Saturday, January 15, 2011

ਉੱਤਰਆਧੁਨਿਕਤਾ ਤੇ ਲੋਕਧਾਰਾ - ਡਾ. ਕਰਮਜੀਤ ਸਿੰਘ

ਉੱਤਰਆਧੁਨਿਕਤਾ ਤੇ ਉੱਤਰਆਧੁਨਿਕਤਾਵਾਦ ਬਾਰੇ ਇੰਨੇ ਵੱਖ ਵੱਖ ਵਿਚਾਰ ਆਏ ਹਨ ਕਿ ਇਨ੍ਹਾਂ ਸ਼ਬਦਾਂ ਦੇ ਸੰਕਲਪਾਂ ਨੂੰ ਸਮਝਣਾ ਇਕ ਟੇਢੀ ਖੀਰ ਬਣ ਗਿਆ ਹੈ। ਡੇਵਿਡ ਲੀਅਨ ਕਹਿੰਦਾ ਹੈ ਕਿ, "ਮੈਂ ਇਸਨੂੰ (ਉੱਤਰਆਧੁਨਿਕਤਾ ਨੂੰ) ਇਕ ਸੰਕਲਪ ਸਮਝਦਾ ਹਾਂ ਜਿਹੜਾ ਸਮਕਾਲੀ ਸਮਾਜਾਂ ਦੀ ਪ੍ਰਕ੍ਰਿਤੀ ਅਤੇ ਦਿਸ਼ਾ ਬਾਰੇ ਵਿਸ਼ਵੀ ਸੰਦਰਭ ਵਿਚ ਬਹਿਸ ਵਿਚ ਹਿੱਸੇਦਾਰੀ ਕਰਨ ਲਈ ਸੱਦਾ ਦਿੰਦਾ ਹੈ। (1) ਇਨ੍ਹਾਂ ਬਹਿਸਾਂ ਨੇ ਹੀ ਅਸਲ ਵਿਚ ਧੁੰਦਲਕੇ ਨੂੰ ਹੋਰ ਵਧਾਇਆ ਹੈ। ਇਨ੍ਹਾਂ ਬਹਿਸਾਂ ਨੂੰ ਟੈਰੀ ਈਗਲਟਨ ਅਤੇ ਫਰੈਡਰਿਕ ਜੇਮਸਨ ਨੇ ਸਭ ਤੋਂ ਚੰਗੀ ਤਰ੍ਹਾਂ ਸਮਝਿਆ ਹੈ ਕਿਉਂਕਿ ਉਨ੍ਹਾਂ ਦੇ ਵਿਚਾਰਧਾਰਕ ਸੰਦ ਬੜੇ ਤੇਜ਼ ਹਨ।



ਡਾ. ਕਰਨਜੀਤ ਸਿੰਘ, ਭਾਪਾ ਪ੍ਰੀਤਮ ਸਿੰਘ ਤੇ ਬਲਵੰਤ ਗਾਰਗੀ


ਟੈਰੀ ਈਗਲਟਨ ਅਨੁਸਾਰ ਸ਼ਬਦ ਉੱਤਰਆਧੁਨਿਕਤਾਵਾਦ ਸਮਕਾਲੀ ਸਭਿਆਚਾਰ ਦੇ ਰੂਪ ਵਲ ਇਸ਼ਾਰਾ ਕਰਦਾ ਹੈ ਜਦ ਕਿ ਉੱਤਰਾਧੁਨਿਕਤਾ ਇਕ ਵਿਸ਼ੇਸ਼ ਇਤਿਹਾਸਕ ਕਾਲ ਨੂੰ ਦਰਸਾਉਂਦਾ ਹੈ। ਉੱਤਰਆਧੁਨਿਕਤਾਵਾਦ ਬਾਰੇ ਫਰੈਡਰਿਕ ਜੇਮਸਨ ਦੀ ਪੁਸਤਕ ਦਾ ਨਾਂ ਹੀ "ਪੋਸਟ ਮਾਡਰਨਿਜ਼ਮ ਆਰ ਦੀ ਕਲਚਰਲ ਲੌਜਿਕ ਆਫ਼ ਲੇਟ ਕੈਪਟਿਲਿਜ਼ਮ" ਹੈ। ਟੈਰੀ ਈਗਲਟਨ ਨੇ ਇਸ ਸਮੇਂ ਨੂੰ ਸਮਕਾਲੀ ਕੈਪੀਟਿਲਿਜ਼ਮ ਦਾ ਨਾਂ ਦਿੱਤਾ ਹੈ। ਕਈਆਂ ਨੇ ਇਸ ਸਮੇਂ ਨੂੰ ਵਿਕਸਿਤ ਪੂੰਜੀਵਾਦ ਵੀ ਕਿਹਾ ਹੈ। ਉੱਤਰਆਧੁਨਿਕਤਾ ਸੋਚਣ ਦਾ ਇਕ ਢੰਗ ਹੈ ਜੋ ਪਰੰਪਰਾ ਤੋਂ ਚਲੇ ਆ ਰਹੇ ਸੱਚ, ਤਰਕ, ਪਛਾਣ ਅਤੇ ਬਹੁਮੁਖਤਾ ਦੇ ਸੰਕਲਪਾਂ ਨੂੰ ਸ਼ੱਕ ਦੇ ਘੇਰੇ ਵਿਚ ਲਿਆਉਂਦਾ ਹੈ। ਇਹ ਬ੍ਰਹਿਮੰਡੀ ਵਿਕਾਸ, ਮੁਕਤੀ, ਇਕਹਿਰੇ ਸਾਂਚਿਆਂ, ਬਿਰਤਾਂਤਾਂ ਅਤੇ ਅੰਤਿਮ ਵਿਆਖਿਆ ਸਾਹਵੇਂ ਪ੍ਰਸ਼ਨ ਚਿੰ੍ਹਨ ਲਾਉਂਦਾ ਹੈ। ਗਿਆਨ ਦੇ ਇਨ੍ਹਾਂ ਪ੍ਰਤਿਮਾਨਾਂ ਦੇ ਵਿਰੋਧ ਵਿਚ ਇਹ ਵਿਸ਼ਵ ਨੂੰ ਅਕਸਮਾਤ, ਨਿਰਾਧਾਰ, ਬਹੁਭਾਂਤੀ, ਅਸਥਿਰ, ਅਨਿਸਚਿਤ, ਬਿਖਰੇ ਸਭਿਆਚਾਰਾਂ ਦੇ ਜੋੜ ਵਜੋਂ ਵੇਖਦਾ ਹੈ ਜੋ ਸੱਚ ਦੀ ਬਾਹਰਮੁੱਖਤਾ, ਇਤਿਹਾਸ, ਪ੍ਰਤਿਮਾਨਾਂ, ਪ੍ਰਕਿਰਤੀਆਂ ਦੀ ਨਿਸਚਿਤਤਾ ਅਤੇ ਪਛਾਣਾਂ ਦੀ ਇਕਜੁੱਟਤਾ ਬਾਰੇ ਸ਼ੰਕੇ ਖੜੇ ਕਰਦਾ ਹੈ। ਵਿਦਵਾਨਾਂ ਦਾ ਵਿਚਾਰ ਹੈ ਕਿ ਯਥਾਰਥ ਨੂੰ ਇਸ ਤਰ੍ਹਾਂ ਦੇਖਣ ਦੇ ਪਿੱਛੇ ਪਦਾਰਥਕ ਹਾਲਤਾਂ ਹਨ। ਪੱਛਮ ਵਿਚ ਪੂੰਜੀਵਾਦ ਦੇ ਨਵੇਂ ਰੂਪ ਕਾਰਣ ਇਹ ਹਾਲਤਾਂ ਪੈਦਾ ਹੋਈਆਂ ਹਨ। ਛਿਣਭੰਗੁਰਤਾ, ਵਿਕੇਂਦਰਤਾ, ਤਕਨੀਕੀ ਸੰਸਾਰ, ਉਪਭੋਗਤਾਵਾਦ, ਅਤੇ ਸਭਿਆਚਾਰਕ ਉਤਪਾਦਨ ਦੇ ਕਾਰਖਾਨਿਆਂ ਕਾਰਨ  ਇਹ ਸਥਿਤੀ ਪੈਦਾ ਹੋਈ ਹੈ ਜਿਸ ਵਿਚ ਸਰਵਿਸ, ਫਾਈਨਾਂਸ ਅਤੇ ਜਾਣਕਾਰੀ ਦੇ ਕਾਰਖਾਨਿਆਂ ਨੇ ਪਰਪੰਰਾਗਤ ਉਤਪਾਦਨ ਉਪਰ ਜਿੱਤ ਪ੍ਰਾਪਤ ਕੀਤੀ ਹੈ। ਕਲਾਸੀਕਲ ਕਿਸਮ ਦੀ ਵਰਗ ਰਾਜਨੀਤੀ ਨੇ 'ਪਛਾਣ ਦੀ ਰਾਜਨੀਤੀ' ਲਈ ਰਾਹ ਛੱਡ ਦਿੱਤਾ ਹੈ। ਉੱਤਰਆਧੁਨਿਕਤਾਵਾਦ ਸਭਿਆਚਾਰ ਦਾ ਅਜਿਹਾ ਢੰਗ ਤਰੀਕਾ ਹੈ ਜੋ ਯੁੱਗ ਪਰਿਵਰਤਨ ਨੂੰ ਸਤਹੀ, ਵਿਕੇਂਦ੍ਰਿਤ, ਨੀਂਹ ਤੋਂ ਬਗੈਰ, ਸਰਬਗ੍ਰਾਹੀ ਕਲਾ (ਜੋ ਉਚੇਰੀ ਕਲਾ ਅਤੇ ਪਾਪੂਲਰ ਸਭਿਆਚਾਰ ਅਤੇ ਰੋਜ਼ਾਨਾ ਅਨੁਭਵ ਦੀ ਰੇਖਾ ਨੂੰ ਮੱਧਮ ਕਰਦੀ ਹੈ), ਨੂੰ ਅਗਾਂਹ ਲਿਆਉਂਦਾ ਹੈ। (2) ਟੇਰੀ ਇਗਲਟਨ ਦੇ ਇਹ ਵਿਚਾਰ ਇਕ ਪਾਸੇ ਪੂੰਜੀਵਾਦ ਦੇ ਆਧੁਨਿਕ ਅਤੇ ਉੱਤਰਆਧੁਨਿਕ ਸਮਿਆਂ ਨੂੰ ਸਪੱਸ਼ਟ ਕਰਦੇ ਹਨ ਤਾਂ ਦੂਜੇ ਪਾਸੇ ਇਨ੍ਹਾਂ ਦੋ ਸਮਿਆਂ ਦੇ ਸਭਿਆਚਾਰਕ ਪਰਿਵਰਤਨਾਂ ਅਤੇ ਇਨ੍ਹਾਂ ਦੇ ਲੱਛਣਾਂ ਦਾ ਸੰਖੇਪ ਵੇਰਵਾ ਵੀ ਦਿੰਦੇ ਹਨ।
ਉੱਤਰਆਧੁਨਿਕਤਾਵਾਦ ਸੰਬੰਧੀ ਫਰੈਡਰਿਕ ਜੇਮਸਨ ਦੇ ਵਿਚਾਰ ਹੋਰ ਵੀ ਸਪੱਸ਼ਟ ਹਨ। ਉਸ ਅਨੁਸਾਰ ਆਧੁਨਿਕਤਾਵਾਦ ਅਤੇ ਉੱਤਰਆਧੁਨਿਕਤਾਵਾਦ ਦੋਨੋਂ ਸਭਿਆਚਾਰਕ ਬਣਤਰਾਂ ਹਨ ਜਿਨ੍ਹਾਂ ਦਾ ਸੰਬੰਧ ਪੂੰਜੀਵਾਦ ਦੇ ਕਿਸੇ ਇਕ ਪੜਾਅ ਨਾਲ਼ ਹੈ। ਜੇਮਸਨ ਪੂੰਜੀਵਾਦ ਦੇ ਤਿੰਨ ਪੜਾਵਾਂ ਦਾ ਜ਼ਿਕਰ ਕਰਦਾ ਹੈ। ਇਨ੍ਹਾਂ ਤਿੰਨਾਂ ਪੜਾਵਾਂ ਦਾ ਸਭਿਆਚਾਰਕ ਪ੍ਰਗਟਾ ਵੀ ਵੱਖਰਾ ਵੱਖਰਾ ਹੈ। ਇਸ ਵਿਚ ਇਹ ਵੀ ਸ਼ਾਮਿਲ ਹੈ ਕਿ ਇਸ ਪੜਾਅ ਤੇ ਕਿਹੋ ਜਿਹੀ ਕਲਾ ਅਤੇ ਸਾਹਿਤ ਪੈਦਾ ਹੁੰਦਾ ਹੈ। ਪਹਿਲਾ ਪੜਾਅ ਬਾਜ਼ਾਰ ਪੂੰਜੀਵਾਦ ਦਾ ਹੈ ਜੋ ਪੱਛਮੀ ਯੂਰਪ, ਇੰਗਲੈਂਡ ਅਤੇ ਅਮਰੀਕਾ (ਅਤੇ ਇਨ੍ਹਾਂ ਦੇ ਪ੍ਰਭਾਵ ਖੇਤਰਾਂ ਵਿਚ) 18ਵੀਂ ਸਦੀ ਤੋਂ ਲੈ ਕੇ 19ਵੀਂ ਸਦੀ ਦੇ ਅਖੀਰ ਤਕ ਚਲਦਾ ਹੈ। ਇਸ ਪੜਾਅ ਨਾਲ਼ ਕੁਝ ਖਾਸ ਤਕਨੀਕੀ ਖੋਜਾਂ ਵੀ ਜੁੜੀਆਂ ਹੋਈਆਂ ਹਨ, ਜਿਵੇਂ ਭਾਫ ਨਾਲ਼ ਚਲਣ ਵਾਲ਼ੀ ਮੋਟਰ। ਇਸ ਪੜਾਅ ਦਾ ਖਾਸ ਸੁਹਜਸ਼ਾਸਤਰ ਹੈ ਜਿਸਨੂੰ ਯਥਾਰਥਵਾਦੀ ਸੁਹਜਸ਼ਾਸਤਰ ਕਿਹਾ ਗਿਆ ਹੈ। ਦੂਜਾ ਪੜਾਅ 19ਵੀਂ ਸਦੀ ਦੇ ਅਖੀਰ ਤੋਂ ਲੈ ਕੇ 20ਵੀਂ ਸਦੀ ਦੇ ਅੱਧ ਤਕ ਆਉਂਦਾ ਹੈ। ਇਹ ਅਜਾਰੇਵਾਦੀ ਪੂੰਜੀਵਾਦੀ ਪੜਾਅ ਹੈ। ਇਸ ਪੜਾਅ ਤੇ ਬਿਜਲੀ ਤੇ ਕੰਬਸਚਨ ਮੋਟਰ ਦੀ ਕਾਢ ਹੁੰਦੀ ਹੈ। ਇਸ ਕਾਲ ਦੇ ਸੁਹਜਸ਼ਾਸਤਰ ਨੂੰ ਆਧੁਨਿਕਤਾ ਦੇ ਸੁਹਜਸ਼ਾਸਤਰ ਦਾ ਨਾਂ ਦਿੱਤਾ ਜਾਂਦਾ ਹੈ। ਤੀਜੇ ਪੜਾਅ ਉਪਰ ਅਸੀਂ ਹੁਣ ਹਾਂ। ਇਹ ਪੜਾਅ ਮਲਟੀਨੈਸ਼ਨਲ ਪੂੰਜੀਵਾਦ ਦਾ ਪੜਾਅ ਹੈ। ਜੋ ਵਸਤਾਂ ਵੇਚਣ ਅਤੇ ਵਸਤੂ ਉਪਭੋਗਤਾ ਉਪਰ ਜ਼ੋਰ ਦਿੰਦਾ ਹੈ, ਵਸਤਾਂ ਪੈਦਾ ਕਰਨ ਉਪਰ ਉਤਨਾ  ਨਹੀਂ। ਇਸ ਪੜਾਅ ਦੀ ਤਕਨੀਕ ਇਲੈਕਟ੍ਰੌਨਕੀ ਹੈ। ਅਤੇ ਇਸਦਾ ਸਭਿਆਚਾਰਕ ਪ੍ਰਗਟਾ ਉਤਰਆਧੁਨਿਕਤਾਵਾਦ ਵਿਚ ਹੁੰਦਾ ਹੈ। ਕੁਝ ਵਿਦਵਾਨਾਂ ਨੇ ਉੱਤਰਆਧੁਨਿਕਤਾ ਨੂੰ ਸਪੱਸ਼ਟ ਕਰਨ ਲਈ ਆਧੁਨਿਕਤਾ ਦੇ ਨਾਲ਼ ਹੀ ਪੂਰਵ ਆਧੁਨਿਕਤਾ ਨੂੰ ਵੀ ਵਿਚਾਰ ਅਧੀਨ ਲਿਆਂਦਾ ਹੈ।
ਜਿਥੋਂ ਤਕ ਉੱਤਰਆਧੁਨਿਕਤਾਵਾਦੀਆਂ ਦਾ ਸੰਬੰਧ ਹੈ ਉਨ੍ਹਾਂ ਨੇ ਅਜੋਕੀ ਸਥਿਤੀ ਦੀ ਥਾਂ ਇਸ ਵਿਚੋਂ ਪੈਦਾ ਹੋਏ ਸਭਿਆਚਾਰ/ਵਿਚਾਰ ਉਪਰ ਆਪਣੇ ਆਪ ਨੂੰ ਵਧੇਰੇ ਕੇਂਦ੍ਰਿਤ ਕੀਤਾ ਹੈ। ਲਿਉਤਾਰਦ ਨੇ ਇਸ ਨੂੰ 'ਗਿਆਨ ਦੀ ਸਥਿਤੀ' ਕਿਹਾ ਹੈ। ਉਸਦੇ ਆਪਣੇ ਕਹਿਣ ਅਨੁਸਾਰ, "ਸਭ ਤੋਂ ਵਿਕਸਿਤ ਸਮਾਜਾਂ ਵਿਚ 'ਗਿਆਨ ਦੀ ਸਥਿਤੀ' ਮੈਂ ਇਸ ਸਥਿਤੀ ਨੂੰ ਬਿਆਨ ਕਰਨ ਲਈ ਉੱਤਰਆਧੁਨਿਕ ਸ਼ਬਦ ਦਾ ਪ੍ਰਯੋਗ ਕੀਤਾ ਹੈ।" (3) ਲਿਉਤਾਰਦ ਨੇ ਉੱਤਰਆਧੁਨਿਕਤਾ ਨੂੰ ਆਧੁਨਿਕਤਾ ਦਾ ਹਿੱਸਾ ਮੰਨਿਆਂ ਹੈ। "ਬਿਨਾਂ ਸ਼ੱਕ ਇਹ ਆਧੁਨਿਕ ਦਾ ਹਿੱਸਾ ਹੈ… ਸਮਝਿਆ ਜਾਂਦਾ ਹੈ ਕਿ ਉੱਤਰਆਧੁਨਿਕਤਾਵਾਦ ਅੰਤਮ ਤੌਰ 'ਤੇ ਆਧੁਨਿਕਤਾਵਾਦ ਨਹੀਂ ਹੈ ਸਗੋਂ ਪੈਦਾ ਹੋਈ ਸਥਿਤੀ ਹੈ ਜੋ ਵਿਕਾਸਸ਼ੀਲ ਲਗਾਤਾਰਤਾ ਦੀ ਸਥਿਤੀ ਹੀ ਹੈ।" (4) ਇੱਥੇ ਲਿਉਤਾਰਦ ਸਮਕਾਲੀ ਸਥਿਤੀ ਤੋਂ ਇਲਾਵਾ ਕਿਸੇ ਹੋਰ ਭਵਿੱਖੀ ਸਥਿਤੀ ਦੀ ਕਲਪਨਾ ਹੀ ਨਹੀਂ ਕਰਦਾ ਤੇ ਨਾਂ ਹੀ ਆਧੁਨਿਕਤਾ ਤੇ ਉੱਤਰਆਧੁਨਿਤਾ ਦੇ ਵਿਰੋਧਾਂ ਨੂੰ ਹੀ ਸਾਹਮਣੇ ਰੱਖਦਾ ਹੈ। ਅਸਿੱਧੇ ਢੰਗ ਨਾਲ਼ ਉਹ ਉੱਤਰਪੂੰਜੀਵਾਦ ਦੇ ਹੱਕ ਵਿਚ ਭੁਗਤਦਾ ਹੈ। ਪਰੰਤੂ ਇਸ ਨੂੰ ਬਦਲਣ ਲਈ ਇਕ ਵੱਖਰੀ ਰਾਜਨੀਤੀ ਦੀ ਜ਼ਰੂਰਤ ਹੋਵੇਗੀ ਜਿਸਦਾ ਜ਼ਿਕਰ ਲਿਉਤਾਰਦ ਦੀ ਪੁਸਤਕ ਦੇ ਮੁੱਖਬੰਧ ਵਿਚ ਜੇਮਸਨ ਨੇ ਹੀ ਕੀਤਾ ਹੈ। ਉਸ ਅਨੁਸਾਰ, "ਇਜਾਰੇਦਾਰੀ ਅਤੇ ਨਿੱਜੀ ਪੂੰਜੀਵਾਦੀ ਸਿਸਟਮ ਨੂੰ ਟੈਕਨੋਕਰੇਟ ਐਲੀਟ ਨੇ ਨਹੀਂ ਵੰਗਾਰਨਾ ਸਗੋਂ ਅਸਲੀ (ਅਮਲੀ) ਰਾਜਨੀਤਕ ਐਕਸ਼ਨ ਨੇ ਹੀ ਇਸਨੂੰ ਵੰਗਾਰ ਪਾਉਣੀ ਹੈ, ਪ੍ਰੀਤਕ ਜਾਂ ਪਰੋਟੋਪੌਲੀਟੀਕਲ ਐਕਸ਼ਨ ਨੇ ਨਹੀਂ।" (5)
ਹਸਨ ਨੇ ਆਪਣੀ ਪੁਸਤਕ ਦਾ ਕਲਚਰ ਆਫ ਪੋਸਟਮਾਡਰਨਿਜ਼ਮ ਵਿਚ ਉੱਤਰਆਧੁਨਿਕ ਸਭਿਆਚਾਰ ਦੀ ਤੁਲਨਾ ਆਧੁਨਿਕ ਸਭਿਆਚਾਰ ਦੇ ਲੱਛਣਾਂ ਨਾਲ਼, ਇਕ ਲੰਬੀ ਸਾਰਣੀ ਰਾਹੀਂ ਕੀਤਾ ਹੈ। ਉਸ ਅਨੁਸਾਰ ਆਧੁਨਿਕ ਸਭਿਆਚਾਰ ਦੇ ਲੱਛਣ ਹਨ-ਰੁਮਾਂਸਵਾਦ/ਪ੍ਰਤੀਕਵਾਦ, ਮੰਤਵ, ਡਿਜ਼ਾਈਨ, ਹੈਰਾਰਕੀ, ਕਲਾਵਸਤੂ ਦੀ ਸੰਪੂਰਣਤਾ, ਸਿਰਜਣਾ, ਸੰਸਲੇਸ਼ਣ, ਹੋਂਦ, ਕੇਂਦਰ, ਰੂਪਾਕਾਰ, ਅਰਥਵਿਗਿਆਨ, ਪੈਰਾਰਡਾਈਮ, ਰੂਪਕ ਡੂੰਘਾਈ, ਵਿਆਖਿਆ, ਚਿਹਨਤ, ਬਿਰਤਾਂਤ, ਮਹਾਨ ਇਤਿਹਾਸ ਤੇ ਮਾਸਟਰ ਕੋਡ ਆਦਿ। ਇਸ ਦੇ ਮੁਕਾਬਲੇ ਤੇ ਉੱਤਰਆਧੁਨਿਕਤਾਵਾਦ ਦੇ ਲੱਛਣ ਹਨ-ਦਾਦਾਵਾਦ, ਖੇਡ, ਅਚਾਨਕਤਾ, ਅਰਾਜਕਤਾ, ਪ੍ਰਾਸੈਸ/ਪ੍ਰਫਾਰਮੈਂਸ, ਸ਼ਮੂਲੀਅਤ, ਵਿਖੰਡਨ, ਸ਼ਬਦ ਅਡੰਬਰ, ਇਕਾਲਿਕਤਾ, ਸਤਹੀ ਵਿਆਖਿਆ, ਸਿਗਨੀਫਾਇਰ, ਬਿਰਤਾਂਤ ਵਿਰੋਧ, ਵਿਅੰਗ, ਅਸਥਿਰਤਾ ਆਦਿ। ਇਉਂ ਉੱਤਰਆਧੁਨਿਕਤਾਵਾਦ ਤੇ ਉੱਤਰਅਧੁਨਿਕਤਾਵਾਦੀ ਸਭਿਆਚਾਰ, ਆਧੁਨਿਕਤਾ ਤੇ ਆਧੁਨਿਕਤਾਵਾਦੀ ਸਭਿਆਚਾਰ ਦੇ ਵਿਰੋਧ ਵਿਚ ਆ ਖੜਦਾ ਹੈ। ਇਹ ਵਿਰੋਧ ਦੋਨਾਂ ਦੇ ਆਪਸ ਵਿਚ ਨਿਰੰਤਰਤਾ ਵਿਚ ਬੱਝੇ ਹੋਣ ਦੇ ਬਾਵਜੂਦ ਸੰਭਵ ਹੈ। ਅਸਲ ਵਿਚ ਮੁੱਢਲੇ ਜਾਂ ਬਾਜ਼ਾਰੀ ਪੂੰਜੀਵਾਦ ਨੂੰ ਭਾਈਚਾਰੇ, ਸੁਤੰਤਰਤਾ ਆਦਿ ਕਦਰਾਂ ਕੀਮਤਾਂ ਦੀ ਲੋੜ ਸੀ। ਉੱਤਰਪੂੰਜੀਵਾਦੀ ਯੁੱਗ ਵਿਚ ਯਾਨੀ ਹੁਣ ਇਹ ਕਦਰਾਂ ਕੀਮਤਾਂ ਉਸਦੀ ਲੋੜ ਵਿਚ ਸ਼ਾਮਿਲ ਨਹੀਂ ਹਨ। ਇਸ ਲਈ ਹੁਣ ਸਿਰਫ ਅਰਾਜਕ ਸੁਤੰਤਰਤਾ ਹੀ ਇਕੋ ਇਕ ਕੀਮਤ ਰਹਿੰਦੀ ਹੈ ਜੋ ਦੂਸਰੇ ਲੱਛਣਾਂ ਵਿਚ ਵੀ ਪ੍ਰਗਟ ਹੁੰਦੀ ਹੈ। ਅਨਿਸਚਿਤਤਾ ਇਸੇ ਅਰਾਜਕਤਾ ਦਾ ਸਿੱਟਾ ਹੈ।ਉੱਤਰਆਧੁਨਿਕਤਾ ਦਾ ਪ੍ਰਗਟਾਵਾ ਵਿਸ਼ਵੀਕਰਣ ਦੇ ਸੰਕਲਪ ਵਿਚ ਪੂਰੇ ਕੱਦ-ਬੁੱਤ ਸਹਿਤ ਹਾਜ਼ਰ ਹੁੰਦਾ ਹੈ। ਵਿਸ਼ਵੀਕਰਨ ਆਰਥਿਕ, ਸਮਾਜਿਕ, ਤਕਨੀਕੀ, ਰਾਜਨੀਤਿਕ ਅਤੇ ਸੱਭਿਆਚਾਰਕ ਬਣਤਰਾਂ ਅਤੇ ਪੈਦਾਵਾਰ ਦੀ ਚਰਿੱਤਰ ਬਦਲੀ ਕਾਰਨ ਪੈਦਾ ਹੋ ਰਹੀਆਂ ਪ੍ਰਕਿਰਿਆਵਾਂ ਦਾ ਸਮੁੱਚ ਹੈ। ਅੰਤਰਰਾਸ਼ਟਰੀ ਰਾਜਨੀਤਿਕਤਾ ਦਾ ਆਧਾਰ ਉਪਭੋਗਤਾ ਤੇ ਵਸਤਾਂ ਦਾ ਵਪਾਰ ਹੈ ਜੋ ਕਿ ਆਰਥਿਕ ਤੇ ਰਾਜਨੀਤਿਕ ਪਰਿਵਰਤਨਾਂ ਨੂੰ ਡੂੰਘੀ ਤਰ੍ਹਾਂ ਪ੍ਰਭਾਵਿਤ ਕਰਦਾ ਹੈ। ਪਰਿਵਰਤਨ ਪਾਰ-ਰਾਸ਼ਟਰੀ ਤੇ ਬਹੁਰਾਸ਼ਟਰੀ ਗਤੀਸ਼ੀਲਤਾ ਵਾਲ਼ੇ ਹਨ, ਜਿਨ੍ਹਾਂ ਨੇ ਵਾਤਾਵਰਣ, ਵਪਾਰ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਵਿਸ਼ਵੀਕਰਨ ਦਾ ਪ੍ਰਭਾਵ ਕੀ ਹੈ? ਇਸਦੇ ਸਿੱਟੇ ਕੀ ਨਿਕਲੇ ਹਨ? ਡੇਬੀ ਬਾਰਕਰ ਤੇ ਜੇਰੀ ਮੈਨਡੇਰ ਨੇ ਆਪਣੀ ਸੰਪਾਦਿਤ ਪੁਸਤਕ 'ਡਜ਼ ਗਲੋਬਲਾਈਜੇਸ਼ਨ ਹੈਲਪ ਦਾ ਪੂਅਰ: ਏ ਸਪੈਸ਼ਲ ਰਿਪੋਰਟ' ਵਿਚ ਵਿਸ਼ਵੀਕਰਨ ਦੇ ਤਿੰਨ ਦਹਾਕਿਆਂ ਦੇ ਤੀਬਰ ਵਿਕਾਸ ਉਪਰ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਰਿਪੋਰਟ ਇਸ ਸਿੱਟੇ ਉੱਪਰ ਪਹੁੰਚਦੀ ਹੈ ਕਿ ਗਰੀਬ ਲੋਕਾਂ ਲਈ ਵਿਸ਼ਵੀਕਰਨ ਦੀ ਅਸਲੀਅਤ ਉਸ ਦੇ ਉਲਟ ਹੈ ਜਿਸ ਦਾ ਦਾਅਵਾ ਵਿਸ਼ਵੀਕਰਨ ਦੇ ਠੇਕੇਦਾਰ ਕਰਦੇ ਹਨ। ਅਸਲ ਵਿਚ ਵਿਸ਼ਵੀਕਰਨ ਦੀਆਂ ਪਾਲਸੀਆਂ ਨੇ ਦੇਸ਼ਾਂ ਵਿਚਕਾਰ ਅਤੇ ਦੇਸ਼ਾਂ ਦੇ ਅੰਦਰ ਅਸਮਾਨਤਾ ਦਾ ਪਾੜਾ ਵੱਡਾ ਕਰਨ ਵਿਚ, ਭੁੱਖਮਰੀ ਵਧਾਉਣ ਵਿਚ ਅਤੇ ਕਾਰਪੋਰੇਟਾਂ ਨੂੰ ਪੱਕੇ ਪੈਰੀਂ ਕਰਨ ਵਿਚ ਹਿੱਸਾ ਪਾਇਆ ਹੈ। ਦੂਜੇ ਪਾਸੇ ਇਸ ਨੇ ਸਮਾਜਿਕ ਸੇਵਾਵਾਂ ਘਟਾਉਣ ਵਿਚ (ਕਾਰਪੋਰੇਟਾਂ ਦੇ ਉਲਟ) ਲੇਬਰ ਦੀ ਤਾਕਤ ਘਟਾਉਣ ਵਿਚ ਪੂਰਾ ਯੋਗਦਾਨ ਦਿੱਤਾ ਹੈ।
ਲਿਉਤਾਰਦ ਤੇ ਦੂਸਰੇ ਉਤਰਆਧੁਨਿਕਤਾਵਾਦੀਆਂ ਨੇ ਬਿਰਤਾਂਤਾਂ ਦੇ ਸੰਕਟ ਉੱਪਰ ਬਾਰ ਬਾਰ ਚਰਚਾ ਕੀਤੀ ਹੈ। ਲਿਉਤਾਰਦ ਅਨੁਸਾਰ, "I define postmodern a incedulity towards mega narrative" (6) ਮਹਾਂਬਿਰਤਾਂਤਾ ਦੀ ਥਾਂ ਤੇ ਟੋਟੇ ਟੋਟੇ ਬਿਰਤਾਂਤਾਂ ਅਤੇ ਸ਼ਬਦਾਵਲੀ ਦੀ ਖੇਡ ਨੂੰ ਥਾਂ ਦਿੱਤੀ ਜਾਂਦੀ ਹੈ। ਉੱਤਰਆਧੁਨਿਕਤਾਵਾਦ ਸਾਹਿਤ, ਵਿਚਾਰਧਾਰਕ ਜਾਂ ਕਿਸੇ ਵੀ ਹੋਰ ਤਰ੍ਹਾਂ ਦੀ ਸਮੁੱਚਤਾ ਦਾ ਵਿਰੋਧੀ ਹੈ। ਲਿਉਤਾਰਦ ਦੇ ਹੇਠ ਲਿਖੈ ਸ਼ਬਦਾਂ ਨੂੰ ਉਤਰਆਧੁਨਿਕਤਾ ਦਾ 'ਨਾਹਰਾ' ਕਿਹਾ ਜਾਂ ਸਕਦਾ ਹੈ। "ਆਓ ਸਮੁੱਚਤਾ ਦੇ ਖਿਲਾਫ ਜੰਗ ਵਿੱਢੀਏ। ਆਉ ਅਸੀਂ ਉਸ ਦੀ ਪ੍ਰਤੀਨਿੱਧਤਾ ਕਰੀਏ ਜੋ ਪੇਸ਼ ਨਹੀਂ ਹੋ ਸਕਿਆ। ਆਓ ਅੰਤਰਾਂ (ਫ਼ਰਕਾਂ) ਨੂੰ ਤਿੱਖਾ ਕਰੀਏ ਅਤੇ ਉੱਤਰਆਧੁਨਿਕਤਾ ਦੀ ਇੱਜ਼ਤ ਬਚਾਈਏ।" (7) ਡੂੰਘਾਈ ਵਿਚ ਜਾ ਕੇ ਦੇਖੀਏ ਤਾਂ ਉੱਤਰਆਧੁਨਿਕਤਾ ਟੋਟਿਆਂ ਵਿਚ ਫੜੇ ਯਥਾਰਥ ਨੂੰ ਪਹਿਲ ਦਿੰਦੀ ਹੈ ਪਰ ਅਜੋਕੇ ਯੂੱਗ ਜਾਂ ਯਥਾਰਥ ਦਾ ਮਹਾਂ ਬਿਰਤਾਂਤ ਵੀ ਹੋ ਸਕਦਾ ਹੈ ਇਸ ਤੱਥ ਨੂੰ ਅੱਖੋਂ ਉਹਲੇ ਕਰਦੀ ਹੈ, ਜਦ ਕਿ ਸਮਕਾਲੀ ਯਥਾਰਥ ਦੇ ਸੰਕਟਾਂ ਵਰਗੇ ਸਮਿਆਂ ਵਿਚ ਹੀ ਮਹਾਂਬਿਰਤਾਂਤਾ ਦੀ ਸਿਰਜਣਾ ਹੁੰਦੀ ਹੈ। ਅਜੋਕੇ ਸੰਕਟਾਂ ਤੋ ਪਾਰ ਜਾਣ ਲਈ ਮਹਾਂਬਿਰਤਾਂਤਾ ਦੀ ਸਿਰਜਣਾ ਹੋਣੀ ਲਾਜ਼ਮੀ ਹੈ। ਜੋ ਲੇਖਕ ਅਜਿਹਾ ਨਹੀਂ ਸੋਚਦਾ ਉਹ ਅਸਲ ਵਿਚ ਉਤਰਪੂੰਜੀਵਾਦੀ ਵਿਵਸਥਾ ਦੇ ਸਦੀਵੀ ਹੋਣ ਦੀ ਕਾਮਨਾ ਹੀ ਕਰਦਾ ਹੈ ਜੋ ਕਦੇ ਵੀ ਪੂਰੀ ਹੋਣੀ ਸੰਭਵ ਨਹੀਂ।
ਜਦੋਂ ਉਤਰਆਧੁਨਿਕਤਾਵਾਦ ਫ਼ਰਕ ਵਧਾਉਣ ਦੀ ਗੱਲ ਕਰ ਰਿਹਾ ਹੁੰਦਾ ਹੈ ਤਾਂ ਉਹ ਬਹੁਲਤਾਵਾਦ ਦੀ ਹਿਮਾਇਤ ਵੀ ਕਰ ਰਿਹਾ ਹੁੰਦਾ ਹੈ। ਪਰ ਸਭਿਆਚਾਰ ਦਾ ਅਤਿ-ਬਹੁਲਤਾਵਾਦ ਆਖਰ ਨੂੰ ਛੋਟੀਆਂ ਤੋ ਛੋਟੀਆਂ ਸਭਿਆਚਾਰਕ ਇਕਾਈਆਂ ਦਾ ਮਸਲਾ ਖੜਾ੍ਹ ਕਰਕੇ ਅਤਿਵਾਦੀ ਲੀਹਾਂ ਤੇ ਜਾ ਪੈਂਦਾ ਹੈ। ਇਸ ਵਿਚੋਂ ਹੀ ਪਿੱਛਲਖੋਰੀ, ਸੰਪ੍ਰਦਾਇਕ ਤੇ ਕੱਟੜਪੰਥੀ ਅੰਦੋਲਨ ਆ ਹਾਜ਼ਰ ਹੁੰਦੇ ਹਨ। ਭਾਰਤੀ ਸੰਦਰਭ ਵਿਚ ਸੰਪ੍ਰਦਾਇਕਤਾ ਤੇ ਫ਼ਾਸਿਸਟ ਕਿਸਮ ਦੀਆਂ ਤਾਕਤਾਂ ਦਾ ਉਭਾਰ ਇਸੇ ਦੀ ਇਕ ਮਿਸਾਲ ਹੈ। ਜਦੋਂ ਇਹ ਕਿਹਾ ਜਾਂਦਾ ਹੈ ਕਿ ਉੱਤਰਆਧੁਨਿਕਤਾਵਾਦੀ- ਬਹੁਲਤਾਵਾਦੀ ਵਿਚਾਰ ਹਾਸ਼ੀਆਗਤ ਲੋਕਾਂ ਦੀ ਰਾਜਨੀਤੀ ਦਾ ਹਿੱਸਾ ਹਨ ਜਾਂ ਉਹ ਇਨ੍ਹਾਂ ਲੋਕਾਂ ਨੂੰ ਸਤੁੰਤਰ ਹੋਣ ਵੱਲ ਲੈ ਜਾਂਦੇ ਹਨ ਤਾਂ ਇਹ ਪੂਰੀ ਤਰ੍ਹਾਂ ਨਾ ਮੰਨਣਯੋਗ ਤਰਕ ਹੈ ਕਿਉਂਕਿ ਹਾਸ਼ੀਆਗਤ ਲੋਕਾਂ ਦੀ ਤਾਕਤ ਉੱਤਰਆਧੁਨਿਕਤਾ ਦੀ ਅਰਾਜਕਤਾ ਵਿਚੋਂ ਨਹੀਂ ਸਗੋਂ ਇਸਦੇ ਵਿਰੋਧ ਵਜੋਂ ਆਉਂਦੀ ਹੈ। ਇਸੇ ਵਿਰੋਧ ਨੇ ਨਵੀਆਂ ਸੰਗਠਿਤ ਸ਼ਕਤੀਆਂ ਨੂੰ ਜਨਮ ਦੇਣਾ ਹੈ ਤੇ ਇਉਂ ਉੱਤਰਆਧੁਨਿਕ ਸਥਿਤੀਆਂ ਦਾ ਖਾਤਮਾ ਹੋਣਾ ਵੀ ਸੰਭਵ ਹੋਵੇਗਾ।
ਇਤਿਹਾਸ ਦੇ ਅੰਤ ਦੇ ਐਲਾਨ ਨੂੰ ਇਨ੍ਹਾਂ ਅਰਥਾਂ ਵਿਚ ਵਰਤਿਆ ਜਾਂਦਾ ਹੈ ਕਿ "ਇਤਿਹਾਸ ਵੱਡੀਆਂ ਸਮਾਜਿਕ ਤਬਦੀਲੀਆਂ ਦਾ ਵਿਕਾਸ ਨਿਰਧਾਰਤ ਕਰਨ ਵਾਲ਼ੇ ਵਿਚਾਰ ਦਾ ਖਾਤਮਾ" ਕਰਦਾ ਹੈ, ਇਹ ਵੀ ਪੂਰਾ ਸੱਚ ਨਹੀਂ ਹੁੰਦਾ ਅਜਿਹਾ ਐਲਾਨ ਕਰਨ ਸਮੇਂ ਉੱਤਰਆਧੁਨਿਕਤਾਵਾਦੀਆਂ ਸਾਹਮਣੇ ਸੋਵੀਅਤ ਯੁਨੀਅਨ ਦੇ ਟੁੱਟਣ ਦੀ ਖੁਸ਼ੀ ਤੇ ਅਮਰੀਕਾ ਦੀ ਸਰਦਾਰੀ ਵਿਚ ਪੈਦਾ ਹੋਏ ਨਵਸਾਮਰਾਜਵਾਦ ਦੇ ਪੱਕਾ ਹੋਣ ਦੀ ਕਾਮਨਾ ਹੈ। ਨਵ ਸਾਮਰਾਜਵਾਦ ਅਜਿਹੇ ਸਿਧਾਂਤ ਦੀ ਮੁੜ ਉਸਾਰੀ ਕਦੇ ਵੀ ਨਹੀਂ ਚਾਹੇਗਾ ਜੋ ਇਸਦਾ ਐਂਟੀਥੀਸਸ ਬਣੇ ਕਿਉਂਕਿ ਉਹ ਤਾਂ ਨਵਸਾਮਰਾਜਵਾਦ ਦਾ ਕਦੇ ਵੀ ਅੰਤ ਨਹੀਂ ਚਾਹੇਗਾ।
ਉਪਰ ਦਿੱਤੇ ਗਏ ਉੱਤਰਾਧੁਨਿਕਤਾਵਾਦ ਦੇ ਦੂਸਰੇ ਲੱਛਣਾਂ ਉਪਰ ਵੀ ਵਿਸਤਾਰ ਸਹਿਤ ਚਰਚਾ ਕੀਤੀ ਜਾ ਸਕਦੀ ਹੈ ਅਤੇ ਉੱਤਆਧੁਨਿਕ ਸਥਿਤੀ ਨੂੰ ਤੇ ਇਸ ਤੋਂ ਪੈਦਾ ਹੋਏ ਸਭਿਆਚਾਰ ਨੂੰ ਹੋਰ ਡੂੰਘਾਈ ਵਿਚ ਸਮਝਿਆ ਜਾ ਸਕਦਾ ਹੈ ਪਰੰਤੂ ਸਾਡੇ ਲਈ ਅਜੋਕੀ ਸਥਿਤੀ ਵਿਚ ਲੋਕਧਾਰਾ ਕਲਾ ਤੇ ਸਾਹਿਤ ਦੀ ਸਥਿਤੀ ਨੂੰ ਸਮਝਣ ਲਈ ਉਪਰੋਕਤ ਵਿਚਾਰ ਹੀ ਕਾਫ਼ੀ ਹਨ।
ਕਈ ਪੰਜਾਬੀ ਵਿਦਵਾਨ ਸਾਹਿਤ/ਲੋਕਸਾਹਿਤ ਨੂੰ ਸਮਝਣ ਲਈ ਉੱਤਰਆਧੁਨਿਕਤਾ ਦੇ ਲੱਛਣਾਂ ਨੂੰ ਇਕ ਵਿਧੀ ਵਾਂਗ ਵਰਤਦੇ ਹਨ ਪਰੰਤੂ ਅਜਿਹਾ ਹੋਣਾ ਮੂਲ਼ੋਂ ਹੀ ਸੰਭਵ ਨਹੀਂ। ਭਾਸ਼ਾ ਵਿਗਿਆਨਕ ਵਿਧੀਆਂ ਵੀ ਰਚਨਾ ਨੂੰ ਸਮੁੱਚਤਾ ਵਿਚ ਦੇਖਣ ਦੀਆਂ ਆਦੀ ਹਨ ਇਸ ਲਈ ਇਹ ਵੀ ਉੱਤਰਆਧੁਨਿਕਤਾਵਾਦ ਨੂੰ ਵਾਰਾ ਨਹੀਂ ਖਾਂਦੀਆਂ। ਵੈਸੇ ਵੀ ਇਨ੍ਹਾਂ ਵਿਧੀਆ ਨੇ ਜੋ ਵੀ ਹਾਂ ਪੱਖੀ ਜਾਂ ਨਾਂਹ ਪੱਖੀ ਪ੍ਰਭਾਵ ਪਾਉਣਾ ਸੀ ਉਹ ਪਾ ਚੁੱਕੀਆਂ ਹਨ। ਇੱਥੇ ਅਸੀਂ ਇਸਦੇ ਸਭ ਤੋਂ ਵੱਧ ਮਾਰੂ ਪ੍ਰਭਾਵ ਦਾ ਹੀ ਜ਼ਿਰਰ ਕਰਨਾ ਚਾਹਾਂਗੇ। ਲੇਵੀ ਸਤ੍ਰਾਸ ਦੇ ਸੰਰਚਨਾਵਾਦ, ਰੋਲਾਂ ਬਾਰਥ ਦੇ ਚਿਹਨ ਸ਼ਾਸਤਰ, ਮਾਈਕਲ ਫੂਕੋ ਦੇ ਉੱਤਰਸੰਰਚਨਾਵਾਦ ਅਤੇ ਜੈਕਸ ਦਾਰੀਦਾ ਦਾ ਵਿਖੰਡਨਵਾਦ ਸਾਰੇ ਦੇ ਸਾਰੇ ਫਰੈਡਰਰਿਕ ਜੇਮਸਨ ਅਨੁਸਾਰ ਸਾਸੂਰ ਦੇ ਭਾਸ਼ਾਈ ਇਕਾਲਕੀ ਪੈਰਾਡਾਈਮ ਦੇ ਅਧੀਨ ਆਉਂਦੇ ਹਨ। "ਭਾਸ਼ਾਈ ਮਾਡਲ ਭਾਸ਼ਾ ਤੇ ਗਿਆਨ ਨੂੰ ਸਥਾਨਕ ਪਰਿਵਰਤਨਾਂ ਨਾਲੋਂ ਤੋੜ ਲੈਂਦਾ ਹੈ। ਇਹ ਤੋੜ ਵਿਛੋੜਾ ਅਸਲ ਵਿਚ ਸਮਾਜਿਕ ਅਨੁਭਵਾਂ ਨਾਲੋਂ ਹੁੰਦਾ ਹੈ। ਇਹ ਬੜੀ ਬੁਰੀ ਤਰ੍ਹਾਂ ਮਾਨਵਤਾ ਦੇ ਭੂਤਕਾਲੀ ਅਤੇ ਭਵਿੱਖ ਨਾਲ਼ ਸੰਬੰਧਾਂ ਨੂੰ ਤਹਿਸ ਨਹਿਸ ਕਰ ਦਿੰਦਾ ਹੈ।" (8) ਇਸੇ ਸੰਦਰਭ ਵਿਚ ਕਿਹਾ ਜਾ ਸਕਦਾ ਹੈ ਕਿ ਲੋਕਧਾਰਾ ਦੀ ਸਥਿਤੀ ਨੂੰ ਸਮਝਣ ਲਈ ਉੱਤਰਆਧੁਨਿਕਤਾ ਦੀ ਸਥਿਤੀ ਸਹਾਈ ਤਾਂ ਹੋ ਸਕਦੀ ਹੈ ਪਰੰਤੂ ਉੱਤਰਆਧੁਨਿਕਤਾਵਾਦ ਨੂੰ ਵਿਧੀ ਵਾਂਗ ਵਰਤ ਕੇ ਇਸ ਨੂੰ ਨਹੀਂ ਸਮਝਿਆ ਜਾ ਸਕਦਾ।
ਉੱਤਰਆਧੁਨਿਕਤਾਵਾਦੀ ਚਿੰਤਨ, ਤਰਕ ਪੱਧਤੀ ਨੂੰ ਤਿਆਗ ਕੇ ਅਤੇ ਬਹੁਲਤਾਵਾਦੀ ਚਿੰਤਨ ਨੂੰ ਅਪਨਾਉਣ ਕਰਕੇ ਤਰਕਹੀਣ ਸਭਿਆਚਾਰਕ ਵੇਰਵਿਆਂ ਨੂੰ ਵੀ ਸੁਰੱਖਿਆ ਪ੍ਰਦਾਨ ਕਰਦਾ ਹੈ। ਇਸੇ ਲਈ ਜਾਦੂ-ਟੂਣੇ ਅਤੇ ਲੋਕਧਾਰਾ ਵਿਚ ਪਈਆਂ ਨਾਂਹ ਪੱਖੀ ਪ੍ਰਵਿਰਤੀਆਂ ਨੂੰ ਵੀ ਅਜੋਕੀ ਸਥਿਤੀ ਵਿਚ ਬਲ ਮਿਲਿਆ ਹੈ, ਪੰਜਾਬੀ ਸੰਦਰਭ ਵਿਚ ਟੂਣੇ ਟਾਮਣ ਜਾਨਣ ਵਾਲ਼ੇ ਅਤੇ ਧਾਰਮਿਕ ਮੂਲਵਾਦੀ ਡੇਰੇ ਜਾਤ-ਪਾਤ ਤੇ ਕਈ ਹੋਰ ਅਲਾਮਤਾਂ ਸਮੇਤ) ਦੁਬਾਰਾ ਉਭਾਰ ਵਿਚ ਆ ਰਹੇ ਹਨ। ਪਿਛਲੇ ਦਿਨਾਂ ਵਿਚ ਸੰਪ੍ਰਦਾਇਕ ਕੇਂਦਰੀ ਸਰਕਾਰ ਦੀ ਸਰਪ੍ਰਸਤੀ ਕਾਰਣ ਵੀ ਅਜਿਹਾ ਕੁਝ ਬੜੀ ਤੇਜ਼ੀ ਨਾਲ਼ ਵਾਪਰਿਆ ਹੈ।
ਲੋਕਧਾਰਾ ਦੇ ਅੰਤਰਗਤ ਸਾਮੂਹਿਕਤਾ ਅਤੇ ਭਾਈਚਾਰੇ ਦਾ ਪ੍ਰਦਰਸ਼ਨ ਕਰਦੇ ਮੇਲੇ ਦਿਨ-ਤਿਉਹਾਰ ਸਾਰੇ ਫਾਈਨੈਂਸ ਪੂੰਜੀ ਦੀ ਗਿਰਫ਼ਤ ਵਿਚ ਆ ਰਹੇ ਹਨ। ਲੋਕ ਸਾਹਿਤ ਵੀ ਪੂਰੀ ਤਰ੍ਹਾਂ ਕਮਰਸ਼ੀਅਲ ਹੋਣ ਵਲ ਵਧ ਰਿਹਾ ਹੈ। ਲੋਕਗੀਤਾਂ ਨੂੰ ਪਾਪੂਲਰ ਪੱਧਰ ਤੇ ਲਿਆ ਕੇ ਉਨ੍ਹਾਂ ਦਾ ਬਿਗੜੀ ਕਿਸਮ ਦਾ ਪ੍ਰਦਰਸ਼ਨ ਟੀ. ਵੀ. ਕਲਚਰ ਦਾ ਹਿੱਸਾ ਬਣ ਗਿਆ ਹੈ। ਗੀਤ ਕੇਵਲ ਤੇ ਕੇਵਲ ਨਾਚ ਗੀਤਾਂ ਜਾਂ ਬੀਟ ਸਾਂਗਜ਼ ਦੇ ਰੂਪ ਵਿਚ ਵੱਟ ਚੁੱਕੇ ਹਨ ਜਿਨ੍ਹਾਂ ਨੇ ਸੰਜੀਦਾ ਗੀਤਾਂ ਤੇ ਲੋਕਗੀਤਾਂ ਨੂੰ ਹਾਸ਼ੀਏ ਤੇ ਜਾ ਧਕਿੱਆ ਹੈ। ਲੋਕ ਕਥਾਵਾਂ, ਲੋਕ ਮੁਹਾਵਰਿਆਂ ਲੋਕ ਨਾਟਕਾਂ (ਪੁਤਲੀ ਨਾਟਕ ਸਮੇਤ) ਨੂੰ ਇਸੇ ਉਪਭੋਗਤਾਵਾਦੀ ਵਸਤੂ ਵਿਚ ਵਟਾਇਆ ਜਾ ਰਿਹਾ ਹੈ ਜਾਂ ਉਪਭੋਗਤਾਵਾਦੀ ਸਭਿਆਚਾਰ ਨੂੰ ਉਤਸ਼ਾਹਤ ਕਰਨ ਲਈ ਸਾਧਨ ਵਜੋਂ ਵਰਤਿਆ ਜਾ ਰਿਹਾ ਹੈ।
ਲੋਕਧਾਰਾ ਦੀ ਵਰਤੋਂ ਇਸ਼ਤਿਹਾਰਬਾਜ਼ੀ ਲਈ ਵੱਡੀਆਂ ਵੱਡੀਆਂ ਕੰਪਨੀਆ ਆਪਣੇ ਬਰਾਂਡਾਂ ਨੂੰ ਲੋਕ ਮਾਨਸਿਕਤਾ ਦਾ ਹਿੱਸਾ ਬਣਾਉਣ ਲਈ ਵਰਤ ਰਹੀਆਂ ਹਨ। ਲੋਕਧਾਰਾ ਦੇ ਸਭਿਆਚਾਰਕ ਮਹੱਤਵ ਨੂੰ ਪਿਛਾਂਹ ਸੁੱਟ ਦਿੱਤਾ ਗਿਆ ਹੈ।
ਲੋਕ-ਨਾਚਾਂ ਨੇ ਟੀ. ਵੀ. ਉਪਭੋਗਤਾਰਵਾਦੀ ਸਭਿਆਚਾਰ ਵਿਚ ਕਈ ਰੂਪ ਵਟਾਏ ਹਨ। ਗੀਤ ਗਾਇਕ ਦੇ ਪਿਛੋਕੜ ਵਿਚ ਕਦੀ ਇਹ ਨਾਚ ਭੰਗੜੇ ਦੇ ਰੂਪ ਵਿਚ ਕਦੇ ਕੁੜੀ ਜਾਂ ਕੁੜੀਆਂ ਦੀ ਅੱਧਨੰਗੀ ਪੇਸ਼ਕਾਰੀ ਵਿਚ ਇਨ੍ਹਾਂ ਨੇ ਪੌਪ ਗਾਇਕੀ ਦੀ ਕੋਝੀ ਨਕਲ ਵਿਚ ਨਵੀਆਂ ਨਿਵਾਣਾਂ ਛੁਹੀਆਂ ਹਨ। ਪਿਛੋਕੜ ਦੇ ਐਕਸ਼ਨ ਸੈਕਸੀ ਤੇ ਨੰਗੇਜ਼ ਭਰੇ ਹੁੰਦੇ ਹਨ ਜਿਨ੍ਹਾਂ ਨੇ ਨਵੀਂ ਪੀੜ੍ਹੀ ਦੀ ਮਾਨਸਿਕਤਾ ਦਾ ਹਿੱਸਾ ਬਣਨਾ ਅਰੰਭ ਕਰ ਦਿੱਤਾ ਹੈ। ਇਨ੍ਹਾਂ ਗੀਤਾਂ ਜਾਂ ਲੋਕਗੀਤਾਂ ਦੀ ਕਲਾਤਮਿਕਤਾ, ਕੋਰਿਓਗ੍ਰਾਫੀ, ਕਲਪਨਾ ਦੀ ਉਡਾਣ ਆਦਿ ਉਪਭੋਗਤਾ ਦੇ ਮਨਸ਼ੇ ਹੇਠ ਦਬ ਕੇ ਰਹਿ ਜਾਂਦੀ ਹੈ। ਕਿਤੇ ਕਿਤੇ ਇਸਦਾ ਵਿਰੋਧੀ ਪੱਖ ਵੀ ਸਾਹਮਣੇ ਆ ਰਿਹਾ ਹੈ ਪਰ ਅਜੇ ਤਕ ਇਹ ਵਿਕੋਲਿਤਰਾ ਹੀ ਹੈ। ਵਪਾਰੀਕਰਣ ਦੀ ਪ੍ਰਵਿਰਤੀ ਕਾਰਣ ਲੋਕ-ਕਲਾਵਾਂ, ਫੁਲਕਾਰੀ ਆਦਿ ਹੁਣ ਲੋਕ ਸੁਹਜ ਦੀ ਵਸਤੂ ਨਾਂ ਰਹਿ ਕੇ ਵੇਚਣ ਤੇ ਫੇਸ਼ਨ ਦੀ ਵਸਤੂ ਵਧੇਰੇ ਬਣ ਗਈ ਹੈ। ਲੋਕ ਕਲਾਵਾਂ ਨੂੰ ਪ੍ਰਚਲਿਤ ਕਰਨ ਦੇ ਨਾਂ ਤੇ ਜਿਹੜੇ ਵੀ ਮੇਲੇ ਲੱਗਦੇ ਹਨ ਉਨ੍ਹਾਂ ਉੱਤੇ ਵਪਾਰੀਕਰਣ ਦੀ ਇਸ਼ਤਿਹਾਰਬਾਜ਼ੀ ਭਾਰੂ ਹੋ ਰਹੀ ਹੈ। ਕਮਰਸੀ.ਅਲ ਆਰਟ ਹੁਣ ਸਲੇਬਸਾਂ ਦਾ ਹਿੱਸਾ ਬਣ ਚੁੱਕਾ ਹੈ।
ਸਮੁੱਚੇ ਤੌਰ ਤੇ ਕਿਹਾ ਜਾ ਸਕਦਾ ਹੈ ਕਿ ਉੱਤਰਆਧੁਨਿਕਤਾ ਦੀ ਸਥਿਤੀ ਵਿਸ਼ਵੀਕਰਣ ਦੀ ਸਥਿਤੀ ਹੈ ਜਿਸ ਵਿਚ ਇਨਫਰਮੇਸ਼ਨ ਟੈਕਨੌਲੋਜੀ, ਮਲਟੀਨੈਸ਼ਨਲ ਕੰਪਨੀਆਂ ਦੀ ਸੇਵਾ ਵਿਚ ਲੱਗੀ ਹੋਈ ਹੈ ਅਤੇ ਇਸ ਤਰ੍ਹਾਂ ਕਲਾ-ਸਾਹਿਤ-ਲੋਕਸਾਹਿਤ ਸਮੇਤ ਹਰ ਸਿਰਜਣਾ ਉਪਭੋਗਤਾ ਦੀ ਵਸਤੂ ਬਣ ਰਹੀ ਹੈ। ਲੋੜ ਹੈ ਉਨ੍ਹਾਂ ਵਿਕੋਲਿਤਰੇ ਤੇ ਅਸੰਗਠਿਤ ਯਤਨਾਂ ਨੂੰ ਇਕਮੁੱਠ ਤੇ ਸੰਗਠਿਤ ਕਰਨ ਦੀ ਜੋ ਉੱਤਰਆਧੁਨਿਕਤਾਵਾਦੀ ਪ੍ਰਵਿਰਤੀਆਂ ਦੇ ਵਿਰੋਧ ਵਿਚ ਖੜਦੇ ਹਨ ਤਾਂ ਕਿ ਅਜੋਕੀ ਸਥਿਤੀ ਵਿਚ ਪਰਿਵਰਤਨ ਲਿਆ ਕੇ ਲੋਕਧਾਰਾ ਨੂੰ ਉਪਭੋਗਤਾ ਦੀ ਵਸਤੂ ਬਣਾਉਣ ਦੀ ਥਾਂ ਮਾਨਵਤਾ ਦੀ ਉਸਾਰੀ ਵਿਚ ਲਾਇਆ ਜਾ ਸਕੇ।


ਸ੍ਰੋਤ:- www.nisot.com
ਹਵਾਲੇ ਤੇ ਟਿੱਪਣੀਆਂ
1. David Lyon, Postmodernity (Edition 2nd), Page-108.
2. Terry Eagleton, The Illusion of Postmodernism, P-vii.
3. Jean Fracois Lytord, The Postmodern Condition: A Report On Knowledge,
P- xxiii. 4। ਉਹੀ, ਪੰਨਾ-79.
5. --, ਪੰਨਾ-20.
6. --, ਪੰਨਾ- xxiv.
7. -- , ਪੰਨਾ-82.
8. william McPhero, (ਇੰਟਰਨੈਟ ਤੋਂ)

No comments:

Post a Comment