ਉਠ ਗਏ ਗਵਾਂਢੋਂ ਯਾਰ, ਰੱਬਾ ਹੁਣ ਕੀ ਕਰੀਏ!-ਡੇਵਿਡ ਐਲਿਨ ਲੌਂਗਫ਼ੈਲੋ
ਭਾਰਤ ਵੰਡਿਆ ਗਿਆ। ਕਦੇ ਜਾਤਾਂ ਵਿਚ, ਕਦੇ ਫਿਰਕਿਆਂ ਵਿਚ, ਕਦੇ ਧਾਰਮਕ ਜਨੂੰਨੀ ਕਤਲੇਆਮ ਦਾ ਕਾਰਨ ਬਣੇ ਅਤੇ ਕਦੇ ਦਹਿਸ਼ਤਗਰਦੀ ਦੀ ਹਲਚਲ ਮਾਸੂਮਾਂ ਦੇ ਕਤਲਦਾ ਕਾਰਨ ਬਣੀ। ਪਿਆਰ ਦੇ ਅਫਸਾਨੇ ਕਦੇ ਵੀ ਖਤਮ ਨਾ ਹੋਏ। ਸਿਤਮ ਵਧਦੇ ਗਏ ਅਤੇ ਕਹਾਣੀਆਂ ਬਣਦੀਆਂ ਗਈਆਂ। ਬਾਤਾਂ ਪਾਉਂਦੀ ਰੂਹ ਦੇ ਵਣਜਾਰੇ ਕਦੇ ਕਾਫਰ ਹੁੰਦੇ ਅਤੇ ਕਦੀ ਮੋਮਨ। ਕਦੇ ਕਾਫਰ ਭੁੱਬਾਂ ਮਾਰ ਰੋਏ ਅਤੇ ਕਦੇ ਮੋਮਨਾਂ ਨੇ ਉਨ੍ਹਾਂ ਦੇ ਅੱਲੇ ਜ਼ਖਮਾਂ 'ਤੇ
ਮਰਹਮ ਲਾਇਆ। ਕਿਸੇ ਮੁਸੀਬਤ ਦਾ ਸ਼ਿਕਾਰ ਬਣੇ ਮੋਮਨ ਕਾਫ਼ਰਾਂ ਦੀ ਦਿਲੀ ਹਮਦਰਦੀ ਦੇ ਪਾਤਰ ਬਣੇ। ਇਕੋ ਵੇਲੇ ਮਨੁੱਖੀ ਸਨੇਹ ਦੀਆਂ ਫੁੱਟਦੀਆਂ ਚਿਣਗਾਂ ਸਮੇਂ ਦੇ ਵੇਗ ਨੂੰ ਝੰਜੋੜਦੀਆਂ ਅਤੇ ਸੈਲਾਬ ਬਣ ਕੇ ਅੱਖਾਂ ਵਿਚ ਉਤਰ ਆਉਂਦੀਆਂ। ਭਾਰਤ ਦੇ ਲੋਕ ਇਕਮੁੱਠ ਰਹੇ, ਕਿਉਂਕਿ ਦਰਵੇਸ਼ ਅਤੇ
ਫ਼ਕੀਰ ਪਹਿਰੇਦਾਰ ਸਨ। ਸਿਆਸਤ ਹਾਲੇ ਓਦੋਂ ਕੱਪੜੇ ਉਤਾਰ ਕੇ ਨੰਗੀ ਨਹੀਂ ਸੀ ਹੋਈ। ਫਿਰਕਿਆਂ ਵਿਚ ਵੰਡੇ ਸਵਾਰਥੀ ਲੋਕ ਹੰਭਲਾ ਮਾਰ ਕੇ ਸੱਤਾ ਹਥਿਆਉਣ ਦੀ ਹੋੜ ਵਿਚ ਲੱਗੇ ਰਹਿੰਦੇ, ਪਰ ਸਭ ਫਜ਼ੂਲ ਜਾਂਦਾ। ਕਦੇ ਕਿਸੇ ਫ਼ਕੀਰ ਦੀ ਕੁੱਲੀ ਵਿਚੋਂ 'ਅੱਲਾ ਹੂ' ਦੀ ਆਵਾਜ਼ ਆਉਂਦੀ ਅਤੇ ਕਦੇ ਮੰਦਰ ਦੀਆਂ ਖੜਤਾਲਾਂ ਦਾ ਰਸ-ਭਿੰਨਾ ਸ਼ੋਰ ਕੰਨਾਂ ਵਿਚ ਸ਼ਹਿਦ ਘੋਲ ਕੇ ਸ਼ਾਮ ਦੀ ਆਰਤੀ ਦੇ ਚਿਰਾਗ ਰੌਸ਼ਨ ਕਰਨ ਲਈ ਉਤਸ਼ਾਹਿਤ ਕਰਦਾ। ਗਊ ਅਤੇ ਸੂਰ ਦੀ ਆਨ ਬਰਕਰਾਰ ਰਹੀ, ਸੱਭਿਆਚਾਰਕ ਰੀਤੀ-ਰਿਵਾਜ ਸਮਾਜ ਵਿਚ ਆਉਂਦੇ ਦੋਸ਼ਾਂ ਨੂੰ ਦੂਰ ਕਰਕੇ ਆਦਰਸ਼ ਜੀਵਨ ਦੇ ਕਾਰਕ ਬਣੇ। ਰੱਬ ਦੀ ਰਜ਼ਾ
ਵਿਚ ਚੱਲਣ ਵਾਲੇ ਲੋਕ ਦਰਿਆ-ਦਿਲ ਤੇ ਮਿਹਰਬਾਨ ਹੋ ਜਾਣ ਤਾਂ ਸਭ ਕੁਝ ਲੁਟਾ ਦੇਣ, ਅੜ ਜਾਣ ਤਾਂ ਸਿਕੰਦਰ ਵਰਗਿਆਂ ਨੂੰ ਰਗੜਾ ਲਾ ਦੇਣ। ਸ਼ਾਇਦ ਸੈਫ਼ਲ ਮਲੂਕ ਇਲਾਹੀ ਕਹਿਰ ਦਾ ਜ਼ਿਕਰ ਕਰਦਿਆਂ ਹੱਦ ਤੋਂ ਵੱਧ ਭਾਵੁਕ ਹੋ ਜਾਂਦਾ ਹੈ;
ਅਜ਼ਲ ਕਰੇਂ ਤਾਂ ਥਰ ਥਰ ਕੰਬਣ
ਡੂੰਘੀਆਂ ਸ਼ਾਨਾਂ ਵਾਲੇ,
ਫ਼ਜ਼ਲ ਕਰੇਂ ਤਾਂ ਬਖ਼ਸ਼ੇ ਜਾਵਣ
ਮੇਰੇ ਜਿਹੇ ਮੂੰਹ ਕਾਲੇ।
ਅਜਲ ਕਰੇ ਤਾਂ ਥਰ ਥਰ ਕੰਬਣ ਡੂੰਘੀਆਂ ਸ਼ਾਨਾਂ ਵਾਲੇ
ਇਕ ਕਹਾਵਤ ਮਸ਼ਹੂਰ ਹੈ ਕਿ ਪੰਜਾਬੀ ਕਿਸਾਨ ਖੇਤਾਂ ਵਿਚ ਕੰਮ ਕਰ ਰਹੇ ਸਨ ਕਿ ਜਲਪਰੀਆਂ ਉਨ੍ਹਾਂ ਦੇ ਕੱਪੜੇ ਚੁੱਕ ਕੇ ਲੈ ਗਈਆਂ। ਉਨ੍ਹਾਂ ਕੱਪੜੇ ਵਾਪਸ ਮੰਗੇ ਤਾਂ ਕਹਿਣ ਲੱਗੀਆਂ, "ਪਹਿਲਾਂ ਸਾਨੂੰ ਖੁਲ੍ਹ ਕੇ ਹੱਸਣ ਦੀ ਜਾਚ ਸਿਖਾਓ, ਅਸੀਂ ਕੱਪੜੇ ਫਿਰ ਵਾਪਸ ਕਰਾਂਗੀਆਂ।" ਵਿਦੇਸ਼ੀ ਧਾੜਵੀ ਲੁੱਟ ਮਚਾਉਣ ਆਏ। ਮੁਗਲ ਲੁਟੇਰੇ ਸਨ, ਪਰ ਪਿਆਰ ਸਦਕਾ ਦੇਸ਼ਭਗਤ ਬਣ ਕੇ ਰਹਿਣ ਲੱਗੇ। ਦਾਰਾ ਸ਼ਿਕੋਹ ਨੇ ਸਭਿਅਤਾ ਦੀ ਜਨਨੀ ਗੰਗਾ ਦੇ ਸੋਹਲੇ ਗਾਏ। ਸਭ ਤਾਤ ਪਰਾਈ ਵਿਸਰ ਗਈ ਤੇ ਅਪਣੱਤ ਵਿਚ ਸਮੋਇਆ ਮਮਤਾ ਦਾ ਸੁਨੇਹਾ ਪਾਰਬ੍ਰਹਮ ਦਾ ਸਰੂਪ ਬਣ ਗਿਆ। ਅੱਜ ਦੇ ਦੁਖਾਂਤ ਦੇ ਪ੍ਰਸੰਗ ਦੇ ਨਾਇਕ ਜਨਸਾਧਾਰਨ ਹਨ। ਮੱਝੀਆਂ ਦੇ ਛੇੜੂ, ਕਿਰਤੀ ਕਾਮਿਆਂ ਦੇ ਬੋਲ ਕਿਸੇ ਦਰਵੇਸ਼ ਦੀ ਦੁਆ ਤੋਂ ਵੀ ਵੱਧ ਮਿੱਠੇ ਹੁੰਦੇ ਹਨ। ਤੁਰਕੀ ਦੀ ਇਕ ਮਸ਼ਹੂਰ ਉਦਾਹਰਣ ਹੈ ਕਿ ਇਕ ਪੇਂਡੂ ਦੇਸ਼ ਦੇ ਰਾਸ਼ਟਰਪਤੀ ਲਈ ਮਿੱਠਾ ਸ਼ਹਿਦ ਲੈ ਕੇ ਆਇਆ। ਇਹ ਉਸ ਨੇ ਰਾਸ਼ਟਰਪਤੀ ਨੂੰ ਉਨ੍ਹਾਂ ਦੇ ਜਨਮ ਦਿਨ ਉਤੇ ਤੋਹਫੇ ਵਜੋਂ ਭੇਟ ਕਰਨਾ ਸੀ। ਪੈਂਡਾ ਲੰਮਾ ਹੋਣ ਕਰ ਕੇ ਕਿਸਾਨ ਲੇਟ ਹੋ ਗਿਆ। ਉਦੋਂ ਤੱਕ ਇਜਲਾਸ ਉਠ ਚੁੱਕਾ ਸੀ। ਮਹਿਲ ਦੇ ਕਰਮਚਾਰੀ ਉਸ ਨੂੰ ਅੰਦਰ ਜਾਣੋਂ ਰੋਕਦੇ ਰਹੇ। ਜਦੋਂ ਰਾਸ਼ਟਰਪਤੀ ਨੂੰ ਪਤਾ ਚੱਲਿਆ ਤਾਂ ਉਹ ਖੁਦ ਸ਼ਹਿਦ ਲੈਣ ਵਾਸਤੇ ਬਾਹਰ ਆਏ ਤੇ ਉਨ੍ਹਾਂ ਦੀਆਂ ਅੱਖਾਂ ਵਿਚ ਹੰਝੂ ਸਨ। ਸ਼ਹਿਦ ਲੈ ਕੇ ਉਨ੍ਹਾਂ ਆਪਣੀਆਂ ਦੋ ਉਂਗਲਾਂ ਡੁਬੋਈਆ ਅਤੇ ਪੇਂਡੂ ਦੇ ਮੂੰਹ 'ਤੇ ਲਗਾ ਦਿੱਤੀਆਂ ਅਤੇ ਬਾਅਦ ਵਿਚ ਜੂਠੀਆਂ ਉਂਗਲਾਂ ਚੱਟਣ ਲੱਗ ਪਏ। ਅੱਜ ਦੇ ਪ੍ਰਸੰਗ ਵਿਚ ਹਾੜ ਬੋਲਦਾ ਹੈ, ਤ੍ਰਿਹਾਈਆਂ ਰੂਹਾਂ ਵਿਰਲਾਪ ਕਰ ਰਹੀਆਂ ਹਨ, ਅਰਥਾਤ ਦਇਆ ਦੇ ਪਾਤਰ ਬਣ ਕੇ ਮਨੁੱਖੀ ਸਾਂਝਾਂ ਵਿਚੋਂ ਅਪਣੱਤ ਦੀ ਛੋਹ ਭਾਲਦੀਆਂ ਹਨ। ਸਥਾਨਕ ਉਪ-ਭਾਸ਼ਾ ਦੀ, ਭੋਲੇ-ਭਾਲੇ ਸਿੱਧੜ ਲੋਕਾਂ ਦੀ ਦਿਲ-ਖਿੱਚਵੀਂ ਸ਼ਬਦਾਵਲੀ ਵਿਚ ਮੈਂ ਤੜਫਦੇ ਅਰਮਾਨਾਂ ਦੀ ਵੇਦਨਾ ਅਤੇ ਰਵਾਇਤੀ ਪਿਆਰ ਦੀ ਝਲਕ ਦਾ ਤੇਹ ਡਿੱਠਾ। ਧਰਮ, ਨਸਲ, ਰੰਗ, ਜਾਤ ਅਤੇ ਫਿਰਕੇ ਸਭ ਫਿੱਕੇ ਜਾਂ ਅਰਥਹੀਣ ਲੱਗਦੇ ਹਨ ਤੇ ਭਰਾਤਰੀ-ਭਾਵ ਦੀ ਹੋਂਦ ਉਚਤਮ ਹੈ, ਜਿਥੇ ਸੱਭਿਆਚਾਰਕ ਮਨ-ਬੰਧਨ ਅਤੇ ਚਾਹਤ ਦੀਆਂ ਰਸਮਾਂ ਜ਼ਿਹਨੀ ਖਿੱਚ ਬਣ ਕੇ ਰਿਸ਼ਤਿਆਂ ਦਾ ਪੀਡਾ ਤਾਣਾ ਬਾਣਾ ਬਣ ਜਾਂਦੇ ਹਨ। ਮੈਂ ਉਨ੍ਹਾਂ ਪਿੰਡ ਦੇ ਰਹਿਣ ਵਾਲੇ ਆਜੜੀਆਂ ਦੇ ਦਰਦ ਦੀ ਡੂੰਘਾਈ ਨਾ ਪਾ ਸਕਿਆ, ਜਦੋਂ ਇਕ ਨੇ ਕਿਹਾ, "ਜੀ, ਐਥੇ ਕੁ-ਅੱਖ ਨਿਕਲਣ ਵੇਲੇ ਗਰਮੀਆਂ ਦੀ ਰੁੱਤੇ ਹਾੜ੍ਹ ਬੋਲਦਾ ਹੈ।" ਦੂਸਰੇ ਨੇ ਗੱਲ ਭੁੰਜੇ ਨਾ ਪੈਣ ਦਿੱਤੀ ਤੇ ਤੁਰੰਤ ਹਾਮੀ ਭਰੀ, "ਯਾਰਾ, ਮੈਂ ਕਿਸੇ ਨੂੰ ਕੀ ਕਹਾਂ, ਮੈਂ ਆਪ ਸੁਣਿਆ ਹੈ।"
ਮੇਰੇ ਕੁਝ ਵੀ ਪੱਲੇ ਨਾ ਪਿਆ, ਪਰ ਭਾਸ਼ਾ ਦੀ ਰਵਾਨੀ ਵਿਚ ਮਿਸ਼ਰੀ ਭਰੀ ਮਿਠਾਸ ਨੇ ਮੈਨੂੰ ਉਨ੍ਹਾਂ ਦੇ ਭੋਲੇਪਣ ਦਾ ਗੁਲਾਮ ਬਣਾ ਦਿੱਤਾ। ਘੜੀ ਦੀ ਘੜੀ ਚੁੱਪ ਛਾ ਗਈ। ਅਸੀਂ ਸਭ ਸੂਰਜ ਦੀਆਂ ਅੱਗ ਵਰ੍ਹਾਉਂਦੀਆਂ ਕਿਰਨਾਂ ਵਿਚੋਂ ਨੱਚਦੇ ਭੰਬੂਤਾਰਿਆ ਦੀ ਗੈਬੀ ਭਾਸ਼ਾ ਵਿਚ ਕੁਝ ਪੜ੍ਹਨ ਦਾ ਯਤਨ ਕਰ ਰਹੇ ਸਾਂ, ਜਿਵੇਂ ਕਿਸੇ ਕਰਾਮਾਤੀ ਹੱਥ ਨੇ ਵਿਹੁ ਮਾਤਾ ਦੇ ਕਰਮਾਂ ਦਾ ਵੇਰਵਾ ਉਕਰ ਦਿੱਤਾ ਹੋਵੇ। ਕਦੇ-ਕਦਾਈਂ ਤਿੱਤਰ ਦੀ 'ਸੁਬ੍ਹਾਨ ਤੇਰੀ ਕੁਦਰਤ' ਜਿਹੀ ਆਵਾਜ਼ ਵਾਤਾਵਰਣ ਦੀ ਚੁੱਪ ਤੋੜ ਕੇ ਰੰਗੀਨ-ਮਿਜਾਜ਼ੀ ਦਾ ਰੰਗ ਭਰਨ ਦੀ ਕੋਸ਼ਿਸ਼ ਕਰਦੀ। ਟਟੀਹਰੀ ਦੀ ਸੰਤਾਪ ਭਰੀ ਆਵਾਜ਼ ਸੰਤਾਪ ਦੇ ਤਿੱਖੇ ਵੈਣਾਂ ਦਾ ਨਮੂਨਾ ਲੱਗਦੀ, ਜਿਵੇਂ ਮਸਤੀ ਵਿਚ ਡੁੱਬੇ ਇੰਦਰ ਨੂੰ ਪਰੀਆਂ ਨਾਲ ਚੋਹਲ-ਮੋਹਲ ਛੱਡ ਕੇ ਮੀਂਹ ਵਰ੍ਹਾਉਣ ਦਾ ਤਰਲਾ ਕਰ ਰਹੀ ਹੋਵੇ। ਕੁਝ ਵੀ
ਹੈ, ਸ਼ਿਵ ਦੀ ਬ੍ਰਿਹੋਂ ਦੀ ਮਾਰੀ ਕਿਸੇ ਮੁਟਿਆਰ ਦੀ ਛਾਤੀ ਵਿਚ ਜੇਠ ਤਪਦਾ ਸੀ ਤੇ ਹਾੜ੍ਹ ਦੀ ਆਮਦ ਕਹਿਰ ਭਰਿਆ ਸੁਨੇਹਾ ਸੀ। ਵੀਰਾਨੇ ਵਿਚ ਝੂਲਦੇ
ਫਰਵਾਂਹ ਦੇ ਦਰਖਤਾਂ ਦਾ ਆਪਣਾ ਹੀ ਮਹੱਤਵ ਹੈ। ਇਹ ਆਪਣੇ ਆਪ ਵਿਚ ਗਰਮੀ ਦੇ ਜੋਬਨ ਦੀ ਤਪਦੀ ਬਹਾਰ ਹਨ। ਜੇਠ-ਹਾੜ੍ਹ ਦੀਆਂ ਝੁਲਸਣ ਵਾਲੀਆਂ ਲੋਆਂ ਇਸ ਦੇ ਨੋਕੀਲੇ ਪੱਤਿਆਂ ਵਿਚੋਂ ਗੁਜ਼ਰ ਕੇ ਅਜੀਬ ਛਾਂ-ਛਾਂ ਦੀ ਆਵਾਜ਼ ਪੈਦਾ ਕਰਦੀਆਂ ਹਨ, ਜਿਵੇਂ ਕੋਈ ਵਿਛੋੜੇ ਦੀ ਸਤਾਈ ਮੁਟਿਆਰ ਸੋਗ-ਭਿੱਜੇ ਗੀਤ ਗਾਉਣ ਲਈ ਮਜਬੂਰ ਹੋਵੇ,
'ਉਠ ਗਏ ਗਵਾਂਢੋਂ ਯਾਰ,
ਰੱਬਾ ਹੁਣ ਕੀ ਕਰੀਏ!'
ਵਰੋਲਿਆਂ ਨਾਲ ਘੁੰਮਦਾ ਕਿਰਤੀ-ਕਿਸਾਨ ਸੂਰਜ ਦੀ ਗਰਮੀ ਆਪਣੇ ਬਦਨ 'ਤੇ ਸਹਾਰਦਾ ਹੈ। ਐਨੇ ਵਿਚ ਇਕ ਲਾਂਗੇ ਮੰਗਣ ਵਾਲਾ ਪਿੰਡ ਦਾ ਮਰਾਸੀ ਉਧਰ ਆ ਨਿਕਲਿਆ। ਗੱਲ ਦੀ ਗੰਭੀਰਤਾ ਨੂੰ ਦੇਖ ਕੇ ਕਹਿਣ ਲੱਗਾ, "ਮਹਾਰਾਜ, ਐਥੇ ਐਸ ਵੇਲੇ ਤਾਂ ਹਾੜ ਬੋਲਣ ਲੱਗ ਜਾਂਦਾ ਹੈ। ਹੱਲਿਆਂ ਵੇਲੇ ਮਾਰੇ ਗਏ ਮੁਸਲਮਾਨਾਂ ਦੀਆਂ ਪਿਆਸੀਆਂ ਰੂਹਾਂ ਹਾਏ ਪਾਣੀ, ਹਾਏ ਪਾਣੀ ਪੁਕਾਰਦੀਆਂ ਹਨ। ਮੈਂ ਕਈ ਵਾਰੀ ਇਹ ਸ਼ਬਦ ਆਪਣੇ ਕੰਨੀਂ ਸੁਣੇ ਹਨ।" ਹੁਣ ਗੱਲ ਬਿਲਕੁਲ ਸਪੱਸ਼ਟ ਸੀ। ਤਰਸ ਜਾਂ ਰਹਿਮ ਦੇ ਕਾਰਕ ਉਨ੍ਹਾਂ ਦਾ ਅੰਦਰਲਾ ਝੰਜੋੜ ਕੇ ਉਨ੍ਹਾਂ ਨੂੰ ਚੇਤਨ ਅਵਸਥਾ ਦੀ ਬੇਚੈਨੀ ਵਿਚ ਧੱਕਦੇ ਹਨ। ਐਥੇ ਸਮੱਸਿਆ ਮਨੋਵਿਗਿਆਨਕ ਸੀ ਤੇ ਤਰਕ ਪੱਖੋਂ ਵਿਗਿਆਨਕ ਵੀ। ਜ਼ਿਹਨ ਵਿਚ ਉਤਰੀ ਕਿਸੇ ਵੀ ਅਣਹੋਣੀ ਘਟਨਾ ਦਾ ਦੁਖਾਂਤ ਨਾਕਾਰਾਤਮਕ ਪ੍ਰਤੀਕਿਰਿਆ ਦਾ ਕਾਰਨ ਬਣਦਾ ਹੈ। ਅਸੀਂ ਭੁੱਲਣ ਦੀ ਕੋਸ਼ਿਸ਼ ਕਰਦੇ ਹੋਏ ਵੀ ਭੁੱਲ ਨਹੀਂ ਸਕਦੇ। ਹਰ ਮਰਨ ਵਾਲਾ ਪਾਣੀ ਮੰਗਣ ਲਈ ਮਜਬੂਰ ਹੋ ਜਾਂਦਾ ਹੈ, ਕਿਉਂਕਿ ਖੁਰਾਕ ਤੋਂ ਬਿਨਾਂ ਸਾਹ ਪ੍ਰਣਾਲੀ ਨੂੰ ਕਾਇਮ ਰੱਖਣ ਲਈ ਹਵਾ ਅਤੇ ਪਾਣੀ ਦੋਵੇਂ ਜ਼ਰੂਰੀ ਹਨ। ਪੁਰਾਣੇ ਸਮਿਆਂ ਵਿਚ ਸਾਡੇ ਪੁਰਖੇ ਗਰਮੀ ਦੀ ਰੁੱਤੇ ਰਾਹਗੀਰਾਂ ਨੂੰ ਪਾਣੀ ਅਤੇ ਭੁੱਜੇ ਹੋਏ ਦਾਣੇ ਦੇਣੇ ਬਿਹਤਰ ਸਮਝਦੇ ਸਨ, ਤਾਂ ਜੋ ਸਰੀਰ ਦਾ ਪਾਣੀ ਖਤਮ ਨਾ ਹੋ ਜਾਵੇ। ਸੱਭਿਆਚਾਰਕ ਅਤੇ ਦਾਰਸ਼ਨਿਕ ਪੱਖੋਂ ਜੇਕਰ ਸੋਚੀਏ ਤਾਂ ਸਿਲਸਿਲਾ ਪਿਆਸੀਆਂ ਰੂਹਾਂ 'ਤੇ ਹੀ ਖਤਮ ਨਹੀਂ ਹੋ ਜਾਂਦਾ। ਸਿਆਸੀ ਜਰਵਾਣੇ ਹਰ ਯੁੱਗ ਵਿਚ ਹੱਦ ਦਰਜੇ ਦੇ ਜ਼ਾਲਮ ਅਤੇ ਅਤਿਆਚਾਰੀ ਵੀ ਹੋਏ ਹਨ। ਅੱਲ੍ਹਾ ਨੂੰ ਖੁਸ਼ ਕਰਨ ਲਈ ਮਨੁੱਖ ਦਾ ਸਿਰ ਧੜ ਤੋਂ ਅਲੱਗ ਕੀਤਾ ਜਾਂਦਾ ਰਿਹਾ ਹੈ ਅਤੇ ਉਹੀ ਅੱਲਾ ਮਮਤਾ ਦੀ ਮੂਰਤੀ ਹੈ। ਕਿੰਨੀ ਅਜੀਬ ਤੇ ਹਾਸੋਹੀਣੀ ਗੱਲ ਲੱਗਦੀ ਹੈ। ਇਸਲਾਮਕ ਅਤਿਵਾਦੀਆਂ ਨੇ ਸਾਰੀ ਦੁਨੀਆਂ ਵਿਚ ਤਰਥੱਲੀ ਮਚਾ ਰੱਖੀ ਹੈ। ਸੱਭਿਆਚਾਰਕ ਪੱਖੋਂ ਕਾਫਰ ਸ਼ਰਧਾਲੂਆਂ ਦੀ ਸ਼ਰਧਾ ਮੁਸਲਮਾਨ ਪੀਰਾਂ ਪ੍ਰਤੀ ਕੋਈ ਘੱਟ ਨਹੀਂ ਹੋਈ, ਸਗੋਂ ਦਿਨ-ਪ੍ਰਤੀ-ਦਿਨ ਵਧਦੀ ਹੀ ਜਾ ਰਹੀ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਸਾਂਝੀ ਵਿਰਾਸਤ ਦੇ ਸੱਭਿਆਚਾਰਕ ਕਾਰਕ ਹਨ, ਜੋ ਪੁਰਖਿਆਂ ਦੇ ਰਿਣ ਵਜੋਂ ਜ਼ਿਹਨ 'ਤੇ
ਹਾਵੀ ਹਨ। ਇਹ ਭਾਈਚਾਰਕ ਸਾਂਝ ਕਦੇ ਕਦਾਈਂ ਗੀਤ ਬਣ ਕੇ ਲੋਕ-ਮਨਾਂ ਵਿਚੋਂ ਉਭਰਦੀ ਹੈ। ਜੇਕਰ ਕਾਫਰ ਆਪਣੇ ਵਿਛੜੇ ਹੋਏ ਭਾਈਆਂ ਨੂੰ ਯਾਦ ਕਰ ਕੇ ਹੰਝੂ ਵਹਾਉਣ ਲਈ ਮਜਬੂਰ ਹਨ ਤਾਂ ਸਾਡਾ ਸੋਚਣਾ ਇਕਦਮ ਸਾਰਥਕ ਅਤੇ ਅਰਥਪੂਰਨ ਹੈ ਕਿ ਸਰਹੱਦੋਂ ਪਾਰ ਦੇ ਮੋਮਨ ਵੀ ਇਹੋ ਸੰਤਾਪ ਹੰਢਾਉਂਦੇ
ਹਨ, ਕਿਉਂਕਿ ਨਿਹੁੰ ਨਾ ਲੱਗਦੇ ਜੋਰੀਂ। ਉਹ ਵੀ ਬੋਲਦੇ ਹਾੜ ਨੂੰ ਜ਼ਰੂਰ ਸੁਣਦੇ ਹੋਣਗੇ। ਕੋਈ ਵਲੀ ਕੰਧਾਰੀ ਭਲਾ ਦੂਸਰੇ ਫ਼ਕੀਰ ਨੂੰ ਪਾਣੀ ਲਈ ਜਵਾਬ ਕਿਉਂ ਦੇਵੇਗਾ? ਪਾਣੀ ਵਿਚ ਜ਼ਹਿਰ ਘੋਲਣ ਵਾਲੇ ਉਹ ਸ਼ੈਤਾਨ ਹਨ, ਜਿਨ੍ਹਾਂ ਨੂੰ ਮੋਮਨ ਕਈ ਸਦੀਆਂ ਤੋਂ ਪੱਥਰ ਮਾਰਦੇ ਚਲੇ ਆ ਰਹੇ ਹਨ। ਕਰਬਲਾ ਦੀ ਰਣਭੂਮੀ ਵਿਚੋਂ ਕਿਸੇ ਵੇਲੇ ਛਾਬੜੇ, ਛਿਬਰ ਅਤੇ ਕਪੂਰ ਖੱਤਰੀ, ਤਿੰਨ ਹਿੰਦੂ ਵਪਾਰੀ ਗੁਜ਼ਰ ਰਹੇ ਸਨ। ਉਨ੍ਹਾਂ ਨੇ ਇਮਾਮ ਹੁਸੈਨ ਨੂੰ ਪਾਣੀ ਪਿਆਇਆ। ਇਤਿਹਾਸ ਨੇ ਜਦੋਂ ਨੇਕੀ ਦੀ ਮਿਸਾਲ ਕਾਇਮ ਕੀਤੀ ਤਾਂ ਮੁਸਲਮਾਨ ਜਗਤ ਨੇ ਉਨ੍ਹਾਂ ਨੂੰ ਹੁਸੈਨੀ ਬ੍ਰਾਹਮਣ ਕਹਿ ਕੇ ਪੂਜਾ ਕੀਤੀ। ਇਹ ਨੇਕੀ ਦੇ ਫਰਿਸ਼ਤੇ
ਬਣ ਕੇ ਹਰ ਦਿਲ ਵਿਚ ਚਮਕੇ। ਮੋਤੀ ਰਾਮ ਮਹਿਰੇ ਦੀ ਮਿਸਾਲ ਹੀ ਲੈ ਲਵੋ, ਜਿਸ ਨੇ ਸਰਬੰਸਦਾਨੀ ਦੇ ਪਰਿਵਾਰ ਨੂੰ ਦੁੱਧ ਛਕਾਇਆ ਸੀ। ਇਤਿਹਾਸ ਨਹੀਂ ਸੀ ਭੁੱਲਿਆ, ਪਰ ਛੋਟੀ ਜਾਤ ਹੋਣ ਕਰ ਕੇ ਭਗਤ ਮਹਿਰਾ ਲੋਕਾਂ ਦੇ ਮਨਾਂ ਵਿਚੋਂ ਵਿੱਸਰ ਗਿਆ ਸੀ। ਅੱਜ ਮੋਤੀ ਰਾਮ ਇਕੱਲਾ ਨਹੀਂ, ਸਗੋਂ
ਸਾਰੀ ਮਹਿਰਾ ਜਾਤੀ ਇਸ ਨੇਕੀ ਕਰ ਕੇ ਪ੍ਰਸਿੱਧ ਹੈ। ਪਿਆਸੀਆਂ ਰੂਹਾਂ ਦੀ ਪੁਕਾਰ ਇਕ ਸਮੇਂ ਦਾ ਪਛਤਾਵਾ ਹੈ। ਜਦੋਂ ਤੱਕ ਜ਼ੁਲਮੋ-ਸਿਤਮ ਸਿਆਸੀ ਸਵਾਰਥ ਦਾ ਹਥਿਆਰ ਬਣ ਕੇ ਮਨੁੱਖ ਦੀ ਹੋਂਦ ਨੂੰ ਖਤਰਾ ਪੈਦਾ ਕਰੇਗਾ, ਹਾੜ ਹਮੇਸ਼ਾ ਬੋਲਦੇ ਰਹਿਣਗੇ। ਦਰਦ ਭਰੀ ਮੌਤ ਮਰਨ ਵਾਲਾ ਆਖਰੀ ਵਾਰ ਪਾਣੀ ਪੀਣ ਦੀ ਇੱਛਾ ਪ੍ਰਗਟ ਕਰਦਾ ਹੈ। ਸ਼ਾਇਦ ਸਮੇਂ ਦੇ ਕਹਿਰ ਦਾ ਵਿਸ਼ਲੇਸ਼ਣ ਕਰ ਕੇ ਪੀਲੂ ਠੀਕ ਹੀ ਕਹਿੰਦਾ
ਹੋਵੇ:
ਬੁਰਾ ਗਰੀਬ ਦਾ ਮਾਰਨਾ,
ਬੁਰੀ ਗਰੀਬ ਦੀ ਹਾਅ।
ਗੱਲਾਂ ਹੋਣ ਬਦਸ਼ਗਨੀਆਂ,
ਰੱਖੇ ਖ਼ੈਰ ਖ਼ੁਦਾ।
ਸਰੋਤ -:ਪੰਜਾਬ ਟਾਈਮਜ਼
No comments:
Post a Comment