ਸੰਤਾਲੀ ਦਾ ਕਤਲਾਮ ਅਤੇ ਨਾਨਕ ਸਿੰਘ -ਸਤਿੰਦਰ ਸਿੰਘ ਨੂਰ
ਸੰਤਾਲੀ ਦਾ ਤੂਫਾਨ ਜਦੋਂ ਸ਼ੁਰੂ ਹੋਇਆ ਮੈਂ ਉਮਰ ਦੇ ਛੇਵੇਂ ਵਰ੍ਹੇ ਵਿਚ ਅੰਮ੍ਰਿਤਸਰ ਵਿਚ ਸਾਂ, ਪਰ ਜੋ ਕੁਝ ਦੇਖਿਆ ਤੇ ਅਜੇ ਵੀ ਸਿਮਰਿਤੀ ਵਿਚ ਠਹਿਰਿਆ ਹੋਇਆ ਹੈ ਉਸਨੇ ਮੇਰੀ ਦ੍ਰਿਸ਼ਟੀ ਤੇ ਸਾਹਿਤ-ਚੇਤਨਾ ਦੇ ਅਗੇਰੇ ਜਾ ਕੇ ਅਚੇਤੇ ਸੁਚੇਤੇ ਬਹੁਤ ਨਿਰਣੇ ਕੀਤੇ, ਮੈਂ ਨਿਰਖਦਾ ਪਰਖਦਾ ਰਿਹਾ ਕਿ ਸੰਤਾਲੀ ਦੀ ਤ੍ਰਾਸਦੀ ਬਾਰੇ ਅਸੀਂ ਕੋਈ ਰਚਨਾ ਕਰ ਵੀ ਸਕੇ ਹਾਂ, ਜਿਸਨੂੰ ਸਾਡੇ ਸਾਹਿਤ ਦਾ ਸ਼ਾਹਕਾਰ ਆਖਿਆ ਜਾ ਸਕੇ? ਉਮਰ ਦਾ ਛੇਵਾਂ ਸਾਲ ਕੁਝ ਵੀ ਨਹੀਂ ਹੁੰਦਾ, ਪਰ ਇਸ ਤੂਫਾਨ ਨੇ ਹੋਸ਼ ਲਿਆ ਦਿੱਤੀ। ਇਸੇ ਲਈ ਮੈਂ ਇਸ ਨੂੰ ਤ੍ਰਾਸਦਿਕ-ਚੇਤਨਾ ਆਖਿਆ ਹੈ। ਇਕ ਅਜਿਹਾ ਤੂਫਾਨ ਜਿਸ ਦਾ ਰੁਕਣਾ ਕਠਿਨ ਹੋ ਗਿਆ ਸੀ। ਅਜਿਹੇ ਜਾਂ ਹੋਰ ਤੂਫਾਨ ਕਈ ਵਾਰ ਇਤਿਹਾਸ ਵਿਚ ਵਾਪਰਦੇ ਹਨ ਤੇ ਇਹ ਤ੍ਰਾਸਦਿਕ ਤੂਫਾਨ ਹੋਸ਼ ਵੀ ਲਿਆਉਂਦੇ ਹਨ। ਚੇਤਨਾ ਵੀ ਦਿੰਦੇ ਹਨ। ਸਭਿਆਚਾਰ ਤੇ ਸਾਹਿਤ ਵਿਚ ਅਗੇਰੇ ਵਧਦਿਆਂ ਅਸੀਂ ਉਸਨੂੰ ਕਿੰਨਾ ਕੁ ਸਮਝਦੇ ਹਾਂ, ਉਹ ਸਾਡੇ ਅਚੇਤਨ ਵਿਚ ਕਿਵੇਂ ਪਿਆ ਰਹਿੰਦਾ ਹੈ? ਇਸ ਚੇਤਨਾ 'ਚੋਂ ਸਭਿਆਚਾਰ ਬਣਦੇ ਤੇ ਢਹਿੰਦੇ ਹਨ। ਜਦੋਂ ਅੰਮ੍ਰਿਤਸਰ ਵਿਚ ਇਹ ਤੂਫਾਨ ਸ਼ੁਰੂ ਹੋਇਆ ਤਾਂ ਸਾਡੀ ਹੀ ਇਮਾਰਤ ਦੇ ਇਕ ਘਰ 'ਚੋਂ ਇਕ ਬੰਦਾ (ਸ਼ਾਇਦ ਉਸ ਦਾ ਨਾਂ ਆਤਮਾ ਸਿੰਘ ਸੀ) ਮੁਸਲਮਾਨਾਂ ਦੇ ਖ਼ਿਲਾਫ ਟਾਂਗੇ 'ਤੇ ਢੰਡੋਰਾ ਪਿੱਟਦਾ ਆਇਆ ਸੀ ਤੇ ਲਹੂ-ਲੁਹਾਨ ਸ਼ਾਮ ਨੂੰ ਘਰ ਪਰਤਿਆ ਸੀ। ਇਸ ਤੋਂ ਪਹਿਲਾਂ ਮੈਨੂੰ ਪਤਾ ਨਹੀਂ ਸੀ ਕਿ ਸੰਤਾਲੀ ਕਿਸ ਬਲਾ ਦਾ ਨਾਮ ਹੈ। ਸੰਤਾਲੀ ਹੀ ਨਹੀਂ ਇਹ ਵੀ ਨਹੀਂ ਸੀ ਪਤਾ ਕਿ ਸਮਾਂ ਤੇ ਸਥਾਨ ਕੀ ਹੁੰਦੇ ਹਨ। ਇਸ ਤੋਂ ਬਾਅਦ ਆਲੇ-ਦੁਆਲੇ ਲੁੱਟਮਾਰ, ਕਤਲੋਗਾਰਤ ਦਾ ਇਕ ਤੂਫਾਨ ਝੁੱਲ ਉਠਿਆ। ਇਕ ਦਿਨ ਬਾਅਦ ਹੀ ਸਾਡੇ ਘਰ ਦੇ ਨੇੜੇ ਇਕ ਮਸੀਤ ਦੇ ਬਾਹਰ (ਜਿਸ ਦਾ ਦ੍ਰਿਸ਼ ਉਪਰੋਂ ਨਜ਼ਰ ਆਉਂਦਾ ਸੀ) ਮੁਸਲਮਾਨ ਜੁੰਮੇ ਦੀ ਨਮਾਜ਼ ਪੜ੍ਹ ਰਹੇ ਸਨ। ਅਚਾਨਕ ਹੀ ਨਿਹੰਗਾਂ ਦੇ ਇਕ ਜਥੇ ਨੇ ਮਸੀਤ ਆ ਘੇਰੀ। ਕੁਝ ਕੁ ਸਮੇਂ ਵਿਚ ਹੀ ਭੱਜਦੇ ਲੋਕ ਨਜ਼ਰ ਆਏ, ਖੂਨ, ਖਿਲਰੀਆਂ ਜੁੱਤੀਆਂ ਤੇ ਹਾਹਾਕਾਰ। ਕਈ ਦਿਨਾਂ ਬਾਅਦ ਉਸੇ ਉਜੜੀ ਮਸੀਤ 'ਚੋਂ ਇਕ ਮਰਦ ਤੇ ਔਰਤ ਬਿਲਕੁਲ ਸਹਿਮੇ ਹੱਥ ਖੜ੍ਹੇ ਕਰ ਕੇ ਬਾਹਰ ਆਏ ਸਨ ਇਹ ਸਾਰੀਆਂ ਘਟਨਾਵਾਂ ਕੋਲੋਂ ਦੀ ਲੰਘ ਰਹੀਆਂ ਸਨ। ਛੇਵੇਂ ਵਰ੍ਹੇ ਤੋਂ ਬਾਅਦ ਮੈਂ ਲਗਾਤਾਰ ਇਨ੍ਹਾਂ ਤੋਂ ਭੈਭੀਤ ਇਨ੍ਹਾਂ ਨੂੰ ਸਮਝਣ ਦੀ ਪ੍ਰਕਿਰਿਆ ਵਿਚ ਰਿਹਾ। ਹੁਣ ਤਕ ਸਮਝਣ ਦੀ ਪ੍ਰਕਿਰਿਆ ਵਿਚ ਹਾਂ। ਇਸ ਪ੍ਰਕਿਰਿਆ ਨੇ ਹੀ ਤ੍ਰਾਸਦਿਕ-ਚੇਤਨਾ ਨੂੰ ਬਣਾਇਆ। ਕਰਫਿਊ, ਮਾਰਸ਼ਲ ਲਾਅ ਦੇ ਅਰਥ ਵੀ ਉਦੋਂ ਹੀ ਸਮਝਣੇ ਸ਼ੁਰੂ ਕੀਤੇ ਸਨ। ਕਰਫਿਊ ਜਾਂ ਮਾਰਸ਼ਲ ਲਾਅ ਕੁਝ ਘੰਟਿਆਂ ਲਈ ਖੁੱਲ੍ਹਦਾ ਸੀ ਤਾਂ ਨੇੜੇ ਤੇੜੇ ਦੇ ਬੰਦੇ ਸੋਚਦੇ ਸਨ ਕਿ ਕੁਝ ਸਮੇਂ ਲਈ ਹਰਿਮੰਦਰ ਸਾਹਿਬ ਹੀ ਜਾ ਆਉ। ਮੈਂ ਤੇ ਮੇਰਾ ਵੱਡਾ ਭਰਾ (ਡਾ. ਗੁਰਭਗਤ ਸਿੰਘ) ਵੀ ਹਰਿਮੰਦਰ ਗਏ ਹੋਏ ਸਾਂ। ਜਦੋਂ ਪਰਤੇ ਤਾਂ ਬਾਜ਼ਾਰ ਵੀਰਾਨ ਪਏ ਸਨ। ਕੁਝ ਸੁਝਿਆ ਨਾ ਨੰਗੇ ਪੈਰੀਂ ਘਰ ਵਲ ਤੁਰੀ ਗਏ। ਜਦੋਂ ਐਨ ਆਪਣੇ ਦਰਵਾਜ਼ੇ ਸਾਹਵੇਂ ਪਹੁੰਚੇ ਤਾਂ ਕੰਨਾਂ ਦੇ ਕੋਲੋਂ ਦੀ ਸ਼ੂਕਦੀ ਗੋਲੀ ਲੰਘ ਗਈ। ਸਾਡੇ ਘਰ ਦੇ ਸਾਹਵੇਂ ਇਕ ਮੁਸਲਮਾਨ ਸਿਪਾਹੀ ਦਾ ਪਹਿਰਾ ਰਹਿੰਦਾ ਸੀ। ਉਸਨੇ ਝੱਟ ਦੌੜ ਕੇ ਸਾਨੂੰ ਬਾਹਾਂ ਤੋਂ ਫੜਿਆ ਤੇ ਸਾਨੂੰ ਸਾਡੇ ਦਰਵਾਜ਼ੇ ਦੇ ਅੰਦਰ ਸੁੱਟ ਦਿੱਤਾ। ਅਸੀਂ ਕੁਝ ਪਲ ਭੈਭੀਤ ਠਠੰਬਰੇ ਰਹੇ, ਪਰ ਪਲਾਂ ਬਾਅਦ ਹੀ ਦੇਖਿਆ ਉਸ ਮੁਸਲਮਾਨ ਸਿਪਾਹੀ ਨੂੰ ਪਿੱਛੋਂ ਆਉਂਦੇ ਇਕ ਫੌਜੀ ਟਰੱਕ ਨੇ ਚੁੱਕ ਕੇ ਅੰਦਰ ਸੁੱਟ ਲਿਆ। ਸਾਡਾ ਦਰਵਾਜ਼ਾ ਬੰਦ ਹੋ ਚੁੱਕਾ ਸੀ। ਅੱਜ ਤਕ ਸਿਮਰਿਤੀ 'ਚੋਂ ਇਹ ਗੱਲ ਨਹੀਂ ਗਈ ਕਿ ਉਸ ਮੁਸਲਮਾਨ ਸਿਪਾਹੀ ਨਾਲ ਬਾਅਦ ਵਿਚ ਕੀ ਵਾਪਰੀ। ਉਹ ਕਿੱਥੇ ਗਿਆ। ਤ੍ਰਾਸਦਿਕ-ਚੇਤਨਾ ਕੇਵਲ ਪ੍ਰਤੱਖ ਕਤਲੇਆਮ ਨਾਲ ਹੀ ਨਹੀਂ ਜੁੜੀ ਹੁੰਦੀ, ਇਨ੍ਹਾਂ ਹਾਦਸਿਆਂ ਨਾਲ ਵੀ ਜੁੜੀ ਹੁੰਦੀ ਹੈ ਜਿਸ ਨਾਲ ਮਨੁੱਖ ਦੇ ਉਹ ਸੁਆਲ ਜੁੜੇ ਹੋਏ ਹਨ, ਜਿਨ੍ਹਾਂ ਦੇ ਜੁਆਬ ਨਹੀਂ ਲੱਭਦੇ। ਅਸੀਂ ਕੁਝ ਦਿਨਾਂ ਲਈ ਸੜਕ 'ਤੇ ਪੈਂਦੇ ਬੂਹੇ ਵਾਲਾ ਮਕਾਨ ਬਦਲ ਕੇ ਇਕ ਬੰਦ ਗਲੀ ਵਿਚ ਚਲੇ ਗਏ। ਹੋਰਾਂ ਵੀ ਕਈਆਂ ਨੂੰ ਉਨ੍ਹਾਂ ਘਰਾਂ ਵਾਲਿਆਂ ਨੇ ਥਾਂ ਦਿੱਤੀ ਹੋਈ ਸੀ। ਕੁਝ ਮੁਸਲਮਾਨਾਂ ਦੇ ਘਰ ਖਾਲੀ ਸਨ, ਉਹ ਹੋਰ ਥਾਵਾਂ 'ਤੇ ਚਲੇ ਗਏ ਸਨ। ਇਥੇ ਗਲੀ 'ਚ ਕੁਝ ਬੰਦੇ ਤਾਂ ਇਕ ਕੋਨੇ 'ਚ ਸਾਰਾ ਦਿਨ ਭੰਗ ਘੋਟਦੇ ਸ਼ਰਦਾਈ ਬਣਾਉਂਦੇ ਰਹਿੰਦੇ, ਉਨ੍ਹਾਂ ਦਾ ਬਹੁਤਾ ਧਿਆਨ ਨਹੀਂ ਸੀ ਕਿ ਬਾਹਰ ਕੀ ਵਾਪਰ ਰਿਹਾ ਹੈ। ਅਸੀਂ ਇਕ ਬਜ਼ੁਰਗ ਨਾਲ ਗਲੀ ਦੇ ਇਕ ਕੋਨੇ ਵਿਚ ਖੁੱਤੀਆਂ ਪੁੱਟ ਕੇ ਬੰਟਿਆਂ ਨਾਲ ਖੇਡਦੇ ਰਹਿੰਦੇ। ਉਸਨੇ ਝੱਗੀ 'ਤੇ ਕਛਹਿਰਾ ਪਾਇਆ ਹੁੰਦਾ, ਸਿਰ 'ਤੇ ਵਾਲਾਂ ਦਾ ਜੂੜਾ ਕੀਤਾ ਹੁੰਦਾ, ਅਕਸਰ ਨੰਗੇ ਸਿਰ ਹੀ ਹੁੰਦਾ। ਅਸੀਂ ਉਸਨੂੰ ਬਾਊ ਜੀ ਆਖਦੇ। ਉਹ ਸਾਰੇ ਬੱਚਿਆਂ ਨੂੰ ਹੀ ਬਹੁਤ ਪਿਆਰ ਕਰਦਾ। ਬੱਚਿਆਂ ਲਈ ਬੰਟੇ ਆਪ ਲਿਆਉਂਦਾ। ਸਾਨੂੰ ਉਦੋਂ ਇਹ ਨਹੀਂ ਸੀ ਪਤਾ ਇਹ ਬਜ਼ੁਰਗ ਹੀ ਪੰਜਾਬੀ ਨਾਵਲਕਾਰ ਨਾਨਕ ਸਿੰਘ ਹੈ। ਇਕ ਦਿਨ ਇਕ ਗੁਆਂਢੀ ਮੁੰਡਾ ਕਿਸੇ ਹੋਰ ਲਈ ਥੱਲੇ ਰੱਸਾ ਲਟਕਾ ਕੇ ਦੁੱਧ ਲੈ ਰਿਹਾ ਸੀ। ਅਚਾਨਕ ਹੀ ਪਤਾ ਨਹੀਂ ਕਿਥੋਂ ਗੋਲੀ ਆਈ ਤੇ ਪਲਾਂ ਛਿਣਾਂ 'ਚ ਉਸ ਦੀ ਲਾਸ਼ ਆ ਡਿੱਗੀ। ਗਲੀ ਦੇ ਮਜ਼ਬੂਤ ਲੋਹੇ ਦੇ ਗੇਟ ਨੂੰ ਚੀਰ ਕੇ ਅੰਦਰ ਕਈ ਕਿਸਮ ਦੀਆਂ ਅਫਵਾਹਾਂ ਪਹੁੰਚ ਜਾਂਦੀਆਂ ਸਨ। ਅਫਵਾਹ ਪਹੁੰਚੀ ਕਿ ਲਾਹੌਰ ਤੋਂ ਸਿੱਖਾਂ-ਹਿੰਦੂਆਂ ਦੀਆਂ ਲਾਸ਼ਾਂ ਦੀ ਭਰੀ ਇਕ ਗੱਡੀ ਆਈ ਹੈ ਤੇ ਖਾਲਸਾ ਕਾਲਜ ਦੇ ਮੁੰਡਿਆਂ ਨੇ ਲਾਹੌਰ ਨੂੰ ਜਾਂਦੀ ਮੁਸਲਮਾਨਾਂ ਦੀ ਇਕ ਗੱਡੀ ਰੋਕ ਲਈ ਹੈ ਤੇ ਸਟੇਸ਼ਨ 'ਤੇ ਲਾਸ਼ਾਂ ਦੇ ਢੇਰ ਲਾ ਦਿੱਤੇ ਹਨ। ਬਾਊ ਜੀ (ਨਾਨਕ ਸਿੰਘ) ਉਸ ਦਿਨ ਸਾਰਾ ਦਿਨ ਪਾਗਲਾਂ ਵਾਂਗ ਗਲੀ ਦੇ ਇਕ ਸਿਰੇ ਤੋਂ ਦੂਜੇ ਸਿਰੇ ਤਕ ਦੌੜੇ ਫਿਰਦੇ ਰਹੇ ਸਨ। ਬੱਚਿਆਂ ਨਾਲ ਵੀ ਨਹੀਂ ਬੋਲੇ। ਵਾਰ-ਵਾਰ ਆਪਣੇ ਕੱਪੜੇ ਪਾੜ ਰਹੇ ਸਨ। ਗੇਟ ਤੋਂ ਬਾਹਰ ਭੱਜਣਾ ਚਾਹੁੰਦੇ ਸਨ। ਪਰ ਵੱਡਾ ਗੇਟ ਹਰ ਸਮੇਂ ਚੰਗੀ ਤਰ੍ਹਾਂ ਬੰਦ ਹੁੰਦਾ। ਕਦੇ ਹੀ ਖੁੱਲ੍ਹਦਾ, ਜਦੋਂ ਕਰਫਿਊ ਵਿਚ ਕੁਝ ਸਮੇਂ ਲਈ ਢਿੱਲ ਦਿੱਤੀ ਜਾਂਦੀ। ਇਕ ਦਿਨ ਅਚਾਨਕ ਨੇੜੇ ਹੀ ਦੁਪਹਿਰੇ ਕਿਤੋਂ ਬਹੁਤ ਉਚੀ ਬੰਬ ਧਮਾਕੇ ਦੀ ਆਵਾਜ਼ ਆਈ। ਹੌਲੀ-ਹੌਲੀ ਪਤਾ ਲੱਗਾ ਨੇੜੇ ਹੀ ਇਕ ਮਕਾਨ ਬੰਬ ਨਾਲ ਉਡ ਗਿਆ ਹੈ ਤੇ ਦੋ ਬੰਦੇ ਵੀ ਮਾਰੇ ਗਏ ਹਨ। ਉਹ ਬੰਬ ਬਣਾ ਰਹੇ ਸਨ। (ਕਈ ਵਰ੍ਹਿਆਂ ਬਾਅਦ ਪਤਾ ਲੱਗਾ ਇਹ ਡਾ. ਗੁਰਬਖਸ਼ ਸਿੰਘ ਫਰੈਂਕ ਦੇ ਭਰਾ ਸਨ ਤੇ ਉਨ੍ਹਾਂ ਦਾ ਹੀ ਘਰ ਸੀ।) ਕੁਝ ਚਿਰ ਬਾਅਦ ਅਸੀਂ ਫਿਰ ਵਾਪਸ ਆਪਣੇ ਘਰ ਆ ਗਏ ਤਾਂ ਕਾਫਲਿਆਂ ਦੇ ਦਿਨਾਂ ਵਿਚ ਪਾਕਿਸਤਾਨ ਤੋਂ ਆਉਂਦੇ ਮੀਲਾਂ ਲੰਮੇ ਕਾਫਲੇ ਦੇਖਣ ਲਈ ਜਾਂਦੇ। ਉਨ੍ਹਾਂ ਲਈ ਲੰਗਰ ਤਿਆਰ ਕਰਕੇ ਵੀ ਲਿਜਾਂਦੇ, ਪਰ ਇੰਨਾ ਯਾਦ ਹੈ ਕਿ ਇਕ ਗੁਰਦੁਆਰੇ ਦੇ ਜੰਗਲੇ ਵਿਚੋਂ ਹੀ ਸਾਨੂੰ ਉਨ੍ਹਾਂ ਨੂੰ ਦੇਖਣ ਦੀ ਆਗਿਆ ਸੀ। ਅਸੀਂ ਸੜਕ 'ਤੇ ਨਹੀਂ ਜਾ ਸਕਦੇ ਸਾਂ। ਉਨ੍ਹਾਂ ਚਿਹਰਿਆਂ ਦੀ ਉਦਾਸੀ, ਵੀਰਾਨਗੀ ਤੇ ਤਰਾਸਦੀ ਦੀ ਪੈੜ ਅੱਜ ਵੀ ਮਨ ਤੇ ਉਵੇਂ ਦੀ ਉਵੇਂ ਹੈ। ਜਦੋਂ ਵੀ ਇਤਿਹਾਸ ਦੇ ਵਰਕੇ ਤੇ ਕਿਤੇ ਵੀ ਕਿਧਰੇ ਕਾਫਲਿਆਂ ਦੀ ਵਿਥਿਆ ਪੜ੍ਹਦਾ ਹਾਂ ਤਾਂ ਉਹ ਤ੍ਰਾਸਦਿਕ ਬਿੰਬ ਉਭਰ ਆਉਂਦੇ ਹਨ। ਬਾਅਦ ਵਿਚ ਜਦੋਂ ਮੈਂ ਨਾਨਕ ਸਿੰਘ ਦੇ ਨਾਵਲ ਪੜ੍ਹੇ ਤਾਂ ਉਨ੍ਹਾਂ ਦਾ ਸੰਤਾਲੀ ਦਾ ਉਹ ਬਿੰਬ ਉਭਰ ਆਉਂਦਾ। ਜਦੋਂ ਉਨ੍ਹਾਂ ਦੇ ਨਾਵਲ 'ਖੂਨ ਦੇ ਸੋਹਿਲੇ', 'ਅੱਗ ਦੀ ਖੇਡ' ਜਾਂ ਹੋਰ ਉਹ ਨਾਵਲ ਜਿਨ੍ਹਾਂ ਦਾ ਸਰੋਕਾਰ ਸੰਤਾਲੀ ਨਾਲ ਹੈ ਪੜ੍ਹੇ ਤਾਂ ਗਲੀ ਵਿਚ ਪਾਗਲਾਂ ਵਾਂਗ ਦੌੜਦਾ ਨਾਨਕ ਸਿੰਘ ਅੱਖਾਂ ਅੱਗੇ ਆ ਜਾਂਦਾ। ਕਰਤਾਰ ਸਿੰਘ ਦੁੱਗਲ, ਅੰਮ੍ਰਿਤਾ, ਨਰੂਲਾ ਤੇ ਹੋਰ ਸਾਹਿਤਕਾਰਾਂ ਦੀਆਂ ਲਿਖਤਾਂ ਸੰਤਾਲੀ ਬਾਰੇ ਜਦੋਂ ਵੀ ਪੜ੍ਹੀਆਂ ਤਾਂ ਇਸ ਯਥਾਰਥ ਨੂੰ ਪੇਸ਼ ਕਰਨ ਵਾਲੇ ਸਾਹਿਤਕ ਪ੍ਰਤਿਮਾਨਾਂ ਦਾ ਨਿਰਣਾ ਕਰਨ ਲਈ ਜੂਝਣਾ ਪੈਂਦਾ, ਪਰ ਇਹ ਜੂਝਦਿਆਂ ਸਿਮਰਤੀਆਂ ਤੇ ਚੇਤਨਾ ਦੀਆਂ ਜੜ੍ਹਾਂ ਤਕ ਜਾਣਾ ਪੈਂਦਾ ਜਿਨ੍ਹਾਂ ਦੀ ਪ੍ਰਕਿਰਿਆ ਛੇਵੇਂ ਵਰ੍ਹੇ ਤੋਂ ਸ਼ੁਰੂ ਹੋਈ। ਇਨ੍ਹਾਂ ਸਿਮਰਿਤੀਆਂ ਤੋਂ ਭੈਭੀਤ ਬਾਅਦ ਵਿਚ ਮੈਂ ਬਹੁਤ ਦੇਰ ਅੰਮ੍ਰਿਤਸਰ ਨਾ ਗਿਆ। ਫਿਰ ਜਦੋਂ ਵੀ ਗਿਆ, ਉਸ ਪਾਸੇ ਨਾ ਗਿਆ, ਜਿਥੇ ਇਹ ਸਾਰਾ ਕੁਝ ਮਨ ਵਿਚ ਸਥਿਤ ਹੋਇਆ ਸੀ। ਮੈਂ ਜੋਗਿੰਦਰ ਕੈਰੋਂ ਨੂੰ ਕਈ ਵਾਰ ਕਹਿੰਦਾ ''ਜ਼ਰਾ ਉਸ ਪਾਸਿਉਂ ਲੰਘ ਚੱਲੀਏ'', ਪਰ ਨਾਲ ਹੀ ਸੋਚਦਾ, ਚੰਗਾ ਹੈ ਇਹ ਉਸ ਪਾਸੇ ਨਾ ਜਾਏ ਤੇ ਕਿਸੇ ਕਾਰਨ ਗੱਲ ਟਲ ਹੀ ਜਾਂਦੀ। ਕਦੇ ਰਾਹ 'ਚ ਪ੍ਰਮਿੰਦਰਜੀਤ ਮਿਲ ਗਿਆ, ਕਦੇ ਅਮਰੀਕ ਅਮਨ ਤੇ ਕਦੇ ਕੋਈ ਹੋਰ ਦੋਸਤ। 1984 ਵਿਚ 'ਬਲਿਊ ਸਟਾਰ' ਅਪ੍ਰੇਸ਼ਨ ਨੇ ਫਿਰ ਉਸ ਨੇੜ ਤੇੜ ਦੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਦੋਸਤ ਦੱਸਦੇ ਇਸ ਸੜਕ ਤੋਂ ਲਾਸ਼ਾਂ ਦੇ ਢੇਰ ਜਾਂਦੇ ਉਨ੍ਹਾਂ ਆਮ ਦੇਖੇ ਹਨ। ਘਰਾਂ ਤੋਂ ਬਾਹਰ ਨਿਕਲਣਾ ਕਰਫਿਊ ਕਰ ਕੇ ਮੁਸ਼ਕਲ ਹੁੰਦਾ ਸੀ ਪਰ ਬਾਰੀਆਂ, ਝੀਥਾਂ 'ਚੋਂ ਸਭ ਕੁਝ ਦੇਖਿਆ ਜਾ ਸਕਦਾ ਸੀ। ਇਹ ਸੁਣਦਿਆਂ ਹੀ ਮੇਰੀ ਸਿਮਰਿਤੀ 'ਚ ਸੰਤਾਲੀ ਤੋਂ 84 ਤਕ ਇਕ ਪੁਲ ਬਣਨ ਲਗ ਪੈਂਦਾ। ਤਰਾਸਦੀ ਦੇ ਬਿੰਬ ਉਭਰਨ ਲੱਗਦੇ। ਚੇਤਨਾ ਵਿਸ਼ਲੇਸ਼ਣ ਕਰਨ ਲਈ ਵੀ ਕਹਿੰਦੀ। ਜਦੋਂ ਵੀ 1984 ਜਾਂ ਇਸ ਸੰਕਟ ਨਾਲ ਸਬੰਧਤ ਸਾਹਿਤ ਦਾ ਅਧਿਐਨ ਕੀਤਾ, ਚੇਤਨਾ ਦੀ ਪ੍ਰਕਿਰਿਆ ਸੰਤਾਲੀ ਤਕ ਹੀ ਪਹੁੰਚ ਜਾਂਦੀ ਰਹੀ। ਭਾਵੇਂ ਦੋਨਾਂ ਨਾਲ ਜੁੜੇ ਅਨੇਕਾਂ ਸੁਆਲ ਵੱਖਰੇ ਹਨ ਜਿਨ੍ਹਾਂ ਦੇ ਜੁਆਬ ਅਜੇ ਵੀ ਲੱਭਣ ਦਾ ਯਤਨ ਕਰ ਰਿਹਾ ਹਾਂ। ਨਾ ਹੀ ਇਹ ਜੁਆਬ ਮਾਰਕਸਵਾਦੀ-ਚੇਤਨਾ ਨੇ ਦਿੱਤੇ ਹਨ ਤੇ ਨਾ ਹੀ ਪ੍ਰਤੱਖ ਹੋਏ ਆਧੁਨਿਕ ਤੇ ਪਰਾ-ਆਧੁਨਿਕ ਸਿਧਾਂਤਾਂ ਨੇ ਪਰ ਇਸ ਚੇਤਨਾ ਵਿਚ ਵਿਚਰਦਿਆਂ ਜਦੋਂ ਵੀ ਜੁਆਬ ਲੱਭੇ ਸੰਤਾਲੀ ਦੀ ਤਰਾਸਦਿਕ ਚੇਤਨਾ ਉਸ ਪ੍ਰਕਿਰਿਆ ਵਿਚ ਸ਼ਾਮਲ ਰਹੇਗੀ।
No comments:
Post a Comment