'ਡਰੀਮਲੈਂਡ' ਦੀ ਭੂਮਿਕਾ - ਭਗਤ ਸਿੰਘ
ਮੇਰੇ ਚੰਗੇ ਦੋਸਤ ਲਾਲਾ ਰਾਮ ਸਰਨ ਦਾਸ ਹੁਰਾਂ ਮੈਨੂੰ ਆਪਣੇ ਕਾਵਿ ਸੰਗ੍ਰਹਿ ਡਰੀਮਲੈਂਡ (ਸੁਪਨਦੇਸ਼) ਦੀ ਭੂਮਿਕਾ ਲਿਖਣ ਨੂੰ ਕਿਹਾ ਹੈ। ਮੈਂ ਨਾ ਤਾਂ ਸ਼ਾਇਰ ਹਾਂ, ਨਾ ਸਾਹਿਤਕਾਰ, ਨਾ ਕੋਈ ਪੱਤ੍ਰਕਾਰ ਹਾਂ ਅਤੇ ਨਾ ਹੀ ਆਲੋਚਕ। ਇਸ ਲਈ ਮੈਂ ਕਿਸੇ ਤਰ੍ਹਾਂ ਵੀ ਉਨ੍ਹਾਂ ਦੀ ਮੰਗ ਪੂਰੀ ਨਹੀਂ ਕਰ ਸਕਦਾ। ਪਰ ਜਿਹੋ-ਜਿਹੇ ਹਾਲਾਤ ਵਿਚ ਮੈਂ ਹਾਂ, ਉਨ੍ਹਾਂ ਕਾਰਣ ਮੈਂ ਲੇਖਕ ਨਾਲ਼ ਸਮੱਸਿਆ ਬਾਰੇ ਬਹਿਸ-ਮੁਬਾਹਸਾ ਨਹੀਂ ਕਰ ਸਕਦਾ। ਫੇਰ ਤਾਂ ਮੇਰੇ ਕੋਲ ਇਕੋ ਹੀ ਰਾਹ ਹੈ ਕਿ ਮੈਂ ਆਪਣੇ ਦੋਸਤ ਦੀ ਇੱਛਾ ਪੂਰੀ ਕਰ ਹੀ ਦਿਆਂ।
ਕਿਉਂਕਿ ਮੈਂ ਕਵੀ ਨਹੀਂ ਹਾਂ, ਇਸ ਲਈ ਮੈਂ ਕਿਤਾਬ ਬਾਰੇ ਕਵਿਤਾ ਦੇ ਦ੍ਰਿਸ਼ਟੀਕੋਣ ਤੋਂ ਬਹਿਸ ਨਹੀਂ ਕਰਾਂਗਾ। ਮੈਨੂੰ ਛੰਦਬੰਦੀ ਦਾ ਅਸਲੋਂ ਹੀ ਕੋਈ ਇਲਮ ਨਹੀਂ ਹੈ, ਤੇ ਮੈਂ ਇਹ ਵੀ ਨਹੀਂ ਜਾਣਦਾ ਕਿ ਛੰਦਬੰਦੀ ਦੇ ਲਿਹਾਜ਼ ਨਾਲ਼ ਪਰਖਿਆਂ ਵੀ ਇਹ ਕਿਤਾਬ ਪੂਰੀ ਉਤਰੇਗੀ ਜਾਂ ਨਹੀਂ। ਕਿਉਂਕਿ ਮੈਂ ਸਾਹਿਤਕ ਨਹੀਂ ਹਾਂ, ਇਸ ਲਈ ਮੈਂ ਇਸ ਕਿਤਾਬ ਨੂੰ ਕੌਮੀ ਸਾਹਿਤ ਵਿਚ ਯੋਗ ਥਾਂ ਦਿਵਾਉਣ ਦੀ ਦ੍ਰਿਸ਼ਟੀ ਨਾਲ਼ ਵੀ ਨਹੀਂ ਵਿਚਾਰਾਂਗਾ।
ਮੈਂ ਸਿਆਸੀ ਕਾਰਕੁਨ ਹਾਂ ਤੇ ਵੱਧ ਤੋਂ ਵੱਧ ਮੈਂ ਇਸ ਕਿਤਾਬ ਨੂੰ ਸਿਆਸੀ ਨਜ਼ਰੀਏ ਤੋਂ ਹੀ ਵਿਚਾਰ ਸਕਦਾ ਹਾਂ। ਇਸ ਨਜ਼ਰੀਏ ਤੋਂ ਵਿਚਾਰਨਾ ਵੀ ਐਸ ਵੇਲੇ ਬਿਲਕੁਲ ਅਸੰਭਵ ਜਾਂ ਕਮ-ਅਜ਼-ਕੰਮ ਬਹੁਤ ਮੁਸ਼ਕਲ ਕੰਮ ਹੈ। ਅਸੂਲਨ ਤੌਰ ਉਤੇ ਭੂਮਿਕਾ ਹਮੇਸ਼ਾ ਉਹ ਵਿਅਕਤੀ ਲਿਖਿਆ ਕਰਦਾ ਹੈ, ਜੋ ਲੇਖਕ ਦੀ ਕਿਰਤ ਨਾਲ਼ ਸਹਿਮਤ ਹੋਵੇ। ਪਰ ਇਥੇ ਮੁਆਮਲਾ ਅਸਲੋਂ ਹੀ ਵੱਖਰਾ ਹੈ। ਮੈਂ ਆਪਣੇ ਦੋਸਤ ਨਾਲ਼ ਸਾਰੀਆਂ ਗੱਲਾਂ ਨਾਲ਼ ਸਹਿਮਤ ਨਹੀਂ ਹਾਂ। ਲਾਲਾ ਜੀ ਨੂੰ ਇਸ ਗੱਲ ਦਾ ਪਤਾ ਸੀ ਕਿ ਕਈ ਅਹਿਮ ਨੁਕਤਿਆਂ ਬਾਰੇ ਮੇਰਾ ਉਨ੍ਹਾਂ ਨਾਲ਼ ਮਤਭੇਦ ਸੀ। ਇਸ ਲਈ ਮੇਰੀ ਇਹ ਲਿਖਤ ਭੂਮਿਕਾ ਕਤੱਈ ਨਹੀਂ ਹੋਣ ਲੱਗੀ। ਵੱਧ ਤੋਂ ਵੱਧ ਇਹ ਆਲੋਚਨਾ ਹੋ ਸਕਦੀ ਹੈ, ਅਤੇ ਇਹ ਕਿਤਾਬ ਦੇ ਅਖ਼ੀਰ ਵਿਚ ਹੋਏਗੀ, ਸ਼ੁਰੂ ਵਿਚ ਨਹੀਂ।
ਸਿਆਸੀ ਖੇਤਰ ਵਿਚ ਡਰੀਮਲੈਂਡ ਦੀ ਬਹੁਤ ਅਹਿਮ ਥਾਂ ਹੈ। ਮੌਜੂਦਾ ਹਾਲਾਤ ਵਿਚ ਇਹ ਕਿਤਾਬ ਲਹਿਰ ਦੇ ਵੱਡੇ ਖੱਪੇ ਨੂੰ ਪੂਰ ਰਹੀ ਹੈ। ਦਰਅਸਲ ਸਾਡੇ ਮੁਲਕ ਦੇ ਅਜੋਕੇ ਇਤਿਹਾਸ ਵਿਚ ਅਹਿਮ ਰੋਲ ਅਦਾ ਕਰਨ ਵਾਲੀਆਂ ਸਾਰੀਆਂ ਸਿਆਸੀ ਲਹਿਰਾਂ ਮਨੋਰਥ ਦੇ ਆਦਰਸ਼ ਤੋਂ ਵਿਰਵੀਆਂ ਰਹੀਆਂ ਹਨ। ਇਨਕਲਾਬੀ ਲਹਿਰ ਵੀ ਇਸ ਦੋਸ਼ ਤੋਂ ਮੁਕਤ ਨਹੀਂ ਹੈ। ਆਪਣੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਮੈਨੂੰ ਸਪਸ਼ਟ ਵਿਚਾਰਾਂ ਵਾਲੀ ਕੋਈ ਇਨਕਲਾਬੀ ਪਾਰਟੀ ਨਜ਼ਰ ਨਹੀਂ ਆਈ। ਇਕੋ-ਇਕ ਗ਼ਦਰ ਪਾਰਟੀ ਸੀ, ਜੋ ਸੰਯੁਕਤ ਰਾਜ ਅਮਰੀਕਾ ਦੀ ਸਰਕਾਰ ਤੋਂ ਪ੍ਰੇਰਿਤ ਹੋ ਕੇ ਮੌਜੂਦਾ ਸਰਕਾਰ ਦੀ ਥਾਂ ਪਰਜਾਤੰਤਰਿਕ (ਰੀਪਬਲਿਕਨ) ਕਿਸਮ ਦੀ ਸਰਕਾਰ ਕਾਇਮ ਕਰਨ ਲਈ ਸਪਸ਼ਟ ਰੂਪ ਵਿਚ ਕਹਿੰਦੀ ਸੀ। ਦੂਜੀਆਂ ਸਾਰੀਆਂ ਪਾਰਟੀਆਂ ਦਾ ਬੱਸ ਇਕੋ-ਇਕ ਨਿਸ਼ਾਨਾ ਸੀ, ਉਹ ਸੀ-ਵਿਦੇਸ਼ੀ ਹਾਕਮਾਂ ਦੇ ਖ਼ਿਲਾਫ਼ ਲੜਨਾ। ਇਹ ਵਿਚਾਰ ਤਾਂ ਸਲਾਹੁਣਯੋਗ ਹੈ, ਪਰ ਇਹਨੂੰ ਇਨਕਲਾਬੀ ਵਿਚਾਰ ਨਹੀਂ ਕਿਹਾ ਜਾ ਸਕਦਾ। ਸਾਨੂੰ ਲਾਜ਼ਮੀ ਤੌਰ ਉਤੇ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਇਨਕਲਾਬ ਦਾ ਮਤਲਬ ਨਿਰੀ ਉਥਲ-ਪੁਥਲ ਜਾਂ ਖੂਨੀ ਲੜਾਈ ਨਹੀਂ ਹੁੰਦਾ। ਇਨਕਲਾਬ ਦਾ ਲਾਜ਼ਮੀ ਭਾਵ ਮੌਜੂਦਾ ਹਾਲਾਤ (ਯਾਨੀ ਰਾਜ-ਪ੍ਰਬੰਧ) ਨੂੰ ਪੂਰੀ ਤਰ੍ਹਾਂ ਤਬਾਹ ਕਰਕੇ ਸਮਾਜ ਦੇ ਨਵੇਂ ਤੇ ਚੰਗੇਰੇ ਅਨੁਕੂਲਤ ਆਧਾਰ ਉਤੇ ਕੀਤੀ ਜਾਣ ਵਾਲੀ ਬਾਕਾਇਦਾ ਮੁੜ ਉਸਾਰੀ ਦੇ ਪ੍ਰੋਗਰਾਮ ਤੋਂ ਹੁੰਦਾ ਹੈ।
(ਸਾਡੇ) ਸਿਆਸੀ ਖੇਤਰ ਵਿਚ ਲਿਬਰਲ (ਨਰਮਦਲੀਏ) ਮੌਜੂਦਾ ਸਰਕਾਰ ਅਧੀਨ ਕੁਝ ਸੁਧਾਰ ਚਾਹੁੰਦੇ ਸਨ, ਜਦ ਕਿ ਗਰਮਦਲੀਆਂ ਦੀ ਮੰਗ ਇਸ ਤੋਂ ਰਤਾ ਅਗਾਂਹ ਸੀ ਅਤੇ ਉਹ ਇਸ ਮਕਸਦ ਲਈ ਪਰਿਵਰਤਨਕਾਰੀ ਤਰੀਕੇ ਅਪਣਾਉਣ ਲਈ ਤਿਆਰ ਸਨ। ਇਨਕਲਾਬੀ ਹਮੇਸ਼ਾਂ ਸਿਰੇ ਦੇ ਤਰੀਕਿਆਂ ਦੇ ਹਮਾਇਤੀ ਰਹੇ; ਉਨ੍ਹਾਂ ਦਾ ਨਿਸ਼ਾਨਾ ਇਕੋ ਹੀ ਸੀ ਕਿ ਵਿਦੇਸ਼ੀ ਗ਼ਲਬੇ ਨੂੰ ਉਲਟਾ ਦਿੱਤਾ ਜਾਏ। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁਝ ਇਹੋ ਜਿਹੇ ਵੀ ਲੋਕ ਸਨ, ਜੋ ਉਨ੍ਹਾਂ ਤਰੀਕਿਆਂ ਰਾਹੀਂ ਕੁਝ ਸੁਧਾਰਾਂ ਦੇ ਹਮਾਇਤੀ ਸਨ। ਇਨ੍ਹਾਂ ਸਾਰੀਆਂ ਲਹਿਰਾਂ ਨੂੰ ਸਹੀ ਅਰਥਾਂ ਵਿਚ ਇਨਕਲਾਬੀ ਲਹਿਰਾਂ ਦਾ ਨਾਂ ਨਹੀਂ ਦਿੱਤਾ ਜਾ ਸਕਦਾ।
ਪਰ ਲਾਲਾ ਰਾਮ ਸਰਨ ਦਾਸ ਹੁਰੀਂ ਪੰਜਾਬ ਦੇ ਪਹਿਲੇ ਇਨਕਲਾਬੀ ਸਨ, ਜਿਨ੍ਹਾਂ ਨੂੰ ਕਿਸੇ ਬੰਗਾਲੀ ਮਫ਼ਰੂਰ ਨੇ 1908 ਵਿਚ ਬਾਕਾਇਦਾ ਰੂਪ ਵਿਚ ਭਰਤੀ ਕੀਤਾ ਸੀ। ਫੇਰ ਇਨ੍ਹਾਂ ਦਾ ਇਨਕਲਾਬੀ ਲਹਿਰਾਂ ਨਾਲ਼ ਸਬੰਧ ਰਿਹਾ ਅਤੇ ਅਖ਼ੀਰ ਗ਼ਦਰ ਪਾਰਟੀ ਵਿਚ ਸ਼ਾਮਲ ਹੋ ਗਏ, ਪਰ ਇਨ੍ਹਾਂ ਦੇ ਵਿਚਾਰ ਪਹਿਲੀ ਲਹਿਰ ਦੇ ਆਦਰਸ਼ ਵਾਲੇ ਹੀ ਰਹੇ। ਇਸ ਕਿਤਾਬ ਦੀ ਖ਼ੂਬਸੂਰਤੀ ਤੇ ਕਦਰ ਵਧਾਉਣ ਵਾਲਾ ਇਕ ਹੋਰ ਦਿਲਚਸਪ ਤੱਥ ਹੈ। ਲਾਲਾ ਜੀ ਨੂੰ 1915 ਵਿਚ ਫ਼ਾਂਸੀ ਦੀ ਸਜ਼ਾ ਹੋਈ ਸੀ ਤੇ ਮਗਰੋਂ ਟੁੱਟ ਕੇ ਉਮਰਕੈਦ ਵਿਚ ਬਦਲ ਗਈ। ਅੱਜ ਮੈਂ ਆਪ ਫ਼ਾਂਸੀ ਕੋਠੀ ਵਿਚ ਬੈਠਾ ਪਾਠਕਾਂ ਨੂੰ ਦਾਅਵੇ ਨਾਲ਼ ਦੱਸ ਸਕਦਾ ਹਾਂ ਕਿ ਉਮਰਕੈਦ ਮੌਤ ਨਾਲ਼ ਮੁਕਾਬਲਤਨ ਕਿਤੇ ਵਧ ਸਖ਼ਤ ਸਜ਼ਾ ਹੁੰਦੀ ਹੈ। ਲਾਲਾ ਰਾਮ ਸਰਨ ਹੋਰਾਂ ਨੂੰ ਚੌਦਾਂ ਵਰ੍ਹਿਆਂ ਦੀ ਪੱਕੀ ਕੈਦ ਕੱਟਣੀ ਪਈ ਸੀ। ਇਨ੍ਹਾਂ ਨੇ ਇਹ ਕਵਿਤਾਵਾਂ ਦੱਖਣ ਦੀ ਕਿਸੇ ਜੇਲ੍ਹ ਵਿਚ ਲਿਖੀਆਂ ਸਨ। ਉਸ ਵੇਲੇ ਜੋ ਕਵੀ ਦੀ ਮਾਨਸਿਕ ਹਾਲਤ ਸੀ ਤੇ ਜੋ ਇਨ੍ਹਾਂ ਦੇ ਅੰਦਰ ਜੱਦੋਜਹਿਦ ਚਲ ਰਿਹਾ ਸੀ ਉਹਦੀ ਛਾਪ ਇਨ੍ਹਾਂ ਦੀਆਂ ਕਵਿਤਾਵਾਂ ਉਤੇ ਹੈ, ਜਿਸ ਸਦਕਾ ਇਹ ਵਧੇਰੇ ਖ਼ੂਬਸੂਰਤ ਤੇ ਦਿਲਚਸਪ ਹੋ ਗਈਆਂ ਹਨ। ਇਨ੍ਹਾਂ ਨੂੰ ਲਿਖਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਇਹ ਬੜੇ ਢਾਹੂ ਵਿਚਾਰਾਂ ਨਾਲ਼ ਜੱਦੋਜਿਹਦ ਕਰਦੇ ਰਹੇ। ਜਿੰਨੀਂ ਦਿਨੀਂ ਇਨ੍ਹਾਂ ਦੇ ਬਹੁਤ ਸਾਰੇ ਸਾਥੀ ਨੇਕਚਲਨੀ ਦਾ ਵਿਸ਼ਵਾਸ ਦੇ ਕੇ ਰਿਹਾ ਹੋ ਚੁੱਕੇ ਸਨ ਅਤੇ ਇਨ੍ਹਾਂ ਸਮੇਤ ਹਰ ਕੋਈ ਰਿਹਾ ਹੋਣ ਲਈ ਬਹੁਤ ਬੇਤਾਬ ਸੀ ਅਤੇ ਪਤਨੀ ਤੇ ਬੱਚਿਆਂ ਦੀਆਂ ਮਿੱਠੀਆਂ ਤੇ ਦਰਦਨਾਕ ਯਾਦਾਂ ਨੇ ਅਜ਼ਾਦ ਹੋਣ ਦੀ ਬੇਤਾਬੀ ਹੋਰ ਵੀ ਵਧਾ ਦਿੱਤੀ ਸੀ, ਤਾਂ ਉਸ ਹਾਲਤ ਵਿਚ ਲਾਲਾ ਰਾਮ ਸਰਨ ਜੀ ਨੂੰ ਇਨ੍ਹਾਂ ਢਾਹੂ ਗੱਲਾਂ ਵਿਰੁਧ ਜ਼ੋਰਦਾਰ ਜੱਦੋਜਹਿਦ ਕਰਨੀ ਪਈ ਸੀ ਅਤੇ ਇਨ੍ਹਾਂ ਨੇ ਆਪਣਾ ਧਿਆਨ ਕਵਿਤਾ ਲਿਖਣ ਵਲ ਲਾ ਦਿੱਤਾ ਸੀ। ਇਸੇ ਕਾਰਣ ਸ਼ੁਰੂ ਦੇ ਬੰਦ ਵਿਚ ਹੀ ਸਾਨੂੰ ਜਜ਼ਬਾਤ ਦੀ ਛੱਲ ਨਜ਼ਰ ਆਉਂਦੀ ਹੈ:
* ਪਤਨੀ ਬੱਚੇ ਸੱਜਣ ਮੇਰੇ ਚਾਰਚੁਫੇਰੇ,
ਲਗਦੇ ਮੈਨੂੰ ਨਾਗ ਜ਼ਹਿਰੀਲੇ
ਰਾਮ ਸਰਨ ਜੀ ਸ਼ੁਰੂ ਵਿਚ ਹੀ ਦਰਸ਼ਨ ਦੀ ਗੱਲ ਕਰਦੇ ਹਨ। ਇਹ ਦਰਸ਼ਨ ਬੰਗਾਲ ਦੀਆਂ ਤੇ ਪੰਜਾਬ ਦੀਆਂ ਸਾਰੀਆਂ ਇਨਕਲਾਬੀ ਲਹਿਰਾਂ ਦੀ ਰੀੜ੍ਹ ਦੀ ਹੱਡੀ ਹੈ। ਇਸ ਨੁਕਤੇ ਤੋਂ ਮੇਰਾ ਕਵੀ ਨਾਲ਼ ਬਹੁਤ ਵੱਡਾ ਮਤੱਭੇਦ ਹੈ। ਇਨ੍ਹਾਂ ਦੀ ਕੀਤੀ ਬ੍ਰਹਮੰਡੀ ਵਿਆਖਿਆ ਉਦੇਸ਼ਵਾਦੀ ਤੇ ਪਰਾਭੌਤਿਕ ਹੈ। ਜਦ ਕਿ ਮੈਂ ਪਦਾਰਥਵਾਦੀ ਹਾਂ ਅਤੇ ਇਸ ਦ੍ਰਿਸ਼ਟਮਾਨ ਬਾਰੇ ਮੇਰੀ ਵਿਆਖਿਆ ਕਾਰਣਾਤਮਕ ਹੋਏਗੀ। ਤਾਂ ਵੀ ਇਸ ਕਿਤਾਬ ਦੀ ਹਰ ਲਿਹਾਜ਼ ਨਾਲ਼ ਪ੍ਰਾਸੰਗਿਕਤਾ ਹੈ। ਸਾਡੇ ਮੁਲਕ ਵਿਚ ਜੋ ਆਮ ਵਿਚਾਰ ਪ੍ਰਚੱਲਿਤ ਹਨ, ਉਹ ਕਵੀ ਦੇ ਪ੍ਰਗਟਾਏ ਵਿਚਾਰਾਂ ਨਾਲ਼ ਮੇਲ ਖਾਂਦੇ ਹਨ। ਉਦਾਸੀ ਦੂਰ ਕਰਨ ਲਈ ਇਨ੍ਹਾਂ ਨੇ ਪ੍ਰਾਰਥਨਾ ਦਾ ਸਹਾਰਾ ਲਿਆ ਸੀ, ਜਿਵੇਂ ਕਿ ਕਿਤਾਬ ਦਾ ਸਾਰਾ ਸ਼ੁਰੂ ਦਾ ਹਿੱਸਾ ਰੱਬ, ਉਹਦੀ ਉਸਤਿਤ, ਉਹਦੀ ਵਿਆਖਿਆ ਨਾਲ਼ ਭਰਿਆ ਪਿਆ ਹੈ। ਰੱਬ ਦਾ ਵਿਸ਼ਵਾਸ ਰਹੱਸਵਾਦ ਦਾ ਸਿੱਟਾ ਹੁੰਦਾ ਹੈ, ਜੋ ਕਿ ਉਦਾਸੀ, ਦਾ ਕੁਦਰਤੀ ਇਜ਼ਹਾਰ ਹੁੰਦਾ ਹੈ। ਇਹ ਕਹਿਣਾ ਕਿ ਇਹ ਦੁਨੀਆਂ 'ਮਾਇਆ' ਜਾਂ 'ਮਿਥਿਆ' ਹੈ, ਸੁਪਨਾ ਜਾਂ ਕਲਪਨਾ ਹੈ ਸਰੀਹਣ ਰਹੱਸਵਾਦ ਹੈ; ਜਿਹਨੂੰ ਪੁਰਾਣੇ ਸਮਿਆਂ ਦੇ ਸ਼ੰਕਰਾਚਾਰਯ ਤੇ ਹੋਰ ਹਿੰਦੂ ਰਿਸ਼ੀਆਂ ਨੇ ਜਨਮ ਦੇ ਕੇ ਵਿਕਸਤ ਕੀਤਾ ਸੀ। ਪਰ ਪਦਾਰਥਵਾਦੀ ਦਰਸ਼ਨ ਵਿਚ ਇਸ ਕਿਸਮ ਦੀ ਵਿਚਾਰ-ਵਿਧੀ ਲਈ ਕੋਈ ਥਾਂ ਨਹੀਂ ਹੈ। ਪਰ ਕਵੀ ਦਾ ਰਹੱਸਵਾਦ ਕਿਸੇ ਤਰ੍ਹਾਂ ਵੀ ਤੁੱਛ ਜਾਂ ਨਿੰਦਣਯੋਗ ਨਹੀਂ ਹੈ। ਇਹਦੀ ਆਪਣੀ ਖ਼ੂਬਸੂਰਤੀ ਤੇ ਕੋਸ਼ਿਸ਼ ਹੈ। ਵਿਚਾਰ ਉਤਸ਼ਾਹ ਵਧਾਉਣ ਵਾਲੇ ਹਨ। ਜ਼ਰਾ ਦੇਖੋ:
* (ਧਰਤ ਹੇਠ ਲੱਗਾ ਸੰਗ-ਇ-ਬੁਨਿਆਦ ਹੋ ਜਾਓ
ਵੱਡੇ ਉਸਰੇ ਕਲਬ ਮਕਾਨ ਦਾ ਜੀ
ਸੀਨੇ ਆਪਣੇ 'ਤੇ ਹੱਸ ਕੇ ਭਾਰ ਝੱਲੋ
ਘੜੀ ਦੁੱਖ ਦੀ ਸਬਰ-ਸੰਤੋਖ ਹੈ ਜੀ-
Aਚੀ ਮਮਟੀ ਨਾਲ਼ ਕਰੀਏ ਨਾ ਕਦੇ ਸਾੜਾ
ਜਿਹਦੀ ਸ਼ਾਨ ਗਾਉਣਾ ਕੰਮ ਜਹਾਨ ਦਾ ਜੀ...
ਮੈਂ ਆਪਣੇ ਜ਼ਾਤੀ ਤਜੁਰਬੇ ਤੋਂ ਜ਼ੋਰ ਦੇ ਕੇ ਆਖ ਸਕਦਾ ਹਾਂ ਕਿ ਗੁਪਤ (ਸਿਆਸੀ) ਕੰਮ ਵਿਚ, ਜਦ ਬੰਦੇ ਨੂੰ ਲਗਾਤਾਰ ਖ਼ਤਰੇ ਦੀ ਜ਼ਿੰਦਗੀ ਜੀਉਣੀ ਪੈਂਦੀ ਹੈ "ਨਾ ਕੋਈ ਆਸ ਹੁੰਦੀ ਹੈ ਤੇ ਨਾ ਕੋਈ ਡਰ" , ਬੰਦਾ ਹਮੇਸ਼ਾ ਗੁੰਮਨਾਮੀ ਵਿਚ ਮਰਨ ਲਈ ਤਿਆਰ ਹੁੰਦਾ ਹੈ, ਤਾਂ ਇਸ ਹਾਲਤ ਵਿਚ ਆਪਣੀਆਂ ਨਿੱਜੀ ਖ਼ਾਹਸ਼ਾਂ ਤੇ ਮੋਹ ਵਿਰੁਧ ਲੜਨ ਲਈ ਉਹਦੇ ਕੋਲ ਇਸ ਕਿਸਮ ਦੇ ਰਹੱਸਵਾਦ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ ਹੁੰਦਾ ਅਤੇ ਇਹੋ ਜਿਹਾ ਰਹੱਸਵਾਦ ਕਿਸੇ ਤਰ੍ਹਾਂ ਵੀ ਦਿਲਪਸਤ ਕਰਨ ਵਾਲਾ ਨਹੀਂ ਹੁੰਦਾ। ਲਾਲਾ ਰਾਮਸਰਨ ਜੀ ਇਸ ਤੋਂ ਅੱਗੇ ਇਨਕਲਾਬੀ ਦੀ ਮਾਨਸਿਕਤਾ ਬਾਰੇ ਗੱਲ ਕਰਦੇ ਹਨ। ਇਹ ਉਸ ਇਨਕਲਾਬੀ ਪਾਰਟੀ ਦੇ ਮੈਂਬਰ ਸਨ, ਜਿਹਨੂੰ ਕਈ ਹਿੰਸਕ ਕਾਰਵਾਈਆਂ ਦਾ ਜ਼ਿੰਮੇਦਾਰ ਠਹਿਰਾਇਆ ਗਿਆ ਸੀ। ਪਰ ਇਹਦਾ ਇਹ ਹਰਗ਼ਿਜ਼ ਮਤਲਬ ਨਹੀਂ ਕੀ ਇਨਕਲਾਬੀ ਲਹੂ ਪੀਣੇ ਦੈਂਤ ਹੁੰਦੇ ਹਨ, ਜਿਨ੍ਹਾਂ ਨੂੰ ਤਬਾਹੀ ਵਿਚ ਕੋਈ ਮਜ਼ਾ ਆਉਂਦਾ ਹੈ।
(*ਲੋੜ ਪਏ ਤਾਂ ਬਾਹਰੋਂ ਭਾਵੇਂ ਬਣੋ ਮਾੜੇ
ਪਰ ਦਿਲ ਦੇ ਮਾੜੇ ਕਦੇ ਬਣੀਂਦਾ ਨਹੀਂ,
ਲੋੜ ਪਏ ਤਾਂ ਦਿਖਾ ਦਿਓ ਕੱਢ ਅੱਖਾਂ
ਪਰ ਪਿਆਰ ਕਦੇ ਦਿਲੋਂ ਛੱਡੀਦਾ ਨਹੀਂ। )
ਉਸਾਰੀ ਵਾਸਤੇ ਤਬਾਹੀ ਜ਼ਰੂਰੀ ਹੀ ਨਹੀਂ, ਸਗੋਂ ਲਾਜ਼ਮੀ ਹੁੰਦੀ ਹੈ। ਇਹ ਇਨਕਲਾਬੀਆਂ ਦੇ ਪ੍ਰੋਗਰਾਮ ਦੀ ਜ਼ਰੂਰਤ ਮੱਦ ਹੁੰਦੀ ਹੈ ਅਤੇ ਹਿੰਸਾ ਤੇ ਅਹਿੰਸਾਦਾ ਦਰਸ਼ਨ ਉਪਰੋਕਤ ਸਤਰਾਂ ਵਿਚ ਬਖ਼ੂਬੀ ਬਿਆਨ ਕੀਤਾ ਗਿਆ ਹੈ। ਲੈਨਿਨ ਨੇ ਇਕ ਵਾਰੀ ਗੋਰਕੀ ਨੂੰ ਕਿਹਾ ਸੀ ਕਿ ਉਹ ਇਜੇਹਾ ਸੰਗੀਤ ਨਹੀਂ ਸੁਣ ਸਕੇ ਸੀ, ਜਿਸ ਨਾਲ਼ ਉਹ ਉਤੇਜਤ ਮਹਿਸੂਸ ਕਰਦੇ ਅਤੇ ਉਨ੍ਹਾਂ ਦੀ ਇਹ ਖ਼ਾਹਸ ਹੁੰਦੀ ਸੀ ਕਿ ਉਹ ਕਲਾਕਾਰਾਂ ਦੇ ਸਿਰਾਂ ਨੂੰ ਪਲੋਸਣ। ਪਰ ਨਾਲ਼ ਹੀ ਉਨ੍ਹਾਂ ਕਿਹਾ ਸੀ ਕਿ "ਹੁਣ ਕਲਾਕਾਰਾਂ ਦੇ ਸਿਰ ਪਲੋਸਣ ਦਾ ਵੇਲਾ ਨਹੀਂ ਹੈ। ਹੁਣ ਖੋਪੜੀਆਂ ਨੂੰ ਫੇਹਣ ਦਾ ਸਮਾਂ ਹੈ, ਭਾਵੇਂ ਸਾਡਾ ਅੰਤਮ ਮਨੋਰਥ ਹਰ ਕਿਸਮ ਦੀ ਹਿੰਸਾ ਨੂੰ ਖ਼ਤਮ ਕਰਨ ਦਾ ਹੈ।" ਜਦ ਇਨਕਲਾਬੀਆਂ ਨੂੰ ਸਖ਼ਤ ਜ਼ਰੂਰਤ ਵਜੋਂ ਹਿੰਸਕ ਤਰੀਕੇ ਅਪਣਾਉਣੇ ਪੈਂਦੇ ਹਨ, ਤਾਂ ਓਦੋਂ ਉਹ ਬਿਲਕੁਲ ਇਸੇ ਤਰਾਂ ਹੀ ਮਹਿਸੂਸ ਕਰਦੇ ਹਨ।
ਇਸ ਤੋਂ ਮਗਰੋਂ ਕਵੀ ਵੱਖ-ਵੱਖ ਵਿਰੋਧੀ ਧਰਮਾਂ ਦੀ ਸਮੱਸਿਆ ਬਾਰੇ ਵਿਚਾਰ ਕਰਦਾ ਹੈ। ਸਭਨਾਂ ਰਾਸ਼ਟਰਵਾਦੀਆਂ ਵਾਂਙ ਰਾਮਸਰਨ ਜੀ ਵੀ ਇਨ੍ਹਾਂ ਧਰਮਾਂ ਦਾ ਮੇਲ ਮਿਲਾਪ ਕਰਨ ਦੀ ਕੋਸ਼ਿਸ਼ ਕਰਦੇ ਹਨ। ਸਮੱਸਿਆ ਨਾਲ਼ ਨਜਿੱਠਣ ਦੀ ਇਨ੍ਹਾਂ ਦੀ ਵਿਧੀ ਵਿਸਥਾਰ ਵਾਲੀ ਤੇ ਗੋਲਮੋਲ ਹੈ। ਮੈਂ ਇਸ ਸਮੱਸਿਆ ਨੂੰ ਕਾਰਲ-ਮਾਰਕਸ ਦੇ ਇਕੋ ਫ਼ਿਕਰੇ ਨਾਲ਼ ਰੱਦ ਕਰ ਦੇਣਾ ਸੀ ਕਿ "ਧਰਮ ਲੋਕਾਂ ਦੀ ਅਫ਼ੀਮ ਹੁੰਦੀ ਹੈ।"
ਅਖ਼ੀਰ ਵਿਚ ਇਨ੍ਹਾਂ ਦੀ ਕਵਿਤਾ ਦਾ ਸਭ ਤੋਂ ਅਹਿਮ ਹਿੱਸਾ ਹੈ, ਜਿੱਥੇ ਇਹ ਭਵਿੱਖ ਦੇ ਸਮਾਜ ਬਾਰੇ ਗੱਲ ਕਰਦੇ ਹਨ, ਜਿਸ ਸਮਾਜ ਨੂੰ ਅਸੀਂ ਸਭ ਸਿਰਜਣਾ ਚਾਹੁੰਦੇ ਹਾਂ। ਪਰ ਮੈਂ ਸ਼ੁਰੂ ਵਿਚ ਹੀ ਇਕ ਗੱਲ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ। ਡਰੀਮਲੈਂਡ ਕਾਵਿ ਸੰਗ੍ਰਿਹ ਸਹੀ ਅਰਥਾਂ ਵਿਚ ਯੂਟੋਪੀਆਂ (ਸੁਪਨਦੇਸ਼) ਹੈ। ਕਵੀ ਨੇ ਸੰਗ੍ਰਹ ਦਾ ਇਹ ਨਾਂ ਰਖ ਕੇ ਹੀ ਇਹ ਗੱਲ ਖੁਲ੍ਹਮ-ਖੁਲ੍ਹਾ ਤਸਲੀਮ ਕਰ ਲਈ ਹੈ। ਰਾਮਸਰਨ ਜੀ ਇਹ ਦਾਅਵਾ ਨਹੀਂ ਕਰਦੇ ਕਿ ਉਨ੍ਹਾਂ ਨੇ ਇਸ ਵਿਸ਼ੇ ਬਾਰੇ ਕੋਈ ਵਿਗਿਆਨਕ ਖੋਜ-ਨਿਬੰਧ ਲਿਖਿਆ ਹੈ। ਸਿਰਲੇਖ "ਡਰੀਮਲੈਂਡ' ਇਹ ਗੱਲ ਸਾਫ਼ ਕਰ ਦਿੰਦਾ ਹੈ। ਪਰ ਸਮਾਜਕ ਪ੍ਰਗਤੀ ਵਿਚ ਯੂਟੋਪੀਆਵਾਂ ਦਾ ਬਿਨਾਂ ਸ਼ੱਕ ਬਹੁਤ ਅਹਿਮ ਰੋਲ ਹੁੰਦਾ ਹੈ। (ਸੇਂਟ-ਸਾਈਮਨ, 1ਕਲੌਡ ਹੈਨਰੀ ਸੇਂਟ-ਸਾਈਮਨ (1760-1825) ਫ਼ਰਾਂਸੀਸੀ ਯੂਟੋਪੀਆਈ ਸਮਾਜਵਾਦੀ 2ਫੂਰੀਏ-ਚਾਰਲਸ ਫ਼ੂਰੀਏ (1772-1837) ਫ਼ਰਾਂਸੀਸ ਯੂਟੋਪੀਆਈ ਸਮਾਜਵਾਦੀ। 3 ਰੌਬਰਟ ਓਵੇਨ- (1771-1858) ਅੰਗਰੇਜ਼ ਯੂਟੋਪੀਆਈ ਸਮਾਜਵਾਦੀ। -ਅਨੁ. ) ਅਤੇ ਉਨ੍ਹਾਂ ਦੇ ਸਿਧਾਂਤ ਨਾ ਹੁੰਦੇ ਤਾਂ ਵਿਗਿਆਨਕ ਮਾਰਕਸੀ ਸਮਾਜਵਾਦ ਨਹੀਂ ਹੋਣਾ ਸੀ। ਲਾਲਾ ਰਾਮਸਰਨ ਜੀ ਦੇ ਯੂਟੋਪੀਏ ਦਾ ਇਹੀ ਮੁਕਾਮ ਹੈ। ਜਦ ਸਾਡੇ (ਸਿਆਸੀ) ਕਾਰਕੁਨਾਂ ਨੂੰ ਆਪਣੀ ਲਹਿਰ ਦੇ ਦਰਸ਼ਨ ਨੂੰ ਬਕਾਇਦਾ ਰੂਪ ਦੇਣ ਅਤੇ ਲਹਿਰ ਨੂੰ ਵਿਗਿਆਨ ਦ੍ਰਿਸ਼ਟੀਕੋਣ ਪ੍ਰਦਾਨ ਕਰਨ ਦੀ ਅਹਿਮੀਅਤ ਦਾ ਅਹਿਸਾਸ ਹੋ ਗਿਆ, ਤਾਂ ਇਹ ਕਿਤਾਬ ਉਨ੍ਹਾਂ ਲਈ ਬਹੁਤ ਮਦਦਗਾਰ ਸਾਬਤ ਹੋਏਗੀ।
ਮੈਂ ਇਹ ਗੱਲ ਨੋਟ ਕੀਤੀ ਹੈ ਕਿ ਕਵੀ ਦਾ ਅੰਦਾਜ਼-ਏ-ਬਿਆਂ ਮੰਜਿਆ ਹੋਇਆ ਨਹੀਂ। ਆਪਣੇ ਯੂਟੋਪੀਏ ਨੂੰ ਬਿਆਨ ਕਰਦਿਆਂ ਇਹ ਮੌਜੂਦਾ ਸਮਾਜ ਦੇ ਵਿਚਾਰਾਂ ਤੋਂ ਕਿਸੇ ਤਰ੍ਹਾਂ ਬੱਚ ਨਹੀਂ ਸਕੇ।
"ਜ਼ਰੂਰਤ ਮੰਦਾਂ ਨੂੰ ਦਾਨ ਦੇਣਾ।"
ਭਵਿੱਖ ਦੇ ਸਮਾਜ ਵਿਚ ਯਾਨੀ ਸਾਮਵਾਦੀ (ਕਮਿਊਨਿਸਟ) ਸਮਾਜ ਵਿਚ, ਜਿਹਨੂੰ ਅਸੀਂ ਉਸਾਰਨਾ ਚਾਹੁੰਦੇ ਹਾਂ, ਅਸੀਂ ਖ਼ੈਰਾਇਤੀ ਸੰਸਥਾਵਾਂ ਖੜੀਆਂ ਨਹੀਂ ਕਰਨੀਆਂ। ਸਗੋਂ ਓਦੋਂ ਤਾਂ ਕੋਈ ਗ਼ਰੀਬ ਅਮੀ ਨਹੀਂ ਹੋਏਗਾ ਅਤੇ ਦਾਨ ਲੈਣ-ਦੇਣ ਦਾ ਮਸਲ੍ਹਾ ਹੀ ਨਹੀਂ ਹੋਣਾ। ਇਸ ਘਾਟ ਦੇ ਬਾਵਜੂਦ ਵੀ ਕਵੀ ਨੇ ਇਸ ਸਮੱਸਿਆ ਨੂੰ ਬੜੇ ਚੰਗੇ ਤਰੀਕੇ ਨਾਲ਼ ਪੇਸ਼ ਕੀਤਾ ਹੈ।
ਜੋ ਇਨਾਂ ਨੇ ਆਮ ਰੂਪ ਰੇਖਾ ਖਿੱਚੀ ਹੈ, ਉਹ ਵਿਗਿਆਨਕ ਸਮਾਜਵਾਦ ਦੀ ਰੂਪ ਰੇਖਾ ਵਰਗੀ ਹੀ ਹੈ। ਪਰ ਕੁਝ ਗੱਲਾਂ ਦਾ ਵਿਰੋਧ ਜਾਂ ਖੰਡਨ ਕਰਨਾ ਬਣਦਾ ਹੈ, ਜਾਂ ਇਉਂ ਕਹਿ ਲਓ ਕਿ ਉਨ੍ਹਾਂ ਦੀ ਤਰਮੀਮ ਕਰਨੀ ਬਣਦੀ ਹੈ। ਮਿਸਾਲ ਵਜੋਂ 427 ਵੇਂ ਬੰਦ ਦੀ ਪੈਰ-ਟਿਪਣੀ ਵਿਚ ਰਾਮਸਰਨ ਜੀ ਲਿਖਦੇ ਹਨ ਕਿ ਰਾਜ ਕਰਮਚਾਰੀਆਂ ਨੂੰ ਆਪਣੀ ਰੋਜ਼ੀ ਰੋਟੀ ਕਮਾਉਣ ਲਈ ਹਰ ਰੋਜ਼ ਖੇਤਾਂ ਜਾਂ ਕਾਰਖ਼ਾਨਿਆਂ ਵਿਚ ਚਾਰ ਘੰਟੇ ਕੰਮ ਕਰਨਾ ਪਏਗਾ। ਪਰ ਇਹ ਗੱਲ ਫੇਰ ਯੂਟੋਪੀਆਈ ਹੈ ਤੇ ਅਮਲ ਵਿਚ ਨਹੀਂ ਲਿਆਂਦੀ ਜਾ ਸਕਦੀ। ਇਹ ਤਾਂ ਸਗੋਂ ਮੌਜੂਦਾ ਰਾਜ ਪ੍ਰਬੰਧ ਨਾਲ਼ ਨਫ਼ਰਤ ਵਿਚੋਂ ਨਿਕਲੀ ਗੱਲ ਹੈ, ਜਿਸ ਵਿਚ ਸਰਕਾਰੀ ਮੁਲਾਜ਼ਮਾ ਨੂੰ ਨਾਵਾਜਬ ਬਹੁਤੀਆਂ ਤਨਖ਼ਾਹਾਂ ਦਿੱਤੀਆਂ ਜਾਂਦੀਆਂ ਹਨ। ਦਰਅਸਲ ਇਥੋਂ ਤਕ ਕਿ ਬਾਲਸ਼ਵਿਕਾਂ ਨੂੰ ਵੀ ਇਹ ਗੱਲ ਮੰਨਣੀ ਪਈ ਸੀ ਕਿ ਮਾਨਸਿਕ ਕਿਰਤ ਜਿਸਮਾਨੀ ਕਿਰਤ ਜਿੰਨੀ ਹੀ ਉਤਪਾਦਕ ਹੁੰਦੀ ਹੈ। ਅਤੇ ਭਵਿੱਖ ਦੇ (ਸਾਮਵਾਦੀ) ਸਮਾਜ ਵਿਚ ਜਦ ਸਮਾਜ ਦੇ ਵੱਖ ਵੱਖ ਤੱਤਾਂ ਦੇ ਰਿਸ਼ਤੇ ਬਰਾਬਰੀ ਦੇ ਆਧਾਰ ਉਤੇ ਕਾਇਮ ਹੋਣਗੇ, ਤਾਂ ਓਦੋਂ ਉਤਪਾਦਕ ਤੇ ਵਿਤਰਕ ਇਕੋ ਜਿੰਨੇ ਅਹਿਮ ਸਮਝੇ ਜਾਣਗੇ। ਤੁਸੀਂ ਕਿਸੇ ਜਹਾਜ਼ੀ ਤੋਂ ਇਹ ਉਮੀਦ ਨਹੀਂ ਕਰ ਸਕਦੇ ਕਿ ਉਹ ਹਰ ਚੌਵੀ ਘੰਟਿਆਂ ਮਗਰੋਂ ਆਪਣੀ ਰੋਟੀ ਰੋਜ਼ੀ ਕਮਾਉਣ ਲਈ ਚਾਰ ਘੰਟਿਆਂ ਦੀ ਦਿਹਾੜੀ ਕਰਨ ਚਲੇ ਜਾਵੇ। ਜਾਂ ਕੋਈ ਸਾਇੰਸਦਾਨ ਆਪਣੀ ਪ੍ਰਯੋਗਸ਼ਾਲਾ ਤੇ ਆਪਣਾ ਪ੍ਰਯੋਗ (ਕੰਮ) ਛੱਡ ਕੇ ਖੇਤਾਂ ਨੂੰ ਆਪਣੇ ਹਿੱਸੇ ਦਾ ਕੰਮ ਕਰਨ ਚਲੇ ਜਾਵੋ। ਜਹਾਜ਼ੀ ਅਤੇ ਸਾਇੰਸਦਾਨ ਇਕੋ-ਜਿੰਨੀ ਉਤਪਾਦਕ ਕਿਰਤ ਕਰਦੇ ਹਨ। ਸਮਾਜਵਾਦੀ ਸਮਾਜ ਸਿਰਫ਼ ਇੋਕ ਫ਼ਰਕ ਦੀ ਆਸ ਕਰਦਾ ਹੈ ਕਿ ਇਸ ਵਿਚ ਮਾਨਸਿਕ ਕੰਮ ਕਰਨ ਵਾਲਿਆਂ ਨੂੰ ਜਿਸਮਾਨੀ ਕੰਮ ਕਰਨ ਵਾਲਿਆਂ ਨਾਲ਼ੋਂ ਚੰਗਾ ਨਹੀਂ ਸਮਝਿਆ ਜਾਵੇਗਾ।
ਮੁਫ਼ਤ ਵਿਦਿਆ ਬਾਰੇ ਲਾਲ ਰਾਮਸਰਨ ਦਾਸ ਜੀ ਦਾ ਵਿਚਾਰ ਸਚਮੁਚ ਵਿਚਾਰਨਯੋਗ ਹੈ, ਅਤੇ ਰੂਸ ਵਿਚ ਸਮਾਜਵਾਦੀ ਸਰਕਾਰ ਨੇ ਕੁਝ ਇਸੇ ਤਰ੍ਹਾਂ ਦਾ ਹੀ ਤਰੀਕਾ ਅਪਣਾਇਆ ਹੋਇਆ ਹੈ।
ਅਪਰਾਧ ਬਾਰੇ ਲਾਲਾ ਰਾਮ ਸਰਨ ਜੀ ਦੀ ਬਹਿਸ ਸਚਮੁਚ ਬੜੀ ਉੱਨਤ ਵਿਚਾਰ-ਵਿਧੀ ਹੈ। ਅਪਰਾਧ ਸਭ ਤੋਂ ਗੰਭੀਰ ਸਮਾਜਕ ਸਮੱਸਿਆ ਹੈ, ਜਿਹਨੂੰ ਬਹੁਤ ਸੁਚੱਜੇ ਤਰੀਕੇ ਨਾਲ਼ ਨਜਿੱਠਣ ਦੀ ਲੋੜ ਹੈ। ਲਾਲਾ ਜੀ ਨੇ ਆਪਣੀ ਜ਼ਿੰਦਗੀ ਦੇ ਬਿਹਤਰੀਨ ਵਰ੍ਹੇ ਜੇਲ ਵਿਚ ਬਿਤਾਏ ਹਨ। ਉਨ੍ਹਾਂ ਨੂੰ ਅਮਲੀ ਤਜਰਬਾ ਹੈ। ਇਕ ਥਾਂ ਉਤੇ ਇਹ ਠੇਠ ਜੇਲ ਦੀ ਬੋਲੀ ਵਰਤਦੇ ਹਨ- 'ਹਲਕੀ ਮੁਸ਼ੱਕਤ, ਦਰਮਿਆਨੀ ਮੁਸ਼ਕੱਤ ਤੇ ਸਖ਼ਤ ਮੁਸ਼ਕੱਤ' ਆਦਿ। ਬਾਕੀ ਸਾਰੇ ਸਮਾਜਵਾਦੀਆਂ ਵਾਂਗ ਇਹ ਵੀ ਇਹ ਸੁਝਾਅ ਦਿੰਦੇ ਹਨ ਕਿ ਬਦਲੇ ਦੇ ਸਿਧਾਂਤ ਦੀ ਥਾਂ ਸੁਧਾਰਕ ਸਿਧਾਂਤ ਸਜ਼ਾ ਦਾ ਅਧਾਰ ਹੋਣਾ ਚਾਹੀਦਾ ਹੈ। ਸਜ਼ਾ ਦੇਣ ਦੀ ਥਾਂ ਸੁਧਾਰਨਾ ਨਿਆਂ-ਪ੍ਰਬੰਧ ਦਾ ਮੁੱਖ ਅਸੂਲ ਹੋਣਾ ਚਾਹੀਦਾ ਹੈ। ਜੇਲਖ਼ਾਨੇ ਸੁਧਾਰਘਰ ਹੋਣੇ ਚਾਹੀਦੇ ਹਨ, ਨਾਕਿ ਨਰਕ ਕੁੰਭ। ਇਸ ਸੰਬੰਧ ਵਿਚ ਪਾਠਕ ਰੂਸੀ ਜੇਲ ਪ੍ਰਬੰਧ ਦਾ ਮੁਤਾਲਿਆ ਕਰਨ।
ਫ਼ੌਜ ਬਾਰੇ ਗੱਲਾਂ ਕਰਦਿਆਂ ਇਨ੍ਹਾਂ ਨੇ ਜੰਗ ਬਾਰੇ ਵੀ ਚਰਚਾ ਕੀਤੀ ਹੈ। ਮੇਰੀ ਰਾਏ ਅਨੁਸਾਰ ਕਮਿਊਨਿਸਟ ਸਮਾਜ ਵਿਚ ਸੰਸਥਾਈ ਰੂਪ ਵਾਲੀ ਜੰਗ ਦੀ ਥਾਂ ਵਿਸ਼ਵਕੋਸ਼ ਦੇ ਕੁਝ ਕੁ ਸਫ਼ਿਆਂ ਵਿਚ ਹੀ ਰਹਿ ਜਾਏਗੀ ਅਤੇ ਓਦੋਂ ਜੰਗੀ ਸਾਮਾਨ ਅਜਾਇਬਘਰਾਂ ਦੀ ਸ਼ਾਨ ਹੋਏਗਾ, ਕਿਉਂਕਿ ਉਸ ਸਮਾਜ ਵਿਚ ਵਿਰੋਧੀ ਜਾਂ ਟਕਰਾਵੇਂ ਹਿੱਤ ਹੋਣਗੇ ਹੀ ਨਹੀਂ, ਜਿਹੜੇ ਜੰਗ ਦੀ ਜੜ੍ਹ ਹੁੰਦੇ ਹਨ।
ਵੱਧ ਤੋਂ ਵੱਧ ਅਸੀਂ ਇਹ ਆਖ ਸਕਦੇ ਹਾਂ ਕਿ ਜੰਗ ਨੂੰ ਸੰਕਰਾਂਤੀ ਕਾਲ (ਕਮਿਊਨਿਸਟ ਸਮਾਜ ਕਾਇਮ ਹੋਣ ਤੋਂ ਪਹਿਲੇ ਸਮੇਂ) ਵਿਚ ਸੰਸਥਾਈ ਰੂਪ ਵਿਚ ਬਰਕਰਾਰ ਰਖਣਾ ਹੀ ਪਏਗਾ। ਆਪਾਂ ਜੇ ਅਜੋਕੇ ਰੂਸ ਦੀ ਮਿਸਾਲ ਲਈਏ, ਤਾਂ ਸਾਨੂੰ ਇਹ ਗੱਲ ਸਹਿਜੇ ਹੀ ਸਮਝ ਆ ਸਕਦੀ ਹੈ। ਇਸ ਵੇਲੇ ਉਥੇ ਮਜ਼ਦੂਰ ਜਮਾਤ ਦੀ ਸਰਦਾਰੀ (ਡਿਕਟੇਟਰਸ਼ਿਪ) ਹੈ। ਉਹ ਸਮਾਜਵਾਦੀ ਸਮਾਜ ਕਾਇਮ ਕਰਨਾ ਚਾਹੁੰਦੇ ਹਨ। ਇਹਦੇ ਨਾਲ਼ ਹੀ ਪੂੰਜੀਵਾਦੀ ਸਮਾਜ ਤੋਂ ਆਪਣੀ ਹਿਫ਼ਾਜ਼ਤ ਕਰਨ ਲਈ ਫ਼ੌਜ ਰਖਣੀ ਪੈਣੀ ਹੈ। ਪਰ ਜੰਗ ਦੇ ਉਦੇਸ਼ ਵਖਰੇ ਹੋਣਗੇ। ਸਾਮਰਾਜਵਾਦੀ ਮਨਸੂਬੇ ਕਦੇ ਵੀ ਸਾਡੇ ਸੁਪਨਿਆਂ ਦੇ ਮੁਲਕ ਦੇ ਲੋਕਾਂ ਨੂੰ ਜੰਗ ਛੇੜਨ ਲਈ ਉਕਸਾਅ ਨਹੀਂ ਸਕਣਗੇ। ਜੰਗੀ ਲੁੱਟਮਾਰ ਨਹੀਂ ਹੋਏਗੀ। ਇਨਕਲਾਬੀ ਫ਼ੌਜਾਂ ਦੂਜੇ ਦੇਸ਼ਾਂ ਨੂੰ ਲੁੱਟਣ ਜਾਂ ਉਨ੍ਹਾਂ ਉਤੇ ਹਕੂਮਤ ਕਰਨ ਲਈ ਨਹੀਂ, ਸਗੋਂ ਵਿਹਲੜ ਹਾਕਮਾਂ ਨੂੰ ਉਨ੍ਹਾਂ ਦੇ ਤਖ਼ਤਾਂ ਤੋਂ ਲਾਹੁਣ ਲਈ ਤੇ ਉਨ੍ਹਾਂ ਦੀ ਰੱਤ ਪੀਣੀ ਲੁਟ ਨੂੰ ਖ਼ਤਮ ਕਰਨ ਲਈ ਅਤੇ ਇੰਜ ਮਿਹਨਤਕਸ਼ ਲੋਕਾਂ ਨੂੰ ਮੁਕਤ ਕਰਵਾਉਣ ਲਈ ਦੂਜੇ ਦੇਸ਼ਾਂ ਨੂੰ ਕੂਚ ਕਰਨਗੀਆਂ। ਪਰ ਸਾਡੇ ਜਵਾਨਾਂ ਨੂੰ ਲੜਨ ਲਈ ਪਰੇਰਣ ਵਾਸਤੇ ਆਦਿਮ ਕੌਮੀ ਜਾਂ ਨਸਲੀ ਨਫ਼ਰਤ ਦੀ ਲੋੜ ਨਹੀਂ ਪਏਗੀ।
ਸਭ ਆਜ਼ਾਦ-ਖਿਆਲ ਲੋਕਾਂ ਦਾ ਸਭ ਤੋਂ ਵੱਧ ਮਕਬੂਲ ਤੇ ਫੌਰੀ ਮਕਸਦ ਵਿਸ਼ਵ ਸੰਘ ਹੈ ਅਤੇ ਕਵੀ ਨੇ ਇਸ ਵਿਸ਼ੇ ਬਾਰੇ ਚੰਗਾ ਲਿਖਿਆ ਹੈ ਅਤੇ ਇਨ੍ਹਾਂ ਦੀ ਅਖੌਤੀ ਲੀਗ ਆਵ ਨੇਸ਼ਨਜ਼* (ਲੀਗ ਆਫ ਨੇਸ਼ਨਜ਼ (1920-1946) ਯੂ. ਐਨ. ਓ. ਦੀ ਪੁਰਵ-ਵਰਤੀ ਕੌਮਾਂਤਰੀ ਸੰਸਥਾ। -ਅਨੁ. ) ਦੀ ਆਲੋਚਨਾ ਖ਼ੂਬਸੂਰਤ ਹੈ।
571 (572) ਬੰਦ ਦੀ ਪੈਰਟਿਪਣੀ ਵਿਚ ਕਵੀ ਨੇ (ਸਮਾਜਕ ਤਬਦੀਲੀਆਂ ਦੇ) ਤਰੀਕਿਆਂ ਦੇ ਸਵਾਲ ਬਾਰੇ ਸੰਖੇਪ ਚਰਚਾ ਕੀਤੀ ਹੈ। ਇਹ ਕਹਿੰਦੇ ਹਨ: "ਇਸ ਤਰ੍ਹਾਂ ਦੇ ਰਾਜ ਹਿੰਸਕ ਇਨਕਲਾਬਾਂ ਨਾਲ਼ ਕਾਇਮ ਨਹੀਂ ਕੀਤੀ ਜਾ ਸਕਦੇ। ਇਹ ਸਮਾਜ ਉਤੇ ਉਪਰੋਂ ਨਹੀਂ ਮੜ੍ਹੇ ਜਾ ਸਕਦੇ। ਇਨ੍ਹਾਂ ਨੂੰ ਹਰ ਹਾਲਤ ਅੰਦਰੋਂ ਹੀ ਵਿਕਸਣਾ ਪਏਗਾ.... ਇਹ ਵਿਕਾਸ ਦੇ ਦਰਜੇਵਾਰ ਅਮਲ ਰਾਹੀਂ ਲੋਕਾਂ ਨੂੰ ਉਪਰੋਕਤ ਲੀਹਾਂ ਉਤੇ ਸਿਖਿਅਤ ਕਰਕੇ ਹੀ ਕਾਇਮ ਹੋ ਸਕਦਾ ਹੈ" ਆਦਿ। ਇਸ ਬਿਆਨ ਵਿਚ ਆਪਣੇ ਆਪ ਵਿਚ ਕੋਈ ਉਕਾਈ ਨਹੀਂ। ਇਹ ਕਾਫ਼ੀ ਦਰੁਸਤ ਹੈ; ਪਰ ਕਿਉਂਕਿ ਇਹਦੀ ਵਿਆਖਿਆ ਪੂਰੀ ਤਰ੍ਹਾਂ ਨਹੀਂ ਹੋਈ, ਇਸ ਲਈ ਇਸ ਨਾਲ਼ ਗ਼ਲਤ ਫ਼ਹਮੀ ਪੈਦਾ ਹੋ ਸਕਦੀ ਹੈ ਜਾਂ ਇਸ ਤੋਂ ਵੀ ਮਾੜੀ ਗੱਲ ਉਲਝਣ ਪੈਦਾ ਹੋਣ ਦੀ ਹੈ। ਕੀ ਇਹਦਾ ਇਹ ਮਤਲਬ ਹੈ ਕਿ ਲਾਲਾ ਰਾਮਸਰਨ ਦਾਸ ਹੁਰਾਂ ਨੂੰ ਤਾਕਤ (ਹਿੰਸਾ) ਦੇ ਸਿਧਾਂਤ ਦੀ ਨਿਰਾਰਥਕਤਾ ਦਾ ਅਹਿਸਾਸ ਹੋ ਗਿਆ ਹੈ? ਕੀ ਇਹ ਅਹਿੰਸਾ ਦੇ ਦਕੀਆਨੂਸੀ ਵਿਸ਼ਵਾਸੀ ਹੋ ਗਏ ਹਨ? ਨਹੀਂ, ਇਹਦਾ ਮਤਲਬ ਇਹ ਨਹੀਂ ਹੈ।
ਮੈਂ ਦੱਸਦਾ ਹਾਂ ਕਿ ਉਪਰੋਕਤ ਬਿਆਨ ਦਾ ਕੀ ਮਤਲਬ ਹੈ। ਇਨਕਲਾਬੀਆਂ ਨੂੰ ਇਸ ਗੱਲ ਦਾ ਸਭ ਬਿਹਤਰ ਪਤਾ ਹੈ ਕਿ ਸਮਾਜਵਾਦੀ ਸਮਾਜ ਹਿੰਸਕ ਤਰੀਕਿਆਂ ਨਾਲ਼ ਕਾਇਮ ਨਹੀਂ ਕੀਤਾ ਜਾ ਸਕਦਾ, ਸਗੋਂ ਇਸ ਨੂੰ ਆਪਣੇ ਅੰਦਰੋਂ ਉਗਮਣਾ ਤੇ ਵਿਗਸਣਾ ਪੈਣਾ ਹੈ। ਕਵੀ ਅਨੁਸਾਰ ਵਿਦਿਆ (ਤਾਲੀਮ) ਹੀ ਇਕੋ-ਇਕ ਹਥਿਆਰ ਹੈ। ਪਰ ਹਰ ਕੋਈ ਸਹਿਜੇ ਹੀ ਸਮਝ ਸਕਦਾ ਹੈ ਕਿ (ਸਾਡੇ ਦੇਸ਼ ਦੀ) ਮੌਜੂਦਾ ਸਰਕਾਰ, ਅਸਲ ਵਿਚ ਸਾਰੀਆਂ ਪੂੰਜੀਵਾਦੀ ਸਰਕਾਰਾਂ ਇਸ ਤਰ੍ਹਾਂ ਦੀ ਕੋਸ਼ਿਸ਼ ਵਿਚ ਮਦਦ ਕਰਨ ਦੀ ਥਾਂ ਸਗੋਂ ਇਹਨੂੰ ਬੇਰਹਿਮੀ ਨਾਲ਼ ਦਬਾਉਂਦੀਆਂ ਹਨ। ਤਾਂ ਫੇਰ ਕਵੀ ਦਾ 'ਵਿਕਾਸ' ਕੀ ਹਾਸਲ ਕਰੇਗਾ? ਅਸੀਂ ਇਨਕਲਾਬੀ (ਸਿਆਸੀ) ਤਾਕਤ ਆਪਣੇ ਹੱਥ ਲੈਣ ਤੇ ਇਨਕਲਾਬੀ ਸਰਕਾਰ ਕਾਇਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਜੋ ਆਪਣੇ ਸਾਰੇ ਸਾਧਨ ਸਾਮੂਹਿਕ ਵਿਦਿਆ ਵਿਚ ਲਾ ਦਏਗੀ, ਜਿਵੇਂ ਕਿ ਅੱਜ ਰੂਸ ਵਿਚ ਹੋ ਰਿਹਾ ਹੈ। ਤਾਕਤ ਹਥਿਆਉਣ ਮਗਰੋਂ ਰਚਨਾਤਮਕ ਕੰਮ ਵਾਸਤੇ ਪੁਰਅਮਨ ਤਰੀਕੇ ਵਰਤੇ ਜਾਣਗੇ, ਤਾਕਤ ਦੀ ਵਰਤੋਂ ਰੁਕਾਵਟਾਂ ਹਟਾਉਣ ਲਈ ਵਰਤੀ ਜਾਏਗੀ। ਜੇ ਕਵੀ ਦੀ ਮੁਰਾਦ ਇਸ ਗੱਲ ਤੋਂ ਹੈ, ਤਾਂ ਅਸੀਂ ਇਨ੍ਹਾਂ ਨਾਲ਼ ਸਹਿਮਤ ਹਾਂ। ਤੇ ਮੈਨੂੰ ਪੂਰਾ ਯਕੀਨ ਹੈ ਕਿ ਰਾਮਸਰਨ ਜੀ ਦੀ ਇਹੀ ਮੁਰਾਦ ਹੈ।
ਮੈਂ ਕਿਤਾਬ ਬਾਰੇ ਤਫ਼ਸੀਲ ਵਿਚ ਚਰਚਾ ਕਰ ਲਈ ਹੈ। ਮੈਂ ਤਾਂ ਸਗੋਂ ਇਹਦੀ ਆਲੋਚਨਾ ਕੀਤੀ ਹੈ। ਪਰ ਮੈਂ ਕਿਤਾਬ ਵਿਚ ਕਿਸੇ ਕਿਸਮ ਦੀ ਤਬਦੀਲੀ ਕਰਨ ਲਈ ਨਹੀਂ ਕਹਾਂਗਾ, ਕਿਉਂਕਿ ਇਹਦਾ ਇਤਿਹਾਸਕ ਮੁੱਲ ਹੈ। 1914-15 ਦੇ ਇਨਕਲਾਬੀਆਂ ਦੇ ਇਹੀ ਵਿਚਾਰ ਹੁੰਦੇ ਸਨ।
ਮੈਂ ਖ਼ਾਸ ਕਰ ਨੌਜਵਾਨਾਂ ਨੂੰ ਇਹ ਕਿਤਾਬ ਪੜ੍ਹਨ ਦੀ ਜ਼ਰਦਾਰ ਸਿਫ਼ਾਰਸ਼ ਕਰਦਾ ਹਾਂ, ਪਰ ਨਾਲ਼ ਤਾੜਨਾ ਵੀ ਕਰਦਾ ਹਾਂ। ਮਿਹਰਬਾਨੀ ਕਰਕੇ ਇਹਨੂੰ ਅੱਖਾਂ ਬੰਦ ਕਰਕੇ ਨਾ ਪੜ੍ਹੋ ਅਤੇ ਇਹ ਨਾ ਸਮਝ ਲਈਓ ਕਿ ਜੋ ਇਸ ਵਿਚ ਲਿਖਿਆ ਹੈ, ਉਹ ਸਹੀ ਹੈ। ਇਹਨੂੰ ਪੜ੍ਹੋ, ਇਹਦੀ ਅਲੋਚਨਾ ਕਰੋ, ਇਹਦੇ ਬਾਰੇ ਸੋਚੋ ਅਤੇ ਇਹਦੀ ਮਦਦ ਨਾਲ਼ ਆਪਣੇ ਵਿਚਾਰ ਬਣਾਉਣ ਦੀ ਕੋਸ਼ਿਸ਼ ਕਰੋ
ਸਹੀ/ਭਗਤ ਸਿੰਘ
15. 1. 1931
No comments:
Post a Comment