ਪੰਜਾਬ ਵਿਚ ਸਾਂਝਾ ਫ਼ਰੰਟ
ਸਾਂਝੇ ਫ਼ਰੰਟ ਦੀ ਨਵੀਂ ਲਾਈਨ ਪੰਜਾਬ ਵਿਚ ਲਗਭਗ 1936 ਦੇ ਸ਼ੁਰੂ ਵਿਚ ਪੁਜੀ। 12 ਜਨਵਰੀ 1936 ਦੇ ਕਿਰਤੀ ਰਸਾਲੇ ਵਿਚ 'ਮਿਲਵੇਂ ਫ਼ਰੰਟ ਤੇ' ਐਡੀਟੋਰੀਅਲ ਤੋਂ ਬਿਨਾਂ ਟਰੇਡ ਯੂਨੀਅਨ ਏਕਤਾ ਦੇ ਸੰਬੰਧ ਵਿਚ ਐਸ਼ ਏ. ਡਾਂਗੇ ਦੀ ਇਕ ਚਿੱਠੀ ਵੀ ਛਾਪੀ ਗਈ। ਪਰ ਐਡੀਟੋਰੀਅਲ ਵਿਚ ਦੋਵੇਂ ਲਾਇਨਾਂ (ਸੰਕੀਰਨਤਾਵਾਦ ਅਤੇ ਸਾਂਝਾ ਫ਼ਰੰਟ) ਰਲ ਗੱਡ ਕਰ ਦਿਤੀਆਂ ਗਈਆਂ। ਆਖ਼ਰ ਨਵੇਂ ਵਿਚਾਰ ਨੂੰ ਸਮਝਣ ਵਿਚ ਕੁਝ ਦੇਰ ਤਾਂ ਲਗਦੀ ਹੀ ਹੈ। ਇਕ ਗੱਲ ਜੋ ਕਿਰਤੀ ਦੇ ਸਫ਼ਿਆਂ ਤੋਂ ਸਪੱਸ਼ਟ ਸੀ, ਉਹ ਇਹ ਕਿ ਜਿਵੇਂ ਤੀਜੀ ਕੌਮਾਂਤਰੀ ਦੇ ਕਹਿਣ ਉਤੇ ਆਪ ਬਿਨਾਂ ਸੋਚੇ-ਸਮਝੇ, ਸਵੈ-ਪੜਚੋਲ ਕਰੇ, ਭਾਰਤੀ ਕਮਿਊਨਿਸਟ ਪਾਰਟੀ ਦੀ ਕੇਂਦਰੀ ਕਮੇਟੀ ਨੇ ਇਹ ਨਵੀਂ ਲਾਇਨ ਦਾ ਪਰਚਾਰ ਸ਼ੁਰੂ ਕਰ ਦਿੱਤਾ ਸੀ। ਉਹਨਾਂ ਨਾ ਆਪਣੇ ਆਪ ਨੂੰ ਕੋਈ ਸਵਾਲ ਪੁਛਿਆ ਤੇ ਨਾ ਕੇਂਦਰੀ ਕਮੇਟੀ ਨੂੰ।
ਉਪਰ ਜ਼ਿਕਰ ਕੀਤੇ ਐਡੀਟੋਰੀਅਲ ਦੇ ਪਹਿਲੇ ਭਾਗ ਵਿਚ ਪਹਿਲੀ ਪਾਰਟੀ ਲਾਈਨ (1928-34) ਇਸ ਪ੍ਰਕਾਰ ਹੈ: "ਇਹਨਾਂ ਸਭਨਾ ਦੇ ਉਤੋਂ ਇਕ ਹੋਰ ਵੱਡਾ ਕਾਨੂੰਨ ਆ ਰਿਹਾ ਹੈ, ਜਿਹੜਾਂ ਕਿ ਭਾਰਤ ਦੀ ਜਨਤਾ ਦੀਆਂ ਆਪਣੇ ਆਪ ਅਖੌਤੀ ਪ੍ਰਤੀਨਿਧ ਸੁਸਾਇਟੀਆਂ, ਕਾਂਗਰਸ, ਅਹਿਰਾਰ, ਖ਼ਾਲਸਾ ਦਰਬਾਰ, ਹਿੰਦੂ ਮਹਾਂਸਭਾ, ਆਰਿਆ ਪ੍ਰਤੀਨਿਧ ਸਭਾ, ਲਿਬਰਲ ਫ਼ੈਡਰੇਸ਼ਨ ਅਤੇ ਨੈਸ਼ਨਲ ਲੇਬਰ ਟਰੇਡ ਯੂਨੀਅਨ ਫ਼ੈਡਰੇਸ਼ਨ ਦੀ ਸਹਾਇਤਾ ਦੇ ਨਾਲ਼ ਸਾਡੇ ਗਲ ਮੜ੍ਹਿਆ ਜਾ ਰਿਹਾ ਹੈ, ਸਗੋਂ ਹਕੀਕਤ ਤਾਂ ਇਹ ਹੈ ਕਿ ਇਹ ਬਣਾਇਆ ਹੀ ਇਹਨਾਂ ਸੁਸਾਇਟੀਆਂ ਨੇ ਅੰਗਰੇਜ਼ੀ ਇਮਪਿਰੀਲਿਜ਼ਮ ਨਾਲ਼ ਗੋਲ ਗੋਲ ਮੇਜ਼ਾਂ ਉਤੇ ਬੈਠ ਕੇ ਹੈ।
ਇਹ ਕਾਨੂੰਨ ਹੈ-ਨਵੀਂ ਰਾਜ ਬਣਤਰ।" ਇਸੇ ਐਡੀਟੋਰੀਅਲ ਦੇ ਅੰਤ ਵਿਚ ਇਕ ਪੈਰਾ ਸਾਂਝੇ ਫ਼ਰੰਟ ਬਾਰੇ ਵੀ ਲਾ ਦਿੱਤਾ ਗਿਆ। "ਕਾਂਗਰਸ ਅਹਿਰਾਰ, ਖ਼ਾਲਸਾ ਦਰਬਾਰ, ਲਿਬਰਲ, ਹਿੰਦੂ ਮਹਾਂਸਭਾ, ਸੋਸ਼ਲਿਸਟ ਤੇ ਕਮਿਊਨਿਸਟ ਸਭ ਦੇਸ ਦੀ ਆਜ਼ਾਦੀ ਚਾਹੁੰਦੇ ਹਨ। ਸਭ ਨੇ ਨਵੀਂ ਰਾਜ ਬਣਤਰ ਨੂੰ ਠੁਕਰਾਇਆ ਹੈ, ਕਾਲੇ ਕਾਨੂੰਨਾਂ ਨੂੰ ਘਿਰਨਾਇਆ ਹੈ, ਰਾਜਸੀ ਕੈਦੀ ਵੀਰਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਜੇ ਉਪਰਲੀਆਂ ਗੱਲਾਂ ਸਭ ਜਥੇਬੰਦੀਆਂ ਵਿਚ ਸਾਂਝੀਆਂ ਹਨ ਤਾਂ ਕਿਉਂ ਨਹੀਂ ਉਪਰੋਕਤ ਜਥੇਬੰਦੀਆਂ ਉਪਰਲੀਆਂ ਗੱਲਾਂ ਉਤੇ ਇਕ ਮਿਲਵਾਂ ਫ਼ਰੰਟ ਬਣਾ, ਨਿਤਰਕੇ ਮੈਦਾਨ ਵਿਚ ਆ ਜਾਂਦੀਆਂ? ਸਾਡਾ ਖ਼ਿਆਲ ਹੈ ਕਿ ਅਹਿਰਾਰ, ਖ਼ਾਲਸਾ ਦਰਬਾਰ, ਆਰਿਆ ਪ੍ਰਤੀਨਿਧ ਸਭਾ, ਸੋਸ਼ਲਿਸਟ, ਕਮਿਊਨਿਸਟ ਅਤੇ ਖੱਬੇ ਕਾਂਗਰਸੀਏ ਇਸ ਪਾਸੇ ਧਿਆਨ ਦੇਣਗੇ ਅਤੇ ਭਾਰਤ ਨੂੰ ਆਜ਼ਾਦ ਵੇਖਣ ਲਈ ਉਹ ਇਕ ਮਿਲਵੇਂ ਫ਼ਰੰਟ ਉਤੇ ਰਲ ਕੇ ਕਿਸੇ ਨਾ ਕਿਸੇ ਫ਼ੈਸਲੇ ਉਤੇ ਅਪੜਨ ਦੀ ਕੋਸ਼ਿਸ਼ ਕਰਨਗੇ।"
ਐਡੀਟੋਰੀਅਲ ਵਿਚ ਵਿਰੋਧਤਾਈ ਸਪੱਸ਼ਟ ਹੈ। ਉਪਰ ਤਾਂ ਲਿਖਿਆ ਹੈ ਕਿ ਨਵੀਂ ਰਾਜ ਬਣਤਰ ਲਿਆਉਣ ਵਿਚ ਇਹਨਾਂ ਸਭ ਭਲੇਮਾਣਸ ਪਾਰਟੀਆਂ ਦਾ ਹੀ ਹੱਥ ਹੈ ਤੇ ਅੰਤ ਵਿਚ ਲਿਖ ਦਿਤਾ ਹੈ, "ਸਭ ਨੇ ਨਵੀਂ ਰਾਜ ਬਣਤਰ ਨੂੰ ਠੁਕਰਾਇਆ ਹੈ, ਕਾਲੇ ਕਾਨੂੰਨਾਂ ਨੂੰ ਘਿਰਨਾਇਆ ਹੈ।" ਪਹਿਲਾਂ ਤਾਂ ਖੱਬੇ-ਕਾਂਗਰਸੀ ਜਦ ਦੇਸ ਦੀ ਆਜ਼ਾਦੀ ਦੀ ਗੱਲ ਕਰਦੇ ਸਨ ਤਾਂ ਉਹ ਲੋਕਾਂ ਨੂੰ 'ਧੋਖਾ ਦੇਣ ਲਈ ਲਾਇਆ ਨਾਅਰਾ 'ਹੁੰਦਾ ਸੀ। ਪਹਿਲਾਂ ਤਾਂ ਬੇਪਰਤੀਤੀ ਤੇ ਇਮਾਨਦਾਰੀ ਉਤੇ ਸ਼ੱਕ ਇਥੋਂ ਤਕ ਸੀ ਪਰ ਹੁਣ ਵਿਸ਼ਵਾਸ ਦੀਆਂ ਹੱਦਾ ਇੰਨੀਆਂ ਵਿਸ਼ਾਲ ਹੋ ਗਈਆਂ ਕਿ ਫ਼ਿਰਕਾਪ੍ਰਸਤ ਪਾਰਟੀਆਂ (ਖ਼ਾਲਸਾ ਦਰਬਾਰ, ਹਿੰਦੂ ਮਹਾਂਸਭਾ) ਦੀ ਦੇਸ ਭਗਤੀ ਉਤੇ ਵੀ ਸ਼ੱਕ ਕਰਨ ਦੀ ਗੁੰਜਾਇਸ਼ ਨਹੀਂ ਸੀ ਰਹੀ। ਇਸ ਅੰਕ ਤੋਂ ਪਹਿਲੇ ਅੰਕ ਵਿਚ ਹੀ (ਭਾਵ 6 ਦਿਨ ਪਹਿਲਾਂ) ਕਿਰਤੀ ਦੀ ਖੱਬੇ ਕਾਂਗਰਸੀਆਂ ਬਾਰੇ ਇਹ ਰਾਏ ਸੀ:" ਸਾਨੂੰ ਖੱਬੇ ਕਾਂਗਰਸੀਏ ਨਾਮਧਾਰੀਕ ਬੁਰਜੁਆ ਸੋਸ਼ਲਿਸਟ ਜਵਾਹਰ ਲਾਲ ਨਹਿਰੂ ਵਾਂਗ ਮਿਸਟਰ ਗਾਂਧੀ ਦੇ ਚਰਨਾਂ ਵਿਚ ਨਿਵਾਸ ਕਰਨ ਲਈ ਪਰੇਰਿਆ ਜਾਦਾ ਹੈ। ਵਾਹ, ਜੀ ਵਾਹ! ਇਲਾਜ ਤੇ ਖ਼ੂਬ ਹੈ। ਪਰ ਸਾਨੂੰ ਮਨਜ਼ੂਰ ਨਹੀਂ। ਅਸੀਂ ਦਿਨ ਦੀਵੀਂ ਅੰਨ੍ਹੇ ਹੋਣ ਲਈ ਤਿਆਰ ਨਹੀਂ।"(5 ਜਨਵਰੀ, 1936)
ਦੱਤ-ਬਰੈਡਲੇ ਦੇ ਥੀਸਸ ਦਾ ਸਾਰ ਇਕ ਮੁਖ ਲੇਖ ਦੇ ਰੂਪ ਵਿਚ 27 ਮਾਰਚ 1936 ਦੇ ਕਿਰਤੀ ਵਿਚ ਛਪਿਆ, ਜਿਸ ਵਿਚ ਸਾਮਰਾਜ-ਵਿਰੋਧੀ ਫ਼ਰੰਟ ਵਿਚ ਕਾਂਗਰਸ ਦੇ ਸਥਾਨ ਨੂੰ ਇੰਜ ਸਪੱਸ਼ਟ ਕੀਤਾ ਗਿਆ ਹੈ: "ਇਮਪਿਰੀਲਿਜ਼ਮ ਵਿਰੁੱਧ ਲੋਕਾਂ ਦੇ ਫ਼ਰੰਟ ਨਾਲ਼ ਕਾਂਗਰਸ ਦੀ ਕੀ ਸਕੀਰੀ ਹੈ? …ਇਸ ਵਿਚ ਸ਼ੱਕ ਨਹੀਂ ਕੀ ਕੌਮੀ ਘੋਲ ਵਾਸਤੇ ਹਿੰਦੀ ਲੋਕਾਂ ਦੀਆਂ ਬਹੁਤ ਖੁਲ੍ਹੀਆਂ ਤਾਕਤਾਂ ਨੂੰ ਮਿਲਾਉਣ ਵਿਚ ਕੌਮੀ ਕਾਂਗਰਸ ਨੇ ਬੜਾ ਕੰਮ ਕੀਤਾ ਹੈ। ਹੁਣ ਤਕ ਇਹ ਆਜ਼ਾਦੀ ਲਭ ਰਹੇ ਮਨੁੱਖਾਂ ਦੀ ਮੌਜੂਦਾ ਸਭ ਤੋਂਵੱਡੀ ਜਥੇਬੰਦੀ ਰਹੀ ਹੈ।" ਕੁਝ ਦਿਨ ਪਹਿਲਾਂ ਸਥਿਤੀ ਕੁਝ ਇਸ ਪ੍ਰਕਾਰ ਸੀ: "ਅੰਗਰੇਜ਼ੀ ਇਮਪਿਰੀਲਿਜ਼ਮ, ਜਗੀਰਦਾਰੀ ਅਤੇ ਸਰਮਾਏਦਾਰੀ ਇਸ ਜਨਤਕ ਘੋਲ ਤੋਂ ਅਵੇਸਲੀ ਨਹੀਂ ਹੈ, ਉਹਨਾਂ ਤੋਂ ਜੋ ਵਾਹ ਲਗਦੀ ਹੈ, ਇਸ ਘੋਲ ਨੂੰ ਦਬਾਉਣ ਦੀ, ਹੋਰਦਰੇ ਪਾਉਣ ਦੀ, ਤੇ ਖੇਰੂ ਖੇਰੂ ਕਰਨ ਦੀ, ਉਹ ਲਾਉਂਦੇ ਹਨ। (ਕਿਰਤੀ, 12 ਜਨਵਰੀ, 1936)। ਹੁਣ ਕਾਂਗਰਸ ਦੇ ਸਾਮਰਾਜ-ਵਿਰੋਧੀ ਸੀਮਤ ਘੋਲ ਨੂੰ ਹੀ ਸਵੀਕਾਰਿਆ ਗਿਆ, ਸਗੋਂ ਕਾਂਗਰਸ ਵਿਚ ਤਬਦੀਲੀ ਕਰ ਕੇ ਇਸ ਨੂੰ ਸਾਮਰਾਜ ਦੇ ਖ਼ਿਲਾਫ਼ ਸਹੀ ਫ਼ਰੰਟ ਬਣਾਉਣ ਦਾ ਵਿਚਾਰ ਵੀ ਪਰਗਟਾਇਆ ਗਿਆ: 'ਕੌਮੀ ਕਾਂਗਰਸ ਇਮਪਿਰੀਲਿਜ਼ਮ ਵਿਰੁੱਧ ਲੋਕਾਂ ਦੇ ਫ਼ਰੰਟ ਨੂੰ ਅਮਲ ਵਿਚ ਲਿਆਉਣ ਦੇ ਕੰਮ ਵਿਚ ਬੜਾ ਕੰਮ ਦੇ ਸਕਦੀ ਹੈ। ਇਹ ਵੀ ਹੋ ਸਕਦਾ ਹੈ ਕਿ ਕੌਮੀ ਕਾਂਗਰਸ ਆਪਣੇ ਪਰੋਗਰਾਮ ਅਤੇ ਜਥੇਬੰਦੀ ਦੀ ਸ਼ਕਲ ਬਦਲਾ ਕੇ ਇਮੀਪਿਰੀਲਿਜ਼ਮ ਵਿਰੁੱਧ ਲੋਕਾਂ ਦੇ ਫ਼ਰੰਟ ਦੀ ਅਮਲੀ ਸ਼ਕਲ ਬਣ ਸਕਦੀ ਹੈ।" ਹੁਣ ਕਾਂਗਰਸ ਦੀ ਨੁਕਤਾਚੀਨੀ ਵਧੇਰੇ ਉਸਾਰੂ ਤੇ ਦੋਸਤਾਨਾ ਹੋ ਗਈ। ਲੋਕਾਂ ਦੀ ਦੁਸ਼ਮਣੀ ਤੇ ਸਾਮਰਾਜ ਨਾਲ਼ ਘਿਉ-ਖਿਚੜੀ ਹੋਈ ਗਰਦਾਨੇ ਜਾਣ ਦੀ ਬਜਾਏ ਹੁਣ ਕਾਂਗਰਸ ਦਾ ਵਧੇਰੇ ਸੰਤੁਲਿਤ ਅਤੇ ਯਥਾਰਥਕ ਵਿਸ਼ਲੇਸ਼ਣ ਪੇਸ਼ ਕੀਤਾ ਗਿਆ: "ਪਰ ਇਹ ਮੰਨਣਾ ਪਏਗਾ ਕਿ ਕੌਮੀ ਕਾਂਗਰਸ ਜਿਸ ਤਰ੍ਹਾਂ ਕਿ ਇਹ ਹੁਣ ਹੈ, ਕੌਮੀ ਘੋਲ ਵਿੱਚ ਹਿੰਦੀ ਲੋਕਾਂ ਦਾ ਅਜੇ ਮਿਲਵਾਂ ਫ਼ਰੰਟ ਨਹੀਂ ਹੈ। ਇਸ ਦੀ ਬਣਤਰ ਤੋਂ ਅਜੇ ਜਨਤਾ ਦੇ ਬਹੁਤ ਸਾਰੇ ਵਿਸ਼ਾਲ ਹਿੱਸੇ ਬਾਹਰ ਹਨ। ਇਸ ਦਾ ਪਰੋਗਰਾਮ ਹਾਲਾਂ ਕੌਮੀ ਘੋਲ ਦੇ ਪਰੋਗਰਾਮ ਨੂੰ ਚੰਗੀ ਸਫ਼ਾਈ ਨਾਲ਼ ਪਰਗਟ ਨਹੀਂ ਕਰਦਾ। ਇਸ ਦੀ ਲੀਡਰਸ਼ਿਪ ਨੂੰ ਹਾਲਾਂ ਕੌਮੀ ਘੋਲ ਦੀ ਲੀਡਰਸ਼ਿਪ ਨਹੀਂ ਮੰਨਿਆ ਜਾ ਸਕਦਾ। ਲੋੜ ਇਹ ਹੈ ਕਿ ਕੌਮੀ ਕਾਂਗਰਸ ਥਾਣੀ ਪ੍ਰਾਪਤ ਕੀਤੇ ਗਏ ਮਿਲਾਪ ਦੇ ਦਰਜੇ ਨੂੰ ਵਿਗਾੜੇ ਬਿਨਾ ਇਸ ਮਿਲਾਪ ਨੂੰ ਬਹੁਤ ਮੋਕਲੇ ਫ਼ਰੰਟ ਵਿਚ ਤਕੜਾ ਕਰਨਾ ਤੇ ਵਧਾਉਣਾ ਅਤੇ ਇਮਪਿਰੀਲਿਜ਼ਮ ਵਿਰੁੱਧ ਜਨਤਕ ਘੋਲ ਦੀ ਲੀਡਰਸ਼ਿਪ ਅਤੇ ਜਥੇਬੰਦੀ ਦੇ ਇਕ ਨਵੇਂ ਪੜਾਅ ਤਕ ਵਧਾਉਣਾ। "(ਕਿਰਤੀ, 27 ਮਾਰਚ 1936)। ਕਾਸ਼! ਕਮਿਊਨਿਸਟਾਂ ਨੇ 1929 ਵਿਚ ਇਸ ਸਿਧਾਂਤਕ ਸਮਝ ਤੇ ਉਸ ਤੋਂ ਉਭਰੀ ਸਿਆਸੀ ਲਾਈਨ ਨੂੰ ਤਲਾਂਜਲੀ ਨਾ ਦਿੱਤੀ ਹੁੰਦੀ! ਨਵੀਂ ਲਾਈਨ ਕਰਕੇ ਹੁਣ ਕਾਂਗਰਸ ਵਿਚ ਖੱਬਾ ਧੜਾ 'ਸਮਾਜਵਾਦ ਦਾ ਬੁਰਕਾ ਪਹਿਨਿਆ ਹੋਇਆ' ਵੇਖੇ ਜਾਣ ਦੀ ਬਜਾਏ ਉਹਨਾਂ ਲੋਕਾਂ ਦੇ ਗਰੁੱਪਾਂ ਵਜੋਂ ਵੇਖਿਆ ਜਾਣ ਲਗ ਪਿਆ ਜੋ ਇਸ ਦੇਸ ਵਿਚ ਸੰਪੂਰਨ ਆਜ਼ਾਦੀ ਤੇ ਸਮਾਜਵਾਦ ਲਈ ਸੰਘਰਸ਼ ਕਰਨਾ ਚਾਹੁੰਦੇ ਸਨ।
ਪਹਿਲਾਂ ਦੇ ਐਡੀਟੋਰੀਅਲ ਦੀ ਅਪੀਲ ਇਹ ਹੁੰਦੀ ਸੀ: "ਅਸੀਂ ਆਪਣੇ ਗ਼ਰੀਬ ਕਿਰਤੀ-ਕਿਸਾਨਾਂ ਤੇ ਨੌਜਵਾਨਾਂ ਪਾਸ ਅਰਜ਼ ਕਰਦੇ ਹਾਂ ਕਿ ਸਮੇਂ ਦੀ ਤਬਦੀਲੀ ਨਾਲ਼ ਕਈ ਸਰਮਾਇਆ-ਪਰਸਤ ਕਾਂਗਰਸੀ ਤੁਹਾਡੇ ਸਾਹਮਣੇ ਸੋਸ਼ਲਿਜ਼ਮ ਦਾ ਬੁਰਕਾ ਪਹਿਨ ਕੇ ਆਉਣਗੇ ਤੇ ਆ ਰਹੇ ਹਨ। ਜੇ ਹੁਣ ਵੀ ਉਹਨਾਂ ਦੇ ਜਾਲ ਵਿਚ ਆਉਗੇ ਤਾਂ ਐਸੇ ਖੂਹ ਵਿਚ ਡਿਗੋਗੇ ਜਿਥੋਂ ਨਿਕਲਣਾ ਵੀ ਔਖਾ ਹੋ ਜਾਵੇਗਾ।" (ਕਿਰਤੀ, 21 ਜੂਨ, 1931)। ਪਰ ਹੁਣ ਅਪੀਲ ਇਹ ਹੋ ਗਈ: 'ਇਮਪਿਰੀਲਿਜ਼ਮ ਵਿਰੁੱਧ ਲੋਕਾਂ ਦੇ ਫ਼ਰੰਟ ਨੂੰ ਅਮਲ ਵਿਚ ਲਿਆਉਣ ਲਈ ਇਹ ਜਰੂਰੀ ਹੈ ਕਿ ਕਾਂਗਰਸ ਵਿੱਚ ਖੱਬੇ ਧੜੇ ਦੇ ਤਮਾਮ ਅੰਸ਼ ਇਕੱਠੇ ਹੋ ਕੇ ਇਕ ਸਾਂਝੇ ਪਲੈਟਫ਼ਾਰਮ ਉਤੇ ਲੜਨ।" ਖਬੇ ਧੜੇ ਦਾ ਉਪਰਲਾ ਅਨੁਮਾਨ ਹੇਠਲੇ ਅਨੁਮਾਨ ਤੋਂ ਕੋਹਾਂ ਦੂਰ ਹੈ: "ਇਕ ਸਫ਼ਲ ਲਹਿਰ ਦੇ ਸ਼ੁਰੂ ਕਰਨ ਜਾਂ ਹੋਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਦਰਮਿਆਨੇ ਦਰਜੇ ਦੇ ਮੁਲਾਜ਼ਮ ਗਭਰੂਆਂ, ਕਿਰਤੀ ਕਿਸਾਨਾਂ ਨੂੰ ਕਾਂਗਰਸ ਦੇ ਜਾਲ ਵਿਚੋਂ ਕੱਢਿਆ ਜਾਵੇ। ਪਰ ਗਰਮ-ਖ਼ਿਆਲੀ ਕਾਂਗਰਸੀਆਂ ਦਾ ਧੜਾ ਕਾਂਗਰਸ ਦੀ ਅਸਲੀ ਖ਼ਾਸੀਅਤ ਉਤੇ ਪਰਦਾ ਪਾਉਂਦਿਆਂ ਹੋਇਆਂ ਰੁਕਾਵਟਾ ਬਣ ਰਿਹਾ ਹੈ, ਸੋਂ ਜ਼ਰੂਰੀ ਹੈ ਕਿ ਕਾਂਗਰਸ ਦੀ ਪਿਛਾਂਹ-ਖਿਚੂ ਚਾਲ ਨੂੰ ਸਾਹਮਣੇ ਪਰਗਟ ਕਰਨ ਦੇ ਨਾਲ਼ ਨਾਲ਼ ਹੀ ਗ਼ਰਮ-ਖ਼ਿਆਲੀ ਕਾਂਗਰਸੀਆਂ ਦੀ ਪਿਛਾਂਹ-ਖਿਚੂ ਤੇ ਧੋਖੇਬਾਜ਼ੀ ਵਾਲੀ ਚਾਲ ਦਾ ਵੀ ਭਾਂਡਾ ਭੰਨਿਆ ਜਾਵੇ।" (ਕਿਰਤੀ 19 ਜੁਲਾਈ, 1931)।
ਇਥੇ ਸੰਕੀਰਨਤਾਵਾਦੀ ਸਿਆਸਤ ਤੇ ਯਥਾਰਥਪੱਖੀ ਸਿਆਸਤ ਵਿਚ ਕਿੰਨਾ ਫ਼ਰਕ ਹੈ! ਜਦ ਸਟੈਂਡ ਸੰਕੀਰਨਤਾਵਾਦੀ ਹੋਵੇ ਤਾਂ ਵੇਲੇ ਦੀ ਪਾਰਟੀ ਵਿਚ ਖੱਬੇ-ਵਿੰਗ ਨੂੰ ਵੱਡੇ ਦੁਸ਼ਮਣ ਦੇ ਤੌਰ ਉਤੇ ਵੇਖਿਆ ਜਾਂਦਾ ਹੈ। 'ਇਹ ਰਾਹ ਵਿਚੋਂ ਹੱਟ ਜਾਣ ਤਾਂ ਅਸਲੀਅਤ ਨੰਗੀ ਹੋ ਜਾਵੇ ਤੇ ਆਮੋ- ਸਾਹਮਣੇ ਹੋ ਲਈਏ।' ਇੰਜ ਸਾਰਾ ਜ਼ੋਰ ਖੱਬੇ-ਵਿੰਗ ਨੂੰ ਪਹਿਲਾਂ ਰਾਹ ਵਿਚੋਂ ਹਟਾਉਣ ਉਤੇ ਲਗ ਜਾਂਦਾ ਹੈ। ਪਰ ਜੇਕਰ ਸਿਆਸਤ ਦੂਸਰੀ ਪਰਕਾਰ ਦੀ ਹੋਵੇ ਤਾਂ ਖੱਬਾ-ਵਿੰਗ ਵਿਰੋਧੀ ਦੇ ਆਪਣੇ ਘਰ ਹੀ ਇਕ ਐਸੀ ਥਾਂ ਹੋ ਨਿਬੜਦਾ ਹੈ, ਜਿਥੇ ਉਸ ਨੂੰ ਨਿਖੇੜਨ ਤੇ ਫੇਰ ਲੰਮੀ ਪ੍ਰਕ੍ਰਿਆ ਵਿਚ ਹਰਾਉਣ ਦਾ 'ਲੀਵਰ' ਲਗਦਾ ਹੈ।
ਕਮਿਊਨਿਸਟਾਂ ਅਨੁਸਾਰ ਪੰਜਾਬ ਵਿਚ ਜੋ ਜਥੇਬੰਦੀ ਮਿਲਵੇਂ ਫ਼ਰੰਟ ਦਾ ਕੰਮ ਦੇ ਸਕਦੀ ਸੀ ਉਹ ਸੀ-ਪੰਜਾਬ ਸੋਸ਼ਲਿਸਟ ਪਾਰਟੀ! ਇਸ ਪਾਰਟੀ ਦਾ ਮੁੱਢ ਕਿਵੇਂ ਬੱਝਾ ਤੇ ਇਸ ਦੇ ਕਿੰਨੇ ਕੁ ਕਾਰਕੁਨ ਸਨ, ਇਸ ਬਾਰੇ ਸਾਨੂੰ ਕੋਈ ਖ਼ਾਸ ਜਾਣਕਾਰੀ ਨਹੀਂ ਮਿਲ ਸਕੀ (ਕੋਈ ਪਾਠਕ ਵਾਕਫ਼ੀ ਦੇ ਸਕੇ, ਤਾਂ ਧੰਨਵਾਦੀ ਹੋਵਾਂਗੇ)। ਸਾਡੇ ਖ਼ਿਆਲ ਵਿਚ ਇਹ ਨੌਜਵਾਨ ਭਾਰਤ ਸਭਾ ਨਾਲ਼ ਸੰਬੰਧਿਤ ਕੁਝ ਲੋਕਾਂ ਨੇ ਹੀ ਨੌਜਵਾਨ ਸਭਾ ਵਿਚ ਫੁਟ ਪੈ ਜਾਣ ਮਗਰੋਂ 1934 ਵਿਚ ਬਣਾਈ ਸੀ। ਇਹ ਲੋਕ ਸਨ, ਜੋ ਕਮਿਊਨਿਸਟਾਂ ਨਾਲ਼ ਰਲਣ ਦੀ ਬਜਾਏ ਕਾਂਗਰਸ ਦਾ ਖੱਬਾ-ਵਿੰਗ ਰਹਿਣ ਉਪਰ ਹੀ ਜ਼ੋਰ ਦਿੰਦੇ ਸਨ। ਮੁਨਸ਼ੀ ਅਹਿਮਦ ਦੀਨ ਅਤੇ ਮੁਬਾਰਕ ਸਾਗਰ ਇਸ ਦੇ ਉਘੇ ਵਰਕਰ ਸਨ। ਮੁਬਾਰਕ ਸਾਗਰ ਮੇਰਠ ਤੋਂ ਨਿਕਲਣ ਵਾਲੇ ਕਿਰਤੀ ਲਹਿਰ ਦੇ ਐਡੀਟਰ ਵੀ ਰਹੇ। ਪੰਜਾਬ ਦੇ ਵੱਖ਼ ਵੱਖ ਭਾਗਾਂ ਤੋਂ ਸੋਸ਼ਲਿਸਟ 27-28-29 ਮਾਰਚ 1936 ਨੂੰ ਗੁਜਰਾਂਵਾਲਾ ਕਾਨਫ਼ਰੰਸ ਵਿਚ ਇਕੱਠੇ ਹੋਏ। ਮੁਨਸ਼ੀ ਅਹਿਮਦ ਦੀਨ ਨੇ ਇਸ ਕਾਨਫ਼ਰੰਸ ਦੀ ਪਰਧਾਨਗੀ ਕੀਤੀ। ਸੋਵੀਅਤ ਰੂਸ ਅਤੇ ਸੋਵੀਅਤ ਚੀਨ ਦੀ ਹਿਮਾਇਤ ਵਿਚ ਤਕਰੀਰਾਂ ਕੀਤੀਆਂ ਗਈਆਂ। ਇਸ ਇਜਲਾਸ ਵਿਚ ਹੇਠ ਲਿਖਿਆਂ ਪਰੋਗਰਾਮ ਲੋਕਾਂ ਸਾਹਮਣੇ ਰਖਿਆ ਗਿਆ:
(1) ਭਾਰਤ ਵਾਸਤੇ ਮੁਕੰਮਲ ਆਜ਼ਾਦੀ ਅਤੇ ਨਵੀਂ ਰਾਜ-ਬਣਤਰ ਨੂੰ ਠੁਕਰਾਉਣਾ (2) ਤਕਰੀਰ, ਲਿਖਣ, ਬੋਲਣ, ਜਥੇਬੰਦੀ, ਜਲਸੇ, ਹੜਤਾਲ, ਪਿਕਟਿੰਗ ਤੇ ਦਿਖਾਵਿਆਂ ਦੀ ਖੁਲ੍ਹ (3) ਤਮਾਮ ਦਬਾਊ ਕਾਨੂੰਨਾਂ, ਆਰਡੀਨੈਨਸਾਂ, ਲੇਬਰ-ਵਿਰੁੱਧ ਕਾਨੂੰਨਾਂ ਦੀ ਮਨਸੂਖੀ (4) ਤਮਾਮ ਰਾਜਸੀ ਕੈਦੀਆਂ ਦੀ ਰਿਹਾਈ। (5) ਉਜਰਤਾਂ ਘਟਾਉਣ ਅਤੇ ਮਜ਼ਦੂਰਾਂ ਦੀ ਬਰਖਾਮਤਗੀ ਵਿਰੁੱਧ, ਘਟ ਤੋਂ ਘੱਟ ਪੱਕੀ ਉਜਰਤ ਅਤੇ ਅੱਠਾਂ ਘੰਟਿਆਂ ਦਾ ਦਿਨ (6) ਮਕਾਨਾਂ ਦੇ ਕਿਰਾਇਆ ਵਿਚ 50 ਫ਼ੀ ਸਦੀ ਕਮੀ (7) ਜ਼ਮੀਨ ਦਾ ਮਾਮਲਾ ਇਨਕਮ ਟੈਕਸ ਦੇ ਆਧਾਰ ਉਤੇ, ਕਰਜ਼ਾ ਉੱਕਾ ਹੀ ਮਨਸੂਖ, ਮਾਮਲੇ ਤੇ ਕਰਜ਼ੇ ਬਦਲੇ ਨਿਲਾਮੀ ਉਕੀ ਬੰਦ। (8) ਮੁਫ਼ਤ ਵਿਦਿਆ (9) ਬੇਕਾਰਾਂ ਨੂੰ ਭੱਤਾ (10) ਰਿਆਸਤੀ ਸਿਸਟਮ ਤੋਂ ਰਿਆਸਤੀ ਪਰਜਾ ਦਾ ਛੁਟਕਾਰਾ।
ਇਕ ਪਾਸੇ ਜਦ ਪੰਜਾਬ ਦੇ ਸਭ ਸੋਸ਼ਲਿਸਟ (ਕਮਿਊਨਿਸਟ) ਆਪਣੀਆਂ ਖੇਰੂੰ ਖ਼ੇਰੂੰ ਹੋਈਆਂ ਤਾਕਤਾਂ ਨੂੰ ਇਕੱਠਾ ਕਰ ਰਹੇ ਸਨ, ਤਾਂ ਦੂਸਰੇ ਪਾਸੇ ਸਰਕਾਰ ਨੇ ਚੋਣਵੇਂ ਵਰਕਰਾਂ ਉਤੇ ਤਸ਼ੱਦਦ ਦਾ ਦੌਰ ਹੋਰ ਵੀ ਤਿੱਖਾ ਕਰ ਦਿੱਤਾ। ਰਾਮਕਿਸ਼ਨ ਬੀ. ਏ. (ਨੈਸ਼ਨਲ), ਬੂਝਾ ਸਿੰਘ ਚੱਕ ਮਾਈਦਾਸ, ਚਿੰਤਾ ਰਾਮ, ਰਾਮ ਰੱਖਾ ਮੱਲ ਨਨਕਾਣਾ, ਦੂਲਾ ਸਿੰਘ ਅਮਰੀਕਨ, ਵਾਸਦੇਵ ਸਿੰਘ ਤੇ ਚੰਨਣ ਸਿੰਘ ਅਮਰੀਕਨ ਨੂੰ ਲਾਹੌਰ ਕਿਲੇ ਵਿਚ ਤਸੀਹੇ ਦਿਤੇ ਜਾ ਰਹੇ ਸਨ। ਕਮਿਊਨਿਸਟਾਂ ਦੇ ਗੁਪਤ ਅਖ਼ਬਾਰ ਲਾਲ ਢੰਡੋਰੇ ਦੇ ਸੰਬੰਧ ਵਿੱਚ ਥਾਂ ਥਾਂ ਤਲਾਸ਼ੀਆਂ ਲਈਆਂ ਜਾ ਰਹੀਆਂ ਸਨ ਤੇ ਜ਼ਮਾਨਤਾਂ ਹੋ ਰਹੀਆਂ ਸਨ। ਤੇਜਾ ਸਿੰਘ ਸੁਤੰਤਰ ਤੇ ਇਕਬਾਲ ਸਿੰਘ ਨੂੰ ਸੋਮਨਾਥ ਲਹਿਰੀ ਨਾਲ਼ 20 ਜਨਵਰੀ 1936 ਨੂੰ ਬੰਬਈ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਹੋਰ ਵੀ ਕਈ ਸਿਆਸੀ ਵਰਕਰ ਜਿਵੇਂ ਜਸਵੰਤ ਸਿੰਘ ਕੈਰੋਂ, ਗੁਰਬਚਨ ਸਿੰਘ ਸੈਂਸਰਾਂ (ਜਾਇੰਟ ਐਡੀਟਰ, ਕਿਰਤੀ), ਪੁਲਸ ਦੇ ਹੱਥ ਲਗ ਗਏ ਸਨ। ਕਰਮ ਸਿੰਘ ਧੂਤ ਪੰਜ ਸਾਲਾਂ ਤੋਂ, ਵਾਸਦੇਵ ਸਿੰਘ ਢਾਈ ਸਾਲਾਂ ਤੋਂ, ਰਾਮ ਕਿਸ਼ਨ ਬੀ. ਏ. ਪੌਣੇ ਦੋ ਸਾਲਾਂ ਤੋਂ ਸ਼ਾਹੀ ਕੈਦੀਆਂ ਦੇ ਤੌਰ ਉਤੇ ਡਕ ਕੇ ਰਖੇ ਗਏ ਸਨ।.
1933-35 ਦੇ ਦੌਰਾਨ ਪੁਲਸ ਨੇ ਮਾਸਕੋ ਤੋਂ ਪਰਤੇ ਗ਼ਦਰ ਪਾਰਟੀ ਦੇ ਅੱਠ ਮੈਬਰਾਂ ਨੂੰ ਇੰਨਟੈਰੋਗੇਟ ਕੀਤਾ। 1935 ਦੇ ਅੰਤ ਤਕ ਸਰਕਾਰ ਮਾਸਕੋ ਤੋਂ ਪਰਤੇ 15 ਤੋਂ 20 ਤਕ ਕਮਿਊਨਿਸਟਾਂ ਦੀ ਸੂਹ ਕੱਢ ਚੁਕੀ ਸੀ। ਇਹਨਾਂ ਵਿਚ ਗੁਰਮੁਖ ਸਿੰਘ, ਇਕਬਾਲ ਸਿੰਘ ਹੁੰਦਲ, ਪ੍ਰਿਥਵੀ ਸਿੰਘ ਆਜ਼ਦ, ਹਰਬੰਸ ਸਿੰਘ ਬਾਸੀ, ਚੰਨਣ ਸਿੰਘ ਅਤੇ ਭਗਤ ਸਿੰਘ ਬਿਲਗਾ ਦੇ ਨਾਂ ਸ਼ਾਮਿਲ ਹਨ। ਡਾਇਰੈਕਟਰ ਇਨਟੈਲੀਜੈਂਸ ਬਿਊਰੋਂ, ਵਿਲੀਅਮਸਨ ਅਨੁਸਾਰ ਮਾਸਕੋ ਵਿਚ ਟਰੇਨਿੰਗ ਲੈ ਰਹੇ ਗ਼ਦਰ ਪਾਰਟੀ ਦੇ ਮੈਂਬਰਾਂ ਦੀ 1935 ਵਿਚ ਗਿਣਤੀ ਸੱਠ ਸੀ। ਪੁਲਸ ਦੀਆਂ ਫ਼ਾਇਲਾਂ ਅਨੁਸਾਰ ਇਹਨਾਂ ਵਿਚੋਂ ਕੁਝ ਕੁ ਭਾਰਤੀ ਇਨਕਲਾਬੀ ਆਬਾਨੀ ਮੁਕਰਜੀ ਵਾਂਗ ਸਟਾਲਨੀ ਅਤਿਆਚਾਰ ਦਾ ਸ਼ਿਕਾਰ ਹੋਏ ਪਰ ਕਿਸੇ ਭਰੋਸੇਜੋਗ ਦਸਤਾਵੇਜ਼ ਤੋਂ ਬਿਨਾਂ ਅਜੇ ਇਸ ਤੱਥ ਨੂੰ ਸਥਾਪਤ ਨਹੀਂ ਕੀਤਾ ਜਾ ਸਕਦਾ।
1914-15 ਦੇ ਦੇਸਭਗਤਾਂ ਦੀ ਕੈਦ ਦੀ ਮਿਆਦ ਪੂਰੀ ਹੋ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾ-ਨਹੀਂ ਸੀ ਕੀਤਾ ਜਾ ਰਿਹਾ। ਉਹਨਾਂ ਦੀ ਰਿਹਾਈ ਲਈ ਐਜੀਟੇਸ਼ਨ ਕਰਨ ਲਈ 'ਰਾਜਸੀ ਕੈਦ ਛੜਾਊ ਕਮੇਟੀ' ਕਾਇਮ ਕੀਤੀ ਗਈ। ਮੇਰਠ ਸਾਜਿਸ਼ ਕੇਸ ਦੇ ਕੈਦੀਆਂ-ਸੋਹਨ ਸਿੰਘ ਜੋਸ਼, ਅਬਦੁਲ ਮਜੀਦ, ਕੇਦਾਰ ਨਾਥ ਸਹਿਗਲ ਦੀ ਰਿਹਾਈ ਤੋਂ ਬਾਅਦ, ਇਹਨਾਂ ਨੇ 'ਲੇਬਰ ਰੀਸਰਚ ਸੋਸਾਇਟੀ', 'ਬੇਰੇਜ਼ਗਾਰ ਵਰਕਰਜ਼ ਯੂਨੀਅਨ', ਅਤੇ 'ਪਰੈਸ ਵਰਕਰਜ਼ ਯੂਨੀਅਨ' ਖੜ੍ਹੀਆਂ ਕਰਨ ਦੀ ਕੋਸ਼ਿਸ਼ ਕੀਤੀ। ਸਾਰੀ ਅੰਦਰੂਨੀ ਖਿਚੋਤਾਣ ਖ਼ਤਮ ਕਰ ਕੇ ਨਵੀਂ ਜਥੇਬੰਦੀ 'ਐਂਟੀ ਇਮਪਿਰੀਲਿਸਟ ਲੀਗ' ਖੜ੍ਹੀ ਕਰਨ ਦਾ ਜਤਨ ਵੀ ਕੀਤਾ ਗਿਆ। ਸਤੰਬਰ 1934 ਵਿਚ ਪੰਜਾਬ ਵਿਚ ਹੇਠ ਲਿਖੀਆਂ ਜਥੇਬੰਦੀਆਂ ਨੂੰ ਗ਼ੈਰ-ਕਾਨੂੰਨੀ ਕਰਾਰ ਦੇ ਦਿਤਾ ਗਿਆ: (1) ਐਂਟੀ ਇਮਪਿਰੀਲਿਸਟ ਲੀਗ, ਪੰਜਾਬ, (2) ਪੰਜਾਬ ਪ੍ਰਾਂਤਿਕ ਨੌਜਵਾਨ ਭਾਰਤ ਸਭਾ (3) ਕਿਰਤੀ-ਕਿਸਾਨ ਪਾਰਟੀ (4) ਅੰਮ੍ਰਿਤਸਰ ਜ਼ਿਲ੍ਹਾ ਕਿਸਾਨ ਸਭਾ (5) ਪੰਜਾਬ ਕਿਸਾਨ ਲੀਗ। ਇਹਨਾਂ ਜਥੇਬੰਦੀਆਂ ਵਿਚ ਸਰਗਰਮ ਮੈਂਬਰਾਂ ਨੇ 3ਮਾਰਚ 1935 ਨੂੰ ਅੰਮ੍ਰਿਤਸਰ ਵਿਚ ਇਕੱਠੇ ਹੋ ਕੇ 'ਪੰਜਾਬ ਕਿਸਾਨ ਕਰਜ਼ਾ ਕਮੇਟੀ' ਕਾਇਮ ਕੀਤੀ ਤੇ ਇਸ ਕਮੇਟੀ ਦੇ 52 ਮੈਂਬਰ ਚੁਣੇ ਗਏ। ਇਕੱਲੇ ਜਲੰਧਰ ਜ਼ਿਲ੍ਹੇ ਵਿਚ ਕਰਜ਼ਾ ਕਮੇਟੀ ਦੀਆਂ 60 ਬਰਾਂਚਾਂ ਕਾਇਮ ਕੀਤੀਆਂ ਗਈਆਂ। ਜਲੰਧਰ ਜ਼੍ਹਿਲੇ ਦੇ ਪਾਤੜਾਂ ਪਿੰਡ ਵਿਚ 'ਦੁਆਬਾ ਪਿੰਡ ਸੁਧਾਰ' ਦੇ ਨਾਂ ਹੇਠ ਇਕ ਕਾਨਫ਼ਰੰਸ ਵੀ ਕੀਤੀ ਗਈ ਜਿਸ ਵਿਚ 4, 000 ਲੋਕਾਂ ਨੇ ਭਾਗ ਲਿਆ। ਇਸ ਵਾਰ ਕਰਜ਼ਾ ਖ਼ਤਮ ਕਰਨ ਅਤੇ ਮਾਮਲਾ ਇਨਕਮ ਟੈਕਸ ਦੇ ਆਧਾਰ ਉਤੇ ਲੈਣ ਦੀ ਮੰਗ ਰੱਖੀ ਗਈ। ਸਤੰਬਰ 1935 ਵਿਚ ਹੀ ਸ਼ਹੀਦਗੰਜ ਦੇ ਮਸਲੇ ਨਾਲ਼ ਸੰਬੰਧਿਤ ਫ਼ਿਰਕੂ ਲਹਿਰਾਂ ਨੇ ਮੈਦਾਨ ਗਰਮ ਕਰ ਦਿਤਾ। ਲਾਇਲਪੁਰ ਜ਼ਿਲ੍ਹੇ ਵਿਚ ਕਾਂਗਰਸ-ਪੱਖੀ ਅਕਾਲੀਆਂ ਅਤੇ ਸਰ ਛੋਟੂ ਰਾਮ ਜ਼ਿਮੀਂਦਾਰਾ ਲੀਗ ਨੇ ਸਰਗਰਮੀ ਦਿਖਾਈ। 1934 ਤੋਂ ਬਾਅਦ ਭਾਵ ਮੇਰਠ ਮੁਕੱਦਮੇ ਵਿਚੋਂ ਰਿਹਾਈ ਤੋਂ ਬਾਅਦ ਮਈ 1936 ਤਕ ਪੰਜਾਬ ਦੇ ਮੁੱਠੀ ਭਰ ਕਮਿਊਨਿਸਟ 'ਜੋਸ਼ ਗਰੁੱਪ' ਅਤੇ 'ਕਿਰਤੀ ਗਰੁੱਪ' ਵਿਚ ਵੰਡੇ ਰਹੇ। ਇਕ ਪਾਸੇ ਸਰਕਾਰੀ ਤਸ਼ੱਦਦ, ਦੂਸਰਾ ਲੋਕਾਂ ਤੋਂ ਦੂਰੀ ਤੇ ਤੀਸਰੀ ਅੰਦਰੂਨੀ ਫੁੱਟ ਕਾਰਨ ਕਮਿਊਨਿਸਟ ਦੁਸ਼ਮਣ ਉਤੇ ਘੱਟ ਪਰ ਇਕ ਦੂਸਰੇ ਉਤੇ ਜ਼ਿਆਦਾਂ ਵਰ੍ਹੇ। ਪੰਜਾਬ ਦੀ ਖੱਬੀ ਲਹਿਰ ਵਿਚ ਗੁਟਬੰਦੀ ਦੀਆਂ ਜੜ੍ਹਾ ਬਹੁਤ ਡੂੰਘੀਆਂ ਹਨ।
ਪਰ ਮਈ 1936 ਤੋਂ ਬਾਅਦ 'ਪੰਜਾਬ ਕਾਂਗਰਸ ਸੋਸ਼ਲਿਸਟ ਪਾਰਟੀ' ਦਾ ਪਲੈਟਫ਼ਾਰਮ ਮਿਲ ਜਾਣ ਕਾਰਨ ਹੁਣ ਲੋਕਾਂ ਵਿਚ ਕੰਮ ਕੁਝ ਅਗੇ ਤੁਰਿਆ। 1936 ਵਿਚ ਛੋਟੀਆਂ ਛੋਟੀਆਂ ਮੀਟਿੰਗਾਂ ਤੋਂ ਬਿਨਾਂ ਤਿੰਨ ਵਡੀਆਂ ਤੇ ਮਹੱਤਵਪੂਰਨ ਕਾਨਫ਼ਰੰਸਾਂ ਵੀ ਕੀਤੀਆਂ ਗਈਆਂ। 'ਸਰਹਾਲੀ ਰਾਜਨੀਤਕ ਕਾਨਫ਼ਰੰਸ' , ਜਿਸ ਦੀ ਪਰਧਾਨਗੀ ਜਵਾਹਰ ਲਾਲ ਨਹਿਰੂ ਨੇ ਕੀਤੀ, ਵਿਚ 60,000 ਲੋਕਾਂ ਨੇ ਭਾਗ ਲਿਆ। ਪੰਜਾਬ ਵਿਚ ਖੱਬਾ ਗਰੁੱਪ ਪਹਿਲੀ ਵਾਰ ਐਨੇ ਲੋਕਾਂ ਨੂੰ ਆਪਣੇ ਵਲ ਖਿੱਚ ਸਕਿਆ। ਚੀਮਾਂ ਕਲਾਂ (ਜਲੰਧਰ) ਕਾਨਫ਼ਰੰਸ ਵਿਚ 10,000 ਲੋਕ ਸ਼ਾਮਿਲ ਹੋਏ ਤੇ ਸਰਕਾਰ ਦੇ ਖ਼ਿਲਾਫ਼ ਬਹੁਤ ਧੂੰਆਂਧਾਰ ਤਕਰੀਰਾਂ ਹੋਈਆਂ, ਜਿਨ੍ਹਾਂ ਕਰਕੇ ਬਹੁਤ ਸਾਰੇ ਬੁਲਾਰਿਆਂ ਨੂੰ ਸਜ਼ਾ ਹੋਈ। 'ਖੰਨਾ ਰਾਜਸੀ ਕਾਨਫ਼ਰੰਸ' (ਇਕ ਤੋਂ ਤਿੰਨ ਅਗਸਤ) ਕਰਨ ਲਈ ਬਹੁਤ ਹੀ ਔਕੜਾਂ ਦਾ ਸਾਹਮਣਾ ਕਰਨਾ ਪਿਆ। ਸਥਾਨਕ ਪੱਧਰ ਉਤੇ ਸਰਗਰਮ ਵਰਕਰਾਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਲੋਕਾਂ ਨੂੰ ਕਾਨਫ਼ਰੰਸ ਵਿਚ ਭਾਗ ਲੈਣ ਤੇ ਹੋਰ ਕਿਸੇ ਤਰ੍ਹਾਂ ਦੀ ਸਹਾਇਤਾ ਕਰਨ ਉਤੇ ਉਹਨਾਂ ਵਿਰੁਧ ਕਾਰਵਾਈ ਕਰਨ ਦੀ ਧਮਕੀ ਦਿਤੀ ਗਈ। ਲਾਗਲੇ ਪਿੰਡਾਂ ਵਿਚ ਪੁਲਸ ਨੇ ਖ਼ੂਬ ਦਬਦਬਾ ਬਿਠਾਉਣ ਦਾ ਯਤਨ ਕੀਤਾ। ਇਸ ਦੇ ਬਾਵਜੂਦ ਨਹਿਰੂ ਦੀ ਪਰਧਾਨਗੀ ਹੇਠ ਹੋਈ ਇਸ ਕਾਨਫ਼ਰੰਸ ਵਿਚ ਹਾਜ਼ਾਰਾਂ ਲੋਕਾਂ ਨੇ ਭਾਗ ਲਿਆ। ਨਹਿਰੂ ਨੇ ਪੰਜਾਬ ਵਿਚ 40 ਮੀਟਿੰਗਾਂ ਵਿਚ ਭਾਸ਼ਨ ਦਿਤਾ ਤੇ ਕਿਹਾ ਕਿ ਦੇਸ ਅਗੇ ਅਸਲੀ ਮਸਲੇ ਗ਼ਰੀਬੀ, ਬੇਰੁਜ਼ਗਾਰੀ ਅਤੇ ਆਜ਼ਾਦੀ ਹਨ। ਨਹਿਰੂ ਦੇ ਆਉਣ ਨਾਲ਼ ਖੱਬੇ-ਪੱਖੀ ਸਰਗਰਮੀਆਂ ਨੂੰ ਉਭਾਰ ਮਿਲਦਾ ਤੇ ਆਜ਼ਾਦੀ ਚਾਹੁਣ ਵਾਲਿਆਂ ਦੀਆਂ ਨਜ਼ਰਾਂ ਉਹਨਾਂ ਵਲ ਮੁੜਦੀਆਂ। ਨਹਿਰੂ ਦੀਆਂ ਤਕਰੀਰਾਂ ਦਾ ਜ਼ਿਕਰ ਕਰਦਿਆਂ ਪਰਾਂਤਿਕ ਪੁਲਸ ਨੇ ਕੇਂਦਰ ਨੂੰ ਆਪਣੀ ਰੀਪੋਰਟ ਵਿਚ ਲਿਖਿਆ: "ਸੂਬੇ ਦੇ ਉਹਦੇ ਦੌਰੇ ਬੇਚੈਨੀ ਪੈਦਾ ਕਰਦੇ ਹਨ, ਸ਼ਿਕਾਇਤਾਂ ਨਾਵਾਜਬ ਤੌਰ ਉਤੇ ਉਭਾਰਦੇ ਹਨ ਅਤੇ ਤੋੜਫੋੜ ਕਰਨ ਵਾਲੀਆਂ ਜਥੇਬੰਦੀਆਂ ਨੂੰ ਆਪਣੀ ਇਸ਼ਤਿਹਾਰਬਾਜ਼ੀ ਕਰਨ ਦਾ ਤੇ ਆਪਣਾ ਸਿਧਾਂਤ ਅਗੇ ਵਧਾਉਣ ਦਾ ਸ਼ਾਨਦਾਰ ਮੌਕਾ ਮੌਕਾ ਦਿੰਦੇ ਹਨ। …ਸਮਾਜਵਾਦੀ ਝੁਕਾਅ ਵਾਲੇ ਇਕ ਵਿਅਕਤੀ ਵਜੋਂ ਉਹਦਾ ਮੰਤਵ ਇਹ ਜਾਪਦਾ ਹੈ ਕਿ ਇਕ ਅਜਿਹੀ ਸਮੂਹਕ ਲਹਿਰ ਲਈ ਜ਼ਮੀਨ ਤਿਆਰ ਕੀਤੀ ਜਾਵੇ ਜੋ ਸਮਾਜਵਾਦੀ ਜਾਂ ਕਮਿਊਨਿਸਟ ਰਾਜ ਦੀ ਕਾਇਮੀ ਲਈ ਆਰੰਭਕ ਗੱਲ ਬਣ ਸਕੇ।"
ਸਾਝਾਂ ਫ਼ਰੰਟ ਬਣਨ ਨਾਲ਼ ਹਾਲਾਤ ਕੰਮ ਕਰਨ ਦੇ ਤਾਂ ਸਾਜ਼ਗਰ ਹੋ ਗਏ ਪਰ ਖੱਬੇ-ਪੱਖੀਆਂ ਵਿਚ ਗੁਟਬੰਦੀ (ਜੋਸ਼ ਗਰੁੱਪ-ਕਿਰਤੀ ਗਰੁੱਪ) ਅਜੇ ਵੀ ਕਾਇਮ ਰਹੀ, ਹਾਲਾਂਕਿ ਦੋਹਾਂ ਗਰੁੱਪਾਂ ਵਿਚ ਕੋਈ ਵੀ ਸਿਧਾਂਤਕ ਮੱਤਭੇਦ ਨਹੀਂ ਸੀ। ਜੇਕਰ ਇਕ ਗਰੁੱਪ ਉਸੇ ਲਾਈਨ ਨੂੰ ਭਾਰਤੀ ਕਮਿਊਨਿਸਟਾਂ ਦੀ ਕੇਂਦਰੀ ਕਮੇਟੀ ਤੋਂ ਲੈਂਦਾ ਸੀ ਤਾਂ ਦੂਸਰਾ ਬਰਲਿਨ ਸੈਂਟਰ (ਭਾਈ ਰਤਨ ਸਿੰਘ) ਰਾਹੀਂ ਤੀਜੀ ਕੌਮਾਂਤਰੀ ਤੋਂ। ਪਰ 1936 ਤੋਂ ਬਾਅਦ ਪੰਜਾਬ ਵਿਚ ਕਮਿਊਨਿਸਟ ਸਰਗਰਮੀਆਂ ਅਤੇ ਕੌਮੀ ਕਾਂਗਰਸ ਦੀਆਂ ਸਰਗਰਮੀਆਂ ਇਕ-ਮਿੱਕ ਹੋ ਗਈਆਂ। ਜੇਕਰ ਕੋਈ ਫ਼ਰਕ ਸੀ ਤਾਂ ਉਹ ਸੀ ਸਿਰਫ਼ ਮਿਲੀਟੈਂਟ ਤੇ ਗਰਮ ਗਰਮ ਤਕਰੀਰਾਂ ਦਾ। ਖੱਬੇ ਕਾਂਗਰਸੀਆਂ, ਮਿਲੀਟੈਂਟ ਅਕਾਲੀਆਂ ਤੇ ਜੋਸ਼ ਗਰੁੱਪ ਦੀ ਕਾਂਗਰਸ ਦੇ ਖੱਬੇ-ਵਿੰਗ ਵਜੋਂ ਏਕਤਾ ਕਾਇਮ ਕਰਨ ਲਈ ਪੰਜਾਬ ਵਿਚ ਕਿਸਾਨ ਲਹਿਰ ਨੂੰ ਜਥੇਬੰਦਕ ਰੂਪ ਦੇਣ ਦਾ ਮੁੱਢ ਬੱਝਿਆ। - ਚਲਦਾ
(ਲੇਖਕ ਦੀ ਕਿਤਾਬ 'ਪੰਜਾਬ ਵਿੱਚ ਕਮਿਉਨਿਸਟ ਲਹਿਰ'ਵਿੱਚੋਂ )
No comments:
Post a Comment