Monday, January 3, 2011

ਭਗਤ ਸਿੰਘ ਹੋਰਾਂ ਵਲੋਂ ਗਵਰਨਰ ਨੂੰ ਲਿਖੀ ਇਕ ਇਤਿਹਾਸਕ ਚਿੱਠੀ - ਪ੍ਰੋ. ਮਲਵਿੰਦਰਜੀਤ ਸਿੰਘ ਵੜੈਚ


ਇਹ ਜੰਗ ਨਾ ਤਾਂ ਅਸਾਂ ਤੋਂ ਸ਼ੁਰੂ ਹੋਇਆ ਹੈ ਤੇ ਨਾ ਹੀ ਸਾਡੇ ਜੀਵਨ ਨਾਲ ਖਤਮ ਹੋਵੇਗਾ।
1) ਇਹ ਜੰਗ ਕਦੋਂ ਸ਼ੁਰੂ ਹੋਇਆ ਸੀ?
ਜੇ ਅਸੀਂ ਸ਼ਹੀਦ ਭਗਤ ਸਿੰਘ ਦੀਆਂ ਆਪਣੀਆਂ ਲਿਖਤਾਂ 'ਤੇ ਝਾਤ ਮਾਰੀਏ ਤਾਂ 10 ਮਈ ਦਾ ਸ਼ੁਭ ਦਿਨ ਵਾਲਾ ਲੇਖ, ਸਪਸ਼ਟ ਤੌਰ 'ਤੇ ਇਸ ਯੁੱਧ ਦੀ ਸ਼ੁਰੂਆਤ 1857 ਦੇ ਗਦਰ ਤੋਂ ਮੰਨਦਾ ਹੈ। ਉਸ ਤੋਂ ਪਿੱਛੋਂ ਕੂਕਾ ਲਹਿਰ ਦਾ ਬਿਰਤਾਂਤ ਆਉਂਦਾ ਹੈ, ਜਿਸਨੂੰ ਭਾਵੇਂ 1857 ਦੇ ਗਦਰ ਦੇ 'ਵਾਰਿਸ' ਤਾਂ ਨਹੀਂ ਸਮਝਿਆ ਗਿਆ, ਪਰ ਸਾਡੇ ਦੇਸ਼ ਵਾਸੀਆਂ ਦੀ ਆਜ਼ਾਦੀ ਲਈ ਤੜਪ ਦੇ ਪ੍ਰਤੀਕ ਵਜੋਂ ਪੇਸ਼ ਕੀਤਾ ਗਿਆ। ਵੀਹਵੀਂ ਸਦੀ ਦੇ ਸ਼ੁਰੂ ਵਿਚ 1907 ਵਾਲੀ 'ਪਗੜੀ ਸੰਭਾਲ ਓ ਜੱਟਾ' ਵਾਲੀ ਤਹਿਰੀਕ ਨੂੰ 'ਆਜ਼ਾਦੀ ਦੀ ਲੜਾਈ ਵਿਚ ਪੰਜਾਬ ਦਾ ਪਹਿਲਾ ਉਭਾਰ' ਕਿਹਾ ਗਿਆ ਹੈ। ਉਸਦੇ ਨਾਲ ਹੀ 'ਪੰਜਾਬ ਦੇ ਪਹਿਲੇ ਵਿਦਰੋਹੀ ਸ਼ਹੀਦ ਮਦਨ ਲਾਲ ਢੀਂਗਰਾ ਵਾਲੀ ਭਾਵਪੂਰਤ ਰਚਨਾ ਆਉਂਦੀ ਹੈ ਜਿਸ ਵਿਚ ਦਰਜ ਹੈ; ''ਇਹ ਲੜਾਈ ਉਦੋਂ ਤਕ ਜਾਰੀ ਰਹੇਗੀ ਜਦੋਂ ਤਕ ਹਿੰਦੁਸਤਾਨੀ ਤੇ ਅੰਗਰੇਜ਼ ਦੋਵੇਂ ਕੌਮਾਂ ਰਹਿਣਗੀਆਂ ਅਤੇ ਇਨ੍ਹਾਂ ਦਾ ਅਨੁਭਾਵਕ ਨਰੜ ਹੋਇਆ ਰਹੇਗਾ।''
ਇਸੇ ਲੇਖ ਵਿਚ 'ਇੰਡੀਆ ਹਾਊਸ' ਤੇ ਵੀਰ ਸਾਵਰਕਰ ਦਾ ਜ਼ਿਕਰ ਵੀ ਆਉਂਦਾ ਹੈ ਜਿਸਦਾ ਪਿਛੋਕੜ 1907 ਵਿਚ ਅੰਗਰੇਜ਼ਾਂ ਵਲੋਂ 1857 ਦੀ 'ਗੋਲਡਨ ਜੁਬਲੀ' ਵਜੋਂ ਮਨਾਏ ਜਾ ਰਹੇ ਜਸ਼ਨ, ਜਿਨ੍ਹਾਂ ਵਿਚ ਉਨ੍ਹਾਂ ਦੇ ਆਗੂਆਂ ਨੂੰ 'ਹੀਰੋ ਤੇ ਸਾਡੇ ਮੁਖੀਆਂ ਨੂੰ 'ਜ਼ੀਰੋ' ਬਣਾ ਕੇ ਉਨ੍ਹਾਂ ਦਾ ਬੜੇ ਭੱਦੇ ਢੰਗ ਨਾਲ ਮਜ਼ਾਕ ਉਡਾਇਆ ਜਾ ਰਿਹਾ ਸੀ। ਇੰਗਲੈਂਡ ਰਹਿ ਰਹੇ ਭਾਰਤੀਆਂ ਤੇ ਖਾਸ ਕਰਕੇ ਨੌਜਵਾਨਾਂ ਨੂੰ ਇਹ ਵੇਖ ਕੇ ਐਨਾ ਜੋਸ਼ ਆਇਆ ਕਿ ਉਨ੍ਹਾਂ ਨੇ ਸ਼ਯਾਮਜੀ ਕ੍ਰਿਸ਼ਨ ਵਰਮਾ ਦੀ ਦੇਖ-ਰੇਖ ਹੇਠਾਂ 'ਇੰਡੀਆ ਹਾਊਸ' ਦੀ ਸਥਾਪਨਾ ਕਰਦੇ ਹੋਏ, 10 ਮਈ 1907 ਨੂੰ
'ਜਵਾਬੀ ਕਾਰਵਾਈ' ਵਜੋਂ 1857 ਦੇ ਸੰਗਰਾਮ ਨੂੰ ਹਿੰਦੁਸਤਾਨੀਆਂ ਦੇ ਪਲੇਠੇ ਆਜ਼ਾਦੀ ਯੁੱਧ ਦੀ ਗੋਲਡਨ ਜੁਬਲੀ ਦੇ ਤੌਰ 'ਤੇ ਵਿਸ਼ਾਲ ਪੱਧਰ 'ਤੇ ਮਨਾਇਆ ਸੀ। ਇਸੇ ਸੰਦਰਭ ਵਿਚ ਵੀਰ ਸਾਵਰਕਰ ਦੀ ਟਕਸਾਲੀ ਰਚਨਾ 'ਹਿੰਦੋਸਤਾਨੀ ਆਜ਼ਾਦੀ ਦੀ ਪਹਿਲੀ ਲੜਾਈ-1857 ਦਾ ਉਭਾਰ' ਪ੍ਰਕਾਸ਼ਤ ਕੀਤੀ ਗਈ। ਜ਼ਿਕਰਯੋਗ ਹੈ ਕਿ ਕੁਝ ਚਿਰ ਪਿੱਛੋਂ ਜਾ ਕੇ ਕੈਨੇਡਾ-ਅਮਰੀਕਾ ਵਿਚ ਕਾਇਮ ਹੋਈ 'ਗਦਰ ਪਾਰਟੀ' ਦੇ ਪਰਚੇ 'ਗਦਰ' ਵਿਚ ਇਸ ਕਿਤਾਬ ਦੇ ਅੰਸ਼ ਲੜੀਵਾਰ-ਲਗਾਤਾਰ ਪ੍ਰਕਾਸ਼ਤ ਹੁੰਦੇ ਰਹੇ ਹਨ-ਇਥੋਂ ਤਕ ਕਿ ਸ਼ਹੀਦ ਭਗਤ ਸਿੰਘ ਨੇ ਕਿਵੇਂ ਨਾ ਕਿਵੇਂ ਇਸ ਕਿਤਾਬ ਦੀ ਇਕ ਕਾਪੀ ਲੈ ਕੇ ਖੁਦ ਛਪਵਾਈ ਤੇ ਵੰਡੀ ਸੀ।
ਜਿਥੋਂ ਤੱਕ 'ਗਦਰ ਪਾਰਟੀ' ਦਾ ਸੁਆਲ ਹੈ, ਇਸ ਦਾ ਅਸਲੀ-ਰਸਮੀ ਨਾਂ ਭਾਵੇਂ ਕਿ 'ਹਿੰਦੀ ਐਸੋਸੀਏਸ਼ਨ ਆਫ ਪੈਸਿਫਿਕ ਕੋਸਟ' ਸੀ, ਪਰ ਕਿਉਂਕਿ ਇਹਦੇ ਅਖਬਾਰ ਦਾ ਨਾਂ 'ਗਦਰ' ਸੀ ਇਸ ਕਰਕੇ ਇਸ ਪਾਰਟੀ ਦਾ ਨਾਂ 'ਗਦਰ ਪਾਰਟੀ' ਹੀ ਪ੍ਰਚਲਤ ਹੋ ਨਿੱਬੜਿਆ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਗਦਰ ਪਾਰਟੀ ਦੀ ਰਣਨੀਤੀ 1857 ਦੇ ਗਦਰ ਦੀਆਂ ਲੀਹਾਂ 'ਤੇ ਫੌਜਾਂ ਤੇ ਜਨਤਾ ਦੇ ਸਾਂਝੇ ਵਿਦਰੋਹ ਵਾਲੀ ਸੀ। ਗਦਰ ਪਾਰਟੀ ਤੋਂ ਪਿੱਛੋਂ ਹਿੰਦੁਸਤਾਨ ਅੰਦਰ ਪ੍ਰਮੁੱਖ ਇਨਕਲਾਬੀ ਜਥੇਬੰਦੀ ਹਿੰਦੁਸਤਾਨ ਰੀਪਬਲਿਕਨ ਐਸੋਸੀਏਸ਼ਨ (ਐਚ.ਆਰ.ਏ). ਦਾ ਦੌਰ ਆਇਆ, ਜੋ 1923 ਤੋਂ ਲੈ ਕੇ ਅਗਸਤ 1928 ਤਕ ਦਾ ਹੈ, ਜਿਸ ਦੀ ਸ਼ਹੀਦ ਸੁਖਦੇਵ ਤੇ ਭਗਤ ਸਿੰਘ ਪੰਜਾਬ ਵਿਚ ਨੁਮਾਇੰਦਗੀ ਕਰਦੇ ਰਹੇ ਸਨ। ਸ਼ਚਿੰਦਰ ਸਾਨਿਆਲ ਜੋ 1914-15 ਦੌਰਾਨ ਰਾਸ ਬਿਹਾਰੀ ਬੋਸ ਦੇ ਸਹਾਇਕ ਵਜੋਂ ਗਦਰ ਪਾਰਟੀ ਦੇ ਫੈਸਲਾਕੁਨ ਦੌਰ ਵਿਚ ਸਰਗਰਮ ਰਹੇ ਸਨ ਤੇ ਇਸੇ ਦੋਸ਼ ਵਿਚ ਉਨ੍ਹਾਂ ਨੇ ਬਨਾਰਸ ਸਾਜ਼ਿਸ਼ ਕੇਸ ਵਿਚ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਕੱਟੀ ਹੋਈ ਸੀ, ਐਚ.ਆਰ.ਏ. ਦੇ ਨਾ ਸਿਰਫ ਮੋਢੀਆਂ ਵਿਚੋਂ ਹੀ ਪ੍ਰਮੁੱਖ ਸਨ, ਬਲਕਿ ਉਨ੍ਹਾਂ ਦੀ ਟਕਸਾਲੀ ਰਚਨਾ 'ਬੰਦੀ ਜੀਵਨ' ਨਵੇਂ ਇਨਕਲਾਬੀਆਂ ਦਾ ਪ੍ਰੇਰਨਾ-ਸਰੋਤ ਸੀ, ਜਿਸ ਦਾ ਵਿਸ਼ਾ-ਵਸਤੂ ਵੀ ਗਦਰ ਪਾਰਟੀ ਲਹਿਰ ਹੀ ਸੀ। ਜ਼ਿਕਰਯੋਗ ਹੈ ਕਿ ਸਤੰਬਰ 1928 ਵੇਲੇ ਐਚ.ਆਰ.ਏ. ਦੇ ਹਿੰਦੁਸਤਾਨ ਸੋਸ਼ਲਿਸਟ ਰੀਪਬਲਿਕਨ ਐਸੋਸੀਏਸ਼ਨ (ਐਚ.ਐਸ਼ਆਰ.ਏ.) ਬਣ ਜਾਣ ਪਿੱਛੋਂ ਵੀ ਐਚ.ਆਰ.ਏ. ਦਾ ਮੈਨੀਫੈਸਟੋ 'ਦੀ ਰੈਵੋਲਿਊਸ਼ਨਰੀ' ਤੇ ਉਸਦਾ ਵਿਧਾਨ, ਨਵੀਂ ਜਥੇਬੰਦੀ ਦਾ ਮਾਰਗ ਦਰਸ਼ਨ ਕਰਦੇ ਰਹੇ ਸਨ, ਜਿਸਦਾ ਵੱਡਾ ਪ੍ਰਮਾਣ ਇਨ੍ਹਾਂ ਦਸਤਾਵੇਜ਼ਾਂ ਦਾ ਸਾਰ ਇਨ੍ਹਾਂ ਦੇ ਠਿਕਾਣਿਆਂ ਤੋਂ ਪੁਲੀਸ ਛਾਪਿਆਂ ਦੌਰਾਨ ਇਨ੍ਹਾਂ ਦਸਤਾਵੇਜ਼ਾਂ ਦਾ ਬਰਾਮਦ ਹੋਣਾ ਸੀ। ਪਹਿਲੇ ਮੁੱਦੇ 'ਤੇ ਐਨੇ ਵਿਸਥਾਰ ਨਾਲ ਚਰਚਾ ਇਸ ਲਈ ਕੀਤੀ ਜਾ ਰਹੀ ਹੈ ਕਿ (ਮੇਰੀ ਜਾਂਚ ਅਨੁਸਾਰ) ਇਸ ਪਹਿਲੂ ਨੂੰ ਘੱਟ ਗੌਲਿਆ ਜਾਂਦਾ ਹੈ।


2) 'ਅਸੀਂ ਇਹਦੇ ਵਿਚ ਆਪਣੀ ਭੂਮਿਕਾ ਨਿਭਾਈ ਹੈ।''
ਇਸ ਭੂਮਿਕਾ ਨੂੰ ਦਰਸਾਉਂਦਾ ਇਕ ਮਾਪਦੰਡ ਤਾਂ ਇਹ ਹੈ ਕਿ ਜਿਥੇ 17 ਦਸੰਬਰ, 1928 ਵਾਲੇ ਸਾਂਡਰਸ ਕਾਂਡ ਬਾਰੇ ਪਾਰਟੀ ਵਲੋਂ ਜਾਰੀ ਕੀਤੇ ਪੋਸਟਰ ਨੂੰ ਕੋਈ ਅਖਬਾਰ ਹੱਥ
ਲਾਉਣ ਨੂੰ ਵੀ ਤਿਆਰ ਨਹੀਂ ਸੀ ਹੋਇਆ, ਉਥੇ ਦੂਜੇ ਪਾਸੇ 8 ਅਪ੍ਰੈਲ, 1929 ਅਸੈਂਬਲੀ ਹਾਲ ਵਾਲੇ ਪੋਸਟਰ ਨੂੰ ਪ੍ਰਕਾਸ਼ਤ ਕਰਨ ਖਾਤਰ ਅਖਬਾਰਾਂ ਦੀ ਆਪਸ ਵਿਚ ਦੌੜ ਲੱਗੀ ਹੋਈ
ਸੀ। ਉਸ ਦਿਨ ਤੋਂ ਲੈ ਕੇ (ਖਾਸ ਕਰਕੇ) ਅਖੀਰ ਮਾਰਚ 1931 ਤਕ ਮੁਕੱਦਮਿਆਂ ਦੀਆਂ ਕਾਰਵਾਈਆਂ ਦੀ ਤੇ ਇਨਕਲਾਬੀਆਂ ਦੀਆਂ ਭੁੱਖ ਹੜਤਾਲਾਂ ਦੀਆਂ ਖਬਰਾਂ, ਪ੍ਰਸਿੱਧ ਅਖਬਾਰਾਂ ਦੇ ਪਹਿਲੇ ਪੰਨਿਆਂ ਦਾ ਸ਼ਿੰਗਾਰ ਬਣੀਆਂ ਰਹੀਆਂ ਸਨ ਜੋ ਅਸਿੱਧੇ ਤੌਰ 'ਤੇ ਉਨ੍ਹਾਂ ਮੁੱਦਿਆਂ ਦੀ ਨਿਸ਼ਾਨਦੇਹੀ ਕਰਨ ਦੇ ਤੁਲ ਸੀ, ਜਿਨ੍ਹਾਂ ਨੂੰ ਕਿ ਇਹ ਪਾਰਟੀ ਜਨਤਕ ਜਾਗ੍ਰਿਤੀ ਦਾ ਕੇਂਦਰ ਬਿੰਦੂ ਬਣਾਉਣਾ ਲੋਚਦੀ ਸੀ। ਇਸ ਮੁੱਦੇ ਦੇ ਲੋਕ ਚੇਤਨਤਾ ਉਪਰ ਪ੍ਰਭਾਵ ਨੂੰ ਦਰਸਾਉਣ ਵਾਲੀ ਸ਼ਹੀਦ ਭਗਤ ਸਿੰਘ ਦੀ ਆਪਣੇ ਨੇੜਲੇ ਸਾਥੀ ਸ੍ਰੀ ਜੈਦੇਵ ਕਪੂਰ ਜੀ ਨਾਲ 'ਆਖਰੀ' ਵਾਰਤਾਲਾਪ ਸੀ...''ਜਦੋਂ ਮੈਂ ਇਨਕਲਾਬੀ ਮਾਰਗ 'ਤੇ ਆਪਣਾ ਪਹਿਲਾ ਕਦਮ ਰੱਖਿਆ (ਧਰਿਆ) ਸੀ ਤਾਂ ਮੈਂ ਸੋਚਿਆ ਸੀ ਕਿ ਜੇ ਮੈਂ ਆਪਣੀ ਜਾਨ ਵਾਰ ਕੇ ਦੇਸ਼ ਦੇ ਕੋਨੇ-ਕੋਨੇ ਵਿਚ 'ਇਨਕਲਾਬ ਜ਼ਿੰਦਾਬਾਦ' ਦੇ ਨਾਅਰੇ ਗੂੰਜਾ ਸਕਾਂ ਤਾਂ ਮੈਂ ਸਮਝਾਂਗਾ ਕਿ ਮੈਂ ਆਪਣੀ ਜਾਨ ਦਾ ਬੜਾ ਵੱਡਾ ਮੁੱਲ ਵੱਟਿਆ ਹੈ। ਅੱਜ ਜਦੋਂ ਮੈਂ ਲੋਹੇ ਦੀਆਂ ਸਲਾਖਾਂ ਪਿੱਛੇ ਬੰਦ ਹਾਂ ਤਾਂ ਮੈਂ ਦੇਸ਼ ਦੇ ਕੋਨੇ-ਕੋਨੇ ਵਿਚੋਂ ਕਰੋੜਾਂ ਲੋਕਾਂ ਦੇ ਮੂੰਹੋਂ ਇਹ ਨਾਅਰਾ ਗੂੰਜਦਾ ਸੁਣਦਾ ਹਾਂ ਤਾਂ ਮੈਨੂੰ ਵਿਸ਼ਵਾਸ ਹੋ ਜਾਂਦਾ ਹੈ ਕਿ ਜਦੋਂ ਤੱਕ ਦੇਸ਼ ਆਜ਼ਾਦ ਨਹੀਂ , ਇਹ ਨਾਅਰਾ ਸਾਮਰਾਜੀ ਹਾਕਮਾਂ ਦੇ ਸਿਰਾਂ ਵਿਚ ਹਥੌੜੇ ਵਾਂਗ ਵੱਜਦਾ ਰਹੇਗਾ।''
3) ਇਹ ਜੰਗ ਉਨੀ ਦੇਰ ਤੱਕ ਜਾਰੀ ਰਹੇਗੀ ਜਿੰਨਾ ਚਿਰ ਤਕ ਅਜੋਕਾ ਸਰਮਾਏਦਾਰੀ-ਸਾਮਰਾਜੀ ਨਿਜ਼ਾਮ ਤਹਿਸਨਹਿਸ਼ ਨਹੀਂ ਹੋ ਜਾਂਦਾ।
ਇਹ ਮੁੱਦਾ ਆਪਣੇ ਆਪ ਵਿਚ ਅਤੀ ਮਹੱਤਵਪੂਰਨ ਹੈ ਅਜੋਕੇ ਯੁੱਗ ਦਾ ਬੁਨਿਆਦੀ ਸੁਆਲ ਵੀ ਹੈ। ਜ਼ਿਕਰਯੋਗ ਹੈ ਕਿ ਐਚ.ਐਸ਼ਆਰ. ਏ ਦੀ ਸਰਗਰਮ ਭੂਮਿਕਾ ਸਮਾਪਤ ਹੋ ਜਾਣ ਪਿੱਛੋਂ ਇਸ ਲਹਿਰ ਦੇ ਹੀ ਨਹੀਂ, ਬਾਕੀ ਇਨਕਲਾਬੀ ਲਹਿਰਾਂ ਦੇ ਜੀਵਤ ਕਾਰਜਕਰਤਾ ਵੀ ਵੱਡੀ ਬਹੁਗਿਣਤੀ ਵਿਚ ਖੱਬੇ-ਪੱਖੀ ਲਹਿਰਾਂ ਵਿਚ ਕੁਦ ਪਏ ਸਨ, ਜਿਨ੍ਹਾਂ ਵਿਚ ਪ੍ਰਮੁੱਖ ਦਲ ਕਮਿਊਨਿਸਟ ਪਾਰਟੀ ਸੀ। ਪਿੱਛੋਂ ਜਾ ਕੇ ਇਨ੍ਹਾਂ ਵਿਚੋਂ ਕਈ ਇਨ੍ਹਾਂ ਸਰਗਰਮੀਆਂ ਤੋਂ ਅਲੱਗ ਵੀ ਹੋ ਗਏ ਸੀ, ਜੋ ਦਾਨਸ਼ਵਰਾਂ ਦੀ ਘੋਖ ਪੜਤਾਲ ਦੇ ਸੰਵਾਦ ਦੀ ਮੰਗ ਕਰ ਰਿਹਾ ਹੈ।

No comments:

Post a Comment