"ਸਾਡਾ ਸੰਘਰਸ਼ ਧਨ ਜਾਂ ਸੱਤਾ ਲਈ ਨਹੀਂ ਸਗੋਂ ਆਜ਼ਾਦੀ ਲਈ ਹੈ। ਸਾਡਾ ਸੰਘਰਸ਼ ਮਨੁੱਖੀ ਸ਼ਖਸੀਅਤ ਦੀ ਮੁੜ ਤੋਂ ਪ੍ਰਾਪਤੀ ਲਈ ਹੈ।" - ਡਾ. ਬੀ. ਆਰ. ਅੰਬੇਦਕਰ
"ਕੋਈ ਸਮਾਂ ਸੀ ਜਦੋਂ ਸਾਡੇ ਨਾਲ ਪਸ਼ੂਆਂ ਜਿਹਾ ਸਲੂਕ ਕੀਤਾ ਜਾਂਦਾ ਸੀ। ਹੁਣ ਅਸੀਂ ਬੰਦਿਆਂ ਵਾਂਗ ਮਹਿਸੂਸ ਕਰਦੇ ਹਾਂ। ਇਹ ਸਾਰਾ ਕੁੱਝ ਅੰਬੇਦਕਰ ਦੇ ਸਦਕਾ ਹੈ।" - ਨਾਮਦਿਓ ਢਾਸਲ
ਮੌਜੂਦਾ ਅਧਿਐਨ ਇਸ ਗੱਲ ਨਾਲ ਸੰਬੰਧ ਰਖਦਾ ਹੈ ਕਿ 1947 ਵਿਚ ਦੇਸ਼ ਦੀ ਆਜ਼ਾਦੀ ਤੇ ਪੰਜਾਬ ਦੀ ਵੰਡ ਤੋਂ ਪਿਛੋਂ ਪੰਜਾਬ ਵਿਚ ਦਲਿਤਾਂ (ਪੱਟੀਦਰਜ ਜਾਤੀਆਂ) ਦੇ ਜੀਵਨ ਵਿਚ ਕਿਸ ਕਿਸਮ ਦੀਆਂ ਤਬਦੀਲੀਆਂ ਆਈਆਂ।
[caption id="" align="alignright" width="100" caption="ਲੇਖਕ"][/caption]
ਬਹੁਤੇ ਲੋਕ ਨਹੀਂ ਜਾਣਦੇ ਕਿ ਪੱਟੀਦਰਜ ਜਾਤੀਆਂ ਪੰਜਾਬ ਰਾਜ ਵਿਚ ਵਸੋਂ ਦਾ ਚੋਖਾ ਹਿੱਸਾ ਹਨ। 2001 ਦੀ ਮਰਦਮ ਸ਼ੁਮਾਰੀ ਅਨੁਸਾਰ ਇਸ ਰਾਜ ਵਿਚ ਪੱਟੀਦਰਜ ਜਾਤੀਆਂ ਦੀ ਗਿਣਤੀ 28.9 ਫ਼ੀ ਸਦੀ ਸੀ। ਪੱਟੀਦਰਜ ਜਾਤੀਆਂ ਦੇ ਲੋਕ, ਜਿਨ੍ਹਾਂ ਨੂੰ ਆਮ ਬੋਲੀ ਵਿਚ ਦਲਿਤ ਕਿਹਾ ਜਾਂਦਾ ਹੈ, ਸਾਡੇ ਸਮਾਜ ਦਾ ਅੱਤ ਅਪਮਾਨਤ ਭਾਗ ਰਹੇ ਹਨ।
ਇਸ ਲੇਖ ਦਾ ਮੰਤਵ ਇਸ ਗੱਲ ਦੀ ਘੋਖ ਪਰਖ ਕਰਨਾ ਹੈ ਕਿ ਪੱਟੀਦਰਜ ਜਾਤੀਆਂ ਦੇ ਲੋਕਾਂ ਦੀਆਂ ਬਾਹਰਮੁਖੀ ਤੇ ਅੰਤਰਮੁਖੀ ਜੀਵਨ ਹਾਲਤਾਂ ਵਿਚ ਕਿਸ ਕਿਸਮ ਦੀਆਂ ਤਬਦੀਲੀਆਂ ਆਈਆਂ।
ਬਾਹਰਮੁਖੀ ਤਬਦੀਲੀਆਂ ਦਾ ਸੰਬੰਧ ਉਹਨਾਂ ਦੇ ਜਨਸੰਖਿਅਕ, ਆਰਥਕ, ਰਾਜਨੀਤਕ ਤੇ ਸਮਾਜੀ ਪੱਖਾਂ ਨਾਲ ਤੇ ਅੰਤਰਮੁਖੀ ਤਬਦੀਲੀਆਂ ਦਾ ਸੰਬੰਧ ਇਸ ਗੱਲ ਨਾਲ ਹੈ ਕਿ ਉਹ ਕਿਵੇਂ ਸੋਚਦੇ ਤੇ ਕਿਸ ਦ੍ਰਿਸ਼ਟੀ ਨਾਲ ਦੇਖਦੇ ਹਨ। ਇਹਨਾਂ ਤਬਦੀਲੀਆਂ ਦਾ ਸੰਬੰਧ ਇਸ ਗੱਲ ਨਾਲ ਵੀ ਹੈ ਕਿ 50ਵਿਆਂ ਤੋਂ ਲੈ ਕੇ ਹੁਣ ਤੱਕ ਦੇ ਅਰਸੇ ਵਿਚ ਪੱਟੀਦਰਜ ਜਾਤੀਆਂ ਦੇ ਲੋਕ ਆਪਣੇ ਆਪ ਨੂੰ ਕਿੰਝ ਜੋਖਦੇ ਹਨ ਅਤੇ ਹੋਰਨਾਂ ਲੋਕਾਂ ਦਾ ਉਹਨਾਂ ਪ੍ਰਤੀ ਕੀ ਵਤੀਰਾ ਜਾਂ ਵਿਚਾਰ ਹੈ।
ਐਂਥਰੋਪਾਲੋਜੀਕਲ ਸਰਵੇ ਆਫ਼ ਇੰਡੀਆ ਦੀ "ਹਿੰਦ ਦੇ ਲੋਕ" ਨਾਂਅ ਦੀ ਲੀਹ ਉਲੀਕਦੀ ਰੀਪੋਰਟ ਨੇ ਇਸ ਗੱਲ ਦਾ ਤੱਤ ਪਾ ਲਿਆ ਜਾਪਦਾ ਹੈ ਕਿ ਪੱਟੀਦਰਜ ਜਾਤੀਆਂ ਨਾਲ਼ ਸੰਬੰਧਤ ਵਿਆਕਤੀ ਆਪਣੇ ਆਪ ਦਾ ਕੀ ਮੁੱਲ ਪਾਉਂਦੇ ਹਨ। ਰੀਪੋਰਟ ਆਖਦੀ ਹੈ, "ਵਾਸਤਵ ਵਿਚ ਸਵੈ-ਆਦਰ ਦੀ ਇਕ ਨਵੀਂ ਭਾਵਨਾ ਚੌਹੀਂ ਪਾਸੀ ਮਹਿਸੂਸ ਕੀਤੀ ਜਾ ਸਕਦੀ ਹੈ। ਜਿਹੜੀਆਂ ਪੁਰਾਣੀਆਂ ਮਿਥਿਆਵਾਂ ਅਪਮਾਨ ਭਰੀ ਜ਼ਿੰਦਗੀ ਨੂੰ ਉਚਿੱਤ ਠਹਿਰਾਉਂਦੀਆਂ ਸਨ, ਉਹ ਤੱਜੀਆਂ ਜਾ ਰਹੀਆਂ ਹਨ।" ਵੀ. ਐਸ਼ ਨੈਪਾਲ ਨਾਲ਼ ਆਪਣੀ ਗੱਲਬਾਤ ਵਿਚ ਨਾਮਦਿਓ ਢਾਸਲ ਦਾ ਕਹਿਣਾ ਸੀ, "ਕੋਈ ਸਮਾਂ ਸੀ ਜਦੋਂ ਸਾਡੇ ਨਾਲ਼ ਪਸ਼ੂਆਂ ਵਾਲਾ ਸਲੂਕ ਹੁੰਦਾ ਸੀ। ਹੁਣ ਅਸੀਂ ਇਨਸਾਨਾਂ ਵਾਂਗ ਜਿਉਂਦੇ ਹਾਂ। ਇਹ ਸਾਰਾ ਕੁਝ ਡਾ. ਅੰਬੇਦਕਰ ਦੇ ਸਦਕਾ ਹੋਇਆ।" ਇਸ ਕਿਸਮ ਦੀ ਤਬਦੀਲੀ, ਜਿਹੜੀ ਪੰਜਾਬ ਵਿਚ ਬਹੁਤ ਸਾਰਿਆਂ ਵੱਲੋਂ ਮਹਿਸੂਸ ਕੀਤੀ ਜਾ ਰਹੀ ਹੈ, ਬਹੁਤ ਹੌਲੀ ਹੌਲੀ ਆਈ ਹੈ। ਇਹਨਾਂ ਤਬਦੀਲੀਆਂ ਦਾ ਪ੍ਰਭਾਵ ਵੱਖ ਵੱਖ ਖੇਤਰਾਂ ਦੇ ਵਿਚਕਾਰ, ਪੇਂਡੂ ਤੇ ਸ਼ਹਿਰੀ ਖਿੱਤਿਆਂ ਦੇ ਵਿਚਕਾਰ, ਇਕ ਜਾਤੀ ਤੋਂ ਦੂਜੀ ਜਾਤੀ ਦੇ ਵਿਚਕਾਰ ਅਤੇ ਔਰਤਾਂ ਤੇ ਮਰਦਾਂ ਦੇ ਵਿਚਕਾਰ ਨਾਬਰਾਬਰ ਢੰਗ ਨਾਲ਼ ਪਿਆ ਹੈ। ਸ਼ਹਿਰੀ ਖੇਤਰਾਂ ਵਿਚ ਸਥਿਤੀ ਹੁਣ ਪੇਂਡੂ ਖੇਤਰਾਂ ਦੀ ਸਥਿਤੀ ਨਾਲ਼ੋਂ ਕਿਤੇ ਵੱਧ ਵੱਖਰੀ ਤੇ ਬਿਹਤਰ ਹੈ। ਦੁਆਬੇ ਦੇ ਇਲਾਕੇ ਵਿਚ ਬਾਲਮੀਕੀਆਂ, ਮਜ਼੍ਹਬੀਆਂ ਤੇ ਹੋਰ ਭਾਈਚਾਰਿਆਂ ਨਾਲ਼ੋਂ ਆਦਿ ਧਰਮੀ ਤੇ ਮੇਘ ਭਾਈਚਾਰੇ ਵਧੇਰੇ ਗਿਣਤੀ ਵਿਚ ਸ਼ਹਿਰਾਂ ਵਿਚ ਆ ਵਸੇ ਹਨ, ਉੱਤੇ ਉੱਠਣ ਦੇ ਪੱਖੋਂ ਵਧੇਰੇ ਗਤੀਸ਼ੀਲ ਹਨ, ਵਧੇਰੇ ਸਵੈਵਿਸ਼ਵਾਸ ਰਖਦੇ ਹਨ ਤੇ ਰਾਜਨੀਤਕ ਪੱਖੋਂ ਵਧੇਰੇ ਰਸੂਖ਼ ਰੱਖਦੇ ਹਨ। ਅੰਬੇਦਕਰ ਨੇ ਆਪਣੇ ਪੈਰੋਕਾਰਾਂ ਨੂੰ ਮਸ਼ਵਰਾ ਦਿਤਾ ਸੀ ਕਿ ਉਹ ਸ਼ਹਿਰਾਂ ਵਿਚ ਜਾ ਵੱਸਣ ਕਿਉਂਕਿ ਪਿੰਡਾਂ ਵਿਚ ਉਹਨਾਂ ਲਈ ਕੋਈ ਆਸ ਨਹੀਂ। ਅੰਬੇਦਕਰ ਪਿੰਡ ਨੂੰ "ਜਹਾਲਤ ਦੇ ਅੱਡੇ" ਸਮਝਦੇ ਸਨ। ਤਾਂ ਵੀ 2001 ਦੀ ਮਰਦਮਸ਼ੁਮਾਰੀ ਅਨੁਸਾਰ ਪੰਜਾਬ ਦੇ ਸ਼ਹਿਰਾਂ ਵਿਚ ਪੱਟੀਦਰਜ ਜਾਤੀਆਂ ਦੀ ਵਸੋਂ 20.7 ਫ਼ੀ ਸਦੀ ਹੀ ਸੀ: ਪੱਟੀਦਰਜ ਜਾਤੀਆਂ ਦਾ 80 ਫ਼ੀ ਸਦੀ ਹਿੱਸਾ ਅਜੇ ਵੀ ਪਿੰਡਾਂ ਵਿਚ ਹੀ ਰਹਿੰਦਾ ਸੀ।
ਵਰਤਮਾਨ ਅਧਿਐਨ ਉਪਰੋਕਤ ਪਰੀਵਰਤਨ ਦੀ ਤੇ ਪਰੀਵਰਤਨ-ਪ੍ਰਕ੍ਰਿਆਵਾਂ ਦੀ ਮੁੱਢਲੀ ਅਸਲੀਅਤ ਉੱਤੇ ਹੀ ਕੇਂਦਰਿਤ ਹੈ। ਅਰਥਾਤ ਇਸਦਾ ਮੰਤਵ ਇਹ ਜਾਨਣਾ ਹੈ ਕਿ ਪੱਟੀਦਰਜ ਜਾਤੀਆਂ ਦੇ ਲੋਕ ਆਪਣੀ ਰੋਜ਼ਾਨਾ ਜ਼ਿੰਦਗੀ ਵਿਚ ਕਿਵੇਂ ਮਹਿਸੂਸ ਕਰਦੇ ਹਨ ਜਾਂ ਆਮ ਸੂਝ ਦੇ ਪੱਖੋਂ ਇਸ ਸਥਿਤੀ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ। ਇਸ ਮੰਤਵ ਲਈ ਲੇਖਕ ਨੇ ਉਹਨਾਂ ਦੀਆਂ ਜ਼ਿੰਦਗੀਆਂ ਦਾ ਨਿਰੀਖਣ ਕੀਤਾ ਹੈ;
ੀ। ਵੱਖ ਵੱਖ ਪੱਟੀਦਰਜ ਜਾਤੀਆਂ, ਵੱਖ ਵੱਖ ਉਮਰਾਂ ਤੇ ਵੱਖੋ ਵੱਖ ਇਲਾਕਿਆਂ ਨਾਲ਼ ਸੰਬੰਧਤ ਦਲਿਤਾਂ ਨਾਲ਼ ਵਿਸਥਾਰ ਭਰੇ ਢੰਗ ਨਾਲ਼ ਗੱਲਾਂਬਾਤਾਂ ਕੀਤੀਆਂ ਤੇ ਉਹਨਾਂ ਨੂੰ ਧਿਆਨ ਨਾਲ਼ ਸੁਣਿਆ, ਇਸਦੇ ਲਈ ਲੇਖਕ ਬਹੁਤ ਸਾਰਿਆਂ ਦੇ ਘਰਾਂ ਵਿਚ ਵੀ ਗਿਆ ਤੇ ਉਹਨਾਂ ਦੇ ਦਿਨ-ਤਿਉਹਾਰਾਂ ਵਿਚ ਸ਼ਾਮਲ ਹੋਇਆ।
ੀ। ਉਹਨਾਂ ਦੀਆਂ ਯਾਦਾਂ, ਤਜਰਬਿਆਂ ਤੇ ਮੁਸ਼ਾਹਦਿਆਂ ਤੋਂ ਜਾਣੂ ਹੋਇਆ। ਜਿਸ ਵਿਚ ਕੁਝ ਇਕ ਹੰਢੇ ਹੋਏ ਦਲਿਤ ਆਗੂਆਂ ਵਲੋਂ ਨਿਸ਼ਚਤ ਪ੍ਰਸ਼ਨਾਂ ਦੇ ਲਿਖਤੀ ਉੱਤਰ ਵੀ ਸ਼ਾਮਲ ਹਨ।
ੀ। ਦਲਿਤਾਂ ਦੀਆਂ ਸਵੈਜੀਵਨੀਆਂ ਤੇ ਸਹਿਤਿਕ ਲਿਖਤਾਂ ਵੀ ਪੜ੍ਹੀਆਂ ਹਨ ਤੇ ਪੰਜਾਬੀ ਗਲਪ ਤੇ ਲੋਕ ਕਥਾਵਾਂ ਵਿਚ ਪੱਟੀਦਰਜ ਜਾਤੀਆਂ ਦੀ ਹਾਲਤ ਦੇ ਵਰਨਣ ਦਾ ਅਧਿਐਨ ਕੀਤਾ ਹੈ। ਇਸ ਗੱਲ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਕਿ "ਭੌਤਿਕ ਤੱਥਾਂ" ਤੇ "ਮਾਨਸਿਕ ਤੱਥਾਂ" ਵਿਚਲੇ ਨਿਖੇੜੇ ਨੂੰ ਧਿਆਨ ਵਿਚ ਰੱਖਿਆ ਜਾਏ ਭਾਵੇਂ ਮਗਰਲੀ ਕਿਸਮ ਦੇ ਤੱਥ ਪ੍ਰਤੱਖ ਤੌਰ 'ਤੇ ਭੌਤਕ ਤੱਥਾਂ ਉੱਤੇ ਹੀ ਆਧਾਰਤ ਹੁੰਦੇ ਹਨ। ਸਮਾਜੀ ਤੱਥਾਂ ਨੂੰ ਅਜਿਹੇ ਤੱਥਾਂ ਵਜੋਂ ਲਿਆ ਜਾ ਸਕਦਾ ਹੈ ਜਿਹੜੇ ਬਾਹਰਮੁਖੀ ਵੀ ਹੁੰਦੇ ਹਨ ਅਤੇ ਅੰਤਰਮੁਖੀ ਵੀ; ਅਤੇ ਜਿਨਾਂ ਵਿਚ ਕਿਸੇ ਹੱਦ ਤੱਕ "ਪ੍ਰਸਪਰ-ਅੰਤਰਮੁਖੀ ਆਮ ਸੂਝ" ਦਾ ਵੀ ਦਖ਼ਲ ਹੁੰਦਾ ਹੈ।
ੀੜ। ਇਸ ਲੇਖ ਦੇ ਪਹਿਲੇ ਭਾਗ ਰਾਹੀਂ ਆਪਣੇ ਮਨਾਂ ਵਿਚ ਇਸ ਗੱਲ ਦੀ ਮੋਟੀ ਜਿਹੀ ਤਸਵੀਰ ਉਭਾਰਨਾ ਹੈ ਕਿ ਜਦੋਂ ਦੇਸ਼ ਨੇ ਆਜ਼ਾਦੀ ਹਾਸਲ ਕੀਤੀ, ਉਸ ਵੇਲੇ ਪੱਟੀਦਰਜ ਜਾਤੀਆਂ ਦੀ ਜ਼ਿੰਦਗੀ ਕਿਹੋ ਜਿਹੀ ਸੀ, ਉਹ ਕਿਸ ਤਰ੍ਹਾਂ ਰਹਿੰਦੇ ਵਿਚਰਦੇ ਸਨ, ਤੇ ਉਹਨਾਂ ਦੇ ਮਨਾਂ ਵਿਚ ਕਿਹੋ ਜਿਹੇ ਵਿਸ਼ਵਾਸ ਤੇ ਵਿਚਾਰ ਹੁੰਦੇ ਸਨ। ਦੂਸਰੇ ਭਾਗ ਦਾ ਸੰਬੰਧ ਇਸ ਗੱਲ ਦਾ ਜਾਇਜ਼ਾ ਲੈਣ ਨਾਲ਼ ਹੈ ਕਿ ਆਈ ਤਬਦੀਲੀ ਕਿਸ ਢੰਗ ਦੀ ਹੈ -ਪੱਟੀਦਰਜ ਜਾਤੀਆਂ ਦੀਆਂ ਪਦਾਰਥਕ ਹਾਲਤਾਂ ਵਿਚ ਕੀ ਤਬਦੀਲੀ ਆਈ ਹੈ ਤੇ ਉਹ ਸਮਾਜੀ ਤਬਦੀਲੀ ਨੂੰ ਕਿਵੇਂ ਪਰਤੀਤ ਕਰਦੇ ਹਨ। ਉਹਨਾਂ ਦਾ ਸਮਾਜੀ ਦਰਜਾ ਹੁਣ ਕੀ ਹੈ ਅਤੇ ਉਹਨਾਂ ਲਈ ਇਸਦੇ ਕੀ ਅਰਥ ਹਨ, ਸਣੇ ਉਹਨਾਂ ਦੀਆਂ ਆਸਾਂ ਤੇ ਸੰਸਿਆਂ ਦੇ। ਜਾਤੀ ਸੰਬੰਧਾਂ ਵਿਚ ਆਈ ਤਬਦੀਲੀ ਪ੍ਰਤੀ ਗ਼ੈਰ-ਪੱਟੀਦਰਜ ਜਾਤੀਆਂ ਕੀ ਆਖਦੀਆਂ ਹਨ, ਇਸ ਦਾ ਵੀ ਇਸ ਲੇਖ ਦੇ ਵਿਸ਼ੇ ਨਾਲ਼ ਡੂੰਘਾ ਸੰਬੰਧ ਹੈ। ਜੇ ਸਾਧਾਰਨ ਜਿਹੇ ਮਾਮਲਿਆਂ ਨੂੰ ਜ਼ਰਾ ਨੇੜਿਉਂ ਤੱਕਿਆ ਜਾਏ ਤਾਂ ਇਸ ਨਾਲ਼ ਵੀ ਦ੍ਰਿਸ਼ਟੀ-ਸੀਮਾ ਤੇ ਸੂਝ ਦੀ ਕੁਝ ਵਧੇਰੇ ਥਾਹ ਪੈ ਜਾਂਦੀ ਹੈ। ਲੇਖਕ ਨੂੰ ਕੁਝ ਇੰਝ ਹੀ ਜਾਪਿਆ ਹੈ।
ਭਾਗ-1
1947 ਦੇ ਨੇੜੇ ਤੇੜੇ ਦਲਿਤ ਜੀਵਨ ਦਾ ਚਰਿਤਰ
ਰਿਤੂ ਮੈਨਨ ਤੇ ਕਮਲਾ ਭਸੀਨ ਦੀ ਹੱਦਾਂ ਤੇ ਸਰਹੱਦਾਂ ਅਤੇ ਬਾਅਦ ਵਿਚ ਉਰਵਸ਼ੀ ਬੁਟਾਲੀਆ ਦੀ ਚੁੱਪ ਦਾ ਦੂਸਰਾ ਪਾਸਾ ਪੜ੍ਹਨ ਤੋਂ ਬਾਅਦ ਲੇਖਕ ਦੇ ਮਨ ਵਿਚ ਆਇਆ ਕਿ ਇਹ ਦੇਖਣਾ ਚਾਹੀਦਾ ਹੈ ਕਿ ਵੰਡ ਦੀ ਹਿੰਸਾ ਸਮੇਂ ਦਲਿਤਾਂ (ਜਿਹਨਾਂ ਨੂੰ ਉਦੋਂ ਹਰੀਜਨ ਕਿਹਾ ਜਾਂਦਾ ਸੀ) ਨਾਲ਼ ਕੀ ਬੀਤੀ। ਇਹ ਹਕੀਕਤ ਦਾ ਇਕ ਅਜਿਹਾ ਭਾਗ ਹੈ ਜਿਹੜਾ ਪ੍ਰਾਪਤ ਅਧਿਐਨਾਂ ਵਿਚ ਅਣਗੌਲ਼ਿਆ ਹੀ ਰਿਹਾ ਹੈ। ਇਸ ਬਾਰੇ ਇਤਿਹਾਸਕਾਰਾਂ ਦੀ ਅਤੇ ਹੋਰ ਲੇਖਕਾਂ ਤੇ ਮੀਡੀਆ ਦੀ ਚੁੱਪ ਦੇਖਕੇ ਹੈਰਾਨੀ ਹੁੰਦੀ ਹੈ। ਵਾਸਤਵ ਵਿਚ, ਜਿਵੇਂ ਬੁਟਾਲੀਆ ਦੀ ਟਿੱਪਣੀ ਹੈ, "ਇਹ ਤੱਥ, ਕਿ ਵੰਡ ਵੇਲੇ ਦੀ ਹਿੰਸਾ ਵਿਚੋਂ ਹਰੀਜਨ, ਕਿਸੇ ਹੱਦ ਤੱਕ, ਅਣਦਿਸਦੇ ਹੀ ਰਹਿਣ ਦਿੱਤੇ ਗਏ ਹਨ, ਇਕ ਹੋਰ ਕਿਸਮ ਦੀ ਅਦ੍ਰਿਸ਼ਟਤਾ ਦਾ ਰੂਪ ਧਾਰਨ ਕਰ ਗਿਆ ਹੈ ਅਤੇ ਇਹ ਹੈ ਇਤਹਾਸ ਦੀ ਆਪਣੀ ਅਦ੍ਰਿਸ਼ਟਤਾ।"
ਅਜਿਹੀ ਇਕ ਕਹਾਣੀ, ਅਤੇ ਇਹ ਆਪਣੀ ਕਿਸਮ ਦੀ ਇਕੋ ਕਹਾਣੀ ਹੈ ਜੋ ਸਾਡੇ ਤੱਕ ਪਹੁੰਚੀ ਹੈ, ਬੁਟਾਲੀਆ ਦੀ ਪੁਸਤਕ ਵਿਚ ਅੰਕਤ ਹੈ। ਇਹ ਕਹਾਣੀ ਦੀਨਾ ਨਗਰ, ਜ਼ਿਲ੍ਹਾ ਗੁਰਦਾਸਪੁਰ, ਦੀ ਹਰੀਜਨ ਲੜਕੀ ਮਾਇਆ ਰਾਣੀ ਦੀ ਹੈ, ਜਿਸ ਨਾਲ਼ ਬੁਟਾਲੀਆ ਨੇ 40 ਸਾਲ ਹੋਏ ਵੰਡ ਤੋਂ ਪਿਛੋਂ ਉਸ ਜ਼ਿਲ੍ਹੇ ਦੇ ਕਸਬਾ ਬਟਾਲਾ ਵਿਚ ਗੱਲਬਾਤ ਕੀਤੀ ਸੀ। ਮਾਇਆ ਉਦੋਂ ਬਾਲੜੀ ਹੀ ਸੀ ਜਿਸਨੇ ਕਤਲੋਗ਼ਾਰਤ ਤੇ ਲੁੱਟਮਾਰ ਦੇਖੀ ਸੀ, ਪਹਿਲਾਂ ਮੁਸਲਮਾਨਾਂ ਹੱਥੋਂ ਹਿੰਦੂਆਂ ਤੇ ਸਿੱਖਾਂ ਦੀ ਜਦੋਂ 1947 ਦੇ ਅੱਧ ਵਿਚ ਇਹ ਅਫ਼ਵਾਹ ਉੱਡੀ ਹੀ ਸੀ ਕਿ ਜ਼ਿਲ੍ਹਾ ਗੁਰਦਾਸਪੁਰ ਨੂੰ ਪਾਕਿਸਤਾਨ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਉਦੋਂ ਇਸ ਬਾਰੇ ਝਗੜਾ ਚੱਲ ਰਿਹਾ ਸੀ ਕਿ ਕੀ ਇਹ ਮੁਸਲਮ ਬਹੁਗਿਣਤੀ ਜ਼ਿਲ੍ਹਾ ਹੈ ਜਾਂ ਗੈਰ-ਮੁਸਲਿਮ ਬਹੁਗਿਣਤੀ ਜ਼ਿਲ੍ਹਾ। ਜਦੋਂ ਇਹ ਖ਼ਬਰ ਆਈ ਕਿ ਇਹ ਜ਼ਿਲ੍ਹਾ ਹਿੰਦੁਸਤਾਨ ਵਿਚ ਹੀ ਰਹੇਗਾ ਤਾਂ ਮਾਇਆ ਰਾਣੀ ਨੇ "ਹੋਰਨਾਂ" ਹੱਥੋਂ ਮੁਸਲਮਾਨਾਂ ਦੀ ਕਤਲੋਗ਼ਾਰਤ ਤੇ ਲੁੱਟਮਾਰ ਦੇਖੀ।
ਮਾਇਆ ਆਪਣੀ ਉਮਰ ਦੀਆਂ ਕੁੜੀਆਂ ਦੀ ਟੋਲੀ ਵਿਚ ਸ਼ਾਮਲ ਸੀ ਜਿਨ੍ਹਾਂ ਨੂੰ ਉੱਧੜਧੁਮੀ ਤੇ ਹਨੇਰਗਰਦੀ ਵਿਚੋਂ ਦਆ ਲਾਉਣ ਦਾ "ਅਵਸਰ" ਨਜ਼ਰ ਆਇਆ ਸੀ। ਉਹ ਛੱਤਾਂ ਟੱਪ ਕੇ ਮੁਸਲਮਾਨਾਂ ਦੇ ਉੱਜੜੇ ਜਾਂ ਸੜ ਰਹੇ ਘਰਾਂ ਵਿਚ ਜਾਂਦੀਆਂ ਅਤੇ ਫਰੋਲ਼ਾ ਫਰਾਲ਼ੀ ਕਰਕੇ ਕਈ ਕਿਸਮ ਦਾ ਸਾਮਾਨ ਆਪਣੇ ਘਰਾਂ ਨੂੰ ਲੈ ਆਉਂਦੀਆਂ। ਇਹਨਾਂ ਵਿਚ ਵਰਤੋਂ ਦਾ ਸਾਮਾਨ, ਵੱਡੇ ਵੱਡੇ ਦੇਗਚੇ ਤੇ ਪਤੀਲੇ, ਪਰਾਤਾਂ ਤੇ ਹਮਾਮਾਂ ਤੋਂ ਇਲਾਵਾ, ਲੀੜੇ ਕਪੜੇ, ਰਜ਼ਾਈਆਂ, ਆਟਾ ਅਤੇ ਕਈ ਵਾਰ ਦੇਸੀ ਘਿਓ ਤੇ ਬਦਾਮ ਵੀ ਸ਼ਾਮਲ ਹੁੰਦੇ ਸਨ।
"ਅਸੀਂ 11 ਕੁੜੀਆਂ ਸਾਂ ਅਤੇ ਸਾਰੀਆਂ ਨੇ ਇਸ ਤਰ੍ਹਾਂ ਇਕੱਠੇ ਕੀਤੇ ਸਾਮਾਨ ਨਾਲ਼ ਆਪਣੇ ਦਾਜ ਬਣਾ ਲਏ ਸਨ," ਉਸਨੇ ਬੁਟਾਲੀਆ ਨੂੰ ਦੱਸਿਆ।
"ਕੀ ਤੁਹਾਨੂੰ ਡਰ ਨਹੀਂ ਸੀ ਆਉਂਦਾ?" ਬੁਟਾਲੀਆ ਨੇ ਮਾਇਆ ਨੂੰ ਪੁਛਿਆ।
"ਨਹੀਂ, ਸਾਨੂੰ ਡਰ ਨਹੀਂ ਸੀ ਆਉਂਦਾ," ਮਾਇਆ ਨੇ ਦੱਸਿਆ। "ਸਾਨੂੰ ਹਰ ਕੋਈ ਡਰਾਉਂਦਾ ਸੀ, ਸਾਡੇ ਮਾਪੇ ਵੀ ਸਾਨੂੰ ਡਰਾਉਂਦੇ ਸਨ। ਪਰ ਉਸ ਇਲਾਕੇ ਦੇ ਸਾਰੇ ਹੀ ਬੱਚਿਆਂ ਵਾਂਗ ਸਾਨੂੰ ਵੀ ਡਰ ਨਹੀਂ ਸੀ ਆਉਂਦਾ… ਸਾਡੇ ਮਾਪੇ ਚਿੰਤਾ ਜ਼ਰੂਰ ਕਰਦੇ ਸਨ। ਉਹ ਕਹਿੰਦੇ ਸਨ ਕਿ ਕਿਸੇ ਨੇ ਤੁਹਾਨੂੰ ਮਾਰ ਦੇਣਾ ਹੈ। ਪਰ ਅਸੀ ਸੋਚਦੀਆਂ ਸਾਂ-ਸਾਨੂੰ ਕਿਸਨੇ ਚੁੱਕਣਾ ਹੈ, ਸਾਨੂੰ ਕਿਸਨੇ ਮਾਰਨਾ ਹੈ? ਅਸੀਂ ਆਪਣੇ ਆਪ ਨੂੰ ਹਰੀਜਨ ਕਹਿੰਦੀਆਂ ਸਾਂ-ਨਾ ਹਿੰਦੂ, ਨਾ ਇਸਾਈ… ਸਾਨੂੰ ਚੁੱਕਣ ਵਾਲਾ ਕੌਣ ਸੀ… ਸਾਨੂੰ ਕੋਈ ਖ਼ਤਰਾ ਨਹੀਂ ਸੀ। … ਕਿਉਂਕਿ ਅਸੀਂ ਹਰੀਜਨ ਸਾਂ। ਭਾਵੇਂ ਪਾਕਿਸਤਾਨ ਬਣਦਾ ਜਾਂ ਹਿੰਦੁਸਤਾਨ, ਸਾਨੂੰ ਕੋਈ ਫ਼ਰਕ ਨਹੀ ਸੀ ਪੈਂਦਾ।"
ਬੁਟਾਲੀਆ ਦੇ ਨਿਰੀਖਣ ਅਨੁਸਾਰ, "ਮਾਇਆ ਨੂੰ ਸਪਸ਼ਟ ਸੀ ਕਿ ਉਹ ਤੇ ਉਹਨਾਂ ਦੇ ਮਾਪੇ ਹਰੀਜਨਾਂ ਵਜੋਂ ਆਪਣੇ ਆਪ ਨੂੰ ਹਿੰਦੂ ਜਾਂ ਈਸਾਈ ਜਾਂ ਕੁੱਝ ਵੀ ਹੋਰ ਨਹੀਂ ਸਨ ਸਮਝਦੇ। ਅਸਲ ਵਿਚ ਉਹਨਾਂ ਦੀ ਆਪਣੀ ਵੱਖਰੀ ਪਛਾਣ ਉਹਨਾਂ ਦੀ ਕੋਈ ਪਛਾਣ ਨਾ ਹੋਣ ਵਿਚ ਸੀ; ਮੁੱਖ ਧਾਰਾ ਹਿੰਦੂ ਸਮਾਜ ਵਿਚ ਉਹਨਾਂ ਦੀ ਰਵਾਇਤੀ ਆਦ੍ਰਿਸ਼ਟਤਾ ਇਸ ਗੱਲ ਵਿਚ ਸੀ ਕਿ ਉਹ ਸਵਰਨ ਹਿੰਦੂ ਸਮਾਜ ਦੇ ਘੇਰੇ ਤੋਂ ਬਾਹਰ ਸਨ… ਦੇਸ਼ ਦੀ ਵੰਡ ਸਮੇਂ ਹਰੀਜਨ ਅਦ੍ਰਿਸ਼ਟ ਹੋ ਕੇ ਰਹਿ ਗਏ ਸਨ।" ਦਲੀਲ ਇਹ ਹੈ ਕਿ ਇਹੀ ਅਦ੍ਰਿਸ਼ਟਤਾ ਉਹਨਾਂ ਦੇ ਬਚਾਅ ਦਾ ਕਾਰਨ ਬਣੀ ਅਤੇ ਇਸੇ ਕਾਰਨ ਹਰੀਜਨ ਔਰਤਾਂ ਬਲਾਤਕਾਰ ਅਤੇ ਅਗਵਾ ਤੋਂ ਬਚੀਆਂ ਰਹੀਆਂ। (ਜ਼ੋਰ ਮੇਰੇ ਵਲੋਂ) ਸ਼ਾਇਦ ਇਸ ਵਿਚ ਇਕ ਕਾਰਕ ਹੋਰ ਵੀ ਸੀ। ਜਿਸ ਸਮਾਜ ਵਿਚ ਕਿਸੇ ਵਿਅਕਤੀ ਨੂੰ ਇਸ ਗੱਲੋਂ ਮਾਪਿਆ ਜਾਂਦਾ ਹੈ ਕਿ ਉਸਦਾ ਪਰਵਾਰ ਕਿੰਨੀ ਕੁ ਜ਼ਮੀਨ ਜਾਇਦਾਦ ਦਾ ਮਾਲਕ ਹੈ, ਉਸ ਸਮਾਜ ਵਿਚ ਜ਼ਮੀਨ ਜਾਂ ਕਿਸੇ ਵੀ ਹੋਰ ਸੰਪਤੀ ਤੋਂ ਵਿਰਵੇ ਅਛੂਤਾਂ ਨੂੰ "ਨੰਗਾ ਪੁੱਤ ਚੋਰਾਂ ਵਿਚ ਖੇਡੇ" ਦੇ ਮੁਹਾਵਰੇ ਅਨੁਸਾਰ ਵੰਡ ਜਿਹੇ ਹਿੰਸਕ ਸਮਿਆਂ ਵੇਲੇ "ਆਪਣੀ ਕਿਸਮ ਦੀ ਛੋਟ" ਹਾਸਲ ਹੋ ਜਾਂਦੀ ਹੈ ਭਾਵੇਂ ਇਸਨੂੰ ਅਵੱਲੀ ਕਿਸਮ ਦੀ ਛੋਟ ਹੀ ਕਿਹਾ ਸਕਦਾ ਹੈ। ਦੇਸ਼ ਦੀ ਵੰਡ ਦੇ ਘਟਨਾਚੱਕਰ ਸਮੇਂ ਜਿਹੜੇ ਯਾਦਪੱਤਰ ਵੱਖ ਵੱਖ ਗਰੁੱਪਾਂ ਵਲੋਂ ਪੇਸ਼ ਕੀਤੇ ਗਏ ਸਨ ਉਹਨਾਂ ਵਿਚ ਵੀ "ਕੰਮੀ" ਅਖਵਾਉਂਦੇ ਵਰਗ ਦਾ ਘੱਟ ਹੀ ਕੋਈ ਜ਼ਿਕਰ ਹੁੰਦਾ ਸੀ। ਇਹ ਇਸ ਗੱਲ ਦਾ ਮੂੰਹ ਬੋਲਦਾ ਸਬੂਤ ਹੈ ਕਿ "ਉਹਨਾਂ ਦੇ ਵਿਅਕਤੀਤਵ ਤੋਂ ਇਨਕਾਰ ਕੀਤਾ ਜਾਂਦਾ ਸੀ ਪਰ ਉਹਨਾਂ ਦੀ ਮਿਹਨਤ ਉੱਤੇ ਹੱਕ ਜਮਾਇਆ ਜਾਂਦਾ ਸੀ।"
ਇਸ ਸੰਬੰਧ ਵਿਚ ਇਥੇ ਉਸ ਗਵਾਹੀ ਦਾ ਹਵਾਲਾ ਦੇਣਾ ਮੁਨਾਸਿਬ ਹੀ ਹੋਵੇਗਾ, ਜਿਹੜੀ ਸ਼ ਹਰਨਾਮ ਸਿੰਘ ਨੇ ਪੰਜਾਬ ਬਾਊਂਡਰੀ ਕਮਿਸ਼ਨ ਅੱਗੇ ਇਸ ਦਾਅਵੇ ਦੇ ਹਿੱਸੇ ਵਜੋਂ ਦਿਤੀ ਸੀ ਕਿ ਕੇਂਦਰੀ ਪੰਜਾਬ ਦੇ ਜ਼ਿਲ੍ਹਿਆਂ ਦੀ ਨਿਸ਼ਾਨਦੇਹੀ "ਸਿੱਖ ਹੋਮਲੋਂਡ" ਵਜੋਂ ਕਰ ਦਿੱਤੀ ਜਾਏ। ਉਸਦੀ ਦਲੀਲ ਇਹ ਸੀ ਕਿ "ਸਿੱਖ 'ਧਰਤੀ ਦੇ ਅਸਲ ਸਪੂਤ' ਅਰਥਾਤ ਮਾਲਕ ਕਿਸਾਨ ਹਨ ਜਾਂ ਘੱਟੋ ਘੱਟ ਮੌਰੂਸੀ ਮੁਜ਼ਾਰੇ ਜ਼ਰੂਰ ਹਨ ਅਤੇ ਉਹਨਾਂ ਦੀਆਂ ਜੜ੍ਹਾਂ ਇਹਨਾਂ ਜ਼ਿਲ੍ਹਿਆਂ ਦੀ ਧਰਤੀ ਵਿਚ ਹਨ। ਹਰਨਾਮ ਸਿੰਘ ਦੀ ਦਲੀਲ ਸੀ ਕਿ ਮੁਸਲਮਾਨਾਂ ਦੀ ਬਹੁਤੀ ਵਸੋਂ ਫਕੀਰਾਂ, ਮੰਗਤਿਆਂ, ਜੁਲਾਹਿਆਂ, ਚਰਵਾਹਿਆਂ, ਮੋਚੀਆਂ, ਘੁਮਿਆਰਾਂ, ਮਸੱਲੀਆਂ, ਤਰਖਾਣਾਂ, ਤੇਲੀਆਂ, ਗਾ ਕੇ ਮੰਗਣ ਵਾਲਿਆਂ, ਨਾਈਆਂ, ਲੁਹਾਰਾਂ, ਧੋਬੀਆਂ, ਮਾਛੀਆਂ, ਕਸਾਈਆਂ ਤੇ ਮਰਾਸੀਆਂ ਉੱਤੇ ਆਧਾਰਤ ਹੈ… ਇਹ ਅਜਿਹੇ ਲੋਕ ਹਨ ਜਿਨ੍ਹਾਂ ਨੂੰ ਸੈਟਲਮੈਂਟ ਰੀਪੋਰਟਾਂ ਵਿਚ ਬੇਜ਼ਮੀਨੇ ਤੇ ਕੰਮੀ ਕਿਹਾ ਗਿਆ ਹੈ।"
ਪਾਲ ਬਰਾਸ ਨੇ ਇਸ ਗੱਲ ਨੂੰ ਉਭਾਰਿਆ ਕਿ ਜਿਥੇ ਸਿੱਖ ਤਰਜਮਾਨ ਮਜ਼ਹਬੀਆਂ (ਤੇ ਨੀਵੀਂ ਸ਼੍ਰੇਣੀ ਦੇ ਹੋਰ ਸਿੱਖਾਂ ਨੂੰ) ਆਪਣੀ ਵਸੋਂ ਦੇ ਕੁੱਲ ਜੋੜ ਵਿਚ ਸ਼ਾਮਲ ਕਰਦੇ ਸਨ, ਉੱਥੇ ਉਹਨਾਂ ਦੀ ਦਲੀਲ ਇਹ ਸੀ ਕਿ ਉਪਰੋਕਤ ਕਮਿਊਨਿਟੀਆਂ ਦੇ ਲੋਕਾਂ ਨੂੰ "ਮੁਸਲਮ ਕਮਿਊਨਿਟੀ ਦੀ ਵਸੋਂ ਦੀ ਕੁੱਲ ਗਿਣਤੀ ਵਿਚ ਸ਼ਾਮਲ ਨਾ ਕੀਤਾ ਜਾਏ।" ਦੂਸਰੇ ਲਫ਼ਜਾਂ ਵਿਚ ਉਪਰੋਕਤ ਕਮਿਊਨਿਟੀਆਂ ਦੇ ਲੋਕ "ਵਿਅਕਤੀ ਜਾਂ ਬੰਦੇ ਨਹੀਂ ਸਨ" । ਇਹਨਾਂ ਅਣ-ਵਿਅਕਤੀਆਂ ਨੂੰ ਬਾਹਰ ਰੱਖ ਕੇ ਇਹਨਾਂ ਜ਼ਿਲ੍ਹਿਆਂ ਵਿਚ ਮੁਸਲਮਾਨ, ਜਿਹੜੇ 1941 ਦੀ ਮਰਦਮਸ਼ੁਮਾਰੀ ਅਨੁਸਾਰ ਬਹੁਗਿਣਤੀ ਵਿਚ ਸਨ, ਘੱਟਗਿਣਤੀ ਵਿਚ ਬਦਲੇ ਜਾ ਸਕਦੇ ਸਨ।"
ਦੂਸਰੇ ਪਾਸੇ, ਇਹ ਵੀ ਰੀਪੋਰਟ ਹੈ ਕਿ ਮਿ. ਐਮ. ਏ. ਜਿਨਾਹ ਨੇ ਇਹ ਸੁਝਾ ਦਿੱਤਾ ਸੀ ਕਿ ਕੰਮੀ (ਜਿਹੜੇ ਨਾ ਮੁਸਲਮਾਨਾਂ ਵਿਚ ਸ਼ੁਮਾਰ ਹੁੰਦੇ ਸਨ ਨਾ ਹਿੰਦੂ/ਸਿੱਖਾਂ ਵਿਚ) ਹਿੰਦ ਤੇ ਪਾਕਿਸਤਾਨ ਵਿਚਾਲੇ ਅੱਧੋ ਅੱਧ ਵੰਡ ਲਏ ਜਾਣ। ਅੰਤ ਨੂੰ ਦੋਹਾਂ ਹੀ ਰਾਜਾਂ ਨੂੰ ਸਫ਼ਾਈ ਕਰਨ ਵਾਲਿਆਂ, ਭੰਗੀਆਂ ਤੇ ਚਮੜਾ ਰੰਗਣ ਵਾਲਿਆਂ ਦੀ ਲੋੜ ਸੀ। ਅੰਬੇਦਕਰ ਨੇ ਨਹਿਰੂ ਨੂੰ ਪੱਟੀਦਰਜ ਜਾਤੀਆਂ ਦੇ ਲੋਕਾਂ ਦੀ ਪਾਕਿਸਤਾਨ ਤੋਂ ਬੰਦਖਲਾਸੀ ਲਈ ਨਿੱਜੀ ਤੌਰ 'ਤੇ ਦਖਲ ਦੇਣ ਲਈ ਆਖਿਆ ਕਿਉਂਕਿ ਪਾਕਿਸਤਾਨ ਸਰਕਾਰ ਨੇ ਜ਼ਰੂਰੀ ਸੇਵਾਵਾਂ ਬਾਰੇ ਵਿਸ਼ੇਸ਼ ਆਰਡੀਨੈਂਸ ਰਾਹੀਂ ਇਹਨਾਂ ਲੋਕਾਂ ਦੇ ਪਾਕਿਸਤਾਨ ਤੋਂ ਹਿੰਦ ਆਉਣ 'ਤੇ ਰੋਕ ਲਾ ਦਿੱਤੀ ਸੀ। ਅਜਿਹੀ ਰੋਕ ਉਸ ਪ੍ਰਚੱਲਤ ਤਰਕ ਦੇ ਅਨੁਕੂਲ ਹੀ ਸੀ ਜਿਸ ਅਧੀਨ ਇਹਨਾਂ ਲੋਕਾਂ ਦੇ "ਵਿਅਕਤੀ ਹੋਣ ਤੋਂ ਇਨਕਾਰ ਕੀਤਾ ਜਾਂਦਾ ਸੀ ਪਰ ਉਹਨਾਂ ਦੀ ਮਿਹਨਤ ਉੱਤੇ ਦਾਅਵਾ ਜਿਤਾਇਆ ਜਾਂਦਾ ਸੀ।"
2,50,000 (50,000 ਪਰਵਾਰ) ਅਛੂਤ ਸ਼ਰਨਾਰਥੀਆਂ ਲਈ ਸਹਾਇਤਾ ਕਾਰਜਾਂ ਤੇ ਮੁੜ ਵਸੇਬੇ ਲਈ ਕੀਤੇ ਗਏ ਪ੍ਰਬੰਧਾਂ ਦੇ ਸੰਬੰਧ ਵਿਚ ਵੀ ਕੁਝ ਇਸੇ ਕਿਸਮ ਦੀਆਂ ਸਮੱਸਿਆਵਾਂ ਦੇਖਣ ਵਿਚ ਆਈਆਂ। ਰੀਲੀਫ਼ ਕੈਪਾਂ ਦੇ ਅਧਿਕਾਰੀਆਂ ਨੇ ਇਹਨਾਂ ਨੂੰ ਸ਼ਰਨਾਰਥੀ ਕੈਂਪਾਂ ਵਿਚ ਦਾਖ਼ਲ ਹੋਣ ਦੀ ਆਗਿਆ ਦੇਣ ਤੋਂ ਨਾਂਹ ਕਰ ਦਿਤੀ। ਅੰਬੇਡਕਰ ਨੇ ਪ੍ਰਧਾਨ ਮੰਤਰੀ ਨਹਿਰੂ ਕੋਲ ਸ਼ਿਕਾਇਤ ਕੀਤੀ ਕਿ "ਪੱਟੀਦਰਜ ਜਾਤੀਆਂ ਦੇ ਉੱਜੜ ਕੇ ਆਏ ਲੋਕਾਂ ਨੂੰ ਨਾ ਤਾਂ ਸ਼ਰਨਾਰਥੀ ਕੈਂਪਾਂ ਵਿਚ ਪਨਾਹ ਮਿਲ ਰਹੀ ਹੈ ਅਤੇ ਨਾ ਹੀ ਉਹਨਾਂ ਨੂੰ ਕੋਈ ਸਹਾਇਤਾ ਮਿਲ ਰਹੀ ਹੈ।" ਰਾਜੇਸ਼ਵਰੀ ਨਹਿਰੂ ਨੇ ਪੰਡਤ ਨਹਿਰੂ ਨੂੰ ਲਿਖੇ ਇਕ ਪੱਤਰ ਵਿਚ ਉਹਨਾਂ ਦਾ ਧਿਆਨ ਮੁੜ-ਵਸੇਬੇ ਬਾਰੇ ਨੇਮਾਂ ਵੱਲ ਦੁਆਇਆ ਸੀ ਜਿਨਾਂ ਵਿਚ "ਹਰੀਜਨ ਸ਼ਰਨਾਰਥੀਆਂ" ਨੂੰ ਕਿਸੇ ਖਾਤੇ ਵਿਚ ਹੀ ਨਹੀਂ ਰੱਖਿਆ ਗਿਆ। ਨੇਮਾਂ ਅਨੁਸਾਰ ਮੁਆਵਜ਼ੇ ਵਜੋਂ ਦਿੱਤੀ ਜਾਣ ਵਾਲੀ ਜ਼ਮੀਨ ਕੇਵਲ ਕਾਸ਼ਤਕਾਰਾਂ ਨੂੰ, ਅਰਥਾਤ ਉਹਨਾਂ ਨੂੰ ਹੀ ਮਿਲ ਸਕਦੀ ਸੀ ਜਿਹੜੇ ਜ਼ਮੀਨ ਦੇ ਮਾਲਕ ਸਨ। ਹਰੀਜਨ ਕਾਸ਼ਤਕਾਰ ਤਾਂ ਸਨ ਪਰ ਹਲਵਾਹਕ ਤੋਂ ਵੱਧ ਨਹੀਂ। ਉਹ ਜ਼ਮੀਨ ਦੇ ਮਾਲਕ ਨਹੀਂ ਸਨ। ਵੰਡ ਪਿਛੋਂ "ਸਾਰੀ ਜ਼ਮੀਨ ਸਿੱਖਾਂ ਨੇ ਸਾਂਭ ਲਈ, ਇਥੋਂ ਤੱਕ ਕਿ ਸ਼ਾਮਲਾਟ ਦਾ ਕੋਈ ਟੁਕੜਾ ਵੀ ਪਿੰਡ ਵਿਚ ਨਾ ਛੱਡਿਆ ਗਿਆ। ਕੰਮੀ ਹੋਰ ਵੰਡੇ ਗਏ ਤੇ ਹੋਰ ਕਮਜ਼ੋਰ ਹੋ ਗਏ।
ਜਿਹੜੀ ਦੂਸਰੀ ਕਹਾਣੀ ਲੇਖਕ ਅਪਣੇ ਪਾਠਕਾਂ ਨਾਲ਼ ਸਾਂਝੀ ਕਰਨਾ ਚਾਹੁੰਦਾ ਹੈ, ਉਹ ਉਸਦੀ ਆਪਣੀ ਯਾਦਦਾਸ਼ਤ ਦਾ ਹਿੱਸਾ ਹੈ। ਇਹ 1948 ਦੇ ਨੇੜੇ ਤੇੜੇ ਦੀ ਗੱਲ ਹੈ ਜਦੋਂ ਮੈਂ ਦਸ ਸਾਲ ਦਾ ਸਾਂ, ਮੈਨੂੰ ਉਹ ਸਫ਼ਾਈ ਕਰਨ ਵਾਲੀ ਬੀਬੀ ਅਜੇ ਤੱਕ ਯਾਦ ਹੈ ਜਿਹੜੀ ਜੈਤੋ ਮੰਡੀ ਵਿਚ ਸਾਡੇ ਦੋ-ਮੰਜ਼ਲੇ ਘਰ ਦੇ ਉੱਤੇ ਬਣੀ ਟੱਟੀ ਸਾਫ਼ ਕਰਨ ਲਈ ਹਰ ਰੋਜ਼ ਆਉਂਦੀ ਸੀ। ਜੈਤੋ ਮੰਡੀ ਉਦੋਂ ਰਿਆਸਤ ਨਾਭਾ ਵਿਚ ਸ਼ਾਮਲ ਹੁੰਦੀ ਸੀ। ਇਹ ਔਰਤ ਉਦੋਂ ਜਵਾਨ ਉਮਰ ਦੀ ਹੀ ਸੀ ਤੇ ਮੇਰੀ ਯਾਦ ਅਨੁਸਾਰ ਉਹ ਸਾਂਵਲੇ ਰੰਗ ਦੀ ਕਾਫ਼ੀ ਸਿਹਤਮੰਦ ਕੁੜੀ ਸੀ। ਉਦੋਂ ਉਹ 20 ਕੁ ਸਾਲਾਂ ਦੀ ਹੋਵੇਗੀ। ਉਸਨੂੰ 9-10 ਸਾਲਾਂ ਦੇ ਸਾਡੀ ਉਮਰ ਦੇ ਬਾਲਾਂ ਨਾਲ਼ ਯੱਕੜ ਵੱਡਣ ਦਾ ਝੱਸ ਸੀ। ਦੁਪਹਿਰ ਪਿਛੋਂ ਦੋ ਦੋ ਰੋਟੀਆਂ ਇਕੱਠੀਆਂ ਕਰਨ ਦੇ ਆਪਣੇ ਫੇਰੇ ਵੇਲੇ ਉਹ ਮੇਰੀ ਮਾਂ ਨਾਲ਼ ਬੈਠ ਕੇ ਏਧਰ ਓਧਰ ਦੀਆਂ ਗੱਪਾਂ ਮਾਰਨ ਜਾਂ ਆਪਣੇ ਨਿੱਜੀ ਦੁੱਖ ਸੁੱਖ ਫਰੋਲਣ ਬੈਠ ਜਾਂਦੀ। ਉਸਨੂੰ ਗੱਲ ਗੱਲ ਉੱਤੇ ਹੱਸਣ ਦੀ ਆਦਤ ਸੀ ਅਤੇ ਕਈ ਵਾਰ ਉਹ ਖਿੜ ਖਿੜਾ ਕੇ ਹੱਸ ਉੱਠਦੀ। ਪਰ ਮੈਨੂੰ ਇਹ ਵੀ ਯਾਦ ਹੈ ਕਿ ਕਦੇ ਕੁਦਾਂਈ ਉਹ ਭੜਕ ਵੀ ਉੱਠਦੀ ਸੀ ਜੇ ਉਹ ਸਮਝਦੀ ਕਿ ਉਸ ਨਾਲ਼ ਵਧੀਕੀ ਹੋ ਰਹੀ ਹੈ। ਅਜਿਹੀ ਹਾਲਤ ਵਿਚ ਉਹ ਅਜਿਹੀਆਂ ਨਾ ਛਪਣਯੋਗ ਗਾਹਲ਼ਾਂ ਕੱਢਦੀ ਤੇ ਅਜਿਹੇ ਬੋਲ ਬੋਲਦੀ ਕਿ ਬਹੁਤੀਆਂ ਔਰਤਾਂ ਕੰਨਾਂ ਉੱਤੇ ਹੱਥ ਧਰ ਲੈਂਦੀਆਂ। ਮੇਰੀ ਯਾਦ ਦੀ ਇਕ ਪਰਤ ਉਸਦੀ ਸਵੇਰ ਦੀ ਫੇਰੀ ਨਾਲ਼ ਸੰਬੰਧਤ ਹੈ ਜਦੋਂ ਉਹ ਟੱਟੀ ਸਾਫ਼ ਕਰਨ ਆਉਂਦੀ ਸੀ। ਇਸ ਯਾਦ ਨਾਲ਼ ਜੁੜੇ ਹੋਏ ਵੇਰਵਿਆਂ ਦੇ ਅਰਥ ਮੈਨੂੰ ਜ਼ਿੰਦਗੀ ਵਿਚ ਬਹੁਤ ਚਿਰ ਪਿਛੋਂ ਖੁੱਲ੍ਹੇ ਕਿਉਂਕਿ ਅਸੀਂ ਬੱਚੇ ਖੇਡਾਂ ਖੇਡਦੇ ਹੋਏ ਪੌੜੀਆਂ ਉਤਰਦੇ ਤੇ ਚੜ੍ਹਦੇ ਰਹਿੰਦੇ ਸਾਂ, ਉਹ ਡਿਓੜੀ ਵਿਚ ਦਾਖ਼ਲ ਹੁੰਦਿਆਂ ਹੀ ਉੱਚੀ ਉੱਚੀ ਆਖਣਾ ਸ਼ੁਰੂ ਕਰ ਦਿੰਦੀ, "ਕਾਕਾ ਜੀ, ਬੀਬਾ ਜੀ, ਪਰ੍ਹੇ ਰਹੋ ਜੀ, (ਮੇਰੇ ਨਾਲ਼ ਲੱਗ ਕੇ) ਭਿਟ ਨਾ ਜਾਓ ਜੀ: ਉਸਦੀ ਆਵਾਜ਼ ਵਿਚ ਭੈ ਜਿਹੇ ਦੀ ਕੰਬਣੀ ਹੁੰਦੀ ਸੀ। ਇਕ ਵਾਰ ਉਸ ਨਾਲ਼ ਇਸ ਗੱਲੋਂ ਬੜੀ ਕੁਪੱਤ ਹੋਈ ਸੀ ਕਿ ਉਹ ਬੱਚਿਆਂ ਤੋਂ ਦੂਰ ਨਹੀਂ ਸੀ ਰਹਿੰਦੀ। ਸ਼ਾਇਦ ਇਹ ਗੱਲੋਂ ਉਹ ਅੰਦਰੋਂ ਦੁੱਖੀ ਸੀ ਜਦੋਂ ਉਸ ਨੇ ਮੈਨੂੰ ਆਪਣੀ ਮਾਂ ਹੱਥੋਂ ਕੁੱਟ ਖਾਂਦੇ ਨੂੰ ਦੇਖਿਆ ਸੀ ਕਿਉਂਕਿ ਮੈਂ ਭਿੱਟੇ ਜਾਣ ਪਿਛੋਂ ਅੰਦਰ ਜਾ ਕੇ ਰਸੋਈ ਵੀ ਭਿੱਟ ਦਿਤੀ ਸੀ। ਉਦੋਂ ਤਾਂ ਸਾਡੇ ਘਰ ਵਿਚ ਕੁਹਰਾਮ ਹੀ ਮੱਚ ਉੱਠਿਆ ਸੀ ਤੇ ਮੈਨੂੰ ਇਸਦੀ ਚੋਖੀ ਸਜ਼ਾ ਭੁਗਤਣੀ ਪਈ ਸੀ। ਉਦੋਂ ਉਸ ਔਰਤ ਨੇ ਆਪਣੀ ਬੇਧਿਆਨੀ ਲਈ ਰੋ ਕੇ ਮੇਰੀ ਮਾਂ ਤੋਂ ਮੁਆਫ਼ੀ ਮੰਗੀ ਸੀ ਤੇ ਮਿੰਨਤ ਕੀਤੀ ਸੀ ਕਿ ਮੇਰੀ ਮਾਂ ਮੈਨੂੰ ਕੁਝ ਨਾ ਆਖੇ। ਸ਼ਾਇਦ ਇਸੇ ਕਰਕੇ ਉਹ ਹਰ ਰੋਜ਼ ਬੱਚਿਆਂ ਨੂੰ ਪਰ੍ਹੇ ਰਹਿਣ ਦਾ ਹੋਕਾ ਦਿੰਦੀ ਸੀ। ਮੈਨੂੰ ਇਹ ਸਾਰੀ ਘਟਨਾ ਇਕ ਅਜਿਹੇ ਪਰਮਾਣ ਵਜੋਂ ਯਾਦ ਹੈ ਜਿਹੜਾ ਦਰਸਾਉਂਦਾ ਹੈ ਕਿ ਉਸ ਔਰਤ ਨੇ ਇਸ ਗੱਲ ਨੂੰ ਸਵੀਕਾਰ ਕਰਕੇ ਕਿੰਝ ਆਪਣੇ ਆਂਤ੍ਰਿਕ ਮਨ ਦਾ ਹਿੱਸਾ ਬਣਾ ਲਿਆ ਸੀ ਕਿ ਉਸਦੀ ਛੋਹ ਭਿੱਟ ਦਿੰਦੀ ਹੈ ਅਤੇ ਇਹ ਕਿ ਹੀਣਤਾ ਉਸਦੀ ਹੋਣੀ ਹੈ। ਹੋ ਸਕਦਾ ਹੈ, ਉਹ ਇਸ ਨੂੰ ਉੱਕਾ ਹੀ ਅਨਿਆਈ ਸਮਝਦੀ ਹੋਵੇ, ਪਰ ਫੇਰ ਵੀ ਉਸਨੇ ਇਸ ਨੂੰ ਜ਼ਿੰਦਗੀ ਦੀ ਅਜਿਹੀ ਹਕੀਕਤ ਸਮਝ ਕੇ ਕਬੂਲ ਕਰ ਲਿਆ ਸੀ ਜਿਸ ਨਾਲ਼ ਉਸਨੂੰ ਤੇ ਉਸ ਜਿਹੇ ਹੋਰ ਲੋਕਾਂ ਨੂੰ ਜਿਉਣਾ ਹੀ ਪੈਣਾ ਹੈ। ਛੂਤ ਛਾਤ ਉਸ ਵੇਲੇ ਅਤੇ ਉਸਤੋਂ ਕਾਫ਼ੀ ਸਮਾਂ ਪਿਛੋਂ ਤੱਕ ਸਮਾਜੀ ਜ਼ਿੰਦਗੀ ਦੀ ਸਰਬਵਿਆਪੀ ਹਕੀਕਤ ਬਣੀ ਰਹੀ।
ਜ਼ਿੰਦਗੀ, ਜਿਵੇਂ ਉਦੋਂ ਜੀਵੀ ਜਾਂਦੀ ਸੀ।
ਉਸ ਸਮੇਂ ਜੀਵੀ ਜਾਂਦੀ ਜ਼ਿੰਦਗੀ ਬਾਰੇ ਲੇਖਕ ਦੀ ਦਲਿਤਾਂ ਨਾਲ਼ ਗੱਲਬਾਤ ਨੇ ਉਸਨੂੰ ਇਸ ਗੱਲ ਦਾ ਅੱਤ ਤਿੱਖਾ ਅਹਿਸਾਸ ਕਰਵਾਇਆ ਕਿ ਉਸ ਜ਼ਿੰਦਗੀ ਨੂੰ ਯਾਦ ਕਰਨਾ ਸਾਰੇ ਹੀ ਦਲਿਤਾਂ ਲਈ ਇਕ ਬੇਹੱਦ ਦੁੱਖਦਾਈ ਤਜਰਬਾ ਹੈ -ਇਹ ਸਰੀਰਕ ਕਸ਼ਟਾਂ, ਨਦਾਮਤ, ਜਹਾਲਤ, ਜ਼ਿੱਲਤ ਤੇ ਨਿਪੁੰਸਕ ਰੋਹ ਨੂੰ ਮੁੜ ਤੋਂ ਜਿਉਣ ਵਾਂਗ ਹੈ। ਲਾਲ ਸਿੰਘ ਦਿਲ ਨੇ ਬੜੇ ਹੀ ਬੇਬਾਕ ਢੰਗ ਨਾਲ਼ ਦੱਸਿਆ, "ਮੈਂ ਬੀਤੀ ਜ਼ਿੰਦਗੀ ਦੀ ਅਜਿਹੀ ਇਕ ਵੀ ਘਟਨਾ ਨਹੀਂ ਗਿਣਾ ਸਕਦਾ, ਜਿਸਨੇ ਮੈਨੂੰ ਖੁਸ਼ੀ ਦਿੱਤੀ ਹੋਵੇ।"
ਉਸ ਸਮੇਂ ਕਿਸੇ ਵਿਹੜੇ, ਠੱਠੀ ਜਾਂ ਚਮਾਰੜ੍ਹੀ, ਜਿਥੇ ਇਹ ਲੋਕ ਰਹਿੰਦੇ ਸਨ, ਦੀ ਫੇਰੀ ਇਕ ਅਜਿਹੇ ਨਰਕ ਦਾ ਨਕਸ਼ਾ ਪੇਸ਼ ਕਰਦੀ ਸੀ ਜਿਹੜੀ ਕਈ ਕਿਸਮ ਦੀਆਂ ਬਦਬੂਆਂ ਵਿਚ ਡੁੱਬੀ ਹੁੰਦੀ ਸੀ-ਹੱਡਾਂਰੋੜੀ ਵਿਚ ਪਸ਼ੂਆਂ ਦੇ ਗਲ਼ ਸੜ ਰਹੇ ਪਿੰਜਰ, ਸੁੱਕਣ ਤੇ ਰੰਗਣ ਲਈ ਖਿਲਾਰੀਆਂ ਕੱਚੀਆਂ ਖੱਲਾਂ, ਬੂ ਮਾਰਦੇ ਗੰਦੇ ਪਾਣੀ ਦੇ ਚਲ੍ਹੇ ਜਿਹਨਾਂ ਵਿਚ ਸਾਰੇ ਪਿੰਡ ਦਾ ਗੰਦਾ ਪਾਣੀ ਵਹਿ ਕੇ ਨੀਵੀਂ ਵੱਸੀ ਬਸਤੀ ਵਿਚ ਇਕੱਠਾ ਹੁੰਦਾ ਸੀ, ਰੂੜੀਆਂ ਦੀ ਸੜ੍ਹੇਹਾਣ ਅਤੇ ਇਸੇ ਤਰ੍ਹਾਂ ਦੀ ਹੋਰ ਗ਼ੰਦਗੀ। ਮੌਰੂਸੀ ਜ਼ਮੀਨ (ਅਰਥਾਤ ਪਿੰਡ ਦੀ ਸ਼ਾਮਲਾਤ) ਉੱਤੇ ਹਰ ਪਰਵਾਰ ਲਈ ਇਕ ਕੱਚਾ ਕੋਠਾ ਉਸਰਿਆ ਹੁੰਦਾ ਸੀ। ਕੋਠੇ ਹੇਠਲੀ ਜ਼ਮੀਨ ਦੀ ਮਲਕੀਅਤ ਪਰਵਾਰ ਦੀ ਨਹੀਂ ਸੀ ਹੁੰਦੀ। ਉਸ ਤੌੜ ਉੱਤੇ ਪੱਕੀਆਂ ਇੱਟਾਂ ਦਾ ਕੋਠਾ ਉਸਾਰਨ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਰਿਵਾਜ ਤੇ ਕਾਨੂੰਨ ਅਧੀਨ ਪੱਟੀਦਰਜ ਜਾਂ ਹੋਰ ਨੀਵੀਆਂ ਜਾਤੀਆਂ ਦੇ ਮਰਦਾਂ ਤੇ ਔਰਤਾਂ ਲਈ ਵਗਾਰ ਲਾਜ਼ਮੀ ਹੁੰਦੀ ਸੀ। ਇਹ ਕਾਨੂੰਨ ਕੇਵਲ 1957 ਵਿਚ ਆ ਕੇ ਹੀ ਖਤਮ ਹੋਇਆ। ਉਸ ਤੋਂ ਕੁੱਝ ਸਾਲ ਬਾਅਦ ਉਸ ਵੇਲੇ ਦੇ ਕੇਂਦਰੀ ਕਾਨੂੰਨ ਮੰਤਰੀ ਬੀ. ਆਰ. ਅੰਬੇਡਕਰ ਨੇ ਇਕ ਹੋਰ ਕਾਨੂੰਨ ਮਨਸੂਖ ਕਰਵਾਇਆ, ਇਹ ਸੀ 1900 ਦਾ ਏਲੀਏਨੇਸ਼ਨ ਆਫ਼ ਲੈਂਡ ਐਕਟ ਜਿਹੜਾ ਗੈਰ-ਕਾਸ਼ਤਕਾਰ ਜਾਤੀਆਂ ਨੂੰ ਵਾਹੀਯੋਗ ਜ਼ਮੀਨ ਖਰੀਦਣ ਉੱਤੇ ਰੋਕ ਲਾਉਂਦਾ ਸੀ।
ਛੂਤਛਾਤ ਦੇ ਸਥਾਪਤ ਨੇਮਾਂ ਅਧੀਨ ਪੱਟੀਦਰਜ ਜਾਤੀਆਂ ਦੇ ਲੋਕਾਂ ਦੀ ਜ਼ਿੰਦਗੀ ਦੇ ਹਰ ਪੱਖ ਨੂੰ ਛੋਂਹਦੀ ਰੀਤੀ ਦਰਜ ਸੀ ਜਿਵੇਂ ਕਿੱਤਾ, ਵਿਆਕਤੀ ਦਾ ਨਾਂਅ, ਉਸਨੂੰ ਹੋਰਨਾਂ ਵੱਲੋਂ ਕਿਸ ਢੰਗ ਨਾਲ਼ ਬੁਲਾਇਆ ਜਾਣਾ ਹੈ (ਸਣੇ ਕੁਨਾਵਾਂ ਤੇ ਗਾਹਲ਼ਾਂ ਆਦਿ ਦੇ) ਅਤੇ ਪੱਟੀਦਰਜ ਜਾਤੀਆਂ ਦੇ ਲੋਕਾਂ ਨੇ ਹੋਰਨਾਂ ਨੂੰ ਕਿਵੇਂ ਬੁਲਾਉਣਾ ਹੈ, ਉਹਨਾਂ ਦਾ ਪਹਿਰਾਵਾ ਕਿਹੋ ਹੋਣਾ ਚਾਹੀਦਾ ਹੈ, ਉਹਨਾਂ ਦਾ ਹੋਰਨਾ ਨਾਲ਼ੋਂ ਸਮਾਜੀ ਤੇ ਸਰੀਰਕ ਫ਼ਾਸਲਾ ਕਿੰਨਾ ਹੋਣਾ ਚਾਹੀਦਾ ਹੈ, ਉਹਨਾਂ ਕਿੱਥੇ ਤੇ ਕਿਵੇਂ ਤੁਰਨਾ ਹੈ, ਉਤਲੀਆਂ ਸ਼੍ਰੇਣੀਆਂ ਦੀ ਹਾਜ਼ਰੀ ਵਿਚ ਉਹਨਾਂ ਕਿਵੇਂ ਖੜ੍ਹੇ ਹੋਣਾ ਤੇ ਬੈਠਣਾ ਹੈ, ਉਹਨਾਂ ਨੂੰ ਕਿਹੋ ਜਿਹਾ ਅੰਨ ਖਾਣ ਦੀ ਆਗਿਆ ਹੈ ਅਤੇ ਇਸੇ ਕਿਸਮ ਦੀਆਂ ਅਣਗਿਣਤ ਹੋਰ ਸਮਾਜੀ ਮਨਾਹੀਆਂ। ਕੰਗਾਲੀ ਇਸ ਜ਼ਿੰਦਗੀ ਦਾ ਆਵੱਸ਼ਕ ਅੰਸ਼ ਸੀ। ਅੱਜਕਲ੍ਹ ਕੇਂਦਰੀ ਸਰਕਾਰ ਵਿਚ ਨਿਯੁਕਤ ਪਹਿਲੇ ਦਰਜੇ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਦੇ ਘਰ ਵਿਚ ਮਰੀ ਹੋਈ ਮੱਝ ਦੇ ਮਾਸ ਨੂੰ ਸੁੱਕਾ ਕੇ ਉਸਨੂੰ ਕਈ ਦਿਨ ਰਿੰਨ੍ਹਿਆ ਜਾਂਦਾ ਸੀ ਤੇ ਉਸਦੀ ਚਰਬੀ ਨੂੰ ਖਾਣਾ ਪਕਾਉਣ ਲਈ ਸਾਂਭ ਲਿਆ ਜਾਂਦਾ ਸੀ। "ਸਾਨੂੰ ਉਦੋਂ 'ਮੈਲ਼ ਖਾਣੇ' ਦੇ ਕੁਨਾਂਅ ਨਾਲ਼ ਸੱਦਿਆ ਜਾਂਦਾ ਸੀ ਕਿਉਂਕਿ ਗੁੜ ਤੇ ਸ਼ੱਕਰ ਬਨਾਉਣ ਵੇਲੇ ਗੰਨੇ ਦੇ ਰਸ ਤੋਂ ਲੱਥਣ ਵਾਲੀ ਮੈਲ਼ ਸਾਨੂੰ ਇਕੱਠੀ ਕਰਨ ਲਈ ਕਿਹਾ ਜਾਂਦਾ ਸੀ। ਨਿੱਜੀ ਸਫ਼ਾਈ ਨੂੰ ਬਹੁਤੀ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ। ਜਿਸ ਤਰ੍ਹਾਂ ਦਿਹਾਤੀ ਮਜ਼ਦੂਰ ਸਭਾ ਦੇ ਇੱਕ ਆਗੂ ਨੇ ਦੱਸਿਆ, ਸਾਬਣ ਦੀ ਗਾਚੀ ਖਰੀਦਣੀ ਉਦੋਂ ਨਸੀਬ ਹੋਈ ਜਦੋਂ 1960ਵਿਆਂ ਦੇ ਅਖੀਰ ਵਿਚ ਹਰੇ ਇਨਕਲਾਬ ਨੇ "ਪਹਿਲੀ ਵਾਰ ਨਕਦ ਪੈਸੇ ਹਰੀਜਨਾਂ ਦੇ ਹੱਥਾਂ ਵਿਚ ਦਿੱਤੇ।" ਜਦੋਂ ਹੱਡਭੰਨਵੀਂ ਮਿਹਨਤ ਤੋਂ ਕੁੱਝ ਵਿਹਲ ਮਿਲਦੀ, ਉਦੋਂ ਅਸੀਂ ਵਾਲਾਂ ਤੇ ਕੱਪੜਿਆਂ ਤੋਂ ਜੂੰਆਂ ਚੁੱਗਦੇ ਸਾਂ ਤੇ ਆਪਣੇ ਆਪ ਨੂੰ ਕੋਸਦੇ ਸਾਂ। ਧਮਕੀਆਂ, ਡਰਾਵਿਆਂ, ਝਈਆਂ ਤੇ ਅੱਖਾਂ ਕੱਢ ਕੇ ਦੇਖਣ ਵਰਗੇ ਤਰੀਕਿਆਂ ਤੇ ਕੁੱਤੀ ਜਾਤ, ਕਮਜਾਤ, ਕੁਤੀੜ, ਭਿੱਟ, ਚੰਮ, ਵੱਢੀ-ਟੁੱਕੀ ਜਾਤ, ਜੂਠ ਵਰਗੇ ਕੁਨਾਵਾਂ ਨਾਲ਼ ਹਰ ਵੇਲੇ ਇਹ ਯਾਦ ਕਰਾਇਆ ਜਾਂਦਾ ਸੀ ਕਿ ਅਸੀਂ ਬੰਦੇ ਨਹੀਂ ਗੰਦ ਹਾਂ। ਪਿੰਡ ਵਿਚ ਚੋਰੀ ਜਾਂ ਕੋਈ ਹੋਰ ਵਾਰਦਾਤ ਹੋ ਜਾਣੀ ਤਾਂ ਉਸਦਾ ਇਲਜ਼ਾਮ ਤੁਰੰਤ ਅਛੂਤ ਲੋਕਾਂ ਦੇ ਸਿਰ ਲੱਗ ਜਾਂਦਾ ਸੀ ਤੇ ਪੁਲਸ ਉਹਨਾਂ ਨੂੰ ਵਲ਼ ਕੇ ਲੈ ਜਾਂਦੀ ਸੀ ਅਤੇ ਕੁਟਾਪਾ ਚਾੜ੍ਹਦੀ ਸੀ।
ਸਮਾਜੀ ਮੇਲ਼ਜੋਲ਼ ਜਾਂ ਆਪਸੀ ਗੱਲਬਾਤ ਬਾਰੇ ਯਾਦਾਂ ਫਰੋਲਦਿਆਂ ਉਹ ਅਕਸਰ ਕੂੜ ਤੇ ਗਾਹਲ਼ਾਂ ਤੋਂ ਕੰਮ ਲੈਂਦੇ ਸਨ ਕਿਉਂਕਿ ਇਹ ਉਹ ਆਪਣੇ ਘਰਾਂ ਤੇ ਬਸਤੀਆਂ ਵਿਚ ਇਹੀ ਕੁਝ ਸਿੱਖਦੇ ਸਨ ਤੇ ਇਹੀ ਉਹਨਾਂ ਦਾ ਸਾਧਾਰਨ ਚਲ਼ਣ ਸੀ।
ਸਵੈਹੀਣਤਾ ਤੇ ਸਵੈਘਿਰਣਾ ਉਹਨਾਂ ਦੀ ਗੱਲ ਗੱਲ ਵਿਚੋਂ, ਉਹਨਾਂ ਦੇ ਹਿੰਸਕ ਵਿਹਾਰ ਵਿਚੋਂ ਤੇ ਉਹਨਾਂ ਦੇ ਅਜਿਹੇ ਵਤੀਰੇ ਵਿਚੋਂ ਸਾਫ਼ ਨਜ਼ਰ ਆਉਂਦੀ ਸੀ, ਜਿਸਨੂੰ ਹੋਰ ਲੋਕ ਗ਼ੈਰਸਮਾਜੀ ਵਤੀਰਾ ਕਰਾਰ ਦਿੰਦੇ ਹਨ। ਜਜਮਾਨੀ ਪ੍ਰਣਾਲੀ, ਜਿਹੜੀ ਪੇਂਡੂ ਕਾਮਿਆਂ ਤੇ ਜ਼ਿੰਮੀਦਾਰਾਂ ਵਿਚਾਲੇ ਪੀਹੜੀ ਦਰ ਪੀਹੜੀ ਚਲਦੀ ਸੀ ਤੇ ਜਿਸ ਅਧੀਨ ਮਾਲਕਾਂ ਨੂੰ ਹੱਕ ਹੁੰਦਾ ਸੀ ਕਿ ਆਪਣੇ ਨਾਲ਼ ਬੱਝੇ ਹੋਏ ਕਾਮੇ ਪਰਵਾਰ ਦੇ ਕਿਸੇ ਜੀ ਨੂੰ ਲੋੜ ਪੈਣ ਉੱਤੇ ਜਦੋਂ ਚਾਹੇ ਬੁਲਾ ਲਏ, ਇਹ ਪ੍ਰਣਾਲੀ ਇਕ ਗੱਲੋਂ ਮਾਲਕ-ਚਾਕਰ ਨਾਤੇ ਦੇ ਬੇਨਾਮ ਜਿਹੇ ਸੰਬੰਧਾਂ ਦਾ ਪੱਖ ਤਾਂ ਰੱਖਦੀ ਸੀ ਪਰ ਇਹਨਾਂ ਸੰਬੰਧਾਂ ਵਿਚ ਇੱਜ਼ਤ ਜਾਂ ਗੌਰਵ ਜ਼ਿੰਮੀਦਾਰ ਦੇ ਦਾ ਹਿੱਸਾ ਹੀ ਹੁੰਦੀ ਸੀ।
ਪਰ ਕੁਝ ਗੱਲਾਂ ਪ੍ਰਤੱਖ ਤੌਰ 'ਤੇ ਅਸਪੱਸ਼ਟ ਤੇ ਸਵੈਵਿਰੋਧੀ ਸਨ। ਦਾਈਆਂ, ਜਿਹੜੀਆਂ ਉੱਚੀ ਜਾਤੀ ਦੀਆਂ ਔਰਤਾਂ ਦੇ ਸਾਰੇ ਹੀ ਜਣੇਪਿਆਂ ਵਿਚ ਮੱਦਦ ਕਰਦੀਆਂ ਸਨ, ਦਲਿਤ ਹੀ ਹੁੰਦੀਆਂ ਸਨ। ਜੱਚਾ ਔਰਤ ਤੇ ਬੱਚੇ ਨਾਲ਼ ਇਹਨਾਂ ਦਾਈਆਂ ਦੇ ਅਸਾਧਾਰਨ ਸਰੀਰਕ ਸੰਪਰਕ ਨੂੰ ਆਮ ਜਿਹੀ ਗੱਲ ਸਮਝਿਆ ਤੇ ਪਰਵਾਨ ਕੀਤਾ ਜਾਂਦਾ ਸੀ। ਦੁੱਖਦਾਈ ਕਟਾਕਸ਼ ਇਹ ਹੈ ਕਿ ਇਹਨਾਂ ਦਾਈਆਂ ਦੇ ਭਾਈਚਾਰਿਆਂ ਵਿਚ ਮਾਂ ਅਤੇ ਬਾਲ ਮੌਤ-ਦਰ ਸੱਭ ਤੋਂ ਵੱਧ ਹੁੰਦੀ ਸੀ। ਜਿਸ ਤਰ੍ਹਾਂ ਨਾਵਲ ਮਸ਼ਾਲਚੀ ਵਿਚ ਉਲੇਖ ਹੈ, "ਸਾਡੇ ਸੁਰਤੂ ਦਾ ਅਠਵਾਂ ਮੁੰਡਾ ਮਸਾਂ ਮਗਰ ਲਗਿਐ… ਪਹਿਲਾਂ ਸਾਰੇ ਛਿਲੇ ਵਿਚੇ ਹੀ ਮਰਦੇ ਰਹੇ।" ਮਾਵਾਂ ਆਪਸ ਵਿਚ ਦੁੱਖ ਸਾਂਝੇ ਕਰ ਲੈਂਦੀਆਂ ਸਨ। ਇਸ ਕਿਸਮ ਦਾ ਦੁੱਖ ਆਮ ਤੌਰ 'ਤੇ ਅਛੂਤ ਪਰਵਾਰਾਂ ਦਾ ਹੀ ਨਸੀਬਾ ਹੁੰਦਾ ਸੀ। ਅਨਪੜ੍ਹਤਾ ਰੋਗੀਆਂ ਤੇ ਦੁਰਬਲਾਂ ਨੂੰ ਟੂਣੇ ਟੋਟਕੇ ਵਾਲਿਆਂ ਤੇ ਮਾਂਦਰੀਆਂ ਦੇ ਦਰੀਂ ਲੈ ਜਾਂਦੀ ਸੀ ਜਿਹੜੇ ਭੂਤ ਪਰੇਤ ਕੱਢਦੇ ਸਨ, ਕਿਉਂਕਿ ਵਹਿਮ ਇਹ ਹੁੰਦਾ ਸੀ ਕਿ ਸਾਰੇ ਰੋਗ ਤੇ ਸਾਰੇ ਦੁੱਖ ਬਦਰੂਹਾਂ ਦੀ ਕਰੋਪੀ ਦਾ ਸਿੱਟਾ ਹੁੰਦੇ ਹਨ। ਭਾਵੇਂ ਛੂਤ ਛਾਤ ਤੋਂ ਬਚਾਅ ਲਈ ਬੜੇ ਸਖ਼ਤ ਮਾਪਦੰਡ ਲਾਗੂ ਹੁੰਦੇ ਸਨ ਪਰ ਇਹ ਸਾਰੇ ਮਾਪ ਦੰਡ ਦਲਿਤ ਇਸਤਰੀਆਂ ਨੂੰ ਜੱਟਾਂ ਹੱਥੋਂ ਬੇਪਤੀ ਤੇ ਬਲਾਤਕਾਰ ਤੋਂ ਨਹੀਂ ਸਨ ਬਚਾਉਂਦੇ। ਜ਼ਿੰਮੀਦਾਰਾਂ ਦੇ ਜਵਾਨ ਹੁੰਦੇ ਮੁੰਡਿਆਂ ਦੇ ਵਿਆਹ ਤੋਂ ਪਹਿਲਾਂ ਦੇ ਲਿੰਗਕ ਕਿੱਸੇ ਲੋਕਯਾਨ ਦਾ ਹਿੱਸਾ ਹੁੰਦੇ ਸਨ। ਲੇਖਕ ਦੀ ਯੂਨੀਵਰਸਿਟੀ ਦੇ 25 ਸਾਲ ਦੀ ਉਮਰ ਦੇ ਇਕ ਮਜ਼੍ਹਬੀ ਵਿਦਿਆਰਥੀ ਨੇ ਲੇਖਕ ਨੂੰ ਦੱਸਿਆ ਕਿ ਉਹਨਾਂ ਦੇ ਪਰਵਾਰਾਂ ਦੇ ਬੱਚੇ ਇਸ ਜਾਣਕਾਰੀ ਨਾਲ਼ ਪਲ਼ਦੇ ਸਨ ਕਿ ਉਹਨਾਂ ਦੇ ਰਿਸ਼ਤੇਦਾਰਾਂ ਵਿਚੋਂ ਕਿਹੜੀ ਕਿਹੜੀ ਔਰਤ ਨੂੰ ਬੇਹੁਰਮਤੀ ਦੇ ਹੌਲਨਾਕ ਤਜਰਬੇ ਵਿਚੋਂ ਲੰਘਣਾ ਪਿਆ; ਚੀਕਾਂ ਵਜਦੀਆਂ, ਚੁੱਪ ਸਾਧੀ ਜਾਂਦੀ, ਸ਼ਰਮ, ਡੁਸਕਣੀ ਤੇ ਡਰ ਦਾ ਵਾਤਾਵਰਣ ਹੁੰਦਾ। ਬਜ਼ੁਰਗ ਨਸੀਹਤ ਕਰਦੇ, "ਇਹੀ ਸਾਡੀ ਹੋਣੀ ਹੈ। ਪੁਲਸ ਕੋਲ ਸ਼ਕਾਇਤ ਕੀਤਿਆਂ ਵੀ ਕੁੱਝ ਨਹੀਂ ਹੋਣਾ।" ਕਈ ਵਾਰ ਸਖ਼ਤ ਰੋਸ ਦੇ ਸਿੱਟੇ ਵਜੋਂ ਰਾਜ਼ੀਨਾਵਾਂ ਕਰਵਾ ਦਿੱਤਾ ਜਾਂਦਾ ਜਿਸਦੇ ਹਿੱਸੇ ਵਜੋਂ ਵਧੀਕੀ ਦਾ ਸ਼ਿਕਾਰ ਹੋਣ ਵਾਲੇ ਪਰਵਾਰ ਨੂੰ ਮੁਆਵਜ਼ੇ ਦੀ ਸ਼ਕਲ ਵਿਚ ਕੁੱਝ ਨਾ ਕੁੱਝ ਦੇ ਦਿਵਾ ਦਿੱਤਾ ਜਾਂਦਾ। ਜ਼ਿੰਮੀਦਾਰਾਂ ਦੇ ਘਰਾਂ ਦੀਆਂ ਔਰਤਾਂ, ਜਿਵੇਂ ਪੰਜਾਬੀ ਗਲਪ ਵਿਚ ਜ਼ਿਕਰ ਆਉਂਦਾ ਹੈ, ਆਮ ਤੌਰ 'ਤੇ ਦਲਿਤ ਔਰਤਾਂ ਉੱਤੇ ਦੋਸ਼ ਲਾਉਂਦੀਆਂ ਕਿ ਉਹ ਜਾਦੂ ਟੂਣੇ ਰਾਹੀਂ ਨਰ ਕਿਸਮ ਦੇ ਜੱਟ ਮਰਦਾਂ ਨੂੰ ਭਰਮਾ ਲੈਂਦੀਆਂ ਹਨ। ਜੇ ਕਿਸੇ ਦਲਿਤ ਦੇ ਘਰ ਗੋਰੇ ਰੰਗ ਦਾ ਬੱਚਾ ਪੈਦਾ ਹੋ ਜਾਂਦਾ ਤਾਂ ਉਸੇ ਵੇਲੇ ਇਹ ਦੰਦ ਕਥਾ ਸ਼ੁਰੂ ਹੋ ਜਾਂਦੀ ਸੀ ਕਿ ਇਹ ਬੇਰੜਾ ਬੱਚਾ ਕਿਸਦਾ ਹੋ ਸਕਦਾ ਹੈ। ਗੁਰਚਰਨ ਸਿੰਘ ਰਾਓ ਦੇ ਨਾਵਲ'ਮਸ਼ਾਲਚੀ' ਵਿਚ ਜਦੋਂ ਜ਼ੈਲਦਾਰ ਆਪਣੇ ਮਜ਼੍ਹਬੀ ਸੀਰੀ ਭਗਤੂ ਨੂੰ ਝਾੜਦਾ ਹੈ, "ਤੇਰਾ ਮੁੰਡਾ ਮੇਰੇ ਸਕੂਲ ਜਾਂਦੇ ਮੁੰਡੇ ਨਾਲ਼ ਆਕੜ ਕੇ ਬੋਲਿਆ" ਤਾਂ ਭਗਤੂ ਦਾ ਉੱਤਰ ਸੀ:
"ਸਰਦਾਰ ਜੀ, ਅਜਿਹੇ ਮੁੰਡੇ ਤੁਹਾਡੀ ਔਲਾਦ ਹੀ ਹੋ ਸਕਦੇ ਹਨ। ਇਹ ਮੁੰਡਾ ਔਰਤਾਂ ਦੇ ਪੇਟ ਵਿਚ ਉਦੋਂ ਦਾਖਲ ਹੋਇਆ ਹੋਵੇਗਾ ਜਦੋਂ ਉਹ ਖੇਤਾਂ ਵਿਚ ਕੰਮ ਕਰਨ ਗਈਆਂ ਹੋਣਗੀਆਂ। ਜੇ ਉਹ ਸਾਡੀ ਔਲਾਦ ਹੁੰਦਾ ਤਾਂ ਉਸਨੇ ਤੁਹਾਡੇ ਸਾਹਮਣੇ ਕੁਸਕਣਾ ਨਹੀਂ ਸੀ… ਅਸੀਂ ਬੁੱਢੇ ਹੋ ਗਏ ਹਾਂ ਪਰ ਕੀ ਤੁਸਾਂ ਸਾਨੂੰ ਆਪਣੇ ਸਾਹਮਣੇ ਮੂੰਹ ਖੋਲ੍ਹ ਦੇ ਦੇਖਿਆ ਹੈ!!"
ਬਰਤਾਨਵੀ ਬਸਤੀਵਾਦੀ ਢਾਂਚੇ ਵਿਚ "ਨੋਟੀਫਾਈਡ ਜਰਾਇਮ ਪੇਸ਼ਾ ਕਬੀਲੇ" ਕਾਨੂੰਨੀ ਤੌਰ 'ਤੇ ਵੱਖਰੀ ਤਰ੍ਹਾਂ ਦਾ ਨਿਰਧਾਰਤ ਵਰਗ ਸਨ ਜਿਸ ਵਿਚ ਪੰਜਾਬ ਦੀਆਂ ਮੌਜੂਦਾ ਪੱਟੀਦਰਜ ਜਾਤੀਆਂ ਵਿਚੋਂ 7 ਜਾਤੀਆਂ ਸ਼ਾਮਲ ਸਨ। ਜਿਸ ਤਰ੍ਹਾਂ ਨਿਕੋਲਸ ਡਰਕਸ ਨੇ ਧਿਆਨ ਦੁਆਇਆ ਸੀ, "ਵਫ਼ਾਦਾਰ" ਤੇ "ਮਾਰਸ਼ਲ" ਜਾਤੀਆਂ ਨਿਸ਼ਚਿਤ ਕਰਨ ਦੇ ਨਾਲ ਨਾਲ ਇਸਦੇ ਉੱਲਟੇ ਪਾਸੇ ਵਜੋਂ ਕੁਝ ਅਜਿਹੀਆਂ ਜਾਤੀਆਂ ਵੀ ਨਿਸ਼ਚਿਤ ਕੀਤੀਆਂ ਗਈਆਂ ਜਿਹੜੀਆਂ "ਵਫ਼ਾਦਾਰ ਤੇ ਭਰੋਸੇਯੋਗ ਨਹੀਂ ਸਨ" ਤੇ ਇਸ ਤਰ੍ਹਾਂ ਖ਼ਤਰਨਾਕ ਤੇ "ਧਾੜਵੀ" ਸਨ। ਇਸ ਸਾਰੇ ਨੋਟੀਫਾਈਡ ਜਰਾਇਮ ਪੇਸ਼ ਕਬੀਲੇ" -ਸਾਂਸੀ, ਬਾਗਲੀ, ਬੰਜਾਰਾ, ਨਟ, ਬੌਰੀਆ, ਬਰਾੜਾ, ਗੰਧੀਲਾ, ਮਹਾਤਮ ਤੇ ਧਰਮਕੋਟ-ਸੱਭ ਤੋਂ ਹੇਠਲੀਆਂ ਜਾਤੀਆਂ ਵਿਚੋਂ ਸਨ। ਭੂਮੀਹੀਣ ਤੇ ਪੱਕੇ ਵਸੇਬੇ ਤੋਂ ਵਿਰਵੇ ਇਹ ਟੱਪਰਵਾਸੀ ਗਰੀਬ ਲੋਕ ਜਮਾਂਦਰੂ ਅਪਰਾਧੀਆਂ ਵਿਚ ਗਿਣੇ ਜਾਂਦੇ ਸਨ। ਉਹਨਾਂ ਦੇ ਮਾਮਲੇ ਵਿਚ ਜੁਰਮ ਵਿਅਕਤੀਗਤ ਫਿਅਲ ਨਹੀਂ ਸੀ ਸਮਝਿਆ ਜਾਂਦਾ ਸਗੋਂ ਪੂਰੀ ਜਾਤੀ ਜਾਂ ਕਬੀਲੇ ਦਾ ਜਮਾਂਦਰੂ ਲੱਛਣ ਤੇ ਕਿੱਤਾ ਸਮਝਿਆ ਜਾਂਦਾ ਸੀ। ਇਹਨਾਂ ਬਾਰੇ ਨੋਟੀਕੀਫੇਸ਼ਨ ਵਾਪਸ ਲੈਣ ਦਾ ਹੁਕਮ 1952 ਵਿਚ ਜਾਰੀ ਹੋਇਆ ਸੀ ਜਿਸਦੇ ਸਿੱਟੇ ਵਜੋਂ "ਜਰਾਇਮ ਪੇਸ਼ਾ" ਦੀ ਦਰਜੇਬੰਦੀ ਦਾ ਖਾਤਮਾ ਹੋਇਆ ਅਤੇ ਇਹ ਕਬੀਲੇ "ਵਿਮੁਕਤ ਜਾਤੀਆਂ" ਵਜੋਂ ਜਾਣੇ ਜਾਣ ਲੱਗੇ। ਉਹਨੀਂ ਦਿਨੀਂ ਸਵਾਏ ਅਜਿਹੇ ਸਕੂਲਾਂ ਦੇ ਜਿਹੜੇ ਆਰੀਆ ਸਮਾਜ ਤੇ ਸਿੰਘ ਸਭਾ ਵਲੋਂ ਸਥਾਪਤ ਕੀਤੇ ਗਏ ਸਨ, ਕਿਸੇ ਦਲਿਤ ਬੱਚੇ ਨੂੰ ਕਿਸੇ ਹੋਰ ਸਕੂਲ ਵਿਚ ਦਾਖਲ ਕਰਾਉਣਾ ਪਿੰਡ ਦੇ ਅਛੂਤ ਪਰਵਾਰਾਂ ਦੀ ਸੋਚ ਵਿਚ ਵੀ ਨਹੀਂ ਸੀ ਆ ਸਕਦਾ। ਉੱਤਲੀਆਂ ਜਾਤੀਆਂ ਦੀ ਹੈਸੀਅਤ ਲਈ ਨਿਰਾਦਰ ਗਿਣੇ ਜਾਣ ਕਰਕੇ ਹਰੀਜਨ ਵਿਦਿਆਰਥੀ ਨੂੰ ਸਕੂਲ ਦੇ ਅਧਿਆਪਕ ਤੇ ਪਿੰਡ ਦੇ ਪਤਵੰਤਿਆਂ, ਦੋਹਾਂ ਦੇ ਅਤਾਬ ਦਾ ਸ਼ਿਕਾਰ ਹੋਣਾ ਪੈਂਦਾ ਸੀ। ਦੇਸ਼ ਦੀ ਆਜ਼ਾਦੀ ਤੇ ਕਈ ਸਾਲ ਪਿਛੋਂ ਅੱਜ ਵੀ ਸਕੂਲਾਂ ਵਿਚ ਦਾਖਲ ਗਿਣੇ ਚੁਣੇ ਦਲਿਤ ਵਿਦਿਆਰਥੀਆਂ ਨੂੰ ਅਕਸਰ ਇਹ ਯਾਦ ਕਰਾਇਆ ਜਾਂਦਾ ਸੀ ਕਿ ਉਹ ਪੜ੍ਹਾਈ ਦੇ ਕਾਬਲ ਨਹੀਂ ਸਨ ਅਤੇ ਉਹਨਾਂ ਨੂੰ ਸਕੂਲ ਦੀਆਂ ਗਰਾਉਂਡਾਂ ਜਾਂ ਕਮਰੇ ਸਾਫ਼ ਕਰਨ ਦੇ ਹੁਕਮ ਦਿੱਤੇ ਜਾਂਦੇ ਸਨ। 60ਵਿਆਂ ਦੇ ਸ਼ੁਰੂ ਵਿਚ ਘਿਰਣਾ ਤੇ ਅਪਮਾਨਜਨਕ ਟਿੱਚਰਾਂ ਦੇ ਆਪਣੇ ਤਜਰਬੇ ਨੂੰ ਯਾਦ ਕਰਦਿਆਂ ਲਾਲ ਸਿੰਘ ਦਿਲ ਕਹਿੰਦਾ ਹੈ, "ਜੇ ਸਕੂਲ ਦਾ ਅਰਥ ਤੁਹਾਨੂੰ ਹਰ ਰੋਜ਼ ਤੁਹਾਡੀ ਨੀਵੀਂ ਜਾਤੀ ਦੀ ਯਾਦ ਦੁਆਉਣਾ ਹੀ ਸੀ ਤਾਂ ਸਕੂਲ ਜਾਣ ਦਾ ਕੀ ਅਰਥ ਰਹਿ ਜਾਂਦਾ ਸੀ।"
ਭਾਗ-11
ਜ਼ਿੰਦਗੀ ਦੀਆਂ ਹਾਲਤਾਂ ਵਿਚ ਤਬਦੀਲੀ
ਆਜ਼ਾਦੀ ਤੋਂ ਅੱਧੀ ਸਦੀ ਦੇ ਸਮੇਂ ਵਿਚ ਤਬਦੀਲੀ ਦੀ ਗੁੰਝਲਦਾਰ ਤੇ ਬਹੁ-ਆਯਾਮੀ ਪ੍ਰਕ੍ਰਿਰਿਆ ਕੰਮ ਕਰਦੀ ਨਜ਼ਰ ਆਉਂਦੀ ਹੈ। ਸੱਭ ਤੋਂ ਵੱਡੀ ਤਬਦੀਲੀ ਵੰਡ ਤੋਂ ਬਾਅਦ ਤੇ ਉਸ ਤੋਂ ਪਿੱਛੋਂ ਪੰਜਾਬ ਰਾਜ ਦੇ ਮੁੜ ਗਠਨ ਦੇ ਸਿੱਟੇ ਵਜੋਂ ਜਨਸੰਖਿਆ ਵਿਚ ਆਈ ਤਬਦੀਲੀ ਸੀ। ਪੰਜਾਬੀ ਦੇ ਉੱਘੇ ਦਲਿਤ ਕਵੀਆਂ ਵਿੱਚੋਂ ਸਿਰਮੌਰ ਕਵੀ ਲਾਲ ਸਿੰਘ ਦਿਲ ਨੇ ਉਸ ਦੁੱਖ ਭਰੇ ਧੱਕੇ ਦਾ ਜ਼ਿਕਰ ਕੀਤਾ ਹੈ ਜਿਹੜਾ ਬਦਕਿਸਮਤ ਅਛੂਤਾਂ ਨੂੰ ਵੰਡ ਕਾਰਨ ਲੱਗਾ ਸੀ। "ਮੁਸਲਮਾਨਾਂ ਦੇ ਜਾਣ ਨਾਲ ਸ਼ੂਦਰਾਂ ਦੀਆਂ ਬਾਹਵਾਂ ਭੱਜ ਗਈਆਂ। ਵਰਤਮਾਨ ਪੰਜਾਬ ਦੇ ਪਿੰਡਾਂ ਵਿਚ ਗਰੀਬ ਮੁਸਲਮਾਨ ਦਸਤਕਾਰਾਂ ਦੀ ਮੌਜੂਦਗੀ ਜੱਟ ਜ਼ਿੰਮੀਦਾਰਾਂ ਹੱਥੋਂ ਜ਼ਾਲਮਾਨਾਂ ਜਬਰ ਦੀ ਹਾਲਤ ਵਿਚ ਅਛੂਤਾਂ ਲਈ ਸਮਾਜੀ ਤੇ ਇਖਲਾਕੀ ਸਮਰਥਨ ਦੇਣ ਵਾਲੀ ਇਕ ਢਾਸਣਾ ਸੀ। ਉਸਨੂੰ ਯਾਦ ਹੈ ਕਿ ਉਸਦੇ ਪਿੰਡ ਵਿਚ ਉਸਦੇ ਲੋਕਾਂ ਨੇ ਦੁਕਾਨ ਖੋਲ੍ਹੀ ਸੀ; ਅਜਿਹਾ ਮੁਸਲਮਾਨਾਂ ਦੀ ਮੌਜੂਦਗੀ ਤੇ ਹਮਾਇਤ ਸਦਕਾ ਹੀ ਸੰਭਵ ਹੋ ਸਕਿਆ ਸੀ। ਉਸਨੂੰ ਪਿੰਡ ਦੀ ਇਕ ਹੋਰ ਘਟਨਾ ਯਾਦ ਹੈ; ਮੁਸਲਮਾਨਾਂ ਤੇ ਅਛੂਤਾਂ ਨੇ ਰਲਕੇ ਜ਼ਿੰਮੀਦਾਰਾਂ ਦੇ ਇਕ ਟੋਲੇ ਨਾਲ ਲੜਾਈ ਲੜੀ ਸੀ, ਜਿਸਦੇ ਸਿੱਟੇ ਵਜੋਂ ਜ਼ਿੰਮੀਦਾਰਾਂ ਦੇ ਟੋਲੇ ਨੂੰ ਭੱਜਣਾ ਪਿਆ ਸੀ। ਵੰਡ ਤੋਂ ਬਾਅਦ ਸ਼ਰਨਾਰਥੀਆਂ ਦੇ ਮੁੜ ਵਸੇਬੇ ਤੇ ਇਸ਼ਤੇਮਾਲ ਅਰਾਜ਼ੀ ਨੇ ਸਿੱਖ ਜੱਟ ਜ਼ਿੰਮੀਦਾਰਾਂ ਨੂੰ ਹੋਰ ਮਜ਼ਬੂਤ ਕਰ ਦਿੱਤਾ ਸੀ। 1966 ਵਿਚ ਪੰਜਾਬ ਰਾਜ ਦੇ ਪੁਨਰਗਠਨ ਤੇ ਹਰੇ ਇਨਕਲਾਬ ਤੋਂ ਬਾਅਦ ਜੱਟ ਜ਼ਿੰਮੀਦਾਰਾਂ ਦਾ ਸਮਾਜੀ ਤੇ ਆਰਥਕ ਗ਼ਲਬਾ ਹੋਰ ਜਰਵਾਣਾ ਹੋ ਗਿਆ। "ਸਿੱਖਾਂ ਨੇ ਸਾਰੀਆਂ ਹੀ ਜ਼ਮੀਨਾਂ ਮੱਲ ਲਈਆਂ… ਇਥੋਂ ਤੱਕ ਕਿ ਸ਼ਾਮਲਾਟਾਂ -ਜਿਹਨਾਂ ਨੂੰ ਵਰਤਣ ਦੀ ਅਛੂਤਾਂ ਨੂੰ ਥੋੜ੍ਹੀ ਜਿਹੀ ਖੁੱਲ੍ਹ ਸੀ, ਵੀ ਨਾ ਛੱਡੀਆਂ ਗਈਆਂ।" ਪੰਜਾਬ ਦੇ ਸਿੱਖ ਬਹੁਗਿਣਤੀ ਰਾਜ ਬਨਣ ਪਿੱਛੋਂ ਸਿੱਖ ਧਰਮ ਉੱਤੇ ਜੱਟ ਸਿੱਖ ਜ਼ਿੰਮੀਦਾਰਾਂ ਦੀ ਸ਼੍ਰੇਣੀ ਦਾ ਕਬਜ਼ਾ ਹੋ ਗਿਆ। ਸਿੱਖ ਪਿੰਡਾਂ ਦਾ ਜਿਹੜਾ ਸੰਜੀਦਾ ਮਾਨਵ-ਵਿਗਿਆਨ ਅਧਿਐਨ ਇੰਦਰਪਾਲ ਸਿੰਘ ਨੇ ਕੀਤਾ ਉਸ ਵਿਚ ਉਸ ਨੇ ਦੇਖਿਆ ਕਿ "ਬਹੁਤੀਆਂ ਸਿੱਖ ਕਦਰਾਂ ਜੱਟ ਕਦਰਾਂ ਹੀ ਹਨ ਅਤੇ ਜੱਟਾਂ ਦਾ ਇਹ ਦਾਅਵਾ ਹੈ ਕਿ ਉਹ ਸਿੱਖ ਜਾਤੀਆਂ ਵਿਚ ਸੱਭ ਤੋਂ ਉੱਚਾ ਦਰਜਾ ਰੱਖਦੇ ਹਨ। ਸੱਤਾ ਤੇ ਰਾਜ ਦੀ ਨੌਕਰਸ਼ਾਹੀ ਵਿਚ ਉਹਨਾਂ ਦੀਆਂ ਸਾਕ ਸਕੀਰੀਆਂ ਦੇ ਕਾਰਨ ਸਰਕਾਰ ਦੀ ਭੂਮੀ ਸੁਧਾਰਾਂ ਦੀ ਨੀਤੀ ਵੀ ਅਸਫ਼ਲ ਬਣਾ ਦਿਤੀ ਗਈ। ਜੱਟਵਾਦ, ਜਿਹੜਾ ਜੱਟ ਹੈਂਕੜ ਜਾਂ ਸੱਤਾ ਦੇ ਅੱਖੜ ਕਿਸਮ ਦੇ ਘੁਮੰਡ ਤੇ ਜਬਰ ਨੂੰ ਦਰਸਾਉਂਦਾ ਹੈ, ਪੇਂਡੂ ਦਲਿਤਾਂ ਲਈ ਜੱਟ ਜਬਰ ਤੇ ਅਮਪਾਨ ਦੀ ਅਲਾਮਤ ਬਣ ਗਿਆ। ਦੂਸਰੇ ਪਾਸੇ ਇਹ ਤੱਥ ਕਿ ਪੱਟੀਦਰਜ ਜਾਤੀਆਂ ਦੀ ਗਿਣਤੀ ਵਧਕੇ 28.9 ਫ਼ੀ ਸਦੀ, ਤੇ ਕਈ ਪਿੰਡਾਂ ਵਿਚ 40 ਫ਼ੀ ਸਦੀ ਤੋਂ ਵੀ ਵੱਧ ਹੋ ਗਈ। ਉਹਨਾਂ ਲਈ ਇਹ ਗਿਣਤੀ ਤਾਕਤ ਤੇ ਇਕ ਤਰ੍ਹਾਂ ਨਾਲ ਜਾਤੀ ਪਛਾਣ ਲਈ ਇਕ ਤੁਲ ਬਣ ਗਈ। ਪੰਜਾਬੀ ਲੇਖਕਾਂ ਦੇ ਹਾਲ ਹੀ ਵਿਚ ਹੋਏ ਇਕੱਠ ਅੰਦਰ ਜਿਹੜੀ ਵਿਚਾਰਚਰਚਾ ਹੋਈ ਉਸ ਵਿਚ ਵਰਤਮਾਨ ਹਕੀਕਤ ਨੂੰ ਇਹ ਆਖਕੇ ਪਰਵਾਨਿਆ ਗਿਆ ਕਿ "ਜਾਤੀ ਸਾਡੇ ਅਵਚੇਤਨ ਵਿਚ ਬੈਠੀ ਹੋਈ ਹੈ"। ਆਜ਼ਾਦੀ ਤੋਂ ਬਾਅਦ ਦੀਆਂ ਅਦਲਾ ਬਦਲੀਆਂ ਨੇ ਪੰਜਾਬ ਵਿਚ ਪੱਟੀਦਰਜ ਜਾਤੀਆਂ ਜੀਵਨ ਦੀਆਂ ਹਾਲਤਾਂ ਤੇ ਦਰਜੇ ਵਿਚ ਵਰਨਣਯੋਗ ਪਰਿਵਰਤਨ ਲਿਆਂਦਾ ਹੈ। ਸਮਾਜੀ ਨਿਆਂ ਲਈ, ਖਾਸ ਤੌਰ 'ਤੇ ਛੂਤਛਾਤ ਦੇ ਖਾਤਮੇ ਲਈ ਚੁੱਕੇ ਗਏ ਸੰਵਿਧਾਨਕ ਤੇ ਕਾਨੂੰਨੀ ਕਦਮ, ਜਿਨ੍ਹਾਂ ਨੇ ਕਿਸੇ ਨਾ ਕਿਸੇ ਸ਼ਕਲ ਵਿਚ ਛੂਤਛਾਤ ਨੂੰ ਕਾਨੂੰਨ ਅਧੀਨ ਕਾਬਲੇ ਸਜ਼ਾ ਜੁਰਮ ਕਰਾਰ ਦੇ ਦਿੱਤਾ ਹੈ, ਬੁਹਤ ਮਹੱਤਵਪੂਰਣ ਸਾਬਤ ਹੋਏ ਹਨ। ਇਹਨਾਂ ਕਦਮਾਂ ਵਿਚ ਸ਼ਾਮਲ ਹਨ; ਸ਼ਹਿਰੀ ਹੱਕਾਂ ਦੀ ਰਾਖੀ ਬਾਰੇ 1955 ਦਾ ਐਕਟ, ਅਤੇ ਪੱਟੀਦਰਜ ਜਾਤੀਆਂ ਤੇ ਪੱਟੀਦਰਜ ਕਬੀਲਿਆਂ (ਅੱਤਿਆਚਾਰ ਦੀ ਮਨਾਹੀ) ਬਾਰੇ 1989 ਦੇ ਬਹੁਤ ਹੀ ਵਿਆਪਕ ਐਕਟ ਦਾ ਬਨਣਾ ਅਤੇ ਬੇਗਾਰ ਤੇ ਲੈਂਡ ਐਲੀਏਨੇਸ਼ਨ ਐਕਟ 1901 ਵਰਗੇ ਐਕਟਾਂ ਦੀ ਮਨਸੂਖੀ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਰੈਜ਼ਰਵੇਸ਼ਨਾਂ, ਸਮਾਜੀ ਭਲਾਈ ਬਾਰੇ ਸਰਕਾਰ ਵਲੋਂ ਕੀਤੀਆਂ ਗਈਆਂ ਸਾਰਥਕ ਕਾਰਵਾਈਆਂ, ਸਰਵਵਿਆਪਕ ਬਾਲਗ ਮੱਤਦਾਨ ਅਧਿਕਾਰਾਂ ਤੇ ਬਕਾਇਦਾ ਚੋਣਾਂ ਨੇ ਵੀ ਸਥਿਤੀ ਵਿਚ ਬਿਹਤਰੀ ਲਿਆਂਦੀ ਹੈ। ਮੌਜੂਦਾ ਸਥਿਤੀ ਦੀ ਤਸਵੀਰ ਉੱਤੇ ਨਜ਼ਰ ਮਾਰਿਆਂ, ਜਿਨ੍ਹਾਂ ਦਲਿਤਾਂ ਨਾਲ ਲੇਖਕ ਨੇ ਗੱਲਬਾਤ ਕੀਤੀ ਉਹਨਾਂ ਵਿਚੋਂ ਬਹੁਤਿਆਂ ਦਾ ਅਨੁਭਵ ਹੈ, "ਚੋਣਾਂ ਨੇ ਵੱਡਾ ਯੋਗਦਾਨ ਪਾਇਆ ਹੈ-ਲੋਕਾਂ ਨੂੰ ਨਜ਼ਦੀਕ ਲਿਆਂਦਾ ਹੈ।"
ਹਰੇ ਇਨਕਾਲਬ ਤੇ ਇਸਦੇ ਨਾਲ ਨਾਲ ਸ਼ਹਿਰੀਕਰਣ, ਵਿਦਿਅਕ ਸਹੂਲਤਾਂ ਦੇ ਪਸਾਰ, ਰੁਜ਼ਗਾਰ ਦੇ ਨਵੇਂ ਮੌਕਿਆਂ ਦਾ ਪੈਦਾ ਹੋਣਾ ਅਤੇ ਮਨੁੱਖੀ ਅਧਿਕਾਰਾਂ ਬਾਰੇ ਲਹਿਰ ਦੇ ਸ਼ੁਰੂ ਹੋਣ ਵਰਗੀਆਂ ਜਿਹੜੀਆਂ ਤਬਦੀਲੀਆਂ ਅਰਥਚਾਰੇ ਤੇ ਸਮਾਜੀ ਖੇਤਰਾਂ ਵਿਚ ਆਈਆਂ ਉਹਨਾਂ ਨੇ ਵੀ ਵੱਖਰੀ ਤਰ੍ਹਾਂ ਦੇ ਕਈ ਫ਼ਰਕ ਪਾਏ। ਦਲਿਤ ਕਾਰਕੁਨਾਂ ਦਾ ਕਹਿਣਾ ਹੈ ਉਹਨਾਂ ਦੇ ਸੰਗਠਿਤ ਰਾਜਨੀਤਕ ਤੇ ਸਭਿਆਚਾਰਕ ਹੰਭਲੇ ਨੇ ਅਤੇ ਪੱਟੀਦਰਜ ਜਾਤੀਆਂ ਦੇ ਮਸੀਹਾ ਵਜੋਂ ਅੰਬੇਡਕਰ ਦੇ ਵਧਦੇ ਪ੍ਰਭਾਵ ਨੇ ਵੀ ਜਿਹੜਾ ਅਸਰ ਪਾਇਆ ਉਹ ਘੱਟ ਵਰਨਣਯੋਗ ਨਹੀਂ। ਦਲਿਤ ਜੀਵਨ ਦਾ ਕੋਈ ਪੱਖ ਅਣਛੋਹਿਆ ਨਹੀਂ ਰਿਹਾ।
ਹੁਣ ਸਥਿਤੀ ਇਹ ਹੈ ਕਿ ਪੰਜਾਬ ਵਿਚ, ਅਤੇ ਸ਼ਹਿਰੀ ਖੇਤਰਾਂ ਵਿਚ ਵਧੇਰੇ ਨਿਸਚਿਤ ਤੌਰ 'ਤੇ, ਛੂਤਛਾਤ ਵਿਚ ਯਕੀਨ ਅਸਲੀ ਤੌਰ 'ਤੇ ਖਤਮ ਹੋ ਗਿਆ ਹੈ। ਸਰਕਾਰਾਂ ਵਲੋਂ ਕਰਵਾਏ ਗਏ ਬਹੁਤ ਸਾਰੇ ਅਧਿਐਨਾਂ ਨੇ ਅਤੇ ਲੇਖਕ ਵਲੋਂ ਵੱਖ ਵੱਖ ਪੱਧਰਾਂ ਉੱਤੇ ਇਸ ਸੰਬੰਧ ਵਿਚ ਕੀਤੀ ਪੁੱਛਗਿਛ ਤੇ ਨਿਰੀਖਣਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਛੂਤ ਛਾਤ ਤੇ ਇਸ ਤੋਂ ਸ਼ੁੱਧੀ ਦੀਆਂ ਰਸਮਾਂ ਦੀ ਹੁਣ ਕੋਈ ਮਹੱਤਤਾ ਨਹੀਂ ਰਹੀ। ਪਿਛਲੇ ਦੋ ਦਹਾਕਿਆਂ ਤੋਂ ਅਜਿਹੀ ਕੋਈ ਮਿਸਾਲ ਘੱਟ ਹੀ ਸੁਨਣ ਵਿਚ ਆਈ ਹੈ ਕਿ ਉੱਤਲੀ ਜਾਤੀ ਦਾ ਕੋਈ ਵਿਅਕਤੀ ਕਿਸੇ ਅਛੂਤ ਨਾਲ ਲੱਗ ਕੇ ਕਥਿਤ ਤੌਰ 'ਤੇ ਭਿੱਟੇ ਜਾਣ ਪਿਛੋਂ ਸ਼ੁੱਧ ਹੋਣ ਲਈ ਅਸ਼ਨਾਨ ਕਰਨ ਤੁਰ ਪਿਆ ਹੋਵੇ। ਵੱਖਰੇ ਭਾਂਡਿਆਂ ਤੇ ਪਿਆਲਿਆਂ ਦੀ ਵੀ ਕੋਈ ਮਿਸਾਲ ਅਮਲੀ ਤੌਰ 'ਤੇ ਸਾਹਮਣੇ ਨਹੀਂ ਆਉਂਦੀ। ਹੁਣ ਦਲਿਤਾਂ ਨੂੰ ਬਚਿਆ ਖੁਚਿਆ ਜਾਂ ਜੂਠਾ ਭੋਜਨ ਪੇਸ਼ ਕਰਨ ਦੀ ਜੁਅਰਤ ਵੀ ਕੋਈ ਨਹੀਂ ਕਰਦਾ। ਜਿਨਾਂ ਦਲਿਤਾਂ ਨੇ ਪੁੱਛਗਿਛ ਦਾ ਉੱਤਰ ਜਾਂ ਹੁੰਗਾਰਾ ਦਿੱਤਾ ਉਹਨਾਂ ਵੀ ਸਮੇਂ ਨਾਲ ਆਈ ਤਬਦੀਲੀ ਨੂੰ ਅਕਸਰ ਸਲਾਹਿਆ ਤੇ ਕਿਹਾ "ਪਹਿਲਾਂ ਵਰਗੇ-ਨਿਖੇੜੇ ਤੇ ਭੇਦ ਭਾਵ ਦਾ ਘੇਰਾ ਹੁਣ ਬਹੁਤ ਘੱਟ ਗਿਆ ਹੈ।" ਹਿੰਦੂ ਮੰਦਰਾਂ ਜਾਂ ਕੁਝ ਮਾਮਲਿਆਂ ਵਿਚ ਸਿੱਖ ਗੁਰਦਵਾਰਿਆਂ ਤੇ ਡੇਰਿਆਂ ਨੂੰ ਛੱਡ ਕੇ, ਧਾਰਮਕ ਅਸਥਾਨਾਂ ਵਿਚ ਵੀ ਦਲਿਤਾਂ ਦੇ ਦਾਖਲੇ ਉੱਤੇ ਕੋਈ ਰੋਕ ਨਜ਼ਰ ਨਹੀਂ ਆਉਂਦੀ। ਇਸਦੇ ਉੱਲਟ ਬਹੁਤ ਸਾਰਿਆਂ ਨੇ ਦੱਸਿਆ ਕਿ ਸਿੱਖ ਪਾਠੀਆਂ ਤੇ ਕੀਰਤਨੀ ਜੱਥਿਆਂ ਵਿਚ ਅਤੇ ਇਥੋਂ ਤੱਕ ਕਿ ਗੁਰਦਵਾਰਿਆਂ ਦੇ ਲੰਗਰਾਂ ਵਿਚ ਵੀ ਹੁਣ ਪੱਟੀਦਰਜ ਜਾਤੀਆਂ ਦੇ ਬਹੁਤ ਸਾਰੇ ਲੋਕ ਸ਼ਾਮਲ ਹਨ। "ਮਜ਼੍ਹਬੀ ਸਿੱਖਾਂ ਦਾ ਲਾਂਗਰੀ ਲੱਗਣਾ ਆਮ ਜਿਹੀ ਗੱਲ ਹੈ।"
ਪੱਟੀਦਰਜ ਜਾਤੀਆਂ ਦੇ ਬਹੁਤ ਸਾਰੇ ਲੋਕਾਂ ਵਲੋਂ ਇਸ ਗੱਲ ਦੀ ਚੇਤੰਨ ਕੋਸ਼ਿਸ਼ ਕੀਤੀ ਗਈ ਹੈ ਕਿ ਉਹ ਅਜਿਹੇ ਰਵਾਇਤੀ ਕਿੱਤਿਆਂ ਤੋਂ ਪਾਸਾ ਵੱਟ ਲੈਣ, ਜਿਹੜੇ ਕਥਿਤ ਤੌਰ 'ਤੇ ਕਲੰਕਤ ਹਨ। ਪੰਜਾਬ ਦੇ ਤਿੰਨ ਖਿੱਤਿਆਂ ਵਿਚ ਪੈਂਦੇ 51 ਪਿੰਡਾਂ ਵਿਚ ਜਿਹੜਾ ਅਧਿਐਨ ਹੁਣੇ ਜਿਹੇ (2002 ਵਿਚ) ਜੋਧਕਾ ਨੇ ਕੀਤਾ, ਉਸ ਅਨੁਸਾਰ 20 ਫ਼ੀ ਸਦੀ ਪੱਟੀਦਰਜ ਲੋਕ ਹੀ ਰਵਾਇਤੀ ਕਿੱਤਿਆਂ ਨਾਲ ਜੁੜੇ ਰਹਿ ਗਏ ਸਨ। ਇਸ ਵਰਤਾਰੇ ਨੂੰ "ਅਸਬੰਧਨ, ਫ਼ਾਸਲਾ ਅਤੇ ਖੁਦਮੁਖਤਿਆਰੀ" ਦਾ ਨਾਂਅ ਦਿੱਤਾ ਗਿਆ ਹੈ। 34 ਪੱਟੀਦਰਜ ਜਾਤੀਆਂ ਵਿਚੋਂ ਕੇਵਲ 15 ਫ਼ੀ ਸਦੀ ਹੀ ਖੇਤ ਮਜ਼ਦੂਰਾਂ ਵਜੋਂ ਕੰਮ ਕਰਦੇ ਹਨ। ਜ਼ਿਲ੍ਹਾ ਅੰਮ੍ਰਿਤਸਰ ਖੇਤ ਮਜ਼ਦੂਰ ਸਭਾ ਦੇ ਸਕੱਤਰ -ਕਿਹੜੇ ਆਪ ਵੀ ਮਜ਼੍ਹਬੀ ਹਨ- ਨੂੰ ਯਕੀਨ ਹੈ ਕਿ "ਕੋਈ ਦਲਿਤ ਅਜਿਹੇ ਜ਼ਿੰਮੀਦਾਰ ਨਾਲ ਕੰਮ ਕਰਨਾ ਨਹੀਂ ਮੰਨਦਾ ਜਿਹੜਾ ਚੰਗਾ ਸਲੂਕ ਨਾ ਕਰਦਾ ਹੋਵੇ। ਬਹੁਤੇ ਦਲਿਤਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਵਿਚੋਂ ਕਾਫ਼ੀ ਗਿਣਤੀ ਵਿਚ ਲੋਕਾਂ ਨੇ ਸਵਰਨਕਾਰੀ, ਦੁਕਾਨਕਾਰੀ, ਰਾਜਗੀਰੀ, ਤਰਖਾਣਾ, ਰੇਹੜੀ ਆਦਿ ਜਿਹੇ ਕਿਤੇ ਆਪਣਾ ਲਏ ਹਨ। ਅੰਮ੍ਰਿਤਸਰ ਜ਼ਿਲ੍ਹੇ ਵਿਚ ਚੋਖੀ ਗਿਣਤੀ ਵਿਚ ਦਲਿਤਾਂ ਨੇ ਡੇਅਰੀ ਫਾਰਮਿੰਗ ਜਾਂ ਦੁੱਧ ਵੇਚਣ ਦਾ ਧੰਦਾ ਅਪਣਾ ਲਿਆ ਹੈ। ਉੱਤਲੀ ਸ਼੍ਰੇਣੀ ਦੇ ਘਰਾਂ ਵਿਚ ਦਲਿਤ ਔਰਤਾਂ ਵਲੋਂ ਰਸੋਈ ਸਮੇਤ ਘਰੇਲੂ ਕੰਮਾਂ ਕਾਰਾਂ ਵਿਚ ਸਹਾਇਤਾ ਵੀ ਪਿੰਡਾਂ ਵਿਚ ਆਮ ਗੱਲ ਹੋ ਗਈ ਹੈ। ਨਿੱਜੀ ਸਫ਼ਾਈ ਤੇ ਸਾਫ਼ ਸੁਥਰੀ ਜ਼ਿੰਦਗੀ ਲਈ ਜਿਹੜੀ ਗਿਣੀ ਮਿਥੀ ਕੋਸ਼ਿਸ਼ ਹੋ ਰਹੀ ਹੈ, ਉਸਨੂੰ ਵੀ ਸਲਾਹਿਆ ਜਾ ਰਿਹਾ ਹੈ। ਜਿਸ ਤਰ੍ਹਾਂ ਲੇਖਕ ਨੇ "ਉੱਤਲੀਆਂ ਜਾਤਾਂ" ਦੇ ਵਿਆਹ ਸ਼ਾਦੀਆਂ ਸਮੇਂ ਦੇਖਿਆ, ਇਸ ਗੱਲ ਦੀ ਪਰਵਾਹ ਕਿਸੇ ਨੂੰ ਘੱਟ ਹੀ ਸੀ ਕਿ ਖਾਣਾ ਵਰਤਾਉਣ ਤੇ (ਕਈ ਹਾਲਤਾਂ ਵਿਚ ਖਾਣਾ ਬਨਾਉਣ) ਵਾਲੇ ਪੱਟੀਦਰਜ ਜਾਤੀਆਂ ਵਿਚੋਂ ਸਨ। ਅੰਮ੍ਰਿਤਸਰ ਵਿਚ ਬੈਂਡ ਵਾਜੇ ਵਾਲੇ ਤਕਰੀਬਨ ਸਾਰੇ ਹੀ ਮੈਂਬਰ ਬਾਲਮੀਕੀਆਂ ਜਾਂ ਕਥਿਤ ਤੌਰ 'ਤੇ ਨੀਵੀਆਂ ਜਾਤੀਆਂ ਵਿਚੋਂ ਹੁੰਦੇ ਹਨ। ਪਦਾਰਥਕ ਆਧਾਰ 'ਤੇ ਜਾਤੀ ਵਿਚਾਲੇ ਕੜੀ ਦੇ ਟੁੱਟਣ ਦਾ ਇਹ ਇਕ ਹੋਰ ਪਰਮਾਣ ਹੈ।
ਵਰਤਮਾਨ ਅੰਦਾਜ਼ਿਆਂ ਅਨੁਸਾਰ ਪੰਜਾਬ ਵਿਚ 2 ਲੱਖ ਦਲਿਤ ਸਰਕਾਰੀ ਮਹਿਕਮਿਆਂ ਅਤੇ ਬੈਕਾਂ, ਐਲ਼ਆਈ.ਸੀ. ਐਫ਼.ਸੀ.ਆਈ. ਮਿਊਂਸਪਲ ਬਾਡੀਆਂ ਜਿਹੇ ਪਬਲਿਕ ਖੇਤਰ ਅਦਾਰਿਆਂ ਵਿਚ ਮੁਲਾਜ਼ਮਤ ਕਰ ਰਹੇ ਹਨ। ਇਹਨਾਂ ਵਿਚ ਆਈ.ਏ.ਐਸ਼, ਆਈ.ਪੀ.ਐਸ ਤੇ ਪੀ.ਸੀ.ਐਸ਼ ਅਫ਼ਸਰ, ਡਾਕਟਰ ਇੰਜੀਨੀਅਰ ਆਦਿ ਵੀ ਸ਼ਾਮਲ ਹਨ। ਬਹੁਤ ਸਾਰੇ ਹੋਰ ਦਲਿਤ ਕਾਰੋਬਰ ਤੇ ਵਪਾਰ ਵਿਚ ਹਿੱਸਾ ਲੈ ਰਹੇ ਹਨ। ਜਾਲੰਧਰ ਦੀ ਇਕੱਲੀ ਬੂਟਾ ਮੰਡੀ ਵਿਚ ਹੀ ਪੱਟੀਦਰਜ ਜਾਤੀਆਂ ਨਾਲ ਸਬੰਧਤ 100 ਤੋਂ ਵੱਧ ਵਿਅਕਤੀ ਕਰੋੜਪਤੀ, ਸਨਅਤਕਾਰ ਤੇ ਵਪਾਰੀ ਗਿਣੇ ਜਾ ਸਕਦੇ ਹਨ। ਇਸ ਜਾਤੀ ਦੇ ਪਦਾਰਥਕ ਆਧਾਰ ਦੇ ਟੁੱਟਣ ਨਾਲ ਜਾਤੀ ਉਲੇਖ ਜਾਂ ਅਹਿਸਾਸ ਰਸਮੀ ਜਿਹਾ ਹੀ ਹੋ ਕੇ ਰਹਿ ਜਾਂਦਾ ਹੈ ਜਾਂ ਇੰਝ ਕਹਿ ਲਵੋ ਕਿ ਨਾਗਰਿਕ ਸਭਾਵਾਂ ਦੀ ਮੈਂਬਰਸ਼ਿਪ ਜਿਹਾ ਸੰਕੇਤਕ ਰੂਪ ਧਾਰਨ ਕਰ ਲੈਂਦਾ ਹੈ। ਲੇਖਕ ਨੂੰ ਅਜਿਹੇ ਬਹੁਤ ਸਾਰੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲਿਆ ਜਿਹਨਾਂ ਨੂੰ ਆਪਣੀ ਜਾਣ ਪਛਾਣ ਆਦਿ ਧਰਮੀ, ਰਵੀਦਾਸੀਆ, ਕਬੀਰਪੰਥੀ ਜਾਂ ਮਜ਼੍ਹਬੀ ਵਜੋਂ ਕਰਾਉਣ ਵਿਚ ਕੋਈ ਝਿਜਕ ਨਹੀਂ ਸੀ। ਇਹ ਗੱਲ ਪਿੰਡਾਂ ਬਾਰੇ ਵੀ ਆਖੀ ਜਾ ਸਕਦੀ ਹੈ।
ਇਹ ਤੱਥ ਕਿ ਪੱਟੀਦਰਜ ਜਾਤੀਆਂ ਨਾਲ ਸਬੰਧਤ 90 ਫ਼ੀ ਸਦੀ ਲੋਕਾਂ ਦੇ ਪੱਕੀਆਂ ਇੱਟਾਂ ਦੇ ਘਰ ਹਨ, ਪੁਰਾਣੇ ਲੋਕਾਂ ਲਈ ਛੋਟੀ ਗੱਲ ਨਹੀਂ, "ਹੁਣ ਤਾਂ ਕੱਚਾ ਕੋਠਾ ਘੱਟ ਹੀ ਲੱਭਦਾ ਹੈ"। ਹੁਣ ਅੱਧੇ ਦਲਿਤ ਪਰਵਾਰਾਂ ਦੇ ਘਰ ਪਿੰਡ ਦੇ ਅੰਦਰ ਹਨ ਅਤੇ ਇਹ ਗੱਲ ਉਹ ਉਚੇਚੇ ਤੌਰ 'ਤੇ ਦੱਸਣਾ ਪਸੰਦ ਕਰਦੇ ਹਨ। ਕਿ ਕੁਝ ਬੇਜ਼ਮੀਨੇ ਜੱਟਾਂ ਦੇ ਘਰ ਕੱਚੇ ਹਨ ਅਤੇ ਵਿਚ ਮਜ਼ਬੀਆਂ ਦੇ ਪੱਕੇ ਹਨ"। ਸ਼ਹਿਰੀ ਇਲਾਕਿਆਂ ਵਿਚ ਤਕੜੀ ਗਿਣਤੀ ਵਿਚ ਦਲਿਤ ਵਧੀਆ ਕਾਲੋਨੀਆਂ ਵਿਚ ਜਾ ਵਸੇ ਹਨ। ਤਾਂ ਵੀ ਇੱਕੋ ਜਾਤੀ ਦੇ ਬਹੁਗਿਣਤੀ ਲੋਕ ਪਿੰਡਾਂ ਤੇ ਸ਼ਹਿਰਾਂ ਵਿਚ ਵੱਖਰੀਆਂ ਕਾਲੋਨੀਆਂ ਜਾਂ ਮੁਹੱਲਿਆਂ ਵਿਚ ਜੁੜਕੇ ਰਹਿੰਦੇ ਹਨ। ਇਸਦੇ ਕਾਰਨਾਂ ਬਾਰੇ ਹੋਈ ਗੱਲਬਾਤ ਵਿਚ ਇਹ ਗੱਲ ਸਾਹਮਣੇ ਆਈ ਕਿ ਇਸਦਾ ਸੰਬੰਧ ਮਾਨਸਿਕ ਸੰਤੁਸ਼ਟੀ ਜਾਂ ਸਮਾਜੀ ਸੁਰੱਖਿਆ ਦੀਆਂ ਲੋੜਾਂ ਨਾਲ ਹੈ।
"ਪੜ੍ਹਾਈ ਕਰਕੇ ਹੀ ਜਾਤ ਬਰਾਦਰੀ ਦੇ ਪਛੜੇਵੇਂ ਉੱਤੇ ਕਾਬੂ ਪਾਇਆ ਜਾ ਸਕਦਾ," ਇਹ ਹੈ ਦਲਿਤ ਆਕਾਂਖਿਆਵਾਂ ਦਾ ਇਕ ਹੋਰ ਉੱਘੜਵਾਂ ਪੱਖ। ਉਹ ਆਪਣੀ ਔਲਾਦ ਨੂੰ ਅਕਸਰ ਆਖਦੇ ਹਨ, "ਪੁੱਤਰ ਦੱਬ ਕੇ ਪੜ੍ਹ ਲੈ, ਦਲਿਦਰ ਚੁੱਕ ਹੋ ਜੂ। ਜੱਟਾਂ ਦੀ ਗ਼ੁਲਾਮੀ ਨਹੀਂ ਕਰਨੀ ਪਊ।" ਇਸ ਮੰਤਵ ਲਈ ਕੁਰਬਾਨੀ ਕਰਨਾ ਤੇ ਮਿਹਨਤ ਕਰਨਾ, ਬੱਚਿਆਂ ਤੇ ਮਾਪਿਆਂ, ਦੋਹਾਂ ਲਈ ਮਾਣਯੋਗ ਉੱਦਮ ਦਾ ਦਰਜਾ ਅਖਤਿਆਰ ਕਰ ਗਿਆ ਹੈ। 1961 ਵਿਚ ਇਸਤਰੀ ਸਾਖਰਤਾ ਕੇਵਲ 2 ਫ਼ੀ ਸਦੀ ਸੀ ਪਰ 1991 ਵਿਚ ਇਹ ਵੱਧ ਕੇ 31 ਫ਼ੀ ਸਦੀ ਹੋ ਗਈ ਸੀ। ਜ਼ਿਲ੍ਹਾ ਹੁਸ਼ਿਆਰਪੁਰ ਵਿਚ ਇਹ 51.8 ਫ਼ੀ ਸਦੀ ਸੀ।
60ਵਿਆਂ ਦੇ ਅੱਧ ਤੋਂ ਪੱਟੀਦਰਜ ਜਾਤੀਆਂ ਦੇ ਲੋਕਾਂ ਦਾ ਬਾਹਰਲੇ ਦੇਸ਼ਾਂ ਨੂੰ ਪਰਵਾਸ, ਖਾਸ ਤੌਰ 'ਤੇ ਦੁਆਬੇ ਦੇ ਜਲੰਧਰ, ਹੁਸ਼ਿਆਰਪੁਰ ਤੇ ਨਵਾਂ ਸ਼ਹਿਰ ਜ਼ਿਲ੍ਹਿਆਂ ਤੋਂ, ਇਹਨਾਂ ਤੇ ਇਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਬਦੇਸ਼ਾਂ ਤੋਂ ਆਈਆਂ ਰਕਮਾਂ ਨੇ ਇਹਨਾਂ ਦੇ ਪਰਵਾਰਾਂ ਦੀਆਂ ਜ਼ਿੰਦਗੀਆਂ ਤੇ ਆਕਾਂਖਿਆਵਾਂ ਵਿਚ ਪ੍ਰਤੱਖ ਤਬਦੀਲੀ ਲਿਆਂਦੀ। ਇਹ ਖਿਆਲ ਕੀਤਾ ਜਾਂਦਾ ਹੈ ਕਿ ਹੁਸ਼ਿਆਰਪੁਰ -ਨਵਾਂ ਸ਼ਹਿਰ, ਨਕੋਦਰ- ਜਲੰਧਰ ਪੱਟੀ ਵਿਚ ਹਰ ਚੌਥੇ ਆਦਿ-ਧਰਮੀ ਪਰਵਾਰ ਦਾ ਘੱਟੋ ਘੱਟ ਇੱਕ ਜੀਅ ਕਿਸੇ ਬਾਹਰਲੇ ਦੇਸ ਗਿਆ ਹੋਇਆ ਹੈ। ਵੱਡੇ ਵੱਡੇ ਘਰਾਂ ਦੀ ਉਸਾਰੀ ਆਪਣੀ ਸਫ਼ਲਤਾ ਦਰਸਾਉਣ ਦਾ ਇਕ ਢੰਗ ਸੀ। ਕਾਰਾਂ, ਟੈਲੀਵਿਯਨ, ਫਰਿਜ, ਮੋਟਰ ਸਾਈਕਲ, ਗਹਿਣੇ ਤੇ ਵਧੀਆ ਕਿਸਮ ਦੇ ਕਪੜੇ ਤੇ ਬੂਟ ਵੀ ਸਫ਼ਲਤਾ ਪ੍ਰਗਟਾਉਣ ਦਾ ਸਾਧਨ ਸਨ। 2003 ਵਿਚ ਵੈਨਕੂਵਰ ਵਿਚ ਹੋਈ ਪਹਿਲੀ ਅੰਤਰ-ਰਾਸ਼ਟਰੀ ਦਲਿਤ ਕਾਨਫਰੰਸ ਵਿਚ ਪਹਿਲੇ ਪੰਜਾਬੀ ਕਰੋੜਪਤੀ ਦਲਿਤ ਦਾ ਸਨਮਾਨ, ਇਕ ਦਲਿਤ ਐਨ.ਆਰ.ਆਈ. ਵੱਲੋਂ ਜਲੰਧਰ ਦੇ ਨੇੜੇ ਸੱਚਖੰਡ ਬੱਲਾਂ ਦੇ ਸੰਤ ਸਰਵਨ ਦਾਸ ਡੇਰੇ ਨੂੰ ਅੱਖਾਂ ਦੇ ਹਸਪਤਾਲ ਦੀ ਉਸਾਰੀ ਲਈ ਇਕ ਕਰੋੜ ਰੁਪਏ ਦਾ ਦਾਨ, ਇਕੱਲੇ ਯੂ.ਕੇ. ਵਿਚ 21 ਰਵੀਦਾਸ ਮੰਦਰਾਂ ਦੀ ਉਸਾਰੀ ਜਾਂ ਆਪਣੇ ਮੰਦਰਾਂ ਦੇ ਗੁੰਬਦਾਂ ਉੱਤੇ ਸੋਨਾ ਮੜ੍ਹਨ ਜਿਹੇ ਮਾਮਲੇ ਵੀ ਇਸ ਕਮਿਊਨਿਟੀ ਦੇ ਉੱਪਰ ਉੱਠਣ ਦੇ ਚਿੰਨ੍ਹ ਵਜੋਂ ਸਾਹਮਣੇ ਆਏ।
"ਸਾਡੇ ਵੀ ਦਿਨ ਬਦਲ ਰਹੇ ਹਨ" ਜਿਹੇ ਜਿਹੜੇ ਪ੍ਰਗਟਾਵੇ ਨਿੱਜੀ ਰੂਪ ਵਿਚ ਵੀ ਤੇ ਸਰਵਜਨਕ ਰੂਪ ਵਿਚ ਵੀ ਕੀਤੇ ਜਾਂਦੇ ਹਨ, ਉਹਨਾਂ ਵਿਚ ਅਜਿਹੇ ਵਿਸ਼ਵਾਸ ਤੇ ਆਸ਼ਾਵਾਦ ਦੀ ਝਲਕ ਹੁੰਦੀ ਹੈ ਕਿ ਅਸੀਂ ਵੀ ਆਪਣੇ ਪੈਰਾਂ ਉੱਤੇ ਖੜ੍ਹੇ ਹੋ ਰਹੇ ਹਾਂ। ਵਾਸਤਵ ਵਿਚ ਉਹਨਾਂ ਦੀ ਇਹ ਸਮਾਜੀ ਗਤੀਸ਼ੀਲਤਾ ਇਸ ਹਕੀਕਤ ਦੇ ਮੁਕਾਬਲੇ ਉੱਤੇ ਹੋਰ ਵੀ ਉੱਘੜਵੀਂ ਲਗਦੀ ਹੈ ਕਿ ਉਹਨਾਂ ਉੱਤੇ ਸਮਾਜੀ ਦਬਾ ਰੱਖਣ ਵਾਲੇ ਜੱਟ ਜ਼ਿੰਮੀਦਾਰਾਂ ਦੇ ਵੱਡੇ ਹਿੱਸੇ ਦੀ ਹਾਲਤ ਪਤਲੀ ਹੋ ਰਹੀ ਹੈ ਕਿਉਂਕਿ ਉਹਨਾਂ ਦੀਆਂ ਮਾਲਕੀਆਂ ਛੋਟੀਆਂ ਹੁੰਦੀਆਂ ਜਾਂਦੀਆਂ ਹਨ ਜਿਸ ਕਰਕੇ ਉਹਨਾਂ ਵਿਚੋਂ ਬਹੁਤੇ ਕਰਜ਼ੇ ਦੇ ਭਾਰ ਹੇਠ ਦੱਬੇ ਹੋਏ ਹਨ ਅਤੇ ਕੁਝ ਇਕ ਤਾਂ ਆਤਮਘਾਤ ਕਰਨ ਉੱਤੇ ਮਜਬੂਰ ਹੋ ਰਹੇ ਹਨ। ਪੱਟੀ ਦਰਜ ਜਾਤੀਆਂ ਦੀ ਹਾਲਤ ਵਿਚ ਆ ਰਹੀ ਇਸ ਬਿਹਤਰੀ ਨੂੰ ਆਪਣੇ ਢੰਗ ਨਾਲ ਰੇਖਾ-ਅੰਕਿਤ ਕਰਦਿਆਂ ਇਕ ਨੀਝਵਾਨ ਰੀਟਾਇਰਡ ਅਧਿਕਾਰੀ ਨੇ ਲੇਖਕ ਨੂੰ ਦੱਸਿਆ ਕਿ ਕਰਤਾਰਪੁਰ, ਅਲਾਵਲਪੁਰ, ਭੋਗਪੁਰ, ਆਦਮਪੁਰ, ਮੁਕੇਰੀਆਂ ਤੇ ਸਰੋਇਆ ਬਲਾਕਾਂ ਵਿਚ ਤਾਂ "ਜੱਟ ਹੁਣ ਨੁੱਕਰੇ ਲੱਗੇ ਹੋਏ ਨੇ।" ਲੇਖਕ ਨੇ ਦੇਖਿਆ ਹੈ ਕਿ ਪੱਟੀਦਰਜ ਜਾਤਾਂ ਦੇ ਸਾਰੇ ਹੀ ਵਰਗਾਂ ਨੂੰ ਇਹ ਡੂੰਘਾ ਅਹਿਸਾਸ ਹੈ ਕਿ ਉਹ ਵੀ ਹੁਣ ਰਾਜਨੀਤਕ ਮਹੱਤਤਾ ਰੱਖਦੇ ਹਨ। ਉਹ ਇਹ ਵੀ ਜਾਣਦੇ ਹਨ ਕਿ ਉਹਨਾਂ ਦੀ ਵੋਟਿੰਗ ਸ਼ਕਤੀ ਦਾ ਅਤੇ ਰਾਖਵੀਆਂ ਸੀਟਾਂ ਦਾ ਕਿੰਨਾ ਮੁੱਲ ਹੈ। ਉਹਨਾਂ ਨੂੰ ਪਤਾ ਹੈ ਕਿ ਕਿਸ ਤਰ੍ਹਾਂ ਚੋਣਾਂ ਵੇਲੇ ਸਾਰੀਆਂ ਹੀ ਰਾਜਨੀਤਕ ਪਾਰਟੀਆਂ ਉਹਨਾਂ ਨੂੰ ਰਿਝਾਉਣ ਦੀ ਕੋਸ਼ਿਸ਼ ਕਰਦੀਆਂ ਹਨ। ਉਹਨਾਂ ਨੂੰ ਇਹ ਵੀ ਪਤਾ ਹੈ ਕਿ ਕੋਈ ਵੀ ਹੋਸ਼ਮੰਦ ਰਾਜਨੀਤਕ ਆਗੂ ਅਜਿਹੀ ਟਿੱਪਣੀ ਜਾਂ ਤਬੱਸਰਾ ਕਰਨ ਦਾ ਹੌਸਲਾ ਨਹੀਂ ਕਰ ਸਕਦਾ ਜਿਹੜਾ ਪੱਟੀਦਰਜ ਜਾਤੀਆਂ ਨੂੰ ਬੁਰਾ ਲੱਗੇ। ਇੰਝ ਹੀ ਜਿਸ ਤਰ੍ਹਾਂ ਆਂਦਰੇ ਬੈਤੀਲ ਨੇ ਪੱਟੀਦਰਜ ਜਾਤੀਆਂ ਬਾਰੇ ਕਿਹਾ ਹੈ, "ਭਾਰਤੀ ਸਮਾਜ ਵਿਚ ਉਹਨਾਂ ਦੀ ਮੌਜੂਦਗੀ ਨੂੰ ਹੁਣ ਅੱਖਂੋ ਪਰੋਖੇ ਨਹੀਂ ਕੀਤਾ ਜਾ ਸਕਦਾ। ਦਲਿਤਾਂ ਦੀ ਸਥਿਤੀ ਵਿਚਲੇ ਪਰੀਵਰਤਨ ਦਾ ਸਭ ਤੋਂ ਉੱਘੜਵਾਂ ਸਬੂਤ ਇਹ ਹੈ ਕਿ ਸਮਾਜੀ ਤੇ ਰਾਜਨੀਤਕ ਖੇਤਰਾਂ ਵਿਚ ਉਹਨਾਂ ਦੀ ਹੋਂਦ ਦੀ ਪ੍ਰਤੱਖਤਾ ਵਧੀ ਹੈ।"
ਵਾਸਤਵ ਵਿਚ ਸਰਵਜਨਕ ਮੈਦਾਨ ਵਿਚ ਆਪਣੀ ਹੋਂਦ ਨੂੰ ਦਰਸਾਉਣ ਦੀ ਤਾਂਘ ਦੇ ਹਿੱਸੇ ਵਜੋਂ ਉਹ ਵੱਖ ਵੱਖ ਚੋਣਾਂ ਵਿਚ ਆਪਣੀਆਂ ਵੋਟਾਂ ਦੀ ਮਹੱਤਤਾ ਦਾ ਪੂਰਾ ਵਿਖਾਵਾ ਕਦੇ ਹਨ, ਰਾਜਨੀਤਕ ਰੋਸ ਮੁਜ਼ਾਹਰਿਆਂ ਵਿਚ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ, ਅੰਬੇਦਕਰ, ਰਵੀਦਾਸ, ਬਾਲਮੀਕ ਤੇ ਕਬੀਰ ਦੇ ਜਨਮ-ਦਿਵਸਾਂ ਉੱਤੇ ਵੱਡੇ ਵੱਡੇ ਇਕੱਠ ਕਰਦੇ ਅਤੇ ਜਲੂਸ ਜਥੇਬੰਦ ਕਰਦੇ ਹਨ, ਅੰਬੇਦਕਰ ਦੇ ਬੁੱਤ ਸਥਾਪਤ ਕਰ ਰਹੇ ਹਨ, ਬਸਤੀਆਂ, ਸੜਕਾਂ, ਯੂਨੀਵਰਸਿਟੀ ਕਾਲਜਾਂ ਆਦਿ ਦੇ ਨਾਂਅ ਆਪਣੀਆਂ ਆਦਰਸ਼ਕ ਸ਼ਖਸੀਅਤਾਂ ਦੇ ਨਾਵਾਂ ਉੱਤੇ ਰੱਖਣ ਲਈ ਸੰਘਰਸ਼ ਕਰਦੇ ਹਨ ਅਤੇ ਇਹ ਸਾਰੀਆਂ ਗੱਲਾਂ ਉਹਨਾਂ ਦੀਆਂ ਆਕਾਂਖਿਆਵਾਂ ਦਾ ਇਕ ਉੱਘੜਵਾਂ ਪੱਖ ਬਣ ਗਈਆਂ ਹਨ। ਜਿਸ ਤਰ੍ਹਾਂ ਕੁਝ ਇਕ ਸਮਾਜ ਵਿਗਿਆਨੀਆਂ ਨੇ ਨੋਟ ਕੀਤਾ ਹੈ, ਹਿੰਦ ਵਿਚ ਜਮਹੂਰੀਅਤ ਦੀ ਇਕ ਮਹੱਤਵਪੂਰਨ ਪ੍ਰਾਪਤੀ ਇਹ ਹੈ ਕਿ ਸਮਾਜ ਦੇ ਜਿਹੜੇ ਵਰਗ ਬਾਹਰ ਧੱਕੇ ਹੋਏ ਸਨ ਤੇ ਹਾਸ਼ੀਏ ਉੱਤੇ ਰਹਿ ਰਹੇ ਸਨ, ਉਹ ਇਸਦਾ ਫਾਇਦਾ ਉਠਾਉਣ ਦੀ ਤੀਬਰ ਇੱਛਾ ਰੱਖਦੇ ਹਨ ਤਾਂ ਜੋ ਉਹ ਆਪਣੀ ਗੁਆਚੀ ਆਵਾਜ਼ ਮੁੜ ਤੋਂ ਹਾਸਲ ਕਰ ਸਕਣ, ਆਪਣੇ ਲਈ ਕੋਈ ਥਾਂ ਬਣਾ ਸਕਣ, ਕੋਈ ਹੈਸੀਅਤ ਕਾਇਮ ਕਰ ਸਕਣ, ਪ੍ਰਭਾਵੀ ਸੱਤਾ ਲਈ ਕੋਈ ਕਦਮ ਅੱਗੇ ਵਧਾ ਸਕਣ।" ਲੇਖਕ ਨੂੰ ਕਾਂਸ਼ੀ ਰਾਮ ਦੀ "ਦਲਿਤ ਰਾਜ ਕਰਨਗੇ" ਦੀ ਪੇਸ਼ੀਨਗੋਈ ਕਰਦੀ ਨਾਅਰੇਗਤ ਤਕਰੀਰ ਦੀ ਜ਼ੋਸ਼ੀਲੀ ਗੂੰਜ ਮੁੜ ਤੋਂ ਸੁਨਣ ਦਾ ਮੌਕਾ ਮਿਲਿਆ ਸੀ, ਜਦੋਂ ਪੱਟੀਦਰਜ ਜਾਤੀਆਂ ਨਾਲ ਸੰਬੰਧਤ ਪੰਜਾਬ ਸਰਕਾਰ ਦੇ ਇਕ ਮੰਤਰੀ ਨੇ ਜਲੰਧਰ ਦੇ ਇਕ ਖੁੱਲ੍ਹੇ ਜਲਸੇ ਵਿਚ "ਚਮਾਰਾਂ ਦੇ ਰਾਜ" ਦੀ ਗੱਲ ਕੀਤੀ ਸੀ। ਜੇ ਅਜਿਹੀ ਸ਼ੋਰੀਲੀ ਬਿਆਨਬਾਜ਼ੀ ਵੱਲ ਬਹੁਤਾ ਧਿਆਨ ਨਾ ਵੀ ਦਿੱਤਾ ਜਾਏ, ਤਾਂ ਵੀ, ਬਾਬਾ ਸਾਹਿਬ ਅੰਬੇਦਕਰ ਵੱਲੋਂ ਉਲੀਕੇ ਗਏ ਹਿੰਦ ਦੇ ਸੰਵਿਧਾਨ ਨੂੰ ਸ੍ਰੇਸ਼ਠ ਦਲਿਤ ਤਬਕੇ ਵਲੋਂ ਇਕ ਅਜਿਹੇ ਹਥਿਆਰ ਵਜੋਂ ਲਿਆ ਜਾ ਰਿਹਾ ਹੈ ਜਿਸਦੀ ਮੱਦਦ ਨਾਲ ਨਵਾਂ ਰਾਜਨੀਤਕ ਨਿਜ਼ਾਮ ਉਸਾਰਿਆ ਜਾ ਸਕਦਾ ਹੈ। ਜਦੋਂ ਵਾਜਪਈ ਦੀ ਅਗਵਾਈ ਹੇਠਲੀ ਐੱਨ.ਡੀ.ਏ. ਸਰਕਾਰ ਨੇ ਸਾਲ 2000 ਵਿਚ ਸੰਵਿਧਾਨ ਦੀ ਕਾਰਜ ਪ੍ਰਕਿਰਿਆ ਦੇ ਜਾਇਜ਼ੇ ਲਈ ਇਕ ਕਮਿਸ਼ਨ ਨਿਯੁਕਤ ਕੀਤਾ ਸੀ ਤਾਂ ਜਿੰਨੀ ਨਾਰਾਜ਼ਗੀ ਪੱਟੀਦਰਜ ਜਾਤੀਆਂ ਨੇ ਪ੍ਰਗਟਾਈ ਸੀ, ਓਨੀ ਹੋਰ ਕਿਸੇ ਵਰਗ ਨੇ ਨਹੀਂ ਸੀ ਪ੍ਰਗਟਾਈ। ਪੰਜਾਬ ਵਿਚ ਦਰਜਨਾਂ ਦਲਿਤ ਜਥੇਬੰਦੀਆਂ ਨੇ ਬੀ.ਜੇ.ਪੀ. ਦੇ ਦਲਿਤ-ਵਿਰੋਧੀ ਇਰਾਦਿਆਂ ਵਿਰੁੱਧ "ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ" ਦੀ ਰਾਖੀ ਲਈ ਸੈਮੀਨਾਰ ਤੇ ਮੁਜ਼ਾਹਰੇ ਜਥੇਬੰਦ ਕੀਤੇ ਸਨ। ਇਹ ਮਹਿਸੂਸ ਕੀਤਾ ਜਾ ਰਿਹਾ ਸੀ ਇਹ ਕਮਜ਼ੋਰ ਵਰਗ ਹਨ ਜਿਹਨਾਂ ਦੇ ਹਿਤ ਸੰਵਿਧਾਨਕ-ਰਾਜਨੀਤਕ ਪ੍ਰਬੰਧ ਦੇ ਠੀਕ ਤਰ੍ਹਾਂ ਨਾਲ ਕੰਮ ਕਰਦੇ ਰਹਿਣ ਨਾਲ ਡੂੰਘੀ ਤਰ੍ਹਾਂ ਬੱਝੇ ਹੋਏ ਹਨ।
ਇੰਝ ਹੀ ਆਪਣੇ ਹੱਕਾਂ ਤੇ ਇਹਨਾਂ ਹੱਕਾਂ ਦੀ ਰਾਖੀ ਲਈ ਡੱਟਣ ਦੀ ਲੋੜ ਬਾਰੇ ਉਹਨਾਂ ਦੇ ਮਾਨਸਿਕ ਵਤੀਰਿਆਂ ਵਿਚ ਆਈ ਵਰਨਣਯੋਗ ਤਬਦੀਲੀ ਨੂੰ ਪਛਾਣੇ ਬਿਨਾ ਨਹੀਂ ਰਿਹਾ ਜਾ ਸਕਦਾ। ਹੁਣ ਉਹ ਉੱਤਲੀਆਂ ਜਾਤੀਆਂ ਦੇ ਗ਼ਲਬੇ ਨੂੰ "ਕਰਮਾਂ ਦਾ ਫਲ" ਜਾਂ ਤਕਦੀਰ ਵਜੋਂ ਪਰਵਾਨ ਨਹੀਂ ਕਰਦੇ ਅਤੇ ਨਾ ਹੀ ਕਿਸੇ ਹੋਰ ਅਜਿਹੀ ਦਲੀਲ ਨੂੰ ਮੰਨਦੇ ਹਨ ਜਿਹੜੀ ਉਹਨਾਂ ਦੇ ਨੀਵੇਂ ਹੋਣ ਨੂੰ ਉਚਿੱਤ ਠਹਿਰਾਉਂਦੀ ਹੋਵੇ। ਜੱਟ-ਜ਼ਿੰਮੀਦਾਰਾਂ ਦੇ ਗ਼ਲਬੇ ਨੂੰ, ਜਿਸਨੂੰ ਪਿੰਡਾਂ ਵਿਚ ਅਕਸਰ ਜੱਟਵਾਦ ਕਿਹਾ ਜਾਂਦਾ ਹੈ, ਇਸ ਗੱਲ ਦਾ ਸਿੱਟਾ ਸਮਝਿਆ ਜਾਂਦਾ ਹੈ ਕਿ ਇਹ ਵਰਗ ਸਾਰੀ ਦੀ ਸਾਰੀ ਵਾਹੀਯੋਗ ਜ਼ਮੀਨ ਉੱਤੇ ਕਾਬਜ਼ ਸੀ। "ਸਾਨੂੰ ਹਰ ਪਰਵਾਰ ਲਈ ਦੋ ਦੋ ਤਿੰਨ ਤਿੰਨ ਏਕੜ ਵਾਹੀਯੋਗ ਜ਼ਮੀਨ ਦੇ ਦਿਓ, ਅਸੀਂ ਜੱਟਾਂ ਦੀ ਆਕੜ ਭੰਨ ਕੇ ਰੱਖ ਦਿਆਂਗੇ," ਇਹ ਹੈ ਜਜ਼ਬਾ ਜਿਹੜਾ ਲੇਖਕ ਨੂੰ ਅਕਸਰ ਸੁਨਣ ਨੂੰ ਮਿਲਿਆ। ਇਸ ਤੋਂ ਪਹਿਲਾਂ ਜੱਟਾਂ ਦੀ ਕਿਸੇ ਹੇਠੀ ਭਰੀ ਗੱਲ ਦੇ ਖਿਲਾਫ਼ ਡਟਣ ਦਾ ਅਰਥ ਝਗੜੇ ਫ਼ਸਾਦ ਨੂੰ ਸੱਦਾ ਦੇਣ ਵਾਂਗ ਹੁੰਦਾ ਸੀ। ਇਸ ਲਈ ਭਲਾ ਇਸੇ ਵਿਚ ਸਮਝਿਆ ਜਾਂਦਾ ਸੀ ਕਿ ਗੁੱਸਾ ਜ਼ਾਹਰ ਨਾ ਹੋਣ ਦਿੱਤਾ ਜਾਏ ਤੇ ਝੂਠਮੂਠ ਦੀ ਦੀਨਤਾ ਤੋਂ, ਅਧੀਨਗੀ ਦੇ ਪ੍ਰਗਟਾਵੇ ਤੋਂ ਕੰਮ ਲਿਆ ਜਾਏ। ਹੁਣ ਪੱਟੀਦਰਜ ਜਾਤੀਆਂ ਦੀ ਨੌਜਵਾਨ ਪੀਹੜੀ ਇਸ ਗੱਲ ਵਿਚ ਕੋਈ ਲਕੋ ਨਹੀਂ ਰੱਖਦੀ ਕਿ ਜਾਤ ਨੂੰ ਲੈ ਕੇ ਕੀਤੇ ਅਪਮਾਨ ਦੀ ਹਾਲਤ ਵਿਚ ਇੱਟ ਦਾ ਜਵਾਬ ਪੱਥਰ ਵਿਚ ਹੋਵੇਗਾ; ਹੁਣ ਉਹ ਸਵੈ-ਵਿਸ਼ਵਾਸ਼ ਤੋਂ ਕੰਮ ਲੈਂਦੇ ਹਨ ਅਤੇ ਕੁੱਟਮਾਰ ਤੋਂ ਵੀ ਨਹੀਂ ਝਿਜਕਦੇ। ਜਿਸ ਤਰ੍ਹਾਂ ਇਕ ਨਾਵਲ ਵਿਚ ਇਕ ਪਾਤਰ ਕਹਿੰਦਾ ਹੈ, "ਪੱਟੀਦਰਜ ਜਾਤੀਆਂ ਉਹੀ ਕੁਝ ਕਰਨਗੀਆਂ, ਜੋ ਕੁਝ ਜੱਟ ਕਰਦੇ ਰਹੇ ਹਨ," ਜਾਂ "ਇਕ ਦਿਨ ਇਹਨਾਂ ਨੇ ਜੱਟਾਂ ਨੂੰ ਕੁੱਟਣਾ ਸ਼ੁਰੂ ਕਰ ਦੇਣੈ"। ਅਤੇ ਇਹ ਗੱਲ ਨਾਵਲਾਂ ਤੱਕ ਹੀ ਸੀਮਤ ਨਹੀਂ, ਆਮ ਜ਼ਿੰਦਗੀ ਵਿਚ ਵੀ ਅਜਿਹੀਆਂ ਘਟਨਾਵਾਂ ਸੁਨਣ ਨੂੰ ਮਿਲਦੀਆਂ ਹਨ। ਆਪਣੀ ਰਵਾਇਤੀ ਬਰਤਰੀ ਤੇ ਗ਼ਲਬੇ ਵਿਰੁੱਧ ਉੱਠ ਰਹੀ ਇਸ ਵੰਗਾਰ ਪ੍ਰਤੀ ਜੱਟਾਂ ਦੇ ਰੋਸੇ ਦੀ ਭਾਵਨਾ ਸਪੱਸ਼ਟ ਮਹਿਸੂਸ ਕੀਤੀ ਜਾ ਸਕਦੀ ਹੈ। ਪੱਟੀਦਰਜ ਜਾਤੀਆਂ ਦੀ ਪੁਰਾਣੀ ਪੀਹੜੀ ਤੇ ਨਵੀਂ ਪੀਹੜੀ ਵਿਚਲਾ ਫ਼ਰਕ ਦਲਿਤ ਲੇਖਕਾਂ ਵਲੋਂ ਲਿਖੇ ਗਏ ਤਕਰੀਬਨ ਸਾਰੇ ਹੀ ਰਚਨਾਤਮਕ ਸਾਹਿਤ ਵਿਚ ਸਪਸ਼ਟ ਪੜ੍ਹਿਆ ਜਾ ਸਕਦਾ ਹੈ। ਇਹ ਗੱਲ ਆਪਣੇ ਆਪ ਵਿਚ ਦਿਲਚਸਪੀ ਤੋਂ ਖਾਲੀ ਨਹੀਂ ਕਿ ਪਿਛਲੇ ਕੁਝ ਸਮੇਂ ਵਿਚ ਪੰਜਾਬੀ ਬੋਲੀ ਵਿਚ ਦਲਿਤ ਰਚਨਾਤਮਕ ਲੇਖਕਾਂ ਦੀ ਗਿਣਤੀ ਵਿਚ ਚੋਖਾ ਵਾਧਾ ਹੋਇਆ ਹੈ। ਤ੍ਰੈ-ਮਾਸਕ ਪੱਤਰ 'ਲਕੀਰ' ਨੇ ਪਿਛੇ ਜਿਹੇ ਕੀਤੇ ਇਕ ਸਰਵੇਖਣ ਵਿਚ ਅਜਿਹੇ 45 ਵਰਨਣਯੋਗ ਲੇਖਕਾਂ ਦੇ ਨਾਂਅ ਗਿਣਾਏ ਸਨ ਜਿਹੜੇ ਪੱਟੀਦਰਜ ਜਾਤੀਆਂ ਨਾਲ ਸੰਬੰਧ ਰੱਖਦੇ ਹਨ।
ਤਾਂ ਵੀ ਪੱਟੀਦਰਜ ਜਾਤੀਆਂ ਦੇ ਸੰਬੰਧ ਵਿਚ ਸਮਾਜੀ ਪਰੀਵਰਤਨ ਤੇ ਸਮਾਜੀ ਜ਼ਿੰਦਗੀ ਦੀ ਮੌਜੂਦਾ ਹਕੀਕਤ ਵੱਖ ਵੱਖ ਖੇਤਰਾਂ ਤੇ ਜਾਤੀ ਵਰਗਾਂ ਲਈ ਬੜੀ ਪੇਚੀਦਾ ਅਤੇ ਵਖਰੇਵੇਂ ਭਰੀ ਹੈ। ਇਕ ਪਾਸੇ ਸਪੱਸ਼ਟ ਤੌਰ 'ਤੇ ਪਛਾਣਿਆ ਜਾ ਸਕਣ ਵਾਲਾ ਅਜਿਹਾ ਵਰਗ ਹੈ, ਜਿਹੜਾ ਸ਼ਹਿਰੀਕਰਣ ਦੇ ਘੇਰੇ ਵਿਚ ਆ ਚੁੱਕਾ ਹੈ ਤੇ ਪੜ੍ਹਿਆ ਲਿਖਿਆ ਹੈ, ਇਹ ਵਰਗ ਆਰਥਕ ਤੌਰ 'ਤੇ ਖੁਸ਼ਹਾਲ ਹੈ, ਜਿਸ ਨੂੰ ਪਹਿਲਾਂ "ਦਲਿਤ ਬੁਰਯਆਯੀ" ਦਾ ਨਾਂਅ ਦਿੱਤਾ ਜਾਂਦਾ ਸੀ। ਬਹੁਤੀ ਵਾਰ ਉਹਨਾਂ ਦੀ ਗੁੱਝੀ ਸਮੱਸਿਆ ਇਹ ਹੁੰਦੀ ਹੈ ਕਿ ਕਥਿਤ ਤੌਰ 'ਤੇ ਉੱਚੀ ਜਾਤੀ ਦੇ ਉਹਨਾਂ ਦੇ ਸਾਥੀ ਉਹਨਾਂ ਦੀ ਨੀਵੀਂ ਜਾਤ ਦਾ ਟੇਢੇ ਢੰਗ ਨਾਲ ਜ਼ਿਕਰ ਕਰਦੇ ਹਨ ਜਾਂ ਮੂੰਹੋਂ ਕੁਝ ਆਖਣ ਦੀ ਬਿਜਾਏ ਸਰੀਰਕ ਇਸ਼ਰਿਆਂ ਰਾਹੀਂ ਉਹਨਾਂ ਪ੍ਰਤੀ ਘਿਰਣਾ ਦਾ ਪ੍ਰਗਟਾਵਾ ਕਰਦੇ ਹਨ। ਹਰਿੰਦਰ ਸਿੰਘ ਖਾਲਸਾ ਨੇ ਪੱਟੀਦਰਜ ਜਾਤੀਆਂ ਦੇ ਉੱਪਰ ਉੱਠ ਚੁੱਕੇ ਤੇ ਪੜ੍ਹੇ ਲਿਖੇ ਵਿਅਕਤੀਆਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉੱਤਲੀ ਜਾਤੀ ਦੇ ਲੋਕ ਆਪਣੀ ਦਿਮਾਗ਼ੀ ਛੂਤ ਛਾਤ ਦਾ ਭਰਮ "ਇਹ ਨੀਵੀਂ ਜਾਤ" ਵਰਗੀਆਂ ਟਿੱਪਣੀਆਂ ਰਾਹੀਂ ਪਾਲਦੇ ਹਨ। ਉਹਨਾਂ ਲਈ ਇਸ ਹਕੀਕਤ ਨੂੰ ਪਰਵਾਨ ਕਰਨਾ ਔਖਾ ਹੈ ਕਿ ਪੱਟੀਦਰਜ ਜਾਤੀਆਂ ਵੀ ਵਧੇਰੇ ਅਕਲਮੰਦ, ਵਧੇਰੇ ਸੋਚਵਾਨ, ਸਿਹਤ ਸਫ਼ਾਈ ਬਾਰੇ ਵਧੇਰੇ ਸੁਚੇਤ ਤੇ ਵਧੇਰੇ ਉਚੇਰੀ ਜ਼ਿੰਦਗੀ ਜਿਉਣ ਦੇ ਯੋਗ ਹੋ ਸਕਦੀਆਂ ਹਨ।"
ਪੱਟੀਦਰਜ ਜਾਤੀਆਂ ਦਾ ਇਕ ਸ੍ਰੇਸ਼ਠ ਵਰਗ ਮਾਣਹਾਨੀ ਤੇ ਸ਼ਰਮ ਬਾਰੇ ਵਧੇਰੇ ਹੀ ਸੰਵੇਦਨਸ਼ੀਲ ਹੈ। ਉਹਨਾਂ ਦੇ ਇਸ ਕਥਨ ਦਾ ਆਮ ਹਵਾਲਾ ਦਿੱੱਤਾ ਜਾਂਦਾ ਹੈ, "ਜਦੋਂ ਉਹ ਕਹਿੰਦਾ ਹੈ ਕਿ ਮੈਂ ਜੱਟ ਹਾਂ ਤਾਂ ਉਸਦੀ ਹਿੱਕ ਚੌੜੀ ਹੋ ਜਾਂਦੀ ਹੈ। ਪਰ ਜਦੋਂ ਸਾਨੂੰ ਚੁਮਾਰ ਕਹਿਣਾ ਪੈਂਦਾ ਹੈ ਤਾਂ ਅਸੀਂ ਕੱਖੋਂ ਹੌਲੇ ਹੋ ਜਾਂਦੇ ਹਾਂ।" ਉਹ ਅਜਿਹੇ ਆਮ ਸੁਣੇ ਜਾਂਦੇ ਗੀਤਾਂ ਦਾ ਜ਼ਿਕਰ ਕਰਦੇ ਹਨ, "ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ," ਅਤੇ ਸਮਝਦੇ ਹਨ ਅਜਿਹੇ ਗੀਤਾਂ ਦਾ ਮੰਤਵ ਦਲਿਤਾਂ ਦਾ ਅਪਮਾਨ ਕਰਨਾ ਹੁੰਦਾ ਹੈ। ਪੰਜਾਬੀ ਨਾਵਲਾਂ ਜਾਂ ਕਹਾਣੀਆਂ ਵਿਚ ਜੱਟ ਪਾਤਰ ਆਮ ਹੀ ਸ਼ੇਖੀ ਮਾਰਦੇ ਚਿਤਰੇ ਜਾਂਦੇ ਹਨ, "ਅਸੀਂ ਜੱਟ ਜ਼ਿੰਮੀਦਾਰ ਹੁੰਦੇ ਹਾਂ। ਅਸੀਂ ਨਿੱਕੀ ਸੁੱਕੀ ਜਾਤ ਨਹੀਂ।" ਅਜਿਹੀਆਂ ਗੱਲਾਂ ਬਹੁਤ ਚੁੱਭਦੀਆਂ ਹਨ। ਪੱਟੀਦਰਜ ਜਾਤੀਆਂ ਦੇ ਬਹੁਤ ਸਾਰੇ ਮੁਲਾਜ਼ਮ ਜਾਂ ਤਾਂ ਆਪਣੀ ਜਾਤ ਨੂੰ ਲੁਕਾਣ ਦੀ ਰੁਚੀ ਰੱਖਦੇ ਹਨ ਜਾਂ ਅਜਿਹੀ ਸੰਗਤ ਜਾਂ ਸਥਿਤੀ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ ਜਿਥੇ ਉਹਨਾਂ ਨੂੰ ਆਪਣੀ ਬੇਇਜ਼ਤੀ ਜਾਂ ਅਪਮਾਨ ਹੋਣ ਦਾ ਸੰਸਾ ਹੋਵੇ। ਦਲਿਤ ਲੇਖਕ ਅਜਿਹੇ ਪਾਤਰ ਚਿਤਰਦੇ ਹਨ ਜਿਹੜੇ ਆਪਣੇ ਘੱਟ ਖੁਸ਼-ਕਿਸਮਤ ਸਾਕ ਸੰਬੰਧੀਆਂ ਤੋਂ ਕਤਰਾਉਂਦੇ ਹਨ ਜਾਂ ਉਹਨਾਂ ਨਾਲ ਰਿਸ਼ਤਿਆਂ ਤੋਂ ਇਨਕਾਰ ਕਰਦੇ ਹਨ। ਕਾਂਸ਼ੀ ਰਾਮ, ਜਿਹੜੇ ਪਹਿਲਾਂ ਏ.ਐੱਮ.ਸੀ.ਈ.ਐੱਫ਼ ਦੇ ਤੇ ਬਾਅਦ ਵਿਚ ਬੀ ਐੱਸ਼ ਪੀ ਦੇ ਸੰਸਥਾਪਕ ਪ੍ਰਧਾਨ ਸਨ, ਨੇ ਦਲਿਤਾਂ ਦੀ ਮੁੱਢਲੀ ਮਾਨਸਕ ਪੀੜ ਨੂੰ ਬਿਆਨ ਕਰਦਿਆਂ ਠੀਕ ਦੁੱਖਦੀ ਰਗ ਉੱਤੇ ਉਂਗਲ ਰੱਖੀ ਜਦੋਂ ਉਹਨਾਂ ਕਿਹਾ, "ਸਾਡੀ ਸਮੱਸਿਆ ਅਪਮਾਨ ਹੈ, ਕੰਗਾਲੀ ਨਹੀਂ।" ਇਹ ਨਾਅਰਾ ਉਹਨਾਂ ਦੀ ਪਾਰਟੀ ਲਈ ਲਾਮਬੰਦੀ ਦਾ ਮੁੱਖ ਨਾਅਰਾ ਸਾਬਤ ਹੋਇਆ। ਉਸਦੀ ਵਿਚਾਰਧਾਰਕ ਪੁਜੀਸ਼ਨ ਪਬਲਿਕ ਖੇਤਰ ਵਿਚਲੇ ਉਹਨਾਂ ਮੁਲਾਜ਼ਮਾਂ ਦੇ ਤਲਖ਼ ਤਜਰਬੇ ਉੱਤੇ ਆਧਾਰਤ ਸੀ, ਜਿਹੜੇ ਪੱਟੀਦਰਜ ਜਾਤੀਆਂ ਨਾਲ ਸੰਬੰਧ ਰੱਖਦੇ ਸਨ। ਤਾਂ ਵੀ ਲੇਖਕ ਦਾ ਅਨੁਭਵ ਹੈ ਕਿ ਪੜ੍ਹੇ ਲਿਖੇ ਮਾਪਿਆਂ ਦੇ ਸਿੱਖਿਆ ਪ੍ਰਾਪਤ ਨੌਜਵਾਨ ਹੁਣ ਇਸ ਮਾਮਲੇ ਬਾਰੇ ਬਹੁਤੀ ਪਰਵਾਹ ਨਹੀਂ ਕਰਦੇ। ਉਹ ਅਜਿਹੀਆਂ ਘਟਨਾਵਾਂ ਨੂੰ ਸਰਸਰੀ ਜਿਹੇ ਢੰਗ ਨਾਲ ਹੀ ਲੈਂਦੇ ਹਨ। ਉਹ ਜਾਂ ਤਾਂ ਅਜਿਹੀਆਂ ਘਟਨਾਵਾਂ ਬਾਰੇ ਹੱਸ ਛੱਡਦੇ ਹਨ, ਜਾਂ ਫਿਰ ਜਵਾਬ ਵਿਚ ਅਗਲੇ ਦੀ ਲਾਹ ਪਾਹ ਕਰ ਦਿੰਦੇ ਹਨ। ਮੁਕਾਬਲਤਨ ਘੱਟ ਅਵਸਰ-ਪ੍ਰਾਪਤ ਦਲਿਤ ਤੇ ਸਮਾਜੀ ਕਾਰਕੁਨ ਦੋਹਵੇਂ ਹੀ ਅਮੀਰ ਤੇ ਪੜ੍ਹੇ ਲਿਖੇ ਦਲਿਤਾਂ ਨੂੰ ਇਸ ਗੱਲੋਂ ਨਿੰਦਦੇ ਹਨ ਕਿ ਉਹਨਾਂ ਆਪਣੇ ਬਾਕੀ ਦੇ ਘੱਟ ਖੁਸ਼ਕਿਸਮਤ ਲੋਕਾਂ ਵੱਲੋਂ ਮੂੰਹ ਮੋੜ ਲਿਆ ਹੈ। ਇਹ ਸਮਝਿਆ ਜਾਂਦਾ ਹੈ ਕਿ ਅਜਿਹੇ ਨਵੇਂ ਰੱਜੇ ਲੋਕ ਬੜੀ ਮੁਸ਼ਕਲ ਹਾਲਤ ਵਿਚ ਫਸੇ ਹੋਏ ਹਨ; ਨਾ ਤਾਂ ਉਹਨਾਂ ਨੂੰ ਉੱਤਲੀਆਂ ਸ਼੍ਰੇਣੀਆਂ ਆਪਣੇ ਬਰਾਬਰ ਸਮਝਦੀਆਂ ਹਨ ਅਤੇ ਨਾ ਹੀ ਉਹਨਾਂ ਦੇ ਆਪਣੇ ਲੋਕ ਉਹਨਾਂ ਦੀ ਇੱਜ਼ਤ ਕਰਦੇ ਹਨ। ਲਾਹੌਰੀ ਰਾਮ ਬਾਲੀ ਇਸ ਸ਼੍ਰੇਣੀ ਦੇ ਦਲਿਤਾਂ ਦੀ ਜਿਸ ਇਕ ਹੋਰ ਗੱਲ ਲਈ ਨਿੰਦਿਆ ਕਰਦੇ ਸਨ ਉਹ ਹੈ ਇਹਨਾਂ ਵੱਲੋਂ ਆਪਣੀ ਨਵੀਂ ਅਮੀਰੀ ਦਾ ਘਟੀਆ ਵਿਖਾਵਾ। ਬਿਜਾਏ ਇਸਦੇ ਕਿ ਇਹ ਲੋਕ ਆਪਣੇ ਵਿਆਹ ਤੇ ਹੋਰ ਰਸਮਾਂ ਪਹਿਲਾਂ ਵਾਂਗ ਸਾਦਾ ਢੰਗ ਨਾਲ ਕਰਨ, ਉਹਨਾਂ ਆਪਣਾ ਪੈਸਾ "ਤੜਕ ਭੜਕ ਭਰੇ ਵਿਆਹਾਂ ਤੇ ਬਰਸੀਆਂ ਉੱਤੇ ਕੀਤੇ ਜਾਂਦੇ ਇਕੱਠਾਂ ਤੇ ਇਸੇ ਤਰ੍ਹਾਂ ਦੀਆਂ ਹੋਰਾਂ ਰੀਤਾਂ ਰਸਮਾਂ ਉੱਤੇ ਖਰਚ ਕਰਨਾ ਸ਼ੁਰੂ ਕਰ ਦਿੱਤਾ ਹੈ।" ਜ਼ਿਲ੍ਹਾ ਹੁਸ਼ਿਆਰਪੁਰ ਵਿਚ ਕੀਤੇ ਗਏ ਇਕ ਸਰਵੇਖਣ ਅਨੁਸਾਰ ਪੱਟੀਦਰਜ ਸ਼੍ਰੇਣੀ ਦੇ ਨਵ-ਧਨੀ ਵਿਅਕਤੀ ਨਾ ਕੇਵਲ ਕੁੜੀਆਂ ਨਾਲੋਂ ਮੁੰਡਿਆਂ ਨੂੰ ਤਰਜੀਹ ਦਿੰਦੇ ਹਨ ਸਗੋਂ ਆਪਣੇ ਪਰਿਵਾਰਾਂ ਵਿਚ ਬੱਚੀ ਦੇ ਜਨਮ ਨੂੰ ਰੋਕਣ ਦੀ ਰੁਚੀ ਵੀ ਰੱਖਦੇ ਹਨ। "ਸਿਵਾਏ ਕੁਝ ਇਕ ਹਾਲਤਾਂ, ਦੇ ਪੜ੍ਹੇ ਲਿਖੇ ਦਲਿਤ ਪੀ.ਡੀ.ਐੱਨ.ਟੀ. (ਪੇਟ ਵਿਚ ਭਰੂਣ ਦੀ ਲਿੰਗ ਪਰਖ) ਵਿਚ ਤੇ ਬੱਚੀ ਹੋਣ ਦੀ ਹਾਲਤ ਵਿਚ ਗਰਭਪਾਤ ਕਰਵਾਉਣ ਵਿਚ ਵਧੇਰੇ ਝੁਕਾਅ ਰੱਖਦੇ ਹਨ, ਠੀਕ ਉਂਝ ਹੀ ਜਿਵੇਂ ਉੱਤਲੀਆਂ ਸ਼੍ਰੇਣੀਆਂ ਦੇ ਖਾਂਦੇ ਪੀਂਦੇ ਲੋਕ ਕਰਦੇ ਹਨ। ਪੰਜਾਬ ਵਿਚ ਪੱਟੀਦਰਜ ਜਾਤੀਆਂ ਬਾਰੇ ਇਕ ਹੋਰ ਸਰਵੇਖਣ ਵਿਚ ਇਹ ਗੱਲ ਸਾਹਮਣੇ ਆਈ ਕਿ ਹਰੇ ਇਕਕਲਾਬ ਤੋਂ ਬਾਅਦ ਦੇ ਸਮੇਂ ਵਿਚ ਪੱਟੀਦਰਜ ਜਾਤੀਆਂ ਦੇ ਜਿਸ ਛੋਟੇ ਜਿਹੇ ਵਰਗ ਨੇ ਆਰਥਕ ਖੁਸ਼ਹਾਲੀ ਪ੍ਰਾਪਤ ਕੀਤੀ ਉਹ ਨਾ ਕੇਵਲ ਆਪਣੀਆਂ ਔਰਤਾਂ ਉਤੇ ਬੰਦਸ਼ਾਂ ਕਰੜੀਆਂ ਕਰਨ ਤੇ ਮਰਦਊਪੁਣੇ ਦਾ ਮੁਜ਼ਾਹਰਾ ਕਰਨ ਦੇ ਮਾਮਲਿਆਂ ਵਿਚ ਸਗੋਂ ਔਰਤਾਂ ਉੱਤੇ ਤਸ਼ੱਦਦ ਦੇ ਮਾਮਲੇ ਵਿਚ ਵੀ ਅਖੌਤੀ ਉੱਤਲੀਆਂ ਸ਼੍ਰੇਣੀਆਂ ਦੀ ਨਕਲ ਕਰਦੇ ਹਨ। ਵਾਸਤਵ ਵਿਚ ਦੇਖਣ ਨੂੰ ਇਹ ਗੱਲ ਆਈ ਕਿ ਪੱਟੀਦਰਜ ਜਾਤੀਆਂ ਵਿਚ ਇਹ ਰੁਚੀ ਗ਼ੈਰ-ਪੱਟੀਦਰਜ ਜਾਤੀਆਂ ਵਿਚ ਪਾਈ ਜਾਂਦੀ ਇਸੇ ਕਿਸਮ ਦੀ ਰੁਚੀ ਤੋਂ ਵੱਧ ਤਿੱਖੀ ਹੋ ਗਈ ਹੈ।"
ਦੂਸਰੇ ਪਾਸੇ ਪੇਂਡੂ ਪੱਟੀਦਰਜ ਜਾਤੀਆਂ ਦੀ ਵਿਸ਼ਾਲ ਬਹੁਗਿਣਤੀ ਦਾ ਧਿਆਨ ਰੋਜ਼ ਦਿਹੜੀ ਦੀਆਂ ਆਰਥਕ ਔਕੜਾਂ ਉੱਤੇ ਲੱਗਾ ਰਹਿੰਦਾ ਹੈ। ਰਾਜ ਦੀਆਂ ਸਮਾਜ ਕਲਿਆਣ ਸਕੀਮਾਂ ਅਧੀਨ ਹੋਈ ਚੋਖੀ ਬਿਹਤਰੀ ਦੇ ਬਾਵਜੂਦ ਉਹ ਅਜੇ ਵੀ ਗਰੀਬ ਹੀ ਹਨ। ਇਕ ਅੰਦਾਜ਼ੇ ਅਨੁਸਾਰ ਜਿਹੜੇ ਲੋਕ "ਕੰਗਾਲੀ ਦੀ ਰੇਖਾ ਤੋਂ ਥੱਲੇ" ਜਿਉਂ ਰਹੇ ਹਨ, ਉਹਨਾਂ ਵਿਚੋਂ ਅੱਧੇ ਪੱਟੀਦਰਜ ਜਾਤੀਆਂ ਦੇ ਲੋਕ ਹਨ। ਪੱਟੀਦਰਜ ਜਾਤੀਆਂ ਵਿਚ ਉਹਨਾਂ ਲੋਕਾਂ ਦੀ ਮਾਤਰਾ 66 ਫ਼ੀ ਸਦੀ ਹੈ ਜਿਹੜੇ ਕੰਗਾਲੀ ਦੀ ਪੱਧਰ ਤੋਂ ਥੱਲੇ ਜਿਉਂ ਰਹੇ ਹਨ (ਸਿੰਘ ਆਰ.ਬੀ. 2003-72) ਪਿਛਲੇ ਕੁਝ ਸਾਲਾਂ ਵਿਚ ਵਿਦਿਆ ਤੇ ਸਰਵਜਨਕ ਸਿਹਤ ਦੇ ਖ਼ਰਚਿਆਂ ਵਿਚ ਸਰਕਾਰ ਵਲੋਂ ਕੀਤੀਆਂ ਗਈਆਂ ਕਟੌਤੀਆਂ ਦਾ ਮੁੱਖ ਨਿਸ਼ਾਨਾ ਵੀ ਇਹੀ ਲੋਕ ਬਣੇ। ਸਕੂਲਾਂ ਦੀ ਪੜ੍ਹਾਈ ਨੂੰ ਵਿਚੇ ਛੱਡ ਜਾਣ ਵਾਲੇ ਪੱਟੀਦਰਜ ਜਾਤੀ ਬੱਚਿਆਂ ਦੀ ਬਹੁਤ ਵੱਡੀ ਗਿਣਤੀ ਵੀ ਇਹੀ ਕੁਝ ਦੱਸਦੀ ਹੈ। ਅੰਮ੍ਰਿਤਸਰ ਤੇ ਗੁਰਦਾਸਪੁਰ ਜ਼ਿਲ੍ਹਿਆਂ ਵਿਚ ਇਹਨਾਂ ਜਾਤੀਆਂ ਵਿਚ ਭੂਤ ਪ੍ਰੇਤਾਂ ਬਾਰੇ ਵਹਿਮਾਂ ਭਰਮਾਂ ਵਿਚ ਚੋਖਾ ਵਾਧਾ ਵੀ ਦੇਖਣ ਨੂੰ ਮਿਲਦਾ ਹੈ। ਕੁਝ ਪਿੰਡਾਂ ਵਿਚ ਮਜ਼੍ਹਬੀਆਂ ਦੇ ਈਸਾਈ ਧਰਮ ਅਖਤਿਆਰ ਕਰਨ ਪਿੱਛੇ ਕੰਮ ਕਰਦੇ ਕਾਰਨਾਂ ਵਿਚ ਕਿਸੇ ਰੋਗ ਦੇ ਇਲਾਜ ਲਈ ਧਾਰਮਕ ਵਿਸ਼ਵਾਸ਼ਾਂ 'ਤੇ ਟੇਕ ਤੇ ਪਰਚਾਰ ਵੀ ਸ਼ਾਮਲ ਸਮਝੇ ਜਾਂਦੇ ਹਨ।
ਉਹਨਾਂ ਦੀ ਹੀਣਤਾ ਤੇ ਪਿਛੜੇਵੇਂ ਦਾ ਇਕ ਬੁਨਿਆਦੀ ਕਾਰਨ ਉਹਨਾਂ ਦਾ ਬੇਜ਼ਮੀਨੇ ਹੋਣਾ ਹੈ। ਜਿਸ ਸਮਾਜ ਵਿਚ ਕਿਸੇ ਵਿਅਕਤੀ ਦੀ ਹੈਸੀਅਤ ਤੇ ਵਸਫ ਇਸ ਆਧਾਰ ਉੱਤੇ ਨਿਸ਼ਚਿਤ ਹੁੰਦੇ ਹਨ ਕਿ ਉਹ ਕਿੰਨੀ ਜ਼ਮੀਨ ਦਾ ਮਾਲਕ ਹੈ, ਉੱਥੇ ਬੇਜ਼ਮੀਨੇ ਲੋਕ ਨਿਤਾਣੇ ਹੀ ਨਹੀਂ ਸਗੋਂ ਹੈਸੀਅਤ ਤੋਂ ਵੀ ਹੀਣੇ ਹੁੰਦੇ ਹਨ। ਉਹਨਾਂ ਵਿਚੋਂ ਬਹੁਤਿਆਂ ਨੂੰ ਅਜਿਹੀ ਕੋਈ ਆਸ ਨਹੀਂ ਕਿ ਨੇੜ ਭਵਿੱਖ ਵਿਚ ਭੂਮੀ ਸੁਧਾਰ ਲਾਗੂ ਹੋਣਗੇ। ਇਸ ਲਈ ਵਿਦਿਆ ਤੇ ਮੁਲਾਜ਼ਮਤ ਪੱਟੀਦਰਜ ਜਾਤੀਆਂ ਦੀਆਂ ਦੋ ਮੁੱਖ ਲੋੜਾਂ ਗਿਣੀਆਂ ਜਾਂਦੀਆਂ ਹਨ। ਅਤੇ ਇਸ ਲਿਹਾਜ਼ ਨਾਲ ਉਹਨਾਂ ਦੀ ਵਿਸ਼ਾਲ ਬਹੁਗਿਣਤੀ ਇਸ ਵਾਸਤਵਿਕ ਸੰਸੇ ਨਾਲ ਜਿਉਂਦੀ ਹੈ ਕਿ ਕੋਈ ਮਾੜੀ ਗੱਲ ਵਾਪਰੀ ਕਿ ਵਾਪਰੀ। ਕਾਮਰੇਡ ਸਵਰਨ ਸਿੰਘ, ਜਿਹੜੇ ਬਹੁਤ ਲੰਮੇਂ ਸਮੇਂ ਤੋਂ ਪਿੰਡ ਦੇ ਗਰੀਬ ਦਲਿਤ ਖੇਤ ਮਜ਼ਦੂਰਾਂ ਵਿਚ ਕੰਮ ਕਰਦੇ ਆ ਰਹੇ ਹਨ, ਨੇ ਸਾਰੀ ਸਥਿਤੀ ਨੂੰ ਕੁਝ ਇਸ ਤਰ੍ਹਾਂ ਬਿਆਨ ਕੀਤਾ:
ਮਲਾਜ਼ਮਤ ਨਾ ਮਿਲਣ ਕਾਰਨ ਜਵਾਨ ਲੜਕੇ, ਪੜ੍ਹਨ ਲਿਖਣ ਤੋਂ ਬਾਅਦ ਵੀ ਬੇਕਾਰ ਹੀ ਰਹਿੰਦੇ ਹੀ ਹਨ। ਕਿਉਂਕਿ ਮੁੰਡਿਆਂ ਲਈ ਕੁਝ ਵੀ ਕਰਨ ਲਈ ਨਹੀਂ ਹੁੰਦਾ ਇਸ ਲਈ ਉਹ ਆਵਾਗੌਣ ਦੀ ਭਾਉਂਦੇ ਰਹਿੰਦੇ ਹਨ… ਅਤੇ ਅੰਤ ਨੂੰ ਨਸ਼ੇ ਕਰਨ ਲੱਗ ਪੈਂਦੇ ਹਨ। ਪੈਸੇ ਵਾਲੇ ਲੋਕ ਅਫੀਮ ਜਾਂ ਇਸੇ ਕਿਸਮ ਦੇ ਹੋਰ ਨਸ਼ੇ ਕਰਦੇ ਹਨ ਪਰ ਸਾਡੇ ਮੁੰਡੇ ਜਾਂ ਤਮਾਕੂ ਖਾਂਦੇ ਹਨ, ਜਾਂ ਫਿਰ ਸੁੱਖਾ ਤੇ ਭੰਗ ਰਗੜ ਰਗੜ ਕੇ ਪੀਂਦੇ ਹਨ।" ਪੰਜਾਂ ਰੁਪਈਆਂ ਦਾ ਭੰਗ ਦਾ ਗਲਾਸ ਮਿਲ ਜਾਂਦਾ ਹੈ। ਇਸ ਦਾ ਰਿਵਾਜ ਐਨਾ ਵੱਧ ਗਿਆ ਹੈ ਕਿ ਕੋਈ ਅੰਤ ਹੀ ਨਹੀਂ। ਪਹਿਲਾਂ ਘਰ ਦੀ ਕੱਢੀ ਸ਼ਰਾਬ ਮਿਲ ਜਾਂਦੀ ਸੀ। ਟੱਬਰ ਆਪਸ ਵਿਚ ਮਿਲਕੇ ਆਪਣੀ ਦਾਰੂ ਕੱਢ ਲੈਂਦੇ ਹਨ ਤੇ ਦਾਰੂ ਦੀ ਇਹ ਬੋਤਲ ਪੰਜਾਂ ਰੁਪਈਆਂ ਨੂੰ ਮਿਲ ਜਾਂਦੀ ਸੀ। ਪਰ ਹੁਣ ਇਹ ਨਹੀਂ ਮਿਲਦੀ। ਕਈ ਘਰਾਂ ਵਿਚ ਨਸ਼ਿਆਂ ਦੇ ਆਦੀ ਮਰਦ ਆਪਣੀਆਂ ਕੰਮ ਕਰਦੀਆਂ ਔਰਤਾਂ ਤੋਂ ਨਸ਼ੇ ਖਰੀਦਣ ਲਈ ਪੈਸੇ ਖੋਹਣ ਲਈ ਉਹਨਾਂ ਨੂੰ ਮਾਰਦੇ ਕੁੱਟਦੇ ਹਨ। ਕਈ ਔਰਤਾਂ ਤਾਂ ਆਪਣੇ ਪਰਿਵਾਰਾਂ ਦੇ ਮਰਦਾਂ ਵਿਰੁੱਧ ਡੱਟ ਜਾਂਦੀਆਂ ਹਨ। ਪਰ ਆਪਣੇ ਪੁੱਤਰਾਂ ਨੂੰ ਉਹ ਝਬਦੇ ਹੀ ਪੈਸੇ ਫੜਾ ਦਿੰਦੀਆਂ ਹਨ ਤੇ ਪਿਛੋਂ ਉਹਨਾਂ ਨੂੰ ਤੇ ਉਹਨਾਂ ਦੀ ਕਿਸਮਤ ਨੂੰ ਕੋਸਦੀਆਂ ਹਨ (ਲੇਖਕ ਵਲੋਂ ਕੀਤੀ ਮੁਲਾਕਾਤ ਵਿਚੋਂ)
ਜਾਤੀ ਅੱਤਿਆਚਾਰਾਂ ਦੇ ਵਧਦੇ ਵਾਕਿਆਤ ਇਕ ਹੋਰ ਵਰਤਾਰਾ ਹੈ। 1998 ਤੇ 2003 ਦੇ ਵਿਚਕਾਰ ਦਲਿਤਾਂ ਉੱਤੇ ਅਤਿਆਚਾਰਾਂ ਬਾਰੇ ਅਖ਼ਬਾਰੀ ਖ਼ਬਰਾਂ ਦੇ ਸਰਵੇਖਣ ਤੋਂ ਅਜਿਹੀਆਂ ਦਰਜਨ ਤੋਂ ਵੱਧ ਘਟਨਾਵਾਂ ਸਾਹਮਣੇ ਆਈਆਂ ਜਿਹਨਾਂ ਵਿਚ ਦਲਿਤ ਇਸਤਰੀਆਂ ਨੂੰ ਬਲਾਤਕਾਰ ਜਾਂ ਸਮੂਹਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਗਿਆ ਜਾਂ ਉਹਨਾਂ ਨੂੰ ਨਿਰਵਸਤਰ ਕੀਤਾ ਗਿਆ ਅਤੇ ਨਿਰਵਸਤਰ ਕਰਕੇ ਪਿੰਡ ਵਿਚ ਘੁੰਮਾਇਆ ਗਿਆ (ਪੁਰੀ 2003-2699, 2701)। ਦਲਿਤਾਂ ਨਾਲ ਸਮਾਜੀ ਬਾਈਕਾਟ ਦੀਆਂ ਘਟਨਾਵਾਂ ਵੀ ਪਿਛਲੇ ਦਹਾਕੇ ਵਿਚ ਅਕਸਰ ਛਪਦੀਆਂ ਰਹੀਆਂ ਹਨ। ਪੰਜਾਬ ਵਿਚ ਦਲਿਤ ਦਾਸਤਾ ਵਿਰੋਧੀ ਅੰਦੋਲਨ ਨੇ ਦਲਿਤਾਂ ਨੂੰ ਕਰਜ਼ੇ-ਬੱਧੀ ਮਜ਼ਦੂਰੀ ਵਿਚ ਜਕੜਨ ਦੇ ਮਾਮਲਿਆਂ ਦੀ ਇਕ ਵਿਵਰਣ-ਸੂਚੀ ਤਿਆਰ ਕੀਤੀ ਸੀ ਅਤੇ ਅਜਿਹੇ ਨੀਮ ਗ਼ੁਲਾਮ ਮਜ਼ਦੂਰਾਂ ਦੀ ਰਿਹਾਈ ਲਈ ਸੰਘਰਸ਼ ਕੀਤਾ ਸੀ। ਇਹਨਾਂ ਮਾਮਲਿਆਂ ਦਾ ਸੰਬੰਧ ਅਜਿਹੇ ਭੱਠਾਂ ਮਜ਼ਦੂਰ ਮਰਦਾਂ ਤੇ ਔਰਤਾਂ ਨਾਲ ਸੀ ਜਿਹੜੇ ਪੇਸ਼ਗੀ ਰਕਮਾਂ ਸੂਦ ਉੱਤੇ ਜਾਂ ਉਧਾਰ ਲੈ ਬੈਠੇ ਸਨ ਪਰ ਆਪਣੀਆਂ ਉਜਰਤਾਂ ਰਾਹੀਂ ਕਰਜ਼ਾ ਨਹੀਂ ਸਨ ਲਾਹ ਸਕਦੇ। ਕਦੇ ਖ਼ਤਮ ਨਾ ਹੋਣ ਵਾਲੀ ਕਰਜ਼ੇ ਦੀ ਜਕੜ ਵਿਚ ਜਕੜੇ ਜਾਣ ਕਾਰਨ ਹੱਡਤੋੜਵੀਂ ਮਿਹਨਤ, ਸਰੀਰਕ ਅੱਤਿਆਚਾਰ ਤੇ ਔਰਤਾਂ ਦਾ ਬਲਾਤਕਾਰ ਉਹਨਾਂ ਲਈ ਕਰਜ਼ੇ ਦਾ ਭੁਗਤਾਨ ਨਾ ਕਰਨ ਦੀ ਸਜ਼ਾ ਬਣ ਗਿਆ ਸੀ। (ਪੀਟਰ 2004) ਪੰਜਾਬੀ ਲੇਖਕ ਦੱਸਦੇ ਹਨ ਕਿ 1980 ਤੋਂ "ਪਹਿਲਾਂ ਤੁਹਾਨੂੰ ਇਹ ਗੱਲ ਘੱਟ ਹੀ ਸੁਨਣ ਵਿਚ ਆਉਂਦੀ ਸੀ ਕਿ ਕਿਸੇ ਦਲਿਤ ਇਸਤਰੀ ਨਾਲ ਬਲਾਤਕਾਰ ਬਾਰੇ ਕੋਈ ਮੁਕੱਦਮਾ ਦਰਜ ਹੋਇਆ ਹੋਵੇ। ਦਲਿਤਾਂ ਨੂੰ ਇਹ ਹਿੰਮਤ ਨਹੀਂ ਸੀ ਪੈਂਦੀ ਕਿ ਉਹ ਰੀਪੋਰਟ ਦਰਜ ਕਰਵਾ ਸਕਣ, ਪੁਲਸ ਕੋਈ ਧਿਆਨ ਹੀ ਨਹੀਂ ਸੀ ਦਿੰਦੀ। ਮੀਡੀਆ ਪਰਵਾਹ ਨਹੀਂ ਸੀ ਕਰਦਾ। ਇਸ ਵੇਲੇ ਮੀਡੀਆ ਤੇ ਰਾਜਨੀਤਕ ਆਗੂਆਂ ਦਾ ਧਿਆਨ ਦੁਆਉਣ ਲਈ ਖੁੱਲ੍ਹੇ ਮੁਜ਼ਹਰੇ 'ਤੇ ਧਰਨੇ ਕੋਈ ਅਸਧਾਰਨ ਗੱਲ ਨਹੀਂ ਰਹੇ। ਹੁਣ ਅਜਿਹੇ ਰੋਸ ਪ੍ਰਗਟਾਵਿਆਂ ਰਾਹੀਂ ਮੁਕਦਮੇ ਦਰਜ ਕਰਨ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਜ਼ੋਰ ਪਾਇਆ ਜਾ ਸਕਦਾ ਹੈ। ਤਾਂ ਵੀ ਜੇ ਬਲਾਤਕਾਰ, ਸਮਾਜੀ ਤੇ ਹੋਰ ਕਿਸਮ ਦੇ ਅਤਿਆਚਾਰਾਂ ਵਿਚ ਵਾਧਾ ਹੋ ਰਿਹਾ ਹੈ ਤਾਂ ਇਸਦਾ ਕਾਰਨ ਦਲਿਤਾਂ ਦੀ ਨਜ਼ਰ ਵਿਚ ਇਹ ਹੈ ਕਿ ਪਿੰਡਾਂ ਵਿਚ ਪੱਟੀਦਰਜ ਜਾਤੀਆਂ ਦਾ ਉਤਾਂਹ ਉੱਠਣਾ ਤੇ ਦਬਾ ਨਾ ਮੰਨਣਾ ਜੱਟ ਵਸੋਂ ਨੂੰ ਸੁਖਾਂਦਾ ਨਹੀਂ।
ਜਿਸ ਦ੍ਰਿੜਤਾ ਭਰੇ ਢੰਗ ਨਾਲ ਦਲਿਤ ਵਿਤਕਰਿਆਂ ਦੇ ਖਿਲਾਫ਼ ਡਟ ਰਹੇ ਹਨ ਉਹ ਅੱਜ ਦੇ ਸਮੇਂ ਦਾ ਬੜਾ ਵਰਨਣਯੋਗ ਵਰਤਾਰਾ ਹੈ। ਇਸਦੀ ਇਕ ਨਿਸ਼ਾਨੀ ਇਹ ਹੈ ਕਿ ਰਵੀਦਾਸੀਏ, ਕਬੀਰ ਪੰਥੀ, ਮਜ਼੍ਹਬੀ ਤੇ ਬਾਲਮੀਕ ਆਪਣੇ ਵੱਖਰੇ ਗੁਰਦਵਾਰੇ, ਮੰਦਰ ਤੇ ਹੋਰ ਧਰਮ ਅਸਥਾਨ ਅਤੇ ਇਸਦੇ ਨਾਲ ਨਾਲ ਵੱਖਰੇ ਸ਼ਮਸ਼ਾਨ ਘਾਟ ਧੜਾ ਧੜ ਬਣਵਾ ਰਹੇ ਹਨ। 1960 ਤੋਂ ਪਹਿਲਾਂ ਸਭ ਜਾਤੀਆਂ ਦੇ ਲੋਕ ਆਪਣੇ ਮਰਨ ਵਾਲਿਆਂ ਦਾ ਸਸਕਾਰ ਇਕੋ ਥਾਂ ਕਰਦੇ ਸਨ। ਹੁਣ ਤਕਰੀਬਨ ਹਰ ਪਿੰਡ ਵਿਚ ਵੱਖੋ ਵੱਖਰੇ ਸ਼ਮਸ਼ਾਨਘਾਟ ਹਨ। 'ਨਵਾਂ ਜ਼ਮਾਨਾ' ਵਿਚ ਆਪਣੀ ਇਕ ਲੰਮੀ ਲੇਖ ਲੜੀ ਵਿਚ ਦੇਸ ਰਾਜ ਕਾਲੀ ਨੇ ਅਜਿਹੀਆਂ ਧਾਰਮਿਕ ਥਾਵਾਂ ਦੀ ਮਾਲਕੀ ਬਾਰੇ ਵੱਖ ਵੱਖ ਜਾਤੀਆਂ ਵਿਚਾਲੇ ਝੱੜਪਾਂ ਦੀਆਂ ਘਟਨਾਵਾਂ ਦਾ ਵਿਸਲੇਸ਼ਨ ਕੀਤਾ, ਜਿਹੜੀਆਂ ਪਹਿਲਾਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਮੰਨੀਆਂ ਜਾਂਦੀਆਂ ਸਨ (ਕਾਲੀ 2003)। ਇਸ ਸੰਬੰਧ ਵਿਚ ਪੱਟੀਦਰਜ ਜਾਤੀਆਂ ਦਾ ਡੱਟਣਾ ਦੱਸਦਾ ਹੈ ਕਿ ਉਹ ਆਪਣੇ ਸਵੈਧੀਨ ਹੋਣ ਦਾ ਅਧਿਕਾਰ ਤੇ ਵੱਖਰੀ ਪਛਾਣ ਮੰਨਵਾਉਣਾ ਚਾਹੁੰਦੇ ਹਨ। ਵਿਪੱਖ ਦੀ ਧਿਰ ਅਰਥਾਤ ਭਾਰੂ ਜੱਟ ਭਾਈਚਾਰੇ ਨੂੰ ਅਤੇ ਜਿਨਾਂ ਗੱਲਾਂ ਨੂੰ ਇਹ ਭਾਈਚਾਰਾ ਆਪਣੇ ਭਾਰੂ ਹੋਣ ਦਾ ਚਿੰਨ੍ਹ ਸਮਝਦਾ ਹੈ, ਉਹਨਾਂ ਨੂੰ ਵੰਗਾਰਨਾ ਅਤੇ ਇਸਦੇ ਲਈ ਟੱਕਰ ਲੈਣ ਤੋਂ ਵੀ ਪਿਛੇ ਨਾ ਹੱਟਣਾ ਪੱਟੀਦਰਜ ਜਾਤੀਆਂ, ਖਾਸ ਤੌਰ 'ਤੇ ਇਹਨਾਂ ਦੇ ਨੌਜਵਾਨ ਵਰਗ ਵਿਚ ਆਈ ਤਬਦੀਲੀ ਦਾ ਹੀ ਸੰਕੇਤ ਹੈ।
ਪਿੰਡਾਂ ਅੰਦਰ ਸਮਾਜੀ ਸਮੀਕਰਣ ਵਿਚ ਆਈਆਂ ਤਬਦੀਲੀਆਂ ਨੂੰ ਬਹੁਤੇ ਜੱਟਾਂ ਲਈ ਕਬੂਲ ਕਰਨਾ ਔਖਾ ਹੈ। ਰਾਜ ਵਿਚ ਉਹ ਅਕਾਲੀ ਦਲ ਤੇ ਕਾਂਗਰਸ, ਦੋਹਾਂ ਉੱਤੇ ਉਹ ਭਾਰੂ ਰਹੇ ਹਨ। "ਕਿਉਂਕਿ ਲੀਡਰਸ਼ਿਪ ਜੱਟਾਂ ਦੇ ਹੱਥਾਂ ਵਿਚ ਹੁੰਦੀ ਸੀ ਇਸ ਲਈ ਗਰੀਬ ਜੱਟਾਂ ਵਿਚ ਇਹ ਭਰਮ ਕਾਇਮ ਰਹਿੰਦਾ ਸੀ ਜਿਵੇਂ ਉਹ ਸ੍ਰੇਸ਼ਠ ਜਾਤੀ ਨਾਲ ਸੰਬੰਧ ਰੱਖਦੇ ਹਨ, ਭਾਵੇਂ ਉਹਨਾਂ ਦੀਆਂ ਜੀਵਨ ਹਾਲਤਾਂ ਪੱਟੀਦਰਜ ਜਾਤੀਆਂ ਨਾਲੋਂ ਵੀ ਮੰਦਿਆਂ ਹੀ ਕਿਉਂ ਨਹੀਂ ਸਨ ਹੁੰਦੀਆਂ। ਇਹ ਸੀ ਇਕ ਕਾਰਨ ਕਿਸ ਕਰਕੇ ਜੱਟਾਂ ਤੇ ਦਲਿਤਾਂ ਵਿਚਾਲੇ ਮੁੱਖ ਤਜ਼ਾਦ ਉੱਭਰਿਆ (ਜੱਜ 2005, 26)। ਦੋਹਾਂ ਹੀ ਵਰਗਾਂ ਦੇ ਲੋਕ ਆਪੋ ਆਪਣੀ ਜਾਤੀ ਪਛਾਣ ਉੱਤੇ ਪਹਿਲਾਂ ਨਾਲੋਂ ਵਧੇਰੇ ਜ਼ੋਰ ਦੇਣ ਦੀ ਰੁਚੀ ਰੱਖਦੇ ਹਨ।
ਇਹ ਤਬਦੀਲੀ ਨਿਸ਼ਚੇ ਹੀ ਅੰਸ਼ਕ ਹੈ ਅਤੇ ਕਈ ਤਰ੍ਹਾਂ ਦੀਆਂ ਵਿਰੋਧਤਾਈਆਂ ਨੂੰ ਦਰਸਾਉਂਦੀ ਹੈ। ਦਲਿਤਾਂ ਲਈ ਆਪਣੀ ਪਛਾਣ ਦੀ ਸਮੱਸਿਆ ਉੱਨਤੀ ਦੇ ਅਵਸਰਾਂ ਦੀ ਮੁੜ ਤੋਂ ਵੰਡ ਤੇ ਇਹਨਾਂ ਤੱਕ ਪਹੁੰਚ ਅਤੇ ਸਮਾਜੀ ਨਿਆਂ ਦੀਆਂ ਸਮੱਸਿਆਵਾਂ ਨਾਲੋਂ ਵਧੇਰੇ ਅਹਿਮ ਹੋ ਗਈ ਹੈ ਹਾਲਾਂ ਕਿ ਮਗਰਲੀਆਂ ਸਮੱਸਿਆਵਾਂ ਉਹਨਾਂ ਦੇ ਗਰੀਬ ਤੇ ਅਨਪੜ੍ਹ ਭਰਾਵਾਂ ਦੀ ਜ਼ਿੰਦਗੀ ਵਿਚ ਕੇਂਦਰੀ ਮਹੱਤਤਾ ਰੱਖਦੀਆਂ ਹਨ। ਦੂਸਰੇ ਪਾਸੇ ਪਛਾਣ ਦੀ ਚੇਤਨਾ ਨੇ ਕਈ ਤਰ੍ਹਾਂ ਦੇ ਵੱਖੋ ਵੱਖਰੇ ਰੂਪ ਅਖਤਿਆਰ ਕਰ ਲਏ ਹਨ। ਦਲਿਤ ਪਛਾਣ ਦੀ ਥਾਂ ਅਣਅੱਖਰਵੀਂ ਜਾਤੀ ਚੇਤਨਾ ਨੇ ਅੰਦਰਲੀ ਜਾਤੀ ਦਰਜੇਬੰਦੀ ਨੂੰ ਮਜ਼ਬੂਤ ਕਰਨ ਵਿਚ ਹਿੱਸਾ ਪਾਇਆ। ਆਦਿ ਧਰਮੀਆਂ ਤੇ ਕਬੀਰਪੰਥੀਆਂ ਦਾ ਮਜ਼੍ਹਬੀਆਂ ਤੇ ਬਾਲਮੀਕੀਆਂ ਪ੍ਰਤੀ ਅਪ੍ਰਤੱਖ ਜਿਹਾ ਭੇਦ ਭਾਵ ਸਹਿਜੇ ਹੀ ਦੇਖਿਆ ਜਾ ਸਕਦਾਹੈ। ਪੰਜਾਬ ਵਿਚ ਕਾਂਸ਼ੀ ਰਾਮ ਦੀ ਬੀ.ਐਸ਼ਪੀ. ਮੁੱਖ ਤੌਰ 'ਤੇ ਆਦਿ-ਧਰਮੀ ਚਮਾਰ ਜਥੇਬੰਦੀ ਹੀ ਰਹੀ ਅਤੇ ਪੱਟੀਦਰਜ ਜਾਤੀਆਂ ਦੇ ਹੋਰ ਵਰਗ ਇਸਤੋਂ ਬਾਹਰ ਹੀ ਰਹੇ।
ਲੁਧਿਆਣੇ ਵਿਚ ਹੇਰਾਂ ਪਿੰਡ ਦੇ ਮਜ੍ਹਬੀਆਂ ਨੇ, ਜਿਹਨਾਂ ਨੇ ਅੱਠ ਸਾਲ ਪਹਿਲਾਂ ਪਿੰਡ ਦੇ ਰਾਮਦਾਸੀਆਂ ਨਾਲ ਮਿਲਕੇ ਵੱਖਰਾ ਗੁਰਦਵਾਰਾ ਉਸਾਰਿਆ ਸੀ, 2002 ਵਿਚ ਨਿਰੋਲ ਮਜ਼੍ਹਬੀ ਸਿੱਖਾਂ ਲਈ ਵੱਖਰਾ ਗੁਰਦਵਾਰਾ ਉਸਾਰਨ ਦਾ ਫ਼ੈਸਲਾ ਕੀਤਾ। ਮਜ਼੍ਹਬੀ ਵਰਗ ਦੇ ਲੋਕਾਂ ਨੂੰ ਗੁੱਸਾ ਸੀ ਕਿ ਰਾਮਦਾਸੀਆ ਔਰਤਾਂ ਨੇ ਉਹਨਾਂ ਦੀਆਂ ਔਰਤਾਂ ਦਾ ਨਿਰਾਦਰ ਕੀਤਾ ਜਦੋਂ ਉਹਨਾਂ ਇਹ ਕਿਹਾ ਕਿ ਜੇ ਮਜ਼੍ਹਬੀ ਵਰਗ ਦੀਆਂ ਔਰਤਾਂ ਗੁਰਦਵਾਰੇ ਵਿਚ ਦਾਖਲ ਹੋਈਆਂ ਤੋਂ ਉਹ ਬੁਰੀ ਕਰਨਗੀਆਂ। (ਪੁਰੀ 2003. 2700)। ਪਿੱਛੇ ਜਿਹੇ ਗੁਹਾਣਾ (ਹਰਿਆਣਾ) ਵਿਚ ਬਾਲਮੀਕੀ ਬਸਤੀ ਨੂੰ ਅੱਗ ਲਾਏ ਜਾਣ ਦੇ ਖਿਲਾਫ਼ ਪੰਜਾਬ ਵਿਚ ਬਾਲਮੀਕੀਆਂ ਨੇ ਵਿਸ਼ਾਲ ਪੱਧਰ ਉਤੇ ਮੁਜ਼ਾਹਰੇ ਕੀਤੇ ਤਾਂ ਜਲੰਧਰ ਤੇ ਅੰਮ੍ਰਿਤਸਰ ਵਿਚ ਆਦਿ ਧਰਮੀਆਂ ਨੇ ਉਹਨਾਂ ਦਾ ਸਾਥ ਘੱਟ ਹੀ ਦਿਤਾ। ਇੰਝ ਹੀ ਜਲੰਧਰ ਦੇ ਪਿੰਡ ਤਲ੍ਹੱਣ ਦੇ ਗੁਰਦਵਾਰੇ ਬਾਰੇ ਬੂਟਾ ਮੰਡੀ ਵਿਚ ਆਦਿ ਧਰਮੀਆਂ ਵਲੋਂ ਕੀਤੀ ਗਈ ਸੀ ਐਜੀਟੇਸ਼ਨ ਤੋਂ ਜਾਲੰਧਰ ਦੇ ਭਾਰਗਵ ਕੈਂਪ ਦੇ ਮੇਘ ਭਾਈਚਾਰੇ ਤੇ ਬਾਲਮੀਕੀ ਕਾਲੋਨੀ ਨੇ ਪਾਸਾ ਵੱਟੀ ਰੱਖਿਆ। ਪੱਟੀਦਰਜ ਜਾਤੀਆਂ ਦੇ ਬਹੁਗਿਣਤੀ ਵਰਗ ਤਕਰੀਬਨ ਸਾਰੇ ਹੀ ਕਸਬਿਆਂ ਤੇ ਪਿੰਡਾਂ ਵਿਚ ਆਪੋ ਆਪਣੀਆਂ ਵੱਖਰੀਆਂ ਬਸਤੀਆਂ ਵਿਚ ਰਹਿਣਾ ਪਸੰਦ ਕਰਦੇ ਹਨ। ਪੱਟੀਦਰਜ ਜਾਤੀਆਂ ਦੀਆਂ ਸਾਰੀਆਂ ਕਮਿਊਨਿਟੀਆਂ ਕਰੜੀ ਕਬੀਲਾ ਵੰਡ ਦੀਆਂ ਸ਼ਿਕਾਰ ਹਨ।
ਪਛਾਣ-ਆਧਾਰਤ ਆਕਾਂਖਿਆਵਾਂ ਦਾ ਇਕ ਹੋਰ ਪੱਖ ਉਚੇਰੇ ਸਮਾਜੀ ਦਰਜੇ ਲਈ ਧਾਰਮਕ ਰਾਹ ਆਪਨਾਉਣ ਦੀ ਵਧਦੀ ਰੁਚੀ ਨਾਲ ਸਬੰਧਤ ਹੈ। "ਸਾਡੀ ਕਮਿਊਨਿਟੀ ਲਈ ਸੱਭ ਤੋਂ ਫਾਇਦੇਮੰਦ ਕੀ ਹੈ-ਧਰਮ ਜਾਂ ਸਿਆਸਤ?" ਇਹ ਹੈ ਸਵਾਲ ਜਿਹੜਾ ਬੜੀ ਗੰਭੀਰਤਾ ਨਾਲ ਬਹੁਤ ਚਿਰ ਪਹਿਲਾਂ ਉਠਾਇਆ ਗਿਆ ਸੀ। ਇਹ ਗੱਲ ਦੇਖਣ ਵਿਚ ਆ ਚੁੱਕੀ ਹੈ ਕਿ ਨਿਸ਼ਚਿਤ ਜਾਤੀਆਂ ਆਪੋ ਆਪਣੇ ਲਈ ਨਿਵੇਕਲੇ ਜਾਤੀ-ਆਧਾਰਤ ਸਮਾਜੀ ਸਭਿਆਚਾਰਕ ਮੁਹਾਂਦਰੇ ਲੱਭਣ ਤੇ ਮਜ਼ਬੂਤ ਕਰਨ ਲਈ ਯਤਨਸ਼ੀਲ ਹਨ ਤੇ ਇਸਦੇ ਹਿੱਸੇ ਵਜੋਂ ਉਹਨਾਂ ਵਿਸ਼ੇਸ਼ ਧਾਰਮਕ ਚਿੰਨ੍ਹ, ਰੀਤਾਂ, ਰਸਮਾਂ, ਪੁਰਬ, ਜੈਕਾਰੇ ਤੇ ਆਰਤੀਆਂ ਅਰਦਾਸਾਂ ਅਪਣਾ ਲਈਆਂ ਹਨ। (ਜੂਨਗੈਨਜਮੇਅਰ 1982. 260. 68) ਪੱਟੀਦਰਜ ਜਾਤੀਆਂ ਦੇ ਬਹੁਤ ਵੱਡੇ ਹਿੱਸਿਆਂ ਨੇ ਮਾਨਿਸਕ ਸੰਤੋਖ ਦੀ ਪ੍ਰਾਪਤੀ ਲਈ ਰਾਧਾ ਸਵਾਮੀ, ਸੱਚਾ ਸੌਦਾ, ਸਿਰਸੇ ਦਾ ਸੱਚਾ ਸੌਦਾ ਡੇਰਾ, ਡੇਰਾ ਵੱਡਭਾਗ ਸਿੰਘ, ਨਿਰੰਕਾਰੀ, ਨਾਮਧਾਰੀ, ਡੇਰਾ ਸੱਚਖੰਡ ਬੱਲਾਂ ਆਦਿ ਜਿਹੀਆਂ ਸੰਪਰਦਾਵਾਂ ਨੂੰ ਅਪਣਾਇਆ ਹੈ। ਪੰਜਾਬ ਵਿਚ ਰਵੀਦਾਸੀ ਸੰਤਾਂ ਤੇ ਡੇਰਿਆ ਦੀ ਜਿਹੜੀ ਮੋਟੀ ਜਿਹੀ ਸੂਚੀ ਇਕ ਖੋਜਕਾਰ ਨੇ ਤਿਆਰ ਕੀਤੀ ਉਸ ਅਨੁਸਾਰ ਪੰਜਾਬ ਵਿਚ ਅਜਿਹੇ ਡੇਰਿਆਂ ਦੀ ਗਿਣਤੀ 64 ਹੋ ਚੁੱਕੀ ਸੀ (ਭਾਰਤੀ 2004, 11 1-4)। ਰਾਧਾ ਸਵਾਮੀ ਬਾਲਮੀਕੀ ਨਾਲੋਂ ਆਪਣੇ ਆਪ ਨੂੰ ਹੋਰਨਾਂ ਬਾਲਮੀਕੀਆਂ ਨਾਲੋਂ ਵੱਖਰਾ ਅਤੇ ਦਰਜਾ ਕੁ ਉੱਚਾ ਸਮਝਦਾ ਹੈ। ਪਰ ਐਲ਼ਆਰ. ਬਾਲੀ ਤੇ ਹੋਰ ਅੰਬੇਦਰਵਾਦੀ ਸਮਝਦੇ ਹਨ ਕਿ ਧਰਮ ਵੱਲ ਅਜਿਹਾ ਝੁਕਾ ਨਾ ਸਿਰਫ ਰੂੜ੍ਹੀਵਾਦ ਹੈ ਸਗੋਂ ਦਲਿਤ ਯਕਜਹਿਤੀ ਉਸਾਰਨ ਦੇ ਰਾਹ ਵਿਚ ਅੜਿੱਕਾ ਵੀ ਹੈ।
ਬੀਤੇ ਦੇ ਮੁਕਾਬਲੇ ਅੱਜ ਦੀ ਸਥਿਤੀ ਵੱਲ ਦੇਖਦਿਆਂ ਪੰਜਾਬ ਦੀਆਂ ਪੱਟੀਦਰਜ ਜਾਤੀਆਂ ਆਪਣੀ ਜ਼ਿੰਦਗੀ ਵਿਚ ਆਈਆਂ ਤਬਦੀਲੀਆਂ ਨੂੰ ਮਹੱਤਵਪੂਰਣ ਹੀ ਨਹੀਂ ਸਗੋਂ "ਵਰਨਣਯੋਗ" ਸਮਝਦੀਆਂ ਹਨ। ਪੱਟੀਦਰਜ ਜਾਤੀਆਂ ਦੇ ਬਹੁਤ ਸਾਰ ਲੋਕ ਛੂਤ ਛਾਤ ਤੇ ਵਖਰੇਵੇਂ ਦੀ ਲਾਅਨਤ ਤੋਂ ਛੁਟਕਾਰੇ ਦੀ ਭਾਵਨਾ ਦਾ ਪ੍ਰਗਟਾਵਾ ਕਰਦੇ ਹਨ। ਉਹਨਾਂ ਨੂੰ ਹੁਣ ਨਿੱਜੀ ਗੌਰਵ ਦੀ ਭਾਵਨਾ ਉੱਤੇ ਅਤੇ ਇਸ ਗੱਲ ਉੱਤੇ ਮਾਣ ਹੈ ਉਹ ਸਰਵਜਨਕ ਖੇਤਰ ਵਿਚ ਸਿਰ ਚੁੱਕ ਕੇ ਤੁਰ ਸਕਦੇ ਹਨ। ਉਹ ਹੁਣ ਆਪਣੇ ਅਧਿਕਾਰਾਂ ਤੇ ਚੋਣ ਰਾਜਨੀਤੀ ਵਿਚ ਆਪਣੀ ਭੂਮਿਕਾ ਤੋਂ ਵੀ ਸੁਚੇਤ ਹਨ ਅਤੇ ਇਹ ਗੱਲ ਉਹਨਾਂ ਦੇ ਸਵੈ-ਮਾਣ ਵਿਚ ਵਾਧਾ ਕਰਦੀ ਹੈ। ਉਹਨਾਂ ਨੂੰ ਇਹ ਦੇਖਕੇ ਵੀ ਤਸੱਲੀ ਹੁੰਦੀ ਹੈ ਕਿ ਪਿੰਡਾਂ ਵਿਚ ਹੁਣ ਉਹੀ ਗਰੀਬ ਨਹੀਂ। ਉਹ ਦੇਖ ਰਹੇ ਹਨ ਕਿ ਅਖੌਤੀ ਉੱਤਲੀਆਂ ਸ਼੍ਰੇਣੀਆਂ ਦਾ ਇਕ ਹਿੱਸਾ ਵੀ ਉਹਨਾਂ ਜਿਹੀ ਕੰਗਾਲੀ ਤੇ ਦੁੱਖਾਂ ਦਾ ਸ਼ਿਕਾਰ ਹੈ ਤਾਂ ਵੀ ਸਮੁੱਚੇ ਰੂਪ ਵਿਚ ਉਹਨਾਂ ਵਿਚ ਅਧਿਕਾਰਤ ਹੋਣ ਦੀ ਭਾਵਨਾ ਦਾ ਅਜੇ ਅਭਾਵ ਹੀ ਹੈ। ਬੀਤੇ ਦੇ ਦਿਮਾਗ਼ੀ ਬੋਝ ਨੇ ਅਜੇ ਵੀ ਉਹਨਾਂ ਨੂੰ ਦੱਬਿਆ ਹੋਇਆ ਹੈ। ਦਲਿਤ ਲੇਖਕਾਂ ਦੀਆਂ ਕਹਾਣੀਆਂ, ਜਿਵੇਂ ਅਤਰਜੀਤ ਦੀ "ਬਠਲੂ ਚਮਾਰ", ਤੇ "ਠੂਆਂ" ਜਿੰਦਰ ਦੀ "ਸੌਰੀ" ਅਤੇ ਪ੍ਰੇਮ ਗੋਰਖੀ ਦੀ "ਅਰਜਨ ਸਫ਼ੈਦੀ ਵਾਲਾ" ਉੱਤਲੀ ਕਿਸਮ ਦੇ ਕਟਾਖ ਤੇ ਵਿਰੋਧਤਾਈਆਂ ਨੂੰ ਬੜੇ ਜ਼ੋਰਦਾਰ ਢੰਗ ਨਾਲ ਬਿਆਨ ਕਰਦੀਆਂ ਹਨ। ਬਿਜਾਏ ਇਸਦੇ ਕਿ ਜਾਤੀਵਾਦ ਪੂਰੀ ਤਰ੍ਹਾਂ ਖਤਮ ਹੁੰਦਾ ਪੱਟੀਦਰਜ ਜਾਤੀਆਂ ਵਿਚ ਵੀ ਜਿਹੜੀ ਦਰਜੇਬੰਦੀ ਪੈਦਾ ਹੋ ਗਈ ਹੈ ਉਹ ਬ੍ਰਾਹਮਣੀ ਅੰਦਾਜ਼ ਦੀ ਹੈ, ਇਥੋਂ ਤੱਕ ਕਿ ਛੂਤਛਾਤ ਵੀ ਇਸ ਦਰਜੇਬੰਦੀ ਦਾ ਹਿੱਸਾ ਬਣ ਗਈ ਹੈ। ਦਲਿਤ ਲੇਖਕ ਰੀਜ਼ਰਵੇਸ਼ਨ ਤੋਂ ਲਾਭ ਉਠਾਉਣ ਵਾਲੇ ਵਰਗ ਨੂੰ ਇਸ ਗੱਲੋਂ ਅਕਸਰ ਨਿੰਦਦੇ ਹਨ ਕਿ ਉਹ ਆਪਣੇ ਲੋਕਾਂ ਵੱਲ ਉੱਤਲੀ ਜਾਤੀ ਵਾਲੀ ਜ਼ਹਿਨੀਅਤ ਆਪਣਾ ਰਹੇ ਹਨ। ਇਹ ਹੈ ਜ਼ਹਿਨੀਅਤ ਜਿਸਨੂੰ ਕਿਸੇ ਵੱਖਰੇ ਸੰਦਰਭ ਵਿਚ "ਸਫ਼ਲਤਾ ਦਾ ਵਖਰੇਵਾਂ" ਕਿਹਾ ਗਿਆ ਹੈ। ਪਦਾਰਥਕ ਤਬਦੀਲੀ ਅਤੇ ਪੱਟੀਦਰਜ ਤੇ ਗੈਰ-ਪੱਟੀਦਰਜ ਜਾਤੀਆਂ ਦੇ ਵਤੀਰੇ ਤੇ ਸੋਚ ਵਿਚ ਅਜੇ ਬਹੁਤ ਵੱਡਾ ਪਾੜਾ ਹੈ। ਪਰ ਗਰੀਬ ਤੇ ਪੱਛੜੀਆਂ ਹੋਈਆਂ ਪੱਟੀਦਰਜ ਜਾਤੀਆਂ ਦੀਆਂ ਸਰਲ ਜਿਹੀਆਂ ਆਸਾਂ ਨੂੰ ਵੀ ਸਭ ਤੋਂ ਵੱਧ ਧੱਕਾ ਇਸ ਗੱਲ ਦਾ ਲੱਗਾ ਕਿ ਸਮਾਜੀ ਖੇਤਰ ਵਿਚ ਸਟੇਟ ਆਪਣੀਆਂ ਜ਼ਿਮੇਵਾਰੀਆਂ ਤੋਂ ਤੇਜ਼ੀ ਨਾਲ ਪਿੱਛੇ ਹਟ ਰਹੀ ਹੈ ਅਤੇ ਇਹ ਵੀ ਕਿ ਚੰਗੇ ਰਾਜ ਪ੍ਰਬੰਧ ਦੀ ਯੋਗਤਾ ਖਤਮ ਹੋ ਰਹੀ ਹੈ। "ਸਾਡੀ ਟੇਕ ਸਰਕਾਰ ਤੇ ਸੀ, ਉਸਨੇ ਵੀ ਪੱਲਾ ਝਾੜ ਦਿੱਤਾ। ਹੁਣ ਅਸੀਂ ਜਾਈਏ ਤਾਂ ਕਿਥੇ ਜਾਈਏ। ਅਧਿਕਾਰਤ ਹੋਣ ਤੇ ਜਬਰ ਦਾ ਸ਼ਿਕਾਰ ਹੋਣ ਦਾ ਦਵੰਦ ਕਈ ਤਰ੍ਹਾਂ ਦੇ ਤਜ਼ਾਦ ਪੈਦਾ ਕਰ ਰਿਹਾ ਹੈ।"
ਸਰੋਤ 'ਨਿਸੋਤ' ( www.nisot.com)
ਡਾ.ਹਰੀਸ਼ ਪੁਰੀ ਜੀ ਦਾ ਬਹੁਤ ਹੀ ਤੱਥ-ਆਧਾਰਿਤ ਤੇ ਗਿਆਨਵਰਧਕ ਲੇਖ ਸਾਡੇ ਤੱਕ ਪਹੁੰਚਾਉਣ ਲਈ ਸੱਤਦੀਪ ਤੇਰਾ ਬਹੁਤ-ਬਹੁਤ ਸ਼ੁਕਰੀਆ।
ReplyDeleteਸਾਂਵਲ ਧਾਮੀ
ਪਿੰਡ: ਸਿੰਗੜੀਵਾਲਾ
ਹੁਸ਼ਿਆਰਪੁਰ।
xcellent.
ReplyDelete