Tuesday, January 11, 2011

ਬਿਰਤਾਂਤ-ਸ਼ਾਸਤਰ : ਬਦਲਦੇ ਸਰੋਕਾਰ ਅਤੇ ਸੰਦਰਭ- ਜਗਬੀਰ ਸਿੰਘ∗

ਵੀਹਵੀਂ ਸਦੀ ਦੌਰਾਨ ਸਾਹਿਤ-ਚਿੰਤਨ ਅਤੇ ਸਮੀਖਿਆ ਦੇ ਖੇਤਰ ਵਿਚ ਅਜਿਹੀਆਂ ਮਹੱਤਵਪੂਰਣ ਗਤੀਵਿਧੀਆਂ ਸਾਮ੍ਹਣੇ ਆਈਆਂ ਹਨ ਜਿਨ੍ਹਾਂ  ਨੇ ਸਾਹਿਤਕ ਵਰਤਾਰੇ ਅਤੇ ਵਿਹਾਰ ਬਾਰੇ ਨਵੀਂ ਸਮਝ ਅਤੇ ਸੂਝ ਉਸਾਰਨ ਕਰਨ ਦਾ ਉਪਰਾਲਾ ਕੀਤਾ ਹੈ। ਇਸ ਸੰਦਰਭ ਵਿਚ ਅਮਰੀਕੀ ਨਵਾਲੋਚਨਾ, ਰੂਸੀ ਰੂਪਵਾਦ, ਸੰਰਚਨਾਵਾਦ, ਚਿਹਨਵਿਗਿਆਨ, ਉੱਤਰ-ਸੰਰਚਨਾਵਾਦ, ਮਾਰਕਸਵਾਦ ਅਤੇ ਉੱਤਰ-ਮਾਰਕਸਵਾਦ ਵਰਗੀਆਂ ਪ੍ਰਮੁੱਖ ਚਿੰਤਨਧਾਰਾਵਾਂ ਦਾ ਨਾਮ ਲਿਆ ਜਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਦੌਰ ਦੇ ਸਾਹਿਤ-ਚਿੰਤਕਾਂ ਨੇ ਕਵਿਤਾ ਅਤੇ ਨਾਟਕ ਨਾਲੋਂ ਵਧੇਰੇ ਕਥਾ-ਸਾਹਿਤ, ਨੂੰ ਆਪਣੇ ਸਿੱਧਾਂਤੀਕਰਣ ਦੇ ਫੋਕਸ ਵਿਚ ਰੱਖਣ ਦੀ ਚੇਸ਼ਟਾ ਕੀਤੀ ਹੈ। ਸਾਹਿਤ ਦੇ ਇਸ ਮੁਕਾਬਲਤਨ ਅਣਗੌਲੇ ਰੂਪ (ਕਥਾ-ਸਾਹਿਤ) ਬਾਰੇ ਭਰਪੂਰ ਸਿੱਧਾਂਤ-ਚਿੰਤਨ ਦੇ ਸਿੱਟੇ ਵਜੋਂ ਬਿਰਤਾਂਤ-ਸ਼ਾਸਤਰ (narratology) ਦੇ ਰੂਪ ਵਿਚ ਇਕ ਨਵਾਂ ਅਨੁਸ਼ਾਸਨ ਹੋਂਦ ਵਿਚ ਆਇਆ ਹੈ। ਇਹ ਠੀਕ ਹੈ ਕਿ ਕਥਾ-ਸਾਹਿਤ ਜਾਂ ਬਿਰਤਾਂਤ ਦੇ ਵਿਭਿੰਨ ਤੱਤਾਂ ਬਾਰੇ ਪਹਿਲਾਂ ਵੀ ਕਿਸੇ ਨਾ ਕਿਸੇ ਰੂਪ ਵਿਚ ਚਰਚਾ ਅਵੱਸ਼ ਹੁੰਦੀ ਰਹੀ ਹੈ ਪਰ ਇਸ ਬਾਰੇ ਇਸ ਕਿਸਮ ਦਾ ਗੰਭੀਰ ਅਤੇ ਅਨੁਸ਼ਾਸਨ-ਬੱਧ ਚਿੰਤਨ ਕਦੇ ਵੀ ਸਾਮ੍ਹਣੇ ਨਹੀਂ ਆਇਆ। ਮਿਸਾਲ ਵਜੋਂ, ਪ੍ਰਾਚੀਨ ਭਾਰਤੀ ਅਤੇ ਯੂਨਾਨੀ ਕਾਵਿਸ਼ਾਸਤਰ ਵਿਚ ਕਥਾਨਕੀ ਵਿਉਂਤ ਅਤੇ ਪਾਤਰਾਂ ਬਾਰੇ ਵਿਆਖਿਆਤਮਕ ਵੇਰਵੇ ਮਿਲਦੇ ਹਨ ਪਰ ਇਨ੍ਹਾਂ  ਦੋਹਾਂ ਪਰੰਪਰਾਵਾਂ ਵਿਚ ਇਨ੍ਹਾਂ  ਕਥਾ-ਤੱਤਾਂ ਦੀ ਵਿਆਖਿਆ ਵਧੇਰੇ ਨਾਟਕੀ ਪੇਸ਼ਕਾਰੀ ਦੇ ਸੰਦਰਭ ਵਿਚ ਹੋਈ ਹੈ। ਇਸ ਤਰ੍ਹਾਂ, ਬਾਕਾਇਦਾ ਅਨੁਸ਼ਾਸਨ ਦੇ ਰੂਪ ਵਿਚ ਬਿਰਤਾਂਤ-ਸ਼ਾਸਤਰ ਦਾ ਵਿਕਾਸ ਵੀਹਵੀਂ ਸਦੀ ਦੌਰਾਨ ਹੀ ਹੋਇਆ ਹੈ। ਸੱਚ ਤਾਂ ਇਹ ਹੈ ਕਿ ਇਸਨੂੰ ਅਜੋਕੇ ਸਾਹਿਤ-ਚਿੰਤਨ ਦੀ ਸਰਬੋਤਮ ਪ੍ਰਾਪਤੀ ਮੰਨਿਆਂ ਜਾ ਸਕਦਾ ਹੈ।
ਬਿਰਤਾਂਤ-ਸ਼ਾਸਤਰ ਬਾਰੇ ਕਿਸੇ ਕਿਸਮ ਦੀ ਗੰਭੀਰ ਚਰਚਾ ਕਰਨ ਤੋਂ ਪਹਿਲਾਂ 'ਬਿਰਤਾਂਤ' (narrative) ਦੇ
ਸੰਕਲਪ ਨੂੰ ਸਪਸ਼ਟ ਕਰਨਾ ਜ਼ਰੂਰੀ ਜਾਪਦਾ ਹੈ। ਕਾਰਣ ਇਹ ਹੈ ਕਿ 'ਬਿਰਤਾਂਤ' ਨਿਤ ਵਰਤੋਂ ਦਾ ਸਾਧਾਰਣ ਸ਼ਬਦ ਨਹੀਂ ਸਗੋਂ ਇਸਦਾ ਸੰਬੰਧ ਸਮਕਾਲੀ ਆਲੋਚਨਾ ਦੀ ਤਕਨੀਕੀ ਸ਼ਬਦਾਵਲੀ ਨਾਲ ਹੈ। ਭਾਵੇਂ ਆਮ ਤੌਰ ਤੇ ਇਸਦੀ ਵਰਤੋਂ ਕਥਾ-ਸਾਹਿਤ ਦੇ ਸੰਦਰਭ ਵਿਚ ਕੀਤੀ ਜਾਂਦੀ ਹੈ ਪਰ ਇਸਨੂੰ ਨਿਰੋਲ 'ਕਥਾ' ਦਾ ਸਮਾਨਾਰਥਕ ਨਹੀਂ ਸਮਝਿਆ ਜਾ ਸਕਦਾ। ਇਹ ਕਥਾ-ਰਚਨਾ ਦੇ ਤਕਨੀਕੀ ਪੱਖ ਵਲ ਸੰਕੇਤ ਕਰਨ ਵਾਲਾ ਸ਼ਬਦ ਹੈ ਅਤੇ ਇਸਦਾ ਸੰਬੰਧ ਉਨ੍ਹਾਂ  ਸਮੂਹ ਉਪਕਰਣਾਂ ਨਾਲ ਹੈ ਜਿਨ੍ਹਾਂ  ਦੇ ਮਾਧਿਅਮ ਰਾਹੀਂ ਕੋਈ ਕਥਾ ਹੋਂਦ ਵਿਚ ਆਉਂਦੀ ਹੈ। ਬਿਰਤਾਂਤ ਗਾਲਪਨਿਕ ਵੀ ਹੋ ਸਕਦਾ ਹੈ ਅਤੇ ਵਾਸਤਵਿਕ ਵੀ। ਇਸ ਤਰ੍ਹਾਂ ਬਿਰਤਾਂਤ ਨਿਰੋਲ ਗਲਪ ਦਾ ਸਮਾਨਾਰਥਕ ਸ਼ਬਦ ਵੀ ਨਹੀਂ ਰਹਿੰਦਾ ਸਗੋਂ ਇਸਦੇ ਘੇਰੇ ਵਿਚ ਜੀਵਨੀ, ਸਵੈ-ਜੀਵਨੀ ਅਤੇ ਇਤਿਹਾਸ ਵਰਗੀਆਂ ਉਹ ਸਮੂਹ ਸਿਰਜਣਾਵਾਂ ਵੀ ਆ ਜਾਂਦੀਆਂ ਹਨ ਜਿਨ੍ਹਾਂ  ਵਿਚ ਕਥਾਕਾਰੀ ਦੀ ਰਚਨਾ-ਵਿਧੀ ਕਾਰਜਸ਼ੀਲ ਹੰਦੀ ਹੈ। ਇਥੋਂ ਤਕ ਕਿ ਮਨੁੱਖ ਆਪਣੀ ਵਿਅਕਤੀਗਤ, ਸਭਿਆਚਾਰਕ ਜਾਂ ਕੌਮੀ ਪਛਾਣ ਉਸਾਰਨ ਲਈ ਸਵੈ-ਬਿਰਤਾਂਤ ਦਾ ਸਹਾਰਾ ਲੈਂਦਾ ਹੈ।1
ਬਿਰਤਾਂਤ-ਸ਼ਾਸਤਰ ਨੂੰ ਬਿਰਤਾਂਤ ਦਾ ਸਿੱਧਾਂਤਕ ਵਿਵੇਚਨ ਆਖਿਆ ਜਾ ਸਕਦਾ ਹੈ। ਇਹ ਕਥਾ-ਰਚਨਾ ਜਾਂ
ਬਿਰਤਾਂਤ ਦੇ ਉਨ੍ਹਾਂ  ਸੰਗਠਨਕਾਰੀ ਤੱਤਾਂ ਅਤੇ ਨੇਮ-ਪ੍ਰਬੰਧਾਂ ਦੀ ਤਲਾਸ਼ ਕਰਨ ਵਲ ਰੁਚਿਤ ਹੁੰਦਾ ਹੈ ਜੋ ਉਸਦੀ ਹੋਂਦਵਿਧੀ ਦਾ ਲਾਜ਼ਮੀ ਅੰਗ ਹੁੰਦੇ ਹਨ ਅਤੇ ਉਸਨੂੰ ਰੂਪ ਤੇ ਆਕਾਰ ਪ੍ਰਦਾਨ ਕਰਦੇ ਹਨ। ਇਕ ਨਵੇਂ ਅਨੁਸ਼ਾਸਨ ਵਜੋਂ ਬਿਰਤਾਂਤ-ਸ਼ਾਸਤਰ ਦਾ ਸੰਕਲਪ ਪਹਿਲੀ ਵਾਰ ਪ੍ਰਸਿੱਧ ਸੰਰਚਨਾਵਾਦੀ ਚਿੰਤਕ ਤੋਦੋਰਪਵ ਨੇ ਆਪਣੀ ੧੯੬੯ ਈ. ਵਿਚ ਪ੍ਰਕਾਸ਼ਿਤ ਪੁਸਤਕ ‘Grammaire du Decameron’ ਵਿਚ ਪੇਸ਼ ਕੀਤਾ। ਇਸ ਪੁਸਤਕ ਵਿਚ ਉਸਨੇ ਇਟਲੀ ਦੇ ਪ੍ਰਸਿੱਧ ਲੇਖਕ ਬੋਕਾਸ਼ਿਉ ਦੀਆਂ ਕਹਾਣੀਆਂ ਨੂੰ ਭਾਸ਼ਾਈ ਵਿਆਕਰਣ ਦੇ ਮਾੱਡਲ ਅਨੁਸਾਰ ਵਾਚਦਿਆਂ ਇਨ੍ਹਾਂ  ਦੇ ਸੰਗਠਨਕਾਰੀ ਨੇਮਾਂ ਦੀ ਤਲਾਸ਼ ਕਰਨ ਦਾ ਜਤਨ ਕੀਤਾ। ਤੋਦੋਰੋਵ ਨੇ ਇਸ ਅਧਿਐਨ ਵਿਧੀ ਨੂੰ narratologie (ਬਿਰਤਾਂਤ-ਵਿਗਿਆਨ) ਦਾ ਨਾਮ ਦਿੱਤਾ। ਇਸ ਤਰ੍ਹਾਂ ਬਿਰਤਾਂਤ-ਸ਼ਾਸਤਰ / ਬਿਰਤਾਂਤ-ਵਿਗਿਆਨ ਦਾ ਮੁੱਢਲਾ ਸੰਕਲਪ ਸਾਮ੍ਹਣੇ ਆਇਆ। ਉਦੋਂ ਤੋਂ ਲੈ ਕੇ ਹੁਣ ਤਕ ਬਿਰਤਾਂਤ-ਸ਼ਾਸਤਰ ਆਪਣੇ ਵਿਕਾਸ ਦੇ ਕਈ ਪੜਾਵਾਂ ਵਿਚੋਂ ਲੰਘਿਆ mਹੈ। ਸਾਹਿਤ-ਚਿੰਤਨ ਅਤੇ ਸਮੀਖਿਆ ਦੇ ਬਦਲਦੇ ਪਰਿਪੇਖਾਂ ਅਨੁਸਾਰ ਇਸਦੇ ਸਰੋਕਾਰ ਅਤੇ ਸੰਦਰਭ ਵੀ ਬਦਲਦੇ ਰਹੇ ਹਨ। ਹਥਲੇ ਪਰਚੇ ਵਿਚ ਅਸੀਂ ਬਿਰਤਾਂਤ-ਸ਼ਾਸਤਰ ਦੀ ਇਸ ਵਿਕਾਸ-ਯਾਤਰਾ, ਇਸਦੇ ਬਦਲਦੇ ਸਰੋਕਾਰਾਂ ਅਤੇ ਸੰਦਰਭਾਂ ਦੀ ਨਿਸ਼ਾਨਦੇਹੀ ਕਰਨ ਦਾ ਜਤਨ ਕੀਤਾ ਹੈ।
ਭਾਵੇਂ ਇਕ ਬਾਕਇਦਾ ਅਨੁਸ਼ਾਸ਼ਨ ਦੇ ਤੌਰ ਤੇ ਬਿਰਤਾਂਤ-ਸ਼ਾਸਤਰ ਦਾ ਸੰਕਲਪ ਸੰਰਚਨਾਵਾਦ ਦੇ ਅੰਤਰਗਤ ਹੀ ਉੱਘੜ ਕੇ ਸਾਮ੍ਹਣੇ ਆਇਆ ਹੈ ਪਰ ਇਸਦੀ ਵਿਕਾਸ-ਰੇਖਾ ਸੰਰਚਨਾਵਾਦ ਦੇ ਆਰ-ਪਾਰ ਫੈਲੀ ਹੋਈ ਹੈ। ਇਸਦੇ ਵਿਕਾਸ ਦਾ ਪਹਿਲਾ ਪੜਾਉ ਰੂਸੀ ਰੂਪਵਾਦ ਨਾਲ ਸੰਬੰਧਿਤ ਹੈ। ਇਸ ਧਾਰਾ ਨਾਲ ਸੰਬੰਧਿਤ ਪ੍ਰਮੁੱਖ ਚਿੰਤਕ ਵਿਚ ਵਲਾਦੀਮੀਰ ਪਰਾੱਪ, ਆਈਖ਼ਨ ਬੌਮ, ਰੋਮਨ ਯਾਕੋਬਸਨ, ਵਿਕਟਰ ਸ਼ਕਲੋਵਸਕੀ ਅਤੇ ਬੋਰਿਸ ਤੋਮਾਸ਼ੇਵਸਕੀ ਆਦਿ ਦਾ ਨਾਮ ਲਿਆ ਜਾ ਸਕਦਾ ਹੈ। ਵੀਹਵੀਂ ਸਦੀ ਦੇ ਮੁੱਢਲੇ ਦੌਰ ਦੀ ਇਸ ਚਿੰਤਨਧਾਰਾ ਨੇ ਸਾਹਿਤ ਜਾਂ ਕਲਾ ਨੂੰ ਤਕਨੀਕ ਦੇ ਅਰਥਾਂ ਵਿਚ ਪਰਿਭਾਸ਼ਿਤ ਕਰਦਿਆਂ ਉਸਦੇ ਰੂਪਾਤਮਕ ਵਿਸ਼ਲੇਸ਼ਣ ਉੱਤੇ ਬਲ ਦਿੱਤਾ। ਰੂਸੀ ਰੂਪਵਾਦੀਆਂ ਦੀ ਵਧੇਰੇ ਦਿਲਚਸਪੀ ਕਥਾ-ਸਾਹਿਤ ਵਿਚ ਸੀ। ਉਨ੍ਹਾਂ  ਨੇ ਕਥਾ ਦੀ ਤਕਨੀਕ ਨੂੰ ਸਿੱਧਾਂਤੀਕਰਣ ਦੇ ਫੋਕਸ ਵਿਚ ਰੱਖਦਿਆਂ ਇਸਦੇ ਅਧਿਐਨ-ਵਿਸ਼ਲੇਸ਼ਣ ਲਈ ਕਈ ਮੁੱਲਵਾਨ ਅੰਤਰ-ਦ੍ਰਿਸ਼ਟੀਆਂ ਪ੍ਰਦਾਨ ਕੀਤੀਆਂ। ਬਿਰਤਾਂਤ-ਸ਼ਾਸਤਰ ਦੀ ਉਸਾਰੀ ਵਿਚ ਇਨ੍ਹਾਂ  ਚਿੰਤਕਾਂ ਦੇ ਯੋਗਦਾਨ ਤੋਂ ਕੋਈ ਵੀ ਇਨਕਾਰ ਨਹੀਂ ਕਰ ਸਕਦਾ। ਇਸ ਸੰਦਰਭ ਵਿਚ ਵਲਾਦੀਮੀਰ ਪਰਾੱਪ ਦਾ ਨਾਮ ਖ਼ਾਸ ਤੌਰ ਤੇ ਵਰਣਨਯੋਗ ਹੈ। ਪਰਾੱਪ ਨੇ ਆਪਣੀ ਪੁਸਤਕ ‘Morphology of the Folk Tale’ ਵਿਚ ਰੂਸੀ ਪਰੀ-ਕਹਾਣੀਆਂ ਦਾ ਅਧਿਐਨ ਕਰਨ ਲਈ ਇਕ ਵਿਸ਼ੇਸ਼ ਭਾਂਤ ਦੀ ਰੂਪਵਿਗਿਆਨਕ (morphological) ਵਿਧੀ ਵਿਕਸਿਤ ਕਰਨ ਦਾ ਉਪਰਾਲਾ ਕੀਤਾ। ਇਹ ਵਿਧੀ ਕਥਾ ਵਿਚਲੇ ਪਾਤਰਾਂ ਨੂੰ ਉਨ੍ਹਾਂ  ਦੇ ਪ੍ਰਕਾਰਜਾਂ ਅਨੁਸਾਰ ਪਰਿਭਾਸ਼ਿਤ ਕਰਨ ਵਲ ਰੁਚਿਤ ਹੁੰਦੀ ਹੈ ਅਤੇ ਉਨ੍ਹਾਂ  ਦੇ ਵਿਭਿੰਨ ਕਾਰਜ ਖੇਤਰਾਂ ਦਾ ਵਿਸ਼ਲੇਸ਼ਣ ਕਰਨ ਦਾ ਜਤਨ ਕਰਦੀ ਹੈ। ਇਸ ਤਰ੍ਹਾਂ ਪਰਾੱਪ ਨੇ ਬਿਰਤਾਂਤਕ ਵਿਸ਼ਲੇਸ਼ਣ ਨੂੰ ਨਵੀ ਦਿਸ਼ਾ ਪ੍ਰਦਾਨ ਕੀਤੀ। ਉਸਨੇ ਰੂਪ-ਵਿਗਿਆਨਕ ਪ੍ਰਕਾਰ ਜਾਂ (morphological functions) ਅਤੇ ਪਾਤਰਾਂ ਨਾਲ ਸੰਬੰਧਿਤ ਵਿਭਿੰਨ ਕਾਰਜ ਖੇਤਰਾਂ (spheres of actions) ਦੀ ਸੰਕਲਪਨਾ ਪੇਸ਼ ਕਰਦਿਆਂ ਇਕ ਤਰ੍ਹਾਂ ਨਾਲ ਬਿਰਤਾਂਤਕ ਰਚਨਾਵਾਂ ਦੇ ਵਸਤੂ-ਮੂਲਕ ਅਧਿਐਨ ਦੀ ਬੁਨਿਆਦ ਰੱਖ ਦਿੱਤੀ। ਇਸੇ ਤਰ੍ਹਾਂ ਰੂਸੀ ਰੂਪਵਾਦੀਆਂ ਨੇ ਕਥਾ (ਸਟੋਰੀ) ਤੇ ਕਥਾਨਕ (ਪਲਾਟ) ਦੇ ਪਰੰਪਰਕ ਸੰਕਲਪਾਂ ਬਾਰੇ ਪੁਨਰ ਚਿੰਤਨ ਕਰਦਿਆਂ ਇਕ ਹੋਰ ਮਹੱਤਵਪੂਰਣ ਅੰਤਰ-ਦ੍ਰਿਸ਼ਟੀ ਪ੍ਰਦਾਨ ਕੀਤੀ। ਉਨ੍ਹਾਂ  ਨੇ ਕਥਾ ਤੇ ਕਥਾਨਕ ਦੀ ਥਾਵੇਂ ਫੈਬੁਲਾ (fabula) ਤੇ ਸੁਜੇਤ (sjuzhet) ਦਾ ਨਵਾਂ ਸੰਕਲਪੀ ਜੁੱਟ ਪੇਸ਼ ਕੀਤਾ। ਉਨ੍ਹਾਂ  ਅਨੁਸਾਰ ਫੈਬੁਲਾ, ਬਿਰਤਾਂਤ ਦੀ ਅੰਤਰ-ਵਸਤੂ ਹੈ ਜਦੋਂ ਕਿ ਸੁਜੇਤ ਉਸ ਅੰਤਰ-ਵਸਤੂ ਦੀ ਵਾਸਤਵਿਕ ਜਾਂ ਵਿਹਾਰਕ ਪੇਸ਼ਕਾਰੀ ਹੈ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਚਿੰਤਨ ਨੇ ਬਿਰਤਾਂਤ-ਰਚਨਾ ਦੇ ਅਧਿਐਨ ਲਈ ਇਸਦੇ ਦੋ ਅੰਤਰ-ਸੰਬੰਧਿਤ ਪੱਖਾਂ – ਬਿਰਤਾਂਤ (narrative) ਅਤੇ ਬਿਰਤਾਂਤਕਾਰੀ (narration) - ਦੀ ਸੋਝੀ ਪ੍ਰਦਾਨ ਕੀਤੀ ਜਿਸਨੇ ਬਿਰਤਾਂਤ-ਸ਼ਾਸਤਰ ਦੀ ਉਸਾਰੀ ਵਿਚ ਅਹਿਮ ਰੋਲ ਅਦਾ ਕੀਤਾ।
ਇਹ ਠੀਕ ਹੈ ਕਿ ਰੂਸੀ ਰੂਪਵਾਦੀ ਸਾਹਿਤ-ਚਿੰਤਕਾਂ ਦੀਆਂ ਕਥਾ-ਸਾਹਿਤ ਨਾਲ ਸੰਬੰਧਿਤ ਇਨ੍ਹਾਂ  ਮਹੱਤਵਪੂਰਣ
ਅੰਤਰ-ਦ੍ਰਿਸ਼ਟੀਆਂ ਨੇ ਬਿਰਤਾਂਤ-ਸ਼ਾਸਤਰ ਦੀ ਉਸਾਰੀ ਲਈ ਮੁੱਢਲਾ ਆਧਾਰ ਪ੍ਰਦਾਨ ਕੀਤਾ। ਪਰ ਇਸਦਾ ਇਕ ਸੁਤੰਤਰ ਅਨੁਸ਼ਾਨ ਵਜੋਂ ਭਰਪੂਰ ਵਿਕਾਸ ਸੰਰਚਨਾਵਾਦ ਦੇ ਅੰਤਰਗਤ ਹੋਇਆ। ਵਿਸ਼ਵ-ਚਿੰਤਨ ਵਿਚ ਸੰਰਚਨਾਵਾਦ ਦਾ ਉਦੈ ਇਕ ਅਜਿਹੀ ਚਿੰਤਨ-ਪ੍ਰਣਾਲੀ ਦੇ ਰੂਪ ਵਿਚ ਹੋਇਆ ਜਿਸਨੇ ਸਾਹਿਤ ਅਤੇ ਸੱਭਿਆਚਾਰ ਦੇ ਵਸਤੂ-ਮੂਲਕ / ਵਿਗਿਆਨਕ ਅਧਿਐਨ ਨੂੰ ਆਪਣਾ ਮੁੱਖ ਪ੍ਰਯੋਜਨ / ਪ੍ਰਾਜੈਕਟ ਬਣਾਇਆ। ਇਸ ਚਿੰਤਨ-ਪ੍ਰਣਾਲੀ ਦੀ ਬੁਨਿਆਦ ਸੋਸਿਊਰ ਦੇ ਭਾਸ਼ਾ-ਵਿਗਿਆਨਕ ਚਿੰਤਨ ਉੱਪਰ ਟਿਕੀ ਹੋਈ ਸੀ ਅਤੇ ਇਸਦਾ ਉੱਭਾਰ ੧੯੬੦ ਦੇ ਲਾਗੇ ਚਾਗੇ ਇਕ ਲਹਿਰ ਦੇ ਰੂਪ ਵਿਚ ਹੋਇਆ। ਸੋਸਿਊਰ ਨੇ ਭਾਸ਼ਾ ਨੂੰ ਚਿਹਨਾਂ ਦਾ ਸੰਗਠਿਤ ਪ੍ਰਬੰਧ ਮੰਨਦਿਆਂ ਉਸਦੇ ਸੰਰਚਨਾਤਮਕ ਨੇਮ ਤਲਾਸ਼ ਕਰਨ ਦਾ ਉਪਰਾਲਾ ਕੀਤਾ। ਉਸਦੇ ਮਤ ਅਨੁਸਾਰ ਭਾਸ਼ਾ ਦਾ ਵਿਗਿਆਨਕ ਅਧਿਐਨ ਉਸਦੀ ਇਕਾਲਕ ਸੰਰਚਨਾ ਨੂੰ ਮੁੱਖ ਰੱਖ ਕੇ ਹੀ ਕੀਤਾ ਜਾ ਸਕਦਾ ਹੈ। ਇਸ ਮੰਤਵ ਲਈ ਉਸਨੇ ਭਾਸ਼ਾ ਦੀ ਵਿਹਾਰਕ ਵਰਤੋਂ (parole) ਨਾਲੋਂ ਭਾਸ਼ਾਈ ਪ੍ਰਬੰਧ (langue) ਦੇ ਅਧਿਐਨ ਨੂੰ ਵਧੇਰੇ ਮਹੱਤਵ ਪ੍ਰਦਾਨ ਕੀਤਾ। ਸੰਰਚਨਾਵਾਦੀ ਸਾਹਿਤ-ਚਿੰਤਕਾਂ ਨੇ ਸੋਸਿਊਰ ਦੇ ਇਸੇ ਭਾਸ਼ਾ-ਵਿਗਿਆਨਕ ਮਾੱਡਲ ਨੂੰ ਆਧਾਰ ਬਣਾ ਕੇ ਬਿਰਤਾਂਤ ਦਾ ਵਿਗਿਆਨ ਉਸਾਰਨ ਦਾ ਉਪਰਾਲਾ ਕੀਤਾ। ਇਨ੍ਹਾਂ  ਚਿੰਤਕਾਂ ਨੇ ਕਥਾਕਾਰੀ ਅਤੇ ਕਥਾ ਨੂੰ ਚਿਹਨ ਅਤੇ ਚਿਹਨਿਤ (signifier / signified) ਦੇ ਸੰਕਲਪਾਂ
ਰਾਹੀਂ ਸਮਝਣ ਅਤੇ ਸਮਝਾਉਣ ਦਾ ਜਤਨ ਕੀਤਾ। ਇਸ ਸੰਚਨਾਵਦੀ ਸੂਝ-ਮਾੱਡਲ ਅਨੁਸਾਰ ਕਥਾ (story, fabula, narrative) ਤੋਂ ਭਾਵ ਬਿਰਤਾਂਤ ਵਿਚ ਪੇਸ਼ ਹੋਈਆਂ ਘਟਨਾਵਾਂ ਦੀ ਕਾਲ-ਕ੍ਰਮ ਅਨੁਸਾਰ ਤਰਤੀਬ ਤੋਂ ਹੈ ਜਿਸਨੂੰ ਬਿਰਤਾਂਤ ਦਾ ਚਿਹਨਿਤ ਆਖਿਆ ਜਾ ਸਕਦਾ ਹੈ। ਇਸੇ ਤਰ੍ਹਾਂ ਕਥਾਕਾਰੀ (plot, sjuzhet, narration, narrative-discourse) ਨੂੰ ਬਿਰਤਾਂਤ ਦਾ ਚਿਹਨਕ ਆਖਿਆ ਜਾ ਸਕਦਾ ਹੈ। ਸੰਰਚਨਾਵਾਦੀਆਂ ਨੇ ਆਪਣੇ ਬਿਰਤਾਂਤ-ਸ਼ਾਸਤਰ ਦੀ ਉਸਾਰੀ ਲਈ ਮੁੱਖ ਤੌਰ ਤੇ ਕਥਾਕਾਰੀ ਜਾਂ ਬਿਰਤਾਂਤਕਾਰੀ ਨੂੰ ਹੀ ਆਧਾਰ ਬਣਾਇਆ। ਬਿਰਤਾਂਤ-ਸ਼ਾਸਤਰ ਦੇ ਇਸ ਸੰਰਚਨਾਵਦੀ ਦੌਰ ਨੂੰ ਇਸਦੇ ਵਿਕਾਸ ਦੀ ਚਰਮ ਸੀਮਾ ਆਖਿਆ ਜਾ ਸਕਦਾ ਹੈ। ਇਸ ਸੰਦਰਭ ਵਿਚ ਰੋਲਾਂ ਬਾਰਤ,
ਲੇਵੀ ਸਤ੍ਰਾਸ, ਯੇਰਾਦ ਯੇਨੇਟ, ਗ੍ਰੇਮਾਸ ਅਤੇ ਤੋਦੋਰੋਵ ਵਰਗੇ ਪ੍ਰਮੁੱਖ ਚਿੰਤਕਾਂ ਦਾ ਨਾਮ ਲਿਆ ਜਾ ਸਕਦਾ ਹੈ ਜਿਨ੍ਹਾਂ  ਨੇ ਆਪੋ ਆਪਣੇ ਢੰਗ ਨਾਲ ਇਸਦੀ ਉਸਾਰੀ ਵਿਚ ਭਰਪੂਰ ਯੋਗਦਾਨ ਦਿੱਤਾ।
ਰੋਲਾਂ ਬਾਰਤ ਨੇ ਆਪਣੇ ਚਿੰਤਨ ਦੇ ਮੁੱਢਲੇ (ਸੰਰਚਨਾਵਾਦੀ) ਦੌਰ ਵਿਚ ਕਥਾਨਕ-ਆਧਾਰਿਤ ਬਿਰਤਾਂਤਕ
ਵਿਸ਼ਲੇਸ਼ਣ ਦੀ ਬਿਹਤਰੀਨ ਮਿਸਾਲ ਆਪਣੇ ਨਿਬੰਧ “An Introduction to the Structural Analysis of


Narratives” ਵਿਚ ਪੇਸ਼ ਕੀਤੀ। ਇਸ ਵਿਚ ਸੰਰਚਨਾਵਾਦੀ ਬਿਰਤਾਂਤ-ਸ਼ਾਸਤਰ ਦੀ ਰੂਪਰੇਖਾ ਉੱਘੜਵੇਂ ਰੂਪ ਵਿਚ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸੇ ਤਰ੍ਹਾਂ ਯੇਰਾਦ ਯੇਨੇਟ ਨੇ ਬਿਰਤਾਂਤ ਦੀ ਟੈਕਨਲੋਜੀ ਵਿਚ ਬਿਰਤਾਂਤਕਾਰ (narrator) ਦਾ ਤੀਸਰਾ ਪ੍ਰਵਰਗ ਜੋੜ ਕੇ ਇਸਦੇ ਅਧਿਐਨ ਨੂੰ ਇਕ ਹੋਰ ਦਿਸ਼ਾ ਪ੍ਰਦਾਨ ਕੀਤੀ। ਇਸਨੂੰ ਬਿਰਤਾਂਤਕ ਦ੍ਰਿਸ਼ਟੀਕੋਣ ਅਤੇ ਫੋਕਲਾਈਜ਼ੇਸ਼ਨ ਵਰਗੀਆਂ ਤਕਨੀਕੀ ਜੁਗਤਾਂ ਦੇ ਅੰਤਰਗਤ ਰੱਖਿਆਂ ਜਾ ਸਕਦਾ ਹੈ।
ਪ੍ਰਸਿੱਧ ਮਾਨਵ-ਵਿਗਿਆਨੀ ਲੇਵੀ ਸਤ੍ਰਾਸ ਨੇ ਮਿਥ ਦੇ ਅਧਿਐਨ ਲਈ ਇਕ ਵਿਸ਼ੇਸ਼ ਭਾਂਤ ਦਾ ਬਿਰਤਾਂਤ-
ਸ਼ਾਸਤਰੀ ਮਾੱਡਲ ਵਿਕਸਿਤ ਕੀਤਾ ਜਿਹੜਾ ਸੋਸਿਊਰ ਦੇ ਭਾਸ਼ਾਵਿਗਿਆਨਕ ਚਿੰਤਨ ਤੋਂ ਹੀ ਪ੍ਰੇਰਿਤ ਅਤੇ ਪ੍ਰਭਾਵਿਤ ਸੀ। ਉਸਨੇ ਆਪਣੀ ਪੁਸਤਕ Structural Anthropology ਵਿਚ ਮਿਥ ਦੇ ਵਿਸ਼ਵਪਵਿਆਪੀ ਵਰਤਾਰੇ ਨੂੰ ਭਾਸ਼ਾਈ ਵਿਆਕਰਣ ਵਾਂਗ ਪੜ੍ਹਨ ਦਾ ਜਤਨ ਕੀਤਾ। ਉਸਨੇ ਮਿਥ ਦੀ ਅਰਥਗਤ ਸੰਰਚਨਾ (semantic structure) ਉੱਪਰ ਧਿਆਨ ਕੇਂਦ੍ਰਿਤ ਕਰਦਿਆਂ ਉਸਦੇ ਅੰਦਰਲੇ ਵਿਵੇਕ ਦੀ ਤਲਾਸ਼ ਕਰਨ ਦਾ ਉਪਰਾਲਾ ਕੀਤਾ। ਲੇਵੀ ਸਤ੍ਰਾਸ ਨੇ ਇਹ ਧਾਰਣਾ ਪੇਸ਼ ਕੀਤੀ ਕਿ ਮਿਥਕ ਕਥਾ ਮਨੁੱਖੀ ਹੋਂਦ ਦੇ ਮੂਲ ਵਿਰੋਧਾਂ ਨੂੰ ਮੂਰਤੀਮਾਨ ਕਰਨ ਵਾਲਾ ਅਜਿਹਾ ਕੋਡਿਡ ਸੰਦੇਸ਼ ਹੁੰਦਾ ਹੈ ਜੋ ਦਾ ਮਨੁੱਖ ਦੇ ਵਿਸ਼ਵ ਨਾਲ ਰਿਸ਼ਤੇ ਨੂੰ ਪਰਿਭਾਸ਼ਿਤ ਕਰਦਾ ਹੈ। ਇਸ ਅਧਿਐਨ-ਵਿਧੀ ਦੀ ਵਿਲੱਖਣਤਾ ਇਹ ਸੀ ਕਿ ਇਸਦੇ ਅੰਤਰਗਤ ਮਿਥਕ ਕਥਾ ਦੇ ਵਿਨਿਆਸ-ਮੂਲਕ (syntagmatic) ਪਾਸਾਰ ਦੀ ਬਜਾਇ ਉਸਦੇ ਪੈਰਾਡਿਗਮੈਟਿਕ (paradigmatic)ਪਾਸਾਰ ਨੂੰ ਅਧਿਐਨ ਦਾ ਆਧਾਰ ਬਣਾਇਆ ਗਿਆ ਸੀ। ਇਸ ਤਰ੍ਹਾਂ ਉਸਨੇ
ਮਿਥਕ ਕਥਾ ਦੀ ਸੰਰਚਨਾ ਦਾ ਅਧਿਐਨ ਕਰਨ ਲਈ ਉਸ ਵਿਚਲੇ ਅਰਥਗਤ ਵਿਰੋਧਾਂ ਨੂੰ ਦ੍ਰਿਸ਼ਟੀਗੋਚਰ ਕਰਨ ਦਾ ਉਪਰਾਲਾ ਕੀਤਾ। ਇਸੇ ਪਹੁੰਚ-ਵਿਧੀ ਰਾਹੀਂ ਲੇਵੀ ਸਤ੍ਰਾਸ ਨੇ ਯੂਨਾਨ ਦੀ ਸੰਸਾਰ-ਪ੍ਰਸਿੱਧ ਈਡਿਪਸ ਦੀ ਮਿਥਕ ਕਥਾ ਦਾ ਅਧਿਐਨ ਪੇਸ਼ ਕੀਤਾ। ਉਸਨੇ ਇਸ ਵਿਚਲੇ ਅਰਥਗਤ ਮੂਲ ਵਿਰੋਧਾਂ ਅਤੇ ਵਿਚੋਲਗੀ ਰਹੀਂ ਉਨ੍ਹਾਂ  ਵਿਚ ਵਾਪਰਨ ਵਾਲੇ ਰੂਪਾਂਤਰਣ ਦੀ ਨਿਸ਼ਾਨਦੇਹੀ ਕੀਤੀ। ਪਰ ਇਹ ਅਧਿਐਨ-ਵਿਧੀ ਬਹੁਤੀ ਮਕਬੂਲ ਨਹੀਂ ਹੋ ਸਕੀ ਕਿਉਂਜੋ ਇਹ ਮਿਥਕ ਕਥਾ ਦੇ ਅਰਥਾਂ ਦੀ ਅਮੀਰੀ ਨੂੰ ਸਰਲੀਕ੍ਰਿਤ ਰੂਪ ਵਿਚ ਘਟਾਕੇ ਪ੍ਰਸਤੁਤ ਕਰਨ ਵਲ ਰੁਚਿਤ ਸੀ। ਬਾਦ ਵਿਚ ਲੇਵੀ ਸਤ੍ਰਾਸ ਨੇ ਅਮਰੀਕਾ ਦੇ ਇਕ ਆਦਮ-ਕਬੀਲੇ ਦੀ ਮਿਥਕ ਪਰੰਪਰਾ ਨੂੰ ਉਸਦੇ ਭੌਤਿਕ ਅਤੇ ਸੱਭਿਆਚਾਰਕ ਸੰਦਰਭ ਵਿਚ ਰੱਖ ਕੇ ਵਾਚਣ ਦਾ ਉਪਰਾਲਾ ਕੀਤਾ ਜੋ ਵਧੇਰੇ ਸਾਰਥਕ ਅਤੇ ਪ੍ਰਾਸੰਗਿਕ ਸੀ। ਇਸੇ ਤਰ੍ਹਾਂ ਇਕ ਹੋਰ ਸਾਹਿਤ-ਚਿੰਤਕ ਏ. ਜੇ ਗ੍ਰੇਮਾਸ ਨੇ ਵੀ ਸੋਸਿਊਰ ਦੇ ਭਾਸ਼ਾਵਿਗਿਆਨਕ ਚਿੰਤਨ ਦੀ ਰੌਸ਼ਨੀ ਵਿਚ ਬਿਰਤਾਂਤ ਦੇ ਅਧਿਐਨ ਲਈ ਆਪਣਾ ਸੁਪ੍ਰਸਿੱਧ ‘actantial model’ ਪੇਸ਼ ਕੀਤਾ ਜੋ ਬਿਰਤਾਂਤਕ ਸੰਰਚਨਾਵਾਂ ਦਾ ਅਰਥਗਤ ਵਿਸ਼ਲੇਸ਼ਣ ਕਰਨ ਵਲ ਰੁਚਿਤ ਸੀ। ਗ੍ਰੇਮਾਸ ਨੇ ਬਿਰਤਾਂਤ ਦੀ ਅਰਥਗਤ ਸੰਰਚਨਾ ਨੂੰ ਛੇ ਪ੍ਰਕਾਰ ਦੇ ਕਾਰਜਕਾਰੀ ਤੱਤਾਂ actants ਦੇ ਹਵਾਲੇ
ਨਾਲ ਵਾਚਣ ਦਾ ਉਪਰਾਲਾ ਕੀਤਾ। ਇਸ ਪ੍ਰਕਿਰਿਆ ਦਾ ਹੋਰ ਸਰਲੀਕਰਣ ਕਰਦਿਆਂ ਉਸਨੇ ਇਨ੍ਹਾਂ  ਕਾਰਜਕਾਰੀ ਤੱਤਾਂ
ਦੇ ਨਿਮਨ-ਅੰਕਿਤ ਤਿੰਨ ਵਿਰੋਧ ਜੁਟ ਬਣਾ ਦਿੱਤੇ :
1. Subject / Object    ( ਕਰਤਾ (ਵਿਅਕਤੀ) / ਵਸਤੂ )


2. Sender / Receiver ( ਪ੍ਰੇਸ਼ਕ / ਗ੍ਰਾਹਕ )


3. Helper / Opponent ( ਸਹਾਇਕ / ਵਿਰੋਧੀ )
ਗ੍ਰੇਮਾਸ ਦੇ ਮਤ ਅਨੁਸਾਰ ਵਿਭਿੰਨ ਬਿਰਤਾਂਤ ਇਨ੍ਹਾਂ  ਮੂਲ ਵਿਰੋਧ-ਜੁੱਟਾਂ ਦੇ ਜੋੜਮੇਲ ਰਾਹੀਂ ਹੀ ਰੂਪ ਧਾਰਦੇ
ਹਨ। ਇਸ ਐਕਟਾਂਸ਼ੀਅਲ ਮਾੱਡਲ ਦਾ ਮੁੱਖ ਪ੍ਰਯੋਜਨ ਅਸਲ ਵਿਚ ਬਿਰਤਾਂਤ ਦੀ ਅਰਥਗਤ ਵਿਆਖਿਆ ਕਰਨਾ ਸੀ। ਗ੍ਰੇਮਾਸ ਨੇ ਇਨ੍ਹਾਂ  ਤਿੰਨਾਂ ਵਿਰੋਧ-ਜੁੱਟਾਂ ਨੂੰ ਆਧਾਰ ਬਣਾ ਕੇ ਬਿਰਤਾਂਤ ਦੇ ਤਿੰਨ ਕਥਾਨਕੀ ਪੈਟਰਨਾਂ ਦੀ ਸੰਕਲਪਨਾ ਪੇਸ਼ ਕੀਤੀ ਹੈ ਜੋ ਕਾਫ਼ੀ ਵਿਵੇਕਪੂਰਣ ਜਾਪਦੀ ਹੈ। ਇਹ ਵਿਭਿੰਨ ਕਥਾਨਕੀ ਪੈਟਰਨ – ਕਾਮਨਾ-ਜਿਗਿਆਸਾ-ਉੱਦੇਸ, ਸੰਦੇਸ਼-ਸੰਚਾਰ ਅਤੇ ਸਹਾਇਤਾ - ਬਿਰਤਾਂਤ-ਰਚਨਾ ਨੂੰ ਵਿਭਿੰਨ ਪ੍ਰਕਾਰ ਦੀ ਅਰਥ-ਸਾਰਥਕਤਾ ਪ੍ਰਦਾਨ ਕਰਦੇ ਹਨ।
ਮਿਸਾਲ ਵਜੋਂ ਕਰਤਾ / ਵਸਤੂ ਦਾ ਵਿਰੋਧ-ਜੁੱਟ ਕਾਮਨਾ, ਜਿਗਿਆਸਾ ਜਾਂ ਉੱਦੇਸ਼ ਨਾਲ ਸੰਬੰਧਿਤ ਕਥਾਨਕੀ ਪੈਟਰਨ ਦੀ ਸਿਰਜਣਾ ਕਰਦਾ ਹੈ ਜਦੋਂ ਕਿ ਪ੍ਰੇਸ਼ਕ / ਗ੍ਰਾਹਕ ਦਾ ਵਿਰੋਧ-ਜੁੱਟ ਸੰਦੇਸ਼ ਅਤੇ ਸੰਚਾਰ ਨਾਲ ਸੰਬੰਧਿਤ ਪੈਟਰਨ ਨੂੰ।
ਮਾਨਵ-ਸਿਰਜਿਤ ਸਮੂਹ ਬਿਰਤਾਂਤਾਂ ਨੂੰ ਇਨ੍ਹਾਂ  ਅਰਥਗਤ ਵਿਰੋਧ-ਜੁੱਟਾਂ ਅਤੇ ਕਥਾਨਕੀ ਪੈਟਰਨਾਂ ਦੇ ਅੰਤਰਗਤ ਰੱਖ ਕੇ ਵਿਚਾਰਿਆ ਜਾ ਸਕਦਾ ਹੈ।
ਗ੍ਰੇਮਾਸ ਵਾਂਗ ਤੋਦੋਰੋਵ ਅਤੇ ਯੇਰਾਦ ਯੇਨੇਟ ਨੇ ਵੀ ਬਿਰਤਾਂਤ-ਸ਼ਾਸਤਰ ਦੀ ਉਸਾਰੀ ਵਿਚ ਵਡਮੁੱਲਾ ਯੋਗਦਾਨ
ਦਿੱਤਾ। ਤੋਦੋਰੋਵ ਨੇ ਬਿਰਤਾਂਤ ਦੇ ਵਿਸ਼ਲੇਸ਼ਣ ਲਈ ਭਾਸ਼ਾਈ ਵਿਆਕਰਣ ਦੇ ਮਾੱਡਲ ਉੱਤੇ ਬਿਰਤਾਂਤ ਦੀ ਵਿਆਕਰਣ ਉਸਾਰਨ ਦਾ ਜਤਨ ਕੀਤਾ। ਉਸਨੇ ਬਿਰਤਾਂਤ-ਰਚਨਾ ਦੇ ਤਿੰਨ ਪਾਸਾਰਾਂ ਦੀ ਸੰਕਲਪਨਾ ਪੇਸ਼ ਕੀਤੀ – ਅਰਥਮੂਲਕ, ਵਿਨਿਆਸਮੂਲਕ ਅਤੇ ਸ਼ਬਦਮੂਲਕ। ਇਸੇ ਤਰ੍ਹਾਂ ਯੇਰਾਦ ਯੇਨੇਟ ਨੇ ਬਿਰਤਾਂਤ ਦੇ ਅਧਿਐਨ ਲਈ 'ਕਿਰਿਆ' (verb ) ਦੀਆਂ ਵਿਭਿੰਨ ਸਥਿਤੀਆਂ (tense / mood / voice) ਨੂੰ ਮਾੱਡਲ ਵਜੋਂ ਗ੍ਰਹਿਣ ਕਰਦਿਆਂ ਇਸਦੀ ਸਿਰਜਣ-ਪ੍ਰਕਿਰਿਆ ਦੇ ਤਿੰਨ ਧਰਾਤਲਾਂ - ਕਥਾ, ਪ੍ਰਵਚਨ ਤੇ ਬਿਰਤਾਂਤ - ਦੀ ਨਿਸ਼ਾਨਦੇਹੀ ਕੀਤੀ। ਸੰਰਚਨਾਵਾਦੀ ਦੌਰ ਦੇ ਇਨ੍ਹਾਂ  ਸਮੂਹ ਚਿੰਤਕਾਂ ਨੇ ਆਪੋ ਆਪਣੇ ਢੰਗ ਨਾਲ ਬਿਰਤਾਂਤ ਦੀ ਤਕਨੀਕ ਦਾ ਸੂਖਮ ਵਿਵੇਚਨ ਪੇਸ਼ ਕੀਤਾ ਜਿਸਦਾ ਅੰਤਿਮ ਉੱਦੇਸ਼ ਬਿਰਤਾਂਤ-ਸ਼ਾਸਤਰ ਨੂੰ ਵਸਤੂਮੂਲਕ / ਵਿਗਿਆਨਕ (?) ਆਧਾਰ ਪ੍ਰਦਾਨ ਕਰਨਾ ਸੀ।
ਕਲਾਸੀਕਲ ਸੰਰਚਨਾਵਾਦ ਦੇ ਘੇਰੇ ਵਿਚ ਵਿਕਸਿਤ ਹੋਏ ਇਸ ਦੌਰ ਦੇ ਬਿਰਤਾਂਤ-ਸ਼ਾਸਤਰ ਨੂੰ ਸੰਰਚਨਾਵਾਦੀ
ਬਿਰਤਾਂਤ-ਸ਼ਾਸਤਰ ਆਖਣਾ ਵਧੇਰੇ ਉਚਿਤ ਹੋਵੇਗਾ ਕਿਉਂਜੋ ਇਸ ਵਿਚ ਸੰਰਚਨਾਵਾਦੀ ਚਿੰਤਨਧਾਰਾ ਦੀ ਸਮੁੱਚੀ ਸ਼ਕਤੀ ਆਪਣੀਆਂ ਸੀਮਾਵਾਂ ਅਤੇ ਸੰਭਾਵਨਾਵਾਂ ਸਮੇਤ ਦ੍ਰਿਸ਼ਟੀਗੋਚਰ ਹੁੰਦੀ ਹੈ। ਇਸਦਾ ਅਧਿਐਨ-ਮਾੱਡਲ 'ਵਾਕ' ਅਤੇ 'ਵਿਆਕਰਣ' ਬਣ ਜਾਂਦਾ ਹੈ ਅਤੇ ਇਸ ਦੇ ਅੰਤਰਗਤ ਬਿਰਤਾਂਤ ਰਚਨਾ ਨੂੰ ਚਿਹਨਾਂ ਦੇ ਬੰਦ-ਪ੍ਰਬੰਧ (closed system) ਵਜੋਂ ਵਾਚਿਆ ਜਾਂਦਾ ਹੈ। ਇਸਦਾ ਸਰੋਕਾਰ ਅਰਥਾਂ ਦੀ ਸਿਰਜਣਾ ਨਾਲ ਨਹੀਂ ਸਗੋਂ ਅਰਥ-ਸਿਰਜਣ ਦੀਆਂ ਜੁਗਤਾਂ ਨਾਲ ਹੈ। ਇਹੀ ਕਾਰਣ ਹੈ ਕਿ ਇਸਨੇ ਆਪਣੇ ਰੂਪਵਾਦੀ ਝੁਕਾਉ ਕਾਰਣ ਵਕਤੀ ਤੌਰ ਤੇ ਬਿਰਤਾਂਤ-ਅਧਿਐਨ ਦੇ ਇਤਿਹਾਸਵਾਦੀ ਪਰਿਪੇਖ ਨੂੰ ਪਿਛੋਕੜ ਵਿਚ ਸੁੱਟ ਦਿੱਤਾ। ਅਸਲ ਵਿਚ ਸੰਰਚਨਾਵਾਦ ਦਾ ਵਿਗਿਆਨਕ ਪ੍ਰਾਜੈਕਟ ਤਾਂ ਹੀ ਪੂਰਾ ਹੁੰਦਾ ਹੈ ਜੇ ਇਹ ਆਪਣੇ ਵਿਸ਼ਲੇਸ਼ਣ ਨੂੰ ਨਿਰੋਲ 'ਸੰਰਚਨਾ' ਅਤੇ 'ਤਕਨੀਕ' ਤਕ ਸੀਮਿਤ ਰੱਖੇ ਅਤੇ ਉਸਦੇ ਸਾਮਾਜਿਕ ਸੱਭਿਆਚਾਰਕ ਸੰਦਰਭ ਨੂੰ ਬੇਦਖ਼ਲ ਕਰ ਦੇਵੇ। ਪਰ ਇਸੇ ਵਿਚ ਹੀ ਇਸਦੀ ਸੀਮਾ ਤੇ ਸੰਭਾਵਨਾ ਦਾ ਰਹੱਸ ਛੁਪਿਆ ਹੈ।
੧੯੮੦ ਦੇ ਲਾਗੇ ਚਾਗੇ ਉੱਤਰ-ਸੰਰਚਨਾਵਾਦੀ ਅਤੇ ਉੱਤਰ-ਮਾਰਕਸਵਾਦੀ ਚਿੰਤਨ ਨੇ ਕਲਾਸੀਕਲ ਸੰਰਚਨਾਵਾਦ ਦੀਆਂ ਅਹਿਮ ਧਾਰਣਾਵਾਂ ਅਤੇ ਸਥਾਪਨਾਵਾਂ ਨੂੰ ਵੰਗਾਰਿਆ ਅਤੇ ਇਸਦੀ ਅਖੌਤੀ ਵਸਤੂਮੂਲਕ / ਵਿਗਿਆਨਕ ਪਹੁੰਚ ਉੱਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ। ਇਨ੍ਹਾਂ  ਚਿੰਤਕਾਂ ਨੇ ਸੰਰਚਨਾ ਦੀ ਥਾਵੇਂ ਸੰਰਚਨਾਤਮਕ ਪ੍ਰਕਿਰਿਆ ਦਾ ਨਵਾਂ ਸੰਕਲਪ ਪੇਸ਼ ਕੀਤਾ ਜੋ ਕਿਸੇ ਰਚਨਾ ਨੂੰ ਬੰਦ-ਪ੍ਰਬੰਧ ਦੀ ਬਜਾਏ ਖੁੱਲ੍ਹੀ ਪ੍ਰਕਿਰਿਆ ਮੰਨਦਾ ਸੀ। ਇਨ੍ਹਾਂ  ਦੇ ਮਤ ਅਨੁਸਾਰ ਸੰਰਚਨਾ ਕਿਸੇ ਰਚਨਾ ਦਾ ਕੁਦਰਤੀ ਤੱਤ ਨਹੀਂ ਹੁੰਦੀ ਸਗੋਂ ਹਮੇਸ਼ਾ ਬਾਹਰੋਂ ਆਰੋਪਿਤ ਹੁੰਦੀ ਹੈ।2 

ਅਜਿਹੀ ਸਥਿਤੀ ਵਿਚ ਸੰਰਚਨਾਵਾਦ ਉੱਪਰ ਆਧਾਰਿਤ ਬਿਰਤਾਂਤ-ਸ਼ਾਸਤਰ ਦਾ ਪ੍ਰਭਾਵਿਤ ਹੋਣਾ ਵੀ ਲਾਜ਼ਮੀ ਸੀ। ਕੁਝ ਹਲਕਿਆਂ ਨੇ ਤਾਂ ਬਿਰਤਾਂਤ-ਸ਼ਾਸਤਰ ਦੀ ਮੌਤ ਦਾ ਐਲਾਨ ਵੀ ਕਰ ਦਿੱਤਾ ਕਿਉਂਜੋ ਇਹ ਬਿਰਤਾਂਤਕ ਰਚਨਾਵਾਂ ਦੇ ਅਰਥ-ਸੰਸਾਰ ਅਤੇ ਉਸਦੇ ਵਿਚਾਰਧਾਰਾਈ ਪਰਿਪੇਖ ਨਾਲ ਨਿਆਂ ਕਰਨ ਦੇ ਸਮਰਥ ਨਹੀਂ ਸੀ। ਪਰ ਇਹ ਨਿਰਣਾ ਵੀ ਇਕ-ਪੱਖੀ ਹੈ। ਬਿਰਤਾਂਤ ਦੇ ਅਧਿਐਨ ਲਈ ਤਕਨੀਕ ਅਤੇ ਵਿਚਾਰਧਾਰਾ, ਦੋਹਾਂ ਦਾ ਇਕੋ ਜਿੰਨਾ ਮਹੱਤਵ ਹੈ।
ਬਿਰਤਾਂਤ ਦੀ ਤਕਨੀਕ ਦਾ ਸੂਖਮ ਵਿਸ਼ਲੇਸ਼ਣ ਸੰਰਚਨਾਵਾਦੀ ਬਿਰਤਾਂਤ-ਸ਼ਾਸਤਰ ਦੀ ਮੁੱਖ ਪ੍ਰਾਪਤੀ ਹੈ ਜਿਸਦੇ ਮਹਤਵ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਉੱਤਰ-ਸੰਰਚਨਾਵਾਦੀ ਅਤੇ ਉੱਤਰ-ਮਾਰਕਸਵਾਦੀ ਸੋਚ ਨੇ ਬਿਰਤਾਂਤ- ਸ਼ਾਸਤਰ ਦਾ ਰੂਪਵਾਦੀ/ਸੰਰਚਨਾਵਾਦੀ ਦੌਰ ਖ਼ਤਮ ਕਰਕੇ ਇਸ ਬਾਰੇ ਨਵੇਂ ਸਿਧਾਂਤ-ਚਿੰਤਨ ਨੂੰ ਜਨਮ ਦਿੱਤਾ ਜੋ ਇਸਦੇ ਅਗਲੇਰੇ ਵਿਕਾਸ ਦਾ ਸੂਚਕ ਹੈ। ਇਸ ਤਰ੍ਹਾਂ ਬਿਰਤਾਂਤ-ਸ਼ਾਸਤਰ ਮਰਿਆ ਨਹੀਂ ਇਸਦਾ ਰੂਪਾਂਤਰਣ ਅਵੱਸ਼ ਹੋਇਆ ਹੈ। ਇਸਨੂੰ ਭਾਵੇਂ ਉੱਤਰ-ਸੰਰਚਨਾਵਾਦੀ ਬਿਰਤਾਂਤ-ਸ਼ਾਸਤਰ ਆਖ ਲਵੋ ਅਤੇ ਭਾਵੇਂ ਉੱਤਰ-ਮਾਰਕਸਵਾਦੀ ਜਾਂ ਉੱਤਰ- ਆਧੁਨਿਕਵਾਦੀ ਬਿਰਤਾਂਤ-ਸ਼ਾਸਤਰ। ਮਸਲਾ ਇਹ ਹੈ ਕਿ ਕਲਾਸੀਕਲ ਸੰਰਚਨਾਵਾਦ ਦੇ ਵਿਗਿਆਨਕ ਪ੍ਰਾਜੈਕਟ ਨੂੰ ਨਕਾਰਨ ਵਾਲੇ ਇਸ ਨਵੇਂ ਬਿਰਤਾਂਤ-ਸ਼ਾਸਤਰ ਦੀਆਂ ਮੂਲ ਸਥਾਪਨਾਵਾਂ ਕਿਹੜੀਆਂ ਹਨ? ਅਤੇ ਇਸਨੇ ਬਿਰਤਾਂਤ ਦੇ ਅਧਿਐਨ-ਵਿਸ਼ਲੇਸ਼ਣ ਨੂੰ ਕਿਹੜੀਆਂ ਨਵੀਆਂ ਦਿਸ਼ਾਵਾਂ ਦਿਖਾਈਆਂ ਹਨ?
ਮੁੱਢਲੀ ਗੱਲ ਇਹ ਹੈ ਕਿ ਉੱਤਰ-ਸੰਰਚਨਾਵਾਦੀ ਚਿੰਤਕਾਂ ਨੇ ਬਿਰਤਾਂਤ ਦੇ ਅਧਿਐਨ ਲਈ 'ਵਾਕ' ਆਧਾਰਿਤ
ਵਿਆਕਰਣਕ ਮਾੱਡਲ ਦੀ ਸੀਮਾ ਨੂੰ ਪਛਾਣਦਿਆਂ ਬਿਰਤਾਂਤ ਨੂੰ 'ਪ੍ਰਵਚਨ' (discourse) ਦੇ ਰੂਪ ਵਿਚ ਵਾਚਣ ਦਾ ਉਪਰਾਲਾ ਕੀਤਾ। ਜਿਥੇ 'ਵਾਕ' ਇਕ ਬੰਦ ਸੰਰਚਨਾ ਹੈ ਜਿਸਦਾ ਪ੍ਰਸੰਗ-ਰਹਿਤ ਸਵੈ-ਆਧਾਰੀ ਅਧਿਐਨ ਸੰਭਵ ਹੈ ਓਥੇ ਪ੍ਰਵਚਨ ਦੀ ਹੋਂਦ ਪ੍ਰਸੰਗ-ਸਹਿਤ ਹੈ। ਪ੍ਰਵਚਨ ਹਮੇਸ਼ਾ ਸਮਾਜ ਸੱਭਿਆਚਾਰ ਅਤੇ ਇਤਿਹਾਸ ਵਿਚ ਸਥਿਤ ਹੁੰਦਾ ਹੈ ਅਤੇ ਇਨ੍ਹਾਂ  ਸੰਦਰਭਾਂ ਵਿਚ ਹੀ ਅਰਥ-ਸਾਰਥਕਤਾ ਗ੍ਰਹਿਣ ਕਰਦਾ ਹੈ। ਬਾਖ਼ਤਿਨ ਦੇ ਸ਼ਬਦਾਂ ਵਿਚ ਇਸਦਾ ਸੁਭਾ ਸੰਵਾਦੀ (dialogical) ਹੈ। ਇਸ ਤਰ੍ਹਾਂ ਹਰ ਬਿਰਤਾਂਤਕ ਪਾਠ ਹੋਰਨਾਂ ਬਿਰਤਾਂਤਕ ਪਾਠਾਂ ਜਾਂ ਆਪਣੇ ਸਮਕਾਲੀਨ ਯਥਾਰਥ ਨਾਲ ਰਚਾਇਆ ਗਿਆ ਸੰਵਾਦ ਹੁੰਦਾ ਹੈ। ਇਸਨੂੰ ਕੇਵਲ ਇਸਦੀ ਅੰਦਰਲੀ ਸੰਰਚਨਾ (?) ਦੇ ਹਵਾਲੇ ਨਾਲ ਨਹੀਂ ਵਾਚਿਆ ਜਾ ਸਕਦਾ।
ਉੱਤਰ-ਸੰਰਚਨਾਵਾਦੀ ਚਿੰਤਕਾਂ ਨੇ ਸੰਰਚਨਾ ਦੇ ਸੰਕਲਪ ਨੂੰ ਵਿਸਥਾਪਿਤ ਕਰਕੇ ਪਾਠ (text) ਅਤੇ ਅੰਤਰਪਾਠ (intertext) ਦੇ ਮਹੱਤਵਪੂਰਣ ਸੰਕਲਪ ਪੇਸ਼ ਕੀਤੇ। ਉਨ੍ਹਾਂ  ਨੇ ਪਾਠ ਨੂੰ ਚਿਹਨਾਂ ਦਾ ਅਜਿਹਾ ਨੈੱਟਵਰਕ ਆਖਿਆ ਜੋ ਕਿਸੇ ਬੰਦ ਸੰਰਚਨਾ ਵਾਂਗ ਇਕਾਗਰ ਜਾਂ ਇਕਹਿਰਾ ਅਰਥ ਸੰਚਾਰਿਤ ਨਹੀਂ ਕਰਦਾ ਸਗੋਂ ਬਹੁ-ਵਚਨੀ ਅਰਥਾਂ ਦੀ ਖੇਡ ਦਾ ਅਹਿਸਾਸ ਜਗਾਉਂਦਾ ਹੈ। ਇਹੀ ਕਾਰਣ ਹੈ ਕਿ ਪਾਠ ਵਿਚੋਂ ਅਨੇਕਾਰਥੀ ਧੁਨੀਆਂ ਨਿਕਲਦੀਆਂ ਹਨ ਜੋ ਹੋਰਨਾਂ ਪਾਠਾਂ ਨਾਲ ਸੰਵਾਦ ਰਚਾਉਂਦੀਆਂ ਪ੍ਰਤੀਤ ਹੁੰਦੀਆਂ ਹਨ। ਇਸ ਸੰਵਾਦੀ ਸਥਿਤੀ ਨੂੰ ਪੁਨਰ-ਸਿਰਜਿਤ ਕਰਨ ਲਈ ਸਮਾਜ-ਵਿਗਿਆਨ, ਮਨੋਵਿਗਿਆਨ ਅਤੇ ਹੋਰਨਾਂ ਸੰਬੰਧਿਤ ਗਿਆਨ ਖੇਤਰਾਂ ਦੀ ਅੰਤਰ-ਅਨੁਸ਼ਾਸਨੀ ਸੂਝ ਲੋੜੀਂਦੀ ਹੈ। ਪਾਠ ਅਤੇ ਅੰਤਰ-ਪਾਠ ਦੇ ਇਨ੍ਹਾਂ  ਸੰਕਲਪਾਂ ਨੇ ਉੱਤਰ-ਸੰਰਚਨਾਵਾਦੀ ਬਿਰਤਾਂਤ-ਸ਼ਾਸਤਰ ਦੀ ਉਸਾਰੀ ਵਿਚ ਮਹਤਵਯੋਗ ਰੋਲ ਅਦਾ ਕੀਤਾ।
ਉੱਤਰ-ਸੰਰਚਨਾਵਾਦੀ ਅਤੇ ਉੱਤਰ-ਮਾਰਕਸਵਾਦੀ ਚਿੰਤਕਾਂ ਨੇ ਆਪੋ ਆਪਣੇ ਢੰਗ ਨਾਲ ਸਾਹਿਤ-ਚਿੰਤਨ ਅਤੇ
ਸਮੀਖਿਆ ਦੇ ਨਵੇਂ ਪ੍ਰਤੀਮਾਨ ਸਥਾਪਿਤ ਕਰਨ ਦਾ ਉਪਰਾਲਾ ਕੀਤਾ ਹੈ। ਇਸ ਸੰਦਰਭ ਵਿਚ ਰੋਲਾਂ ਬਾਰਤ, ਯੱਕ ਦੇਰੀਦਾ, ਯੱਕ ਲਾਕਾਂ, ਅਤੇ ਫ਼੍ਰੈਡਰਿਕ ਜੇਮਸਨ ਦਾ ਯੋਗਦਾਨ ਵਿਸ਼ੇਸ਼ ਤੌਰ ਤੇ ਵਰਣਨਯੋਗ ਹੈ। ਇਨ੍ਹਾਂ  ਚਿੰਤਕਾਂ ਨੇ ਬਿਰਤਾਂਤ ਦੀ ਚਿਹਨਕੀ ਪ੍ਰਕਿਰਿਆ ਅਤੇ ਉਸ ਵਿਚ ਕਾਰਜਸ਼ੀਲ ਵਿਭਿੰਨ ਕੋਡਾਂ ਦੇ ਮਾਧਿਅਮ ਰਾਹੀ ਉਸਾਰੀ ਜਾਣ ਵਾਲੀ ਅਰਥਾਂ ਦੀ ਖੇਡ ਦਾ ਵਿਸ਼ਲੇਸ਼ਣ ਕਰਨ ਦੀ ਵਿਧੀ ਚੇਸ਼ਟਾ ਕੀਤੀ ਹੈ। ਮਿਸਾਲ ਵਜੋਂ ਦੇਰੀਦਾ ਨੇ ਪ੍ਰਵਚਨ ਵਿਚਲੀ ਅਰਥ-ਸਿਰਜਣ ਪ੍ਰਕਿਰਿਆ ਦਾ ਵਿਵੇਚਨ ਕਰਨ ਲਈ differance, trace ਅਤੇ  supplement ਦੇ ਨਵੇਂ ਸੰਕਲਪ ਪ੍ਰਸਤੁਤ ਕੀਤੇ। ਦੇਰੀਦਾ ਨੇ ਇਸ ਵਿਸ਼ਲੇਸ਼ਣੀ ਵਿਧੀ ਨੂੰ ਵਿਰਚਨਾ (deconstruction) ਦਾ ਨਾਮ ਦਿੱਤਾ ਜੋ ਅਜੋਕੇ ਦੌਰ ਦੀ ਬਹੁ-ਪ੍ਰਚੱਲਤ ਤਕਨੀਕੀ ਸ਼ਬਦਾਵਲੀ ਦਾ ਅੰਗ ਬਣ ਗਿਆ ਹੈ। ਇਉਂ ਇਸ ਚਿੰਤਨ-ਵਿਧੀ ਸੰਰਚਨਾਤਮਕ ਵਿਸ਼ਲੇਸ਼ਣ ਦਾ ਬਦਲ ਤਲਾਸ਼ ਕਰਨ ਦੀ ਚੇਸ਼ਟਾ ਕੀਤੀ ਹੈ।3

ਇਨ੍ਹਾਂ  ਚਿੰਤਕਾਂ ਨੇ ਪਾਠ ਅਤੇ ਪ੍ਰਵਚਨ ਬਾਰੇ ਨਵੀਂ ਸਮਝ ਵਿਕਸਿਤ ਕਰਨ ਦਾ ਉਪਰਾਲਾ ਕੀਤਾ ਜਿਸਦੇ ਅਨੁਸਾਰ ਰਚਨਾ ਇਕ ਪਾਸੇ ਤਾਂ ਕਾਮਨਾ ਦੇ ਅਵਚੇਤਨ ਸਰੋਤਾਂ ਨਾਲ ਜੁੜੀ ਹੁੰਦੀ ਹੈ ਅਤੇ ਦੂਜੇ ਪਾਸੇ ਸਮਾਜ-ਸੱਭਿਆਚਾਰ ਦੇ ਪ੍ਰਸੰਗ ਨਾਲ। ਇਨ੍ਹਾਂ  ਦੋਹਾਂ ਪੱਖਾਂ ਨੂੰ ਅੱਖੋਂ ਪਰੋਖੇ ਕਰਕੇ ਕਿਸੇ ਵੀ ਬਿਰਤਾਂਤ ਦਾ ਵਿਸ਼ਲੇਸ਼ਣ ਮੁਕੰਮਿਲ ਨਹੀਂ ਹੋ ਸਕਦਾ। ਉੱਤਰ-ਮਾਰਕਸਵਾਦੀ ਚਿੰਤਕਾਂ ਨੇ ਬਿਰਤਾਂਤਕ ਵਿਸ਼ਲੇਸਣ ਦੇ ਸਰੋਕਾਰਾਂ ਵਿਚ ਵਿਚਾਰਧਾਰਾ ਅਤੇ ਇਤਿਹਾਸ ਨੂੰ ਵੀ ਸ਼ਾਮਿਲ ਕਰ ਦਿੱਤਾ ਹੈ ਅਤੇ ਇਨ੍ਹਾਂ  ਨੂੰ ਬਿਰਤਾਂਤ ਦੀ ਅਰਥਸਾਰਥਕਤਾ ਦਾ ਅੰਤਿਮ ਧਰਾਤਲ ਆਖਿਆ। ਇਸ ਤਰ੍ਹਾਂ ਬਿਰਤਾਂਤ-ਸ਼ਾਸਤਰ ਦਾ ਨਵਾਂ ਸੰਕਲਪ ਅਤੇ ਸਰੂਪ ਸਾਮ੍ਹਣੇ ਆਉਂਦਾ ਹੈ ਜਿਸਦੇ ਸਰੋਕਾਰ ਅਤੇ ਸੰਦਰਭ ਸੰਰਚਨਾਵਾਦੀ ਦੌਰ ਦੇ ਬਿਰਤਾਂਤ-ਸ਼ਾਸਤਰ ਨਾਲੋਂ ਭਿੰਨ ਤੇ ਵਿਲੱਖਣ ਹਨ।
ਅਜੋਕੇ ਬਿਰਤਾਂਤ-ਸ਼ਾਸਤਰ ਦੀ ਉਸਾਰੀ ਨੂੰ ਸੰਭਵ ਬਣਾਉਣ ਵਿਚ ਅਨੇਕਾਂ ਸਮਕਾਲੀ ਚਿੰਤਕਾਂ ਨੇ ਭਰਪੂਰ
ਯੋਗਦਾਨ ਦਿੱਤਾ ਹੈ। ਇਨ੍ਹਾਂ  ਸਮੂਹ ਚਿੰਤਕਾਂ ਨੇ ਬਿਰਤਾਂਤ ਦੇ ਸਿੱਧਾਂਤਕ ਅਤੇ ਵਿਹਾਰਕ ਅਧਿਐਨ ਨਾਲ ਸੰਬੰਧਿਤ ਮਹੱਤਵਪੂਰਣ ਅੰਤਰ-ਦ੍ਰਿਸ਼ਟੀਆਂ ਪੇਸ਼ ਕੀਤੀਆਂ ਹਨ। ਇਨ੍ਹਾਂ  ਬਾਰੇ ਵਿਸਤ੍ਰਿਤ ਚਰਚਾ ਲੋੜੀਂਦੀ ਹੈ ਜਿਸਨੂੰ ਹਥਲੇ ਪਰਚੇ ਦੀ ਸੀਮਾ ਵਿਚ ਨਹੀਂ ਸਮੇਟਿਆ ਜਾ ਸਕਦਾ। ਤਾਂ ਵੀ ਇਥੇ ਬਿਰਤਾਂਤਕ ਵਿਸ਼ਲੇਸ਼ਣ ਦੀਆਂ ਦੋ ਮਹੱਤਵਪੂਰਣ ਵੰਨਗੀਆਂ ਦਾ ਹਵਾਲਾ ਦੇਣਾ ਢੁਕਵਾਂ ਪ੍ਰਤੀਤ ਹੁੰਦਾ ਹੈ। ਇਨ੍ਹਾਂ  ਦਾ ਸੰਬੰਧ ਰੋਲਾਂ ਬਾਰਤ ਅਤੇ ਫ਼੍ਰੈਡਰਿਕ ਜੇਮਸਨ ਨਾਲ ਹੈ ਜੋ ਕ੍ਰਮਵਾਰ ਉੱਤਰ-ਸੰਰਚਨਾਵਾਦ ਅਤੇ ਉੱਤਰ-ਮਾਰਕਸਵਾਦ ਨਾਲ ਸੰਬੰਧਿਤ ਹਨ।
ਰੋਲਾਂ ਬਾਰਤ ਨੇ ਉੱਤਰ-ਸੰਰਚਨਾਵਾਦੀ ਚਿੰਤਨਧਾਰਾ ਨਾਲ ਸਰੋਕਾਰ ਜੋੜਦਿਆਂ ਬਿਰਤਾਂਤ ਦੇ ਅਧਿਐਨ ਲਈ
ਇਕ ਵਿਸ਼ੇਸ਼ ਭਾਂਤ ਦੀ ਵਿਸ਼ਲੇਸ਼ਣੀ ਵਿਧੀ ਵਿਕਸਿਤ ਕੀਤੀ। ਇਸ ਵਿਧੀ ਦੇ ਅੰਤਰਗਤ ਸਭ ਤੋਂ ਪਹਿਲਾਂ ਬਿਰਤਾਂਤਰਚਨਾ ਵਿਚਲੀਆਂ ਅਰਥਗਤ ਇਕਾਈਆਂ ਦੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ। ਇਸ ਤੋਂ ਉਪਰੰਤ ਸਮੀਖਿਆ ਦੇ ਬਹੁਵਚਨੀ ਕੋਡਾਂ ਦੇ ਹਵਾਲੇ ਨਾਲ ਉਸਦੀ ਨਵੀਂ ਪੜ੍ਹਤ ਤਿਆਰ ਕੀਤੀ ਜਾਂਦੀ ਹੈ। ਇਸ ਵਿਧੀ ਦੀ ਵਰਤੋਂ ਕਰਦਿਆਂ ਰੋਲਾਂ ਬਾਰਤ ਨੇ ਆਪਣੀ ਪੁਸਤਕ "S/ Z" ਵਿਚ ਬਲਜ਼ਾਕ ਦੇ ਨਾਵਲੈੱਟ ਸਾਰਾਜ਼ੀਨ ਨੂੰ ਪੰਜ ਬਿਰਤਾਂਤਕ ਕੋਡਾਂ ਦੀ ਸਹਾਇਤਾ ਨਾਲ ਵਾਚਦਿਆਂ ਉਸਦਾ ਪ੍ਰਭਾਵਸ਼ਾਲੀ ਵਿਸ਼ਲੇਸ਼ਣ ਪ੍ਰਸਤੁਤ ਕੀਤਾ। ਇਹ ਕੋਡ ਹਨ - ੧. ਵਿਆਖਿਆਤਮਕ
ਕੋਡ (hermeneutic code)੨. ਅਰਥਮੂਲਕ ਕੋਡ (semic code) ੩. ਪ੍ਰਤੀਕਾਤਮਕ ਕੋਡ (symbolic code) ੪.
ਕਾਰਜਮੂਲਕ ਕੋਡ (proairetic code) ਅਤੇ ੫. ਸੱਭਿਆਚਾਰਕ ਕੋਡ (cultural code)। ਇਹ ਕੋਡ ਰਚਨਾ ਦੇ ਸਮੁੱਚੇ ਵਿਸਤਾਰ ਵਿਚ ਫੈਲੇ ਹੁੰਦੇ ਹਨ ਅਤੇ ਉਸਦੀ ਅਰਥ-ਸਿਰਜਣ ਪ੍ਰਕਿਰਿਆ ਦਾ ਅੰਗ ਹੁੰਦੇ ਹਨ।
ਵਿਆਖਿਆਤਮਕ ਕੋਡ ਦਾ ਸੰਬੰਧ ਬੁਝਾਰਤ ਬੁੱਝਣ ਵਾਂਗ ਉਨ੍ਹਾਂ  ਪ੍ਰਸ਼ਨਾਂ ਦੇ ਉੱਤਰਾਂ ਨਾਲ ਹੈ ਜੋ ਰਚਨਾ ਦੇ ਹਰ ਮੁਕਾਮ ਉੱਤੇ ਉਤਸੁਕਤਾ ਵਜੋਂ ਉੱਭਰਦੇ ਹਨ। ਦੂਸਰਾ ਕੋਡ ਅਰਥਮੂਲਕ ਕੋਡ ਹੈ ਜਿਸਦਾ ਸੰਬੰਧ ਪਾਤਰਾਂ ਦੇ ਚਰਿਤਰ ਦੀਆਂ ਵਿਸ਼ੇਸਤਾਵਾਂ ਨਾਲ ਹੈ। ਇਨ੍ਹਾਂ  ਦਾ ਵਿਸ਼ਲੇਸ਼ਣ ਰਚਨਾ ਦੀ ਥੀਮਕ ਸਾਰਥਕਤਾ ਨੂੰ ਉਜਾਗਰ ਕਰਨ ਦਾ ਆਧਾਰ ਬਣਦਾ ਹੈ। ਤੀਸਰਾ ਕੋਡ (symbolic code) ਰਚਨਾ ਦੇ ਵਿਭਿੰਨ ਵੇਰਵਿਆਂ ਦੀ ਪ੍ਰਤੀਕਾਤਮਕ ਸਾਰਥਕਤਾ ਨਾਲ ਸੰਬੰਧਿਤ ਹੈ। ਇਸੇ ਤਰ੍ਹਾਂ ਚੌਥਾ ਕੋਡ (ਕਾਰਜਮੂਲਕ ਕੋਡ) ਬਿਰਤਾਂਤ-ਰਚਨਾ ਦੀ ਕਥਾਨਕੀ ਜੁਗਤ ਦੇ ਵਿਸ਼ਲੇਸ਼ਣ ਨਾਲ ਸੰਬੰਧਿਤ ਹੈ। ਪੰਜਵਾਂ ਤੇ ਆਖਰੀ ਕੋਡ ਸੱਭਿਆਚਾਰਕ ਕੋਡ ਹੈ ਜੋ ਉਸ ਸਮੁੱਚੇ ਪਰੰਪਰਕ ਗਿਆਨ ਭੰਡਾਰ ਵਲ ਸੰਕੇਤ ਕਰਦਾ ਹੈ ਜਿਸਦੇ ਸੰਦਰਭ ਵਿਚ ਬਿਰਤਾਂਤ-ਰਚਨਾ ਆਪਣੇ ਵਿਲੱਖਣ ਅਰਥਾਂ ਦਾ ਸੰਚਾਰ ਕਰਨ ਵਲ ਰੁਚਿਤ ਹੁੰਦਾ  ਹੈ। ਇਨ੍ਹਾਂ  ਕੋਡਾਂ ਦੇ ਮਾਧਿਅਮ ਰਾਹੀਂ ਰਚਨਾ ਵਿਚੋਂ ਉੱਭਰਨ ਵਾਲੀਆਂ ਵਿਭਿੰਨ ਅਰਥ-ਧੁਨੀਆਂ ਨੂੰ ਉਜਾਗਰ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਬਾਰਤ ਨੇ ਬਿਰਤਾਂਤ ਦੇ ਅਧਿਐਨ ਲਈ ਉਸਦੀਆਂ ਤਕਨੀਕੀ ਜੁਗਤਾਂ ਨੂੰ ਹੀ ਦ੍ਰਿਸ਼ਟੀਗੋਚਰ ਨਹੀਂ ਕੀਤਾ ਸਗੋਂ ਉਸਦੇ ਸਾਮਾਜਿਕ ਅਤੇ ਸੱਭਿਆਚਾਰਕ ਸੰਦਰਭਾਂ ਨੂੰ ਵੀ ਲੋੜੀਂਦਾ ਮਹੱਤਵ ਪ੍ਰਦਾਨ ਕੀਤਾ ਹੈ।
ਉੱਤਰ-ਮਾਰਕਸਵਾਦੀ ਚਿੰਤਨਧਾਰਾ ਨਾਲ ਸੰਬੰਧਿਤ ਪ੍ਰਮੁੱਖ ਚਿੰਤਕ ਫ਼੍ਰੈਡਰਿਕ ਜੇਮਸਨ ਨੇ ਵੀ ਅਜੋਕੇ ਬਿਰਤਾਂਤ-ਸ਼ਾਸਤਰ ਦੀ ਉਸਾਰੀ ਵਿਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ। ਉਸਨੇ ਆਪਣੀ ਪੁਸਤਕ “The Political Unconscious” ਵਿਚ ਬਿਰਤਾਂਤ ਨੂੰ ਸਾਮਾਜਿਕ-ਪ੍ਰਤੀਕਤਮਕ ਕਾਰਜ ਦੇ ਰੂਪ ਵਿਚ ਪਰਿਭਾਸ਼ਿਤ ਕਰਦਿਆਂ ਉਸਦੇ ਬਹੁ-ਪਰਤੀ ਵਿਸ਼ਲੇਸ਼ਣ ਉੱਤੇ ਜ਼ੋਰ ਦਿੱਤਾ ਹੈ। ਉਸਦੇ ਮਤ-ਅਨੁਸਾਰ ਬਿਰਤਾਂਤ ਦਾ ਸਿਰਜਣ ਨਿਰੋਲ ਸੁਚੇਤ ਜਾਂ ਵਿਅਕਤੀਗਤ ਕਾਰਜ ਨਹੀਂ ਸਗੋਂ ਇਸਦੇ ਪਿਛੋਕੜ ਵਿਚ ਅਵਚੇਤਨ ਪ੍ਰੇਰਣਾ ਸਰੋਤ ਵੀ ਕਾਰਜਸ਼ੀਲ ਹੁੰਦੇ ਹਨ ਜਿਨ੍ਹਾਂ  ਦਾ ਅਧਿਐਨ ਜ਼ਰੂਰੀ ਹੈ। ਇਹ ਅਵਚੇਤਨ ਪ੍ਰੇਰਣਾ ਸਰੋਤ ਰਚਨਾ ਦੇ ਸਮਕਾਲੀ ਇਤਿਹਾਸਕ ਯਥਾਰਥ ਅਤੇ ਵੇਲੇ ਦੀ ਸਾਮਾਜਿਕ-ਆਰਥਕ ਬਣਤਰ (socio-economic formation) ਨਾਲ ਸੰਬੰਧਿਤ ਹੁੰਦੇ ਹਨ। ਇਸ ਮੰਤਵ ਦੀ ਪੂਰਤੀ ਲਈ ਜੇਮਸਨ ਨੇ ਬਿਰਤਾਂਤਕ ਵਿਸ਼ਲੇਸ਼ਣ ਦੇ ਤਿੰਨ ਧਰਤਲਾਂ ਦੀ ਸੰਕਲਪਨਾ ਪੇਸ਼ ਕੀਤੀ ਹੈ। ਵਿਸ਼ਲੇਸਣ ਦਾ ਪਹਿਲਾ ਧਰਾਤਲ ਕਥਾ ਦਾ ਧਰਾਤਲ ਹੈ। ਇਹ ਪਾਤਰਾਂ ਅਤੇ ਘਟਨਾਵਾਂ ਦੇ ਮਾਧਿਅਮ ਰਾਹੀਂ ਹੋਂਦ ਵਿਚ ਆਏ ਉਸ ਸਾਮਾਜਿਕ ਪ੍ਰਤੀਕਾਤਮਕ ਕਾਰਜ ਨੂੰ ਦ੍ਰਿਸ਼ਟੀਗੋਚਰ ਕਰਦਾ ਹੈ ਜੋ ਬਿਰਤਾਂਤ ਦੀ ਅਰਥ-ਸਾਰਥਕਤਾ ਅਤੇ ਉਸਦੀ ਵਿਅਕਤੀਗਤ
ਵਿਲੱਖਣਤਾ ਦਾ ਮੁੱਢਲਾ ਆਧਾਰ ਹੁੰਦਾ ਹੈ। ਬਿਰਤਾਂਤਕ ਰਚਨਾ ਦੇ ਵਿਸ਼ਲੇਸ਼ਣ ਦਾ ਦੂਸਰਾ ਧਰਾਤਲ ਰਚਨਾ ਨੂੰ
ਸਾਮਾਜਿਕ ਆਰਥਕ ਬਣਤਰ ਨਾਲ ਸੰਬੰਧਿਤ ਕਰਕੇ ਵਾਚਣ ਦਾ ਸੁਝਾਉ ਪੇਸ਼ ਕਰਦਾ ਹੈ।। ਜੇਮਸਨ ਦੇ ਮਤ ਅਨੁਸਾਰ ਬਿਰਤਾਂਤ-ਰਚਨਾ ਜਿਥੇ ਕਥਾ ਦੇ ਮਾਧਿਅਮ ਰਾਹੀਂ ਵਿਭਿੰਨ ਪਾਤਰਾਂ ਦੀ ਵਿਅਕਤੀਗਤ ਸਥਿਤੀ ਅਤੇ ਮਾਨਸਿਕਤਾ ਦਾ ਬਿੰਬ ਸਿਰਜਦੀ ਹੈ ਉਥੇ ਇਹ ਪ੍ਰਤੱਖ ਜਾਂ ਪਰੋਖ ਰੂਪ ਵਿਚ ਆਪਣੇ ਵੇਲੇ ਦੇ ਵਰਗ-ਸੰਘਰਸ਼ ਨੂੰ ਵੀ ਮੂਰਤੀਮਾਨ ਕਰਦੀ ਹੈ। ਪਰ ਇਸ ਵਿਚਲਾ ਇਹ ਸੰਘਰਸ਼ ਪ੍ਰਵਚਨ ਅਤੇ ਵਿਚਾਰਧਾਰਾ ਦੇ ਰੂਪ ਵਿਚ ਸਾਮ੍ਹਣੇ ਆਉਂਦਾ ਹੈ। ਵਿਸ਼ਲੇਸ਼ਣ ਦੇ ਇਸ ਧਰਾਤਲ ਉੱਤੇ ਉਹ ਰਚਨਾ ਨੂੰ ਸਾਮੂਹਿਕ ਵਰਗ-ਪ੍ਰਵਚਨ (collective class-discourse) ਦੇ ਤੌਰ ਤੇ ਵਾਚਣ ਵਲ ਰੁਚਿਤ ਹੁੰਦਾ ਹੈ। ਉਹ ਇਸ ਵਿਚੋਂ ਪਰਸਪਰ ਵਿਰੋਧੀ ਪ੍ਰਵਚਨਾਂ ਦੀਆਂ ਧੁਨੀਆਂ ਸੁਣਨ ਦਾ ਉਪਰਾਲਾ ਕਰਦਾ ਹੈ ਅਤੇ ਉਨ੍ਹਾਂ  ਦੇ ਆਧਾਰ ਉੱਤੇ ਰਚਨਾ ਦੇ ਉਸ ਸਿਆਸੀ ਅਵਚੇਤਨ ਦੀ ਤਲਾਸ਼ ਕਰਦਾ ਹੈ ਜੋ ਵਿਚਾਰਧਾਰਾਈ ਸੰਘਰਸ਼ ਦੇ ਰੂਪ ਵਿਚ ਉਜਾਗਰ ਹੁੰਦਾ ਹੈ। ਜੇਮਸਨ ਦੀ ਵਿਸ਼ਲੇਸ਼ਣੀ ਵਿਧੀ ਦਾ ਤੀਸਰਾ ਤੇ ਅੰਤਿਮ ਧਰਾਤਲ ਉਸ ਇਤਿਹਾਸਕ ਯਥਾਰਥ ਦੀ ਨਿਸ਼ਾਨਦੇਹੀ ਕਰਨ ਵਲ ਰੁਚਿਤ ਹੁੰਦਾ ਹੈ ਜੋ ਵਿਭਿੰਨ ਚਿਹਨ-ਪ੍ਰਬੰਧਾਂ ਦੇ ਮਾਧਿਅਮ ਰਾਹੀਂ ਹੋਂਦ ਵਿਚ ਆਉਂਦਾ ਹੈ। ਇਸ ਮੰਤਵ ਲਈ ਉਹ ਰਚਨਾ ਦੀ ਵਿਧਾ ਉੱਤੇ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਇਸਨੂੰ ਇਤਿਹਾਸਕ ਯਥਾਰਥ ਦੇ ਹਵਾਲੇ ਨਾਲ ਪੁਨਰ-ਪਰਿਭਾਸ਼ਿਤ ਕਰਨ ਵਲ ਰੁਚਿਤ ਹੁੰਦਾ ਹੈ। ਉਸਦੀ ਧਾਰਣਾ ਅਨੁਸਾਰ ਵਿਭਿੰਨ ਸਾਹਿਤਕ ਵਿਧਾਵਾਂ ਇਤਿਹਾਸਕ ਵਿਕਾਸ ਦੀ ਉਪਜ ਹੁੰਦੀਆਂ ਹਨ। ਇਸੇ ਲਈ ਇਨ੍ਹਾਂ  ਦੇ ਰਚਨਾ-ਸੰਗਠਨ ਵਿਚੋਂ ਇਤਿਹਾਸ ਦੀਆਂ ਪ੍ਰਤਿਧੁਨੀਆਂ ਸੁਣੀਆਂ ਜਾ ਸਕਦੀਆਂ ਹਨ।
ਅਸਲ ਵਿਚ ਫ਼੍ਰੈਡਰਿਕ ਜੇਮਸਨ ਦੀ ਵਿਸ਼ਲੇਸ਼ਣੀ ਵਿਧੀ ਰਚਨਾ ਦੇ ਸਿਆਸੀ ਅਵਚੇਤਨ ਨੂੰ ਮੂਰਤੀਮਾਨ ਕਰਨ
ਦੀ ਵਿਧੀ ਹੈ। ਉਸਦੇ ਮਤ ਅਨੁਸਾਰ ਬਿਰਤਾਂਤ ਦੇ ਸਿਆਸੀ ਅਵਚੇਤਨ ਦੀ ਪਛਾਣ ਉਸਦੇ ਪਾਠਕੀ ਤੱਤਾਂ, ਉਸਦੀਆਂ ਚਿਹਨਕੀ ਜੁਗਤਾਂ ਅਤੇ ਉਸਦੀਆਂ ਵਿਧਾਮੂਲਕ ਵਿਸ਼ੇਸ਼ਤਾਵਾਂ ਦੇ ਅਧਿਐਨ ਰਾਹੀਂ ਹੁੰਦੀ ਹੈ। ਰਚਨਾ ਦਾ ਵਿਅਕਤੀਗਤ ਪ੍ਰਵਚਨ ਅੰਤਿਮ ਤੌਰ ਤੇ ਸਾਮੂਹਿਕ ਵਰਗ-ਪ੍ਰਵਚਨ ਦਾ ਅਨਿੱਖੜ ਅੰਗ ਹੋ ਨਿਬੜਦਾ ਹੈ ਜਿਸਨੂੰ ਮਾਰਕਸਵਾਦ / ਉੱਤਰ ਮਾਰਕਸਵਾਦ ਦੇ ਵਿਆਖਿਆਤਮਕ ਕੋਡ ਰਾਹੀਂ ਭਲੀ ਭਾਂਤ ਵਾਚਿਆ ਜਾ ਸਕਦਾ ਹੈ। ਦੇਖਿਆ ਜਾਵੇ ਤਾਂ ਰੋਲਾਂ ਬਾਰਤ ਦੀ ਵਿਰਚਨਾ-ਵਿਧੀ ਅਤੇ ਜੇਮਸਨ ਦੀ ਵਿਆਖਿਆ-ਵਿਧੀ ਇਕ-ਦੂਸਰੇ ਦੀਆਂ ਸਹਾਇਕ ਜਾਂ ਪੂਰਕ ਵਿਧੀਆਂ ਹਨ। ਜੇ ਰੋਲਾਂ ਬਾਰਤ ਦਾ ਪੰਜ-ਮੁਖੀ ਕੋਡ ਬਿਰਤਾਂਤ ਦੀ ਬਹੁਵਚਨੀ ਅਰਥ-ਧੁਨੀ ਸੁਣਨ ਦਾ ਉਪਰਾਲਾ ਕਰਦਾ ਹੈ ਤਾਂ ਜੇਮਸਨ ਦੀ ਵਿਆਖਿਆ-ਵਿਧੀ ਉਨਾਂ ਬਹੁਵਚਨੀ ਅਰਥ-ਧੁਨੀਆਂ ਵਿਚੋਂ ਉੱਭਰਨ ਵਾਲੇ ਵਿਚਾਰਧਾਰਈ ਸੰਘਰਸ਼ ਨੂੰ ਮੂਰਤੀਮਾਨ ਕਰਨ ਦਾ ਉਪਰਾਲਾ ਕਰਦਾ ਹੈ।
ਸਮੁੱਚੇ ਤੌਰ ਤੇ ਆਖਿਆ ਜਾ ਸਕਦਾ ਹੈ ਕਿ ਬਿਰਤਾਂਤ-ਸ਼ਾਸਤਰ ਅਜੋਕੇ ਦੌਰ ਦੇ ਸਾਹਿਤ-ਚਿੰਤਨ ਦੀ ਬਿਹਤਰੀਨ ਪ੍ਰਾਪਤੀ ਹੈ। ਕਥਾ-ਸਾਹਿਤ ਦੇ ਵਿਭਿੰਨ ਤੱਤਾਂ ਬਾਰੇ ਚਰਚਾ ਦਾ ਮੁੱਢ ਤਾਂ ਭਾਵੇਂ ਪ੍ਰਾਚੀਨ ਭਾਰਤ ਅਤੇ ਯੂਨਾਨ ਵਿਚ ਵਿਕਸਿਤ ਹੋਏ ਕਲਾਸੀਕਲ ਕਾਵਿਸ਼ਾਸਤਰ (ਜਾਂ ਨਾਟਸ਼ਾਸਤਰ) ਵਿਚ ਹੀ ਬੱਝ ਚੁੱਕਿਆ ਸੀ ਪਰ ਇਕ ਸੁਤੰਤਰ ਅਨੁਸ਼ਾਸਨ ਦੇ ਰੂਪ ਵਿਚ ਇਸਦਾ ਵਿਕਾਸ ਵੀਹਵੀਂ ਸਦੀ ਦੌਰਾਨ ਹੀ ਹੋਇਆ ਹੈ। ਰੂਸੀ ਰੂਪਵਾਦੀਆਂ ਨੇ ਰੂਪ (ਜਾਂ ਤਕਨੀਕ) ਨੂੰ ਕਥਾ ਦੀ ਹੋਂਦ-ਵਿਧੀ ਦਾ ਮੂਲ ਆਧਾਰ ਮੰਨਦਿਆਂ ਇਸਦੇ ਰਚਨਾਤਮਕ ਤੱਤਾਂ ਦਾ ਸੂਖਮ ਵਿਸ਼ਲੇਸ਼ਣ ਪੇਸ਼ ਕੀਤਾ। ਉਨ੍ਹਾਂ  ਨੇ ਕਥਾ ਅਤੇ ਕਥਾਨਕ ਦੇ ਪਰੰਪਰਕ ਸੰਕਲਪਾਂ ਨੂੰ ਪੁਨਰ-ਪਰਿਭਾਸ਼ਿਤ ਕਰਦਿਆਂ ਬਿਰਤਾਂਤ ਦੀ ਤਕਨੀਕ ਦਾ ਰਹੱਸ ਲੱਭਣ ਦੀ ਚੇਸ਼ਟਾ ਕੀਤੀ। ਸੰਰਚਨਾਵਾਦੀ ਚਿੰਤਨਧਾਰਾ ਨੇ ਰੂਸੀ ਰੂਪਵਾਦੀਆਂ ਦੇ ਬਿਰਤਾਂਤ-ਵਿਵੇਚਨ ਨੂੰ ਨਵੀਂ ਬੁਲੰਦੀ ਪ੍ਰਦਾਨ ਕੀਤੀ। ਇਸ ਚਿੰਤਨਧਾਰਾ ਨਾਲ ਜੁੜੇ ਵਿਚਾਰਵਾਨਾਂ ਦੀ ਰੁਚੀ ਮੁੱਖ ਤੌਰ ਤੇ ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਅਧਿਐਨ ਨੂੰ ਵਸਤੂਮੂਲਕ ਵਿਗਿਆਨਕ ਆਧਾਰ ਪ੍ਰਦਾਨ ਕਰਨ ਦੀ ਸੀ। ਉਨ੍ਹਾਂ  ਨੇ ਬਿਰਤਾਂਤ-ਵਿਵੇਚਨ
ਨੂੰ ਆਪਣੇ ਵਿਗਿਆਨਕ ਪ੍ਰਾਜੈਕਟ ਵਿਚ ਸ਼ਾਮਿਲ ਕਰ ਲਿਆ ਅਤੇ ਬਿਰਤਾਂਤ-ਵਿਗਿਆਨ ਦੇ ਰੂਪ ਵਿਚ
ਇਕ ਬਾਕਾਇਦ ਅਨੁਸ਼ਾਸਨ ਦੀ ਉਸਰੀ ਕਰਨ ਦਾ ਉਪਰਾਲਾ ਕੀਤਾ। ਇਸ ਨਵੇਂ ਅਨੁਸ਼ਾਸਨ ਦਾ ਸਰੋਕਾਰ ਬਿਰਤਾਂਤ ਦੀ ਸੰਰਚਨਾ ਅਤੇ ਤਕਨੀਕ ਨਾਲ ਸੀ ਜਿਸਨੂੰ ਸਮਾਜ, ਸੱਭਿਆਚਾਰ ਅਤੇ ਇਤਿਹਾਸ ਦੇ ਸੰਦਰਭਾਂ ਨਾਲੋਂ ਵੱਖ ਕਰ ਕੇ ਵਾਚਿਆ ਅਤੇ ਵਿਚਾਰਿਆ ਜਾਂਦਾ ਸੀ।
ਵੀਹਵੀਂ ਸਦੀ ਦੇ ਨੌਵੇਂ ਦਹਾਕੇ ਦੌਰਾਨ ਉੱਤਰ-ਸੰਰਚਨਾਵਾਦੀ ਅਤੇ ਉੱਤਰ-ਮਾਰਕਸਵਾਦੀ ਚਿੰਤਨਧਾਰਾਵਾਂ ਨੇ
ਸੰਰਚਨਾਵਾਦੀ ਸਾਹਿਤ-ਚਿੰਤਨ ਦੀ ਇਤਿਹਾਸ-ਨਿਰਪੇਖ / ਰੂਪਵਾਦੀ ਪਹੁੰਚ ਨੂੰ ਹੀ ਰੱਦ ਨਹੀਂ ਕੀਤਾ ਸਗੋਂ ਇਸਦੇ ਅਖੌਤੀ ਵਿਗਿਆਨਕ ਪ੍ਰਾਜੈਕਟ ਦੀ ਸਾਰਥਕਤਾ ਉੱਤੇ ਵੀ ਸਵਾਲੀਆ ਨਿਸ਼ਾਨ ਲਗਾ ਦਿੱਤਾ। ਅਜਿਹੀ ਸਥਿਤੀ ਵਿਚ  ਸੰਰਚਨਾਵਾਦ ਦੇ ਘੇਰੇ ਵਿਚ ਵਿਕਸਿਤ ਹੋਏ ਬਿਰਤਾਂਤ-ਸ਼ਾਸਤਰ ਦਾ ਪ੍ਰਭਾਵਿਤ ਹੋਣਾ ਵੀ ਸੁਭਾਵਿਕ ਸੀ। ਇਨ੍ਹਾਂ  ਚਿੰਤਕਾਂ ਨੇ ਤਕਨੀਕ ਦੇ ਨਾਲ ਨਾਲ ਵਿਚਾਰਧਾਰਾ ਅਤੇ ਇਤਿਹਾਸ ਨੂੰ ਵੀ ਬਿਰਤਾਂਤ-ਵਿਸ਼ਲੇਸ਼ਣ ਦੇ ਸਰੋਕਾਰਾਂ ਵਿਚ ਸ਼ਾਮਿਲ ਕਰ ਦਿੱਤਾ ਜਿਸਦੇ ਸਿੱਟੇ ਵਜੋਂ ਬਿਰਤਾਂਤ-ਸ਼ਾਸਤਰ ਦਾ ਨਵਾਂ ਸੰਕਲਪ ਸਾਮ੍ਹਣੇ ਆਇਆ। ਇਸ ਤਰ੍ਹਾਂ ਵੀਹਵੀਂ ਸਦੀ ਦੌਰਾਨ ਵਿਕਸਿਤ ਹੋਏ ਇਸ ਨਵੇਂ ਅਨੁਸ਼ਾਸਨ ਦਾ ਸੰਕਲਪ ਅਤੇ ਸਰੂਪ ਹੀ ਤਬਦੀਲ ਨਹੀਂ ਹੋਇਆ ਸਗੋਂ ਇਸਦੇ ਸਰੋਕਾਰ ਅਤੇ ਸੰਦਰਭ ਵੀ ਬਦਲਦੇ ਰਹੇ ਹਨ।


∗ ਸਾਬਕਾ ਪ੍ਰੌਫੈਸਰ, ਪੰਜਾਬੀ ਵਿਭਾਗ, ਦਿੱਲੀ ਯੂਨੀਵਰਸਿਟੀ, ਦਿੱਲੀ।


1 1 “narrative is central to the representation of identity, in personal memory and self-representation or in


collective identity of groups such as regions, nations, race and gender.”


Mark Currie, Postmodern _arrative Theory, P.2


2   “Poststructuralist narratology moved away from the assumed transparency of the narratological analysis


towards a recognition that the reading, however objective and scientific, constructed its object. Structure


became something that was projected onto the work by a reading rather than a property of a narrative


discovered by the reading.”


Mark Currie, Postmodern _arrative Theory, P.2-3.


3  "1 “[Differance] constitutes the conditions of possibility for meaning in language. As opposed to


Saussure’s fixed conception of meaning as a structure of difference, however Derrida’s neologism is meant to capture the ceaseless movement of meaning which is a condition of its production, i.e. that


meaning is simultaneously ‘differential’ and ‘deffered’”


Andrew Edgar and Peter Sedgwick (eds.) Key Concepts in Cultural Theory,Routledge, p-116.

No comments:

Post a Comment