Saturday, January 15, 2011

ਪੰਜਾਬ ਵਿਚ 1947 ਤੋਂ ਬਾਅਦ ਉਭਰੀਆਂ ਪਛਾਣਾਂ –ਡਾ. ਸੁਰਜੀਤ ਸਿੰਘ

ਸੰਸਾਰ ਵਿਚ ਸਬਾਲਟਰਨ (ਸ਼ਾਬਦਿਕ ਅਰਥ ਮਾਤਹਿਤ) ਸਮੂਹਾਂ ਦੀ ਨਿਸ਼ਾਨਦੇਹੀ ਅਤੇ ਉਨ੍ਹਾਂ ਦੇ ਅਧਿਐਨ ਦੀ ਪਰੰਪਰਾ ਵਿਚ ਅਜਿਹੇ ਸਮੂਹਾਂ ਨੂੰ ਸਬਾਲਟਰਨ ਦੇ ਤੌਰ 'ਤੇ ਪਰਿਭਾਸ਼ਤ ਕੀਤਾ ਗਿਆ ਜਿਹੜੇ ਇਤਿਹਾਸਕਾਰੀ ਵਿਚੋਂ ਗ਼ੈਰਹਾਜ਼ਰ ਜਾਂ ਹਾਸ਼ੀਆਗਤ ਹੋਂਦ ਰੱਖਦੇ ਹਨ, ਖ਼ਾਮੋਸ਼ ਕਰ ਦਿੱਤੇ ਗਏ ਹਨ। ਜਿਨ੍ਹਾਂ ਕੋਲ ਆਪਣੇ ਅਨੁਭਵ, ਕਾਰਜ, ਸੋਚ, ਦ੍ਰਿਸ਼ਟੀ ਅਤੇ ਹੁੰਗਾਰੇ ਨੂੰ ਪ੍ਰਗਟ ਕਰਨ ਲਈ ਉਹ ਸੰਦ ਸਾਧਨ ਨਹੀਂ
ਜਿਸ ਨਾਲ ਉਹ ਆਪਣੀ ਹੋਂਦ ਦਾ ਅਹਿਸਾਸ ਕਰਵਾ ਸਕਣ। ਅਜਿਹੇ ਸਮੂਹ ਜਿਹੜੇ ਸਮਾਜਕ, ਸਿਆਸੀ ਜਾਂ ਭੂਗੋਲਿਕ ਤੌਰ 'ਤੇ ਸਰਦਾਰੀ ਵਾਲੇ ਸ਼ਕਤੀ ਢਾਂਚੇ ਵਿਚੋਂ ਬਾਹਰ ਧੱਕ ਦਿੱਤੇ ਗਏ ਹਨ।



Surjit Singh


ਏਸ਼ੀਆ ਦੀ ਇਤਿਹਾਸਕਾਰੀ ਦੇ ਹਵਾਲੇ ਨਾਲ ਉਨ੍ਹਾਂ ਲੋਕਾਂ ਨੂੰ ਸਬਾਲਟਰਨ ਕਿਹਾ ਗਿਆ ਜਿਨ੍ਹਾਂ ਨੂੰ ਬਸਤੀਵਾਦ ਅਤੇ ਉਨ੍ਹਾਂ ਦੇ ਵਿਰੋਧ ਵਿਚ ਖੜ੍ਹੇ ਹੋਏ ਕੌਮਵਾਦੀ ਅੰਦੋਲਨਾਂ ਅਤੇ ਉਨ੍ਹਾਂ ਦੇ ਪ੍ਰਵਚਨਾਂ ਵਿਚ ਦੁਜੈਲਾ ਸਥਾਨ ਦਿੱਤਾ ਗਿਆ। ਇੰਜ ਕੌਮਵਾਦੀ ਅੰਦੋਲਨਾਂ ਦੇ ਇਲੀਟਿਸਟ ਦ੍ਰਿਸ਼ਟੀਕੋਣ ਅਨੁਸਾਰ ਸਿਆਸੀ ਸਰਗਰਮੀ ਵਿਚ ਦੁਜੈਲਾ,
ਘਟੀਆ, ਨਿਗੂਣਾ ਅਤੇ ਕਈ ਵਾਰ ਨਿੰਦਣਯੋਗ ਕਾਰਜ ਕਰਨ ਵਾਲੇ ਸਮੂਹਾਂ ਨੂੰ ਸਬਾਲਟਰਨ ਕਿਹਾ ਗਿਆ। ਇਹ ਉਹ ਲੋਕ ਸਨ ਜਿਹੜੇ ਬਸਤੀਵਾਦੀ ਆਧੁਨਿਕਤਾ ਦੇ ਪੱਛਮਵਾਦੀ ਸੰਕਲਪ ਅਨੁਸਾਰ ਧਰਮ ਨਿਰਪੇਖ, ਤਰਕਸ਼ੀਲ, ਜਮਹੂਰੀ ਦ੍ਰਿਸ਼ਟੀਕੋਣ ਅਤੇ ਕਾਰਜਵਿਧੀ ਦੇ ਅਨੁਸਾਰ ਨਹੀਂ ਸਨ।
ਬਸਤੀਵਾਦੀ ਆਧੁਨਿਕਤਾ ਦੁਆਰਾ ਪ੍ਰੇਰਕ ਸਿਆਸੀ ਸਰਗਰਮੀ ਦੇ ਧਰਮਨਿਰਪੇਖ ਸਰੂਪ ਕਾਰਨ ਇਨ੍ਹਾਂ
ਲੋਕਾਂ ਨੂੰ ਮਹੱਤਵ ਨਹੀਂ ਦਿੱਤਾ ਗਿਆ। ਇਨ੍ਹਾਂ ਵਿਚ ਮੁੱਖ ਤੌਰ 'ਤੇ ਭਾਰਤ ਦੇ ਵੱਖ ਵੱਖ ਖੇਤਰਾਂ ਦੀ ਕਿਸਾਨੀ ਆਉਂਦੀ ਹੈ ਜਿਹੜੀ ਆਪਣੇ ਇਤਿਹਾਸਕ ਪਿਛੋਕੜ ਅਤੇ ਸਭਿਆਚਾਰਕ ਅਵਚੇਤਨ ਦੇ ਵਿਸ਼ੇਸ਼ ਸਰੂਪ ਕਾਰਨ ਆਪਣੇ ਆਪ ਨੂੰ ਧਾਰਮਿਕਤਾ (ਸ਼ਾਇਦ ਸੰਪਰਦਾਇਕਤਾ) ਅਤੇ ਹਿੰਸਾਤਮਕਤਾ ਤੋਂ ਵੱਖ ਨਹੀਂ ਕਰ ਸਕੀ।
ਦਿਪੇਸ਼ ਚੱਕਰਵਰਤੀ ਨੇ ਆਧੁਨਿਕ ਭਾਰਤ ਦੇ ਮੁਕਤੀਵਾਦੀ ਅੰਦੋਲਨਾਂ ਵਿਚ ਅਤਿ ਦੇ ਤਰਕਵਾਦ ਅਤੇ ਧਰਮ ਤੇ ਧਾਰਮਿਕਤਾ ਦੇ ਗ਼ਲਤ ਅਨੁਵਾਦ ਕਾਰਨ ਪੈਦਾ ਹੋਏ ਦੁਫੇੜ ਵੱਲ ਧਿਆਨ ਦਿਵਾਇਆ ਹੈ ਜਿਸ ਕਾਰਨ 'ਸ਼ਰਧਾ ਅਤੇ ਧਰਮ' ਨਾਲ ਜੁੜੇ ਇਨ੍ਹਾਂ ਜਨ ਸਮੂਹਾਂ ਨੂੰ 'ਵਿਗਿਆਨ ਅਤੇ ਤਰਕ' ਨਾਲ ਪ੍ਰਤੀਬੱਧ ਬੁੱਧੀਜੀਵੀਆਂ ਨੇ
ਦੁਰਕਾਰ ਦਿੱਤਾ। ਇੰਜ ਕੌਮਵਾਦੀ ਅੰਦੋਲਨ ਦੇ ਅਤਿ ਤਰਕਵਾਦ ਕਾਰਨ ਰੱਦ ਦਿੱਤੇ ਗਏ ਹੁੰਗਾਰਿਆਂ, ਕਾਰਜਾਂ ਅਤੇ ਦ੍ਰਿਸ਼ਟੀਕੋਣਾਂ ਨੂੰ ਧਾਰਨ ਕਰਨ ਵਾਲੇ ਲੋਕ ਸਮੂਹਾਂ ਨੂੰ ਸਬਾਲਟਰਨ ਕਿਹਾ ਗਿਆ ਹੈ। ਇਸ ਲਈ ਬਸਤੀਵਾਦ ਅਤੇ ਕੌਮਵਾਦੀ ਅੰਦੋਲਨ ਵਿਚ ਗ਼ੈਰ ਪ੍ਰਸੰਗਿਕ ਲੋਕ ਸਮੂਹ ਸਬਾਲਟਰਨ ਦਾ ਦਰਜਾ ਰੱਖਦੇ ਹਨ।
ਇਥੇ ਸਵਾਲ ਇਹ ਹੈ ਕਿ 'ਖ਼ਾਮੋਸ਼' ਕਰ ਦਿੱਤੇ ਗਏ ਸਮੂਹਾਂ ਦੀ ਖ਼ਾਮੋਸ਼ੀ ਕਦੋਂ ਉਨ੍ਹਾਂ ਨੂੰ ਸਬਾਲਟਰਨ ਦੇ ਦਾਇਰੇ ਵਿਚ ਲੈ ਆਉਂਦੀ ਹੈ?
'ਬੋਲਣ ਦਾ ਅਧਿਕਾਰ ਰੱਖਣ' ਵਾਲੇ ਕੇਂਦਰੀ ਪ੍ਰਭੁੱਤਵ ਵਾਲੇ ਲੋਕ ਸਮੂਹਾਂ ਜਾਂ ਧਿਰਾਂ ਨਾਲ ਸੰਪਰਕ ਵਿਚ ਆਉਣ ਤੋਂ ਪਹਿਲਾਂ ਜਾਂ ਇਸ ਸੰਪਰਕ ਦੇ ਟੁੱਟੇ ਹੋਏ ਸਮੂਹ, ਸਬਾਲਟਰਨ ਦੇ ਪਰਿਭਾਸ਼ਕ ਦਾਇਰੇ ਵਿਚ ਨਹੀਂ ਆਉਂਦੇ। ਇਸ ਲਈ ਇਨ੍ਹਾਂ ਸਮੂਹਾਂ ਨਾਲ ਸੰਪਰਕ ਸਬਾਲਟਰਨ ਹੋਂਦ ਦੇ ਤੌਰ 'ਤੇ ਪਰਿਭਾਸ਼ਤ ਹੋਣ ਲਈ ਲਾਜ਼ਮੀ ਸ਼ਰਤ ਹੈ। ਇਹ ਸੰਪਰਕ ਹੀ ਹੈ ਜਿਸ ਕਾਰਨ ਹਾਸ਼ੀਏ 'ਤੇ ਧੱਕੇ ਸਮੂਹ, ਕੇਂਦਰੀ ਸਰਦਾਰੀ ਵਾਲੀ ਸੱਤਾ ਲਈ ਪ੍ਰਸੰਗਿਕ ਬਣ ਜਾਂਦੇ ਹਨ। ਇਸ ਸੰਪਰਕ ਨੂੰ ਸਥਾਪਤ ਕਰਨ ਵਿਚ ਅਸਮਰਥ ਜਾਂ ਅਣਇੱਛਤ ਲੋਕ ਸਮੂਹ ਸਬਾਲਟਰਨ ਦੇ ਦਾਇਰੇ ਵਿਚ ਨਹੀਂ ਆਉਂਦੇ ਜਾਂ ਉਨ੍ਹਾਂ ਨੂੰ ਇਸ ਰੂਪ ਵਿਚ ਪਛਾਣਨ ਦੀ ਜ਼ਰੂਰਤ ਨਹੀਂ ਹੁੰਦੀ। ਇਸੇ ਤਰ੍ਹਾਂ
ਜਿਨ੍ਹਾਂ ਲੋਕ ਸਮੂਹਾਂ ਨੂੰ ਕੇਂਦਰੀ ਸਰਦਾਰੀ ਵਾਲੀ ਸੱਤਾ ਆਪਣੇ ਸੰਪਰਕ ਵਿਚ ਲਿਆਉਣਾ ਹੀ ਨਹੀਂ ਚਾਹੁੰਦੀ, ਉਹ ਵੀ ਸਬਾਲਟਰਨ ਦਾ ਰੁਤਬਾ ਹਾਸਲ ਨਹੀਂ ਕਰ ਸਕਦੇ। ਭਾਰਤ ਵਿਚਲੇ ਸਾਰੇ ਉਹ ਕਬੀਲੇ ਜਿਨ੍ਹਾਂ ਦਾ ਸਭਿਆਚਾਰੀਕਰਨ ਅਤੇ ਆਧੁਨਿਕੀਕਰਨ ਕੀਤਾ ਜਾ ਰਿਹਾ ਹੈ, ਸਬਾਲਟਰਨ ਹਨ ਜਿਨ੍ਹਾਂ ਦੇ ਮੂਲਵਾਸ ਵਿਚ ਭਾਰਤੀ ਹਾਕਮ ਜਮਾਤ ਦਖ਼ਲਅੰਦਾਜ਼ੀ ਕਰਨਾ ਚਾਹੁੰਦੀ ਹੈ। ਇਨ੍ਹਾਂ ਲੋਕਾਂ ਦੇ ਰਹਿਣ ਸਥਾਨ ਕੀਮਤੀ ਖਣਿਜਾਂ ਜਾਂ ਧਾਤਾਂ ਨਾਲ ਭਰਪੂਰ ਹਨ, ਇਸ ਲਈ ਭਾਰਤੀ ਸੱਤਾ ਇਨ੍ਹਾਂ ਨਾਲ ਸੰਪਰਕ ਕਰਨ ਲਈ ਇੱਛੁਕ ਹੈ। ਉਹ ਇਨ੍ਹਾਂ ਨੂੰ ਭਾਰਤੀ ਸਭਿਆਚਾਰਕ, ਜੀਵਨਜਾਚ, ਮਾਲੀ, ਸਿਆਸੀ ਪ੍ਰਕਿਰਿਆਵਾਂ ਦੀ ਮੁੱਖ ਧਾਰਾਵਿਚ ਲਿਆਉਣਾ ਚਾਹੁੰਦੀ ਹੈ। ਇੰਜ ਇਹ ਲੋਕ ਸੱਤਾ ਦੀ ਚਾਹਤ ਅਨੁਸਾਰ ਕੇਂਦਰੀ ਸੱਤਾ ਦੇ ਸੰਪਰਕ ਵਿਚ ਆਉਣਗੇ ਅਤੇ ਆਪਣੀ ਬੋਲੀ, ਸਭਿਆਚਾਰ, ਦ੍ਰਿਸ਼ਟੀ ਕਾਰਨ ਕੇਂਦਰੀ ਸੱਤਾ ਵਿਚ ਮਿਆਰਾਂ ਅਨੁਸਾਰ ਨਿਗੂਣੇ ਬਣਨਗੇ। ਉਨ੍ਹਾਂ ਦੀ ਭਾਸ਼ਾ ਵਿਚ ਸੰਪਰਕ 'ਚ ਨਿਗੂਣੀ ਸਾਬਤ ਹੋਵੇਗੀ ਤੇ ਉਹ ਖ਼ਾਮੋਸ਼ ਧਿਰ ਦੇ ਤੌਰ 'ਤੇ ਪਛਾਣੇ ਜਾਣਗੇ ਤੇ ਸਬਾਲਟਰਨ ਬਣ ਜਾਣਗੇ। ਇੰਜ ਸੰਪਰਕ ਸਬਾਲਟਰਨ ਬਣਨ ਦੀ ਮੁੱਖ ਸ਼ਰਤ ਜਾਪਦੀ ਹੈ। ਇੰਜ ਸਬਾਲਟਰਨ ਨੂੰ ਰਿਕਵਰ ਵੀ ਕੀਤਾ ਜਾਂਦਾ ਹੈ (ਜਿਵੇਂ ਰੋਜ਼ਾਲਿੰਡ ਓ ਹੈਨਲੌਨ ਨੇ ਕਿਹਾ ਹੈ) ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਡਿਸਕਵਰ ਵੀ ਕੀਤਾ ਜਾਂਦਾ ਹੈ। ਪੰਜਾਬੀ ਸਾਹਿਤ ਅਧਿਐਨ ਵਿਚ ਭਾਵੇਂ ਸਬਾਲਟਰਨ ਸ਼ਬਦ ਦੀ ਵਰਤੋਂ ਪ੍ਰਚਲਤ ਨਹੀਂ ਹੋਈਪਰ ਇਸ ਇਕਾਈ ਦੇ ਤਹਿਤ ਜਿਨ੍ਹਾਂ ਮਨੁੱਖੀ ਪਛਾਣਾਂ ਦੀ ਗੱਲ ਕੀਤੀ ਜਾਂਦੀ ਹੈ, ਉਨ੍ਹਾਂ ਵਿਚੋਂ ਦਲਿਤਾਂ ਅਤੇ ਔਰਤਾਂ ਦੀ ਵੱਖਰੀ ਹੋਂਦ ਹੋਣੀ, ਅਨੁਭਵ ਅਤੇ ਪ੍ਰਗਟਾਵੇ ਦੀਆਂ ਖ਼ਾਸੀਅਤਾਂ ਦੇ ਹਵਾਲੇ ਨਾਲ ਪੰਜਾਬੀ ਸਾਹਿਤਕ ਰਚਨਾਵਾਂ ਦਾ ਵਿਸ਼ਲੇਸ਼ਣ ਹੁੰਦਾ ਰਹਿੰਦਾ ਹੈ ਪਰ ਇਨ੍ਹਾਂ ਤੋਂ ਬਿਨਾਂ ਹੋਰ ਬਹੁਤ ਸਾਰੇ ਪਛਾਣ ਸਮੂਹ ਹਨ ਜਿਨ੍ਹਾਂ ਦੀ ਨਿਸ਼ਾਨਦੇਹੀ ਅਤੇ ਉਨ੍ਹਾਂ ਦੀ ਸਾਹਿਤਕ ਬਿਆਨ ਸਾਡੇ ਅਧਿਐਨ ਦਾ ਸਰੋਕਾਰ ਨਹੀਂ ਬਣੀ। ਇਨ੍ਹਾਂ ਸਮੂਹਾਂ ਵਿਚ ਮੇਰੀ ਜਾਚੇ ਹੋਰ ਪੱਛਮੀ ਪੰਜਾਬ ਵਿਚੋਂ ਇਧਰ ਆਏ ਖੱਤਰੀ ਹਿੰਦੂ, ਸਿੱਖਾਂ; ਜਿਨ੍ਹਾਂ ਨੂੰ ਹਿਕਾਰਤ ਨਾਲ 'ਭਾਪੇ' ਕਿਹਾ ਜਾਂਦਾ ਹੈ, ਦੇ ਨਾਲ ਪਰਵਾਸੀ ਮਜ਼ਦੂਰ ਵੀ ਸ਼ਾਮਲ ਹਨ ਜਿਨ੍ਹਾਂ
ਨੂੰ ਅਸੀਂ 'ਭੱਈਏ' ਕਰ ਕੇ ਜਾਣਦੇ ਹਾਂ। ਇਨ੍ਹਾਂ ਵਿਚ ਪੋਠੋਹਾਰੀ ਖੱਤਰੀ ਸਿੱਖ ਹੁਣ ਆਰਥਿਕ ਪੱਖੋਂ ਮਜ਼ਬੂਤ ਹੋ ਚੁੱਕੇ ਹਨ ਪਰ ਉਨ੍ਹਾਂ ਦਾ ਸਮਾਜਕ ਦਰਜਾ ਬਹੁਤਾ ਉਚਾ ਨਹੀਂ। ਇਹ ਹੌਲੀ ਹੌਲੀ ਆਪਣੀ ਭਾਸ਼ਾ ਤੋਂ ਦੂਰ ਹੋ ਗਏ ਹਨ ਕਿਉਂਕਿ ਇਸ ਭਾਸ਼ਾ ਨੂੰ ਬੋਲਣ ਵਾਲਾ ਜਨਤਕ ਦਾਇਰਿਆਂ ਵਿਚ ਅਕਸਰ ਮਜ਼ਾਕ ਦਾ ਪਾਤਰ ਬਣਦਾ ਹੈ। ਇਥੇ ਮੈਂ ਉਨ੍ਹਾਂ ਨੂੰ ਇਨ੍ਹਾਂ ਅਰਥਾਂ ਵਿਚ ਸਬਾਲਟਰਨ ਮੰਨਦਾ ਹਾਂ ਕਿ ਉਹ ਸਾਡੀ ਭਾਸ਼ਾਈ ਅਤੇ ਸਭਿਆਚਾਰਕ ਸਥਾਪਤੀ ਵਿਚ ਨਿਗੂਣੇ ਮੰਨੇ ਜਾਂਦੇ ਹਨ।
1947 ਵਿਚ ਪੰਜਾਬ ਦੀ ਵੰਡ ਮਗਰੋਂ ਪੰਜਾਬੀ ਸਮਾਜ ਦੀ ਸੰਰਚਨਾ ਵਿਚ ਵੱਡੀਆਂ ਤਬਦੀਲੀਆਂ ਵਾਪਰੀਆਂ ਹਨ। ਅਸੀਂ ਆਮ ਕਰਕੇ ਇਸ ਘਟਨਾ ਨੂੰ ਹਿੰਦੂ-ਸਿੱਖ ਵਸੋਂ ਦੇ ਤਬਾਦਲੇ ਦੇ ਤੌਰ 'ਤੇ ਹੀ ਸਮਝਦੇ ਹਾਂ ਪਰ ਇਸ ਵਸੋਂ ਦੇ ਤਬਾਦਲੇ ਨਾਲ ਪੰਜਾਬੀ ਸਮਾਜ ਦੀ ਪੂਰਬਲੀ ਸੰਰਚਨਾ ਵਿਚ ਜੋ ਪਰਿਵਰਤਨ ਵਾਪਰੇ, ਉਨ੍ਹਾਂ ਵੱਲ ਅਸੀਂ ਗ਼ੌਰ ਨਹੀਂ ਕਰਦੇ। ਇਸ ਤਬਾਦਲੇ ਦੌਰਾਨ ਸਿਰਫ਼ ਲੋਕ ਆਪਣੀ ਮਾਤ-ਭੂਮੀ ਛੱਡ ਕੇ ਨਹੀਂ ਆਏ ਸਗੋਂ ਉਹ ਇਕ ਸਭਿਆਚਾਰ, ਜੀਵਨ ਜਾਚ ਅਤੇ ਆਪਣੀ ਭਾਸ਼ਾ ਵੀ ਲੈ ਕੇ ਆਏ। ਇਨ੍ਹਾਂ ਲੋਕਾਂ ਨੂੰ ਇਧਰਲੇ ਪੰਜਾਬ ਵਿਚ ਆਉਣ ਉਤੇ ਸਥਾਨਕ ਲੋਕਾਂ ਨੇ ਕਈ ਨਾਮ ਦਿੱਤੇ। ਇਨ੍ਹਾਂ ਵਿਚ ਮੁੱਖ ਤੌਰ 'ਤੇ ਰਿਫਿਊਜੀ ਜੱਟ ਅਤੇ ਪੋਠੋਹਾਰੀ ਹਿੰਦੂ ਤੇ ਸਿੱਖ ਖੱਤਰੀ ਸਨ। ਆਮ ਬੋਲਚਾਲ ਵਿਚ ਇਨ੍ਹਾਂ ਨੂੰ ਹਿਕਾਰਤੀ ਵਿਸ਼ੇਸ਼ਣਾਂ ਨਾਲ ਸੰਬੋਧਨ
ਕੀਤਾ ਜਾਂਦਾ ਹੈ। ਇਨ੍ਹਾਂ ਲਈ 'ਭਾਪੇ' ਸ਼ਬਦ ਵਰਤਿਆ ਜਾਂਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਇਹ ਸ਼ਬਦ ਉਨ੍ਹਾਂ ਦੇ ਮੂਲ ਸਥਾਨ 'ਤੇ ਸਤਿਕਾਰ ਦੀ ਭਾਵਨਾ ਵਾਲੇ ਸ਼ਬਦ ਸਨ ਪਰ ਆਪਣੀ ਮਾਤਭੂਮੀ ਤੋਂ ਟੁੱਟ ਕੇ ਇਹੀ ਸ਼ਬਦ ਨਾਪਸੰਦੀ ਅਤੇ ਨਫ਼ਰਤ ਦੇ ਭਾਵਾਂ ਨੂੰ ਪ੍ਰਗਟ ਕਰਨ ਲੱਗ ਪਏ। ਇਸ ਦਾ ਸਿੱਟਾ ਇਹ ਹੋਇਆ ਕਿ
ਇਹ ਲੋਕ ਆਪਣੀ ਪਛਾਣ ਲੁਕੋਣ ਲੱਗੇ ਅਤੇ ਇਨ੍ਹਾਂ ਦੀ ਭਾਸ਼ਾ ਮਜ਼ਾਕ ਦਾ ਵਿਸ਼ਾ ਬਣਨ ਲੱਗੀ।
ਇਨ੍ਹਾਂ ਦੀ ਪੋਠੋਹਾਰੀ ਜਿਹੜੀ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿਚ ਸਾਹਿਤਕ ਭਾਸ਼ਾ ਦੇ ਤੌਰ 'ਤੇ ਸਤਿਕਾਰੀ ਜਾਂਦੀ ਸੀ, ਇਕਦਮ ਸਾਹਿਤਕ ਦਾਇਰੇ ਵਿਚੋਂ ਬਾਹਰ ਹੋਣ ਲੱਗੀ ਅਤੇ ਇਹ ਸਾਹਿਤ ਦੀ ਥਾਂ ਛੋਟੀ-ਮੋਟੀ ਦੁਕਾਨਦਾਰੀ ਅਤੇ ਵਪਾਰ ਵਾਲੇ ਲੋਕਾਂ ਦੀ ਭੱਦੀ ਭਾਸ਼ਾ ਬਣ ਗਈ। ਪੰਜਾਬ ਵਿਚ ਉਨ੍ਹਾਂ ਦੇ ਵਿਹਾਰ, ਪਹਿਰਾਵੇ, ਪੱਗ, ਕੰਮ-ਧੰਦਿਆਂ, ਭਾਸ਼ਾ, ਰਿਸ਼ਤਾ-ਨਾਤਾ ਪ੍ਰਬੰਧ, ਕਿਰਦਾਰ ਅਤੇ ਸਮੁੱਚੀ ਜੀਵਨ ਜਾਚ ਦਾ ਮਜ਼ਾਕ ਉਡਾਇਆ ਜਾਂਦਾ ਹੈ। ਉਨ੍ਹਾਂ ਨੂੰ ਅਸਲੀ ਸਿੱਖ ਨਹੀਂ ਮੰਨਿਆ ਜਾਂਦਾ। ਇਸ ਦਾ ਕੋਝਾ ਪ੍ਰਮਾਣ ਦਿੱਲੀ ਦੰਗਿਆਂ ਤੋਂ ਬਾਅਦ ਉਨ੍ਹਾਂ ਨਾਲ ਹਮਦਰਦੀ ਜਤਾਉਣ ਦੀ ਬਜਾਏ ਕਿਹਾ ਗਿਆ ਕਿ ਦਿੱਲੀ ਵਿਚ ਸਿੱਖਾਂ ਦੇ ਭੁਲੇਖੇ 'ਭਾਪੇ' ਮਾਰੇ ਗਏ। ਆਰਥਿਕ ਪੱਖੋਂ ਮਜ਼ਬੂਤ ਹੋਣ ਦੇ ਬਾਵਜੂਦ ਇਹ ਲੋਕ ਸਮਾਜਕ ਦਾਇਰਿਆਂ ਵਿਚ ਦੂਜੇ ਦਰਜੇ ਦੇ ਸ਼ਹਿਰੀ ਸਮਝੇ ਜਾਂਦੇ ਹਨ।
ਇਹ ਉਹ ਲੋਕ ਸਮੂਹ ਹੈ ਜਿਹੜਾ ਆਜ਼ਾਦੀ ਤੋਂ ਪਹਿਲਾਂ ਪੰਜਾਬੀ ਸਾਹਿਤਕ ਵਿਰਾਸਤ ਦਾ ਆਲਮ-ਬਰਦਾਰ ਸੀ। ਇਸ ਵਿਚੋਂ ਹੀ ਅੰਮ੍ਰਿਤਾ ਪ੍ਰੀਤਮ, ਕਰਤਾਰ ਸਿੰਘ ਦੁੱਗਲ ਅਤੇ ਮੋਹਨ ਸਿੰਘ ਨੇ ਪੰਜਾਬੀ ਕਵਿਤਾ, ਨਾਵਲ ਤੇ ਕਹਾਣੀ ਦੇ ਖੇਤਰ ਵਿਚ ਪਹਿਲੀਆਂ ਪ੍ਰਾਪਤੀਆਂ ਕੀਤੀਆਂ। ਇਨ੍ਹਾਂ ਤੋਂ ਬਾਅਦ ਨਰਿੰਜਨ ਤਸਨੀਮ ਅਤੇ ਸੁਰਜੀਤ ਸਿੰਘ ਸੇਠੀ ਨੇ ਇਨ੍ਹਾਂ ਦੇ ਅਨੁਭਵਾਂ ਨੂੰ ਪੇਸ਼ ਕੀਤਾ ਅਤੇ ਬਾਅਦ ਵਿਚ ਐਸ਼ ਸੋਜ਼ ਤੇ ਗੁਰਮੁੱਖ ਸਿੰਘ ਸਹਿਗਲ ਨੇ ਆਪਣੇ ਨਾਵਲਾਂ ਅਤੇ ਕੇਸਰਾ ਰਾਮ ਨੇ ਆਪਣੀਆਂ ਕਹਾਣੀਆਂ ਵਿਚ ਇਨ੍ਹਾਂ ਦੀ ਉਚਾਰਨੀ ਭਾਸ਼ਾ ਨੂੰ ਕੁਝ ਜਗ੍ਹਾ
ਦਿੱਤੀ। ਇਨ੍ਹਾਂ ਸਾਹਿਤਕ ਰਚਨਾਵਾਂ ਨੂੰ ਸਾਹਿਤਕ ਪੱਖੋਂ ਦਮ ਵਾਲੀਆਂ ਹੋਣ ਦੇ ਬਾਵਜੂਦ ਪੰਜਾਬੀ ਸਾਹਿਤਕ ਅਧਿਐਨ ਦੇ ਦਾਇਰਿਆਂ ਵਿਚ ਕੋਈ ਬਹੁਤੀ ਮਾਨਤਾ ਨਹੀਂ ਦਿੱਤੀ ਗਈ। ਉਨ੍ਹਾਂ ਦੀਆਂ ਰਚਨਾਵਾਂ ਨੂੰ ਅਧਿਐਨ ਦੇ ਯੋਗ ਹੀ ਨਹੀਂ ਸਮਝਿਆ ਗਿਆ।
ਇਸੇ ਤਰ੍ਹਾਂ ਪਰਵਾਸੀ ਮਜ਼ਦੂਰ ਵੀ ਅਜਿਹੀ ਪਛਾਣ ਇਕਾਈ ਹੈ ਜਿਹੜੀ ਪੱਕੇ ਤੌਰ 'ਤੇ ਪੰਜਾਬ ਦੇ ਸਮਾਜਕ ਜੀਵਨ ਦਾ ਭਾਗ ਬਣ ਚੁੱਕੀ ਹੈ। ਇਹ ਲੋਕ ਪੰਜਾਬ ਦੀਆਂ ਜ਼ਰੂਰਤਾਂ ਕਰਕੇ ਹੀ ਪੰਜਾਬ ਵੱਲ ਆਉਂਦੇ ਹਨ। ਇਹ ਸਥਾਪਤ ਧਾਰਨਾ ਹੈ ਕਿ ਕੋਈ ਮਹਿਮਾਨ ਮੇਜ਼ਬਾਨ ਦੀ ਆਗਿਆ ਅਤੇ ਉਸ ਦੀ ਲੋੜ ਤੋਂ ਬਿਨਾਂ ਆਪਣੀ ਮਾਤਭੂਮੀ ਛੱਡ ਕੇ ਬੇਗਾਨੀਆਂ ਥਾਵਾਂ ਉਤੇ ਨਹੀਂ ਜਾਂਦਾ। ਇਹ ਮਹਿਮਾਨ ਸਭਿਆਚਾਰਕ ਸਮੂਹ ਅਤੇ ਮੇਜ਼ਬਾਨ
ਦੇ ਸਾਂਝੇ ਹਿੱਤਾਂ ਕਰਕੇ ਹੀ ਸੰਭਵ ਹੁੰਦਾ ਹੈ ਕਿ ਲੋਕ ਪਰਵਾਸ ਕਰਦੇ ਹਨ। ਪੰਜਾਬ ਵਿਚ ਹਰੀ ਕ੍ਰਾਂਤੀ ਨੂੰ ਨੇਪਰੇ ਚੜ੍ਹਾਉਣ ਦਾ ਸੁਪਨਾ ਵੀ ਨਹੀਂ ਸੀ ਲਿਆ ਜਾ ਸਕਦਾ। ਇਸੇ ਤਰ੍ਹਾਂ ਪੰਜਾਬ ਵਿਚ ਸਨਅਤ ਅਤੇ ਹੋਰ ਕਿੰਨੇ ਹੀ ਛੋਟੇ-ਮੋਟੇ ਸਰੀਰਕ ਮਿਹਨਤ-ਮਜ਼ਦੂਰੀ ਦੇ ਕੰਮ ਪੈਦਾ ਹੋਏ ਕਿ ਭਾਰਤ ਦੇ ਕਿੰਨੇ ਹੀ ਪ੍ਰਾਂਤਾਂ ਤੋਂ ਮਜ਼ਦੂਰ ਪਰਵਾਸ ਕਰਕੇ ਪੰਜਾਬ ਆਉਣ ਲੱਗੇ। ਇਥੇ ਇਹ ਵੀ ਯਾਦ ਰੱਖਣਾ ਲੋੜੀਂਦਾ ਹੈ ਕਿ ਪੰਜਾਬੀ ਪੇਂਡੂ ਮਿੱਟੀ ਵਿਚ ਨਵੇਂ ਕੰਮ-ਧੰਦਿਆਂ ਨੂੰ ਅਪਣਾਉਣ ਪ੍ਰਤੀ ਬਹੁਤਾ ਉਤਸ਼ਾਹ ਨਹੀਂ ਸੀ। ਪੰਜਾਬ ਦੇ ਪਿੰਡਾਂ ਦੀ ਮਿੱਟੀ ਨਾਲ ਬੰਨ੍ਹੇ ਹੋਣ ਕਾਰਨ ਵੀ ਉਹ ਵੱਖਰੀ ਕਿਸਮ ਦੀ ਕਿਰਤ ਕਰਨ ਪੱਖੋਂ ਬਹੁਤੇ ਗਤੀਸ਼ੀਲ ਨਹੀਂ ਸਨ। ਇਸੇ ਲਈ ਸ਼ਹਿਰਾਂ ਵਿਚ ਬਹੁਤ ਦੇਰ ਤਕ ਕੋਈ ਪੰਜਾਬੀ ਰਿਕਸ਼ਾ ਚਲਾਉਂਦਾ ਨਹੀਂ ਸੀ ਦੇਖਿਆ ਜਾ ਸਕਦਾ। ਇਸ ਲਈ ਇਹ ਨਹੀਂ ਭੁੱਲਣਾ ਚਾਹੀਦਾ ਹੈ ਕਿ ਪਰਵਾਸੀ ਮਜ਼ਦੂਰ ਪੰਜਾਬ ਦੀ ਆਰਥਿਕਤਾ ਦੀਆਂ ਜ਼ਰੂਰਤਾਂ ਕਾਰਨ ਪੰਜਾਬ ਆਏ ਹਨ। ਇਸ ਗੱਲ ਦੇ ਪ੍ਰਮਾਣ ਲਈ ਲੁਧਿਆਣਾ ਵਿਚ ਹੋਈ ਹਿੰਸਾ ਤੋਂ ਬਾਅਦ ਡਰ ਕਾਰਨ ਪਰਵਾਸੀ ਮਜ਼ਦੂਰਾਂ ਦੀ ਆਮਦ ਘਟਣ ਅਤੇ ਵਾਪਸੀ ਵਧਣ ਕਰ ਕੇ ਲੁਧਿਆਣਾ ਦੇ ਕਾਰਖ਼ਾਨੇਦਾਰਾਂ ਨੂੰ ਪਈ ਚਿੰਤਾ ਦੀ ਉਦਾਹਰਣ ਲਈ ਜਾ ਸਕਦੀ ਹੈ।
ਹੁਣ ਇਹ ਪਰਵਾਸੀ ਮਜ਼ਦੂਰ ਸਿਰਫ਼ ਖੇਤ ਮਜ਼ਦੂਰ ਨਹੀਂ ਰਹੇ। ਸਨਅਤ ਵਿਚ ਪਰਵਾਸੀ ਮਜ਼ਦੂਰਾਂ ਦੀ ਬਹੁਤਾਤ ਹੈ, ਇੰਜ ਹੀ ਮਕਾਨ ਉਸਾਰੀ ਨਾਲ ਜੁੜੇ ਉਹ ਕਿੰਨੇ ਹੀ ਧੰਦਿਆਂ ਨੂੰ ਸੰਭਾਲੀ ਬੈਠੇ ਹਨ। ਮਜ਼ਦੂਰੀ, ਰਾਜ ਮਿਸਤਰੀ, ਪਲੰਬਰ, ਰੰਗ/ ਕਲੀ ਕਰਨ ਵਾਲੇ, ਫ਼ਰਸ਼ ਬਣਾਉਣ ਵਾਲੇ,
ਪੀ.ਓ.ਪੀ. ਰਾਹੀਂ ਸਜਾਵਟ ਕਰਨ ਵਾਲੇ; ਸਾਰੇ ਹੀ ਕਾਰੀਗਰ ਪਰਵਾਸੀ ਹਨ। ਹੋਰ ਤਾਂ ਹੋਰ, ਨਕਲੀ
ਦੰਦ ਬਣਾਉਣ ਵਾਲੇ ਅਤੇ ਜਰੀ, ਕਢਾਈ ਦਾ ਕੰਮ ਕਰਨ ਵਾਲੇ ਵੀ ਪਰਵਾਸੀ ਹਨ। ਇਹ ਲੋਕ ਹੁਣ
ਪੱਕੇ ਤੌਰ 'ਤੇ ਪੰਜਾਬ ਨਾਲ ਜੁੜ ਚੁੱਕੇ ਹਨ ਅਤੇ ਇਥੇ ਇਨ੍ਹਾਂ ਦੇ ਪੱਕੇ ਟਿਕਾਣੇ ਹਨ। ਇਸ ਲੋਕ ਸਮੂਹ
ਨੂੰ ਪੰਜਾਬ ਦੇ ਲੋਕਾਂ ਨੇ ਅਜੇ ਤਕ ਆਪਣੇ ਨਹੀਂ ਬਣਾਇਆ ਅਤੇ ਇਨ੍ਹਾਂ ਨੂੰ ਸੁਭਾਵਿਕ ਜਮਹੂਰੀ ਹੱਕਾਂ
ਤੋਂ ਵਾਂਝੇ ਰੱਖਿਆ ਹੋਇਆ ਹੈ। ਇਨ੍ਹਾਂ ਨੂੰ ਜਾਂ ਤਾਂ ਅਪਰਾਧੀ ਬਿਰਤੀ ਵਾਲੇ ਲੋਕਾਂ ਵਜੋਂ ਜਾਣਿਆ ਜਾਂਦਾ
ਹੈ ਅਤੇ ਜਾਂ ਇਨ੍ਹਾਂ ਦੇ ਭਾਸ਼ਾਈ ਉਚਾਰ ਨੂੰ ਲੈ ਕੇ ਮਜ਼ਾਕ ਦਾ ਵਿਸ਼ਾ ਬਣਾਇਆ ਜਾਂਦਾ ਹੈ। ਮਿੱਤਰ
ਸੈਨ ਮੀਤ ਦੇ ਨਾਵਲਾਂ 'ਕੌਰਵ ਸਭਾ' ਅਤੇ 'ਸੁਧਾਰ ਘਰ' ਵਿਚ ਇਨ੍ਹਾਂ ਦਾ ਨਕਾਰਾਤਮਕ ਰੂਪ ਪੇਸ਼ ਕੀਤਾ
ਗਿਆ ਹੈ ਅਤੇ ਜਸਵੰਤ ਸਿੰਘ ਕੰਵਲ ਪਿਛਲੇ ਲੰਮੇ ਸਮੇਂ ਤੋਂ ਪੰਜਾਬ ਵਿਚੋਂ ਭੱਈਆਂ ਨੂੰ ਬਾਹਰ ਕੱਢ ਕੇ
ਪੰਜਾਬ ਨੂੰ ਸ਼ੁੱਧ ਕਰਨ ਲਈ ਭਾਸ਼ਣਬਾਜ਼ੀ ਕਰ ਰਿਹਾ ਹੈ। ਇਸ ਪ੍ਰਸੰਗ 'ਚ ਰਾਮ ਸਰੂਪ ਅਣਖੀ ਦਾ ਨਾਵਲ
'ਭੀਮਾ' ਅਪਵਾਦ ਹੈ ਜਿਸ ਵਿਚ ਪਰਵਾਸੀ ਮਜ਼ਦੂਰ ਦਾ ਸਾਕਾਰਾਤਮਕ ਬਿੰਬ ਪੇਸ਼ ਕੀਤਾ ਗਿਆ ਹੈ।
ਸੁਰਜੀਤ ਪਾਤਰ ਦੀ ਕਵਿਤਾ 'ਆਇਆ ਨੰਦ ਕਿਸ਼ੋਰ' ਵਿਚ ਪਰਵਾਸੀ ਮਜ਼ਦੂਰਾਂ ਦਾ ਹਮਦਰਦਾਨਾ ਅਤੇ ਭਾਸ਼ਾ ਦੇ ਪ੍ਰਸੰਗ ਵਿਚ ਅਰਥਪੂਰਨ ਬਿੰਬ ਸਿਰਜਿਆ ਗਿਆ ਹੈ। ਇਹ ਸ਼ਾਇਦ ਪੰਜਾਬੀ ਦੀ ਪਹਿਲੀ ਕਵਿਤਾ ਹੋਵੇਗੀ ਜੋ ਪਰਵਾਸੀ ਮਜ਼ਦੂਰਾਂ ਦੇ ਪੰਜਾਬੀਕਰਨ ਦੀ ਪ੍ਰਕਿਰਿਆ ਵੱਲ ਇਸ਼ਾਰਾ ਕਰਦੀ ਹੈ ਅਤੇ ਉਨ੍ਹਾਂ ਨੂੰ ਬੇਗਾਨੇ ਮੰਨਣ ਦੀ ਬਜਾਏ ਆਪਣੇ ਸਮਝਦੀ ਹੈ। ਇਥੇ ਭਾਵੇਂ ਉਹ ਆਪਣੀ ਮਾਤ-ਭਾਸ਼ਾ ਅਤੇ ਉਸ ਵਿਚਲੀ ਲੋਕਧਾਰਾਈ ਵਿਰਾਸਤ ਤੋਂ ਟੁੱਟ ਜਾਂਦੇ ਹਨ ਪਰ ਨਵੇਂ ਹਾਲਾਤ ਵਿਚ ਰਿਜ਼ਕ ਦੀ ਭਾਲ ਵਿਚ ਆ ਕੇ 'ਸ਼ਬਦ' ਨਾਲ ਦੁਬਾਰਾ ਤੋਂ
ਰਿਸ਼ਤਾ ਗੰਢਦੇ ਹਨ। ਇਸ ਨਵੇਂ ਸ਼ਬਦ ਗਿਆਨ ਦਾ ਪਰਵਾਸੀ ਹੋਂਦ, ਹਾਲਾਤ ਵਿਚੋਂ ਉਪਜੀ ਸੰਵੇਦਨਾ ਦਾ ਕੀ ਰਿਸ਼ਤਾ ਬਣਦਾ ਹੈ, ਇਹ ਆਪਣੇ ਆਪ ਵਿਚ ਬੜਾ ਟੇਢਾ ਸਵਾਲ ਹੈ ਪਰ ਇਥੋਂ ਦੇ ਸਥਾਨਕ ਲੋਕਾਂ ਦੀਆਂ ਅਕਾਂਖਿਆਵਾਂ ਦੀ ਪੂਰਤੀ ਦੀ ਭਾਸ਼ਾ ਅੰਗਰੇਜ਼ੀ ਬਣ ਰਹੀ ਹੈ ਅਤੇ ਉਹ ਆਪਣੀ ਮਾਤ-ਭਾਸ਼ਾ ਨਾਲੋਂ ਨਾਤਾ ਤੋੜ ਰਹੇ ਹਨ। ਇਸ ਹਾਲਤ ਵਿਚ ਪਰਵਾਸੀਆਂ ਦਾ ਪੰਜਾਬ ਅਤੇ ਪੰਜਾਬੀ ਨਾਲ ਰਿਸ਼ਤਾ ਮਹੱਤਵਪੂਰਨ ਅਧਿਐਨ
ਵਸਤੂ ਜਾਂਦਾ ਹੈ। ਪਾਤਰ ਦੀ ਕਵਿਤਾ ਹੈ:
ਆਇਆ ਨੰਦ ਕਿਸ਼ੋਰ
ਪਿੱਛੇ ਪਿੱਛੇ ਰਿਜ਼ਕ ਦੇ
ਆਇਆ ਨੰਦ ਕਿਸ਼ੋਰ
ਚੱਲ ਕੇ ਦੂਰ ਬਿਹਾਰ ਤੋਂ
ਗੱਡੀ ਬੈਠ ਸਿਆਲਦਾ।
ਨਾਲ ਬਥੇਰੇ ਹੋਰ
ਰਾਮਕਲੀ ਵੀ ਨਾਲ ਸੀ
ਸੁਘੜ ਲੁਗਾਈ ਓਸ ਦੀ
ਲੁਧਿਆਣੇ ਦੇ ਕੋਲ ਹੀ
ਇਕ ਪਿੰਡ ਬਾੜੇਵਾਲ ਵਿਚ
ਜੜ੍ਹ ਲੱਗੀ ਤੇ ਪੁੰਗਰੀ
ਰਾਮਕਲੀ ਦੀ ਕੁੱਖ 'ਚੋਂ
ਜਨਮੀ ਬੇਟੀ ਓਸ ਦੀ
ਨਾਂ ਧਰਿਆ ਸੀ ਮਾਧੁਰੀ।
ਕੱਲ੍ਹ ਮੈਂ ਦੇਖੀ ਮਾਧੁਰੀ
ਓਸੇ ਪਿੰਡ ਸਕੂਲ ਵਿਚ
ਗੁੱਤਾਂ ਬੰਨ੍ਹ ਕੇ ਰਿਬਨ ਵਿਚ
ਸੁਹਣੀ ਪੱਟੀ ਪੋਚਕੇ
ਊੜਾ ਐੜਾ ਲਿਖ ਰਹੀ
ਬੇਟੀ ਨੰਦ ਕਿਸ਼ੋਰ ਦੀ।
ਕਿੰਨਾ ਗੂੜ੍ਹਾ ਸਾਕ ਹੈ
ਅੱਖਰਾਂ ਤੇ ਰਿਜ਼ਕ ਦਾ
ਏਸੇ ਪਿੰਡ ਦੇ ਲਾਡਲੇ
ਪੋਤੇ ਅੱਛਰ ਸਿੰਘ ਦੇ
ਆਪਣੇ ਪਿਓ ਦੀ ਕਾਰ ਵਿਚ
ਬਹਿ ਲੁਧਿਆਣੇ ਆਂਵਦੇ
ਕੌਨਵੈਂਟ ਵਿਚ ਪੜ੍ਹ ਰਹੇ
ਏ.ਬੀ.ਸੀ.ਡੀ. ਸਿੱਖਦੇ
ਪੋਤੇ ਅੱਛਰ ਸਿੰਘ ਦੇ।
ਕਿੰਨਾ ਗੂੜ੍ਹਾ ਸਾਕ ਹੈ
ਅੱਖਰ ਅਤੇ ਅਕਾਂਖਿਆਪਿੱਛੇ
ਪਿੱਛੇ ਰਿਜ਼ਕ ਕੇ
ਆਇਆ ਨੰਦ ਕਿਸ਼ੋਰ।
ਇਹੀ ਪੰਜਾਬੀ ਪੜ੍ਹਨ ਵਾਲੀ ਪਰਵਾਸੀ ਮਜ਼ਦੂਰਾਂ ਦੀ ਅਗਲੀ ਪੀੜ੍ਹੀ ਵਿਚੋਂ ਕੋਈ ਸੱਤਪਾਲ ਭੀਖੀ ਵਰਗਾ ਪੰਜਾਬੀ ਕਵੀ ਬਣ ਜਾਂਦਾ ਹੈ। ਉਸ ਦੀ ਕਵਿਤਾ ਦੀ ਕਿਤਾਬ 'ਪਲਕਾਂ ਹੇਠ ਦਰਿਆ' ਦੀ ਭਾਸ਼ਾ, ਬਿੰਬਾਵਲੀ, ਸੰਵੇਦਨਾ ਅਤੇ ਅਨੁਭਵ ਯਥਾਰਥ ਤੋਂ ਕੋਈ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਸ ਕਵੀ ਦਾ ਸਬੰਧ ਪੰਜਾਬ ਤੋਂ ਬਿਨਾਂ ਭਾਰਤ ਦੇ ਕਿਸੇ ਹੋਰ ਖਿੱਤੇ ਨਾਲ ਹੈ। ਉਹ ਪ੍ਰਤੱਖ ਤੌਰ 'ਤੇ ਕਦੇ ਵੀ ਪੰਜਾਬ ਵਿਚ ਪਰਵਾਸੀ ਦੀ ਹੋਂਦ ਸਥਿਤੀ ਅਨੁਸਾਰ ਅਤੇ ਦ੍ਰਿਸ਼ਟੀ ਦੇ ਦਰਸ਼ਨ ਨਹੀਂ ਹੋਣ ਦਿੰਦਾ। ਫਿਰ ਵੀ ਕਿਤੇ ਕਿਤੇ ਪਿਛੋਕੜ ਵਿਚ ਅਜਿਹੀ ਧੁਨੀ ਸੁਣਦੀ ਹੈ ਜਿਸ ਵਿਚੋਂ ਉਸ ਦੀ ਪਰਵਾਸੀ ਹੋਂਦ ਝਲਕ ਨਜ਼ਰ ਆਉਂਦੀ ਹੈ। ਉਹ ਲਿਖਦਾ ਹੈ:
ਦੁਆ ਮੰਗਦਾ ਹਾਂ ਕਿ
ਇਸ ਵਰ੍ਹੇ
ਤੁਹਾਡੇ ਮਿੱਤਰਾਂ ਦਾ ਘੇਰਾ
ਏਨਾ ਵਿਸ਼ਾਲ ਹੋ ਜਾਵੇ
ਕਿ ਗ਼ਮ, ਹਿਜਰਤ, ਬੇਵਸੀ,
ਬੇਗਾਨਾਪਣ ਜਿਹੇ ਸ਼ਬਦ
ਚੇਤੇ ਆਉਣ ਦਾ
ਤੁਹਾਨੂੰ ਮਿਲੇ ਹੀ ਨਾ ਵਕਤ।
ਆਵਾਜ਼ ਬਣਨਾ ਚਾਹੁੰਦੇ ਹਾਂ
ਧਰਤੀ ਦੀਆਂ ਤੈਹਾਂ 'ਚ
ਕੋਲੇ ਨਾਲ ਕੋਲਾ ਬਣੇ 'ਕੋਲਿਆਂ' ਲਈ
ਜਿਨ੍ਹਾਂ ਦੀ ਧੁਖਦੀ ਦਗ਼ਦੀ ਆਵਾਜ਼
ਧਰਤ ਦੀਆਂ ਪਰਤਾਂ 'ਚ ਹੀ ਗੁੰਮ ਹੋ ਜਾਂਦੀ।
ਇੰਜ ਪੰਜਾਬੀ ਸਾਹਿਤ ਪੂਰਬਲੀ ਸਮਾਜ ਵਿਵਸਥਾ ਵਿਚਲੇ ਦਲਿਤਾਂ ਅਤੇ ਨਾਰੀਆਂ ਦੀ ਹੋਂਦ ਹੋਣੀ ਅਤੇ ਦ੍ਰਿਸ਼ਟੀ ਦਾ ਵਾਹਕ ਬਣਦਾ ਉਨ੍ਹਾਂ ਨੂੰ ਆਵਾਜ਼ ਮੁਹੱਈਆ ਕਰਦਾ ਹੈ ਪਰ ਇਨ੍ਹਾਂ ਸਮੂਹਾਂ ਦੀ ਪੰਜਾਬੀ ਸਾਹਿਤ ਅਤੇ ਹੋਰ ਕਲਾ ਮਾਧਿਅਮਾਂ ਵਿਚ ਹੋਂਦ ਮਨਫ਼ੀ ਹੈ। ਇਹ ਲੋਕ ਪਰਵਾਸ ਕਾਰਨ ਆਪਣੀ ਲੋਕਧਾਰਾ ਤੋਂ ਵੀ ਟੁੱਟ ਚੁੱਕੇ ਹਨ, ਇਸ ਲਈ ਇਨ੍ਹਾਂ ਕੋਲ ਆਪਣੇ ਪ੍ਰਗਟਾਵੇ ਦੇ ਮੌਲਿਕ ਮਾਧਿਅਮ ਵੀ ਖੁੱਸ ਚੁੱਕੇ ਹਨ। ਪੋਠੋਹਾਰੀ ਪੰਜਾਬੀਆਂ ਦੇ ਮੁਕੰਮਲ ਲੋਕ-ਨਾਚ ਲੁੱਡੀ ਅਤੇ ਸੰਮੀ ਪੂਰਬੀ ਪੰਜਾਬ ਦੇ ਭੰਗੜੇ ਦੇ ਛੋਟੇ-ਛੋਟੇ ਅੰਗ ਬਣ ਕੇ ਰਹਿ ਗਏ ਹਨ। ਉਨ੍ਹਾਂ ਦੀ ਲੋਕਧਾਰਾ ਹੁਣ ਪੰਜਾਬੀ ਲੋਕਧਾਰਾਈ ਅਧਿਐਨ ਦਾ ਵਿਸ਼ਾ ਵੀ ਨਹੀਂ ਰਹੀ। ਇੰਜ ਇਹ ਦੋਵੇਂ ਲੋਕ ਸਮੂਹ ਆਪਣੀ ਭਾਸ਼ਾ ਤੋਂ ਮਹਿਰੂਮ ਕੀਤੇ ਜਾ ਰਹੇ ਹਨ ਅਤੇ ਸਥਾਨ ਬਦਲੀ ਕਰ ਕੇ ਇਹ ਆਪਣੀ ਲੋਕਧਾਰਾਈ ਵਿਰਾਸਤ ਤੋਂ ਵੀ ਵਿਛੁੰਨੇ ਗਏ ਹਨ। ਇੰਜ ਇਹ ਲੋਕ ਸਾਡੀ ਭਾਸ਼ਾਈ ਅਤੇ ਸਭਿਆਚਾਰਕ ਸਥਾਪਤੀ ਲਈ ਸਬਾਲਟਰਨ, ਨਿਗੂਣੇ, ਦੁਜੈਲੇ ਤੇ ਹਾਸ਼ੀਏ ਉਤੇ ਧੱਕੇ ਜਾਣ ਦੀ ਹੋਣੀ ਦੇ ਮਾਲਕ ਕਹੇ ਜਾ ਸਕਦੇ ਹਨ।

5 comments:

  1. bahut he vadiya likya satdeep ji................great work
    bahut he vadiya jankari hasal hoyi eh parh ke..............thanks dear

    ReplyDelete
  2. true and very touching subject
    we need to explore it more
    hope to read more from Surjit ji

    ReplyDelete
  3. dr surjeet ji,
    tuhada articl padeya bahut achha lagga.
    congrts

    ReplyDelete
  4. sir ji sat shri akal mai tuhada student haan.mainu ess gal da maan hai
    bahut vadia likhea tusi sahi keha pakistan ja kise hor sathan to aye lok sade majak nu kis trah saharde hoye sbaltarn ban jande ne. asi lok apni lok dhara nalo tut rahe ha, jis karke asi te hor sabeachara de lok vi sbaltarn ban rahe ne. jis najar nal tusi parvasi loka nu dekhea bahut changa lagea rajinder singh

    ReplyDelete
  5. bahut vadia likhea tusi sahi keha pakistan ja kise hor sathan to aye lok sade majak nu kis trah saharde hoye sbaltarn ban jande ne. asi lok apni lok dhara nalo tut rahe ha, jis karke asi te hor sabeachara de lok vi sbaltarn ban rahe ne. jis najar nal tusi parvasi loka nu dekhea bahut changa lagea rajinder singh

    ReplyDelete