆਫ਼ ਚੜ੍ਹਦਾ ਪਾਕਿਸਤਾਨ ਬਣਾਈ ਗਈ ਸੀ। ਇਸ ਵਖਰੇਵੇਂ ਲਈ ਅਸੀਂ ਕਲਕੱਤਾ ਵਿਚ ਈ ਕਾਂਗਰਸ ਕੀਤੀ ਸੀ।

ਆਮਿਰ ਰਿਆਜ਼:ਤੇ ਤੁਸੀਂ ਸੱਜਾਦ ਜ਼ਹੀਰ ਦੀ ਕਮਿਊਨਿਸਟ ਪਾਰਟੀ ਨਾਲ ਕੋਈ ਸਾਂਗਾ ਨਹੀਂ ਰੱਖਦੇ ਸੋ?
ਅਜੋਏ ਰਾਏ:ਜੀ ਬਿਲਕੁਲ, ਸਾਡਾ ਲਹਿੰਦੇ ਪਾਕਿਸਤਾਨ ਦੀ ਕਮਿਉਨਿਸਟ ਪਾਰਟੀ ਨਾਲ ਕੋਈ ਸਾਂਗਾ ਨਹੀਂ ਸੀ। ੧੯੪੮  ਦੇ ਬਾਅਦ ਅਸੀਂ ਨਾ ਸਿਰਫ਼ ਇੱਕ ਕਾਂਗਰਸ ਕੀਤੀ ਉਹ ਵੀ  ੧੯੬੮ ਵਿਚ। ੧੯੬੮ ਦੇ ਵਾਰੇ ਦੋ ਤਿੰਨ ਕਾਨਫ਼ਰੰਸਾਂ ਹੋਈਆਂ ਪਰ ਉਨ੍ਹਾਂ ਨੂੰ ਕਾਂਗਰਸ ਆਖਣਾ ਗ਼ਲਤ ਹੋਵੇਗਾ।

ਆਮਿਰ ਰਿਆਜ਼: ੧੯੬੭  ਵਿਚ ਹੋਈ ਸੀ ਇਹ ਕਾਂਗਰਸ ਯਾਂ ੧੯੬੮ ਵਿਚ?
ਅਜੋਏ ਰਾਏ: ੧੯੬੮ ਵਿਚ ਪਾਕਿਸਤਾਨ ਕਮਿਊਨਿਸਟ ਪਾਰਟੀ ਚੜ੍ਹਦੇ ਤੇ ਲਹਿੰਦੇ ਪਾਕਿਸਤਾਨ ਦੀ ਇਕੱਠੀ ਕਾਂਗਰਸ ਢਾਕੇ ਵਿਚ ਗੁਲਸ਼ਨ ਦੇ ਥਾਂ ਤੇ ਹੋਈ ਸੀ। ਇਸ ਕਾਂਗਰਸ ਵਿਚ ਲਹਿੰਦੇ ਪਾਕਿਸਤਾਨ ਤੋਂ ਇਕ ਸਾਹਿਬ ਆਏ ਸਨ, ਉਹ ਹਰਵੇਲੇ ਪਾਈਪ ਪੀਂਦੇ ਰਹਿੰਦੇ ਸਨ।

ਆਮਿਰ ਰਿਆਜ਼:ਪ੍ਰੋਫ਼ੈਸਰ ਜਮਾਲ ਨਕਵੀ?
ਅਜੋਏ ਰਾਏ:ਉਹ ਸਿੰਧ ਦੇ ਸਨ।
ਆਮਿਰ ਰਿਆਜ਼:ਉਰਦੂ ਸਪੀਕਿੰਗ ਸਨ ਯਾਂ ਸਿੰਧੀ?
ਅਜੋਏ ਰਾਏ:ਉਰਦੂ ਸਪੀਕਿੰਗ ਸਨ।
ਆਮਿਰ ਰੀਆਜ਼: ਖ਼ਉਰੇ ਜਮਾਲ ਨਕਵੀ ਈ ਹੋਣਗੇ।  ਉਨ੍ਹਾਂ ਨੇ ਫ਼ੋਰਮ ਨੂੰ ਆਪਣੇ ਇੰਟਰਵਿਊ ਵਿਚ ਇਸ ਕਾਂਗਰਸ ਬਾਰੇ ਦੱਸਿਆ ਸੀ।

ਅਜੋਏ ਰਾਏ:੧੯੬੮ ਵਾਲੀ ਕਾਂਗਰਸ ਸਾਡੇ ਲਹਿੰਦੇ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਨਾਲ ਪਹਿਲਾ ਬਾਕਾਇਦਾ ਮੇਲ ਸੀ। ਇਸ ਤੋਂ ਪਹਿਲਾਂ ਸਾਡੀਆਂ ਮੁਲਾਕਾਤਾਂ ਮਾਸਕੋ ਵਿਚ ਹੋ ਜਾਇਆ ਕਰਦੀਆਂ ਸਨ ਕਦੀ ਕਦੀ। ਮੈਨੂੰ ਪਤਾ ਏ ਤੁਸੀਂ ਹਸੋਗੇ  ਇਸ ਗੱਲ ਤੇ , ਪਰ ਇੰਜ ਈ ਹੋਇਆ ਸੀ। ਮੈਂ ਇਸ ਕਾਂਗਰਸ ਵਿਚ ਰਲਤੀ ਨਹੀਂ ਸਾਂ ਕਿਉਂਜੇ ਮੈਂ ਗ੍ਰਿਫ਼ਤਾਰ ਸੀ। ਇਸ ਕਾਂਗਰਸ ਵਿੱਚ  ਚੜ੍ਹਦੇ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਨੇ ਸਾਫ਼ ਕਰ ਦਿੱਤਾ ਸੀ ਕਿ ਸਾਡੀ ਅਪਣੀ ਪਾਰਟੀ ਹੈ ਤੇ ਇਹ ਲਹਿੰਦੇ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਤੋਂ ਬਿਲਕੁਲ ਆਜ਼ਾਦ ਸੰਸਥਾ ਹੈ ਇਸ ਬੈਠਕ ਵਿੱਚ  ਚੜ੍ਹਦੇ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਨੇ ਆਜ਼ਾਦ ਬੰਗਲਾ ਦੇਸ਼ ਦੇ ਹੱਕ ਵਿਚ ਮਤਾ ਮਨਜ਼ੂਰ ਕੀਤੀ ਸੀ।

ਆਮਿਰ ਰਿਆਜ਼:ਤੁਸੀਂ ਕਦੀ ਲਹਿੰਦੇ ਪਾਕਿਸਤਾਨ ਆਏ?
ਅਜੋਏ ਰਾਏ:ਨਹੀਂ। ਕਦੀ ਨਹੀਂ, ਤੁਸੀਂ ਦਾਅਵਤ ਦੇਵੋਗੇ  ਤਾਂ ਆਵਾਂਗਾ।
ਆਮਿਰ ਰਿਆਜ਼:ਲਹੌਰ ਆਨਾ ਹੋਵੇਗਾ?
ਅਜੋਏ ਰਾਏ:ਕਿਉਂ ਨਹੀਂ। ਲਹੌਰ ਕਿਉਂ ਨਹੀਂ ਆਵਾਂਗਾ?
ਆਮਿਰ ਰਿਆਜ਼:ਚੜ੍ਹਦੇ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦਾ ਸੈਕਟਰੀ ਜਨਰਲ ਕੌਣ ਸੀ ੧੯੪੮ ਵਿਚ?

ਅਜੋਏ ਰਾਏ:ਕਾਮਰੇਡ ਖੋਖਾ ਰਾਏ ਚੜ੍ਹਦੇ ਪਾਕਿਸਤਾਨ ਦੀ ਕਮਿਊਨਿਸਟ ਪਾਰਟੀ ਦੇ ਪਹਿਲੇ ਜਨਰਲ ਸੈਕਟਰੀ ਸਨ। ਬੀ ਟੀ ਰੰਧੀਵੇ ਦਾ ਚੜ੍ਹਦੇ ਤੇ ਲਹਿੰਦੇ ਪਾਕਿਸਤਾਨ ਵਿੱਚ ਕੁੱਝ ਕੁਝ ਭਾਰ ਸੀ। ਬਾਬਾ, ਉਹ ਰਾਵਲਪਿੰਡੀ ਸਾਜ਼ਿਸ਼ ਅਖ਼ੀਰ ਕੀ ਸੀ? ਜ਼ਹੀਰ ਵਰਗਾ ਕਾਮਰੇਡ ਉਸ ਵਿਚ ਕਿਵੇਂ ਫਸ ਗਿਆ? ਉਹ ਤੇ ਯੂਪੀ ਦੇ ਸਨ ਤੇ ਲਿਆਕਤ ਅਲੀ ਖ਼ਾਨ ਵੀ ਯੂਪੀ ਦੇ ਸੀ। ਸੱਜਾਦ ਜ਼ਹੀਰ ਦਾ ਭਾਈ ਭਾਰਤ ਵਿਚ ਮਰਕਜ਼ੀ ਵਜ਼ਾਰਤ ਸਾਂਭੇ ਹੋਏ ਸੀ। ਮੈਨੂੰ ਯਾਦ ਨਹੀਂ ਮਰਕਜ਼ੀ ਵਜ਼ਾਰਤ ਸੀ ਯਾਂ ਫਿਰ ਯੂ ਪੀ ਦੀ। ਜ਼ਹੀਰ ਦੇ ਸਾਂਗੇ ਤਾਂ ਪਾਕਿਸਤਾਨ ,ਭਾਰਤ ਦੀ ਅਸ਼ਰਾਫ਼ੀਆ ਵਿਚ ਬਹੁਤ ਸਨ। ਉਨ੍ਹਾਂ ਦੇ ਖ਼ਾਨਦਾਨ ਨੇ ਭਾਰਤੀ ਸਰਕਾਰ ਤੋਂ ਸਿਫ਼ਾਰਸ਼ ਕਰਵਾਈ ਤਾਂ ਪਾਕਿਸਤਾਨੀ ਹੁਕਮਰਾਨਾਂ ਨੇ ਉਨ੍ਹਾਂ ਨੂੰ ਭਾਰਤ ਵਾਪਸ ਘਲ ਦਿਤਾ। ਇਹ ਸਭ ਕੀ ਸੀ? ਰੰਧੀਵੇ ਵਾਂਗੂੰ ਪਿੰਡੀ ਸਾਜ਼ਿਸ਼ ਕੇਸ ਵੀ ਇਕ ਝੱਲਾ ਵਲਲਾ ਫ਼ੈਸਲਾ ਸੀ। ਸੀ ਆਰ ਅਸਲਮ ਵਗ਼ੈਰਾ ਵੀ ਸਾਰੇ ਦੇ ਸਾਰੇ ਧਰੇ ਗਏ। ਫਿਰ ਰਿਆਸਤ ਵਲੋਂ ਸਖ਼ਤੀਆਂ ਵਧ ਗਈਆਂ। ਓੜਕ ਕਿ ਹਸਨ ਨਾਸਿਰ ਜਿਹਾ ਵਾਕਿਆ ਵੀ ਹੋਇਆ।

ਆਮਿਰ ਰਿਆਜ਼:ਤੇ ਤੁਹਾਡਾ ਖ਼ਿਆਲ ਏ ਪਈ ਜਿਵੇਂ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਨੇ ਰੰਧੀਵੇ ਲਾਇਨ ਨੂੰ ਛੱਡਣ ਮਗਰੋਂ ਭਾਰਤੀ ਰਿਆਸਤ ਨਾਲ ਨੇੜਲੇ ਸਾਂਗੇ ਵਧਾਏ ਉਂਜ ਈ ਪਾਕਿਸਤਾਨ ਵਿੱਚ ਕਮਿਊਨਿਸਟਾਂ ਨੂੰ ਵੀ ਕਰਨਾ ਚਾਹੀਦਾ ਸੀ?

ਅਜੋਏ ਰਾਏ:ਜੋ ਭਾਰਤੀ ਕਮਿਊਨਿਸਟਾਂ ਨੇ ਕੀਤਾ,ਉਹ ਉਨ੍ਹਾਂ ਦੇ ਵੇਲ਼ੇ ਤੇ ਸਿਆਸੀ ਹਕੀਕਤਾਂ ਸਨ। ਚੜ੍ਹਦੇ ਤੇ ਲਹਿੰਦੇ ਪਾਕਿਸਤਾਨ ਤੇ ਜਦ ਤੁਸਾਂ ਨੇ ਵੱਖਰੀ ਕਮਿਊਨਿਸਟ ਪਾਰਟੀਆਂ ਬਣਾ ਲਈਆਂ ਸਨ ਤਾਂ ਤੁਹਾਨੂੰ ਆਪਣੇ ਹਾਲਾਤ ਮੂਜਬ ਫ਼ੈਸਲੇ ਕਰਨੇ ਚਾਹੀਦੇ ਸਨ। ਜਦ ਇਕ ਵਾਰੀ ਬੱਚਾ ਜਮ ਜਾਂਦਾ ਹੈ ਤਾਂ ਉਹਨੂੰ ਮੁੜ ਮਾਂ ਦੇ ਢਿੱਡ ਵਿੱਚ ਨਹੀਂ ਪਾਇਆ ਜਾ ਸਕਦਾ?

ਆਮਿਰ ਰਿਆਜ਼:ਪਰ ਕੁਝ ਲੋਕਾਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਜ਼ਰੂਰ ਕੀਤੀ?
(ਕਹਿਕਹੇ)
ਅਜੋਏ ਰਾਏ::ਇਹ ਠੁਕਵਾਂ ਹੈ । ਅਸੀਂ ਬਹੁਤ ਅਜਿਹੇ ਗ਼ਲਤ ਫ਼ੈਸਲੇ ਕੀਤੇ।
ਆਮਿਰ ਰਿਆਜ਼:ਤੁਸੀਂ ਚੜ੍ਹਦੇ ਪਾਕਿਸਤਾਨ ਦੀ ਕਮਿਊਨਿਸਟ ਲਹਿਰ  ਬਾਰੇ ਦੱਸੋ?
ਅਜੋਏ ਰਾਏ:ਇਥੇ ਤਿੰਨ ਅਹਿਮ ਆਗੂ ਸਨ। ਖੋਖਾਰਾਏ, ਨੇਪਾਲ ਨਾਗ ਤੇ ਮੁਨੀ ਸਿੰਘ। ਇਹਨਾਂ ਤੋਂ ਵਖ ਸਹਲਟ ਦੇ ਬਾਰੀਂ ਦੱਤ ਹੁੰਦੇ ਸਨ ਜਿਹਨਾਂ ਦਾ ਮਸ਼ਹੂਰ ਨਾਂ ''ਸਲਾਮ ਭਾਈ'' ਸੀ ਪਾਕਸਤਾਨ ਬਣਨ ਮਗਰੋਂ ਲਹਿੰਦੇ ਬੰਗਾਲ ਦੇ ਕੁੱਝ ਮੁਸਲਮਾਨ ਕਾਮਰੇਡਾਂ ਨੇ ਫ਼ੈਸਲਾ ਕਰਕੇ ਚੜ੍ਹਦੇ ਪਾਕਿਸਤਾਨ ਹਿਜਰਤ ਕੀਤੀ ਸੀ। ਉਹਨਾਂ ਚੋਂ ਇਕ ਮਨਸੂਰ ਹਬੀਬ ਉਲ੍ਹਾ ਸੀ। ਉਹ ਲਹਿੰਦਾ ਬੰਗਾਲ ਅਸੰਬਲੀ ਦੇ ਲੰਮੇ ਚਿਰ ਤੀਕ ਸਪੀਕਰ ਰਹੇ। ੧੯੪੮ ਜਾਂ ੧੯੪੯ ਵਿੱਚ ਪਾਕਸਤਾਨ ਆਏ ਸਨ। ਤੁਹਾਨੂੰ ਯਾਦ ਏ ਕਿ ਰਾਜਸ਼ਾਹੀ ਵਿੱਚ  ਕਤਲੋ  ਗ਼ਾਰਤ ਗਿਰੀ ਕਿਹੜੇ ਦੌਰ ਵਿੱਚ ਹੋਈ ਸੀ?

ਇਕ ‘ਵਾਜ: ਖ਼ਉਰੇ ੧੯੫੦ ?
ਅਜੋਏ ਰਾਏ:ਉਹਦੇ ਵਿਚ ਮਨਸੂਰ ਹਬੀਬ ਮਤਲੂਬ ਸਨ। ਫਿਰ ਉਹ ਕਲਕੱਤਾ ਵਾਪਸ ਚਲੇ ਗਏ। ਇੰਜ ਈ ਬ੍ਰਿਸਟਰ ਲਤੀਫ਼ ਵੀ ਲਹਿੰਦੇ ਬੰਗਾਲ ਤੋਂ ਚੜ੍ਹਦੇ ਬੰਗਾਲ ਆ ਗਏ ਸਨ। ਉਹ ਵੀ ਵਾਪਸ ਚਲੇ ਗਏ ਸਨ। ਇੰਜ ਈ ਕਾਮਰੇਡ ਫ਼ਾਰੂਕੀ ਹੁੰਦੇ ਸਨ।ਉਨ੍ਹਾਂ ਨੂੰ ਪਿੱਛੋਂ ਮੈਂ ਮਾਸਕੋ ਵੀ ਮਿਲਿਆ ਸੀ। ਉਹ ਵੀ ਪਰਤ ਗਏ ਸਨ। ਉਹ ਇਕ ਗ਼ੈਰ ਬੰਗਾਲੀ ਟਰੇਡ ਯੂਨੀਅਨ ਲੀਡਰ ਸਨ, ਮੀਟਾਬਰਜ ਵਿਚ। ਇਕ ਗੱਲ ਜਿਹੜੀ ਬਹੁੰ ਅਹਿਮ ਏ ਉਹ ਇਹ ਕਿ ਅਸੀਂ ਚੜ੍ਹਦੇ ਪਾਕਿਸਤਾਨ ਵਿੱਚ ਸਭ ਤੋਂ ਪਹਿਲਾਂ ਮਰਕਜ਼ੀ ਪਾਰਟੀ ਬਨਾਉਣ  ਤੇ ਜ਼ੋਰ ਦਿਤਾ ਜਦ ਕਿ ਲਹਿੰਦੇ ਪਾਕਿਸਤਾਨ ਵਿੱਚ  ਇੰਜ ਨਹੀਂ ਹੋਇਆ।ਜਿਹਨਾਂ ਚਾਰ ਕਾਮਰੇਡਾਂ ਦਾ ਮੈਂ ਪਹਿਲੇ ਦੱਸਿਆ ਏ ਉਹ ਨਾ ਸਿਰਫ਼ ਫਿਰਨ ਤੁਰਨ ਵਾਲੇ ਸਨ ਸਗੋਂ ਉਨ੍ਹਾਂ ਦਾ ਚੜ੍ਹਦੇ ਪਾਕਿਸਤਾਨ ਦੇ ਮਾਆਸ਼ਰੇ ਵਿਚ ਵੱਖਰੇ ਪੈਹੇ ਹੋਏ ਤਬਕਾਤ ਨਾਲ ਸਿੱਧਾ ਰਾਬਤਾ ਵੀ ਸੀ। ਮੁਨੀ ਸਿੰਘ ਦਾ ਵਾਹਕਾਂ ਵਿੱਚ ਵੀ ਕੰਮ ਸੀ। ਨੇਪਾਲ ਨਾਗ ਦਾ ਨਾਰਾਇਣ ਗੰਜ ਵਿਚ ਮਜ਼ਦੂਰਾਂ ਨਾਲ ਕੰਮ ਸੀ।

ਆਮਰ ਰੀਆਜ਼:ਕੀ ੧੯੪੭  ਤੋਂ ਪਹਿਲਾਂ ਹਿੰਦੁਸਤਾਨ ਵਿਚ ਕਮਿਊਨਿਸਟ ਲਹਿਰ ਦਾ ਇਕ ਪੱਕਾ ਮਰਕਜ਼ ਬਣ ਚੁੱਕਿਆ ਸੀ।?
ਅਜੋਏ ਰਾਏ:੧੯੩੭ ਯਾਂ ੧੯੩੮ ਮਗਰੋਂ ਤੇ ਪਾਰਟੀ ਮਨਜ਼ਮ ਹੋਣਾ ਸ਼ੁਰੂ ਹੋ ਗਈ ਸੀ। ਪ੍ਰਾਈਸ ਤੋਂ ਪਹਿਲਾਂ ਦੱਖਣੀ ਏਸ਼ੀਆ ਵਿਚ ਕਮਿਊਨਿਸਟ ਲਹਿਰ ਯਾਂ ਪਾਰਟੀ ਬਣਾਉਣ ਲਈ ਬਹੁਤ ਕੋਸ਼ਿਸ਼ਾਂ ਹੁੰਦੀਆਂ  ਰਹੀਆਂ ਸਨ। ਅਜਿਹੀ ਇਕ ਕੋਸ਼ਿਸ਼ ਤਾਸ਼ਕੰਦ ਵਿਚ ਵੀ ਹੋਈ ਸੀ। ਇੰਜ ਪਿਸ਼ਾਵਰ, ਕਾਨਪੁਰ ਤੇ ਮੇਰਠ ਸਾਜ਼ਿਸ਼ ਕੇਸ ਵੀ ਕਮਿਊਨਿਸਟਾਂ ਦੇ ਵਖੋ ਵਖ ਮਰਾਕਜ਼ ਦਾ ਪਤਾ ਦਿੰਦੇ ਨੇ।ਮੇਰਠ ਸਾਜ਼ਿਸ਼ ਕੇਸ (੧੯੩੧) ਦੇ ਮਗਰੋਂ ਫ਼ੇਰ ਮਰਕਜ਼ੀ ਤਨਜ਼ੀਮ ਬਣਾਉਣ ਦਾ ਕੰਮ ਸ਼ੁਰੂ ਹੋਇਆ ਤੇ ੧੯੩੭ ਵਿਚ ਜਿਹੜੀ ਮਰਕਜ਼ੀ ਤਨਜ਼ੀਮ ਬਣੀ ਉਸ ਦੇ ਸੈਕਟਰੀ ਜਨਰਲ ਪੀ ਸੀ ਜੋਸ਼ੀ ਬਣੇ। ਉਹ ਪਹਿਲੇ ਬਾਕਾਇਦਾ ਸੈਕਟਰੀ ਜਨਰਲ ਸਨ ਸੀ ਪੀ ਆਈ ਦੇ। ਹੁਣ ਤੁਸੀਂ ਕਿਨਾਂ ਪੁੱਛੋਗੇ।

ਆਮਿਰ ਰਿਆਜ਼:ਫੇਰ ਕੋਈ ਦੱਸਣ ਜੋਗਾ ਨਹੀਂ ਰਵੇਗਾ ਤੇ ਫਿਰ ਅਸੀਂ ਕਿਹਨੂੰ ਪੁਛਾਂਗੇ।  ਤੁਹਾਡੇ ਜਿਹੇ ਥੋੜੇ ਨਗ ਰਹਿ ਗਏ ਨੇ।
ਇੱਕ ਬੇਲੀ;ਬਿਲਕੁਲ ਸਹੀ ਬਾਤ ਹੈ।
ਅਜੋਏ ਰਾਏ:ਤੁਸੀਂ ਭਾਰਤ ਜਾਵੋ ਉਥੇ ਬਹੁਤ ਲੋਕ ਅਜੇ ਜ਼ਿੰਦਾ ਨੇ।
ਆਮਿਰ ਰਿਆਜ਼:ਉਹ ਮਦਰ ਪਾਰਟੀ ਵਾਲੇ ਹਨ। ਉਨ੍ਹਾਂ ਨਾਲ ਅਖ਼ੀਰ ਤੇ ਮਿਲਣਾ ਭਲਾ ਰਵੇਗਾ। ਉਂਜ ਉਹ ਬੰਗਾਲੀਆਂ ਤੇ ਪੰਜਾਬੀਆਂ ਨੂੰ ਬਹੁਤਾ ਚੰਗਾ ਕਾਮਰੇਡ ਨਹੀਂ ਸਮਝਦੇ (ਕਹਿਕਹੇ)

ਅਜੋਏ ਰਾਏ:ਤੁਸੀਂ ਰਮੇਸ਼ ਚੰਦਰ ਨੂੰ ਮਿਲੋ। ਉਹ ਲਹੌਰ ਦੇ ਹਨ। ਉਹਨਾਂ ਦੀ ਬੀਵੀ ਵੀ ਲਹੌਰੀ ਹੈ। ਮੇਰਾ ਸਲਾਮ ਆਖਣਾ ਉਹਨੂੰ। ਉਨ੍ਹਾਂ ਕੋਲ ਬਹੁਤ ਦਸਤਾਵੇਜ਼ਾਤ ਹਨ ਅਜੇ। ਇਹ ਗੱਲ ਦਰੁਸਤ ਹੈ ਅਜੇ ਤਾਈਂ ਅਸੀਂ ਦੱਖਣੀ ਏਸ਼ੀਆਈ ਕਮਿਊਨਿਸਟ ਲਹਿਰ ਬਾਰੇ ਮੁਕੰਮਲ ਆਰਕਾਈਵ ਨਹੀਂ ਬਣਾ ਪਾਏ। ਪਰ ਮੈਨੂੰ ਲਗਦਾ ਹੈ ਕਿ ਖ਼ਉਰੇ ਬਾ ਹੈਸੀਅਤ ਦੱਖਣੀ ਏਸ਼ੀਆਈ ਸਾਨੂੰ ਤਾਰੀਖ਼ ਨਾਲ ਲਗਾ ਵੀ ਕੁੱਝ ਘੱਟ ਈ ਹੈ। ਹੁਣ ਉਹ ਅਲ ਬੈਰੂਨੀ ਦੀ ਕਿਤਾਬ ਅਲਹਿੰਦ ਪੜ੍ਹ ਲਵੋ ਤਾਂ ਉਹ ਹਜ਼ਾਰ ਸਾਲ ਪਹਿਲੇ ਵੀ ਇਹੋ ਈ ਲਿਖ ਰਿਹਾ ਹੈ ਕਿ ਇਥੋਂ ਦੇ ਲੋਕਾਂ ਨੂੰ ਤਾਰੀਖ਼ ਨਾਲ ਲਗਾ ਨਹੀਂ। ਅਸੀਂ ਅਪਣੀ ਦਸਤਾਵੇਜ਼ਾਤ ਨੂੰ ਸਾਂਭਦੇ ਨਹੀਂ ਹਾਂ। ਹੁਣ ਤੁਸੀਂ ਬੰਗਲਾ ਦੇਸ਼ ਦੀ ਮਿਸਾਲ ਲੈ ਲਵੋ। ਅਵਾਮੀ ਲੀਗ ਨੇ ਬਹੁਤ ਜਦੋਜਹਿਦ ਕੀਤੀ ਹੈ ਸਭ ਮੰਨਦੇ ਹਨ। ਇਸ ਜਦੋਜਹਿਦ ਬਾਰੇ ਲਿਖਣ ਲਈ ਸਾਨੂੰ ਆਪਣੇ ਮੁਲਕ ਚੋਂ ਕੋਈ ਨਹੀਂ ਲੱਭਿਆ। ਅਵਾਮੀ ਲੀਗ ਦੀ ਤਾਰੀਖ਼ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੀ ਮਿਸਿਜ਼ ਸ਼ਭਾਲੀ ਘੋਸ਼ ਨੇ ਲਿਖੀ ਏ। ਚੜ੍ਹਦੇ ਪਾਕਿਸਤਾਨ ਦੇ ਕਮਿਊਨਿਸਟਾਂ ਨੇ ਵੋਹ ਅਪਣੀ ਤਾਰੀਖ਼ ਇਕੱਠੀ ਨਹੀਂ ਕੀਤੀ। ਜਦ ੧੯੭੧  ਵਿਚ ਸਾਨੂੰ ਮਜਬੂਰਨ  ਭਾਰਤ ਹਿਜਰਤ ਕਰਨੀ ਪਈ ਸੀ ਤਾਂ ਜਾਂਦੇ   ਜਾਂਦੇ ਅਸੀਂ ਗ਼ਫ਼ੂਰ ਭਾਈ ਨੂੰ ਸਾਰੀ ਪਾਰਟੀ ਦਸਤਾਵੇਜ਼ਾਤ ਦੇ ਗਏ ਸਾਂ। ਚਾਰ ਪੰਜ ਸੰਦੂਕ ਸਨ। ਹਾਲਾਤ ਬਹੁਤੇ ਖ਼ਰਾਬ ਹੋਏ ਤਾਂ ਗ਼ਫ਼ੂਰ ਭਾਈ ਨੇ ਆਪਣੇ ਘਰ ਦੇ ਕੋਲ ਖੂਹ ਵਿਚ ਸਾਰੇ ਸੰਦੂਕ ਸੁਟ ਦਿਤੇ। ਉਹ ਸਾਡਾ ਭਰੋਸੇ ਮੰਦ ਬੇਲੀ ਸੀ ਪਰ ਕੁੱਝ ਨਾ ਕਰ ਪਾਏ। ੧੯੭੧ ਬਾਦੋਂ ਬੰਗਲਾ ਦੇਸ਼ ਸਰਕਾਰ ਨੇ ੧੪,੧੫ ਜਿਲਦਾਂ ਤੇ ਪੂਰੀ ਤਾਰੀਖ਼ ਲਿਖਵਾਈ। ਉਸ ਵੇਲ਼ੇ ਸਾਨੂੰ ਇਹ ਵੀ ਆਖਿਆ ਗਿਆ ਕਿ ਪਾਰਟੀ ਦੇ ਕਾਗ਼ਜ਼ ਦੇਵੋ। ਅਸੀਂ ਇਧਰੋਂ ਉਧਰੋਂ ਕੁੱਝ ਕਾਗ਼ਜ਼ਾਤ ਇਕੱਠੇ ਕਰਕੇ ਬਦਰਾਲਦੀਨ ਉਮਰ ਦੇ ਹਵਾਲੇ ਕੀਤੇ। ਹੁਣ ਉਹੀ ਥੋੜਾ ਬੋਹਤ ਰਿਕਾਰਡ ਰਹਿ ਗਿਆ ਏ। ਤੇ ਇਹ ਦੱਖਣੀ ਏਸ਼ੀਆ ਦਾ ਇਕੱਠਾ ਮਸਲਾ ਹੈ ਕਿ ਉਨ੍ਹਾਂ ਤਾਰੀਖ਼ ਦਾ ਬੋਹਤਾਚਾ ਨਹੀਂ ਹੈ।

ਆਮਿਰ ਰਿਆਜ਼: ਚੜ੍ਹਦੇ ਪਾਕਿਸਤਾਨ ਦੇ ਬੰਗਾਲੀ ਕਮਿਊਨਿਸਟਾਂ ਨੇ ਬੰਗਾਲੀ ਕੌਮ ਪ੍ਰਸਤੀ ਦਾ ਭਰਵਾਂ ਸਾਥ ਦਿਤਾ। ੧੯੭੧ ਵਿਚ ਵਖਰਾ ਵਤਨ ਵੀ ਹਾਸਲ  ਹੋ ਗਿਆ। ਹੁਣ ਆਜ਼ਾਦੀ ਦੇ ੩੭ ਵਰ੍ਹੇ ਲੰਘ ਚੁੱਕੇ ਹਨ ਇਹਦੀ ਪਰਖ ਕਰੋ?

ਅਜੋਏ ਰਾਏ:ਮੈਂ ਤਾਂ ਸਮਝਦਾ ਹਾਂ ਅਸੀਂ ਨਾਕਾਮ ਰਹੇ। ਤਬਕਾਤੀ ਸੂਝ ਦੇ ਬਿਨਾਂ ਕੌਮੀਆਤੀ ਸ਼ਊਰ ਦੀ ਜਾਗ੍ਰਤੀ ਵਿਚ ਗੜਬੜ ਹੋ ਜਾਂਦੀ ਹੈ। ਇਹ ਮੇਰਾ ਤਜਜ਼ੀਆ ਹੈ।
੬੦ ਤੇ ੭੦ ਦੇ ਦਹਾਕਿਆਂ ਵਿੱਚ ਮਾਸਕੋ ਪੱਖੀ ਕਮਿਊਨਿਸਟਾਂ ਵਿਚ ਇਕ ਥਿਊਰੀ ਬਹੁਤ ਮਕਬੂਲ ਸੀ। ਉਹਨੂੰ ਕਹਿੰਦੇ  ਸਨ ''ਤਰੱਕੀ ਦਾ ਗੈਰ ਸਰਮਾਏਦਾਰਾਨਾ ਰਸਤਾ''। ਇਸ ਦੇ ਮੋਢੀ ਸੋਵੀਅਤ ਕਮਿਊਨਿਸਟ ਸਨ। ਤੁਸੀਂ ਜਾਣਦੇ ਈ ਹੋਓਗੇ ਇਸ ਬਾਰੇ। ਅਫ਼ਰੀਕਾ ਵਿਚ ਕੁਝ ਮੁਲਕਾਂ ਨੇ ''ਤਰੱਕੀ ਦਾ ਗੈਰ ਸਰਮਾਏਦਾਰਾਨਾ ਰਸਤਾ' ਹੇਠ ਕੁੱਝ ਤਜਰਬੇ ਕੀਤੇ ਸਨ। ਉਨ੍ਹਾਂ ਦਾ ਹਸ਼ਰ ਤੇ ਅਸੀਂ ਸਭ ਨੇ ਵੇਖਿਆ। ਸੋਮਾਲੀਆ, ਇਥੋਪੀਆ, ਮੋਜ਼ੰਬੀਕ( ਰਹੋਡੇਸ਼ੀਆ) ਏਥੇ ਜੋ ਕੁੱਝ ਹੋਇਆ ਉਹ ਸਭ ਭਲਾ ਹੈ ਸਮਝਣ ਲਈ ਇਸ ਤੋਂ ਏਹਾ ਸਿੱਟਾ ਕੱਢਿਆ ਜਾ ਸਕਦਾ ਹੈ ਕਿ ਤੁਸੀਂ ਤਾਰੀਖ਼ ਵਿਚ ਛਾਲਾਂ ਨਹੀਂ ਮਾਰ ਸਕਦੇ। ਅਸੀਂ ੧੯੭੧  ਵਿਚ ਸੀਜ਼ੇਰੀਅਨ ਆਪ੍ਰੇਸ਼ਨ ਰਾਹੀਂ ਤਾਰੀਖ਼ ਨੂੰ ਅੱਗੇ ਵਧਾਉਣ ਦਾ ਜਿਹੜਾ ਪੈਰ ਪੁੱਟਿਆ ਸੀ ਉਹ ਕਾਮਯਾਬ ਨਹੀਂ ਹੋ ਸਕਿਆ। ਲੈਨਿਨ ਤੇ ਉਹਦੇ ਸੰਗੀਆਂ ਦਾ ਹੱਦ ਤੋਂ ਵੱਧ ਆਦਰ ਕਰਨ ਤੋਂ ਬਾਅਦ ਮੈਂ ਇਹ ਆਖਾਂਗਾ ਕਿ ਅਸੀਂ ਇਕ ਛਾਲ ਲਾ ਕੇ ਤਾਰੀਖ਼ ਨੂੰ ਅੱਗੇ ਵਧਾਉਣ ਵਿਚ ਕਾਮਯਾਬ ਨਹੀਂ ਰਹੇ। ਲੈਨਿਨ ਨੂੰ ਇਹਦਾ ਬਹੁਤਾ ਧਿਆਨ ਸੀ।

ਆਮਿਰ ਰਿਆਜ਼:ਤੁਹਾਡਾ ਇਸ਼ਾਰਾ ਮੁਆਸ਼ੀ ਪਾਲਿਸੀ (ਨਿਊ ਇਕਨੋਮਿਕ ਪਾਲਸੀ) ਵੱਲ ਏ।?
ਅਜੋਏ ਰਾਏ:ਜੀ। ਉਨ੍ਹਾਂ ਨੇ ਨਿਊ ਇਕਨੋਮਿਕ ਪਾਲਸੀ  ਦੇ ਰਾਹੀਂ ਕੋਸ਼ਿਸ਼ਾਂ ਜ਼ਰੂਰ ਕੀਤੀਆਂ ਪਰ.........।
ਆਮਿਰ ਰਿਆਜ਼:ਪਰ ਉਸ ਵੇਲ਼ੇ ਤੀਕ ਕਵੇਲ ਹੋ ਚੁੱਕੀ  ਸੀ। ਤੀਰ ਕਮਾਨ ਚੋਂ ਨਿਕਲ ਚੁੱਕਿਆ ਸੀ?
ਅਜੋਏ ਰਾਏ:ਜੀ ।ਤੁਹਾਨੂੰ ਤਾਰੀਖ਼ੀ ਤਸਲਸੁਲ ਦਾ ਖ਼ਿਆਲ ਰੱਖਣਾ ਪਵੇਗਾ। ਇਕ ਗੱਲ ਜਿਹੜੀ ਮੈਂ ਆਖਨਾਂ ਚਾਹਵਾਂਗਾ ਉਹ ੧੯੪੭ ਦੀ ਵੰਡ ਦੇ ਮਤਾਲਿਕ ਹੈ। ਯਾਨੀ ਇਸ ਵੰਡ ਦੀ ਸਭ ਤੋਂ ਬੋਹਤੀ ਜ਼ਿਮੇਵਾਰ ਆਲ ਇੰਡੀਆ ਕਾਂਗਰਸ ਹੀ ਹੈ ਪਰ ਵੰਡ ਦੇ ਇਕ ਹਵਾਲੇ ਨਾਲ ਅੰਗਰੇਜ਼ਾਂ ਲਈ parting kick  ਵੀ ਸੀ।ਇਸ ਤੋਂ ਸਭ ਨੂੰ ਨੁਕਸਾਨ ਪੁੱਜਾ। ਅੱਜ ਨਾ ਅਸੀਂ  ਬੰਗਲਾ ਦੇਸ਼ ਵਿੱਚ ਖ਼ੁਸ਼ ਹਾਂ  ਨਾ ਤੁਸੀਂ ਪਾਕਿਸਤਾਨ ਵਿੱਚ ਤੇ ਨਾਹੀਂ ਭਾਰਤੀ ਖ਼ੁਸ਼ ਹਨ।ਇਕ ਕਿਤਾਬ ਪਿਛਲੇ ਦਿਨੀਂ ਲਿਖੀ ਗਈ ਏ ਤੇ ਉਹਨੂੰ ਲਿਖਣ  ਵਾਲੇ ਦਾ ਨਾਂ ਹੈ ਮੋਹਿਤ ਸੇਨ । ਤੁਹਾਨੂੰ ਲਹੌਰ ਦੇ ਕਿਤਾਬਾਂ ਦੇ ਸਟਾਲ ਤੋਂ ਲੱਭ ਜਾਵੇਗੀ।

ਆਮਿਰ ਰਿਆਜ਼:ਨਹੀਂ। ਉਥੇ ਨਹੀਂ ਹੋਵੇਗੀ।  ਕੀ ਢਾਕਾ ਵਿਚ ਮਿਲ ਸਕਦੀ ਹੈ ਇਹ ਕਿਤਾਬ?
ਅਜੋਏ ਰਾਏ:ਔਖਾ ਏ।
ਤਾਰਿਕ:ਮੇਰੇ ਕੋਲ ਏ।
ਅਜੋਏ ਰਾਏ:ਕੀ ਲਹੌਰ ਵਿਚ ਭਾਰਤ ਤੋਂ ਕਿਤਾਬਾਂ ਨਹੀਂ ਆਉਂਦੀਆਂ?
ਆਮਿਰ ਰਿਆਜ਼:ਆਉਂਦੀਆਂ ਨੇਂ ਪਰ ਕੰਮ ਦੀਆਂ ਕਿਤਾਬਾਂ ਨਹੀਂ ਆਉਂਦੀਆਂ। ਬੱਸ ਇੰਜੀਨਿਅਰਿੰਗ  , ਮੈਡੀਕਲ ਵਗ਼ੈਰਾ ਦੀਆਂ ਕਿਤਾਬਾਂ ਆਉਂਦੀਆਂ ਨੇ।
ਅਜੋਏ ਰਾਏ: ਮੈਂ ਉਹ ਕਿਤਾਬ ਪੜ੍ਹੀ ਹੈ। ਤਾਰਿਕ ਜੇ ਤੂੰ ਆਮਿਰ ਨੂੰ ਇਹ ਕਿਤਾਬ ਦੇ ਦੇਵੇਂ ਤਾਂ ਮੈਂ ਅਪਣੀ ਕਿਤਾਬ ਤੈਨੂੰ ਦੇ ਦੇਵਾਂਗਾ।
ਤਾਰਿਕ:ਜੀ ਚੰਗਾ
ਆਮਿਰ ਰਿਆਜ਼:ਤੁਸੀਂ ਬੰਗਾਲੀ ਕੌਮ ਪ੍ਰਸਤੀ ਦੇ ਹੇਠ ਬੰਗਾਲੀ ਕਮਿਊਨਿਸਟਾਂ ਦੇ ਤਜਰਬੇ  ਦੇ ਹਵਾਲੇ ਨਾਲ ਗੱਲ ਕਰਨ ਤੋਂ ਕੰਨੀ ਮਾਰ ਰਹੇ ਹੋ?
ਅਜੋਏ ਰਾਏ:ਨਹੀਂ ਮੈਂ ਕੰਨ੍ਹੀ  ਨਹੀਂ ਮਾਰਾਂਗਾ। ਕੌਮ ਪ੍ਰਸਤੀ ਦੀ ਲਹਿਰ ਵਿਚ ਅਹਿਮ ਗੱਲ ਇਹ ਹੈ ਕਿ ਤੁਸੀਂ ਸੈਕੂਲਰ ਹੋ ਯਾਂ ਨਹੀਂ।

ਆਮਿਰ ਰਿਆਜ਼:ਪਰ ਸਾਡੇ ਪਾਸੇ ਦੇ ਸੈਕੂਲਰ ਵੀ ਤਾਂ ਮਜ਼ਹਬ ਨਾਲ ਖੇਡਣ ਦੇ ਸ਼ੌਕੀਨ ਰਹੇ ਹਨ। ੧੯੫੭ ਖ਼ਿਲਾਫ਼ਤ ਲਹਿਰ, ਰਾਮ ਰਾਜ ਇਨ੍ਹਾਂ ਸਭ ਵਿਚ ਕਾਂਗਰਸ ਨੇ ਮਜ਼ਹਬ ਨਾਂ ਚੰਗਾ ਖੇਡਿਆ। ਆਪ ਬੰਗਾਲੀ ਮੁਸਲਮਾਨਾਂ ਦੀ ਲਹਿਰ ਵਿਚ ਵੀ ਇਹ ਪੱਖ ਉਘੜਵਾਂ ਸੀ?

ਅਜੋਏ ਰਾਏ:ਇਹ ਦਰੁਸਤ ਹੈ।੧੯੭੧  ਦੇ ਮਗਰੋਂ ਸਾਡੇ ਏਥੇ ਇਹੀ ਕੁੱਝ ਹੋਇਆ। ਮੈਨੂੰ ਯਾਦ ਹੈ ੧੯੭੨  ਵਿਚ ਜਦੋਂ ਆਈਨ ਸਾਜ਼ੀ ਲਈ ਇਜਲਾਸ ਹੋਇਆ ਤਾਂ ਚਾਰ ਲੋਕਾਂ ਨੇ ਆਪਣੇ  ਮਜ਼੍ਹਬੀ ਪਿਛੋਕੜ ਨਾਲ ਦੁਆਵਾਂ ਪੜ੍ਹੀਆਂ। ਕੁਰਆਨ ਸ਼ਰੀਫ਼, ਗੀਤਾ, ਧਮਪਦ( ਗੌਤਮ ਬੁੱਧ ਦੀ ਕਿਤਾਬ) ਤੇ ਬਾਈਬਲ। ਤਾਂ ਸਾਡਾ ਸੈਕੂਲਰਿਜ਼ਮ ਇੰਜ ਦਾ ਹੀ ਸੀ ਜਿਹਦੇ ਵਿੱਚ ਮਜ਼ਹਬ ਭਰਵੇਂ ਤਰੀਕੇ ਨਾਲ ਅਗਾਂਹ ਲਿਆਂਦਾ ਗਿਆ। ਇੰਜ ਸਾਡੇ ਪਾਸੇ ਤੇ ਸੈਕੂਲਰਿਜ਼ਮ ਵੀ ਅਜਿਹਾ ਸੀ ਸੀ।

ਆਮਿਰ ਰਿਆਜ਼:ਭਾਰਤ ਵਿਚ ਵੀ ਸੈਕੂਲਰਿਜ਼ਮ ਵਿਚ ਰਾਮ ਰਾਜ ਫ਼ੁੱਟ ਹੈ?
ਅਜੋਏ ਰਾਏ:ਇਹ ਦਰੁਸਤ ਗੱਲ ਹੈ।
ਆਮਿਰ ਰਿਆਜ਼:੧੯੪੮ ਵਿਚ ਬੰਗਾਲੀ ਬੋਲੀ ਦੀ ਲਹਿਰ ਚਲੀ ਸੀ। ੧੯੪੫  ਵਿਚ ਜਗਤੁ ਫ਼ਰੰਟ ਦਾ ਨਾਅਰਾ ਸੀ ਕਿ ਬੰਗਾਲੀ ਨੂੰ ਉਰਦੂ ਵਾਲਾ ਪੱਧਰ ਦਿੱਤਾ ਜਾਵੇ। ਤੁਸੀਂ ਇਹ ਨਹੀਂ ਕਿਹਾ ਕਿ ਪਾਕਿਸਤਾਨ ਵਿੱਚ ਸਾਰੀਆਂ ਮਾਂ ਬੋਲੀਆਂ ਨੂੰ ਮੰਨਿਆ ਜਾਵੇ?

ਅਜੋਏ ਰਾਏ:ਸਾਡੀ ਮੰਗ ਸੀ ਪਈ ਬੰਗਾਲੀ ਨੂੰ ਵੀ ਰਿਆਸਤੀ ਬੋਲੀ ਮੰਨਿਆ ਜਾਵੇ। ਉਰਦੂ ਤੇ ਪਾਕਿਸਤਾਨ ਵਿਚ ਕਿਸੇ ਵੀ ਇਲਾਕੇ ਦੀ ਮਾਂ ਬੋਲੀ ਨਹੀਂ ਸੀ। ਮਤਾ ਲਹੌਰ ਦੇ ਮੁਤਾਬਿਕ ਰਿਆਸਤਾਂ ਬੰਨੀਆਂ ਸਨ ਨਾਂ ਕਿ ਇਕ ਰਿਆਸਤ। ਪਰ ਉਹਨੂੰ ਬਦਲ ਦਿਤਾ ਗਿਆ। ਇਹ ਗ਼ਲਤ ਸੀ। ਫਿਰ ੧੯੪੭ ਵਿੱਚ ਜਦੋਂ ਰੈੱਡ ਕਲਿਫ਼ ਐਵਾਰਡ ਆ ਗਿਆ ਤਾਂ ਵੀ ਕਲਕੱਤਾ ਮਰਕਜ਼ ਈ ਰਿਹਾ।ਉਸ ਦੌਰ ਵਿੱਚ ਕਲਕੱਤਾ ਵਿਚ ਤਰੱਕੀ ਪਸੰਦ ਮੁਸਲਮਾਨ ਪਾੜ੍ਹਵਾਂ ਦੀ ਇਕ ਬੈਠਕ ਹੋਈ। ਇਹਦੇ ਵਿਚ ਸ਼ੇਖ਼ ਮੁਜੀਬ ਅਲ-ਰਹਿਮਾਨ ਵੀ ਮੌਜੂਦ ਸਨ। ਸ਼ਹੀਦਾਲਲਾ ਕੇਸਰ ਵੀ ਇਹਦੇ ਵਿਚ ਸਨ, ਸਾਡੇ ਬੇਲੀ। ਉਨ੍ਹਾਂ ਸਭ ਨੇ ਫ਼ੈਸਲਾ ਕੀਤਾ ਕਿ ਸਾਨੂੰ ਹੁਣ ਢਾਕਾ ਨੂੰ ਗੜ੍ਹ ਬਨਾਣਾ ਹੈ । ਸਾਡਾ ਗੜ੍ਹ ਉਥੇ ਹੋਵੇਗਾ। ਇਹ ਨਹੀਂ ਹੋਣਾ ਚਾਹੀਦਾ ਸੀ। ਜੇਕਰ ਪਹਿਲੇ ਦਿਨ ਦੋ ਵੱਖਰੇ ਮੁਲਕ ਬਣਾ ਦਿਤੇ ਜਾਂਦੇ ਤਾਂ ਮਸਲਾ ਹੱਲ ਹੋ ਜਾਂਦਾ। ਇਹ ਗ਼ਲਤ ਫ਼ੈਸਲਾ ਸੀ।

ਆਮਿਰ ਰਿਆਜ਼:ਲੇਕਿਨ ਇਹ ਤਾਂ ੦੩ ਜੂਨ ਦੇ ਮਨਸੂਬੇ ਵਿਚ ਸ਼ਾਮਲ ਨਹੀਂ ਸੀ?
ਅਜੋਏ ਰਾਏ:੦੩ ਜੂਨ ਦਾ ਮਨਸੂਬਾ ਕਰਾਰਦਾਦੇ ਲਹੌਰ ਨਾਲ ਰਲਾ ਨਹੀਂ ਖਾਂਦਾ ਸੀ।
ਆਮਿਰ ਰਿਆਜ਼:ਉਸੇ ਵਾਰੇ ਵਿਚ ਮੁਤਹਿਦਾ ਬੰਗਾਲ ਦੀ ਲਹਿਰ ਵੀ ਸ਼ੁਰੂ ਕਰਨ ਦੀਆਂ ਕੋਸ਼ਿਸ਼ਾਂ ਹੋਈਆਂ?
ਅਜੋਏ ਰਾਏ:ਜੀ ਇਸ ਲਹਿਰ ਵਿਚ ਹੁਸੈਨ ਸ਼ਹੀਦ ਸਹਰਾਵਰਦੀ ਤੇ ਸ਼ਰਤ ਚੰਦਰ ਬੋਸ ਅੱਗੇ ਅੱਗੇ ਸਨ।
ਆਮਿਰ ਰਿਆਜ਼:ਕਾਇਦੇ ਆਜ਼ਮ ਨੇ ਇਹਦੀ ਹਮਾਇਤ ਕੀਤੀ ਸੀ?
ਅਜੋਏ ਰਾਏ:ਮੁਹੰਮਦ ਅਲੀ ਜਿਨਾਹ ਪੰਜਾਬ ਤੇ ਬੰਗਾਲ ਦੀ ਵੰਡ ਦੇ ਖ਼ਿਲਾਫ਼ ਸਨ । ਉਹ ਚਾਹੁੰਦੇ ਸਨ ਪਈ ਗ਼ੀਰੋਨਡ ਪੰਜਾਬ ਤੇ ਬੰਗਾਲ ਪਾਕਿਸਤਾਨ ਵਿੱਚ ਸ਼ਾਮਲ ਹੋਵੇ।
ਆਮਿਰ ਰਿਆਜ਼:ਉਹ ਕਿਹੜੇ ਬੰਗਾਲੀ ਆਗੂ ਸਨ ਜਿਹਨਾਂ ਨੇ ੧੯੪੭ ਵਿੱਚ ਬੰਗਾਲ ਦੀ ਵੰਡ ਦੀ  ਹਮਾਇਤ ਕੀਤੀ ਸੀ?
ਅਜੋਏ ਰਾਏ:ਕਾਂਗਰਸ ਵਿਚ ਮੌਜੂਦ ਬੰਗਾਲੀ ਆਗੂਆਂ  ਨੇ ੧੯੪੭  ਵਿਚ ਬੰਗਾਲ ਦੀ ਵੰਡ ਦੀ ਹਮਾਇਤ ਕੀਤੀ ਸੀ।

ਆਮਿਰ ਰਿਆਜ਼:ਅੱਜ ਵੀ ਨਿਸਾਬੀ ਕਿਤਾਬਾਂ ਵਿਚ ਕਾਂਗਰਸ ਵਾਲੇ ਇਸ ਗੱਲ ਤੇ ਮਾਣ ਕਰਦੇ ਨੇ ਕਿ ਉਨ੍ਹਾਂ ਨੇ ੧੯੦੫ ਨੂੰ ਬੰਗਾਲ ਦੀ ਵੰਡ ਦੀ ਮੁਖ਼ਾਲਫ਼ਤ ਕੀਤੀ ਸੀ।ਪਰ ਇਹ ਨਹੀਂ ਦਸਦੇ ਕਿ ੧੯੪੭ ਵਿਚ ਉਹ ਬੰਗਾਲ ਵੰਡ ਦੇ ਹੱਕ ਵਿਚ ਸਨ?

ਅਜੋਏ ਰਾਏ:ਇਹ ਠਕਵੇਂ ਕਾਢ ਹੈ। ਇਥੇ ਮੈਂ ਇਕ ਹੋਰ ਗੱਲ ਵੀ ਮੰਨਣਾ ਚਾਹੁੰਦਾ ਹਾਂ ਕਿ ਅਸੀਂ ਬਾ ਹੈਸੀਅਤ ਤਰੱਕੀ ਪਸੰਦ ਕੌਮੀ ਮੁੜ ਉਸਾਰੀ ਵਿਚ ਮਜ਼ਹਬ ਦੇ ਕਿਰਦਾਰ ਨੂੰ ਨਾ ਸਮਝ ਸਕੇ। ਅਸੀਂ ਤੇ ਬੱਸ ਮਾਈਸ਼ੀਤ ਦੇ ਖਹਿੜੇ ਪਏ ਰਹੇ ।ਮੁੱਢਲਾ ਸਟਰੱਕਚਰ ਤਾਂ ਮਾਈਸ਼ੀਤ ਦੇ ਦੁਆਲੇ ਬਣਦਾ ਹੈ। ਇਹ ਮਜ਼ਹਬ ਵਗ਼ੈਰਾ ਤਾਂ ਸੁਪਰ ਸਟਰੱਕਚਰ ਵਿਚ ਆਉਂਦੇ ਨੇ। ਬੱਸ ਸਾਬਤ ਹੋਇਆ ਕਿ ਕਈ ਵਾਰ ਸਟਰੱਕਚਰ ਵੀ ਬਹੁਤਾ ਅਹਿਮ ਕਿਰਦਾਰ ਅਦਾ ਕਰਨ ਲਗਦਾ ਏ। ਸੁਪਰ ਸਟਰੱਕਚਰ ਇਕ ਮਾਈਂਡ ਸੈੱਟ ਬਣਾਉਂਦਾ ਏ ਤੇ ਇਸ ਮਾਈਂਡ ਸੈੱਟ ਦਾ ਬਹੁਤ ਅਹਿਮ ਕਿਰਦਾਰ ਹੁੰਦਾ ਹੈ।ਖ਼ਉਰੇ ਅੱਜ ਵੀ ਅਸੀਂ ਇਹਨੂੰ ਸਮਝਣ ਤੋਂ ਵਾਂਝੇ ਹਨ।

ਆਮਿਰ ਰਿਆਜ਼:ਇਹਦੇ ਵਿਚ ਮਜ਼ਹਬ ਦੇ ਨਾਲ ਨਾਲ ਕੌਮ ਪ੍ਰਸਤੀ ਨੂੰ ਵੀ ਸ਼ਾਮਿਲ ਕਰ ਲਓ?
ਅਜੋਏ ਰਾਏ:ਜੀ, ਕਦੀ ਤੇ ਅਸੀਂ ਕੌਮਾਂ ਦੀ ਹੋਂਦ ਤੋਂ ਇਨਕਾਰੀ ਹੋ ਜਾਂਦੇ ਹਾਂ। ਕਦੀ ਇਹਨੂੰ ਅਸੀਂ ਵਰਤਣਾ ਚਾਹੁੰਦੇ ਹਾਂ। ਕਦੀ ਇਹਦੇ ਥੱਲੇ ਲੱਗ ਜਾਂਦੇ ਹਨ।

ਆਮਿਰ ਰਿਆਜ਼:ਗਲੋਬਲਾਈਜ਼ੇਸ਼ਨ ਨਾਲ ਕਿਵੇਂ ਨਿਬੜਿਆ ਜਾਵੇ?
ਅਜੋਏ ਰਾਏ: ਹੁਣ ਤੇ ਮੈਂ ਇਸ ਗੱਲ ਤੇ ਯਕੀਨ ਰੱਖਦਾ ਹਾਂ ਕਿ ਜਦ ਤਾਈਂ ਪੈਦਾਵਾਰੀ ਕੁੱਵਤਾਂ ਨਹੀਂ ਬਦਲਦੀਆਂ ਉਦੋਂ ਤਾਈਂ ਪੈਦਾਵਾਰੀ ਨਿਜ਼ਾਮ ਨਹੀਂ ਬਦਲ ਸਕਦਾ।ਪੈਦਾਵਾਰੀ ਕੁੱਵਤਾਂ ਤਦ ਬਦਲਦੀਆਂ ਹਨ ਜਦੋਂ ਉਹ ਨਵੇਂ ਪੈਦਾਵਾਰੀ ਰਿਸ਼ਤੇ ਬਣਾਉਣ ਜੋਗੀਆਂ ਨਹੀਂ ਰਹਿੰਦੀਆਂ।ਇਸ ਮੌਕੇ ਤੇ ਨਵੇਂ ਨਿਜ਼ਾਮ ਦੀ ਗੱਲ ਹੁੰਦੀ ਹੈ। ਮੇਰੇ ਖ਼ਿਆਲ ਵਿਚ ਅਜੇ ਉਹ ਵੇਲਾ ਨਹੀਂ ਆਇਆ।ਇਕ ਜ਼ਮਾਨਾ ਸੀ ਜਦ ਅਸੀਂ ਕਹਿੰਦੇ ਸਾਂ ਕਿ ਸਰਮਾਏਦਾਰੀ ਖ਼ਤਮ ਹੋਣ ਨੂੰ ਹੈ ਪਰ ਟੈਕਨਾਲੋਜੀ ਨੇ ਇਹਨੂੰ ਹੋਰ ਸਾਹਵਾਂ ਲੈਣ ਦੀ ਰਾਹ ਵਿਖਾਈ ਹੈ।ਇਕ ਸਾਹਿਬ ਹੁੰਦੇ ਸਨ ਕੋਲ ਭਾਰਗਾ।੧੯੪੯ ਵਿੱਚ ਸੋਸ਼ਲਿਸਟ ਦੁਨੀਆਂ  ਵਿੱਚ ਉਹ ਬਹੁਤ ਮਸ਼ਹੂਰ ਮਾਹਿਰ ਮਾਸ਼ੀਤ ਸੀ। ਸਾਡੇ ਇੱਕ ਸੰਗੀ ਇਨਕਲਾਬੀ ਮਨਸੂਰ ਹਬੀਬਉੱਲ੍ਹਾ  ਮਾਸਕੋ ਗਏ ਸੀ। ਉਨ੍ਹਾਂ ਨੇ ਪਾਰ ਭਾਰਗਾ ਨੂੰ ਲਿਖਿਆ ਪਈ ਤੁਸੀਂ ਕਹਿੰਦੇ ਸੋ ਕਿ ਸਰਮਾਏਦਾਰੀ ਦੀ ਸਿਆਸੀ ਮੁਈਸ਼ਤ ਮੁੱਕਣ ਵਾਲੀ ਹੈ। ਉਹ ਦਿਨ ਕਦੋਂ ਆਵੇਗਾ ਉਹਨੇ ਜਵਾਬ ਦਿਤਾ ਕਿ ਉਹ ਦਿਨ ਬਹੁਤ ਛੇਤੀ ਆਵੇਗਾ। ਪਰ ਉਹ ਦਿਨ ਅੱਜ ਤਾਈਂ ਨਹੀਂ ਆਇਆ। ਭਾਈ ਕੀ ਕਰੀਏ।

(ਇਹ ਗੱਲਬਾਤ ਮਈ ੨੦੦੮ ਵਿੱਚ ਹੋਈ ਸੀ ਅਤੇ  'ਵਿਚਾਰ' ਵਿੱਚ ਛਪੀ ਸੀ .)

No comments:

Post a Comment