Monday, January 3, 2011

ਯਾਰ ਦਿਖਾਈ ਦੇ ਗਿਆ, ਕੋਈ ਰੋਵੇ ਧੂੰਏਂ ਦੇ ਪੱਜ-ਡੇਵਿਡ ਐਲਿਨ ਲੌਂਗਫ਼ੈਲੋ

ਕਿਸੇ ਸਮੇਂ ਸ਼ੋਹਰਤ ਜਾਂ ਇੱਜ਼ਤ ਕਮਾਉਣ ਲਈ ਵਰ੍ਹੇ ਗੁਜ਼ਰ ਜਾਂਦੇ ਸਨ ਅਤੇ ਲੋਕ ਇਸ ਉਪਰ ਫ਼ਖ਼ਰ ਮਹਿਸੂਸ ਕਰਦੇ ਸਨ। ਪੀਲੂ ਨੇ ਵੀ ਆਪਣੇ ਕਿਰਦਾਰ ਮਿਰਜ਼ੇ ਦੇ ਮੂੰਹੋਂ ਇਹ ਕਹਾਇਆ ਹੈ:
ਜਿਹੜਾ ਅਜ਼ਰਾਈਲ ਫ਼ਰਿਸ਼ਤਾ,
ਮੇਰਾ ਪੱਗ ਵੱਟ ਯਾਰ ਭਰਾ
ਨੀਂ ਇਹ ਪਾਣੀ ਪੀਂਦੀ ਅੰਬਰੋਂ
ਤੇ ਅਰਸ਼ੋਂ ਚੁਗਦੀ ਘਾਹ
ਸੱਥਾਂ ਦੀ ਮਘਦੀ ਧੂਣੀ 'ਤੇ ਬੈਠੇ ਸਿੱਧੜ ਲੋਕ ਵੀ ਕਈ ਵਾਰ ਦਾਰਸ਼ਨਿਕ ਬਣ ਜਾਂਦੇ ਹਨ। ਅਕਸਰ ਦੰਦ-ਕਥਾਵਾਂ ਸੁੱਚੇ ਬੁੱਲ੍ਹਾਂ ਵਿਚੋਂ ਜਨਮ ਲੈਂਦੀਆਂ ਹਨ, "ਪੱਗ ਦੀ ਲਾਜ ਨਿਭਾਉਣ ਲਈ ਉਮਰਾਂ ਬੀਤ ਜਾਂਦੀਆਂ ਹਨ ਪਰ ਪੱਗ ਨੂੰ ਮੈਲਾ ਕਰਨ ਲਈ ਸੜੀ ਹੋਈ ਇਕ ਗਾਲ੍ਹ ਦੀ ਹੀ ਲੋੜ ਪੈਂਦੀ ਹੈ।" ਰਿਸ਼ਤਿਆਂ-ਨਾਤਿਆਂ ਦੀ ਲਾਜ ਪੁਗਾਉਣ ਲਈ ਉਮਰਾਂ ਬੀਤ ਜਾਂਦੀਆਂ ਹਨ। ਪੰਜਾਬ ਦੀ ਕਿਸਾਨੀ ਰਿਸ਼ਤੇ-ਨਾਤਿਆਂ 'ਤੇ ਹੀ ਨਿਰਭਰ ਰਹਿ ਕੇ ਖ਼ੁਸ਼ਹਾਲੀ ਦੀ ਆਦਰਸ਼ ਰਹੀ ਹੈ। ਕੋਈ ਖ਼ੁਦਕੁਸ਼ੀਆਂ ਬਾਰੇ ਸੋਚਦਾ ਤਕ ਨਹੀਂ ਸੀ। ਪੰਜਾਬ ਦੀਆਂ ਲੋਕ-ਗਾਥਾਵਾਂ ਸਭਿਆਚਾਰਕ ਸਾਂਝ ਦੀ ਗਵਾਹੀ ਭਰਦੀਆਂ ਹਨ। ਲੋਕ-ਨਾਇਕ ਜੱਗੇ ਡਾਕੂ ਦੇ ਬਹਾਦਰੀ ਭਰੇ ਕਾਰਨਾਮਿਆਂ ਦੀ ਅੱਜ ਵੀ ਗ਼ਰੀਬ ਜਨਤਾ ਵਾਹ-ਵਾਹ ਕਰ ਕੇ ਉਸ ਨੂੰ ਪ੍ਰਸ਼ੰਸਾ ਦਾ ਪਾਤਰ ਬਣਾਉਂਦੀ ਹੈ। ਅੱਜ ਦੇ ਸਿਆਸੀ ਦਰਿੰਦਗੀ ਦੇ ਦੌਰ ਵਿਚ ਜੇ ਲੋਕ ਨਾਇਕਾਂ ਦਾ ਮੁਲੰਕਣ ਕਰੀਏ ਤਾਂ ਜੱਗੇ ਡਾਕੂ ਨੂੰ ਫ਼ਰਿਸ਼ਤਾ ਕਹੋਗੇ ਜਾਂ ਅਪਰਾਧੀ?
ਕਿਸੇ ਵੇਲੇ ਕਚਹਿਰੀ ਵਿਚ ਅਰਜ਼ੀ ਪਾਉਣ ਵਾਲੇ ਸਮਾਜ ਉਤੇ ਕਲੰਕ ਗਿਣੇ ਜਾਂਦੇ ਸਨ। ਜਗੀਰਦਾਰੀ ਸਿਸਟਮ ਦੇ ਗੁਰਗੇ ਅਤੇ ਟੁੱਕੜਬੋਚ ਅੰਗਰੇਜ਼ ਹਕੂਮਤ ਦੀ ਵਫ਼ਾਦਾਰੀ ਦਾ ਦਮ ਭਰਦੇ ਸਨ ਪਰ ਭੋਲੂ ਹਮੇਸ਼ਾ ਨਰਾਇਣ ਦਾ ਹੀ ਰਿਹਾ। ਅੱਜ ਪੰਜਾਬ ਦਾ ਮਿਹਨਤੀ ਕਿਸਾਨ ਕਰਜ਼ਿਆਂ ਤੋਂ ਡਰਦਾ ਮਾਰਾ ਫ਼ਸਲਾਂ ਵਿਚ ਲੁਕਦਾ ਫਿਰਦਾ ਹੈ ਅਤੇ ਨਮੋਸ਼ੀ ਦੀ ਹਾਲਤ ਵਿਚ ਸਲਫ਼ਾਸ ਦੀਆਂ ਗੋਲੀਆਂ ਖਾਣ ਤੋਂ ਸਿਵਾਏ ਮਸਲੇ ਦਾ ਕੋਈ ਹੋਰ ਹੱਲ ਨਹੀਂ ਕੱਢ ਸਕਦਾ। ਬਠਿੰਡਾ ਦੇ ਆੜ੍ਹਤੀਆਂ ਦੇ ਹੱਕ ਵਿਚ ਕਚਹਿਰੀ ਨੇ ਕੁਝ ਕੇਸਾਂ ਦਾ ਫ਼ੈਸਲਾ ਕੀਤਾ ਹੈ। ਇਹ ਅੰਗਰੇਜ਼ਾਂ ਵਾਲੀ ਦਰਿੰਦਗੀ ਦੁਹਰਾਉਣ ਤੋਂ ਵੱਧ ਕੁਝ ਵੀ ਨਹੀਂ। ਉਨ੍ਹਾਂ ਨੇ ਜ਼ਮੀਨਾਂ ਕੁਰਕ ਕਰ ਲਈਆਂ ਹਨ ਅਤੇ
ਲੋਕਾਂ ਨੂੰ ਘਰੋਂ ਬੇਘਰ ਕਰ ਦਿੱਤਾ ਹੈ। ਭਾਈ ਗੁਰਦਾਸ ਨੇ ਠੀਕ ਹੀ ਕਿਹਾ ਹੈ, "ਨਾਲ ਕਰਾੜਾਂ ਦੋਸਤੀ, ਕਦੇ ਨਾ ਆਵੇ ਰਾਸ" ਅਰਥਾਤ ਕਰਾੜ ਕੌਮ ਅਕ੍ਰਿਤਘਣ ਹੈ। ਇਨ੍ਹਾਂ ਲੋਕਾਂ ਦੇ ਮਿੱਠੇ ਬੋਲਾਂ ਨਾਲੋਂ ਕਿਰਤੀ ਦੀ ਕੁੜੱਤਣ ਚੰਗੀ ਹੈ ਕਿਉਂਕਿ ਇਹ ਵੇਦਨਾ ਦੀ ਤੜਫ਼ ਪ੍ਰਗਟ ਕਰਦੀ ਹੈ ਨਾ ਕਿ ਕਿਸੇ ਸਾਜ਼ਿਸ਼ ਦਾ ਮੁੱਢ ਬੰਨ੍ਹਦੀ ਹੈ। ਹਾਲਤ ਚੰਗੀ ਹੋਣ ਕਰਕੇ ਅੱਜ ਗੁਰਦੇਵ ਸਿੰਘ ਬਾਦਲ ਢੱਡ ਵਾਂਗ ਬੁੜ੍ਹਕਦਾ ਹੈ ਅਤੇ ਕਦੇ ਇਹੋ ਢੱਡ ਖੜਕਾਲਾਂਗੇ ਮੰਗਣ ਲਈ ਮਜਬੂਰ ਸੀ। ਅੱਜ ਵੀ ਪੰਜਾਬ ਦੀ ਬੇਟੀ ਕਸਮ ਖਾ ਕੇ ਪ੍ਰਣ ਕਰਦੀ ਹੈ,
"ਮੇਰਾ ਬਾਬਲ ਭੋਲਾ ਨੀਂ, ਖੇਤਾਂ ਦਾ ਰਾਜਾ;


ਉਹਦੀ ਚਿੱਟੀ ਪੱਗ ਨੂੰ, ਨੀਂ ਮੈਂ ਦਾਗ਼ ਨਾ ਲਾਵਾਂ।"
ਮਾਲਵੇ ਦੀ ਬਠਿੰਡਾ ਪੱਟੀ ਵਿਚ ਕਈ ਸਭਿਆਚਾਰਕ ਸੁਧਾਰਵਾਦੀ ਲਹਿਰਾਂ ਦਾ ਜਨਮ ਹੋਇਆ ਸੀ। ਕਿਸੇ ਗੱਲ ਨੂੰ ਸੰਕੇਤਕ ਰੂਪ ਵਿਚ ਕਹਿ ਕੇ ਗੁੱਝੀ ਰਮਜ਼ ਦਾ ਪ੍ਰਗਟਾਵਾ ਕਰਨਾ ਇਸੇ ਇਲਾਕੇ ਦੀ ਦੇਣ ਹੈ। ਮਿਸਾਲ ਵਜੋਂ, "ਪੁੱਤ ਮਰਵਾ ਲਿਆ ਅਕਲ ਦਿਆ ਅੰਨ੍ਹਿਆਂ"-ਇਹ ਭਗਤ ਪੂਰਨ ਵੱਲ ਸੰਕੇਤ ਹੈ। ਪੱਕਾ ਪਥਰਾਲਾ ਪਿੰਡ ਦੇ ਮਿਰਾਸੀ ਸਰੰਗੀ ਵਾਲੇ ਇਸੇ ਰਮਜ਼ ਦੇ ਧਨੀ ਸਨ; ਜਿਵੇਂ "ਕੰਮ ਤਾਂ ਬਿਆਹੀਆਂ ਵਾਲੇ ਕਰਦੀ ਹੀਰ ਕੁਮਾਰੀ" ਆਦਿ।


ਪੈਪਸੂ ਦਾ ਇਲਾਕਾ ਜ਼ਿਆਦਾ ਜਰਖ਼ੇਜ਼ ਸੀ ਅਤੇ ਮਾਲਵੇ ਦੀ ਪਛੜੀ ਪੱਟੀ ਘੱਟ। ਮਾਲਵੇ ਦੇ ਲੋਕ, ਗੁੜ ਪੁਆਧ ਤੋਂ ਮੰਗਵਾਉਂਦੇ ਸਨ। ਘਰ ਦਾ ਤਿਆਰ ਕੀਤਾ ਸੁੱਚਾ ਸ਼ੁੱਧ ਘਿਉ ਅਤੇ ਸ਼ੱਕਰ ਜੱਟ ਦੇ ਹੱਡਾਂ ਵਿਚੋਂ ਬੋਲਦੀ ਅਤੇ ਮਸਤੀ ਦੇ ਆਲਮ ਵਿਚ ਸਾਹਿਬਾਂ ਆਪ-ਮੁਹਾਰੇ ਉਸ ਦੇ ਬੁੱਲ੍ਹਾਂ 'ਤੇ ਫੜਕਦੀ ਜਿਵੇਂ ਸਿਆਲਾਂ ਤੋਂ ਚੱਲ ਕੇ ਸੁੱਚਾ ਚੁੰਮਣ ਲੈਣ ਆਈ ਹੋਵੇ:
ਪੱਤਣ ਲੱਗੀ ਨੂੰ ਜੱਟਾ ਕਿਉਂ ਡੋਬਦੈਂ
ਮੇਰਾ ਕਰ ਅੱਜ ਨਿਆਂ,
ਮੈਨੂੰ ਸਹੁਰੇ ਢੋਈ ਨਾ ਮਿਲੇ
ਮੇਰੇ ਪੇਕੇ ਹੈ ਨੀ ਥਾਂ।
ਫਿਰ ਕੁਆਰੇ ਅਰਮਾਨਾਂ ਵਿਚ ਜੂਠ ਘੁਲ਼ਦੀ ਗਈ। ਚਲਿੱਤਰੀ ਨਾਰਾਂ ਬੇਵਫ਼ਾ ਕਾਮੁਕ ਪੁਤਲੀਆਂ ਅਤੇ ਅਹਿਮਦ ਡੋਗਰ ਵਰਗੇ ਸਭਿਆਚਾਰ ਦੇ ਦੁਸ਼ਮਣ ਗ਼ਦਾਰ ਆਦਮੀ, ਨਾ-ਸ਼ੁਕਰੇ ਅਤੇ ਮੁਫ਼ਤ ਦਾ ਖਾਣ ਵਾਲੇ ਸਾਹਮਣੇ ਆਉਂਦੇ ਗਏ ਪਰ ਫਿਰ ਵੀ ਜੀਊਣਾ ਮੌੜ ਰੱਬ ਦਾ ਵਫ਼ਾਦਾਰ ਰਿਹਾ। ਅੱਜ ਵੀ ਡੋਗਰਾਂ ਦੀ ਕੋਈ ਕਮੀ ਨਹੀਂ। ਫ਼ਰਕ ਸਿਰਫ਼ ਇੰਨਾ ਹੀ ਹੈ ਕਿ ਅੱਜ ਦੇ ਡੋਗਰ ਸਿਆਸੀ ਨੌਸਰਬਾਜ਼ੀ ਦੀ ਵਿਦਿਆ ਵਿਚ ਮਾਹਿਰ ਹੋ ਗਏ ਹਨ। ਸਭਿਆਚਾਰ ਦੇ ਇਤਿਹਾਸ ਦੀ ਸਿਰਜਣਾ ਹੋਈ। ਪੰਜਾਬ ਸੋਨੇ ਦੀ ਚਿੜੀ ਕਹਾਇਆ। ਦਰਿੰਦੇ ਡਾਕੂ ਵਧਦੇ ਗਏ ਜਿਨ੍ਹਾਂ ਸੋਨੇ ਦੀ ਚਿੜੀ ਦੇ ਖੰਭ ਨੋਚ ਸੁੱਟੇ ਅਤੇ ਅੱਜ ਵੀ ਹਰ ਰੋਜ਼ ਦਾ ਅਖ਼ਬਾਰ ਕਿਸੇ ਜ਼ਖ਼ਮੀ ਪੰਛੀ ਦੀ ਤਰ੍ਹਾਂ ਤੜਫ਼ਦਾ ਸਾਡੇ ਵਿਹੜੇ ਵਿਚ ਠਾਹ ਕਰ ਕੇ ਡਿੱਗਦਾ ਹੈ। ਕਸਮੇਂ-ਵਾਅਦੇ, ਪਿਆਰ-ਵਫ਼ਾ ਸਭ ਅਲੋਪ ਹੋ ਗਏ, ਸਿਰਫ਼ ਸਿਆਹੀ ਰੰਗੀਆਂ ਸੁਰਖ਼ੀਆਂ ਲਹੂ-ਭਿੱਜੀ ਵੇਦਨਾ ਜਾਂ ਤੜਫ਼ ਦੇ ਸੁਨੇਹੇ ਦਿੰਦੀਆਂ ਹਨ। ਅੱਜ ਵੀ ਲੋਟੂ ਟੋਲਾ ਸੋਨੇ ਦੀ ਚਿੜੀ ਦੇ ਖੰਭ ਨੋਚਦਾ ਹੈ। ਮਸਾਲੇ ਖਾਣ ਦੇ ਸ਼ੌਕੀਨ ਅਰਬ ਆਏ। ਫਰਾਂਸੀਸੀਆਂ ਨੇ ਆਪਣੀ ਕਾਲੋਨੀ ਬਣਾਉਣ ਦੀ ਬੇਹੱਦ ਕੋਸ਼ਿਸ਼ ਕੀਤੀ। ਗੋਰੇ ਮੂੰਹਾਂ ਵਾਲੇ ਟੋਡੀ ਅੰਗਰੇਜ਼ ਕਾਫ਼ੀ ਦੇਰ ਤਕ ਅਜਿਹੀਆਂ ਕੋਸ਼ਿਸ਼ਾਂ ਵਿਚ ਲੱਗੇ ਰਹੇ। ਇਕ ਵਾਰੀ ਤਾਂ ਸਰਬੰਸਦਾਨੀ ਵੀ ਅਕਾਲ ਪੁਰਖ਼ ਨੂੰ ਅਰਦਾਸ ਕਰਨ ਲਈ ਬੇਵੱਸ ਹੋ ਗਿਆ,


"ਮਿੱਤਰ ਪਿਆਰੇ ਨੂੰ, ਸਾਡਾ
ਹਾਲ ਮੁਰੀਦਾਂ ਦਾ ਕਹਿਣਾ।"


ਸ਼ਰੀਫ਼, ਮਾਸੂਮ ਅਤੇ ਰਜ਼ਾ ਵਿਚ ਰਹਿਣ ਵਾਲੇ ਲੋਕ ਹਾਕਮਾਂ ਦੀਆਂ ਵਗਾਰਾਂ ਪਾਲਦੇ ਰਹੇ। ਦੁੱਧ ਦੀਆਂ ਗੜਵੀਆਂ ਬਾਣੀਆਂ ਦੇ ਘਰ ਜਾਂਦੀਆਂ ਅਤੇ ਆਪ ਉਹ ਆਚਾਰ ਨਾਲ ਰੋਟੀ ਖਾਂਦੇ। ਬੇਵੱਸ ਜੱਟ, ਕਿਰਤੀ ਜਾਂ ਕਾਮੇ ਆਰਥਕ ਤੰਗੀ ਦਾ ਗ਼ੁੱਸਾ ਆਪਣੀਆਂ ਘਰਵਾਲੀਆਂ 'ਤੇ ਕੱਢਦੇ। ਤੇਵਰ ਬਦਲੇ ਹੋਏ ਜਲਾਲਾਬਾਦ ਦਾ ਮਿਰਜ਼ਾ ਤੁੱਲੀ ਗਾਇਕ ਦੇ ਮੂੰਹੋਂ ਕੁਝ ਅਜਿਹਾ ਮਿਹਣਾ ਜਾਂ ਸੂਲਾਂ ਨਾਲੋਂ ਵੀ ਤਿੱਖਾ ਬੇਵਫ਼ਾਈ ਦਾ ਤਾਹਨਾ ਮਾਰਨ ਲਈ ਮਜਬੂਰ ਸੀ:
ਕਿਉਂ ਦੇਰ ਲਗਾਈ ਸਾਹਿਬਾਂ,
ਰੋਟੀ ਨਾ ਲਿਆਈ ਅੱਜ।
ਤੇਰਾ ਆਟਾ ਗੁੱਝਣੋਂ ਰਹਿ ਗਿਆ,
ਕਿਉਂ ਮੱਠੀ ਪੈ ਗਈ ਅੱਗ।
ਤੈਨੂੰ ਯਾਰ ਦਿਖਾਈ ਦੇ ਗਿਆ,
ਰੋਵੇਂ ਧੂੰਏਂ ਦੇ ਪੱਜ।
ਘਰ ਐਦਾਂ ਨਾ ਵਸਦੇ ਸਾਹਿਬਾਂ,
ਪੁਗਾਉਣੀ ਪੈਂਦੀ ਲੱਜ।
ਕਿਰਤੀ-ਕਾਮਿਆਂ ਦੀ ਸ਼ਬਦ-ਅਡੰਬਰੀ ਬਿੰਬਾਵਲੀ ਕਿਸੇ ਸੁਲਝੇ ਸਾਹਿਤਕਾਰ ਤੋਂ ਵੀ ਅਨਿਸ਼ਚਿਤ ਕੀਮਤਾਂ ਦੀ ਵਾਰਸ ਹੁੰਦੀ ਹੈ। ਇਨ੍ਹਾਂ ਦੀ ਖ਼ਿਆਲ ਉਡਾਰੀ ਅਕਾਲ-ਕਿਰਿਆ ਦੀ ਹੱਦ ਵੀ ਟੱਪ ਕੇ ਪਰਾ-ਯਥਾਰਥਵਾਦ ਦੀ ਵਲਗਣ, ਯਾਨਿ ਅਚੇਤ ਮਨ ਦੀਆਂ ਰੂਪਮਾਨ ਗੱਲਾਂ ਵਿਚ ਦਾਖ਼ਲ ਹੁੰਦੀ ਹੈ। ਬਾਕੀਆਂ ਲਈ ਜਾਂ ਤਾਂ ਖੜੋਤ ਹੈ ਜਾਂ ਨੀਮ-ਦੁਬਿਧਾ ਦਾ ਜਨੂੰਨੀ ਵਿਹਾਰ। ਸਿਆੜ ਦੇ ਵਿੰਗ 'ਤੇ ਅਚਾਨਕ ਬਲਦ ਖਲੋ ਗਏ ਅਤੇ ਜੱਟ ਨੇ ਹੇਕ ਲਾ ਕੇ ਕਿਹਾ,


"ਰੰਨ ਨਹਾ ਕੇ ਛੱਪੜ
ਵਿਚੋਂ ਨਿਕਲੀ, ਸੁਲਫ਼ੇ ਦੀ ਲਾਟ ਵਰਗੀ।"


ਟੈਗੋਰ ਨੂੰ ਇਸ ਲੋਕ-ਗੀਤ ਦੀ ਬਹੁਮੁੱਲੀ ਤੁੱਕ ਨੇ ਅਜਿਹਾ ਕੀਲਿਆ ਕਿ ਪੰਜਾਬ ਵੱਲ ਉਸ ਦਾ ਲਗਾਉ ਹੱਦੋਂ ਵਧ ਗਿਆ। ਗੁਰਬਾਣੀ ਨਾਲ ਸਬੰਧਤ ਲਿਖਤਾਂ ਸਪਸ਼ਟ ਕਰਦੀਆਂ ਹਨ ਕਿ ਮਾਲਵੇ ਦੇ ਬਰਾੜ ਜੱਟਾਂ ਦਾ ਦਬਦਬਾ ਮੁਗ਼ਲ ਸਲਤਨਤ ਉਤੇ ਕਾਫ਼ੀ ਸੀ। ਉਦਾਹਰਣ ਲਈ ਇਹ ਹਵਾਲਾ ਪੜ੍ਹੋ:
ਨ ਜ਼ੱਰਹ ਦਰੀਂ ਰਾਹ ਖ਼ਤਰਹ ਤੁਰਾਸਤ।
ਹਮਹ ਕੌਮ ਬੈਰਾੜ ਹੁਕਮੇ ਮਰਾਸਤ।
ਅਰਥਾਤ ਇਸ ਰਸਤੇ ਆਉਣ ਨਾਲ ਤੈਨੂੰ ਰਤਾ ਵੀ ਡਰ ਨਹੀਂ ਕਿਉਂਕਿ ਸਾਰੀ ਬਰਾੜ ਕੌਮ ਮੇਰੇ ਹੁਕਮ ਵਿਚ ਹੈ। (ਜ਼ਫ਼ਰਨਾਮਾ) ਮਸੁੱਚੇ ਦਿਲਾਂ ਦੇ ਮਾਲਕ ਜੰਗ ਨਾਲ ਜੂਝਣ ਵਾਲੇ ਲੋਕਾਂ ਨੇ ਲੋਕ-ਨਾਇਕ ਬਹੁਤ ਪੈਦਾ ਕੀਤੇ। ਅੱਗੇ ਘੋੜਿਆਂ ਦੇ ਸ਼ੌਕੀਨ ਸਰਬੰਸਦਾਨੀ ਲਿਖਦੇ ਹਨ:
ਯਕੇ ਅਸਪ ਸ਼ਇਸਤਹ ਏ ਯਕ ਹਜ਼ਾਰ।
ਬਿਯਾ ਤਾ ਬਗੀਰੀ ਬ ਮਨ ਈ ਦਿਯਾਰ।
ਅਰਥਾਤ ਬਹੁਤ ਸੁੰਦਰ ਘੋੜਾ, ਇਕ ਹਜ਼ਾਰ ਕੀਮਤ ਵਾਲਾ, ਲੈ ਕੇ ਆ ਅਤੇ ਫਿਰ ਮੇਰੇ ਕੋਲੋਂ ਇਲਾਕਾ ਲੈ ਲੈ।
ਐਥੇ ਸਿਆਸੀ ਸੰਧੀ ਦਾ ਭੁਲੇਖਾ ਪਾਠਕ ਵਰਗ ਨੂੰ ਪ੍ਰੇਸ਼ਾਨ ਕਰੇਗਾ। ਆਓ, ਹੁਣ ਸਮਾਜ ਦੇ ਉਨ੍ਹਾਂ ਛਲੇਡਿਆਂ ਵੱਲ ਵੀ ਝਾਤ ਮਾਰ ਲਈਏ ਜੋ ਸਿਆਸੀ ਨਕਾਬ ਪਹਿਨ ਕੇ ਬੇਦਾਗ਼ ਸਫ਼ੈਦ ਬਗਲਿਆਂ ਵਾਂਗ ਵਿਚਰਦੇ ਹਨ ਅਤੇ ਚੰਡਾਲਾਂ ਵਾਲੇ ਕੰਮ ਕਰ ਕੇ ਨਿਮਾਣਿਆਂ-ਗ਼ਰੀਬਾਂ ਦੀ ਰੱਤ ਚੂਸਦੇ ਹਨ। ਗ਼ਰੀਬੀ ਦੂਰ ਕਰਨ ਦਾ ਲੋਕਤੰਤਰੀ ਵਿਧਾਨਕ ਨਾਅਰਾ ਅਮਲ ਵਿਚ ਅਰਥਹੀਣ ਹੋ ਕੇ ਸਵਾਰਥ ਦੇ ਅੰਕੁਰਾਂ ਵਿਚ ਫੁੱਟਦਾ ਹੈ ਕਿਉਂਕਿ ਨਾਅਰਾ ਬੁਲੰਦ ਕਰਨ ਵਾਲੇ ਪਹਿਲਾਂ ਆਪਣੀ ਗ਼ਰੀਬੀ ਚੁੱਕਣ ਦਾ ਜਤਨ ਕਰਦੇ ਹਨ ਅਤੇ ਜਦੋਂ ਅਸਲੀ ਗ਼ਰੀਬਾਂ ਦੀ ਵਾਰੀ ਆਉਂਦੀ ਹੈ ਤਾਂ ਯੋਜਨਾਵਾਂ ਵੱਟੇਖ਼ਾਤੇ ਪੈ ਜਾਂਦੀਆਂ ਹਨ।
ਇਸ ਮੁਲਕ ਦੇ ਦੁਸ਼ਮਣ ਆਧੁਨਿਕ ਐਸ਼ਪ੍ਰਸਤੀ ਦੇ ਵਣਜਾਰੇ ਬਾਬੇ ਹਨ। ਆਸਾ ਰਾਮ ਬਾਪੂ ਦੀਆਂ ਕਰਤੂਤਾਂ ਦਾ ਕੱਚਾ ਚਿੱਠਾ ਹੀ ਦੇਖ ਲਵੋ। ਪੰਜਾਬ ਵਿਚ ਸਾਹਨੇਵਾਲ ਪਾਸ ਘੱਟੋ-ਘੱਟ 50 ਏਕੜ ਜ਼ਮੀਨ ਵਿਚ ਉਸ ਦਾ ਆਸ਼ਰਮ ਹੈ। ਇਹ ਜ਼ਮੀਨ ਉਸ ਨੇ ਗ਼ਰੀਬ ਜੱਟਾਂ ਦਾ ਸ਼ੋਸ਼ਣ ਕਰ ਕੇ ਕੌਡੀਆਂ ਦੇ ਭਾਅ ਖ਼ਰੀਦੀ ਸੀ ਜਿਸ ਦੀ ਕੀਮਤ ਅੱਜ ਕੱਲ੍ਹ ਕਰੋੜਾਂ ਰੁਪਏ ਬਣਦੀ ਹੈ। ਸਿਆਸੀ ਟੁੱਕੜਬੋਚ ਖ਼ੁਦ ਬਾਬੇ ਪੈਦਾ ਕਰਦੇ ਹਨ, ਅਰਥਾਤ ਟੁੱਕੜਬੋਚਾਂ ਦੇ ਵੀ ਏਜੰਟ। ਜਥੇਦਾਰ ਤੋਤਾ ਸਿੰਘ ਨੇ ਇਕ ਵਾਰੀ ਬਿਆਨ ਦਿੱਤਾ ਸੀ ਕਿ ਉਹ ਜੇਲ੍ਹਾਂ ਵਿਚ ਗੁਰਦੁਆਰੇ ਖੋਲ੍ਹਣਗੇ ਤਾਂ ਜੋ ਕੈਦੀ ਛੁੱਟਣ ਤੋਂ ਬਾਅਦ ਇੱਜ਼ਤ ਵਾਲਾ ਜੀਵਨ ਗੁਜ਼ਾਰ ਸਕਣ। ਕੀ ਜੇਲ੍ਹ ਤੋਂ ਛੁੱਟਿਆ ਬੰਦਾ ਚੰਗਾ ਜੀਵਨ ਬਤੀਤ ਕਰ ਸਕਦਾ ਹੈ? ਭਾਰਤ ਨੂੰ ਕੰਗਾਲ ਉਸ ਦੇ ਲੋਕਾਂ ਨੇ ਨਹੀਂ ਕਰਨਾ ਪਰ ਜਦੋਂ ਕਦੀ
ਵਕਤ ਆਇਆ ਤਾਂ ਸਿਰਫ਼ ਸਿਆਸੀ ਟੁੱਕੜਬੋਚ ਹੀ ਕਰਨਗੇ।
ਤਾਮਿਲ ਅੰਮਾ (ਜੈ ਲਲਿਤਾ) ਅਤੇ ਬੰਗਾਲੀ ਦੀਦੀ (ਮਮਤਾ ਬੈਨਰਜੀ) ਨੂੰ ਭਲਾ ਕੌਣ ਨਹੀਂ ਜਾਣਦਾ? ਰਾਜ-ਹੱਠ, ਤ੍ਰਿਆ-ਹੱਠ, ਯੋਗ-ਹੱਠ, ਪਤਾ ਨਹੀਂ ਕਿੰਨੇ ਕੁ ਹੋਰ ਹੱਠਾਂ ਬਾਰੇ ਬ੍ਰਾਹਮਣਵਾਦ ਦੀ ਕਹਾਵਤ ਪ੍ਰਚੱਲਤ ਰਹੀ ਹੈ। ਕਿਸੇ ਵੇਲੇ ਤਾਮਿਲ ਅੰਮਾ ਨੇ ਮੂੰਹ-ਬੋਲੇ ਭਾਣਜੇ ਦੀ ਸ਼ਾਦੀ ਉਤੇ ਇਕ ਕਰੋੜ ਤੋਂ ਵੀ ਵੱਧ ਰੁਪਿਆ ਖ਼ਰਚ ਕੀਤਾ ਸੀ ਜਦੋਂ ਕਿ ਉਸ ਸਮੇਂ ਪੈਸੇ ਦੀ ਵਾਹਵਾ ਵੁੱਕਤ ਸੀ।ਉਫ਼...ਕਿੰਨੀ ਅਜੀਬ ਸ਼ੈਅ ਹੈ ਸਿਆਸਤ ਵੀ। ਹਰਿਆਣਾ ਦੇ ਚੌਟਾਲਾ ਸਾਹਿਬ ਵੀ ਹਰੀ ਪੱਗ ਬੰਨ੍ਹ ਕੇ ਨੁਮਾਇਸ਼ੀ ਟੱਟੂ ਦੀ ਤਰ੍ਹਾਂ ਖੜ੍ਹੇ ਸਨ; ਜਿਵੇਂ ਕੋਈ ਦਰਬਾਨ ਆਉਣ ਵਾਲੇ ਮਹਿਮਾਨਾਂ ਦੇ ਤੇਵਰ ਪਛਾਣ ਕੇ ਆਪਣਾ ਫ਼ਰਜ਼ ਨਿਭਾਉਣ ਲਈ ਮਜਬੂਰ ਹੋਵੇ। ਤਾਮਿਲ ਅੰਮਾ ਆਪਣੇ ਮੋਤੀਆਂ ਜੜੇ ਚੋਗੇ ਵਿਚ ਪਰੀਆਂ ਦੀ ਕਿਸੇ ਕਹਾਣੀ ਦੀ ਪ੍ਰਤੀਨਿਧ ਪਾਤਰ ਲੱਗ ਰਹੀ ਸੀ। ਪੰਜਾਬ ਦੀ ਮਿਸਾਲ ਹੀ ਲੈ ਲਓ।


ਸਾਲੇ-ਭਣੋਈਆਂ ਦੀ ਸਿਆਸਤ ਵਿਚ ਲਘੂ-ਬਾਦਲ ਨੇ ਆਪਣੇ ਸਾਲੇ ਦੀ ਸ਼ਾਦੀ ਲਈ ਵੱਖਰੀ ਹੀ ਥਾਂ ਚੁਣੀ ਸੀ ਜਿਸ 'ਤੇ ਕਈ ਕਰੋੜ ਰੁਪਏ ਖ਼ਰਚ ਆਏ। ਨਾ ਕਿਸੇ ਆਮ ਇਤਰਾਜ਼ ਕੀਤਾ ਅਤੇ ਨਾ ਹੀ ਕਿਸੇ ਟੈਕਸ ਵਾਲਿਆਂ ਕੋਲ ਸ਼ਿਕਾਇਤ ਕੀਤੀ। ਅਖ਼ੀਰ ਵਿਚ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਵੱਲ ਝਾਤ ਮਾਰਦੇ ਹਾਂ ਜੋ ਹੁਣੇ-ਹੁਣੇ ਪੁੱਤਰ ਦਾ ਵਿਆਹ ਕਰ ਕੇ ਵਿਹਲਾ ਹੋਇਆ ਹੈ। ਇਕ ਪਾਸੇ ਉਹ ਬ੍ਰਹਮਗਿਆਨੀ ਸਿਆਸਤਦਾਨ ਹੋਣ ਦਾ ਦਾਅਵਾ ਕਰਦਾ ਹੈ, ਦੂਸਰੇ ਪਾਸੇ ਲੜਕੇ ਨੂੰ 9 ਕਰੋੜ ਰੁਪਏ ਦਾ ਬੰਗਲਾ ਅਤੇ ਬੀ.ਐਮ.ਡਬਲਿਊ. ਕਾਰ ਭੇਟ
ਕਰਦਾ ਹੈ। ਦੋ ਲੱਖ ਲੋਕ ਪਾਰਟੀ 'ਤੇ ਆਏ। ਇਹ ਭੱਦਰ-ਪੁਰਸ਼ ਭਲਾ ਲੋਕਾਂ ਲਈ ਕੀ ਆਦਰਸ਼ ਬਣਨਗੇ?

No comments:

Post a Comment